.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਛਿੰਦਾ ਜਦੋਂ ਬ੍ਰਹਮ ਗਿਆਨੀ ਬਣਿਆ
ਭਾਗ ਪਹਿਲਾ

ਛਿੰਦੇ ਦੇ ਬਾਪੂ ਨੂੰ ਬਹੁਤ ਚਾਅ ਸੀ ਕਿ ਮੇਰਾ ਮੁੰਡਾ ਵੀ ਬਾਹਰਲੇ ਮੁਲਖ ਵਿੱਚ ਜਾਏ। ਉਹ ਦੇਖਦਾ ਸੀ ਕਿਵੇਂ ਬਾਹਰੋਂ ਆਏ ਆਪਣੇ ਪਿੰਡੋਂ ਨੰਬਰਦਾਰਾਂ ਦੇ ਮੁੰਡਿਆਂ ਨੇ ਪੈਸਿਆਂ ਦੀ ਖਲ੍ਹੀ ਵਰਤੋਂ ਕਰਦਿਆਂ ਸਕੂਲ ਦੀ ਗਰਾਉਂਡ ਵਿੱਚ ਖੁਲ੍ਹਾ ਅਖਾੜਾ ਲਗਾਇਆ ਸੀ। ਪੜ੍ਹਾਈ ਵਾਲੀ ਥਾਂ `ਤੇ ਕਿਵੇਂ ਲੱਚਰ ਗੀਤਾਂ ਦੀ ਛਹਿਬਰ ਲੱਗੀ ਸੀ। ਪੋਤਰੀਆਂ ਵਰਗੀਆਂ ਨੱਚਦੀਆਂ ਕੁੜੀਆਂ ਨੂੰ ਧੌਲ਼ੀਆਂ ਦਾੜੀਆਂ ਨੇ ਸ਼ਰੇਆਮ ਦੇਖਿਆ। ਪਿੰਡ ਵਿੱਚ ਦੰਦ ਕਥਾ ਸੀ ਕਿ ਗਾਇਕ ਨੇ ਦੋ ਘੰਟਿਆਂ ਦਾ ਤਿੰਨ ਲੱਖ ਰੁਪਇਆ ਲਿਆ ਸੀ। ਉੱਤੋਂ ਦੀ ਜਿਹੜੇ ਨੋਟ ਵਾਰੇ ਸੀ ਉਹ ਵਖਰੇ ਸਨ। ਦਾਰੂ ਸਿੱਕਾ ਵੀ ਖੂਬ ਚੱਲਿਆ। ਪਿੰਡ ਵਿੱਚ ਬੈਜਾ ਬੈਜਾ ਕਰਾਤੀ। ਨੰਬਰਦਾਰਾਂ ਦੇ ਪਰਵਾਰ ਦੀ ਤਾਂ ਇੱਕ ਵਾਰ ਬਲੇ ਬਲੇ ਹੋ ਗਈ। ਊਂ ਉਹਨਾਂ ਨੇ ਅਖੰਡਪਾਠ ਵੀ ਕਰਾਇਆ ਸੀ। ਸ਼੍ਰੋਮਣੀ ਕਮੇਟੀ ਤੋਂ ਰਾਗੀ ਜੱਥਾ ਵੀ ਬੁਲਾਇਆ ਸੀ। ਪਾਠੀਆਂ ਗ੍ਰੰਥੀਆਂ ਨੇ ਪਰਵਾਰ ਨੂੰ ਗੁਰਮੁਖ ਹੋਣ ਦਾ ਖਿਤਾਬ ਸਵੇਰੇ ਹੀ ਦੇ ਦਿੱਤਾ ਸੀ। ਸਿਰ ਦੇ ਕੀਤੇ ਪਟਿਆਂ ਦੀ ਅਣਦੇਖੀ ਕਰਦਿਆਂ ਰਾਗੀ ਸਿੰਘਾਂ ਨੇ ਕਿਹਾ ਕਿ ਇਹਨਾਂ ਨੇ ਪ੍ਰਦੇਸਾਂ ਵਿੱਚ ਵੀ ਸਿੱਖੀ ਸਾਂਭ ਕੇ ਰੱਖੀ ਹੋਈ ਹੈ। ਕੋਲ ਬੈਠਾ ਮੂੰਹ ਫੱਟ ਬੀਰ੍ਹਾ ਅਮਲੀ ਮਲਕੜੇ ਜੇਹਾ ਕਹਿੰਦਾ ਭਈ ਬਾਹਰ ਸਿੱਖੀ ਪਟਿਆਂ ਵਾਲੀ ਹੁੰਦੀ ਹੋਣੀ ਆਂ। ਦੂਜਾ ਅਮਲੀ ਕਹਿੰਦਾ ਹੋ ਸਕਦਾ ਹੈ ਇਹ ਰਾਗੀ ਬਾਹਰੋਂ ਦੇਖ ਕੇ ਆਇਆ ਹੋਵੇ। ਇੱਕ ਹੋਰ ਕੋਲ ਬੈਠੇ ਤੀਜੇ ਨੇ ਪਤੇ ਦੀ ਗੱਲ ਕਰਦਿਆਂ ਕਿਹਾ ਕਿ ਕਾਨੂੰ ਰੌਲ਼ਾ ਪਾਈ ਜਾਨੇਂ ਔਂ ਇਹ ਮੋਟੀ ਭੇਟਾ ਵਾਲੀ ਸਿੱਖੀ ਐ।
ਦੌਲਤ ਸਿੰਘ ਸੋਚਦਾ ਆ, ਕਿ ਮੇਰੇ ਮਾਂ ਪਿਓ ਨੇ ਪਤਾ ਨਹੀਂ ਦੌਲਤ ਸਿੰਘ ਨਾਂ ਕਿਉਂ ਰੱਖਿਆ ਹੈ। ਸਾਰੀ ਉਮਰ ਤਾਂ ਗਰੀਬੀ ਦੀਆਂ ਲੀਰਾਂ ਵਿੱਚ ਕਢਤੀ ਆ। ਉਹ ਸੋਚਦਾ ਸੀ ਕਿ ਮੇਰਾ ਨਾਂ ਰੁਲਦਾ ਸਿੰਘ ਚਾਹੀਦਾ ਸੀ। ਖ਼ੈਰ ਆਪਣੀ ਗਰੀਬੀ ਦੀਆਂ ਮੰਜ਼ਿਲਾਂ ਤਹਿ ਕਰਦਾ ਹੋਇਆ ਚਾਰ ਧੀਆਂ ਤੇ ਅਖੀਰ ਵਿੱਚ ਬੜੀ ਮੁਸ਼ਕਲ ਨਾਲ ਇੱਕ ਮੁੰਡੇ ਦਾ ਬਾਪ ਬਣਿਆ। ਨਿਆਈਂ ਵਾਲੀ ਇੱਕ ਪੈਲ਼ੀ ਤੇ ਕਰਜ਼ਾ ਚੁੱਕ ਕੇ ਮੁੰਡੇ ਦੀਆਂ ਵਧਾਈਆਂ ਕਬੂਲ ਕੀਤੀਆਂ ਗਈਆਂ। ਦੌਲਤ ਸਿੰਘ ਸੋਚਦਾ ਸੀ ਕਿ ਚਲੋ ਅਸੀਂ ਵੀ ਸੰਸਾਰ ਵਿੱਚ ਆਪਣੀ ਇੱਕ ਹੋਰ ਪੀੜ੍ਹੀ ਵਧਾ ਲਈ। ਛਿਕੜਲੀ ਤੇ ਮਹਿੰਗੀ ਔਲਾਦ ਹੋਣ ਕਰਕੇ ਮੁੰਡੇ ਦਾ ਨਾਂ ਲੱਖਾ ਸਿੰਘ ਰੱਖਿਆ। ਪਰ ਸਾਰਾ ਪਰਵਾਰ ਇਸ ਨੂੰ ਲੱਖਾ ਸਿੰਘ ਘੱਟ ਤੇ ਛਿੰਦਾ ਜ਼ਿਆਦਾ ਕਹਿੰਦੇ ਸੀ ਇਸ ਲਈ ਵਿਚਾਰੇ ਦਾ ਨਾਂ ਛਿੰਦਾ ਹੀ ਪੱਕ ਗਿਆ।
ਛਿੰਦੇ ਨੂੰ ਲਾਡ ਪਿਆਰ ਨਾਲ ਪਾਲ਼ਿਆ ਗਿਆ। ਮਾੜੀ ਜੇਹੀ ਖੰਘ ਵੀ ਆਉਣੀ ਤਾਂ ਫਟ ਡਾਕਟਰ ਦੇ ਪਾਸ ਲੈ ਜਾਣਾ। ਕਰਦਿਆਂ ਕਤਰਦਿਆਂ ਛਿੰਦਾ ਦਸਵੀਂ ਵਾਲਾ ਮੋਰਚਾ ਫਤਹ ਕਰਕੇ ਡਿੱਗਦਾ ਢਹਿੰਦਾ ਦਸ ਜਮ੍ਹਾ ਦੋ ਨੂੰ ਵੀ ਹੱਥ ਲਾਤਾ। ਕਿਸੇ ਨਾ ਕਿਸੇ ਤਰੀਕੇ ਨਾਲ ਪੂਰੇ ਚੌਂ ਸਾਲਾਂ ਵਿੱਚ ਚੌਰਾਸੀ ਵਾਲਾ ਗੇੜ ਪਾਰ ਕਰ ਹੀ ਗਿਆ। ਲੋਕਾਂ ਨੂੰ ਤਾਂ ਅਸਲੀ ਨਕਲੀ ਕਈ ਕਈ ਪਰਕਾਰ ਦੀਆਂ ਡਿਗਰੀਆਂ ਚੁੱਕੀ ਫਿਰਦਿਆਂ ਨੂੰ ਵੀ ਕੋਈ ਨੌਕਰੀ ਨਹੀਂ ਮਿਲ ਰਹੀ ਸੀ। ਅਜੇਹੇ ਬਦ-ਇੰਤਜ਼ਾਮ ਵਿੱਚ ਛਿੰਦੇ ਵਿਚਾਰੇ ਨੂੰ ਕਿੰਨ ਨੌਕਰੀ ਦੇਣੀ ਸੀ।
