.

ੴਸਤਿਗੁਰਪ੍ਰਸਾਦਿ ॥

ਅਕਾਲ ਤਖ਼ਤ ਸਾਹਿਬ ਦੇ ਅਖੌਤੀ ਜਥੇਦਾਰ ਦਾ ਅਹੁਦਾ

ਰਾਜਿੰਦਰ ਸਿੰਘ, (ਮੁੱਖ ਸੇਵਾਦਾਰ)

ਸ਼੍ਰੋਮਣੀ ਖਾਲਸਾ ਪੰਚਾਇਤ,

ਟੈਲੀਫੋਨ: +919876104726

(ਕਿਸ਼ਤ ਨੰ: 05)

ਹਰ ਦਿਨ ਨਿਘਾਰ ਵੱਲ:

ਜਦੋਂ ਤੋਂ ਇਹ ਜਥੇਦਾਰ ਦਾ ਅਹੁਦਾ ਹੋਂਦ ਵਿੱਚ ਆਇਆ ਹੈ, ਇਸ ਵਿੱਚ ਹਰ ਦਿਨ ਨਿਘਾਰ ਹੀ ਆਇਆ ਹੈ। ਪਹਿਲੇ ਪਹਿਲ ਇਸ ਅਹੁਦੇ ਤੇ ਕੁੱਝ ਪੰਥਕ ਸ਼ਖਸੀਅਤਾਂ ਨੂੰ ਲਾਇਆ ਜਾਂਦਾ ਸੀ: ਜਿਵੇਂ ਕਿ ਜਥੇਦਾਰ ਤੇਜਾ ਸਿੰਘ ਅਕਰਪੁਰੀ (1921-1923) ਅਤੇ (1926-1930), ਜਥੇਦਾਰ ਉਧਮ ਸਿੰਘ ਨਾਗੋਕੇ (1923-1924), ਭਾਈ ਅੱਛਰ ਸਿੰਘ (1924-1925), ਗਿਆਨੀ ਗੁਰਮੁਖ ਸਿੰਘ ਮੁਸਾਫਿਰ, ਜਥੇਦਾਰ ਮੋਹਨ ਸਿੰਘ ਨਾਗੋਕੇ ਆਦਿ। ਇਸ ਅਹੁਦੇ ਨਾਲ ਖਿਲਵਾੜ ਇਸ ਕਦਰ ਹੁੰਦਾ ਰਿਹਾ ਹੈ ਕਿ ਸ੍ਰ. ਦੀਦਾਰ ਸਿੰਘ ਨੂੰ ਮਹੀਨੇ ਕੁ ਵਾਸਤੇ ਜਥੇਦਾਰ ਬਣਾਇਆ ਗਿਆ, ਜਦਕਿ ਭਾਈ ਜਵਾਹਰ ਸਿੰਘ ਨੂੰ ਕੁੱਝ ਕੁ ਦਿਨਾਂ ਵਾਸਤੇ ਹੀ ਜਥੇਦਾਰ ਬਣਾਇਆ ਗਿਆ। ਇਹ ਸਭ ਪੰਥਕ ਸ਼ਖਸੀਅਤਾਂ ਸਨ, ਭਾਵੇਂ ਇਨ੍ਹਾਂ ਵਿੱਚੋਂ ਵੀ ਸਾਰੇ ਉੱਚੇ-ਸੱਚੇ ਕਿਰਦਾਰ ਦੇ ਨਹੀਂ ਸਨ। 1965 ਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੇਲੇ ਪੰਥ ਵਿੱਚ (ਸੰਤ) ਫਤਹਿ ਸਿੰਘ ਦੀ ਚੜ੍ਹਤ ਚੱਲ ਰਹੀ ਸੀ। ਉਨ੍ਹਾਂ ਦੀ ਸਾਧੂ ਸਿੰਘ ਭੌਰਾ ਨਾਲ ਨੇੜਤਾ ਸੀ, ਸੋ ਉਸ ਨੂੰ ਚੋਣ ਵਾਸਤੇ ਟਿਕਟ ਦੇ ਦਿੱਤੀ, ਭਾਈ ਸਾਧੂ ਸਿੰਘ ਭੌਰਾ ਚੋਣ ਹਾਰ ਗਏ। (ਸੰਤ) ਫਤਹਿ ਸਿੰਘ ਦੀ ਉਸ ਨਾਲ ਨੇੜਤਾ ਤਾਂ ਸੀ ਹੀ, ਉਹ ਉਸ ਦੀ ਕਮਜ਼ੋਰ ਸ਼ਖਸੀਅਤ ਤੋਂ ਵੀ ਜਾਣੂ ਸਨ। ਉਨ੍ਹਾਂ ਨੇ ਸਾਧੂ ਸਿੰਘ ਭੌਰਾ ਨੂੰ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਬਣਾ ਦਿੱਤਾ। ਜਦੋਂ ਫਤਹਿ ਸਿੰਘ ਨੇ ਆਪਣੀ ਲੀਡਰੀ ਚਮਕਾਉਣ ਲਈ, ਅਕਾਲ ਤਖ਼ਤ ਸਾਹਿਬ ਦੀ ਛੱਤ ਤੇ ਸੜ ਮਰਨ ਲਈ, ਹਵਨ ਕੁੰਡ ਬਣਵਾਏ, ਤਾਂ ਸਾਧੂ ਸਿੰਘ ਨੇ ਉਸਨੂੰ ਐਸਾ ਗੈਰ ਸਿਧਾਂਤਕ ਕੰਮ ਕਰਨ ਤੋਂ ਰੋਕਣ ਦੀ ਬਜਾਏ, ਇਹ ਕਹਿ ਕੇ ਜਾਇਜ਼ ਠਹਿਰਾਇਆ ਕਿ ਇਹ ਹਵਨ ਕੁੰਡ ਅਕਾਲ ਤਖਤ ਸਾਹਿਬ ਦੀ ਛੱਤ ਤੇ ਨਹੀਂ, ਨਾਲ ਦੀ ਛੱਤ ਤੇ ਹਨ। (ਫਤਹਿ ਸਿੰਘ ਸਮੇਤ ਕਈ ਅਕਾਲੀ ਆਗੂਆਂ ਨੇ ਇਨ੍ਹਾਂ ਹਵਨ ਕੁੰਡਾਂ ਵਿੱਚ ਸੜ ਮਰਨ ਦਾ ਐਲਾਨ ਕੀਤਾ, ਪਰ ਕੌਮ ਦੀ ਕੋਈ ਵੀ ਮੰਗ ਨਾ ਮੰਨੇ ਜਾਣ ਦੇ ਬਾਵਜੂਦ, ਕੋਈ ਅਕਾਲੀ ਆਗੂ ਇਨ੍ਹਾਂ ਵਿੱਚ ਸੜ ਕੇ ਨਹੀਂ ਮਰਿਆ, ਹਾਂ! ਇਨ੍ਹਾਂ ਨੇ ਪੰਥ ਦਾ ਮਾਣ-ਸਤਿਕਾਰ ਅਤੇ ਪਾਵਨ ਸਿਧਾਂਤਾਂ ਨੂੰ ਸਾੜਨ ਵਿੱਚ ਕੋਈ ਕਸਰ ਨਾ ਛੱਡੀ) ਮਾਸਟਰ ਤਾਰਾ ਸਿੰਘ, ਫਤਹਿ ਸਿੰਘ ਸਮੇਤ ਕਈ ਆਗੂਆਂ ਨੇ ਆਪਣੀ ਲੀਡਰੀ ਚਮਕਾਉਣ ਲਈ ਮਰਨ ਵਰਤ ਰੱਖੇ (ਹਾਲਾਂਕਿ ਕੋਈ ਮੰਗ ਨਾ ਮੰਨੇ ਜਾਣ ਦੇ ਬਾਵਜੂਦ, ਸਿਵਾਏ ਦਰਸ਼ਨ ਸਿੰਘ ਫੇਰੂਮਾਨ ਦੇ ਕੋਈ ਮਰਿਆ ਨਹੀਂ, ਕੋਈ ਨਾ ਕੋਈ ਬਹਾਨਾ ਲੱਭ ਕੇ ਆਪਣੀ ਅਰਦਾਸ ਤੋੜ ਦੇਂਦੇ ਰਹੇ) ਪਰ ਕਿਸੇ ਜਥੇਦਾਰ ਨੇ ਕਦੀਂ ਸਮਝਾਉਣ ਯਾ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਗੁਰਮਤਿ ਅਨੁਸਾਰ, ਇਹ ਗੈਰ ਸਿਧਾਂਤਕ ਹੈ।

ਭਾਵੇਂ ਗੁਰਮਤਿ ‘ਯੋਗ ਅਤੇ ਯੋਗਆਸਨਾਂ` ਨੂੰ ਪੂਰੀ ਤਰ੍ਹਾਂ ਰੱਦ ਕਰਦੀ ਹੈ, ਗੁਰਮਤਿ ਸਿਧਾਂਤਾਂ ਤੋਂ ਸੱਖਣੇ ਸਾਧੂ ਸਿੰਘ ਨੇ, ਗੁਰਮਤਿ ਸਿਧਾਂਤਾਂ ਦੇ ਉਲਟ ‘ਯੋਗਾ` ਦੁਆਰਾ ਵਿਦੇਸ਼ਾਂ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਵਾਲੇ, ਹਰਭਜਨ ਸਿੰਘ ਯੋਗੀ ਨੂੰ ਤਾਂ ਅਕਾਲ ਤਖ਼ਤ ਸਾਹਿਬ ਤੇ ਸਨਮਾਨਤ ਕੀਤਾ, ਪਰ ਆਪਣੇ ਸਮੇਂ ਦੇ ਉਘੇ ਕੌਮੀ ਵਿਦਵਾਨ ਗਿਆਨੀ ਭਾਗ ਸਿੰਘ ਨੂੰ, ਬਚਿਤ੍ਰ ਨਾਟਕ ਨਾਮੀਂ ਸਾਕਤੀ ਅਤੇ ਅਸ਼ਲੀਲ ਲਿਖਤਾਂ ਵਾਲੀ ਕਿਤਾਬ ਨੂੰ ਗੁਰਮਤਿ ਦੀ ਕਸਵੱਟੀ ਤੇ ਪਰਖ ਕੇ ‘ਦਸਮ ਗ੍ਰੰਥ ਨਿਰਣੈ` ਨਾਮਕ ਖੋਜ ਭਰਪੂਰ ਕਿਤਾਬ ਲਿੱਖਣ ਵਾਸਤੇ, ਤਨਖਾਹ ਲਾਈ। (‘ਹੁਕਮਨਾਮੇ ਆਦੇਸ਼ ਸੰਦੇਸ਼ … ਸ੍ਰੀ ਅਕਾਲ ਤਖ਼ਤ ਸਾਹਿਬ`, 2003 ਕਰਤਾ ਸ੍ਰ. ਰੂਪ ਸਿੰਘ, ਪੰਨਾ 76-77) ਇਹ ਤਨਖਾਹ ਸੰਤ ਸਿੰਘ ਮਸਕੀਨ ਦੀ ਚੁੱਕ ਤੇ ਲਾਈ ਗਈ ਸੀ।

ਸਿੱਖ ਧਰਮ ਵਿੱਚ ਨਾ ਤਾਂ ਕੋਈ ਪੂਜਾ ਦਾ ਵਿਧਾਨ ਹੈ ਅਤੇ ਨਾ ਹੀ ਪੁਜਾਰੀ ਦਾ। ਗੁਰਦੁਆਰੇ ਵਿੱਚ ਪੇਸ਼ੇਵਰ ਗ੍ਰੰਥੀ ਅਤੇ ਪ੍ਰਚਾਰਕ ਦਾ ਅਹੁਦਾ, ਅਸੀਂ ਸਿੱਖਾਂ ਨੇ ਆਪਣੀ ਸਹੂਲੀਅਤ ਲਈ ਸਥਾਪਤ ਕਰ ਲਿਆ ਹੈ। ਗ੍ਰੰਥੀ ਦਾ ਕੰਮ ਹੈ, ਗੁਰਦੁਆਰੇ ਦੀਆਂ ਨਿੱਤ ਦੀਆਂ ਸੇਵਾਵਾਂ ਅਤੇ ਮਰਿਯਾਦਾ ਨਿਭਾਉਣੀਆਂ ਅਤੇ ਪ੍ਰਚਾਰਕ ਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਆਖਿਆ ਕਰਨੀ ਅਤੇ ਗੁਰਬਾਣੀ ਤੇ ਅਧਾਰਤ ਗੁਰਮਤਿ ਸਿਧਾਂਤਾਂ ਦਾ ਪ੍ਰਚਾਰ ਕਰਨਾ। ਇਸ ਤੋਂ ਵੱਧ ਹੋਰ ਕੁੱਝ ਨਹੀਂ। ਕਿਉਂਕਿ ਪਦਾਰਥਵਾਦ ਦੇ ਵਧਦੇ ਜੋਰ ਕਾਰਨ ਸਿੱਖਾਂ ਨੇ ਆਪ ਗੁਰਬਾਣੀ ਪੜ੍ਹਨੀ ਬੰਦ ਕਰ ਦਿੱਤੀ ਹੈ, ਅਤੇ ਜੇ ਕੋਈ ਵਿਰਲੇ ਪੜ੍ਹ ਵੀ ਰਹੇ ਹਨ ਤਾਂ ਬਿਪਰਵਾਦੀ ਮਾਹੌਲ ਕਾਰਨ ਸਿਰਫ ਮੰਤਰ ਵਾਂਗੂੰ ਰੱਟ ਰਹੇ ਹਨ, ਵਿਚਾਰਨ, ਸਮਝਣ ਵਾਲਾ ਕੰਮ ਤਾਂ ਜਿਵੇਂ ਮੂਲੋਂ ਹੀ ਗੁਆਚ ਗਿਆ ਹੈ, ਆਮ ਸਿੱਖ ਹਰ ਦਿਨ ਗੁਰਮਤਿ ਸਿਧਾਂਤਾਂ ਤੋਂ ਟੁਟਦਾ ਜਾ ਰਿਹਾ ਹੈ। ਨਤੀਜਾ ਇਹ ਹੈ ਕਿ ਬਹੁਤਾਤ ਸਿੱਖ ਅੱਜ ਗੁਰਦੁਆਰੇ ਸਤਿਗੁਰੂ ਦਾ ਇਲਾਹੀ ਗਿਆਨ ਲੈਣ ਨਹੀਂ, ਬਲਕਿ ਪੂਜਾ ਕਰਨ ਜਾਂਦੇ ਹਨ। ਇਸੇ ਕਾਰਨ ਸਾਡੇ ਗ੍ਰੰਥੀਆਂ ਅਤੇ ਪਰਚਾਰਕਾਂ ਨੇ ਵੀ ਪੁਜਾਰੀਆਂ ਦਾ ਰੂਪ ਧਾਰਨ ਕਰ ਲਿਆ ਹੈ ਅਤੇ ਸਿੱਖ ਕੌਮ ਵਿੱਚ ਵੀ ਇੱਕ ਪੁਜਾਰੀ ਸ਼੍ਰੇਣੀ ਸਥਾਪਤ ਹੋਈ ਜਾ ਰਹੀ ਹੈ। ਇਨ੍ਹਾਂ ਨੂੰ ਆਮ ਤੌਰ ਤੇ ਧਾਰਮਿਕ ਆਗੂ ਆਖ ਕੇ ਪ੍ਰਚਾਰਿਆ ਅਤੇ ਵਿਸ਼ੇਸ਼ ਮਹੱਤਤਾ ਦਿਤੀ ਜਾਂਦੀ ਹੈ। ਇਨ੍ਹਾਂ ਦੇ ਨਾਲ ਹੀ ਪਖੰਡੀ ਸਾਧਾਂ, ਸੰਤਾਂ, ਬਾਬਿਆਂ ਦੇ ਰੂਪ ਵਿੱਚ ਵੀ ਇੱਕ ਪੁਜਾਰੀ ਸ਼੍ਰੇਣੀ ਸਥਾਪਤ ਹੋ ਗਈ ਹੈ। ਹਾਲਾਂਕਿ ਇਸ ਵਰਗ ਦੇ ਪਾਪ ਕਰਮਾਂ ਨੂੰ ਵੇਖਦੇ ਹੋਏ, ਗੁਰਬਾਣੀ ਹਰ ਤਰ੍ਹਾਂ ਦੇ ਪੁਜਾਰੀ ਵਾਦ ਨੂੰ ਪੂਰੀ ਤਰ੍ਹਾਂ ਰੱਦ ਕਰਦੀ ਹੈ:

