. |
|
ੴਸਤਿਗੁਰਪ੍ਰਸਾਦਿ ॥
ਇਕ ਅਦੁੱਤੀ ਬਖਸ਼ਿਸ਼
ਰਾਜਿੰਦਰ ਸਿੰਘ, (ਮੁੱਖ ਸੇਵਾਦਾਰ)
ਸ਼੍ਰੋਮਣੀ ਖਾਲਸਾ ਪੰਚਾਇਤ,
ਟੈਲੀਫੋਨ: +919876104726
ਸੰਨ 1699 ਦੀ ਵਿਸਾਖੀ ਵਾਲੇ ਦਿਨ, ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਵਲੋਂ
ਖੰਡੇ ਬਾਟੇ ਦੀ ਪਾਹੁਲ ਛਕਾਉਣਾ, ਜਿੱਥੇ ਸਿੱਖ ਕੌਮ ਵਾਸਤੇ ਇੱਕ ਅਦੁੱਤੀ ਬਖਸ਼ਿਸ਼ ਸੀ, ਉਥੇ ਸਤਿਗੁਰੂ
ਵਲੋਂ ਵਰਤਾਇਆ ਗਿਆ ਇਹ ਵਰਤਾਰਾ, ਮਨੁੱਖੀ ਇਤਿਹਾਸ ਦਾ ਇੱਕ ਅਦੁੱਤੀ ਵਰਤਾਰਾ ਸੀ।
ਸਭ ਤੋਂ ਪਹਿਲੇ ਤਾਂ ਅੱਸੀ ਹਜ਼ਾਰ ਦੇ ਕਰੀਬ ਸੰਗਤਾਂ ਦਾ ਅਨੰਦਪੁਰ ਇਕੱਠੇ ਹੋ
ਜਾਣਾ, ਆਪਣੇ ਆਪ ਵਿੱਚ ਬੇਮਿਸਾਲ ਹੈ। ਕਈ ਆਖਣਗੇ, ਇਹ ਕਿਹੜੀ ਇਤਨੀ ਹੈਰਾਨਗੀ ਵਾਲੀ ਗੱਲ ਹੈ, ਅੱਜ
ਕੱਲ ਦੇ ਸਿਆਸੀ ਆਗੂ ਇਸ ਤੋਂ ਵੀ ਵੱਡੇ ਇਕੱਠ ਕਰ ਲੈਂਦੇ ਹਨ। ਹੋਰ ਤਾਂ ਹੋਰ ਕਈ ਪਖੰਡੀ ਸਾਧਾਂ ਦੇ
ਪ੍ਰੋਗਰਾਮਾਂ ਤੇ ਵੀ ਬਹੁਤ ਵੱਡੇ ਵੱਡੇ ਇਕੱਠ ਹੋ ਜਾਂਦੇ ਹਨ, ਉਨ੍ਹਾਂ ਨੂੰ ਇਹ ਯਾਦ ਰਖਣਾ ਚਾਹੀਦਾ
ਹੈ ਕਿ ਇਹ ਵਰਤਾਰਾ ਸਤਾਰ੍ਹਵੀ ਸਦੀ ਦਾ ਹੈ, ਉਸ ਸਮੇਂ ਜਦੋਂ ਨਾ ਤਾਂ ਸੱਦੇ ਪੱਤਰ ਭੇਜਣ ਦੇ ਸਾਧਨ
ਇਤਨੇ ਵਿਕਸਤ ਸਨ, ਨਾ ਅੱਜ ਵਰਗਾ ਡਾਕ ਵਿਭਾਗ, ਨਾ ਰੇਡਿਓ, ਨਾ ਟੈਲੀਫੋਨ, ਨਾ ਟੈਲੀਵਿਜ਼ਨ, ਜਿਨ੍ਹਾਂ
ਰਾਹੀ ਸੰਦੇਸ਼ ਭੇਜੇ ਜਾ ਸਕਣ ਜਾਂ ਪ੍ਰਚਾਰ ਕੀਤਾ ਜਾ ਸਕੇ ਅਤੇ ਨਾ ਹੀ ਆਣ ਜਾਣ ਦੇ ਸਾਧਨ ਅੱਜ ਵਰਗੇ
ਵਿਕਸਿਤ ਸਨ, ਨਾ ਹਵਾਈ ਜਹਾਜ, ਰੇਲ ਗੱਡੀਆਂ, ਨਾ ਬੱਸਾਂ, ਨਾ ਮੋਟਰ ਕਾਰਾਂ। ਇਸ ਸਭ ਦੇ ਅਣਹੋਂਦ ਦੇ
ਬਾਵਜੂਦ, ਇਤਨੇ ਵੱਡੇ ਇਕੱਠ ਹੋਣ ਤੋਂ ਇਹ ਸਪੱਸ਼ਟ ਪਤਾ ਚਲਦਾ ਹੈ ਕਿ ਉਸ ਸਮੇਂ ਤੱਕ ਗੁਰੂ ਨਾਨਕ
ਪਾਤਿਸ਼ਾਹ ਦੀ ਸਿੱਖੀ ਦਾ ਪ੍ਰਚਾਰ ਕਿਤਨਾ ਹੋ ਚੁੱਕਾ ਸੀ, ਸਿੱਖਾਂ ਵਿੱਚ ਸਤਿਗੁਰੂ ਪ੍ਰਤੀ ਕਿਤਨੀ
ਸ਼ਰਧਾ ਅਤੇ ਸਤਿਕਾਰ ਸੀ ਅਤੇ ਸਿੱਖੀ ਭਾਵਨਾ ਕਿਤਨੀ ਪ੍ਰਬਲ ਹੋ ਚੁੱਕੀ ਸੀ।
ਸੱਭ ਤੋਂ ਉਪਰ ਉਹ ਕਰਿਸ਼ਮਾ ਹੈ ਜੋ ਉਸ ਦਿਨ ਕੇਸਗੜ੍ਹ ਵਾਲੇ ਸਥਾਨ ਤੇ
ਵਾਪਰਿਆ। ਸੰਸਾਰ ਦੇ ਲੋਕ ਤਲਵਾਰ ਤੋਂ ਸਦਾ ਤਰਾਸਦੇ ਰਹੇ ਹਨ। ਜਦੋਂ ਕੋਈ ਤਲਵਾਰ ਮਿਆਨ `ਚੋਂ ਬਾਹਰ
ਆਈ ਹੈ, ਲੋਕਾਂ ਦੇ ਦਿਲ ਕੰਬ ਗਏ ਹਨ ਕਿ ਹੁਣ ਕੋਈ ਜ਼ੁਲਮ ਦਾ ਵਰਤਾਰਾ ਵਰਤੇਗਾ ਪਰ ਇਹ ਆਪਣੇ ਆਪ
ਵਿੱਚ ਇੱਕ ਅਚੰਭਾ ਸੀ ਜਦੋਂ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਨੰਗੀ ਤਲਵਾਰ ਕੱਢ ਕੇ ਇੱਕ ਸੀਸ ਦੀ
ਮੰਗ ਕੀਤੀ ਤੇ ਪਲਾਂ ਵਿੱਚ ਹੀ ਭਾਈ ਦਇਆ ਰਾਮ ਨੇ ਆਪਣਾ ਸੀਸ ਪੇਸ਼ ਕਰ ਦਿੱਤਾ। ਸਤਿਗੁਰੂ ਤੰਬੂ
ਅੰਦਰੋਂ ਲਹੂ ਨਾਲ ਭਿੱਜੀ ਹੋਈ ਤਲਵਾਰ ਲੈਕੇ ਬਾਹਰ ਆਏ ਤੇ ਇੱਕ ਹੋਰ ਸੀਸ ਦੀ ਮੰਗ ਕੀਤੀ। ਇਹ ਸਿੱਖ
ਦੇ ਗੁਰੂ ਉਤੇ ਪੂਰਨ ਨਿਸਚੇ ਦਾ ਸਿੱਖਰ ਹੈ ਕਿ ਤਲਵਾਰ ਵਿੱਚੋਂ ਕਿਰਦੀਆਂ ਤਾਜ਼ਾ ਖੂਨ ਦੀਆਂ ਬੂੰਦਾਂ
ਵੇਖ ਕੇ ਵੀ ਸਿੱਖ ਦਾ ਚਿੱਤ ਨਹੀਂ ਡੋਲਿਆ। ਝੱਟ ਹੀ ਭਾਈ ਧਰਮ ਚੰਦ ਨੇ ਆਪਣਾ ਸੀਸ ਪੇਸ਼ ਕਰ ਦਿੱਤਾ।
ਸਤਿਗੁਰੂ ਨੇ ਪੰਜ ਵਾਰੀ ਸੀਸ ਦੀ ਮੰਗ ਕੀਤੀ ਅਤੇ ਪੰਜ ਵਾਰੀ ਹੀ ਸੀਸ ਪੇਸ਼ ਹੋ ਗਏ। ਜਿਸ ਤਲਵਾਰ
ਵਿੱਚੋਂ ਸੰਸਾਰ ਦੇ ਲੋਕਾਂ ਨੇ ਸਦਾ ਮੌਤ ਹੀ ਵੇਖੀ ਸੀ, ਸਿੱਖ ਨੂੰ ਗੁਰੂ ਦੀ ਤਲਵਾਰ ਵਿੱਚੋਂ ਵੀ
ਜ਼ਿੰਦਗੀ ਨਜ਼ਰ ਆਈ ਅਤੇ ਸੱਚ ਹੋਇਆ ਵੀ ਇਹੀ, ਸਤਿਗੁਰੂ ਨੇ ਉਨ੍ਹਾਂ ਪੰਜਾਂ ਨੂੰ ਖੰਡੇ ਬਾਟੇ ਦੀ
ਪਾਹੁਲ ਬਖ਼ਸ਼ ਕੇ ਇੱਕ ਨਵੇਂ ਪੰਥਕ ਜੀਵਨ ਦਾ ਪਾਂਧੀ ਬਣਾ ਦਿੱਤਾ। ਸਤਿਗੁਰੂ ਨੇ ਇਨ੍ਹਾਂ ਸਿੱਖਾਂ ਨੂੰ
ਜਿੱਥੇ ਇੱਕ ਵਿਲੱਖਣ ਬਾਣਾ ਬਖਸ਼ਿਸ਼ ਕੀਤਾ, ਉੱਥੇ ਨਾਲ ਹੀ ਇੱਕ ਗੁਰਮਤਿ ਰਹਿਤ ਦ੍ਰਿੜ ਕਰਾਈ।
ਦੁਨੀਆਵੀ ਅੱਖਾਂ ਨਾਲ ਵੇਖਿਆਂ ਭਾਵੇਂ ਇਹ ਸਾਰਾ ਵਰਤਾਰਾ ਬਹੁਤ ਅਦਭੁਤ
ਜਾਪਦਾ ਹੈ ਪਰ ਗੁਰਮਤਿ ਦੇ ਚਾਨਣ ਵਿੱਚ, ਇਸ ਨੂੰ ਸੁਹਿਰਦਤਾ ਨਾਲ ਵਾਚਿਆ ਜਾਵੇ ਤਾਂ ਇਸ ਵਿੱਚ ਕੁੱਝ
