ਅਖੌਤੀ ਸ਼ਰਧਾ ਪੂਰਨ ਗ੍ਰੰਥ ਗੁਰਬਾਣੀ ਦੀ ਕਸਵੱਟੀ `ਤੇ
(ਕਿਸ਼ਤ ਨੰ: 24)
ਸਿੱਖ ਸੰਗਤਾਂ ਨੂੰ ਗੁਰਬਾਣੀ ਦੀ
ਜੀਵਨ-ਜੁਗਤ ਨਾਲ ਤੋੜਨ ਦੀ ਕੋਸ਼ਸ਼ ਕਰਨ ਵਾਲੀਆਂ ਧਿਰਾਂ ਵਲੋਂ ਅਪਣਾਏ ਤੌਰ ਤਰੀਕਿਆਂ ਵਿਚੋਂ ਇੱਕ ਇਹ
ਹੈ ਕਿ ਗੁਰਬਾਣੀ ਦੇ ਆਸ਼ੇ ਤੋਂ ਬਿਲਕੁਲ ਹੀ ਉਲਟ ਪੁਸਤਕਾਂ ਲਿਖ ਕੇ, ਉਨ੍ਹਾਂ ਪੁਸਤਕਾਂ ਦੇ ਲੇਖਕ
ਗੁਰੂ ਸਾਹਿਬਾਨ ਜਾਂ ਗੁਰੂ ਸਾਹਿਬਾਨ ਦੇ ਕਿਸੇ ਨਿਕਟ ਵਰਤੀ ਗੁਰਸਿੱਖਾਂ ਨੂੰ ਦਰਸਾਉਣਾ। ਇਸ ਤਰ੍ਹਾਂ
ਦਾ ਸ਼ੋਸ਼ਾ ਛੱਡ ਕੇ ਇਸ ਸ਼੍ਰੇਣੀ ਨੇ, ਮਨਮਤਿ ਨਾਲ ਭਰਪੂਰ ਪੁਸਤਕਾਂ ਉੱਤੇ ਪ੍ਰਮਾਣਕਤਾ ਦੀ ਮੋਹਰ ਲਾਉਣ
ਦੀ ਕੁਚੇਸ਼ਟਾ ਕੀਤੀ ਹੈ। ਅਜਿਹੀਆਂ ਪੁਸਤਕਾਂ ਵਿੱਚ ਇੱਥੋਂ ਤੱਕ ਲਿਖਿਆ ਹੋਇਆ ਹੈ ਕਿ ਇਨ੍ਹਾਂ
ਪੁਸਤਕਾਂ ਨੂੰ ਕੇਵਲ ਪੜ੍ਹਣ ਨਾਲ ਹੀ ਮੁਕਤੀ ਮਿਲ ਜਾਂਦੀ ਹੈ। ਉਦਾਹਰਣ ਵਜੋਂ ‘ਸੌ ਸਾਖੀ’ ਨਾਮਕ
ਪੁਸਤਕ ਨੂੰ ਦੇਖਿਆ ਜਾ ਸਕਦਾ ਹੈ। ਇਸ ਪੁਸਤਕ ਨੂੰ ਕੋਈ ਦਸਮੇਸ਼ ਪਾਤਸ਼ਾਹ ਦੀ ਰਚਨਾ ਕਹਿੰਦਾ ਹੈ ਅਤੇ
ਕੋਈ ਗੁਰੂ ਗੋਬਿੰਦ ਸਿੰਘ ਜੀ ਦੇ ਮੁਖ਼ਾਰਬਿੰਦ `ਚੋਂ ਸੁਣ ਕੇ ਭਾਈ ਰਾਮਕੁਇਰ/ਭਾਈ ਗੁਰਬਖਸ਼ ਸਿੰਘ ਜੀ
ਨੇ ਭਾਈ ਸਾਹਿਬ ਸਿੰਘ ਪਾਸੋਂ ਲਿਖਵਾਈ ਮੰਨਦਾ ਹੈ। ਇਸ ਪੁਸਤਕ ਬਾਰੇ ਇਹ ਦਾਅਵਾ ਕੀਤਾ ਗਿਆ ਹੈ ਕਿ,
“ਜੋ ਗੁਰਸਿੱਖ ਇਸ ਪੁਸਤਕ ਨੂੰ ਪੜ੍ਹੇ ਸੁਣੇਗਾ ਉਸ ਦੀ ਮੁਕਤੀ ਹੋਵੇਗੀ।” (ਨੋਟ: ਕਿਹੋ ਜਿਹੀ ਮੁਕਤੀ
ਮਿਲਦੀ ਹੈ ਇਸ ਬਾਰੇ ਲੇਖਕ ਖ਼ਾਮੌਸ਼ ਹੈ।) ਜੇਕਰ ਇਸ ਪੁਸਤਕ ਨੂੰ ਕੇਵਲ ਪੜ੍ਹਣ ਨਾਲ ਹੀ ਮੁਕਤੀ ਹੋ
