ਤੀਰਥ ਸ਼ਬਦ ਦੇ ਸਬੰਧ ਵਿੱਚ ਭਾਈ ਕਾਹਨ ਸਿੰਘ ਜੀ, ਨਾਭਾ ਮਹਾਨ ਕੋਸ਼ ਵਿੱਚ
ਲਿਖਦੇ ਹਨ, “ਜਿਸ ਦ੍ਵਾਰਾ ਪਾਪ ਤੋਂ ਬਚ ਜਾਈਏ. ਪਵਿੱਤਰ ਸਥਾਨ ਜਿਥੇ ਧਾਰਮਿਕ ਭਾਵ ਨਾਲ ਲੋਕ ਪਾਪ
ਦੂਰ ਕਰਨ ਲਈ ਜਾਣ” ਇਸ ਤੋਂ ਭਾਵ ਇਹ ਹੋਇਆ ਕਿ ਤੀਰਥ ਉਹ ਧਾਰਮਿਕ ਸਥਾਨ ਹੈ ਜਿਥੇ ਜਾ ਕੇ ਮਨੁੱਖ ਦੇ
ਪਾਪ ਕਰਮ ਮਿਟ ਜਾਂਦੇ ਹਨ ਤੇ ਮਨੁੱਖ ਪਵਿੱਤਰ ਹੋ ਜਾਂਦਾ ਹੈ।
ਤੀਰਥ ਦੇ ਸਬੰਧ ਵਿੱਚ ਬਚਿੱਤਰ ਨਾਟਕ ਦੇ ਅਧਿਆਇ ਸਤਵੇਂ ਵਿੱਚ ਇਹ ਵਿਚਾਰ
ਆਉਂਦਾ ਹੈ
ਮੁਰ ਮਿਤ ਪੂਰਬ ਕੀਯਸਿ ਪਯਾਨਾ।।
ਭਾਂਤਿ ਭਾਂਤਿ ਕੇ ਤੀਰਥਿ ਨਾਨਾ।।
ਝਬ ਹੀ ਜਾਤ ਤ੍ਰਿਬੇਣੀ ਭਏ।।
ਪੁੰਨ ਦਾਨ ਦਿਨ ਕਰਤ ਬਿਤਏ।। ੧।।
ਤਹੀ ਪ੍ਰਕਾਸ਼ ਹਮਾਰਾ ਭਯੋ।।
ਪਟਨਾ ਸਹਰ ਬਿਖੈ ਬਵ ਲਯੋ।।
ਮਦ੍ਰ ਦੇਸ ਹਮ ਕੋ ਲੇ ਆਏ।।
ਭਾਂਤਿ ਭਾਂਤਿ ਦਾਈਅਨ ਦੁਲਰਾਏ।।
ਇਨ੍ਹਾਂ ਪਂਕਤਿਆਂ ਦੇ ਤੁਕਾਰਥ ਕਰਦੇ ਹੋਏ ਜੇ. ਪੀ. ਸੰਗਤ ਸਿੰਘ ਜੀ ਲਿਖਦੇ
ਹਨ, “ਮੇਰੇ ਪਿਤਾ ਜੀ ਨੇ ਪੁਰਬ ਦਿਸ਼ਾ ਵੱਲ ਪ੍ਰਚਾਰ ਹਿਤ ਜਾਣ ਦੀ ਤਿਆਰੀ ਕਰ ਲਈ। ਰਸਤੇ ਵਿੱਚ ਕਰੀ
ਤੀਰਥਾਂ ਦੇ ਇਸ਼ਨਾਨ ਕਰਦੇ ਹੋਏ ਜਦੋਂ ਉਹ ਤ੍ਰਿਬੇਣੀ ਵਿਖੇ ਪੁੱਜੇ ਤਾਂ ਦਾਨ ਪੁੰਨ ਕਰਦੇ ਹੋਏ ਕਈ
ਦਿਨ ਬਿਤਾ ਦਿੱਤੇ। ੧। ਉਥੇ ਤ੍ਰਿਬੇਣੀ ਵਿਖੇ ਹੀ ਅਸੀਂ ਮਾਤ ਗਰਭ ਵਿੱਚ ਆਏ ਅਤੇ ਪਟਨਾ ਸ਼ਹਿਰ ਵਿੱਚ
ਪੁੱਜ ਕੇ ਸਾਡਾ ਜਨਮ ਹੋਇਆ। ਉਥੋਂ ਸਾਨੂੰ ਪੰਜਾਬ ਵਿੱਚ ਲੈ ਆਏ, ਜਿੱਥੇ ਕਈ ਕਈ ਦਾਈਆਂ ਖਿਡਾਵਿਆਂ
ਨੇ ਸਾਡੀ ਪਿਆਰ ਦੁਲਾਰ ਨਾਲ ਪਾਲਣਾ ਕੀਤੀ। ੨।
ਜਿਸ ਦਾ ਭਾਵ ਹੋਇਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਹ ਕਹਿੰਦੇ ਹਨ ਕਿ
