ਗੁਰਮਤਿ ਨੂੰ ਸਮਰਪਿਤ ‘ਸਿੱਖ ਮਾਰਗ’ ਉੱਤੇ ਛਪਣ ਵਾਲੀਆਂ ਲਿਖਤਾਂ ਬਾਰੇ
ਪਿਛਲੇ ਕੁੱਝ ਸਮੇ ਤੋਂ ‘ਸਿੱਖ
ਮਾਰਗ’ ਦੇ ਸੁਹਿਰਦ ਲੇਖਕ ਤੇ ਪਾਠਕ ਗਿਲਾ ਕਰ ਰਹੇ ਹਨ ਕਿ ਗੁਰਮੱਤਿ ਨੂੰ ਸਮਰਪਿਤ ਇਸ ਸਾਈਟ ਦਾ
ਵਾਤਾਵਰਣ ਕੁੱਝ ਮੈਲਾ ਹੁੰਦਾ ਜਾ ਰਿਹਾ ਹੈ। ਵਾਤਾਵਰਣ ਦੇ ਗੰਧਲੇ ਹੋਣ ਦੇ ਦਰਸਾਏ ਜਾਂਦੇ ਕਾਰਣਾਂ
ਵਿੱਚੋਂ ਪਰਮੁੱਖ ਹੈ: ਗੁਰਮੱਤਿ/ਗੁਰਬਾਣੀ ਦੇ ਸੱਚ ਨੂੰ ਨਜ਼ਰ-ਅੰਦਾਜ਼ ਕਰਕੇ ਮਨਮਤੀ ਵਿਚਾਰ
ਦੇਣੇ/ਲਿਖਣੇ। ਦੂਸਰਾ ਹੈ, ਹਉਮੈ। ਹਉਮੈ ਦਾ ਗ਼ੁਲਾਮ ਲੇਖਕ ਸੱਚ ਦਾ ਪਾਂਧੀ ਨਹੀਂ ਬਣ ਸਕਦਾ ਅਤੇ ਉਹ
ਸੱਚ ਦਾ ਪ੍ਰਚਾਰ ਕਰਨ ਵਾਲੇ ਨੂੰ ਬਰਦਾਸ਼ਤ ਵੀ ਨਹੀਂ ਕਰਦਾ। ਗੁੱਟ-ਬੰਦੀ ਜਾਂ ਧੜੇਬਾਜ਼ੀ ਵਿਚਾਰ-ਮੰਚ
ਨੂੰ ਝੂਠੀਆਂ-ਸੱਚੀਆਂ ਤੁਹਮਤਾਂ ਦਾ ਅਖਾੜਾ ਬਣਾ ਲੈਂਦੀ ਹੈ। ਸੱਚ ਲਿਖਣ ਵਾਸਤੇ ਸੁਤੰਤ੍ਰ ਸੋਚ ਦੀ
ਜ਼ਰੂਰਤ ਹੈ। ਧੜੇ ਨਾਲ ਸੰਬੰਧ ਰੱਖਣ ਵਾਲਾ ਧੜੇ ਦਾ ਗ਼ੁਲਾਮ ਹੋਣ ਕਾਰਣ ਸੱਚ ਤੋਂ ਥਿੜਕ ਜਾਂਦਾ ਹੈ
ਅਤੇ ਊਲ-ਜਲੂਲ ਲਿੱਖਣ ਲੱਗ ਜਾਂਦਾ ਹੈ। ਝੂਠੀ ਉਸਤੱਤਿ (ਚਮਚਾਗੀਰੀ) ਤੇ ਬੇਵਜ੍ਹਾ ਨਿੰਦਾ ਵੀ ਮਾਹੌਲ
ਨੂੰ ਗੰਦਾ ਕਰਦੀਆਂ ਹਨ। ਕੁੱਝ ਇੱਕ, ਮਾਇਆ ਤੇ ਪ੍ਰਸ਼ੰਸਾ ਦੇ ਭੁੱਖੇ ਚਤੁੱਰ-ਚਾਲਾਕ ਸੰਪਾਦਕ,