“ਕਾਦੀ ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ ਨਾਵੈ ਜੀਆ ਘਾਇ ॥ ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ ॥“ (ਧਨਾਸਰੀ ਮਹਲਾ 1, ਪੰਨਾ 662)

ਇੰਝ ਗੁਰੂ ਨਾਨਕ ਪਾਤਿਸ਼ਾਹ ਨੇ, ਉਸ ਸਮੇਂ ਦੇ ਹਰ ਸਮਾਜਿਕ ਵਰਗ ਦੇ ਪੁਜਾਰੀ ਜਾਂ ਧਾਰਮਿਕ ਆਗੂ ਨੂੰ ਮਨੁੱਖਤਾ ਦੇ ਸਮੂਹਿਕ ਘਾਣ ਦਾ ਕਾਰਨ ਦੱਸਿਆ ਹੈ। ਇਸੇ ਵਾਸਤੇ ਗੁਰੂ ਨਾਨਕ ਪਾਤਿਸ਼ਾਹ ਨੇ ਸਿੱਖ ਕੌਮ ਨੂੰ ਪੂਜਾ ਅਤੇ ਪੁਜਾਰੀਵਾਦ ਤੋਂ ਮੁਕਤ ਕੌਮ ਦੇ ਤੌਰ ਤੇ ਸਥਾਪਿਤ ਕੀਤਾ।

ਇਹ ਪੁਜਾਰੀ ਸ਼੍ਰੇਣੀ, ਸਮੇਂ ਦੇ ਹਾਕਮਾਂ ਅਤੇ ਰਾਜਨੀਤਿਕਾਂ ਨੂੰ ਸਦਾ ਬੜੀ ਰਾਸ ਆਈ ਹੈ। ਇਨ੍ਹਾਂ ਦੋਹਾਂ ਦੇ ਗਠਜੋੜ ਨੇ ਸਦਾ ਹੀ ਮਨੁੱਖਤਾ ਦਾ ਭਰਵਾਂ ਸੋਸ਼ਣ ਕੀਤਾ ਹੈ। ਸਾਧੂ ਸਿੰਘ ਭੌਰਾ ਤੋਂ ਅਗੋਂ ਇਹ ਜਥੇਦਾਰ ਦਾ ਗੈਰ ਸਿਧਾਂਤਕ ਅਹੁਦਾ ਵੀ ਕੌਮੀ ਸ਼ਖਸੀਅਤਾਂ ਦੀ ਬਜਾਏ ਸਿੱਖ ਕੌਮ ਦੀ ਨਵੀਂ ਸਥਾਪਤ ਹੋਈ ਇਸ ਪੁਜਾਰੀ ਸ਼੍ਰੇਣੀ ਕੋਲ ਪਹੁੰਚ ਗਿਆ। ਗੁਰਦਿਆਲ ਸਿੰਘ ਅਜਨੋਹਾ ਵੀ ਪਹਿਲਾਂ ਕੇਸਗੜ੍ਹ ਸਾਹਿਬ, ਆਨੰਦਪੁਰ ਸਾਹਿਬ ਦੇ ਗ੍ਰੰਥੀ ਸਨ ਅਤੇ ਭਾਈ ਕਿਰਪਾਲ ਸਿੰਘ ਦਰਬਾਰ ਸਾਹਿਬ ਦੇ। ਭਾਈ ਕਿਰਪਾਲ ਸਿੰਘ ਦੇ ਸਮੇਂ ਹੀ ਜੂਨ 1984 ਵਿੱਚ ਭਾਰਤੀ ਫੌਜ ਨੇ ਦਰਬਾਰ ਸਾਹਿਬ, ਅਕਾਲ ਤਖ਼ਤ ਸਾਹਿਬ ਅਤੇ 36 ਹੋਰ ਗੁਰਧਾਮਾਂ ਤੇ ਟੈਂਕਾਂ-ਤੋਪਾਂ, ਨਾਲ ਹਮਲਾ ਕੀਤਾ। ਜਿਵੇਂ ਇਸ ਦੇ ਸਿਆਸੀ ਆਕਾ, ਹੱਥ ਖੜੇ ਕਰਕੇ ਸ਼ਹੀਦ ਸਿੰਘਾਂ-ਸਿੰਘਣੀਆਂ ਦੀਆਂ ਲੋਥਾਂ ਟੱਪ ਕੇ ਸਰਕਾਰੀ ਸ਼ਰਣ ਵਿੱਚ ਚਲੇ ਗਏ ਸਨ, ਤਿਵੇਂ ਇਸ ਮਹਾਨ ਜਥੇਦਾਰ ਨੇ ਲਹੂ ਲੁਹਾਨ ਪ੍ਰਕਰਮਾਂ ਵਿੱਚੋਂ ਢਹਿ-ਢੇਰੀ ਹੋ ਚੁਕੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਤੋਂ ਪਾਸੇ ਹੋ ਕੇ, ਟੈਲੀਵਿਜ਼ਨ ਸਾਹਮਣੇ ਇਹ ਬਿਆਨ ਦਿੱਤਾ, ਕਿ ਕੋਠਾ ਸਾਹਿਬ ਠੀਕ-ਠਾਕ ਹੈ। ਇਹ ਗ੍ਰੰਥੀ ਲਾਣਾ ਸਿਆਸੀ ਆਗੂਆਂ ਨੂੰ ਵੈਸੈ ਵੀ ਵਧੇਰੇ ਮਾਫ਼ਕ ਆਉਂਦਾ ਹੈ ਕਿਉਂਕਿ ਉਨ੍ਹਾਂ ਦੀ ਮਾਨਸਿਕਤਾ ਸਿਆਸੀ ਆਗੂਆਂ ਅਤੇ ਹਾਕਮਾਂ ਅੱਗੇ ਨਿਉਣ ਦੀ ਬਣ ਚੁੱਕੀ ਹੁੰਦੀ ਹੈ। ਉਂਜ ਤਾਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹੋਣ ਕਾਰਨ ਸਾਰੇ ਅਖੌਤੀ ਜਥੇਦਾਰ ਹੀ ਇਨ੍ਹਾਂ ਰਾਜਨੀਤਿਕਾਂ ਦੇ ਤਨਖਾਹਦਾਰ ਮੁਲਾਜ਼ਮ ਅਤੇ ਇਨ੍ਹਾਂ ਦੇ ਰਹਿਮੋਂ ਕਰਮ ਤੇ ਹੀ ਹੁੰਦੇ ਹਨ, ਜਦੋਂ ਜੀ ਕਰੇ, ਪਲ ਵਿੱਚ ਕੱਢਕੇ ਬਾਹਰ ਮਾਰਿਆ।

ਭਾਵੇਂ ਸ਼੍ਰੋਮਣੀ ਕਮੇਟੀ ਗ੍ਰੰਥੀਆਂ ਨੂੰ ਹੀ ਜਥੇਦਾਰ ਬਣਾਕੇ ਵਧੇਰੇ ਖੁਸ਼ ਸੀ, ਪਰ ਕਈ ਵਾਰੀ ਇਸ ਨੂੰ ਮਜਬੂਰੀ ਵਿੱਚ ਪੰਥਕ ਸ਼ਖਸੀਅਤ ਨੂੰ ਮੁੜ ਲਿਆਉਣਾ ਪਿਆ ਯਾ ਪਰਵਾਨ ਕਰਨਾ ਪਿਆ। ਜਿਵੇਂ, ਜੂਨ 1984 ਵਿੱਚ ਭਾਰਤੀ ਫੌਜ ਵਲੋਂ ਦਰਬਾਰ ਸਾਹਿਬ, ਅਕਾਲ ਤਖ਼ਤ ਸਾਹਿਬ ਅਤੇ 36 ਹੋਰ ਗੁਰਧਾਮਾਂ ਤੇ ਕੀਤੇ ਹਮਲੇ ਤੋਂ ਬਾਅਦ, ਸਿੱਖ ਕੌਮ ਦੀਆਂ ਭੜਕੀਆਂ ਭਾਵਨਾਵਾਂ ਕਾਰਨ ਖਾੜਕੂ ਕਾਫੀ ਮਜਬੂਤ ਹੋ ਗਏ। ਉਤੋਂ ਇਸ ਹਮਲੇ ਤੋਂ ਬਾਅਦ ਉਸ ਸਮੇਂ ਦੇ ਜਥੇਦਾਰ ਕਿਰਪਾਲ ਸਿੰਘ ਵਲੋਂ ਦਿਖਾਈ ਬੁਜ਼ਦਿਲੀ ਨੇ ਜਿੱਥੇ ਅਕਾਲ ਤਖ਼ਤ ਸਾਹਿਬ ਦੀ ਸੰਸਥਾ ਨੂੰ ਅਪਮਾਨਿਤ ਕੀਤਾ ਉਥੇ ਸ਼੍ਰੋਮਣੀ ਕਮੇਟੀ ਨੂੰ ਵੀ ਹੋਰ ਜ਼ਲੀਲ ਕੀਤਾ ਸੀ। ਖਾੜਕੂਆਂ ਦੀ ਖੁਸ਼ੀ ਹਾਸਲ ਕਰਨ ਲਈ, ਪ੍ਰੋ ਦਰਸ਼ਨ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਪ੍ਰਵਾਨ ਕਰ ਲਿਆ ਗਿਆ, ਪਰ ਪ੍ਰੋ. ਦਰਸ਼ਨ ਸਿੰਘ ਦਾ ਨਾ ਤਾਂ ਅਕਾਲੀ ਆਗੂਆਂ ਨਾਲ ਮਾਨਸਿਕ ਤਾਲਮੇਲ ਬਣ ਸਕਿਆ ਅਤੇ ਨਾ ਹੀ ਉਹ ਖਾੜਕੂ ਜਥੇਬੰਦੀਆਂ ਦੀਆਂ ਆਸਾਂ ਤੇ ਖਰੇ ਉਤਰੇ।