ਮੇਰੇ ਪਿਤਾ ਗੁਰੂ ਤੇਹ ਬਹਾਦਰ ਸਾਹਿਬ ਪੂਰਬ ਦੇਸ਼ ਵੱਲ ਜਾਂਦੇ ਸਮੇਂ ਪ੍ਰਯਾਗ ਵਿਖੇ ਰੁੱਕੇ ਤੇ ਉਥੇ
ਉਨ੍ਹਾਂ ਨੇ ਦਾਨ ਪੁੰਨ ਕੀਤਾ। ਜਿਸ ਕਰਕੇ ਮੈਂ ਮਾਤ ਗਰਭ ਵਿੱਚ ਆਇਆ।
ਪ੍ਰਯਾਗ ਤੀਰਥ ਦੀ ਹਿੰਦੂ ਧਰਮ ਵਿੱਚ ਬਹੁਤ ਹੀ ਮਾਨਤਾ ਹੈ। ਇਥੇ ਹੀ ੧੨
ਸਾਲਾਂ ਮਗਰੋਂ ਕੁੰਭ ਦਾ ਮੇਲਾ ਲਗਦਾ ਹੈ। ਇਸ ਸਬੰਧ ਵਿੱਚ ਮਹਾਨ ਕੋਸ਼ ਵਿੱਚ ਲਿਖਿਆ ਹੈ, “ਯੂ. ਪੀ.
ਵਿੱਚ ਗੰਗਾ ਜਮਨਾ ਦੇ ਸੰਗਮ ਦਾ ਇੱਕ ਪ੍ਰਸਿੱਧ ਤੀਰਥ, ਜਿੱਥੇ ਸਰਸਵਤੀ ਨਦੀ ਦਾ ਗੁਪਤ ਸੰਗਮ ਮੰਨਿਆ
ਜਾਂਦਾ ਹੈ. “
ਉਪਰ ਕੀਤੇ ਵੀਚਾਰ ਦੀ ਵਿਵੇਚਨਾ ਕਰਦੇ ਹੋਏ ਇਹ ਖਿਆਲ ਸਵੈ ਚਿੱਤ ਹੀ ਆ
ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਪ੍ਰਯਾਗ ਤੀਰਥ ਤੇ ਗੁਰੂ ਤੇਗ ਬਹਾਦਰ ਸਾਹਿਬ ਵਲੋਂ
ਕੀਤੇ ਦਾਨ ਪੁੰਨ ਦੇ ਨਤੀਜੇ ਵੱਜੋ ਹੋਇਆ।
ਇਹ ਸਾਰੀ ਵਿਚਾਰ ਗੁਰਮਤਿ ਮੁਤਾਬਿਕ ਹੈ ਕਿ ਨਹੀਂ ਇਸ ਲਈ ਤੀਰਥ ਦੇ ਸਬੰਧ
ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਵਿਚਾਰਨਾ ਅਤਿ ਦਾ ਜਰੂਰੀ ਹੋ ਜਾਂਦਾ ਹੈ। ਗੁਰਮਤਿ
ਮਾਰਤੰਡ ਵਿੱਚ ਭਾਈ ਕਾਹਨ ਸਿੰਘ ਜੀ ਨਾਭਾ ਲਿਖਦੇ ਹਨ, “ਲੋਕ ਨੂੰ ਹਿੱਤ ਦਾ ਉਪਦੇਸ਼ ਦੇਣ, ਕੁਕਰਮਾਂ
ਦੇ ਬੰਧਨਾਂ ਤੋਂ ਮੁਕਤ ਕਰਨ ਅਤੇ ਆਮਿਲ ਅਤੇ ਆਮਿਲ ਸੱਜਣਾਂ ਦੀ ਸੰਗਤ ਤੋ ਲਾਭ ਪ੍ਰਾਪਤ ਕਰਨ ਅਤੇ
ਵਾਕਫ਼ੀਅਤ ਵਧਾਉਣ ਲਈ ਤੀਰਥਾਂ ਤੇ ਜਾਣਾ ਲਾਭਦਾਇਕ ਹੈ, ਪਰ ਕੇਵਲ ਤੀਰਥ ਸਨਾਨ ਅਤੇ ਦਰਸ਼ਨ ਤੋਂ ਹੀ
ਗਤਿ ਮੰਨਣੀ ਅਵਿੱਦਿਆ ਹੈ। “
