. |
|
ਕੁਦਰਤੀ ਆਫਤਾਂ, ਭੂਚਾਲ, ਵਿਗਿਆਨ ਅਤੇ ਠੱਗ
ਅਵਤਾਰ ਸਿੰਘ ਮਿਸ਼ਨਰੀ-5104325827
ਜਦ ਦਾ ਸੰਸਾਰ ਹੋਂਦ ਵਿੱਚ ਆਇਆ ਹੈ ਆਫਤਾਂ ਵੀ ਨਾਲ ਹੀ ਆਈਆਂ ਹਨ। ਆਫਤ
ਅਰਬੀ ਦਾ ਸ਼ਬਦ ਹੈ ਇਸ ਦੇ ਅਰਥ ਹਨ ਮਸੀਬਤ, ਵਿਪਤਾ, ਦੁੱਖ, ਕਲੇਸ਼, ਉਪੱਦ੍ਰਵ ਅਤੇ ਪਸਾਦ। ਭੂਚਾਲ
ਤੋਂ ਭਾਵ ਹੈ ਧਰਤੀ ਦਾ ਕੰਬਣਾ (ਅਰਥਕੁਵਿਕ) ਹੋਣਾ। ਪਦਾਰਥ-ਵਿਦਿਆ ਦੇ ਜਾਨਣ ਵਾਲੇ ਮੰਨਦੇ ਹਨ ਕਿ
ਭੂ-ਗਰਭ ਦੀ ਅਗਨੀ ਦੇ ਸਹਿਯੋਗ ਨਾਲ ਅਨੇਕ ਪਦਾਰਥ ਉਬਾਲਾ ਖਾਂਦੇ ਅਤੇ ਭੜਕ ਉੱਠਦੇ ਹਨ ਅਤੇ ਫੈਲ ਕੇ
ਬਾਹਰ ਨਿਕਲਣ ਨੂੰ ਰਾਹ ਲੱਭਦੇ ਹੋਏ, ਧੱਕਾ ਮਾਰਦੇ ਹਨ। ਇਸ ਹਰਕਤ ਤੋਂ ਪੈਦਾ ਹੋਏ ਫੈਲਾਉ ਦੇ ਕਾਰਣ
ਧਰਤੀ ਦਾ ਉੱਪਰਲਾ ਭਾਗ ਵੀ ਕੰਬ ਉੱਠਦਾ ਹੈ। ਭੁਚਾਲ ਧਰਤੀ ਦੇ ਕਦੇ ਥੋੜੇ ਅਤੇ ਕਦੇ ਬਹੁਤੇ ਹਿੱਸੇ
ਵਿੱਚ ਆਉਂਦੇ ਹਨ। ਜਿਨ੍ਹਾਂ ਦੇਸ਼ਾਂ ਵਿੱਚ ਜਵਾਲਾਮੁਖੀ ਪਹਾੜ ਬਹੁਤ ਹਨ ਓਥੇ ਭੂਚਾਲ ਬਹੁਤ ਆਉਂਦੇ
ਹਨ, ਜਿਨ੍ਹਾਂ ਨਾਲ ਧਰਤੀ ਵਿੱਚ ਕਦੇ ਛੇਕ ਹੁੰਦੇ ਅਤੇ ਕਦੇ ਧਰਤੀ ਦੇ ਕਈ ਹਿੱਸੇ ਪਾਣੀ ਵਿੱਚ ਵੀ
ਗਰਕਦੇ ਅਤੇ ਕਈ ਉੱਭਰ ਕੇ ਬਾਹਰ ਵੀ ਆ ਜਾਂਦੇ ਹਨ। ਭੁਚਾਲ ਵਿਦਿਆ ਦੇ ਵਿਦਵਾਨਾਂ ਨੇ ਇੱਕ ਆਲਾ
(ਸੀਇਸਮੋਗਰਾਫੀ) ਬਣਾਇਆ ਹੈ ਜਿਸ ਤੋਂ ਭੂਚਾਲ ਆਦਿਕ ਆਫਤਾਂ ਦੇ ਆਉਣ ਦੀ ਦਿਸ਼ਾ, ਸਮਾਂ ਅਤੇ ਫਾਸਲਾ
ਵੀ ਮਾਲੂਮ ਹੋ ਜਾਂਦਾ ਹੈ। ਜਿਵੇਂ ਕਰਤੇ ਦੀ ਕੁਦਰਤ ਬਹੁਤ ਵੱਡੀ ਤੇ ਤਾਕਤਵਰ ਹੈ ਇਵੇਂ ਹੀ ਉਸ ਦਾ
ਭੇਤ ਪਾਉਣਾ ਵੀ ਬੜਾ ਕਠਨ ਹੈ ਪਰ ਫਿਰ ਵੀ ਵਿਗਿਆਨੀ ਖੋਜਾਂ ਕਰਕੇ ਬਹੁਤ ਕੁੱਝ ਹਾਨ, ਲਾਭ ਅਤੇ ਬਚਾ
ਲਈ ਲੱਭ ਰਹੇ ਹਨ। ਅਜੋਕੇ ਜੁਗ ਵਿੱਚ ਸੰਸਾਰ ਵਿਗਿਆਨ ਦੀਆਂ ਅਦੁੱਤੀ ਕਾਢਾਂ, ਖੋਜਾਂ ਅਤੇ ਤਜ਼ਰਬਿਆਂ
