.

ਕਥਿਤ ਦਸਮ ਗ੍ਰੰਥ ਦਾ ਵਿਵਾਦ

‘ਵਿਦਿਆ ਧਰ’, ਵਿਦਿਆ ਸਾਗਰ’, ‘ਬਚਿਤ੍ਰ ਨਾਟਕ’, ਤੇ ‘ਦਸਮ ਗ੍ਰੰਥ’ ਵਗ਼ੈਰਾ ਇੱਕੋ ਹੀ ਕੂੜ-ਕਿਤਾਬ ਦੇ ਭਿੰਨ ਭਿੰਨ ਨਾਮ ਹਨ। ਸੁਭਾਵਕਨ, ਕੂੜ-ਕਿਤਾਬ ਦੇ ਘਾੜੇ ਵੀ ਕੂੜ ਦੇ ਪੁਜਾਰੀ ਹੀ ਹੋਣਗੇ। ਸ਼ੁਰੂਅ ਤੋਂ ਹੀ ਕੂੜੇ ਦਾ ਇਹ ਢੇਰ ਵਿਵਾਦ ਦਾ ਕਾਰਣ ਬਣਿਆਂ ਹੋਇਆ ਹੈ। ਬਦਕਿਸਮਤੀ ਕਹੋ ਜਾਂ ਖ਼ੁਸ਼ਕਿਸਮਤੀ, ਇਸ ਅਣਚਾਹੇ ਵਿਵਾਦ ਵਿੱਚ ਭਾਗ ਲੈਣ ਵਾਲੇ ਸਾਰੇ ਦੇ ਸਾਰੇ ਆਪਣੇ ਆਪ ਨੂੰ ਗੁਰੁ (ਗ੍ਰੰਥ) ਦੇ ਕਹਿੰਦੇ/ਕਹਾਉਂਦੇ ਸਿੱਖ ਹੀ ਹਨ, ਕੋਈ ਬਾਹਰਲਾ ਨਹੀਂ। ਇੱਕ ਧਿਰ ਗੁਰੂ ਗ੍ਰੰਥ/ਗੁਰਮੱਤਿ ਵਿੱਚ ਦ੍ਰਿੜ੍ਹ ਵਿਸ਼ਵਾਸ ਰੱਖਣ ਵਾਲੇ ਉਨ੍ਹਾਂ ਸੁਹਿਰਦ, ਨਿਸ਼ਕਾਮ ਤੇ ਬਿਬੇਕੀ ਸ਼੍ਰਧਾਲੂਆਂ ਦੀ ਹੈ ਜੋ ਇਸ ਝੂਠ ਦੀ ਭਿਆਨਕ ਖਾਈ ਨੂੰ ਨਕਾਰਦੇ ਹੋਏ ਇਸ ਨੂੰ ਰੱਦ ਕਰਦੇ ਹਨ। ਇਹ ਰੱਦੀਕਰਨ ਗੁਰ-ਸਿਧਾਂਤਾਂ ਉੱਤੇ ਆਧਾਰਿਤ ਹੈ, ਇਸ ਲਈ ਵਾਜਬ ਵੀ। ਦੂਜੀ ਧਿਰ ਅਖਾਉਤੀ ਦਸਮ ਗ੍ਰੰਥ ਦੇ ਸਮਰਥਕਾਂ ਦੀ ਹੈ। ਇਹ ਧਿਰ ਉਨ੍ਹਾਂ ਅਗਿਆਨਮੱਤੀਆਂ ਦੀ ਹੈ ਜਿਨ੍ਹਾਂ ਨੂੰ ਗੁਰੁ (ਗ੍ਰੰਥ) ਵਿੱਚ ਦ੍ਰਿੜ੍ਹ ਵਿਸ਼ਵਾਸ ਨਹੀਂ ਉਲਟਾ ਉਹ ਦ੍ਵੈਤ ਦੇ ਦੀਰਘ ਰੋਗ ਦੇ ਰੋਗੀ ਹਨ। ਇਨ੍ਹਾਂ ਨੇ ਨਾ ਤਾਂ ਗੁਰਬਾਣੀ ਨੂੰ ਕਦੇ ਵਿਚਾਰਨ ਦੀ ਖੇਚਲ ਕੀਤੀ ਹੈ ਅਤੇ ਨਾ ਹੀ ਇਸ ‘ਅਵਿੱਦਿਆ ਸਾਗਰ’ ਨੂੰ ਧਿਆਨ ਨਾਲ ਘੋਖਣ ਦਾ ਯਤਨ। ਇਹ ਸਾਰੇ ਅੰਧਵਿਸ਼ਵਾਸੀ ਹਨ ਤੇ, ਨਿਰਸੰਦੇਹ, ਗੁਰਮੱਤਿ ਦੇ ਦੋਖੀ ਵੀ। ਇਸ ਧੜੇ ਵਿੱਚ ਕ੍ਰਿਤ ਤੋਂ ਕੰਨੀਂ ਕਤਰਾਉਣ ਵਾਲੇ ਗੁਰ-ਧਾਮਾਂ `ਤੇ ਕਾਬਜ਼ ਲੋਕ (ਕਮੇਟੀਆਂ ਦੇ ਅਹੁਦੇਦਾਰ, ਜਥੇਦਾਰ, ਰਾਗੀ, ਪ੍ਰਚਾਰਕ ਤੇ ਪੁਜਾਰੀ ਆਦਿ) ਹਨ, ਜਿਨ੍ਹਾਂ ਦਾ ਪੇਸ਼ਾ ਲੋਕਾਈ ਨੂੰ ਗੁਮਰਾਹ ਕਰਕੇ ਲੁੱਟਣਾਂ ਹੁੰਦਾ ਹੈ। ਇਸ ਧੜੇ ਦੇ ਸਮਰਥਕ ਕਈ ਅਖਾਉਤੀ ਵਿਦਵਾਨ ਪ੍ਰੋਫ਼ੈਸਰ, ਲੇਖਕ ਤੇ ਖੋਜੀ ਆਦਿ ਵੀ ਹਨ ਜਿਨ੍ਹਾਂ ਨੇ ਕੁਰਸੀਆਂ ਤੇ ਦੌਲਤ ਬਦਲੇ ਆਪਣੀ ਜ਼ਮੀਰ ਤੇ ਈਮਾਨ ਵੇਚ ਛੱਡੇ ਹਨ। ਇੱਕ ਤੀਜੀ ਧਿਰ, ਜੋ ਕਿ ਦੂਜੀ ਧਿਰ ਤੋਂ ਵੀ ਬਦਤਰ ਕਹੀ ਜਾ ਸਕਦੀ ਹੈ, ਨੇ ਵੀ ਸਿਰ ਕੱਢਿਆ ਹੈ। ਇਹ ਉਹ ਹਨ ਜਿਹੜੇ ਆਪਣੇ ਆਪ ਨੂੰ ਗੁਰੁ ਗ੍ਰੰਥ ਦਾ ਸੇਵਕ/ਪ੍ਰਚਾਰਕ ਕਹਿੰਦੇ/ਕਹਾਉਂਦੇ ਹਨ ਪਰ ਨਾਲ ਹੀ ਅਖਾਉਤੀ ਗ੍ਰੰਥ ਨੂੰ ਪੂਰਨ ਤੌਰ `ਤੇ ਰੱਦ ਕਰਨ ਨੂੰ ਤਿਆਰ ਨਹੀਂ। ਇਸ ਤਰ੍ਹਾਂ ਦੇ ਲੋਕਾਂ ਦੀ ਹੋਂਦ ਦਾ ਕਾਰਣ ਅਗਿਆਣਤਾ ਨਹੀਂ ਸਗੋਂ ਕੁੱਝ ਹੋਰ ਹੈ ਇਨ੍ਹਾਂ ‘ਮਹਾਨ ਹਸਤੀਆਂ’ ਨੂੰ ਇਤਨਾ ਵੀ ਨਹੀਂ ਪਤਾ ਕਿ ਗੁਰਸਿੱਖ ਵਾਸਤੇ ਗੁਰੁ-ਗ੍ਰੰਥ/ਗੁਰਬਾਣੀ ਸਰਵ-ਉੱਚ ਤੇ ਸ਼ਿਰੋਮਣੀ ਹੈ; ਅਤੇ, ਗੁਰਬਾਣੀ ਕਰਕੇ ਪੰਥ ਹੈ ਨਾ ਕਿ ਪੰਥ ਕਰਕੇ ਗੁਰਬਾਣੀ! ਪੰਥ/ਪੰਥੀਆਂ ਨੂੰ ਗੁਰਬਾਣੀ ਦੀ ਕਸਉਟੀ `ਤੇ ਪਰਖ ਕੇ ਇਨ੍ਹਾਂ ਦੇ ਖਰੇ-ਖੋਟੇ ਹੋਣ ਦਾ ਫ਼ੈਸਲਾ ਕਰਨਾਂ ਹੈ ਨਾ ਕਿ ਨਾਮ-ਧਰੀਕ ਪੰਥ/ਪੰਥ-ਸੇਵਕਾਂ ਦੇ ਬਣਾਏ ਹੋਏ ਗੁਰਮੱਤਿ-ਵਿਰੋਧੀ ਨਿਯਮਾ (ਰਹਿਤਨਾਮੇ ਤੇ ਰਹਿਤ-ਮਰਯਾਦਾ ਵਗ਼ੈਰਾ) ਨੂੰ ਗੁਰਬਾਣੀ ਤੋਂ ਉਚੇਰਾ ਰੱਖ ਕੇ ਗੁਰਬਾਣੀ ਦੇ ਸੱਚ ਨੂੰ ਨੀਵਾਂ ਦਿਖਾਉਣ ਦਾ ਮਨਮੁੱਖੀ ਕਾਰਾ ਕਰਨਾ ਹੈ!