ਗੁਰਬਾਣੀ ਮੁਤਾਬਿਕ ਸਾਰੇ ਗੁਰੂ ਸਾਹਿਬਾਨ ਹਿੰਦੂ ਤੀਰਥਾਂ ਦੇ ਗੁਰਮਤਿ ਦੇ
ਫ਼ਲਸਫ਼ੇ ਦੇ ਪ੍ਰਚਾਰ ਹਿੱਤ ਹੀ ਗਏ ਸਨ, ਉਥੇ ਜਾਣ ਦਾ ਪ੍ਰਯੋਜਨ ਕੋਈ ਤੀਰਥ ਸਥਾਨਾਂ ਤੇ ਜਾ ਕੇ ਪੁੰਨ
ਦਾਨ ਕਰਕੇ ਆਪਣੇ ਪਾਪ ਦਾ ਨਾਸ ਕਰਨਾ ਨਹੀਂ ਸੀ।
ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ।।
ਇਸੇ ਪ੍ਰਥਾਇ ਭਾਈ ਗੁਰਦਾਸ ਜੀ ਵੀ ਆਪਣਿਆ ਵਾਰਾਂ ਵਿੱਚ ਫ਼ਰਮਾਉਂਦੇ ਹਨ
ਬਾਬਾ ਆਇਆ ਤੀਰਥੀਂ ਤੀਰਥ ਪੁਰਬ ਸਭੇ ਫਿਰ ਦੇਖੈ॥
ਪੂਰਬ ਧਰਮ ਬਹੁ ਕਰਮ ਕਰ ਭਾਉ ਭਗਤਿ ਬਿਨ ਕਿਤੇ ਨ ਲੇਖੈ॥
ਭਾਉ ਨ ਬ੍ਰਹਮੇ ਲਿਖਿਆ ਚਾਰ ਬੇਦ ਸਿੰਮ੍ਰਤਿ ਪੜ੍ਹ ਦੇਖੈ॥
ਢੂੰਡੀ ਸਗਲੀ ਪਿਰਥਮੀ ਸਤਿਜੁਗ ਆਦਿ ਦੁਆਪਰ ਤ੍ਰੇਤੈ॥
ਕਲਿਜੁਗ ਧੁੰਧੂਕਾਰ ਹੈ ਭਰਮ ਭੁਲਾਈ ਬਹੁ ਬਿਧਿ ਭੇਖੈ॥
ਭੇਖੀਂ ਪ੍ਰਭੂ ਨ ਪਾਈਐ ਆਪ ਗਵਾਏ ਰੂਪ ਨ ਰੇਖੈ॥
ਗੁਰਮੁਖ ਵਰਨ ਅਵਰਨ ਹੋਇ ਨਿਵ ਚਲੈ ਗੁਰਸਿਖ ਵਿਸੇਖੈ॥
ਤਾਂ ਕੁਛ ਘਾਲ ਪਵੈ ਦਰ ਲੇਖੈ ॥
ਗੁਰਮਤਿ ਮੁਤਾਬਿਕ ਤੀਰਥਾਂ ਤੇ ਜਾਣ ਮਾਤਰ ਜਾਂ ਦਾਨ, ਪੁੰਨ, ਇਸ਼ਨਾਨ ਨਾਲ
ਕੀਸੀ ਵੀ ਤਰ੍ਹਾਂ ਨਾਲ ਮੋਖ ਪ੍ਰਾਪਤ ਨਹੀਂ ਹੋਣਾ ਤੇ ਨਾ ਹੀ ਕੀਸੀ ਤਰ੍ਹਾਂ ਮੱਨੁਖ ਧਾਰਮਕ ਬਣ
ਜਾਂਦਾ ਹੈ। ਇਸ ਸਬੰਧ ਵਿੱਚ ਭਗਤ ਕਬੀਰ ਸਾਹਿਬ ਦਾ ਇਹ ਸ਼ਬਦ ਬੜਾ ਹੀ ਮਹੱਤਵਪੂਰਣ ਹੈ
ਆਸਾ।।
ਅੰਤਰਿ ਮੈਲੁ ਜੇ ਤੀਰਥ ਨਾਵੈ ਤਿਸੁ ਬੈਕੁੰਠ ਨ ਜਾਨਾਂ।।
ਲੋਕ ਪਤੀਣੇ ਕਛੂ ਨ ਹੋਵੈ ਨਾਹੀ ਰਾਮੁ ਅਯਾਨਾ।। ੧।।
ਪੂਜਹੁ ਰਾਮੁ ਏਕੁ ਹੀ ਦੇਵਾ।।
ਸਾਚਾ ਨਾਵਣੁ ਗੁਰ ਕੀ ਸੇਵਾ।। ੧।। ਰਹਾਉ।।
ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ ਨਾਵਹਿ।।
ਜੈਸ ਮੇਂਡੁਕ ਤੈਸੇ ਓਇ ਨਰ ਫਿਰਿ ਫਿਰਿ ਜੋਨੀ ਆਵਹਿ।। ੨।।
ਮਨਹੁ ਕਠੋਰੁ ਮਰੈ ਬਾਨਾਰਸਿ ਨਰਕੁ ਨ ਬਾਂਚਿਆ ਜਾਈ।।
ਹਰਿ ਕਾ ਸੰਤੁ ਮਰੈ ਹਾੜੰਬੈ ਤ ਸਗਲੀ ਸੈਨ ਤਰਾਈ।। ੩।।
ਦਿਨਸੁ ਨ ਰੈਨਿ ਬੇਦੁ ਨਹੀ ਸਾਸਤ੍ਰ ਤਹਾ ਬਸੈ ਨਿਰੰਕਾਰਾ।।
ਕਹਿ ਕਬੀਰ ਨਰ ਤਿਸਹਿ ਧਿਆਵਹੁ ਬਾਵਰਿਆ ਸੰਸਾਰਾ।। ੪।। ੪।। ੩੭।।
ਪੰਨਾ ੪੮੪
ਇਸ ਦੇ ਨਾਲ ਹੀ ਗੁਰਬਾਣੀ ਵਿੱਚ ਗੁਰੂ ਨਾਨਕ ਸਾਹਿਬ ਦਾ ਇਹ ਪ੍ਰਮਾਣ ਬੜਾ ਹੀ ਮਹੱਤਵਪੂਰਣ ਹੈ
ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ।।
ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ।।
ਗੁਰ ਗਿਆਨੁ ਸਾਚਾ ਥਾਨੁ ਤੀਰਥੁ ਦਸ ਪੁਰਬ ਸਦਾ ਦਸਾਹਰਾ।।
ਹਉ ਨਾਮੁ ਹਰਿ ਕਾ ਸਦਾ ਜਾਚਉ ਦੇਹੁ ਪ੍ਰਭ ਧਰਣੀਧਰਾ।।
ਸੰਸਾਰੁ ਰੋਗੀ ਨਾਮੁ ਦਾਰੂ ਮੈਲੁ ਲਾਗੈ ਸਚ ਬਿਨਾ।।
ਗੁਰ ਵਾਕੁ ਨਿਰਮਲੁ ਸਦਾ ਚਾਨਣੁ ਨਿਤ ਸਾਚੁ ਤੀਰਥੁ ਮਜਨਾ।। ੧।।
ਪੰਨਾ ੬੮੭
ਗੁਰੂ ਨਾਨਕ ਸਾਹਿਬ ਉਪਰ ਦਿੱਤੀਆ ਪੰਕਤਿਆ ਵਿੱਚ ਇਹ ਭਾਵ ਹੈ, ਤੀਰਥ ਨਾਲ
ਪਰਮਾਤਮਾ ਦੇ ਮਿਲਨ ਦੀ ਵਿਚਾਰ ਗੁਰੂ ਨਾਨਕ ਸਾਹਿਬ ਖਾਰਿਜ ਕਰ ਰਹੇ ਹਨੇ ਤੇ ਨਾਲ ਹੀ ਉਪਦੇਸ਼ ਦੇ ਰਹੇ
ਨੇ ਕਿ ਸ਼ਬਦ ਨਾਲ ਜੁੜ ਕੇ ਮੱਨੁਖ ਪਰਮਾਤਮਾ ਨੂੰ ਪ੍ਰਾਪਤ ਕਰਣ ਲਈ ਆਪਣੇ ਰੋਗ ਗਵਾਂ ਦੇਂਦਾ ਹੈ। ਇਸੇ
ਵਿਚਾਰਧਾਰਾ ਤੇ ਹੀ ਗੁਰੂ ਤੇਗ ਬਹਾਦਰ ਸਾਹਿਬ ਬਿਲਾਵਲ ਰਾਗ ਵਿੱਚ ਇਹ ਉਪਦੇਸ਼ ਦੇ ਰਹੇ ਹਨ
ਬਿਲਾਵਲੁ ਮਹਲਾ ੯।।
ਜਾ ਮੈ ਭਜਨੁ ਰਾਮ ਕੋ ਨਾਹੀ।।
