ੴ
ਦਸਮ ਗ੍ਰੰਥ ਦਾ ਅਕਾਰ ਤੇ ਭਵਿੱਖ ਦੀ ਚਣੌਤੀ
ਭਾਈ ਕਾਹਨ ਸਿੰਘ ਜੀ ‘ਨਾਭਾ’ ਮਹਾਨ
ਕੋਸ਼ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਬੰਧ ਵਿੱਚ ਲਿਖਦੇ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ
ਵਿੱਚ ਤਿਨ ਬੀੜਾਂ ਦਾ ਵੇਰਵਾ ਦੇਂਦੇ ਹਨ। ਪਹਿਲੀ ਬੀੜ ਉਹ ਜੋ ਭਾਈ ਗੁਰਦਾਸ ਜੀ ਨੇ ਲਿਖੀ ਸੀ ਦੂਜੀ
ਉਹ ਬੀੜ ਜਿਸਦੀ ਜਿੱਲਦ ਭਾਈ ਬੰਨੋ ਨੇ ਤਿਆਰ ਕੀਤੀ ਸੀ। ਪਹਿਲੀ ਬੀੜ ਵਿੱਚ ਉਨ੍ਹਾਂ ਨੇ ਪੱਤਰੇ ਦੀ
ਗਿਣਤੀ ੯੭੫ ਤੇ ਦੁਸਰੀ ਬੀੜ ਵਿੱਚ ੪੬੭ ਪੱਤਰੇ ਦਸੇ ਹਨ। ਇਸ ਤਰ੍ਹਾਂ ਨਾਲ ਤੀਸਰੀ ਬੀੜ ਸਾਹਿਬ ਉਹ
ਦੱਸੀ ਹੈ ਜਿਸ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤਿਆਰ ਕਰਵਾਇਆ ਸੀ ਤੇ ਸੰਮਤ ੧੮੧੮ (੧੭੬੧ ਈ: )
ਦੇ ਰੁੱਪਰਹੀੜੇ ਦੇ ਜੰਗ ਵਿੱਚ “ਵੱਡੇ ਘੱਲੂਘਾਰੇ” ਦੇ ਸਮੇਂ ਖਾਲਸਾ ਪੰਥ ਦੇ ਹੱਥੋਂ ਚਲੀ ਗਈ। ਇਸ
ਦੇ ਕਈ ਉਤਾਰੇ ਹੋ ਚੁਕੇ ਸਨ।
ਇਸ ਤੋਂ ਇਹ ਗੱਲ ਪੱਕੇ ਤੋਰ ਤੇ ਸਾਬਿਤ ਹੁੰਦੀ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਹੱਥ ਲਿਖਤ
ਸਰੂਪ ਸਾਹਿਬਾਨ ਦੇ ਸਰੂਪ ਅੰਕਾਂ ਦੀ ਗਿਣਤੀ ਵਿੱਚ ਇੱਕ ਸਮਾਨ ਨਹੀਂ ਸਨ। ਬੀੜਾਂ ਦਾ ਹੱਥ ਲਿਖਤ ਹੋਣ
ਕਾਰਣ ਉਨ੍ਹਾਂ ਦੇ ਪੱਤਰਿਆ ਦੀ ਗਿਣਤੀ ਘੱਟ ਵੱਧ ਹੋਣਾ ਇੱਕ ਸੁਭਾਵਿਕ ਗੱਲ ਸੀ। ਜਦੋਂ ਮਸ਼ੀਨੀ ਛਾਪੇ