ਜਾਣੀ ਹੈ ਤਾਂ ਫਿਰ ਬਾਣੀ ਨੂੰ ਧਿਆਨ ਨਾਲ ਪੜ੍ਹਣ ਸੁਨਣ ਦੀ ਕੀ ਜ਼ਰੂਰਤ ਹੈ। ਫਿਰ ਕੁਕਰਮਾਂ ਦਾ ਤਿਆਗ
ਕਰਕੇ ਗੁਰਮੁਖ ਬਣਨ ਦੀ ਕੀ ਲੋੜ ਹੈ? ਪਾਠਕ ਖ਼ੁਦ ਹੀ ਅੰਦਾਜ਼ਾ ਲਗਾ ਲੈਣ ਕਿ ਕਿਸ ਤਰ੍ਹਾਂ ਨਾਲ ਅਜਿਹੇ
ਲੇਖਕਾਂ ਵਲੋਂ ਸਿੱਖ ਸੰਗਤਾਂ ਨੂੰ ਗੁਰਬਾਣੀ ਦੀ ਜੀਵਨ-ਜੁਗਤ ਨਾਲੋਂ ਤੋੜਿਆ ਜਾ ਰਿਹਾ ਹੈ। ਜੇਕਰ
ਸਿੱਖ ਸੰਗਤਾਂ ਸੁਚੇਤ ਨਾ ਹੋਈਆਂ ਤਾਂ ਉਹ ਦਿਨ ਦੂਰ ਨਹੀਂ ਜਦ ਆਮ ਸਿੱਖ ਗੁਰਬਾਣੀ ਨੂੰ ਧਿਆਨ ਨਾਲ
ਪੜ੍ਹਣ ਸੁਨਣ ਅਤੇ ਵਿਚਾਰਨ ਦੀ ਥਾਂ ਇਨ੍ਹਾਂ ਪੁਸਤਕਾਂ ਦੇ ਪਠਨ-ਪਾਠ ਨੂੰ ਹੀ ਮਨ-ਇੱਛਤ ਫਲ ਦੇਣ
ਵਾਲੀਆਂ ਮੰਨ ਕੇ ਇਨ੍ਹਾਂ ਨੂੰ ਪੜ੍ਹਣ ਸੁਨਣ ਤੱਕ ਹੀ ਸੀਮਤ ਹੋ ਜਾਵਾਂਗੇ।
ਖ਼ੈਰ, ਅਸੀਂ ਪਾਠਕਾਂ ਦਾ ਧਿਆਨ ‘ਸ਼ਰਧਾ ਪੂਰਨ ਗ੍ਰੰਥ’ ਦੇ ਲੇਖਕ ਵਲੋਂ ਗੁਰਬਾਣੀ ਦੀ ਜੀਵਨ-ਜਾਚ ਤੋਂ
ਤੋੜਨ ਦੀ ਸਾਜ਼ਸ਼ ਵਲ ਧਿਆਨ ਦਿਵਾ ਰਹੇ ਹਾਂ। ਇਸ ਪੁਸਤਕ ਦੇ ਕਰਤਾ ਵਲੋਂ ਜਪੁਜੀ ਦੀ ਤੇਈਵੀਂ ਪਉੜੀ ਦੇ
ਕਥਿਤ ਮਹਾਤਮ ਦੀ ਚਰਚਾ ਕਰਨ ਤੋਂ ਪਹਿਲਾਂ, ਇਸ ਦਾ ਮੂਲ ਪਾਠ, ਅਰਥ ਅਤੇ ਭਾਵਾਰਥ ਲਿਖ ਰਹੇ ਹਾਂ।
ਪਾਠਕ ਜਨ ਆਪ ਹੀ ਅੰਦਾਜ਼ਾ ਲਗਾ ਲੈਣ ਕਿ ਗੁਰੂ ਨਾਨਕ ਸਾਹਿਬ ਨੇ ਇਸ ਪਉੜੀ ਵਿੱਚ ਕੀ ਕਿਹਾ ਹੈ ਅਤੇ
ਲੇਖਕ ਇਸ ਪਉੜੀ ਦੇ ਗਿਣਤੀ ਦੇ ਪਾਠ ਕਰਕੇ ਕਿਹੋ ਜਿਹੇ ਮਹਾਤਮ ਦੀ ਗੱਲ ਕਰ ਰਿਹਾ ਹੈ।
ਸਾਲਾਹੀ ਸਾਲਾਹਿ ਏਤੀ ਸੁਰਤਿ ਨ ਪਾਈਆ॥ ਨਦੀਆ ਅਤੈ ਵਾਹ ਪਵਹਿ ਸਮੁੰਦਿ ਨ