ਦੌਲਤ ਸਿੰਘ ਨੇ ਆਪਣੀ ਸਾਰੀ ਅਕਲ ਦੀ ਵਰਤੋਂ ਕਰਦਿਆਂ ਇੱਕ ਸਕੀਮ ਲੜਾਈ ਕਿ ਨਿਆਈਂ ਵਾਲੀ `ਤੇ ਤਾਂ ਅੱਗੇ ਵੀ ਕਰਜ਼ਾ ਲਿਆ ਹੋਇਆ ਹੈ, ਜਿਹੜਾ ਸ਼ੈਤਾਨ ਦੀ ਆਂਦਰ ਵਾਂਗ ਵੱਧਦਾ ਹੀ ਜਾ ਰਿਹਾ ਸੀ। ਇਸ ਨੂੰ ਪੱਕੇ ਤੌਰ `ਤੇ ਹੀ ਬੈਅ ਕਰ ਦਿੱਤਾ ਜਾਏ ਤੇ ਛਿੰਦੇ ਨੂੰ ਔਖਿਆਂ ਸੌਖਾਲ਼ਿਆਂ ਬਾਹਰ ਨੂੰ ਭੇਜ ਦਿੱਤਾ ਜਾਏ। ਨਾਲੇ ਪਿਛਲਾ ਹਿਸਾਬ ਕਿਤਾਬ ਠੀਕ ਹੋ ਜਾਏਗਾ ਨਾਲੇ ਛਿੰਦੇ ਦੀ ਜ਼ਿੰਦਗੀ ਬਣ ਜਾਏਗੀ। ਨੰਬਰਦਾਰਾਂ ਦੀ ਜ਼ਮੀਨ ਨਾਲ ਲੱਗਦੀ ਹੋਣ ਕਰਕੇ ਉਹ ਵੀ ਏਸੇ ਮੌਕੇ ਦੀ ਤਾਕ ਵਿੱਚ ਬੈਠੇ ਸੀ ਕਿ ਕਦੋਂ ਦੌਲਤ ਸਿੰਘ ਆਪਣੇ ਹੱਥ ਵੱਢ ਕੇ ਦੇਂਦਾ ਹੈ।
ਪਿੰਡ ਦੇ ਮੋੜ `ਤੇ ਬੈਠਿਆਂ ਕਈ ਵਾਰੀ ਦੌਲਤ ਸਿੰਘ ਸੁਣ ਚੁੱਕਾ ਸੀ ਕਿ ਘੁਮਿਆਰਾਂ ਦਾ ਦੀਸ਼ਾ ਮੁੰਡਿਆਂ ਨੂੰ ਬਾਹਰਲੇ ਮੁਲਖ ਵਿੱਚ ਸੈੱਟ ਕਰਾ ਦੇਂਦਾ ਹੈ। ਬਾਹਰਲੇ ਮੁਲਖ ਦੀਆਂ ਗੱਲਾਂ ਸੁਣਦਿਆਂ ਦੌਲਤ ਸਿੰਘ ਨੇ ਪੱਕਾ ਮਨ ਬਣਾ ਲਿਆ ਕਿ ਮੈਂ ਆਪਣੇ ਛਿੰਦੇ ਨੂੰ ਬਾਹਰ ਹੀ ਭੇਜਣਾ ਹੈ। ਨਾਲੇ ਆਪਣਾ ਛਿੰਦਾ ਤਾਂ ਸੁੱਖ ਨਾਲ ਪੂਰੀਆਂ ਬਾਰ੍ਹਾਂ ਪਾਸ ਕਰ ਗਿਆ ਹੈ, ਪੜ੍ਹਿਆ ਲਿਖਿਆ ਹੋਣ ਕਰਕੇ ਇਸ ਨੂੰ ਬਾਹਰ ਨੌਕਰੀ ਵੀ ਵਧੀਆ ਮਿਲਜੇਗੀ। ਬੜਾ ਵੱਡਾ ਭਰਮ ਸੀ ਦੌਲਤ ਸਿੰਘ ਨੂੰ। ਜਦੋਂ ਮੁੰਡਾ ਬਾਹਰਲੇ ਮੁਲਖੋਂ ਵਾਪਸ ਆਏਗਾ ਤਾਂ ਫਿਰ ਲੋਕ ਕਹਿਣਗੇ, ‘ਦੌਲਤ ਸਿੰਆਂ ਭਈ ਤੇਰੇ ਮੁੰਡੇ ਤਾਂ ਕਮਾਲ ਕਰਤੀ। ਏਨ੍ਹੇ ਤਾਂ ਪੈਸਿਆਂ ਦੇ ਢੇਰਾਂ ਦੇ ਢੇਰ ਲਾਤੇ`। ਫਿਰ ਰਿਸ਼ਤੇ ਵੀ ਤਕੜੇ ਤਕੜੇ ਘਰਾਂ ਦੇ ਆਉਣਗੇ। ਕਾਰ ਮੁਫਤ ਵਿੱਚ ਮਿਲਜੂ।
ਖ਼ਿਆਲਾਂ ਦੇ ਜਹਾਜ਼ `ਤੇ ਚੜ੍ਹਿਆ ਦੌਲਤ ਸਿੰਘ ਦੀਸ਼ੇ ਦੇ ਘਰ ਪਹੁੰਚ ਗਿਆ। ਗੱਲਾਂ ਬਾਤਾਂ ਕਰਦਿਆਂ ਘੁਮਿਆਰਾਂ ਦੇ ਦੀਸ਼ੇ ਨੇ ਦੱਸਿਆ, ਕਿ “ਤਾਇਆ ਇਟਲੀ ਦੇ ਕਾਗ਼ਜ਼ ਖੁਲ੍ਹੇ ਜੇ, ਜੇ ਚਾਹੋ ਤਾਂ ਮੈਂ ਤੁਹਾਡੇ ਕਾਗ਼ਜ਼ ਭਰ ਦੇਂਦਾ ਹਾਂ ਵੀਜ਼ਾ ਆਉਣ `ਤੇ ਪੈਸੇ ਦੇ ਦੇਣੇ ਪਰ ਪਹਿਲਾਂ ਅਸੀਂ ਪੰਜਾਹ ਹਜ਼ਾਰ ਲੈਂਦੇ ਆਂ”। ਪੈਸਿਆਂ ਦੇ ਬਾਰੇ ਦੀਸ਼ੇ ਨੇ ਅਪਣੱਤ ਜਿਤਾਉਂਦਿਆਂ ਕਿਹਾ, ਕਿ ‘ਤਾਇਆ ਬਾਹਰਲੇ ਪਿੰਡਾਂ ਵਾਲਿਆਂ ਤੋਂ ਅਸੀਂ ਪੂਰੇ ਬਾਰ੍ਹਾਂ ਲੱਖ ਲੈਂਦੇ ਹਾਂ ਪਰ ਆਪਾਂ ਤੇਰੇ ਪਾਸੋਂ ਦਸ ਲੱਖ ਹੀ ਲੇਣੇ ਹਨ ਕਿਉਂਕਿ ਪਿੰਡ ਦਾ ਮਾਮਲਾ ਹੈ`। ਦੀਸ਼ੇ ਦੇ ਅੰਦਰ ਸਾਮੀ ਫਸੀ ਦੇਖ ਕੇ ਖੁਸ਼ੀ ਦੀਆਂ ਕਾਰਾਂ ਦੌੜਨ ਲੱਗੀਆਂ। ਉਹਨੂੰ ਪਤਾ ਹੈ ਕਾਗ਼ਜ਼ ਜਮ੍ਹਾ ਕਰਾਉਣ ਦਾ ਤਾਂ ਮਸੀਂ ਵੀਹ ਕੁ ਹਜ਼ਾਰ ਹੀ ਲੱਗਦਾ ਹੈ, ਪੌਣੇ ਦਸ ਲੱਖ ਦੀ ਕਮਾਈ ਹੈ।
ਪਿੱਛਲਾ ਹਿਸਾਬ ਕਿਤਾਬ ਕਰਕੇ ਨਿਆਈਂ ਵਾਲੇ ਇੱਕ ਕਿਲ੍ਹੇ ਨੂੰ ਦੌਲਤ ਸਿੰਘ ਨੇ ਨੰਬਰਦਾਰਾਂ ਪਾਸ ਬੈਅ ਕਰ ਦਿੱਤਾ। ਪੂਰੇ ਅੱਠ ਲੱਖ ਬਚ ਗਏ। ਦੋ ਲੱਖ ਦਾ ਹੋਰ ਜਗਾਟ ਫਿੱਟ ਕਰਦਿਆਂ ਕਤਰਦਿਆਂ ਛਿੰਦੇ ਦਾ ਵੀਜ਼ਾ ਆ ਗਿਆ। ਪਰਵਾਰ ਵਿੱਚ ਮਾਰ ਵਧਾਈਆਂ ਹੀ ਵਧਾਈਆਂ ਵੱਜਣ ਲੱਗੀਆਂ। ਘਰ ਵਿੱਚ ਵਿਆਹ ਵਾਰਗਾ ਮਹੌਲ ਬਣ ਗਿਆ। ਛਿੰਦੇ ਨੂੰ ਇਟਲੀ ਵਾਲੇ ਜਹਾਜ਼ `ਤੇ ਚਾੜ੍ਹਨ ਲਈ ਚਾਰੇ ਭੈਣਾਂ ਸਮੇਤ ਪਰਵਾਰਾਂ ਦੇ ਜੀਅ ਵੀ ਮੁਫਤ ਦਾ ਹੂਟਾ ਲੈਣ ਤਿਆਰ ਹੋ ਪਈਆਂ। ਏਨ੍ਹੇ ਲਾਮ ਲਸ਼ਕਰ ਲਈ ਦੋ ਕੁਆਲਸ ਗੱਡੀਆਂ ਕਰਕੇ ਦਿੱਲੀ ਵਲ ਨੂੰ ਧੂੜਾਂ ਪੁੱਟਣੀਆਂ ਸ਼ੁਰੂ ਕਰ ਦਿੱਤੀਆਂ।
