.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਛਿੰਦੇ ਨੇ ਸਆਲ ਪੁੱਛੇ

ਭਾਗ ਤੀਜਾ

ਛਿੰਦੇ ਨੂੰ ਗ੍ਰੰਥੀ ਜੀ ਨਾਲ ਖੁਲ੍ਹੀਆਂ ਗੱਲਾਂ ਕਰਕੇ ਕੁੱਝ ਸਕੂਨ ਮਿਲਿਆ, ਤਸੱਲੀ ਹੋਈ। ਸੋਚਾਂ ਦੇ ਘੋੜੇ ਦੜਾਉਂਦਿਆਂ ਹੋਇਆਂ ਆਪਣੇ ਬਿਸਤਰੇ ਵਿੱਚ ਪੈ ਗਿਆ ਤੇ ਬ੍ਰਹਮ ਗਿਆਨੀ ਨਾਲ ਬੀਤੇ ਸਮੇਂ ਦੀ ਸਾਰੀ ਰੀਲ ਇੱਕ ਵਾਰੀ ਫਿਰ ਅੱਖਾਂ ਸਾਹਮਣੇ ਲਿਆਂਦੀ। ਸੋਚਦਾ ਹੈ ਕਿ ਗੁਰਬਾਣੀ ਮਹਾਨ ਹੈ ਪਰ ਇਹ ਬ੍ਰਹਮ ਗਿਆਨੀ ਸਿਰਫ ਆਪਣੀ ਉਪਮਾ ਦੀਆਂ ਹੀ ਗੱਲਾਂ ਕਰਦੇ ਰਹੇ ਹਨ ਜਾਂ ਆਪਣੇ ਅਲੋਕਾਰ ਕੌਤਕਾਂ ਦੀਆਂ ਗੱਲਾਂ ਕਰਕੇ ਹੀ ਵਿਚਾਰੀ ਸੰਗਤ ਨੂੰ ਗੁਮਰਾਹ ਕਰ ਰਹੇ ਹਨ। ਛਿੰਦੇ ਨੂੰ ਸਭ ਤੋਂ ਵੱਧ ਦੁੱਖ ਉਹ ਮਹਿਸੂਸ ਹੋਇਆ ਜਿਹੜਾ ਗੁਰਦੁਆਰਿਆਂ ਦੇ ਪ੍ਰਬੰਧਕ ਬ੍ਰਹਮ ਗਿਆਨੀਆਂ ਨੂੰ ਗਰੁਦੁਆਰੇ ਦੀ ਸਟੇਜ ਤੋਂ ਝੂਠ ਬੋਲਣ ਦਾ ਸਮਾਂ ਦੇਂਦੇ ਸੀ। ਛਿੰਦਾ ਸੋਚਦਾ ਹੈ ਕਿ ਕੀ ਸਾਡੇ ਪ੍ਰਬੰਧਕਾਂ ਨੂੰ ਗੁਰਬਾਣੀ ਤੇ ਇਤਿਹਾਸ ਬਾਰੇ ਭੋਰਾ ਵੀ ਗਿਆਨ ਨਹੀਂ ਹੈ। ਬਹੁਤਿਆਂ ਗੁਰਦੁਆਰਿਆਂ ਵਿੱਚ ਗ੍ਰੰਥੀ ਸਿੰਘ ਵੀ ਆਮ ਪਰਚਾਰਕ ਦੇ ਪੈਰ ਨਹੀਂ ਲੱਗਣ ਦੇਂਦੇ। ਛਿੰਦੇ ਨੂੰ ਲੱਗਿਆ ਕਿ ਗ੍ਰੰਥੀ ਜੀ ਵੀ ਤਾਂ ਪਹਿਲਾਂ ਇਹਨਾਂ ਬ੍ਰਹਮ ਗਿਆਨੀਆਂ ਵਿਚੋਂ ਹੀ ਸਨ। ਜੇ ਇਹਨਾਂ ਨੂੰ ਆਪਣਾ ਪੁਰਾਣਾ ਸੁਭਾਅ ਬਦਲ਼ਿਆਂ ਕੋਈ ਪਾਪ ਨਹੀਂ ਲੱਗਿਆ, ਕੋਈ ਨੁਕਸਾਨ ਨਹੀਂ ਹੋਇਆ ਤਾਂ ਫਿਰ ਮੈਨੂੰ ਵੀ ਕੁੱਝ ਨਹੀਂ ਹੋਣ ਲੱਗਾ। ਛਿੰਦੇ ਨੇ ਮਨ ਬਣ ਲਿਆ ਕਿ ਅੱਜ ਤੋਂ ਬਆਦ ਮੈਂ ਵੀ ਗ੍ਰੰਥੀ ਜੀ ਤੋਂ ਸਿੱਖ ਧਰਮ ਦੀ ਮੁੱਢਲੀ ਜਾਣਕਾਰੀ ਹਾਸਲ ਕਰਕੇ ਨਿਰਮਲ ਪੰਥ ਨੂੰ ਨਿਰਮਲ ਰਖਣ ਦਾ ਹੀ ਯਤਨ ਕਰਾਂਗਾ।
ਮਨ ਦੀਆਂ ਸੋਚਾਂ ਵਿੱਚ ਕਈ ਉਤਰਾਅ ਚੜ੍ਹਾਅ ਆਉਂਦਿਆਂ ਛਿੰਦਾ ਗੂੜੀ ਨੀਂਦ ਵਿੱਚ ਸੌਂ ਗਿਆ। ਸਵੇਰੇ ਉੱਠਦਿਆਂ ਛਿੰਦੇ ਦੇ ਮਨ ਵਿੱਚ ਸਭ ਤੋਂ ਪਹਿਲਾਂ ਜਪੁਜੀ ਸਾਹਿਬ ਦੀ ਬਾਣੀ ਦੇ ਅਰਥ ਵਿਚਾਰਨ ਦਾ ਮਨ ਬਣਿਆਂ। ਗ੍ਰੰਥੀ ਜੀ ਤੋਂ ਸਮਾਂ ਲੈ ਕੇ ਗੁਰਬਾਣੀ ਨੂੰ ਅਰਥਾਂ ਸਮੇਤ ਪੜ੍ਹਨ ਦਾ ਯਤਨ ਅਰੰਭਿਆ। ਗ੍ਰੰਥੀ ਜੀ ਨੇ ਪ੍ਰੋ. ਸਾਹਿਬ ਸਿੰਘ ਜੀ ਵਾਲੀ ਦਰਪਣ ਦੀ ਪਹਿਲੀ ਪੋਥੀ ਪੜ੍ਹਨ ਲਈ ਦਿੱਤੀ। ਸਾਰਾ ਦਿਨ ਬ੍ਰਹਮ ਗਿਆਨੀ ਦੀਆਂ ਕੁੱਝ ਗੱਲਾਂ ਦਿਮਾਗ਼ ਵਿੱਚ ਘੰਮਦੀਆਂ ਰਹੀਆਂ। ਪੂਰਾ ਡੇੜ ਮਹੀਨਾ ਕਿਸੇ ਇੱਕ ਸ਼ਬਦ ਦੇ ਅਰਥ ਵੀ ਬ੍ਰਹਮ ਗਿਆਨੀ ਜੀ ਨੇ ਨਹੀਂ ਕੀਤੇ ਸਨ। ਦਰਅਸਲ ਜ਼ਿਆਦਾਤਰ ਲੋਕ ਆਪਣੀਆਂ ਆਪ ਹੀ ਸਹੇੜੀਆਂ ਹੋਈਆਂ ਮੁਸ਼ਕਲਾਂ ਵਿੱਚ ਫਸੇ ਪਏ ਹਨ ਤੇ ਫਿਰ ਉਹਨਾਂ ਦੇ ਉਪਾਅ ਬ੍ਰਹਮ ਗਿਆਨੀਆਂ ਤੋਂ ਪੁੱਛ ਕੇ ਮਨ ਨੂੰ ਝੂਠੀ ਤਸੱਲੀ ਦੇ ਲੈਂਦੇ ਹਨ। ਸਿੱਖੀ ਵਿੱਚ ਇੱਕ ਬਹੁਤ ਵੱਡਾ ਭਰਮ ਪੈਦਾ ਹੋ ਗਿਆ ਹੈ ਚੋਲਿਆਂ ਵਾਲੇ ਬ੍ਰਹਮ ਗਿਆਨੀ ਦੂਜੇ ਰੱਬ ਹਨ ਜੋ ਇਹ ਕਹਿਣਗੇ ਉਹ ਹੀ ਰੱਬ ਜੀ ਪੂਰਾ ਕਰ ਦੇਂਦੇ ਹਨ। ਛਿੰਦੇ ਨੂੰ ਪਿੰਡ ਵਾਲੇ ਅਮਲੀ ਬੀਰ੍ਹੇ ਦੀ ਗੱਲ ਯਾਦ ਆਈ, ਕਿ ਇੱਕ ਪਰਵਾਰ ਨੇ ਮੱਝ ਮੁੱਲ ਲਿਆਂਦੀ। ਜਦ ਰਾਤ ਨੂੰ ਪਰਵਾਰ ਨੇ ਦੁੱਧ ਪੀਤਾ ਤੇ ਨਾਲ ਤਾਏ ਨੂੰ ਵੀ ਦੁੱਧ ਪਿਲਾਇਆ। ਉਸ ਨੂੰ ਦੁੱਧ ਬਹੁਤ ਸਵਾਦੀ ਲੱਗਿਆ। ਤਾਏ ਨੇ ਕਿਹਾ ਕਿ ਮੱਝ ਵਿੱਚ ਮੇਰਾ ਵੀ ਹਿੱਸਾ ਪਾ ਲਓ। ਛੋਟੇ ਭਰਾ ਨੇ ਕਿਹਾ ਕਿ ਤੁਸੀਂ ਵੀ ਮੱਝ ਵਾਲੇ ਨੂੰ ਪੈਸੈ ਦੇ ਆਓ ਤੇ ਵੰਡ ਕੇ ਦੁੱਧ ਪੀਂਦੇ ਰਹੋ। ਫਿਰ ਗਵਾਂਢ ਵਾਲਿਆਂ ਨੇ ਦੁੱਧ ਪੀਤਾ ਤੇ ਉਹਨਾਂ ਨੂੰ ਵੀ ਦੁੱਧ ਚੰਗਾ ਲੱਗਿਆ। ਉਹ ਕਹਿੰਦੇ ਕਿ ਸਾਡਾ ਵੀ ਹਿੱਸਾ ਪਾ ਲਓ। ਜਿਸ ਪਾਸੋਂ ਮੱਝ ਮੁੱਲ ਲਿਆਂਦੀ ਹੈ ਤੁਸੀਂ ਵੀ ਉਸ ਮੱਝ ਵਾਲੇ ਨੂੰ ਪੈਸੇ ਦੇ ਆਓ। ਇੰਜ ਸਾਰਿਆਂ ਨੇ ਮੁੱਝ ਦੇ ਮੁੱਲ ਦੇ ਤਿਗਣੇ ਪੈਸੇ ਮੱਝ ਵੇਚਣ ਵਾਲੇ ਨੂੰ ਦੇ ਆਏ। ਏਹੀ ਹਾਲ ਇਹਨਾਂ ਗ਼ਰਜ਼ਾਂ ਮਾਰਿਆਂ ਲੋਕਾਂ ਦਾ ਹੈ। ਸਾਰੇ ਹੀ ਬ੍ਰਹਮ ਗਿਆਨੀ ਪਾਸੋਂ ਅਰਦਾਸਾਂ ਕਰਾਈ ਜਾ ਰਹੇ ਸੀ ਤੇ ਪੈਸੇ ਦਈ ਜਾ ਰਹੇ ਸੀ। ਸਾਰੇ ਪਰਵਾਰ ਦੀ ਇੱਕ ਹੀ ਸਮੱਸਿਆ ਹੁੰਦੀ ਸੀ ਪਰ ਮੱਥਾ ਸਾਰਾ ਪਰਵਾਰ ਹੀ ਪੈਸੇ ਰੱਖ ਰੱਖ ਕੇ ਟੇਕੀ ਜਾ ਰਿਹਾ ਸੀ ਜਨੀ ਕਿ ਸਾਰੇ ਹੀ ਹਿੱਸਾ ਪਾਈ ਜਾ ਰਹੇ ਸਨ ਬਾਬੇ ਦੀਆਂ ਜੇਬਾਂ ਰੂਪੀ ਗੋਲਕ ਵਿਚ।
ਥੋੜੀ ਗੁਰਬਾਣੀ ਵਿਚਾਰਨ ਨਾਲ ਹੀ ਛਿੰਦੇ ਨੂੰ ਪਤਾ ਲਗ ਗਿਆ ਕਿ ਬ੍ਰਹਮ ਗਿਆਨੀਆਂ ਵਰਗੇ ਸਾਰੇ ਸਾਧ ਹੀ ਧਰਮ ਦੇ ਨਾਂ `ਤੇ ਪੂਰੀਆਂ ਠੱਗੀ ਮਾਰ ਰਹੇ ਹਨ। ਛਿੰਦੇ ਨੂੰ ਪੂਰਾ ਵਿਸ਼ਵਾਸ ਹੋ ਗਿਆ ਕਿ ਇਹ ਬ੍ਰਹਮ ਗਿਆਨੀ ਤਾਂ ਸਿੱਖ ਧਰਮ ਵਿੱਚ ਕਲੰਕ ਹਨ। ਅਜੇ ਮੱਝ ਵਿੱਚ ਹਿੱਸਾ ਪਾਉਣ ਨਾਲ ਤਾਂ ਥੋੜਾ ਬਹੁਤਾ ਦੁੱਧ ਤਾਂ ਮਿਲਦਾ ਹੋਏਗਾ, ਪਰ ਏੱਥੇ ਤਾਂ ਉਹ ਵੀ ਹਿੱਸਾ ਕੋਈ ਨਹੀਂ ਮਿਲਣ ਵਾਲਾ। ਸਿਰਫ ਝੂਠਾ ਲਾਰਾ ਹੀ ਸੀ ਜੋ ਸਾਰੇ ਪਰਵਾਰ ਵਾਲੇ ਹੱਸ ਹੱਸ ਕੇ ਲੈ ਰਹੇ ਸੀ।
ਸ਼ਾਮ ਦਾ ਲੰਗਰ ਛੱਕ ਕੇ ਛਿੰਦਾ ਬ੍ਰਹਮ ਗਿਆਨੀ ਜੀ ਨਾਲ ਸੈਰ ਕਰਨ ਲਈ ਤੁਰ ਪਿਆ ਤੇ ਛਿੰਦੇ ਦੇ ਮਨ ਵਿੱਚ ਜੋ ਸਵਾਲ ਮੁੜ ਮੁੜ ਆ ਰਹੇ ਸੀ, ਉਹਨਾਂ ਬਾਰੇ ਸਾਰੀ ਜਾਣਕਾਰੀ ਲੈਣਾ ਚਹੁੰਦਾ ਸੀ। ਛਿੰਦਾ ਪੁੱਛਦਾ ਹੈ, ਕਿ “ਬਾਬਾ ਜੀ ਆਅ ਰਹਿਤ ਮਰਯਾਦਾ ਕੀ ਹੁੰਦੀ ਹੈ? ਬ੍ਰਹਮ ਗਿਆਨੀ ਹਰੇਕ ਘਰ ਇਹਦੀ ਗੱਲ ਬਹੁਤ ਕਰਦੇ ਸੀ ਕਿ ਭਾਈ ਇਹਨੂੰ ਨਹੀਂ ਪੜ੍ਹਨਾ ਕਿਉਂ ਕਿ ਏਦ੍ਹੇ ਵਿੱਚ ਬਾਣੀ ਥੋੜੀ ਪੜ੍ਹਨ ਨੂੰ ਕਿਹਾ ਹੈ। ਬ੍ਰਹਮ ਗਿਆਨੀ ਕਹਿੰਦੇ ਸੀ ਕਿ ਬੜੇ ਮਹਾਂਰਾਜ ਜੀ ਤਾਂ ਪੂਰੀ ਪੰਜ ਗ੍ਰੰਥੀ ਪੰਜ ਵਾਰ ਪੜ੍ਹਦੇ ਸੀ। ਸੁਖਮਨੀ ਸਾਹਿਬ ਦੇ ਪੰਜ ਪਾਠ ਵੱਖਰੇ ਕਰਦੇ ਸੀ। ਆਅ ਰਹਿਤ ਮਰਯਾਦਾ ਤਾਂ ਕਾਲੀਆਂ ਨੇ ਬਣਾਈ ਹੋਈ ਆ। ਮੂਲ ਮੰਤਰ ਬਾਰੇ ਵੀ ਕਹਿੰਦੇ ਸੀ ਕਿ ਕਾਲੀਆਂ ਨੇ ਘਟਾ ਦਿੱਤਾ ਹੈ। ਤਾਂਹੀ ਕੌਮ ਢਹਿੰਦੀਆਂ ਕਲਾਂ ਵਿੱਚ ਜਾ ਰਹੀ ਹੈ। ਤੁਸੀਂ ਮੂਲ ਮੰਤ੍ਰ ਦਾ ਪੂਰਾ ਮੰਤ੍ਰ ਕਰਕੇ ਦੇਖੋ ਖਾਂ, ਤੁਹਾਡੇ ਕੰਮ ਗੁਰੂ ਮਹਾਂਰਾਜ ਜੀ ਆਪ ਕਰਨਗੇ”।
