. |
|
ਦਸਤਾਰਬੰਦੀ ਅਤੇ ਤਿਲਕ ਨਾਰੀਅਲ?
ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ
ਗੁਰਮੱਤ ਐਜੁਕੇਸ਼ਨ ਸੈਂਟਰ, ਦਿੱਲੀ
ਮੈਂਬਰ, ਧਰਮ ਪ੍ਰਚਾਰ ਕਮੇਟੀ, ਦਿ: ਸਿ: ਗੁ: ਪ੍ਰ: ਕ: ਦਿੱਲੀ: ਫਾਊਂਡਰ
ਸਿੱਖ ਮਿਸ਼ਨਰੀ ਲਹਿਰ ਸੰਨ 1956
ਸਾਨੂੰ ਇਹ ਨਹੀਂ ਭੁਲਣਾ ਚਾਹੀਦਾ ਕਿ ਅੱਜ ਸਾਨੂੰ ਜਿਨਾਂ ਵੀ ਸਿੱਖ
ਇਤਿਹਾਸ ਮਿਲ ਰਿਹਾ ਹੈ ਇਹ ਸਾਰਾ ਬਾਬਾ ਬੰਦਾ ਸਿੰਘ ਬਹਾਦੁਰ ਦੀ ਸ਼ਹਾਦਤ ਤੋਂ ਬਾਅਦ ਸਿੱਖ
ਵਿਰੋਧੀਆਂ, ਦੋਖੀਆਂ ਰਾਹੀਂ ਕੇਵਲ, ਗੁਰਮੱਤ ਦੀ ਚਾਸ਼ਣੀ ਚੜ੍ਹਾ ਕੇ ਲਿਖਿਆ ਤੇ ਤਿਆਰ ਕੀਤਾ ਹੋਇਆ
ਹੈ। ਜਾਂ ਜੋ ਆਪਣਿਆਂ ਰਾਹੀਂ ਤਿਆਰ ਹੋਇਆ, ਤਾਂ ਉਹ ਵੀ ਬਹੁਤਾ ਕਰ ਕੇ ਵਿਰੋਧੀ ਲਿਖਤਾਂ ਦੇ ਪ੍ਰਭਾਵ
ਹੇਠ ਹੀ। ਇਸ ਲਈ ਸਿੱਖਾਂ ਨੂੰ ਆਪਣਾ ਇਤਿਹਾਸ ਢੂੰਡਣ ਲਈ ਬੜੀਆਂ ਮਿਹਣਤਾਂ-ਮੁੱਸ਼ਕਤਾਂ ਦੀ ਲੋੜ ਹੈ।
ਸਿੱਖ ਇਤਹਾਸ ਨੂੰ ਢੂੰਡਣ ਲਈ, ਗੁਰਬਾਣੀ ਦੇ ਪ੍ਰਕਾਂਡ ਤੇ ਬੇਲਾਗ ਅਜਿਹੇ ਵਿਦਵਾਨਾਂ ਦੀ ਲੋੜ ਹੈ,
ਜੋ ਹੰਸ ਬਿਰਤੀ ਨਾਲ, ਇਤਹਾਸ ਨੂੰ ਨਿਰੋਲ ਗੁਰਬਾਣੀ ਕਸਵੱਟੀ `ਤੇ ਖੋਜਣ ਦੇ ਯੋਗ ਹੋਣ। ਇੱਥੇ ਅਸੀਂ
ਵਿਚਲੇ ਸਮੇਂ, ਸਿੱਖ ਇਤਿਹਾਸ `ਚ ਹੋਈਆਂ ਅਨੇਕਾਂ ਮਿਲਾਵਟਾਂ `ਚੋਂ ਕੇਵਲ ਦੋ ਦਾ ਹੀ ਜ਼ਿਕਰ ਕਰ ਰਹੇ
ਹਾਂ।
ਪਹਿਲਾ-ਗੁਰਗੱਦੀ ਸੌਪਣ ਸਮੇਂ ਹਰੇਕ ਆਉਣ ਵਾਲੇ ਗੁਰੂ-ਵਿਅਕਤੀ ਨੂੰ
ਪਹਿਲੇ ਗੁਰੂ ਪਾਤਸ਼ਾਹ “ਤਿਲਕ ਲਗਾਉਂਦੇ, ‘ਟਕਾ/ ਪੰਜ ਪੈਸੇ ਤੇ ਨਾਰੀਅਲ ਅੱਗੇ ਰੱਖ ਕੇ ਮੱਥਾ ਟੇਕ
