ਖੰਡੇ ਦੀ ਪਹੁਲ ਅਤੇ ਖ਼ਾਲਸਾ ਜੀਵਨ:
ਡਾ: ਗੁਰਦੇਵ ਸਿੰਘ ਸੰਘਾ
ਕਿਚਨਰ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਿੰਦਗੀ ਜੀਣ ਦਾ ਇਕ ਨਿਆਰਾ, ਪਰ ਸਾਵਾਂ-ਪਧੱਰਾ ਮਾਰਗ
ਸਮਝਾਉਂਦੀ ਹੈ । ਜਿਸ ਮਾਰਗ ਨੂੰ ਗੁਰਮਤਿ-ਮਾਰਗ ਜਾਂ ਸਿੱਖੀ-ਜੀਵਨ ਕਰਕੇ ਜਾਣਿਆਂ ਜਾਂਦਾ ਹੈ ।
'ਸਚ' ਨੂੰ ਇਸ ਜੀਵਨ ਦਾ 'ਧੁਰਾ' ਮੰਨਿਆਂ ਗਿਆ ਹੈ । ਸਾਰਾ ਸਿੱਖੀ ਜੀਵਨ ਸੱਚ ਦੇ ਧੁਰੇ ਦੁਆਲੇ
ਘੁੰਮਦਾ ਹੈ ।
ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ ॥ 1
ਮਨੁੱਖ ਨੇ ਸੱਚੇ-ਜੀਵਨ ਵਾਲਾ ਬਣਨਾ ਕਿਸ ਤਰ੍ਹਾਂ ਹੈ ?
ਕਿਵ ਸਚਿਆਰਾ ਹੋਈਐ ਕਿਵ ਕੂੜੇ ਤੁਟੈ ਪਾਲਿ ॥ 2
'ਜਪੁ' ਜੀ ਸਾਹਿਬ ਦੀ ਪਹਿਲੀ ਪੌੜੀ ਵਿੱਚ ਗੁਰੂ ਨਾਨਕ ਸਾਹਿਬ ਇਹ ਸੁਆਲ ਕਰਦੇ ਹਨ ਕਿ ਅਸੀਂ ਆਪਣੇ
ਜੀਵਨ ਵਿੱਚ ਸੱਚ ਦੇ ਮਾਰਗ ਤੇ ਕਿਸ ਤਰ੍ਹਾਂ ਚਲ ਸਕਦੇ ਹਾਂ? ਸਾਡੇ ਅੰਦਰ ਦੁਵਿਧਾ ਅਤੇ ਝੂਠ ਨੇ ਜੋ
ਭੁਲੇਖਾ ਪਾਇਆ ਹੋਇਆ ਹੈ, ਉਸ ਨੂੰ ਤੋੜਿਆ ਕਿਸ ਤਰ੍ਹਾਂ ਜਾ ਸਕਦਾ ਹੈ । ਅਸੀਂ ਦੁਵਿਧਾ ਵਿਚੋਂ ਕਿਸ
ਤਰ੍ਹਾਂ ਨਿਕਲ ਸਕਦੇ ਹਾਂ ? ਅਗਲੀ ਤੁਕ ਵਿੱਚ ਗੁਰੂ ਸਾਹਿਬ ਇਸ ਸੁਆਲ ਦਾ ਜੁਆਬ ਦਿੰਦੇ ਹਨ ।
'ਹੁਕਮਿ ਰਜਾਈ ਚਲਣਾ'
'ਹੁਕਮਿ' ਕੀ ਹੈ, ਹੁਕਮਿ ਰਜਾਈ ਕਿਸ ਤਰ੍ਹਾਂ ਚਲਣਾ ਹੈ ਅਤੇ ਹੁਕਮਿ ਰਜਾਈ ਚਲਦੇ ਹੋਏ ਸਚਿਆਰਾ ਅਤੇ
ਖਾਲਸਾ ਕਿਸ ਤਰ੍ਹਾਂ ਬਣਨਾ ਹੈ । ਇਹ ਸਾਰੀ ਵਿਚਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਸਮਝਾਈ
ਹੋਈ ਹੈ । ਗੁਰਮਤਿ ਵਿਚਾਰਧਾਰਾ ਦੀ ਇਕ ਵਲੱਖਣ ਵਿਸ਼ੇਸ਼ਤਾ ਹੈ ਕਿ ਇਹ ਫੋਕੇ ਅਤੇ ਅਮਲ ਤੋਂ ਸਖਣੇ
ਕਰਮ-ਕਾਂਢਾਂ ਅਤੇ ਦਿਖਾਵਿਆਂ ਨੂੰ ਪ੍ਰਵਾਨ ਨਹੀਂ ਕਰਦੀ । ਜੇ ਕੋਈ ਇਸਤ੍ਰੀ ਜਾਂ ਪੁਰਸ਼ ਕਹਿੰਦਾ ਕੁਝ
ਹੈ ਪਰ ਕਰਦਾ ਕੁਝ ਹੋਰ ਹੈ । ਇਹੋ ਜਿਹੇਆਚਰਨ ਦੇ ਮਾਲਕ ਲੋਕਾਂ ਨੂੰ ਗੁਰੂ ਸਾਹਿਬ ਭੇਖੀ ਆਖਦੇ ਹਨ ।