ਭਾਰਤ ਸਰਕਾਰ ਵੀ ਕਿਸੇ ਐਸੇ ਵਿਅਕਤੀ ਦੀ ਭਾਲ ਵਿੱਚ ਸੀ, ਜੋ ਖਾੜਕੂ ਸਫ਼ਾਂ ਵਿੱਚ ਚੰਗਾ ਅਸਰ ਰਖਦਾ ਹੋਵੇ ਅਤੇ ਸਰਕਾਰ ਦੇ ਇਸ਼ਾਰਿਆਂ ਤੇ ਕੰਮ ਕਰੇ। ਭਾਈ ਜਸਬੀਰ ਸਿੰਘ ਰੋਡੇ ਨੂੰ ਜੇਲ੍ਹ ਵਿੱਚ ਹੀ ਜਥੇਦਾਰ ਪ੍ਰਵਾਨ ਕਰ ਲਿਆ ਗਿਆ, ਅਤੇ ਇਸ ਦਾ ਪ੍ਰਚਾਰ ਵੀ ਸਭ ਤੋਂ ਵੱਧ ਭਾਰਤੀ ਮੀਡੀਆ ਨੇ ਕੀਤਾ। ਅਕਾਲੀ ਆਗੂਆਂ ਨੇ ਇਹ ਜਾਣਦੇ ਹੋਏ ਵੀ ਕਿ ਭਾਈ ਜਸਬੀਰ ਸਿੰਘ ਰੋਡੇ ਦਾ ਸਰਕਾਰ ਨਾਲ ਤਾਲਮੇਲ ਹੈ, ਉਸ ਨੂੰ ਜਥੇਦਾਰ ਪ੍ਰਵਾਨ ਕਰ ਲਿਆ। ਕਿਉਂਕਿ ਅਕਾਲੀ ਆਗੂ ਵੀ ਉਹੋ ਚਾਹੁੰਦੇ ਸਨ, ਜੋ ਭਾਰਤ ਸਰਕਾਰ, ਕਿ ਖਾੜਕੂਆਂ ਦੀ ਸ਼ਕਤੀ ਆਪਸ ਵਿੱਚ ਲੜ ਕੇ ਹੀ ਖਤਮ ਹੋ ਜਾਵੇ। (ਮਾਲੋਆ ਕ੍ਰਿਸ਼ਨ ਧਰ: ਓਪਨ ਸੀਕਰਟਸ, ਮਾਨਸ ਪਬਲੀਕੇਸ਼ਨਜ਼ ਨਵੀਂ ਦਿੱਲੀ, 2005) ਅਤੇ (ਹਰਦੀਪ ਸਿੰਘ ਡਿਬਡਿਬਾ: ਸਾਕਾ ਨੀਲਾ ਤਾਰਾ ਤੋਂ ਬਾਅਦ, 2006)। ਭਾਈ ਜਸਬੀਰ ਸਿੰਘ ਰੋਡੇ ਨੇ ਜਥੇਦਾਰ ਬਣਦੇ ਹੀ ਸਰਕਾਰ ਨੂੰ ਜੇਲ੍ਹ ਵਿੱਚ ਬੰਦ ਕੁੱਝ ਉਨ੍ਹਾਂ ਆਗੂਆਂ ਦੀ ਇੱਕ ਲਿਸਟ ਦਿੱਤੀ, ਜਿਨ੍ਹਾਂ ਨੂੰ ਉਹ ਸਮਝਦਾ ਸੀ ਕਿ ਇਹ ਆਗੂ ਉਸ ਸਮੇਂ ਖਾੜਕੂਆਂ ਦੀਆਂ ਸਰਗਰਮੀਆਂ ਨੂੰ ਨਰਮ ਪਾਉਣ ਲਈ ਉਸ ਦੇ ਸਹਾਈ ਹੋ ਸਕਦੇ ਹਨ। ਸਰਕਾਰ ਨੇ ਉਸ ਤੇ ਅਮਲ ਕਰਦੇ ਹੋਏ, ਉਨ੍ਹਾਂ ਆਗੂਆਂ ਨੂੰ ਫੌਰੀ ਤੌਰ ਤੇ ਰਿਹਾ ਕਰ ਦਿੱਤਾ। ਜਿਵੇਂ ਕਿ ਉਸ ਸਮੇਂ ਦਾਸ (ਲੇਖਕ) ਨਾਲ ਜੇਲ੍ਹ ਵਿੱਚ ਬੀਬੀ ਬਿਮਲ ਕੌਰ ਖਾਲਸਾ ਸਮੇਤ ਇਕੋ ਕੇਸ ਵਿੱਚ ਬੰਦ, ਚਾਰ ਬੰਦੀਆਂ ਵਿੱਚੋਂ ਇਕੱਲੇ ਜਨਰਲ ਨਰਿੰਦਰ ਸਿੰਘ ਨੂੰ, ਰਾਤੋ ਰਾਤ ਰਿਹਾ ਕਰ ਦਿੱਤਾ ਗਿਆ। ਹਾਲਾਂਕਿ ਜਨਰਲ ਨਰਿੰਦਰ ਸਿੰਘ ਸਮੇਤ ਬਹੁਤ ਸਾਰੇ ਇਹ ਆਗੂ ਉਸ ਦੇ ਪਾਪ ਕਰਮਾਂ ਦੇ ਭਾਗੀ ਨਹੀਂ ਬਣੇ। ਸਰਕਾਰੀ ਸਾਕਾ ਨੀਲਾ ਤਾਰਾ ਤੋਂ ਬਾਅਦ ਦੂਸਰਾ ਅਤਿ ਮੰਦਭਾਗਾ ਸਰਕਾਰੀ ਕਹਿਰ ਅਤੇ ਦਰਬਾਰ ਸਾਹਿਬ ਦੀ ਬੇਹੁਰਮਤੀ ਕਰਨ ਵਾਲਾ, ਅਪਰੇਸ਼ਨ ਬਲੈਕ ਥੰਡਰ ਇਸੇ ਦੇ ਸਮੇਂ ਹੋਇਆ, ਜਿਸ ਬਾਰੇ ਬਹੁਤੀਆਂ ਖਾੜਕੂ ਜਥੇਬੰਦੀਆਂ ਦਾ ਇਹ ਵਿਚਾਰ ਸੀ ਕਿ ਇਸ ਵਿੱਚ ਭਾਈ ਜਸਬੀਰ ਸਿੰਘ ਰੋਡੇ ਦੀ ਸਹਿਮਤੀ ਸੀ। ਇਸ ਤੋਂ ਬਾਅਦ ਖਾੜਕੂ ਲਹਿਰ ਹਰ ਦਿਨ ਨਿਘਾਰ ਵੱਲ ਜਾਂਦੀ ਰਹੀ। ਸੱਚ ਦੇ ਤਖ਼ਤ ਦਾ ਅਲੰਬਰਦਾਰ ਬਣਕੇ, ਇਹ ਵੀਹ ਸਾਲ ਇਸ ਵੱਡੇ ਝੂਠ ਦਾ ਭਾਗੀਦਾਰ ਰਿਹਾ ਅਤੇ ਜੋਰਾਂਸ਼ੋਰਾਂ ਨਾਲ ਪ੍ਰਚਾਰਦਾ ਰਿਹਾ, ਕਿ ਭਾਈ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾ ਹਨ।

ਇਥੇ ਇੱਕ ਅੱਖੀਂ ਵੇਖੀ, ਸੁਆਦਲੀ ਗੱਲ ਯਾਦ ਆਉਂਦੀ ਹੈ। ਦਿੱਲੀ ਦਾ ਅਕਾਲੀ ਆਗੂ ਜਥੇਦਾਰ ਹਰਚਰਨ ਸਿੰਘ, ਅਪਰੇਸ਼ਨ ਬਲੈਕ ਥੰਡਰ ਦੇ ਪਖੰਡ ਰੂਪੀ ਰੋਸ ਵਿੱਚ, ਬਾਦਲ ਮੰਡਲੀ ਦੇ ਨਾਲ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਸੀ, ਜਿਥੇ ਦਾਸ (ਲੇਖਕ) ਵੀ 1985 ਤੋਂ ਬੰਦ ਸੀ। ਉਸ ਨੂੰ ਜੇਲ੍ਹ ਵਿੱਚ ਬੈਠੇ ਨੂੰ ਅਕਾਲ-ਤਖ਼ਤ ਸਾਹਿਬ ਦਾ ਜਥੇਦਾਰ ਐਲਾਨ ਦਿੱਤਾ ਗਿਆ। ਪ੍ਰੋ. ਦਰਸ਼ਨ ਸਿੰਘ ਜਿਨ੍ਹਾਂ ਇਸੇ ਸਿਲਸਿਲੇ ਵਿੱਚ ਹੀ ਕੁੱਝ ਰਾਗੀਆਂ ਨਾਲ ਗਿਰਫਤਾਰੀ ਦਿੱਤੀ ਸੀ, ਇਸੇ ਜੇਲ੍ਹ ਵਿੱਚ ਸੀ। ਜੇਲ੍ਹ ਦੇ ਸਾਡੀ ਬੈਰਕ ਵਿੱਚ ਬਣੇ ਛੋਟੇ ਜਿਹੇ ਗੁਰਦੁਆਰੇ ਵਿੱਚ ਹੀ, ਪ੍ਰੋ ਦਰਸ਼ਨ ਸਿੰਘ ਨੇ ਅਰਦਾਸ ਕਰਕੇ ਉਸ ਨੂੰ ਕਿਰਪਾਨ ਭੇਟ ਕੀਤੀ। ਇੱਕ ਦੋ ਦਿਨਾਂ ਬਾਅਦ ਉਹ ਜਥੇਦਾਰ ਸਾਹਿਬ ਸ਼ਾਮ ਨੂੰ ਇਸ਼ਨਾਨ ਕਰਕੇ ਬਾਹਰ ਟਹਿਲਣ ਵਾਸਤੇ ਆ ਗਏ, ਪਰ ਜਿਵੇਂ ਬਹੁਤੇ ਅਕਾਲੀ ਆਗੂਆਂ ਨਾਲ ਹੁੰਦਾ ਹੈ ਕਿ ਉਹ ਕਿਰਪਾਨ ਕੇਵਲ ਲੋਕਾਂ ਨੂੰ ਵਿਖਾਣ ਵਾਸਤੇ ਹੀ ਪਾਉਂਦੇ ਹਨ, ਕਿਰਪਾਨ ਗੁਸਲਖਾਨੇ ਵਿੱਚ ਹੀ ਟੰਗੀ ਰਹਿ ਗਈ। ਜਦੋਂ ਕੁੱਝ ਨੌਜੁਆਨਾਂ ਨੇ ਜਥੇਦਾਰ ਨੂੰ ਬਗੈਰ ਕਿਰਪਾਨ ਘੁੰਮਦੇ ਵੇਖਿਆ, ਤਾਂ ਉਨ੍ਹਾਂ ਰੌਲਾ ਪਾ ਦਿੱਤਾ ਕਿ ਜਥੇਦਾਰ ਅਕਾਲ-ਤਖ਼ਤ ਨੇ ਕਿਰਪਾਨ ਨਹੀਂ ਪਾਈ ਹੋਈ। ਉਹ ਬੜਾ ਸ਼ਰਮਸਾਰ ਹੋਇਆ, ਭੱਜਾ ਗਿਆ ਅਤੇ ਜਾਕੇ ਕਿਰਪਾਨ ਪਾ ਆਇਆ। ਇਹ ਵਿਚਾਰਾ ਜੇਲ੍ਹ ਵਿੱਚ ਹੀ ਜਥੇਦਾਰ ਬਣਿਆ ਅਤੇ ਜੇਲ੍ਹ ਵਿੱਚ ਹੀ ਇਸ ਦੀ ਜਥੇਦਾਰੀ ਮੁਕ ਗਈ, ਇਸ ਨੂੰ ਰਾਜ ਗੱਦੀ ਮਿਲਕੇ ਵੀ ਉਸ ਦੇ ਝੂਟੇ ਨਸੀਬ ਨਹੀਂ ਹੋਏ।

ਭਾਈ ਗੁਰਦੇਵ ਸਿੰਘ ਕਉਂਕੇ ਨੂੰ ਐਕਟਿੰਗ ਜਥੇਦਾਰ ਪ੍ਰਵਾਨ ਕਰਨਾ ਵੀ ਅਕਾਲੀ ਆਗੂਆਂ ਦੀ ਮਜਬੂਰੀ ਹੀ ਸੀ। ਉਹ ਆਪ ਭਾਈ ਕਉਂਕੇ ਨੂੰ ਜਥੇਦਾਰ ਵਜੋਂ ਕਿਤਨੀ ਕੁ ਮਾਨਤਾ ਦੇਂਦੇ ਹਨ, ਇਹ ਇਸ ਗੱਲ ਤੋਂ ਵੀ ਸਪੱਸ਼ਟ ਹੈ ਕਿ ਜਥੇਦਾਰ ਨੂੰ ਸਰਵਉੱਚ ਅਤੇ ਸਰਵ-ਸ਼੍ਰੇਸਟ ਪ੍ਰਚਾਰਨ ਵਾਲੇ ਅਕਾਲੀਆਂ ਨੇ ਆਪਣੀ ਸਰਕਾਰ ਆਉਣ ਤੇ ਵੀ, ਗੁਰਦੇਵ ਸਿੰਘ ਕਉਂਕੇ ਦੇ ਕਾਤਲ ਪੁਲਿਸ ਅਫਸਰਾਂ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ। ਹੋਰ ਤਾਂ ਹੋਰ ਉਸ ਦੇ ਕਤਲ ਬਾਰੇ ਸਚਾਈ ਜਾਨਣ ਲਈ ਬਣਾਈ ਕਮੇਟੀ ਦੀ ਰਿਪੋਰਟ ਵੀ ਅੱਜ ਤੱਕ ਜੱਗ ਜ਼ਾਹਿਰ ਨਹੀਂ ਹੋਣ ਦਿੱਤੀ।