ਤਿਹ ਨਰ ਜਨਮੁ ਅਕਾਰਥੁ ਖੋਇਆ ਯਹ ਰਾਖਹੁ ਮਨ ਮਾਹੀ।। ੧।। ਰਹਾਉ।।
ਤੀਰਥ ਕਰੈ ਬ੍ਰਤ ਫੁਨਿ ਰਾਖੈ ਨਹ ਮਨੂਆ ਬਸਿ ਜਾ ਕੋ।।
ਨਿਹਫਲ ਧਰਮੁ ਤਾਹਿ ਤੁਮ ਮਾਨਹੁ ਸਾਚੁ ਕਹਤ ਮੈ ਯਾ ਕਉ।। ੧।।
ਜੈਸੇ ਪਾਹਨੁ ਜਲ ਮਹਿ ਰਾਖਿਓ ਭੇਦੈ ਨਾਹਿ ਤਿਹ ਪਾਨੀ।।
ਤੈਸੇ ਹੀ ਤੁਮ ਤਾਹਿ ਪਛਾਨਹੁ ਭਗਤਿ ਹੀਨ ਜੋ ਪ੍ਰਾਨੀ।। ੨।।
ਕਲ ਮੈ ਮੁਕਤਿ ਨਾਮ ਤੇ ਪਾਵਤ ਗੁਰੁ ਯਹ ਭੇਦੁ ਬਤਾਵੈ।।
ਕਹੁ ਨਾਨਕ ਸੋਈ ਨਰੁ ਗਰੂਆ ਜੋ ਪ੍ਰਭ ਕੇ ਗੁਨ ਗਾਵੈ।। ੩।। ੩।।
ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੀ ਹੀ ਪ੍ਰੋਣਤਾ ਕਰਦੇ ਹੋਏ ਗੁਰੂ ਤੇਗ ਬਹਾਦਰ ਸਾਹਿਬ ਨੇ
ਆਪਣੇ ਸਿੱਖਾਂ ਨੂੰ ਉਪਦੇਸ਼ ਕੀਤਾ ਹੈ। ਇਨ ਉਪਦੇਸ਼ਾਂ ਦੀ ਰੋਸ਼ਨੀ ਵਿੱਚ ਇਹ ਵਿਚਾਰ ਤੇ ਕੇਵਲ
ਮਨੋਕਲਪਿਤ ਹੀ ਲਗਦੇ ਹਨ ਕਿ ਗੁਰੂ ਤੇਗ ਬਹਾਦਰ ਸਾਗਿਬ ਤੀਰਥ ਦੇ ਫਲਸਫੇ ਨਾਲ ਪ੍ਰਯਾਗ ਗਏ ਤੇ ਉਥੇਂ
ਪੁੰਨ ਦਾਨ ਕੀਤਾ ਤੇ ਉਨ੍ਹਾਂ ਦੇ ਕਰਕੇ ਗੁਰੂ ਗੋਬਿੰਧ ਸਿੰਘ ਸਾਹਿਬ ਦਾ ਜਨਮ ਹੋਇਆ।
ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਮਾਤਾ ਗੁਜਰੀ ਜੀ ਕੂੱਖ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ
ਪ੍ਰਕਾਸ਼ ਅਕਾਲ ਪੂਰਖ ਜੀ ਦੇ ਹੁਕਮ ਵਿੱਚ ਹੀ ਹੋਇਆ ਤੇ ਉਸ ਗੁਰੂ ਨੂੰ ਕੀਸੀ ਤੀਰਥ ਤੇ ਜਾ ਕੇ ਸਪੁਤਰ
ਦੀ ਦਾਤ ਨਹੀਂ ਲੈਣੀ ਪਈ, ਉਹ ਦਾਤਾ ਤੇ ਸਤਿਗੁਰੂ ਆਪ ਹੀ ਹਨ ਜੋ ਸੰਗਤਾਂ ਦੀ ਝੋਲੀ ਸਦਾ ਭਰਦੇ ਰਹੇ
ਹਨ ਤੇ ਸਦਾ ਹੀ ਭਰਦੇ ਰਹਿਣਗੇਂ।
ਮਨਮੀਤ ਸਿੰਘ, ਕਾਨਪੁਰ