ਵੀ ਨਵਾਂ ਨਹੀਂ ਸੀ। ਗੁਰੂ ਨਾਨਕ ਪਾਤਿਸ਼ਾਹ ਨੇ ਤਾਂ ਧਰਮ ਦੇ ਮਾਰਗ ਤੇ ਚਲਣ ਦੇ ਜਗਿਆਸੂਆਂ ਵਾਸਤੇ
ਪਹਿਲੀ ਸ਼ਰਤ ਹੀ ਇਹ ਰੱਖੀ ਸੀ:
“ਜਉ ਤਉ ਪ੍ਰੇਮ ਖੇਲਣ ਕਾ ਚਾਉ।। ਸਿਰੁ ਧਰਿ ਤਲੀ ਗਲੀ ਮੇਰੀ ਆਉ।। ਇਤੁ
ਮਾਰਗਿ ਪੈਰੁ ਧਰੀਜੈ।। ਸਿਰੁ ਦੀਜੈ ਕਾਣਿ ਨ ਕੀਜੈ।। ੨੦।।“ (ਪੰਨਾ ੧੪੧੨)
ਹੇ ਭਾਈ! ਜੇ ਤੈਨੂੰ (ਪ੍ਰਭੂ-ਪ੍ਰੇਮ ਦੀ) ਖੇਡ ਖੇਡਣ ਦਾ ਸ਼ੌਕ ਹੈ, ਤਾਂ
(ਆਪਣਾ) ਸਿਰ ਤਲੀ ਉੱਤੇ ਰੱਖ ਕੇ ਮੇਰੀ ਗਲੀ ਵਿੱਚ ਆ (ਲੋਕ-ਲਾਜ ਛੱਡ ਕੇ ਹਉਮੈ ਦੂਰ ਕਰ ਕੇ ਆ)।
(ਪ੍ਰਭੂ-ਪ੍ਰੀਤ ਦੇ) ਇਸ ਰਸਤੇ ਉੱਤੇ (ਤਦੋਂ ਹੀ) ਪੈਰ ਧਰਿਆ ਜਾ ਸਕਦਾ ਹੈ (ਜਦੋਂ) ਸਿਰ ਭੇਟਾ ਕੀਤਾ
ਜਾਏ, ਪਰ ਕੋਈ ਝਿਜਕ ਨਾਹ ਕੀਤੀ ਜਾਏ (ਜਦੋਂ ਬਿਨਾ ਕਿਸੇ ਝਿਜਕ ਦੇ ਲੋਕ-ਲਾਜ ਅਤੇ ਹਉਮੈ ਛੱਡੀ
ਜਾਏ)। ੨੦।
ਇਹ ਜੀਵਨ ਅਵਸਥਾ ਕੋਈ ਇੱਕ ਦਿਨ ਵਿੱਚ ਨਹੀਂ ਸੀ ਪ੍ਰਾਪਤ ਹੋ ਗਈ ਕਿ ਗੁਰੂ
ਨੇ ਨੰਗੀ ਤਲਵਾਰ ਹੱਥ ਵਿੱਚ ਫੜ ਕੇ ਸੀਸ ਮੰਗਿਆ ਅਤੇ ਸਿੱਖ ਨੇ ਉਠ ਕੇ ਸੀਸ ਭੇਟ ਕਰ ਦਿੱਤਾ। ਭਾਰਤੀ
ਗੁਲਾਮ ਪ੍ਰਵਿਰਤੀ ਵਾਲੇ ਮਹੌਲ ਵਿੱਚ ਪਲੇ, ਮਾਨਸਿਕ ਤੌਰ ਤੇ ਅਤਿ ਕਮਜ਼ੋਰ ਹੋ ਚੁੱਕੇ ਮਨੁੱਖ ਨੂੰ,
ਸ਼ਰੀਰ ਦੇ ਨਾਲ ਆਤਮਕ ਤੌਰ ਤੇ ਤਾਕਤਵਰ ਕਰਨ ਵਿੱਚ, ਇਸ ਵੱਡੇ ਇਮਤਿਹਾਨ ਵਾਸਤੇ ਤਿਆਰ ਕਰਨ ਵਿੱਚ, ਦੋ
ਸੌ ਸਾਲ ਤੋਂ ਵਧ ਸਮਾਂ ਲੱਗਾ ਸੀ। ਇਹ ਗੁਰਬਾਣੀ ਦੇ ਲਗਾਤਾਰ ਅਭਿਆਸ ਦਾ ਕਰਿਸ਼ਮਾ ਸੀ, ਗੁਰਬਾਣੀ ਦੇ
ਗੁਣ ਜੀਵਨ ਵਿੱਚ ਵੱਸ ਜਾਣ ਦਾ ਸਾਕਸ਼ਾਤ ਪ੍ਰਮਾਣ ਸੀ, ਗੁਰਬਾਣੀ ਨੂੰ ਜੀਵਨ ਵਿੱਚ ਧਾਰਨ ਕਰਕੇ,
ਨਿਰਭਉ ਨਿਰਵੈਰ ਦੀ ਸਹਜ ਅਵਸਥਾ ਨੂੰ ਪੁਜ ਚੁੱਕੇ ਸਿੱਖ ਦਾ ਸਹਜ ਵਰਤਾਰਾ ਸੀ ਕਿ ਉਸ ਨੂੰ ਧਰਮ
ਵਾਸਤੇ ਆਪਣਾ ਸੀਸ ਗੁਰੂ ਨੂੰ ਭੇਟ ਕਰਨ ਵਾਸਤੇ ਪੱਲ ਵੀ ਨਹੀਂ ਸੋਚਣਾ ਪਿਆ। ਗੁਰੂ ਗੋਬਿੰਦ ਸਿੰਘ
ਪਾਤਿਸ਼ਾਹ ਨੇ ਤਾਂ ਗੁਰੂ ਨਾਨਕ ਪਾਤਿਸ਼ਾਹ ਵਲੋਂ ਇੱਕ ਪੂਰਨ ਮਨੁੱਖ ਦੀ ਘਾੜਨਾ ਦੇ ਅਰੰਭੇ ਮਿਸ਼ਨ ਦੀ
ਸੰਪੂਰਨਤਾ ਦਾ ਐਲਾਨ ਕਰਦੇ ਹੋਏ, ਪੂਰੀ ਤਰ੍ਹਾਂ ਤਿਆਰ ਹੋ ਚੁੱਕੇ ਸਿੱਖ ਨੂੰ ਪਰਖ ਕੇ, ਇਸ ਨੂੰ
ਖ਼ਾਲਸੇ ਦਾ ਰੁਤਬਾ ਦੇ ਕੇ ਇੱਕ ਕੌਮੀ ਨੇਮ ( Disciplin)
ਵਿੱਚ ਚਲਣ ਲਈ ਵਚਨਬੱਧ ਕਰ ਦਿੱਤਾ। ਸਿੱਖ ਭਾਈ ਚਾਰੇ ਨੂੰ ਖੰਡੇ-ਬਾਟੇ ਦੀ ਪਾਹੁਲ ਦੁਆਰਾ, ਗੁਰਬਾਣੀ
ਗਿਆਨ ਦੇ ਉਪਦੇਸ਼ ਅਨੁਸਾਰੀ ਜੀਵਨ ਵਾਲੀ, ਵਿਲੱਖਣ ਕੌਮ ਦੇ ਤੌਰ ਤੇ ਵਿਕਸਿਤ ਹੋਣ ਦੀ ਸ਼ੁਰੂਆਤ ਕਰ
ਦਿੱਤੀ ਸੀ। ਇਸ ਤਰ੍ਹਾਂ ਜੇ ਸਾਰੇ ਵਰਤਾਰੇ ਦਾ ਤੱਤਸਾਰ ਕਢੀਏ ਤਾਂ ਸਤਿਗੁਰੂ ਨੇ ਖੰਡੇ ਬਾਟੇ ਦੀ
ਪਾਹੁਲ ਦੁਆਰਾ ਸਿੱਖ ਦੇ ਇਹ ਪ੍ਰਣ ਕਰਨ ਦੀ ਰਵਾਇਤ ਦੀ ਸ਼ੁਰੂਆਤ ਕੀਤੀ ਸੀ ਕਿ ਸਿੱਖ ਇੱਕ ਵਿਲੱਖਣ
ਕੌਮ ਦੇ ਤੌਰ ਤੇ ਵਿੱਚਰਦੇ ਹੋਏ, ਆਪਣੇ ਜੀਵਨ ਵਿੱਚ ਗੁਰਬਾਣੀ ਦੇ ਉਪਦੇਸ਼ ਤੇ ਦ੍ਰਿੜਤਾ ਨਾਲ ਪਹਿਰਾ
ਦੇਵੇਗਾ ਅਤੇ ਗੁਰਮਤਿ ਦੇ ਪਹਿਰੇ ਵਿੱਚ ਹੀ ਆਪਣਾ ਜੀਵਨ ਬਤੀਤ ਕਰੇਗਾ।
ਪਿਛਲੇ ਲੰਬੇ ਸਮੇਂ ਤੋਂ ਖੰਡੇ-ਬਾਟੇ ਦੀ ਪਾਹੁਲ ਨੂੰ ਇੱਕ ਜਾਦੂਈ ਪਾਣੀ ਦੇ
ਤੌਰ ਤੇ ਪੇਸ਼ ਕੀਤਾ ਜਾ ਰਿਹਾ ਹੈ। ਇਸ ਵਿੱਚ ਬਹੁਤ ਯੋਗਦਾਨ ਸਾਡੇ ਕਵੀ ਸਜਣਾਂ ਦਾ ਹੈ, ਜਿਨ੍ਹਾਂ
ਆਪਣੀਆਂ ਕਵਿਤਾਵਾਂ ਨੂੰ ਪ੍ਰਭਾਵਸ਼ਾਲੀ ਬਨਾਉਣ ਲਈ ਗੁਰਮਤਿ ਸਿਧਾਂਤਾਂ ਨੂੰ ਮਜ਼ਾਕ ਬਣਾ ਕੇ ਰੱਖ
ਦਿੱਤਾ ਹੈ, ਰਹਿੰਦੀ ਖੁਹੰਦੀ ਕਸਰ ਢਾਡੀਆਂ, ਰਾਗੀਆਂ, ਪ੍ਰਚਾਰਕਾਂ ਨੇ ਪੂਰੀ ਕਰ ਦਿੱਤੀ, ਜਿਨ੍ਹਾਂ
ਦੀ ਨਜ਼ਰ ਕੇਵਲ ਸਟੇਜ ਤੇ ਆਉਣ ਵਾਲੀ ਮਾਇਆ ਤੇ ਹੀ ਹੁੰਦੀ ਹੈ ਅਤੇ ਉਹੀ ਸੁਆਦਲੀਆਂ ਗੱਲਾਂ ਸਟੇਜ ਤੇ
ਕਰਦੇ ਹਨ, ਜਿਨ੍ਹਾਂ ਦੁਆਰਾ ਸੰਗਤਾਂ ਨੂੰ ਖੁਸ਼ ਕਰਕੇ, ਉਨ੍ਹਾਂ ਦੀ ਜੇਬ ਦਾ ਵਜ਼ਨ ਕੁੱਝ ਹੌਲਾ ਕੀਤਾ
ਜਾ ਸਕੇ, ਬਾਕੀ ਦਾ ਬੇੜਾ ਪਖੰਡੀ ਬਾਬਿਆਂ, ਡੇਰਿਆਂ ਨੇ ਡੋਬ ਦਿੱਤਾ ਕਿਉਂਕਿ ਉਨ੍ਹਾਂ ਦੀ ਤਾਂ