ਭੇਖ ਦਿਖਾਵੈ ਸਚੁ ਨ ਕਮਾਵੈ ॥ ਕਹਤੋ ਮਹਲੀ ਨਿਕਟਿ ਨ ਆਵੈ ॥ 3
ਭਾਵ: ਜੀਵਨ ਵਿੱਚ ਸੱਚ ਦੀ ਕਮਾਈ ਤੋਂ ਬਿਨਾਂ ਪਰਮਾਤਮਾ ਦੇ ਨੇੜੇ ਨਹੀਂ ਜਾਇਆ ਜਾ ਸਕਦਾ । ਗੁਰੂ
ਗ੍ਰੰਥ ਸਾਹਿਬ ਜੀ ਦੀ ਬਾਣੀ ਇਨਸਾਨ ਨੂੰ ਜੀਵਨ ਵਿੱਚ 'ਸੱਚ' ਕਮਾਉਣ ਦਾ ਢੰਗ ਸਮਝਾਉਂਦੀ ਹੈ ।
ਕਹਿਣੀ ਅਤੇ ਕਰਨੀ ਦਾ ਸੂਰਾ ਬਣਨ ਦੀ ਬਿਧ ਸਮਝਾ ਕੇ 'ਰੱਬ ਨਾਲ ਮਿਲਾਪ' ਦਾ ਰਾਹ ਖੋਹਲ ਦਿੰਦੀ ਹੈ ।
ਜਿਸ ਰਾਹ ਉਤੇ ਚਲਦਾ ਹੋਇਆ ਕੋਈ ਵੀ 'ਸਚਿਆਰਾ' ਅਤੇ 'ਗੁਰਮੁਖ' ਬਣ ਸਕਦਾ ਹੈ ਅਤੇ ਪਰਮਾਤਮਾ ਨੂੰ ਪਾ
ਸਕਦਾ ਹੈ, ਉਸ ਨਾਲ ਅਭੇਦ ਹੋ ਸਕਦਾ ਹੈ । ਸਾਡੀ ਆਮ ਜਨਤਾ ਦੀ ਸਮੱਸਿਆ ਇਹ ਹੈ ਕਿ ਸਾਨੂੰ 'ਸਚਿਆਰਾ'
ਬਣਨ ਦੀ ਸੋਝੀ ਨਹੀਂ, ਸਾਨੂੰ ਇਹ ਸਮਝ ਨਹੀਂ ਕਿ ਸਚਿਆਰ ਮਾਰਗ ਉਤੇ ਕਿਸ ਤਰ੍ਹਾਂ ਚਲਣਾ ਹੈ । ਸਚਿਆਰ
ਮਾਰਗ ਉਤੇ ਚਲਣ ਦੀ ਬਿਧ ਸਮਝਾਉਂਦੇ ਹੋਏ ਗੁਰੂ ਸਾਹਿਬ ਫੁਰਮਾਨ ਦਰਦੇ ਹਨ ।
ਅਮਲੁ ਕੁਰ ਧਰਤੀ ਬੀਜੁ ਸਬਦੋ ਕਰਿ ਸਚ ਕੀ ਆਬ ਨਿਤ ਦੇਹਿ ਪਾਣੀ ॥
ਹੋਇ ਕਿਰਸਾਣੁ, ਈਮਾਨੁ ਜੰਮਾਇ ਲੈ ਭਿਸਤੁ ਦੋਜਕੁ ਮੂੜੇ ਏਵ ਜਾਣੀ ॥
ਮਤ ਜਾਣ ਸਹਿ ਗਲੀ ਪਾਇਆ ॥ 4
ਭਾਵ: ਇਸ ਸ਼ਬਦ ਦੀ ਵਿਚਾਰ ਰਾਹੀਂ ਇਹ ਗਲ ਸਮਝਾਈ ਗਈ ਹੈ ਕਿ ਜਿਸ ਤਰ੍ਹਾਂ ਇਕ ਚੰਗਾ ਕਿਸਾਨ ਚੰਗੀ
ਫਸਲ ਲਈ ਬੜੀ ਮਹਿਨਤ ਕਰਕੇ ਜਮੀਨ ਨੂੰ ਸੁਆਰਦਾ ਹੈ, ਉਸ ਵਿਚੋਂ ਘਾਅ ਬੂਟ ਕੱਢ ਸੁਟਦਾ ਹੈ ਅਤੇ ਵਧੀਆ
ਬੀ ਬੀਜ ਕੇ, ਉਸ ਨੂੰ ਸਮੇਂ ਸਿਰ ਪਾਣੀ ਆਦਿ ਦੇਣ ਦਾ ਖਿਆਲ ਰੱਖਦਾ ਹੈ ।
ਏਸੇ ਤਰ੍ਹਾਂ ਹੀ ਬੰਦੇ ਨੂੰ ਸਮਝਾਇਆ ਗਿਆ ਹੈ ਕਿ ਜੇ ਤੂੰ 'ਸਚਿਆਰਾ ਅਤੇ ਗੁਰਮੁਖ' ਬਣਨਾ ਚਾਹੁੰਦਾ
ਹੈਂ ਤਾਂ ਚੰਗੇ ਅਤੇ ਮਹਿਨਤੀ ਕਿਸਾਨ ਵਾਂਗ ਆਪਣੇ ਰੋਜਾਨਾ ਦੇ ਕਾਰ-ਵਿਹਾਰ ਨੂੰ, ਆਪਣੇ ਕੰਮ-ਕਾਰ
ਨੂੰ ਅਤੇ ਆਪਣੇ ਮੇਲ-ਮਿਲਾਪ ਨੂੰ ਜਮੀਨਬਣਾ, ਆਪਣੇ ਖੇਤ ਬਣਾ । ਇਨ੍ਹਾਂ ਖੇਤਾਂ ਵਿੱਚ ਗੁਰੂ ਦੇ ਸ਼ਬਦ