ਜਥੇਦਾਰ ਗੁਰਚਰਨ ਸਿੰਘ ਟੋਹੜਾ ਨੂੰ ਕੌਮ ਨੂੰ ਮੂਰਖ ਬਨਾਉਣ ਦੀ ਚੰਗੀ ਜਾਚ ਸੀ। ਉਹ ਸਮਝਦਾ ਸੀ ਕਿ ਭਾਈ ਰਣਜੀਤ ਸਿੰਘ ਦਾ ਨਾਂ ਨਿਰੰਕਾਰੀ ਗੁਰਬਚਨ ਸਿੰਘ ਦੇ ਕਤਲ ਕੇਸ ਨਾਲ ਜੁੜੇ ਹੋਣ ਕਾਰਨ ਕੌਮ ਵਿੱਚ ਉਸ ਦਾ ਵਾਹਵਾ ਸਤਿਕਾਰ ਅਤੇ ਮਾਨਤਾ ਹੈ, ਅਤੇ ਖਾੜਕੂ ਵੀ ਉਸ ਦੇ ਨਾਂ ਬਾਰੇ ਕਿੰਤੂ ਨਹੀਂ ਕਰ ਸਕਣਗੇ। ਭਾਈ ਰਣਜੀਤ ਸਿੰਘ ਨੂੰ ਵੀ ਜੇਲ੍ਹ ਵਿੱਚ ਬੈਠੇ ਨੂੰ ਹੀ ਜਥੇਦਾਰ ਬਣਾ ਦਿੱਤਾ ਗਿਆ। ਜਥੇਦਾਰ ਟੋਹੜਾ ਨੇ ਇਹ ਵੀ ਪ੍ਰਚਾਰਿਆ ਕਿ ਇਸ ਨਾਲ ਭਾਈ ਰਣਜੀਤ ਸਿੰਘ ਦੀ ਜਾਨ ਬਚਾਉਣ ਅਤੇ ਬੰਦ ਖਲਾਸੀ ਕਰਾਉਣ ਵਿੱਚ ਸਹਾਇਤਾ ਮਿਲੇਗੀ। ਸ਼ਾਇਦ ਇਹ ਗੱਲ ਕੁੱਝ ਹੱਦ ਤੱਕ ਸਹੀ ਵੀ ਸਾਬਤ ਹੋਈ। ਪਰ ਸਾਰਿਆਂ ਤੋਂ ਵੱਡੀ ਗੱਲ ਇਹ ਜਾਪਦੀ ਹੈ, ਕਿ ਜਥੇਦਾਰ ਟੋਹੜਾ ਜਾਣਦਾ ਸੀ ਕਿ ਭਾਈ ਰਣਜੀਤ ਸਿੰਘ ਦੇ ਭਾਈ ਜਰਨੈਲ ਸਿੰਘ ਭਿੰਡਰਾਂਵਾਲੇ ਨਾਲ ਆਪਣੇ ਸਮੇਂ ਸਬੰਧ ਸੁਖਾਵੇਂ ਨਹੀਂ ਸਨ। ਉਹ ਉਸ ਨੂੰ ਵਰਤ ਕੇ ਟਕਸਾਲੀਆਂ ਦੇ ਪ੍ਰਭਾਵ ਨੂੰ ਘਟਾਉਣਾ ਚਾਹੁੰਦਾ ਸੀ। ਭਾਈ ਰਣਜੀਤ ਸਿੰਘ ਦੇ ਜੇਲ੍ਹ ਵਿੱਚ ਹੋਣ ਕਾਰਨ, ਮਨਜੀਤ ਸਿੰਘ ਨੂੰ ਕੇਸਗੜ੍ਹ ਸਾਹਿਬ ਤੋਂ ਬਦਲ ਕੇ ਅਕਾਲ ਤਖ਼ਤ ਸਾਹਿਬ ਦਾ ਡੰਗ-ਟਪਾਊ ਜਥੇਦਾਰ ਲਾ ਦਿੱਤਾ ਗਿਆ। ਇਸ ਨੇ ਆਪਣੀ ਜਥੇਦਾਰੀ ਦੇ ਨਸ਼ੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨੂੰ ਅਕਾਲ ਤਖ਼ਤ ਸਾਹਿਬ ਤੇ ਸੱਦਣ ਦੀ ਜੁਰਅੱਤ ਕਰ ਲਈ। ਇਸ ਤੋਂ ਖਫ਼ਾ ਹੋਕੇ ਪ੍ਰਕਾਸ਼ ਸਿੰਘ ਬਾਦਲ ਦੇ ਚਮਚਿਆਂ ਨੇ ਅਕਾਲ ਤਖ਼ਤ ਸਾਹਿਬ ਤੇ ਹਮਲਾ ਬੋਲ ਦਿੱਤਾ। ਗੰਦੀਆਂ ਗਾਲ੍ਹਾਂ ਕਢੀਆਂ, ਹੁੜਦੰਗ ਮਚਾਇਆ। ਮਨਜੀਤ ਸਿੰਘ ਨੇ ਇੱਕ ਕਮਰੇ ਵਿੱਚ ਲੁੱਕ ਕੇ ਅੰਦਰੋਂ ਕੁੰਡੀ ਲਾਕੇ ਆਪਣੀ ਜਾਨ ਬਚਾਈ। ਉਸ ਬੰਦ ਕਮਰੇ ਦੇ ਦਰਵਾਜ਼ੇ ਤੇ ਵੀ ਠੋਕਰਾਂ, ਠੁੱਡੇ ਮਾਰੇ ਗਏ। ਭਾਈ ਰਣਜੀਤ ਸਿੰਘ ਦੇ ਜੇਲੋਂ ਛੁੱਟਣ ਤੋਂ ਬਾਅਦ ਇਸ ਨੂੰ ਵਾਪਸ ਕੇਸਗੜ੍ਹ ਸਾਹਿਬ ਭੇਜ ਦਿੱਤਾ ਗਿਆ। ਮਨਜੀਤ ਸਿੰਘ ਜਥੇਦਾਰ ਦੇ ਅਹੁਦੇ ਨੂੰ ਕਿਸ ਨਿਵਾਣ ਤੱਕ ਲੈ ਗਿਆ, ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਜਦੋਂ ਸ਼੍ਰੋਮਣੀ ਖਾਲਸਾ ਪੰਚਾਇਤ ਦੀ ਐਜੀਟੇਸ਼ਨ ਕਾਰਣ 22 ਫਰਵਰੀ 2003 ਨੂੰ, ਇਸ ਨੂੰ ਜਥੇਦਾਰ ਦੇ ਅਹੁਦੇ ਤੋਂ ਉਤਾਰਿਆ ਗਿਆ, ਤਾਂ ਉਸ ਸਮੇਂ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ, ਅਹੁਦੇ ਤੋਂ ਬਰਖਾਸਤ ਕਰਨ ਦੇ ਕਾਰਣ ਦਸਦਿਆਂ, ਇਹ ਆਖਿਆ, ਕਿ ਮਨਜੀਤ ਸਿੰਘ ਦੇ ਆਚਰਣ ਬਾਰੇ ਗੱਲ ਕਰਦਿਆਂ ਵੀ ਸ਼ਰਮ ਆਉਂਦੀ ਹੈ।

ਜਦੋਂ ਕਿ ਗੁਰਬਾਣੀ, “ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ ॥“ (ਸਲੋਕੁ ਮਃ 1, ਪੰਨਾ 470), ਜਿਹੇ ਅਨਮੋਲ ਗੁਣ ਦ੍ਰਿੜ ਕਰਾੳਂਦੀ ਹੈ, ਭਾਈ ਰਣਜੀਤ ਸਿੰਘ ਦਾ ਜਥੇਦਾਰ ਬਣਨ ਤੋਂ ਬਾਅਦ ਰਵੱਈਆ ਇਤਨਾ ਕੁਰੱਖਤ ਸੀ ਕਿ ਇਹ ਸਾਰੀ ਕੌਮ ਵਿੱਚ ਚਰਚਾ ਦਾ ਵਿਸ਼ਾ ਬਣਿਆ ਰਿਹਾ। ਇਥੋਂ ਤੱਕ ਕਿ ਇੱਕ ਵਾਰੀ ਇਸ ਨੇ ਅਕਾਲ ਤਖ਼ਤ ਸਾਹਿਬ ਤੇ ਹੋ ਰਹੀ ਇੱਕ ਮੀਟਿੰਗ ਵਿੱਚ, ਇੱਕ ਉੱਘੇ ਕੌਮੀ ਵਿਦਵਾਨ ਦੀ ਬਾਂਹ ਮਰੋੜ ਦਿੱਤੀ। ਜਥੇਦਾਰ ਬਨਾਉਣ ਬਦਲੇ, ਜਥੇਦਾਰ ਗੁਰਚਰਨ ਸਿੰਘ ਟੋਹੜਾ ਦਾ ਅਹਿਸਾਨ ਚੁਕਾਉਣ ਲਈ, ਸਾਰੇ ਤੱਥ ਅਖੋਂ ਪਰੋਖੇ ਕਰਕੇ, ਉਸ ਨੂੰ ਨਿਰੰਕਾਰੀ ਕੇਸ ਵਿੱਚੋਂ ਬਰੀ ਕਰ ਦਿੱਤਾ। ਗੁਰਮਤਿ ਸਿਧਾਂਤਾਂ ਨੂੰ ਵਿਚਾਰੇ ਬਗੈਰ ਅਤੇ ਪਹਿਲਾਂ ਹੋਏ ਪੰਥਕ ਫੈਸਲੇ ਵਿਰੁਧ, ਵਿਦੇਸ਼ੀ ਸਿੱਖਾਂ ਵਾਸਤੇ, ਕੇਵਲ ਭੁੰਜੇ ਬੈਠ ਕੇ ਲੰਗਰ ਛੱਕਣ ਦਾ ਵਿਵਾਦਮਈ ਹੁਕਮਨਾਮਾ ਜਾਰੀ ਕੀਤਾ। ਸਮੂਹਿਕ ਤੌਰ ਤੇ ਇਸ ਨੇ ਆਪਣੇ ਕਾਰਜਕਾਲ ਵਿੱਚ ਹੁਕਮਨਾਮਿਆਂ ਦੀ ਝੜੀ ਲਾ ਦਿੱਤੀ। ਜਥੇਦਾਰ ਬਣ ਕੇ ਭਾਈ ਰਣਜੀਤ ਸਿੰਘ ਨੇ ਨਿੱਜੀ ਤੌਰ ਤੇ ਕੀ ਖੱਟਿਆ, ਕੀ ਗੁਆਇਆ? ਇਹ ਤਾਂ ਪਤਾ ਨਹੀਂ, ਪਰ ਉਸ ਦੀ ਕੁਰਬਾਨੀ ਕਾਰਨ ਕੌਮ ਵਿੱਚ ਬਣਿਆ ਉਸ ਦਾ ਸਤਿਕਾਰ, ਬਹੁਤ ਘੱਟ ਗਿਆ ਅਤੇ 1999 ਵਿੱਚ ਖਾਲਸਾ ਸਾਜਨਾ ਦਿਵਸ ਦੀ ਤੀਸਰੀ ਸ਼ਤਾਬਦੀ ਤੋਂ ਪਹਿਲਾਂ, ਪ੍ਰਕਾਸ਼ ਸਿੰਘ ਬਾਦਲ ਦੇ ਮੁਕਾਬਲੇ ਗੁਰਚਰਨ ਸਿੰਘ ਟੋਹੜਾ ਦਾ ਪੱਖ ਪੂਰਨ ਕਾਰਣ ਇਸ ਨੂੰ ਅਪਮਾਨਿਤ ਕਰਕੇ ਜਥੇਦਾਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ।

ਇੱਕ ਵਾਰ ਫੇਰ ਗ੍ਰੰਥੀਆਂ ਦਾ ਦੌਰ ਸ਼ੁਰੂ ਹੋ ਗਿਆ। ਕਾਹਲੀ ਕਾਹਲੀ ਵਿੱਚ ਗਿਆਨੀ ਪੂਰਨ ਸਿੰਘ ਨੂੰ ਦਰਬਾਰ ਸਾਹਿਬ ਦੇ ਗ੍ਰੰਥੀ ਤੋਂ ਚੁਕ ਕੇ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਲਾ ਦਿੱਤਾ ਗਿਆ। ਗਿਆਨੀ ਪੂਰਨ ਸਿੰਘ ਨੇ ਸਮਝਿਆ ਕੇ ਜਿਵੇਂ ਆਮ ਸਿੱਖਾਂ ਵਿੱਚ ਪ੍ਰਚਾਰਿਆ ਜਾਂਦਾ ਹੈ, ਕਿ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਸਰਵਉੱਚ ਹੈ, ਉਹ ਸੱਚਮੁੱਚ ਹੀ ਸਰਵਉੱਚ ਬਣ ਗਿਆ ਹੈ। ਉਸ ਨੇ ਦਿਨਾਂ ਵਿੱਚ ਹੀ ਆਪਣੀ ਸਰਵਉੱਚਤਾ ਦੇ ਸਿੱਕੇ ਜਮਾਂਉਣੇ ਸ਼ੁਰੂ ਕਰ ਦਿੱਤੇ। ਹੋਰ ਤਾਂ ਹੋਰ ਆਪਣੇ ਸਾਥੀ ਜਥੇਦਾਰਾਂ ਨੂੰ ਵੀ ਨਹੀਂ ਬਖਸ਼ਿਆ। ਹੱਦ ਤਾਂ ਉਦੋਂ ਹੋ ਗਈ, ਜਦੋਂ ਉਸ ਨੇ ਆਰ. ਐਸ. ਐਸ. ਦੇ ਕੇਂਦਰ, ਗੁਣਾ ਤੋਂ, ਉਥੋਂ ਦੇ ਕੂਝ ਗ੍ਰੰਥੀਆਂ ਨੂੰ ਨਾਲ ਮਿਲਾਕੇ, ਫੈਕਸ ਰਾਹੀਂ ਇੱਕ ਹੁਕਮਨਾਮਾ ਜਾਰੀ ਕਰ ਕੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਸਮੇਤ, ਸ਼੍ਰੋਮਣੀ ਕਮੇਟੀ ਦੇ ਉਚ ਅਹੁਦੇਦਾਰਾਂ ਨੂੰ ਹੀ ਪੰਥ ਵਿੱਚੋਂ ਛੇਕ ਦਿੱਤਾ। ਗਿਆਨੀ ਪੂਰਨ ਸਿੰਘ ਨੂੰ ਆਪਣੀ ਅਸਲੀ ਔਕਾਤ ਦਾ ਉਸ ਵੇਲੇ ਪਤਾ ਲੱਗਾ, ਜਦੋਂ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਨੇ, ਉਸ ਨੂੰ ਹੀ ਬਾਹਰ ਦਾ ਰਾਹ ਵਿਖਾ ਦਿੱਤਾ।