ਤੋਂ ਸੁਖ-ਸਹੂਲਤਾਂ ਪ੍ਰਾਪਤ ਕਰ ਰਿਹਾ ਹੈ ਪਰ ਕਈ ਵਾਰ ਗਾਫਲਤਾ, ਅਣਗਹਿਲੀ ਅਤੇ ਕੁਦਰਤ ਦੀ ਕੁਦਰਤੀ
ਕਰੋਪੀ ਦਾ ਸ਼ਿਕਾਰ ਵੀ ਹੋ ਜਾਂਦਾ ਹੈ। ਜਿਵੇਂ ਫੁੱਲ ਨਾਲ ਕੰਡੇ ਹਨ ਇਵੇਂ ਹੀ ਸਮੁੰਦਰੀ ਤੱਟਾਂ ਅਤੇ
ਜਵਾਲਾਮੁਖੀ ਥਾਵਾਂ ਦੇ ਆਸ-ਪਾਸ ਸੁਖ-ਸਹੂਲਤਾਂ, ਭੂਚਾਲ ਅਤੇ ਸੁਨਾਮੀਆਂ ਹਨ। ਵਿਗਿਆਨ ਜਿਉਂ-ਜਿਉਂ
ਹੋਰ ਖੋਜਾਂ ਕਰੇਗਾ ਤਿਉਂ-ਤਿਉਂ ਆਫਤਾਂ ਅਤੇ ਕੁਦਰਤੀ ਦੁਰਘਟਨਾਵਾਂ ਤੇ ਕੁੱਝ ਹੱਦ ਤੱਕ ਕਾਬੂ ਪਾ
ਸੱਕੇਗਾ। ਵਿਗਿਆਨ ਕੁਦਰਤ ਦਾ ਵਿਰੋਧੀ ਨਹੀਂ ਸਗੋਂ ਕੁਦਰਤੀ ਸੋਮਿਆਂ ਦੀ ਖੋਜ ਕਰਕੇ ਮਨੁੱਖਤਾ ਨੂੰ
ਦਰਸਾਉਣ ਅਤੇ ਸੁੱਖ ਸਹੂਲਤਾਂ ਦੇਣ ਵਾਲਾ ਹੈ ਪਰ ਇਸ ਦੀ ਨਾਜਾਇਜ ਵਰਤੋਂ ਵਿਨਾਸ਼ਕਾਰੀ ਵੀ ਹੋ ਸਕਦੀ
ਹੈ।
ਸਦਾ ਯਾਦ ਰੱਖੋ ਸੰਸਾਰ ਦਾ ਕਰਤਾ, ਧਰਤਾ ਅਤੇ ਹਰਤਾ ਅਕਾਲ ਪੁਰਖ ਪ੍ਰਮਾਤਮਾ
ਹੀ ਹੈ ਹੋਰ ਕੋਈ ਮਨੁੱਖ ਜਾਂ ਦੇਵੀ ਦੇਵਤਾ ਨਹੀਂ- ਸਗਲੀ
ਬਣਤ ਬਣਾਈ ਆਪੇ॥ ਆਪੇ ਕਰੇ ਕਰਾਏ ਥਾਪੇ॥ ਇਕਸ ਤੇ
ਹੋਇਓ ਅਨੰਤਾ ਨਾਨਕ ਏਕਸੁ ਮਾਹਿ ਸਮਾਇ ਜੀਉ (131)
ਉਹ ਅੱਖ ਦੇ ਫੋਰ ਵਿੱਚ ਹੀ ਦੁਨੀਆਂ ਪੈਦਾ ਅਤੇ ਬਿਨਾਸ ਕਰ ਸਕਦਾ ਹੈ-ਹਰਨੁ
ਭਰਨੁ ਜਾ ਕਾ ਨੇਤ੍ਰ ਫੋਰੁ (284) ਉਸ ਨੇ ਇਹ ਕੰਮ ਕਦੋਂ ਕਰਨਾ ਹੈ ਕੋਈ ਹੋਰ ਨਹੀਂ ਜਾਣ ਸਕਦਾ,
ਗੁਰ ਫੁਰਮਾਨ ਹੈ-ਤਿਸ ਕਾ ਮੰਤ੍ਰ ਨਾ ਜਾਨੈ
ਹੋਰੁ (284) ਮੰਤ੍ਰ ਭਾਵ ਉਦੇਸ਼-ਮਨ ਅੰਦਰ ਦੀ ਗੱਲ।
ਜਾ
ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ (4) ਕਰਤੇ ਕੀ
ਮਿਤਿ ਨਾ ਜਾਨੈ ਕੀਆ ਨਾਨਕ ਜੋ ਤਿਸੁ ਭਾਵੈ ਸੋ ਵਰਤੀਆ (285) ਸਗੋਂ ਗੁਰੂ ਜੀ ਕਰਤੇ ਬਾਰੇ ਬੜੀ
ਨਿਮਰਤਾ ਨਾਲ ਦਰਸਾਉਂਦੇ ਹਨ-ਤੁਮਰੀ ਗਤਿ ਮਿਤਿ
ਤੁਮ ਹੀ ਜਾਨੀ॥ ਨਾਨਕ ਦਾਸ ਸਦਾ ਕੁਰਬਾਨੀ (268) ਜਦ ਐਸਾ ਸਭ ਕੁੱਝ ਕਰਤਾਰ ਦੇ ਹੱਥ ਵਿੱਚ ਹੀ