ਜਾਣੀਅਹਿ॥ ਅਰਥ:- ਸਲਾਹੁਣ-ਜੋਗ ਅਕਾਲ ਪੁਰਖ ਦੀਆਂ ਵਡਿਆਈਆਂ ਆਖ ਆਖ ਕੇ ਕਿਸੇ ਮਨੁੱਖ ਨੇ
ਇਤਨੀ ਸਮਝ ਨਹੀਂ ਪਾਈ ਕਿ ਅਕਾਲ ਪੁਰਖ ਕੇਡਾ ਵੱਡਾ ਹੈ, (ਸਿਫ਼ਤਿ-ਸਾਲਾਹ ਕਰਨ ਵਾਲੇ ਮਨੁੱਖ ਉਸ ਅਕਾਲ
ਪੁਰਖ ਦੇ ਵਿਚੇ ਹੀ ਲੀਨ ਹੋ ਜਾਂਦੇ ਹਨ)। ਨਦੀਆਂ ਤੇ ਨਾਲੇ ਸਮੁੰਦਰ ਵਿੱਚ ਪੈਂਦੇ ਹਨ, (ਪਰ ਫਿਰ
ਵੱਖਰੇ) ਉਹ ਪਛਾਣੇ ਨਹੀਂ ਜਾ ਸਕਦੇ (ਵਿਚੇ ਹੀ ਲੀਨ ਹੋ ਜਾਂਦੇ ਹਨ, ਤੇ ਸਮੁੰਦਰ ਦੀ ਥਾਹ ਨਹੀਂ ਪਾ
ਸਕਦੇ)।
ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲੁ ਧਨੁ॥ ਕੀੜੀ ਤੁਲਿ ਨ ਹੋਵਨੀ ਜੇ
ਤਿਸੁ ਮਨਹੁ ਨ ਵੀਸਰਹਿ॥ ੨੩॥ ਅਰਥ:- ਸਮੁੰਦਰਾਂ ਦੇ ਪਾਤਸ਼ਾਹ ਤੇ ਸੁਲਤਾਨ (ਜਿਨ੍ਹਾਂ ਦੇ
ਖ਼ਜ਼ਾਨਿਆਂ ਵਿੱਚ) ਪਹਾੜ ਜੇਡੇ ਧਨ ਪਦਾਰਥਾਂ (ਦੇ ਢੇਰ ਹੋਣ) (ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਵਾਲੇ
ਦੀਆਂ ਨਜ਼ਰਾਂ ਵਿਚ) ਇੱਕ ਕੀੜੀ ਦੇ ਭੀ ਬਰਾਬਰ ਨਹੀਂ ਹੁੰਦੇ, ਜੇ (ਹੇ ਅਕਾਲ ਪੁਰਖ!) ਉਸ ਕੀੜੀ ਦੇ
ਮਨ ਵਿਚੋਂ ਤੂੰ ਨਾਹ ਵਿਸਰ ਜਾਏਂ। ੨੩।
ਭਾਵ:- ਸੋ, ਬੰਦਗੀ ਕਰਨ ਨਾਲ ਪ੍ਰਭੂ ਦਾ ਅੰਤ ਨਹੀਂ ਪੈ ਸਕਦਾ। ਪਰ ਇਸ ਦਾ ਇਹ ਭਾਵ ਨਹੀਂ ਕਿ
ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨ ਦਾ ਕੋਈ ਲਾਭ ਨਹੀਂ ਹੈ। ਪ੍ਰਭੂ ਦੀ ਭਗਤੀ ਦੀ ਬਰਕਤਿ ਨਾਲ ਮਨੁੱਖ
ਸ਼ਾਹਾਂ ਪਾਤਿਸ਼ਾਹਾਂ ਦੀ ਭੀ ਪਰਵਾਹ ਨਹੀਂ ਕਰਦਾ, ਪ੍ਰਭੂ ਦੇ ਨਾਮ ਸਾਹਮਣੇ ਬੇਅੰਤ ਧਨ ਭੀ ਉਸ ਨੂੰ