ਦਾ ਬੀ ਬੀਜ ਤੇ ਇਸ ਖੇਤੀ ਨੂੰ ਵੇਲੇ ਸਿਰ ਗੁਰਬਾਣੀ ਦੀ ਵੀਚਾਰ ਨਾਲ ਸਿੰਜਦਾ ਰਿਹਾ ਕਰ ਇਸ ਤਰ੍ਹਾਂ
ਆਪਣੇ ਜੀਵਨ ਦਾ ਸੁਧਾਰ ਕਰ । ਜਦੋਂ ਗੁਰਬਾਣੀ ਦੀ ਵਿਚਾਰ ਨੂੰ ਮੁੱਖ ਰੱਖ ਕੇਜੀਵਨ ਦੇ ਅਮਲ ਵਿੱਚ
ਲਿਆਏਂਗਾ, ਤੂੰ ਸਚਿਆਰਾ ਬਣਦਾ ਜਾਏਂਗਾ । ਤੈਨੂੰ ਸੱਚ ਤੇ ਝੂਠ ਵਿੱਚ ਫਰਕ ਦੀ ਸਮਝ ਆਉਣੀ ਸ਼ੁਰੂ ਹੋ
ਜਾਏਗੀ ਅਤੇ ਤੂੰ ਖ਼ਾਲਸਾ ਪੰਥ ਦਾ ਪਾਂਧੀ ਬਣਦਾ ਜਾਏਂਗਾ । ਖੰਡੇ ਦੀ ਪਹੁਲ (ਅੰਮ੍ਰਿਤ ਛਕਣਾ) ਲੈਣ
ਵਾਲਾ ਕੋਈ ਵੀ ਇਸਤੀ੍ਰ ਅਤੇ ਪੁਰਸ਼ ਤਾਂ ਹੀ ਖਾਲਸਾ ਅਖਵਾਉਣ ਦਾ ਹਕਦਾਰ ਹੈ, ਤਾਂ ਹੀ ਅੰਮ੍ਰਿਤਧਾਰੀ
ਅਖਵਾਉਣ ਦਾ ਹੱਕਦਾਰ ਹੈ ਜੇ ਉਹਆਪਣੇ ਰੋਜਾਨਾ ਦੇ ਕਾਰੋਬਾਰ ਵਿੱਚ ਅਤੇ ਸਮਾਜ ਵਿੱਚ ਇਮਾਨਦਾਰੀ ਨੂੰ
ਮੁੱਖ ਰੱਖਦੇ ਹਨ । 'ਗੰਗਾ ਗਏ ਗੰਗਾ ਰਾਮ, ਜੰਮਨਾ ਗਏ ਜੰਮਨਾ ਦਾਸ' ਦੀ ਨੀਤੀ ਤੇ ਚੱਲਣ ਵਾਲਾ ਕੋਈ
ਵੀ ਵਿਅਕਤੀ 'ਖਾਲਸਾ' ਜਾਂ ਅੰਮ੍ਰਿਤਧਾਰੀ ਹੋਣ ਦਾ ਹੱਕ ਗੁਆ ਲੈਂਦਾ ਹੈ । ਗੁਰਮਿਤ ਦੀ ਰਹਿਣੀ ਤੋਂ
ਸੱਖਣੇ ਜੀਵਨ ਵਾਲੇ ਕਿਸੇ ਵੀ ਇਸਤ੍ਰੀ ਅਤੇ ਪੁਰਸ਼ ਦੇ ਕੱਕਾਰ ਧਾਰਨ ਕਰਨੇ ਇਕ ਭੇਖ ਅਤੇ ਅਡੰਬਰ ਬਣ
ਜਾਂਦੇ ਹਨ । ਗੁਰਮਤਿ ਵਿਚਾਰਧਾਰਾ ਨੂੰ ਮੁੱਖ ਰੱਖਦੇ ਹੋਏ ਸੰਸਾਰ ਵਿੱਚ ਵਿਚਰਨਾ ਕਿਸ ਤਰ੍ਹਾਂ ਹੈ,
ਸਚਿਆਰਾ ਅਤੇ ਖਾਲਸਾ ਜੀਵਨ ਨੂੰ ਅਮਲੀ ਤੌਰ ਤੇ ਜੀਣਾ ਕਿਸ ਤਰ੍ਹਾਂ ਹੈ ? ਇਹ ਸਾਰੀ ਵਿਧੀ ਸਮਝਾਕੇ,
ਖ਼ਾਲਸਾ ਜੀਵਨ ਦੀ ਉਸਾਰੀ ਕਰਨ ਲਈ, ਗੁਰੂ ਨਾਨਕ ਸਾਹਿਬ ਨੇ ਗੁਰਦੁਆਰੇ ਦਾ ਕੇਂਦਰ ਸ਼ੁਰੂ ਕੀਤਾ ਸੀ ।
ਜਿੱਥੇ ਅਜ ਕਈ ਥਾਈਂ, ਖੰਡੇ ਦੀ ਪਹੁਲ ਲੈਣ ਵਾਲਾ ਅੰਮ੍ਰਧਾਰੀ ਖ਼ਾਲਸਾ ਕ੍ਰਿਪਾਨ ਦੀ ਦੁਰਵਰਤੋਂ ਕਰਦਾ
ਹੋਇਆ ਸੰਗਦਾ ਨਹੀਂ ।
ਗੁਰੂ ਕਾਲ ਵਿੱਚ ਭਾਰਤੀ ਸਮਾਜ ਦਾ ਇਕ ਵਰਗ ਐਸਾ ਵੀ ਸੀ । ਜਿਸ ਨੂੰ ਅਛੂਤ ਕਹਿਕੇ ਹਰ ਪਾਸਿਉਂ