ਹੈ ਫਿਰ ਕੀ ਗੱਲ ਹੈ ਕਿ ਇਹ ਧਰਮ-ਕਰਮ ਦੀਆਂ ਦੁਕਾਨਾਂ ਖੋਲੀ ਬੈਠੇ ਪੀਰ, ਜੋਤਸ਼ੀ ਅਤੇ ਅਖੌਤੀ ਬ੍ਰਹਮ
ਗਿਆਨੀ ਸਾਧ ਹੱਥਾਂ ਤੇ ਸਰੋਂ ਜਮਾਉਂਣ ਦੇ ਦਾਵੇ ਕਰਨੋਂ ਨਹੀਂ ਥੱਕਦੇ ਕਿਉਂਕਿ ਇਹ ਦਾਵੇ ਸਭ ਅਗਿਆਨੀ
ਅਤੇ ਭੋਲੇ ਭਾਲੇ ਲੋਕਾਂ ਨੂੰ ਲੁੱਟ ਕੇ ਅਪਣਾ ਹਲਵਾ-ਮੰਡਾ ਚਲਾਉਂਣ ਅਤੇ ਸ਼ਾਹੀ ਠਾਠ ਨਾਲ ਰਹਿਣ ਦੇ
ਸਾਧਨ ਪੈਦਾ ਕਰਨ ਲਈ ਹਨ, ਨਹੀਂ ਤਾਂ ਵਾਕਿਆ ਹੀ ਇਨ੍ਹਾਂ ਦੀ ਹਮਦਰਦੀ ਮਨੁੱਖਤਾ ਨਾਲ ਹੋਵੇ ਤਾਂ ਹੋਣ
ਵਾਲੇ ਨੁਕਸਾਨ ਤੋਂ ਲੋਕਾਂ ਨੂੰ ਸੁਚੇਤ ਕਰਕੇ ਬਚਾ ਲੈਣ।
ਦਸੰਬਰ 2004 ਦੇ ਅਖੀਰ ਤੇ ਇੰਡੋਨੇਸ਼ੀਆ, ਥਾਈਲੈਂਡ, ਸਿੰਘਾਪੁਰ, ਮਲੇਸ਼ੀਆ,
ਸ਼੍ਰੀ ਲੰਕਾ ਅਤੇ ਭਾਰਤ ਆਦਿਕ ਕਈ ਥਾਵਾਂ ਤੇ ਏਸ਼ੀਆ ਇਲਾਕੇ ਵਿੱਚ ਅਤੇ ਮਾਰਚ 2011 ਵਿੱਚ ਜਪਾਨ ਵਿਖੇ
ਭਾਰੀ ਭੂਚਾਲ ਅਤੇ ਭਿਆਨਕ ਸਮੁੰਦਰੀ ਤੁਫਾਨ (ਸੁਨਾਮੀਆਂ) ਕਾਰਨ ਲੱਖਾਂ ਹੀ ਲੋਕ ਇਸ ਦੀ ਲਪੇਟ ਵਿੱਚ
ਆ ਕੇ ਮਾਰੇ ਗਏ, ਜ਼ਖਮੀ ਹੋਏ ਅਤੇ ਅਨੇਕਾਂ ਹੀ ਘਰੋਂ ਬੇ-ਘਰ ਹੋ ਗਏ, ਅਨੇਕਾਂ ਬੱਚੇ-ਬੱਚੀਆਂ ਯਤੀਮ
ਹੋ ਗਏ, ਮਾਂਹਮਾਰੀ ਫੈਲ ਗਈ। ਜੋ ਕਿਤੇ ਦੂਰ ਦੁਰਾਡੇ ਗਏ ਹੋਏ ਸਨ, ਮਰਨੋ ਬਚ ਗਏ ਪਰ ਉਹ ਵੀ ਇਸ
ਅਚਾਨਕ ਆਈ ਪਰਲੋ ਦੇ ਡਰ ਦੇ ਸਾਏ ਹੇਠ ਰਹੇ। ਇਨ੍ਹਾਂ ਬੇ-ਕਿਰਕ ਪੀਰਾਂ, ਜੋਤਸ਼ੀਆਂ ਅਤੇ ਅਖੌਤੀ
ਬ੍ਰਹਮ ਗਿਆਨੀ ਸਾਧਾਂ ਨੂੰ ਕੋਈ ਤਰਸ ਨਾਂ ਆਇਆ। ਇਹ ਲੋਕ ਭਵਿਖ ਬਾਣੀਆਂ ਕਰਦੇ ਹਨ ਕਿ ਹੁਣ ਐਹ ਹੋਣ
ਵਾਲਾ ਹੈ, ਅਸੀਂ ਤੁਹਾਡੀ ਕਿਸਮਤ ਅਤੇ ਆਉਣ ਵਾਲੀ ਆਫਤ, ਦੁੱਖ ਤਕਲੀਫ ਦੱਸਕੇ ਉਸ ਦਾ ਉੱਪਚਾਰ ਅਤੇ
ਇਲਾਜ ਵੀ ਪਲਾਂ ਵਿੱਚ ਹੀ ਕਰ ਸਕਦੇ ਹਾਂ। ਦੁਸ਼ਮਣਾ ਨੂੰ ਮਿਤਰਾਂ ਵਿੱਚ ਬਦਲ ਸਕਦੇ ਹਾਂ, ਵਿਛੜੇ
