ੴਸਤਿਗੁਰਪ੍ਰਸਾਦਿ ॥
ਇਕ ਅਦੁੱਤੀ ਬਖਸ਼ਿਸ਼
ਰਾਜਿੰਦਰ ਸਿੰਘ, (ਮੁੱਖ ਸੇਵਾਦਾਰ)
ਸ਼੍ਰੋਮਣੀ ਖਾਲਸਾ ਪੰਚਾਇਤ,
ਟੈਲੀਫੋਨ: +919876104726
ਕਿਸ਼ਤ ਤੀਸਰੀ
ਗੁਰਬਾਣੀ ਵਿੱਚ ਮਨੁੱਖਾ ਜੀਵਨ ਦਾ ਮਨੋਰਥ ਅਕਾਲ ਪੁਰਖ ਨਾਲ ਅਭੇਦ ਹੋਣਾ
ਦੱਸਿਆ ਹੈ। ਸਤਿਗੁਰੂ ਦੇ ਪਾਵਨ ਬਚਨ ਹਨ:
“ਭਈ ਪਰਾਪਤਿ ਮਾਨੁਖ ਦੇਹੁਰੀਆ।। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ।। ਅਵਰਿ
ਕਾਜ ਤੇਰੈ ਕਿਤੈ ਨ ਕਾਮ।। ਮਿਲੁ ਸਾਧ ਸੰਗਤਿ ਭਜੁ ਕੇਵਲ ਨਾਮ।। ੧।। “ {ਆਸਾ ਮਹਲਾ ੫, ਪੰਨਾ
੧੨}
(ਹੇ ਭਾਈ
!)
ਤੈਨੂੰ ਸੋਹਣਾ ਮਨੁੱਖਾ ਸਰੀਰ ਮਿਲਿਆ ਹੈ। ਪਰਮਾਤਮਾ ਨੂੰ ਮਿਲਣ ਦਾ ਤੇਰੇ ਲਈ ਇਹੀ ਮੌਕਾ ਹੈ। (ਜੇ
ਪ੍ਰਭੂ ਨੂੰ ਮਿਲਣ ਲਈ ਕੋਈ ਉੱਦਮ ਨਾਹ ਕੀਤਾ, ਤਾਂ) ਹੋਰ ਸਾਰੇ ਕੰਮ ਤੇਰੇ ਆਪਣੇ ਕਿਸੇ ਭੀ ਅਰਥ
ਨਹੀਂ (ਤੇਰੀ ਜਿੰਦ ਨੂੰ ਕੋਈ ਲਾਭ ਨਹੀਂ ਅਪੜਾਣਗੇ)। (ਇਸ ਵਾਸਤੇ) ਸਾਧ ਸੰਗਤਿ ਵਿੱਚ (ਭੀ) ਮਿਲ
ਬੈਠਿਆ ਕਰ (ਸਾਧ ਸੰਗਤਿ ਵਿੱਚ ਬੈਠ ਕੇ ਭੀ) ਸਿਰਫ਼ ਪਰਮਾਤਮਾ ਦਾ ਨਾਮ ਸਿਮਰਿਆ ਕਰ (ਸਾਧ ਸੰਗਤਿ
ਵਿੱਚ ਬੈਠਣ ਦਾ ਭੀ ਤਦੋਂ ਹੀ ਲਾਭ ਹੈ ਜੇ ਉਥੇ ਤੂੰ ਪਰਮਾਤਮਾ ਦੀ ਸਿਫ਼ਤਿ-ਸਲਾਹ ਵਿੱਚ ਜੁੜੇਂ)। ੧।
ਸਤਿਗੁਰੂ ਨੇ ਉਪਰੋਕਤ ਸ਼ਬਦ ਵਿੱਚ ਅਕਾਲ–ਪੁਰਖ ਨਾਲ ਮਿਲਾਪ ਕਰਨ ਦਾ ਜੋ
ਤਰੀਕਾ ਦੱਸਿਆ ਹੈ, ਉਹ ਹੈ ‘ਨਾਮ ਸਿਮਰਨ`। ਨਾਮ ਸਿਮਰਨਾ, ਧਿਆਉਣਾ, ਭਜਨਾ, ਜਪਣਾ ਆਦਿ ਸਾਰੇ
ਸਮਭਾਵੀ ਸ਼ਬਦ ਹਨ। ਨਾਮ ਸਿੱਖੀ ਦਾ ਅਧਾਰ ਹੈ ਪਰ ਅੱਜ ਸਿੱਖ ਕੌਮ ਵਿੱਚ ਨਾਮ ਅਤੇ ਨਾਮ ਸਿਮਰਨ ਬਾਰੇ
ਇਤਨਾ ਭੁਲੇਖਾ ਪਾ ਦਿੱਤਾ ਗਿਆ ਹੈ ਕਿ ਬਹੁਤਾਤ ਕੌਮ ਗੁਮਰਾਹ ਹੋ ਗਈ ਜਾਪਦੀ ਹੈ, ਹਾਲਾਂਕਿ ਗੁਰਬਾਣੀ
ਵਿੱਚੋਂ ਅਗਵਾਈ ਲੈਣ ਦੀ ਕੋਸ਼ਿਸ਼ ਕਰੀਏ ਤਾਂ ਸਤਿਗੁਰੂ ਨੇ ਕੋਈ ਭੁਲੇਖੇ ਦੀ ਗੁੰਜਾਇਸ਼ ਛੱਡੀ ਹੀ
ਨਹੀਂ। ਜਿਸ ਨਾਮ ਨੂੰ ਸਤਿਗੁਰੂ ਮਨ ਵਿੱਚ ਵਸਾਉਣ ਦੀ ਨਸੀਹਤ ਦੇਂਦੇ ਹਨ, ਉਸ ਨਾਮ ਦੇ ਨਾਂ ਤੇ ਰੋਜ਼
ਉਚੀ ਉਚੀ ਕੂਕਾਂ ਮਾਰੀਆਂ ਜਾ ਰਹੀਆਂ ਹਨ, ਜਦਕਿ ਨਾਮ ਮਨ ਵਿੱਚ ਵਸਾਉਣ ਦੀ ਜਾਚ ਸਤਿਗੁਰੂ ਸਾਨੂੰ
ਇੰਝ ਦਸਦੇ ਹਨ:
“ਗੁਰ ਤੇ ਗਿਆਨੁ ਪਾਇਆ ਅਤਿ ਖੜਗੁ ਕਰਾਰਾ।। ਦੂਜਾ ਭ੍ਰਮੁ ਗੜੁ ਕਟਿਆ ਮੋਹੁ
ਲੋਭੁ ਅਹੰਕਾਰਾ।। ਹਰਿ ਕਾ ਨਾਮੁ ਮਨਿ ਵਸਿਆ ਗੁਰ ਸਬਦਿ ਵੀਚਾਰਾ।। “ {ਮਾਰੂ ਵਾਰ ਮਹਲਾ ੩, ਪੰਨਾ
੧੦੮੭}
(ਗਿਆਨ, ਮਾਨੋ) ਬੜਾ ਤੇਜ਼ ਖੰਡਾ ਹੈ, ਇਹ ਗਿਆਨ ਗੁਰੂ ਤੋਂ ਮਿਲਦਾ ਹੈ, (ਜਿਸ
ਨੂੰ ਮਿਲਿਆ ਹੈ ਉਸ ਦਾ) ਮਾਇਆ ਦੀ ਖ਼ਾਤਰ ਭਟਕਣਾ, ਮੋਹ, ਲੋਭ ਤੇ ਅਹੰਕਾਰ-ਰੂਪ ਕਿਲ੍ਹਾ (ਜਿਸ ਵਿੱਚ
ਉਹ ਘਿਰਿਆ ਪਿਆ ਸੀ, ਇਸ ਗਿਆਨ-ਖੜਗ ਨਾਲ) ਕੱਟਿਆ ਜਾਂਦਾ ਹੈ; ਗੁਰੂ ਦੇ ਸ਼ਬਦ ਵਿੱਚ ਸੁਰਤਿ ਜੋੜਿਆਂ
ਉਸ ਦੇ ਮਨ ਵਿੱਚ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ
।
ਜਦ ਗੁਰੂ ਸ਼ਬਦ ਦੀ ਵਿਚਾਰ ਨਾਲ ਸਤਿਗੁਰੂ ਕੋਲੋਂ ਗਿਆਨ ਦੀ ਖੜਗ ਹਾਸਲ ਕਰ
ਲਈ, ਫੇਰ ਗਿਆਨ ਖੜਗ ਦੀ ਸ਼ਕਤੀ ਨਾਲ, ਗਿਆਨ ਖੜਗ ਦੇ ਵਾਰ ਨਾਲ, ਸਾਰੀ ਦੁਬਿਧਾ ਦਾ ਨਾਸ ਹੋ ਗਿਆ,
ਜਿਹੜੇ ਵਿਕਾਰ ਜੀਵਨ ਤੇ ਭਾਰੂ ਸਨ, ਜਿਨ੍ਹਾਂ ਦਾ ਗੁਲਾਮ ਬਣ ਕੇ ਜੀਵਨ ਬਤੀਤ ਕਰ ਰਹੇ ਸਾਂ, ਉਹ
ਵਿਕਾਰ ਵੀ ਵੱਸ ਵਿੱਚ ਆ ਗਏ, ਜੀਵਨ ਵਿੱਚੋਂ ਔਗੁਣ ਨਿਕਲ ਗਏ ਤੇ ਮਨ ਸੁੱਚਾ ਹੋ ਗਿਆ। ਔਗੁਣਾਂ ਦੀ
ਜਗ੍ਹਾ ਜੀਵਨ ਗੁਣਾਂ ਨਾਲ ਸ਼ਿੰਗਾਰਿਆ ਗਿਆ। ਸਤਿਗੁਰੂ ਬਖਸ਼ਿਸ਼ ਕਰਦੇ ਹਨ ਕਿ ਜੀਵਨ ਨੂੰ ਗੁਣਾਂ ਨਾਲ
ਸ਼ਿੰਗਾਰਨ ਨਾਲ ਹੀ ਨਾਮ ਧਨੁ ਪ੍ਰਾਪਤ ਹੋ ਜਾਵੇਗਾ। ਸਤਿਗੁਰੂ ਬਖਸ਼ਿਸ਼ ਕਰਦੇ ਸ਼ਮਝਾਉਂਦੇ ਹਨ:
“ਸਾਚੀ ਬਾਣੀ ਸੂਚਾ ਹੋਇ।। ਗੁਣ ਤੇ ਨਾਮੁ ਪਰਾਪਤਿ ਹੋਇ।। “ {ਆਸਾ ਮਹਲਾ ੩,
ਪੰਨਾ ੩੬੧}
ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤਿ-ਸਣਾਲਾਹ ਦੀ ਬਾਣੀ ਦੀ ਬਰਕਤਿ
ਨਾਲ ਮਨੁੱਖ ਪਵਿਤ੍ਰ ਜੀਵਨ ਵਾਲਾ ਹੋ ਜਾਂਦਾ ਹੈ। ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਉਸ ਨੂੰ ਪਰਮਾਤਮਾ
ਦੇ ਨਾਮ ਦਾ ਸੌਦਾ ਮਿਲ ਜਾਂਦਾ ਹੈ।
ਜੋ ਲੋਕ ਗੁਰਬਾਣੀ ਦੇ ਇਲਾਹੀ ਗਿਆਨ ਦੁਆਰਾ ਜੀਵਨ ਨੂੰ ਅਮੋਲਕ ਗੁਣਾਂ ਨਾਲ
ਸ਼ਿਗਾਰਨ ਦੀ ਬਜਾਏ ਸਿਰਫ ਕਿਸੇ ਇੱਕ ਸ਼ਬਦ ਦੇ ਰਟਨ ਦੁਆਰਾ ਨਾਮ ਸਿਮਰਨ ਦਾ ਭਰਮ ਪਾਲ ਰਹੇ ਹਨ,
ਸਤਿਗੁਰੂ ਉਨ੍ਹਾਂ ਨੂੰ ਸਮਝਾਉਂਦੇ ਹਨ ਕਿ ਤੁਹਾਨੂੰ ਪਛਤਾਉਣਾ ਪਵੇਗਾ। ਗੁਰਬਾਣੀ ਦੇ ਪਾਵਨ ਬਚਨ ਹਨ:
“ਵਣਜੁ ਕਰਹੁ ਮਖਸੂਦੁ ਲੈਹੁ ਮਤ ਪਛੋਤਾਵਹੁ।। ਅਉਗਣ ਛੋਡਹੁ ਗੁਣ ਕਰਹੁ ਐਸੇ ਤਤੁ ਪਰਾਵਹੁ।। ੭।।
“ {ਆਸਾ ਕਾਫੀ ਮਹਲਾ ੧, ਪੰਨਾ ੪੧੮}
(ਹੇ ਭਾਈ
!