ਗ੍ਰੰਥੀ ਜੀ ਨੇ ਦੱਸਿਆ ਕਿ ਛਿੰਦੇ ਰਹਿਤ ਮਰਯਾਦਾ ਅਕਾਲੀਆਂ ਨਹੀਂ ਬਣਾਈ ਇਹ ਪੰਥ ਨੇ ਬਣਾਈ ਹੈ। ਦੂਸਰਾ ਛਿੰਦੇ ਕਾਲੀ ਨਹੀਂ ਆਕਾਲੀ ਸ਼ਬਦ ਹੁੰਦਾ ਹੈ। ਇਹ ਬੂਬਨੇ ਬਾਬੇ ਅਕਾਲੀ ਸ਼ਬਦ ਨੂੰ ਟਿਚਰ ਨਾਲ ਵਿਗਾੜ ਕੇ ਪੇਸ਼ ਕਰਦੇ ਹਨ। ਗ੍ਰੰਥੀ ਜੀ ਨੇ ਦੱਸਿਆ ਕਿ ਛਿੰਦਿਆ ਜਦੋਂ ਇਹ ਪੰਥ ਪਰਵਾਨਤ ਰਹਿਤ ਮਰਯਦਾ ਬਣਾਈ ਸੀ ਤਾਂ ਓਦੋਂ ਕੋਈ ਵੀ ਡੇਰਾ, ਸੰਤ ਸਮਾਜ ਤੇ ਕੋਈ ਵੀ ਹੋਰ ਜੱਥੇਬੰਦੀ ਨਹੀਂ ਹੁੰਦੀ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਸੀ ੧੯੨੫ ਵਿਚ। ਜਦੋਂ ਗੁਰਦੁਆਰਾ ਸੁਧਾਰ ਲਹਿਰ ਚਲੀ ਤਾਂ ਓਦੋਂ ਗੁਰਦੁਆਰੇ ਮਹੰਤਾਂ ਦੇ ਕਬਜ਼ੇ ਵਿੱਚ ਸਨ। ਉਹ ਆਪਣੀਆਂ ਮਨ ਆਈਆਂ ਕਰਦੇ ਸੀ। ਨਨਕਾਣਾ ਸਾਹਿਬ ਦੇ ਗੁਰਦੁਆਰਾ ਸਾਹਿਬ ਅੰਦਰ ਮਹੰਤ ਦੇ ਗੁੰਡਿਆਂ ਵਲੋਂ ਸਿੱਖ ਬੱਚੀਆਂ ਦੀ ਬੇਪਤੀ ਕਰਨ ਦੀਆਂ ਆਮ ਘਟਨਾਵਾਂ ਵਾਪਰ ਰਹੀਆਂ ਸਨ। ਇਤਿਹਾਸਕ ਗੁਰਦੁਆਰਿਆਂ ਵਿੱਚ ਲਗ-ਪਗ ਜ਼ਿਆਦਾਤਰ ਮਹੰਤਾਂ ਦਾ ਕਬਜ਼ਾ ਸੀ ਜੋ ਸ਼ਰਾਬੀ, ਅਯਾਸ਼ੀ ਤੇ ਹਰ ਪਰਕਾਰ ਦੇ ਐਬੀ ਸਨ। ਜੇ ਕਰ ਓਦੋਂ ਕੋਈ ਸਿੱਖ ਸਿਧਾਂਤਾਂ ਵਾਲਾ ਡੇਰਾ ਜਾਂ ਜੱਥੇਬੰਦੀ ਹੁੰਦੀ ਤਾਂ ਸਾਡੇ ਇਤਿਹਾਸਕ ਗੁਰਦੁਆਰਿਆਂ ਦੀ ਇਹ ਹਾਲਤ ਨਾ ਹੁੰਦੀ। ਓਦੋਂ ਪੰਥ ਦਰਦੀਆਂ ਨੇ ਆਪਣੀਆਂ ਕੀਮਤੀ ਜਾਨਾਂ ਵਾਰ ਕੇ, ਜ਼ਿਉਂਦਿਆਂ ਜੰਡਾਂ ਨਾਲ ਸੜ੍ਹ ਕੇ ਗੁਰਦੁਆਰਿਆ ਨੂੰ ਮਹੰਤਾਂ ਕੋਲੋਂ ਅਜ਼ਾਦ ਕਰਾਇਆ ਸੀ। ਛਿੰਦਿਆ ਮਹਾਂਰਾਜਾ ਰਣਜੀਤ ਸਿੰਘ ਦੇ ਸਮੇਂ ਸਿੱਖ ਕੌਮ ਵਿੱਚ ਬਨਾਰਸ ਦੇ ਬ੍ਰਹਮਣ, ਨਿਰਮਲਿਆਂ ਤੇ ਉਦਾਸੀਆਂ ਦੇ ਰੂਪ ਵਿੱਚ ਗੁਰਦੁਆਰਿਆਂ ਅੰਦਰ ਪੱਕੇ ਤੌਰ `ਤੇ ਕਬਜ਼ਾ ਜਮਾਈ ਬੈਠੇ ਸਨ। ਏੱਥੋਂ ਤਕ ਕੇ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਸਥਾਪਤ ਹੋ ਚੁੱਕੀਆਂ ਸਨ। ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿਚੋਂ ਮੂਰਤੀਆਂ ਚਕਾਉਣ ਲਈ ਸਿੱਖ ਕੌਮ ਦੇ ਵਿਦਵਾਨਾਂ ਤੇ ਆਗੂਆਂ ਨੂੰ ਬਹੁਤ ਜਦੋ-ਜਹਿਦ ਕਰਨੀ ਪਈ ਸੀ।