ਵੈਸੇ ਤਾਂ ਕਿਸੇ ਵੀ ਅਖੌਤੀ ਜਥੇਦਾਰ ਨੇ ਅਕਾਲ ਤਖ਼ਤ ਸਾਹਿਬ ਦੇ ਸਿਧਾਂਤਾਂ ਨਾਲ ਖਿਲਵਾੜ ਕਰਨ ਅਤੇ ਇਸ ਮਹਾਨ ਸੰਸਥਾ ਦਾ ਨਿਰਾਦਰ ਦਾ ਕਾਰਨ ਬਨਣ ਵਿੱਚ ਕੋਈ ਕਸਰ ਨਹੀਂ ਛੱਡੀ, ਪਰ ਜੋਗਿੰਦਰ ਸਿੰਘ ਵੇਦਾਂਤੀ ਦੇ ਸਮੇਂ ਦਾ ਵੇਰਵਾ ਤਾਂ ਇਤਿਹਾਸ ਵਿੱਚ ਕੋਲੇ ਨਾਲ ਲਿਖਿਆ ਜਾਵੇਗਾ। ਪਹਿਲਾਂ ਤਾਂ ਇਹੀ ਅਤਿ ਦੁਖਦਾਇਕ ਗੱਲ ਹੈ ਕਿ ਗੁਰਮਤਿ ਸਿਧਾਂਤਾਂ ਦੇ ਬਿਲਕੁਲ ਉਲਟ, ਬਿਪਰਵਾਦੀ ਸੋਚ ਦੇ ਲਖਾਇਕ ਵੇਦਾਂਤੀ ਨੂੰ, ਅਕਾਲ ਤਖ਼ਤ ਸਾਹਿਬ ਦਾ ਅਖੌਤੀ ਜਥੇਦਾਰ ਲਾਇਆ ਗਿਆ। ਲੰਬੇ ਸਮੇਂ ਤੋਂ ਇਹ ਪ੍ਰਚਾਰਿਆ ਜਾਂਦਾ ਰਿਹਾ ਹੈ, ਕਿ ਇਨ੍ਹਾਂ ਜਥੇਦਾਰਾਂ ਦੁਆਰਾ ਜਾਰੀ ਕੀਤੇ ਹੁਕਮਨਾਮੇ ਰੱਦ ਨਹੀਂ ਕੀਤੇ ਜਾ ਸਕਦੇ। ਜੋਗਿੰਦਰ ਸਿੰਘ ਵੇਦਾਂਤੀ ਨੇ ਜਥੇਦਾਰ ਬਣਦੇ ਹੀ ਪਹਿਲਾ ਕੰਮ ਇਹ ਕੀਤਾ ਕਿ ਪੂਰਨ ਸਿੰਘ ਦੁਆਰਾ ਜਾਰੀ ਕੀਤੇ ਹੁਕਮਨਾਮੇ ਰੱਦ ਕੀਤੇ। ਇਹ ਉਹ ਦੌਰ ਹੈ ਜਦੋਂ ਮਹਾਨ ਜਥੇਦਾਰ ਸਾਹਿਬ ਉਤੇ ਛੋਟੀਆਂ ਛੋਟੀਆਂ ਗੱਲਾਂ ਪਿੱਛੇ, ਛੋਟੀਆਂ ਛੋਟੀਆਂ ਰਕਮਾਂ ਤੋਂ ਲੈਕੇ ਵੱਡੀਆਂ ਵੱਡੀਆਂ ਰਿਸ਼ਵਤਾਂ ਲੈਣ ਦੀਆਂ ਤੋਹਮਤਾਂ ਲਗੀਆਂ। ਇੱਕ ਪਖੰਡੀ ਸਾਧ ਧਨਵੰਤ ਸਿੰਘ ਜਿਸਨੇ ਆਪਣੇ ਹੀ ਇੱਕ ਸੇਵਕ ਦੀ ਨਾਬਾਲਿਗ ਲੜਕੀ ਦੀ ਇਜ਼ਤ ਲੁੱਟ ਲਈ ਸੀ, ਨੂੰ ਅਕਾਲ ਤਖਤ ਤੋਂ ਇੱਜ਼ਤ ਲੁੱਟਣ ਦੇ ਕੇਸ ਵਿੱਚੋਂ ਬਰੀ ਕਰ ਦਿੱਤਾ। ਜਦੋਂ ਇਹ ਕੇਸ ਪੁਲੀਸ ਕੋਲ ਗਿਆ ਤਾਂ ਉਸ ਸਾਧ ਨੇ ਪੁਲੀਸ ਦੀ ਪੁੱਛ-ਗਿੱਛ ਦੌਰਾਨ, ਜਿੱਥੇ ਹੋਰ ਕਈ ਬੀਬੀਆਂ ਦੀ ਪੱਤ ਲੁਟਣ ਦੀ ਗੱਲ ਮੰਨੀ, ਉੱਥੇ ਇਹ ਵੀ ਮੰਨਿਆਂ ਕਿ ਉਸ ਨੇ ਜਥੇਦਾਰ ਨੂੰ, ਇਸ ਇਜ਼ੱਤ ਲੁੱਟਣ ਦੇ ਕੇਸ ਨੂੰ ਰਫਾ-ਦਫਾ ਕਰਨ ਲਈ, ਉਸ ਦੇ ਪੀ. ਏ. ਪ੍ਰਿਥੀਪਾਲ ਸਿੰਘ ਜੋ ਵੇਦਾਂਤੀ ਦਾ ਸਾਲਾ ਹੀ ਸੀ, ਰਾਹੀਂ 70 ਹਜ਼ਾਰ ਰੁਪਏ ਰਿਸ਼ਵਤ ਦਿੱਤੀ। (ਟਾਈਮਜ਼ ਆਫ ਇੰਡੀਆ, ਮਿਤੀ 2 ਸਤੰਬਰ 2002) ਜਿਸ ਸਾਧ ਨੂੰ ਇਸ ਨੇ ਅਕਾਲ ਤਖ਼ਤ ਸਾਹਿਬ ਤੋਂ ਬਰੀ ਕੀਤਾ ਸੀ, ਦੁਨਿਆਵੀ ਅਦਾਲਤ ਵਿੱਚ ਉਸ ਨੂੰ ਦੱਸ ਸਾਲ ਦੀ ਕੈਦ ਦੀ ਸਜ਼ਾ ਹੋਈ। ਇਸ ਦੇ ਸਾਲੇ ਪੀ. ਏ. ਦੇ ਕਈ ਦੁਸ਼ਕਰਮ ਨੰਗੇ ਹੋਣ ਕਾਰਨ ਸ਼੍ਰੋਮਣੀ ਕਮੇਟੀ ਨੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ। ਪਰ ਕਿਉਂਕਿ ਉਸ ਨਾਲ, ਇਸ ਜਥੇਦਾਰ ਸਾਹਿਬ ਦੀ ਪਾਪ ਕਰਮਾਂ ਵਿੱਚ ਭਾਗੀਦਾਰੀ ਦੀ, ਪੂਰੀ ਸੁਰ ਮਿਲੀ ਹੋਈ ਸੀ, ਅਨ-ਅਧਿਕਾਰਤ ਤਰੀਕੇ ਨਾਲ ਉਹ ਇਸ ਦੇ ਪੀ. ਏ. ਦੀ ਡਿਊਟੀ ਨਿਭਾਂਉਂਦਾ ਰਿਹਾ। ‘ਗੁਰਬਿਲਾਸ ਪਾ: 6`, ਨਾਂ ਦੀ ਇੱਕ ਸਾਕਤੀ ਕਿਤਾਬ, ਇੱਕ ਸ਼ਰਾਰਤ ਅਧੀਨ, ਜਿਸ ਦੇ ਲੇਖਕ ਦਾ ਕੋਈ ਨਾਂ ਨਹੀਂ ਛਾਪਿਆ ਗਿਆ ਅਤੇ ਜਿਸ ਵਿੱਚ ਬੜੇ ਭਾਵੁਕ ਅਤੇ ਮਿੱਠੇ ਸ਼ਬਦ ਵਰਤ ਕੇ ਗੁਰੂ ਸਾਹਿਬਾਨ ਦੀ ਭਰਪੂਰ ਨਿੰਦਾ ਤੇ ਬੇਅਦਬੀ ਕੀਤੀ ਗਈ ਹੈ ਅਤੇ ਸਿੱਖ ਕੌਮ ਨੂੰ ਬ੍ਰਾਹਮਣੀ ਰੰਗ ਵਿੱਚ ਰੰਗਣ, ਸਿੱਖ ਸੰਸਥਾਵਾਂ ਤੇ ਮਰਿਯਾਦਾ ਬਾਰੇ ਕਈ ਤਰ੍ਹਾਂ ਦੇ ਭੁਲੇਖੇ ਖੜੇ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਇੱਕ ਸਾਜਸ਼ ਅਧੀਨ ਸਿੱਖ ਕੌਮ ਵਿੱਚ ਵਾੜ ਦਿੱਤੀ ਗਈ ਸੀ। ਸਿੱਖ ਵਿਦਵਾਨਾਂ ਨੇ ਇਸ ਦੀ ਪਹਿਚਾਣ ਕਰਕੇ ਇਸ ਗੰਦ ਨੂੰ ਕੌਮ ਦੇ ਵਿਹੜੇ `ਚੋਂ ਹੂੰਝ ਕੇ ਬਾਹਰ ਸੁੱਟ ਦਿੱਤਾ ਸੀ। ਵੇਦਾਂਤੀਂ ਜੀ ਨੇ ਉਸ ਕਿਤਾਬ ਦਾ ਮੁੜ ਸੰਪਾਦਨ ਕਰਕੇ, ਆਪਣਾ ਪ੍ਰਭਾਵ ਵਰਤ ਕੇ ਇਸ ਨੂੰ ਸ਼੍ਰੋਮਣੀ ਕਮੇਟੀ ਰਾਹੀਂ ਛਪਵਾਕੇ, ਇਸ ਨੂੰ ਫਿਰ ਸਿੱਖ ਕੌਮ ਵਿੱਚ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਇਥੋਂ ਤੱਕ ਕੁਫਰ ਤੋਲਿਆ ਕਿ ਇਸ ਕਿਤਾਬ ਦੀ ਕਥਾ ਗੁਰਦੁਆਰਿਆਂ ਵਿੱਚ ਹੋਣੀ ਚਾਹੀਦੀ ਹੈ। ਵੇਦਾਂ ਦੇ ਗਿਆਤਾ (?) ਵੇਦਾਂਤੀ ਜੀ ਕੋਲੋਂ ਹੋਰ ਆਸ ਵੀ ਕੀ ਕੀਤੀ ਜਾ ਸਕਦੀ ਹੈ? ਇਨ੍ਹਾਂ ਅਖੌਤੀ ਸਿੰਘ ਸਾਹਿਬ ਦੀ ਬੇਸ਼ਰਮੀ ਦੀ ਇਹ ਹੱਦ ਸੀ, ਕਿ ਕੌਮ ਵਿੱਚੋਂ ਭਰਪੂਰ ਰੋਸ ਉਠਣ ਅਤੇ ਅਨਗਿਣਤ ਲਾਹਨਤਾਂ ਪੈਣ ਦੇ ਬਾਵਜੂਦ ਵੀ, ਇਹ ਆਪਣੇ ਅਹੁਦੇ ਨਾਲ ਚਿਪਕੇ ਰਹੇ। ਅਕਾਲੀ ਆਗੂ ਵੀ ਇਹ ਸਮਝਦੇ ਸਨ, ਕਿ ਉਨ੍ਹਾਂ ਨੂੰ ਇਸ ਤੋਂ ਵਧੇਰੇ ਘਟੀਆ, ਸੁਆਰਥੀ ਅਤੇ ਜੀ ਹਜ਼ੂਰੀਆ ਵਿਅਕਤੀ ਹੋਰ ਨਹੀਂ ਮਿਲ ਸਕਦਾ, ਇਸ ਲਈ ਉਹ ਸਦਾ ਉਸ ਦਾ ਪੱਖ ਪੂਰਦੇ ਅਤੇ ਉਸ ਦੇ ਬਚਾ ਤੇ ਆਉਂਦੇ ਰਹੇ। ਜਿਉਂ ਹੀ ਜੋਗਿੰਦਰ ਸਿੰਘ ਵੇਦਾਂਤੀ ਨੇ ਥੋੜ੍ਹੇ ਜਿਹੇ ਪਰ ਫੜਫੜਾਉੇਣ ਦੀ ਕੋਸ਼ਿਸ਼ ਕੀਤੀ, ਰਾਤੋ ਰਾਤ ਉਸ ਦੇ ਪਰ ਕੁਤਰ ਕੇ, ਉਸ ਨੂੰ ਘਰ ਬਿਠਾ ਦਿੱਤਾ ਗਿਆ।

ਜਾਪਦਾ ਹੈ ਕਿ ਗਿਆਨੀ ਗੁਰਬਚਨ ਸਿੰਘ ਨੇ ਆਪਣੇ ਕੁੜਮ ਦੀ ਦੁਰਗਤਿ ਤੋਂ ਇਹ ਸਿੱਖਣ ਦੀ ਬਜਾਏ, ਕਿ ਮੈਂ ਕੋਲਿਆਂ ਦੀ ਖਾਣ ਵਿੱਚ ਨਾ ਵੜਾਂ, ਜਿਤਨੇ ਦਿਨ ਰਾਜ ਗੱਦੀ ਦੇ ਝੂਟੇ ਮਿਲਦੇ ਹਨ, ਮਾਣ ਲੈਣ ਦਾ ਮਨ ਬਣਾਇਆ ਹੈ। ਸਿੱਖ ਕੌਮ ਵਿੱਚ ਲੰਬੇ ਸਮੇਂ ਤੋਂ ਨਾਨਕਸ਼ਾਹੀ ਕੈਲੰਡਰ ਦੀ ਮੰਗ ਚਲਦੀ ਆ ਰਹੀ ਸੀ, ਅਤੇ ਸੰਨ 2003 ਵਿੱਚ ਉਸ ਨੂੰ ਲੰਗੜੇ ਰੂਪ ਵਿੱਚ ਲਾਗੂ ਕਰ ਦਿੱਤਾ ਗਿਆ ਸੀ। ਲੰਗੜੇ ਰੂਪ ਵਿੱਚ ਇਸ ਲਈ ਕਿਉਂਕਿ ਇਸ ਵਿੱਚ ਗੁਰਮਤਿ ਵਿਰੋਧੀ ਅਤੇ ਬ੍ਰਾਹਮਣਵਾਦੀ ਸੋਚ ਦੀਆਂ ਪ੍ਰਤੀਕ ਸੰਗ੍ਰਾਂਦ, ਮੱਸਿਆ, ਪੂਰਨਮਾਸ਼ੀ ਆਦਿ ਨੂੰ ਬਿਕ੍ਰਮੀ ਕੈਲੰਡਰ ਵਾਂਗ ਹੀ ਮਾਨਤਾ ਦੇ ਦਿੱਤੀ ਗਈ ਅਤੇ ਸਾਰੇ ਪੁਰਬਾਂ ਦੀਆਂ ਤਰੀਕਾਂ ਵੀ ਸਿੱਖ ਇਤਿਹਾਸ ਅਨੁਸਾਰ ਨਹੀਂ ਮਿਥੀਆਂ ਗਈਆਂ। ਸਿੱਖ ਕੌਮ ਨੇ ਸ਼ੁਕਰ ਮਨਾਇਆ ਕਿ ਚਲੋ ਨਾਨਕ ਸ਼ਾਹੀ ਕੈਲੰਡਰ ਹੋਂਦ ਵਿੱਚ ਤਾਂ ਅਇਆ ਹੈ, ਅਗੋਂ ਜ਼ੋਰ ਪਾਕੇ ਸੋਧਾਂ ਵੀ ਕਰਾ ਲਈਆਂ ਜਾਣਗੀਆਂ। ਜਦ ਕਿ ਲੋੜ ਤਾਂ ਇਹ ਸੀ ਕਿ ਇੱਕ ਯੋਗ ਵਿਦਵਾਨਾਂ ਦੀ ਕਮੇਟੀ ਬਣਾ ਕੇ ਇਸ ਕੈਲੰਡਰ ਨੂੰ ਪੂਰੀ ਤਰ੍ਹਾਂ ਗੁਰਮਤਿ ਤੇ ਅਧਾਰਤ, ਖਾਲਸਾਈ ਰੰਗ ਵਿੱਚ ਰੰਗਿਆ ਜਾਂਦਾ, ਆਉਂਦਿਆਂ ਹੀ ਗੁਰਬਚਨ ਸਿੰਘ ਨੇ, ਸੰਪਰਦਾਈ ਸੋਚ ਦੇ ਡੇਰੇਦਾਰ, ਜਿਨ੍ਹਾਂ ਦੀ ਅੱਜਕਲ ਬਾਦਲ ਦਲ ਨਾਲ ਵਿਸ਼ੇਸ਼ ਨੇੜਤਾ ਹੈ ਅਤੇ ਗੁਰਬਚਨ ਸਿੰਘ ਆਪ ਵੀ ਉਨ੍ਹਾਂ ਵਿੱਚੋਂ ਹੀ ਆਇਆ ਹੈ, ਨੂੰ ਖੁਸ਼ ਕਰਨ ਲਈ, ਇਸ ਨੂੰ ਸੋਧਣ ਦੇ ਨਾਂ ਤੇ, ਉਸ ਨਾਨਕਸ਼ਾਹੀ ਕੈਲੰਡਰ ਦਾ ਪੂਰੀ ਤਰ੍ਹਾਂ ਕਤਲ ਕਰ ਕੇ ਕੌਮ ਨੂੰ ਮੁੜ ਬਿਪਰਵਾਦੀ ਬਿਕਰਮੀ ਕਲੰਡਰ ਦਾ ਗ਼ੁਲਾਮ ਬਣਾ ਦਿੱਤਾ ਹੈ। ਕੌਮ ਨੂੰ ਗੁਮਰਾਹ ਕਰਨ ਲਈ ਨਾਂ ਭਾਵੇਂ ਅਜੇ ਵੀ ਨਾਨਕਸ਼ਾਹੀ ਕੈਲੰਡਰ ਹੈ।