ਨਾਮ-ਸਿਮਰਨ ਦਾ ਅਜੇਹਾ) ਵਣਜ-ਵਪਾਰ ਕਰੋ, ਜਿਸ ਤੋਂ ਜੀਵਨ ਮਨੋਰਥ ਦਾ ਲਾਭ ਖੱਟ ਸਕੋ, ਨਹੀਂ ਤਾਂ
ਪਛਤਾਣਾ ਪਵੇਗਾ। ਮਾੜੇ ਕੰਮ ਛੱਡੋ, ਗੁਣ ਗ੍ਰਹਣ ਕਰੋ। ਇਸ ਤਰ੍ਹਾਂ ਅਸਲ (ਖੱਟੀ) ਖੱਟੋ। ੭।
ਸੋ ਅਸਲ ਗੱਲ ਹੈ ਗੁਰਬਾਣੀ ਦੇ ਇਲਾਹੀ ਗਿਆਨ ਦੁਆਰਾ ਜੀਵਨ ਨੂੰ ਗੁਣਾਂ ਨਾਲ
ਸ਼ਿੰਗਾਰ ਲੈਣਾ। ਜੇ ਗੁਣ ਹਨ ਤਾਂ ਸਿੱਖੀ ਹੈ। ਜੇ ਜੀਵਨ ਗੁਣਾਂ ਤੋਂ ਸੱਖਣਾ ਹੈ ਤਾਂ ਕੇਵਲ ਵਿਖਾਵੇ
ਦੀ ਸਿੱਖੀ ਹੋ ਸਕਦੀ ਹੈ। ਸਿੱਧੇ ਲਫਜ਼ਾਂ ਵਿੱਚ ਇਹ ਕਹਿ ਸਕਦੇ ਹਾਂ ਕਿ ਸਿੱਖ ਧਰਮ ਗੁਣਾਂ ਦਾ ਧਰਮ
ਹੈ। ਇਸੇ ਲਈ ਸਤਿਗੁਰੂ ਸਾਨੂੰ ਜਿਥੋਂ ਵੀ ਗੁਣ ਮਿਲਣ, ਉਨ੍ਹਾਂ ਨੂੰ ਸੰਭਾਲ ਲੈਣ ਦੀ ਤਾਕੀਦ ਕਰਦੇ
ਹਨ।
“ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ।। ਜੇ ਗੁਣ ਹੋਵਨਿੑ ਸਾਜਨਾ ਮਿਲਿ
ਸਾਝ ਕਰੀਜੈ।। ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ।। “ {ਰਾਗੁ ਸੂਹੀ ਛੰਤ ਮਹਲਾ ੧, ਪੰਨਾ
੭੬੫}
ਜੇ ਕਿਸੇ ਨੂੰ ਗੁਣਾਂ ਦਾ ਡੱਬਾ ਲੱਭ ਪਏ, ਤਾਂ ਉਹ ਡੱਬਾ ਖੋਹਲ ਕੇ (ਡੱਬੇ
ਵਿਚਲੀ) ਸੁਗੰਧੀ ਲੈਣੀ ਚਾਹੀਦੀ ਹੈ। (ਹੇ ਭਾਈ
!)
ਜੇ ਤੂੰ ਚਾਹੁੰਦਾ ਹੈਂ ਕਿ ਤੇਰੇ ਅੰਦਰ ਗੁਣ ਪੈਦਾ ਹੋਣ, ਤਾਂ ਗੁਰਮੁਖਾਂ ਨੂੰ ਮਿਲ ਕੇ ਉਹਨਾਂ ਨਾਲ
ਗੁਣਾਂ ਦੀ ਸਾਂਝ ਕਰਨੀ ਚਾਹੀਦੀ ਹੈ। (ਗੁਰਮੁਖਾਂ ਨਾਲ) ਗੁਣਾਂ ਦੀ ਸਾਂਝ ਕਰਨੀ ਚਾਹੀਦੀ ਹੈ, ਇਸ
ਤਰ੍ਹਾਂ (ਅੰਦਰੋਂ) ਔਗੁਣ ਤਿਆਗ ਕੇ ਜੀਵਨ-ਰਾਹ ਤੇ ਤੁਰ ਸਕੀਦਾ ਹੈ।
ਸਾਡੇ ਤੋਂ ਵੱਡੇ ਭਾਗਾਂ ਵਾਲਾ ਕੌਣ ਹੋ ਸਕਦਾ ਹੈ, ਜਿਨ੍ਹਾਂ ਨੂੰ ਗੁਰੂ
ਗ੍ਰੰਥ ਸਾਹਿਬ ਜਿਹੇ ਗੁਣਾਂ ਦੇ ਖਜ਼ਾਨੇ ਸਤਿਗੁਰੂ ਦੇ ਸਿੱਖ ਬਣਨ ਦਾ ਸੁਭਾਗ ਪਰਾਪਤ ਹੋਇਆ ਹੈ? ਨਾਲੇ
ਦੁਨੀਆਂ ਵਿੱਚ, ਗੁਰੂ ਗ੍ਰੰਥ ਸਾਹਿਬ ਨਾਲੋਂ ਵੱਡੀ ਗੁਣਾ ਦੀ ਸਾਂਝ ਦੀ ਮਿਸਾਲ ਹੋਰ ਕਿਤੇ ਨਹੀਂ ਮਿਲ
ਸਕਦੀ। ਸਾਰੇ ਗੁਰੂ ਸਾਹਿਬਾਨ ਤਾਂ ਗੁਣਾਂ ਦੇ ਮੁਜਸਮੇਂ ਸਨ ਹੀ, ਉਨ੍ਹਾਂ ਦੇ ਨਾਲ ਹੋਰ ਜਿਥੋਂ ਵੀ
ਇਲਾਹੀ ਗੁਣ ਪ੍ਰਗਟ ਹੋਏ ਮਿਲੇ, ਉਨ੍ਹਾਂ ਨੂੰ ਗੁਰਬਾਣੀ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਅੰਦਰ ਸਮੇਟ
ਲਿਆ। ਇਸ ਦੁਨਿਆਵੀ ਵਿਹਾਰ ਦੀ ਬਿਲਕੁਲ ਕੋਈ ਪਰਵਾਹ ਨਹੀਂ ਕੀਤੀ ਕਿ ਉਨ੍ਹਾਂ ਨੂੰ ਉਚਾਰਨ ਕਰਨ ਵਾਲਾ
ਕਿਸ ਕੌਮ, ਜਾਤ, ਵਰਨ, ਭਾਸ਼ਾ ਜਾਂ ਇਲਾਕੇ ਨਾਲ ਸਬੰਧ ਰਖਦਾ ਹੈ। ਸਿਰਫ ਇਕੋ ਗੱਲ ਦੀ ਪਰਖ ਕੀਤੀ ਕਿ
ਵਿਚਾਧਾਰਾ ਗੁਰੂ ਨਾਨਕ ਪਾਤਿਸ਼ਾਹ ਦੀ ਅਲੌਕਿਕ ਵਿਚਾਰਧਾਰਾ ਨਾਲ ਮੇਲ ਖਾਣੀ ਚਾਹੀਦੀ ਹੈ। ਸਿੱਖ ਕੌਮ
ਦੀ ਹਰ ਸੰਸਥਾ ਵੀ ਗੁਣਾਂ ਦੇ ਅਧਾਰ ਤੇ ਹੀ ਸਥਾਪਤ ਕੀਤੀ ਗਈ ਹੈ। ਅਸੀਂ ਆਪਣੀ ਬਿਬੇਕ ਬੁੱਧੀ ਦੁਆਰਾ
ਆਪਣੀਆਂ ਸੰਸਥਾਵਾਂ ਦੇ ਹਰ ਵਰਤਾਰੇ ਵਿੱਚੋਂ ਗੁਣਾਂ ਦੀ ਭਾਲ ਕਰਕੇ ਆਪਣੇ ਜੀਵਨ ਨੂੰ ਸ਼ਿੰਗਾਰਨਾ ਹੈ।
ਆਓ! ਖੰਡੇ ਬਾਟੇ ਦੀ ਪਾਹੁਲ ਦੇ ਵਰਤਾਰੇ ਵਿੱਚੋਂ ਵੀ ਸਤਿਗੁਰੂ ਵਲੋਂ ਸਮੋਏ
ਪਾਵਨ ਗੁਣਾਂ ਦੀ ਭਾਲ ਕਰਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ, ਪਾਹੁਲ ਤਿਆਰ ਕਰਨ ਦੀ ਵਿਧੀ
ਦੀ।
ਪਾਹੁਲ ਤਿਆਰ ਕਰਨ ਲਈ ਇੱਕ ਖੁੱਲੇ ਮੂੰਹ ਵਾਲੇ ਬਾਟੇ ਦੀ ਵਰਤੋਂ ਕੀਤੀ
ਜਾਂਦੀ ਹੈ। ਬਾਟੇ ਦਾ ਖੁੱਲਾ ਮੂੰਹ ਵਿਸ਼ਾਲਤਾ ਦਾ ਪ੍ਰਤੀਕ ਹੈ, ਉਹ ਵਿਸ਼ਾਲਤਾ ਜੋ ਗੁਰੂ ਗ੍ਰੰਥ
ਸਾਹਿਬ ਪਾਤਿਸ਼ਾਹ ਦੇ ਇਲਾਹੀ ਗਿਆਨ ਨੂੰ ਧਾਰਨ ਕਰਨ ਨਾਲ ਸਿੱਖ ਦੇ ਹਿਰਦੇ ਵਿੱਚ ਪ੍ਰਗਟ ਹੋਈ ਹੈ। ਇਸ
ਵਿਸ਼ਾਲਤਾ ਦੀ ਨੀਂਹ ਗੁਰੂ ਨਾਨਕ ਪਾਤਿਸ਼ਾਹ ਨੇ ਇਨ੍ਹਾਂ ਬਚਨਾਂ ਨਾਲ ਰੱਖੀ ਹੈ:
“ਘਾਲਿ ਖਾਇ ਕਿਛੁ ਹਥਹੁ ਦੇਇ।। ਨਾਨਕ ਰਾਹੁ ਪਛਾਣਹਿ ਸੇਇ।। ੧।। “ (ਸਲੋਕ ਮਃ ੧, ਪੰਨਾ ੧੨੪੫)
ਜੋ ਜੋ ਮਨੁੱਖ ਮਿਹਨਤ ਨਾਲ ਕਮਾ ਕੇ (ਆਪ) ਖਾਂਦਾ ਹੈ ਤੇ ਉਸ ਕਮਾਈ ਵਿਚੋਂ ਕੁੱਝ (ਹੋਰਨਾਂ ਨੂੰ
ਭੀ) ਦੇਂਦਾ ਹੈ, ਹੇ ਨਾਨਕ! ਅਜੇਹੇ ਬੰਦੇ ਹੀ ਜ਼ਿੰਦਗੀ ਦਾ ਸਹੀ ਰਸਤਾ ਪਛਾਣਦੇ ਹਨ। ੧।
ਸਤਿਗੁਰੂ ਦੇ ਇਸ ਸਿਧਾਂਤ ਦੀ ਵਿਆਖਿਆ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ
ਵਿੱਚ ਇੰਝ ਕੀਤੀ ਹੈ:
·
ਕਿਰਤ ਵਿਰਤ ਕਰ ਧਰਮ ਦੀ ਖੱਟ
ਖਵਾਲਨ ਕਾਰ ਕਰੇਹੀ॥ (1-3-4)
·
ਕਿਰਤ ਵਿਰਤ ਕਰ ਧਰਮ ਦੀ ਹਥਹੁੰ
ਦੇਕੇ ਭਲਾ ਮਨਾਵੈ॥ (6-12-5)
·
ਕਿਰਤ ਵਿਰਤ ਕਰਿ ਧਰਮੁ ਦੀ ਲੈ
ਪਰਸਾਦ ਆਣਿ ਵਰਤੰਦਾ॥ (40-11-5)
ਇਹੀ ਹੈ ਉਹ ਪਾਵਨ ਸਿਧਾਂਤ ਜਿਸ ਰਾਹੀਂ ਖਾਲਸਾ ਜੀ ਦੀ ਦੇਗ ਚਲਦੀ ਹੈ, ਜੋ
ਦੁਨੀਆਂ ਦੇ ਹਰ ਕੋਨੇ ਵਿੱਚ ਗੁਰਦੁਆਰਿਆਂ ਵਿੱਚ ਵਰਤ ਰਹੇ ਲੰਗਰ ਰਾਹੀਂ ਪ੍ਰਗਟ ਹੁੰਦੀ ਹੈ, ਜਿਥੇ
ਹਰ ਲੋੜਵੰਦ ਨੂੰ ਲੰਗਰ ਦੇ ਨਾਲ ਠਹਿਰਣ ਵਾਸਤੇ ਠਾਹਰ ਵੀ ਮਿਲਦੀ ਹੈ। ਇਹ ਸਾਰੇ ਕਾਰਜ ਕਿਰਤੀ
ਸਿੱਖਾਂ ਵਲੋਂ ਭੇਟ ਕੀਤੇ ਦਸਵੰਧ ਨਾਲ ਚਲਦੇ ਹਨ ਅਤੇ ਕਿਰਤੀ ਸਿੱਖ ਹੀ ਪ੍ਰਬੰਧਕੀ ਰੂਪ ਵਿੱਚ ਇਸ
ਕਾਰਜ ਨੂੰ ਚਲਾਉਂਦੇ ਹਨ। ਇਤਨਾ ਹੀ ਨਹੀਂ ਇਸੇ ਨਾਤੇ, ਹਰ ਸਿੱਖ ਦੇ ਘਰ ਦੀ ਰਸੋਈ ਗੁਰੂ ਕਾ ਲੰਗਰ
ਹੈ। ਨਾ ਤਾਂ ਇਸ ਦੀ ਸੀਮਾਂ ਗੁਰਦੁਆਰਾ ਹੈ, ਨਾ ਲੰਗਰ, ਬਲਕਿ ਸਿੱਖ ਦਾ ਧਰਮ ਹਰ ਲੋੜਵੰਦ ਦੀ ਮਦਦ
ਕਰਨਾ ਸਿਖਾਉਂਦਾ ਹੈ, ਪਰ ਇਹ ਸਾਰੇ ਕਾਰਜ ਸਿੱਖ ਆਪਣੀ ਕਿਰਤ ਵਿਰਤ ਭਾਵ ਮਿਹਨਤ ਨਾਲ ਕੀਤੀ ਹੱਕ
ਹਲਾਲ ਦੀ ਕਮਾਈ ਵਿੱਚੋਂ ਕਰਦਾ ਹੈ, ਉਹ ਵੀ ਦਾਨ ਸਮਝ ਕੇ ਨਹੀਂ, ਆਪਣਾ ਕਰਤਵ ਸਮਝ ਕੇ। ਇਹ ਉਸ ਦੇ
ਜੀਵਨ ਦੇ ਸੱਚ ਵਿਓਹਾਰ ਦਾ ਇੱਕ ਕੁਦਰਤੀ ਵਰਤਾਰਾ ਹੈ।
ਹੈਰਾਨਗੀ ਦੀ ਗੱਲ ਹੈ ਕਿ ਕੁੱਝ ਵਿਹਲੜ, ਪਖੰਡੀ, ਮਹਾਂਠੱਗ ਲੋਕ, ਜੋ ਆਪ
ਗੁਰੂ ਨਾਨਕ ਪਾਤਿਸ਼ਾਹ ਦੇ ਇਸ ਸਿਧਾਂਤ ਤੇ ਖਰੇ ਨਹੀਂ ਉਤਰਦੇ, ਅੱਜ ਸਿੱਖ ਕੌਮ ਵਿੱਚ ਅੰਮ੍ਰਿਤ
ਸੰਚਾਰ ਕਰਾ ਰਹੇ ਹਨ ਅਤੇ ਵੱਡੇ ਵੱਡੇ ਲੰਗਰ ਚਲਾ ਰਹੇ ਹਨ। ਅਸਲ ਵਿੱਚ ਇਹ ਲੋਕ ਗੁਰੂ ਨਾਨਕ
ਪਾਤਿਸ਼ਾਹ ਦੇ ਉਪਰੋਕਤ ਸ਼ਬਦ ਦੀਆਂ ਇਨ੍ਹਾਂ ਪੰਕਤੀਆਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ:
“ਗਿਆਨ ਵਿਹੂਣਾ ਗਾਵੈ ਗੀਤ।। ਭੁਖੇ ਮੁਲਾਂ ਘਰੇ ਮਸੀਤਿ।। ਮਖਟੂ ਹੋਇ ਕੈ
ਕੰਨ ਪੜਾਏ।। ਫਕਰੁ ਕਰੇ ਹੋਰੁ ਜਾਤਿ ਗਵਾਏ।। ਗੁਰੁ ਪੀਰੁ ਸਦਾਏ ਮੰਗਣ ਜਾਇ।। ਤਾ ਕੈ ਮੂਲਿ ਨ ਲਗੀਐ
ਪਾਇ।। “
(ਪੰਡਿਤ ਦਾ ਇਹ ਹਾਲ ਹੈ ਕਿ) ਪਰਮਾਤਮਾ ਦੇ ਭਜਨ ਤਾਂ ਗਾਂਦਾ ਹੈ ਪਰ ਆਪ ਸਮਝ
ਤੋਂ ਸੱਖਣਾ ਹੈ (ਭਾਵ, ਇਸ ਭਜਨ ਗਾਣ ਨੂੰ ਉਹ ਰੋਜ਼ੀ ਦਾ ਵਸੀਲਾ ਬਣਾਈ ਰੱਖਦਾ ਹੈ, ਸਮਝ ਉੱਚੀ ਨਹੀਂ
ਹੋ ਸਕੀ)। ਭੁੱਖ ਦੇ ਮਾਰੇ ਹੋਏ ਮੁੱਲਾਂ ਦੀ ਮਸੀਤ ਭੀ ਰੋਜ਼ੀ ਦੀ ਖ਼ਾਤਰ ਹੀ ਹੈ (ਭਾਵ, ਮੁੱਲਾਂ ਨੇ
ਭੀ ਬਾਂਗ ਨਮਾਜ਼ ਆਦਿਕ ਮਸੀਤ ਦੀ ਕ੍ਰਿਆ ਨੂੰ ਰੋਟੀ ਦਾ ਵਸੀਲਾ ਬਣਾਇਆ ਹੋਇਆ ਹੈ) (ਤੀਜਾ ਇਕ) ਹੋਰ
ਹੈ ਜੋ ਹੱਡ-ਹਰਾਮ ਹੋਣ ਕਰਕੇ ਕੰਨ ਪੜਵਾ ਲੈਂਦਾ ਹੈ, ਫ਼ਕੀਰ ਬਣ ਜਾਂਦਾ ਹੈ, ਕੁਲ ਦੀ ਅਣਖ ਗਵਾ
ਬੈਠਦਾ ਹੈ, (ਉਂਝ ਤਾਂ ਆਪਣੇ ਆਪ ਨੂੰ) ਗੁਰੂ ਪੀਰ ਅਖਵਾਂਦਾ ਹੈ (ਪਰ ਰੋਟੀ ਦਰ ਦਰ) ਮੰਗਦਾ ਫਿਰਦਾ
ਹੈ; ਅਜੇਹੇ ਬੰਦੇ ਦੇ ਪੈਰੀਂ ਭੀ ਕਦੇ ਨਹੀਂ ਲੱਗਣਾ ਚਾਹੀਦਾ।
ਕੁਝ ਭੋਲੇ ਸਿੱਖ ਕਹਿਣਗੇ, ਸਾਡੇ ਮਹਾਂਪੁਰਖ (ਮਹਾਂਠੱਗ) ਮੰਗਣ ਥੋੜਾ ਹੀ
ਜਾਂਦੇ ਹਨ, ਅਸੀਂ ਤਾਂ ਆਪ ਸ਼ਰਧਾ ਵੱਸ ਉਨ੍ਹਾਂ ਨੂੰ ਭੇਟਾ ਕਰਕੇ ਆਉਂਦੇ ਹਾਂ। ਜੋ ਵਿਹਲੜ ਆਪ ਕਿਰਤ
ਨਹੀਂ ਕਰਦੇ ਅਤੇ ਦੂਸਰਿਆਂ ਦੇ ਦਿੱਤੇ ਉਤੇ ਪਲਦੇ ਹਨ, ਉਹ ਸਭ ਹਰਾਮ ਦਾ ਹੀ ਖਾ ਰਹੇ ਹਨ, ਕੇਵਲ
ਸੰਗਤਾਂ ਕੋਲੋਂ ਠੱਗੇ ਪੈਸੇ ਨਾਲ ਉਨ੍ਹਾਂ ਵਲੋਂ ਲਾਏ ਲੰਗਰ ਵੀ ਕਿਸੇ ਲੇਖੇ ਨਹੀਂ। ਸਤਿਗੁਰੂ ਨੇ
ਸਿੱਖ ਨੂੰ ਐਸੇ ਲੋਕਾਂ ਦੇ ਨੇੜੇ ਵੀ ਨਾ ਜਾਣ ਦੀ ਹਦਾਇਤ ਕੀਤੀ ਹੈ। ਇੱਕ ਪਾਸੇ ਇਹ ਠੱਗ ਲੋਕ ਹਨ,
ਦੂਸਰੇ ਪਾਸੇ ਹਨ, ਕੁੱਝ ਭੋਲੇ ਸਿੱਖ। ਕੁੱਝ ਤਾਂ ਉਹ ਹਨ, ਸਭ ਕੁੱਝ ਹੁੰਦਿਆਂ ਵੀ ਜਿਨ੍ਹਾਂ ਦੀਆਂ
ਆਪਣੀਆਂ ਲੋੜਾਂ ਹੀ ਕਦੇ ਨਹੀਂ ਮੁਕਦੀਆਂ, ਇਸ ਵਾਸਤੇ ਵੰਡ ਛੱਕਣ, ਭਾਵ ਲੋੜਵੰਦ ਦੀ ਮਦਦ ਤਾਂ ਕੀ
ਕਰਨੀ ਹੈ, ਉਹ ਤਾਂ ਹਰ ਵੇਲੇ ਆਪ ਹੀ ਲੋੜਵੰਦ ਬਣੇ ਰਹਿੰਦੇ ਹਨ। ਦੂਸਰੇ ਉਹ ਹਨ ਜੋ ਅੰਧੀ ਭਾਵਨਾ
ਅਧੀਨ, ਪਾਖੰਡੀਆਂ ਦੇ ਡੇਰਿਆਂ, ਗੁਰਦੁਆਰਿਆਂ ਦੇ ਸੰਗਮਰਮਰਾਂ, ਇੱਕ ਦਿਨ ਦੀਆਂ ਛਬੀਲਾਂ, ਸੋਨੇ ਦੇ
ਕਲਸ਼ਾਂ ਅਤੇ ਪਾਲਕੀਆਂ ਆਦਿ ਤੇ ਲੁਟਾਕੇ ਆਪਣੇ ਧਰਮੀਂ ਹੋਣ ਦਾ ਭਰਮ ਪਾਲੀ ਜਾਂਦੇ ਹਨ। ਜਦਕਿ
ਸਤਿਗੁਰੂ ਦੀ ਬਾਣੀ ਸਮਝਾਉਂਦੀ ਹੈ:
“ਅਕਲੀ ਪੜਿੑ ਕੈ ਬੁਝੀਐ ਅਕਲੀ ਕੀਚੈ ਦਾਨੁ।। “ (ਸਲੋਕ ਮਃ ੧, ਪੰਨਾ ੧੨੪੫)
ਬਹੁਤੇ ਗੁਰੂ ਪਿਆਰਿਆਂ ਦੀ ਹਾਲਤ ਇਹ ਹੈ ਕਿ ਉਹ ਸਿਰਫ ਭਾਵੁਕ ਹੋ ਕੇ ਦੇਈ
ਜਾਂਦੇ ਹਨ, ਇਹ ਵੇਖਣ, ਸੋਚਣ ਦੀ ਕਦੇ ਕੋਸ਼ਿਸ਼ ਹੀ ਨਹੀਂ ਕੀਤੀ ਕਿ ਉਸ ਦੀ ਵਰਤੋਂ ਕਿਵੇਂ ਹੋ ਰਹੀ
ਹੈ। ਜਿਥੇ ਇਹ ਜ਼ਰੂਰੀ ਹੈ ਕਿ ਸਤਿਗੁਰੂ ਦੇ ਵੰਡ ਛਕਣ ਦੇ ਆਦੇਸ਼ ਅਨੁਸਾਰ ਨੇਮ ਨਾਲ ਦਸਵੰਧ ਕਢੀਏ,
ਉਥੇ ਸਤਿਗੁਰੂ ਦੇ ‘ਅਕਲੀ ਕੀਚੈ ਦਾਨ` ਦੇ ਆਦੇਸ਼ ਅਨੁਸਾਰ ਇਹ ਵੀ ਯਕੀਨੀ ਬਣਾਈਏ ਕਿ ਕੀ ਉਸ ਦੀ
ਵਰਤੋਂ ਯੋਗ ਤਰੀਕੇ ਨਾਲ ਹੋ ਰਹੀ ਹੈ? ਸਭ ਤੋਂ ਯੋਗ ਤਰੀਕਾ ਤਾਂ ਇਹ ਹੈ ਕਿ ਆਪ ਸਿੱਧੇ ਲੋੜਵੰਦ ਦੀ
ਮਦਦ ਨੂੰ ਬਹੁੜੀਏ, ਮੇਰੀ ਸਮਝ ਅਨੁਸਾਰ, ਇਸ ਦੇ ਵਿੱਚ ਪਹਿਲ ਉਸ ਰੋਗੀ ਦੀ ਹੋਣੀ ਚਾਹੀਦੀ ਹੈ, ਜਿਸ
ਕੋਲ ਇਲਾਜ ਵਾਸਤੇ ਸਮਰੱਥਾ ਨਹੀਂ, ਉਸ ਤੋਂ ਬਾਅਦ ਉਨ੍ਹਾਂ ਦੇ ਲੰਗਰ ਦੀ, ਜੋ ਕਿਸੇ ਜਾਇਜ਼ ਮਜ਼ਬੂਰੀ
ਕਾਰਨ ਕਿਰਤ ਕਰਨ ਤੋਂ ਅਸਮਰਥ ਹਨ, ਤੀਸਰੇ ਸਥਾਨ ਤੇ ਲੋੜਵੰਦ ਬੱਚਿਆਂ ਦੀ ਪੜ੍ਹਾਈ, ਫੇਰ ਲੋੜਵੰਦ
ਬੱਚੀਆਂ ਦੇ ਵਿਆਹ ਵਾਸਤੇ ਆਦਿ. . । ਅਸਲ ਵਿੱਚ ਹਰ ਸਿੱਖ ਨੇ ਆਪਣੇ ਨੇੜੇ ਦੇ ਹਾਲਾਤ ਅਨੁਸਾਰ ਇਹ
ਲੋੜਵੰਦਾਂ ਦੀ ਖੋਜ ਕਰਨੀ ਹੈ ਪਰ ਹਰ ਹਾਲਤ ਵਿੱਚ, ਗੁਰਬਾਣੀ ਤੋਂ ਅਗਵਾਈ ਲੈਕੇ, ਬਾਟੇ ਦੇ ਖੁੱਲੇ