ਸਾਥੀ ਮਿਲਾ ਸਕਦੇ ਹਾਂ, ਹਰੇਕ ਸਮੱਸਿਆ ਦਾ ਹੱਲ ਕੁੱਝ ਹੀ ਪਲਾਂ, ਦਿਨਾਂ ਜਾਂ ਘੰਟਿਆਂ ਵਿੱਚ ਕਰ
ਸਕਦੇ ਹਾਂ। ਅਸੀਂ ਗੈਬੀ ਸ਼ਕਤੀਆਂ ਦੇ ਮਾਲਿਕ ਹਾਂ, ਸਾਡੇ ਜੋਤਸ਼, ਜਾਦੂ ਟੂਣੇ, ਮੰਤ੍ਰ ਅਤੇ
ਕਰਾਮਾਤਾਂ ਨੂੰ ਦੁਨੀਆਂ ਮਨਦੀ ਹੈ। ਅਸੀਂ ਅੰਤਰਜਾਮੀ ਬਾਬੇ ਅੰਦਰ ਦੀਆਂ ਜਾਣਦੇ ਹਾਂ- ਇਕਿ
ਸਾਧੁ ਬਚਨੁ ਅਟਲਾਧਾ (1104) ਦੀਆਂ ਉਦਾਰਣਾ ਦੇ ਕੇ ਕਹਿੰਦੇ ਹਨ ਕਿ ਸੰਤਾਂ ਦੇ ਬਚਨ ਅਟੱਲ ਹਨ,
ਕਈ ਤਾਂ ਸਤਿਜੁਗ ਆਉਣ ਦੇ ਛੋਛੇ ਵੀ ਛੱਡ ਚੁੱਕੇ ਹਨ। ਜੇ ਇਨ੍ਹਾਂ ਵਿੱਚ ਜਰਾ ਜਿਨੀ ਵੀ ਹਮਦਰਦੀ,
ਬੈਗੀ ਤਾਕਤ ਜਾਂ ਅੰਤਰਜਾਂਮਤਾ ਹੁੰਦੀ ਤਾਂ ਇਸ ਆਈ ਆਫਤ ਬਾਰੇ ਲੋਕਾਂ ਨੂੰ ਪਹਿਲਾਂ ਹੀ ਦੱਸ ਦਿੰਦੇ
ਤਾਂ ਕਿ ਲੋਕ ਪਹਿਲਾਂ ਇਧਰ-ਉਧਰ ਜਾ ਕੇ ਆਪਣਾ ਬਚਾ ਕਰ ਲੈਂਦੇ ਪਰ ਲੋਕਾਂ ਨੂੰ ਭਵਿੱਖ ਦੱਸਣ ਵਾਲੇ
ਇਸ ਆਫਤ ਨਾਲ ਸਬੰਧਤ ਇਲਾਕਿਆਂ ਵਿੱਚ ਰਹਿਣ ਵਾਲੇ ਪੀਰ, ਜੋਤਸ਼ੀ, ਪਾਦਰੀ ਅਤੇ ਅਖੌਤੀ ਬ੍ਰਹਮ ਗਿਆਨੀ
ਸਾਧ-ਸੰਤ ਆਪਣੇ ਆਪ ਤੱਕ ਨੂੰ ਇਸ ਆਫਤ ਤੋਂ ਨਾਂ ਬਚਾ ਸਕੇ, ਉਹ ਵੀ ਆਮ ਲੋਕਾਂ ਵਾਂਗ ਹੀ ਮਾਰੇ ਗਏ।
ਗੁਰਬਾਣੀ ਤਾਂ ਫੁਰਉਂਦੀ ਹੈ ਕਿ- ਕਰਤੇ
ਕੀ ਮਿਤਿ ਕਰਤਾ ਜਾਣੈ ਕੈ ਜਾਣੈ ਗੁਰ ਸੂਰਾ॥ (930) ਤੁਮਰੀ ਗਤਿ ਮਿਤਿ ਤੁਮ ਹੀ ਜਾਨੀ॥ ਨਾਨਕ ਦਾਸ
ਸਦਾ ਕੁਰਬਾਨੀ (268) ਅੱਜ ਦੇ ਅਗਾਂਹ ਵਧੂ ਯੁਗ ਵਿੱਚ ਸਾਨੂੰ ਸੱਚੀ ਬਾਣੀ ਤੋਂ ਸੇਧ ਲੇਣੀ
ਚਾਹੀਦੀ ਹੈ ਨਾਂ ਕਿ ਉਪ੍ਰੋਕਤ ਠੱਗਾਂ ਦੇ ਮਗਰ ਲੱਗ ਕੇ ਆਪਣੀ ਖੂਨ ਪਸੀਨੇ ਕਮਾਈ ਰੋੜਨੀ ਚਾਹੀਦੀ
ਹੈ। ਬ੍ਰਹਮ ਗਿਆਨੀ ਤਾਂ ਉਹ ਪ੍ਰਮਾਤਮਾਂ ਆਪ ਹੀ ਹੈ-ਨਾਨਕ
ਬ੍ਰਹਮ ਗਿਆਨੀ ਆਪਿ
ਪਰਮੇਸੁਰ (273) ਸਭ ਤੋਂ ਵੱਡਾ ਜੋਤਸ਼ੀ
ਤੇ ਅੰਤਰਜਾਮੀ ਵੀ ਉਹ ਆਪ ਹੀ ਹੈ-ਅੰਤਰਜਾਮੀ
ਆਪ ਪ੍ਰਭੁ. .॥ (812) ਅੰਤਰਜਾਮੀ ਸੋ
