ਪਾਹੁਲ ਤਿਆਰ ਕਰਨ ਸਮੇਂ ਪੜ੍ਹੀਆਂ ਜਾਣ ਵਾਲੀਆਂ ਬਾਣੀਆਂ?
ਇਥੇ ਹੁਣ ਇਸ ਗੱਲ ਨੂੰ ਵਿਚਾਰ ਲੈਣਾ ਵੀ ਜ਼ਰੂਰੀ ਹੈ ਕਿ ਉਸ ਵੇਲੇ ਸਤਿਗੁਰੂ
ਨੇ ਕਿਹੜੀਆਂ ਬਾਣੀਆਂ ਪੜ੍ਹੀਆਂ ਸਨ। ਇਸ ਦੇ ਵਾਸਤੇ ਸਾਨੂੰ ਪੁਰਾਤਨ ਲਿਖਤੀ ਸੋਮਿਆਂ ਨੂੰ ਹੀ ਘੋਖਣਾ
ਪਵੇਗਾ। ਸਾਡੇ ਕੋਲ ਦੋ ਪ੍ਰਮੁਖ ਸੋਮੇਂ ਹਨ, ਰਹਿਤ ਨਾਮੇ ਅਤੇ ਇਤਹਾਸਕ ਪੁਸਤਕਾਂ। ਰਹਿਤਨਾਮਾ ਭਾਈ
ਦਇਆ ਸਿੰਘ ਵਿੱਚ ਲਿਖਿਆ ਹੈ:
1. ਉੱਤਮ ਲੋਹ ਪਾਤ ਮੇਂ ਸ਼੍ਰੀ ਅੰਮ੍ਰਿਤਸਰ ਦਾ ਅੰਮ੍ਰਿਤ ਪਾਵੇ, ਪ੍ਰਥਮ
ਸੰਪੂਰਨ ਜਪੁਜੀ ਆਦਿ ਅੰਤ ਕਾ ਪਾਠ ਕਰੇ, ਚੌਪਈ (ਕਿਹੜੀ? ਕੋਈ ਸੰਕੇਤ ਨਹੀਂ), ਪੰਜ ਪੰਜ ਸਵੈਯੇ
ਭਿੰਨ ਭਿੰਨ ਸ੍ਰਾਵਗ 2 ਦੀਨਨ ਕੀ 3 ਪਾਪ ਸਮੂਹ ਬਿਨਾਸਨ 4 ਸਤਿ ਸਦੇਵ ਸਦਾ ਬੁਤ, ਪੰਜ ਪਉੜੀਆਂ ਅਨੰਦ
ਕੀ, ਕਰਦ ਅੰਮ੍ਰਿਤ ਬੀਚ ਫੇਰੇ, ਅਪਨੀ ਓਰ ਕੋ! ਪੁਨਹ ਏਕ ਸਿੰਘ ਕਰਦ ਉਸ ਕੀ ਪਾਸ ਮੇਂ ਧਰ ਦੇ…. ।
(ਨੋਟ- ਏਥੇ ਅਨੰਦ ਸਾਹਿਬ ਦੀਆਂ ਪੰਜ ਪਉੜੀਆਂ ਪੜ੍ਹਨ ਲਈ ਕਿਹਾ ਹੈ ਅਤੇ
ਜਾਪੁ ਦਾ ਕੋਈ ਜ਼ਿਕਰ ਨਹੀਂ। ਅੰਮ੍ਰਿਤ ਕਰਦ ਨਾਲ ਤਿਆਰ ਕੀਤੇ ਜਾਣ ਦਾ ਜ਼ਿਕਰ ਹੈ।)
2. ਭਾਈ ਚੌਪਾ ਸਿੰਘ (ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦਾ ਹਜ਼ੂਰੀ ਸਿੱਖ) -
ਏਕ ਸਾਹਿਬ ਪੂਰਨ ਪੁਰਖ ਜੀ ਪੰਥ ਲੱਗੇ ਨਿਖੇੜਨ, ਸੰਮਤ 1756 ਸਾਵਨ ਦਿਨ ਸੱਤਵੇਂ ਕੇਸਾ ਦੀ ਪਾਹੁਲ
ਦਾ ਉਦਮ ਕੀਤਾ ਬਚਨ ਹੋਇਆ ਕਟੋਰੇ ਵਿੱਚ ਜਲ ਲੈ ਆਉ, ਸੋ ਲਾਇਆ ਤਾਂ ਹੁਕਮ ਹੋਇਆ, ਹਥਿ ਖੰਡਾ ਪਕੜ ਕੇ
ਵਿੱਚ ਫੇਰਉ ਅਤੇ ਪੰਜ ਪੰਜ ਸਵੱਯੇ ਪੜ੍ਹਨ ਲੱਗੇ (ਕਿਹੜੇ? ਕੋਈ ਜ਼ਿਕਰ ਨਹੀਂ) ਦਇਆ ਸਿੰਘ, ਸਾਹਿਬ
ਸਿੰਘ, ਹਿੰਮਤ ਸਿੰਘ, ਧਰਮ ਸਿੰਘ, ਮੁਹਕਮ ਸਿੰਘ, ਇਹ ਪੰਜ ਸਿੰਘ ਲੱਗੇ ਪੜ੍ਹਨ ਤਾਂ ਸਾਹਿਬ ਚੰਦ
ਦਿਵਾਨ ਬੇਨਤੀ ਕੀਤੀ ਜੀ ਸੱਚੇਪਾਤਸ਼ਾਹ ਜੇ ਵਿੱਚ ਪਤਾਸ਼ੇ ਪਾਉਣ ਤਾਂ ਅੱਛਾ ਹੋਵੇ, ਤਾਂ ਪਤਾਸ਼ੇ ਪਾਏ
ਗਏ। ਤਾਂ ਸਾਹਿਬ ਪੂਰਨ ਪੁਰਸ਼ ਜੀ ਵਿਚਹੁ ਪੰਜ ਚੂਲੈ ਲੈ ਅੰਮ੍ਰਿਤ ਪੰਜ ਨੇਤਰੀ, ਫਿਰ ਪੰਜ ਚੂਲੈ ਸੀਸ
ਪਾਏ, ਰਸਨਾ ਚੰਡੀ ਚਰਿਤ੍ਰ ਦਾ ਸਵਯਾ ਪੜ੍ਹਿਆ! ਦੇਹ ਸ਼ਿਵਾ ਬਰ ਮੁਹਿ ਇਹੈ ਸ਼ੁਭ ਕਰਮਨ ਤੇ ਕਬਹੂੰ ਨ
ਟਰੋ। ….
ਫਿਰ ਸਾਹਿਬ ਨੇ ਆਪਣੇ ਹੱਥੀਂ ਪੰਜਾਂ ਨੂੰ ਅੰਮ੍ਰਿਤ ਛਕਾਇਆ। ਦੂਜੇ ਦਿਨ ਹੋਰ
ਸਿੱਖ ਹੱਥ ਜੋੜ ਖੜੇ ਹੋਏ। ਬਚਨ ਹੋਇਆ ਜੋ ਕੜਾਹ ਪ੍ਰਸ਼ਾਦਿ ਕਰਕੇ, ਪੰਜਾਂ ਸਿੰਘਾਂ ਪਾਸੋਂ ਸਵੈਯੇ
ਪੜ੍ਹ ਕਰ ਛਕ ਲੈਣਾ।
(ਇਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚੋਂ ਕੋਈ ਵੀ ਬਾਣੀ ਪੜੇ ਜਾਣ ਦਾ
ਕੋਈ ਜ਼ਿਕਰ ਨਹੀਂ।)
3. ਭਾਈ ਕੇਸਰ ਸਿੰਘ ਛਿਬਰ, ਬੰਸਾਵਲੀ ਨਾਮਾ ਪਾਤਸ਼ਾਹੀਆਂ ਦਸਾਂ ਕਾ (ਸੰਮਤ
1826) ਵਿੱਚ ਲਿਖਦੇ ਹਨ:
ਬਚਨ ਹੋਇਆ- ਕਟੋਰਾ ਜਲ ਕਾ ਸੁਚੇਤ ਲੈ ਆਉ। ਲੈ ਆਇਆ, ਦਿੱਤੀ ਕਰਦ, ਕਹਿਆ
ਹਿਲਾਉ।
ਜਪੁ ਅਤੇ ਅਨੰਦੇ ਰਸਨੀ ਕਰਿ ਉਚਾਰੁ। ਤਾਂ ਦਿਵਾਨ ਸਾਹਬ ਚੰਦ ਹਥ ਜੋੜਿ
ਖਲੋਤਾ ਵਿੱਚ ਦਰਬਾਰ। ੩੧੭। ਕਹਿਆ, ਗਰੀਬਨਿਵਾਜ਼! ਵਿੱਚ ਮਿੱਠਾ ਪਵੇ ਤਾਂ ਬਣੇ ਸੁਆਦ। … (ਦਸਵਾਂ
ਚਰਨ)
(ਇਥੇ ਛਿੱਬਰ ਨੇ ਜਿਥੇ ਕੇਵਲ ਜਪੁ ਅਤੇ ਅਨੰਦੁ ਕੇਵਲ ਦੋ ਬਾਣੀਆਂ ਪੜ੍ਹਨ ਦੀ
ਗੱਲ ਕੀਤੀ ਹੈ, ਨਾਲ ਖੰਡੇ ਦੀ ਜਗਹ ਕਰਦ ਦੀ ਵਰਤੋਂ ਕੀਤੀ ਦਸੀ ਹੈ।)
(ਸਿੱਖ ਸੰਸਕਾਰ ਅਤੇ ਮਰਯਾਦਾ, ਚੀਫ ਖਾਲਸਾ ਦੀਵਾਨ ਪੰਨਾ 63)
4. ਗੁਰਬਿਲਾਸ ਪਾਤਸ਼ਾਹੀ ਦਸਵੀਂ (ਕ੍ਰਿਤ ਭਾਈ ਕੁਇਰ ਸਿੰਘ, ਪੰਨਾ 128):
ਸਰਿਤਾ ਜਲ ਲੀਨ ਅਛੂਤ ਮੰਗਾਇ ਕੈ,
ਪਾਤ੍ਰ ਲੋਹ ਮੈਂ ਤਾਂ ਪ੍ਰਭ ਬੇਰੇ॥
ਪੜ੍ਹਤੇ ਸੁ ਉਦਾਸ ਹੈ ਮੰਤ੍ਰਨ ਕੋ,
ਪ੍ਰਭ ਠਾਡੇ ਹੈ ਆਪ ਭਏ ਸੋ ਸਵੇਰੇ।
(ਇਸ ਰਚਨਾ ਦਾ ਸਮਾਂ ਸੰਮਤ 1808 ਮੁਤਾਬਿਕ 1751 ਈਸਵੀ ਮੰਨਿਆਂ ਜਾਂਦਾ ਹੈ
ਜੋ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੇ ਅਕਾਲ ਪਾਇਆਣੇ ਤੋਂ 43 ਸਾਲ ਬਾਅਦ ਦਾ ਬਣਦਾ ਹੈ। ਇਸ ਅਨੁਸਾਰ
ਕੇਵਲ ਮੂਲ ਮੰਤ੍ਰ ਪੜ੍ਹਿਆ ਗਿਆ।)
5. ਭਾਈ ਰਤਨ ਸਿੰਘ ਭੰਗੂ ਦੇ ਪ੍ਰਾਚੀਨ ਪੰਥ ਪ੍ਰਕਾਸ਼ (ਸੰਪਾਦਕ ਡਾ. ਜੀਤ
ਸਿੰਘ ਸੀਤਲ, ਪ੍ਰਕਾਸ਼ਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਦੇ ਪੰਨਾ 75 ਤੇ, ਪ੍ਰਸੰਗ-
‘ਕੇਸਗੜ੍ਹ ਸ੍ਰੀ ਖਾਲਸੇ ਕੋ ਪੰਥ ਕੀ ਉਤਪਤੀ ਕੀ ਸਾਖੀ` ਦੇ ਸਤਵੇਂ ਬੰਦ ਵਿੱਚ ਇੰਝ ਲਿਖਿਆ ਹੈ:
ਦੋਹਰਾ- ਸ੍ਰੀ ਸਤਿਗੁਰ ਸਤਿਨਾਮ ਰਹਿਓ ਕਰਤਾ ਪੁਰਖ ਉਚਾਰ।
ਅਕਾਲ ਅਕਾਲਹ ਜਾਪ ਕਰ ਤੋਰੀ ਕ੍ਰਿਪਤ ਨਿਜ ਧਾਰ॥੭॥
ਚੌਪਈ-ਪ੍ਰਿਥਮ ਭਗੌਤੀ ਵਾਰ ਜੁ ਪੌੜੀ, ਪੜ੍ਹ ਪ੍ਰਿਥਮੈ ਆਪ ਸਤਿਗੁਰ ਜੋੜੀ।