ਦਿੰਦੇ ਸਨ”। ਦੂਜਾ-ਚੌਥੇ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਉਪ੍ਰੰਤ ਪੰਜਵੇਂ ਪਾਤਸ਼ਾਹ ਨਾਲ
‘ਦਸਤਾਰਬੰਦੀ ਦੀ ਬਨਾਵਟੀ ਘਟਨਾ ਜੋੜ ਕੇ, ਉਸ ਨੂੰ ਵੀ ਭਰਵੀਂ ਹਵਾ ਦਿੱਤੀ ਗਈ। ਇਹ ਦੋਵੇਂ ਗੱਲਾਂ
ਸਿੱਖਾਂ ਨੂੰ ਬ੍ਰਾਹਮਣੀ ਜਾਲ `ਚ ਫ਼ਸਾਉਣ ਦੀਆਂ ਚੋਰ ਦਰਵਾਜ਼ੇ ਤੋਂ ਗੁੱਝੀਆਂ ਚਾਲਾਂ ਹਨ।
ਗੁਰਗੱਦੀ ਸੌਂਪਣ ਬਾਰੇ- ਸੱਤੇ ਬਲਵੰਡ ਦੀ ਵਾਰ `ਚ ਦੂਜੇ ਪਾਤਸ਼ਾਹ ਨੂੰ
ਗੁਰਗੱਦੀ ਸੌਂਪਣ ਦਾ ਜ਼ਿਕਰ ਇਸ ਤਰ੍ਹਾਂ ਹੈ “ਗੁਰਿ ਚੇਲੇ ਰਹਰਾਸਿ ਕੀਈ, ਨਾਨਕਿ ਸਲਾਮਤਿ ਥੀਵਦੈ॥
ਸਹਿ ਟਿਕਾ (ਜ਼ਿੰਮੇਵਾਰੀ) ਦਿਤੋਸੁ ਜੀਵਦੈ” (ਪ: 966) ਹੋਰ ਲਵੋ! “ਥਾਪਿਆ
ਲਹਿਣਾ ਜੀਂਵਦੇ, ਗੁਰਿਆਈ ਸਿਰ ਛਤ੍ਰ ਫਿਰਾਯਾ॥ ਜੋਤੀ ਜੋਤ ਮਿਲਾਇ ਕੈ, ਸਤਿਗੁਰ ਨਾਨਕ ਰੂਪ
ਵਟਾਯਾ” (ਭਾ: ਗੁ: 1/45) ਇਸੇ ਦਾ ਜ਼ਿਕਰ ਭੱਟਾਂ ਦੇ ਸਵੈਯਾਂ `ਚ ਵੀ ਹੈ। ਬਾਣੀ ਸੱਦ,
ਪਉੜੀ ਪੰਜਵੀਂ, ਉਥੇ ਵੀ ਸਪਸ਼ਟ ਹੈ “… ਰਾਮਦਾਸ ਸੋਢੀ ਤਿਲਕੁ (ਜ਼ਿੰਮੇਵਾਰੀ) ਦੀਆ, ਗੁਰ
ਸਬਦੁ ਸਚੁ ਨੀਸਾਣੁ ਜੀਉ” (ਪੰ: 923) ਭਾਵ ਗੁਰੂ ਅਮਰਦਾਸ ਜੀ ਨੇ ‘ਸੋਢੀ ਕੁਲ ਦੇ
ਰਾਮਦਾਸ ਨੂੰ ਸੱਚ ਦੀ ਰਾਹਦਾਰੀ ਕਰਣ ਵਾਲੇ ਗੁਰਸ਼ਬਦ ਰਾਹੀਂ, ਗੁਰਗੱਦੀ ਦੀ ਜ਼ਿੰਮੇਵਾਰੀ (ਤਿਲਕ)
ਬਖਸ਼ੀ। ਇਥੇ ਭਗਤ ਸੁੰਦਰ ਜੀ ਨੇ “ਸਭੁ ਜਗਤੁ ਪੈਰੀ ਪਾਇ ਜੀਉ” ਤੇ “ਗੁਰ ਸਬਦੁ ਸਚੁ
ਨੀਸਾਣੁ ਜੀਉ” ਦੀ ਗੱਲ, ਤਾਂ ਸਾਫ਼ ਲਿਖੀ ਹੈ ਪਰ ਦਸਤਾਰਬੰਦੀ ਜਾਂ ਤਿਲਕ-ਨਾਰੀਅਲ ਦਾ ਇਸ਼ਾਰਾ
ਤੱਕ ਵੀ ਨਹੀਂ ਤਾਂ ਕਿਉਂ? ਕਿਉਂਕਿ ਜੋ ਕੰਮ ਕਦੇ ਹੋਏ ਹੀ ਨਹੀਂ, ਉਨ੍ਹਾਂ ਦਾ ਜ਼ਿਕਰ ਉਥੇ ਆਉਂਦਾ ਵੀ
ਕਿਵੇਂ?