ਜੀ ਟੀ ਰੋਡ ਦੇ ਢਾਬਿਆਂ ਤੋਂ ਤੜਕੇ ਵਾਲੀ ਦਾਲ ਤੇ ਦੁੱਧ ਵਿੱਚ ਪਤੀ ਵਾਲੀ ਚਾਹ ਦੇ ਸੁੜਕੜੇ ਮਾਰਦਿਆਂ ਨਜ਼ਾਰਾ ਹੀ ਕੁਛ ਹੋਰ ਸੀ, ਦੌਲਤ ਸਿੰਘ ਇੱਕ ਵੱਖਰੇ ਹੀ ਸਰੂਰ ਵਿੱਚ ਸਾਰੇ ਦੋਹਤਿਆਂ ਨੂੰ ਬਿਨਾ ਮਤਲਵ ਦੇ ਮਹਿੰਗੇ ਭਾਅ ਦੇ ਬੇ ਲੋੜੇ ਖਿਡਾਉਣੇ ਲੈ ਲੈ ਕੇ ਦੇ ਰਿਹਾ ਸੀ। ਹੱਸਦਿਆਂ ਹਸਾਉਂਦਿਆਂ ਏਰਿਆ ਪੋਰਟ `ਤੇ ਪਹੁੰਚ ਗਏ। ਛਿੰਦਾ ਅੰਦਰ ਜਾਣ ਲੱਗਿਆਂ ਤਾਂ ਮਾਂ ਦੀ ਧਾਅ ਨਿਕਲ ਗਈ। ਬਸ ਫਿਰ ਕੀ ਸੀ ਸਾਰਿਆਂ ਆਪਣੇ ਆਪਣੇ ਨੱਕ ਸੁਣਕਣੇ ਸ਼ੁਰੂ ਕਰ ਦਿੱਤੇ। ਸਾਰੇ ਹੀ ਰੋ ਰੋ ਕੇ ਛਿੰਦੇ ਨੂੰ ਜੱਫੀਆਂ ਪਾਈ ਜਾਣ। ਹੌਲ਼ੀ ਹੌਲ਼ੀ ਛਿੰਦੇ ਨੇ ਆਪਣੇ ਆਪ ਨੂੰ ਥਾਂ ਸਿਰ ਕਰਕੇ ਏਰਿਆ ਪੋਰਟ ਦੇ ਅੰਦਰ ਦਾਖਲ ਹੋ ਗਿਆ। ਕਾਗ਼ਜ਼ੀ ਕਾਰਵਾਈ ਦੇ ਉਪਰੰਤ ਥੋੜੇ ਜੇਹੇ ਇੰਤਜ਼ਾਰ ਪਿੱਛੋਂ ਵੱਡੇ ਸਾਰੇ ਲੋਹੇ ਦੇ ਖਡੋਲਣੇ ਵਿੱਚ ਛਿੰਦਾ ਜਾ ਵੜਿਆ। ਕੁਰਦਤੀ ਸ਼ੀਸ਼ੇ ਵਾਲੀ ਸੀਟ ਮਿਲ ਗਈ। ਛਿੰਦੇ ਦਾ ਇੱਕ ਵਾਰੀ ਭੁੱਬਾਂ ਮਾਰ ਕੇ ਰੋਣ ਨੂੰ ਚਿੱਤ ਕਰਿਆ ਪਰ ਸ਼ਰਮ ਦਾ ਮਾਰਾ ਵਿਚੇ ਵਿੱਚ ਰੋਣੇ ਨੂੰ ਪੀ ਗਿਆ। ਜਹਾਜ਼ ਦਾ ਅਲੋਕਾਰ ਖਾਣਾ ਖਾ ਕੇ ਨਿਹੰਗ ਸਿੰਘਾਂ ਦੇ ਬੋਲੇ ਅਨੁਸਾਰ ਛਿੰਦਾ ਧਰਮਰਾਜ ਦੀ ਧੀ ਨੀਂਦ ਨਾਲ ਸੌਂ ਗਿਆ। ਡਕੋ ਡੋਲੇ ਖਾਂਦਿਆਂ ਇਟਲੀ ਦੇ ਜਹਾਜ਼ਾਂ ਵਾਲੇ ਅੱਡੇ `ਤੇ ਉੱਤਰਿਆ ਅੱਗੋਂ ਦੀਸ਼ੇ ਦੇ ਬੰਦੇ ਉਹਨੂੰ ਲੈਣ ਲਈ ਆਏ ਸੀ।
ਪੈਸੇ ਕਮਾਉਣ ਦੀ ਚਾਹਨਾ ਨਾਲ ਛਿੰਦਾ ਪਹੁੰਚਿਆ ਪਰ ਅੱਗੋਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲੀਆਂ। ਹਰ ਪੰਜਾਂ ਮੁੰਡਿਆਂ ਪਿੱਛੇ ਇੱਕ ਕੋਲ ਕੰਮ ਸੀ ਬਾਕੀ ਲੱਤਾਂ `ਤੇ ਖੁਰਕਣ ਜੋਗੇ ਵਿਹਲੇ ਹੀ ਬੈਠੇ ਸਨ। ਅੱਗੋਂ ਲੈਣ ਆਇਆ ਬੰਦਾ ਕਹੀ ਜਾਏ ਪਹਿਲਾਂ ਸਿਰਾ ਮਨਾ ਫਿਰ ਤੈਨੂੰ ਕੰਮ ਮਿਲੇਗਾ। ਉਂਝ ਕੰਮ ਉਹਨਾਂ ਪਾਸ ਵੀ ਕੋਈ ਨਹੀਂ ਸੀ। ਛਿੰਦੇ ਦੇ ਸੰਸਕਾਰ ਗੁਰੂ ਭਾਵਨੀ ਵਾਲੇ ਸਨ। ਕੇਸ ਕਟਾਉਣ ਨੂੰ ਛਿੰਦੇ ਦਾ ਮਨ ਰਾਜ਼ੀ ਨਾ ਹੋਇਆ। ਮਹੀਨੇ ਕੁ ਉਪਰੰਤ ਛਿੰਦੇ ਨੂੰ ਆਪਣੇ ਪਿੰਡ ਦਾ ਇੱਕ ਬੰਦਾ ਮਿਲ ਗਿਆ ਜਿਸ ਨੇ ਬਹੁਤ ਆਪਣਤ ਦਿਖਾਈ ਛਿੰਦੇ ਦਾ ਕੁੱਝ ਦਰਦ ਘਟ ਗਿਆ। ਪਿੰਡ ਵਾਲੇ ਮੁੰਡੇ ਦੀ ਸਹਾਇਤਾ ਨਾਲ ਗੁਰਦੁਆਰੇ ਵਿੱਚ ਜਗ੍ਹਾ ਮਿਲ ਗਈ। ਪੈਸਾ ਕੋਈ ਨਹੀਂ ਮਿਲੇਗਾ। ਮੁਫਤ ਵਿੱਚ ਰਹੋ ਤੇ ਭਾਈ ਜੀ ਨਾਲ ਸਾਰਾ ਕੰਮ ਕਰਾਈ ਜਾਉ। ਛਿੰਦੇ ਨੂੰ ਥੋੜਾ ਕੀਰਤਨ ਤੇ ਪਾਠ ਲੱਗ-ਪਗ ਆਉਂਦਾ ਹੀ ਸੀ। ਛਿੰਦੇ ਦਾ ਗਲ਼ਾ ਬਹੁਤ ਵਧੀਆ ਸੀ। ਸਾਲ ਭਰ ਵਿਹਲਾ ਰਹਿਣ ਤੋਂ ਉਪਰੰਤ ਛਿੰਦੇ ਦੇ ਪਿੰਡ ਵਾਲੇ ਮੁੰਡੇ ਨੇ ਆਪਣੀ ਫੈਕਟਰੀ ਵਿੱਚ ਜਗ੍ਹਾ ਦਿਵਾ ਦਿੱਤੀ। ਅੱਠ ਕੁ ਮਹੀਨੇ ਕੰਮ ਕਰਨ ਉਪਰੰਤ ਮੰਦੀ ਦਾ ਦੌਰ ਹੋਣ ਕਰਕੇ ਉਹ ਫੈਕਟਰੀ ਬੰਦ ਹੋ ਗਈ। ਛਿੰਦਾ ਫਿਰ ਗੁਰਦੁਆਰੇ ਆ ਗਿਆ।
