.

ੴਸਤਿਗੁਰਪ੍ਰਸਾਦਿ ॥

ਇਕ ਅਦੁੱਤੀ ਬਖਸ਼ਿਸ਼

ਰਾਜਿੰਦਰ ਸਿੰਘ, (ਮੁੱਖ ਸੇਵਾਦਾਰ)

ਸ਼੍ਰੋਮਣੀ ਖਾਲਸਾ ਪੰਚਾਇਤ,

ਟੈਲੀਫੋਨ: +919876104726

(ਕਿਸ਼ਤ ਦੂਜੀ)

ਜੇ ਖੰਡੇ ਬਾਟੇ ਦੀ ਪਾਹੁਲ ਦੀ ਕਿਰਿਆ ਨੂੰ ਧਿਆਨ ਨਾਲ ਵਾਚਿਆ ਜਾਵੇ ਤਾਂ ਸਾਰੇ ਵਰਤਾਰੇ ਨੂੰ ਤਿੰਨ ਪ੍ਰਮੁੱਖ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ:

1- ) ਪਾਹੁਲ ਤਿਆਰ ਕਰਨ ਦੀ ਵਿਧੀ।

2-) ਬਾਣਾ।

3-) ਮਰਿਯਾਦਾ।

ਇਨ੍ਹਾਂ ਤਿੰਨਾਂ ਦੀ ਲੜੀਵਾਰ ਵਿਚਾਰ ਕਰਨ ਤੋਂ ਪਹਿਲਾਂ, ਮੈਂ ਇੱਕ ਵੱਡਾ ਸਿਧਾਂਤ ਦ੍ਰਿੜ ਕਰਾਉਂਦਾ, ਇਤਿਹਾਸਕ ਪੱਖ, ਸੰਗਤ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ।

ਆਓ! ਰਾਏ ਭੋਏ ਦੀ ਤਲਵੰਡੀ (ਮੌਜੂਦਾ ਨਨਕਾਣਾ ਸਾਹਿਬ) ਚਲਦੇ ਹਾਂ, ਜਿਥੇ ਮਹਿਤਾ ਕਲਿਆਣ ਦਾਸ ਜੀ ਦੇ ਘਰ ਭਾਰੀ ਚਹਿਲ ਪਹਿਲ ਹੈ। ਬਹੁਤ ਸਾਕ ਸਬੰਧੀ ਇਕੱਤਰ ਹੋਏ ਨੇ। ਜਲ ਪਾਣੀ ਦੇ ਨਾਲ ਸੁਆਦਿਸ਼ਟ ਪਕਵਾਨਾਂ ਦੇ ਦੌਰ ਚੱਲ ਰਹੇ ਨੇ। ਘਰ ਦੇ ਵਿਹੜੇ ਵਿੱਚ ਆਏ ਸਬੰਧੀਆਂ ਦੇ ਬੈਠਣ ਲਈ ਦਰੀਆਂ ਦੀ ਵਿਛਾਈ ਕੀਤੀ ਗਈ ਹੈ। ਇਨ੍ਹਾਂ ਦੇ ਵਿਚਕਾਰ, ਇੱਕ ਹੋਰ ਨਵੀਂ ਦਰੀ ਜਿਸ ਉਤੇ ਚਿੱਟੀਆਂ ਚਾਦਰਾਂ ਵਿਛਾਈਆਂ ਗਈਆਂ ਹਨ, ਦੇ ਉਤੇ ਦੋ ਸਾਫ ਸੁਥਰੀਆਂ ਚੌਂਕੀਆਂ ਰੱਖੀਆਂ ਹਨ। ਇਨ੍ਹਾਂ ਦੇ ਨੇੜੇ ਇੱਕ ਚਮਕਦਾ ਕੈਂਹ ਦਾ ਥਾਲ ਪਿਐ, ਜਿਸ ਵਿੱਚ ਕੁੱਝ ਸਮੱਗਰੀ ਪਈ ਹੈ।

ਮਹਿਤਾ ਕਲਿਆਣ ਦਾਸ ਜੀ ਦਰਵਾਜ਼ੇ ਤੇ ਖੜੇ ਨਵੇਂ ਆ ਰਹੇ ਮਹਿਮਾਨਾਂ ਨੂੰ ਜੀ ਆਇਆਂ ਆਖ ਰਹੇ ਹਨ ਪਰ ਨਾਲ ਹੀ ਉਨ੍ਹਾਂ ਦੀਆਂ ਅੱਖਾਂ ਕਿਸੇ ਵਿਸ਼ੇਸ਼ ਮਹਿਮਾਨ ਦਾ ਇੰਤਜ਼ਾਰ ਕਰ ਰਹੀਆਂ ਸਾਫ ਜਾਪਦੀਆਂ ਹਨ। ਇੰਨੇ ਨੂੰ ਗਲੀ ਦੀ ਨੁਕੱੜ ਤੋਂ ਪੰਡਿਤ ਹਰਦਿਆਲ ਜੀ, ਨਾਲ ਉਨ੍ਹਾਂ ਦੇ ਦੋ ਚੇਲੇ ਨਜ਼ਰ ਪਏ। ਮਹਿਤਾ ਕਲਿਆਣ ਦਾਸ ਜੀ ਨੇ ਅੱਗੇ ਵੱਧ ਕੇ ਪੰਡਿਤ ਜੀ ਦੇ ਪੈਰਾਂ ਨੂੰ ਹੱਥ ਲਾਇਆ ਤਾਂ ਪੰਡਿਤ ਜੀ ਨੇ ਉਨ੍ਹਾਂ ਦੇ ਸਿਰ ਉਪਰ ਹੱਥ ਕਰ ਕੇ ਅਸ਼ੀਰਵਾਦ ਦਿੱਤਾ। ਮਹਿਤਾ ਜੀ ਉਨ੍ਹਾਂ ਦੀ ਅਗਵਾਈ ਕਰ ਕੇ ਘਰ ਲੈ ਆਏ।

“ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਕੁੱਝ ਜਲ-ਪਾਣੀ ਛੱਕ ਲਓ।” ਦਰਵਾਜ਼ੇ ਤੋਂ ਅੰਦਰ ਵੜਦਿਆਂ ਮਹਿਤਾ ਕਲਿਆਣ ਦਾਸ ਜੀ ਨੇ ਬੜੇ ਸਤਿਕਾਰ ਨਾਲ ਕਿਹਾ।

“ਨਹੀਂ ਮਹਿਤਾ ਜੀ! ਇਹ ਪਵਿੱਤਰ ਕਾਰਜ ਸੁੱਚੇ ਮੂੰਹ ਹੀ ਕਰਾਂਗੇ, ਜਲ ਪਾਣੀ ਬਾਅਦ ਵਿੱਚ ਹੀ ਛਕਾਂਗੇ।” ਕਹਿੰਦੇ ਹੋਏ, ਪੰਡਤ ਹਰਦਿਆਲ ਵਿਚਕਾਰ ਪਈ ਚੌਂਕੀ ਤੇ ਬੈਠ ਗਏ। ਥਾਲ ਵਿੱਚੋਂ ਕੁੱਝ ਧੂਫ ਚੁੱਕ ਕੇ ਉਸ ਦੀ ਬੱਤੀ ਬਣਾਉਂਦੇ ਹੋਏ, ਮਹਿਤਾ ਕਲਿਆਨ ਦਾਸ ਜੀ ਵੱਲ ਮੂੰਹ ਕਰਕੇ ਬੋਲੇ,

“ਨਾਨਕ ਨੂੰ ਲੈ ਆਓ।”

“ਜੀ ਅੱਛਾ”, ਕਹਿੰਦੇ ਹੋਏ ਮਹਿਤਾ ਕਲਿਆਣ ਦਾਸ ਜੀ ਅੰਦਰ ਵੱਲ ਜਾਣ ਲਗੇ ਤਾਂ ਸਾਹਮਣੇ ਆਪਣੀ ਪਤਨੀ ਤ੍ਰਿਪਤਾ ਅਤੇ ਬੇਟੀ ਨਾਨਕੀ ਨੂੰ ਨਾਨਕ ਨੂੰ ਨਾਲ ਲੈਕੇ ਆਉਂਦੇ ਵੇਖਿਆ।