ਉਪ੍ਰੋਕਤ ਇਤਿਹਾਸਕ ਘਟਨਾ ਆਪਣੇ ਆਪ `ਚ ਸਬੂਤ ਹੈ, ਜਦੋਂ ਤੀਜੇ ਪਾਤਸ਼ਾਹ ਨੇ,
ਗੁਰੂ ਰਾਮਦਾਸ ਜੀ ਨੂੰ ਗੁਰਿਆਈ ਸੋਂਪੀ ਤਾਂ ਇਸ ਦਾ ਢੰਗ “ਗੁਰ ਸਬਦੁ ਸਚੁ ਨੀਸਾਣੁ ਜੀਉ”
ਸੀ। ਇਥੇ ਤਿਲਕ ਵਾਲਾ ਲਫ਼ਜ਼ ਕਿਸੇ ਬ੍ਰਾਹਮਣੀ ਤਿਲਕ ਲਈ ਨਹੀਂ ਬਲਕਿ ਜ਼ਿੰਮੇਂਵਾਰੀ ਲਈ ਹੈ। ਇਸ
ਤਰ੍ਹਾਂ ਜਦੋਂ ਦੂਜੇ ਪਾਤਸ਼ਾਹ ਨੇ ਤੀਜੇ ਪਾਤਸ਼ਾਹ ਨੂੰ ਗੁਰਗੱਦੀ ਸੋਂਪੀ ਤਾਂ ਉਸ ਦਾ ਢੰਗ ਵੀ-ਦੂਜੇ
ਪਾਤਸ਼ਾਹ ਰਾਹੀਂ, ਤੀਜੇ ਪਾਤਸ਼ਾਹ ਨੂੰ ਗੁਰਬਾਣੀ ਦਾ ਖਜ਼ਾਨਾ ਸੌਂਪਣਾ ਹੀ ਸੀ। ਪੁਰਾਤਨ ਜਨਮ ਸਾਖੀ `ਚ
ਦੂਜੇ ਪਾਤਸ਼ਾਹ ਨੂੰ ਗੁਰਗੱਦੀ ਸੌਂਪਣਾ ਬਾਰੇ ਵੀ ਇਹੀ ਜ਼ਿਕਰ ਹੈ ਕਿ ਪਹਿਲੇ ਪਾਤਸ਼ਾਹ ਨੇ ਗੁਰਗੱਦੀ
ਸੌਂਪੀ ਤਾਂ ਆਪ ਨੇ, ਭਾਈ ਲਹਿਣਾ (ਗੁਰੂ ਅੰਗਦ ਸਾਹਿਬ) ਅੱਗੇ ਗੁਰਬਾਣੀ ਦਾ ਖਜ਼ਾਨਾ ਰੱਖ ਕੇ, ਮੱਥਾ
ਟੇਕ ਦਿੱਤਾ।
ਉਪ੍ਰੰਤ ਇਹੀ ਗੁਰਿਆਈ ਦੀ ਜ਼ਿੰਮੇਵਾਰੀ ਜਦੋਂ ਪੰਜਵੇਂ ਪਾਤਸ਼ਾਹ ਕੋਲ ਆਈ ਤਾਂ
ਉਸ ਬਾਰੇ ਗੁਰਬਾਣੀ `ਚ ਪੰਜਵੇਂ ਪਾਤਸ਼ਾਹ ਆਪ ਬਖਸ਼ਿਸ਼ ਕਰਦੇ ਹਨ “ਪੀਊ ਦਾਦੇ ਕਾ ਖੋਲਿ ਡਿਠਾ
ਖਜਾਨਾ॥ ਤਾ ਮੇਰੈ ਮਨਿ ਭਇਆ ਨਿਧਾਨਾ॥ ੧ ॥
ਰਤਨ ਲਾਲ ਜਾ ਕਾ ਕਛੂ ਨ ਮੋਲੁ॥ ਭਰੇ ਭੰਡਾਰ ਅਖੂਟ ਅਤੋਲ॥ ੨॥
ਖਾਵਹਿ ਖਰਚਹਿ ਰਲਿ ਮਿਲਿ ਭਾਈ॥ ਤੋਟਿ ਨ ਆਵੈ ਵਧਦੋ ਜਾਈ”
(ਪੰ: ੧੮੬) ਭਾਵ ਗੁਰੂ ਨਾਨਕ ਪਾਤਸ਼ਾਹ ਤੋਂ (ਪੀਊ ਦਾਦੇ
ਕਾ) ਚਲਦਾ ਆ ਰਿਹਾ ਬਾਣੀ ਦਾ ਖਜ਼ਾਨਾ ਜਦੋਂ ਮੈਨੂੰ ਪ੍ਰਾਪਤ ਹੋਇਆ। ਅਤੇ ਜਦੋਂ ਮੈਂ ਇਸ ਇਲਾਹੀ