ਦੁਰਕਾਰਿਆ ਜਾਂਦਾਸੀ । ਇਨ੍ਹਾਂ ਅਖੌਤੀ ਅਛੂਤ ਲੋਕਾਂ ਨੂੰ ਏਥੋਂ ਤੱਕ ਲਤਾੜਿਆ ਜਾਂਦਾ ਸੀ ਕਿ
ਇਨ੍ਹਾਂ ਨੂੰ ਪਾਠ-ਪੂਜਾ ਕਰਨ ਦਾ ਵੀ ਹੱਕ ਨਹੀਂ ਸੀ । ਹਰ ਧਰਮ ਵਾਲੇ ਉੱਚ ਜਾਤੀਏ ਇਨ੍ਹਾਂ ਗਰੀਬਾਂ
ਨੂੰ 'ਨੀਚ' ਕਹਿਕੇ ਆਪਣੇ ਧਾਰਮਿਕ ਅਸਥਾਨਾ ਵਿੱਚ ਦਾਖਲ ਹੋਣ ਤੋਂ ਵਾਂਝਿਆਂ ਰੱਖਦੇ ਸਨ । ਗੁਰੂ
ਨਾਨਕ ਪਾਤਸ਼ਾਹ ਨੇ ਅੱਗੇ ਹੋ ਕੇ, ਸਮਾਜ ਵਲੋਂ ਲਿਤਾੜੇ ਹੋਏ ਇਨ੍ਹਾਂ ਲੋਕਾਂ ਨੂੰ ਗਲ਼ੇ ਲਾਇਆ, ਜਾਤ
ਅਭਿਮਾਨੀਆਂ ਅਤੇ ਅਮੀਰੀ ਦੇ ਹੰਕਾਰ ਵਿੱਚ ਰੱਬ ਨੂੰ ਭੁਲਾਈ ਬੇਠੇ ਉੱਚਜਾਤੀਏ ਲੋਕਾਂ ਨੂੰ ਵੰਗਾਰਦੇ
ਹੋਏ, ਗਰੀਬਾਂ, ਮਜਲੂਮਾਂ ਅਤੇ ਨੀਚ ਕਹਾਉਣਵਾਲੇ ਬੇ-ਸਹਾਰਾ ਲੋਕਾਂ ਦਾ ਸਾਥ ਦੇ ਕੇ ਉਨ੍ਹਾਂ ਦਾ
ਸਹਾਰਾ ਬਣ ਗਏ ।
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥
ਨਾਨਕੁ ਤਿਨ ਕੈ ਸੰਗਿ ਸਾਥਿ, ਵਡਿਆ ਸਿਉ ਕਿਆ ਰੀਸ ॥ 5
1699 ਈ: ਦੀ ਵਸਾਖੀ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਦਸਵੇਂ ਜਾਮੇਂ ਵਿੱਚ ਆਕੇ ਸਾਹਿਬ ਗੁਰੂ
ਗੋਬਿੰਦ ਸਿੰਘ ਜੀ ਦੇ ਸਰੂਪ ਵਿੱਚ ਆਕੇ, ਉਨ੍ਹਾਂ ਅਖੌਤੀ ਨੀਚਾਂ ਨੂੰ ਖੰਡੇ ਦੀ ਪਹੁਲ ਦੇ ਕੇ,
ਅੰਮ੍ਰਿਤ ਛਕਾ ਕੇ 'ਖਾਲਸਾ ਪੰਥ' ਦੀ ਸਿਰਜਣਾ ਕੀਤੀ ਸੀ । ਨੀਚਾਂ ਦਾ ਜੀਵਨ ਬਦਲੀ ਕਰਕੇ 'ਊਚ' ਹੋਣ
ਦਾ ਮਾਣ ਬਖ਼ਸ਼ਿਆ ਸੀ । ਨਿਮਾਣਿਆਂ ਨੂੰ ਮਾਣ ਦਿਵਾਕੇ, ਕੱਲੇ ਕੱਲੇ ਸਿੰਘਅਤੇ ਸਿੰਘਣੀਆਂਨੂੰ ਸਵਾ-ਸਵਾ
ਲੱਖ ਦੇ ਲਸ਼ਕਰ ਨਾਲ ਲੋਹਾ ਲੈਣ ਦੀ ਹਿੰਮਤ ਬਖ਼ਸ਼ੀ ਸੀ । ਗੁਰੂ ਸਾਹਿਬ ਨੇ ਖਾਲਸਾ ਪੰਥ ਦੀ ਸਿਰਜਣਾ
ਓਦੋਂ ਕੀਤੀ ਸੀ ਜਦੋਂ ਸਿੱਖ ਸੱਚ ਤੇ ਹੱਕ ਦੀ ਖਾਤਰ, ਮਨੁੱਖੀ ਅਣਖ, ਇਜ਼ੱਤ ਤੇਆਜਾਦੀ ਦੀ ਖ਼ਾਤਰ,
ਤੱਤੀਆਂ ਤਵੀਆਂ ਤੇ ਬਹਿੰਦਾ ਹੋਇਆ, ਸੀਸ ਕਟਾਉਂਦਾ ਹੋਇਆ, ਉਬੱਲਦੀਆਂ ਦੇਗਾਂ ਵਿੱਚ ਉਬਾਲੇ ਖਾਂਦਾ