ਖਾਨਿਆ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਛਪਾਈ ਦਾ ਕਾਰਜ ਅਰੰਭ ਹੋਇਆ ਤਾਂ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦਾ ਅਕਾਰ ਨਿਸ਼ਚਿਤ ਕੀਤਾ ਗਿਆ ਹੋਵੇਗਾ। ਵੱਖ-ਵੱਖ ਛਾਪੇ
ਖਾਨਿਆ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਕੀਤੀ ਗਈ ਸੇਵਾ ਕਰਕੇ ਉਨਾਂ ਵਿੱਚ
ਵੀ ਕਈ ਵਾਰ ਵੱਖ-ਵੱਖ ਪਤਰਿਆ ਤੇ ਬਾਣੀ ਦੀ ਇਕ-ਅੱਧ ਪੰਕਤੀ ਦਾ ਵੱਧੲਾ ਘਟਾ ਆਮ ਤੋਰ ਤੇ ਵੇਖਣ ਨੂੰ
ਮਿਲਦਾ ਹੈ ਲੇਕਿਨ ਪੰਥ ਵਿੱਚ ਕਿਸੇ ਤਰੀਕੇ ਦਾ ਵਿਵਾਦ ਜਾਂ ਭਰਮ ਨਾ ਖੜਾ ਹੋਵੇ ਇਸ ਕਰਕੇ ਛਾਪੇ
ਖਾਨੇ ਵਿੱਚ ਛੱਪੇ ਸਾਰੇ ਸਵਰੁਪਾਂ ਦੀ ਸਮਾਪਤੀ ੧੪੩੦ ਅੰਕ ਤੇ ਹੀ ਹੁੰਦੀ ਹੈ। ਹੁਣ ਛਪ ਰਹੇ ਪਾਵਨ
ਸਵਰੂਪਾਂ ਵਿੱਚ ਐਸੀ ਗੱਲ ਵੇਖਣ ਵਿੱਚ ਨਹੀਂ ਮਿਲਦੀ ਹੈ। ਸਾਰੇ ਤੇ ਸਾਰੇ ਪਾਵਨ ਸਰੂਪ ਅੱਖਰ ਅੱਖਰ
ਇਕੋ ਜਿਹੇ ਹੁੰਦੇ ਹਨ ਤੇ ਸਾਰੇ ਹੀ ਸਵਰੁਪਾਂ ਦੀ ਸਮਾਪਤੀ ੧੪੩੦ ਪੱਤਰੇ ਤੇ ਹੀ ਹੁੰਦੀ ਹੈ।
ਦੂਜੇ ਪਾਸੇ ਦਸਮ ਗ੍ਰੰਥ ਦਾ ਵੀ ਆਕਾਰ ਵੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦੂਜਾ ਗ੍ਰੰਥ
ਤਿਆਰ ਕਰਕੇ, ਸਿੱਖਾਂ ਵਿੱਚ ਉਨ੍ਹਾਂ ਦੇ ਗੁਰੂ ਦੇ ਸਬੰਧ ਵਿੱਚ ਭਰਮ ਖੜਾ ਕਰਣ ਦੇ ਮਨੋਰਥ ਨਾਲ, ਹੀ
ਪ੍ਰਕਾਸ਼ਕਾਂ ਵਲੋਂ ਇਸ ਦਾ ਵੀ ਅਕਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਲਗਭਗ ੧੪੨੮ ਪੱਤਰਿਆ ਦਾ
ਹੀ ਤਿਆਰ ਕੀਤਾ ਗਿਆ ਹੈ। ਡਾ: ਰਤਨ ਸਿੰਘ ਜੱਗੀ ਆਪਣੀ ਸੰਪਾਦਿਤ ਪੁਸਤਕ “ਦਸਮ ਗ੍ਰੰਥ ਦਾ ਬਾਣੀ