ਪ੍ਰਭੁ ਪੂਰਾ (563) ਅੱਜ ਦੇ ਪੜ੍ਹੇ ਲਿਖੇ ਲੋਕ ਵੀ ਜੇ ਇਨ੍ਹਾਂ ਠੱਗਾਂ ਤੇ ਹੀ ਟੇਕ ਰੱਖਦੇ ਹਨ
ਤਾਂ ਫਿਰ ਅਨਪੜਾਂ ਦਾ ਤਾਂ ਰੱਬ ਹੀ ਰਾਖਾ ਹੈ। ਅਜੋਕੇ ਬਹੁਤੇ ਸਿੱਖ ਵੀ ਇੱਕ ਅਕਾਲ ਦੀ ਪੂਜਾ ਛੱਡ
ਕੇ ਅਖੌਤੀ ਸਾਧਾਂ ਦੇ ਮਗਰ ਲੱਗੇ ਹੋਏ ਹਨ। ਗੁਰੂ ਦੀ ਸਿਖਿਆ ਲੈਣੀ ਛੱਡ, ਸਾਧਾਂ ਦੀਆਂ ਮਨਘੜਤ
ਸਾਖੀਆਂ, ਬੜੇ ਕੰਨ ਰਸ ਨਾਲ ਸੁਣਦੇ ਅਤੇ ਆਪ ਗੁਰਬਾਣੀ ਪੜ੍ਹਨੀ, ਵਿਚਾਰਨੀ ਛੱਡ, ਭਾੜੇ ਦੇ ਪਾਠ ਕਰੀ
ਕਰਾਈ ਜਾ ਰਹੇ ਹਨ। ਕਰਤਾਰ ਹੀ ਸੁਮੱਤ ਬਖਸ਼ੇ ਨਹੀਂ ਤਾਂ ਸਮੁੱਚੀ ਮਨੁੱਖਤਾ ਨੂੰ ਗੁਰ ਗਿਆਨ ਵੰਡਣ
ਵਾਲੇ ਆਪ ਹੀ ਅਖੌਤੀ ਸਾਧਾਂ ਸੰਤਾਂ ਅਤੇ ਜੋਤਸ਼ੀਆਂ ਦੇ ਭਰਮ ਜਾਲ ਵਿੱਚ ਪੈ ਗਏ ਹਨ। ਇਥੋਂ ਤੱਕ ਕਿ
ਅੱਜ ਦੇ ਬਹੁਤੇ ਅਖ਼ਬਾਰ, ਰਸਾਲੇ, ਰੇਡੀਓ, ਟੀ. ਵੀ. ਅਤੇ ਪ੍ਰਚਾਰ ਸੰਚਾਰ ਦੇ ਸਾਧਨ ਵੀ ਇਨ੍ਹਾਂ
ਠੱਗਾਂ ਦੀਆਂ ਵੱਡੀਆਂ-ਵੱਡੀਆਂ ਐਡਾਂ ਲਾ ਕੇ ਇਨ੍ਹਾਂ ਠੱਗਾਂ ਦੀ ਦੁਕਾਨਦਾਰੀ ਚਲਾਉਂਦੇ ਹੋਏ ਜਿੱਥੇ
ਇਨ੍ਹਾਂ ਠੱਗਾਂ ਦੀ ਦਿੱਤੀ ਹਰਾਮ ਦੀ ਕਮਾਈ ਨਾਲ ਆਪਣੇ ਹੱਥ ਰੰਗ ਰਹੇ ਹਨ ਓਥੇ ਭੋਲੀ ਭਾਲੀ ਜਨਤਾ
ਨੂੰ ਵੀ ਇਨ੍ਹਾਂ ਠੱਗਾਂ ਦੇ ਭਰਮਜਾਲ ਵਿੱਚ ਫਸਾ ਕੇ ਕਿਰਤੀਆਂ ਦੀ ਖੂਨ ਪਸੀਨੇ ਦੀ ਕਮਾਈ ਰੋੜਨ ਵੱਲ
ਧਕੇਲ ਰਹੇ ਹਨ।
ਹੁਣ ਕੁੱਝ ਬੁੱਧੀਜੀਵੀ, ਦਿਆਨਤਦਾਰ, ਸਮਝਦਾਰ ਲੋਕਾਂ ਵਲੋਂ ਸਚਾਈ
ਪ੍ਰਚਾਰਨ-ਲਿਖਣ ਅਤੇ ਕੁੱਝ ਇਨ੍ਹਾਂ ਠੱਗਾਂ ਦੀ ਲੁੱਟ ਦਾ ਸ਼ਿਕਾਰ ਹੋਏ ਲੋਕਾਂ ਵਲੋਂ ਹਾਲ ਪਾਰਿਆ ਕਰਨ
ਕਰਕੇ, ਕੁੱਝ ਧਰਮ ਅਸਥਾਨਾਂ ਦੇ ਮੁਖੀਆਂ ਅਤੇ ਕੁੱਝ ਇੱਕ ਅਖ਼ਬਾਰ ਰਸਾਲਿਆਂ ਨੇ ਇਨ੍ਹਾਂ ਠੱਗਾਂ ਦਾ
ਭਾਰੀ ਵਿਰੋਧ ਕਰਦਿਆਂ ਹੋਇਆਂ ਇਨ੍ਹਾਂ ਦੀਆਂ ਠੱਗ ਐਡਾਂ ਵਾਲੇ ਅਖ਼ਬਾਰ ਰਸਾਲਿਆਂ ਨੂੰ ਧਰਮ ਅਸਥਾਨਾਂ