ਮੂੰਹ ਦੀ ਵਿਸ਼ਾਲਤਾ ਹਰ ਸਿੱਖ ਦੇ ਹਿਰਦੇ ਵਿੱਚ ਬਣੀ ਰਹਿਣੀ ਚਾਹੀਦੀ ਹੈ।
ਪਾਹੁਲ ਤਿਆਰ ਕਰਨ ਲਈ ਬਾਟੇ ਵਿੱਚ ਜਲ ਪਾਇਆ ਜਾਂਦਾ ਹੈ। ਸਤਿਗੁਰੂ ਨਾਨਕ
ਪਾਤਿਸ਼ਾਹ ਨੇ ਸ੍ਰਿਸ਼ਟੀ ਸਾਜਨਾ ਦਾ ਮੂਲ ਸਾਧਨ ਜਲ ਨੂੰ ਮੰਨਿਆਂ ਹੈ। ਪਾਵਨ ਗੁਰਵਾਕ ਹੈ:
“ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ।। ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ।।
“ {ਸਿਰੀ ਰਾਗੁ ਮਹਲਾ ੧, ਪੰਨਾ ੧੯}
ਪਰਮਾਤਮਾ ਤੋਂ (ਸੂਖਮ ਤੱਤ) ਪਵਣ ਬਣਿਆ, ਪਵਣ ਤੋਂ ਜਲ ਹੋਂਦ ਵਿੱਚ ਆਇਆ, ਜਲ ਤੋਂ ਸਾਰਾ ਜਗਤ
ਰਚਿਆ ਗਿਆ, (ਤੇ, ਇਸ ਰਚੇ ਸੰਸਾਰ ਦੇ) ਹਰੇਕ ਘਟ ਵਿੱਚ ਪਰਮਾਤਮਾ ਦੀ ਜੋਤਿ ਸਮਾਈ ਹੋਈ ਹੈ। ੩।
ਇਸੇ ਗੱਲ ਦੀ ਪ੍ਰੋੜਤਾ ਸਤਿਗੁਰੂ ਨੇ ਆਪਣੇ ਤੀਸਰੇ ਜਾਮੇ ਵਿੱਚ ਵੀ ਕੀਤੀ ਹੈ:
“ਨਾਨਕ ਇਹੁ ਜਗਤੁ ਸਭੁ ਜਲੁ ਹੈ ਜਲ ਹੀ ਤੇ ਸਭ ਕੋਇ।। “ (ਮਃ ੩, ਪੰਨਾ ੧੨੮੩)
ਹੇ ਨਾਨਕ! ਇਸ ਸਾਰੇ ਜਗਤ ਦਾ ਅਧਾਰ ਜਲ ਹੈ, ਹਰ ਸ਼ੈ ਜਲ ਤੋਂ ਹੀ ਪੈਦਾ ਹੁੰਦੀ ਹੈ।
“ਜਲ ਹੀ ਤੇ ਸਭ ਊਪਜੈ ਬਿਨੁ ਜਲ ਪਿਆਸ ਨ ਜਾਇ।। ਨਾਨਕ ਹਰਿ ਜਲੁ ਜਿਨਿ ਪੀਆ ਤਿਸੁ ਭੂਖ ਨ ਲਾਗੈ
ਆਇ।। ੫੫।। “ (ਸਲੋਕ ਮਹਲਾ ੩, ਪੰਨਾ ੧੪੧੯-੧੪੨੦)
ਹੇ ਭਾਈ! ਜਲ ਤੋਂ ਹੀ ਸਾਰੀ ਸ੍ਰਿਸ਼ਟੀ ਪੈਦਾ ਹੁੰਦੀ ਹੈ ਜਲ ਤੋਂ ਬਿਨਾ ਕਿਸੇ ਭੀ ਜੀਵ ਦੀ ਤ੍ਰਿਹ
ਦੂਰ ਨਹੀਂ ਹੁੰਦੀ। ਹੇ ਨਾਨਕ! ਜਿਸ (ਮਨੁੱਖ) ਨੇ ਹਰਿ-ਨਾਮ ਜਲ ਪੀ ਲਿਆ, ਉਸ ਨੂੰ (ਕਦੇ ਮਾਇਆ ਦੀ)
ਭੁੱਖ ਨਹੀਂ ਵਿਆਪਦੀ। ੫੫।
ਜਲ ਦੇ ਵਿੱਚ ਅਨਮੋਲ ਗੁਣ ਹਨ: ਨਿਰਮਲਤਾ, ਸੀਤਲਤਾ, ਨਿਮ੍ਰਤਾ, ਸ਼ੁਧਤਾ। ਭਾਈ ਗੁਰਦਾਸ ਜੀ ਨੇ
ਜਿਥੇ ਪਾਣੀ ਦੇ ਅਨਮੋਲ ਗੁਣਾਂ ਦੀ ਬੜੀ ਸੁੰਦਰ ਵਿਆਖਿਆ ਕੀਤੀ ਹੈ, ਉਥੇ ਗੁਰਸਿੱਖ ਦੇ ਜੀਵਨ ਦੀ
ਤੁਲਣਾ ਵੀ ਪਾਣੀ ਨਾਲ ਕੀਤੀ ਹੈ:
ਧਰਤੀ ਪੈਰਾਂ ਹੇਠਿ ਹੈ ਧਰਤੀ ਹੇਠਿ ਵਸੰਦਾ ਪਾਣੀ॥ (28-13-1)
ਪਾਣੀ ਚਲੈ ਨੀਵਾਣ ਨੋ ਨਿਰਮਲੁ ਸੀਤਲੁ ਸੁਧੁ ਪਰਾਣੀ॥ (28-13-2)
ਬਹੁ ਰੰਗੀ ਇੱਕ ਰੰਗੁ ਹੈ ਸਭਨਾਂ ਅੰਦਰਿ ਇਕੋ ਜਾਣੀ॥ (28-13-3)
ਤਤਾ ਹੋਵੈ ਧੁਪ ਵਿਚਿ ਛਾਵੈ ਠੰਢਾ ਵਿਰਤੀ ਹਾਣੀ॥ (28-13-4)
ਤਪਦਾ ਪਰਉਪਕਾਰ ਨੋ ਠੰਢੇ ਪਰਉਪਕਾਰ ਵਿਹਾਣੀ॥ (28-13-5)
ਅਗਨਿ ਬੁਝਾਏ ਤਪਤਿ ਵਿਚਿ ਠੰਢਾ ਹੋਵੈ ਬਿਲਮੁ ਨ ਆਣੀ॥ (28-13-6)
ਗੁਰੁ ਸਿਖੀ ਦੀ ਏਹੁ ਨੀਸਾਣੀ ॥੧੩॥ (28-13-7)
ਭਾਈ ਗੁਰਦਾਸ ਜੀ ਲਿਖਦੇ ਹਨ, ਪਾਣੀ ਵਿੱਚ ਇਤਨੀ ਨਿਮ੍ਰਤਾ ਹੈ ਕਿ ਧਰਤੀ
ਪੈਰਾਂ ਦੇ ਥੱਲੇ ਹੈ ਪਰ ਪਾਣੀ ਧਰਤੀ ਦੇ ਵੀ ਹੇਠਾਂ ਵਗਦਾ ਹੈ, ਪਾਣੀ ਦੇ ਇਸੇ ਨਿਮ੍ਰਤਾ ਦੇ ਗੁਣ
ਕਾਰਨ ਪਾਣੀ ਹਮੇਸ਼ਾਂ ਨਿਵਾਣ ਵੱਲ ਵਗਦਾ ਹੈ। ਪਾਣੀ ਨਿਰਮਲੁ, ਸੀਤਲ, ਸ਼ੁਧ ਹੈ ਅਤੇ ਹਰ ਸ਼ੈ ਦੇ
ਪ੍ਰਾਣਾਂ ਦਾ ਅਧਾਰ ਹੈ। ਪਾਣੀ ਨੂੰ ਜਿਸ ਰੰਗ ਵਿੱਚ ਮਿਲਾ ਦਿਓ, ਇਹ ਉਸੇ ਦੇ ਰੰਗ ਨੂੰ ਅਪਣਾ ਲੈਂਦਾ
ਹੈ, ਇੰਝ ਇਹ ਸਭ ਨੂੰ ਬਰਾਬਰ ਸਨਮਾਨ ਦੇਂਦਾ ਹੈ। ਜੇ ਪਾਣੀ ਨੂੰ ਧੁੱਪ ਵਿੱਚ ਰੱਖ ਦਿਓ ਤਾਂ ਇਹ
ਤੱਤਾ ਹੋਣ ਲਗ ਪੈਂਦਾ ਹੈ ਪਰ ਜਿਵੇਂ ਹੀ ਛਾਂ ਕਰ ਦਿਓ ਇਹ ਫੌਰਨ ਠੰਡਾ ਹੋਣਾ ਸ਼ੁਰੂ ਕਰ ਦੇਂਦਾ ਹੈ।
ਜੇ ਕਿਤੇ ਪਾਣੀ ਥੱਲੇ ਅੱਗ ਬਾਲ ਦਿਓ ਜਾਂ ਇਸਨੂੰ ਵਧੇਰੇ ਤਪਸ਼ ਦਿਓ ਤਾਂ ਇਹ ਆਪਣਾ ਰੂਪ ਵੀ ਬਦਲ
ਲੈਂਦਾ ਹੈ ਅਤੇ ਗੁਣ ਵੀ, ਭਾਵ ਇਹ ਭਾਫ ਦਾ ਰੂਪ ਧਾਰਨ ਕਰ ਲੈਂਦਾ ਹੈ ਅਤੇ ਨਿਵਾਣ ਦੀ ਬਜਾਏ ਉਪਰ
ਨੂੰ ਜਾਣ ਲੱਗ ਪੈਂਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਐਸੇ ਹਾਲਾਤ ਵਿੱਚ ਵੀ ਇਹ ਆਪਣਾ
ਪਰਉਪਕਾਰ ਦਾ ਗੁਣ ਨਹੀਂ ਤਿਆਗਦਾ ਅਤੇ ਉਪਰ ਜਾ ਕੇ ਵੀ ਬੱਦਲਾਂ ਦਾ ਰੂਪ ਧਾਰਨ ਕਰਕੇ ਤਪਦੀ ਲੋਕਾਈ
ਉਤੇ ਵਰਖਾ ਦੇ ਰੂਪ ਵਿੱਚ ਠੰਡ ਵਰਤਾਂਦਾ ਹੈ ਅਤੇ ਆਪ ਵੀ ਪੂਰੀ ਤਰ੍ਹਾਂ ਠੰਡਾ ਹੋਣ ਵਿੱਚ ਸਮਾਂ
ਨਹੀਂ ਲਾਉਂਦਾ ਅਤੇ ਆਪਣੇ ਮੂਲ ਰੂਪ ਵਿੱਚ ਵਾਪਸ ਆ ਜਾਂਦਾ ਹੈ।
ਇਸ ਸਾਰੀ ਗੱਲ ਦਾ ਤੱਤਸਾਰ ਭਾਈ ਸਾਹਿਬ ਨੇ ਆਖਰੀ ਪੰਕਤੀ ਵਿੱਚ ਕੱਢਿਆ ਹੈ
ਕਿ ਇਹ ਸਾਰੀਆਂ ਗੁਰਸਿੱਖ ਦੇ ਜੀਵਨ ਦੀਆਂ ਨਿਸ਼ਾਨੀਆਂ ਹਨ। ਗੁਰਬਾਣੀ ਰਾਹੀਂ ਸਿੱਖ ਨੇ ਜਲ ਦੇ
ਇਨ੍ਹਾਂ ਅਨਮੋਲ ਗੁਣਾਂ ਦਾ ਆਪਣੇ ਜੀਵਨ ਵਿੱਚ ਸੰਚਾਰ ਕਰਨਾ ਹੈ ਅਤੇ ਖੰਡੇ ਬਾਟੇ ਦੀ ਪਾਹੁਲ ਛੱਕ ਕੇ
ਇਨ੍ਹਾਂ ਉਤੇ ਪਹਿਰਾ ਦੇਣ ਦਾ ਪ੍ਰਣ ਕਰਨਾ ਹੈ।
ਹਰ ਗੁਣ ਅਨਮੋਲ ਹੈ, ਪਰ ਦੋ ਗੁਣਾਂ ਨੂੰ ਸਤਿਗੁਰੂ ਨੇ ਵਿਸ਼ੇਸ਼ ਮਹਤੱਤਾ
ਦਿੱਤੀ ਹੈ। ਇਤਨੀ ਮਹਤੱਤਾ ਕਿ ਇਨ੍ਹਾਂ ਨੂੰ ਸਾਰੇ ਗੁਣਾਂ ਦਾ ਤੱਤ ਦਸਿਆ ਹੈ। ਇਹ ਗੁਣ ਹਨ, ਮਿਠਤ
ਅਤੇ ਨਿਮ੍ਰਤਾ। ਸਤਿਗੁਰੂ ਦੇ ਪਾਵਨ ਬਚਨ ਹਨ:
“ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ।। “ {ਸਲੋਕੁ ਮਃ ੧, ਪੰਨਾ ੪੭੦}
ਹੇ ਨਾਨਕ
!