ਛਿੰਦੇ ਦੀ ਮਾੜੀ ਮੋਟੀ ਪੰਜਾਬ ਦੇ ਇੱਕ ਵੱਡੇ ਬ੍ਰਹਮ ਗਿਆਨੀ ਤੇ ਇੱਕ ਛੋਟੇ ਬ੍ਰਹਮ ਗਿਆਨੀ ਨਾਲ ਵਾਕਫੀਅਤ ਸੀ। ਕੁਦਰਤੀ ਵਿਹਲਾ ਹੋਣ ਕਰਕੇ ਛਿੰਦੇ ਨੂੰ ਇਹਨਾਂ ਦੋਨਾਂ ਬ੍ਰਹਮ ਗਿਆਨੀਆਂ ਨਾਲ ਇਟਲੀ ਵਿੱਚ ਵਿਚਰਨ ਦਾ ਮੌਕਾ ਮਿਲਿਆ। ਵੱਡੇ ਬ੍ਰਹਮ ਗਿਆਨੀ ਨਾਲ ਛਿੰਦਾ ਡੇੜ ਕੁ ਮਹੀਨਾ ਰਿਹਾ ਤੇ ਛੋਟੇ ਬ੍ਰਹਮ ਗਿਆਨੀ ਨਾਲ ਕੁੱਝ ਦਿਨ ਬਤੀਤ ਕਰਨ ਦਾ ਮੌਕਾ ਬਣਿਆਂ। ਇਹਨਾਂ ਦੋਨਾਂ ਦੇ ਪਰਚਾਰ ਘੱਟ ਤੇ ਜਬਲ਼ੀਆਂ ਜ਼ਿਆਦਾ ਛਿੰਦੇ ਨੇ ਨੇੜਿਉਂ ਹੋ ਕੇ ਵੇਖੀਆਂ ਸੁਣੀਆਂ। ਵੱਡੇ ਬ੍ਰਹਮ ਗਿਆਨੀ ਨਾਲ ਛਿੰਦੇ ਨੂੰ ਵਿਚਰ ਕੇ ਕਈ ਤਜੁਰਬੇ ਹੋਏ। ਇਹ ਸਾਰੇ ਤਜੁਰਬੇ ਛਿੰਦੇ ਦੇ ਮਨ ਵਿੱਚ ਉਕਰ ਗਏ। ਡੇੜ ਕੁ ਮਹੀਨੇ ਵਿੱਚ ਛਿੰਦੇ ਨੂੰ ਇੰਜ ਮਹਿਸੂਸ ਹੋਣ ਲੱਗਾ ਕਿ ਸ਼ਾਇਦ ਮੈਂ ਵੀ ਬ੍ਰਹਮ ਗਿਆਨੀ ਹੋ ਗਿਆ ਹੋਵਾਂ। ਵੱਡੇ ਬ੍ਰਹਮ ਗਿਆਨੀ ਨਾਲ ਲੋਕ ਛਿੰਦੇ ਹੁਰਾਂ ਨੂੰ ਵੀ ਪੂਰਾ ਸਤਿਕਾਰ ਦੇ ਰਹੇ ਸੀ। ਕਦੇ ਕਦੇ ਕਿਸੇ ਮਾਈ ਨੇ ਵੱਡੇ ਬ੍ਰਹਮ ਗਿਆਨੀ ਉਪਰੰਤ ਛਿੰਦੇ ਦੇ ਵੀ ਪੈਰੀਂ ਹੱਥ ਲਾ ਦੇਣਾ ਤਾਂ ਛਿੰਦੇ ਨੂੰ ਅੰਦਰੋਂ ਅਜੀਬ ਜੇਹੀ ਖੁਸ਼ੀ ਮਹਿਸੂਸ ਹੁੰਦੀ ਸੀ।
ਵੱਡੇ ਬ੍ਰਹਮ ਗਿਆਨੀ ਨੂੰ ਵਿਦਾ ਕਰਕੇ ਛਿੰਦਾ ਮੁੜ ਗੁਰਦੁਆਰੇ ਆ ਗਿਆ। ਛਿੰਦਾ ਰਾਤ ਦੀ ਰੋਟੀ ਖਾਣ ਲੱਗਾ ਤਾਂ ਅੱਗੋਂ ਲੰਗਰ ਦੀ ਦਾਲ਼ ਵੱਢ ਖਾਣਿਆਂ ਵਾਂਗੂੰ ਪਏ। ਛਿੰਦਾ ਸੋਚਦਾ ਕਿੱਥੇ ੳਹ ਦਿਨ ਸਨ ਜਦੋਂ ਪੰਜ ਪੰਜ ਸਬਜ਼ੀਆਂ, ਬਦਾਮਾਂ ਵਾਲੀ ਖੀਰ, ਸੁੱਕੇ ਮੇਵੇ ਵੱਖਰੇ ਤੇ ਕਿੱਥੇ ਆ ਲੰਗਰ ਦੀ ਬਿਨਾ ਤੜਕਿਓਂ ਦਾਲ। ਛਿੰਦੇ ਦਾ ਜੀਅ ਕਰੇ ਕੌਲੀ ਵਗਾਹ ਕੇ ਪਰ੍ਹਾਂ ਮਾਰੇ ਪਰ ਗੁਰੂ ਕਾ ਲੰਗਰ ਹੋਣ ਕਰਕੇ ਸਾਤਿਨਾਮ ਕਹਿ ਕੇ ਛੱਕ ਗਿਆ। ਕੋਈ ਉਜਰਦਾਰੀ ਨਾ ਕੀਤੀ। ਰਸੋਈ ਵਿੱਚ ਪਏ ਬਰਤਨਾਂ ਦੀ ਸਫ਼ਾਈ ਕਰਕੇ ਛਿੰਦਾ ਜਕੋ ਤਕੋ ਨਾਲ ਆਪਣੇ ਠੰਡੇ ਬਿਸਤਰੇ ਵਿੱਚ ਚਲਾ ਗਿਆ। ਸੋਚਦਾ ਹੈ, ਮਨਾ! ਤੇਰੇ ਜਿੰਨੀਆਂ ਬਾਬੇ ਦੀਆਂ ਲੱਤਾਂ ਤਾਂ ਕਿਸੇ ਨੇ ਵੀ ਨਹੀਂ ਘੁਟੀਆਂ ਹੋਣੀਆਂ। ਕਛਹਿਰੇ ਤਾਂ ਬੀਬੀਆਂ ਧੋਂਦੀਆਂ ਸਨ ਤੇਲ ਦੀ ਮਾਲਸ਼ ਤਾਂ ਮੈਂ ਹੀ ਕਰਦਾ ਸੀ ਨਾ, ਪਰ ਬਣਿਆ ਮੇਰਾ ਕੱਖ ਨਹੀਂ, ਨਾ ਬ੍ਰਹਮ ਗਿਆਨੀ ਮੈਨੂੰ ਕੁੱਝ ਦੇ ਕੇ ਗਿਆ ਹੈ, ਆਪ ਯੂਰੋਆਂ ਦੀ ਪੰਡ ਬੰਨ੍ਹ ਕੇ ਚਲਦਾ ਬਣਿਆ ਹੈ। ਕਪੜਾ ਲੀੜਾ ਸ਼ਰਧਲੂਆਂ ਨੇ ਕੋਰੀਅਰ ਰਾਂਹੀਂ ਭੇਜਣ ਦਾ ਆਪੇ ਹੀ ਪ੍ਰਬੰਧ ਕਰਤਾ। ਛਿੰਦੇ ਨੂੰ ਜਾਪਿਆ ਬ੍ਰਹਮ ਗਿਆਨੀ ਊਂ ਈ ਵਰ ਦਈ ਜਾ ਰਿਹਾ ਸੀ ਉਸ ਪਾਸ ਹੈ ਕੁੱਝ ਵੀ ਨਹੀਂ ਸੀ। ਛਿੰਦੇ ਨੂੰੰ ਇਹ ਸਾਰਾ ਕੁੱਝ ਪਖੰਡ ਹੀ ਲੱਗਿਆ। ਉਂਜ ਵਿਚਾਰਾ ਛਿੰਦਾ ਇਸ ਆਸ ਨਾਲ ਤੁਰਿਆ ਫਿਰਦਾ ਸੀ ਕਿ ਮੈਂ ਸੇਵਾ ਕਰਾਂਗਾ ਤੇ ਬ੍ਰਹਮ ਗਿਆਨੀ ਜੀ ਜਾਣੀ ਜਾਣ ਹਨ। ਇਹਨਾਂ ਨੇ ਜਾਣ ਲੱਗਿਆ ਕਹਿਣਾ ਹੈ ਕਿ ਛਿੰਦਿਆ ਜਾ ਤੈਨੂੰ ਅੱਜ ਨੌਕਰੀ ਮਿਲੇਗੀ। ਛਿੰਦੇ ਨੇ ਬਾਬਿਆਂ ਦੇ ਦੀਵਾਨਾਂ ਵਿਚੋਂ ਸੁਣਿਆ ਸੀ ਕਿ ਬ੍ਰਹਮ ਗਿਆਨੀਆਂ ਦੀ ਸੇਵਾ ਬੜੇ ਭਾਗਾਂ ਨਾਲ ਮਿਲਦੀ ਹੈ ਤੇ ਸੇਵਾ ਥਾਏਂ ਪੈਂਦੀ ਹੈ। ਸੇਵਾ ਤੋਂ ਖੁਸ਼ ਹੋ ਕੇ ਬਾਬੇ ਵਰ ਦੇ ਜਾਂਦੇ ਹਨ। ਏਸੇ ਆਸ ਨਾਲ ਛਿੰਦੇ ਗੂੜੇ ਚਾਅ ਨਾਲ ਬ੍ਰਹਮ ਗਿਆਨੀ ਦੀਆਂ ਮੋਟੀਆਂ ਲੱਤਾਂ ਤੇ ਖੂਬ ਮਾਲਸ਼ ਕਰਦਾ ਸੀ।