(ਖਜ਼ਾਨੇ ਨੂੰ) ਖੋਲ੍ਹਿਆ ਤਾਂ ਮੇਰਾ ਮਨ ਪ੍ਰਭੂ ਪਿਆਰ `ਚ ਭਿੱਜ ਗਿਆ। ਮੈਂਨੂੰ ਇਹ ਵੀ ਸਮਝ ਆ ਗਈ ਕਿ
ਇਹ ਅਜਿਹਾ ਖਜ਼ਾਨਾ ਹੈ ਜਿਸ ਨੂੰ ਵਰਤ-ਵਰਤ ਕੇ ਵੀ ਮੁਕਾਇਆ ਨਹੀਂ ਜਾ ਸਕਦਾ। ਬਲਕਿ ਇਹ ਖਜ਼ਾਨਾ ਤਾਂ
ਹੋਰ ਅਤੇ ਹੋਰ ਭਾਵ ਹਮੇਸ਼ਾਂ ਵਧਣ ਵਾਲਾ ਹੀ ਹੈ ਤੇ ਇਸ ਖਜ਼ਾਣੇ ਸਾਹਮਣੇ ਸੰਸਾਰ ਦੇ ਹੀਰੇ-ਜਵਾਹਰਾਤ
ਵੀ ਤੁੱਛ ਅਤੇ ਫਿੱਕੇ ਹਨ। ਇਥੇ ਵੀ ਤਿਲਕ, ਨਾਰੀਅਲ ਜਾਂ ਦਸਤਾਰਬੰਦੀ ਆਦਿ ਦਾ ਉੱਕਾ ਜ਼ਿਕਰ
ਨਹੀਂ।
ਸਪਸ਼ਟ ਹੈ ਗੁਰੂ ਸਾਹਿਬਾਨ ਨੂੰ ਗੁਰਗੱਦੀ ਪ੍ਰਾਪਤੀ ਸਮੇਂ ਸਦਾ ਪਹਿਲੇ ਗੁਰੂ
ਵਿਅਕਤੀ ਵਲੋ ਗੁਰਬਾਣੀ ਖਜ਼ਾਨੇ ਦੀ ਜ਼ਿੰਮੇਵਾਰੀ ਸੌੰਪ ਕੇ ਉਸ ਅਗੇ ਮੱਥਾ ਟੇਕ ਦਿੱਤਾ ਜਾਂਦਾ ਸੀ।
ਨਾਰੀਅਲ ਤੇ ਤਿਲਕ ਨਿਰੋਲ ਬ੍ਰਾਹਮਣ ਮੱਤ ਦੀਆਂ ਵਸਤਾਂ ਹਨ, ਗੁਰਮੱਤ ਜਾਂ ਗੁਰਬਾਣੀ ਸਿੱਖਿਆ ਨਾਲ
ਇਨ੍ਹਾਂ ਦਾ ਦੂਰ ਦਾ ਵੀ ਵਾਸਤਾ ਨਹੀਂ। ਇਸੇ ਤਰ੍ਹਾਂ ‘ਦਸਤਾਰਬੰਦੀ’ ਜਾਂ ‘ਰਸਮ ਪਗੜੀ’ ਵੀ ਸਿੱਖ
ਵਿਚਾਰਧਾਰਾ ਨਾਲ ਉੱਕਾ ਮੇਲ ਨਹੀਂ ਖਾਂਦੇ। ਖੂਬੀ ਇਹ ਕਿ ‘ਦੱਸਤਾਰਬੰਦੀ’ ਵੀ ਅਚਾਨਕ ਪੰਜਵੇਂ
ਪਾਤਸ਼ਾਹ ਨਾਲ ਹੀ ਜੋੜੀ ਗਈ ਹੈ; ਨਾ ਇਸ ਤੋਂ ਪਹਿਲਾਂ ਤੇ ਨਾ ਹੀ ਬਾਅਦ `ਚ ਦਸਵੇਂ ਪਾਤਸ਼ਾਹ ਤੱਕ
ਕਿਧਰੇ ਵੀ।
ਤਿਲਕ-ਨਾਰੀਅਲ ਅਤੇ ਗੁਰਬਾਣੀ-ਦੇਖ ਚੁਕੇ ਹਾਂ, ਗੁਰਬਾਣੀ `ਚ