ਸਾਡੇ ਪੰਥ ਦੀ ਮਰਯਾਦਾ ਵੀ ਇਕਸਾਰ ਨਹੀਂ ਸੀ। ਅਗਨੀ ਨਾਲ ਤਾਂ ਅਨੰਦਕਾਰਜ ਕੀਤੇ ਜਾਂਦੇ ਸੀ। ਪੰਥ ਦੇ ਵਿਦਵਾਨਾਂ ਨੇ ਸਿਰ ਜੋੜ ਕੇ ੧੯੩੨ ਨੂੰ ਇੱਕ ਧਾਰਮਕ ਰਹੁ-ਰੀਤ ਕਮੇਟੀ ਬਣਾਈ ਜਿਸ ਨੇ ੧੯੩੬ ਵਿੱਚ ਇੱਕ ਲਿਖਤ ਤਿਆਰ ਕਰਾਈ ਤੇ ਉਹ ਲਗ-ਪਗ ਪੰਥ ਦੀਆਂ ਸਾਰੀਆਂ ਵੱਡੀਆਂ ਸੰਸਥਾਵਾਂ ਨੂੰ ਭੇਜੀ ਗਈ। ਕਿ ਪੰਥ ਨੂੰ ਇਕਸਾਰ ਕਰਨ ਲਈ ਤੇ ਸਾਰੇ ਗੁਰਦੁਆਰਿਆਂ ਦੀ ਮਰਯਾਦਾ ਇੱਕ ਕਰਨ ਲਈ ਅਹ ਰਹਿਤ ਮਰਯਾਦਾ ਦੀ ਲਿਖਤ ਤਿਆਰ ਕਰਾਈ ਗਈ। ਇਸ ਵਿੱਚ ਕੋਈ ਵਾਧਾ ਘਾਟਾ ਕਰਨਾ ਹੈ, ਤਾਂ ਜ਼ਰੂਰ ਦੱਸਿਆ ਜਾਏ। ਸਾਰੀਆਂ ਹੀ ਸੰਸਥਾਵਾਂ ਦੀ ਸਹਿਮਤੀ ਨਾਲ ਇਸ ਰਹਿਤ ਮਰਯਾਦਾ ਦੀ ਲਿਖਤ ਨੂੰ ਪਰਵਾਨ ਕੀਤਾ ਗਿਆ ਤੇ ਮੁਕੰਮਲ ਤੌਰ `ਤੇ ੧੯੪੫ ਨੂੰ ਇਸ ਦਾ ਅਕਾਲ ਤੱਖਤ ਤੋਂ ਐਲਾਨ ਕੀਤਾ ਗਿਆ, ਕਿ ਅੱਜ ਤੋਂ ਸਾਰੇ ਨਿੱਜੀ ਤੇ ਪੰਥਕ ਕਾਰਜ ਇਸ ਮਰਯਾਦਾ ਅਨੁਸਾਰ ਹੀ ਨਿਭਾਏ ਜਾਣਗੇ। ਇਸ ਪੰਥਕ ਮਰਯਾਦਾ ਵਿੱਚ ਜਾਤੀ ਤੇ ਜਮਾਤੀ ਵਿਧੀ ਵਿਧਾਨ ਸਮਝਾਇਆ ਗਿਆ ਹੈ। ਜਨਮ ਤੋਂ ਲੈ ਕੇ ਮਰਨ ਤੀਕ ਦੇ ਸਾਰੇ ਕਾਰਜ ਦਰਸਾਏ ਗਏ ਹਨ। ਅਖੰਡਪਾਠ ਦੀ ਵਿਧੀ, ਗੁਰਮਤ ਦੀ ਰਹਿਣੀ ਅਰਦਾਸ ਆਦ ਸਾਰਾ ਕੁੱਝ ਦੱਸਿਆ ਗਿਆ ਹੈ। ਇਸ ਪੰਥਕ ਮਰਯਾਦਾ ਵਿੱਚ ਤਬਦੀਲੀ ਸਮੁੱਚਾ ਪੰਥ ਹੀ ਵਿਧੀ ਵਿਧਾਨ ਦੁਆਰਾ ਕਰ ਸਕਦਾ ਹੈ। ਪਰ ਕਿਸੇ ਇਕੱਲੀ ਜੱਥੇਬੰਦੀ ਜਾਂ ਡੇਰੇ ਨੂੰ ਅਧਿਕਾਰ ਨਹੀਂ ਹੈ ਕਿ ਉਹ ਆਪਣੀ ਮਰਜ਼ੀ ਅਨੁਸਾਰ ਕੋਈ ਤਬਦੀਲੀ ਕਰੇ। ਬਾਕੀ ਬਾਣੀ ਪੜ੍ਹਨ `ਤੇ ਇਸ ਵਿੱਚ ਕੋਈ ਰੋਕ ਨਹੀਂ ਲਗਾਈ ਗਈ। ਬਾਣੀ ਘੱਟ ਤੋਂ ਘੱਟ ਤੇ ਵੱਧ ਤੋਂ ਵੱਧ ਪੜ੍ਹਨ ਦੀ ਮੱਦ ਰੱਖੀ ਹੈ। ਹਰ ਸਿੱਖ ਨੂੰ ਸਹਿਜ ਪਾਠ ਕਰਨ ਲਈ ਕਿਹਾ ਗਿਆ ਹੈ ਪਰ ਮੇਰਾ ਨਹੀਂ ਖ਼ਿਆਲ ਕਿ ਬਾਬੇ ਵੀ ਆਪ ਸਹਿਜ ਪਾਠ ਕਰਦੇ ਹੋਣ। ਮੰਗਲਾਚਰਨ ਸਬੰਧੀ ਜੋ ਫੈਸਲਾ ਪੰਥ ਨੇ ਕੀਤਾ ਹੈ ਉਸ ਨੂੰ ਤਬਦੀਲ ਕਰਨ ਦਾ ਇਹਨਾਂ ਆਪੇ ਬਣੇ ਬ੍ਰਹਮ ਗਿਆਨੀਆਂ ਨੂੰ ਨਹੀਂ ਹੈ। ਛਿੰਦਿਆ ਮੂਲ ਮੰਤ੍ਰ ਇੱਕ ਓਅੰਕਾਰ ਤੋਂ ਲੈ ਕੇ ਗੁਰਪ੍ਰਸਾਦਿ ਤੀਕ ਹੈ। ਇਹ ਵਾਰਤਕ ਵਿੱਚ ਹੈ। ਜਨੀ ਕਿ ਸਾਰੇ ਮੰਗਲਾ ਚਰਨ ਵਾਰਤਕ ਵਿੱਚ ਹਨ ਬਾਕੀ ਦੀ ਸਾਰੀ ਗੁਰਬਾਣੀ ਕਾਵਕ ਰੂਪ ਵਿੱਚ ਉਚਾਰਣ ਕੀਤੀ ਗਈ ਹੈ। ਮੂਲ ਮੰਤ੍ਰ ਉਪਰੰਤ ਬਾਣੀ ਦਾ ਸਿਰਲੇਖ ਜਪੁ ਹੈ ਜਦੋਂ ਕਿ ਅੱਗੇ ਸਲੋਕ ਆਉਂਦਾ ਹੈ। ਇਸ ਲਈ ਪੰਥ ਪ੍ਰਵਾਨਤ ਰਹਿਤ ਅਨੁਸਾਰ ਮੂਲ ਮੰਤ੍ਰ ਗੁਰਪ੍ਰਸਾਦਿ ਤੀਕ ਹੀ ਹੈ।
ਛਿੰਦਿਆ ੧੯੪੭ ਤੋਂ ਬਆਦ ਵਿੱਚ ਹੀ ਸੰਤ ਸਮਾਜ ਦਾ ਵਿਸਥਾਰ ਹੁੰਦਾ ਹੈ। ਪਹਿਲਾਂ ਕੋਈ ਟਾਵਾਂ ਟਾਵਾਂ ਡੇਰਾ ਹੁੰਦਾ ਸੀ ਹੁਣ ਤਾਂ ਡੇਰਿਆ ਦਾ ਮੀਂਹ ਪਿਆ ਹੋਇਆ ਈ। ਸਉਣ ਭਾਦਰੋਂ ਦੀਆਂ ਖੁੰਭਾਂ ਵਾਂਗ ਇਹ ਡੇਰੇ ਦਿਨ ਦੀਵੀਂ ਤੇ ਰਾਤ ਚੌਗਣੀ ਤਰੱਕੀਆਂ ਕਰ ਰਹੇ ਹਨ। ਸਿੱਖ ਰਹਿਤ ਮਰਯਾਦਾ ਸਾਰੀ ਕੌਮ ਨੂੰ ਏਕੇ ਵਿੱਚ ਪਰੋਂਦੀ ਹੈ। ਪਰ ਇਹ ਡੇਰੇ ਜਿਦਣ ਤੋਂ ਸਥਾਪਤ ਹੁੰਦੇ ਹਨ ਸਭ ਤੋਂ ਪਹਿਲਾਂ ਇਹ ਪੰਥਕ ਰਹਿਤ ਮਰਯਾਦਾ ਨੂੰ ਰੱਦ ਕਰਦੇ ਹਨ। ਛਿੰਦਿਆ ਇਹਨਾਂ ਮਹਾਂਪੁਰਸ਼ਾਂ ਪਾਸ ਕੋਈ ਵੀ ਰਹਿਤ ਮਰਯਾਦਾ ਨਹੀਂ ਹੈ। ਨਾ ਹੀ ਇਹਨਾਂ ਡੇਰਿਆਂ ਦੀ ਮਰਯਾਦਾ ਆਪਸ ਵਿੱਚ ਕੋਈ ਰਲ਼ਦੀ ਹੈ। ਜੇ ਕੋਈ ਮਰਯਾਦਾ ਹੁੰਦੀ ਤਾਂ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਮੂਰਤੀਆਂ ਨਾ ਆਉਂਦੀਆਂ। ਨਨਕਾਣਾ ਸਾਹਿਬ ਦੇ ਜੰਡ ਨਾਲ ਬੰਨ੍ਹ ਕੇ ਸ਼ਹੀਦੀਆਂ ਨਾ ਦੇਣੀਆਂ ਪੈਂਦੀਆਂ।