ਪਹਿਲੇ ਅਖੌਤੀ ਜਥੇਦਾਰਾਂ ਵਲੋਂ ਇਹ ਪ੍ਰਚਾਰਿਆ ਜਾਂਦਾ ਰਿਹਾ ਹੈ ਕਿ ਕਿਸੇ ਮੌਜੂਦਾ ਯਾ ਸਾਬਕਾ ਜਥੇਦਾਰ ਨੂੰ ਤਖ਼ਤ ਸਾਹਿਬ ਤੇ ਨਹੀਂ ਸਦਿਆ ਜਾ ਸਕਦਾ। ਦੂਸਰਾ ਮਹਾਨ ਕਾਰਜ ਜੋ ਇਨ੍ਹਾਂ ਕੀਤਾ ਹੈ, ਉਹ ਹੈ, ਪ੍ਰੋ. ਦਰਸ਼ਨ ਸਿੰਘ ਨੂੰ ਪੰਥ ਵਿੱਚੋਂ ਛੇਕਣਾ। ਪ੍ਰੋ. ਦਰਸ਼ਨ ਸਿੰਘ ਨੇ ਆਪਣੇ ਕੀਰਤਨ ਅਤੇ ਗੁਰਬਾਣੀ ਦੀ ਸਹੀ ਵਿਆਖਿਆ ਦੁਆਰਾ ਗੁਰਮਤਿ ਪ੍ਰਚਾਰ ਵਿੱਚ ਜੋ ਅਹਿਮ ਯੋਗਦਾਨ ਪਾਇਆ ਹੈ, ਉਸ ਤੋਂ ਦੁਨੀਆਂ ਦਾ ਕੋਈ ਸਿੱਖ ਅਨਜਾਣ ਨਹੀਂ। ਵਿਸ਼ੇਸ਼ ਕਰ ਕੇ ਜੂਨ 1984 ਵਿੱਚ ਭਾਰਤੀ ਫੌਜ ਦੇ ਦਰਬਾਰ ਸਾਹਿਬ, ਅਕਾਲ ਤਖ਼ਤ ਸਾਹਿਬ ਅਤੇ ਹੋਰ 36 ਗੁਰਧਾਮਾਂ ਤੇ ਹੋਏ ਹਮਲੇ ਤੋਂ ਬਾਅਦ, ਉਨ੍ਹਾਂ ਸਾਹ-ਸੱਤ ਹੀਣ ਹੋਈ ਕੌਮ ਅੰਦਰ ਇੱਕ ਨਵੀਂ ਰੂਹ ਫੂਕਣ ਲਈ ਜੋ ਵਿਸ਼ੇਸ਼ ਯੋਗਦਾਨ ਪਾਇਆ, ਉਸ ਵਾਸਤੇ ਉਹ ਕੌਮ ਵਲੋਂ ਕਿਸੇ ਵਿਸ਼ੇਸ਼ ਸਨਮਾਨ ਦੇ ਹੱਕਦਾਰ ਹਨ, ਸੋ ਉਨ੍ਹਾਂ ਨੂੰ ਪੰਥ ਵਿੱਚੋਂ ਛੇਕ ਕੇ ‘ਸਨਮਾਨਣ` ਦਾ ਇਹ ਮਹਾਨ ਕਾਰਜ ਅਕ੍ਰਿਤਘਣ ਗਿਆਨੀ ਗੁਰਬਚਨ ਸਿੰਘ ਨੇ ਕੀਤਾ ਹੈ। ਅਸਲ ਵਿੱਚ ਇਹ ਕੁੱਝ ਡੇਰੇਦਾਰ, ਜਿਨ੍ਹਾਂ ਦੀ ਅੱਜ-ਕੱਲ ਬਾਦਲ ਦਲ ਨਾਲ ਮਿਲੀ ਭੁਗਤ ਚਲ ਰਹੀ ਹੈ, ਦੀ ਸ਼ਹਿ ਤੇ ਪ੍ਰੋ. ਦਰਸ਼ਨ ਸਿੰਘ ਵਲੋਂ, ਜੋ ਬਚਿਤ੍ਰ ਨਾਟਕ (ਅਖੌਤੀ ਦਸਮ ਗ੍ਰੰਥ) ਬਾਰੇ, ਸਿੱਖ ਸੰਗਤਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਚੱਲ ਰਹੀ ਹੈ, ਉਸ ਨੂੰ ਬੰਦ ਕਰਾਉਣਾ ਚਾਹੁੰਦੇ ਸਨ ਅਤੇ ਨਾਲ ਹੀ ਪ੍ਰਕਾਸ਼ ਸਿੰਘ ਬਾਦਲ ਦੇ ਸਿਆਸੀ ਵਿਰੋਧੀ ਪਰਮਜੀਤ ਸਿੰਘ ਸਰਨਾ ਨੂੰ ਮਾਤ ਦੇਣਾ ਚਾਹੁੰਦੇ ਸਨ। ਪਰ ਜਿਵੇਂ ਪ੍ਰੋ. ਗੁਰਮੁਖ ਸਿੰਘ ਨੂੰ, ਉਸ ਸਮੇਂ ਦੇ ਪੁਜਾਰੀਆਂ ਵਲੋਂ ਪੰਥ ਚੋਂ ਛੇਕਣ ਦਾ ਕੋਈ ਅਸਰ ਨਹੀਂ ਸੀ ਹੋਇਆ, ਇਸੇ ਤਰ੍ਹਾਂ ਬਹੁਗਿਣਤੀ ਸਿੱਖਾਂ ਨੇ, ਇਨ੍ਹਾਂ ਦੇ ਇਸ ਅਖੌਤੀ ਹੁਕਮਨਾਮੇ (ਕੂੜਨਾਮੇ) ਦੀ ਉੱਕਾ ਹੀ ਕੋਈ ਪਰਵਾਹ ਨਹੀਂ ਕੀਤੀ। ਇਸ ਜਥੇਦਾਰ ਸਾਹਿਬ ਦੇ ਐਸੇ ਗੈਰ ਸਿਧਾਂਤਕ, ਪੱਖਪਾਤੀ, ਸੁਆਰਥੀ ਅਤੇ ਈਰਖਾ ਨਾਲ ਭਰੇ ਫੈਸਲਿਆਂ ਨੇ ਅੱਜ ਕੌਮ ਅੰਦਰ, ਪਾੜ ਪਾਉਣ ਵਾਲੀਆਂ ਲਕੀਰਾਂ ਖਿੱਚ ਦਿਤੀਆਂ ਹਨ। ਇਸ ਸਮੇਂ ਉਹ ਹਰ ਜਾਇਜ਼, ਨਾਜਾਇਜ਼, ਪੰਥ ਮਾਰੂ ਹੁਕਮ ਮੰਨ ਕੇ ਵੀ, ਆਪਣੇ ਆਕਾਵਾਂ ਦੀ ਖ਼ੁਸ਼ੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਵੇਖੋ ਬਕਰੇ ਦੀ ਮਾਂ ਕਿਤਨੇ ਦਿਨ ਖੈਰ ਮਨਾਉਂਦੀ ਹੈ?

ਕੋਈ ਦੁਨਿਆਵੀ ਅਦਾਲਤ ਹੋਵੇ, ਵੱਡੀ ਜਾਂ ਛੋਟੀ, ਜੇ ਉਸ ਅਗੇ ਕੋਈ ਐਸਾ ਤਕਨੀਕੀ ਕੇਸ ਆ ਜਾਵੇ, ਜੋ ਉਸ ਜੱਜ ਦੀ ਕਾਬਲੀਅਤ ਤੋਂ ਬਾਹਰ ਹੋਵੇ, ਉਹ ਉਸ ਨੂੰ ਨੈਤਿਕ ਤੌਰ ਤੇ ਸੁਨਣ ਤੋਂ ਇਨਕਾਰ ਕਰ ਦੇਂਦਾ ਹੈ। ਪਰ ਇਨ੍ਹਾਂ ਦੀ ਕੋਈ ਕਾਬਲੀਅਤ ਨਾ ਹੋਣ ਦੇ ਬਾਵਜੂਦ, ਇਹ ਕਾਨੂੰਨੀ, ਵਿਦਿਅਕ, ਵਿਗਿਆਨਕ, ਭਾਵ ਕੋਈ ਵੀ ਕੇਸ ਸੁਨਣ ਲਈ ਘੜੱਮ ਚੌਧਰੀ ਹਨ। ਕੋਈ ਵੀ ਜੱਜ, ਅਗਰ ਉਸ ਦਾ ਕੇਸ ਨਾਲ ਕਿਸੇ ਤਰ੍ਹਾਂ ਦਾ ਵੀ ਮਾੜਾ ਮੋਟਾ ਸਬੰਧ ਬਣਦਾ ਹੋਵੇ, ਉਸ ਕੇਸ ਤੋਂ ਪਾਸੇ ਹੋ ਜਾਂਦਾ ਹੈ, ਜਿਵੇਂ ਪਿੱਛੇ ਜਿਹੇ ਹੀ ਭਾਰਤੀ ਸੁਪਰੀਮ ਕੋਰਟ ਦੇ ਇੱਕ ਜੱਜ ਨੇ ਇੱਕ ਕੰਪਨੀ ਦਾ ਕੇਸ ਸੁਨਣ ਤੋਂ ਇਸ ਵਾਸਤੇ ਨਾਂਹ ਕਰ ਦਿੱਤੀ, ਕਿਉਂਕਿ ਉਸ ਕੰਪਨੀ ਵਿੱਚ ਉਸ ਦੇ ਕਿਸੇ ਰਿਸ਼ਤੇਦਾਰ ਦੇ ਸ਼ੇਅਰ ਸਨ। ਐਸੇ ਬਹੁਤ ਪ੍ਰਮਾਣ ਭਾਰਤੀ ਅਦਾਲਤਾਂ ਵਿੱਚੋਂ ਮਿਲ ਸਕਦੇ ਹਨ। ਇੱਥੇ ਨੈਤਿਕਤਾ ਦਾ ਇਹ ਹਾਲ ਹੈ ਕਿ, ਉਹ ਦੋ ਜਥੇਦਾਰ ਜੋ ਆਪ ਸਿੱਖ ਰਹਿਤ ਮਰਿਯਾਦਾ ਦੀ ਉਲੰਘਣਾ ਅਤੇ ਗੁਰੂ ਗ੍ਰੰਥ ਸਾਹਿਬ ਦੀ ਘੋਰ ਬੇਅਦਬੀ ਕਰਕੇ ਆਪਣੇ ਤਖ਼ਤਾਂ ਤੇ ਬਚਿਤ੍ਰ ਨਾਟਕ ਦਾ ਸਤਿਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕਰਦੇ ਹਨ, ਬਚਿਤ੍ਰ ਨਾਟਕ ਨਾਲ ਸਬੰਧਤ ਕੇਸ ਵਿੱਚ ਪ੍ਰੋ. ਦਰਸ਼ਨ ਸਿੰਘ ਦੇ ਖਿਲਾਫ ਫਤਵਾ ਜਾਰੀ ਕਰਨ ਵਿੱਚ ਸ਼ਾਮਲ ਸਨ।