ਬਿਉਰਾ” ਵਿੱਚ ਦਸਮ ਗ੍ਰੰਥ ਦੇ ਸਬੰਧ ਵਿੱਚ ਲਿਖਦੇ ਹਨ, “ਸਿੱਖ ਧਰਮ ਦੇ ਵਿਦਵਾਨਾਂ ਵਿੱਚ ਇਸ ਗ੍ਰੰਥ
ਸਬੰਧੀ ਪਰਸਪਰ ਵਿਰੋਧੀ ਵਿਵਾਦ ਇਸ ਦੇ ਸਕੰਲਨ-ਕਾਲ ਤੋਂ ਹੀ ਚਲ ਪਿਆ ਸੀ ਜੋ ਅਜ ਤਕ ਚਲ ਰਿਹਾ ਹੈ।
ਕੁੱਝ ਵਿਦਵਾਨ ਇਸ ਸੰਪੂਰਣ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਮੰਨਦੇ ਹਨ ਅਤੇ ਕੁੱਝ
ਵਿਦਵਾਨਾਂ ਅਨੁਸਾਰ ਇਸ ਵਿੱਚ ਬਹੁਤ ਥੋੜਾ ਅੰਸ਼ ਗੁਰੂ ਜੀ ਦਾ ਆਪਣਾ ਲਿਖਿਆ ਹੋਇਆ ਹੈ, ਬਾਕੀ ਹਿੱਸਾ
ਦਰਬਾਰੀ ਕਵੀਆਂ ਦੀ ਰਚਨਾ ਮਾਤਰ ਹੈ।”
ਉਨ੍ਹਾਂ ਦੀ ਇਹ ਵਿਚਾਰ ੧੦੦% ਵਾਜਿਬ ਹੈ। ਇਸ ਵਿਚਾਰ ਦਾ ਮੁਖ ਬਿੰਦੂ ਹੈ, ਕੀ ਦਸਮ ਗ੍ਰੰਥ ਗੁਰੂ
ਗੋਬਿੰਦ ਸਿੰਘ ਸਾਹਿਬ ਵਲੋ ਉਚਾਰੀ ਬਾਣੀ ਹੈ? ਦਸਮ ਗ੍ਰੰਥ ਦੇ ਸਬੰਧ ਵਿੱਚ ਵਿਵਾਦ ਇਸ ਦੀ ਰਚਨਾ ਦੇ
ਸਮੇ ਤੋਂ ਹੀ ਚਲ ਪਿਆ ਸੀ ਤੇ ਸਾਰੇ ਪੰਥ ਨੇ ਕਦੀ ਵੀ ਇਸ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਵਲੋਂ
ਰਚਿਆ ਨਹੀਂ ਮਨਿਆ ਹੈ। ਕੁੱਝ ਲੋਕ ਇਸ ਦੀਆਂ ਕੁੱਝ ਬਾਣਿਆਂ ਨੰ ਗੁਰੂ ਕ੍ਰਿਤ ਮੰਨਦੇ ਨੇ ਤੇ ਕੁੱਝ
ਲੋਕ ਇਸ ਦੀਆਂ ਕੂਝ ਹੋਰ ਬਾਣਿਆਂ ਨੂੰ ਗੁਰੂ ਕ੍ਰਿਤ ਮਨ ਕੇ ਵਿਵਾਦ ਕਰਦੇ ਹਨ। ਕਾਫੀ ਸੰਗਤ ਇਸ
ਵਿਚਾਰ ਨਾਲ ਵੀ ਸਹਿਮਤ ਹੈ ਕਿ ਸਮੰਪੂਰਣ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਨੇ ਰਚਿਆ ਤੇ ਇਸ