ਇਸ ਅਣਸੁਖਾਵੀਂ ਸਥਿਤੀ ਵਿੱਚ, ਵਿਵਾਦੀ ਵਿਸ਼ੇ ਦੇ ਸੰਬੰਧ ਵਿੱਚ ਦਾਸ ਵੀ ਕੁੱਝ ਲਿਖਣ `ਤੇ ਮਜਬੂਰ ਹੈ: 1962-63 ਵਿੱਚ ਦਾਸ ਰਿਵਾੜੀ, ਜੋ ਓਦੋਂ ਪੰਜਾਬ ਵਿੱਚ ਸੀ ਅਤੇ ਹੁਣ ਹਰਿਆਣੇ ਵਿੱਚ ਹੈ, ਵਿਖੇ ਲੜਕੀਆਂ ਦੇ ਇੱਕ ਹਾਈ ਸਕੂਲ ਵਿੱਚ ਪੰਜਾਬੀ ਦਾ ਅਧਿਆਪਕ ਸੀ। 50% ਤੋਂ ਵੀ ਵਧੇਰੇ ਲੜਕੀਆਂ ਹਰਅਿਾਣਵੀ ਸਨ, ਤਕਰੀਬਨ 30-35 % ਪਾਕਿਸਤਾਨ ਤੋਂ ਉੱਜੜ ਕੇ ਆਏ ਸ਼ਰਨਾਰਥੀ ਹਿੰਦੂ ਪਰਿਵਾਰਾਂ ਵਿੱਚੋਂ ਸਨ, ਅਤੇ ਬਾਕੀ ਦੀਆਂ, ਰੋਜ਼ਗਾਰ ਦੀ ਖ਼ਾਤਿਰ ਦੂਸਰੇ ਪ੍ਰਾਂਤਾਂ ਤੋਂ ਆਏ, ਨੌਕਰੀ-ਪੇਸ਼ਾ ਮਾਪਿਆਂ ਦੀਆਂ ਬੇਟੀਆਂ ਸਨ। ਨੌਵੀਂ ਦੱਸਵੀਂ ਦੀ ਕਲਾਸ ਵਿੱਚ ਸਿਰਫ਼ ਦੋ ਲੜਕੀਆਂ ਸਿੱਖ ਪਰਿਵਾਰਾਂ ਵਿੱਚੋਂ ਸਨ। ਸਪਸ਼ਟ ਹੈ ਕਿ ਕਿਸੇ ਵੀ ਵਿਦਿਆਰਥਣ ਨੂੰ ਗੁਰਮੱਤਿ/ਗੁਰਬਾਣੀ ਬਾਰੇ ਬਿਲਕੁਲ ਕੋਈ ਸਮਝ/ਗਿਆਨ ਨਹੀਂ ਸੀ। ਨੌਵੀਂ ਦੱਸਵੀਂ ਦੀ ਪੁਸਤਕ ਵਿੱਚ ਗੁਰਬਾਣੀ ਦੇ ਕੁੱਝ ਸ਼ਬਦ ਅਤੇ `ਚੰਡੀ ਦੀ ਵਾਰ’ ਵੀ ਸ਼ਾਮਿਲ ਸਨ। ਗੁਰਬਾਣੀ ਦੇ ਸ਼ਬਦ ਪੜ੍ਹਾਉਣ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਗੁਰਮੱਤਿ ਦੇ ਸਿਧਾਂਤਾਂ ਬਾਰੇ ਸੰਖੇਪ ਜਿਹੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਮੱਤਿ ਦਾ ਮੂਲ ਸਿਧਾਂਤ, ‘ਇੱਕ ਅਕਾਲਪੁਰਖ’ ਤੋਂ ਬਿਨਾਂ ਹੋਰ ਮਿਥਿਹਾਸਕ ਹੋਂਦਾਂ/ਹਸਤੀਆਂ (ਦੇਵੀ ਦੇਵਤੇ, ਫ਼ਰਿਸ਼ਤੇ ਤੇ ਅਵਤਾਰ ਆਦਿ) ਨੂੰ ਇਸ਼ਟ ਮੰਨਣਾਂ ਗ਼ਲਤ ਹੈ; ਅਤੇ, ਗੁਰਮੱਤਿ ਦੇ ਨਿਯਮਾ ਅਨੁਸਾਰ ਵਿਚਰ ਕੇ ਹੀ ਮੁਕਤੀ ਪਾਈ ਜਾ ਸਕਦੀ ਹੈ। ਗੁਰਮੱਤਿ ਦੇ ਨਿਯਮਾ ਦੀ ਸੰਖੇਪ ਜਾਣਕਾਰੀ ਵੀ ਦਿੱਤੀ ਗਈ। ਲਗ ਪਗ ਸਾਰੀਆਂ ਵਿਦਿਆਰਥਣਾਂ ਨੇ ਰੀਝ ਤੇ ਉਤਸ਼ਾਹ ਨਾਲ ਸ਼ਬਦ-ਅਰਥ ਗ੍ਰਹਿਣ ਕੀਤੇ ਅਤੇ ਉਨ੍ਹਾਂ ਦੇ ਮਨਾਂ ਵਿੱਚ ਗੁਰਬਾਣੀ ਪ੍ਰਤਿ ਸੱਚੀ ਸ਼੍ਰੱਧਾ ਵੀ ਪੈਦਾ ਹੋ ਗਈ। ਜਦ `ਚੰਡੀ ਦੀ ਵਾਰ’ ਅਥਵਾ ‘ਵਾਰ ਸ੍ਰੀ ਭਗਉਤੀ ਜੀ ਕੀ। ਪਾਤਸ਼ਾਹੀ ੧੦। ਅਰਥਾਂ ਸਹਿਤ ਪੜ੍ਹਾਈ ਗਈ ਤਾਂ ਸਾਰੀਆਂ ਲੜਕੀਆਂ ਦਬੀ ਆਵਾਜ਼ ਵਿੱਚ ਘੁਸਰ ਮੁਸਰ ਕਰਨ ਲੱਗੀਆਂ। ਇਸ ਅਨੁਸ਼ਾਸਨ-ਹੀਨਤਾ ਦਾ ਕਾਰਣ ਪੁੱਛਣ `ਤੇ ਇੱਕ ਵਿਦਿਆਰਥਣ ਨੇ ਹੌਸਲਾ ਕਰਕੇ ਕਿਹਾ, “ਗਿਆਨੀ ਜੀ, ਤੁਸੀਂ ਤਾਂ ਕਹਿੰਦੇ ਸੀ ਦੇਵੀ ਦੇਵਤਿਆਂ ਨੂੰ ਇਸ਼ਟ ਨਹੀਂ ਬਣਾਉਣਾ ਪਰ ਦਸਵੇਂ ਗੁਰੂ ਦੁਆਰਾ ਰਚੀ ਗਈ ਇਸ ਰਚਨਾਂ ਵਿੱਚ ਤਾਂ ‘ਇੱਕ ਅਕਾਲ ਪੁਰਖ’ ਦੀ ਬਜਾਏ ਦੇਵੀ ਹੀ ਇਸ਼ਟ ਹੈ ਤੇ ਉਸੇ ਦੇ ਹੀ ਗੁਣ ਗਾਏ ਗਏ ਹਨ, ਅਤੇ ‘ਇੱਕ ਅਕਾਲ ਪੁਰਖ’ ਦਾ ਜ਼ਿਕਰ ਤੱਕ ਨਹੀਂ? ਦੂਸਰਾ, ਵਾਰ ਦੀਆਂ ਅੰਤਲੀਆਂ ਲਾਈਨਾਂ ਮੁਕਤੀ ਪ੍ਰਾਪਤ ਕਰਨ ਬਾਰੇ ਕਹਿੰਦੀਆਂ ਹਨ: “ਦੁਰਗਾ ਪਾਠ ਬਣਾਇਆ ਸਭੈ ਪਉੜੀਆ। ਫੇਰਿ ਨ ਜੂਨੀ ਆਇਆ ਜਿਨਿ ਇਹ ਗਾਇਆ”। ਹੁਣ ਤੁਸੀਂ ਆਪ ਹੀ ਦੱਸੋ ਕਿ ਗੁਰਮੱਤਿ ਦਾ ਸਿਧਾਂਤ ਠੀਕ ਹੈ ਜਾਂ ਗੁਰੁ ਗੋਬਿੰਦ ਸਿੰਘ ਜੀ ਦੀ ਰਚੀ `ਚੰਡੀ ਦੀ ਵਾਰ’ ਦਾ ਉਪਦੇਸ਼?” ਮੈ ਨਿਰਉੱਤ੍ਰ ਸਾਂ ਤੇ ਆਪਣੀ ਅਗਿਆਨਤਾ `ਤੇ ਸ਼ਰਮਿੰਦਾ ਵੀ। ਇਹ ਸ਼ਰਮਿੰਦਗੀ ‘ਕੁੱਬੇ ਨੂੰ ਲੱਤ ਕਾਰੀ’ ਵਾਂਗ ਸਾਬਤ ਹੋਈ। ਉਸੇ ਦਿਨ ਤੋਂ ਮੈਂ ਅਖਾਉਤੀ ਦਸਮ ਗ੍ਰੰਥ, ਵਿਸ਼ੇਸ਼ ਕਰਕੇ `ਚੰਡੀ ਦੀ ਵਾਰ’ ਤੇ ਨਿਤ ਨੇਮ ਵਿੱਚ ਸ਼ਾਮਿਲ ਕੀਤੀਆਂ ਕਵਿਤਾਵਾਂ (ਜਾਪੁ, ਸ਼ਬਦ ਹਜ਼ਾਰੇ, ਸੱ੍ਵਯੇ ਤੇ ਚੌਪਈ ਆਦਿ) ਨੂੰ, ਉਨ੍ਹਾਂ ਦੇ ਪ੍ਰਸੰਗ ਵਿੱਚ, ਘੋਖਣਾ ਆਰੰਭ ਦਿੱਤਾ, ਅਤੇ ਓਦੋਂ ਤੱਕ ‘ਅਖਾਉਤੀ ਗ੍ਰੰਥ’ ਦੇ ਵਿਸ਼ੇ `ਤੇ ਲਿਖੇ ਗਏ ਕਈ ਖੋਜ-ਪੱਤ੍ਰ ਵੀ ਪੜ੍ਹੇ। ਇਸ ਅਧਿਅਨ ਉਪਰਾਂਤ ਦਾਸ ਨੇ ਇਹ ਨਿਰਣਾਂ ਕੀਤਾ: ਪਹਿਲਾ, ਅਖਾਉਤੀ ਦਸਮ ਗ੍ਰੰਥ ਇੱਕ ਅਸ਼ੁਲੀਲ ਸੰਸਾਰਕ ਰਚਨਾਂ ਹੈ ਜਿਸ ਦਾ ਗੁਰੂ, ਗੁਰਮੱਤਿ/ਗੁਰਬਾਣੀ ਅਤੇ ਅਧਿਆਤਮਿਕਤਾ ਨਾਲ ਦੂਰ ਦਾ ਵੀ ਸੰਬੰਧ ਨਹੀਂ। ਦੂਜਾ, ਇਹ ਰਚਨਾਂ (ਨਿਤਨੇਮ ਵਿੱਚ ਘੁਸੇੜੀਆਂ ਰਚਨਾਵਾਂ ਜਾਪੁ, ਸ਼ਬਦ ਹਜ਼ਾਰੇ, ਸ੍ਵੱਯੇ ਤੇ ਚੌਪਈ ਸਮੇਤ) ਗੁਰੂ ਗੋਬਿੰਦ ਸਿੰਘ ਦੀ ਕ੍ਰਿਤ ਨਹੀਂ ਹੋ ਸਕਦੀ। ਤੀਸਰਾ, ਪਹਿਲੀਆਂ ਦੋਨਾਂ ਦਲੀਲਾਂ ਕਰਕੇ ਇਹ ਅਖਾਉਤੀ ਗ੍ਰੰਥ ਸ਼੍ਰੱਧਾ ਸਤਿਕਾਰ ਦੇ ਯੋਗ ਉੱਕਾ ਹੀ ਨਹੀਂ, ਸਗੋਂ ਇਸ ਦਾ ਪੂਰਨ ਪਰਿਤਿਆਗ ਕਰਨਾ ਗੁਰੂ (ਗ੍ਰੰਥ) ਦੇ ਸਿੱਖ ਦਾ ਪਰਮ ਕਰਤੱਵ ਬਣਦਾ ਹੈ। (ਨੋਟ:- ਕਈ ਗੁਟਕਿਆਂ ਵਿੱਚ `ਚੰਡੀ ਦੀ ਵਾਰ’ ਵੀ ਸ਼ਾਮਿਲ ਕੀਤੀ ਹੋਈ ਹੈ)।