ਮਿੱਠਾ ਬੋਲਣਾ ਅਤੇ ਨਿਮ੍ਰਤਾ ਵਿੱਚ ਰਹਿਣਾ ਸਾਰੇ ਗੁਣਾਂ ਦਾ ਸਾਰ ਹੈ, ਭਾਵ, ਸਭ ਤੋਂ ਚੰਗੇ ਗੁਣ
ਹਨ।
ਸਤਿਗੁਰੂ ਨੇ ਹੇਠਲੇ ਸ਼ਬਦ ਵਿੱਚ ਇਹ ਗੱਲ ਸਪੱਸ਼ਟ ਕਰ ਦਿੱਤੀ ਹੈ ਕਿ ਜੋ ਸਿੱਖ
ਗੁਰੂ ਵੱਲ ਮੂੰਹ ਕਰ ਲੈਂਦੇ ਹਨ, ਭਾਵ ਆਪਣੇ ਜੀਵਨ ਵਿੱਚ ਗੁਰਮਤਿ ਧਾਰਨ ਕਰ ਲੈਂਦੇ ਹਨ, ਉਨ੍ਹਾਂ ਦਾ
ਜੀਵਨ ਮਿੱਠਾ ਬੋਲਣ ਅਤੇ ਨਿਮ੍ਰਤਾ ਵਾਲੇ ਗੁਣਾਂ ਨਾਲ ਸ਼ਿੰਗਾਰਿਆ ਜਾਂਦਾ ਹੈ:
“ਗੁਰਮੁਖਿ ਸਦਾ ਸੋਹਾਗਣੀ ਪਿਰੁ ਰਾਖਿਆ ਉਰਧਾਰਿ।। ਮਿਠਾ ਬੋਲਹਿ, ਨਿਵਿ ਚਲਹਿ, ਸੇਜੈ ਰਵੈ
ਭਤਾਰੁ।। “ {ਸਿਰੀ ਰਾਗੁ ਮਹਲਾ
੩,
ਪੰਨਾ੩੧}
ਸਦਾ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਸੁਹਾਗਣਾਂ (ਵਾਂਗ) ਹਨ, ਉਹ ਪ੍ਰਭੂ-ਪਤੀ ਨੂੰ ਆਪਣੇ
ਹਿਰਦੇ ਵਿੱਚ ਵਸਾਈ ਰੱਖਦੇ ਹਨ, ਉਹ (ਸਭਨਾਂ ਨਾਲ) ਮਿੱਠੇ ਬੋਲ ਬੋਲਦੇ ਹਨ, ਨਿਊਂ ਕੇ ਤੁਰਦੇ ਹਨ
(ਗਰੀਬੀ ਸੁਭਾਵ ਵਾਲੇ ਹੁੰਦੇ ਹਨ)।
ਪਾਹੁਲ ਤਿਆਰ ਕਰਨ ਵੇਲੇ ਜਲ ਵਿੱਚ ਪਾਏ ਪਤਾਸੇ ਕੁੱਝ ਪਲਾਂ ਵਿੱਚ ਹੀ ਆਪਣੀ
ਹੋਂਦ ਮਿਟਾ ਕੇ, ਪਿੱਛੇ ਮਿਠਾਸ ਛੱਡ ਜਾਂਦੇ ਹਨ। ਇਹ ਸਿੱਖ ਦੇ ਜੀਵਨ ਵਿੱਚ ਮਿਠਾਸ ਅਤੇ ਨਿਮ੍ਰਤਾ
ਦੇ ਗੁਣਾਂ ਦੇ ਪ੍ਰਤੀਕ ਹਨ।
ਪਾਹੁਲ ਤਿਆਰ ਕਰਦਿਆਂ ਬਾਟੇ ਵਿੱਚ ਜਲ ਅਤੇ ਪਤਾਸੇ ਪਾ ਕੇ ਵਿੱਚ ਖੰਡਾ
ਫੇਰਿਆ ਜਾਂਦਾ ਹੈ। ਇਸੇ ਵਾਸਤੇ ਇਸ ਨੂੰ ਖੰਡੇ ਬਾਟੇ ਦੀ ਪਾਹੁਲ ਕਿਹਾ ਜਾਂਦਾ ਹੈ। ਭਾਈ ਕਾਹਨ ਸਿੰਘ
ਜੀ ਨਾਭਾ ਮਹਾਨ ਕੋਸ਼ ਦੇ ਪੰਨਾ 387 ਤੇ ਖੰਡਾ ਦੇ ਅਰਥ ਇੰਝ ਕਰਦੇ ਹਨ:
ਖੰਡਾ: ਦੋਧਾਰਾ ਖੜਗ. ਦੋਹਾਂ ਪਾਸਿਆਂ ਤੋਂ ਖੰਡਨ ਕਰਨ ਵਾਲਾ ਸ਼ਸਤ੍ਰ।
ਇਹ ਸ਼ਸਤ੍ਰ ਬਹੁਤੇ ਤੌਰ ਤੇ ਖਾਲਸਾਈ ਪ੍ਰੰਪਰਾ ਵਿੱਚ ਪ੍ਰਚੱਲਤ ਰਿਹਾ ਹੈ ਅਤੇ
ਜਾਪਦਾ ਹੈ ਕਿ ਸਿੱਖ ਕੌਮ ਵਿੱਚ ਮੀਰੀ ਪੀਰੀ ਦੇ ਸਾਂਝੇ ਪ੍ਰਗਟਾਵੇ ਤੋਂ ਬਾਅਦ, ਇਸ ਨੂੰ ਦੋਹਾਂ
ਸੰਕਲਪਾਂ ਦੇ ਸਾਂਝੇ ਪ੍ਰਗਟਾਵੇ ਦੇ ਤੌਰ ਤੇ ਅਪਣਾਇਆ ਗਿਆ ਹੈ ਕਿਉਂਕਿ ਇਸ ਦਾ ਸਰੂਪ ਮੂਲ ਰੂਪ ਵਿੱਚ
ਦੋ ਖੜਗਾਂ ਦਾ ਸੁਮੇਲ ਹੀ ਨਜ਼ਰ ਆਉਂਦਾ ਹੈ। ਤਲਵਾਰ ਨੂੰ ਹੀ ਖੜਗ ਵੀ ਕਿਹਾ ਜਾਂਦਾ ਹੈ। ਇਹ ਗੱਲ
ਵੈਸੇ ਤਾਂ ਕਕਾਰਾਂ ਦੀ ਵਿਚਾਰ ਵੇਲੇ ਵਧੇਰੇ ਢੁਕਣੀ ਸੀ, ਪਰ ਇਥੇ ਵੀ ਗੱਲ ਨੂੰ ਸਪੱਸ਼ਟ ਕਰਨਾ ਬਹੁਤ
ਜ਼ਰੂਰੀ ਹੋ ਗਿਆ ਹੈ, ਇਸ ਲਈ ਇਹ ਸਮਝ ਲੈਣਾ ਬਹੁਤ ਮਹੱਤਵ ਪੂਰਨ ਹੋਏਗਾ ਕਿ ਇਸ ਖੜਗ ਨੂੰ ਭਾਰਤੀ
ਵਿਵਸਥਾ ਵਿੱਚ ਤਲਵਾਰ ਕਿਹਾ ਜਾਂਦਾ ਸੀ। ਤਲਵਾਰ ਇੱਕ ਜ਼ੁਲਮ ਕਰਨ ਵਾਲਾ ਸ਼ਸਤ੍ਰ ਮੰਨਿਆ ਗਿਆ ਹੈ, ਇਸ
ਨਾਂ ਦਾ ਜਨਮ ਹੀ ਜ਼ੁਲਮ ਦੀ ਪਰਿਭਾਸ਼ਾ ਵਿੱਚੋਂ ਹੋਇਆ ਹੈ, ਤਲੇ+ਵਾਰ, ਭਾਵ ਥੱਲੇ ਪਏ ਉਤੇ ਵਾਰ ਕਰਨ
ਵਾਲਾ ਸ਼ਸਤ੍ਰ, ਜ਼ੁਲਮ ਕਰਨ ਵਾਲਾ ਹਥਿਆਰ। ਸਤਿਗੁਰੂ ਨੇ ਜਦੋਂ ਇਸ ਨੂੰ ਸਿੱਖ ਦੇ ਗੱਲ ਪੁਆਇਆ ਤਾਂ ਇਸ
ਦਾ ਨਾਂ ਬਦਲ ਕੇ ਕ੍ਰਿਪਾਨ ਕਰ ਦਿੱਤਾ। ਕ੍ਰਿਪਾਨ ਸ਼ਬਦ ਵੀ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆਂ ਹੈ।
ਕ੍ਰਿਪਾ+ਆਨ। ਭਾਵ ਉਹ ਸ਼ਸਤ੍ਰ ਜਿਸ ਦੀ ਵਰਤੋਂ ਕਿਸੇ ਮਜ਼ਲੂਮ ਤੇ ਕਿਰਪਾ ਕਰਨ ਲਈ ਜਾਂ ਆਪਣੀ ਆਨ ਦੀ
ਰੱਖਿਆ ਵਾਸਤੇ ਕੀਤੀ ਜਾਵੇ। ਇਸ ਵਾਸਤੇ ਇੱਕ ਹੋਰ ਅਤਿ ਮਹੱਤਵਪੂਰਨ ਗੱਲ ਸਮਝਣ ਵਾਲੀ ਹੈ ਕਿ
ਸਤਿਗੁਰੂ ਨੇ ਸ਼ਰੀਰਕ ਤੌਰ ਤੇ ਮੀਰੀ ਦੀ ਕ੍ਰਿਪਾਨ ਧਾਰਨ ਕਰਾਉਣ ਤੋਂ ਪਹਿਲਾਂ ਸਿੱਖ ਦੇ ਜੀਵਨ ਨੂੰ
ਪੀਰੀ ਦੀ ਖੜਗ ਨਾਲ ਸ਼ਿੰਗਾਰਿਆ ਹੈ। ਇਹ ਖੜਗ ਹੈ ਗਿਆਨ ਖੜਗ। ਜਿਸ ਇਨਸਾਨ ਕੋਲ ਇਹ ਗਿਆਨ ਖੜਗ ਨਹੀਂ,
ਉਹ ਭਾਵੇਂ ਸਿੱਖੀ ਸਰੂਪ ਵਿੱਚ ਹੀ ਹੋਵੇ, ਉਸ ਦੀ ਖੜਗ ਕਦੇ ਵੀ ਤਲਵਾਰ ਬਣ ਸਕਦੀ ਹੈ। ਇਸੇ ਲਈ
ਸਤਿਗੁਰੂ ਨੇ ਸਿੱਖ ਨੂੰ ਪਹਿਲੇ ਪੰਜ ਜਾਮਿਆਂ ਵਿੱਚ ਗਿਆਨ ਖੜਗ ਦਾ ਧਨੀ ਬਣਾਕੇ, ਫਿਰ ਛੇਵੇਂ ਜਾਮੇ
ਵਿੱਚ ਪੀਰੀ ਦੇ ਨਾਲ ਮੀਰੀ ਦੀ ਕ੍ਰਿਪਾਨ ਪਹਿਨੀ ਅਤੇ ਸਿੱਖਾਂ ਨੂੰ ਵੀ ਸ਼ਸਤਰਧਾਰੀ ਹੋਣ ਦਾ ਹੁਕਮ
ਕੀਤਾ। ਗੁਰਬਾਣੀ ਦਾ ਫੁਰਮਾਨ ਹੈ:
“ਹਰਿ ਕਾ ਨਾਮੁ ਕੋਟਿ ਲਖ ਬਾਹਾ।। ਹਰਿ ਜਸੁ ਕੀਰਤਨੁ ਸੰਗਿ ਧਨੁ ਤਾਹਾ।।
ਗਿਆਨ ਖੜਗੁ ਕਰਿ ਕਿਰਪਾ ਦੀਨਾ ਦੂਤ ਮਾਰੇ ਕਰਿ ਧਾਈ ਹੇ।। ੯।। “ {ਮਾਰੂ ਸੋਲਹੇ ਮਹਲਾ ੫, ਪੰਨਾ
੧੦੭੨}
ਹੇ ਭਾਈ
!