ਨਾਨਕ, ਮਹਿਤਾ ਕਲਿਆਣ ਦਾਸ ਜੀ ਦਾ ਇਕਲੌਤਾ ਪੁੱਤਰ ਸੀ। ਬਿਪਰ ਮਰਿਯਾਦਾ ਅਨੁਸਾਰ ਬ੍ਰਾਹਮਣ ਦੇ ਪੁੱਤਰ ਨੂੰ ਸੱਤ ਸਾਲ, ਖਤਰੀ ਦੇ ਪੁੱਤਰ ਨੂੰ ਨੌਂ ਸਾਲ ਅਤੇ ਵੈਸ਼ ਦੇ ਪੁੱਤਰ ਨੂੰ ਯਾਰਾਂ ਸਾਲ ਦੀ ਉਮਰ ਵਿੱਚ ਜਨੇਊ ਪਾਇਆ ਜਾਂਦਾ ਹੈ, ਸ਼ੂਦਰ ਕਿਉਂਕਿ ਸਭ ਤੋਂ ਨੀਵੇਂ ਅਤੇ ਅਛੂਤ ਸਮਝੇ ਜਾਂਦੇ ਹਨ, ਇਸ ਲਈ ਉਨ੍ਹਾਂ ਨੂੰ ਜਨੇਊ ਪਾਉਣ ਦਾ ਅਧਿਕਾਰ ਨਹੀਂ। ਮਹਿਤਾ ਕਲਿਆਣ ਦਾਸ ਵੀ ਬੇਦੀ ਕੁੱਲ ਵਿੱਚੋਂ ਸਨ, ਜੋ ਖਤ੍ਰੀਆਂ ਦੀ ਇੱਕ ਜਾਤ ਸਮਝੀ ਜਾਂਦੀ ਹੈ, ਇਸ ਲਈ ਹੁਣ ਨੌਂ ਸਾਲ ਦਾ ਹੋ ਜਾਣ ਤੇ ਨਾਨਕ ਦੀ ਜਨੇਊ ਪਾਉਣ ਦੀ ਰਸਮ ਹੋਣੀ ਸੀ। ਭਾਵੇਂ ਬੇਟੀ ਨਾਨਕੀ ਉਮਰ ਵਿੱਚ ਪੰਜ ਸਾਲ ਵੱਡੀ ਸੀ ਪਰ ਹਿੰਦੂ ਕੌਮ ਵਿੱਚ ਔਰਤ ਨੂੰ ਵੀ ਨੀਵਾਂ ਸਮਝਿਆ ਜਾਂਦਾ ਹੈ, ਇਸ ਲਈ ਉਸ ਨੂੰ ਵੀ ਜਨੇਊ ਪਾਉਣ ਦਾ ਅਧਿਕਾਰ ਨਹੀਂ, ਇਸ ਤਰ੍ਹਾਂ ਘਰ ਵਿੱਚ ਇਹ ਪਹਿਲਾ ਵੱਡਾ ਪ੍ਰੋਗਰਾਮ ਸੀ। ਮਹਿਤਾ ਕਲਿਆਣ ਦਾਸ ਜੀ ਨੇ ਬੜੇ ਚਾਅ ਨਾਲ ਦੂਰ ਨੇੜੇ ਦੇ ਰਿਸ਼ਤੇਦਾਰ ਅਤੇ ਸਾਕ ਸਬੰਧੀਆਂ ਨੂੰ ਨਿਯੌਤੇ ਦੇ ਕੇ ਬੁਲਾਇਆ ਸੀ।

ਨਾਨਕ ਨੂੰ ਪੰਡਿਤ ਜੀ ਦੇ ਸਾਹਮਣੇ ਪਈ ਚੌਂਕੀ ਤੇ ਬਿਠਾ ਦਿੱਤਾ। ਪੰਡਿਤ ਜੀ ਨੇ ਧੂਫ ਬਾਲ ਕੇ ਥਾਲੀ ਵਿੱਚ ਟਿਕਾਈ ਅਤੇ ਉਸ ਵਿੱਚੋਂ ਸੂਤ ਦਾ ਧਾਗਾ ਲੈਕੇ ਉਸ ਨੂੰ ਵੱਟ ਚਾੜਨੇ ਸ਼ੁਰੂ ਕੀਤੇ। ਖਤ੍ਰੀ ਕੁੱਲ ਵਿੱਚ ਪੈਦਾ ਹੋਣ ਕਾਰਨ ਨਾਨਕ ਦੇ ਹਿੱਸੇ ਸੂਤ ਦਾ ਜਨੇਉ ਆਇਆ ਸੀ, ਕਿਉਂਕਿ ਮਰਿਯਾਦਾ ਅਨੁਸਾਰ ਬ੍ਰਾਹਮਣ ਨੂੰ ਰੇਸ਼ਮ ਦਾ, ਖਤਰੀ ਨੂੰ ਸੂਤ ਦਾ ਅਤੇ ਵੈਸ਼ ਨੂੰ ਉਨ ਦੇ ਧਾਗੇ ਦਾ ਜਨੇਊ ਪਾਇਆ ਜਾਂਦਾ ਹੈ। ਪੰਡਿਤ ਜੀ ਬੜੀ ਸ਼ਰਧਾ ਨਾਲ ਕੁੱਝ ਮੰਤਰ ਪੜ੍ਹਦੇ ਹੋਏ ਧਾਗੇ ਨੂੰ ਵੱਟ ਚਾੜ੍ਹਦੇ ਜਾਪਦੇ ਸਨ। ਗਰਮੀ ਦਾ ਮੌਸਮ ਹੋਣ ਕਾਰਨ ਸਵੇਰੇ ਹੀ ਤਪਸ਼ ਸ਼ੁਰੂ ਹੋ ਗਈ ਸੀ, ਇਸ ਲਈ ਇੱਕ ਨੌਜੁਆਨ ਪੰਡਿਤ ਜੀ ਦੇ ਪਿੱਛੇ ਖੜੋ ਕੇ ਪੱਖਾ ਝੱਲਣ ਲੱਗ ਪਿਆ। ਇਹ ਵੀ ਮਜ਼ਬੂਰੀ ਸੀ ਕਿ ਗਰਮੀਆਂ ਵਿੱਚ ਹੀ ਸਮਾਗਮ ਰਖਣਾ ਪਿਆ ਕਿਉਂਕਿ ਬ੍ਰਾਹਮਣ ਦੇ ਬੱਚੇ ਨੂੰ ਬਸੰਤ, ਖਤ੍ਰੀ ਨੂੰ ਗਰਮੀਆਂ ਅਤੇ ਵੈਸ਼ ਨੂੰ ਪਤਝੜ ਰੁੱਤ ਵਿੱਚ ਹੀ ਜਨੇਉ ਪਾਉਣ ਦੀ ਮਰਿਯਾਦਾ ਹੈ। ਨਾਨਕ ਇਸ ਸਭ ਨੂੰ ਬੜੀ ਜਗਿਆਸਾ ਨਾਲ ਵਾਚਦੇ ਮਹਿਸੂਸ ਹੋ ਰਹੇ ਸਨ।

ਪੰਡਿਤ ਜੀ ਨੇ ਮੰਤਰਾਂ ਦੇ ਉਚਾਰਣ ਦੀ ਸੁਰ ਕੁੱਝ ਉੱਚੀ ਕਰਦੇ ਹੋਏ, ਧਾਗੇ ਨੂੰ ਵੱਟ ਕੇ ਗੰਢਾਂ ਮਾਰੀਆਂ ਅਤੇ ਹੱਥ ਵਧਾ ਕੇ ਉਸ ਨੂੰ ਨਾਨਕ ਦੇ ਗਲੇ ਵਿੱਚ ਪਾਉਣ ਲੱਗੇ। ਉਸੇ ਵੇਲੇ ਇੱਕ ਅਚੰਭਾ ਵਾਪਰਿਆ, ਨਾਨਕ ਨੇ ਥੋੜ੍ਹਾ ਪਿੱਛੇ ਹਟਦੇ ਹੋਏ ਆਪਣੇ ਹੱਥ ਅੱਗੇ ਵਧਾ ਕੇ, ਪੰਡਿਤ ਜੀ ਦੇ ਹੱਥ ਫੜ ਲਏ ਅਤੇ ਪੁਛਿਆ, “ਪੰਡਿਤ ਜੀ ਇਹ ਕੀ ਕਰਨ ਲੱਗੇ ਹੋ?”

“ਤੈਨੂੰ ਜਨੇਉ ਪਾਉਣ ਲੱਗਾ ਹਾਂ, ਇਹ ਮਰਿਯਾਦਾ ਹੈ”, ਜੁਆਬ ਮਿਲਿਆ। ਪੰਡਿਤ ਜੀ ਨੇ ਸੋਚਿਆ ਬਾਲਕ ਬਹੁਤ ਭੋਲਾ ਹੈ ਅਤੇ ਜਗਿਆਸਾ ਵੱਸ ਪੁੱਛ ਰਿਹਾ ਹੈ।

“ਪਰ ਇਸ ਦੇ ਪਾਉਣ ਦੀ ਕੀ ਲੋੜ ਹੈ?” ਨਾਨਕ ਨੇ ਇੱਕ ਹੋਰ ਸੁਆਲ ਕਰ ਦਿੱਤਾ।

“ਇਸ ਨਾਲ ਤੂੰ ਧਰਮ ਦੀ ਦੁਨੀਆਂ ਵਿੱਚ ਦਾਖਲ ਹੋ ਜਾਵੇਂਗਾ।”

“ਫੇਰ ਤਾਂ ਪਹਿਲਾਂ ਇਹ ਜਨੇਊ ਮੇਰੀ ਵੱਡੀ ਭੈਣ ਨਾਨਕੀ ਜੀ ਨੂੰ ਪਹਿਨਾਓ, ਉਹ ਮੇਰੇ ਨਾਲੋਂ ਪੰਜ ਸਾਲ ਵੱਡੇ ਹਨ ਅਤੇ ਧਰਮੀ ਬਣਨ ਦਾ ਪਹਿਲਾ ਹੱਕ ਵੀ ਉਨ੍ਹਾਂ ਦਾ ਹੈ।”

ਪੰਡਿਤ ਜੀ ਨੇ ਭਾਵੇਂ ਕੁੱਝ ਖਿੱਝ ਜਿਹੀ ਮਹਿਸੂਸ ਕੀਤੀ ਪਰ ਆਪਣੀਆਂ ਭਾਵਨਾਵਾਂ ਤੇ ਸੰਜਮ ਰਖਦੇ ਹੋਏ ਬੋਲੇ,

“ਨਾਨਕ! ਵੇਦ ਸ਼ਾਸਤ੍ਰਾਂ ਅਨੁਸਾਰ ਔਰਤ ਵੀ ਨੀਚ ਸ਼ੂਦ੍ਰਾਂ ਦੀ ਜਮਾਤ ਵਿੱਚ ਆਉਂਦੀ ਹੈ ਅਤੇ ਸ਼ੂਦ੍ਰ ਕਿਉਂਕਿ ਨੀਚ ਜਾਤ ਹਨ, ਉਨ੍ਹਾਂ ਨੂੰ ਇਹ ਪਵਿਤ੍ਰ ਜਨੇਊ ਨਹੀਂ ਪਹਿਨਾਇਆ ਜਾਂਦਾ।”

“ਅੱਛਾ ਪੰਡਿਤ ਜੀ, ਇਹ ਦਸੋ, ਇਸ ਦੇ ਪਹਿਨਣ ਨਾਲ ਮੇਰੇ ਜੀਵਨ ਵਿੱਚ ਕੀ ਤਬਦੀਲੀ ਆਵੇਗੀ?” ਨਾਨਕ ਨੇ ਇੱਕ ਹੋਰ ਸੁਆਲ ਕਰ ਦਿੱਤਾ।

“ਨਾਨਕ ਇਹ ਹਿੰਦੂਆਂ ਦਾ ਧਾਰਮਿਕ ਚਿੰਨ੍ਹ ਹੈ, ਇਸ ਦੇ ਪਹਿਨਣ ਨਾਲ ਤੂੰ ਹਿੰਦੂ ਧਰਮ ਵਿੱਚ ਸ਼ਾਮਿਲ ਹੋ ਜਾਵੇਂਗਾ।” ਪੰਡਿਤ ਜੀ ਨੇ ਫੇਰ ਬੜੇ ਸਹਿਜ ਨਾਲ ਸਮਝਾਉਂਦੇ ਹੋਏ ਕਿਹਾ।

“ਪਰ ਪੰਡਿਤ ਜੀ ਹਿੰਦੂ ਜਾਂ ਮੁਸਲਮਾਨ ਬਣਨ ਨਾਲੋਂ ਵਧੇਰੇ ਮਹੱਤਵਪੂਰਨ ਚੰਗਾ ਇਨਸਾਨ ਬਣਨਾ ਹੈ। ਪ੍ਰਮਾਤਮਾ ਨੇ ਤਾਂ ਸਾਨੂੰ ਸਾਰਿਆਂ ਨੂੰ ਇਨਸਾਨ ਬਣਾਇਆ ਹੈ। ਮੈਂ ਤਾਂ ਇੱਕ ਚੰਗਾ ਇਨਸਾਨ ਬਨਣਾ ਚਾਹੁੰਦਾ ਹਾਂ। ਮੈਨੂੰ ਤਾਂ ਇਹ ਦਸੋ ਕਿ ਇਸ ਦੇ ਪਾਉਣ ਨਾਲ ਮੇਰੇ ਜੀਵਨ ਵਿੱਚ ਚੰਗਾ ਇਨਸਾਨ ਬਨਣ ਲਈ ਕਿਹੜੇ ਗੁਣ ਆ ਜਾਣਗੇ?”

ਪੰਡਿਤ ਜੀ ਤਾਂ ਜਿਵੇਂ ਲਾਜੁਆਬ ਹੋ ਗਏ ਸਨ, ਉਨ੍ਹਾਂ ਦੀ ਘਬਰਾਹਟ ਉਨ੍ਹਾਂ ਦੇ ਮੱਥੇ ਤੇ ਉਭਰ ਆਏ ਪਸੀਨੇ ਅਤੇ ਤਿਊੜੀਆਂ ਤੋ ਸਾਫ ਝਲਕ ਰਹੀ ਸੀ। ਫੇਰ ਵੀ ਕੁੱਝ ਹੌਂਸਲਾ ਕਰ ਕੇ ਬੋਲੇ, “ਨਾਨਕ ਮੈਂ ਅੱਜ ਤੱਕ ਸੈਂਕੜਿਆਂ ਨੂੰ ਜਨੇਉ ਪੁਆ ਚੁੱਕਾ ਹਾਂ, ਕਦੇ ਕਿਸੇ ਨੇ ਕੋਈ ਸੁਆਲ ਨਹੀਂ ਕੀਤਾ। ਤੈਨੂੰ ਮਰਿਯਾਦਾ ਦਾ ਕੋਈ ਮਾਨ ਸਤਿਕਾਰ ਹੈ ਤਾਂ ਚੁੱਪ ਕਰਕੇ ਜਨੇਊ ਪੁਆ ਲੈ।” ਪੰਡਿਤ ਜੀ ਦੇ ਬੋਲਾਂ ਵਿੱਚ ਕੁੱਝ ਤਿੱਖਾਪਣ ਸਾਫ ਝਲਕ ਰਿਹਾ ਸੀ।

“ਪਰ ਪੰਡਿਤ ਜੀ, ਤੁਸੀਂ ਕਹਿੰਦੇ ਹੋ, ਇਹ ਜਨੇਊ ਧਰਮ ਦਾ ਚਿੰਨ੍ਹ ਹੈ, ਧਰਮ ਤਾਂ ਸਾਰੀ ਮਨੁੱਖਤਾ ਨੂੰ ਬਰਾਬਰ ਸਮਝਣਾ ਸਿਖਾਉਂਦਾ ਹੈ, ਅਸੀਂ ਸਾਰੇ ਮਨੁੱਖ ਇੱਕ ਪਰਮਾਤਮਾ ਦੀ ਸਨਤਾਨ ਹਾਂ, ਇਸ ਨਾਤੇ ਸਾਰੇ ਭਰਾ ਭਰਾ ਹਾਂ ਪਰ ਤੁਹਾਡਾ ਇਹ ਜਨੇਊ ਤਾਂ ਮਨੁੱਖ ਮਨੁੱਖ ਵਿੱਚ ਵੰਡੀਆਂ ਪਾਉਣ ਵਾਲਾ ਹੈ, ਕਿਸੇ ਨੂੰ ਉੱਚਾ ਅਤੇ ਕਿਸੇ ਨੂੰ ਨੀਚ ਦਾ ਦਰਜਾ ਦੇਣ ਵਾਲਾ, ਹੋਰ ਤਾਂ ਹੋਰ ਜਿਸ ਮਾਂ ਦੀ ਪਵਿੱਤਰ ਕੁੱਖ ਚੋਂ ਅਸੀਂ ਜਨਮ ਲਿਆ ਹੈ, ਉਸ ਨੂੰ ਨੀਚ ਗਰਦਾਨ ਕੇ ਉਸ ਦਾ ਅਪਮਾਨ ਕਰਦਾ ਹੈ। ਇਹ ਚਿੱਟੇ ਧਾਗੇ ਦਾ ਹੈ, ਜੋ ਕੁੱਝ ਸਮੇਂ ਬਾਅਦ ਮੈਲਾ ਹੋ ਜਾਵੇਗਾ, ਤਾਂ ਕੀ ਧਰਮ ਵੀ ਮੈਲਾ ਹੋ ਜਾਵੇਗਾ? ਇਹ ਤਾਂ ਕੁੱਝ ਸਮੇਂ ਬਾਅਦ ਟੁੱਟ ਵੀ ਸਕਦਾ ਹੈ, ਸੜ ਵੀ ਸਕਦਾ ਹੈ, ਜੇ ਇਹ ਜਨੇਊ ਧਰਮ ਦਾ ਪ੍ਰਤੀਕ ਹੈ ਤਾਂ ਫੇਰ ਤਾਂ ਇਸ ਦੇ ਟੁਟਣ ਜਾਂ ਸੜਨ ਨਾਲ, ਧਰਮ ਦਾ ਵੀ ਨਾਸ ਹੋ ਜਾਵੇਗਾ। ਨਾਲੇ ਮੇਰੇ ਮਰਨ ਤੋਂ ਬਾਅਦ ਇਹ ਜਨੇਊ ਜਾਂ ਮੇਰੇ ਸ਼ਰੀਰ ਨਾਲ ਸੜ ਜਾਵੇਗਾ ਜਾਂ ਇਥੇ ਹੀ ਰਹਿ ਜਾਵੇਗਾ, ਫੇਰ ਤਾਂ ਅਕਾਲ ਪੁਰਖ ਦੀ ਦਰਗਾਹ ਵਿੱਚ ਅਧਰਮੀ ਹੀ ਜਾਵਾਂਗਾ। ਪੰਡਿਤ ਜੀ ਇਹ ਵੰਡੀਆਂ ਪਾਉਣ ਵਾਲਾ, ਸਮਾਜ ਦੇ ਇੱਕ ਵੱਡੇ ਹਿੱਸੇ ਦਾ ਅਪਮਾਨ ਕਰਨ ਵਾਲਾ ਜਨੇਊ ਮੈਂ ਨਹੀਂ ਪਾਉਣਾ। ਮੈਨੂੰ ਉਹ ਗੁਣਾਂ ਰੂਪੀ ਪੱਕਾ ਜਨੇਊ ਪਹਿਨਾਓ, ਜਿਸਦਾ ਕਦੇ ਨਾਸ ਨਾ ਹੋਵੇ, ਜਿਸ ਨਾਲ ਮੇਰਾ ਜੀਵਨ ਗੁਣਾਂ ਨਾਲ ਸ਼ਿੰਗਾਰਿਆ ਜਾਵੇ ਅਤੇ ਮੈਂ ਸਦਾ ਲਈ ਪੱਕਾ ਧਰਮੀ ਬਣ ਜਾਵਾਂ…। “ ਨਾਨਕ ਦੇ ਫੁਰਨੇ ਤਾਂ ਰੁਕਣ ਦਾ ਨਾਂ ਹੀ ਨਹੀਂ ਸਨ ਲੈ ਰਹੇ। ਉਧਰ ਪੰਡਿਤ ਜੀ ਨੂੰ ਵੀ ਸਮਝ ਪੈਣੀ ਸ਼ੁਰੂ ਹੋ ਗਈ ਸੀ ਕਿ ਨਾਨਕ ਕੋਈ ਆਮ ਬਾਲਕ ਨਹੀਂ। ਇਤਨੇ ਗਹਿਰ ਅਧਿਆਤਮਕ ਗਿਆਨ ਦੀਆਂ ਗੱਲਾਂ, ਨਾਨਕ ਜਿਸ ਠਰ੍ਹਮੇਂ, ਸਹਿਜ ਅਤੇ ਮਿਠਾਸ ਭਰੇ ਬੋਲਾਂ ਨਾਲ ਕਰ ਰਹੇ ਸਨ, ਪੰਡਿਤ ਉਸ ਤੋਂ ਪ੍ਰਭਾਵਤ ਹੋਏ ਬਿਨਾਂ ਨਾ ਰਹਿ ਸਕਿਆ, ਐਸੀਆਂ ਇਲਾਹੀ ਗਿਆਨ ਦੀਆਂ ਗੱਲਾਂ ਸ਼ਾਇਦ ਉਸ ਨੇ ਜੀਵਨ ਵਿੱਚ ਪਹਿਲੀ ਵਾਰ ਸੁਣੀਆਂ ਸਨ। ਉਸ ਦੀ ਖਿੱਝ, ਜਗਿਆਸਾ ਵਿੱਚ ਅਤੇ ਗੁੱਸਾ, ਸ਼ਰਧਾ ਵਿੱਚ ਬਦਲ ਰਿਹਾ ਸੀ। ਉਹ ਨਿਮ੍ਰਤਾ ਵਿੱਚ ਆਉਂਦਾ ਹੋਇਆ ਬੋਲਿਆ, “ਨਾਨਕ ਤੂੰ ਹੀ ਦੱਸ ਤੂੰ ਕੈਸਾ ਜਨੇਊ ਪਾਉਣਾ ਚਾਹੁੰਦਾ ਹੈਂ?”