ਤੁੱਛ ਜਾਪਦਾ ਹੈ। ੨੩।
ਪਰੰਤੂ ਲੇਖਕ ਇਸ ਪਉੜੀ ਦੇ ਤਾਂਤ੍ਰਿਕ ਵਿਧੀ ਨਾਲ ਗਿਣਤੀ ਦੇ ਪਾਠ ਕਰਨ ਦਾ ਮਹਾਤਮ ਇਉਂ ਦਰਸਾਂਉਂਦਾ
ਹੈ:- “ਇਸ ਪਉੜੀ ਦਾ ਦੁਪਹਿਰ ਸਮੇਂ ਜਲ ਵਿੱਚ ਖੜੇ ਹੋਕੇ ਉਨੀ ਹਜ਼ਾਰ ਪਾਠ ਕਰਨਾ, ਪਉੜੀ ਸਿੱਧ ਹੋ
ਜਾਵੇ ਤਾਂ ਰਾਜੇ ਦਾ ਸਲਾਹਕਾਰ ਹੋਵੇ। ਜੇਕਰ ਥਾਲ ਵਿੱਚ ਅਗਨੀ ਜਲਾ ਕੇ ਪਾਠ ਕਰੇ ਤਾਂ ਵੈਰੀ ਦਾ ਨਾਸ
ਹੋਵੇ ਜੇ ਕੋਠੇ ਉਤੇ ਬੈਠਕੇ ਅੰਤਰਮੁਖੀ ਜਪੇ ਤਾਂ ਮਿਰਗੀ ਦੀ ਬੀਮਾਰੀ ਦੂਰ ਹੋਵੇ।”
ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਿਹੜੀਆਂ ਕੌਮਾਂ ਆਪਣੇ ਗੁਰੂ ਪੀਰ ਦੇ ਬਚਨਾਂ ਨੂੰ ਪੜ੍ਹ ਸੁਣ
ਅਤੇ ਵਿਚਾਰ ਕੇ, ਉਸ ਅਨੁਸਾਰ ਆਪਣਾ ਆਚਰਨ ਬਣਾਉਣ ਦੀ ਥਾਂ ਉਸ ਨੂੰ ਮੰਤਰ ਰੂਪ ਵਿੱਚ ਪੜ੍ਹਣ ਤੱਕ ਹੀ
ਸੀਮਤ ਹੋ ਜਾਂਦੀਆਂ ਹਨ, ਉਨ੍ਹਾਂ ਕੌਮਾਂ ਦਾ ਭਵਿੱਖ ਉਜਲਾ ਨਹੀਂ ਹੁੰਦਾ। ਉਹ ਵਹਿਮਾਂ-ਭਰਮਾਂ ਦਾ
ਸ਼ਿਕਾਰ ਹੋ ਕੇ ਆਪਣਾ ਆਤਮਕ ਬਲ ਖੁਹਾ ਬੈਠਦੀਆਂ ਹਨ। ਅਜਿਹੀਆਂ ਕੌਮਾਂ ਕਿਸੇ ਖੇਤਰ ਵਿੱਚ ਵੀ ਤਰੱਕੀ
ਨਹੀਂ ਕਰ ਸਕਦੀਆਂ। ਗੁਰੂ ਸਾਹਿਬਾਨ ਨੇ ਮਨੁੱਖਤਾ ਨੂੰ ਬਾਣੀ ਦੇ ਰੂਪ ਵਿੱਚ ਅਜਿਹੀ ਇਲਾਹੀ ਦਾਤ
ਬਖ਼ਸ਼ਸ਼ ਕੀਤੀ ਹੈ, ਜਿਹੜੀ ਮਨੁੱਖਤਾ ਨੂੰ ਆਤਮਕ ਬਲ ਪ੍ਰਦਾਨ ਕਰਕੇ ਹਰੇਕ ਖੇਤਰ ਵਿੱਚ ਉਨਤੀ ਕਰਨ ਲਈ
ਉਤਸ਼ਾਹਤ ਕਰਦੀ ਹੈ। ਬਾਣੀ ਮਨੁੱਖ ਨੂੰ ਅਕਾਲ ਪੁਰਖ ਵਲੋਂ ਮਨੁੱਖ ਅੰਦਰ ਬੀਜ ਰੂਪ ਵਿੱਚ ਟਿਕਾਈਆਂ
ਸ਼ਕਤੀਆਂ ਦਾ ਅਹਿਸਾਸ ਕਰਾਕੇ, ਇਨ੍ਹਾਂ ਨੂੰ ਉਜਾਗਰ ਕਰਨ ਲਈ ਪ੍ਰੇਰਿਤ ਹੀ ਨਹੀਂ ਕਰਦੀ ਹੈ ਸਗੋਂ