(ਜਿਵੇਂ ਵੈਰੀਆਂ ਦਾ ਟਾਕਰਾ ਕਰਨ ਲਈ ਬਹੁਤੀਆਂ ਬਾਹਾਂ ਬਹੁਤੇ ਭਰਾ ਤੇ ਸਾਥੀ ਮਨੁੱਖ ਵਾਸਤੇ ਸਹਾਰਾ
ਹੁੰਦੇ ਹਨ, ਤਿਵੇਂ ਕਾਮਾਦਿਕ ਵੈਰੀਆਂ ਦੇ ਟਾਕਰੇ ਤੇ ਮਨੁੱਖ ਵਾਸਤੇ) ਪਰਮਾਤਮਾ ਦਾ ਨਾਮ (ਮਾਨੋ)
ਲੱਖਾਂ ਕ੍ਰੋੜਾਂ ਬਾਹਾਂ ਹੈ, ਪਰਮਾਤਮਾ ਦਾ ਜਸ-ਕੀਰਤਨ ਉਸ ਦੇ ਪਾਸ ਧਨ ਹੈ।
ਜਿਸ ਮਨੁੱਖ ਨੂੰ ਪਰਮਾਤਮਾ ਆਤਮਕ ਜੀਵਨ ਦੀ ਸੂਝ ਦੀ ਤਲਵਾਰ ਕਿਰਪਾ ਕਰ ਕੇ ਦੇਂਦਾ ਹੈ, ਉਹ ਮਨੁੱਖ
ਹੱਲਾ ਕਰ ਕੇ ਕਾਮਾਦਿਕ ਵੈਰੀਆਂ ਨੂੰ ਮਾਰ ਲੈਂਦਾ ਹੈ।
੯।
ਆਪਣੇ ਜੀਵਨ ਨੂੰ ਸਾਧਣ ਲਈ ਗਿਆਨ ਖੜਗ ਦਾ ਹੋਣਾ ਜ਼ਰੂਰੀ ਹੈ, ਇਸ ਦੇ ਬਿਨਾਂ
ਮਨ ਕਦੇ ਕਾਬੂ ਵਿੱਚ ਨਹੀਂ ਆ ਸਕਦਾ, ਇਸੇ ਲਈ ਪਹਿਲਾਂ ਗਿਆਨ ਖੜਗ ਧਾਰਨ ਕਰਨ ਦਾ ਹੁਕਮ ਕੀਤਾ ਹੈ।
ਸਤਿਗੁਰੂ ਦਾ ਪਾਵਨ ਉਪਦੇਸ਼ ਹੈ:
“ਮਨ ਕਰਹਲਾ ਵਡਭਾਗੀਆ ਤੂੰ ਗਿਆਨੁ ਰਤਨੁ ਸਮਾਲਿ।। ਗੁਰ ਗਿਆਨੁ ਖੜਗੁ ਹਥਿ
ਧਾਰਿਆ ਜਮੁ ਮਾਰਿਅੜਾ ਜਮਕਾਲਿ।। ੭।। “ {ਗਉੜੀ ਮਹਲਾ ੪, ਪੰਨਾ ੨੩੫}
ਹੇ ਬੇ-ਮੁਹਾਰ ਮਨ
!
ਪਰਮਾਤਮਾ ਨਾਲ ਡੂੰਘੀ ਸਾਂਝ (ਇਕ) ਰਤਨ (ਹੈ ਇਸਨੂੰ) ਤੂੰ ਸਾਂਭ ਕੇ ਰੱਖ, ਤੇ ਵੱਡੇ ਭਾਗਾਂ ਵਾਲਾ
ਬਣ। ਗੁਰੂ ਦਾ ਦਿੱਤਾ ਹੋਇਆ ਗਿਆਨ (ਗੁਰੂ ਦੀ ਰਾਹੀਂ ਪਰਮਾਤਮਾ ਨਾਲ ਪਈ ਹੋਈ ਡੂੰਘੀ ਸਾਂਝ, ਇਕ)
ਖੰਡਾ ਹੈ, (ਜਿਸ ਮਨੁੱਖ ਨੇ ਇਹ ਖੰਡਾ ਆਪਣੇ) ਹੱਥ ਵਿੱਚ ਫ਼ੜ ਲਿਆ, ਉਸ ਨੇ (ਆਤਮਕ) ਮੌਤ ਨੂੰ ਮਾਰਨ
ਵਾਲੇ (ਇਸ ਗਿਆਨ-ਖੰਡੇ) ਦੀ ਰਾਹੀਂ ਜਮ ਨੂੰ (ਮੌਤ ਦੇ ਸਹਮ ਨੂੰ, ਆਤਮਕ ਮੌਤ ਨੂੰ) ਮਾਰ ਮੁਕਾਇਆ।
੭।
ਜੇ ਸਾਡੇ ਜੀਵਨ ਵਿੱਚ ਵਿਕਾਰਾਂ ਦੇ ਰੂਪ ਵੱਡੇ ਦੁਸ਼ਮਨ ਪਹਿਲਾਂ ਹੀ ਬੈਠੇ,
ਸਾਡੇ ਅਧਿਆਤਮਕ ਜੀਵਨ ਦਾ ਨਾਸ ਕਰ ਰਹੇ ਹਨ ਤਾਂ ਅਸੀਂ ਬਾਹਰਲੇ ਦੁਸ਼ਮਣਾਂ ਦਾ ਟਾਕਰਾ ਕਰਨ ਦੇ ਸਮਰੱਥ
ਕਿਵੇਂ ਹੋਵਾਂਗੇ? ਸਤਿਗੁਰੂ ਨੇ ਗਿਆਨ ਖੜਗ ਨਾਲ, ਪਹਿਲਾਂ ਆਪਣੇ ਅੰਦਰ ਬੈਠੇ ਦੂਤਾਂ ਦਾ ਨਾਸ ਕਰਨ
ਦਾ ਆਦੇਸ਼ ਦਿੱਤਾ ਹੈ। ਗੁਰਬਾਣੀ ਦਾ ਫੁਰਮਾਨ ਹੈ:
“ਕਾਮੁ ਕ੍ਰੋਧੁ ਅਹੰਕਾਰੁ ਨਿਵਾਰੇ।। ਤਸਕਰ ਪੰਚ ਸਬਦਿ ਸੰਘਾਰੇ।। ਗਿਆਨ
ਖੜਗੁ ਲੈ ਮਨ ਸਿਉ ਲੂਝੈ ਮਨਸਾ ਮਨਹਿ ਸਮਾਈ ਹੇ।। ੩।। “ {ਮਾਰੂ ਮਹਲਾ ੧, ਪੰਨਾ ੧੦੨੨}
(ਗੁਰੂ ਦੀ ਸਰਨ ਪੈ ਕੇ ਜੇਹੜਾ ਮਨੁੱਖ ਆਪਣੇ ਅੰਦਰੋਂ) ਕਾਮ ਕ੍ਰੋਧ ਅਹੰਕਾਰ
ਨੂੰ ਦੂਰ ਕਰਦਾ ਹੈ, ਗੁਰੂ ਦੇ ਸ਼ਬਦ ਵਿੱਚ ਜੁੜ ਕੇ ਕਾਮਾਦਿਕ ਪੰਜ ਚੋਰਾਂ ਨੂੰ ਮਾਰਦਾ ਹੈ, ਗੁਰੂ
ਤੋਂ ਮਿਲੇ ਗਿਆਨ ਦੀ ਤਲਵਾਰ ਲੈ ਕੇ ਆਪਣੇ ਮਨ ਨਾਲ ਲੜਾਈ ਕਰਦਾ ਹੈ, ਉਸ ਦੇ ਮਨ ਦਾ ਮਾਇਕ ਫੁਰਨਾ ਮਨ
ਦੇ ਵਿੱਚ ਹੀ ਮੁੱਕ ਜਾਂਦਾ ਹੈ (ਭਾਵ, ਮਨ ਵਿੱਚ ਮਾਇਕ ਫੁਰਨੇ ਉੱਠਦੇ ਹੀ ਨਹੀਂ)। ੩।
ਰਾਮਕਲੀ ਰਾਗ ਵਿੱਚ ਸਤਾ ਜੀ ਅਤੇ ਬਲਵੰਡ ਜੀ ਦੀ ਵਾਰ ਇਸ ਗੱਲ ਦੀ ਗਵਾਹੀ
ਭਰਦੀ ਹੈ ਕਿ ਗੁਰੂ ਨਾਨਕ ਪਾਤਿਸ਼ਾਹ ਨੇ ਭਾਈ ਲਹਿਣਾ ਜੀ ਨੂੰ ਗੁਰਗੱਦੀ ਬਖਸ਼ ਕੇ, ਧੰਨ ਧੰਨ ਗੁਰੂ
ਅੰਗਦ ਪਾਤਿਸ਼ਾਹ ਬਨਾਉਣ ਤੋਂ ਪਹਿਲਾਂ ਉਨ੍ਹਾਂ ਦੇ ਜੀਵਨ ਨੂੰ ਗਿਆਨ ਖੜਗ ਨਾਲ ਆਪਣੇ ਜਿਹਾ ਸ਼ਕਤੀਸ਼ਾਲੀ
ਬਣਾ ਦਿੱਤਾ ਸੀ:
“ਲਹਣੇ ਧਰਿਓਨੁ ਛਤੁ ਸਿਰਿ, ਕਰਿ ਸਿਫਤੀ ਅੰਮ੍ਰਿਤੁ ਪੀਵਦੈ।। ਮਤਿ ਗੁਰ ਆਤਮ
ਦੇਵ ਦੀ ਖੜਗਿ ਜੋਰਿ ਪਰਾਕੁਇ ਜੀਅ ਦੈ।। {ਰਾਮਕਲੀ ਕੀ ਵਾਰ ਰਾਇ ਬਲਵੰਡ ਤਥਾ ਸਤੈ ਡੂਮਿ ਆਖੀ, ਪੰਨਾ
੯੬੬}
ਗੁਰੂ ਅਕਾਲ ਪੁਰਖ ਦੀ (ਬਖ਼ਸ਼ੀ ਹੋਈ) ਮਤਿ-ਰੂਪ ਤਲਵਾਰ ਨਾਲ, ਜ਼ੋਰ ਨਾਲ ਅਤੇ
ਬਲ ਨਾਲ (ਅੰਦਰੋਂ ਪਹਿਲਾ ਜੀਵਨ ਕੱਢ ਕੇ) ਆਤਮਕ ਜ਼ਿੰਦਗੀ ਬਖ਼ਸ਼ ਕੇ, (ਬਾਬਾ) ਲਹਿਣਾ ਜੀ ਦੇ ਸਿਰ
ਉਤੇ, ਜੋ ਸਿਫ਼ਤਿ-ਸਾਲਾਹ ਕਰ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਰਹੇ ਸਨ, ਗੁਰੂ ਨਾਨਕ ਦੇਵ ਜੀ
ਨੇ (ਗੁਰਿਆਈ ਦਾ) ਛਤਰ ਧਰਿਆ।
ਜਿਸ ਵੇਲੇ ਸਤਿਗੁਰੂ ਨੇ ਪਾਹੁਲ ਦੀ ਬਖਸ਼ਿਸ਼ ਕੀਤੀ, ਉਦੋਂ ਤੱਕ ਸਿੱਖ ਦਾ
ਜੀਵਨ ਮੀਰੀ ਪੀਰੀ ਦੇ ਸਾਂਝੇ ਗੁਣਾਂ ਨਾਲ ਸਰੋਸ਼ਾਰ ਹੋ ਚੁੱਕਾ ਸੀ, ਇਸੇ ਲਈ ਸੰਕੇਤਕ ਖੰਡਾ ਵਰਤਿਆ
ਹੈ ਕਿ ਸਿੱਖ ਨੇ ਜੀਵਨ ਵਿੱਚ ਇਸ ਸਾਂਝੇ ਸੰਕਲਪ ਤੇ ਪਹਿਰਾ ਦੇਣਾ ਹੈ। ਇਹ ਗੁਰਬਾਣੀ ਦੀਆਂ ਇਨ੍ਹਾਂ
ਪੰਕਤੀਆਂ ਦਾ ਲਖਾਇਕ ਹੈ:
“ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ।। ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ।।
੧੬।। “ (ਸਲੋਕ ਮਹਲਾ ੯, ਪੰਨਾ ੧੪੨੭)