ਨੌਂ ਪਤਸ਼ਾਹੀਅਨ ਲਯੋ ਧਿਆਇ, ਅਬ ਦਸਮਨ ਪਰ ਹੋਈਂ ਸਹਾਇ ॥੮॥
ਬਹੁੜ ਸਵੱਯੇ ਬੱਤੀ ਉਚਾਰੇ, ਸ੍ਰੀ ਸਤਿਗੁਰ ਸ੍ਰੀ ਮੁਖੋਂ ਸਵਾਰੇ।
ਤੇਜ ਤੇਜ ਜੋ ਚੰਡੀ ਬਾਣੀ, ਸੋਊ ਪਾਹੁਲ ਏ ਮੱਧ ਠਾਣੀ॥੯॥
ਤ੍ਰਿਭੰਗੀ ਛੰਦ-
ਖਗ ਖੰਡ ਬਿਹੰਡੰ ਖਲ ਦਲ ਖੰਡੰ……. ।
(ਇਸ ਮੁਤਾਬਕ, ਭਗਉਤੀ ਕੀ ਵਾਰ, ਪਹਿਲੀ ਪਉੜੀ, 33 ਸਵੈਯੇ, ਤ੍ਰਿਭੰਗੀ ਛੰਦ
ਖਗ ਖੰਡ ਪੜ੍ਹੇ ਗਏ, ਇਥੇ ਜੋ ਬਾਣੀਆਂ ਪੜ੍ਹੀਆਂ ਦਸੀਆਂ ਗਈਆਂ ਹਨ ਉਨ੍ਹਾਂ ਦਾ ਅੱਜ ਪੜ੍ਹੀਆਂ
ਜਾਂਦੀਆਂ ਬਾਣੀਆਂ ਨਾਲ ਕੋਈ ਮੇਲ ਨਹੀਂ ਨਾਲੇ ਗਿਣਤੀ ਵਿੱਚ ਤਿੰਨ ਹਨ।)
6. ਖੁਸ਼ਵੰਤ ਰਾਏ ਦੀ ਰਚਨਾ ‘ਤਾਰੀਖ ਸਿੱਖਾਂ` ਜੋ ਸੰਨ 1754 (ਸੰਮਤ 1811)
ਦੀ ਮੰਨੀ ਜਾਂਦੀ ਹੈ ਅਨੁਸਾਰ ਅੰਮ੍ਰਿਤ ਦੀ ਤਿਆਰੀ ਵੇਲੇ ਕੇਵਲ ਪੰਜ ਸਵੈਯੇ ਪੜ੍ਹੇ ਜਾਣ ਦਾ ਜ਼ਿਕਰ
ਹੈ।
7. ਤਵਾਰੀਖ ਗੁਰੂ ਖਾਲਸਾ ਕ੍ਰਿਤ ਗਿਆਨੀ ਗਿਆਨ ਸਿੰਘ ਦੇ ਦਸਵੇਂ ਭਾਗ ਦੇ
ਪੰਨਾ 133 ਤੇ ਲਿਖਿਆ ਹੈ:
ਗੁਰੂ ਜੀ ਨੇ ਸਰਬਲੋਹ ਦੇ ਬਾਟੇ ਵਿੱਚ ਸਤਲੁਜ ਦਾ ਜਲ ਪਾ ਕੇ ਉਨ੍ਹਾਂ ਪੰਜਾਂ
ਪਿਆਰਿਆਂ ਨੂੰ ਕੱਛ, ਕ੍ਰਿਪਾਨਾਦਿਕ ਤੇ ਸੁਫੈਦ ਪੁਸ਼ਾਕੇ ਧਾਰਨ ਕਰਾ, ਆਪਣੇ ਸਨਮੁਖ ਖੜੇ ਕਰ, ਹੁਕਮ
ਦਿੱਤਾ ਕਿ ਸ੍ਰੀ ਵਾਹਿਗੁਰੂ ਦਾ ਜਾਪ ਤੇ ਅਕਾਲ ਪੁਰਖ ਦਾ ਧਿਆਨ ਕਰਦੇ ਰਹੋ ਤੇ ਆਪ ਓਸ ਬਾਟੇ ਵਿੱਚ
ਸਿੱਧੀ ਧਾਰ ਖੰਡਾ ਫੇਰਦੇ ਅੰਮ੍ਰਿਤ ਤਿਆਰ ਕਰਨ ਲੱਗੇ। ਜਪੁਜੀ ਸਾਹਿਬ ਦਾ ਪਾਠ ਅਜੇ ਸਮਾਪਤ ਨਹੀਂ
ਹੋਇਆ ਸੀ ਜੋ ਮਾਤਾ ਜੀਤੋ ਜੀ ਗੁਰੂ ਦੀ ਜੇਸ਼ਟਾ ਪਤਨੀ (ਮਾਈ ਰਾਮ ਕੌਰ ਜੀ ਦੀ ਪ੍ਰੇਰੀ ਹੋਈ) ਪਤਾਸੇ
ਲੈਕੇ ਆ ਪਹੁੰਚੀ ਤੇ ਓਸੇ ਬਾਟੇ ਵਿੱਚ ਪਤਾਸੇ ਪਾਕੇ ਗੁਰੂ ਜੀ ਦੇ ਖੱਬੇ ਪਾਸੇ ਬੈਠ ਗਈ। ਗੁਰੂ ਜੀ
ਨੇ ਅਨੰਦ ਸਾਹਿਬ ਦਾ ਪਾਠ ਤੇ ਅਰਦਾਸ ਕਰ ਕੇ……।
(ਇਸ ਅਨੁਸਾਰ ਕੇਵਲ ਜਪੁ ਅਤੇ ਅਨੰਦੁ ਬਾਣੀਆਂ ਦਾ ਪਾਠ ਕੀਤਾ ਅਤੇ ਪਤਾਸੇ
ਮਾਤਾ ਜੀਤੋ ਜੀ ਨੇ ਪਾਏ।)
8. ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਸੂਰਜ ਪ੍ਰਕਾਸ਼) ਦੀ ਰੁਤਿ ਤੀਸਰੀ
ਵਿੱਚ ਭਾਈ ਸੰਤੋਖ ਸਿੰਘ ਜੀ ਇੰਝ ਲਿਖਦੇ ਹਨ:
ਬਸਤ੍ਰ ਨਵੀਨ ਸ਼ਸਤ੍ਰ ਪਹਿਰਾਏ। ਜਟਤਿ ਜਵਾਹਰ ਜਿਨ ਸਮੁਦਾਏ।
ਰੁਚਿਰ ਬਿਭੂਖਨ ਅੰਗ ਸਜਾਏ। ਆਪਨੇ ਰੂਪ ਸਮਾਨ ਬਨਾਏ।। ੧੪।।
‘ਕਹਹੁ ਵਹਿਗੁਰੂ` ਦੀਯ ਉਪਦੇਸ਼ਾ। ਹਾਥ ਜੋਰਿ ਥਿਰ ਸਿੱਖ ਵਿਸ਼ੇਸ਼ਾ।
ਜਪੁਜੀ ਪਾਠ ਪ੍ਰਥਮ ਕਰਿ ਲੀਨਾ। ਬਹੁਰ ਸਵੈਯੇ ਪਢਿਬੋ ਕੀਨਾ।। ੧੫।।
ਪੌੜੀ ਪੰਚ ਅਨੰਦ ਪਢਯੋ ਹੈ। ਅੰਮ੍ਰਿਤ ਮੈਂ ਬਹੁ ਤੇਜ ਬਢਯੋ ਹੈ।
ਤਿਸ ਛਿਨ ਚਟਕ ਆਇਗੇ ਦੋਊ। ਸ਼੍ਰੀ ਗੁਰ ਦ੍ਰਿਸ਼ਟਿ ਪਰਿਤ ਭੇ ਸੋਊ।। ੧੬।।
(ਇਸ ਅਨੁਸਾਰ, ਜਪੁਜੀ, ਸਵੈਯੇ, ਅਨੰਦ ਸਹਿਬ ਦੀਆਂ ਪੰਜ ਪਉੜੀਆਂ ਪੜ੍ਹੀਆਂ।
ਇਥੇ ਅਨੰਦ ਸਹਿਬ ਦੀਆਂ ਪੰਜ ਪਉੜੀਆਂ ਦਾ ਜ਼ਿਕਰ ਹੈ ਅਤੇ ਜਾਪੁ, ਚੌਪਈ ਦਾ ਨਾਂ ਤੱਕ ਨਹੀਂ।)
9. ਸਾਬਕਾ ਜਥੇਦਾਰ ਗਿਆਨੀ ਕ੍ਰਿਪਾਲ ਸਿੰਘ ਨੇ ਗਿਆਨੀ ਗਿਆਨ ਸਿੰਘ ਕ੍ਰਿਤ
ਪੰਥਪ੍ਰਕਾਸ਼ ਦੀ ਸੰਪਾਦਨਾ ਕਰਦਿਆਂ ਇਸ ਦੇ ਪੰਨਾ 1573 ਤੇ ਜਪੁਜੀ ਪੰਜ ਪਉੜੀਆਂ, ਜਾਪ ਦੀ ਪੰਜ
ਪਉੜੀਆਂ, ਦਸ ਸੁਧ, ਅਨੰਦ ਸਾਹਿਬ, ਚੌਪਈ ਪੜ੍ਹੇ ਜਾਣ ਦਾ ਜ਼ਿਕਰ ਕੀਤਾ ਹੈ।
10. ਭਾਈ ਵੀਰ ਸਿੰਘ, ਸ੍ਰੀ ਕਲਗੀਧਰ ਚਮਤਕਾਰ ਦੇ ਪੰਨਾ 227-28 ਤੇ ਲਿਖਦੇ
ਹਨ: 1100 ਦਾ ਕੜਾਹ ਪ੍ਰਸ਼ਾਦਿ ਸੱਜ ਰਿਹਾ ਹੈ ਲੱਠੇ ਦੀਆਂ ਚਾਦਰਾਂ ਉੱਤੇ ਸਿੰਘਾਸਨ ਤੇ ਬਿਰਾਜ ਰਹੇ
ਹਨ ਗੁਰੂ ਗੋਬਿੰਦ ਸਿੰਘ ਜੀ, ਚਿੱਟੇ ਬਸਤਰਾਂ ਵਿੱਚ ਅੱਗੇ ਪਿਆ ਹੈ ਲੋਹੇ ਦਾ ਬਾਟਾ, ਵਿੱਚ ਪਿਆ ਹੈ
ਜਲ, ਜਿਸ ਵਿੱਚ ਰਖਿਆ ਹੈ ਦੋ ਧਾਰਾ ਖੰਡਾ। ਸਾਹਮਣੇ ਖੜ੍ਹੇ ਹਨ ਕੱਲ ਵਾਲੇ ਸੀਸ ਭੇਟ ਕਰਨ ਵਾਲੇ
ਜੀਵਨ ਮੁਕਤ, ਸਫੈਦ ਬਸਤ੍ਰ ਧਾਰੇ ਹੋਏ, ਤੇੜ ਕਛਿਹਰਾ, ਗਲ ਅੰਗਾ, ਸੀਸ ਸਿਧੀ ਚਿੱਟੀ ਦਸਤਾਰ ਕਮਰਕਸਾ
ਸਜਿਆ, ਗਾਤ੍ਰੇ ਲਗੀ ਹੈ ਸ੍ਰੀ ਸਾਹਿਬ ਤੇ ਹੱਥ ਜੋੜੇ ਖੜੇ ਹਨ। ……… ਇੰਨੇ ਨੂੰ ਸਾਹਿਬਾਂ ਨੇ ਅਵਾਜ਼
ਦਿੱਤੀ ਨਿੱਤਰ ਹੋਏ ਅਤੇ ਤਲਵਾਰ ਨਾਲ ਨਿਤਾਰੇ ਹੋਏ ਪੰਜਾਂ ਨੂੰ ਕਿ ਭਾਈ ਵਾਹਿਗੁਰੂ ਗੁਰ ਮੰਤਰ ਹੈ
ਗੁਰੂ ਬਾਬੇ ਦਾ, ਇੱਕ ਚਿਤ ਹੋ ਕੇ ਜਪੋ “ਵਾਹਿਗੁਰੂ”। ਪੰਜੇ ਤਾਂ ਇਹ ਕਾਰੇ ਲੱਗ ਪਏ ਆਪ ਸਾਹਿਬਾਂ
ਦਾ ਬਲੀ ਤੇ ਦਾਤਾ ਹੱਥ ਗਿਆ ਖੰਡੇ ਉਤੇ ਜੋ ਫਿਰਨ ਲੱਗ ਪਿਆ ਜਲ ਵਿੱਚ ਤੇ ਆਪ ਕਰਨ ਲੱਗ ਪਏ ਪਾਠ
ਬਾਣੀਆਂ ਦਾ, …. . ਆ ਗਏ ਸ਼੍ਰੀ ਪਰਮ ਪਵਿਤ੍ਰ ਯੋਗੀ ਰਾਜ ਮਾਤਾ ਜੀਤੋ ਜੀ ……. . ਦੇਵੀ ਐਨ ਸਿੰਘਾਸਨ
ਦੇ ਪਾਸ ਆਈ, ਹਸਮੁਖ ਚਿਹਰੇ ਤੇ ਖੜੇ ਮੱਥੇ ਨੇ ਮੁਸਕੁਰਾਂਦੇ ਬੁਲ੍ਹ ਖੋਹਲੇ ਤੇ ਕਿਹਾ: ‘ਮੇਰਾ
ਹਿੱਸਾ ਬੀ`……. .