ਅਤੇ ਸਟੋਰਾਂ ਤੇ ਨਾਂ ਰੱਖਣ ਦਾ ਸ਼ਲਾਗਾਯੋਗ ਕੰਮ ਕੀਤਾ ਹੈ, ਜੋ ਇਨ੍ਹਾਂ ਠੱਗਾਂ ਦੀਆਂ ਐਡਾਂ ਨਹੀਂ
ਲਾਉਂਦੇ, ਉਹ ਸਭ ਵਧਾਈ ਦੇ ਪਾਤਰ ਹਨ। ਆਓ ਆਪਾਂ ਵੀ ਲਿਖਾਰੀ, ਕਵੀ, ਕਥਾਵਾਚਕ, ਪ੍ਰਚਾਰਕ ਅਤੇ
ਸਗਤਾਂ, ਇਨ੍ਹਾਂ ਨੂੰ ਭਰਵਾਂ ਸਹਿਯੋਗ ਦੇ ਕੇ ਠੱਗਾਂ ਜੋਤਸ਼ੀਆਂ, ਪੀਰਾਂ ਅਤੇ ਅਖੌਤੀ ਸੰਤ ਬਾਬਿਆਂ
ਦਾ ਪਾਜ ਉਘੇੜਦੇ ਹੋਏ, ਇਨ੍ਹਾਂ ਦੀਆਂ ਠੱਗੀਆਂ ਦਾ ਕਰੜਾ ਵਿਰੋਧ ਅਤੇ ਬਾਈਕਾਟ ਕਰਕੇ, ਆਪਣੀ ਖੂਨ
ਪਸੀਨੇ ਨਾਲ ਕੀਤੀ ਕਮਾਈ, ਆਪਣੇ ਘਰ ਪ੍ਰਵਾਰ ਅਤੇ ਸੱਚ ਦੇ ਪ੍ਰਚਾਰ ਵੱਲ ਲਾਈਏ ਤਾਂ ਕਿ ਇਨ੍ਹਾਂ
ਠੱਗਾਂ ਦੇ ਭਰਮਜਾਲ ਤੇ ਲੁੱਟ ਨੂੰ ਠੱਲ੍ਹ ਪਵੇ ਅਤੇ ਆਪਣਾ ਅਤੇ ਜਨਤਾ ਦਾ ਬਚਾ ਅਤੇ ਭਲਾ ਕੀਤਾ ਜਾ
ਸਕੇ। ਸਾਨੂੰ ਆਪਣੇ ਛੋਟੇ ਮੋਟੇ ਮੱਤ ਭੇਦ ਭੁਲਾ ਕੇ ਅਜਿਹੇ ਮਸਲਿਆਂ ਤੇ ਮੋਢੇ ਨਾਲ ਮੋਢਾ ਜੋੜ ਕੇ
ਖੜਨਾ ਚਾਹੀਦਾ ਹੈ। ਆਸ ਕਰਦਾ ਹਾਂ ਕਿ ਸੱਚ ਦੇ ਪਹਿਰੇਦਾਰ, ਸੁਹਿਰਦ ਪਾਠਕ ਅਤੇ ਕਿਰਤ ਕਮਾਈ ਕਰਨ
ਵਾਲੇ ਪ੍ਰੇਮੀ ਜਨ ਇਧਰ ਵੀ ਜਰੂਰ ਗੌਰ ਕਰਨਗੇ! ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਸੱਚਾ
ਸ਼ਬਦ-ਗੁਰੂ ਮੰਨਣ ਵਾਲੇ ਸਿੱਖ ਤਾਂ ਇਨ੍ਹਾਂ ਪੀਰਾਂ
ਜੋਤਸ਼ੀਆਂ ਅਤੇ ਅਖੌਤੀ ਸੰਤ ਬਾਬਿਆਂ ਨੂੰ ਮੂੰਹ ਨਹੀਂ ਲਾਉਣਗੇ। ਭਗਤ ਕਬੀਰ ਜੀ ਵੀ ਗੁਰੂ ਗ੍ਰੰਥ
ਸਾਹਿਬ ਵਿੱਚ ਫੁਰਮਾਂਦੇ ਹਨ-ਗਜ ਸਾਢੇ ਤੈ ਤੈ
ਧੋਤੀਆ ਤਿਹਰੇ ਪਾਇਨਿ ਤਗ॥ ਗਲੀਂ ਜਿਨ੍ਹਾ
ਜਪਮਾਲੀਆ ਲੋਟੇ ਹਥਿ ਨਿਬਗ॥ ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ (476) ਗੁਰੂ ਸਾਹਿਬ
ਵੀ ਫੁਰਮਾਂਦੇ ਹਨ-ਗਣਿ ਗਣਿ ਜੋਤਕੁ ਕਾਂਡੀ
ਕੀਨੀ. .॥ (204) ਚਉਦਸ ਅਮਾਵਸ ਰਚਿ ਰਚਿ ਮਾਗਹਿ ਕਰ ਦੀਪਕੁ ਲੈ ਕੂਪਿ ਪਰਹਿ॥ (970) ਭਿਖਾ