ਹੋਇਆ ਅਤੇ ਚਰਖੜੀਆਂ ਤੇ ਚੜ੍ਹਦਾ ਹੋਅਿਾ ਸ਼ਹੀਦੀਆਂ ਪਾ ਚੁਕਾ ਸੀ ਪਰ ਸੱਚ ਨੂੰ ਪਿੱਠ ਨਹੀਂ ਸੀ
ਦਿਖਾਈ । ਆਪਣੇਸੁਆਰਥ ਲਈ, ਧੰਨ ਦੌਲਤ ਲਈ ਅਤੇ ਸਰਕਾਰੇ ਦਰਬਾਰੇ ਝੂਠੀ ਸ਼ੋਹਰਤ ਕਮਾਉਣ ਲਈ ਸੱਚ ਦਾ
ਪਲੱਾ ਨਹੀਂ ਛਡਿਆ ਸੀ, ਸੱਚੇ ਮਾਰਗ ਦਾ ਤਿਆਗ ਕਰਕੇ ਝੂਠ ਦਾ ਸਾਥ ਨਹੀਂ ਦਿੱਤਾ ਸੀ । ਸਿੱਖ ਨੂੰ
ਸਚਿਆਰ ਜੀਵਨ ਜੀਣ ਦੀ ਸੋਝੀ ਤੇ ਜਾਚ ਆ ਗਈ ਸੀ । ਸਿੱਖ ਵਿੱਚ ਸੱਚ ਸੁਣਨ ਅਤੇ ਸੁਣਾਉਣ ਦੀ ਹਿੰਮਤ ਆ
ਚੁਕੀ ਸੀ । ਜਦ ਸ਼ਬਦ ਗੁਰੂ ਗੁਰਬਾਣੀ ਵਿੱਚ ਦੱਸੇ ਗੁਣ ਸਿੱਖ ਦੇ ਜੀਵਨ ਦਾ ਓਟ-ਆਸਰਾ ਬਣ ਚੁਕੇ ਸਨ,
ਤਦ ਜਾਕੇ ਇਹ 'ਵਾਹਿਗੁਰੂ ਜੀ ਕਾ ਖ਼ਾਲਸਾ' ਅਖਵਾਉਣ ਦਾ ਹੱਕਦਾਰ ਬਣਿਆਂ ਸੀ । ਖੰਡੇ ਦੀ ਪਹੁਲ ਲੈਣ
ਲਈ, ਅੰਮ੍ਰਿਤ ਛਕਣ ਲਈ, ਬਾਣੀ ਅਤੇ ਬਾਣੇ ਦੀ ਰਹਿਤ ਜਰੂਰੀ ਹੈ । ਇਸ ਦੇ ਨਾਲ ਨਾਲ ਹਰ
ਅੰਮ੍ਰਿਤਧਾਰੀ ਪਾਸੋਂ ਕਹਿਣੀ ਅਤੇ ਕਰਨੀ ਵਿੱਚ ਇਕਸਾਰਤਾ ਅਤੇ ਪਕਿਆਈ ਦੀ ਆਸ ਵੀ ਰੱਖੀ ਜਾਂਦੀ ਹੈ ।
ਅਜਿਹੀ ਬਾਹਰੀ ਰਹਿਤ ਜਿਸ ਦਾ ਅੰਦਰਲਾ ਭਾਵ ਗ਼ਾਇਬ ਹੋਵੇ, ਕਹਿਣੀ ਅਤੇ ਕਰਨੀ ਵਿੱਚ ਇਕਸਾਰਤਾ ਨਾ
ਹੋਵੇ । ਉਹ ਸਿਰਫ ਬਾਣੀ-ਬਿਨ-ਬਾਣਾ ਹੀ ਹੈ ਅਤੇ ਇਕ ਬਾਹਰੀ ਭੇਖ ਤੋਂ ਅਗੇ ਕੁਝ ਵੀ ਨਹੀਂ ਹੁੰਦਾ ।
ਰਹਤ ਅਵਰ ਕਛੁ ਅਵਰ ਕਮਾਵਤ ॥
ਮਨਿ ਨਹੀਂ ਪ੍ਰੀਤਿ ਮੁਖਹੁ ਗੰਢ ਲਾਵਤ ॥
ਜਾਨਣ ਹਾਰ ਪ੍ਰਭੂ ਪਰਬੀਨ ॥ ਬਾਹਰਿ ਭੇਖ ਨ ਕਾਹੂ ਭੀਨ ॥
ਅਵਰ ਉਪਦੇਸੈ ਆਪਿ ਨ ਕਰੈ ॥ ਆਵਤ ਜਾਵਤ ਜਨਮੈ ਮਰੈ ॥ 6
ਗੁਰਬਾਣੀ ਦੀਆਂ ਇਨ੍ਹਾਂ ਤੁਕਾਂ ਦਾ ਭਾਵ ਬੜਾ ਸਪਸ਼ਟ ਹੈ ਪਈ ਜੇ ਕੋਈ ਵਿਅਕਤੀ ਕਹਿਣੀ ਅਤੇ ਕਰਨੀ ਦਾ
ਪੂਰਾ ਨਹੀਂ ਤਾਂਐਵੇਂ ਝੱਖ ਮਾਰਦਾ ਹੈ । ਉਸ ਦਾ ਦੂਜਿਆਂ ਨੂੰ ਉਪਦੇਸ਼ ਦੇਣਾ ਕੋਈ ਮਹਿਨੇ ਨਹੀਂ
ਰੱਖਦਾ । ਖੰਡੇ ਦੀ ਪਹੁਲ ਲੈਣ ਵਾਲੇ ਸਿੰਘਾਂ ਅਤੇ ਸਿੰਘਣੀਆਂ ਨੇ ਦੇਸ਼ ਅਤੇ ਕੌਂਮ ਦੀ ਖਾਤਰ ਬੜੀਆਂ