ਹੇ ਨਾਨਕ! ਆਖ—ਹੇ ਮਨ! ਸੁਣ, ਜਿਹੜਾ ਮਨੁੱਖ ਕਿਸੇ ਨੂੰ (ਕੋਈ) ਡਰਾਵੇ ਨਹੀਂ ਦੇਂਦਾ, ਅਤੇ ਕਿਸੇ
ਦੇ ਡਰਾਵੇ ਨਹੀਂ ਮੰਨਦਾ (ਡਰਾਵਿਆਂ ਤੋਂ ਘਬਰਾਂਦਾ ਨਹੀਂ) ਉਸ ਨੂੰ ਆਤਮਕ ਜੀਵਨ ਦੀ ਸੂਝ ਵਾਲਾ ਸਮਝ।
੧੬।
ਸਤਿਗੁਰੂ ਨੇ ਸਿੱਖ ਨੂੰ ਸੰਤ ਸਿਪਾਹੀ ਦੇ ਰੂਪ ਵਿੱਚ ਪ੍ਰਗਟ ਕੀਤਾ ਹੈ।
ਪਾਹੁਲ ਤਿਆਰ ਕਰਨ ਲੱਗਿਆਂ ਖੰਡੇ ਦੀ ਵਰਤੋਂ ਕਰਕੇ, ਸਿੱਖ ਨੂੰ ਇਹ ਸੰਕਲਪ ਦ੍ਰਿੜ ਕਰਾਇਆ ਜਾਂਦਾ
ਹੈ।
ਗੱਲ ਭਾਵੇਂ ਥੋੜੀ ਵਿਸ਼ੇ ਤੋਂ ਬਾਹਰ ਜਾਵੇਗੀ, ਪਰ ਇਥੇ ਗੱਲ ਸੰਕੇਤਕ ਕਰਨੀ
ਜ਼ਰੂਰੀ ਹੈ। ਮੀਰੀ ਪੀਰੀ ਦੇ ਸਾਂਝੇ ਸੰਕਲਪ ਦਾ ਭਾਵ ਹੈ, ਧਰਮ ਦੀ ਰੱਖਿਆ ਵਾਸਤੇ, ਧਰਮ ਦੀ ਚੜ੍ਹਦੀ
ਕਲਾ ਵਾਸਤੇ, ਸ਼ਕਤੀ ਜਾਂ ਸਿਆਸਤ ਦੀ ਵਰਤੋਂ। ਅੱਜ ਜਿਵੇਂ ਅਨਮੋਲ ਗੁਰਮਤਿ ਸਿਧਾਂਤਾਂ ਦੇ ਉਲਟ ਕਰਮ
ਕਰ ਕੇ, ਕੌਮ ਦੇ ਹਿਤਾਂ ਨੂੰ ਵੇਚ ਕੇ, ਧਰਮ ਨੂੰ ਮਜ਼ਾਕ ਬਣਾਕੇ, ਨਿਜੀ ਸਿਆਸੀ ਸੁਆਰਥਾਂ ਵਾਸਤੇ,
ਮੀਰੀ ਪੀਰੀ ਦੇ ਸਾਂਝੇ ਸੰਕਲਪ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ, ਉਸ ਤੋਂ ਸਿੱਖ ਕੌਮ ਨੂੰ ਸੁਚੇਤ
ਹੋਣ ਦੀ ਲੋੜ ਹੈ। ਇਸ ਸੰਕਲਪ ਦਾ ਇਹ ਭਾਵ ਬਿਲਕੁਲ ਨਹੀਂ ਕਿ ਕੁੱਝ ਸਿੱਖ ਦਿਖਣ ਵਾਲੇ ਲੋਕ ਰਾਜ ਸਤਾ
ਤੇ ਕਾਬਜ਼ ਹੋ ਜਾਣ। ਜਿਸ ਧਰਮ ਨੂੰ ਪ੍ਰਫੁਲਤ ਕਰਨ ਲਈ ਇਹ ਰਾਜ ਭਾਗ ਚਾਹੀਦਾ ਹੈ, ਜੇ ਉਹ ਪੈਰਾਂ
ਵਿੱਚ ਰੁਲ ਰਿਹਾ ਹੈ ਤਾਂ ਐਸੇ ਰਾਜ ਭਾਗ ਨੂੰ ਫੂਕਣਾ ਹੈ? ਕਹਾਵਤ ਵੀ ਹੈ, ‘ਭੱਠ ਪਿਆ ਸੋਨਾ ਜਿਹੜਾ
ਕੰਨਾਂ ਨੂੰ ਖਾਵੇ`। ਇਹ ਨਿਰੋਲ ਸਿਆਸੀ ਲੋਕ, ਧਰਮ ਜਿਨ੍ਹਾਂ ਦੇ ਨੇੜਿਓ ਵੀ ਨਹੀਂ ਲੰਘਿਆ, ਕੇਵਲ
ਰਾਜ ਸਤਾ ਦੀ ਭੁੱਖ ਵਾਸਤੇ ਰੌਲਾ ਪਾਉਂਦੇ ਹਨ ਕਿ ਜੀ ਸਿੱਖ ਕੌਮ ਵਿੱਚ ਧਰਮ ਤੇ ਸਿਆਸਤ ਨਾਲ ਨਾਲ
ਚਲਦੇ ਹਨ। ਇਨ੍ਹਾਂ ਦਾ ਸਾਰਾ ਰੌਲਾ ਭੋਲੇ ਭਾਲੇ ਸਿੱਖਾਂ ਨੂੰ ਮੂਰਖ ਬਨਾਉਣ ਵਾਸਤੇ ਹੈ। ਅੱਜ ਕੌਮ
ਨੂੰ ਸੁਚੇਤ ਹੋਕੇ ਸੱਚ ਪਛਾਨਣ ਅਤੇ ਮੌਲਿਕ ਸੰਕਲਪ ਤੇ ਪਹਿਰਾ ਦੇਣ ਦੀ ਵੱਡੀ ਲੋੜ ਹੈ।
ਪਾਹੁਲ ਤਿਆਰ ਕਰਦਿਆਂ, ਪਾਹੁਲ ਤਿਆਰ ਕਰਨ ਵਾਲੇ ਪੰਜ ਸਿੰਘ ਆਪ ਵੀ ਬੀਰ ਆਸਣ
ਵਿੱਚ ਬੈਠਦੇ ਹਨ ਅਤੇ ਪਾਹੁਲ ਛੱਕਣ ਵਾਲੇ ਅਭਿਲਾਖੀ ਨੂੰ ਵੀ ਬੀਰ ਆਸਣ ਵਿੱਚ ਬਿਠਾਇਆ ਜਾਂਦਾ ਹੈ।
ਬੀਰ ਆਸਣ ਸਦ-ਸੁਚੇਤ (
Ever alert)
ਅਵਸਥਾ ਦਾ ਲਖਾਇਕ ਹੈ, ਜਿਸ ਦਾ ਭਾਵ ਹੈ ਖਾਲਸੇ ਨੇ ਕਦੇ ਅਵੇਸਲਾ ਨਹੀਂ ਹੋਣਾ, ਨਾ ਗੁਰਮਤਿ
ਸਿਧਾਂਤਾਂ ਪ੍ਰਤੀ ਅਤੇ ਨਾ ਦੁਸ਼ਮਣਾਂ ਪ੍ਰਤੀ। ਜਿਵੇਂ ਹੀ ਗੁਰਮਤਿ ਸਿਧਾਂਤਾਂ ਪ੍ਰਤੀ ਅਵੇਸਲੇ ਹੋ
ਗਏ, ਮਨਮਤਿ ਸਾਡੇ ਜੀਵਨ ਤੇ ਭਾਰੂ ਹੋ ਜਾਵੇਗੀ। ਸਾਡੇ ਅਧਿਆਤਮਕ ਜੀਵਨ ਦੇ ਸਭ ਤੋਂ ਵੱਡੇ ਵੈਰੀ,
ਵਿਕਾਰ ਜੀਵਨ ਤੇ ਭਾਰੂ ਹੋ ਜਾਣਗੇ ਅਤੇ ਪਾਹੁਲ ਛੱਕਣ ਦਾ ਮਨੋਰਥ ਹੀ ਖ਼ਤਮ ਹੋ ਜਾਵੇਗਾ। ਦੂਸਰੇ,
ਵਿਅਕਤੀ ਰੂਪ ਵਿੱਚ ਦੋ ਤਰ੍ਹਾਂ ਦੇ ਦੁਸ਼ਮਣ ਹਨ, ਇੱਕ ਕੌਮ ਦੇ ਅੰਦਰ ਅਤੇ ਦੂਸਰਾ ਕੁੱਝ ਬਾਹਰੀ
ਸ਼ਕਤੀਆਂ, ਜਿਨ੍ਹਾਂ ਨੂੰ ਸਿੱਖ ਸਿਧਾਂਤ ਅਤੇ ਸਿੱਖ ਸਰੂਪ ਬਿਲਕੁਲ ਨਹੀਂ ਭਾਉਂਦਾ। ਉਹ ਇਸ ਨੂੰ
ਹਮੇਸ਼ਾਂ ਆਪਣੀ ਕੌਮ ਵਾਸਤੇ ਚੁਨੌਤੀ ਸਮਝਦੇ ਆਏ ਹਨ, ਅਤੇ ਇਸ ਨੂੰ ਖ਼ਤਮ ਕਰਨ ਦੇ ਮਨਸੂਬੇ ਬੰਨਦੇ
ਰਹਿੰਦੇ ਹਨ। ਦੁਸ਼ਮਨ ਤਾਂ ਦੁਸ਼ਮਨ ਹੀ ਹੁੰਦਾ ਹੈ, ਪਰ ਬਾਹਰਲੇ ਅਕਸਰ ਜ਼ਾਹਿਰਾ ਹੁੰਦੇ ਹਨ, ਇਸ ਲਈ
ਉਨ੍ਹਾਂ ਪ੍ਰਤੀ ਤਾਂ ਅਕਸਰ ਕੁੱਝ ਚੇਤੰਨਤਾ ਰਹਿੰਦੀ ਹੈ ਪਰ ਅੰਦਰਲੇ ਦੁਸ਼ਮਨ ਆਪਣਿਆਂ ਦੇ ਰੂਪ ਵਿੱਚ
ਅੰਦਰ ਹੀ ਲੁਕੇ ਹੁੰਦੇ ਹਨ, ਇਸ ਲਈ ਕਈ ਵਾਰੀ ਉਨ੍ਹਾਂ ਦੀ ਪਛਾਣ ਕਰਨ ਵਿੱਚ ਵੀ ਸਮਾਂ ਲੱਗ ਜਾਂਦਾ
ਹੈ ਅਤੇ ਇਹ ਕਿਤੇ ਵਧੇਰੇ ਮਾਰੂ ਸਾਬਤ ਹੁੰਦੇ ਹਨ। ਇੱਕ ਕਹਾਵਤ ਵੀ ਹੈ, ‘ਕਿ ਬੁੱਕਲ ਦਾ ਸੱਪ ਬਹੁਤ
ਖਤਰਨਾਕ ਹੁੰਦਾ ਹੈ`। ਵੈਸੇ ਤਾਂ ਇਹ ਲੋਕ ਵੀ ਆਪਣੇ ਨਿਜੀ ਲੋਭਾਂ ਅਤੇ ਸੁਆਰਥਾਂ ਕਾਰਨ ਕੰਮ ਉਹੀ
ਕਰਦੇ ਹਨ, ਜੋ ਜ਼ਾਹਿਰਾ ਦੁਸ਼ਮਨ ਚਾਹੁੰਦਾ ਹੈ। ਅਕਸਰ ਸਿੱਖ ਕੌਮ ਦਾ ਵਧੇਰੇ ਨੁਕਸਾਨ ਬੁਕਲ ਦੇ ਸੱਪਾਂ
ਨੇ ਹੀ ਕੀਤਾ ਹੈ, ਗੱਲ ਭਾਵੇਂ ਖਾਲਸਾ ਰਾਜ ਦੇ ਸਮੇਂ ਦੀ ਕਰ ਲਈਏ ਤੇ ਭਾਵੇਂ ਪਿਛਲੇ ਚਾਰ ਪੰਜ
ਦਹਾਕਿਆਂ ਦੀ। ਇਹ ਇਸ ਗੱਲ ਦਾ ਸਪੱਸ਼ਟ ਪ੍ਰਮਾਣ ਹੈ ਕਿ ਖਾਲਸੇ ਦੀ ਸਦ-ਚੇਤੰਨਤਾ ਵਿੱਚ ਵੱਡਾ ਨਿਘਾਰ
ਆਇਆ ਹੈ। ਕਾਰਨ ਇਹੀ ਹੈ ਕਿ ਅਸੀਂ ਬੀਰ ਆਸਣ ਵਿੱਚ ਬੈਠਣ ਨੂੰ ਉਸ ਸਮੇਂ ਦਾ ਇੱਕ ਕਰਮਕਾਂਡ ਹੀ