ਖੇਖਣ-ਹਾਰੇ ਪਾਖੰਡੀ ਜਥੇਦਾਰ, ਹਉਮੈ-ਮਾਰੇ ਪ੍ਰਧਾਨ, ਨਾਮਧਰੀਕ ਸੇਵਾਦਾਰ ਆਦਿ ਆਪ ਤਾਂ ਘੁੰਨੇਂ ਬਣੇ
ਰਹਿੰਦੇ ਹਨ, ਪਰੰਤੂ ਉਨ੍ਹਾਂ ਦੇ ਖ਼ੁਸ਼ਾਮਦੀ ਟੱਟੂ ਉਨ੍ਹਾਂ ਅਖਾਉਤੀ ‘ਮਹਾਨ ਹਸਤੀਆਂ’ ਵਾਸਤੇ,
ਉਨ੍ਹਾਂ ਦੇ ਆਪਣੇ ਅਖ਼ਬਾਰ ਜਾਂ ਸਾਈਟਾਂ `ਤੇ ਲਿਖਣ ਦੀ ਬਜਾਏ, ‘ਸਿੱਖ ਮਾਰਗ’ ਦੇ ਮੰਚ `ਤੇ ਆ ਕੇ
ਸਿੰਙ ਫ਼ਸਾ ਕੇ ਧੂੜ ਉੜਾਉਣ ਲੱਗ ਜਾਂਦੇ ਹਨ। ਕਈ ‘ਪਾਣੀ ਵਿੱਚ ਮਧਾਣੀ’ ਪਾਉਣ ਵਾਲੇ ਹਨ; ਅਤੇ ਕਈਆਂ
ਦਾ ਮਕਸਦ ‘ਅੱਗ ਲਾਈ ਤੇ ਡੱਬੂ ਕੰਧ `ਤੇ’ ਵਾਲਾ ਹੈ। ………
ਸ਼ੁੱਭ-ਚਿੰਤਕਾਂ ਦਾ ਸੁਝਾਉ ਹੈ ਕਿ ‘ਸਿੱਖ ਮਾਰਗ’ ਦੇ ਉਦੇਸ਼ਾਂ ਤੇ ਨਿਯਮਾਂ ਤੋਂ ਪਾਠਕਾਂ/ਲੇਖਕਾਂ
ਨੂੰ ਇੱਕ ਵਾਰ ਫ਼ੇਰ ਜਾਣੂੰ ਕਰਵਾਇਆ ਜਾਵੇ। ਸੋ, ਅਸੀਂ ‘ਸਿੱਖ ਮਾਰਗ’ ਦੇ ਨਿਰਧਾਰਤ ਉਦੇਸ਼ਾਂ ਤੇ
ਨਿਯਮਾ ਦੀ ਜਾਣਕਾਰੀ ਦੇ ਰਹੇ ਹਾਂ।
‘ਸਿੱਖ ਮਾਰਗ’ ਦਾ ਮਨੋਰਥ:-
1. ਗੁਰਮੱਤਿ ਦੀ, ਸੁਹਿਰਦਤਾ ਨਾਲ, ਖਰੀ ਜਾਣਕਾਰੀ ਦਿੰਦਿਆਂ ਪਾਠਕਾਂ ਨੂੰ ਜਾਗ੍ਰਿਤ
ਕਰਨਾ। ਗੁਰਮੱਤਿ-ਗਿਆਨ ਦੀ ਰੌਸ਼ਣੀ ਨਾਲ ਪਾਠਕਾਂ ਦੀ ਅਗਿਆਨਤਾ ਦੇ ਅੰਧਕਾਰ ਵਿੱਚੋਂ ਨਿਕਲਣ ਵਿੱਚ
ਸਹਾਇਤਾ ਕਰਨੀਂ।
2. ਸ਼ਬਦ-ਗੁਰੂ ਦੀ ਮਹੱਤਤਾ ਦਰਸਾਉਂਦੇ ਹੋਏ ਇਸ ਦੇ ਲੜ ਲੱਗਣ ਦੀ ਪ੍ਰੇਰਣਾ ਦੇਣਾ। ਗੁਰੂ ਗ੍ਰੰਥ ਤੋਂ