ਇਸ ਪ੍ਰਥਾਏ ਗੁਰੂ ਨਾਨਕ ਪਾਤਿਸ਼ਾਹ ਨੇ ਜੋ ਸ਼ਬਦ ਉਚਾਰਣ ਕੀਤਾ, ਉਹ ਗੁਰੂ ਗ੍ਰੰਥ ਸਾਹਿਬ ਦੇ ਪੰਨਾ 471 ਤੇ ਆਸਾ ਕੀ ਵਾਰ ਬਾਣੀ ਵਿੱਚ ਦਰਜ ਹੈ:

“ਸਲੋਕੁ ਮਃ ੧।। ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ।। ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ।। ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ।। ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ।। ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ।। ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣੁ ਥਿਆ।। ਓਹੁ ਮੁਆ ਓਹੁ ਝੜਿ ਪਇਆ ਵੇਤਗਾ ਗਇਆ।। ੧।। “

ਹੇ ਪੰਡਤ! ਜੇ (ਤੇਰੇ ਪਾਸ) ਇਹ ਆਤਮਾ ਦੇ ਕੰਮ ਆਉਣ ਵਾਲਾ ਜਨੇਊ ਹੈ ਤਾਂ (ਮੇਰੇ ਗਲ) ਪਾ ਦੇਹ—ਇਹ ਜਨੇਊ ਜਿਸ ਦੀ ਕਪਾਹ ਦਇਆ ਹੋਵੇ, ਜਿਸ ਦਾ ਸੂਤ ਸੰਤੋਖ ਹੋਵੇ, ਜਿਸ ਦੀਆਂ ਗੰਢਾਂ ਜਤ ਹੋਣ, ਅਤੇ ਜਿਸ ਦਾ ਵੱਟ ਉੱਚਾ ਆਚਰਨ ਹੋਵੇ। (ਹੇ ਪੰਡਿਤ) ! ਇਹੋ ਜਿਹਾ ਜਨੇਊ ਨਾ ਟੁੱਟਦਾ ਹੈ, ਨਾ ਹੀ ਇਸ ਨੂੰ ਮੈਲ ਲੱਗਦੀ ਹੈ, ਨਾ ਇਹ ਸੜਦਾ ਹੈ ਅਤੇ ਨਾ ਹੀ ਇਹ ਗੁਆਚਦਾ ਹੈ। ਹੇ ਨਾਨਕ! ਉਹ ਮਨੁੱਖ ਭਾਗਾਂ ਵਾਲੇ ਹਨ, ਜਿਨ੍ਹਾਂ ਨੇ ਇਹ ਜਨੇਊ ਆਪਣੇ ਗਲੇ ਵਿੱਚ ਪਾ ਲਿਆ ਹੈ।

(ਹੇ ਪੰਡਤ! ਇਹ ਜਨੇਊ ਜੋ ਤੂੰ ਪਾਂਦਾ ਫਿਰਦਾ ਹੈਂ, ਇਹ ਤਾਂ ਤੂੰ) ਚਾਰ ਕੌਡਾਂ ਮੁੱਲ ਦੇ ਕੇ ਮੰਗਵਾ ਲਿਆ, (ਆਪਣੇ ਜਜਮਾਨ ਦੇ) ਚੌਕੇ ਵਿੱਚ ਬੈਠ ਕੇ (ਉਸ ਦੇ ਗਲ) ਪਾ ਦਿੱਤਾ, (ਫੇਰ ਤੂੰ ਉਸ ਦੇ) ਕੰਨ ਵਿੱਚ ਉਪਦੇਸ਼ ਦਿੱਤਾ (ਕਿ ਅੱਜ ਤੋਂ ਤੇਰਾ) ਗੁਰੂ ਬ੍ਰਾਹਮਣ ਹੋ ਗਿਆ। (ਸਮਾ ਪੁੱਗਣ ਤੇ ਜਦੋਂ) ਉਹ (ਜਜਮਾਨ) ਮਰ ਗਿਆ (ਤਾਂ) ਉਹ (ਜਨੇਊ ਉਸ ਦੇ ਸਰੀਰ ਤੋਂ) ਢਹਿ ਪਿਆ (ਭਾਵ ਸੜ ਗਿਆ ਜਾਂ ਡਿੱਗ ਪਿਆ, ਪਰ ਆਤਮਾ ਦੇ ਨਾਲ ਨਾ ਨਿਭਿਆ, ਇਸ ਵਾਸਤੇ ਉਹ ਜਜਮਾਨ ਵਿਚਾਰਾ) ਜਨੇਊ ਤੋਂ ਬਿਨਾ ਹੀ (ਸੰਸਾਰ ਤੋਂ) ਗਿਆ। ੧।

ਪੰਡਿਤ ਜੀ ਦੇ ਸਾਹਮਣੇ ਜਿਵੇਂ ਕੋਈ ਅਚੰਭਾ ਵਾਪਰਿਆ ਸੀ। ਨਾਨਕ ਜੀ ਦੇ ਬੋਲ ਉਸ ਦੇ ਕੰਨਾਂ ਵਿੱਚ ਗੂੰਜ ਰਹੇ ਸਨ। ਉਸ ਦਾ ਮਨ ਨਾਨਕ ਪ੍ਰਤੀ ਸਤਿਕਾਰ ਨਾਲ ਭਰ ਗਿਆ ਅਤੇ ਸੀਸ ਆਪਣੇ ਆਪ ਨਿਉਂਦਾ ਜਾ ਰਿਹਾ ਸੀ। ਪੰਡਿਤ ਜੀ ਉਠ ਕੇ ਖੜੇ ਹੋ ਗਏ ਅਤੇ ਮਹਿਤਾ ਕਲਿਆਣ ਦਾਸ ਜੀ ਵੱਲ ਮੂੰਹ ਕਰਕੇ ਬੋਲੇ,

“ਮਹਿਤਾ ਜੀ, ਨਾਨਕ ਨੂੰ ਇਹ ਜਨੇਊ ਪਾਉਣ ਦੀ ਕੋਈ ਲੋੜ ਨਹੀਂ ਅਤੇ ਜਿਹੜਾ ਜਨੇਊ ਨਾਨਕ ਪਾਉਣਾ ਚਾਹੁੰਦਾ ਹੈ, ਉਹ ਮੇਰੇ ਕੋਲ ਨਹੀਂ।” ਕਹਿੰਦੇ ਹੋਏ, ਅੱਗੇ ਪੰਡਿਤ ਜੀ ਅਤੇ ਮਗਰ ਉਨ੍ਹਾਂ ਦੇ ਚੇਲੇ ਦਰਵਾਜ਼ੇ ਤੋਂ ਬਾਹਰ ਨਿਕਲ ਗਏ।

ਇਕ ਵਾਰੀ ਤਾਂ ਘਰ ਦਾ ਮਾਹੌਲ ਸੁੰਨ ਹੋ ਗਿਆ। ਥੋੜ੍ਹੀ ਦੇਰ ਬਾਅਦ ਅਲੱਗ ਅਲੱਗ ਗੱਲਾਂ ਸ਼ੁਰੂ ਹੋ ਗਈਆਂ। ਕੁੱਝ ਤਾਂ ਇਹ ਕਹਿ ਰਹੇ ਸਨ ਕਿ ਨਾਨਕ ਨੇ ਇਤਨੇ ਮਹਾਨ, ਵਿਦਵਾਨ ਪੰਡਿਤ ਦਾ ਅਪਮਾਨ ਕਰ ਦਿੱਤਾ ਹੈ ਅਤੇ ਆਪਣੇ ਮਾਤਾ ਪਿਤਾ ਨੂੰ ਵੀ ਸ਼ਰਮਸਾਰ ਕੀਤਾ ਹੈ। ਕੁੱਝ ਸਮਝਦਾਰ ਲੋਕ ਅਚੰਭਤ ਹੋ ਕੇ ਕਹਿ ਰਹੇ ਸਨ ਕਿ ਇਤਨੀ ਛੋਟੀ ਜਿਹੀ ਉਮਰ ਵਿੱਚ ਨਾਨਕ ਨੂੰ ਕਿਤਨਾ ਅਧਿਆਤਮਕ ਗਿਆਨ ਹੈ ਕਿ ਇੱਕ ਵਿਦਵਾਨ ਪੰਡਿਤ ਵੀ ਲਾਜੁਆਬ ਹੋ ਗਿਆ ਹੈ। ਐਸੀਆਂ ਗੱਲਾਂ ਕੋਈ ਆਮ ਬਾਲਕ ਨਹੀਂ ਕਰ ਸਕਦਾ, ਯਕੀਨਨ ਨਾਨਕ ਜੀ ਕੋਈ ਆਮ ਬਾਲਕ ਨਹੀਂ ਹਨ।