ਬਾਣੀਆਂ ਪੜ੍ਹ ਕੇ ਆਪ ਖੜੇ ਹੋ ਗਏ। ਕੱਲ ਦੇ ਤਲਵਾਰ ਦੀ ਧਾਰ ਅੱਗੇ ਮਾਰਨ ਲਈ
ਨਿਵੇਂ ਆਪਾ ਵਾਰੂਆਂ ਦੇ ਸਨਮੁੱਖ ਖੜੋਕੇ ਇੱਕ ਤੋਂ ਮੂਲ ਮੰਤਰ ਦਾ ਪਾਠ ਕਰਾਇਆ ਪੰਜ ਵੇਰ। ਤੇ ਫੇਰ
ਪੰਜ ਚੂਲੇ ਛਕਾਏ. ਨੈਣੀ ਛੱਟੇ ਮਾਰੇ ਪੰਜ ਹੀ ਚੂਲੇ ਕੇਸਾਂ ਵਿੱਚ ਪਾਏ। ਐਉਂ ਪੰਜਾਂ ਨੂੰ ਅੰਮ੍ਰਿਤ
ਛਕਾਇਆ।
(ਇਥੇ ਭਾਈ ਵੀਰ ਸਿੰਘ ਨੇ ਪਾਹੁਲ ਛਕਾਉਣ ਦਾ ਸੰਸਕਾਰ, ਪੰਜਾਂ ਪਿਆਰਿਆਂ ਦੇ
ਸੀਸ ਭੇਟ ਕਰਨ ਤੋਂ ਅਗਲੇ ਦਿਨ ਦਾ ਦਸਿਆ ਹੈ। ਇਹ ਤਾਂ ਭਾਵੇਂ ਕਹਿ ਦਿੱਤਾ ਹੈ, ‘ਆਪ ਕਰਨ ਲਗ ਪਏ
ਪਾਠ ਬਾਣੀਆਂ ਦਾ` ਪਰ ਕਿਹੜੀਆਂ ਬਾਣੀਆਂ, ਇਸ ਦਾ ਕੋਈ ਜ਼ਿਕਰ ਨਹੀਂ ਕੀਤਾ।)
11. ਕਵੀ ਸੈਨਾਪਤਿ, ਜੋ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹਜ਼ੂਰੀ ਕਵੀ ਸਮਝੇ
ਜਾਂਦੇ ਹਨ, ਨੇ ਆਪਣੀ ਪੁਸਤਕ ‘ਗੁਰ ਸੋਭਾ` ਵਿੱਚ ਸਤਿਗੁਰੂ ਵਲੋਂ ਭੱਦਣ ਕਰਨ, ਹੁੱਕਾ ਪੀਣ ਅਤੇ
ਮੀਣਿਆਂ ਮਸੰਦਾਂ ਆਦਿ ਨਾਲ ਵਰਤਣ ਦੀ ਮਨਾਹੀ ਦਾ ਜ਼ਿਕਰ ਕੀਤਾ ਹੈ ਪਰ ਖੰਡੇ ਬਾਟੇ ਦੀ ਪਾਹੁਲ ਛਕਾਉਣ
ਦਾ ਕੋਈ ਜ਼ਿਕਰ ਨਹੀਂ ਕੀਤਾ।
ਇਨ੍ਹਾਂ ਦੇ ਨਾਲ ਇੱਕ ਤੀਜਾ ਇਤਿਹਾਸਕ ਸੋਮਾ ਭੱਟ ਵਹੀਆਂ ਭੀ ਹਨ। ਪਾਹੁਲ
ਛਕਾਉਣ ਸਬੰਧੀ ਭੱਟ ਵਹੀ ਭਾਦਸੋਂ ਪਰਗਨਾ ਥਾਨੇਸਰ ਵਿੱਚ ਇੱਕ ਇੰਦਰਾਜ ਮਿਲਦਾ ਹੈ, ਜੋ ਇੰਝ ਹੈ:
ਗੁਰੂ ਗੋਬਿੰਦ ਸਿੰਘ ਮਹਲ ਦਸਮਾਂ ਬੇਟਾ ਗੁਰੂ ਤੇਗ ਬਹਾਦਰ ਜੀ ਕਾ ਸਾਲ
ਸਤਰਾਂ ਸੈ ਪਚਾਵਨ ਮੰਗਲਵਾਰ ਵੈਸਾਖੀ ਕੇ ਦਿੰਹੁੰ ਪਾਂਚ ਸਿਖੋਂ ਕੋ ਕਾਂਡੇ ਕੀ ਪਾਹੁਲ ਦੀ ਸਿੰਘ ਨਾਮ
ਰਾਖਾ। ਪ੍ਰਿਥਮੈ ਦੈਆ ਰਾਮ ਸੋਪਤੀ ਖਤਰੀ ਬਾਸੀ ਲਾਹੌਰ ਆ ਖਲਾ ਹੁਆ। ਪਾਛੈ ਮੋਹਕਮ ਚੰਦ ਛੀਪਾ ਬਾਸੀ
ਦਵਾਰਕਾ, ਸਾਹਿਬ ਚੰਦ ਨਾਈ ਬਾਸੀ ਬਿਦਰ ਜ਼ਫਰਾਬਾਦ, ਧਰਮ ਚੰਦ ਜਾਵੰਦਾ ਜਾਟ ਬਾਸੀ ਹਸਤਨਾਪੁਰ, ਹਿੰਮਤ
ਚੰਦ ਝੀਵਰ ਬਾਸੀ ਜਗਨਨਾਥ ਬਾਰੋ ਬਾਰੀ ਖਲੇ ਹੂਏ। ਸਬ ਕੋ ਨੀਲ ਅੰਬਰ ਪਹਿਨਾਇਆ। ਵਹੀ ਬੇਸ ਆਪਨਾ
ਕੀਆ। ਹੁੱਕਾ, ਹਲਾਲ, ਹਜਾਮਤ ਹਰਾਮ, ਟਿੱਕਾ ਜੰਝੂ ਧੋਤੀ ਕਾ ਤਿਆਗ ਕਰਾਇਆ। ਮੀਣੇ ਧੀਰਮਲੀਏ ਰਾਮ
ਰਾਈਏ ਸਿਰਗੁੰਮ ਮਸੰਦਾਂ ਕੀ ਵਰਤਨ ਬੰਦ ਕੀ। ਕੰਘਾ, ਕਰਦ, ਕੇਸਗੀ, ਕੜਾ ਕਛਹਿਰਾ ਸਭ ਕੋ ਦੀਆ। ਸਭ
ਕੇਸਧਾਰੀ ਕੀਏ।
(ਇਸ ਵਿੱਚ ਵੀ ਪਾਹੁਲ ਛਕਾਉਣ ਦੀ ਕਿਰਿਆ ਅਤੇ ਪੜ੍ਹੀਆਂ ਗਈਆਂ ਬਾਣੀਆਂ ਦਾ
ਕੋਈ ਜ਼ਿਕਰ ਨਹੀਂ।)
ਉਪਰਲੇ ਸਾਰੀਆਂ ਲਿਖਤਾਂ ਤੋਂ ਖੰਡੇ ਬਾਟੇ ਦੀ ਪਾਹੁਲ ਛਕਾਉਣ ਦੇ ਸੰਸਕਾਰ ਦੀ
ਪ੍ਰੋੜਤਾ ਤਾਂ ਹੁੰਦੀ ਹੈ ਪਰ ਜਿਥੋਂ ਤੱਕ ਇਸ ਗੱਲ ਦਾ ਸਬੰਧ ਹੈ ਕਿ ਉਸ ਸਮੇਂ ਕਿਹੜੀਆਂ ਬਾਣੀਆਂ
ਪੜ੍ਹੀਆਂ ਗਈਆਂ ਬਾਰੇ ਦੁਬਿਧਾ ਹੀ ਮਿਲਦੀ ਹੈ। ਇਹ ਗੱਲ ਸਪੱਸ਼ਟ ਹੈ ਕਿ ਸਾਡੇ ਕੋਲ ਕੋਈ ਵੀ ਐਸਾ
ਪ੍ਰਮਾਣਿਕ ਸ੍ਰੋਤ ਨਹੀਂ ਜਿਸ ਤੇ ਪੂਰਨ ਭਰੋਸਾ ਕੀਤਾ ਜਾ ਸਕੇ। ਉਪਰਲੇ ਸਾਰੇ ਸ੍ਰੋਤਾਂ ਵਿੱਚ ਹੀ ਮਤ
ਭੇਦ ਹੋਣ ਤੋਂ ਇੱਕ ਗੱਲ ਹੋਰ ਜਾਪਦੀ ਹੈ ਕਿ ਜੇ ਇਨ੍ਹਾਂ ਦੇ ਹੋਂਦ ਵਿੱਚ ਆਉਣ ਦੇ ਸਮੇਂ ਨੂੰ
ਪ੍ਰਮਾਣਿਕ ਮੰਨ ਲਿਆ ਜਾਵੇ ਤਾਂ ਇਹ ਮੰਨਣਾ ਪਵੇਗਾ ਕਿ ਸਮੇਂ ਸਮੇਂ ਤੇ ਇਨ੍ਹਾਂ ਵਿੱਚ ਤਬਦੀਲੀਆਂ