ਸਿਆਣੇ ਕਹਿੰਦੇ ਨੇ ਬੰਦਾ ਜੋ ਦਿਨੇ ਸੋਚਦਾ ਹੈ ਉਹ ਰਾਤ ਨੂੰ ਵੀ ਦਿਮਾਗ ਵਿੱਚ ਘੁੰਮਦਾ ਰਹਿੰਦਾ ਹੈ। ਦਿਨ ਦੀਆਂ ਅਧੂਰੀਆਂ ਗੱਲਾਂ ਰਾਤ ਨੂੰ ਸੁਪਨਿਆਂ ਵਿੱਚ ਪੂਰੀਆਂ ਹੁੰਦੀਆਂ ਰਹਿੰਦੀਆਂ ਹਨ। ਦਿਨੇ ਬ੍ਰਹਮ ਗਿਆਨੀਆਂ ਦੀਆਂ ਲੁੰਬੜ ਚਾਲਾਂ ਉਸ ਦੇ ਦਿਮਾਗ ਵਿੱਚ ਘੁੰਮਦੀਆਂ ਰਹੀਆਂ। ਬ੍ਰਹਮ ਗਿਆਨੀ ਦੇ ਨਾਲ ਰਹਿੰਦਿਆਂ, ਸੇਵਾ ਕਰਦਿਆਂ ਤਾਂ ਛਿੰਦੇ ਨੂੰ ਇੰਜ ਮਹਿਸੂਸ ਹੋ ਰਿਹਾ ਸੀ ਕਿ ਸ਼ਾਇਦ ਇਹ ਬ੍ਰਹਮ ਗਿਆਨੀ ਜੀ ਮੇਰੇ ਲਈ ਕੋਈ ਨਾ ਕੋਈ ਕੰਮ ਦਾ ਜੁਗਾਟ ਫਿੱਟ ਕਰ ਦੇਣਗੇ। ਛਿੰਦੇ ਨੂੰ ਪੂਰਾ ਯਕੀਨ ਸੀ ਕਿ ਇਸ ਮੋਟੜ ਤੇ ਅੱਧ ਬਿਮਾਰ ਬ੍ਰਹਮ ਗਿਆਨੀ ਪਾਸ ਕੋਈ ਗ਼ੈਬੀ ਸ਼ਕਤੀ ਹੈ ਜਿਸ ਨਾਲ ਲੋਕਾਂ ਦੇ ਵਿਗੜੇ ਤਿਗੜੇ ਕੰਮ ਸਵਾਰੀ ਜਾ ਰਿਹਾ ਹੈ। ਛਿੰਦੇ ਦਾ ਬੜਾ ਵੱਡਾ ਭਰਮ ਸੀ ਕਿ ਲੋਕਾਂ ਦੇ ਵਾਕਿਆ ਹੀ ਕੰਮ ਨੇਤਰੇ ਚੜ੍ਹ ਜਾਂਦੇ ਹੋਣੇ ਨੇ। ਉਹਨੂੰ ਇਹ ਨਹੀਂ ਪਤਾ ਸੀ ਕਿ ਜਿਹੜਾ ਆਪ ਲੋਕਾਂ ਦਿਆਂ ਘਰਾਂ ਤੋਂ ਜੇਬਾਂ ਭਰ ਰਿਹਾ ਹੈ ਉਹ ਤੈਨੂੰ ਕੀ ਲੈ ਕੇ ਦੇਵੇਗਾ। ਛਿੰਦੇ ਨੂੰ ਇਹ ਅਹਿਸਾਸ ਹੋ ਗਿਆ ਕਿ ਬ੍ਰਹਮ ਗਿਆਨੀ ਬਣਨਾ ਕੋਈ ਅੱਖਾ ਕੰਮ ਨਹੀਂ ਹੈ ਸਿਰਫ ਝੂਠ ਮਾਰਨ ਦੀ ਮੁਹਾਰਤ ਹੋਣੀ ਚਾਹੀਦੀ ਹੈ। ਲੱਤਾਂ ਕਿਦਾਂ ਘਟਾਉਣੀਆਂ ਹਨ, ਵਰ ਕਿਦਾਂ ਦੇਣੇ ਹਨ ਇਹ ਉਹਦੀ ਸਮਝ ਵਿੱਚ ਆ ਗਿਆ ਸੀ। ਸਟੇਜ `ਤੇ ਬੈਠ ਕੇ ਸਿੱਖ ਇਤਿਹਾਸ, ਸਿਧਾਂਤ ਦੀ ਜੜ੍ਹੀਂ ਤੇਲ ਕਿਵੇਂ ਦੇਣਾ ਹੈ, ਪਰ ਇਹ ਕੰਮ ਉਸ ਨੂੰ ਕੁੱਝ ਔਖਾ ਲੱਗਿਆ। ਜੇ ਕਿਸੇ ਨੇ ਸਵਾਲ ਕਰਤਾ ਤਾਂ ਫਿਰ ਮੈਂ ਕੀ ਕਰਾਂਗਾ। ਊਂ ਛਿੰਦੇ ਨੇ ਉਹ ਛੇ ਸਤ ਸਾਖੀਆਂ ਪੂਰੀ ਤਰ੍ਹਾਂ ਰਟ ਲਈਆਂ ਸਨ ਜਿਹੜੀਆਂ ਬ੍ਰਹਮ ਗਿਆਨੀ ਹਰੇਕ ਘਰ ਸੁਣਾਉਂਦਾ ਸੀ।
ਸੋਚਾਂ ਦੇ ਘੋੜੇ ਦਿੜਾਉਂਦਿਆਂ ਅੱਧੀ ਰਾਤ ਤੋਂ ਊਪਰ ਹੋ ਗਈ ਪਰ ਨੀਂਦ ਆਉਣ ਦਾ ਨਾਂ ਹੀ ਨਾ ਲਏ। ਅਖੀਰ ਉਸਲ ਵੱਟੇ ਭੰਨਦਿਆਂ ਭੰਨਦਿਆਂ ਨੀਂਦ ਆ ਹੀ ਗਈ। ਨੀਂਦ ਆਉਂਦਿਆਂ ਹੀ ਛਿੰਦਾ ਸੁਪਨਿਆਂ ਦੀ ਦੁਨੀਆਂ ਵਿੱਚ ਗਵਾਚ ਗਿਆ ਤੇ ਇੰਜ ਮਹਿਸੂਸ ਹੋਣ ਲੱਗਾ ਕੇ ਮੈਂ ਪੂਰਨ ਬ੍ਰਹਮ ਗਿਆਨੀ ਬਣ ਗਿਆ ਹਾਂ। ਦਿਨ ਦੀਆਂ ਸਾਰੀਆਂ ਗੱਲਾਂ ਦਿਮਾਗ਼ ਵਿੱਚ ਕੁਰਬਲ ਕੁਰਬਲ ਕਰਨ ਲੱਗੀਆਂ। ਰਾਤ ਦੇ ਸੁਪਨਿਆਂ ਵਿੱਚ ਗਵਾਚਦਿਆਂ ਛਿੰਦੇ ਨੇ ਇੱਕ ਨਵਾਂ ਚੋਲ਼ਾ ਸਵਾਂਇਆਂ। ਚਿੱਟੇ ਕਛਹਿਰੇ ਇੱਕ ਲੰਬਾ ਜੇਹਾ ਹਜ਼ੂਰੀਆ ਇੱਕ ਦੋ ਮਾਲਾ ਦਾ ਪ੍ਰਬੰਧ ਵੀ ਹੋ ਗਿਆ ਤੇ ਹੋਰ ਨਿਕੜ ਸੁਕੜ ਇਕੱਠਾ ਕਰਕੇ ਛਿੰਦਾ ਬ੍ਰਹਮ ਗਿਆਨੀ ਬਣ ਗਿਆ। ਅੱਖਾਂ ਬੰਦ ਕਰਨ ਦਾ ਅਭਿਆਸ ਸ਼ੁਰੂ ਕਰ ਦਿੱਤਾ। ਹੁਣ ਛਿੰਦੇ ਨੇ ਪਹਿਲਾਂ ਹੀ ਅਟੀ ਸਟੀ ਰਲਾ ਕੇ ਅੱਠ ਨੌਂ ਲੱਠ ਮਾਰ ਤੇ ਅੰਨ੍ਹ ਦੇ ਪੱਕੇ ਵੈਰੀ ਸੇਵਾਦਾਰਾਂ ਦਾ ਵੀ ਪ੍ਰਬੰਧ ਕਰ ਲਿਆ। ਇਹਨਾਂ ਦਾ ਕੰਮ ਕੇਵਲ ਇਤਨਾ ਹੀ ਸੀ ਕਿ ਮੇਰੇ ਅੱਗੇ ਤੇ ਪਿੱਛੇ ਤੁਰਨ। ਜੇ ਕੋਈ ਗੱਲ ਕਰਨ ਜਾਂ ਪੁੱਛਣ ਦਾ ਯਤਨ ਕਰੇ ਤਾਂ ਇਹ ਲੱਠ ਮਾਰ ਗੱਲ ਘਟ ਤੇ ਹੂਰੇ ਮੁੱਕੇ ਮਾਰਨ ਤੀਕ ਪਹਿਲਾਂ ਹੀ ਚਲੇ ਜਾਣ। ਗਾਲ਼੍ਹਾਂ ਕੱਢਣ ਦੀ ਪੁਰੀ ਮੁਹਾਰਤ ਹੋਵੇ। ਲੋਕਾਂ ਨੂੰ ਨਾਮ ਜਪਣ ਦਾ ਤੇ ਸਹਿਜ ਅਵਸਥਾ ਦਾ ਪੂਰਾ ਪੂਰਾ ਉਪਦੇਸ਼ ਦਿੱਤਾ ਜਾਏ ਪਰ ਆਪ ਅਜੇਹੇ ਉਪਦੇਸ਼ ਦੇ ਨੇੜੇ ਤੇੜੇ ਵੀ ਨਹੀਂ ਜਾਣਾ। ਸਟੇਜ ਦੇ ਆਲੇ ਦੁਆਲੇ ਝੁਰਮਟ ਪਾਈ ਬੈਠ ਜਾਣ। ਇਹਨਾਂ ਵਿੱਚ ਦੋ ਜਣੇ ਬਹੁਤ ਭਰੋਸੇ ਵਾਲੇ ਹੋਣ ਜੋ ਘਰਾਂ ਵਿੱਚ ਚਰਨ ਪਵਾਉਣ ਦਾ ਨੇਕ ਨੀਤ ਨਾਲ ਕੰਮ ਕਰਨ। ਦੋ ਸੇਵਾਦਾਰ ਅਜੇਹੇ ਹੋਣੇ ਚਾਹੀਦੇ ਹਨ ਜਿਹੜੇ ਕਿਸੇ ਦੇ ਘਰ ਪਹੁੰਚਦਿਆਂ ਸਾਰ ਹੀ ਲੱਤਾਂ ਘੁਟਣ ਲੱਗ ਜਾਣ ਫਿਰ ਘਰ ਦੀਆਂ ਕੁੜੀਆਂ ਨੁੰਹਾਂ ਤੇ ਗਵਾਂਢ ਤੋਂ ਆਈਆਂ ਬੀਬੀਆਂ ਆਪਣੇ ਆਪ ਹੀ ਘੁੱਟਣ ਲੱਗ ਜਾਣਗੀਆਂ।