ਬਿਨਾਂ ਹੋਰ ਸਾਰੀਆਂ ਮਨਮੁੱਖੀ ਪੁਸਤਕਾਂ ਦਾ ਖੰਡਨ ਕਰਦਿਆਂ ਉਨ੍ਹਾਂ ਨੂੰ ਨਿਕਾਰਨਾਂ।
3. ਦੇਹ-ਧਾਰੀ ਗੁਰੂਡਮ ਦਾ ਵਿਰੋਧ ਕਰਨਾਂ ਅਤੇ ਗੁਰੁ ਗ੍ਰੰਥ/ਗੁਰਬਾਣੀ ਦੇ ਸਹਾਰੇ ਕਪਟੀ ਸੰਤ,
ਬਾਬੇ, ਮਹੰਤ, ਜਥੇਦਾਰ ਤੇ ਪੁਜਾਰੀਆਂ ਆਦਿ ਦਾ ਪਾਜ ਉਘਾੜਦਿਆਂ ਸਿੱਖ-ਮਾਰਗ ਦੇ ਪਾਂਧੀਆਂ ਨੂੰ
ਇਨ੍ਹਾਂ ਦੇ ਲੋਟੂ ਚੁੰਗਲ ਤੋਂ ਬਚਾਉਣਾਂ।
4. ਗੁਰੂਦਵਾਰਿਆਂ ਵਿੱਚ ਵਿਆਪਕ ਹੋ ਚੁੱਕੇ ਕਰਮਕਾਂਡਾਂ ਦਾ ਗੁਰਬਾਣੀ ਦੇ ਆਧਾਰ `ਤੇ ਖੰਡਨ ਕਰਦਿਆਂ
ਜਨਤਾ ਨੂੰ ਇਨ੍ਹਾਂ ਤੋਂ ਬਚਣ ਲਈ ਪ੍ਰੇਰਿਤ ਕਰਨਾਂ।
5. ਗੁਰ-ਧਾਮਾ ਦੇ ਅਖਾਉਤੀ ਸੇਵਾਦਾਰਾਂ (ਪ੍ਰਬੰਧਕਾਂ, ਜਥੇਦਾਰਾਂ, ਤੇ ਹੋਰ ਕਰਮਚਾਰੀਆਂ ਆਦਿ) ਦੇ
ਗੁਰਮੱਤਿ-ਵਿਰੋਧੀ ਕਿਰਦਾਰ/ਕਰਤੂਤਾਂ ਬਾਰੇ ਪਾਠਕਾਂ ਨੂੰ ਸੁਚੇਤ ਕਰਨਾਂ।
6. ਗੁਰੁ ਗ੍ਰੰਥ/ਗੁਰਬਾਣੀ ਦਾ ਸੱਚੇ ਦਿਲੋਂ ਸਤਿਕਾਰ ਕਰਨ ਵਾਲੇ ਸੁਹਿਰਦ ਲੇਖਕਾਂ ਨੂੰ ਆਪਣੇ
ਗੁਰਮੱਤੀ ਵਿਚਾਰ ਲੋਕਾਂ ਤੱਕ ਪਹੁੰਚਾਉਣ ਲਈ ਲੋੜੀਂਦਾ ਮੰਚ ਮੁਹੱਈਆ ਕਰਨਾਂ। ……
7. ਤਖਤਾਂ ਦੇ ਅਖੌਤੀ ਜਥੇਦਾਰਾਂ ਅਥਵਾ ਰਾਜਨੀਤਕ ਆਗੂਆਂ ਦੇ ਗੁਲਾਮ ਪੁਜਾਰੀਆਂ ਵਲੋਂ ਗੁਰਮਤਿ ਤੋਂ
ਉਲਟ ਜਾਰੀ ਕੀਤੇ ਕੂੜਨਾਮੇ, ਪਖੰਡਨਾਮੇ ਅਥਵਾ ਅਖੌਤੀ ਹੁਕਮਨਾਮੇ ਜੋ ਕਿ ਕਿਸੇ ਖਾਸ ਟੋਲਿਆਂ ਨੂੰ