ਦੁਕਾਨਦਾਰੀ ਹੀ ਕਰਿਸ਼ਮਿਆਂ ਅਤੇ ਚਮਤਕਾਰਾਂ ਤੇ ਚਲਦੀ ਹੈ, ਉਨ੍ਹਾਂ ਕੇਵਲ ਖੰਡੇ ਬਾਟੇ ਦੀ ਪਾਹੁਲ ਹੀ
ਨਹੀਂ, ਗੁਰੂ ਗ੍ਰੰਥ ਸਾਹਿਬ ਦੀ ਇਲਾਹੀ ਗੁਰਬਾਣੀ ਨੂੰ ਹੀ ਜਾਦੂ ਦੀ ਪਟਾਰੀ ਬਣਾਇਆ ਹੋਇਆ ਹੈ।
ਅੱਜ ਹਾਲਤ ਇਹ ਹੈ ਕਿ ਬਹੁਤੀ ਕੌਮ ਖੰਡੇ-ਬਾਟੇ ਦੀ ਪਾਹੁਲ ਛਕਣ ਤੋਂ ਮੁਨਕਰ
ਹੈ। ਜਿਨ੍ਹਾਂ ਵਿਰਲਿਆਂ ਨੇ ਛੱਕਿਆਂ ਵੀ ਹੈ, ਉਨ੍ਹਾਂ ਵਿੱਚੋਂ ਦੋ ਤਰ੍ਹਾਂ ਦੇ ਪ੍ਰਮੁੱਖ ਹਨ। ਇੱਕ
ਤਾਂ ਉਹ ਜਿਨ੍ਹਾਂ ਲਈ ਪਾਹੁਲ ਛਕਣਾ ਪੇਸ਼ੇ ਦੀ ਜ਼ਰੂਰਤ ਹੈ ਜਿਵੇਂ ਗੁਰਦੁਆਰਿਆਂ ਦੇ ਪ੍ਰਚਾਰਕ,
ਸੇਵਾਦਾਰ, ਰਾਗੀ, ਢਾਡੀ, ਪਾਠੀ ਆਦਿ। ਵੈਸੇ ਤਾਂ ਸਿਆਸੀ ਆਗੂ ਵੀ ਇਨ੍ਹਾਂ ਦੀ ਕਤਾਰ ਵਿੱਚ ਹੀ
ਆਉਂਦੇ ਹਨ, ਕਿਉਂਕਿ ਭਾਵਨਾ ਵਾਲੇ ਸਿੱਖਾਂ ਨੂੰ ਭਰਮਾਉਣ ਲਈ, ਇਹ ਉਨ੍ਹਾਂ ਦੇ ਵੀ ਪੇਸ਼ੇ ਦੀ ਲੋੜ
ਹੈ। ਇਸੇ ਕਰਕੇ ਇਨ੍ਹਾਂ ਵਿੱਚੋਂ ਬਹੁਤਿਆਂ ਦੀਆਂ ਕਿਰਪਾਨਾਂ, ਘਰ ਵਿੱਚ ਤਾਂ ਅਕਸਰ ਕਿੱਲੀਆਂ ਤੇ ਹੀ
ਟੰਗੀਆਂ ਰਹਿੰਦੀਆਂ ਹਨ। ਉਹ ਕੇਵਲ ਵਿਖਾਵਾ ਕਰਨ ਲਈ ਬਾਹਰ ਜਾਣ ਵੇਲੇ ਹੀ ਪਾਉਣੀਆਂ ਪੈਂਦੀਆਂ ਹਨ
ਜਾਂ ਜਿਸ ਵੇਲੇ ਕੋਈ ਘਰ ਮਿਲਣ ਆ ਜਾਵੇ। ਇਨ੍ਹਾਂ ਵਿੱਚ ਕਈ ਐਸੇ ਵੀ ਹਨ, ਜਿਨ੍ਹਾਂ ਖੰਡੇ ਬਾਟੇ ਦੀ
ਪਾਹੁਲ ਛਕੀ ਹੀ ਨਹੀਂ ਹੋਈ, ਕੇਵਲ ਵਿਖਾਵੇ ਵਾਸਤੇ ਹੀ ਕਿਰਪਾਨਾਂ ਪਾਈ ਫਿਰਦੇ ਹਨ।
ਦੂਸਰੀ ਕਿਸਮ ਦੇ ਉਹ ਹਨ ਜਿਨ੍ਹਾਂ ਖੰਡੇ-ਬਾਟੇ ਦੀ ਪਾਹੁਲ ਨੂੰ ਇੱਕ
ਪਵਿੱਤਰ, ਜਾਦੂਈ ਜਾਂ ਕਰਾਮਾਤੀ ਪਾਣੀ ਸਮਝ ਕੇ ਛੱਕਿਆ ਹੈ। ਇਨ੍ਹਾਂ ਵਿੱਚ ਬਹੁਤਾਤ ਬਾਬਿਆਂ ਦੇ
ਚੇਲਿਆਂ ਦੀ ਹੈ। ਇਨ੍ਹਾਂ ਵਿੱਚ ਭਾਵਨਾ ਤਾਂ ਭਰਪੂਰ ਹੈ ਪਰ ਇਹ ਭਾਵਨਾ ਗਿਆਨ ਵਿਹੂਣੀ ਹੋਣ ਕਾਰਨ,
ਇਹ ਪਾਹੁਲ ਦੇ ਆਦਰਸ਼ਕ ਜੀਵਨ ਦਾ ਅਨੰਦ ਨਹੀਂ ਮਾਣ ਸਕੇ, ਇਹੀ ਕਾਰਨ ਹੈ ਕਿ ਇਹ ਬਾਬਿਆਂ ਦੇ ਡੇਰਿਆਂ
ਅਤੇ ਸਮਾਗਮਾਂ ਤੇ ਤਾਂ ਵੱਡੀ ਗਿਣਤੀ ਵਿੱਚ ਨਜ਼ਰ ਆਉਂਦੇ ਹੀ ਹਨ, ਨਾਲ ਹੀ ਬਹੁਤਿਆਂ ਨੂੰ ਪੀਰਾਂ
ਦੀਆਂ ਦਰਗਾਹਾਂ, ਅਨਮਤੀ ਕੌਮਾਂ ਦੇ ਧਰਮ ਸਥਾਨਾਂ ਅਤੇ ਅਣਮਤੀ ਪਖੰਡੀ ਸਾਧਾਂ ਦੇ ਪ੍ਰੋਗਰਾਮਾਂ ਅਤੇ
ਡੇਰਿਆਂ ਤੇ ਭਟਕਦੇ ਵੀ ਅਕਸਰ ਵੇਖਿਆ ਜਾ ਸਕਦਾ ਹੈ। ਅਸਲ ਵਿੱਚ ਇਨ੍ਹਾਂ ਨੂੰ ਪਾਹੁਲ ਛਕਣ ਦੇ ਭਾਵ
ਜਾਂ ਉਦੇਸ਼ ਦਾ ਸ਼ਾਇਦ ਪਤਾ ਹੀ ਨਹੀਂ। ਬਹੁਤਿਆਂ ਨੂੰ ਤਾਂ ਇਹ ਹੀ ਨਹੀਂ ਪਤਾ ਕਿ ਇਹ ਪਾਹੁਲ ਕਿਸ ਦੀ
ਬਖਸ਼ਿਸ਼ ਹੈ, ਇਸੇ ਵਾਸਤੇ ਬਹੁਤੇ ਅਕਸਰ ਇਹ ਕਹਿੰਦੇ ਮਿਲ ਜਾਣਗੇ ਕਿ ਅਸੀਂ ਫਲਾਣੇ ਬਾਬਾ ਜੀ ਦਾ,
ਫਲਾਣੀ ਟਕਸਾਲ ਦਾ, ਜਥੇ ਦਾ ਜਾਂ ਡੇਰੇ ਦਾ ਅੰਮ੍ਰਿਤ ਛੱਕਿਆ ਹੈ।
ਇਥੇ ਮੈਨੂੰ ਇੱਕ ਨਿਜ਼ੀ ਜ਼ਿੰਦਗੀ ਦੀ ਗੱਲ ਯਾਦ ਆਉਂਦੀ ਹੈ। ਗੱਲ ਉਨ੍ਹਾਂ
ਕਾਲੇ ਦਿਨਾਂ ਦੀ ਹੈ, ਜਦੋਂ ਪੰਜਾਬ ਜ਼ੁਲਮ ਦੀ ਭੱਠੀ ਬਣਿਆ ਹੋਇਆ ਸੀ। ਸਰਕਾਰੀ ਜ਼ਬਰ ਖਿਲਾਫ ਅਵਾਜ਼
ਬੁਲੰਦ ਕਰਨ ਲਈ ਅਸੀਂ ਪੰਜਾਬ ਮਨੁੱਖੀ ਅਧਿਕਾਰ ਸੰਗਠਣ ਵਲੋਂ ਇੱਕ ਰੈਲੀ ਗਵਰਨਰ ਦੇ ਘਰ ਨੇੜੇ ਰੱਖੀ।
ਜਿਸ ਵੇਲੇ ਮੈਂ ਉਸ ਰੈਲੀ ਤੋਂ ਵਾਪਸ ਆ ਰਿਹਾ ਸਾਂ, ਰਸਤੇ ਵਿੱਚ ਇੱਕ ਸਿੱਖ ਵੀਰ ਜਿਸ ਨੇ ਉਪਰੋਂ
ਕਿਰਪਾਨ ਪਾਈ ਹੋਈ ਸੀ, ਮੈਨੂੰ ਪੈਦਲ ਤੁਰਿਆ ਜਾਂਦਾ ਨਜ਼ਰ ਪਿਆ। ਮੈਂ ਆਪਣੀ ਗੱਡੀ ਉਸ ਦੇ ਨੇੜੇ ਰੋਕ
ਕੇ ਪੁੱਛਿਆ,
“ਵੀਰ ਜੀ ਕਿਧਰ ਜਾਣਾ ਹੈ? “
ਉਸ ਜੁਆਬ ਦਿੱਤਾ, “ਬੱਸ ਅੱਡੇ। “
ਮੈਂ ਦਰਵਾਜ਼ਾ ਖੋਲਦੇ ਹੋਏ ਕਿਹਾ, “ਆ ਜਾਓ, ਮੈਂ ਛੱਡ ਦੇਂਦਾ ਹਾਂ। “
ਉਹ ਬੈਠਦੇ ਹੋਏ ਹੈਰਾਨਗੀ ਵਿੱਚ ਬੋਲਿਆ, “ਧੰਨ ਸਤਿਗੁਰੂ, ਤੁਹਾਡੇ ਰੰਗ
ਨਿਆਰੇ ਹਨ। “
ਮੈਂ ਪੁਛਿਆ, “ਵੀਰ ਜੀ ਕੀ ਹੋਇਆ? “
ਕਹਿਣ ਲੱਗਾ, “ਇਹ ਸਤਿਗੁਰੂ ਦੇ ਰੰਗ ਹੀ ਹਨ, ਮੈਂ ਤੁਹਾਨੂੰ ਜਾਣਦਾ ਨਹੀਂ,
ਫੇਰ ਵੀ ਤੁਸੀ ਆਪੇ ਗੱਡੀ ਰੋਕ ਕੇ ਮੈਨੂੰ ਬਿਠਾ ਲਿਐ। “
ਮੈਂ ਕਿਹਾ, “ਪਰ ਮੈਂ ਤਾਂ ਤੁਹਾਨੂੰ ਪਹਿਚਾਨ ਕੇ ਹੀ ਬਿਠਾਇਆ ਹੈ, ਤੁਸੀਂ