ਆਤਮਕ ਬਲ ਵੀ ਪ੍ਰਦਾਨ ਕਰਦੀ ਹੈ। ਇਸ ਤਰ੍ਹਾਂ ਗੁਰਬਾਣੀ ਮਨੁੱਖ ਨੂੰ ਜੀਵਨ ਦੀ ਕਲਾ ਸਿਖਾ ਕੇ ਜੀਵਨ
ਨੂੰ ਬੰਧਨ ਰੂਪ ਮੰਨਣ ਵਾਲੀ ਧਾਰਨਾ ਤੋਂ ਉਪਰ ਉਠਾਉਂਦੀ ਹੈ। ਬਾਣੀ ਮਨੁੱਖ ਨੂੰ ਇਨਸਾਨੀਅਤ ਭਰਪੂਰ
ਜੀਵਨ ਜਿਊਂਣ ਦੀ ਪ੍ਰੇਰਿਨਾ ਦੇ ਕੇ ਮਨੁੱਖ ਨੂੰ ਜਿਸ ਵੀ ਖੇਤਰ ਵਿੱਚ ਵਿਚਰ ਰਿਹਾ ਹੈ, ਉੱਥੇ ਹੀ ਇਸ
ਨੂੰ ਇਨਸਾਨੀਅਤ ਦੀਆਂ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖਣ ਵਿੱਚ ਮਾਰਗ ਦਰਸ਼ਨ ਕਰਦੀ ਹੈ।
ਗੁਰਬਾਣੀ ਵਿਚੋਂ ਜੀਵਨ ਦੀਆਂ ਇਨ੍ਹਾਂ ਰਮਜ਼ਾਂ ਨੂੰ ਸਮਝਣ ਵਾਲੇ ਮਨੁੱਖ ਦੇ ਮਨ ਵਿੱਚ ਅਸੰਤੁਸ਼ਟੀ
ਵਾਲਾ ਭਾਵ ਪੈਦਾ ਨਹੀਂ ਹੁੰਦਾ। ਉਹ ਕਾਮਯਾਬੀ ਦੀਆਂ ਸਿਖਰਾਂ ਨੂੰ ਛੁਹਿਣ ਲਈ ਦੌੜਦਾ ਜ਼ਰੂਰ ਹੈ, ਪਰ
ਕਿਸੇ ਤਰ੍ਹਾਂ ਦੀ ਹੀਨ ਭਾਵਨਾ ਦਾ ਸ਼ਿਕਾਰ ਹੋ ਕੇ ਨਹੀਂ, ਸਗੋਂ ਮਨੁੱਖਤਾ ਦੀ ਸੇਵਾ ਕਰਨ ਦੀ ਪ੍ਰਬਲ
ਭਾਵਨਾ ਰੱਖਣ ਦੇ ਨਾਲ ਨਾਲ ਇਸ ਸਰੀਰ ਨੂੰ ਸਕਾਰਥ ਕਰਨ ਲਈ। ਇਸ ਲਈ ਇਸ ਦੌੜ-ਭੱਜ ਵਿੱਚ ਵੀ ਅਡੋਲਤਾ
ਵਾਲਾ ਭਾਵ ਕਾਇਮ ਰਹਿੰਦਾ ਹੈ।
ਜਿੱਥੋਂ ਤੱਕ ਲੇਖਕ ਦੀ ਇਸ ਲਿਖਤ ਦਾ ਸਬੰਧ ਹੈ ਕਿ ‘ਪਉੜੀ ਸਿੱਧ ਹੋ ਜਾਵੇ ਤਾਂ ਰਾਜੇ ਦਾ ਸਲਾਹਕਾਰ
ਹੋਵੇ’, ਇਸ ਸਬੰਧੀ `ਚ ਇਤਨੀ ਕੁ ਹੀ ਬੇਨਤੀ ਹੈ ਕਿ ਗੁਰਬਾਣੀ ਮਨੁੱਖ ਨੂੰ ਮਨੁੱਖਤਾ ਦਾ ਪਾਠ
ਪੜ੍ਹਾਉਂਦੀ ਹੈ। ਗੁਰਬਾਣੀ ਤਾਂ ਮਨੁੱਖ ਨੂੰ ਇਨਸਾਨੀਅਤ ਭਰਪੂਰ ਜੀਵਨ ਜਿਊਂਣ ਦੀ ਪ੍ਰੇਰਿਨਾ ਕਰਕੇ