ਖੁਸ਼ ਕਰਨ ਲਈ ਜਾਰੀ ਕੀਤੇ ਜਾਂਦੇ ਹਨ ਉਹਨਾ ਦਾ ਡਟ ਕੇ ਵਿਰੋਧ ਕਰਨਾ।
8. ਅਸੀਂ ਹਰ ਨਵੇਂ ਪਾਠਕ ਨੂੰ ਬਿਨਾ ਕਿਸੇ ਭਿੰਨ ਭੇਦ ਦੇ ਜੀ ਆਇਆਂ ਕਹਿੰਦੇ ਰਹੇ ਹਾਂ ਪਰ ਕਈ ਸਾਡੀ
ਇਸ ਖੁਲਦਿਲੀ ਦਾ ਨਿਜ਼ਾਇਜ਼ ਫਾਇਦਾ ਉਠਾ ਲੈਂਦੇ ਰਹੇ ਹਨ। ਅਸੀਂ ਤਾਂ ਇਹੀ ਸਮਝਦੇ ਰਹੇ ਹਾਂ ਕਿ ਕੋਈ
ਵੀ ਨਵਾਂ ਪਾਠਕ ਗੁਰਮਤਿ ਬਾਰੇ ਕੋਈ ਗੱਲ ਸਿੱਖਣ ਸਿਖਾਉਣ ਲਈ ਆਉਂਦਾ ਹੈ ਪਰ ਪਿਛਲੇ ਕੁੱਝ ਸਮੇਂ
ਵਿੱਚ ਦੇਖਿਆ ਹੈ ਕਿ ਕਈਆਂ ਦਾ ਮਨੋਰਥ ਕੁੱਝ ਹੋਰ ਹੁੰਦਾ ਹੈ। ਇਸ ਲਈ ਹੁਣ ਜਰੂਰੀ ਨਹੀਂ ਕਿ ਅਸੀਂ
ਪਹਿਲਾਂ ਵਾਂਗ ਹਰ ਨਵੇਂ ਪਾਠਕ ਦੀ ਚਿੱਠੀ ਨੂੰ ਪਾ ਦਈਏ। ਸਿੱਖੀ ਭੇਖ ਵਿਚਲੇ ਸਾਕਤਮਤੀਆਂ ਅਥਵਾ ਦਸਮ
ਗ੍ਰੰਥ ਦੇ ਲੁਚਪੁਣੇ ਨੂੰ ਮੰਨਣਵਾਲੇ ਗੁਰੂ ਨਿੰਦਕਾਂ ਦੀਆਂ ਹੋਰ ਬਥੇਰੀਆਂ ਸਾਈਟਾਂ ਹਨ ਉਹ ਆਪਣਾ
ਕੂੜ-ਕਬਾੜ ਉਥੇ ਜੋ ਮਰਜੀ ਲਿਖੀ ਜਾਣ ਅਸੀਂ ਕਿਹੜਾ ਕੋਈ ਉਥੇ ਦਖਲ ਦਿੱਤਾ ਹੈ ਇਸ ਲਈ ਉਹਨਾ ਨੁੰ ਵੀ
ਨਹੀਂ ਦੇਣਾ ਚਾਹੀਦਾ। ਇਹ ਗੱਲ ਕੋਈ ਸੁਪਨੇ ਵਿੱਚ ਵੀ ਨਾ ਸੋਚੇ ਕਿ ਕਿਸੇ ਕਾਰਨ ਦਸਮ ਗ੍ਰੰਥ ਦੇ
ਲੁਚਪੁਣੇ ਬਾਰੇ ‘ਸਿੱਖ ਮਾਰਗ’ ਆਪਣੇ ਵਿਚਾਰ ਬਦਲ ਲਵੇਗਾ।