ਮੇਰੇ ਗੁਰਭਾਈ ਹੋ। “
ਉਹ ਬੜਾ ਖੁਸ਼ ਹੁੰਦਾ ਹੋਇਆ ਬੋਲਿਆ, “ਵਾਹ ਜੀ ਵਾਹ! ਤੁਸੀਂ ਵੀ ਝੀਲ ਵਾਲੇ
ਮਹਾਂਪੁਰਖਾਂ ਦੇ ਸਿੱਖ ਹੋ। “
ਮੇਰਾ ਤਾਂ ਜਿਵੇਂ ਦਿੱਲ ਹੀ ਬੁਝ ਗਿਆ, ਮੈਂ ਦੁਖੀ ਹੁੰਦੇ ਹੋਏ ਕਿਹਾ,
“ਨਹੀਂ ਜੀ! ਮੈਂ ਕਿਸੇ ਬਾਬੇ ਦਾ ਸਿੱਖ ਨਹੀਂ, ਮੈਂ ਤਾਂ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹਾਂ ਅਤੇ
ਤੁਹਾਡੇ ਗੱਲ ਵਿੱਚ ਪਏ ਗਾਤਰੇ ਨੂੰ ਵੇਖ ਕੇ, ਤੁਹਾਨੂੰ ਵੀ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਸਮਝ ਕੇ
ਹੀ ਬਿਠਾਇਆ ਹੈ। “
ਪਤਾ ਨਹੀਂ ਉਸ ਨੂੰ ਮੇਰੀ ਗੱਲ ਦੀ ਸਮਝ ਨਹੀਂ ਪਈ ਜਾਂ ਸ਼ਰਮ ਕਾਰਨ, ਉਹ
ਅੱਗੋਂ ਕੁੱਝ ਨਾ ਬੋਲਿਆ। ਥੋੜੀ ਦੇਰ ਬਾਅਦ ਮੈਂ ਉਸ ਨੂੰ ਪੁਛਿਆ,
“ਵੀਰ ਜੀ ਤੁਸੀਂ ਕਿਰਪਾਨ ਪਾਈ ਹੋਈ ਹੈ, ਜ਼ਾਹਰ ਹੈ ਖੰਡੇ ਬਾਟੇ ਦੀ ਪਾਹੁਲ
ਛੱਕੀ ਹੋਵੇਗੀ? “
ਉਹ ਫੇਰ ਕੁੱਝ ਹੈਰਾਨ ਹੁੰਦਾ ਹੋਇਆ, ਸੁਆਲੀਆ ਲਹਿਜੇ ਵਿੱਚ ਬੋਲਿਆ, “ਹੈਂ
ਜੀ? “
ਮੈਂ ਕਿਹਾ, “ਜੀ ਅੰਮ੍ਰਿਤ ਛੱਕਿਆ ਹੈ? “
ਉਹ ਖੁਸ਼ ਹੁੰਦਾ ਹੋਇਆ, ਗਾਤਰੇ ਤੇ ਹੱਥ ਫੇਰ ਕੇ ਬੋਲਿਆ, “ਹਾਂ ਜੀ ਹਾਂ। “
ਮੈਂ ਕਿਹਾ, “ਵੀਰ ਜੀ ਜਦੋਂ ਪੰਜ ਪਿਆਰੇ ਸਾਨੂੰ ਅੰਮ੍ਰਿਤ ਛਕਾਉਂਦੇ ਹਨ, ਉਹ
ਮਰਿਯਾਦਾ ਦ੍ਰਿੜ ਕਰਾਉਂਦੇ ਸਾਨੂੰ ਕਹਿੰਦੇ ਹਨ ਕਿ ਅੱਜ ਤੋਂ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਜੀ
ਹਨ ਅਤੇ ਮਾਤਾ ਸਾਹਿਬ ਕੌਰ ਜੀ, ਉਹ ਐਸਾ ਕਿਉਂ ਕਹਿੰਦੇ ਹਨ? “
ਉਹ ਥੋੜਾ ਜਿਹਾ ਸੋਚ ਕੇ ਕਹਿਣ ਲੱਗਾ, “ਉਹ ਗਲਤ ਕਹਿੰਦੇ ਹਨ, ਉਨ੍ਹਾਂ ਨੂੰ
ਐਸਾ ਨਹੀਂ ਕਹਿਣਾ ਚਾਹੀਦਾ। “
ਉਸ ਦੇ ਜੁਆਬ ਨੇ ਮੈਨੂੰ ਇੱਕ ਹੋਰ ਝਟਕਾ ਦਿੱਤਾ। ਅਸੀਂ ਬੱਸ ਅੱਡੇ ਅੱਗੇ
ਪਹੁੰਚ ਗਏ ਸਾਂ, ਮੈਂ ਗੱਡੀ ਰੋਕ ਲਈ ਪਰ ਉਸ ਦਾ ਹੱਥ ਫੜ ਕੇ ਕਿਹਾ, “ਵੀਰ ਜੀ, ਉਹ ਗਲਤ ਨਹੀਂ
ਕਹਿੰਦੇ। ਸਤਿਗੁਰੂ ਇਹੀ ਚਾਹੁੰਦੇ ਸਨ ਕਿ ਸਾਡਾ ਸਾਰੇ ਗੁਰਸਿੱਖਾਂ ਦਾ ਸਕੇ ਭੈਣ ਭਰਾਵਾਂ ਵਰਗਾ
ਪਿਆਰ ਅਤੇ ਸਬੰਧ ਹੋਵੇ। ਪਾਹੁਲ ਛੱਕ ਕੇ ਅਸੀਂ ਇੱਕ ਪਰਿਵਾਰ ਬਣ ਕੇ ਵਿਚਰੀਏ। ਇਸੇ ਵਾਸਤੇ ਸਾਨੂੰ
ਇੱਕ ਪਿਤਾ, ਗੁਰੂ ਗੋਬਿੰਦ ਸਿੰਘ ਜੀ ਅਤੇ ਇੱਕ ਮਾਤਾ, ਮਾਤਾ ਸਾਹਿਬ ਕੌਰ ਜੀ ਦੀ ਸਨਤਾਨ ਹੋਣਾ
ਦ੍ਰਿੜ ਕਰਾਇਆ ਜਾਂਦਾ ਹੈ। “
“ਹਾਂ ਜੀ, ਹਾਂ ਜੀ, ਬਹੁਤ ਧੰਨਵਾਦ” ਕਹਿੰਦਾ ਹੋਇਆ, ਉਹ ਹੱਥ ਛੁੜਾ ਕੇ
ਗੱਡੀ ਚੋਂ ਬਾਹਰ ਨਿਕਲ ਗਿਆ।
ਇਹ ਹੈ ਸਾਡਾ ਖੰਡੇ-ਬਾਟੇ ਦੀ ਪਾਹੁਲ ਛੱਕਣਾ। ਅੱਜ ਜਿਹੜੇ ਸਿੱਖ ਪਾਹੁਲ ਛੱਕ
ਵੀ ਰਹੇ ਹਨ, ਉਨ੍ਹਾਂ ਵਿੱਚੋਂ ਬਹੁਤੇ ਤਾਂ ਇਸ ਨੂੰ ਇੱਕ ਕਰਮ ਕਾਂਡ ਦੇ ਤੌਰ ਤੇ ਹੀ ਛੱਕ ਰਹੇ ਹਨ,
ਇਹ ਸੋਚ ਕੇ ਕਿ ਪਾਹੁਲ ਛੱਕਣ ਨਾਲ ਉਨ੍ਹਾਂ ਦੇ ਕੀਤੇ ਪਿਛਲੇ ਸਾਰੇ ਕਰਮ ਧੋਤੇ ਜਾਣਗੇ, ਉਹ ਗੁਰੂ ਦੇ
ਘਰ ਵਿੱਚ ਪ੍ਰਵਾਨ ਹੋ ਜਾਣਗੇ, ਉਨ੍ਹਾਂ ਵਾਸਤੇ ਸਵਰਗਾਂ ਦੇ ਰਸਤੇ ਖੁਲ੍ਹ ਜਾਣਗੇ, ਉਨ੍ਹਾਂ ਦੀਆਂ
ਅਗਲੀਆਂ ਪਿਛਲੀਆਂ ਕੁੱਲਾਂ ਤਰ ਜਾਣਗੀਆਂ ਆਦਿ. . । ਬਿਲਕੁਲ ਉਂਝ ਜਿਵੇਂ ਬ੍ਰਾਹਮਣੀ ਵਿਚਾਰਧਾਰਾ ਦੇ
ਲੋਕ ਹਰਿਦੁਆਰ, ਕਾਂਸ਼ੀ ਆਦਿ ਤੀਰਥਾਂ ਤੇ ਇਸ਼ਨਾਨ ਕਰਕੇ, ਇਹ ਸੋਚਦੇ ਹਨ ਕਿ ਉਨ੍ਹਾਂ ਦੇ ਪਿਛਲੇ ਸਾਰੇ
ਪਾਪ ਕਰਮ ਧੋਤੇ ਗਏ ਹਨ। ਸਤਿਗੁਰੂ ਗੁਰਬਾਣੀ ਵਿੱਚ ਸਮਝਾਉਂਦੇ ਬਖਸ਼ਿਸ਼ ਕਰਦੇ ਹਨ:
“ਪਾਪ ਕਰਹਿ ਪੰਚਾਂ ਕੇ ਬਸਿ ਰੇ।। ਤੀਰਥਿ ਨਾਇ ਕਹਹਿ ਸਭਿ ਉਤਰੇ।। ਬਹੁਰਿ
ਕਮਾਵਹਿ ਹੋਇ ਨਿਸੰਕ।। ਜਮ ਪੁਰਿ ਬਾਂਧਿ ਖਰੇ ਕਾਲੰਕ।। ੨।। “ (ਪ੍ਰਭਾਤੀ ਮਹਲਾ ੫, ਪੰਨਾ ੧੩੪੮)
ਹੇ ਭਾਈ! (ਜਿਹੜੇ ਮਨੁੱਖ ਕਾਮਾਦਿਕ) ਪੰਜਾਂ ਦੇ ਵੱਸ ਵਿੱਚ (ਰਹਿ ਕੇ) ਪਾਪ
ਕਰਦੇ ਰਹਿੰਦੇ ਹਨ, (ਫਿਰ ਕਿਸੇ) ਤੀਰਥ ਉੱਤੇ ਇਸ਼ਨਾਨ ਕਰ ਕੇ ਆਖਦੇ ਹਨ (ਕਿ ਸਾਡੇ) ਸਾਰੇ (ਪਾਪ)