ਅਤੇ ਮਿਲਾਵਟਾਂ ਕੀਤੀਆਂ ਗਈਆਂ ਹਨ, ਨਹੀਂ ਤਾਂ ਕੁੱਝ ਪੁਰਾਤਨ ਸ੍ਰੋਤਾਂ ਵਿੱਚ ਤਾਂ ਕੁੱਝ ਇਕ-ਸਾਰਤਾ
ਹੁੰਦੀ। ਇਸ ਨਾਲ, ਉਨ੍ਹਾਂ ਲੋਕਾਂ ਦੀ ਅਗਿਆਨਤਾ ਕਹੀਏ ਜਾਂ ਕੋਰਾ ਝੂਠ, ਵੀ ਉਭਰ ਕੇ ਸਾਹਮਣੇ ਆਉਂਦਾ
ਹੈ, ਜੋ ਇਹ ਕਹਿੰਦੇ ਹਨ ਕਿ ਮੌਜੂਦਾ ਮਰਿਯਾਦਾ ਗੁਰੂ ਸਾਹਿਬ ਤੋਂ ਸੀਨਾ ਬਸੀਨਾ ਚਲੀ ਆਉਂਦੀ ਹੈ।
ਪੁਰਾਤਨ ਕਹੇ ਜਾਂਦੇ ਰਹਿਤਨਾਮਿਆਂ ਅਤੇ ਇਤਿਹਾਸਕ ਪੁਸਤਕਾਂ ਵਿੱਚ ਗੁਰਮਤਿ ਵਿਰੋਧੀ, ਗੈਰ ਸਿਧਾਂਤਕ
ਗੱਲਾਂ ਦੀ ਭਰਮਾਰ ਤੋਂ ਵੀ ਇਹ ਸਿੱਧ ਹੁੰਦਾ ਹੈ ਕਿ ਜਾਂ ਤਾਂ ਇਹ ਪੁਰਾਤਨ ਸਿੰਘਾਂ ਦਾ ਨਾਂ ਵਰਤ ਕੇ
ਬਾਅਦ ਵਿੱਚ ਤਿਆਰ ਕੀਤੇ ਗਏ ਹਨ ਜਾਂ ਇਨ੍ਹਾਂ ਵਿੱਚ ਭਰਪੂਰ ਮਿਲਾਵਟ ਕੀਤੀ ਗਈ ਹੈ। ਜਿਵੇਂ ਪ੍ਰਮਾਣ
ਦੇ ਤੌਰ ਤੇ ਜੋ ਰਹਿਤਨਾਮਾ ਭਾਈ ਦਯਾ ਸਿੰਘ ਜੀ ਦੇ ਨਾਂ ਤੇ ਪ੍ਰਚਲਤ ਕੀਤਾ ਗਿਆ ਹੈ, ਉਸ ਦਾ ਝੂਠ
ਤਾਂ ਉਸ ਦੇ ਪਹਿਲੇ ਪੰਨੇ ਤੋਂ ਹੀ ਸਪੱਸ਼ਟ ਹੋ ਜਾਂਦਾ ਹੈ, ਜੋ ਇਸ ਤਰ੍ਹਾਂ ਹੈ:
“ਸ੍ਰੀ ਦਸਵੀਂ ਪਾਤਿਸ਼ਾਹੀ ਅਨੰਦਪੁਰ ਮੈਂ ਬੈਠੇ ਥੇ, ਦਯਾ ਸਿੰਘ ਜੀ ਪ੍ਰਸ਼ਨ
ਕੀਆ, ‘ਜੁ ਮਹਾਰਾਜ ਜੀ! ਰਹਿਤਨਾਮਾ ਕਹੀਏ ਜਿਸ ਕੇ ਸੁਨਨੇ ਸੇ ਮੁਕਤ ਹੋਇ। `
ਉਤਰ- ਜਬ ਦੇਵੀ ਪ੍ਰਗਟ ਭਈ ਔਰ ਪਾਂਚ ਪਯਾਰੇ ਸਾਵਧਾਨ ਹੂਏ, ਤਬ ਸਬ ਦੇਵਤਾ
ਆਏ। ‘ੴ ਸਤਿਨਾਮ` ਉਪਦੇਸ਼ ਮੰਤ੍ਰ ਸ੍ਰੀ ਗੁਰੂ ਨਾਨਕ ਜੀ ਕੀ ਸ਼ਕਤਿ ਨੇ ਦੀਆ, ਔਰ ਜੰਤ੍ਰ ਵਾਹਿਗੁਰੂ
ਮੋਹਨ ਬਸੀਕਰਨ ਨੇ ਦੀਆ, ਤੰਤ੍ਰ ਜਲ ਅਮਹ ਬਰਣ ਵਾਸਤੇ ਚਿਤ ਦਿੜਤਾ ਦੇ ਦੀਆ, ਮਿਸਟਾਨ ਇੰਦ੍ਰ ਨੇ
ਦੀਆ, ਬੁਧੀ ਮੀਠੀ ਰਹਨ ਨਮਿਤ ਅਰ ਲੋਹ ਪਾਤਰ ਯਮਰਾਜ ਅੰਮ੍ਰਿਤ ਪਾਵਣੇ ਨਿਮਿਤ ਦੀਆ, ਸਰਬ ਲੋਹ ਕੀ
ਕਰਦ ਕਾਲ ਜੀ ਦਈ, ਯੁਧ ਕੇ ਵਾਸਤੇ, ਕੇਸ ਚੰਡੀ ਜੀ ਦਏ, ਬਾਹਨੀ ਕੱਛ ਹਨੂ ਜੀ ਦਈ, ਜਪੁਜੀ ਮੁਕਤ ਕੋ
ਪਾਠ ਦੀਆ, ਅਨੰਦ ਚਿਤ ਸਾਂਤ ਲੀਏ ਗੁਰੂ ਅਮਰ ਜੀ ਦੀਨਾ, ਚੌਪਈ, ਸਵੈਯੇ ਸ੍ਰੀ ਮੁਖ ਦ੍ਰਿੜ ਚਿਤ ਤੇ
ਜੁੱਧ ਨਿਮਿਤ। ਚਾਰ ਪਦਾਰਥ ਖੰਡੇ ਕੀ ਪਾਹੁਲ ਤੇ ਦੀਏ ਸਿਖੋਂ ਕੋ ਸਰਕਰ ਬਿਸ਼ਨੂ ਜੀ ਦੀਨੀ, ਮੈਦਾ
ਮਹਾਦੇਵ ਜੀ ਦੀਨਾ, ਘੀਵ ਬ੍ਰਹਮੇਂ ਨੇ ਦੀਆ ਤ੍ਰਿਭਾਵ ਕਾ ਕੜਾਹ ਪ੍ਰਸਾਦ ਕੀਆ……। ਇਸ ਬਿਧਿ ਸੋਂ ਸਬ
ਦੇਵਤਾ ਅੰਸ ਦੇਤ ਭਏ…. . । “
ਪਹਿਲਾਂ ਤਾਂ ਇਹ ਲਿਖਣਾ ਕਿ, ‘ਦਯਾ ਸਿੰਘ ਜੀ ਪ੍ਰਸ਼ਨ ਕੀਆ`, ਆਪਣੇ ਆਪ
ਸਪੱਸ਼ਟ ਕਰਦਾ ਹੈ ਕਿ ਲਿਖਣ ਵਾਲੇ ਭਾਈ ਦਯਾ ਸਿੰਘ ਜੀ ਆਪ ਨਹੀਂ ਹਨ, ਫੇਰ ਲਿਖਾਰੀ ਨੇ ਬੜੀ ਚਤੁਰਾਈ
ਨਾਲ, ਜਿਥੇ ਗੁਰੂ ਸਾਹਿਬਾਨ ਨੂੰ ਦੇਵੀ ਦੇਵਤਿਆਂ ਦੀ ਕਤਾਰ ਵਿੱਚ ਲਿਆ ਖੜਾ ਕੀਤਾ ਹੈ, ਉਥੇ ਆਪਣੇ
ਦੇਵੀ ਦੇਵਤਿਆਂ ਨੂੰ ਸਿੱਖ ਕੌਮ ਵਿੱਚ ਇਤਨਾ ਮਹੱਤਵਪੂਰਨ ਬਣਾ ਦਿੱਤਾ ਹੈ ਕਿ ਪਾਹੁਲ ਅਤੇ ਦੇਗ ਦੀ
ਪ੍ਰਮੁੱਖ ਸਮੱਗਰੀ ਤਾਂ ਸਾਰੀ ਇਨ੍ਹਾਂ ਦੇ ਦੇਵੀ ਦੇਵਤਿਆਂ ਦੀ ਹੀ ਦੇਣ ਹੈ ਔਰ ਇਹ ਸਾਰਾ ਕੁਫਰ ਭਾਈ
ਦਇਆ ਸਿੰਘ ਔਰ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦਾ ਨਾਂ ਵਰਤ ਕੇ ਤੋਲਿਆ ਹੈ। ਹੁਣ ਐਸਾ ਲਿਖਾਰੀ
ਪਾਹੁਲ ਛਕਾਉਣ ਵੇਲੇ ਕਿਹੜੀਆਂ ਬਾਣੀਆਂ ਦੇ ਪੜ੍ਹੇ ਜਾਣ ਦੀ ਗੱਲ ਕਰਦਾ ਹੈ ਇਸ ਦੀ ਕੀ ਮਹੱਤਤਾ ਰਹਿ
ਜਾਂਦੀ ਹੈ?