ਕੁਰਬਾਨੀਆਂ ਕੀਤੀਆਂ ਹਨ । ਬੰਦ ਬੰਦ ਕਟਵਾ ਲਏ, ਖੋਪਰੀਆਂ ਲੁਹਾ ਲਈਆਂ ਅਤੇ ਗੋਲੀਆਂ ਦਾ ਨਿਸ਼ਾਨਾ
ਬਣੇ । ਪਰ ਸਿੱਖੀ ਸਿਦਕ ਨੂੰ ਆਂਚ ਨਹੀਂ ਆਉਣ ਦਿੱਤੀ । ਕਿਉਂਕਿ ਉਹ 'ਵਾਹਿਗੁਰੂ ਜੀ ਕਾ ਖ਼ਾਲਸਾ' ਬਣ
ਚੁਕੇ ਸਨ । ਉਨ੍ਹਾਂ ਨੂੰ ਅੰਮ੍ਰਿਤ ਜੀਵਨ ਜੀਣ ਦੀ ਸਮਝ ਆ ਗਈ ਸੀ ।
ਅਜ ਵੀ ਕਹਿਣੀ ਅਤੇ ਕਰਨੀ ਵਾਲੇ ਸਿੱਖਾਂ ਦੀ ਘਾਟ ਨਹੀਂ ਹੈ ਅਤੇ ਉਹ ਬੜੇ ਪਰਉਪਕਾਰੀ ਕੰਮ ਕਰ ਰਹੇ
ਹਨ । ਕਈ ਜਥੇਬੰਦੀਆਂ ਹਸਪਤਾਲ, ਸਕੂਲ ਅਤੇ ਕਾਲਜ ਆਦਿ ਚਲਾ ਰਹੀਆਂ ਹਨ । ਪਰ ਸਾਡੇ ਵਿੱਚ
ਅਮ੍ਰਿਤਧਾਰੀਆਂ ਦੀ ਇਕ ਐਸੀ ਕਲਾਸ ਪੈਦਾ ਹੋ ਚੁਕੀ ਹੈ ਜਿਹੜੀ ਅੰਮ੍ਰਿਤ-ਛਕਣ ਨੂੰ ਸਿਰਫ 'ਕੱਕਾਰਾਂ'
ਤੱਕ ਹੀ ਸੀਮਤ ਕਰੀ ਬੈਠੀ ਹੈ । ਪੰਜ ਕਕਾਰ ਧਾਰਨਕਰਨੇ ਹਰ ਅੰਮ੍ਰਿਤਧਾਰੀ ਲਈ ਜਰੂਰੀ ਹਨ । ਪਰ ਨਿਰੇ
ਕੱਕਾਰ ਧਾਰਨ ਕਰਨ ਨਾਲ ਕੋਈ ਵੀ ਵਿਅਕਤੀ ਅੰਮ੍ਰਿਤਧਾਰੀ ਨਹੀਂਬਣ ਜਾਂਦਾ । ਜਿਵੇਂ ਇੱਕ ਸਿਪਾਹੀ ਲਈ,
ਸਿਪਾਹੀ ਦੀ ਵਰਦੀ ਪਾਉਂਣੀ ਜਰੂਰੀ ਹੈ । ਪਰ ਨਿਰੀ ਵਰਦੀ ਪਾਕੇ ਕੋਈ, ਸਿਪਾਹੀ ਨਹੀਂ ਬਣਦਾ । ਹਰ
ਸਿਪਾਹੀ ਨੂੰ ਉਸਦਾ ਫਰਜ ਦੱਸਿਆ ਜਾਂਦਾ ਹੈ, ਉਸ ਨੂੰ ਉਸ ਦੀ ਡੀਊਟੀ ਸਮਝਾਈ ਜਾਂਦੀ ਹੈ ਕਿ ਤੂੰ ਇਹ
ਵਰਦੀ ਪਾ ਕੇ ਸੰਸਾਰ ਵਿੱਚ ਵਿਚਰਨਾ ਕਿਸ ਤਰ੍ਹਾਂ ਹੈ । ਜਿਸ ਨੂੰ ਰਹਿਤ-ਮਰਯਾਦਾ ਕਿਹਾ ਜਾਂਦਾ ਹੈ ।
ਸਾਡੇ ਵਿੱਚ ਕੁਝ ਸਿੱਖਾਂ ਨੇ ਰਹਿਤ ਮਰਯਾਦਾ ਨੂੰ ਵੀ ਕੱਕਾਰਾਂ ਤੱਕ ਹੀ ਸੀਮਤ ਰੱਖਿਆ ਹੋਇਆ ਹੈ ।
ਅੰਮ੍ਰਿਤਧਾਰੀ ਲਈ ਕੱਕਾਰਾਂ ਦੀ ਰਹਿਤ ਜਰੂਰੀ ਹੈ । ਪਰ ਨਿਰੇ ਕੱਕਾਰ ਰਹਿਤ ਨਹੀਂ ਹਨ । ਕੱਕਾਰ
ਅਮ੍ਰਿਤਧਾਰੀ ਖ਼ਾਲਸੇ ਦੀ ਵਰਦੀ ਹੈ । ਅੰਮ੍ਰਿਤ ਛਕਣਾ ਕੋਈ ਰਹੁ-ਰੀਤ ਜਾ ਰਸਮ ਪੂਰੀ ਕਰਨੀ ਨਹੀਂ ਹੈ
। ਅੰਮ੍ਰਿਤ ਛਕਣਾ ਗੁਰੂ ਨਾਲ ਬਚਨਬੱਧ ਹੋਣਾ ਹੈ ਕਿ ਅਜਤੋਂ ਅਸੀਂ ਗੁਰਮਤਿ-ਮਾਰਗ ਉਤੇ ਚਲਣ ਦਾ ਪ੍ਰਣ
ਕਰਦੇ ਹਾਂ । ਅਸੀਂ ਪ੍ਰਣ ਕਰਦੇ ਹਾਂ ਕਿ ਅਜ ਤੋਂ ਅਸੀਂ ਮੜ੍ਹੀਆਂ-ਮਸਾਣਾ, ਦੇਵੀ-ਦੇਵਤਿਆਂ ਅਤੇ