ਪਿਤਾ ਕਲਿਆਣ ਦਾਸ ਜੀ ਦੇ ਚਿਹਰੇ ਤੇ ਗੁੱਸਾ ਸਾਫ ਝਲਕ ਰਿਹਾ ਸੀ, ਨਾਲੇ ਉਹ ਸਮਾਜ ਵਿੱਚ ਆਪਣੇ ਆਪ ਨੂੰ ਸ਼ਰਮਿੰਦਾ ਹੋਇਆ ਮਹਿਸੂਸ ਕਰ ਰਹੇ ਸਨ। ਉਨ੍ਹਾਂ ਦੇ ਮਨ ਵਿੱਚ ਬਾਰ ਬਾਰ ਇਹੀ ਖਿਆਲ ਆ ਰਿਹਾ ਸੀ ਕਿ ਨਾਨਕ ਨੇ ਇਹ ਕੀ ਤਮਾਸ਼ਾ ਕੀਤਾ ਹੈ? ਜੇ ਜਨੇਊ ਨਹੀਂ ਸੀ ਪਾਉਣਾ ਤਾਂ ਪਹਿਲਾਂ ਘਰ ਵਿੱਚ ਹੀ ਕਹਿ ਦੇਣਾ ਚਾਹੀਦਾ ਸੀ, ਇਤਨੀ ਬਰਾਦਰੀ ਵਿੱਚ ਤਮਾਸ਼ਾ ਕਰਨ ਦੀ ਕੀ ਲੋੜ ਸੀ? ਸ਼ਾਇਦ ਉਹ ਨਹੀਂ ਸਨ ਸਮਝ ਰਹੇ ਕਿ ਨਾਨਕ ਜੀ ਨੇ ਅੱਜ ਜਿਸ ਵੱਡੇ ਇਨਕਲਾਬ ਦੀ ਸ਼ੁਰੂਆਤ ਕੀਤੀ ਹੈ, ਉਸ ਦਾ ਆਗਾਜ਼ ਭਰੇ ਸਮਾਜ ਸਾਹਮਣੇ ਹੋਣਾ ਹੀ ਜ਼ਰੂਰੀ ਸੀ, ਇਹ ਸ਼ੁਰੂਆਤ ਸੀ ਧਰਮ ਦੇ ਨਾਂ ਤੇ ਮਿੱਥੇ ਹੋਏ ਕਰਮਕਾਂਡਾ ਨੂੰ ਰੱਦ ਕਰਨ ਅਤੇ ਸੱਚ ਧਰਮ ਨੂੰ ਪ੍ਰਗਟ ਕਰਨ ਦੀ।

ਹੁਣ ਆਪਣੇ ਮੂਲ ਵਿਸ਼ੇ ਤੇ ਵਾਪਸ ਆਉਂਦੇ ਹਾਂ। ਅਸੀਂ ਅਕਸਰ ਆਖਦੇ ਹਾਂ, ਕਿ ਸਾਡੇ ਕਕਾਰ ਸਾਡੇ ਧਾਰਮਿਕ ਚਿਨ੍ਹ ਹਨ। ਇਸ ਸਾਖੀ ਨੂੰ ਵਾਚਣ ਤੋਂ ਬਾਅਦ ਦੋ ਬਹੁਤ ਵੱਡੇ ਸੁਆਲ ਸਾਡੇ ਸਾਹਮਣੇ ਆਉਂਦੇ ਹਨ:

1. ਜੇ ਜਨੇਊ ਪਾਉਣਾ ਇੱਕ ਕਰਮ ਕਾਂਡ ਹੈ ਤਾਂ ਕੀ ਪਾਹੁਲ ਛਕਣਾ ਵੀ ਕਰਮ ਕਾਂਡ ਨਹੀਂ?

2. ਚਲੋ! ਕੇਸ ਤਾਂ ਕੁਦਰਤੀ ਹਨ, ਸ਼ਰੀਰ ਦੇ ਨਾਲ ਹੀ ਪੈਦਾ ਹੋਏ ਹਨ ਪਰ ਗੁਰੂ ਨਾਨਕ ਪਾਤਿਸ਼ਾਹ ਨੇ ਇੱਕ ਜਨੇਊ ਉਤਰਵਾਇਆ ਸੀ ਤੇ ਕੀ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਚਾਰ ਨਵੇਂ ਪੁਆ ਦਿੱਤੇ?

ਆਓ! ਇਨ੍ਹਾਂ ਅਤਿ ਮਹਤੱਵਪੂਰਨ ਸੁਆਲਾਂ ਦਾ ਜੁਆਬ ਗੁਰੂ ਨਾਨਕ ਪਾਤਿਸ਼ਾਹ ਦੇ ਇਸ ਸੰਦਰਭ ਵਿੱਚ ਉਚਾਰਨ ਕੀਤੇ ਸ਼ਬਦ ਵਿੱਚੋਂ ਹੀ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਸਤਿਗੁਰੂ ਦਾ ਪਾਵਣ ਸ਼ਬਦ ਜੋ ਉਪਰ ਵੀ ਦਿੱਤਾ ਹੈ, ਨੂੰ ਇੱਕ ਵਾਰੀ ਫੇਰ ਵਿਚਾਰੀਏ:

“ਸਲੋਕੁ ਮਃ ੧।। ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ।। ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ।। ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ।। ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ।। “

ਸਤਿਗੁਰੂ ਨੇ ਧਰਮੀ ਬਨਣ ਵਾਸਤੇ ਜਿਨ੍ਹਾਂ ਸ਼ੁਭ ਗੁਣਾਂ ਨੂੰ ਜੀਵਨ ਵਿੱਚ ਧਾਰਨ ਕਰਨ ਦੀ ਗੱਲ ਕੀਤੀ ਹੈ, ਉਹ ਹਨ: ਦਇਆ, ਸੰਤੋਖ, ਜਤੁ (ਉੱਚਾ ਆਚਰਣ) ਅਤੇ ਸਤੁ (ਸੱਚੁ, ਸਚਿਆਰ ਜੀਵਣ)। ਗੁਰਬਾਣੀ ਵਿੱਚ ਅਕਸਰ ਦਇਆ ਨੂੰ ਧਰਮ ਦਾ ਅਧਾਰ ਮੰਨਿਆਂ ਗਿਆ ਹੈ। ਜਪੁ ਬਾਣੀ ਵਿੱਚ ਵੀ ਗੁਰੂ ਨਾਨਕ ਪਾਤਿਸ਼ਾਹ ਨੇ ਬਖਸ਼ਿਸ਼ ਕੀਤੀ ਹੈ:

“ਧੌਲੁ ਧਰਮੁ ਦਇਆ ਕਾ ਪੂਤੁ।। ਸੰਤੋਖੁ ਥਾਪਿ ਰਖਿਆ ਜਿਨਿ ਸੂਤਿ।।” (ਪੰਨਾ-੩)

ਅਸਲ ਵਿੱਚ ਗੁਰਬਾਣੀ ਵਿੱਚ ਇਨ੍ਹਾਂ ਸਾਰੇ ਗੁਣਾਂ ਨੂੰ ਹੀ ਜੀਵਨ ਵਿੱਚ ਅਪਨਾਉਣ ਦੀ ਬਾਰ ਬਾਰ ਤਾਕੀਦ ਕੀਤੀ ਗਈ ਹੈ:

“ਸਤੁ ਸੰਤੋਖੁ ਦਇਆ ਕਮਾਵੈ ਏਹ ਕਰਣੀ ਸਾਰ।। ਆਪੁ ਛੋਡਿ ਸਭ ਹੋਇ ਰੇਣਾ ਜਿਸੁ ਦੇਇ ਪ੍ਰਭੁ ਨਿਰੰਕਾਰੁ।।” {ਸਿਰੀਰਾਗੁ ਮਹਲਾ ੫, ਪੰਨਾ ੫੧}

ਜਿਸ (ਭਾਗਾਂ ਵਾਲੇ ਮਨੁੱਖ) ਨੂੰ ਨਿਰੰਕਾਰ ਪ੍ਰਭੂ (ਆਪਣੇ ਨਾਮ ਦੀ ਦਾਤਿ) ਦੇਂਦਾ ਹੈ, ਉਹ ਆਪਾ-ਭਾਵ ਛੱਡ ਕੇ ਸਭ ਦੀ ਚਰਨ-ਧੂੜ ਬਣਦਾ ਹੈ, ਉਹ ਸੇਵਾ ਸੰਤੋਖ ਦੇ ਦਇਆ (ਦੀ ਕਮਾਈ) ਕਮਾਂਦਾ ਹੈ, ਤੇ ਇਹੀ ਹੈ ਸ੍ਰੇਸ਼ਟ ਕਰਣੀ।