ਭੱਟ ਜੀ ਦਾ ਫੁਰਮਾਨ ਹੈ-ਰਹਿਓ ਸੰਤ ਹਉ ਟੋਲਿ
ਸਾਧ ਬਹੁਤੇਰੇ ਡਿਠੇ॥ ਸੰਨਿਆਸੀ ਤਪਸੀਅਹ ਮੁਖਹੁ ਏ ਪੰਡਿਤ ਮਿਠੇ॥ ਬਰਸੁ ਏਕੁ ਹਉ ਫਿਰਿਓ ਟੋਲ ਕਿਨੈ
ਨਹੁ ਪਰਚਉ ਲਾਯਉ॥ ਕਹਤਿਆਹ ਕਹਤੀ ਸੁਣੀ ਰਹਤ ਕੋ ਖੁਸੀ ਨ ਆਯਉ॥ ਹਰਿ ਨਾਮੁ ਛੋਡਿ ਦੂਜੈ ਲਗੇ ਤਿਨ ਕੇ
ਗੁਣ ਹਉ ਕਿਆ ਕਹਉ॥ ਗੁਰ ਦਯਿ ਮਿਲਾਯਉ ਭਿਖਿਆ ਜਿਵ ਤੂ ਰਖਹਿ ਤਿਵ ਰਹਉ॥ (1395) ਸਗਨ ਅਪਸਗਨ ਤਿਸ
ਕਉ ਲਗਹਿ ਜਿਸੁ ਚੀਤੁ ਨਾ ਆਵੈ॥ ਅਤੇ
ਗ੍ਰਹਿ ਨਿਵਾਰੇ ਸਤਿਗੁਰੂ ਦੇ ਆਪਣਾ ਨਾਉ॥ ਅਫਸੋਸ ਹੈ ਅਜੇ ਵੀ ਕਈ ਗੁਰੂ ਘਰਾਂ ਵਿੱਚ ਪੀਰਾਂ
ਜੋਤਸ਼ੀਆਂ ਆਦਿਕ ਠੱਗਾਂ ਦੀਆਂ ਐਡਾਂ ਵਾਲੇ ਅਖ਼ਬਾਰ ਰੱਖੇ
ਜਾ ਰਹੇ ਹਨ। ਇਸ ਸਬੰਧ ਵਿੱਚ ਸਭ ਤੋਂ ਵੱਧ ਧੰਨਵਾਦ ਸੰਨੀਵਿਲ ਮੰਦਿਰ ਦੇ ਮੁਖੀ ਪ੍ਰਬੰਧਕ ਸ੍ਰੀ
ਰਾਜ ਭਨੋਟ ਦਾ ਹੈ ਜਿਨ੍ਹਾਂ ਨੇ ਪਹਿਲ ਕਰਕੇ ਕਮਾਲ ਕਰ ਦਿੱਤਾ ਹੈ। ਅੱਜ ਧਰਮ ਅਸਥਾਨ ਤੇ ਸਮਾਜ ਸੇਵੀ
ਜਥੇਬੰਦੀਆਂ ਨੂੰ ਵੀ ਅਜਿਹੇ ਠੱਗਾਂ ਦਾ ਕਰੜਾ ਬਾਈਕਾਟ ਕਰਨਾ ਚਾਹੀਦਾ ਹੈ।
ਹੇ ਮਾਈ ਭਾਈ ਪ੍ਰੇਮੀ ਜਨੋ! ਗੁਰੂ ਪ੍ਰਮੇਸ਼ਰ ਤੇ ਵਿਸ਼ਵਾਸ਼ ਰੱਖੋ, ਉਹ ਹੀ ਸਭ
ਦਾ ਰਾਖਾ ਹੈ, ਇਹ ਅਖੌਤੀ ਠੱਗ ਕਿਸੇ ਦੇ ਰਖਵਾਲੇ ਨਹੀਂ- ਰਾਖਾ
ਏਕੁ ਹਮਾਰਾ ਸਵਾਮੀ॥ ਸਗਲ ਘਟਾਂ ਕਾ ਅੰਤਰਜਾਮੀ॥ (1136) ਉਹ ਹੀ ਸਭ ਦਾ ਦਾਤਾ ਹੈ-ਦਦਾ
ਦਾਤਾ ਏਕੁ ਹੈ ਸਭ ਕਉ ਦੇਵਣਹਾਰੁ॥ (237) ਅਖਬਾਰਾਂ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਵਹਿਮਾਂ
ਭਰਮਾਂ ਅਤੇ ਲੁੱਟ ਦਾ ਪ੍ਰਚਾਰ ਕਰਨ ਵਾਲੇ ਸਾਧਾਂ-ਸੰਤਾਂ, ਪੀਰਾਂ, ਜੋਤਸ਼ੀਆਂ ਅਤੇ ਪੰਡਤਾਂ ਦੀਆਂ
ਐਡਾਂ ਨਾਂ ਲਾਓ ਜੋ ਜਨਤਾ ਨੂੰ ਦੋਹੀਂ ਹੱਥੀਂ ਲੁੱਟ ਰਹੇ ਹਨ। ਆਓ ਅਜਿਹੇ ਠੱਗਾਂ ਦੀ ਠੱਗੀ ਤੋ ਆਪ