ਕੂੜ ਦੇ ਪੋਥੇ ਦੀ ਕੁਸੈਲੀ ਤੇ ਮਾਰੂ ਅਸਲੀਯਤ ਤੋਂ ਜਾਣੂ ਹੋ ਕੇ ਵੀ ਇੱਕ ਅਤਿਅੰਤ ਕੌੜਾ ਸੱਚ ਅੱਜ ਤੱਕ ਦਾਸ ਨੂੰ ਬੇਚੈਨ ਕਰਦਾ ਆ ਰਿਹਾ ਹੈ। ਉਹ ਇਹ ਕਿ ਦਾਸ ਤੇ ਦਾਸ ਵਰਗੇ ਕਈ ਹੋਰ ਅਣਜਾਣ ਅਗਿਆਨੀਆਂ ਨੂੰ ਜੋ ਗਿਆਨ ਕੌਮ ਦੇ ਕਹਿੰਦੇ ਕਹਾਉਂਦੇ ‘ਰੌਸ਼ਨ ਦਿਮਾਗ’ ਆਗੂ (ਪ੍ਰੋਫ਼ੈਸਰ, ‘ਪ੍ਰਤਿਭਾਸ਼ਾਲੀ’ ਸ਼ਖ਼ਸੀਅਤਾਂ, ਪੰਥ-ਦਰਦੀ, ਜਥੇਦਾਰ, ਰਾਗੀ, ਪ੍ਰਚਾਰਕ, ਤੇ ਕਾਲਪਨਿਕ ਤੇ ਝੂਠੀਆਂ ਖ਼ੁਸ਼ੀਆਂ ਨਾਲ ਝੋਲੀਆਂ ਭਰਨ ਵਾਲਾ ਪੁਜਾਰੀ ਲਾਣਾ ਆਦਿ) ਦੋ ਸੌ ਸਾਲ ਤੋਂ ਵੀ ਵੱਧ ਸਮੇ ਵਿੱਚ ਨਹੀਂ ਦੇ ਸਕੇ ਉਹੀ ਗਿਆਨ, ਅਲ੍ਹੜ ਅਞਾਂਣੀਆਂ ਲੜਕੀਆਂ, ਜਿਨ੍ਹਾਂ ਦਾ ਗੁਰਬਾਣੀ/ਗੁਰਮੱਤਿ ਨਾਲ ਦੂਰ ਦਾ ਵੀ ਵਾਸਤਾ ਨਹੀਂ ਸੀ, ਨੇ ਛਿਣ ਭਰ ਵਿੱਚ ਹੀ ਆਪਣੇ ਅਗਿਆਨ ਅਧਿਆਪਕ ਨੂੰ ਦਿੱਤਾ! ! ਕਹਿੰਦੇ ਹਨ ਕਿ ਪ੍ਰੋਢ ਤੇ ਸਿਆਣੇ ਵਿਅਕਤੀ ਰਿੱਝਦੇ ਚਾਵਲਾਂ ਵਿੱਚੋਂ ਇੱਕ ਚਾਵਲ ਨੂੰ ਟੋਹ ਕੇ ਦੱਸ ਦਿੰਦੇ ਹਨ ਕਿ ਚਾਵਲ ਪੱਕ ਗਏ ਹਨ ਕਿ ਨਹੀਂ; ਪਰੰਤੂ ਸਾਡੇ, ਕੌਮ ਨੂੰ ਜਾਗਰਿਤ ਕਰਨ ਤੇ ਦੁਬਿਧਾ ਵਿੱਚੋਂ ਕੱਢਣ ਦਾ ਦਅਵਾ ਕਰਨ ਵਾਲੇ ਭੇਖੀ ਤੇ ਫ਼ਰੇਬੀ ਆਗੂਆਂ ਨੂੰ ਸਾਰੇ ਚਾਵਲ ਟੋਹ ਕੇ ਵੀ ਪਤਾ ਨਹੀਂ ਲੱਗਿਆ ਕਿ ਚਾਵਲ ਤਾਂ ਸਾਰੇ ਦੇ ਸਾਰੇ ਕੱਚੇ ਹਨ! ! ! ਅਰਥਾਤ ਸਾਰੇ ਦਾ ਸਾਰਾ ਅਖਾਉਤੀ ‘ਦਸਮ ਗ੍ਰੰਥ’ ਕੱਚੀ ਰਚਨਾ ਹੈ। ਇਸ ਸੱਚ ਦਾ ਕਾਰਣ, ਜੋ ਦਾਸ ਸਮਝ ਸਕਿਆ ਹੈ, ਇਹ ਹੈ ਕਿ ਉਨ੍ਹਾਂ, ਇੱਕ ਚਾਵਲ ਟੋਹ ਕੇ, ਚਾਵਲਾਂ ਦੇ ਕੱਚੇ ਜਾਂ ਪੱਕੇ ਹੋਣ ਦਾ ਸਹੀ ਨਿਰਣਾ ਕਰਨ ਵਾਲੀਆਂ ਲੜਕੀਆਂ ਵਿੱਚ ਸੱਚ ਦਾ ਮਾਦਾ ਸੀ ਅਤੇ ਉਹ ਸੁਆਰਥ-ਹੀਣ ਤੇ ਕਪਟ-ਰਹਿਤ ਸਨ। ਇਸ ਦੇ ਉਲਟ, ਸਾਡੇ ਲੋਟੂ ਧਾਰਮਿਕ ਲੀਡਰਾਂ ਦਾ ਮਨ ਮਲੀਨ ਹੈ ਅਤੇ ਉਹ ਆਪਣੇ ਸੁਆਰਥ ਦੀ ਖ਼ਾਤਿਰ ‘ਸੱਚ’ ਉੱਤੇ ਪੜਦਾ ਪਾ ਕੇ ਝੂਠ ਦਾ ਪ੍ਰਚਾਰ ਕਰਦੇ ਰਹੇ ਹਨ; ਅਤੇ ਕਰ ਰਹੇ ਹਨ। ਇੱਥੇ ਦਾਸ ਇਸ ਵਿਵਾਦ ਨਾਲ ਸੰਬੰਧਿਤ ਕਈ ਨੁਕਤਿਆਂ ਵਿੱਚੋਂ ਕੇਵਲ ਦੋ ਨੁਕਤੇ ਹੀ ਪਾਠਕਾਂ ਨਾਲ ਸਾਂਝੇ ਕਰਨਾਂ ਚਾਹੇਗਾ। ਇੱਕ ਤਾਂ ਹੈ ‘ਦੁਬਿਧਾ’, ਤੇ ਦੂਜਾ ‘ਉਸਤਤਿ ਤੇ ਨਿੰਦਾ’। ਇਹ ਢਾਹੂ ਰੁਚੀਆਂ ਬੇਲੋੜੇ ਵਿਵਾਦਾਂ ਦੀ ਚੰਗਿਆੜੀ ਨੂੰ ਭਾਂਬੜ ਬਣਾਉਂਦੀਆਂ ਹਨ।