ਰਾਤ ਦੇ ਸੁਪਨੇ ਵਿੱਚ ਗਵਾਚਦਿਆਂ ਛਿੰਦਾ ਪੂਰਾ ਬ੍ਰਹਮ ਗਿਆਨੀ ਬਣ ਗਿਆ। ਪਹਿਲਾਂ ਤਾਂ ਛਿੰਦੇ ਨੂੰ ਥੋੜੀ ਸ਼ਰਮ ਤੇ ਝਿਜਕ ਜੇਹੀ ਮਹਿਸੂਸ ਹੋਈ ਪਰ ਛੇਤੀ ਸੰਭਲ਼ ਗਿਆ। ਬਣਾਈ ਹੋਈ ਤਰਕੀਬ ਅਨੁਸਾਰ ਛਿੰਦੇ ਬ੍ਰਹਮ ਗਿਆਨੀ ਦੇ ਸੇਵਾਦਾਰਾਂ ਨੇ ਘਰਦਿਆਂ ਨੂੰ ਕਹਿਣਾ ਕਿ ਬਾਬਾ ਜੀ ਝੂਠੇ ਸੋਫੇ ਤੇ ਨਹੀਂ ਬੈਠਣਗੇ ਕਿਉਂ ਕਿ ਨਿਆਣੇ ਇਸ ਸੋਫੇ ਬੈਠਦੇ ਰਹੇ ਹਨ। ਇਸ ਲਈ ਬਜ਼ਾਰੋਂ ਨਵਾਂ ਕੰਬਲ਼ ਲਿਆਓ। ਘਰਦਿਆਂ ਨੇ ਖੁਸ਼ੀ ਖੁਸ਼ੀ ਚਾਲੀ ਐਰੋ ਦਾ ਨਵਾਂ ਕੰਬਲ ਲਿਆਉਣਾ। ਕੰਬਲ ਦੇ ਉੱਤੇ ਇੱਕ ਹੋਰ ਚਿੱਟੀ ਚਾਦਰ ਵਿਛਾਉਣ ਦਾ ਪਰਬੰਧ ਕਰਨਾ। ਜਿਹੜੀ ਕਾਰ `ਤੇ ਬੈਠਣਾ ਉਸ ਦੀ ਸੀਟ `ਤੇ ਵੀ ਚਿੱਟੇ ਰੰਗ ਦੀ ਚਾਦਰ ਵਿਛੀ ਹੋਣੀ ਚਾਹੀਦੀ ਹੈ। ਛਿੰਦੇ ਬ੍ਰਹਮ ਗਿਆਨੀ ਨੇ ਗੁਰਦੁਆਰੇ ਦੀ ਸਟੇਜ ਤੋਂ ਪੂਰੀਆਂ ਜਬਲ਼ੀਆਂ ਦੀ ਛਹਿਬਰ ਲਗਾਉਣੀ। ਅੱਗੋਂ ਅੰਨ੍ਹੀ ਸ਼ਰਧਾਂ ਵਸ ਮਾਈਆਂ ਨੇ ਰੋਈ ਜਾਣਾ ਤੇ ਵਾਗੁਰੂ ਵਾਗੁਰੂ ਕਰੀ ਜਾਣਾ। ਛਿੰਦੇ ਬ੍ਰਹਮ ਗਿਆਨੀ ਨੇ ਖੁਸ਼ ਹੋਣਾ ਕਿ ਇਸ ਕੌਮ ਦਾ ਕੀ ਬਣੂਗਾ ਜਿਹੜੀ ਮੇਰੀਆਂ ਝੂਠੀਆਂ ਸਾਖੀਆਂ `ਤੇ ਹੀ ਰੋਈ ਜਾ ਰਹੀ ਹੈ। ਏਦੂੰ ਵਧੀਆ ਹੋਰ ਕੋਈ ਤਰੀਕਾ ਨਹੀਂ ਹੈ ਪੈਸੇ ਕਮਾਉਣ ਦਾ। ਇੱਕ ਦਿਨ ਵਿੱਚ ਛਿੰਦੇ ਬ੍ਰਹਮ ਗਿਆਨੀ ਨੇ ਬਾਰ੍ਹਾਂ ਤੇਰ੍ਹਾਂ ਘਰਾਂ ਵਿੱਚ ਆਪਣੇ ਖੁਰਕ ਖਾਦੇ ਚਰਨਾਂ ਨੂੰ ਪਾ ਦੇਣਾ। ਛਿੰਦੇ ਬ੍ਰਹਮ ਗਿਆਨੀ ਨੇ ਸੋਫ਼ੇ `ਤੇ ਬੈਠਦਿਆਂ ਸਾਰ ਹੀ ਆਪਣੇ ਚੇਲੇ ਜਈਲੇ ਨੂੰ ਅਵਾਜ਼ ਮਾਰ ਕੇ ਕਹਿਣਾ ਕਿ ਆਈਂ ਜ਼ਰਾ ਸਵੇਰ ਦਾ ਤੁਰਿਆ ਹਾਂ ਥੱਕ ਗਿਆ ਹਾਂ ਆ ਸੱਜੀ ਲੱਤ ਘੁੱਟੀਂ। ਬਸ ਫਿਰ ਕੀ ਸੀ ਸਾਰੇ ਪਰਵਾਰ ਤੇ ਆਂਢ ਗਵਾਂਢ ਨੂੰ ਮਸਾਂ ਈਦ ਵਰਗਾ ਕੰਮ ਲੱਭਣ ਵਾਂਗ ਵੱਖ ਵੱਖ ਹੱਥ ਛਿੰਦੇ ਦੀਆਂ ਲੱਤਾਂ ਦੁਆਲੇ ਹੋਣੇ। ਛਿੰਦੇ ਬ੍ਰਹਮ ਗਿਆਨੀ ਨੇ ਚਾਹ ਦੇ ਕੱਪ ਵਿਚੋਂ ਸਿਰਫ ਇੱਕ ਦੋ ਘੁੱਟ ਹੀ ਭਰਨੇ ਬਾਕੀ ਦੀ ਪਰਵਾਰ ਦੇ ਜੀਆਂ ਨੇ ਸੀਤ ਪ੍ਰਸ਼ਾਦ ਸਮਝ ਕੇ ਝੂਠ ਖਾਣ ਨੂੰ ਸਵਰਗ ਦਾ ਦਰਵਾਜ਼ਾ ਖੁਲਣ ਵਾਂਗ ਖੋਹ ਖੋਹ ਕੇ ਸਵਾਦ ਲੈ ਲੈ ਕੇ ਪੀਣੀ ਜਾਂ ਛਿੰਦੇ ਬ੍ਰਹਮ ਗਿਆਨੀਆਂ ਦੇ ਸੇਵਾਦਾਰਾਂ ਨੇ ਕਹਿਣਾ ਕਿ ਭੈਣ ਜੀ ਇਸ ਕੱਪ ਨੂੰ ਸਾਰੇ ਪਤੀਲੇ ਪਾ ਦਿਓ ਤਾਂ ਕਿ ਬਾਬਾ ਜੀ ਦਾ ਪ੍ਰਸਾਦ ਸਾਰਿਆਂ ਦੀ ਵੰਡੇ ਆ ਜਾਏ। ਦੋ ਸੇਵਾਦਾਰਾਂ ਨੇ ਆਪੇ ਹੀ ਰਸੋਈ ਵਿੱਚ ਘੁਸਰ ਜਾਣਾ ਤੇ ਬੀਬੀਆਂ ਨੂੰ ਹੱਥਾਂ ਨਾਲ ਪਰੇ ਪਰੇ ਕਰੀ ਜਾਣਾ ਤੇ ਨਾਲੇ ਕਹੀ ਜਾਣਾ ਬਾਬਾ ਜੀ ਇਹ ਨਹੀਂ ਖਾਂਦੇ ਔਹ ਨਹੀਂ ਖਾਂਦੇ, ਨਾਲ ਹੀ ਬਾਬੇ ਦੀ ਨਿਰਾਜ਼ਗੀ ਦਾ ਡਰ ਦੇ ਕੇ ਤਰਾਅ ਕਢੀ ਜਾਣਾ।
ਛਿੰਦੇ ਬ੍ਰਹਮ ਗਿਆਨੀ ਦੀ ਬਣਾਈ ਤਰਤੀਬ ਅਨੁਸਾਰ ਜੋ ਉਸ ਨੇ ਇਟਲੀ ਆਏ ਬ੍ਰਹਮ ਗਿਆਨੀ ਤੋਂ ਦੇਖੀ ਸੀ। ਇੱਕ ਵੱਖਰੇ ਕਮਰੇ ਵਿੱਚ ਬੈਠ ਜਾਣਾ। ਪਹਿਰੇ `ਤੇ ਦੋ ਹੱਟੇ ਕੱਟੇ ਸੇਵਦਾਰਾਂ ਨੇ ਖਲੋ ਜਾਣਾ। ਇਕੱਲੇ ਇਕੱਲੇ ਨੂੰ ਅੰਦਰ ਸੱਦੀ ਜਾਣਾ। ਹਰ ਬੀਬੀ ਮਾਈ ਭਾਈ ਨੇ ਆਪਣਾ ਦੁੱਖੜਾ ਰੋਈ ਜਾਣਾ ਤੇ ਛਿੰਦੇ ਬ੍ਰਹਮ ਗਿਆਨੀ ਨੇ ਬਾਬੇ ਵਾਂਗ ਮੌਕਾ ਦੇਖ ਕੇ ਲੋੜ ਅਨੁਸਾਰ ਜੱਫੀਆਂ ਪਾਈ ਜਾਣੀਆਂ। ਕਿਸੇ ਨੂੰ ਹੱਥ ਨਾਲ ਹੀ ਥਾਪੜਾ ਦਈ ਜਾਣਾ ਤੇ ਨਾਲ ਸ਼ਬਦ ਦਈ ਜਾਣੇ। ਪੱਕੀ ਤਰ੍ਹਾਂ ਦਸ ਦੇਣਾ ਕਿ ਕਿਸੇ ਨੂੰ ਹੋਰ ਨਹੀਂ ਦੱਸਣਾ ਦਿਨ ਵਿੱਚ ਏੰਨੀ ਵਾਰ ਵਿਧੀ ਪੁਰਵਕ ਪਾਠ ਕਰਨਾ ਹੈ ਤੇ ਸਣੇ ਕੇਸੀ ਇਸ਼ਨਾਨ ਕਰਨਾ ਨਹੀਂ ਭੁੱਲਣਾ। ਛਿੰਦੇ ਬ੍ਰਹਮ ਗਿਆਨੀ ਦੀਆਂ ਦੋਵੇਂ ਜੇਬਾਂ ਭਰਨੀਆਂ ਸ਼ੁਰੂ ਹੋ ਜਾਣੀਆਂ। ਹਰ ਬੰਦੇ ਨੇ ਪੈਸਿਆਂ ਵਾਲੇ ਲਿਫਾਫੇ ਦਾ ਮੱਥਾ ਟੇਕਣਾ ਨਾ ਭੁੱਲਣਾ।