ਸਮਝਿਆ ਹੈ, ਜੀਵਨ ਵਿੱਚ ਅਪਣਾਇਆ ਨਹੀਂ।
ਪਾਹੁਲ ਤਿਆਰ ਕਰਨ ਲੱਗਿਆਂ ਪਾਹੁਲ ਤਿਆਰ ਕਰਨ ਵਾਲੇ ਗੁਰਸਿੱਖ ਗੁਰਬਾਣੀ
ਪੜ੍ਹਦੇ ਹਨ। ਅਕਸਰ ਇਹ ਆਖਿਆਂ ਜਾਂਦਾ ਹੈ ਕਿ ਬਾਣੀ ਨੂੰ ਪਾਣੀ ਵਿੱਚ ਘੋਲ ਕੇ ਪਿਆਇਆ ਜਾਂਦਾ ਹੈ।
ਐਸੀ ਗੈਰ ਸਿਧਾਂਤਕ ਅਤੇ ਗੈਰ ਵਿਗਿਆਨਕ ਗੱਲ ਦਾ, ਸਾਹਿਬੇ ਗਿਆਨ (ਗੁਰੂ ਗ੍ਰੰਥ ਸਾਹਿਬ ਦੇ ਇਲਾਹੀ
ਗਿਆਨ ਤੇ ਅਧਾਰਤ) ਕੌਮ ਵਿੱਚ ਪ੍ਰਚਲਤ ਹੋਣਾ ਅਤਿ ਮੰਦਭਾਗਾ ਅਤੇ ਦੁਖਦਾਈ ਹੀ ਕਿਹਾ ਜਾ ਸਕਦਾ ਹੈ।
ਗੁਰਬਾਣੀ ਤਾਂ ਪੜ੍ਹ ਕੇ ਜਾਂ ਸੁਣ ਕੇ, ਵਿਚਾਰ ਕੇ, ਜੀਵਨ ਵਿੱਚ ਅਪਣਾਈ ਜਾ ਸਕਦੀ ਹੈ, ਸਤਿਗੁਰੂ ਦੇ
ਪਾਵਨ ਬਚਨ ਵੀ ਹਨ:
“ਸੁਣਿਆ ਮੰਨਿਆ, ਮਨਿ ਕੀਤਾ ਭਾਉ।। ਅੰਤਰਗਤਿ ਤੀਰਥਿ, ਮਲਿ ਨਾਉ”।। (ਜਪੁ)
ਜੇ ਕੋਈ ਐਸਾ ਘੋਲ ਕੇ ਪੀਣ ਵਾਲਾ ਤਰੀਕਾ ਵੀ ਹੁੰਦਾ, ਤਾਂ ਸਤਿਗੁਰੂ ਬਾਣੀ
ਵਿੱਚ ਜ਼ੂਰਰ ਦਰਜ ਕਰ ਦੇਂਦੇ। ਜੇ ਇਸ ਨੂੰ ਠੀਕ ਮੰਨ ਲਿਆ ਜਾਵੇ ਤਾਂ ਇਹ ਤਾਂ ਉਹੀ ਬ੍ਰਾਹਮਣ ਦੇ
ਮੰਤਰ ਵਾਲੀ ਗੱਲ ਹੋ ਗਈ, ਜਿਸ ਨੂੰ ਗੁਰਬਾਣੀ ਬਾਰ ਬਾਰ ਰੱਦ ਕਰਦੀ ਹੈ। ਇਸ ਸੋਚ ਨੇ ਸਿੱਖ ਕੌਮ
ਵਿੱਚ ਕਈ ਬੁਰਾਈਆਂ ਅਤੇ ਕਰਮਕਾਂਡਾਂ ਨੂੰ ਜਨਮ ਦਿੱਤਾ ਹੈ। ਅਖੰਡਪਾਠ ਦੇ ਨਾਲ ਕੁੰਭ ਦੇ ਨਾਂ ਤੇ
ਘੱੜੇ ਵਿੱਚ ਪਾਣੀ ਰਖਣਾ ਇਸੇ ਦਾ ਨਤੀਜਾ ਹੈ। ਗੱਲ ਵੀ ਠੀਕ ਹੈ ਜੇ ਕੁੱਝ ਬਾਣੀਆਂ ਪੜ੍ਹਨ ਨਾਲ ਪਾਣੀ
ਅੰਮ੍ਰਿਤ ਬਣ ਗਿਆ, ਤਾਂ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਪਾਠ ਨਾਲ ਤਾਂ ਮਹਾਂ ਅੰਮ੍ਰਿਤ ਬਣ ਜਾਣਾ
ਚਾਹੀਦਾ ਹੈ। ਇਸੇ ਵਿਚਾਰਧਾਰਾ ਅਧੀਨ ਕਈ ਪਖੰਡੀ ਬਾਬੇ ਗਿਲਾਸ ਵਿੱਚ ਪਾਣੀ ਪਾਕੇ, ਉਪਰ ਸ਼ਬਦ ਪੜ੍ਹਕੇ
(ਮੰਤਰਿਆ ਹੋਇਆ ਜਲ) ਅੰਮ੍ਰਿਤ ਬਣਾਕੇ ਦੇਂਦੇ ਹਨ। ਕਈ ਸ਼ਬਦ ਲਿਖ ਕੇ ਪੁੜੀ ਬਣਾਕੇ ਦੇਂਦੇ ਹਨ ਕਿ ਘਰ
ਜਾਕੇ ਪਾਣੀ ਵਿੱਚ ਘੋਲ ਕੇ ਪੀ ਲੈਣਾ, ਜਦਕਿ ਗੁਰਬਾਣੀ ਦਾ ਫੁਰਮਾਨ ਹੈ:
“ਤੰਤੁ ਮੰਤੁ ਪਾਖੰਡੁ ਨ ਜਾਣਾ ਰਾਮੁ ਰਿਦੈ ਮਨੁ ਮਾਨਿਆ।। ਅੰਜਨੁ ਨਾਮੁ
ਤਿਸੈ ਤੇ ਸੂਝੈ ਗੁਰਸਬਦੀ ਸਚੁ ਜਾਨਿਆ।। “ {ਸੂਹੀ ਮਹਲਾ ੧, ਪੰਨਾ ੭੬੬-੭੬੭}
(ਪਰਮਾਤਮਾ ਦਾ ਪਿਆਰ ਪ੍ਰਾਪਤ ਕਰਨ ਲਈ) ਮੈਂ ਕੋਈ ਜਾਦੂ-ਟੂਣਾ ਕੋਈ ਮੰਤ੍ਰ
ਆਦਿਕ ਪਖੰਡ ਕਰਨਾ ਨਹੀਂ ਜਾਣਦੀ। ਮੈਂ ਤਾਂ ਕੇਵਲ ਉਸ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੈ,
ਮੇਰਾ ਮਨ ਉਸ ਦੀ ਯਾਦ ਵਿੱਚ ਗਿੱਝ ਗਿਆ ਹੈ। ਪ੍ਰਭੂ-ਪਤੀ ਨੂੰ ਪ੍ਰਸੰਨ ਕਰਨ ਵਾਸਤੇ ਉਸ ਦਾ ਨਾਮ ਹੀ
ਸੁਰਮਾ ਹੈ, ਇਸ ਸੁਰਮੇ ਦੀ ਸੂਝ ਭੀ ਉਸੇ ਪਾਸੋਂ ਮਿਲਦੀ ਹੈ। (ਜਿਸ ਜੀਵ ਨੂੰ ਇਹ ਸੂਝ ਪੈ ਜਾਂਦੀ ਹੈ
ਉਹ) ਗੁਰੂ ਦੇ ਸ਼ਬਦ ਵਿੱਚ ਜੁੜ ਕੇ ਉਸ ਸਦਾ-ਥਿਰ ਪ੍ਰਭੂ ਨਾਲ ਡੂੰਘੀ ਸਾਂਝ ਪਾ ਲੈਂਦੀ ਹੈ। ੪।
ਇਕ ਗੱਲ ਸੱਚ ਹੈ ਕਿ ਸਭੇ ਪੁਰਾਤਨ ਰਹਿਤ ਨਾਮੇ ਅਤੇ ਪੁਰਾਤਨ ਇਤਿਹਾਸਕਾਰ ਇਸ
ਗੱਲ ਤੇ ਇਕਮੱਤ ਹਨ ਕਿ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਵੀ ਪਾਹੁਲ ਤਿਆਰ ਕਰਦਿਆਂ ਬਾਣੀ ਪੜ੍ਹੀ
ਸੀ, ਹਾਲਾਂਕਿ ਇਸ ਗੱਲ ਬਾਰੇ ਵੱਡੇ ਮਤਭੇਦ ਹਨ ਕਿ ਕਿਹੜੀਆਂ ਬਾਣੀਆਂ ਪੜ੍ਹੀਆਂ ਸਨ। ਜੇ ਇਹ ਪਾਣੀ
ਵਿੱਚ ਘੋਲਿਆ ਗਿਆ ਮੰਤ੍ਰ ਨਹੀਂ ਤਾਂ ਫਿਰ ਬਾਣੀ ਕਿਉਂ ਪੜ੍ਹੀ ਗਈ? ਮੈਂ ਸਮਝਦਾ ਹਾਂ ਕਿ ਬਾਣੀ
ਪੜ੍ਹਨ ਦਾ ਭਾਵ, ਇਹ ਪ੍ਰਣ ਕਰਾਉਣਾ ਹੈ ਕਿ ਖਾਲਸਾ ਬਣ ਕੇ ਸਾਰੀ ਜ਼ਿੰਦਗੀ ਕੇਵਲ ਗੁਰੂ ਗ੍ਰੰਥ ਸਾਹਿਬ
ਦੀ ਬਾਣੀ ਦੇ ਓਟ ਆਸਰੇ ਹੀ ਰਹਿਣਾ ਹੈ, ਕੋਈ ਹੋਰ ਓਟ ਨਹੀਂ ਤੱਕਣੀ, ਯਾਨੀ ਕਿ ਇਹ ਵੀ, ਗੁਰਮਤਿ
ਅਨੁਸਾਰ ਜੀਵਨ ਬਤੀਤ ਕਰਨ ਵਾਸਤੇ ਪ੍ਰਣ ਕਰਾਉਣਾ ਹੈ। ਕਈ ਲੋਕ ਇਸੇ ਗੱਲ ਨੂੰ ਨਾ ਸਮਝਦੇ ਹੋਏ ਕਈ
ਭਰਮਾਂ ਵਿੱਚ ਪੈ ਜਾਂਦੇ ਹਨ, ਜਿਵੇਂ ਕਿ ਪਿਛਲੇ ਦਿਨੀਂ ਇਹ ਵਿਵਾਦ ਭੱਖਿਆ ਕਿ ਉਸ ਵੇਲੇ ਸਤਿਗੁਰੂ
ਨੇ ਕਿਹੜੀਆਂ ਬਾਣੀਆਂ ਪੜ੍ਹੀਆਂ ਸਨ, ਤਾਂ ਕਈ ਵੀਰਾਂ ਨੂੰ ਇਹ ਕਹਿੰਦੇ ਸੁਣਿਆ ਗਿਆ ਕਿ ਜੇ ਇਹੀ ਪੰਜ
ਬਾਣੀਆਂ ਨਹੀਂ ਸਨ ਤਾਂ ਸਾਡਾ ਅੰਮ੍ਰਿਤ ਛਕਣਾ ਤਾਂ ਬੇਕਾਰ ਚਲਾ ਗਿਆ। ਜੇ ਉਹ ਇਹ ਸਮਝ ਲੈਣ ਕਿ
ਪੜ੍ਹੀਆਂ ਗਈਆਂ ਬਾਣੀਆਂ ਤਾਂ ਸੰਕੇਤਕ ਹਨ, ਅਸਲ ਵਿੱਚ ਤਾਂ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ
ਨੂੰ ਜੀਵਨ ਦਾ ਅਧਾਰ ਬਨਾਉਣ ਦਾ ਪ੍ਰਣ ਕੀਤਾ ਹੈ, ਤਾਂ ਐਸੀ ਗੁਰਮਤਿ ਵਿਰੋਧੀ ਸੋਚ ਕਦੇ ਨਾ ਆਵੇ।
ਚਲਦਾ…….