ਦੁਬਿਧਾ:-

ਦੁਬਿਧਾ ਦੇ ਅਰਥ ਹਨ: ਦੋ-ਚਿਤੀ, ਦ੍ਵੈਤ, ਇੱਕੋ ਸਮੇ ਦੋ ਵਿਰੋਧੀ ਵਿਚਾਰਾਂ ਵਿੱਚ ਵਿਸ਼ਵਾਸ, ਦੋ ਜਾਂ ਦੋ ਤੋਂ ਵੱਧ ਇਸ਼ਟਾਂ ਵਿੱਚ ਯਕੀਨ ਆਦਿ। ਗੁਰੂ (ਗ੍ਰੰਥ) ਅਤੇ ਕੱਥਿਤ ਦਸਮ ਗ੍ਰੰਥ ਦੋਹਾਂ ਪ੍ਰਤਿ ਸ਼ਰਧਾ ਰੱਖਣੀ ਦੁਬਿਧਾ ਦੀ ਪ੍ਰਤੱਖ ਉਦ੍ਹਾਰਣ ਹੈ। ਦੁਬਿਧਾ ਮਨ ਦੀ ਭਟਕਨ ਦਾ ਪ੍ਰਤੀਕ ਹੈ। ਦੁਬਿਧਾ ਇੱਕ ਮਾਨਸਿਕ ਰੋਗ ਹੈ ਜੋ ਮਨ/ਬੁੱਧਿ ਨੂੰ ਕਮਜ਼ੋਰ ਕਰਦਾ ਹੈ। ਦੋ-ਚਿਤੀ ਵਿੱਚ ਪਿਆ ਮਨੁੱਖ ਸੰਸਾਰਕ ਜਾਂ ਅਧਿਆਤਮਿਕ ਜੀਵਨ-ਮਨੋਰਥ ਨੂੰ ਭਲੀ-ਭਾਂਤ ਪੂਰਾ ਨਹੀਂ ਕਰ ਸਕਦਾ। ਦੁਬਿਧਾ-ਗ੍ਰਸਤ ਵਿਅਕਤੀ ਦ੍ਰਿੜ੍ਹ ਨਹੀਂ ਹੁੰਦਾ, ਇਸ ਲਈ ਉਹ ਮੰਜ਼ਿਲ `ਤੇ ਪਹੁੰਚਣ ਦੀ ਬਜਾਏ ਰਾਹ ਵਿੱਚ ਹੀ ਭਟਕ ਕੇ ਰਹਿ ਜਾਂਦਾ ਹੈ। ਇਸ ਸੱਚ ਨੂੰ ਗੁਰਬਾਣੀ ਵਿੱਚ ਕਈ ਥਾਂ ਦਰਸਾਇਆ ਗਿਆ ਹੈ:-

“ਦੁਬਿਧਾ ਰੋਗੁ ਸੁ ਅਧਿਕ ਵਡੇਰਾ ਮਾਇਆ ਕਾ ਮੁਹਤਾਜ ਭਇਆ॥” ਭੈਰਉ ਅਸ: ਮ: ੧

“ਦੁਬਿਧਾ ਬਉਰੀ ਮਨੁ ਬਉਰਾਇਆ॥ ਝੂਠੇ ਲਾਲਚਿ ਜਨਮੁ ਗਵਾਇਆ॥ ……ਪ੍ਰਭਾਤੀ ਅਸ: ਮ: ੧

“ਦੁਬਿਧਾ ਦੁਰਮਤਿ ਅਧੁਲੀ ਕਾਰ॥” ਬਸੰਤ ਮ: ੧

ਦੁਬਿਧਾ ਦਾ ਪਰਮੁੱਖ ਕਾਰਣ ਹੈ ਅਗਿਆਨਤਾ। ਅਗਿਆਨ ਵਿਅਕਤੀ ਵਿੱਚ ਬਿਬੇਕਤਾ ਦੀ ਅਣਹੋਂਦ ਜਾਂ ਘਾਟ ਹੁੰਦੀ ਹੈ, ਉਹ ਠੀਕ ਗ਼ਲਤ ਦੀ ਪਹਿਚਾਨ ਕਰਨ ਤੋਂ ਅਸਮਰਥ ਹੁੰਦਾ ਹੈ। ਦੁਬਿਧਾ-ਗ੍ਰਸਤ ਵਿਅਕਤੀ ਗੁਰੂ (ਗ੍ਰੰਥ) ਤੋਂ ਸੇਧ ਲੈ ਕੇ ਸਹੀ ਸੋਚ ਦੇ ਸਹਾਰੇ ਆਪਣੇ ਇੱਕ ਵਿਸ਼ਵਾਸ ਵਿੱਚ ਦ੍ਰਿੜ੍ਹ ਹੋ ਸਕਦਾ ਹੈ। ਪਰ, ਸਾਡਾ ਦੁਖਾਂਤ ਇਹ ਹੈ ਕਿ ਸਾਨੂੰ ਸੇਧ ਦੇਣ ਵਾਲੇ, ਧਰਮ-ਸਥਾਨਾਂ `ਤੇ ਅਧਿਕਾਰ ਜਮਾਈ ਬੈਠੇ ਮਾਇਆ-ਡੱਸੇ ਸਰਪਰਸਤ ਤੇ ਪੁਜਾਰੀ, ਜੋ ਆਪਣੇ ਆਪ ਨੂੰ ਗੁਰੁ-ਘਰਾਂ ਦੇ ‘ਵਜ਼ੀਰ’, ਪੰਥ-ਸੇਵਕ ਆਦਿਕ ਆਖਦੇ/ਅਖਵਾਉਂਦੇ ਹਨ, ਅਤੇ ਆਪਣੀ ਕੋਝੀ ਅਸਲੀਅਤ ਛੁਪਆਉਣ ਲਈ ਆਪਣੇ ਨਾਂਵਾਂ ਨੂੰ ਕਈ ਤਰ੍ਹਾਂ ਦੇ ਲਕਬਾਂ ਨਾਲ ਸ਼ਿੰਗਾਰਦੇ ਹਨ, ਉਹ ਆਪ ਹੀ ਦੁਬਿਧਾ ਦੇ ਚਿੱਕੜ ਵਿੱਚ ਗੱਚ ਹਨ। ਗੁਰ-ਗਿਆਨ-ਖ਼ਜ਼ਾਨੇ ਉੱਤੇ ਸੈਂਕੜੇ ਸਾਲਾਂ ਤੋਂ ਸੱਪਾਂ ਵਾਂਗ ਬੈਠੇ ਇਹ ਪਾਜੀ ਹੀ ਹਨ ਜਿਨ੍ਹਾਂ ਨੇ ਇਸ ਕੂੜ-ਕਿਤਾਬ ‘ਦਸਮ ਗ੍ਰੰਥ’ ਨੂੰ ਸਥਾਪਿਤ ਕਰਨ ਲਈ ਪੂਰਾ ‘ਯੋਗ ਦਾਨ’ ਪਾਇਆ ਅਤੇ ਪਾ ਰਹੇ ਹਨ। ਇਹ ਉਹੀ ਲੋਕ ਹਨ ਜਿਨ੍ਹਾਂ ਨੇ ਆਪਣੀਆਂ ਹਾਜ਼ਰੀਆਂ ਭਰ ਭਰ ਕੇ ਹੇਮ ਕੁੰਟ ਵਰਗੇ ਕਈ ਮਿਥਿਹਾਸਕ ਸਥਾਨਾਂ ਨੂੰ ਇਤਿਹਾਸਕ ਬਣਾ ਕੇ, ਅਤੇ ਕੂੜ-ਕਬਾੜੀ ਰਚਨਾਵਾਂ ਨੂੰ ਗੁਰੂਆਂ ਦੇ ਨਾਵਾਂ ਨਾਲ ਜੋੜ ਕੇ ਉਨ੍ਹਾਂ ਦਾ ਪ੍ਰਚਾਰ ਕਰਦਿਆਂ ਸਾਰੇ ਸੰਸਾਰ ਦੇ ਸਿੱਖਾਂ ਨੂੰ ਗੁਰੁ ਗ੍ਰੰਥ ਵੱਲੋਂ ਬੇਮੁੱਖ ਕਰਕੇ ਪੁੱਠੇ ਰਾਹ ਤੋਰਿਆ ਤੇ ਭਟਕਨ ਵਿੱਚ ਪਾਇਆ। ਪੁਜਾਰੀ ਸ਼੍ਰੇਣੀ ਦਾ ਕੋਈ ਵੀ ਪੁਜਾਰੀ ਇਸ ਦੋਸ/ਪਾਪ ਤੋਂ ਮੁਕਤ ਨਹੀਂ ਹੈ, ਅਤੇ ਨਾ ਹੀ ਸਿੱਖ ਕੌਮ ਦੀ ਬਹੁ ਗਿਣਤੀ।

ਦੁਬਿਧਾ ਦਾ ਦੂਜਾ ਕਾਰਣ, ਜਿਵੇਂ ਕਿ ਉੱਪਰ ਦੱਸਿਆ ਜਾ ਚੁੱਕਿਆ ਹੈ, ਮੱਕਾਰੀ ਹੈ। ਮੱਕਰੇ ਨੂੰ ਭਲੀ ਭਾਂਤ ਪਤਾ ਹੁੰਦਾ ਹੈ ਕਿ ਠੀਕ ਕੀ ਹੈ ਤੇ ਗ਼ਲਤ ਕੀ; ਪਰੰਤੂ, ਉਹ ਪਖੀ ਵਿਪਖੀ ਦੋਹਾਂ ਧਿਰਾਂ ਵਿੱਚ ਮਕਬੂਲ ਹੋਣ ਲਈ ਦ੍ਰਿੜ੍ਹਤਾ ਨਾਲ ਨਾ ਏਧਰ ਹੁੰਦਾ ਹੈ ਤੇ ਨਾ ਓਧਰ। ਇਸ ਪਿੱਛੇ ਉਸ ਦਾ ਗੁੱਝਾ ਸੁਆਰਥ ਹੁੰਦਾ ਹੈ। ਜੇ ਉਹ ਸੱਚ ਦੇ ਰਾਹ ਜਾਣ ਵਾਲਿਆਂ ਦਾ ਸਾਥ ਦਿੰਦਾ ਹੈ ਤਾਂ ਅਗਿਆਨ ਤੇ ਝੂਠੇ (ਜਿਨ੍ਹਾਂ ਦੀ ਗਿਣਤੀ ਸੱਚਿਆਂ ਨਾਲੋਂ ਹਮੇਸ਼ਾ ਕਿਤੇ ਜ਼ਿਆਦਾ ਹੁੰਦੀ ਹੈ) ਉਸ ਦਾ ਸਾਥ ਛੱਡ ਜਾਣ ਗੇ ਅਤੇ, ਅਜਿਹੀ ਸਥਿਤੀ ਵਿੱਚ ਉਸ ਦੀ ਆਮਦਨ ਨੂੰ ਕਾਰੀ ਸੱਟ ਵੱਜੇ ਗੀ। ਅਜਿਹੇ ਆਪਾ-ਪਰਸਤ ਤਿਕੜਮਬਾਜਾਂ ਦੇ ਜੀਵਨ ਦਾ ਮੁੱਖ ਮਨੋਰਥ ਵੱਧ ਤੋਂ ਵੱਧ ਲੋਕਾਂ ਨੂੰ ਮਗਰ ਲਾ ਕੇ ਉਨ੍ਹਾਂ ਤੋਂ ਮਾਇਆ ਬਟੋਰਨਾਂ, ਅਤੇ ਆਪਣੀ ਹਉਮੈ ਦੀ ਫੰਡਰ ਮੱਝ ਨੂੰ ਪੱਠੇ ਪਾਉਣਾ ਹੁੰਦਾ ਹੈ। ਇਹ ਪਾਜੀ ਮੌਕਾਪਰਸਤ ਹੁੰਦੇ ਹਨ। ਇਹ, ਪੌਣ-ਕੁੱਕੜ (Weather Cock) ਦੀ ਤਰ੍ਹਾਂ, ਪਾਸਾ ਪਲਟਦੇ ਰਹਿੰਦੇ ਹਨ। ਇਨ੍ਹਾਂ ਦਾ ਜੀਵਨ-ਮਨੋਰਥ ਈਸ਼ਵਰ-ਪਰਸਤੀ ਨਹੀਂ ਸਗੋਂ ਸ੍ਵਵੈ-ਪਰਸਤੀ ਹੁੰਦਾ ਹੈ। ਸੱਭ ਭਲੀ ਭਾਂਤ ਜਾਣਦੇ ਹਨ, ਇਸ ਲਈ ਇੱਥੇ ਪ੍ਰਮਾਣ ਦੇਣ ਦੀ ਲੋੜ ਨਹੀਂ। ਸਾਡਾ ਘੋਰ ਦੁਖਾਂਤ ਇਹ ਹੈ ਕਿ ਦੁਬਿਧਾ ਦੂਰ ਕਰਨ ਦਾ ਦਅਵਾ ਕਰਨ ਵਾਲੇ ਲੀਡਰ ਆਪ ਦੁਬਿਧਾ-ਰੋਗ ਦੇ ਮਰੀਜ਼ ਹਨ।