ਬਚੀਏ ਅਤੇ ਜਨਤਾ ਨੂੰ ਵੀ ਬਚਾਈਏ। ਜਿਹੜੇ ਪੇਪਰ ਜਾਂ ਗੁਰੂ ਘਰ ਇਨ੍ਹਾਂ ਨੂੰ ਮਾਨਤਾ ਨਹੀਂ ਦੇ ਰਹੇ
ਉਨ੍ਹਾਂ ਦੀ ਯੋਗ ਸ਼ਲਾਘਾ ਅਤੇ ਵਿਤ ਅਨੁਸਾਰ ਵੱਧ ਤੋਂ ਵੱਧ ਮਦਦ ਕਰੀਏ ਤਾਂ ਕਿ ਇਹ ਸਰੋਤ, ਮੀਡੀਆ
ਆਦਿਕ ਡਟ ਕੇ ਇਨ੍ਹਾਂ ਠੱਗਾਂ ਤੋਂ ਵਿਦਵਤਾ ਭਰੇ ਲੇਖਾਂ ਅਤੇ ਖ਼ਬਰਾਂ ਰਾਹੀਂ ਜਨਤਾ ਨੂੰ ਲਗਾਤਾਰ
ਸੁਚੇਤ ਕਰਦਾ, ਸੱਚਾਈ ਅਤੇ ਗਿਆਨ ਵਿਗਿਆਨ ਵੰਡਦਾ ਰਹੇ। ਜੇ ਅਜਿਹਾ ਕਰਕੇ ਸੰਗਤਾਂ ਸੁਚੇਤ ਹੋ ਗਈਆਂ
ਤਾਂ ਇਨ੍ਹਾਂ ਠੱਗਾਂ ਦੀਆਂ ਠੱਗਮੂਰੀਆਂ ਤੋਂ ਬਚ ਜਾਣਗੀਆਂ ਅਤੇ ਸਤਿਗੁਰਾਂ ਦਾ ਕੋਟਾਨ ਕੋਟ ਧੰਨਵਾਦ
ਕਰਨਗੀਆਂ, ਜਿਨ੍ਹਾਂ ਨੇ ਸਦੀਆਂ ਪਹਿਲੇ ਅਜਿਹੇ ਠੱਗਾਂ ਦਾ ਸੱਚੇ ਗਿਆਨ ਨਾਲ ਪੜਦਾ ਫਾਸ਼ ਕੀਤਾ ਸੀ।
ਸੰਪਰਕ ਲਈ ਦਾਸ ਦਾ ਫੋਨ ਹੈ 510-432-5827 ਸਾਧ ਸੰਗਤ, ਮਾਈ-ਭਾਈ ਜੀ, ਬਚੋ! ਬਚੋ! ! ਬਚੋ! ! !
ਇਨ੍ਹਾਂ ਪੀਰਾਂ, ਪੰਡਿਤਾਂ, ਜੋਤਸ਼ੀਆਂ, ਸਿਆਣਿਆਂ ਅਤੇ ਅਖੌਤੀ ਬ੍ਰਹਮ ਗਿਆਨੀ ਸਾਧਾਂ-ਸੰਤਾਂ ਰੂਪੀ
ਵੱਡੇ-ਵੱਡੇ ਠੱਗਾਂ ਤੋਂ ਜੋ ਲੋਕਾਈ ਨੂੰ ਵਹਿਮਾਂ-ਭਰਮਾਂ, ਪਾਖੰਡਾਂ ਅਤੇ ਲਾਲਚਾਂ ਰਾਹੀਂ ਗੁਮਰਾਹ
ਕਰ ਬੁੱਧੂ ਬਣਾ ਕੇ, ਲੁੱਟ ਰਹੇ ਹਨ।
ਜਿੱਥੋਂ ਤੱਕ ਹੋ ਸਕੇ ਬਚਾ ਦੇ ਸਾਧਨ ਪੈਦਾ ਕਰਨੇ ਅਤੇ ਵਰਤਨੇ ਚਾਹੀਦੇ ਹਨ।
ਕਰਤੇ ਦੀ ਕੁਦਰਤ ਅੱਗੇ ਕਿਸੇ ਦਾ ਵੀ ਜੋਰ ਨਹੀਂ. ਜਿਸ ਤੇ ਕਿਸੇ ਦਾ ਹੁਕਮ ਨਹੀਂ ਚਲਦਾ ਉਸ ਅੱਗੇ
ਅਰਦਾਸ ਹੀ ਕਰਨੀ ਬਣਦੀ ਹੈ- ਜਿਸੁ ਨਾਲਿ ਜੋਰੁ
ਨ ਚਲਈ ਖਲੇ ਕੀਚੈ ਅਰਦਾਸਿ॥ (994) ਆਓ ਸਾਰੇ ਮਿਲ ਕੇ ਵਿਛੜਿਆਂ ਦੇ ਵਾਰਸਾਂ ਨਾਲ ਹਮਦਰਦੀ
ਪ੍ਰਗਟ ਕਰੀਏ, ਹੌਂਸਲਾ ਦੇਈਏ, ਵਿਤ ਅਨੁਸਾਰ ਮਦਦ ਕਰਦੇ ਹੋਏ, ਇਸ ਔਖੀ ਘੜੀ ਵਿੱਚ ਸਰਬ ਸ਼ਕਤੀਮਾਨ
ਕਰਤਾਰ ਪਾਸ ਅਰਦਾਸ ਕਰੀਏ।
|
. |