“ਸਤੁ ਸੰਤੋਖੁ ਦਇਆ ਧਰਮੁ ਸੀਗਾਰੁ ਬਨਾਵਉ।। ਸਫਲ ਸੁਹਾਗਣਿ ਨਾਨਕਾ ਅਪੁਨੇ ਪ੍ਰਭ ਭਾਵਉ।। “ {ਬਿਲਾਵਲੁ ਮਹਲਾ ੫, ਪੰਨਾ ੮੧੨}

(ਹੇ ਪ੍ਰਭੂ! ਮੇਹਰ ਕਰ) ਮੈਂ ਸਤ ਨੂੰ, ਸੰਤੋਖ ਨੂੰ, ਦਇਆ ਨੂੰ, ਧਰਮ ਨੂੰ, (ਆਪਣੇ ਆਤਮਕ ਜੀਵਨ ਦੀ) ਸਜਾਵਟ ਬਣਾਈ ਰੱਖਾਂ। ਹੇ ਨਾਨਕ (ਆਖ—ਜਿਵੇਂ) ਸੋਹਾਗਣ ਇਸਤ੍ਰੀ (ਆਪਣੇ ਪਤੀ ਨੂੰ ਪਿਆਰੀ ਲੱਗਦੀ ਹੈ, ਤਿਵੇਂ, ਜੇ ਉਸ ਦੀ ਮੇਹਰ ਹੋਵੇ, ਤਾਂ) ਕਾਮਯਾਬ ਜੀਵਨ ਵਾਲਾ ਬਣ ਕੇ ਆਪਣੇ ਪ੍ਰਭੂ ਨੂੰ ਪਿਆਰਾ ਲੱਗ ਸਕਦਾ ਹਾਂ।

“ਜਤੁ ਸਤੁ ਸੰਜਮੁ ਸੀਲੁ ਨ ਰਾਖਿਆ ਪ੍ਰੇਤ ਪਿੰਜਰ ਮਹਿ ਕਾਸਟੁ ਭਇਆ।। “ {ਰਾਮਕਲੀ ਮਹਲਾ ੧, ਪੰਨਾ ੯੦੬}

(ਹੇ ਜੀਵ! ਤੂੰ ਆਪਣੇ ਆਪ ਨੂੰ) ਕਾਮ-ਵਾਸਨਾ ਵਲੋਂ ਨਹੀਂ ਬਚਾਇਆ, ਤੂੰ ਉੱਚਾ ਆਚਰਨ ਨਹੀਂ ਬਣਾਇਆ, ਤੂੰ ਇੰਦ੍ਰਿਆਂ ਨੂੰ ਮੰਦੇ ਪਾਸੇ ਵਲੋਂ ਰੋਕਣ ਦਾ ਉੱਦਮ ਨਹੀਂ ਕੀਤਾ, ਤੂੰ ਮਿੱਠਾ ਸੁਭਾਉ ਨਹੀਂ ਬਣਾਇਆ। (ਵਿਕਾਰਾਂ ਦੇ ਕਾਰਨ) ਅਪਵਿਤ੍ਰ ਹੋਏ ਸਰੀਰ-ਪਿੰਜਰ ਵਿੱਚ ਤੂੰ ਲੱਕੜ (ਵਰਗਾ ਕੁਰਖ਼ਤ-ਦਿਲ) ਹੋ ਚੁਕਾ ਹੈਂ।

ਸੋ ਧਰਮ ਹੈ ਜੀਵਨ ਵਿੱਚ ਸ਼ੁਭ ਗੁਣਾਂ ਨੂੰ ਧਾਰਨ ਕਰਨਾ। ਜੇ ਸ਼ੁਭ ਗੁਣ ਹਨ ਤਾਂ ਧਰਮ ਹੈ, ਕੋਈ ਚਿਨ੍ਹ ਧਰਮ ਨਹੀਂ ਹੋ ਸਕਦਾ। ਹਾਂ ਚਿਨ੍ਹ ਕਿਸੇ ਗੁਣ ਦਾ ਸੰਕੇਤਕ ਹੋ ਸਕਦਾ ਹੈ, ਜਿਵੇਂ ਸਤਿਗੁਰੂ ਨੇ ਇਸ ਸ਼ਬਦ ਵਿੱਚ ਵੀ ਕਿਹਾ ਹੈ, “ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ”॥ ਬਿਲਕੁਲ ਉਂਝ ਜਿਵੇਂ ਕਿਸੇ ਵਿਸ਼ੇ ਦੀ ਸਿਖਿਆ ਪ੍ਰਾਪਤ ਕਰਨ ਤੇ ਕਿਸੇ ਵਿਅਕਤੀ ਨੂੰ ਕੋਈ ਸਰਟੀਫਿਕੇਟ ਜਾਂ ਡਿਗਰੀ ਦਿੱਤੀ ਜਾਂਦੀ ਹੈ। ਉਹ ਸਰਟੀਫਿਕੇਟ ਜਾਂ ਡਿਗਰੀ ਇਸ ਗੱਲ ਦੀ ਪ੍ਰਤੀਕ ਹੈ ਕਿ ਉਸ ਵਿਅਕਤੀ ਨੇ ਉਸ ਵਿਸ਼ੇ ਵਿੱਚ ਲੋੜੀਦੀਂ ਯੋਗਤਾ ਹਾਸਲ ਕੀਤੀ ਹੋਈ ਹੈ। ਉਹ ਜਦੋਂ ਕਿਸੇ ਉਚੇਰੀ ਸਿੱਖਿਆ ਜਾਂ ਨੌਕਰੀ ਆਦਿ ਵਾਸਤੇ ਜਾਂਦਾ ਹੈ, ਕੇਵਲ ਉਸ ਦੇ ਸਰਟੀਫਿਕੇਟ ਜਾਂ ਡਿਗਰੀ ਵੇਖ ਕੇ ਹੀ ਵਾਚਣ ਵਾਲਾ ਸਮਝ ਜਾਂਦਾ ਹੈ ਕਿ ਇਸ ਦੇ ਜੀਵਨ ਵਿੱਚ ਇਸ ਵਿਸ਼ੇ ਦੇ ਲੋੜੀਂਦੇ ਗੁਣ ਮੌਜੂਦ ਹਨ। ਬਹੁਤੀ ਵਾਰੀ ਆਮ ਆਦਮੀਂ ਨੂੰ ਉਨ੍ਹਾਂ ਦੀ ਪਹਿਚਾਣ ਕਰਨ ਲਈ ਸਰਟੀਫਿਕੇਟ ਵੀ ਨਹੀਂ ਵੇਖਣਾ ਪੈਂਦਾ। ਹਸਪਤਾਲ ਵਿੱਚ ਡਾਕਟਰ ਦੇ ਚਿੱਟੇ ਕੋਟ ਨੂੰ ਵੇਖ ਕੇ ਉਸ ਦੇ ਡਾਕਟਰ ਹੋਣ, ਵਕੀਲ ਦੇ ਕਾਲੇ ਕੋਟ ਨੂੰ ਵੇਖ ਕੇ ਉਸ ਦੇ ਵਕੀਲ ਹੋਣ ਅਤੇ ਵਰਦੀ ਵੇਖ ਕੇ ਕਿਸੇ ਦੇ ਪੁਲਿਸ ਜਾਂ ਫੌਜੀ ਅਫਸਰ ਹੋਣ ਦਾ ਪਤਾ ਲੱਗ ਜਾਂਦਾ ਹੈ। ਜੇ ਉਸ ਕੋਲ ਸਰਟੀਫਿਕੇਟ ਜਾਂ ਡਿਗਰੀ ਤਾਂ ਹੋਵੇ ਪਰ ਉਸ ਨੇ ਇਹ ਵਿਦਿਆ ਹਾਸਲ ਨਾ ਕੀਤੀ ਹੋਵੇ ਤਾਂ ਉਸ ਦੀ ਡਿਗਰੀ ਨੂੰ ਨਕਲੀ ਅਤੇ ਉਸ ਵਿਅਕਤੀ ਨੂੰ ਬੇਈਮਾਨ ਗਰਦਾਨਿਆਂ ਜਾਂਦਾ ਹੈ। ਸ਼ਾਇਦ ਇਸੇ ਕਰਕੇ ਸਤਿਗੁਰੂ ਨੇ ਪਹਿਲਾਂ ਦੋ ਸੌ ਸਾਲ ਤੋਂ ਵੱਧ ਸਮਾਂ ਸਾਡੇ ਜੀਵਨ ਨੂੰ ਗੁਣਾਂ ਨਾਲ ਸਿੰਝਿਆ, ਸ਼ਿੰਗਾਰਿਆ ਅਤੇ ਉਸ ਤੋਂ ਬਾਅਦ ਹੀ ਖੰਡੇ ਬਾਟੇ ਦੀ ਪਾਹੁਲ ਰਾਹੀਂ ਇਹ ਪ੍ਰਣ ਕਰਾਕੇ ਕਿ ਅਸੀਂ ਆਪਣਾ ਜੀਵਨ ਇਨ੍ਹਾਂ ਲਾਸਾਨੀ ਗੁਣਾਂ ਅਨੁਸਾਰ ਹੀ ਬਤੀਤ ਕਰਾਂਗੇ, ਸਾਨੂੰ ਖ਼ਾਲਸੇ ਦੀ ਡਿਗਰੀ ਦੇ ਦਿੱਤੀ। ਬਿਲਕੁਲ ਉਸੇ ਤਰ੍ਹਾਂ ਜਿਵੇਂ ਅੱਜ ਕਲ ਡਾਕਟਰਾਂ, ਇੰਜੀਨਿਅਰਾਂ ਕਾਨੂੰਨ ਵੇਤਾਵਾਂ ਨੂੰ ਪੜ੍ਹਾਈ ਪੂਰੀ ਹੋਣ ਤੇ ਇਹ ਪ੍ਰਣ ਕਰਾਇਆ ਜਾਂਦਾ ਹੈ ਕਿ ਉਹ ਪ੍ਰਾਪਤ ਕੀਤੀ ਵਿਦਿਆ ਦੀ ਵਰਤੋਂ ਪੂਰੀ ਇਮਾਨਦਾਰੀ ਨਾਲ ਮਨੁੱਖਤਾ ਦੀ ਭਲਾਈ ਵਾਸਤੇ ਕਰਨਗੇ।