ਲਹਿ ਗਏ ਹਨ, (ਤੇ) ਝਾਕਾ ਲਾਹ ਕੇ ਮੁੜ ਮੁੜ (ਉਹੀ ਪਾਪ) ਕਰੀ ਜਾਂਦੇ ਹਨ (ਤੀਰਥ-ਇਸ਼ਨਾਨ ਉਹਨਾਂ ਨੂੰ
ਜਮਰਾਜ ਤੋਂ ਬਚਾ ਨਹੀਂ ਸਕਦਾ, ਉਹ ਤਾਂ ਕੀਤੇ) ਪਾਪਾਂ ਦੇ ਕਾਰਨ ਬੰਨ੍ਹ ਕੇ ਜਮਰਾਜ ਦੇ ਦੇਸ ਵਿੱਚ
ਅਪੜਾਏ ਜਾਂਦੇ ਹਨ। ੨।
ਜਿਵੇਂ ਤੀਰਥਾਂ ਤੋਂ ਆਕੇ, ਉਹ ਲੋਕ ਮੁੜ ਉਨ੍ਹਾਂ ਪਾਪ ਕਰਮਾਂ ਵਿੱਚ ਹੀ
ਗਲਤਾਨ ਹੋ ਜਾਂਦੇ ਹਨ, ਇਹੀ ਹਾਲਤ ਸਾਡੇ ਇਨ੍ਹਾਂ ਅੰਮ੍ਰਿਤਧਾਰੀ ਸਿੱਖਾਂ ਦੀ ਹੈ, ਸਿਵਾਏ ਇਸ ਦੇ ਕਿ
ਉਹ ਸਰੀਰ ਤੇ ਕਕਾਰ ਸਜਾ ਲੈਂਦੇ ਹਨ ਅਤੇ ਕੁਝ, ਕੁੱਝ ਸਮੇਂ ਵਾਸਤੇ ਨਿਤਨੇਮ ਦੀਆਂ ਬਾਣੀਆਂ ਦੇ ਰੱਟੇ
ਲਾਉਣੇ ਸ਼ੁਰੂ ਕਰ ਦੇਂਦੇ ਹਨ, ਖੰਡੇ-ਬਾਟੇ ਦੀ ਪਾਹੁਲ ਛੱਕ ਕੇ ਵੀ ਉਨ੍ਹਾਂ ਦੇ ਜੀਵਣ ਵਿੱਚ ਹੋਰ ਕੋਈ
ਤਬਦੀਲੀ ਨਹੀਂ ਆਉਂਦੀ। ਉਨ੍ਹਾਂ ਦਾ ਕਿਰਦਾਰ ਉਂਝ ਦਾ ਉਂਝ ਹੀ ਰਹਿੰਦਾ ਹੈ। ਹੋਰ ਤਾਂ ਹੋਰ ਜਿੰਨੀ
ਕੁ ਮਰਿਯਾਦਾ ਉਨ੍ਹਾਂ ਨੂੰ ਸਮਝ ਪਈ ਹੈ, ਉਸ ਤੋਂ ਵੀ ਉਲਟ ਕਰਮ ਕਰਨ ਵਾਲਿਆਂ ਨੂੰ ਅਕਸਰ ਇਹ ਕਹਿੰਦੇ
ਸੁਣੀ ਦਾ ਹੈ, ਕੋਈ ਨਹੀਂ ਜੀ, ਫੇਰ ਕਿਤੇ ਅੰਮ੍ਰਿਤ ਸੰਚਾਰ ਤੇ ਭੁਲ ਬਖਸ਼ਾ ਲਵਾਂਗੇ ਜਾਂ ਮੁੜ ਕੇ
ਅੰਮ੍ਰਿਤ ਛੱਕ ਲਵਾਂਗੇ, ਬਿਲਕੁਲ ਉਵੇਂ ਜਿਵੇਂ ਬ੍ਰਾਹਮਣਵਾਦੀ ਵਿਚਾਰਧਾਰਾ ਵਾਲੇ ਸੋਚਦੇ ਹਨ, ਇੱਕ
ਵੇਰਾਂ ਫੇਰ ਗੰਗਾ ਨਹਾ ਆਵਾਂਗੇ, ਨਹੀਂ ਤਾਂ ਹੱਡੀਆਂ ਤਾਂ ਆਖਰ ਗੰਗਾ ਵਿੱਚ ਹੀ ਜਾਣੀਆ ਹਨ। ਸੱਚ
ਵੇਖਿਆ ਜਾਵੇ ਤਾਂ ਬਹੁਤਾ ਕਸੂਰ ਉਨ੍ਹਾਂ ਦਾ ਵੀ ਨਹੀਂ, ਸਾਡੇ ਉਹ ਮਹਾਂਪੁਰਖ (ਮਹਾਂਠੱਗ) ਜੋ
ਅੰਮ੍ਰਿਤ ਦੀਆਂ ਹੱਟੀਆਂ ਖੋਲੀ ਬੈਠੇ ਹਨ, ਉਹ ਪ੍ਰਚਾਰ ਹੀ ਇਹੀ ਕਰ ਰਹੇ ਹਨ। ਉਨ੍ਹਾਂ ਦੇ ਤਾਂ
ਦਾਅਵੇ ਵੀ ਬਹੁਤ ਵੱਡੇ ਵੱਡੇ ਹਨ। ਹਰ ਬਾਬੇ ਨੇ ਹਜ਼ਾਰਾਂ ਪ੍ਰਾਣੀਆਂ ਨੂੰ ਅੰਮ੍ਰਿਤ ਛੱਕਾ ਕੇ ਗੁਰੂ
ਵਾਲਾ (ਕਿ ਆਪਣੇ ਡੇਰੇ ਦਾ ਸਿੱਖ?) ਬਣਾਇਆ ਹੈ, ਜੇ ਸਾਰਿਆਂ ਦੇ ਦਾਅਵਿਆਂ ਨੂੰ ਇਕੱਠਾ ਕਰ ਲਿਆ
ਜਾਵੇ ਤਾਂ ਅੱਜ ਜਿੰਨੀ ਸਿੱਖ ਕੌਮ ਦੀ ਕੁਲ ਗਿਣਤੀ ਹੈ, ਸਾਰਿਆਂ ਨੇ ਘੱਟੋ ਘੱਟ ਦੋ ਦੋ ਵਾਰੀ
ਅੰਮ੍ਰਿਤ ਛੱਕ ਲਿਆ ਹੋਣਾ ਚਾਹੀਦਾ ਹੈ, ਜਦਕਿ ਸੱਚਾਈ ਸਭ ਦੇ ਸਾਹਮਣੇ ਹੈ ਕਿ ਅਸੀ ਤੋਂ ਨੱਬੇ
ਪ੍ਰਤੀਸ਼ਤ ਕੌਮ ਪਤਿਤ ਹੋਈ ਪਈ ਹੈ, ਹਾਲਾਂਕਿ ਇਹ ਗਿਣਤੀ ਵੀ ਕੇਵਲ ਕੇਸਾਂ ਦੀ ਬੇਅਦਬੀ ਕਰਨ ਵਾਲਿਆਂ
ਦੀ ਹੈ।
ਸਮਾਜਕ ਤੌਰ ਤੇ ਵੀ ਵੇਖਿਆ ਜਾਵੇ ਤਾਂ ਅੱਜ ਨਾ ਤਾਂ ਬਹੁਤੇ ਪਾਹੁਲ ਛੱਕਣ
ਵਾਲਿਆਂ ਦੇ ਨਿਜੀ ਜੀਵਨ ਵਿੱਚ ਸ਼ਾਂਤੀ ਹੈ, ਨਾ ਪਰਿਵਾਰਕ ਜੀਵਨ ਵਿੱਚ। ਕੌਮੀ ਜੀਵਨ ਦੀ ਗੱਲ ਕਰੀਏ
ਤਾਂ ਅੱਜ ਕੁੱਝ ਗਾਤਰਿਆਂ ਵਾਲੇ ਹੀ ਪੰਥ ਦੋਖੀ ਸ਼ਕਤੀਆਂ ਦੇ ਏਜੰਟ ਬਣ ਕੇ, ਕੌਮ ਨੂੰ ਬਰਬਾਦ ਕਰਨ
ਲੱਗੇ ਹੋਏ ਹਨ। ਅੱਜ ਇਨ੍ਹਾਂ ਲੋਕਾਂ ਦੀ ਵਜ੍ਹਾ ਕਰਕੇ ਕੌਮ ਖਾਨਾਜੰਗੀ ਦੇ ਮੁਹਾਨੇ ਤੇ ਪਹੁੰਚ ਗਈ
ਹੈ। ਪਾਹੁਲ ਛੱਕਣ ਵਾਲੇ ਗੁਰਸਿੱਖ ਦਾ ਜੋ ਸਮਾਜ ਵਿੱਚ ਵਿਸ਼ੇਸ਼ ਸਥਾਨ ਅਤੇ ਸਤਿਕਾਰ ਹੁੰਦਾ ਸੀ, ਉਹ
ਬਿਲਕੁਲ ਗੁਆਚ ਗਿਆ ਹੈ ਬਲਕਿ ਅੱਜ ਕੱਲ ਤਾਂ ਲੋਕ ਕ੍ਰਿਪਾਨਧਾਰੀ ਸਿੱਖ ਨੂੰ ਵਧੇਰੇ ਸ਼ੱਕ ਦੀਆਂ
ਨਜ਼ਰਾਂ ਨਾਲ ਵੇਖਦੇ ਹਨ। ਆਮ ਲੋਕੀ ਪਾਹੁਲ ਛਕਣ ਵਾਲੇ ਪਰਿਵਾਰ ਵਿੱਚ ਧੀ ਵਿਆਹੁਣ ਤੋਂ ਡਰਨ ਲੱਗ ਪਏ
ਹਨ।
ਕਾਰਨ ਕੀ ਹੈ? ਕਿਥੇ ਅਤੇ ਕਿਉਂ ਗੁਆਚ ਗਿਆ ਹੈ ਸਤਿਗੁਰੂ ਦੀ ਇਸ ਅਦੁੱਤੀ
ਬਖਸ਼ਿਸ਼ ਦਾ ਸਤਿਕਾਰ?
ਇਸ ਲੇਖ ਰਾਹੀਂ ਅਸੀਂ ਸਿੱਖ ਦੇ ਜੀਵਨ ਵਿੱਚ ਖੰਡੇ ਬਾਟੇ ਦੀ ਪਾਹੁਲ ਦੇ
ਵਿਧੀ ਵਿਧਾਨ ਅਤੇ ਮਰਿਯਾਦਾ ਦੀ ਕੁੱਝ ਸਮੀਖਿਆ ਕਰਨ ਦਾ ਯਤਨ ਕਰਾਂਗੇ, ਤਾਂ ਜੋ ਆਪਣੇ ਨਿਜੀ ਅਤੇ
ਸਮਾਜਕ ਜੀਵਨ ਵਿੱਚ ਆਈਆਂ ਕਮੀਆਂ ਦੀ ਪੜਚੋਲ ਕਰਕੇ, ਉਨ੍ਹਾਂ ਦੀ ਸੁਧਾਈ ਕਰਕੇ, ਜਿਥੇ ਆਪਣੇ ਜੀਵਨ
ਨੂੰ ਗੁਣਾਂ ਨਾਲ ਸ਼ਿੰਗਾਰ ਸਕੀਏ, ਉਥੇ ਸਤਿਗੁਰੂ ਦੀ ਇਸ ਅਦੁੱਤੀ ਬਖਸ਼ਿਸ਼ ਦਾ ਮਾਨ ਸਤਿਕਾਰ ਬਹਾਲ
ਕੀਤਾ ਜਾ ਸਕੇ।
ਅੰਮ੍ਰਿਤ ਕਿ ਪਾਹੁਲ?