ਬਾਬਾ ਜੀ ਤੁਸੀਂ ਤਾਂ ਮੇਰੇ ਕਬਾੜ ਹੀ ਖੋਹਲ ਦਿੱਤੇ ਹਨ। ਬਾਬਾ ਜੀ ਇੱਕ ਨਿਜੀ ਸੁਆਲ ਪੁੱਛਣ ਲੱਗਾ ਹਾਂ, ਗੁੱਸਾ ਤਾਂ ਨਹੀਂ ਕਰੋਗੇ? ਹਾਂ ਹਾਂ ਛਿੰਦਿਆ ਪੁੱਛ ਪੁੱਛ-- ਕੀ ਤੁਸੀਂ ਵੀ ਪਹਿਲਾਂ ਇਸ ਪੰਥਕ ਮਰਯਾਦਾ ਤੋਂ ਭਗੋੜੇ ਸੀ? ਛਿੰਦਿਆ ਇਹਨਾਂ ਬ੍ਰਹਮ ਗਿਆਨੀਆਂ ਵਾਂਗ ਮੈਂ ਹਰੇਕ ਨਾਲ ਲੜ ਪੈਂਦਾ ਸੀ ਕਿ ਰਹਿਤ ਮਰਯਾਦਾ ਕਾਲੀਆਂ ਨੇ ਬਣਾਈ ਹੈ। ਇਹਨਾਂ ਨੇ ਨਿਤਨੇਮ ਦੀ ਬਾਣੀ ਨੂੰ ਛੋਟਾ ਕਰ ਦਿਤਾ ਹੈ ਵਿਚਾਰੇ ਸਿੱਖ ਸ਼ਰਧਾ ਵਸ ਸਾਡੇ ਪਿੱਛੇ ਤੁਰ ਪੈਂਦੇ ਸੀ, ਕਿ ਸ਼ਾਇਦ ਵਾਕਿਆ ਹੀ ਕਾਲੀਆਂ ਨੇ ਬਾਣੀ ਨੂੰ ਛੋਟਾ ਕਰ ਦਿੱਤਾ ਹੈ। ਛਿੰਦਿਆ ਬਾਣੀ ਨੂੰ ਕੋਈ ਛੋਟਾ ਨਹੀਂ ਕਰ ਸਕਦਾ। ਸਿਰਫ ਇੱਕ ਮਰਯਾਦਾ ਬਣਾਈ ਹੈ ਜਿਸ ਨੂੰ ਹਰੇਕ ਸਿੱਖ ਨਿਭਾਅ ਸਕਦਾ ਹੈ। ਕੱਦੂ ਵਿੱਚ ਝੋਨਾ ਲਾਉਣ ਤੋਂ ਲੈ ਕੇ ਸੜਕ ਤੇ ਬਜਰੀ ਪਉਣ ਵਾਲਾ, ਇੱਕ ਬੱਚਾ ਸਕੂਲ ਦੀ ਪੜ੍ਹਾਈ ਕਰਨ ਵਾਲਾ ਦਫ਼ਤਰ ਵਿੱਚ ਦਸ ਘੰਟੇ ਕੰਮ ਕਰਨ ਵਾਲਾ ਇਸ ਰਹਿਤ ਮਰਯਾਦਾ ਨੂੰ ਨਿਭਾਅ ਸਕਦਾ ਹੈ ਬਾਕੀ ਕੋਈ ਬੰਦਸ਼ ਨਹੀਂ ਲਾਈ ਕਿ ਅਸਾਂ ਹੋਰ ਬਾਣੀ ਨਹੀਂ ਪੜ੍ਹਨੀ। ਛਿੰਦਿਆ ਜਦੋਂ ਦੀ ਮੈਨੂੰ ਸਮਝ ਆਈ ਹੈ ਮੈਂ ਭਰਮਾਂ ਵਿਚੋਂ ਮੁਕਤ ਹੋ ਗਿਆ ਹਾਂ। ਛਿੰਦਿਆ ਸੱਚ ਇਹ ਹੈ ਕਿ ਬੰਦੇ ਨੂੰ ਆਪਣੀ ਅਕਲ ਨੂੰ ਤਾਲਾ ਕਦੇ ਵੀ ਨਹੀਂ ਮਾਰਨਾ ਚਾਹੀਦਾ। ਵਿਚਾਰ ਨਾਲ ਹੀ ਬੰਦਾ ਤਰੱਕੀ ਕਰਦਾ ਹੈ।
ਬਾਬਾ ਜੀ ਫਿਰ ਮੈਨੂੰ ਪਹਿਲਾਂ ਪੰਥਕ ਰਹਿਤ ਮਰਯਾਦਾ ਦੀ ਕਾਪੀ ਦਿਆ ਜੇ। ਛਿੰਦਿਆ ਕਾਪੀਆਂ ਤਾਂ ਪਈਆਂ ਹੋਈਆਂ ਨੇ ਉਸ ਨੂੰ ਪੜ੍ਹਨ ਤੇ ਵਿਚਾਰਨ ਦੀ ਜ਼ਰੂਰਤ ਹੈ। ਬਾਬਾ ਜੀ, “ਬ੍ਰਹਮ ਗਿਆਨੀ ਕਹਿੰਦੇ ਸੀ ਕਿ ਦਰਬਾਰ ਸਾਹਿਬ ਦੇ ਸਰੋਵਰ ਵਿਚੋਂ ਇਸ਼ਨਾਨ ਕਰਨ ਨਾਲ ਕਾਲ਼ੇ ਕਾਂ ਚਿੱਟੇ ਹੰਸ ਬਣ ਗਏ ਸੀ। ਬ੍ਰਹਮ ਗਿਆਨੀ ਕਹਿੰਦੇ ਸੀ ਇੱਕ ਪਿੰਗਲਾ ਵੀ ਬਿਲਕੁਲ ਠੀਕ ਹੋ ਗਿਆ ਸੀ। ਹੋਰ ਕਹਿੰਦੇ ਸੀ ਕਿ ਬੇਰੀ ਸਾਹਿਬ ਦੇ ਹੇਠਾਂ ਇਸ਼ਨਾਨ ਕੀਤਾ ਜਾਏ ਤਾਂ ਮਨ ਦੀਆਂ ਮੁਰਾਦਾਂ ਪੂਰੀਆਂ ਹੂੰਦੀਆਂ ਨੇ”।
ਛਿੰਦਿਆ! “ਜਦੋਂ ਦਾ ਸਰੋਵਰ ਬਣਿਆ ਹੈ, ਕੀ ਇੱਕ ਹੀ ਕਾਂ ਹੰਸ ਬਣਿਆ ਹੈ? ਹੁਣ ਤੀਕ ਇੱਕ ਹੀ ਪਿੰਗਲਾ ਠੀਕ ਹੋਇਆ ਹੈ? ਦੂਸਰਾ ਕੀ ਬੇਰੀ ਦੇ ਨੇੜੇ ਪਾਣੀ ਕੋਈ ਹੋਰ ਹੈ ਤੇ ਸਾਰੇ ਸਰੋਵਰ ਵਿੱਚ ਪਾਣੀ ਕੋਈ ਹੋਰ ਹੈ? ਛਿੰਦਿਆ! ਇਹ ਸਾਰੀਆਂ ਕਥਾਵਾਂ ਮੈਂ ਖ਼ੁਦ ਵੀ ਸੁਣਾਇਆ ਕਰਦਾ ਸੀ, ਪਰ ਹੁਣ ਜਦੋਂ ਦਾ ਗੁਰਬਾਣੀ ਵਿਚਾਰ ਨਾਲ ਜੁੜਿਆ ਹਾਂ ਮੈਨੂੰ ਸਮਝ ਆਈ ਹੈ ਕਿ ਸਰੋਵਰ ਵਿਚੋਂ ਇਸ਼ਨਾਨ ਕਰਨ ਨਾਲ ਸਰੀਰ ਦੀ ਮੈਲ ਤਾਂ ਲੱਥ ਸਕਦੀ ਹੈ ਪਰ ਸਰੀਰਕ ਰੋਗਾਂ ਦੀ ਨਿਵਰਤੀ ਲਈ ਦਵਾ ਦਾਰੂ ਦੀ ਜ਼ਰੂਰਤ ਹੈ। ਗੁਰੂ ਸਾਹਿਬ ਜੀ ਨੇ ਕੋਹੜੀ ਘਰ ਬਣਾਏ ਗੁਰੂ ਹਰਿ ਰਾਏ ਸਾਹਿਬ ਜੀ ਦਾ ਦੁਆਰਾ ਬਣਾਇਆ ਦਵਾ ਖਾਨਾ ਬਹੁਤ ਵੱਡਾ ਸੀ। ਛਿੰਦਿਆ ਗੁਰਬਾਣੀ ਦੀ ਵਿਚਾਰ ਨਾਲ ਮਨ ਰੂਪੀ ਕਾਲੇ ਕਾਂਵਾਂ ਦੀਆਂ ਬਿਰਤੀਆਂ ਨੂੰ ਹੰਸ ਰੂਪੀ ਬਿਰਤੀ ਵਿੱਚ ਤਬਦੀਲ ਕਰਨਾ ਹੈ। ਛਿੰਦਿਆ ਕਾਂ ਤਾਂ ਅੱਜ ਵੀ ਪੰਜਾਬ ਵਿੱਚ ਉੱਡਦੇ ਫਿਰਦੇ ਹਨ। ਕਦੇ ਕੋਈ ਸਰੋਵਰ ਵਿਚੋਂ ਇਸ਼ਨਾਨ ਕਰਕੇ ਹੰਸ ਨਹੀਓਂ ਹੋਇਆ ਦੇਖਿਆ। ਗੁਰਬਾਣੀ ਮਨ ਦੇ ਪਿੰਗਲਿਆਂ ਨੂੰ ਠੀਕ ਕਰਦੀ ਹੈ। ਸਰੀਰ ਦੇ ਬਿਮਾਰ ਆਦਮੀ ਨੂੰ ਡਾ: ਪਾਸੋਂ ਦਵਾਈ ਲੈਣੀ ਹੀ ਪੈਣੀ ਹੈ। ਬਾਕੀ ਸਾਰੇ ਸਰੋਵਰ ਦਾ ਪਾਣੀ ਇਕਸਾਰ ਹੈ। ਇਕਵੀਂ ਸਦੀ ਵਿੱਚ ਪ੍ਰਵੇਸ਼ ਕਰ ਚੁੱਕੇ ਲੋਕਾਂ ਨੂੰ ਆਪੇ ਬਣੇ ਬ੍ਰਹਮ ਗਿਆਨੀ ਵਹਿਮਾਂ ਭਰਮਾਂ ਵਿੱਚ ਪਾ ਰਹੇ ਹਨ।
ਬਾਬਾ ਜੀ, ‘ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਹੋਰ ਗ੍ਰੰਥ ਦਾ ਪ੍ਰਕਾਸ਼ ਕੀਤਾ ਜਾ ਸਕਦਾ ਹੈ`? ਛਿੰਦਿਆ! ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਵੀ ਪੁਸਤਕ, ਗ੍ਰੰਥ ਆਦਿ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ। ਛਿੰਦਿਆ! ‘ਇਹ ਤੂੰ ਸਵਾਲ ਕਿਉਂ ਕੀਤਾ ਈ`? ਬਾਬਾ ਜੀ, ਬ੍ਰਹਮ ਗਿਆਨੀ ਜੀ ਕਹਿੰਦੇ ਸੀ ਗੁਰੂ ਨਾਨਕ ਸਾਹਿਬ ਜੀ ਦੀ ਹੋਰ ਬਾਣੀ ਵੀ ਹੈ ਜੋ ਜਨਮ ਸਾਖੀਆਂ ਵਿੱਚ ਲਿਖੀ ਹੋਈ ਹੈ ਤੇ ਸਿੱਖਾਂ ਨੂੰ ਉਸ ਬਾਣੀ ਬਾਰੇ ਗਿਆਨ ਨਹੀਂ ਹੈ। ਦੂਜਾ ਬ੍ਰਹਮ ਗਿਆਨੀ ਜੀ ਕਹਿੰਦੇ ਸੀ ਕਿ ਦਸਮ ਗ੍ਰੰਥ ਨਾਂ ਦਾ ਕੋਈ ਗ੍ਰੰਥ ਹੈ ਜਿਸਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਪ੍ਰਕਾਸ਼ ਹੋਣਾ ਚਾਹੀਦਾ ਹੈ। ਕਿਉਂਕਿ ਵੱਡੇ ਮਹਾਂਪੁਰਸ਼ ਉਸ ਦਾ ਪ੍ਰਕਾਸ਼ ਕਰਿਆ ਕਰਦੇ ਸੀ। ਕਹਿੰਦੇ ਸੀ ਹਜ਼ੂਰ ਸਾਹਿਬ ਤੇ ਪਟਨਾ ਸਾਹਿਬ ਵਾਲਿਆਂ ਨੇ ਦਸਮ ਗ੍ਰੰਥ ਦੇ ਪ੍ਰਕਾਸ਼ ਕਰਨ ਦੀ ਮਰਯਾਦਾ ਕਾਇਮ ਰੱਖੀ ਹੈ। ਆਅ ਪੰਜਾਬ ਵਾਲਿਆਂ ਨੂੰ ਪਤਾ ਨਹੀਂ ਤਾਪ ਚੜ੍ਹ ਗਿਆ ਹੈ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਸ਼ ਕਰਦੇ ਹੀ ਨਹੀਂ ਹਨ।
ਗ੍ਰੰਥੀ ਜੀ ਨੇ ਸਮਝਾਇਆ ਕਿ ਛਿੰਦਿਆ ਦੁਸ਼ਮਣ ਬਾਤ ਕਰੇ ਅਣਹੋਣੀ, ਛਿੰਦਿਆ, ਇਸ ਗ੍ਰੰਥ ਦਾ ਨਾਂ ਦਸਮ ਗ੍ਰੰਥ ਨਹੀਂ ਹੈ ਇਸ ਦਾ ਨਾਂ ਬਚਿੱਤ੍ਰ ਨਾਟਕ ਸੀ। ਇਸ ‘ਬਚਿੱਤ੍ਰ ਨਾਟਕ ਦੀ ਤਾਂ ਕਹਾਣੀ ਲਵ-ਕੁਸ਼ ਤੋਂ ਸ਼ੁਰੂ ਹੁੰਦੀ ਹੈ ਕਿ ਅਖੇ ਗੁਰੂ ਨਾਨਕ ਸਾਹਿਬ ਜੀ ਇਹਨਾਂ ਦੀ ਸੰਤਾਨ ਵਿਚੋਂ ਹੋੇਏ ਹਨ`। ਇਹ ਸਾਰਾ ਕੁੱਝ ਬੜੀ ਤਰਤੀਬ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਨੂੰ ਘਟਾਉਣ ਲਈ ਅਤੇ ਸਿੱਖਾਂ ਨੂੰ ਕਰਮ-ਕਾਂਡੀ ਬਣਾਉਣ ਲਈ ਕੀਤਾ ਜਾ ਰਿਹਾ ਹੈ। ਸਿੱਖ ਰਹਿਤ ਮਰਯਾਦਾ ਵਿੱਚ ਲਿਖਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਤੁਲ ਕਿਸੇ ਵੀ ਗ੍ਰੰਥ ਦਾ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ।
ਬਾਬਾ ਜੀ, ਗੁਰੂ ਗ੍ਰੰਥ ਸਾਹਿਬ ਜੀ ਮਨੁੱਖਾਂ ਵਾਂਗ ਭੋਜਨ ਛੱਕਦੇ ਹਨ? ਛਿੰਦਿਆ, ‘ਤੂੰ ਬ੍ਰਹਮ ਗਿਆਨੀਆਂ ਨਾਲ ਰਿਹਾ ਏਂ ਤੂੰ ਜ਼ਰੂਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੋਜਨ ਛਕਾਉਂਦਾ ਰਿਹਾ ਹੋਏਂਗਾ`। ਹਾਂ ਹਾਂ ਬਾਬਾ ਜੀ, “ਮਹਾਂਪੁਰਸ਼ ਕਹਿੰਦੇ ਸੀ ਕਿ ਭਈ ਤੁਸੀਂ ਤੋਲ ਕੇ ਕੜਾਹ ਪ੍ਰਸ਼ਾਦ ਗੁਰੂ ਗ੍ਰੰਥ ਜੀ ਦੇ ਸਾਹਮਣੇ ਰੱਖ ਦਿਓ ਜਦੋਂ ਭੋਗ ਲਗਣਾ ਹੈ ਓਦੋਂ ਕੜਾਹ ਪ੍ਰਸ਼ਾਦ ਘੱਟ ਜਾਂਦਾ ਹੈ। ਇਹਦਾ ਅਰਥ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਜੀ ਭੋਜਨ ਛੱਕਦੇ ਹਨ”। ਨਹੀਂ ਛਿੰਦਿਆਂ, “ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਗੁਰੂ ਹਨ ਭਾਵ ਗਿਆਨ ਗੁਰੂ ਹਨ ਅੱਜ ਕਲ੍ਹ ਤਾਂ ਲੈਪਟਾਪ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀ ਜਾ ਸਕਦੀ ਹੈ। ਜੇ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਭੋਜਨ ਛੱਕਦੇ ਹੋਣ ਤਾਂ ਕੰਪਿਊਟਰ ਖਰਾਬ ਹੋ ਜਾਣਗੇ ਫਿਰ ਕੰਪਿਊਟਰ ਵਿਚੋਂ ਬਾਣੀ ਨਹੀਂ ਪੜ੍ਹੀ ਜਾ ਸਕਦੀ। ਛਿੰਦਿਆ ਇਹਨਾਂ ਬ੍ਰਹਮ ਗਿਆਨੀਆਂ ਨੇ ਆਪਣੇ ਵਲੋਂ ਪੂਰਾ ਜ਼ੋਰ ਲਾਇਆ ਹੋਇਆ ਹੈ ਕਿ ਸਿੱਖ ਕੌਮ ਨੂੰ ਗੁਰੂ ਸ਼ਬਦ ਦੀ ਸਮਝ ਨਾ ਆ ਸਕੇ”।
ਬਾਬਾ ਜੀ ਸੈਰ ਤਾਂ ਖਤਮ ਹੋਣ ਵਾਲੀ ਹੈ ਪਰ ਬਾਬਿਆਂ ਦੇ ਪਰਚਾਰ ਦੀਆਂ ਅਣਹੋਣੀਆਂ ਗੱਲਾਂ ਨਹੀਂ ਮੁਕਣ ਵਾਲੀਆਂ। ਲੱਗਦੇ ਹੱਥ ਇੱਕ ਹੋਰ ਗੱਲ ਦੱਸਿਆ ਜੇ ਬ੍ਰਹਮ ਗਿਆਨੀ ਕਹਿੰਦੇ ਸੀ ਇੱਕ ਹੋਰ ਵੱਡੇ ਬਾਬੇ ਨੇ ਰਹਿਰਾਸ ਵਿੱਚ ਪੜ੍ਹਿਆ ਸੀ ਕਿ ਰੱਬ ਜੀ ਪੱਥਰਾਂ ਵਿਚਲੇ ਕੀੜਿਆਂ ਨੂੰ ਵੀ ਭੋਜਨ ਦੇਂਦਾ ਹੈ। ਇਸ ਲਈ ਵੱਡੇ ਬਾਬੇ ਨੇ ਹਜ਼ੂਰ ਸਾਹਿਬ ਜਾ ਕੇ ਇੱਕ ਭੋਰਾ ਪੁੱਟ ਕੇ ਤੇ ਉਸ ਅੱਗੇ ਪੱਥਰ ਲਾ ਕੇ ਬਹਿਣ ਲੱਗਾ ਸੀ, ਕਿ ਰੱਬ ਜੀ ਆਪੇ ਭੋਜਨ ਦੇਣਗੇ। ਮੈਂ ਤਾਂ ਹੁਣ ਬੰਦਗੀ ਹੀ ਕਰਾਂਗਾ। ਅਖੇ! ਕਹਿੰਦੇ ਨੇ ਵੱਡੇ ਬਾਬਾ ਜੀ ਨੂੰ ਅਵਾਜ਼ ਆਈ ਕਿ ਭਗਤਾ ਰੱਬ ਜੀ ਦੀ ਪ੍ਰੀਖਿਆ ਨਹੀਂ ਲਈਦੀ। ਇਸ ਤਰ੍ਹਾਂ ਉਹਨਾਂ ਨੇ ਅਜੇਹੀ ਬੰਦਗੀ ਕਰਨੀ ਛਡਤੀ।