ਤਰ੍ਹਾਂ ਦੇ ਵਿਚਾਰ ਰਖਣ ਵਾਲੇ ਵਿਦਵਾਨਾਂ ਦਾ ਵੀ ਕੋਈ ਘਾਟਾ ਨਹੀਂ ਜੋ ਸਾਰੇ ਦੇ ਸਾਰੇ ਦਸਮ ਗ੍ਰੰਥ
ਨੂੰ ਹੀ ਗੁਰੂ ਦੀ ਰਚਨਾ ਮੰਨਣ ਤੋ ਇਨਕਾਰ ਕਰਦੇ ਹਨ। ਇਹ ਗੱਲ ਬੜੀ ਹੀ ਵਿਚਾਰ ਜੋਗ ਹੈ ਕਿ ਦਸਮ
ਗ੍ਰੰਥ ਨੂੰ ਗੁਰੂ ਕ੍ਰਿਤ ਮੰਨਣ ਵਾਲਿਆਂ ਦੀ ਗਿਣਤੀ ਬਥੇਰੀ ਐਸੀ ਹੈ ਜਿਨ੍ਹਾਂ ਨੇ ਅੱਜ ਤਕ ਦਸਮ
ਗ੍ਰੰਥ ਪੜਨਾ ਕਿ ਦਸਮ ਗ੍ਰੰਥ ਨੂੰ ਵੇਖਿਆ ਤਕ ਵੀ ਨਹੀਂ ਹੈ। ਦੂਜੇ ਪਾਸੇ ਦਸਮ ਗ੍ਰੰਥ ਨੂੰ ਗੁਰੂ
ਕ੍ਰਿਤ ਨਾ ਮੰਨਣ ਵਾਲੇ ਵਿਦਵਾਨਾਂ ਨੇ ਦਸਮ ਗ੍ਰੰਥ ਦੀਆਂ ਅੰਦਰਲਿਆਂ ਰਚਨਾਵਾਂ ਨੂੰ ਵੀ, ਸ਼੍ਰੀ ਗੁਰੂ
ਗ੍ਰੰਥ ਸਾਹਿਬ ਦੇ ਸਿਧਾਂਤ ਤੇ ਹੀ ਪਰਖ ਕੇ ਆਪਣੇ ਨਤੀਜੇ ਕੱਢੇ ਹਨ।
ਜਿਸ ਤਰ੍ਹਾਂ ਇਹ ਗ੍ਰੰਥ ਵਿਵਾਦ ਦਾ ਵਿਸ਼ਾ ਰਿਹਾ ਹੈ, ਠੀਕ ਉਸੀ ਤਰ੍ਹਾਂ ਨਾਲ ਇਸ ਦਾ ਸਰੂਪ ਵੀ ਸਦਾ
ਵਿਵਾਦਿਤ ਰਿਹਾ ਹੈ। ਇਸ ਦਾ ਮੁਖ ਕਾਰਣ ਇਸਦਾ ਅਕਾਰ ਹੈ। ਸਿੱਖ ਮਿਸ਼ਨਰੀ ਕਾਲਜ ਵਲੋ ਪ੍ਰਕਾਸ਼ਿਤ
ਪੁਸਤਕ ‘ਦਸਮ ਗ੍ਰੰਥ ਦੀ ਸੰਖੇਪ ਜਾਣਕਾਰੀ’ ਵਿੱਚ ਦਿੱਤਾ ਹੈ, “ਦਸਮ ਗ੍ਰੰਥ ਦੀਆਂ ਪ੍ਰਾਚੀਨ ਬੀੜਾਂ
ਵਿੱਚ ਬਾੜਿਆਂ ਦੀ ਤਰਤੀਬ ਅਤੇ ਗਿਣਤੀ ਇੱਕ ਸਮਾਨ ਨਹੀਂ ਹੈ। ਹੁਣ ਜੋ ਮਜੂਦਾ ਛਪਿਆ ਹੋਇਆ ਦਸਮ
ਗ੍ਰੰਥ ਮਿਲਦਾ ਹੈ, ਉਸਦੇ ੧੪੨੮ ਪੰਨੇ ਹਨ।” ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਨਵੇਕਲੀ ਗੁਰੂ ਹਸਤੀ
ਨੂੰ ਚਨੋਤੀ ਦੇਣ ਲਈ ਕਾਫੀ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬੀੜ ਦੇ ੧੪੩੦ ਅੰਕ (ਪੇਜ) ਹਨ