ਛਿੰਦੇ ਬ੍ਰਹਮ ਗਿਆਨੀ ਦੇ ਸੇਵਦਾਰਾਂ ਨੇ ਕਹੀ ਜਾਣਾ ਕਿ ਤੁਹਾਡੇ ਕਿੰਨੇ ਵਡੇਭਾਗ ਹਨ ਕਿ ਤੁਹਾਡੇ ਘਰ ਬ੍ਰਹਮ ਗਿਆਨੀ ਜੀ ਪੂਰਾ ਅੱਧਾ ਘੰਟਾ ਠਹਿਰੇ ਹਨ ਇਹਨਾਂ ਪਾਸ ਸਮਾਂ ਹੀ ਨਹੀਂ ਹੈ। ਛਿੰਦੇ ਬ੍ਰਹਮ ਗਿਆਨੀ ਦਾ ਛੋਟੇ ਬ੍ਰਹਮ ਗਿਆਨੀ ਵਾਲਾ ਵੀ ਸੁਪਨਾ ਵੀ ਨਾਲ ਹੀ ਆਉਣਾ ਸ਼ੁਰੂ ਹੋ ਗਿਆ। ਕਿ ਕਿਵੇਂ ਛੋਟੀ ਉਮਰ ਦਾ ਸੋਹਣਾ ਸੁਨੱਖਾ ਇੱਕ ਸਾਧ ਆਪਣੀ ਜੁੱਤੀ ਆਪ ਨਹੀਂ ਲਾਹ ਸਕਦਾ। ਕਿਦਾਂ ਇੱਕ ਸੇਵਾਦਾਰ ਬਾਬੇ ਦੀ ਜੁੱਤੀ ਲਹੁੰਦਾ ਹੈ ਤੇ ਦੂਜਾ ਜੁਰਾਬਾਂ ਉਤਾਰਦਾ ਹੈ। ਛਿੰਦਾ ਛੋਟੇ ਬ੍ਰਹਮ ਗਿਆਨੀ ਵਾਂਗ ਗੱਡੀ ਵਿਚੋਂ ਉਤਰਦਾ ਹੈ। ਇੱਕ ਭਾਈ ਨੇ ਜਦੋਂ ਪਾਣੀ ਵਾਲੀ ਬੋਤਲ ਨਾਲ ਹੱਥ ਸੁਚੇ ਕਰਾਏ ਤਾਂ ਇੱਕ ਮਾਈ ਨੇ ਪਾਣੀ ਵਾਲੀ ਬੋਤਲ ਖੋਹ ਕੇ ਆਪਣੇ ਸਿਰ ਪਉਣ ਲੱਗ ਪਈ ਕਿ ਛਿੰਦੇ ਬ੍ਰਹਮ ਗਿਆਨੀ ਦੇ ਇਸ ਬੋਤਲ ਨਾਲ ਹੱਥ ਸੁੱਚੇ ਕਰਾਏ ਗਏ ਹਨ ਇਸ ਲਈ ਇਹ ਬੋੱਤਲ ਹੀ ਭਾਗਾਂ ਵਾਲੀ ਹੀ ਗਈ ਹੈ। ਛਿੰਦਾ ਮਨ ਹੀ ਮਨ ਕਿੰਨਾ ਖੁਸ਼ ਹੋ ਰਿਹਾ ਸੀ ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਨਿਰਮਲ ਪੰਥ ਚਲਾਇਆ ਸੀ ਉਹ ਕਿਦਾਂ ਮੇਰੇ ਪੈਰਾਂ `ਤੇ ਆਪਣਾ ਸੀਸ ਰੱਖ ਰੱਖ ਕੇ ਮੈਨੂੰ ਹੀ ਨਮਸਕਾਰ ਕਰੀ ਜਾ ਰਿਹਾ ਹੈ। ਬਹਾਦਰਾਂ ਦੀ ਕੌਮ ਕਿਦਾਂ ਇੱਕ ਢੌਂਗੀ ਬਾਬੇ ਨੂੰ ਰੱਬ ਬਣਾਈ ਜਾ ਰਹੀ ਹੈ।
ਛਿੰਦੇ ਬ੍ਰਹਮ ਗਿਆਨੀ ਨੂੰ ਇੱਕ ਦਿਨ ਬਹੁਤ ਵੱਡੀ ਮਸੀਬਤ ਆ ਗਈ। ਸ਼ਰਧਾਲੂਆਂ ਦੀ ਭੀੜ ਵਿਚੋਂ ਇੱਕ ਨੌਜਵਾਨ ਨੇ ਗੁਰਬਾਣੀ ਦੀ ਤੁਕ ਦੇ ਅਰਥ ਪੁੱਛ ਲਏ। ਛਿੰਦੇ ਨੇ ਅਚਨਚੇਤ ਆਈ ਬਿਪਤਾ ਨੂੰ ਸੰਭਾਲ਼ਦਿਆਂ ਮੱਥੇ ਤੇ ਤਿਊੜੀਆਂ ਪਉਂਦਿਆਂ ਹੋਇਆਂ, ਵਾਹਿਗੁਰੂ ਦਾ ਜਾਪ ਕਰਾਉਣਾ ਸ਼ੁਰੂ ਕਰ ਦਿੱਤਾ। ਪੂਰੇ ਪੰਦਰ੍ਹਾਂ ਮਿੰਟ ਜਾਪ ਚੱਲਦਾ ਰਿਹਾ। ਛਿੰਦੇ ਦੇ ਸੇਵਾਦਾਰਾਂ ਨੇ ਘਰਦਿਆਂ ਨੂੰ ਕਿਹਾ ਬਾਬਾ ਜੀ ਨੇ ਤੁਹਾਡੇ `ਤੇ ਸਾਰੀਆਂ ਬਖਸ਼ਿਸ਼ਾਂ ਕਰ ਦਿੱਤੀਆਂ ਹਨ। ਅਖੇ ਬਾਬਾ ਜੀ ਤੁਹਾਡੇ ਘਰੇ ਆਪ ਜਾਪ ਕੀਤਾ ਹੈ। ਇੰਜ ਬਾਬਾ ਜੀ ਨੇ ਗੁਰਬਾਣੀ ਦੇ ਅਰਥ ਪੁੱਛਣ ਵਾਲੇ ਤੋਂ ਆਪਣਾ ਖਹਿੜਾ ਛੁਡਾਇਆ। ਅੱਗੋਂ ਆਪਣੇ ਸੇਵਾਦਾਰਾਂ ਨੂੰ ਗੁਪਤ ਢੰਗ ਨਾਲ ਖਾਸ ਤਗ਼ੀਦ ਕੀਤੀ ਕੇ ਏਹੋ ਜੇਹੇ ਸਿਰ ਫਿਰੇ ਦਾ ਧਿਆਨ ਰੱਖਿਆ ਕਰੋ ਤੇ ਆਪ ਜੁਆਬ ਦਿਆ ਕਰੋ। ਅਜੇਹੇ ਸੁਆਲ ਬ੍ਰਹਮ ਗਿਆਨ ਵਿੱਚ ਵਿਗਨ ਪਾਉਂਦੇ ਹਨ। ਗਰਬਾਣੀ, ਇਤਿਹਾਸ ਸਬੰਧੀ ਕੋਈ ਸੁਆਲ ਨਹੀਂ ਕਰੀਦੇ ਸਭ ਨੂੰ ਇਹ ਕਹਿ ਦਿਓ। ਇੰਜ ਕਰਨ ਨਾਲ ਸ਼ਰਧਾ ਟੁੱਟਦੀ ਹੈ, ਲਿਵ ਭੰਗ ਹੁੰਦੀ ਹੈ। ਜਗਿਆਸੂਆਂ ਦਿਆਂ ਕੰਮਾਂ ਵਿੱਚ ਵਿਘਨ ਪੈਂਦਾ ਹੈ, ਕਾਰਜ ਰਾਸ ਨਹੀਂ ਹੁੰਦੇ।