ਗ੍ਰੰਥੀ ਸਿੰਘ ਨੇ ਕਿਹਾ ਕਿ ਛਿੰਦਿਆ, “ਅਜੇਹੀਆਂ ਜਬਲ਼ੀਆਂ ਕਰਕੇ ਅਸਾਂ ਸਿੱਖ ਸਿਧਾਂਤ ਨਾਲ ਧ੍ਰੋਅ ਕਮਾਇਆ ਹੈ। ਕਿਉਂਕਿ ਗੁਰਬਾਣੀ ਸਿਧਾਂਤ ਅਨੁਸਾਰ ਰੱਬ ਜੀ ਜੂਨਾਂ ਵਿੱਚ ਨਹੀਂ ਆਉਂਦੇ। ਰੱਬ ਜੀ ਦਾ ਸਦੀਵ ਕਾਲ ਨਿਯਮ ਦਿਸਦੇ ਅਣਦਿਸਦੇ ਸੰਸਾਰ ਵਿੱਚ ਇਕਸਾਰ ਚੱਲ ਰਿਹਾ ਹੈ”। ਦੂਸਰਾ ਏਦਾਂ ਦਾ ਹੱਠ ਗੁਰਬਾਣੀ ਪ੍ਰਵਾਨ ਨਹੀਂ ਕਰਦੀ। ਭੁਖਿਆਂ ਰਹਿਣ ਨਾਲ ਕੌਮ ਦਾ ਕੁੱਝ ਵੀ ਨਹੀਂ ਸੰਵਰਨਾ। ਸਰੀਰ ਨੂੰ ਦੁੱਖ ਨਹੀਂ ਦੇਣਾ ਬਲ ਕੇ ਸਰੀਰ ਦੁਆਰਾ ਸੰਸਾਰ ਦੇ ਭਲੇ ਚੰਗੇ ਕੰਮ ਕਰਨੇ ਚਾਹੀਦੇ ਹਨ”।
ਲਗਦੇ ਹੱਥ ਛਿੰਦਾ ਇੱਕ ਹੋਰ ਸਵਾਲ ਕਰਦਾ ਹੈ ਕਿ ਬਾਬਾ ਜੀ, “ਬ੍ਰਹਮ ਗਿਆਨੀ ਜੀ ਦਸਦੇ ਸੀ ਇੱਕ ਵਾਰ ਇੱਕ ਡੇਰੇ ਵਿੱਚ ਲੰਗਰ ਛੱਕਣ ਲਈ ਸੰਗਤ ਬਹੁਤ ਆ ਗਈ। ਬਣਿਆ ਹੋਇਆ ਲੰਗਰ ਵੀ ਮੁੱਕਣ ਵਾਲਾ ਸੀ ਤਾਂ ਲਾਂਗਰੀ ਨੇ ਬਾਬਾ ਜੀ ਨੂੰ ਜਾ ਕੇ ਦੱਸਿਆ ਕਿ ਬਾਬਾ ਜੀ ਲੰਗਰ ਮਸਤ ਹੋ ਗਿਆ ਪਰ ਸੰਗਤ ਬਹੁਤ ਆ ਗਈ ਹੈ ਤਾਂ ਬਾਬਾ ਜੀ ਨੇ ਉਸੇ ਵੇਲੇ ਲੰਗਰ ਵਲ ਨੂੰ ਦੇਖਿਆ ਤੇ ਕਿਹਾ ਲਓ ਵਰਤਾਈ ਜਾਉ ਪਰ ਕਿਸੇ ਅੱਗੇ ਗੱਲ ਨਹੀਂ ਕਰਨੀ। ਕਹਿੰਦੇ ਨੇ ਲੰਗਰ ਮੁੱਕਣ ਵਿੱਚ ਹੀ ਨਾ ਆਵੇ। ਅਖੀਰ ਲੰਗਰ ਮੁੜ ਕੇ ਦਰਿਆ ਵਿੱਚ ਸੁੱਟਣਾ ਪਿਆ”। ਛਿੰਦੇ ਦੀ ਗੱਲ ਸੁਣ ਕੇ ਗ੍ਰੰਥੀ ਸਿੰਘ ਨੂੰ ਹਾਸਾ ਆ ਗਿਆ। ਛਿੰਦਾ, ‘ਪੁੱਛਦਾ ਕਿ ਬਾਬਾ ਜੀ ਏਦਾਂ ਫਿਰ ਨਹੀਂ ਹੋਇਆ ਹੋਏਗਾ`? ਗ੍ਰੰਥੀ ਸਿੰਘ ਨੇ ਕਿਹਾ ਕਿ ਛਿੰਦਿਆ, “ਜੇ ਏਦਾਂ ਲੰਗਰ ਚੱਲਣ ਲਗਣ ਤਾਂ ਦੁਨੀਆਂ ਤੇ ਕੋਈ ਵੀ ਭੁਖਾ ਨਾ ਸਵੇਂ। ਫਿਰ ਕਿਸੇ ਨੂੰ ਕੋਈ ਵੀ ਮਿਹਨਤ ਕਰਨ ਦੀ ਲੋੜ ਨਹੀਂ ਹੈ ਏਦਾਂ ਪੰਜ ਸਤ ਸਾਧ ਇਕੱਠੇ ਕਰ ਲਓ ਤੇ ਸਾਰੀ ਦੁਨੀਆਂ ਵਿੱਚ ਲੰਗਰ ਲਗਾ ਦਿਓ। ਕੀ ਲੋੜ ਪਈ ਹੈ ਸੱਪਾਂ ਦੀਆਂ ਸਿਰੀਆਂ ਮਿੱਧਣ ਦੀ”। ਆਅ ਬਾਹਰਲੇ ਮੁਲਕਾਂ ਵਿੱਚ ਲੋਕਾਂ ਨੂੰ ਪਹਿਲੀ ਸਟੇਜ `ਤੇ ਸੋਲ਼ਾਂ ਸੋਲ਼ਾਂ ਘੰਟੇ ਖੜੀਆਂ ਲੱਤਾਂ ਕੰਮ ਕਰਨਾ ਪੈਂਦਾ ਹੈ, ਤਾਂ ਜੇ ਕੇ ਉਹ ਪੈਰਾਂ ਸਿਰ ਹੁੰਦੇ ਹਨ। ਛਿੰਦਿਆ ਫਿਰ ਬ੍ਰਹਮ ਗਿਆਨੀਆਂ ਨੂੰ ਕੀ ਪਾਈਆ ਪਿਆ ਹੋਇਆ ਹੈ ਹਵਾਈ ਜਹਾਜ਼ਾ ਦੇ ਧੱਕੇ ਧੋੜੇ ਖਾਣ, ਆਪਣੇ ਘਰ ਬੈਠਣ ਤੇ ਇੱਕ ਵਾਰ ਨਿਗ੍ਹਾ ਭਰ ਕੇ ਦੇਖ ਲਿਆ ਕਾਰਖਾਨਾ ਲਗਾ ਲਿਆ ਕਰਨ।
ਛਿੰਦਿਆ ਸਿੱਖ ਧਰਮ ਵਿੱਚ ਗੈਰ-ਕੁਦਰਤੀ ਤੇ ਅਣਹੋਣੀਆਂ ਕਹਾਣੀਆਂ ਦੀ ਕੋਈ ਥਾਂ ਨਹੀਂ ਹੈ। ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਸਾਰੀ ਮਨੁੱਖਤਾ ਲਈ ਹਰ ਵੇਲੇ ਸਦਾ ਲਈ ਜੀਵਨ ਜਾਚ ਦਾ ਖ਼ਜ਼ਾਨਾ ਹੈ। ਜੋ ਹਰ ਸੱਜਰੀ ਸਵੇਰ ਵਾਂਗ ਸਦਾ ਨਵਾਂ ਹੈ।
ਬਾਬਾ ਜੀ ਤੁਹਾਡਾ ਧੰਨਵਾਦ ਹੈ ਤੁਸਾਂ ਮੈਨੂੰ ਹਨੇਰਿਆਂ ਦੀ ਦੁਨੀਆਂ ਵਿਚੋਂ ਬਾਹਰ ਕੱਢ ਕੇ ਚਾਨਣ ਦੀ ਦੁਨੀਆਂ ਵਿੱਚ ਲਿਆਂਦਾ ਹੈ। ਜਿੰਨਾਂ ਕੁ ਸਮਾਂ ਤੁਹਾਡੇ ਪਾਸ ਰਹਿਣ ਦਾ ਬਣੇਗਾ, ਕ੍ਰਿਪਾ ਕਰਕੇ ਤੁਸੀਂ ਮੈਨੂੰ ਗੁਰਬਾਣੀ ਦੇ ਅਰਥ ਸਮਝਾਉ ਜੀ।




.