ਦੁਨੀਆਂ ਦੇ, ਵਿਸ਼ੇਸ਼ ਕਰਕੇ ਭਾਰਤ ਦੇ ਲੋਕ ਇਹ ਸਮਝਦੇ ਸਨ ਕਿ ਕੋਈ ਐਸਾ ਜਲ
ਹੈ, ਜਿਸ ਦੇ ਪੀਣ ਨਾਲ ਜੀਵ ਸਦਾ ਲਈ ਅਮਰ ਹੋ ਜਾਂਦਾ ਹੈ, ਫਿਰ ਉਸ ਨੂੰ ਕਦੇ ਮੌਤ ਨਹੀਂ ਆਉਂਦੀ। ਉਸ
ਕਿਆਸੇ ਹੋਏ ਜਲ ਨੂੰ ਅੰਮ੍ਰਿਤ ਦਾ ਨਾਂ ਦਿੱਤਾ ਗਿਆ। ਇਸ ਜਲ ਦੇ ਸਮੁੰਦਰ ਰਿੜਕਣ ਦੇ ਹਾਸਮਈ ਮਿਥਿਆਸ
ਵਿੱਚ ਵੀ ਪਰਗੱਟ ਹੋਣਾ ਦਸਿਆ ਜਾਂਦਾ ਹੈ। ਕਿਸੇ ਰਾਜੇ ਦੇ ਉਸ ਜਲ ਤੱਕ ਪਹੁੰਚ ਜਾਣ ਦੀ ਕਹਾਣੀ ਵੀ
ਬਣੀ ਹੋਈ ਹੈ, ਪਰ ਦਸਿਆ ਜਾਂਦਾ ਹੈ ਕਿ ਉਸ ਨੂੰ ਉਥੇ ਇੱਕ ਕਾਂ ਮਿਲ ਪਿਆ, ਜਿਸ ਨੇ ਕਈ ਸਦੀਆਂ
ਪਹਿਲੇ ਉਹ ਅੰਮ੍ਰਿਤ ਪੀ ਲਿਆ ਸੀ। ਹੁਣ ਬਹੁਤ ਵਡੇਰੀ ਉਮਰ ਹੋ ਜਾਣ ਕਾਰਨ ਉਹ ਸਰੀਰਕ ਤੌਰ ਤੇ ਬਹੁਤ
ਨਿਰਬਲ ਹੋ ਚੁੱਕਾ ਸੀ ਅਤੇ ਬਹੁਤ ਕਸ਼ਟ ਭੋਗ ਰਿਹਾ ਸੀ ਪਰ ਅੰਮ੍ਰਿਤ ਪੀ ਕੇ ਅਮਰ ਹੋ ਜਾਣ ਕਾਰਨ, ਮੌਤ
ਤਾਂ ਹੁਣ ਕਦੇ ਆਉਣੀ ਹੀ ਨਹੀਂ ਸੀ। ਉਸ ਦੀ ਹਾਲਤ ਵੇਖ ਕੇ ਉਸ ਰਾਜੇ ਨੇ ਉਹ ਅੰਮ੍ਰਿਤ ਪੀਣ ਦਾ
ਵਿਚਾਰ ਤਿਆਗ ਦਿੱਤਾ।
ਜੇ ਕੋਈ ਐਸਾ ਕਾਂ ਹੁੰਦਾ ਤਾਂ ਉਹ ਤਾਂ ਅੱਜ ਵੀ ਜਿਊਂਦਾ ਹੋਣਾ ਚਾਹੀਦਾ ਸੀ,
ਅੰਮ੍ਰਿਤ ਪੀ ਕੇ ਅਮਰ ਜੋ ਹੋ ਗਿਆ। ਫੇਰ ਤਾਂ ਕਦੋਂ ਦਾ ਉਸ ਨੂੰ ਕਿਸੇ ਵੱਡੇ ਦੇਵਤੇ ਦਾ ਖਿਤਾਬ ਮਿਲ
ਚੁਕਾ ਹੁੰਦਾ, ਆਖਿਰ ਸੰਸਾਰ ਦੀ ਸੱਭ ਤੋਂ ਦੁਰਲਭ ਵਸਤੂ ਅੰਮ੍ਰਿਤ ਪੀਣ ਵਾਲਾ ਕੋਈ ਆਮ ਜੀਵ ਤਾਂ
ਨਹੀਂ ਹੋ ਸਕਦਾ। ਭਾਵੇਂ ਉਹ ਕਿਸੇ ਪਹਾੜ ਦੀ ਚੋਟੀ ਤੇ ਜਾ ਲੁਕਦਾ, ਸ਼ਰਧਾਲੂਆਂ ਨੇ ਉਸ ਨੂੰ ਲੱਭ ਹੀ
ਲੈਣਾ ਸੀ। ਜਿਹੜੇ ਪੱਥਰ ਦੀਆਂ ਜਾਂ ਬਰਫ ਦੀਆਂ ਮੂਰਤੀਆਂ ਪੂਜਣ ਵਾਸਤੇ ਜਾਂ ਕਿਸੇ ਧਰਤੀ ਵਿਸ਼ੇਸ਼ ਦੀ
ਪੂਜਾ ਕਰਨ ਲਈ, ਉੱਚੇ ਉੱਚੇ ਪਹਾੜਾਂ ਤੇ ਲਾਇਨਾਂ ਲਾ ਕੇ ਦੌੜੇ ਫਿਰਦੇ ਹਨ, ਉਨ੍ਹਾਂ ਉਸ ਜੀਵਤ
ਮੁਜੱਸਮੇ ਨੂੰ ਕਿਥੋਂ ਛੱਡਣਾ ਸੀ?
ਸਤਿਗੁਰੂ ਨੇ ਮਨੁੱਖਤਾ ਤੇ ਵੱਡਾ ਉਪਕਾਰ ਕਰਦੇ ਹੋਏ, ਇਸ ਭਰਮਜਾਲ ਨੂੰ ਪੂਰੀ
ਤਰ੍ਹਾਂ ਤੋੜ ਦਿੱਤਾ ਅਤੇ ਇਹ ਗੱਲ ਸਪੱਸ਼ਟ ਸਮਝਾ ਦਿੱਤੀ ਕਿ ਜੋ ਸੰਸਾਰ ਤੇ ਪੈਦਾ ਹੋਇਆ ਹੈ, ਉਸ ਦੀ
ਮੌਤ ਯਕੀਨੀ ਹੈ। ਗੁਰਬਾਣੀ ਦੇ ਬੇਅੰਤ ਪ੍ਰਮਾਣ ਹਨ, ਜੋ ਸਾਨੂੰ ਇਹ ਸਚਾਈ ਦ੍ਰਿੜ ਕਰਾਉਂਦੇ ਹਨ:
“ਸਭਨਾ ਮਰਣਾ ਆਇਆ ਵੇਛੋੜਾ ਸਭਨਾਹ।। “ {ਸੋਰਠਿ ਮਹਲਾ ੧, ਪੰਨਾ ੫੯੫}
ਸੰਸਾਰ ਦੇ ਹਰ ਜੀਵ ਨੇ ਮਰਨਾ ਹੈ, ਵਿਛੋੜਾ ਸਭ ਨੂੰ ਸਹਾਰਨਾ ਪੈਣਾ ਹੈ।
“ ਰਹਣੁ
ਨ ਪਾਵਹਿ ਸੁਰਿ ਨਰ ਦੇਵਾ।। ਊਠਿ ਸਿਧਾਰੇ ਕਰਿ ਮੁਨਿ ਜਨ ਸੇਵਾ।। ੧।। “ {ਸੂਹੀ ਮਹਲਾ ੫, ਪੰਨਾ
੭੪੦}
ਹੇ ਭਾਈ !
(ਅਨੇਕਾਂ ਮਨੁੱਖ ਆਪਣੇ ਆਪ ਨੂੰ) ਦੈਵੀ ਮਨੁੱਖ, ਦੇਵਤੇ (ਅਖਵਾ ਗਏ, ਅਨੇਕਾਂ ਆਪਣੇ ਆਪ ਨੂੰ) ਰਿਸ਼ੀ
ਮੁਨੀ (ਅਖਵਾ ਗਏ, ਅਨੇਕਾਂ ਹੀ ਉਹਨਾਂ ਦੀ) ਸੇਵਾ ਕਰ ਕੇ (ਜਗਤ ਤੋਂ ਆਖ਼ਰ ਆਪੋ ਆਪਣੀ ਵਾਰੀ) ਚਲੇ
ਜਾਂਦੇ ਰਹੇ, (ਕੋਈ ਭੀ ਇਥੇ) ਸਦਾ ਲਈ ਟਿਕੇ ਨਹੀਂ ਰਹਿ ਸਕਦੇ। ੧।
“ਬਾਦਿਸਾਹ ਸਾਹ ਵਾਪਾਰੀ ਮਰਨਾ।। ਜੋ ਦੀਸੈ ਸੋ ਕਾਲਹਿ ਖਰਨਾ।। ੨।। “
ਹੇ ਭਾਈ !