ਛਿੰਦੇ ਬ੍ਰਹਮ ਗਿਆਨੀ ਕੋਲ ਇੱਕ ਬੰਦਾ ਇੱਕ ਨੌਜਵਾਨ ਨੂੰ ਲੈ ਕੇ ਆਇਆ ਕਿ ਬਾਬਾ ਜੀ ਇਹ ਜਪੁਜੀ ਸਾਹਿਬ ਦੇ ਇਕੱਤੀ ਪਾਠ ਹਰ ਰੋਜ਼ ਕਰਦਾ ਹੈ, ਹੁਣ ਇਸ ਨੂੰ ਆਪਣੀ ਸੁਰਤ ਵੀ ਨਹੀਂ ਰਹਿੰਦੀ। ਛਿੰਦਾ ਬ੍ਰਹਮ ਗਿਆਨੀ ਕਹਿਣ ਲੱਗਾ ਕਿ ‘ਇਹਨੂੰ ਕੀਨੇ ਏੰਨੇ ਪਾਠ ਕਰਨ ਲਈ ਕਿਹਾ ਸੀ`। ਨਾਲ ਆਇਆ ਬੰਦਾ ਕਹਿਣ ਲੱਗਾ ਕਿ ਬਾਬਾ ਜੀ ਏੰਨ੍ਹੇ ਤੁਹਾਡੀ ਸੀਡੀ ਸੁਣ ਲਈ ਸੀ ਜਿਸ ਵਿੱਚ ਤੁਸਾਂ ਕਿਹਾ ਸੀ ਹਰ ਰੋਜ਼ ਇਕੱਤੀ ਪਾਠ ਕਰਨ ਨਾਲ ਜੋ ਮੰਗੋਗੇ ਉਹ ਪੂਰਾ ਹੁੰਦਾ ਹੈ। ਇਹਦੇ ਮਾਪੇ ਅਮਰੀਕਾ ਰਹਿੰਦੇ ਨੇ ਇਸ ਲਈ ਇਹ ਵਿਚਾਰਾ ਤੁਹਾਡੀ ਦੱਸੀ ਮਰਯਾਦਾ ਨਿਭਾਅ ਰਿਹਾ ਸੀ, ਤਾਂ ਕਿ ਮੈਂ ਆਪਣੇ ਮਾਪਿਆਂ ਪਾਸ ਚਲਾ ਜਾਵਾਂ। ਛਿੰਦੇ ਬ੍ਰਹਮ ਗਿਆਨੀ ਨੇ ਮੌਕਾ ਸੰਭਾਲਦਿਆਂ ਕਿਹਾ ਕਿ ਭਗਤੋ ਤੁਸੀਂ ਪਹਿਲਾਂ ਹੀ ਸਿਰੇ ਵਾਲੇ ਡੰਡੇ ਤੇ ਪਹੁੰਚਣ ਦਾ ਯਤਨ ਨਾ ਕਰੋ। ਤੁਸੀਂ ਪਹਿਲਾਂ ਪੰਜ ਪਾਠ ਤੋਂ ਸ਼ੁਰੂ ਕਰਨੇ ਸੀ। ਏਦ੍ਹੇ `ਤੇ ਉਲਟੀ ਪੈ ਗਈ ਹੈ।
ਵੱਡੇ ਬ੍ਰਹਮ ਗਿਆਨੀ ਵਲ ਦੇਖ ਕੇ ਛਿੰਦੇ ਨੇ ਕਈ ਹੋਰ ਨਵੀਆਂ ਸਕੀਮਾਂ ਘੜ ਲਈਆਂ। ਆਪਣੀ ਖਾਲੀ ਬਾਂਹ ਵਲ ਦੇਖ ਕੇ ਕਹਿਣਾ ਟਾਇਮ ਕਿੰਨਾ ਹੋਇਆ ਜੇ। ਪਰਵਾਰ ਨੇ ਬਾਬਾ ਜੀ ਖਾਲੀ ਬਾਂਹ ਦੇਖ ਅਗਲੇ ਘਰ ਤੀਕ ਪਹੁੰਚਦਿਆਂ ੨ ਨਵੀਂ ਮਹਿੰਗੀ ਘੜੀ ਲਿਆ ਦੇਣੀ। ਸੁਪਨੇ ਦੇ ਨਜ਼ਾਰੇ ਲੈਂਦਿਆਂ ਛਿੰਦੇ ਬ੍ਰਹਮ ਗਿਆਨੀ ਨੇ ਸੋਚਿਆ ਕਿ ਭਰੋਸੇ ਵਾਲੇ ਸੇਵਾਦਾਰ ਨੂੰ ਕਹਾਂ ਕੇ ਪੰਜਾਹ ਕੁ ਹਜ਼ਾਰ ਯੂਰੋ ਵੈਸਟਨ ਯੂਨੀਅਨ ਰਾਂਹੀਂ ਭੇਜਣ ਦਾ ਪ੍ਰਬੰਧ ਕਰੋ। ਛਿੰਦਾ ਬ੍ਰਹਮ ਗਿਆਨੀ ਸੁਪਨੇ ਵਿੱਚ ਅਜੇ ਜ਼ੋਰ ਦੀ ਅਵਾਜ਼ ਮਾਰਨ ਹੀ ਲੱਗਾ ਸੀ, ਕਿ ਗੁਰਦੁਆਰੇ ਦੇ ਗ੍ਰੰਥੀ ਜੀ ਨੇ ਆਣ ਜਗਾਇਆ। ਛਿੰਦੇ ਭਾਈ ਸਵੇਰ ਦੇ ਦਸ ਵੱਜ ਗਏ ਨੇ ਤੂੰ ਅਜੇ ਤਾਂਈਂ ਸੁੱਤਾ ਪਿਆ ਏਂ? ਛਿੰਦੇ ਦੇ ਬੋਲਣ ਤੋਂ ਪਹਿਲ਼ਾਂ ਹੀ ਗ੍ਰੰਥੀ ਜੀ ਨੇ ਅਪਣੱਤ ਨਾਲ ਪੁਛਿਆ, ‘ਛਿੰਦਿਆ ਤੇਰੀ ਸਿਹਤ ਠੀਕ ਹੈ ਕੇ ਨਹੀਂ, ਲੱਗਦੈ ਬ੍ਰਹਮ ਗਿਆਨੀ ਬਾਬੇ ਦਾ ਤੈਨੂੰ ਵਿਯੋਗ ਹੋ ਗਿਆ ਐ। ਅੱਗੋਂ ਛਿੰਦਾ ਕਹਿੰਦਾ, “ਬਾਬਾ ਜੀ ਸੁੱਤਾ ਕਾਹਨੂੰ ਸੀ ਮੈਂ ਸੁਪਨਿਆਂ ਵਿੱਚ ਹੀ ਗਵਾਚਿਆ ਫਿਰ ਰਿਹਾ ਹਾਂ”। ਬਾਬਾ ਜੀ ‘ਮੈਂ ਤੇ ਪੂਰਾ ਬ੍ਰਹਮ ਗਿਆਨੀ ਬਣ ਗਿਆ ਸੀ`। ਗ੍ਰੰਥੀ ਸਿੰਘ ਨੇ ਛਿੰਦੇ ਦੀ ਅੰਦਰਲੀ ਚੀਸ ਨੂੰ ਸਮਝਦਿਆਂ ਉਹਦਾ ਸੁਪਨਾ ਬੜੇ ਧਿਆਨ ਨਾਲ ਸੁਣਿਆ ਤੇ ਕਿਹਾ, “ਛਿੰਦਿਆ ਇੰਜ ਲੱਗਦਾ ਹੈ ਜਿਵੇਂ ਸਾਡੀ ਕੌਮ ਦਾ ਅਕਲ ਨਾਲ ਕੋਈ ਵੈਰ ਹੋਵੇ। ਛਿੰਦਿਆ ਜਿੰਨਾ ਚਿਰ ਲੋਕਾਂ ਵਿੱਚ ਗੁਰਬਾਣੀ ਆਪ ਪੜ੍ਹਨ ਦੀ ਰੁੱਚੀ ਨਹੀਂ ਪੈਦਾ ਹੁੰਦੀ ੳਤਨਾ ਚਿਰ ਜਾਗਰਤੀ ਨਹੀਂ ਆ ਸਕਦੀ। ਲੁੱਟਣ ਵਾਲਿਆਂ ਨੇ ਬੜੇ ਮਿੱਠੇ ਪਰ ਜ਼ਹਿਰ ਵਰਗੇ ਜਾਲ ਵਿਛਾਏ ਹੋਏ ਹਨ ਵਿਚਾਰੇ ਕਿਰਤੀ ਫਸ ਜਾਂਦੇ ਹਨ। ਜਾਗੇ ਹੋਏ ਗ੍ਰੰਥੀ ਸਿੰਘ ਨੇ ਕਿਹਾ ਕਿ ਛਿੰਦਿਆਂ ਆਪਾਂ ਹੁਣ ਇਸ ਐਤਵਾਰ ਤੋਂ ਗੁਰਬਾਣੀ ਸੰਥਿਆ ਦੀ ਕਲਾਸ ਲਗਾਉਣੀ ਸ਼ੁਰੂ ਕਰਨੀ ਹੈ ਤਾਂ ਕੇ ਅੱਗੋਂ ਤੋਂ ਤੇਰੇ ਵਾਲੇ ਬ੍ਰਹਮ ਗਿਆਨ ਤੋਂ ਲੋਕ ਮੁਕਤ ਹੋ ਸਕਣ। ਗ੍ਰੰਥੀ ਸਿੰਘ ਨੂੰ ਬ੍ਰਹਮ ਗਿਆਨੀ ਛਿੰਦਾ ਦੱਸਦਾ ਕਿ ਬਾਬਾ ਜੀ ਮੈਨੂੰ ਸਮਝ ਨਹੀਂ ਆਉਂਦੀ ਕਿ ਬ੍ਰਹਮ ਗਿਆਨੀ ਨੇ ਨਾ ਤਾਂ ਇਤਿਹਾਸ ਸੁਣਾਇਆ ਤੇ ਨਾ ਹੀ ਗੁਰਬਾਣੀ ਸੁਣਾਈ ਪਤਾ ਨਹੀਂ ਫਿਰ ਵੀ ਲੋਕ ਪਿੱਛੇ ਪਿੱਛੇ ਕਿਉਂ ਭੱਜੀ ਜਾਂਦੈ ਆ। ਗ੍ਰੰਥੀ ਸਿੰਘ ਨੇ ਕਿਹਾ ਕਿ ਛਿੰਦਿਆ ਮੈਂ ਗੁਰਮਤ ਕਲਾਸ ਦਾ ਪ੍ਰਬੰਧ ਕਰਨਾ ਹੈ, ਤੂੰ ਇਸ਼ਨਾਨ ਕਰਕੇ ਲੰਗਰ ਛੱਕ ਲੈ ਬਾਕੀ ਦੀਆਂ ਤੇਰੀਆਂ ਗੱਲਾਂ ਰਾਤ ਨੂੰ ਲੰਗਰ ਛੱਕ ਕੇ ਸੈਰ ਕਰਦਿਆਂ ਸੁਣਾਂਗਾ।




.