12 ਅਕਤੂਬਰ, 1920 ਨੂੰ ਜਦੋਂ ਭਾਈ ਤੇਜਾ ਸਿੰਘ ਭੁੱਚਰ ਦੀ ਅਗਵਾਈ ਵਿੱਚ 25 ਮੈਂਬਰਾਂ ਦੇ ਜਥੇ ਨੂੰ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਸੌਂਪੀ ਗਈ, ਇਹ ਫੈਸਲਾ ਪੰਥਕ ਸ਼ਖਸੀਅਤਾਂ, ਜਥੇਬੰਦੀਆਂ ਅਤੇ ਸੰਗਤਾਂ ਦੀ ਹਾਜ਼ਰੀ ਵਿੱਚ ਲਿਆ ਗਿਆ ਸੀ। ਜਦੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਗੈਰ ਸਿਧਾਂਤਕ ਅਹੁਦਾ ਕਾਇਮ ਕਰ ਲਿਆ ਗਿਆ, ਉਦੋਂ ਵੀ ਪਹਿਲਾਂ ਤਿੰਨ ਨਾਵਾਂ ਦਾ ਪੈਨਲ ਸਮੂਹ ਪੰਥਕ ਜਥੇਬੰਦੀਆਂ ਨੂੰ ਭੇਜਿਆ ਜਾਂਦਾ ਸੀ, ਅਤੇ ਜਿਸ ਨਾਂ ਦੀ ਪ੍ਰਵਾਨਗੀ ਬਹੁਤੀਆਂ ਜਥੇਬੰਦੀਆਂ ਤੋਂ ਆਉਂਦੀ, ਉਸ ਨੂੰ ਜਥੇਦਾਰ ਥਾਪ ਦਿੱਤਾ ਜਾਂਦਾ ਸੀ। ਆਮ ਤੌਰ ਤੇ ਉਸ ਦੇ ਅਹੁਦਾ ਸੰਭਾਲਣ ਸਮੇਂ ਸਾਰੀਆਂ ਜਥੇਬੰਦੀਆਂ ਅਤੇ ਪੰਥਕ ਸ਼ਖਸੀਅਤਾਂ ਉਸ ਨੂੰ ਸਰੋਪਾ ਦੇਕੇ, ਉਸ ਦੀ ਮਾਨਤਾ ਤੇ ਮੋਹਰ ਲਾਉਂਦੀਆਂ ਸਨ। ਬਾਅਦ ਵਿੱਚ 1988 ਵਿੱਚ ਜਸਬੀਰ ਸਿੰਘ ਰੋਡੇ ਵੇਲੇ, ਇਸ ਨੂੰ ਜਥੇਦਾਰ ਦੀ ਤਾਜਪੋਸ਼ੀ ਦਾ ਗੈਰ ਸਿਧਾਂਤਕ ਨਾਂ ਦੇ ਦਿੱਤਾ ਗਿਆ। ਤਕਰੀਬਨ 1965 ਵਿੱਚ, ਸ਼੍ਰੋਮਣੀ ਕਮੇਟੀ ਦੀ ਕਾਰਜ ਕਾਰਨੀ ਵਿੱਚ ਇਹ ਵਿਚਾਰਿਆ ਗਿਆ ਕਿ ਸ਼੍ਰੋਮਣੀ ਕਮੇਟੀ ਕਿਉਂਕਿ ਵੋਟਾਂ ਨਾਲ ਚੁਣ ਕੇ ਆਉਂਦੀ ਹੈ, ਇਹੀ ਸਰਬੱਤ ਖਾਲਸਾ ਹੈ ਅਤੇ ਜਥੇਦਾਰ ਬਾਰੇ ਫੈਸਲਾ ਕਰਨ ਦਾ ਹੱਕ ਵੀ ਇਸੇ ਨੂੰ ਹੀ ਹੈ। ਅਗੋਂ ਕਾਰਜ ਕਾਰਨੀ ਆਪ ਹੀ ਕਿਸੇ ਇੱਕ ਨਾਂ ਤੇ ਫੈਸਲਾ ਕਰ ਲੈਂਦੀ ਅਤੇ ਇਹ ਨਾਂ ਸਾਰੀਆਂ ਜਥੇਬੰਦੀਆਂ ਨੂੰ ਭੇਜ ਦਿੱਤਾ ਜਾਂਦਾ, ਜੋ ਜਥੇਦਾਰ ਦੀ ਨਿਯੁਕਤੀ ਤੇ ਦਸਤਾਰ ਭੇਟ ਕਰਕੇ ਪ੍ਰਵਾਨਗੀ ਤੇ ਮੋਹਰ ਲਾ ਦੇਂਦੀਆਂ। 1984 ਤੋਂ ਬਾਅਦ ਤਾਂ ਇਹ ਅਧਿਕਾਰ ਪਹਿਲਾਂ ਬਤੌਰ ਸ਼੍ਰੋਮਣੀ ਕਮੇਟੀ ਪ੍ਰਧਾਨ, ਗੁਰਚਰਨ ਸਿੰਘ ਟੋਹੜਾ ਕੋਲ ਰਿਹਾ ਪਰ ਜਦੋਂ ਸ਼੍ਰੋਮਣੀ ਕਮੇਟੀ ਦੀ ਸਿਆਸਤ ਦੀ ਸ਼ਤਰੰਜ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਗੁਰਚਰਨ ਸਿੰਘ ਟੋਹੜਾ ਨੂੰ ਮਾਤ ਦੇ ਦਿੱਤੀ, ਇਹ ਅਧਿਕਾਰ ਹੁਣ ਪ੍ਰਕਾਸ਼ ਸਿੰਘ ਬਾਦਲ ਕੋਲ ਰਾਖਵਾਂ ਹੋ ਗਿਆ ਹੈ। ਉਹ ਜਿਸ ਨੂੰ, ਜਦੋਂ ਚਾਹੇ, ਅਕਾਲ ਤਖ਼ਤ ਤੋਂ ਲਾਹ ਦੇਵੇ ਅਤੇ ਜਦੋਂ ਚਾਹੇ, ਜਿਸ ਨੂੰ ਚਾਹੇ, ਅਕਾਲ ਤਖ਼ਤ ਤੇ ਬਿਠਾ ਦੇਵੇ। ਉਹ ਅਗੋਂ ਆਪਣਾ ਇਹ ਹੱਕ, ਜੱਦੀ ਜਾਇਦਾਦ ਤੇ ਤੌਰ ਤੇ, ਆਪਣੇ ਪੁੱਤਰ ਨੂੰ ਸੌਂਪਣ ਦੇ ਆਹਰ ਵਿੱਚ ਲੱਗਾ ਹੋਇਆ ਹੈ। ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਤਰ੍ਹਾਂ, ਜਥੇਦਾਰ ਵੀ ਪ੍ਰਕਾਸ਼ ਸਿੰਘ ਬਾਦਲ ਦੀ ਜੇਬ ਵਿੱਚੋਂ ਨਿਕਲਦਾ ਹੈ। ਜੋ ਜਥੇਬੰਦੀਆਂ, ਇਸ ਜਥੇਦਾਰ ਜਾਂ ਸ਼੍ਰੋਮਣੀ ਕਮੇਟੀ ਦੀ ਨਜ਼ਰ ਵਿੱਚ ਆਪਣੇ ਪੰਥਕ ਹੋਣ ਦੀ ਮੋਹਰ ਲੁਆਉਣਾ ਚਾਹੁੰਦੀਆਂ ਹਨ, ਉਹ ਸਰੋਪੇ ਦੇਕੇ ਉਸ ਨੂੰ ਮਾਨਤਾ ਦੇ ਦੇਂਦੀਆਂ ਹਨ।

ਹੈਰਾਨਗੀ ਦੀ ਗੱਲ ਹੈ ਕਿ ਇੰਝ ਇੱਕ ਵਿਅਕਤੀ ਦੁਆਰਾ ਨਿਯੁਕਤ ਕੀਤੇ, ਸ਼੍ਰੋਮਣੀ ਕਮੇਟੀ ਦੇ ਤਨਖਾਹਦਾਰ ਮੁਲਾਜ਼ਮ ਨੂੰ ਅਸੀਂ ਅਕਾਲ ਤਖ਼ਤ ਦਾ ਜਥੇਦਾਰ ਮੰਨ ਕੇ, ਸਾਰੇ ਪੰਥ ਉਤੇ ਹੁਕਮ ਚਲਾਉਣ ਦਾ ਅਧਿਕਾਰੀ ਮੰਨ ਰਹੇ ਹਾਂ। ਇਸ ਸਬੰਧ ਵਿੱਚ, ਮੇਰੀ ਇੱਕ ਮੋਹਰੀ ਪੰਥਕ ਜਥੇਬੰਦੀ ਦੇ ਸਿਰਮੌਰ ਆਗੂ ਨਾਲ ਹੋਈ ਗੱਲਬਾਤ ਦਾ ਵੇਰਵਾ, ਇਥੇ ਦੇਣਾ ਜ਼ਰੂਰੀ ਸਮਝਦਾ ਹਾਂ। ਇੱਥੇ ਨਾਂ ਲੈਣਾ ਜਾਇਜ਼ ਨਹੀਂ ਹੋਵੇਗਾ, ਕਿਉਂਕਿ ਗੱਲ ਵਿਅਕਤੀ ਦੀ ਨਹੀਂ ਸਿਧਾਂਤ ਦੀ ਹੈ। 2003 ਦੀਆਂ ਲੋਕ ਸਭਾ ਚੋਣਾ ਸਮੇਂ, ਮੈਂ ਇਸ ਆਗੂ ਕੋਲ ਬਾਦਲ ਦਲ ਤੋਂ ਇਲਾਵਾ, ਬਾਕੀ ਸਾਰੀਆਂ ਪੰਥਕ ਜਥੇਬੰਦੀਆਂ ਦੀ ਏਕਤਾ ਬਾਰੇ ਬੇਨਤੀ ਕਰਨ ਲਈ ਗਿਆ ਸੀ, ਉਥੇ ਜਥੇਦਾਰ ਅਕਾਲ ਤਖ਼ਤ ਬਾਰੇ ਚਰਚਾ ਚੱਲ ਪਈ। ਉਹ ਮੇਰੇ ਨਾਲ ਜਥੇਦਾਰ ਦੇ ਕਕੁਰਮਾਂ ਖਿਲਾਫ ਅਵਾਜ਼ ਉਠਾਉਣ ਤੋਂ ਨਰਾਜ਼ ਸਨ। ਮੈਂ ਉਨ੍ਹਾਂ ਨੂੰ ਪੁੱਛਿਆ, “ਇਸ ਨੂੰ ਜਥੇਦਾਰ ਕਿਸ ਨੇ ਬਣਾਇਆ ਹੈ। “ ਉਨ੍ਹਾਂ ਅਗੋਂ ਜੁਆਬ ਦਿੱਤਾ, ਪੰਥ ਨੇ। ਮੈਂ ਪੁਛਿਆ, “ਕਿਹੜੇ ਪੰਥ ਨੇ? “ ਉਨ੍ਹਾਂ ਅਗੋਂ ਮਜ਼ਾਕ ਨਾਲ ਕਿਹਾ, “ਹੁਣ ਤੁਹਾਨੂੰ ਇਹ ਵੀ ਦਸਣਾ ਪਵੇਗਾ, ਕਿ ਪੰਥ ਕਿਹੜਾ ਹੈ? “ ਮੈਂ ਜੁਆਬ ਦਿੱਤਾ, “ਬਿਲਕੁਲ ਦਸਣਾ ਪਵੇਗਾ, ਕਿਉਂਕਿ ਇਸ ਨੂੰ ਜਥੇਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬਣਾਇਆ ਹੈ। ਜੇ ਆਪ ਕਹਿੰਦੇ ਹੋ ਕਿ ਇਸ ਨੂੰ ਪੰਥ ਨੇ ਜਥੇਦਾਰ ਬਣਾਇਆ ਹੈ, ਤਾਂ ਇਹ ਮੰਨਣਾ ਪਵੇਗਾ ਕਿ ਬਾਦਲ ਹੀ ਪੰਥ ਹੈ। ਸਾਡੀ ਤਾਂ ਗੱਲ ਹੀ ਛੱਡ ਦਿਓ, ਅਸੀਂ ਤਾਂ ਕਿਸੇ ਗਿਣਤੀ ਵਿੱਚ ਹੀ ਨਹੀਂ ਆਉਂਦੇ, ਤੁਸੀਂ ਤਾਂ ਪੰਥ ਦੀ ਦੋ ਨੰਬਰ ਜਥੇਬੰਦੀ ਹੋ। ਜੇ ਪਿਛਲੇ ਤਿਨ ਜਥੇਦਾਰ ਲਾਉਣ ਲੱਗਿਆਂ, ਕਦੇ, ਕਿਸੇ ਨੇ ਤੁਹਾਨੂੰ ਜਾਂ ਤੁਹਾਡੀ ਜਥੇਬੰਦੀ ਨੂੰ ਪੁਛਿਆ ਹੈ, ਕਿ ਕੀ ਇਸ ਨੂੰ ਜਥੇਦਾਰ ਬਣਾ ਦੇਈਏ? ਤਾਂ ਮੈਂ ਮੰਨ ਲੈਂਦਾ ਹਾਂ, ਇਹ ਪੰਥ ਦਾ ਜਥੇਦਾਰ ਹੈ। ਇੱਕ ਵਿਅਕਤੀ ਦੇ ਥਾਪੇ, ਸ਼੍ਰੋਮਣੀ ਕਮੇਟੀ ਦੇ ਤਨਖਾਹਦਾਰ ਮੁਲਾਜ਼ਮ ਨੂੰ ਤੁਸੀਂ ਪੰਥ ਦਾ ਜਥੇਦਾਰ ਦੱਸ ਰਹੇ ਹੋ। ਬਾਦਲ ਸੌ ਗੁਰਮਤਿ ਵਿਰੋਧੀ ਕੰਮ ਕਰੇ, ਉਸ ਨੂੰ ਕੁੱਝ ਨਜ਼ਰ ਨਹੀਂ ਆਉਂਦਾ। ਤੁਸੀਂ ਇੱਕ ਕਰਕੇ ਵੇਖੋ, ਤੁਹਾਨੂੰ ਕੱਲ ਅਕਾਲ ਤਖ਼ਤ ਸਾਹਿਬ ਤੇ ਸੱਦ ਕੇ ਅਪਮਾਨਿਤ ਕਰੇਗਾ। ਤੁਸੀਂ ਫੇਰ ਵੀ ਉਸ ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਤੌਰ ਤੇ ਮਾਨਤਾ ਦੇ ਰਹੇ ਹੋ। “ ਉਸ ਆਗੂ ਨੇ ਸਿਰ ਨੂੰ ਝਟਕਾ ਦਿੱਤਾ ਤੇ ਕਿਹਾ, “ਭਾਈ ਸਾਹਿਬ, ਧੰਨਵਾਦ, ਤੁਸੀਂ ਮੈਨੂੰ ਅਸਲੀਅਤ ਸਮਝਾ ਦਿੱਤੀ ਹੈ। “ ਅੱਜ ਫੇਰ ਉਹ ਆਗੂ ਅਕਾਲ ਤਖ਼ਤ ਸਾਹਿਬ ਦੇ ਨਾਂ ਤੇ ਅਖੌਤੀ ਜਥੇਦਾਰਾਂ ਅਗੇ ਨੱਤਮਸਤਕ ਹੋਣ ਲਈ ਤਿਆਰ ਬੈਠਾ ਹੈ। ਜਥੇਦਾਰ ਦਾ ਐਸਾ ਹਊਆ ਬਣਾ ਦਿੱਤਾ ਗਿਆ ਹੈ, ਕਿ ਕੋਈ ਹੱਕ, ਸੱਚ, ਇਨਸਾਫ਼ ਦੀ ਗੱਲ ਕਰਨ ਦੀ ਜੁਰਅਤ ਹੀ ਨਹੀਂ ਕਰ ਸਕਦਾ।