ਕਿਸੇ ਤਰ੍ਹਾਂ ਦੀ ਬੁੱਤ-ਪੂਜਾ ਅਤੇ ਵਿਅਕਤੀ-ਪੂਜਾ ਨਹੀਂ ਕਰਾਂਗੇ । ਫੋਕੇ ਕਰਮ-ਕਾਂਡ, ਜਿਵੇਂ ਧਰਮ
ਅਸਥਾਨਾਂ ਤੇ ਜਾਕੇ ਮੱਸਿਆ-ਪੁੱਨਿਆਂ ਆਦਿ ਨ੍ਹਾਉਣ ਅਤੇ ਮਨਾਉਣ ਨਾਲ ਸਾਡਾ ਕੋਈ ਵਾਸਤਾ ਨਹੀਂ
ਹੋਵੇਗਾ । ਅਜ ਤੋਂ ਚੰਗੇ-ਮਾੜੇ ਦਿਨਾਂ ਦੀ ਵਿਚਾਰ ਅਤੇ ਬਰਤ ਆਦਿ ਰੱਖਣੇ ਸਾਡੇ ਲਈ ਕੋਈ ਮਹਤੱਤਾ
ਨਹੀਂ ਰੱਖਦੇ । ਅਜ ਤੋਂ ਗੁਰਬਾਣੀ ਰਾਹੀਂ ਦਿੱਤਾ ਹੋਇਆ ਗਿਆਨ ਹੀ ਸਾਡਾ ਗੁਰੂ, ਸਾਡਾ ਇਸ਼ਟ ਅਤੇ
ਸਾਡੀ ਪੂਜਾ ਹੋਵੇਗਾ ।
ਗੁਰੁ ਮੇਰੀ ਪੂਜਾ ਗੁਰੁ ਗੋਬਿੰਦੁ ॥ ਗੁਰੂ ਮੇਰਾ ਪਾਰਬ੍ਰਹਮੁ ਗੁਰੁ ਭਗਵੰਤੁ ॥ 6ਅ
ਅੰਮ੍ਰਿਤ ਦੇ ਅੱਖਰੀ ਅਰਥ ਇਸ ਤਰ੍ਹਾਂ ਦੱਸੇ ਜਾਂਦੇ ਹਨ ਕਿ ਜਿਸ ਨੂੰ ਪੀਣ ਨਾਲ 'ਅਮਰ' ਹੋ ਜਾਈਦਾ
ਹੈ, ਭਾਵ: ਮੌਤ ਨਹੀਂ ਆਉਂਦੀ । ਪਰ ਗੁਰਮਤਿ ਵਿੱਚ ਤਾਂ ਇਹ ਗਲ ਮੱਨੀ ਨਹੀਂ ਜਾਂਦੀ । ਉਥੇ ਤਾਂ ਇਹ
ਦੱਸਿਆ ਗਿਆ ਹੈ ਕਿ 'ਜੋ ਆਇਆ ਸੋ ਚਲਸੀ' । ਫਿਰ ਅਸੀਂ ਅਮਰ ਕਿਸ ਤਰ੍ਹਾਂ ਹੋ ਸਕਦੇ ਹਾਂ ? ਮੈਂ
ਸਮਝਦਾ ਹਾਂ ਖੰਡੇ ਦੀ ਪਹੁਲ ਦੇਣ ਸਮੇਂ, ਗੁਰੂ ਸਾਹਿਬ ਜੀ ਨੇ 'ਨਾਮ ਅੰਮ੍ਰਿਤ' ਦੀ ਮਹਤੱਤਾ ਬਹੁਤ
ਚੰਗੀ ਤਰ੍ਹਾਂ ਸਮਝਾਈ ਹੋਵੇਗੀ । ਅੰਮ੍ਰਿਤ ਸੰਸਕਾਰ ਸਮੇਂ ਬਾਣੀ ਪੜ੍ਹਨ ਤੋਂ ਇਹੋ ਜਾਹਰ ਹੁੰਦਾ ਹੈ
ਕਿ ਗੁਰਮਤਿ ਵਿੱਚ 'ਨਾਮ ਅੰਮ੍ਰਿਤ' ਪਿਲਾਕੇ ਹੀ ਮੱਨੁਖ ਨੂੰ 'ਜੀਵਨ-ਮੁਕਤ' ਹੋਣ ਦਾ ਮਾਰਗ ਦੱਸਿਆ
ਹੈ । ਏਸੇ ਜੀਵਨ ਵਿੱਚ 'ਮਰ-ਜੀਵੜਾ' ਹੋ ਕੇ ਜੀਣ ਦੀ ਸੋਝੀ ਦਿੱਤੀ ਹੈ । ਗੁਰਮਤਿ ਵਿੱਚ ਪਰਮਾਤਮਾ
ਦਾ ਨਾਮ ਹੀ ਅੰਮ੍ਰਿਤ ਦੱਸਿਆ ਗਿਆ ਹੈ ।
ਅੰਮ੍ਰਿਤੁ ਹਰਿ ਹਰਿ ਨਾਮੁ ਹੈ ਮੇਰੀ ਜਿੰਦੜੀਏ, ਅੰਮ੍ਰਿਤ ਗੁਰਮਤਿ ਪਾਏ ਰਾਮ ॥ 7
ਜਿਸ 'ਨਾਮ ਅੰਮ੍ਰਿਤ' ਨੂੰ ਪੀਕੇ ਅਸੀਂ ਮਰਜੀਵੜੇ ਬਣ ਸਕਦੇ ਹਾਂ ਅਤੇ 'ਜੀਵਨ-ਮੁਕਤ' ਹੋ ਸਕਦੇ ਹਾਂ,
ਉਹ ਨਾਮ ਅੰਮ੍ਰਿਤ
ਕਿਥੋਂ ਹੈ ?