‘ਰਹਿਤਨਾਮੇ` (1974) ਕਿਤਾਬ, ਦਾ ਲਿਖਾਰੀ ਪਿਆਰਾ ਸਿੰਘ ਪਦਮ, ਜਿਸ ਨੇ
ਸਾਰੇ ਰਹਿਤਨਾਮੇ ਇਕਠੇ ਕਰ ਕੇ ਛਾਪਣ ਦੇ ਇੱਕ ਚੰਗੇ ਉਦਮ ਦੇ ਨਾਲ, ਇਨ੍ਹਾਂ ਦੀ ਪੜਚੋਲ ਦਾ ਉਪਰਾਲਾ
ਵੀ ਕੀਤਾ ਹੈ, ਇਸ ਕਿਤਾਬ ਦੇ ਪੰਨਾ 43 ਤੇ ਲਿਖਦੇ ਹਨ:
“ਇਹ ਰਹਿਤ ਨਾਮੇ ਕਦੋਂ ਲਿਖੇ ਗਏ, ਕਿਸ ਨੇ ਲਿਖੇ, ਇਸ ਦਾ ਉਤਰ ਡੂੰਘੀ ਖੋਜ
ਵਿਚਾਰ ਦਾ ਮੁਥਾਜ ਹੈ। ਇੱਕ ਗਲ ਸਾਫ ਹੈ ਕਿ ਕੋਈ ਰਹਿਤਨਾਮਾ ਸ੍ਰੀ ਮੁਖਵਾਕ ਜਾਂ ਗੁਰੂ ਗੋਬਿੰਦ
ਸਿੰਘ ਰਚਿਤ ਨਹੀਂ…………. । ਮਾਲੂਮ ਹੁੰਦਾ ਹੈ ਕਿ ਅਠਾਰ੍ਹਵੀਂ ਸਦੀ ਵਿੱਚ ਇਨ੍ਹਾਂ ਦੀ ਰਚਨਾ ਹੋਈ
ਅਤੇ ਲਿਖਣ ਵਾਲੇ ਹੋਰ ਬੁਧੀਮਾਨ ਸਿਖ ਹਨ ਪਰੰਤੂ ਇਨ੍ਹਾਂ ਨੂੰ ਪ੍ਰਮਾਣੀਕ ਬਨਾਉਣ ਲਈ ਗੁਰੂ ਦਸ਼ਮੇਸ਼
ਦੇ ਨਿਕਟਵਰਤੀ ਬਜ਼ੁਰਗ ਸਿਖਾਂ ਨਾਲ ਸਬੰਧਤ ਕੀਤਾ ਗਿਆ ਜਿਵੇਂ ਕਿ ਭਾਈ ਨੰਦ ਲਾਲ ਸਿੰਘ ਭਾਈ ਦਯਾ
ਸਿੰਘ ਭਾਈ ਚੌਪਾ ਸਿੰਘ ਭਾਈ ਪ੍ਰਹਿਲਾਦ ਸਿੰਘ ਨਾਲ। ਹੋ ਸਕਦਾ ਹੈ ਕਿਸੇ ਰਹਿਤਨਾਮੇ ਦਾ ਕੁੱਝ ਹਿਸਾ
ਸ਼ਾਇਦ ਇਨ੍ਹਾਂ ਦਾ ਵੀ ਲਿਖਿਆ ਹੋਵੇ ਪ੍ਰੰਤੂ ਜੋ ਵੇਰਵਾ ਵਿਸਤਾਰ ਹਵਾਲੇ ਤੇ ਸ਼ੈਲੀ ਹੁਣ ਮਿਲਦੀ ਹੈ,
ਉਸ ਤੋਂ ਇਉਂ ਪ੍ਰਤੀਤ ਹੁੰਦਾ ਹੈ ਕਿ ਇਨ੍ਹਾਂ ਦਾ ਹੁਣ ਵਾਲਾ ਰੂਪ 1720 ਈ. ਤੋਂ ਬਾਅਦ ਤਿਆਰ ਹੋਇਆ।
ਭਾਈ ਦੇਸਾ ਸਿੰਘ ਦਾ ਰਹਿਤਨਾਮਾ ਜ਼ਰੂਰ ਆਪਣਾ ਹੈ ਬਾਕੀਆਂ ਬਾਰੇ ਨਿਸਚੇ ਨਾਲ ਕੁੱਝ ਵੀ ਕਹਿਣਾ ਔਖਾ
ਹੈ। “
ਹੁਣ ਜਿਸ ਭਾਈ ਦੇਸਾ ਸਿੰਘ ਦੇ ਰਹਿਤਨਾਮੇ ਨੂੰ ਸ੍ਰ. ਪਿਆਰਾ ਸਿੰਘ ਪਦਮ
ਪ੍ਰਮਾਣਿਕ ਮੰਨਦੇ ਹਨ, ਉਸ ਦੇ ਅੰਦਰ ਝਾਤੀ ਮਾਰੀਏ। ਇਸ ਦੇ 30ਵੇਂ ਬੰਦ ਵਿੱਚ ਤਾਂ ਦੇਸਾ ਸਿੰਘ ਕਈ
ਨਸ਼ਿਆਂ ਦਾ ਖੰਡਨ ਕਰਦਾ ਹੈ:
‘ਕੁੱਠਾ, ਹੁੱਕਾ, ਚਰਸ, ਤਮਾਕੂ। ਗਾਂਜਾ, ਟੋਪੀ, ਤਾੜੀ, ਖਾਕੂ। ੩੦।
ਇਨ ਕੀ ਓਰ ਨ ਕਬਹੂ ਦੇਖੈ। ਰਹਤਵੰਤ ਸੋ ਸਿੰਘ ਬਿਸੇਖੈ। `
ਇਸ ਦੇ ਅਗਲੇ 31ਵੇਂ ਬੰਦ ਵਿੱਚ ਅਫੀਮ ਅਤੇ ਭੰਗ ਦੀ ਵਰਤੋਂ ਦੀ ਵਕਾਲਤ ਕਰ
ਦਿੱਤੀ:
‘ਰਤੀ ਅਫੀਮ ਸੁ ਮਾਸਾ ਭੰਗ। ਇਨ ਕੋ ਖਾਵਹਿ ਕਦੀ ਨਿਸੰਘ। ੩੧।
ਇਸੇ ਦੇ 45ਵੇਂ ਬੰਦ ਵਿੱਚ ਇਹ ਸ਼ਰਾਬ ਪੀਣ ਦੀ ਸਿਖਿਆ ਦੇਂਦਾ ਹੈ:
‘ਰਣ ਮੋ ਚਲੇ ਤੇ ਮਦਰਾ ਸੇਵੈ। ਅਵਰ ਦਿਵਸ ਕਹੂੰ ਨਾਮ ਨ ਲੇਵੈ`।
ਭਾਵੇਂ ਭਾਈ ਦੇਸਾ ਸਿੰਘ ਨੇ ਬਹੁਤ ਚੰਗੀਆਂ ਗੱਲਾ ਵੀ ਲਿਖੀਆਂ ਹਨ ਪਰ ਕਿਸੇ
ਕੌਮ ਵਿੱਚ ਭੁਲੇਖਾ ਤਾਂ ਤਦ ਹੀ ਖੜਾ ਕੀਤਾ ਜਾ ਸਕਦਾ ਹੈ, ਜੇ ਬਹੁਤ ਸਾਰੀਆਂ ਵਧੀਆ ਅਤੇ ਸਿਧਾਂਤਕ
ਗੱਲਾਂ ਕਰਕੇ ਕੁੱਝ ਆਪਣੇ ਮਤਲਬ ਦੀਆਂ ਪ੍ਰਵਾਣ ਕਰਾ ਲਈਆਂ ਜਾਣ। ਇਹ ਭਾਈ ਦੇਸਾ ਸਿੰਘ ਗਊ ਅਤੇ
ਬ੍ਰਾਹਮਣ ਦਾ ਵੀ ਕਾਫੀ ਸ਼ਰਧਾਲੂ ਜਾਪਦਾ ਹੈ। ਆਪਣੀ ਲਿਖਤ ਦੇ 16ਵੇਂ ਬੰਦ ਵਿੱਚ ਲਿਖਦਾ ਹੈ:
‘ਗੋ ਬ੍ਰਾਹਮਣ ਕੀ ਰੱਖਿਆ ਕਰ। ਤੁਰਕਨ ਸੋਂ ਅਤਿ ਹਠ ਕਰ ਮਰੈ। `
ਐਸੇ ਗੁਰਮਤਿ ਵਿਰੋਧੀ ਗੱਲਾਂ ਲਿਖਣ ਵਾਲੇ ਦੀ ਕਿਸ ਗੱਲ ਤੇ ਭਰੋਸਾ ਕੀਤਾ ਜਾ
ਸਕਦਾ ਹੈ? ਕੁੱਝ ਕਿਤਾਬਾਂ ਬਾਰੇ ਤਾਂ ਸਪੱਸ਼ਟ ਹੀ ਹੈ ਕਿ ਉਹ ਲਿਖੀਆਂ ਹੀ ਸ਼ਰਾਰਤ ਦੇ ਤੌਰ ਤੇ ਗਈਆਂ
ਹਨ, ਜਿਵੇਂ ਕਿ ਗੁਰਬਿਲਾਸ ਪਾਤਿਸ਼ਾਹੀ ਛੇਵੀਂ ਅਤੇ ਬਚਿਤ੍ਰ ਨਾਟਕ ਆਦਿ. . । ਬਹੁਤ ਸਾਰੀਆਂ
ਸਿੱਖ ਇਤਹਾਸ ਦੀਆਂ ਕਿਤਾਬਾਂ ਨਿਰਮਲਿਆਂ ਵਲੋਂ ਲਿਖੀਆਂ ਗਈਆਂ ਹਨ, ਜੋ ਸਨ ਤਾਂ ਚੰਗੇ ਵਿਦਵਾਨ ਪਰ
ਉਨ੍ਹਾਂ ਨੂੰ ਪੰਥ ਵਿੱਚ ਸਿੱਖ ਸਿਧਾਂਤਾਂ ਦਾ ਬ੍ਰਾਹਮਣੀ ਕਰਣ ਕਰਨ ਲਈ ਘੁਸੇੜਿਆ ਗਿਆ ਸੀ, ਜੋ
ਉਨ੍ਹਾਂ ਕਾਫੀ ਕਾਮਯਾਬੀ ਨਾਲ ਕੀਤਾ ਹੈ। ਇਸ ਸਭ ਦੇ ਕਰਨ ਦੇ ਮੂਲ ਕਾਰਨ ਇਹ ਨਜ਼ਰ ਆਉਂਦੇ ਹਨ ਕਿ
ਖਾਲਸੇ ਦਾ ਉਭਰ ਰਿਹਾ ਲਾਸਾਨੀ ਕਿਰਦਾਰ, ਘਟੀਆ ਕਿਸਮ ਦੇ ਨਸ਼ਿਆਂ ਆਦਿ ਦਾ ਆਦੀ ਬਣਾ ਕੇ ਖਰਾਬ ਕੀਤਾ
ਜਾਵੇ, ਗੁਰਬਾਣੀ ਦੀ ਸਨਾਤਨੀ ਵਿਅਖਿਆ ਕਰਕੇ, ਗੁਰਬਾਣੀ ਦੇ ਇਨਕਲਾਬੀ ਪ੍ਰਭਾਵ ਨੂੰ ਘੱਟ ਕੀਤਾ ਜਾਵੇ
ਅਤੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬਚਿਤ੍ਰ ਨਾਟਕ ਨਾਮੀ ਘਟੀਆ, ਗੁਰਮਤਿ ਵਿਰੋਧੀ, ਸਾਕਤੀ ਪੁਸਤਕ
ਨੂੰ ਪੰਥ ਵਿੱਚ ਸਥਾਪਤ ਕਰ ਕੇ ਸਿਧਾਂਤਕ ਦੁਬਿਧਾ ਖੜੀ ਕੀਤੀ ਜਾਵੇ। ਤਰੀਕਾ ਵਾਕਿਆ ਹੀ ਬਹੁਤ ਵਧੀਆ
ਹੈ ਕਿ ਜੇ ਇਸ ਪੁਸਤਕ ਵਿੱਚੋਂ ਕੁੱਝ ਬਾਣੀਆਂ ਪਾਹੁਲ ਤਿਆਰ ਕਰਨ ਵੇਲੇ ਪੜ੍ਹੀਆਂ ਜਾਣ ਵਾਲੀਆਂ
ਬਾਣੀਆਂ ਅਤੇ ਨਿਤਨੇਮ ਦੀਆਂ ਬਾਣੀਆਂ ਵਿੱਚ ਸ਼ਾਮਲ ਹੋ ਗਈਆਂ ਤਾਂ ਪੁਸਤਕ ਤਾਂ ਆਪੇ ਪਰਵਾਨ ਹੋ ਗਈ।
ਇਸੇ ਨੀਤੀ ਅਧੀਨ ਇਨ੍ਹਾਂ ਰਹਿਤਨਾਮਿਆਂ ਰਾਹੀਂ ਬਚਿਤਰ ਨਾਟਕ ਦੀਆਂ, ਇਹ ਰਚਨਾਵਾਂ ਪਾਹੁਲ ਤਿਆਰ ਕਰਨ
ਵੇਲੇ ਪੜ੍ਹੀਆਂ ਜਾਣ ਵਾਲੀਆਂ ਬਾਣੀਆਂ ਵਿੱਚ ਘੁਸੇੜ ਦਿੱਤੀਆਂ ਗਈਆਂ ਪਰ ਹਰ ਰਹਿਤਨਾਮੇ ਦੀ ਅਲੱਗ
ਅਲੱਗ ਬੋਲੀ ਹੋਣ ਕਾਰਨ ਅਲੱਗ ਅਲੱਗ ਡੇਰਿਆਂ ਦੀਆਂ ਅਲੱਗ ਅਲੱਗ ਮਰਿਯਾਦਾ ਚੱਲ ਪਈਆਂ। ਮੇਰਾ ਇਹ
ਲਿਖਣ ਤੋਂ, ਇਹ ਭਾਵ ਬਿਲਕੁਲ ਨਹੀਂ ਕਿ ਇਨ੍ਹਾਂ ਸ਼ਕਸੀਅਤਾਂ ਦਾ ਕਿਰਦਾਰ ਕਿਸੇ ਤਰ੍ਹਾਂ ਸ਼ਕੀ ਸੀ, ਇਹ
ਤਾਂ ਸਾਰੀਆਂ ਮਹਾਨ ਸ਼ਕਸੀਅਤਾਂ ਸਨ, ਹਾਂ! ਇਨ੍ਹਾਂ ਦਾ ਨਾਂ ਵਰਤ ਕੇ ਇਹ ਗੁਰਮਤਿ ਵਿਰੋਧੀ ਲਿਖਤਾਂ
ਲਿਖਣ ਵਾਲੇ ਸ਼ਰਾਰਤੀ ਹੋ ਸਕਦੇ ਹਨ। ਉਂਝ ਵੀ ਸ਼ਰਾਰਤੀ ਅਤੇ ਸਾਜਸ਼ੀ ਤਾਂ ਕੋਈ ਵਿਰਲੇ ਹੁੰਦੇ ਹਨ,
ਬਾਕੀ ਭੋਲੇ-ਭਾਲੇ ਸਿੱਖ ਤਾਂ ਭਾਵੁਕ ਹੋ ਕੇ ਮਗਰ ਲੱਗ ਜਾਂਦੇ ਹਨ, ਉਹ ਵੀ ਜਦੋਂ ਗੁਰੂ ਸਾਹਿਬ ਦਾ