ਉਸਤਤਿ/ਨਿੰਦਾ:-

ਉਸਤਤਿ, ਜੇ ਇਸ ਦਾ ਆਧਾਰ ਸੱਚ ਹੈ ਤਾਂ, ਇਸ ਸ਼ਬਦ ਦੇ ਸਰਲ ਅਰਥ ਹਨ: ਪ੍ਰਸ਼ੰਸਾ, ਤਅਰੀਫ਼, ਤੇ ਗੁਣਾਂ ਦਾ ਗਾਇਨ ਆਦਿ। ਅਤੇ ਜੇ ਉਸਤੱਤਿ ਦਾ ਮੂਲ ਝੂਠ ਹੈ ਤਾਂ ਇਸ ਨੂੰ ਚਾਪਲੂਸੀ, ਚਮਚਾਗੀਰੀ ਕਹਿੰਦੇ ਹਨ। ਝੂਠੀ ਉਸਤਤਿ ਅਥਵਾ ਚਾਪਲੂਸੀ/ਖ਼ੁਸ਼ਾਮਦ ਮਾਨਵ ਦਾ ਅਮਾਨਵੀ ਲੱਛਣ ਹੈ। ਗੁਰਬਾਣੀ ਵਿੱਚ ਇਸ ਸ਼ਬਦ ਨੂੰ ਦੋਨਾਂ ਮਅਨਿਆਂ ਵਿੱਚ ਵਰਤਿਆ ਗਿਆ ਹੈ। ਗੁਰਮੱਤਿ ਅਨੁਸਾਰ, ਸਿੱਖ ਨੇ ਗੁਣ ਕੇਵਲ ਕਾਦਰ, ਉਸ ਦੀ ਕੁਦਰਤ ਅਤੇ ਗੁਰੂ ਦੇ ਗਾਉਣੇ ਹਨ। ਇਹੋ ਸੱਚੀ ਉਸਤਤਿ ਹੈ ਤੇ ਇਹੋ ਹੀ ਸਿੱਖੀ ਹੈ। ‘ਸੱਚ’ ਦੀ ਉਸਤਤਿ, ਇੱਕ ਦੇ ਲੜ ਲੱਗੇ, ਸੱਚ ਦੇ ਰਾਹ ਦੇ ਪਾਂਧੀ ਹੀ ਕਰਦੇ ਹਨ। ਗੁਰ-ਹੁਕਮ ਹੈ:

“ਉਸਤਤਿ ਕਰਹੁ ਸਦਾ ਪ੍ਰਭ ਅਪਨੇ ਜਿਨਿ ਪੂਰੀ ਕਲ ਰਾਖੀ॥

ਜੀਅ ਜੰਤ ਸਭਿ ਭਏ ਪਵਿਤ੍ਰਾ ਸਤਿਗੁਰ ਕੀ ਸਚੁ ਸਾਖੀ॥” ਮ: ੫

“ਉਸਤਤਿ ਮਨ ਮਹਿ ਕਰਿ ਨਿਰੰਕਾਰ॥ ਕਰਿ ਮਨ ਮੇਰੇ ਸਤਿ ਬਿਉਹਾਰ॥” ਸੁਖਮਨੀ

ਪਰੰਤੂ, ਜਦੋਂ ਅਸੀਂ ਪਰਮਾਤਮਾ, ਉਸ ਦੀ ਪ੍ਰਾਕ੍ਰਿਤੀ, ਅਤੇ ਗੁਰੁ (ਗ੍ਰੰਥ) ਵੱਲੋਂ ਮੁੱਖ ਮੋੜ ਕੇ ਭੇਖੀ ਸੰਸਾਰੀਆਂ ਅਤੇ ਉਨ੍ਹਾਂ ਦੁਆਰਾ ਰਚੀਆਂ ਕੱਚੀਆਂ ਰਚਨਾਵਾਂ ਦੇ ਗੁਣ ਗਾਣ ਲੱਗ ਜਾਈਏ ਤਾਂ ਸਮਝੋ ਕਿ ਅਸੀਂ ਝੂਠੀ ਉਸਤਤਿ ਦੇ ਹਾਮੀ, ਅਤੇ ਦੁਬਿਧਾ-ਰੋਗ ਦੇ ਮਰੀਜ਼ ਹਾਂ; ਅਤੇ ਇਉਂ ਪ੍ਰਭੂ ਅਤੇ ਗੁਰੁ (ਗ੍ਰੰਥ) ਦੋਨਾਂ ਤੋਂ ਬੇਮੁੱਖ ਹਾਂ। ਗੁਰ-ਸਿਧਾਂਤਾਂ ਨੂੰ ਪ੍ਰੋਖੇ ਕਰਕੇ ਭੇਖੀ ਸੰਸਾਰੀਆਂ ਨੂੰ ‘ਮਹਾਨ’ ਮੰਨ ਕੇ ਉਨ੍ਹਾਂ ਦੀ ਝੂਠੀ ਉਸਤਤਿ ਕਰੀ ਜਾਣਾ ਚਾਪਲੂਸੀ/ਚਮਚਾਗੀਰੀ ਹੈ। ਝੂਠੇ ਸੰਸਾਰੀਆਂ ਦੀ ਪ੍ਰਸ਼ੰਸਾ ਵੀ ਝੂਠੇ, ਤਰਕ-ਹੀਣੇ ਤੇ ਥੋਥੇ ਲੋਕ ਹੀ ਕਰਦੇ ਹਨ। ਅਜਿਹੇ ਸਾਕਤਾਂ ਨੂੰ ਦੁਨਿਆਵੀ ਬੋਲੀ ਵਿੱਚ ਚਾਪਲੂਸ/ ਚਮਚੇ (Sycophants) ਕਿਹਾ ਜਾਂਦਾ ਹੈ। ਇਹੋ ਜਿਹੇ ਚਮਚੇ ਬੇਲੋੜੇ ਵਿਵਾਦ ਖੜੇ ਕਰਕੇ ‘ਸੱਚ’ ਦੇ ਅਭਿਲਾਸ਼ੀਆਂ ਦਾ ਧਿਆਨ ਖੰਡਿਤ ਕਰਦੇ ਹਨ ਤੇ ਉਨ੍ਹਾਂ ਦੇ ਰਾਹ ਦਾ ਰੋੜਾ ਬਣਦੇ ਹਨ। ਅਧਿਆਤਮਿਕ ਖੇੱਤ੍ਰ ਵਿੱਚ ਦੁਨਿਆਵੀਆਂ ਦੀ ਚਾਪਲੂਸੀ ਕਰਨੀ ਪਾਪ ਹੈ; ਪਰੰਤੂ, ਅਧਿਆਤਮਿਕਤਾ ਦੇ ਪ੍ਰਸੰਗ ਵਿੱਚ ਖ਼ੁਸਾਮਦ ਕਰਾਉਣ ਵਾਲਾ ਸ੍ਵੈ-ਪਰਸਤ ਹਉਮੈ ਦਾ ਗ਼ੁਲਾਮ ਮਹਾਂ ਪਾਪੀ ਹੈ। ਝੂਠੀ ਉਸਤਤਿ ਕਰਨੀ/ਕਰਾਉਣੀ ਅਤੇ ਇਸ ਤੋਂ ਪ੍ਰਭਾਵਿਤ ਹੋਣਾਂ ਗੁਰਮੱਤਿ ਵਿੱਚ ਵਿਵਰਜਿਤ ਹੈ।