‘ਸਿੱਖ-ਮਾਰਗ’ ਨਾਲ ਜੁੜਣ ਵਾਲੇ ਲੇਖਕਾਂ/ਪਾਠਕਾਂ ਲਈ ਨਿਯਮ:-
ਲੇਖਕ, ਉੱਪਰ ਪਹਿਲੇ ਪੈਰੇ ਵਿੱਚ ਦਰਸਾਏ ਬਦਮਜ਼ਗੀ ਦੇ ਕਾਰਣਾ ਤੋਂ ਸਾਵਧਾਨ ਰਹਿੰਦਿਆਂ,
ਗੁਰਬਾਣੀ ਤੋਂ ਸੇਧ ਲੈ ਕੇ ਲਿਖਣ। ਜਿਸ ਵਿਚਾਰ ਦੀ ਪੁਸ਼ਟੀ ਗੁਰਬਾਣੀ ਵਿੱਚੋਂ ਨਹੀਂ ਕੀਤੀ ਜਾ ਸਕਦੀ
ਉਹ ਵਿਚਾਰ ਦੇਣ ਤੋਂ ਸੰਕੋਚ ਕੀਤਾ ਜਾਵੇ। ਗੁਰਬਾਣੀ ਸ਼ਿਰੋਮਣੀ ਹੈ। ਗੁਰਬਾਣੀ ਦੇ ਸੱਚ ਨੂੰ
ਨਜ਼ਰਅੰਦਾਜ਼ ਕਰਕੇ ‘ਪੰਥ-ਪ੍ਰਮਾਣਿਕਤਾ’ ਦੀ ਆੜ ਵਿੱਚ ਮਨਮੁੱਖਤਾ ਦੇ ਕਰਮ ਕਰਨੇ ਜਾਂ ਵਿਚਾਰ ਲਿੱਖਣੇ
‘ਸਿੱਖ ਮਾਰਗ’ ਦੇ ਅਸੂਲਾਂ ਨਾਲ ਮੇਲ ਨਹੀਂ ਖਾਂਦੇ।
ਨਰੋਈ ਤੇ ਸਕਾਰਾਤਮਕ ਵਿਚਾਰ-ਚਰਚਾ ਦਾ ਮੂਲ ਬਿਬੇਕ ਹੈ। ਤਰਕ-ਸੰਗਤ ਤੋਂ ਸੱਖਣੇ ਬੋਲ ਜਾਂ ਲਿਖਿਤ ਨਾ
ਕੇਵਲ ਨਿਰਾਰਥਕ ਹੀ ਹੁੰਦੇ ਹਨ ਸਗੋਂ ਢਾਹੂ ਵੀ ਸਾਬਤ ਹੋਣਗੇ। ਇਸ ਲਈ ਹਰ ਲਿਖਿਤ ਨੂੰ
ਬੁੱਧਿ-ਸੰਗਤ/ਬਿਬੇਕ ਬੁੱਧਿ ਨਾਲ ਲਿਖਿਆ ਜਾਵੇ। ਜਿਸ ਵਿਚਾਰ ਦੀ ਪੁਸ਼ਟੀ ਗੁਰਬਾਣੀ ਦੁਆਰਾ ਨਹੀਂ
ਕੀਤੀ ਜਾ ਸਕਦੀ ਉਸ ਵਿਚਾਰ ਨੂੰ ਅਭਿਵਿਅਕਤ ਕਰਨ ਤੋਂ ਸੰਕੋਚ ਕੀਤਾ ਜਾਵੇ।
ਮੰਡਨ (ਦੂਸਰੇ ਲੇਖਕ ਦੇ ਵਿਚਾਰਾਂ ਦੀ ਪ੍ਰੋੜ੍ਹਤਾ) ਅਤੇ ਖੰਡਣ (ਕਿਸੇ ਹੋਰ ਦੇ ਵਿਚਾਰਾਂ ਨਾਲ
ਅਸਹਿਮਤੀ) ਨੂੰ ਵਿਚਾਰਾਂ ਤੱਕ ਹੀ ਸੀਮਿਤ ਰੱਖਿਆ ਜਾਵੇ। ਦੂਸਰੇ ਲੇਖਕ ਦੇ ਨਿੱਜਤ੍ਵ ਦੀ ਪ੍ਰਸ਼ੰਸਾ