ਨਾਂ ਵਰਤ ਲਿਆ ਹੋਵੇ ਤਾਂ ਸਾਡੀ ਸੋਚ ਇੱਕ ਦਮ ਅੰਧੀ ਸ਼ਰਧਾ ਵਿੱਚ ਬਦਲ ਜਾਂਦੀ ਹੈ, ਜੋ ਕਿ ਬਹੁਤ
ਮਾਰੂ ਰੁਝਾਨ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਇੱਕ
ਰਹੁ ਰੀਤ ਕਮੇਟੀ ਬਣਾਕੇ ਸਾਰੇ ਪੰਥ ਲਈ ਇੱਕ ਮਰਿਯਾਦਾ ਬਨਾਉਣ ਦੀ ਕੋਸ਼ਿਸ਼ ਕਰਨਾ ਇੱਕ ਚੰਗਾ ਉਪਰਾਲਾ
ਸੀ, ਪਰ ਇਸ ਕਮੇਟੀ ਦੇ ਵਿਦਵਾਨ ਵੀ ਇਸ ਬਚਿਤ੍ਰ ਨਾਟਕ ਅਤੇ ਪੁਰਾਣੇ ਰਹਿਤਨਾਮਿਆਂ ਦੇ ਪ੍ਰਭਾਵ ਤੋਂ
ਬੱਚ ਨਾ ਸਕੇ ਅਤੇ ਭੁਲ ਇਥੋਂ ਤੱਕ ਹੋਈ ਕਿ ਨਵੀਂ ਮਰਯਾਦਾ ਵਿੱਚ ਪਾਹੁਲ ਤਿਆਰ ਕਰਨ ਵੇਲੇ ਪੜ੍ਹੀਆਂ
ਜਾਣ ਵਾਲੀਆਂ ਬਾਣੀਆਂ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚੋਂ ਤਾਂ ਦੋ ਬਾਣੀਆਂ ਲਈਆਂ ਪਰ ਬਚਿੱਤ੍ਰ
ਨਾਟਕ ਵਿੱਚੋਂ ਤਿੰਨ। ਬਹੁਤ ਸਾਰੇ ਫੈਸਲੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਇਲਾਹੀ ਗਿਆਨ ਨੂੰ ਅਧਾਰ
ਬਨਾਉਣ ਦੀ ਬਜਾਏ, ਇਸ ਸੋਚ ਨਾਲ ਕੀਤੇ ਗਏ ਕਿ ਸਭ ਨੂੰ ਖੁਸ਼ ਰਖਣਾ ਹੈ ਅਤੇ ਸਭ ਨੂੰ ਇਕੱਠਾ ਕਰਨਾ
ਹੈ। ਐਸੇ ਗੈਰ ਸਿਧਾਂਤਕ ਫੈਸਲੇ ਏਕਤਾ ਨਹੀਂ ਲਿਆ ਸਕਦੇ ਅਤੇ ਨਾ ਹੀ ਸਾਰਿਆਂ ਨੇ ਇਸ ਰਹਿਤ ਮਰਯਾਦਾ
ਨੂੰ ਮਾਨਤਾ ਦਿੱਤੀ। ਅੱਜ ਬਚਿਤ੍ਰ ਨਾਟਕ ਦੇ ਹਿਮਾਇਤੀ ਇਸ ਸਿੱਖ ਰਹਿਤ ਮਰਯਾਦਾ ਨੂੰ ਇੱਕ ਵੱਡੇ
ਹਥਿਆਰ ਦੇ ਤੌਰ ਤੇ ਵਰਤਣ ਦੀ ਕੋਸ਼ਿਸ਼ ਕਰਦੇ ਹਨ। ਜਦੋਂ ਕੋਈ ਇਨ੍ਹਾਂ ਲਿਖਤਾਂ ਬਾਰੇ ਗੱਲ ਕਰੇ ਇਹ
ਰੋਲਾ ਪਾਉਣਾ ਸ਼ੁਰੂ ਕਰ ਦੇਂਦੇ ਹਨ, ਦੇਖੋ ਜੀ! ਸਿੱਖ ਰਹਿਤ ਮਰਯਾਦਾ ਖਿਲਾਫ ਬੋਲਦੇ ਹਨ। ਹਾਲਾਂਕਿ
ਗੱਲ ਬਿਲਕੁਲ ਉਲਟ ਹੈ। ਇਹ ਜਿਤਨੇ ਡੇਰੇ ਹਨ, ਸਭ ਦੀਆਂ ਆਪਣੀਆਂ ਅਲੱਗ ਅਲੱਗ ਮਰਯਾਦਾ ਹਨ ਅਤੇ ਇਹ
ਸਿੱਖ ਰਹਿਤ ਮਰਿਯਾਦਾ ਨੂੰ ਬਿਲਕੁਲ ਨਹੀਂ ਮੰਨਦੇ। ਕੁੱਝ ਗੱਲਤੀ ਸੁਚੇਤ ਸਿੱਖਾਂ ਕੋਲੋਂ ਵੀ ਹੋਈ
ਹੈ, ਇਨ੍ਹਾਂ ਸਿੱਖ ਰਹਿਤ ਮਰਯਾਦਾ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਮਹੱਤਤਾ ਦੇਣੀ ਸ਼ੁਰੂ ਕਰ
ਦਿੱਤੀ। ਪਿਛਲੇ ਦਿਨੀ ਦਿੱਲੀ ਵਿੱਚ, ਇੱਕ ਮਹਤੱਵਪੂਰਨ ਸਿੱਖ ਸ਼ਕਸੀਅਤ ਨੂੰ ਸਟੇਜ ਤੋਂ ਇਹ ਕਹਿੰਦੇ
ਸੁਣਿਆ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਰਹਿਤ ਮਰਯਾਦਾ ਖਿਲਾਫ ਕੁੱਝ ਨਹੀਂ ਬੋਲਣਾ
ਚਾਹੀਦਾ। ਜਦ ਸਮਾਗਮ ਖਤਮ ਹੋਣ ਤੋਂ ਬਾਅਦ, ਮੈਂ ਉਨ੍ਹਾਂ ਨੂੰ ਮਿਲ ਕੇ ਪੁਛਿਆ ਕਿ ਕੀ ਸਾਡੀ ਬਣਾਈ
ਹੋਈ ਸਿੱਖ ਰਹਿਤ ਮਰਯਾਦਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਹੋ ਗਈ? ਜਿਸ ਬਚਿਤ੍ਰ ਨਾਟਕ ਕਿਤਾਬ ਨੂੰ
ਦਸਮ ਗ੍ਰੰਥ ਦਾ ਨਾਂ ਦੇਕੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਮੰਜੀ ਵਿੱਛਾ ਦਿੱਤੀ ਗਈ ਹੈ, ਕੌਮ ਨੂੰ
ਉਸ ਤੋਂ ਖਹਿੜਾ ਛੁੜਾਉਣਾ ਤਾਂ ਔਖਾ ਹੋ ਰਿਹਾ ਹੈ, ਹੁਣ ਤੁਸੀਂ ਰਹਿਤ ਮਰਯਾਦਾ ਨੂੰ ਬਰਾਬਰੀ ਦੇ ਰਹੇ
ਹੋ, ਤਾਂ ਉਹ ਬਹਾਨੇ ਬਨਾਉਣ ਲਗ ਪਏ, ਕਹਿਣ ਲੱਗੇ, ਨਹੀਂ! ਸਾਨੂੰ ਮਰਯਾਦਾ ਦੇ ਖਿਲਾਫ ਨਹੀਂ ਬੋਲਣਾ
ਚਾਹੀਦਾ ਜੇ ਕੁੱਝ ਗਲਤ ਹੈ ਤਾਂ ਉਹ ਸਮੇਂ ਨਾਲ ਆਪੇ ਠੀਕ ਹੋ ਜਾਵੇਗਾ। ਮੈਂ ਪੁਛਿਆ ਕਿ ਜੇ ਇਸ
ਵਿੱਚਲੀਆਂ ਗਲਤੀਆਂ ਦੀ ਗੱਲ ਨਹੀਂ ਕਰਾਂਗੇ ਤਾਂ ਉਨ੍ਹਾਂ ਵਿੱਚ ਸੋਧ ਦੀ ਗੱਲ ਹੀ ਕਿਵੇਂ ਚਲੇਗੀ?
ਤਾਂ ਉਨ੍ਹਾਂ ਕੋਲ ਕੋਈ ਜੁਆਬ ਨਹੀਂ ਸੀ।
ਮੈਂ ਸਿੱਖ ਰਹਿਤ ਮਰਯਾਦਾ ਦੀ ਮਹੱਤਤਾ ਤੋਂ ਮੁਨਕਰ ਨਹੀਂ ਹਾਂ, ਬਲਕਿ ਇਹ
ਸਮਝਦਾ ਹਾਂ ਕਿ ਇਸ ਦਾ ਸਥਾਨ ਕੌਮ ਵਿੱਚ ਕਿਸੇ ਦੇਸ਼ ਦੇ ਵਿਧਾਨ ਵਰਗਾ ਹੈ, ਪਰ ਦੁਨੀਆਂ ਦਾ ਕਿਹੜਾ
ਵਿਧਾਨ ਹੈ, ਜਿਸ ਵਿੱਚ ਕਦੇ ਸੋਧ ਨਹੀਂ ਹੋਈ? ਅਜ਼ਾਦ ਭਾਰਤ ਦਾ ਨਵਾਂ ਵਿਧਾਨ ਬਣਿਆਂ ਕੇਵਲ 61 ਵਰ੍ਹੇ
ਹੋਏ ਹਨ ਅਤੇ ਹੁਣ ਤੱਕ ਇਸ ਵਿੱਚ ਸੈਂਕੜੇ ਸੋਧਾਂ ਹੋ ਚੁੱਕੀਆਂ ਹਨ। ਸੋਧਾਂ ਹੁੰਦੀਆਂ ਵੀ ਤਾਂ ਹੀ
ਹਨ ਜਦੋਂ ਉਸ ਵਿਚਲੀਆਂ ਕਮੀਆਂ ਨੂੰ ਉਜਾਗਰ ਕੀਤਾ ਜਾਂਦਾ ਹੈ। ਜਿਸ ਬਾਰੇ ਗੱਲ ਹੀ ਨਾ ਕੀਤੀ ਜਾਵੇ,
ਉਹ ਤਾਂ ਪ੍ਰਵਾਨਤ ਹੁੰਦਾ ਹੈ, ਫਿਰ ਉਸ ਦੀ ਸੋਧ ਦਾ ਸੁਆਲ ਕਿਥੋਂ ਆਇਆ? ਇਸ ਰਹਿਤ ਮਰਯਾਦਾ ਦੀ
ਦੁਰਵਰਤੋਂ ਦੁਆਰਾ ਹੀ, ਨਿਤਨੇਮ ਦੀਆਂ ਬਾਣੀਆਂ ਦੀ ਗੱਲ ਕਰਕੇ ਜਾਂ ਅੰਮ੍ਰਿਤ (ਪਾਹੁਲ) ਦਾ ਰੌਲਾ
ਪਾਕੇ ਭੋਲੇ ਭਾਲੇ ਸਿੱਖਾਂ ਦਾ ਮਾਨਸਿਕ ਸੋਸ਼ਣ ਕੀਤਾ ਜਾ ਰਿਹਾ ਹੈ ਅਤੇ ਇਸ ਬਹਾਨੇ ਬਚਿਤ੍ਰ ਨਾਟਕ
ਨੂੰ ਪਰਵਾਣ ਕਰਾਉਣ ਦੀ ਖੇਡ ਚੱਲ ਰਹੀ ਹੈ। ਜਦੋਂ ਇਸ ਬਚਿਤ੍ਰ ਨਾਟਕ ਪੁਸਤਕ ਦੀ ਸਚਾਈ ਸੰਗਤਾਂ
ਦੇ ਸਾਹਮਣੇ ਲਿਆਂਦੀ ਜਾਂਦੀ ਹੈ ਤਾਂ ਇਸ ਦੇ ਹਮਾਇਤੀ ਇਹ ਸ਼ੋਰ ਪਾਉਂਦੇ ਹਨ ਕਿ ਗੁਰੂ ਗੋਬਿੰਦ ਸਿੰਘ
ਪਾਤਿਸ਼ਾਹ ਦੁਆਰਾ ਸਥਾਪਤ ਅੰਮ੍ਰਿਤ ਦੀ ਮਰਯਾਦਾ ਤੇ ਹਮਲਾ ਕਰ ਰਹੇ ਹਨ, ਇਹ ਖੰਡੇ-ਬਾਟੇ ਦੀ ਪਾਹੁਲ
ਦੀ ਸੰਸਥਾ ਖਤਮ ਕਰਨਾ ਚਾਹੁੰਦੇ ਹਨ, ਹਾਲਾਂਕਿ ਸਚਾਈ ਇਹ ਹੈ ਕਿ ਇਸ ਕਿਤਾਬ ਅੰਦਰ ਖੰਡੇ ਬਾਟੇ ਦੀ
ਪਾਹੁਲ ਦੇ ਸੰਸਕਾਰ ਦਾ ਕੋਈ ਜ਼ਿਕਰ ਤੱਕ ਨਹੀਂ। ਇਹ ਕਿਵੇਂ ਹੋ ਸਕਦਾ ਹੈ ਕਿ ਗੁਰੂ ਗੋਬਿੰਦ
ਸਿੰਘ ਜੀ ਆਪਣੇ ਹੱਥ ਨਾਲ ਆਪਣੀ ਸਵੈ ਜੀਵਨੀ ਲਿਖਣ ਪਰ ਉਸ ਵਿੱਚ ਆਪਣੇ ਜੀਵਨ ਦੀ ਸਭ ਤੋਂ
ਮਹੱਤਵਪੂਰਨ ਘਟਨਾ, ਜੋ ਮਨੁੱਖੀ ਇਤਿਹਾਸ ਵਿੱਚ ਇੱਕ ਵੱਡੇ ਇਨਕਲਾਬ ਦਾ ਕਾਰਣ ਬਣੀ, ਦਾ ਜ਼ਿਕਰ ਤੱਕ
ਨਾ ਕਰਨ?