ਗੁਰ ਕੈ ਸਬਦਿ ਜੋ ਮਰਿ ਜੀਵੈ ਸੋ ਪਾਏ ਮੋਖ ਦੁਆਰ ॥ 7ਅ
'ਗੁਰ ਕੈ ਸਬਦਿ ਜੋ ਮਰਿ ਜੀਵੈ' ਗੁਰਬਾਣੀ ਦੀ ਇਸ ਤੁਕ ਵਿੱਚ ਜੀਵਨ ਜੀਣ ਦਾ ਜੋ ਭੇਦ ਹੈ, ਅਜ ਕੁਝ
ਅਮ੍ਰਿਤਧਾਰੀ ਉਸ ਭੇਦ ਨੂੰ ਸਮਝਣ ਦਾ ਯਤਨ ਨਹੀਂ ਕਰ ਰਹੇ । ਜੇ ਇਹ ਭੇਦ ਸਮਝਿਆ ਹੁੰਦਾ ਤਾਂ
ਗੁਰਦੁਆਰਿਆਂ ਵਿੱਚ ਇੱਕ ਦੂਜੇ ਉਤੇ ਮੂਰਖਾਂ ਵਾਂਗ ਕ੍ਰਿਪਾਨਾ ਨਾ ਵਰਤੀਆਂ ਜਾਂਦੀਆਂ ਤੇ ਨਾ ਹੀ
ਸਾਧਾਂ ਦੇ ਡੇਰਿਆਂ ਤੇ ਸਿੱਖ ਡੰਡੌਤਾਂ ਕਰਦੇ ਨਜ਼ਰ ਆਉਂਦੇ ਇਸ ਤਰ੍ਹਾਂ ਤਾਂ ਹੋ ਰਿਹਾ ਹੈ ਕਿਉਂ ਕਿ
ਅਸੀਂ ਗੁਰ ਸ਼ਬਦ ਦੀ ਵਿਚਾਰ ਵਲ ਧਿਆਨ ਨਹੀਂ ਦੇ ਰਹੇ । ਗੁਰ ਸ਼ਬਦ ਦੀ ਵਿਚਾਰ ਤੋਂ ਸੱਖਣੇ ਸਿੱਖ ਦਾ
ਜੀਵਨ ਬੌਰਾ ਬਣ ਜਾਂਦਾ ਹੈ ।
ਬਿਨੁ ਸਬਦੈ ਸਭੁ ਜਗੁ ਬਉਰਾਨਾ ਬਿਰਥਾ ਜਨਮੁ ਗਵਾਇਆ ॥
ਅੰਮ੍ਰਿਤੁ ਏਕੋ ਸਬਦੁ ਹੈ ਨਾਨਕ, ਗੁਰਮੁਖਿ ਪਾਇਆ ॥ 8
ਖੰਡੇ ਦੀ ਪਹੁਲ ਲੈ ਕੇ, ਅੰਮ੍ਰਿਤ ਛਕ ਕੇ ਖਾਲਸਾ ਜੀਵਨ ਕਿਸ ਤਰ੍ਹਾਂ ਜੀਣਾ ਹੈ । ਇਹ ਸਾਰੀ ਵਿਚਾਰ
'ਜਪੁ' ਜੀ ਸਾਹਿਬ ਦੀ ਆਖਰੀ ਪੌਉੜੀ ਵਿੱਚ ਸਮਝਾਈ ਗਈ ਹੈ ।
ਜਤੁ ਪਾਹਾਰਾ ਧੀਰਜੁ ਸੁਨਿਆਰੁ ॥ ਅਹਰਣਿ ਮਤਿ ਵੇਦੁ ਹਥੀਆਰੁ ॥
ਭਉ ਖਲਾ ਅਗਨਿ ਤਪ ਤਾਉ ॥ ਭਾਂਡਾ ਭਾਉ ਅੰਮ੍ਰਿਤ ਤਿਤੁ ਢਾਲਿ ॥
ਘੜੀਐ ਸਬਦ ਸਚੀ ਟਕਸਾਲ ॥ ਜਿਨ ਕਉ ਨਦਰਿ ਕਰਮੁ ਤਿਨ ਕਾਰ ॥
ਨਾਨਕ ਨਦਰੀ ਨਦਰਿ ਨਿਹਾਲ ॥ 9 ਸੰਨ 1699 ਈ: ਦੀ ਵਸਾਖੀ ਨੂੰ ਜਿਨ੍ਹਾਂ ਇਸਤ੍ਰੀਆਂ ਅਤ ਪੁਰਸ਼ਾਂ ਨੇ
ਗੁਰੂ ਦੇ ਸਨਮੁੱਖ ਹੋ ਕੇ ਪ੍ਰਣ ਕੀਤਾ ਸੀ ਕਿ ਅਗੋਂ ਅਸੀਂ ਆਪਣਾ ਸਾਰਾ ਜੀਵਨ ਗੁਰਮਤਿ ਮਾਰਗ ਉਤੇ
ਚਲਦੇ ਬਤੀਤ ਕਰਾਂਗੇ । ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲੇ ਪੰਜਾਂ ਨੂੰ ਪੰਜਾਂ ਕੱਕਾਰਾਂ ਦੀ ਵਰਦੀ
ਪੁਆਕੇ, ਖੰਡੇ ਦੀ ਪਹੁਲ ਨਾਲ 'ਨਾਮ ਅਮ੍ਰਿਤ' ਪਿਲਾਕੇ, ਪੰਜ ਪਿਆਰੇ ਅਤੇ ਖਾਲਸਾ ਹੋਣ ਦਾ ਮਾਣ
ਬਖ਼ਸ਼ਿਆ ਸੀ । ਅਜ ਵੀ ਖਾਲਸਾ ਪੰਥ ਦਾ ਮਿੰਬਰ ਬਣਨ ਲਈ ਪੰਜਾਂ ਕੱਕਾਰਾਂ ਦੀ ਵਰਦੀ, ਖੰਡੇ ਦੀ ਪਹੁਲ
ਅਤੇ ਨਾਮ ਅੰਮ੍ਰਿਤ ਪੀਣਾ ਜਰੂਰੀ ਹੈ । 'ਨਾਮ ਅੰਮ੍ਰਿਤ', ਨਿੱਤ, ਨੇਮ ਨਾਲ ਪੀਂਦੇ ਰਹਿਣਾ ਹੈ ।
ਨਾਮ ਅੰਮ੍ਰਿਤ ਪੀਣ ਤੋਂ ਬਿਨਾਂ ਖਾਲਸਾ ਜੀਵਨ ਅਧੂਰਾ ਹੈ ਅਤੇ ਇਕ ਭੇਖ ਬਣਕੇ ਰਹਿ ਜਾਂਦਾ ਹੈ ।
ਹਵਾਲੇ
. ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ 62
. ------------------, ਪੰਨਾ 2
. ------------------, ਪੰਨਾ 738
. ------------------, ਪੰਨਾ 24
. ------------------, ਪੰਨਾ 15
. ------------------, ਪੰਨਾ 269
.------------------, ਪੰਨਾ 864
. ------------------, ਪੰਨਾ 244
.------------------, ਪੰਨਾ 34
. ------------------, ਪੰਨਾ 644
. ------------------, ਪੰਨਾ 8