ਗੁਰਗੱਦੀ ਸੌਂਪਣਾ ਦਾ ਜ਼ਿਕਰ ਤਾਂ ਕਈ ਵਾਰੀ ਆਇਆ ਹੈ ਪਰ ਅਜਿਹੇ ਸਮੇਂ ਤਿਲਕ, ਨਾਰੀਅਲ, ਦਸਤਾਰਬੰਦੀ
ਬਾਰੇ ਕਿਧਰੇ ਇਸ਼ਾਰਾ ਤੱਕ ਵੀ ਨਹੀਂ। ਉਂਝ ਅਜਿਹੇ ਸਮੇਂ ਜੇਕਰ ਤਿਲਕ ਵਾਲੀ ਇਤਿਹਾਸਕ ਮਿਲਾਵਟ ਦੀ
ਗੱਲ ਹੀ ਕਰੀਏ ਤਾਂ ਪਹਿਲੇ ਪਾਤਸ਼ਾਹ ਤਿਲਕ-ਨਾਰੀਅਲ ਆਦਿ ਦੀਆਂ ਬ੍ਰਾਹਮਣੀ ਰਸਮਾਂ ਬਾਰੇ ਫ਼ੁਰਮਾਉਂਦੇ
ਹਨ “ਨਾਨਕ ਸਚੇ ਨਾਮ ਬਿਨੁ, ਕਿਆ ਟਿਕਾ (ਤਿਲਕ) ਕਿਆ ਤਗੁ” (ਪੰ: 467) ਉਪ੍ਰੰਤ
ਜਦੋਂ ਤੱਗ ਭਾਵ ਬ੍ਰਾਹਮਣੀ ਜਨੇਊ ਦੀ ਗੱਲ ਪਹਿਲੇ ਪਾਤਸ਼ਾਹ ਨੇ ਹੀ ਮੁਕਾ ਦਿੱਤੀ ਸੀ ਤੇ ਇਥੇ ਵੀ ਉਸੇ
ਨੂੰ ਕਟਿਆ ਹੈ-ਤਾਂ ਫ਼ਿਰ ਸਿੱਖ ਧਰਮ `ਚ ਜਨੇਊ ਪਿਛੇ ਟੁਰਣ ਵਾਲੇ ਨਾਰੀਅਲ, ਦਸਤਾਰਬੰਦੀ, ਤਿਲਕ ਆਦਿ
ਦੇ ਬ੍ਰਾਹਮਣੀ ਕਰਮਕਾਂਡਾਂ ਦੀ ਗੱਲ ਕਿੱਥੋਂ ਆ ਟਪਕੀ? ਤਿਲਕ ਬਾਰੇ ਗੁਰਬਾਣੀ `ਚੋਂ ਹੀ ਹੋਰ ਪ੍ਰਮਾਣ
“ਪੂਜਾ ਵਰਤ ਤਿਲਕ ਇਸਨਾਨਾ ਪੁੰਨ ਦਾਨ ਬਹੁ ਦੈਨ॥ ਕਹੂੰ ਨ ਭੀਜੈ ਸੰਜਮ ਸੁਆਮੀ ਬੋਲਹਿ
ਮੀਠੇ ਬੈਨ” (ਪੰ: ੬੭੪) ਜਾਂ “ਨਾਮੁ ਤੇਰੋ ਆਸਨੋ, ਨਾਮੁ ਤੇਰੋ ਉਰਸਾ, ਨਾਮੁ ਤੇਰਾ ਕੇਸਰੋ
ਲੇ ਛਿਟਕਾਰੇ॥ ਨਾਮੁ ਤੇਰਾ ਅੰਭੁਲਾ, ਨਾਮੁ ਤੇਰੋ ਚੰਦਨੋ, ਘਸਿ ਜਪੇ ਨਾਮੁ ਲੇ ਤੁਝਹਿ ਕਉ ਚਾਰੇ”
(ਪੰ: ੬੯੪) ਉਪ੍ਰੰਤ “ਮਾਥੇ ਤਿਲਕੁ ਹਥਿ ਮਾਲਾ ਬਾਨਾਂ॥ ਲੋਗਨ ਰਾਮੁ ਖਿਲਉਨਾ
ਜਾਨਾ” (ਪੰ: ੧੧੫੮) ਹੋਰ ਲਵੋ! ਗੁਰਬਾਣੀ `ਚ ਹੀ ਭਗਤ ਰਾਮਾਨੰਦ ਫ਼ੁਰਮਾਉਂਦੇ ਹਨ “ਏਕ ਦਿਵਸ