ਪ੍ਰਭੂ ਦੀ ਨਿਕਟਤਾ ਦਾ ਨਿੱਘ ਮਾਣਨ ਵਿੱਚ ਸਹਾਇਤਾ ਕਰਦੀ ਹੈ। ਇਸ ਪਉੜੀ ਦੇ ਗਿਣਤੀ ਦੇ ਪਾਠ ਕਰਕੇ
ਰਾਜੇ ਦਾ ਸਲਾਹਕਾਰ ਬਣਨ ਦਾ ਕਥਨ ਪੁਸਤਕ ਕਰਤਾ ਦੀ ਕਲਪਣਾ ਤੋਂ ਵੱਧ ਕੁਛ ਨਹੀਂ ਹੈ। ਇਹ ਗੱਲ ਕੋਈ
ਵਧੇਰੇ ਵਿਆਖਿਆ ਦੀ ਮੁਥਾਜ਼ ਨਹੀਂ ਹੈ ਕਿ ਜ਼ਿਆਦਾਤਰ ਰਾਜਸੀ ਤਾਕਤ ਦੇ ਮਾਲਕ ਅਤੇ ਇਨ੍ਹਾਂ ਦੇ
ਸਲਾਹਕਾਰ ਕਿਤਨੇ ਕੁ ਇਨਸਾਨੀ ਕਦਰਾਂ-ਕੀਮਤਾਂ ਦੇ ਮੁੱਦਈ ਹੁੰਦੇ ਹਨ?
ਲੇਖਕ ਇਸ ਪਉੜੀ ਦੇ ਮਹਾਤਮ ਬਾਰੇ ਇਹ ਵੀ ਲਿਖਦਾ ਹੈ ਕਿ ਇਸ ਨੂੰ ‘ਸਿੱਧ ਕਰਨ ਨਾਲ ਵੈਰੀ ਦਾ ਨਾਸ
ਹੋਵੇ’। ਇਹ ਵੀ ਲੇਖਕ ਦੀ ਆਪਣੀ ਹੀ ਕਲਪਣਾ ਦੀ ਉਪਜ ਹੈ।
ਪੁਸਤਕ ਕਰਤਾ ਨੇ ਗੁਰਬਾਣੀ ਵਿਚਲੀ ਜੀਵਨ-ਜੁਗਤ ਤੋਂ ਆਮ ਮਨੁੱਖ ਨੂੰ ਭਟਕਾਉਣ ਦੀ ਮਾਨੋਂ ਸਹੁੰ ਹੀ
ਖਾਧੀ ਹੋਈ ਹੈ। ਇਸ ਲਈ ਲੇਖਕ ਕਿਧਰੇ ਵੀ ਗੁਰਬਾਣੀ ਵਿਚਲੀ ਜੀਵਨ-ਜਾਚ ਦਾ ਵਰਣਨ ਨਹੀਂ ਕਰ ਰਿਹਾ ਹੈ।
ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਲੇਖਕ ਸਿੱਖ ਸੰਗਤਾਂ ਦੀ ਮਾਨਸਿਕਤਾ ਤੋਂ ਭਲੀ ਪ੍ਰਕਾਰ ਜਾਣੂ ਹੈ
ਕਿ ਜਨ ਸਾਧਾਰਨ ਦੀ ਬਾਣੀ ਵਿਚਲੀ ਜੀਵਨ-ਜੁਗਤ ਨੂੰ ਸਮਝਣ ਵਿੱਚ ਕੋਈ ਦਿਲਚਸਪੀ ਨਹੀਂ ਹੈ।
ਜਿੱਥੋਂ ਤੱਕ ਮਿਰਗੀ ਦੀ ਬੀਮਾਰੀ ਦੂਰ ਹੋਣ ਦੀ ਗੱਲ ਲਿਖੀ ਹੈ, ਰੋਗੀ ਨੂੰ ਯੋਗ ਇਲਾਜ ਕਰਾਉਣ ਦੀ
ਲੋੜ ਹੈ, ਨਾ ਕਿ ਇਹੋ ਜਿਹੀਆਂ ਵਿਧੀਆਂ ਦੀ। ਧਿਆਨ ਰਹੇ ਬਾਣੀ ਤਾਂ ਸਿੱਖ ਨੇ ਹਮੇਸ਼ਾਂ ਪੜ੍ਹਣੀ ਹੀ