ਤੇ ਹੁਣ ਛੱਪ ਰਹੇ ਦਸਮ ਗ੍ਰੰਥ ਦੇ ੧੪੨੮ ਪੇਜ ਹਨ। ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਕਾਂ ਤੋਂ
ਸਿਰਫ ੨ ਪੇਜ (੧ ਪੰਨਾ) ਹੀ ਘੱਟ ਹਨ। ਜੋ ਆਮ ਘੱਟ ਪੜੇ ਲਿਖੇ ਜਾਂ ਅਨਪੜ ਸਿੱਖਾਂ ਵਿੱਚ ਭਰਮ ਪਾਉਣ
ਦਾ ਹੀ ਉਪਰਾਲਾ ਸਾਬਿਤ ਹੋਵੇਗਾ। ਜਿਸ ਦਾ ਸਿੱਧਾ ਜਿਹਾ ਕਾਰਣ ਸਿੱਖਾਂ ਵਿੱਚ ਵੱਧ ਰਹੀ ਧਾਰਮਕ ਪੱਧਰ
ਦੀ ਅਵਿਦਿਆ ਹੈ। ਅੱਜ ਸਿੱਖ ਗੁਰਬਾਣੀ ਅਤੇ ਧਾਰਮਕ ਸਾਹਿਤ ਦੇ ਪਠਨ ਪਾਠਨ ਵਿੱਚ ਬਿਲਕੁਲ ਅਵੇਸਲੇ
ਹੁੰਦੇ ਜਾ ਰਹੇ ਹਨ। ਜੋ ਗੁਰਸਿੱਖ ਧਾਰਮਕ ਸਾਹਿਤ ਅਤੇ ਗੁਰਬਾਣੀ ਦੇ ਪੜਨ ਵਿੱਚ ਰੁਚਿ ਰਖ ਦੇ ਹਨ
ਉਨ੍ਹਾਂ ਦੀ ਗਿਣਤੀ ਸਿੱਖਾਂ ਵਿੱਚ ਹੀ ਬਹੁਤ ਥੋੜੀ ਹੁੰਦੀ ਜਾ ਰਹੀ ਹੈ। ਸੰਸਾਰ ਪਧਰ ਤੇ ਵੈਸੇ ਵੀ
ਸਿੱਖਾਂ ਦੀ ਗਿਣਤੀ ਆਟੇ ਵਿੱਚ ਲੂਣ ਤੋਂ ਥੋੜੀ ਹੈ। ਇਸ ਕਰਕੇ ਗੁਰਬਾਣੀ ਸਾਹਿਤ ਵੱਲ ਧਿਆਨ ਦੇਣ
ਵਾਲਿਆਂ ਦੀ ਗਿਣਤੀ ਸੰਸਾਰ ਪੱਧਰ ਤੇ ਨਾ ਦੇ ਬਰਾਬਰ ਹੀ ਹੈ। ਸਿੱਖਾਂ ਵਿੱਚ ਤੇਜੀ ਨਾਲ ਵੱਧ ਰਹੀ
ਧਾਰਮਕ ਅਵਿਦਿਆ ਵੀ ਜੰਗਲ ਦੀ ਅੱਗ ਵਿੱਚ ਹਵਾ ਦਾ ਹੀ ਕੰਮ ਕਰ ਰਹੀ ਹੈ। ਜਿਸ ਕਰਕੇ ਆਉਣ ਵਾਲੇ ਸਮੇਂ
ਵਿੱਚ ਦਸਮ ਗ੍ਰੰਥ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਾ ਅਕਾਰ ਆਮ ਸੰਗਤ ਵਿੱਚ ਨਿਰਾ
ਭੁਲੇਖਾ ਖੜਾ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਨਵੇਕਲੀ ਗੁਰੂ ਹਸਤੀ ਨੂੰ ਚਨੋਤੀ ਹੀ ਦੇਵੇਗਾ।
ਮਨਮੀਤ ਸਿੰਘ, ਕਾਨਪੁਰ