ਮਨ ਭਈ ਉਮੰਗ॥ ਘਸਿ ਚੰਦਨ ਚੋਆ ਬਹੁ ਸੁਗੰਧ॥ ਪੂਜਨ ਚਾਲੀ ਬ੍ਰਹਮ ਠਾਇ॥ ਸੋ ਬ੍ਰਹਮੁ ਬਤਾਇਓ ਗੁਰ ਮਨ
ਹੀ ਮਾਹਿ” (ਪੰ: ੧੧੯੫)। ਹੋਰ “ਜੁਗਤਿ ਧੋਤੀ ਸੁਰਤਿ ਚਉਕਾ ਤਿਲਕੁ ਕਰਣੀ ਹੋਇ” (ਪੰ:
੧੨੪੫) ਇਤਿਆਦਿ। ਇਸੇ ਤਰ੍ਹਾਂ ਹੋਰ ਅਨੇਕਾਂ ਗੁਰਬਾਣੀ ਪ੍ਰਮਾਣ।
ਲੋੜ ਹੈ ਸੰਗਤਾਂ ਨੂੰ ਅਜਿਹੀਆਂ ਵਿਰੋਧੀ ਮਿਲਾਵਟਾਂ ਤੋਂ ਸੁਚੇਤ ਹੋਣ ਲਈ
ਗੁਰਬਾਣੀ ਗਿਆਨ `ਚ ਜਾਗ੍ਰਤ ਹੋਣ ਦੀ। ਸਚਾਈ ਇਹੀ ਹੈ ਕਿ ਜਿਸ ਕੌਮ ਜਾਂ ਸਭਿਅਤਾ ਨੂੰ ਖ਼ਤਮ ਕਰਣਾ
ਹੋਵੇ ਉਸ ਦੇ ਸਿਧਾਂਤ-ਰਹਿਣੀ, ਇਤਿਹਾਸ `ਚ ਮਿਲਾਵਟ ਕਰ ਦੇਵੋ, ਕੌਮ ਆਪਣੇ ਆਪ ਮੁੱਕ ਜਾਵੇਗੀ। ਇਹੀ
ਗੱਲ ਅੱਜ ਸਿੱਖ ਇਤਿਹਾਸ ਤੇ ਸਿੱਖ ਜੀਵਨ ਜਾਚ ਨਾਲ ਵੱਡੀ ਪੱਧਰ `ਤੇ ਹੋਈ ਪਈ ਹੈ। ਜਦਕਿ ਇਥੇ ਤਾਂ
੧੪੬੯ ਤੋਂ ੧੭੦੮ ਤੱਕ ਦੇ ਇਤਿਹਾਸ `ਤੇ ਹੀ ਸਿਆਹੀ ਫ਼ਿਰੀ ਹੋਈ ਹੈ।
#G35s2.6s11#RJk
ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ
‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ
‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ
ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ
ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।
(ਹੋਰ ਵੇਰਵੇ ਲਈ ਗੁਰਮੱਤ ਪਾਠ ੪ "ਸਿੱਖ ਧਰਮ ਅਤੇ ਹਿੰਦੂ ਭਾਈਚਾਰ” (ਡੀਲਕਸ
ਕਵਰ `ਚ) ਪ੍ਰਾਪਤ ਕਰੋ ਤੇ ਵੰਡੋ ਜੀ)
|
. |