ਸ਼ਾਹ, ਵਾਪਾਰੀ, ਬਾਦਸ਼ਾਹ (ਸਭਨਾਂ ਨੇ ਆਖ਼ਰ) ਮਰਨਾ ਹੈ। ਜੇਹੜਾ ਭੀ ਕੋਈ (ਇਥੇ) ਦਿੱਸਦਾ ਹੈ, ਹਰੇਕ
ਨੂੰ ਮੌਤ ਨੇ ਲੈ ਜਾਣਾ ਹੈ। ੨।
“ ਜੋ
ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ।। “ (ਸਲੋਕ ਮਹਲਾ ੯, ਪੰਨਾ ੧੪੨੯)
ਹੇ ਭਾਈ! ਜਗਤ ਵਿੱਚ ਤਾਂ) ਜਿਹੜਾ ਭੀ ਜੰਮਿਆ ਹੈ ਉਹ (ਜ਼ਰੂਰ) ਨਾਸ ਹੋ
ਜਾਇਗਾ (ਹਰ ਕੋਈ ਇਥੋਂ) ਅੱਜ ਜਾਂ ਭਲਕੇ ਕੂਚ ਕਰ ਜਾਣ ਵਾਲਾ ਹੈ।
ਸਤਿਗੁਰੂ ਤਾਂ ਇਹ ਸਮਝਾਉਂਦੇ ਹਨ ਕਿ ਹਰ ਉਹ ਚੀਜ਼ ਜੋ ਨਜ਼ਰ ਆਉਂਦੀ ਹੈ, ਆਖਰ
ਇੱਕ ਦਿਨ ਉਸ ਦਾ ਵਿਨਾਸ਼ ਹੋ ਜਾਣਾ ਹੈ:
“ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਹੀ।। ੧।। “ {ਸਾਰੰਗ ਮਹਲਾ
੯, ਪੰਨਾ ੧੨੩੧}
ਜਿਵੇਂ ਬੱਦਲਾਂ ਦੀ ਛਾਂ ਹੈ, ਤਿਵੇਂ ਜੋ ਕੁੱਝ ਦਿੱਸ ਰਿਹਾ ਹੈ ਸਭ ਨਾਸਵੰਤ
ਹੈ ।
੧।
“ਦ੍ਰਿਸਟਿਮਾਨ ਹੈ ਸਗਲ ਬਿਨਾਸੀ ਇਕਿ ਸਾਧ ਬਚਨ ਆਗਾਧਾ।। ੩।। “ {ਸਾਰਗ ਮਹਲਾ ੫, ਪੰਨਾ
੧੨੦੪}
ਜੋ ਕੁੱਝ (ਇਹ ਜਗਤ) ਦਿੱਸ ਰਿਹਾ ਹੈ ਸਾਰਾ ਨਾਸਵੰਤ ਹੈ ।
ਸਿਰਫ਼ ਗੁਰੂ ਦੇ ਬਚਨ ਹੀ ਐਸੇ ਹਨ ਜੋ ਅਟੱਲ ਹਨ (ਭਾਵ, ਆਤਮਕ ਜੀਵਨ ਵਾਸਤੇ ਜੋ ਮਰਯਾਦਾ ਗੁਰੂ ਨੇ
ਦੱਸੀ ਹੈ ਉਹ ਕਦੇ ਭੀ ਕਿਤੇ ਭੀ ਬਦਲ ਨਹੀਂ ਸਕਦੀ) । ੩।
ਫਿਰ ਕਿਸੇ ਐਸੇ ਜਲ ਬਾਰੇ ਸੋਚਣਾ, ਜਿਸ ਦੇ ਪੀਣ ਨਾਲ ਮੌਤ ਤੋਂ ਛੁਟਕਾਰਾ
ਮਿਲ ਜਾਂਦਾ ਹੈ, ਕੋਈ ਜੀਵ ਅਮਰ ਹੋ ਜਾਂਦਾ ਹੈ, ਇੱਕ ਭਰਮ ਤੋਂ ਸਿਵਾ ਹੋਰ ਕੁੱਝ ਨਹੀਂ ਹੋ ਸਕਦਾ।
ਹਾਂ ਸਤਿਗੁਰੂ ਨੇ ਉਹ ਆਤਮਕ ਮੌਤ, ਜੋ ਆਮ ਮਨੁੱਖ ਰੋਜ਼ ਪਤਾ ਨਹੀਂ ਕਿੰਨੀ ਵਾਰੀ ਮਰਦਾ ਹੈ, ਮੌਤ ਦਾ
ਡੱਰ ਜਿਸ ਤੋਂ ਮਨੁੱਖ ਸਦਾ ਸਹਿਮਿਆਂ ਰਹਿੰਦਾ ਹੈ, ਉਸ ਤੋਂ ਮੁਕਤ ਹੋਣ ਵਾਸਤੇ ਸਾਨੂੰ ਅੰਮ੍ਰਿਤ ਬਖਸ਼
ਦਿੱਤਾ ਹੈ। ਇਹ ਅੰਮ੍ਰਿਤ ਹੈ, ‘ਨਾਮ ਅੰਮ੍ਰਿਤ` ਅਤੇ ਇਸ ਅੰਮ੍ਰਿਤ ਨੂੰ ਪਰਾਪਤ ਕਰਨ ਦਾ ਤਰੀਕਾ ਹੈ,
ਗੁਰਬਾਣੀ ਰਾਹੀਂ ਗੁਰੂ ਦੀ ਮਤਿ ਨੂੰ ਗ੍ਰਹਿਣ ਕਰਨਾ। ਸਤਿਗੁਰੂ ਦੇ ਪਾਵਨ ਬਚਨ ਹਨ:
“ਅੰਮ੍ਰਿਤੁ ਹਰਿ ਹਰਿ ਨਾਮੁ ਹੈ ਮੇਰੀ ਜਿੰਦੁੜੀਏ ਅੰਮ੍ਰਿਤੁ ਗੁਰਮਤਿ ਪਾਏ ਰਾਮ।। “ {ਰਾਗੁ
ਬਿਹਾਗੜਾ ਮਹਲਾ ੪, ਪੰਨਾ ੫੩੮}
ਹੇ ਮੇਰੀ ਸੋਹਣੀ ਜਿੰਦੇ !
ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਜਲ ਹੈ, ਇਹ ਨਾਮ-ਜਲ ਗੁਰੂ ਦੀ ਮਤਿ ਉੱਤੇ ਤੁਰਿਆਂ ਹੀ
ਮਿਲਦਾ ਹੈ।
ਸਤਿਗੁਰੂ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਨਾਮ ਅੰਮ੍ਰਿਤ ਕਿਤੇ
ਬਾਹਰੋਂ ਨਹੀਂ ਆਉਣਾ, ਇਹ ਤੇਰੇ ਅੰਦਰ ਹੀ ਹੈ। ਜਿਵੇਂ ਜਿਵੇਂ ਤੂੰ ਗੁਰੂ ਸ਼ਬਦ ਦੀ ਵਿਚਾਰ ਕਰਕੇ
ਗੁਰਬਾਣੀ ਦੇ ਗੁਣ ਜੀਵਨ ਵਿੱਚ ਧਾਰਨ ਕਰੀ ਜਾਵੇਂਗਾ, ਇਹ ਨਾਮ ਅੰਮ੍ਰਿਤ ਤੇਰੇ ਅੰਦਰ ਪ੍ਰਗਟ ਹੁੰਦਾ
ਜਾਵੇਗਾ:
“ਰਸਨਾ ਹਰਿ ਰਸੁ ਪੀਜੈ ਅੰਤਰੁ ਭੀਜੈ ਸਾਚ ਸਬਦਿ ਬੀਚਾਰੀ।। ਅੰਤਰਿ ਖੂਹਟਾ
ਅੰਮ੍ਰਿਤਿ ਭਰਿਆ ਸਬਦੇ ਕਾਢਿ ਪੀਐ ਪਨਿਹਾਰੀ।। “ {ਵਡਹੰਸੁ ਮਹਲਾ ੩, ਪੰਨਾ ੫੭੦}
ਹੇ ਭਾਈ !
ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ ਭਰਿਆ ਹੋਇਆ ਚਸ਼ਮਾ ਮਨੁੱਖ ਦੇ ਅੰਦਰ ਹੀ ਹੈ, ਜਿਸ ਮਨੁੱਖ ਦੀ
ਸੁਰਤਿ ਗੁਰੂ ਦੇ ਸ਼ਬਦ ਦੀ ਰਾਹੀਂ ਇਹ ਨਾਮ-ਜਲ ਭਰਨਾ ਜਾਣਦੀ ਹੈ ਉਹ ਮਨੁੱਖ (ਅੰਦਰਲੇ ਚਸ਼ਮੇ ਵਿਚੋਂ
ਨਾਮ-ਜਲ) ਕੱਢ ਕੇ ਪੀਂਦਾ ਰਹਿੰਦਾ ਹੈ।
ਗੁਰਬਾਣੀ ਵਿੱਚ ਇਸ ‘ਨਾਮ ਅੰਮ੍ਰਿਤ` ਨੂੰ ਪ੍ਰਾਪਤ ਕਰਨ ਦੇ ਸਾਧਨਾਂ ਨੂੰ ਵੀ ਅੰਮ੍ਰਿਤ ਦੀ ਹੀ
ਸੰਗਯਾ ਦਿੱਤੀ ਗਈ ਹੈ। ਇਸੇ ਲਈ ਗੁਰਬਾਣੀ ਨੂੰ ਵੀ ਅੰਮ੍ਰਿਤ ਦਾ ਸਨਮਾਨ ਦਿੱਤਾ ਗਿਆ ਹੈ। ਜਿਵੇਂ:
“ਅੰਮ੍ਰਿਤ ਬਾਣੀ ਸਤਿਗੁਰ ਪੂਰੇ ਕੀ, ਜਿਸੁ ਕਿਰਪਾਲੁ ਹੋਵੈ ਤਿਸੁ ਰਿਦੈ ਵਸੇਹਾ।। “ {ਮਃ ੫,
ਪੰਨਾ ੯੬੦}
ਪੂਰੇ ਗੁਰੂ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ ਉਸ ਮਨੁੱਖ ਦੇ ਹਿਰਦੇ ਵਿੱਚ ਵੱਸਦੀ ਹੈ ਜਿਸ ਉਤੇ
ਗੁਰੂ ਮੇਹਰ ਕਰੇ।
ਇਤਨਾ ਹੀ ਨਹੀਂ, ਹਰ ਉਹ ਸਾਧਨ ਜਿਸ ਰਾਹੀਂ ਅਸੀਂ ‘ਨਾਮ ਅੰਮ੍ਰਿਤ` ਪਰਾਪਤ
ਕਰ ਸਕਦੇ ਹਾਂ, ਨੂੰ ਵੀ ਗੁਰਬਾਣੀ ਵਿੱਚ ਅੰਮ੍ਰਿਤ ਦੀ ਸੰਗਿਆ ਦਿੱਤੀ ਗਈ ਹੈ। ਜ਼ਰਾ ਇਸ ਪ੍ਰਮਾਣ ਵੱਲ
ਧਿਆਨ ਦਿਓ:
“ਅੰਮ੍ਰਿਤ ਵੇਲਾ ਸਚੁ ਨਾਉ, ਵਡਿਆਈ ਵੀਚਾਰੁ।। “ (ਜਪੁ- ਪੰਨਾ ੧)
ਪੂਰਨ ਖਿੜਾਉ ਦਾ ਸਮਾਂ ਹੋਵੇ (ਭਾਵ, ਪ੍ਰਭਾਤ ਵੇਲਾ ਹੋਵੇ), ਨਾਮ (ਸਿਮਰੀਏ)