ਸੋ ਜੇ ਤਾਂ ਸਾਡੇ ਜੀਵਨ ਵਿੱਚ ਗੁਰਬਾਣੀ ਦੇ ਅਲੌਕਿਕ ਗੁਣਾਂ ਦੀ ਖੁਸ਼ਬੋ ਆ ਚੁੱਕੀ ਹੈ, ਅਤੇ ਇਸ ਪਾਹੁਲ ਛੱਕਣ ਦੀ ਰਸਮ ਦੁਆਰਾ ਅਸੀਂ ਆਪਣੇ ਜੀਵਨ ਨੂੰ ਇਸ ਨੇਮ ਵਿੱਚ ਬਨਣ ਦਾ ਪ੍ਰਣ ਕੀਤਾ ਹੈ ਕਿ ਸਾਰਾ ਜੀਵਨ ਗੁਰਬਾਣੀ ਦੇ ਗੁਣਾਂ ਅਨੁਸਾਰ ਬਤੀਤ ਕਰਾਂਗੇ, ਇਨ੍ਹਾਂ ਦੀ ਖੁਸ਼ਬੋ ਸਮਾਜ ਵਿੱਚ ਫੈਲਾਵਾਂਗੇ ਤਾਂ ਅਸੀਂ ਖੰਡੇ ਬਾਟੇ ਦੀ ਪਾਹੁਲ ਛਕੀ ਹੈ।

ਜੇ ਇਸ ਨੂੰ ਇੱਕ ਜਾਦੂਈ ਪਾਣੀ ਸਮਝ ਕੇ ਜਾਂ ਕੇਵਲ ਇੱਕ ਰਸਮ ਸਮਝ ਕੇ ਪੀਤਾ ਹੈ ਤਾਂ ਨਿਰੋਲ ਕਰਮਕਾਂਡ ਕੀਤਾ ਹੈ।

ਇਥੇ ਇੱਕ ਗੱਲ ਹੋਰ ਸਪੱਸ਼ਟ ਕਰਨੀ ਜ਼ਰੂਰੀ ਹੈ, ਅਸੀਂ ਅਕਸਰ ਆਖਦੇ ਹਾਂ ਕਿ ਪਾਹੁਲ ਸ਼ੁਰੂਆਤ ਹੈ, ਉਸ ਤੋਂ ਬਾਅਦ ਜੀਵਨ ਨੂੰ ਸਾਧਨਾ ਸ਼ੁਰੂ ਕਰਨਾ ਹੈ। ਬਿਲਕੁਲ ਨਹੀਂ। ਜੇ ਇਹ ਗੱਲ ਹੁੰਦੀ ਤਾਂ ਗੁਰੂ ਨਾਨਕ ਪਾਤਿਸ਼ਾਹ ਨੇ ਪਾਹੁਲ ਛਕਾ ਕੇ ਹੀ ਪੰਥ ਦੀ ਸ਼ੁਰੂਆਤ ਕਰਨੀ ਸੀ। ਬੇਸ਼ਕ ਇਹ ਇੱਕ ਸ਼ੁਰੂਆਤ ਵੀ ਹੈ, ਪਰ ਸ਼ੁਰੂਆਤ ਗੁਰਮਤਿ ਸਿਖਣੀ ਸ਼ੁਰੂ ਕਰਨ ਦੀ ਨਹੀਂ। ਸ਼ੁਰੂਆਤ ਹੈ ਇੱਕ ਨਵੇਂ ਜੀਵਨ ਦੀ, ਜਿਸ ਵਿੱਚ ਅਸੀਂ ਸਤਿਗੁਰੂ ਨਾਲ ਇਸ ਪ੍ਰਣ ਵਿੱਚ ਬੱਝ ਜਾਂਦੇ ਹਾਂ ਕਿ ਸਤਿਗੁਰੂ ਅੱਜ ਤੋਂ ਜੀਵਨ ਆਪ ਜੀ ਨੂੰ ਸਮਰਪਿਤ ਹੈ, ਹਰ ਕਰਮ ਗੁਰਮਤਿ ਅਨੁਸਾਰ ਹੋਵੇਗਾ, ਹਰ ਦਿਨ, ਹਰ ਪੱਲ ਆਪ ਦੀ ਸਿੱਖਿਆ ਅਨੁਸਾਰ ਬਤੀਤ ਹੋਵੇਗਾ। ਸੀਸ ਗੁਰੂ ਨੂੰ ਭੇਟ ਕਰਨ ਦਾ ਅਸਲੀ ਮਕਸਦ ਤਾਂ ਇਹੀ ਹੈ ਨਾ।

ਅਸਲ ਵਿੱਚ ਗੁਰਮਤਿ ਦੇ ਸ਼ੁਭ ਗੁਣ ਸੁਭਾਵਕ ਹੀ ਸਿੱਖ ਦੇ ਜੀਵਨ ਵਿੱਚ ਹੋਣੇ ਚਾਹੀਦੇ ਹਨ। ਇਹ ਸਾਡੇ ਬੱਚਿਆਂ ਨੂੰ ਵਿਰਸੇ ਵਿੱਚ, ਪਰਿਵਾਰਕ ਮਹੌਲ ਵਿੱਚੋਂ ਮਿਲਣੇ ਚਾਹੀਦੇ ਹਨ। ਨੀਂਹ ਘਰ ਤੋਂ ਬੱਝ ਜਾਵੇ, ਗੁਰਬਾਣੀ ਪੜ੍ਹਨ ਸਮਝਣ ਦੀ ਲਗਨ ਮਾਤਾ ਪਿਤਾ ਤੋਂ ਲੱਗ ਜਾਵੇ, ਅੱਗੋਂ ਤਾਂ ਵਿਕਾਸ ਹਰ ਦਿਨ ਹੁੰਦਾ ਜਾਵੇਗਾ। ਸਿੱਖ ਨੇ ਤਾਂ ਸਾਰਾ ਜੀਵਨ ਸਿੱਖ ਰਹਿਣਾ ਹੈ, ਪਾਹੁਲ ਪ੍ਰਾਪਤ ਕਰਨ ਤੋਂ ਪਹਿਲਾਂ ਵੀ ਗੁਰੂ ਦੀ ਸਿੱਖਿਆ ਧਾਰਨ ਕਰਨੀ ਹੈ ਅਤੇ ਪਾਹੁਲ ਛੱਕਣ ਤੋਂ ਬਾਅਦ ਵੀ ਆਖਿਰੀ ਸੁਆਸ ਤੱਕ ਇਹ ਸਿਲਸਿਲਾ ਚਲਦਾ ਹੀ ਰਹਿਣਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਗਿਆਨ ਭੰਡਾਰ ਇਤਨਾ ਅਥਾਹ ਹੈ ਕਿ ਇਹ ਕਦੇ ਮੁਕਣਾ ਨਹੀਂ।

ਪਰ ਅੱਜ ਸਾਡੇ ਘਰਾਂ ਦਾ ਮਹੌਲ ਇਤਨਾ ਪ੍ਰਦੂਸ਼ਤ ਹੈ ਕਿ ਸਿੱਖ ਪਰਿਵਾਰਾਂ ਵਿੱਚੋਂ ਵੀ ਮਨਮਤਿ ਦੇ ਹੀ ਵੇਗ ਵੱਗ ਰਹੇ ਹਨ, ਉਥੋਂ ਬੱਚੇ ਨੂੰ ਕੀ ਪ੍ਰਾਪਤ ਹੋਵੇਗਾ? ਬਹੁਤੇ ਮਾਤਾ ਪਿਤਾ ਨੇ ਤਾਂ ਆਪ ਹੀ ਪਾਹੁਲ ਨਹੀਂ ਛਕੀ ਹੋਈ, ਉਹ ਬੱਚਿਆਂ ਨੂੰ ਕੀ ਪ੍ਰੇਰਨਾ ਦੇਣਗੇ? ਜਿਨ੍ਹਾਂ ਛਕੀ ਵੀ ਹੀ, ਉਨ੍ਹਾਂ ਵਿੱਚੋਂ ਵੀ ਬਹੁਤਾਤ ਉਨ੍ਹਾਂ ਦੀ ਹੈ, ਜਿਨ੍ਹਾਂ ਨੂੰ ਸ਼ਾਇਦ ਪਾਹੁਲ ਛੱਕਣ ਦਾ ਮਕਸਦ ਅਤੇ ਮਾਇਨਾ ਹੀ ਨਹੀਂ ਪਤਾ। ਉਨ੍ਹਾਂ ਦੀ ਸੰਗਤ ਵਿੱਚੋਂ ਬੱਚਿਆਂ ਨੂੰ ਕੀ ਪਰਾਪਤ ਹੋਵੇਗਾ ਅਤੇ ਉਹ ਆਪ ਸਤਿਗੁਰੂ ਨਾਲ ਕੀ ਪ੍ਰਣ ਨਿਭਾਉਣਗੇ?