“ਉਸਤਤਿ ਨਿੰਦਾ ਦੋਊ ਬਿਬਰਜਿਤ ਤਜਹੁ ਮਾਨੁ ਅਭਿਮਾਨਾ॥

ਲ਼ੋਹਾ ਕੰਚਨੁ ਸਮ ਸਮ ਕਰਿ ਜਾਨਹਿ ਤੇ ਮੂਰਤਿ ਭਗਵਾਨਾ॥” ਕਬੀਰ ਜੀ

“ਉਸਤਤਿ ਨਿੰਦਿਆ ਨਾਹਿ ਜਿਹ ਕੰਚਨ ਲੋਹ ਸਮਾਨਿ॥

ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ॥” ਮ: ੯

ਝੂਠੀ ਉਸਤਤਿ ਵਾਂਗ ਨਿੰਦਾ ਵੀ ਇੱਕ ਮਾਨਸਿਕ ਰੋਗ ਹੈ। ਨਿੰਦਾ ਨਾਮਕ ਬਲਾ ਦਾ ਮੂਲ ਈਰਖਾ ਹੈ। ਈਰਖਾ ਤੇ ਨਿੰਦਾ ਓਹੀ ਕਰਦਾ ਹੈ ਜੋ ਆਪ ਤਰਕ-ਰਹਿਤ ਤੇ ਹੀਣਾਂ ਹੋਵੇ। ਅਤੇ, ਸਹਿਣ-ਸ਼ੀਲਤਾ ਤੇ ਖਿਮਾ ਦੇ ਗੁਰਮੁਖੀ ਗੁਣਾਂ ਤੋਂ ਕੋਰਾ ਵੀ। ਨਿੰਦਕ ਵਿੱਚ, ਚਾਪਲੂਸ ਵਾਂਗ, ਅੱਵਲ ਦਰਜੇ ਦੀ ਢੀਠਤਾ ਹੁੰਦੀ ਹੈ; ਲੱਖ ਮਨ੍ਹਾਂ ਕਰਨ ਤੇ ਵੀ ਉਹ ਇਸ ਰੁਚੀ ਨੂੰ ਤਿਆਗਣ ਨੂੰ ਤਿਆਰ ਨਹੀਂ ਹੁੰਦਾ। ਇਸੇ ਮਨੋਵਿਗਿਆਨਕ ਸੱਚ ਨੂੰ ਮੁੱਖ ਰੱਖਦਿਆਂ ਭਾਈ ਗੁਰਦਾਸ ਨੇ ਨਿੰਦਕ ਦੀ ਤੁਲਨਾਂ ਕੁੱਤੇ, ਸੱਪ ਤੇ ਖਰ ਆਦਿ ਨਾਲ ਕੀਤੀ ਹੈ। (ਪਾਠਕ-ਜਨ ਯਾਦ ਰੱਖਣ ਕਿ ਗੁਰਮੱਤਿ ਦੇ ਦੋਖੀ ਭੇਖੀਆਂ ਦੀਆਂ ਕਰਤੂਤਾਂ ਦਾ ਦਲੀਲ-ਯੁਕਤ ਖੰਡਨ ਨਿੰਦਾ ਨਹੀਂ ਹੈ।)

“ਛਡਿਹੁ ਨਿੰਦਾ ਤਾਤਿ ਪਰਾਈ॥ ਪੜਿ ਪੜਿ ਦਝਹਿ ਸਾਤਿ ਨ ਆਈ॥

ਮਿਲਿ ਸਤਸੰਗਤਿ ਨਾਮੁ ਸਲਾਹਹੁ ਆਤਮਰਾਮੁ ਸਖਾਈ ਹੇ॥” ਮਾਰੂ ਸੋਲਹੇ ਮ: ੧ (ਤਾਤਿ:- ਈਰਖਾ)

ਝੂਠੀ ਤਅਰੀਫ਼, ਨਿਰਮੂਲ ਨਿੰਦਾ ਤੇ ਈਰਖਾ ਖ਼ੁਸ਼ਾਮਦੀ ਦੀ ਕੋਝੀ ਸ਼ਖ਼ਸੀਅਤ ਦਾ ਸ਼ਿੰਗਾਰ ਹਨ। ਇਸ ਸ਼ਿੰਗਾਰ ਸਦਕਾ ਉਸ ਨੂੰ ਸਮਾਜ ਵਿੱਚ ਪ੍ਰਵਾਣ ਹੋਣਾ ਦਾ ਭਰਮ/ਭੁਲੇਖਾ ਹੈ। ਇਹੀ ਕਾਰਣ ਹੈ ਕਿ ਉਹ ਇਸ ‘ਸ਼ਿੰਗਾਰ’ ਨੂੰ ਤਿਆਗਣ ਲਈ ਤਿਆਰ ਨਹੀਂ।

ਅੰਤ ਵਿੱਚ ਦਾਸ ਗੁਰੁ-ਘਰ ਦੇ ਸਾਰੇ ਸ਼੍ਰੱਧਾਲੂਆਂ ਨੂੰ ਇਹੋ ਬੇਨਤੀ ਕਰੇਗਾ ਕਿ ਅਸੀਂ ਸਾਰੇ ਧਰਮ-ਦ੍ਰੋਹੀਆਂ ਦੁਆਰਾ ਲਿੱਖੀਆਂ ਤੇ ਪ੍ਰਵਾਣਿਤ ਕੂੜ-ਕਿਤਾਬਾਂ ਦਾ ਪੂਰਣ ਪਰਿਤਿਆਗ ਕਰਕੇ ਦੁਬਿਧਾ ਤੋਂ ਛੁਟਕਾਰਾ ਪਾਈਏ, ਅਤੇ ਪੂਰੀ ਦ੍ਰਿੜ੍ਹਤਾ, ਸ਼੍ਰੱਧਾ ਤੇ ਸਿਦਕ ਨਾਲ ਗੁਰੁ (ਗ੍ਰੰਥ) ਦੇ ਲੜ ਲੱਗੀਏ। ਇਸ ਪੁਨੀਤ ਕਰਮ ਲਈ ਅਸੀਂ, ਕਪਟੀ ਤਿਕੜਮਬਾਜਾਂ ਦੇ ਮਗਰ ਲੱਗ, ਵਿਵਾਦਾਂ ਵਿੱਚ ਉਲਝ ਕੇ ਸਮਾ ਬਰਬਾਦ ਨਾ ਕਰੀਏ। ਗੁਰੂ ਦੇ ਦੋਖੀਆਂ ਦੁਆਰਾ ਪੈਦਾ ਕੀਤੀ ਗਈ ਦੁਬਿਧਾ ਵਿੱਚੋਂ ਨਿਕਲਣ ਲਈ ਅਸੀਂ ਗੁਰੁ-ਘਰ ਦੇ ਬਿਬੇਕੀ, ਨਿਸ਼ਕਾਮ ਤੇ ਸੱਚੇ ਸੇਵਕਾਂ ਦੁਆਰਾ ‘ਦਸਮ ਗ੍ਰੰਥ’ ਬਾਰੇ ਲਿਖੀਆਂ ਗਈਆਂ ਖੋਜ-ਪੂਰਨ ਲਿਖਿਤਾਂ ਤੋਂ ਸਹਾਇਤਾ ਲੈ ਸਕਦੇ ਹਾਂ। ਇਸ ਮਕਸਦ ਲਈ ‘ਸਿੱਖ ਮਾਰਗ’ ਉੱਤੇ ਪੇਸਟ ਕੀਤੀਆਂ ਗਈਆਂ ਕਈ ਬੁੱਧਿ-ਜੀਵੀਆਂ (ਡਾ: ਗੁਰਮੁਖ ਸਿੰਘ ਜੀ, ਦਲਬੀਰ ਸਿੰਘ ਜੀ ਐੱਮ: ਐੱਸ: ਸੀ: , ਪ੍ਰਿੰਸੀਪਲ ਸਰਜੀਤ ਸਿੰਘ ਜੀ, ਸਰਵਜੀਤ ਸਿੰਘ ਜੀ, ਗੁਰਬਖ਼ਸ਼ ਸਿੰਘ ਜੀ ਕਾਲਾ ਅਫ਼ਗ਼ਾਨਾ ਅਤੇ ਕਈ ਹੋਰ) ਦੀਆਂ ਰਚਨਾਵਾਂ ਲਾਭਦਾਇਕ ਸਾਬਤ ਹੋਣਗੀਆਂ।

ਗੁਰਇੰਦਰ ਸਿੰਘ ਪਾਲ




.