ਹੈ, ਪਰੰਤੂ ਪੜ੍ਹਣੀ ਧਿਆਨ ਨਾਲ ਵਿਚਾਰ ਕੇ ਚਾਹੀਦੀ ਹੈ। ਚੂੰਕਿ ਵਿਚਾਰ ਸਹਿਤ ਪੜ੍ਹਣ ਨਾਲ ਹੀ ਤਾਂ
ਬਾਣੀ ਵਿਚਲੀ ਜੀਵਨ-ਜੁਗਤ ਦੀ ਸਮਝ ਆਵੇਗੀ। ਪਰ ਜੇਕਰ ਅਸੀਂ ਇਸ ਤਰ੍ਹਾਂ ਦਾ ਉਪਰਾਲਾ ਨਹੀਂ ਕਰ ਰਹੇ
ਤਾਂ ਗੁਰਬਾਣੀ ਦੇ ਆਸ਼ੇ ਨੂੰ ਸਮਝਣੋਂ ਅਸਮਰਥ ਰਹਾਂਗੇ। ਇਸ ਤਰ੍ਹਾਂ ਦੀਆਂ ਬੀਮਾਰੀਆਂ ਇਸ ਤਰ੍ਹਾਂ
ਦੀਆਂ ਵਿਧੀਆਂ ਨਾਲ ਦੂਰ ਨਹੀਂ ਹੁੰਦੀਆਂ, ਭਾਂਵੇ ਕੋਈ ਅੰਤਰਮੁਖ ਹੋ ਕੇ ਜਾਂ ਬਾਹਰਮੁਖੀ ਹੋ ਕੇ।
ਚਾਹੇ ਕੋਈ ਅੰਦਰ ਬੈਠ ਕੇ ਕਰੇ ਜਾਂ ਕੋਠੇ ਉੱਤੇ ਬੈਠਕੇ।
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਗੁਰੂ ਸਾਹਿਬ ਇਸ ਤਰ੍ਹਾਂ ਦੇ ਮਹਾਤਮ ਦੀ ਕਿਧਰੇ ਗੱਲ ਨਹੀਂ ਕਰ
ਰਹੇ ਹਨ। ਬਾਣੀ ਤਾਂ ਮਨੁੱਖ ਉਹ ਅਉਖਧ ਪ੍ਰਦਾਨ ਕਰਦੀ ਹੈ, ਜਿਹੜੀ ਕਿਸੇ ਵੀ ਵੈਦ, ਹਕੀਮ, ਡਾਕਟਰ
ਪਾਸੋਂ ਨਹੀਂ ਮਿਲਦੀ। ਉਹ ਧਨ ਬਖ਼ਸ਼ਦੀ ਹੈ ਜੋ ਹੋਰ ਕਿਧਰੋਂ ਵੀ ਨਹੀਂ ਮਿਲਦਾ। ਉਹ ਸੁਖ ਬਖ਼ਸ਼ਦੀ ਹੈ,
ਜੋ ਕਿਸੇ ਵੀ ਹੋਰ ਸਾਧਨ ਨਾਲ ਹਾਸਲ ਨਹੀਂ ਕਰ ਸਕੀਦਾ ਹੈ। ਗੁਰਬਾਣੀ ਵਚਲੀ ਇਸ ਇਲਾਹੀ ਦਾਤ ਨੂੰ
ਪਾਉਣ ਦਾ ਕੇਵਲ ਤੇ ਕੇਵਲ ਇੱਕੋ ਹੀ ਢੰਗ ਹੈ, ਸੀ ਅਤੇ ਹੋਵੇਗਾ; ਉਹ ਹੈ ਆਪਾ-ਆਪ ਸਮਰਪਣ ਕਰਕੇ ਗੁਰੂ
ਦੀ ਮੱਤ ਲੈਣ ਨਾਲ। ਇਸ ਜੀਵਨ-ਜੁਗਤ ਦਾ ਇਹੀ ਬਝਵਾਂ ਮੁੱਲ ਹੈ, ਇਸ ਵਿੱਚ ਕਿਸੇ ਨੂੰ ਛੋਟ ਨਾ ਮਿਲਦੀ
ਹੈ ਅਤੇ ਨਾ ਹੀ ਕਦੇ ਕਿਸੇ ਨੂੰ ਮਿਲੇਗੀ।
ਇਸ ਲਈ ਅਸੀਂ ਕੇਵਲ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਕੇ ਬਚਨਾਂ ਨੂੰ ਹੀ ਗੁਰੂ ਕੇ ਬਚਨ ਮੰਨੀਏ।