ਇਹ ਕਮੀਂ ਸਾਡੇ ਗੁਰਦੁਆਰੇ ਪੂਰੀ ਕਰ ਸਕਦੇ ਸਨ। ਵੈਸੇ ਤਾਂ ਸਾਡੇ ਗੁਰਦੁਆਰਿਆਂ ਵਿੱਚ ਚਲਦੇ ਰੋਜ਼ਾਨਾ ਸਮਾਗਮ ਇਸ ਦੇ ਪੂਰਕ ਹੋਣੇ ਚਾਹੀਦੇ ਹਨ, ਪਰ ਇਹ ਕੌਮ ਦੀ ਬਦਕਿਸਮਤੀ ਹੀ ਕਹੀ ਜਾ ਸਕਦੀ ਹੈ ਕਿ ਸਾਡੇ ਬਹੁਤਾਤ ਗੁਰਦੁਆਰਿਆਂ ਦੇ ਪ੍ਰਬੰਧ ਤੇ ਐਸੇ ਲੋਕਾਂ ਦਾ ਕਬਜ਼ਾ ਹੈ, ਜਿਨ੍ਹਾਂ ਨੂੰ ਆਪ ਗੁਰਮਤਿ ਦੀ ਸੋਝੀ ਨਾ ਬਰਾਬਰ ਹੀ ਹੈ, ਉਨ੍ਹਾਂ ਸੰਗਤ ਨੂੰ ਕੀ ਦੇਣਾ ਹੈ? ਪ੍ਰਚਾਰਕ ਸ਼੍ਰੇਣੀ ਵਲੋਂ ਵੀ ਕੌਮ ਦੀ ਹਾਲਤ ਤਰਸ ਯੋਗ ਹੈ। ਪਹਿਲਾਂ ਤਾਂ ਬਹੁਤੇ ਪ੍ਰਚਾਰਕ ਹੀ ਬਾਬਿਆਂ ਦੇ ਡੇਰਿਆਂ `ਚੋਂ ਸਨਾਤਨੀ ਪ੍ਰਭਾਵ ਵਿੱਚੋਂ ਆਉਂਦੇ ਹਨ, ਜਿਹੜੇ ਕੁੱਝ ਗੁਰਮਤਿ ਦੀ ਸੋਝੀ ਰੱਖਣ ਵਾਲੇ ਵੀ ਹਨ, ਉਹ ਪ੍ਰਬੰਧਕਾਂ ਦੇ ਪ੍ਰਭਾਵ ਕਾਰਨ ਕੁੱਝ ਨਹੀਂ ਕਰ ਸਕਦੇ। ਉਨ੍ਹਾਂ ਨੂੰ ਆਪਣੀ ਨੌਕਰੀ ਦੀ ਚਿੰਤਾ ਰਹਿੰਦੀ ਹੈ। ਨਤੀਜਾ ਇਹ ਹੈ ਕਿ ਗੁਰਦੁਆਰਾ ਧਰਮਸਾਲ ਨਾ ਹੋ ਕੇ ਪੂਜਾ ਦਾ ਸਥਾਨ ਬਣ ਗਿਆ ਹੈ। ਇਨ੍ਹਾਂ ਸਾਰਿਆਂ ਤੋਂ ਵੀ ਵੱਡੀ ਸਮਸਿਆ ਹੈ ਕਿ ਕੌਮ ਦਾ ਸਾਇਦ 1% ਹਿੱਸਾ ਵੀ ਗੁਰਦੁਆਰੇ ਸਤਿਸੰਗਤ ਕਰਨ ਲਈ ਨਹੀਂ ਜਾਂਦਾ।

ਵਿਸਾਖੀ ਦਾ ਪੁਰਬ ਨੇੜੇ ਹੈ, ਕਈ ਗੁਰਦੁਆਰਿਆਂ ਵਿੱਚ ਅੰਮ੍ਰਿਤਸੰਚਾਰ ਦੇ ਨਾਂ ਤੇ ਪਾਹੁਲ ਛਕਾਉਣ ਦੇ ਸਮਾਗਮ ਰਖੇ ਜਾਣਗੇ। ਕਈ ਬਾਬਿਆਂ ਦੇ ਡੇਰਿਆਂ ਤੇ ਹੋਕੇ ਦਿੱਤੇ ਜਾਣਗੇ, ਆ ਜਾਓ, ਗੁਰੂ ਪਿਆਰਿਓ! ਚੜ੍ਹ ਜਾਓ ਜਹਾਜ਼ ਤੇ। ਸਾਡੇ ਤਾਂ ਇੱਕ ਨਵੀਂ ਰਿਵਾਇਤ ਚੱਲ ਪਈ ਹੈ, ਲਾਲਚ ਦੇਕੇ ਅੰਮ੍ਰਿਤ ਛਕਾਉਣ ਦੀ। ਕਿਤੇ ਕਕਾਰ ਮੁਫਤ ਦੇਣ ਦਾ ਲਾਲਚ ਦਿੱਤਾ ਜਾ ਰਿਹਾ ਹੈ, ਕਿਤੇ ਕੋਈ ਵਿਸ਼ੇਸ਼ ਤੋਹਫਾ ਦੇਣ ਦਾ। ਪਿਛਲੇ ਦਿਨਾਂ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਲਾਲਚ ਦਿੱਤਾ ਕਿ ਜੋ ਅੰਮ੍ਰਿਤ ਛਕੇਗਾ, ਉਸ ਨੂੰ ਜਥੇ ਨਾਲ ਪਾਕਿਸਤਾਨ ਜਾਣ ਦਾ ਵੀਜ਼ਾ ਦਿੱਤਾ ਜਾਵੇਗਾ। ਜਿਸ ਪਾਹੁਲ ਨੂੰ ਸੀਸ ਭੇਟ ਕਰ ਕੇ ਪ੍ਰਾਪਤ ਕਰਨਾ ਵੀ ਸਿੱਖ ਨੇ ਸੁਭਾਗ ਸਮਝਿਆ, ਅੱਜ ਉਸ ਪਾਹੁਲ ਦਾ ਮੁੱਲ ਪੈ ਗਿਆ। ਉਸ ਦੇ ਵਾਸਤੇ ਲਾਲਚ ਦਿੱਤੇ ਜਾ ਰਹੇ ਹਨ। ਅਸੀਂ ਆਪ ਹੀ ਨਿਰਣਾ ਕਰ ਲਈਏ ਕਿ ਇਸ ਤਰ੍ਹਾਂ ਲਾਲਚ ਅਧੀਨ ਛੱਕਿਆ ਅੰਮ੍ਰਿਤ (?) ਗੁਰੂ ਨਾਲ ਪ੍ਰਣ ਹੋਵੇਗਾ ਜਾਂ ਇੱਕ ਕਰਮ ਕਾਂਡ?

ਅੱਜ ਦੇ ਹਾਲਾਤ ਮੁਤਾਬਕ ਚਾਹੀਦਾ ਤਾਂ ਇਹ ਹੈ ਕਿ ਹਰ ਸ਼ਹਿਰ ਵਿੱਚ, ਨਗਰ ਵਿੱਚ, ਖੰਡੇ-ਬਾਟੇ ਦੀ ਪਾਹੁਲ ਛਕਾਉਣ ਦਾ ਸਮਾਗਮ ਰਖਣ ਤੋਂ ਪਹਿਲਾਂ, ਜਗਿਆਸੂ ਪ੍ਰਾਣੀਆਂ ਦਾ ਤਕਰੀਬਨ ਇੱਕ ਮਹੀਨੇ ਦਾ ਕੈਂਪ ਲਾਇਆ ਜਾਵੇ, ਉਨ੍ਹਾਂ ਨੂੰ ਗੁਰਮਤਿ ਦੀ ਮੁਢਲੀ ਸੋਝੀ ਦੇਕੇ ਇਸ ਨਵੇਂ ਜੀਵਨ ਵਾਸਤੇ ਤਿਆਰ ਕੀਤਾ ਜਾਵੇ। ਗੁਰਮਤਿ ਰਾਹੀਂ ਉਨ੍ਹਾਂ ਦੇ ਜੀਵਨ ਨੂੰ ਇਲਾਹੀ ਨਾਮ ਅੰਮ੍ਰਿਤ ਨਾਲ ਰੰਗਿਆ ਜਾਵੇ। ਉਨ੍ਹਾਂ ਨੂੰ ਖੰਡੇ-ਬਾਟੇ ਦੀ ਪਾਹੁਲ ਦੀ ਮਹੱਤਤਾ ਦ੍ਰਿੜ ਕਰਾਈ ਜਾਵੇ। ਇਹ ਤਿਆਰੀ ਕਰਾਕੇ ਉਨ੍ਹਾਂ ਨੂੰ ਖੰਡੇ-ਬਾਟੇ ਦੀ ਪਾਹੁਲ ਛਕਾਈ ਜਾਵੇ। ਫਿਰ ਇਹ ਸੱਚ-ਮੁੱਚ ਸਤਿਗੁਰੂ ਨੂੰ ਸਮਰਪਿਤ ਹੋਣ ਅਤੇ ਇੱਕ ਨਵੇਂ ਅਮਲੀ ਗੁਰਮਤਿ ਜੀਵਨ ਦੀ ਸ਼ੁਰੂਆਤ ਦਾ ਸੰਸਕਾਰ ਹੋਵੇਗਾ, ਕੋਈ ਕਰਮਕਾਂਡ ਨਹੀਂ। ਐਸੇ ਅੰਮ੍ਰਿਤਧਾਰੀ ਖਾਲਸੇ ਹੀ ਸਤਿਗੁਰੂ ਦੀ ਇਸ ਅਦੁੱਤੀ ਬਖਸ਼ਿਸ਼ ਦਾ ਸਮਾਜ ਵਿੱਚ ਸਨਮਾਨ, ਸਤਿਕਾਰ ਸਥਾਪਤ ਕਰਨਗੇ।

ਚਲਦਾ…. .




.