ਸਾਡੀ ਵੱਡੀ ਕੌਮੀ ਤਰਾਸਦੀ ਤਾਂ ਇਹ ਹੈ ਕਿ ਅਸੀਂ ਅਕਾਲ ਤਖ਼ਤ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਿੱਚ ਫਰਕ ਨਹੀਂ ਸਮਝ ਪਾ ਰਹੇ। ਬੇਸ਼ਕ ਸੁਪਰੀਮ ਕੋਰਟ ਦੇ ਜੱਜ ਦੁਆਰਾ ਕੀਤਾ ਫੈਸਲਾ, ਸੁਪਰੀਮ ਕੋਰਟ ਦਾ ਫੈਸਲਾ ਅਖਵਾਉਂਦਾ ਹੈ। ਪਰ ਸੁਪਰੀਮ ਕੋਰਟ ਦੇ ਭਰਿਸ਼ਟ ਜੱਜ ਕਾਰਨ ਸੁਪਰੀਪ ਕੋਰਟ ਦੀ ਸੰਸਥਾ ਦੀ ਬਦਨਾਮੀ ਵੀ ਹੁੰਦੀ ਹੈ, ਉਸ ਤੋਂ ਜਨਤਾ ਦਾ ਵਿਸ਼ਵਾਸ ਵੀ ਘੱਟਦਾ ਹੈ। ਸਭ ਤੋਂ ਵੱਡੀ ਗੱਲ, ਉਸ ਨੂੰ ਹਟਾਇਆ ਵੀ ਜਾ ਸਕਦਾ ਹੈ ਅਤੇ ਉਸ ਦੇ ਗਲਤ ਕੰਮਾਂ ਵਾਸਤੇ ਉਸਨੂੰ ਸਜ਼ਾ ਯਾਫਤਾ ਵੀ ਕੀਤਾ ਜਾ ਸਕਦਾ ਹੈ। ਸਾਡੇ ਇਨ੍ਹਾਂ ਅਖੌਤੀ ਜਥੇਦਾਰਾਂ ਬਾਰੇ ਕੌਮ ਵਿੱਚ ਐਸਾ ਭਰਮਜਾਲ ਫੈਲਾਇਆ ਹੋਇਆ ਹੈ, ਕਿ ਜਦੋਂ ਕੋਈ ਅਕਾਲ ਤਖ਼ਤ ਸਾਹਿਬ ਦਾ ਮਾਨ ਸਨਮਾਨ ਬਚਾਉਣ ਲਈ, ਇਨ੍ਹਾਂ ਦੇ ਪਾਪ ਕਰਮਾਂ ਨੂੰ ਨੰਗਾ ਕਰਨ ਦੀ ਕੋਸ਼ਿਸ਼ ਕਰੇ, ਇਨ੍ਹਾਂ ਦੇ ਜੋੜੀਦਾਰ ਸਿਆਸੀ ਆਗੂ ਇਹ ਰੌਲਾ ਪਾਉਣਾ ਸ਼ੁਰੂ ਕਰ ਦੇਂਦੇ ਹਨ, ਕਿ “ਦੇਖੋ ਜੀ! ਅਕਾਲ ਤਖ਼ਤ ਸਾਹਿਬ ਦਾ ਅਪਮਾਨ ਕਰ ਰਹੇ ਹਨ, ਅਕਾਲ ਤਖ਼ਤ ਸਾਹਿਬ ਨਾਲ ਟੱਕਰ ਲੈ ਰਹੇ ਹਨ” ਅਤੇ ਬਹੁਤੇ ਭੋਲੇ-ਭਾਲੇ ਸਿੱਖ ਵੀ ਇਨ੍ਹਾਂ ਦੇ ਮਗਰ ਲੱਗ ਜਾਂਦੇ ਹਨ।

ਇਸ ਲੇਖ ਦੇ ਲਿਖਦੇ-ਲਿਖਦੇ ਅਖੌਤੀ ਜਥੇਦਾਰ ਸਾਹਿਬਾਨ ਦਾ ਇੱਕ ਹੋਰ ਬੜਾ ਵਿਸ਼ੇਸ਼ ਆਦੇਸ਼ ਆ ਗਿਆ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਸਰਹੰਦ ਫਤਹਿ ਦਿਵਸ (ਖਾਲਸਾਰਾਜ ਦਾ ਸਥਾਪਨਾ ਦਿਵਸ ਕਹਿਣ ਤੋਂ, ਇਹ ਅਤੇ ਇਨ੍ਹਾਂ ਦੇ ਸਿਆਸੀ ਆਕਾ ਕੁੱਝ ਸ਼ਰਮਾਉਂਦੇ ਹਨ) ਤੇ ਪੰਥ ਵਿੱਚੋਂ ਛੇਕਿਆਂ ਹੋਇਆਂ ਨੂੰ ਖਾਸ ਰਿਆਇਤ ਦਿੱਤੀ ਗਈ ਹੈ ਕਿ ਉਹ ਇਨ੍ਹਾਂ ਅੱਗੇ ਪੇਸ਼ ਹੋ ਕੇ, ਪੰਥ ਵਿੱਚ ਵਾਪਸ ਆ ਸਕਦੇ ਹਨ। ਕੋਈ ਪੁੱਛੇ ਇਹ ਕਿਹੜਾ ਤੁਸੀਂ ਕੱਦੂ ਵਿੱਚ ਨਵਾਂ ਤੀਰ ਮਾਰਿਆ ਹੈ। ਇਸ ਤੋਂ ਪਹਿਲਾਂ ਵੀ ਕਈ ਤੁਹਾਡੇ ਵਡੇਰਿਆਂ ਵੱਲੋਂ ਪੰਥ ਵਿੱਚੋਂ ਛੇਕੇ ਹੋਏ ਆਪੇ ਪੇਸ਼ ਹੋਕੇ ਤਨਖਾਹ ਲੁਆਕੇ ਪੰਥ ਵਿੱਚ ਵਾਪਸ ਸ਼ਾਮਲ ਹੋ ਚੁਕੇ ਹਨ, ਜਿਨ੍ਹਾਂ ਵਿੱਚ ਸੁਰਜੀਤ ਸਿੰਘ ਬਰਨਾਲਾ ਅਤੇ ਬੂਟਾ ਸਿੰਘ ਦੇ ਨਾਂ ਵਿਸ਼ੇਸ਼ ਤੌਰ ਤੇ ਲਏ ਜਾ ਸਕਦੇ ਹਨ। ਸ਼ਾਇਦ ਇਹ ਕਹਿਣਾ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਤਨਖਾਹ ਨਹੀਂ ਲਾਈ ਜਾਵੇਗੀ। ਜੇ ਗੁਰਬਾਣੀ ਪੜ੍ਹਨਾ ਅਤੇ ਸੇਵਾ ਕਰਨਾ ਸਜ਼ਾ ਹੈ ਤਾਂ ਬਹੁਤੇ ਸਿੱਖ ਤੁਹਾਡੀ ਤਨਖਾਹ ਬਗੈਰ ਹੀ ਇਹ ਸਜ਼ਾ ਰੋਜ਼ ਭੁਗਤਣਾ ਆਪਣਾ ਸੁਭਾਗ ਸਮਝਦੇ ਹਨ। ਇਸ ਆਦੇਸ਼ ਵਿੱਚੋਂ ਇਹ ਗੱਲ ਤਾਂ ਸਪਸ਼ਟ ਹੁੰਦੀ ਹੈ ਕਿ ਜੋ ਸਿੱਖ ਇਨ੍ਹਾਂ ਦੀ ਤਾਨਾਸ਼ਾਹੀ ਅਗੇ ਸਿਰ ਝੁਕਾਉਣੋ ਇਨਕਾਰੀ ਹੋ ਗਏ, ਇਹ ਉਨ੍ਹਾਂ ਦਾ ਸਿਰ ਆਪਣੇ ਅੱਗੇ ਝੁਕਾਉਣ ਦਾ ਨਵਾਂ ਵਧੀਆ ਬਹਾਨਾ ਲੱਭ ਰਹੇ ਹਨ। ਜੇ ਇਨ੍ਹਾਂ ਅੰਦਰ ਕੌਮ ਪ੍ਰਤੀ ਕੋਈ ਸੁਹਿਰਦਤਾ ਹੁੰਦੀ ਤਾਂ ਇਹ ਐਲਾਨ ਕਰਦੇ ਕੇ ਅਸੀਂ ਆਪਣੇ ਗਲਤ ਹੁਕਮਨਾਮੇ ਵਾਪਸ ਲੈ ਲਏ ਹਨ। ਆਓ ਸਾਰੇ ਰੱਲ ਕੇ ਕੌਮ ਵਿੱਚ ਪੈ ਰਹੇ ਪਾੜਿਆਂ ਨੂੰ ਮੇਲਣ ਦਾ ਉਪਰਾਲਾ ਕਰੀਏ।

ਇਸ ਆਦੇਸ਼ ਦਾ ਦੂਸਰਾ ਭਾਗ ਵੀ ਹਾਸੋਹੀਣਾ ਹੈ, ਕਿ ਜਿੰਨਾ ਚਿਰ ਜਥੇਦਾਰ ਸਾਹਿਬਾਨ ਦਾ ਅਖੌਤੀ ਦਸਮ ਗ੍ਰੰਥ ਬਾਰੇ ਫੈਸਲਾ ਨਹੀਂ ਆਉਂਦਾ, ਕੋਈ ਇਸ ਬਾਰੇ ਚਰਚਾ ਨਾ ਕਰੇ, ਹਾਲਾਂਕਿ ਇਹੀ ਕਈ ਸਾਲਾਂ ਤੋਂ ਕਈ ਵਾਰੀ ਪਹਿਲੇ ਵੀ ਕਿਹਾ ਜਾ ਚੁੱਕਾ ਹੈ, ਪਰ ਅੱਜ ਤੱਕ ਕੋਈ ਨਤੀਜਾ ਨਹੀਂ। ਜਿਹੜੇ ਆਪ ਇਸ ਬਚਿੱਤ੍ਰ ਨਾਟਕ ਦੇ ਪ੍ਰਕਾਸ਼ ਕਰ ਰਹੇ ਹਨ ਯਾ ਉਨ੍ਹਾਂ ਸੰਸਥਾਵਾਂ ਤੋਂ ਆਏ ਹਨ, ਜਿਥੇ ਇਸ ਨੂੰ ਮਾਨਤਾ ਦਿੱਤੀ ਜਾਂਦੀ ਹੈ, ਉਹ ਤਾਂ ਇਹ ਕਹਿਣ ਦੇ ਅਧਿਕਾਰੀ ਹੀ ਨਹੀਂ। ਜੇ ਇਸ ਵਿੱਚ ਵੀ ਸੁਹਿਰਦਤਾ ਹੁੰਦੀ ਤਾਂ ਪਹਿਲਾਂ ਵੇਦਾਂਤੀ ਮੰਡਲੀ ਵਲੋਂ ਹੋਏ ਫੈਸਲੇ ਅਤੇ ਸਿੱਖ ਰਹਿਤ ਮਰਿਯਾਦਾ ਅਨੁਸਾਰ, ਹਰ ਉਸ ਸਥਾਨ ਤੋਂ ਬਚਿੱਤ੍ਰ ਨਾਟਕ ਦਾ ਪ੍ਰਕਾਸ਼ ਚੁਕਾਇਆ ਜਾਂਦਾ, ਜਿਥੇ-ਜਿਥੇ ਉਹ ਕੀਤਾ ਜਾ ਰਿਹਾ ਹੈ ਅਤੇ ਇਸ ਉਤੇ ‘ਗੁਰੂ` ਸ਼ਬਦ ਲਿਖਣ ਦਾ ਜੋ ਘੋਰ ਪਾਪ ਸ਼ੁਰੂ ਹੋ ਗਿਆ ਹੈ, ਉਸ ਨੂੰ ਬੰਦ ਕਰਾਇਆ ਜਾਂਦਾ। ਇਹ ਤਾਂ ਕੇਵਲ ਇਸ ਬਚਿਤ੍ਰ ਨਾਟਕ ਦਾ ਸੱਚ ਜ਼ਾਹਿਰ ਕਰਨ ਵਾਲਿਆਂ ਦੀ ਜ਼ੁਬਾਨ ਬੰਦ ਕਰਾਉਣ ਦਾ ਢਕੋਂਸਲਾ ਹੈ।

ਜੇ ਤੱਤਸਾਰ ਕੱਢ ਕੇ ਵੇਖੀਏ ਤਾਂ ਇਨ੍ਹਾਂ ਅਖੌਤੀ ਜਥੇਦਾਰਾਂ ਨੇ ਅਕਾਲ ਤਖ਼ਤ ਸਾਹਿਬ ਦੀ ਮਹਾਨ ਸੰਸਥਾ ਨੂੰ ਮਲੀਆਮੇਟ ਕਰ ਦਿੱਤਾ ਹੈ। ਪਰ ਇਸ ਵਿੱਚ ਸਿੱਖ ਸੰਗਤ ਵੀ ਬਰਾਬਰ ਦੀ ਭਾਗੀਦਾਰ ਹੈ, ਜੋ ਅਕਾਲ ਤਖ਼ਤ ਸਾਹਿਬ ਦੇ ਸਿਧਾਂਤ ਨਾਲ ਜੁੜਨ ਦੀ ਬਜਾਏ, ਅਕਾਲ ਤਖ਼ਤ ਸਾਹਿਬ ਦੀ ਇਮਾਰਤ ਨਾਲ ਜਾਂ ਕੁੱਝ ਵਿਅਕਤੀਆਂ ਨਾਲ ਵਧੇਰੇ ਜੁੜ ਗਈ ਹੈ। ਜੇ ਕੌਮ ਦੀਆਂ ਭਾਵਨਾਵਾਂ ਵੱਲ ਵੇਖਾਂ ਤਾਂ ਹਰ ਸਿੱਖ ਤੋਂ ਬਲਿਹਾਰ ਜਾਵਾਂ, ਜੂਨ 1984 ਵਿੱਚ ਜਦੋਂ ਭਾਰਤੀ ਫੌਜ ਵਲੋਂ, ਅਕਾਲ ਤਖ਼ਤ ਸਾਹਿਬ ਦੀ ਇਮਾਰਤ ਨੂੰ ਢਹਿ-ਢੇਰੀ ਕਰ ਦਿੱਤਾ ਗਿਆ, ਤਾਂ ਮੈਂ ਤਕਰੀਬਨ ਹਰ ਸਿੱਖ ਨੂੰ ਵਿਲਕਦੇ ਵੇਖਿਆ ਹੈ, ਪਰ ਅੱਜ ਜਦੋਂ ਇਨ੍ਹਾਂ ਅਖੌਤੀ ਧਾਰਮਿਕ ਅਤੇ ਰਾਜਨੀਤਿਕ ਲੋਕਾਂ ਦਾ ਅਪਵਿੱਤਰ, ਸਾਜਸ਼ੀ ਗੱਠਜੋੜ ਸਿਧਾਂਤਕ ਤੌਰ ਤੇ ਅਕਾਲ ਤਖ਼ਤ ਸਾਹਿਬ ਨੂੰ ਤਬਾਹ ਕਰ ਰਿਹਾ ਹੈ, ਤਾਂ ਨਾ ਕਿਸੇ ਸਿੱਖ ਦੀ ਅੱਖ ਚੋਂ ਕੋਈ ਹੰਝੂ ਕਿਰਦਾ ਹੈ, ਨਾ ਆਹ ਨਿਕਲਦੀ ਹੈ।

--- ਚਲਦਾ

(ਰਾਜਿੰਦਰ ਸਿੰਘ ਦੀ ਛਪਾਈ ਅਧੀਨ ਕਿਤਾਬ, ‘ਮਹੱਤਵਪੂਰਨ ਸਿੱਖ ਮੁੱਦੇ’ ਵਿੱਚੋਂ ਕੁੱਝ ਅੰਸ਼)




.