ਤੇ ਉਸ ਦੀਆਂ ਵਡਿਆਈਆਂ ਦੀ ਵਿਚਾਰ ਕਰੀਏ।
ਉਪਰੋਕਤ ਪ੍ਰਮਾਣ ਸਾਨੂੰ ਦਸਦਾ ਹੈ ਕਿ ਇਸੇ ਤਰ੍ਹਾਂ ਜੀਵਨ ਦੇ ਇਸ ਅਮੋਲਕ
ਸਮੇਂ ਨੂੰ ਵੀ ਅਕਾਲ-ਪੁਰਖ ਦੇ ਗੁਣਾਂ ਦੀ ਵਿਚਾਰ ਲਈ ਵਰਤ ਲਈਏ, ਭਾਵ ਗੁਰਬਾਣੀ ਨੂੰ ਵਿਚਾਰ ਕੇ
ਪੜ੍ਹ ਕੇ, ਅਕਾਲ-ਪੁਰਖ ਦੇ ਅਦੁੱਤੀ ਗੁਣਾਂ ਨੂੰ ਸਮਝ ਕੇ, ਆਪਣੇ ਹਿਰਦੇ ਵਿੱਚ ਵਸਾ ਲਈਏ ਤਾਂ ਇਹੀ
ਹੈ, ‘ਅੰਮ੍ਰਿਤ ਨਾਮ` ਦਾ ਹਿਰਦੇ ਵਿੱਚ ਵੱਸ ਜਾਣਾ। ਸੋ ਗੁਰਬਾਣੀ ਵਿੱਚ ਉਹ ਸਮਾਂ ਜੋ ਅਸੀਂ
ਅਕਾਲ-ਪੁਰਖ ਨਾਲ ਅਭੇਦ ਹੋਣ ਲਈ ਵਰਤਦੇ ਹਾਂ, ਉਸ ਨੂੰ ਵੀ ਅੰਮ੍ਰਿਤ ਕਿਹਾ ਹੈ। ਇਸੇ ਤਰ੍ਹਾਂ
ਦ੍ਰਿਸਟਿ ਅਤੇ ਗੁਣਾਂ ਆਦਿ ਨਾਲ ਵੀ ਅੰਮ੍ਰਿਤ ਸ਼ਬਦ ਵਰਤਿਆ ਗਿਆ ਹੈ, ਕਿਉਂਕਿ ਇਹ ਸਾਰੇ ‘ਨਾਮ
ਅੰਮ੍ਰਿਤ` ਨੂੰ ਪ੍ਰਾਪਤ ਕਰਨ ਦੇ ਸਾਧਨ ਹਨ।
ਅਸੀਂ ਅਕਸਰ ਖੰਡੇ-ਬਾਟੇ ਦੀ ਪਾਹੁਲ ਨੂੰ ਵੀ ਅੰਮ੍ਰਿਤ ਕਹਿੰਦੇ ਹਾਂ। ਇਹ
ਨਾਂ ਕਦੋਂ ਅਤੇ ਕਿਸ ਪ੍ਰਚਲਤ ਕੀਤਾ, ਇਸ ਦਾ ਪਤਾ ਲਾਉਣਾ ਤਾਂ ਔਖਾ ਹੈ, ਪਰ ਇਹ ਸਚਾਈ ਹੈ ਕਿ ਅੱਜ
ਬਹੁਤੇ ਵੀਰ ਇਸ ਨੂੰ ਅੰਮ੍ਰਿਤ ਦੇ ਨਾਂ ਨਾਲ ਹੀ ਜਾਣਦੇ ਹਨ, ਹਾਂ ਖੰਡੇ ਬਾਟੇ ਦਾ ਅੰਮ੍ਰਿਤ ਭਾਵੇਂ
ਕਹਿ ਲੈਣ, ਖੰਡੇ ਬਾਟੇ ਦੀ ਪਾਹੁਲ ਤਾਂ ਵਿਰਲਿਆਂ ਨੂੰ ਹੀ ਪਤਾ ਹੈ। ਕਿਉਂਕਿ ਕਈ ਬਹੁਤ ਪੁਰਾਤਨ
ਇਤਿਹਾਸਕਾਰਾਂ ਨੇ ਵੀ ਇਸ ਨੂੰ ਅੰਮ੍ਰਿਤ ਸ਼ਬਦ ਨਾਲ ਸੰਬੋਧਤ ਕੀਤਾ ਹੈ, ਇਸ ਲਈ, ਇਸ ਵਿੱਚ ਕੋਈ ਸ਼ੱਕ
ਨਹੀਂ ਕਿ ਪਾਹੁਲ ਵਾਸਤੇ ਇਹ ਅੰਮ੍ਰਿਤ ਨਾਮ ਬਹੁਤ ਪਹਿਲੇ ਤੋਂ ਹੀ ਪ੍ਰਚੱਲਤ ਹੋ ਗਿਆ ਸੀ। ਅਸੀਂ ਇਸ
ਨੂੰ ਇੱਕ ਭਾਵਕ ਉਪਜ ਹੀ ਕਹਿ ਸਕਦੇ ਹਾਂ ਕਿਉਂਕਿ ਸਾਰੇ ਪੁਰਾਤਨ ਰਹਿਤਨਾਮਿਆਂ ਵਿੱਚ ਸ਼ਬਦ ਪਾਹੁਲ
ਆਇਆ ਹੈ:
ਪ੍ਰਥਮ ਰਹਿਤ ਯਹਿ ਜਾਨ, ਖੰਡੇ ਕੀ ਪਾਹੁਲ ਛਕੇ।
ਸੋਈ ਸਿੰਘ ਪ੍ਰਧਾਨ, ਅਵਰ ਨ ਪਾਹੁਲ ਜੋ ਲਏ। {ਰਹਿਤਨਾਮਾ ਭਾ. ਦੇਸਾ ਸਿੰਘ}
ਭਾਈ ਦੇਸਾ ਸਿੰਘ ਦਾ ਇਹ ਰਹਿਤਨਾਮਾ 1783 ਈ. ਦਾ ਮੰਨਿਆਂ ਜਾਂਦਾ ਹੈ ਪਰ ਇਸ
ਤੋਂ ਪਹਿਲਾਂ ਭਾਈ ਸਾਹਿਬ ਸਿੰਘ ਦਾ ਰਹਿਤਨਾਮਾ ਜੋ ਬਿਕਰਮੀ ਸੰਮਤ 1791 (1738-39 ਈ) ਦਾ ਮੰਨਿਆਂ
ਜਾਂਦਾ ਹੈ ਵਿੱਚ ਵੀ ਪਾਹੁਲ ਸ਼ਬਦ ਆਇਆ ਹੈ:
ਧਰੇ ਕੇਸ ਪਾਹੁਲ ਬਿਨਾਂ, ਭੇਖੀ ਮੂੜਾ ਸਿੱਖ।
ਮੇਰਾ ਦਰਸ਼ਨ ਨਾਹਿ ਤਿਹ, ਪਾਪੀ ਤਿਆਗੇ ਭਿਖ।
ਇਸੇ ਤਰ੍ਹਾਂ ਭਾਈ ਚੌਪਾ ਸਿੰਘ ਛਿੱਬਰ ਨੇ ਆਪਣੇ ਰਹਿਤਨਾਮੇ ਵਿੱਚ, ਜੋ 1780
ਬਿਕਰਮੀ (1727-28 ਈ.) ਦਾ ਮੰਨਿਆਂ ਜਾਂਦਾ ਹੈ, ਵਿੱਚ ਵੀ ਪਾਹੁਲ ਸ਼ਬਦ ਦੀ ਹੀ ਵਰਤੋਂ ਕੀਤੀ ਹੈ:
ਗੁਰੂ ਕਾ ਸਿੱਖ ਪਾਹੁਲ ਲਏ, ਜੂੜੇ ਸੰਪੂਰਨ ਹੋਏ ਤੋੜੀ।
ਭਾਵ ਜਦੋਂ ਸਿੱਖ ਦੇ ਕੇਸ ਜੂੜੇ ਦੇ ਰੂਪ ਵਿੱਚ ਬਝਣ ਦੇ ਕਾਬਲ ਹੋ ਜਾਣ ਤਾਂ
ਉਸ ਨੂੰ ਪਾਹੁਲ ਛੱਕ ਲੈਣੀ ਚਾਹੀਦੀ ਹੈ।
ਸ਼ਾਇਦ ਜਾਪੇ ਕਿ ਗੱਲ ਇਤਨੀ ਮਹੱਤਵਪੂਰਨ ਨਹੀਂ, ਕਿਉਂਕਿ ਨਾਂ ਨਾਲ ਕੋਈ ਖਾਸ
ਫਰਕ ਨਹੀਂ ਪੈਂਦਾ, ਉਂਝ ਵੀ ਕੌਮ ਦੇ ਇਤਨੇ ਸਿਆਣੇ ਵਿਅਕਤੀਆਂ ਨੇ ਇਹ ਨਾਂ ਵਰਤਿਆ ਹੈ ਅਤੇ ਅੱਜ ਵੀ
ਵਰਤ ਰਹੇ ਹਨ ਤਾਂ ਫਿਰ ਮੈਂ ਇਸ ਨੂੰ ਇਤਨਾ ਕਿਉਂ ਖਿੱਚ ਰਿਹਾ ਹਾਂ?
ਮੈਂ ਤਾਂ ਕੇਵਲ ਇਤਨਾ ਕਹਿਣਾ ਚਾਹੁੰਦਾ ਹਾਂ ਕਿ ਅੰਮ੍ਰਿਤ ਨਾਂ ਕਾਰਨ, ਸਾਡੇ
ਕਈ ਪਰਚਾਰਕਾਂ ਅਤੇ ਡੇਰਿਆਂ ਨੇ ਪਾਹੁਲ ਨੂੰ ਇੱਕ ਚਮਤਕਾਰ ਅਤੇ ਕਰਿਸ਼ਮੇਂ ਕਰਨ ਵਾਲੇ ਜਾਦੂਈ ਪਾਣੀ
ਦੇ ਤੌਰ ਤੇ ਪੇਸ਼ ਕਰ ਦਿੱਤਾ ਹੈ ਅਤੇ ਸੰਗਤਾਂ ਵੀ ਇਹੀ ਸਮਝ ਕੇ ਛੱਕ ਰਹੀਆਂ ਹਨ।
ਇਹ ਕੋਈ ਕਰਿਸ਼ਮਿਆਂ ਵਾਲਾ ਜਾਦੂਈ ਪਾਣੀ ਨਹੀਂ, ਪਾਹੁਲ ਛਕਣਾ, ਸਤਿਗੁਰੂ ਨਾਲ
ਇੱਕ ਪ੍ਰਣ ਹੈ ਕਿ ਸਤਿਗੁਰੂ ਮੈਂ ਆਪਣਾ ਬਾਕੀ ਦਾ ਜੀਵਨ ਆਪ ਨੂੰ ਸਮਰਪਿਤ ਕਰਦਾ ਹਾਂ, ਬਾਕੀ ਦਾ
ਸਾਰਾ ਜੀਵਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਅਗਵਾਈ ਵਿੱਚ ਬਤੀਤ ਕਰਾਂਗਾ। ਮੈਂ ਜੋ ਕਕਾਰ ਧਾਰਨ
ਕੀਤੇ ਹਨ, ਉਨ੍ਹਾਂ ਦੇ ਗੁਣਾਂ ਨੂੰ ਜੀਵਨ ਵਿੱਚ ਵਸਾ ਕੇ, ਜੋ ਰਹਿਤ ਮੈਨੂੰ ਦ੍ਰਿੜ ਕਰਾਈ ਗਈ ਹੈ,
ਉਸ ਤੇ ਦ੍ਰਿੜਤਾ ਨਾਲ ਪਹਿਰਾ ਦੇਵਾਂਗਾ ਅਤੇ ਇਨ੍ਹਾਂ ਅਮੋਲਕ ਸਿਧਾਂਤਾਂ ਤੇ ਪਹਿਰਾ ਦੇਂਦਾ ਹੋਇਆ,
ਲੋੜ ਪੈਣ ਤੇ ਜਿੰਦ ਵੀ ਕੌਮ ਦੇ ਲੇਖੇ ਲਾ ਦਿਆਂਗਾ।
ਇਸ ਵਿੱਚ ਕੋਈ ਸ਼ਕ ਨਹੀਂ ਕਿ ਜੇ ਅਸੀਂ ਇਹ ਪ੍ਰਣ ਪੂਰਨ ਤੌਰ ਤੇ ਨਿਭਾਉਂਦੇ
ਹੋਏ ਜੀਵਨ ਨੂੰ ਗੁਰਮਤਿ ਅਨੁਸਾਰ ਸੋਧ ਲਈਏ ਤਾਂ ਨਾਮ ਅੰਮ੍ਰਿਤ ਸਾਡੇ ਹਿਰਦੇ ਵਿੱਚ ਵਸ ਜਾਵੇਗਾ ਅਤੇ
ਸੱਚ-ਮੁੱਚ ਅੰਮ੍ਰਿਤ ਧਾਰੀ ਬਣ ਜਾਵਾਂਗੇ।
ਚਲਦਾ…….
|
. |