ਜਾਂ ਨਿੰਦਾ ਕਰਨ ਤੋਂ ਗੁਰੇਜ਼ ਕੀਤਾ ਜਾਵੇ। ਵਿਚਾਰਾਂ ਨਾਲ ਸਹਿਮਤੀ ਜਾਂ ਅਸਹਿਮਤੀ ਦਾ ਆਧਾਰ ਵੀ ਤਰਕ
ਹੋਣਾ ਚਾਹੀਦਾ ਹੈ।
ਵਿਚਾਰ-ਚਰਚਾ ਵਿੱਚ ਪ੍ਰਤਿਨਿੱਧਤਾ (proxy)
ਨਹੀਂ ਹੋਣੀ ਚਾਹੀਦੀ। ਹਰ ਵਿਅਕਤੀ/ਲੇਖਕ ਆਪ ਲਿਖੇ। ਝੋਲੀਚੁੱਕ ਦਖ਼ਲਅੰਦਾਜ਼ੀ ਨਾ ਕਰਨ।
‘ਈਰਖਾ’ ਅਤੇ ਇਸ ਦੀ ਪਲੇਠੀ ‘ਨਿੰਦਾ’ ਦੇ ਅਮਾਨਵੀ ਪ੍ਰਭਾਵਾਧੀਨ ਨਾ ਲਿਖਿਆ ਜਾਵੇ। ਲੇਖਕ ਧੜੇਬੰਦੀ
ਦੀ ਦਾਸਤਾ ਤੋਂ ਮੁਕਤ ਰਹਿ ਕੇ ਸੁਤੰਤ੍ਰ ਸੋਚ ਨਾਲ ਗੁਰਬਾਣੀ ਤੋਂ ਸੇਧ ਲੈ ਕੇ ਲਿਖਣ ਦਾ ਉਪਰਾਲਾ
ਕਰਨ। ………
(ਨੋਟ:- ਗੁਰਮੱਤਿ ਨਾਲ ਸੰਬੰਧਿਤ ਵਿਸ਼ਿਆਂ ਉੱਤੇ ਵਿਚਾਰ-ਵਿਮਰਸ਼ ਕਰਨ ਦਾ ਗੁਰਮੁਖੀ ਢੰਗ ਗੁਰੁ
ਨਾਨਕ ਦੇਵ ਜੀ ਦੀ ‘ਸਿਧਗੋਸਟਿ’ ਤੋਂ ਸਿੱਖਿਆ ਜਾ ਸਕਦਾ ਹੈ। ਦੂਸਰਾ, ਪਾਠਕਾਂ/ਲੇਖਕਾਂ ਨੂੰ ਬਿਨਤੀ
ਹੈ ਕਿ ਉਹ ‘ਲੇਖ ਲੜੀ ਦੂਜੀ’ ਵਿੱਚ ‘ਸਾਡੇ ਆਪਣੇ ਕੁੱਝ ਲੇਖ’ ਵਿੱਚੋਂ ਇਹ ਤਿੰਨ ਲੇਖ: “ਸਿੱਖ ਮਾਰਗ
ਦਾ ਮਨੋਰਥ’, ‘ਸਿੱਖ ਮਾਰਗ ਤੇ ਛਪਣ ਯੋਗ ਸਮੱਗਰੀ ਲਈ ਪੈਮਾਨਾ ਤੇ ਹੋਰ ਜਾਣਕਾਰੀ’, ਅਤੇ ‘ਨਾਨਕ ਦਾ
ਧੂਤਰੂ’ -- ਜ਼ਰੂਰ ਪੜ੍ਹ ਲੈਣ। ‘ਸਿੱਖ ਮਾਰਗ’ ਦਾ ਟੀਚਾ ਤੇ ਪੈਮਾਨਾ ਸਮਝਣ ਲਈ ਬਹੁਤ ਸਹਾਈ ਹੋਣਗੇ।)