ਕਥਿਤ ਲੇਖਕਾਂ ਵਲੋਂ ਗੁਰੂ ਸਾਹਿਬਾਨ ਦੇ ਮੁੱਖੋਂ ਕਢਵਾਏ ਹੋਏ ਸ਼ਬਦਾਂ ਨੂੰ ਗੁਰੂ ਸਾਹਿਬ ਦੇ ਬਚਨ
ਮੰਨਣ ਦੀ ਬਜਾਏ ਗੁਰਬਾਣੀ ਨੂੰ ਹੀ ਗੁਰੂ ਸਾਹਿਬਾਨ ਦੇ ਬਚਨ ਮੰਨੀਏ। ਸਤਿਗੁਰੂ ਜੀ ਆਪਣੇ ਮੁਖ਼ਾਰਬਿੰਦ
ਵਿਚੋਂ ਇਸ ਸਬੰਧੀ ਇਉਂ ਫ਼ਰਮਾਂਦੇ ਹਨ:-
ਸੇਵਕ ਸਿਖ ਪੂਜਣ ਸਭਿ ਆਵਹਿ ਸਭਿ ਗਾਵਹਿ ਹਰਿ ਹਰਿ ਊਤਮ ਬਾਨੀ॥ ਗਾਵਿਆ
ਸੁਣਿਆ ਤਿਨ ਕਾ ਹਰਿ ਥਾਇ ਪਾਵੈ ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ ॥ (ਪੰਨਾ ੬੬੯)
ਅਰਥ: ਹੇ ਭਾਈ! ਸੇਵਕ (ਅਖਵਾਣ ਵਾਲੇ) ਸਿੱਖ (ਅਖਵਾਣ ਵਾਲੇ) ਸਾਰੇ (ਗੁਰੂ-ਦਰ ਤੇ ਪ੍ਰਭੂ ਦੀ)
ਪੂਜਾ-ਭਗਤੀ ਕਰਨ ਆਉਂਦੇ ਹਨ, ਅਤੇ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਾਲ ਭਰਪੂਰ ਸ੍ਰੇਸ਼ਟ ਗੁਰਬਾਣੀ
ਗਾਂਦੇ ਹਨ। ਪਰ ਪਰਮਾਤਮਾ ਉਹਨਾਂ ਮਨੁੱਖਾਂ ਦਾ ਬਾਣੀ ਗਾਉਣਾ ਅਤੇ ਸੁਣਨਾ ਕਬੂਲ ਕਰਦਾ ਹੈ, ਜਿਨ੍ਹਾਂ
ਗੁਰੂ ਦੇ ਹੁਕਮ ਨੂੰ ਬਿਲਕੁਲ ਸਹੀ ਜਾਣ ਕੇ ਉਸ ਉਤੇ ਅਮਲ ਕੀਤਾ ਹੈ।
ਪਾਠਕ ਜਨ ਜੇਕਰ ਗੁਰੂ ਕੇ ਮੁਖ਼ਾਰਬਿੰਦ ਵਿਚੋਂ ਨਿਕਲੇ ਹੋਏ ਬਚਨਾਂ ਅਤੇ ਪੁਸਤਕ ਕਰਤਾ ਦੇ ਮੁੱਖੋਂ
ਨਿਕਲੇ ਹੋਏ ਬੋਲਾਂ ਨੂੰ ਗਹੁ ਨਾਲ ਪੜ੍ਹਣਗੇ ਤਾਂ ਕਿਸੇ ਤਰ੍ਹਾਂ ਦੇ ਭੁਲੇਖੇ ਦੀ ਗੁਜ਼ਾਇਸ਼ ਨਹੀਂ
ਰਹਿਣ ਲੱਗੀ ਕਿ ਪੁਸਤਕ ਕਰਤਾ ਕਿਸ ਤਰ੍ਹਾਂ ਨਾਲ ਸਾਨੂੰ ਗੁਰਬਾਣੀ ਦੀ ਜੀਵਨ-ਜੁਗਤ ਨਾਲੋਂ ਤੋੜ ਰਿਹਾ
ਹੈ।
ਜਸਬੀਰ ਸਿੰਘ ਵੈਨਕੂਵਰ