ਕਈ ਨਾਸਮਝ ਲੋਕ ਇਹ ਵੀ ਕਹਿ ਦੇਂਦੇ ਹਨ ਕਿ ਪਾਹੁਲ ਦਾ ਜ਼ਿਕਰ ਤਾਂ ਗੁਰੂ
ਗ੍ਰੰਥ ਸਾਹਿਬ ਵਿੱਚ ਵੀ ਨਹੀਂ। ਐਸੇ ਲੋਕਾਂ ਦੀ ਅਕਲ ਤੇ ਤਾਂ ਤਰਸ ਹੀ ਖਾਧਾ ਜਾ ਸਕਦਾ ਹੈ ਜਿਨ੍ਹਾਂ
ਨੂੰ ਇਤਨਾ ਵੀ ਨਹੀਂ ਪਤਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਵੀ ਲਿਖਤ ਇਤਹਾਸ ਰੂਪ ਵਿੱਚ ਨਹੀਂ
ਹੈ, ਕੇਵਲ ਅਕਾਲ-ਪੁਰਖ ਦੀ ਸਿਫਤਿ ਸਲਾਹ ਗਾਉਂਦੀ ਅਤੇ ਅਲੌਕਿਕ ਜੀਵਨ ਜੁਗਤ ਦ੍ਰਿੜ ਕਰਾਉਂਦੀ ਇਲਾਹੀ
ਅੰਮ੍ਰਿਤ ਬਾਣੀ ਹੈ। ਹਾਂ ਗੁਰਬਾਣੀ ਰਾਹੀਂ ਕਈ ਇਤਿਹਾਸਿਕ ਘਨਟਾਵਾਂ ਦੇ ਕੁੱਝ ਸੰਕੇਤ ਮਿਲ ਜਾਂਦੇ
ਹਨ, ਜਿਵੇਂ
ਜਿਥੇ ਸਤਿਗੁਰੂ ਨੇ ‘ਗੁਰੂ ਸਿਖੁ ਸਿਖੁ ਗੁਰੂ ਹੈ` ਕਹਿ ਕੇ ਬਹੁਤ ਵੱਡਾ ਮਾਣ
ਦਿੱਤਾ ਹੈ, ਉਥੇ ਨਾਲ ਹੀ ਇੱਕ ਵਿਧੀ ਵਿਧਾਨ ਵਿੱਚ ਬੰਨ ਦਿੱਤਾ ਹੈ ਕਿ ‘ਏਕੋ ਗੁਰ ਉਪਦੇਸੁ ਚਲਾਏ`
ਭਾਵ ਸਿੱਖ ਉਪਦੇਸ਼ ਕੇਵਲ ਗੁਰੂ ਦਾ ਹੀ ਚਲਾ ਸਕਦਾ ਹੈ, ਉਸ ਤੋਂ ਬਾਹਰ ਜਾਕੇ ਨਾ ਕੋਈ ਪ੍ਰਚਾਰ ਕਰ
ਸਕਦਾ ਹੈ ਨਾ ਫੈਸਲੇ ਲੈ ਸਕਦਾ ਹੈ। ਗੁਰੂ ਹੈ, ਗੁਰੂ ਗ੍ਰੰਥ ਸਾਹਿਬ ਜੀ ਅਤੇ ਉਪਦੇਸ਼ ਹੈ, ਗੁਰੂ
ਗ੍ਰੰਥ ਸਾਹਿਬ ਦੀ ਬਾਣੀ। ਇਸ ਤੋਂ ਬਾਹਰ ਜਾਣ ਦਾ ਕਿਸੇ ਵਿਅਕਤੀ ਕੋਲ, ਵਿਅਕਤੀ ਸਮੂਹ ਕੋਲ ਜਾਂ ਪੰਥ
ਕੋਲ ਕੋਈ ਅਧਿਕਾਰ ਨਹੀਂ। ਜੇ ਅਸੀਂ ਐਸੀ ਭੁੱਲ ਪਹਿਲਾਂ ਕਰ ਬੈਠੇ ਹਾਂ ਤਾਂ ਇਸ ਨੂੰ ਫੌਰੀ ਸੁਧਾਰ
ਲੈਣ ਵਿੱਚ ਹੀ ਭਲਾ ਹੈ।
ਅੱਜ ਇਸ ਗੱਲ ਦੀ ਲੋੜ ਹੈ ਕਿ ਅਸੀਂ ਆਪਣੀ ਭੁੱਲ ਫੌਰੀ ਸੁਧਾਰੀਏ, ਸਾਡੇ
ਸਤਿਗੁਰੂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਹਨ, ਅਸੀਂ ਪਾਹੁਲ ਛਕਦੇ, ਸੀਸ ਭੇਟ ਕਰ ਕੇ ਇਹ ਪ੍ਰਣ ਕਰਦੇ
ਹਾਂ ਕਿ ਸਤਿਗੁਰੂ ਅੱਜ ਤੋਂ ਜੀਵਨ ਆਪ ਦੇ ਲੇਖੇ ਹੈ, ਬਾਕੀ ਦੀ ਸਾਰੀ ਜ਼ਿੰਦਗੀ ਆਪ ਜੀ ਦੇ ਪਾਵਨ
ਸਿਧਾਂਤਾਂ ਦੀ ਪਹਿਰੇਦਾਰੀ ਕਰਾਂਗੇ। ਇਸ ਲਈ ਪਾਹੁਲ ਤਿਆਰ ਕਰਨ ਸਮੇਂ ਬਾਣੀ ਵੀ ਕੇਵਲ ਗੁਰੂ ਗ੍ਰੰਥ
ਸਾਹਿਬ ਵਿੱਚੋਂ ਹੀ ਪੜ੍ਹੀ ਜਾਣੀ ਚਾਹੀਦੀ ਹੈ। ਪਾਹੁਲ ਦਾ ਭਾਵ ਹੈ ਪਾਹੁ ਚੜਾਉਣਾ, ਜਦ ਪਾਹੁ
ਗੁਰਬਾਣੀ ਦੀ ਚੜਾਉਣੀ ਹੈ, ਜੀਵਨ ਨੂੰ ਗੁਰਬਾਣੀ ਦੇ ਰੰਗ ਵਿੱਚ ਰੰਗਣਾ ਹੈ ਤਾਂ ਪਾਹੁਲ ਤਿਆਰ
ਕਰਦਿਆਂ ਗੁਰੂ ਗ੍ਰੰਥ ਸਾਹਿਬ ਤੋਂ ਬਾਹਰੋਂ ਕੋਈ ਰਚਨਾ ਪੜ੍ਹਨ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ।
ਸਮੇਂ ਦੀ ਲੋੜ ਹੈ ਕਿ ਸੁਚੇਤ ਸਿੱਖ ਜਥੇਬੰਦੀਆਂ, ਰੱਲ ਕੇ, ਗੁਰੂ ਗ੍ਰੰਥ
ਸਾਹਿਬ ਵਿੱਚੋਂ ਬਾਣੀਆਂ ਦੀ ਚੋਣ ਕਰਕੇ ਇੱਕ ਸਾਂਝਾ ਫੈਸਲਾ ਕਰਕੇ, ਇਹ ਪਾਵਨ ਕਾਰਜ ਫੌਰੀ ਸ਼ੁਰੂ ਕਰ
ਦੇਣ, ਕਿਉਂਕਿ ਜੋ ਲੋਕ ਅੱਜ ਪ੍ਰਮੁੱਖ ਸਿੱਖ ਸੰਸਥਾਵਾਂ ਤੇ ਕਾਬਜ਼ ਹਨ, ਉਨ੍ਹਾਂ ਦੀਆਂ ਤੜਾਂਵਾਂ ਤਾਂ
ਪੰਥ ਵਿਰੋਧੀ ਸ਼ਕਤੀਆਂ ਦੇ ਹੱਥਾਂ ਵਿੱਚ ਹਨ, ਉਨ੍ਹਾਂ ਕੋਲੋਂ ਆਸ ਰਖਣੀ ਕਿ ਉਹ ਕੋਈ ਠੀਕ ਸੋਧ
ਕਰਨਗੇ, ਸਮਾਂ ਬਰਬਾਦ ਕਰਨਾ ਅਤੇ ਆਪਣੇ ਆਪ ਨੂੰ ਧੋਖਾ ਦੇਣਾ ਹੈ। ਹਾਂ! ਉਹ ਹੋਰ ਬਰਬਾਦੀ ਤਾਂ ਕਰ
ਸਕਦੇ ਹਨ ਅਤੇ ਇਸ ਦੀ ਤਿਆਰੀ ਵੀ ਕਰ ਰਹੇ ਹਨ।
ਅੱਜ ਖੰਡੇ ਬਾਟੇ ਦੀ ਪਾਹੁਲ ਛੱਕ ਚੁਕੇ ਜਾਂ ਛਕਣ ਵਾਲੇ ਹਰ ਗੁਰਸਿੱਖ ਨੂੰ
ਵੀ ਇਹ ਸਮਝ ਲੈਣਾ ਚਾਹੀਦਾ ਹੈ ਕਿ ਗੁਰਬਾਣੀ ਪੜ੍ਹ ਕੇ, ਸਾਨੂੰ ਕੋਈ ਮੰਤ੍ਰ ਪਾਣੀ ਵਿੱਚ ਘੋਲ ਕੇ
ਨਹੀਂ ਪਿਆਇਆ ਗਿਆ ਬਲਕਿ ਇਹ ਪ੍ਰਣ ਕਰਾਇਆ ਗਿਆ ਹੈ ਕਿ ਸਾਰਾ ਜੀਵਨ ਗੁਰਬਾਣੀ ਦੀ ਅਗਵਾਈ ਵਿੱਚ ਬਤੀਤ
ਕਰਾਂਗੇ, ਗੁਰੂ ਗ੍ਰੰਥ ਸਾਹਿਬ ਦੀ ਓਟ ਛੱਡ ਕੇ ਹੋਰ ਕਿਧਰੇ ਨਹੀਂ ਭਟਕਾਂਗੇ।
‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ`।
ਪਾਹੁਲ ਛਕਾਉਣ ਵੇਲੇ ਹਰ ਚੁੱਲਾ ਦੇਕੇ ਕਿਹਾ ਜਾਂਦਾ ਹੈ, ਬੋਲ, ‘ਵਾਹਿਗੁਰੂ
ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ`। ਇਹ ਇੱਕ ਸੰਕਲਪ ਹੈ ਕਿ ਪਾਹੁਲ ਛੱਕ ਕੇ ਅਸੀਂ ਗੁਰੂ ਦੀ
ਬਖਸ਼ਿਸ਼ ਦੁਆਰਾ ਕੇਵਲ ਅਕਾਲ-ਪੁਰਖ ਦਾ ਖਾਲਸਾ ਬਣ ਗਏ ਹਾਂ ਅਤੇ ਕੇਵਲ ਅਕਾਲ ਪੁਰਖ ਦੀ ਹੋਂਦ ਅਤੇ
ਸਮਰੱਥਾ ਉਤੇ ਪੂਰਨ ਵਿਸ਼ਵਾਸ ਰਖਾਂਗੇ। ਉਸ ਨੂੰ ਛੱਡ ਕਿਸੇ ਹੋਰ ਦਰ ਮੰਗਣ ਨਹੀਂ ਜਾਵਾਂਗੇ, ਕਿਸੇ
ਹੋਰ ਤੇ ਓਟ ਆਸਰਾ ਨਹੀਂ ਤਕਾਂਗੇ। ਜੀਵਨ ਦੀ ਕਿਸੇ ਪ੍ਰਾਪਤੀ ਤੇ ਹਉਮੈਂ ਨਹੀਂ ਕਰਾਂਗੇ, ਹਰ
ਕਾਮਯਾਬੀ ਨੂੰ ਅਕਾਲ ਪੁਰਖ ਦੀ ਬਖਸ਼ਿਸ਼ ਹੀ ਸਮਝਾਂਗੇ। ਜੇ ਖੰਡੇ ਬਾਟੇ ਦੀ ਪਾਹੁਲ ਛੱਕ ਕੇ, ਇਹ
ਸੰਕਲਪ ਦ੍ਰਿੜ ਕਰਕੇ ਵੀ ਕੁੱਝ ਵੀਰ ਭੈਣਾਂ, ਮੜੀ ਮਸਾਣਾਂ, ਪੀਰਾਂ, ਦੇਵੀ ਦੇਵਤਿਆਂ, ਪਖੰਡੀ ਸਾਧਾਂ
ਕੋਲ ਭਟਕਦੇ ਫਿਰਦੇ ਹਨ ਤਾਂ ਕੀ ਆਖਾਂਗੇ, ਉਨ੍ਹਾਂ ਵਾਕਿਆ ਹੀ ਪਾਹੁਲ ਛਕੀ ਹੈ ਕਿ ਕੇਵਲ ਇੱਕ
ਕਰਮਕਾਂਡ ਕੀਤਾ ਹੈ? ਹਉਮੈਂ ਤੋਂ ਛੁਟਕਾਰਾ ਤਾਂ ਸ਼ਾਇਦ ਹੀ ਕਿਸੇ ਵਿਰਲੇ ਦਾ ਹੀ ਹੋਇਆ ਹੈ। ਸਚਾਈ ਇਹ
ਹੈ ਕਿ ਸਾਡਾ ਜੀਵਨ ਤਾਂ ‘ਮੈਂ` ਨਾਲ ਸ਼ੁਰੂ ਕਰਕੇ ‘ਮੈਂ ਮੈਂ` ਕਰਦਿਆਂ ਹੀ ਮੁੱਕ ਜਾਂਦਾ ਹੈ, ਬਲਕਿ
ਕਈ ਵਾਰੀ ਤਾਂ ਇਹ ਹਉਮੈ ਹੋਰ ਵੱਧ ਜਾਂਦੀ ਹੈ ਕਿ ਮੈਂ ਅੰਮ੍ਰਿਤਧਾਰੀ ਹਾਂ। ਹਾਲਾਂਕਿ ਬਾਰ ਬਾਰ
ਦ੍ਰਿੜ ਕਰਾਇਆ ਜਾਂਦਾ ਹੈ ਬੋਲ, ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ` ਪਰ ਅਸੀਂ
ਸ਼ਾਇਦ ਇਸ ਦਾ ਭਾਵ ਸਮਝੇ ਬਗੈਰ ਇਹ ਵੀ ਇੱਕ ਕਰਮਕਾਂਡ ਦੇ ਤੌਰ ਤੇ ਬੋਲੀ ਜਾਂਦੇ ਹਾਂ, ਇਸੇ ਕਰਕੇ ਇਹ
ਸੰਕਲਪ ਸਾਡੇ ਜੀਵਨ ਵਿੱਚੋਂ ਨਜ਼ਰ ਨਹੀਂ ਆਉਂਦਾ।
ਸਾਂਝਾ ਬਾਟਾ।
ਪਾਹੁਲ ਅਭਿਲਾਖੀ ਇੱਕ ਇਕ ਸਿੰਘ ਨੂੰ ਪਾਹੁਲ ਛਕਾ ਕੇ, ਫਿਰ ਸਾਰਿਆਂ ਨੂੰ
ਇੱਕ ਕਤਾਰ ਵਿੱਚ ਖੜਾ ਕਰਕੇ, ਪਾਹੁਲ ਵਾਲਾ ਬਾਟਾ ਵਾਰੋ ਵਾਰੀ ਸਭ ਦੇ ਮੂੰਹ ਨੂੰ ਲਾਕੇ, ਬਚਿਆ
ਪਾਹੁਲ ਦਾ ਜਲ ਪਿਆਇਆ ਜਾਂਦਾ ਹੈ। ਇਸ ਪਿਛੇ ਭਾਵਨਾ ਇਹ ਹੈ ਕਿ ਸਾਡੇ ਅੰਦਰ ਅਗਰ, ਅਜੇ ਵੀ ਕੋਈ
ਊਚ-ਨੀਚ ਦਾ ਜਾਤ ਅਭਿਮਾਨ ਬਚਿਆ ਹੈ ਤਾਂ ਉਸ ਦਾ ਪੂਰੀ ਤਰ੍ਹਾਂ ਨਾਸ ਹੋ ਜਾਵੇ। ਅਸੀਂ ਇਕੋ ਲੜੀ
ਵਿੱਚ ਪਰੋਏ ਜਾਈਏ। ਹਰ ਜਾਤ ਪਾਤ ਊਚ-ਨੀਚ ਦੇ ਭੇਦ ਭਾਵ ਨੂੰ ਤਿਆਗ ਕੇ ਭਰਾ ਭਰਾ ਬਣ ਕੇ ਇੱਕ ਕੌਮੀ
ਸ਼ਕਤੀ ਬਣ ਸਕੀਏ। ਇਸੇ ਤਰ੍ਹਾਂ ਪੰਜਾਂ ਪਿਆਰਿਆਂ ਦੀ ਦੇਗ ਵਰਤਾਉਣ ਤੋਂ ਬਾਅਦ ਬਾਕੀ ਬਚੀ ਦੇਗ ਸਾਰੇ
ਨਵੇਂ ਸਜੇ ਖਾਲਸੇ, ਉਸ ਇਕੋ ਭਾਂਡੇ ਚੋਂ ਰੱਲ ਕੇ ਛਕਦੇ ਹਨ, ਉਸ ਦਾ ਮਕਸਦ ਵੀ ਇਹੋ ਹੈ ਕਿ ਆਪਣੇ
ਸਾਰੇ ਮਤ ਭੇਦ ਖਤਮ ਕਰ ਕੇ ਇੱਕ ਸਾਂਝੇ ਪਰਵਾਰ ਦੇ ਮੈਂਬਰ ਬਣ ਜਾਇਆ ਜਾਵੇ।
ਜਿਵੇਂ ਉਪਰ ਬੇਨਤੀ ਕੀਤੀ ਜਾ ਚੁੱਕੀ ਹੈ, ਵੈਸੇ ਤਾਂ ਕੌਮ ਨੂੰ ਇਨ੍ਹਾਂ
ਅਮੋਲਕ ਗੁਣਾਂ ਦਾ ਸੰਚਾਰ ਕਰਦਿਆਂ ਸਾਢੇ ਪੰਜ ਸੌ ਸਾਲ ਦੇ ਕਰੀਬ ਸਮਾਂ ਹੋ ਚਲਿਆ ਹੈ, ਚਲੋ ਜੇ ਖੰਡੇ
ਬਾਟੇ ਦੀ ਪਾਹੁਲ ਛਕਣ ਦੀ ਗੱਲ ਕਰੀਏ ਤਾਂ ਉਸ ਨੂੰ ਵੀ ਤਿੰਨ ਸੌ ਬਾਰ੍ਹਾਂ ਸਾਲ ਹੋ ਗਏ ਹਨ, ਕੀ
ਅਸੀਂ ਪੂਰੀ ਤਰ੍ਹਾਂ ਇੱਕ ਮਾਤਾ ਪਿਤਾ ਦੀ ਸੰਤਾਨ, ਇੱਕ ਪਰਿਵਾਰ ਬਣ ਸਕੇ ਹਾਂ? ਇਸ ਵਿੱਚ ਕੋਈ ਸ਼ੱਕ
ਨਹੀਂ ਕਿ ਸਾਡੇ ਵੱਡੇ ਵਡੇਰਿਆਂ ਨੇ ਇਨ੍ਹਾਂ ਅਮੋਲਕ ਗੁਣਾਂ ਨੂੰ ਆਪਣੇ ਜੀਵਨ ਵਿੱਚ ਪੂਰੀ ਤਰ੍ਹਾਂ
ਸੰਜੋ ਲਿਆ ਸੀ, ਤਾਂ ਹੀ, ਥੋੜ੍ਹੀ ਜਿਹੀ ਗਿਣਤੀ ਹੁੰਦੇ ਹੋਏ ਵੀ, ਸੰਸਾਰ ਉਤੇ ਇੱਕ ਵੱਡੀ ਤਾਕਤ ਬਣ
ਕੇ ਉਭਰੇ ਸਾਂ, ਦੂਜੀਆਂ ਕੌਮਾਂ ਦੇ ਬਰਾਬਰ ਖਾਲਸਾ ਜੀ ਕੇ ਨਿਸ਼ਾਨ ਵੀ ਝੂਲਦੇ ਸਨ। ਅੱਜ ਸਾਨੂੰ ਆਪਣੇ
ਅੰਦਰ ਝਾਤੀ ਮਾਰਨ ਦੀ ਲੋੜ ਹੈ ਕਿ ਇਹ ਸਭ ਕੁੱਝ ਕਿਥੇ ਅਤੇ ਕਿਉਂ ਗੁਆਚ ਗਿਆ? ਇੱਕ ਸਾਂਝੇ ਪਰਿਵਾਰ
ਤੋਂ ਟੁੱਟ ਕੇ ਬ੍ਰਾਹਮਣ ਦੇ ਚਾਰ ਵਰਣਾਂ ਤੋਂ ਵੀ ਅੱਗੇ ਵਧ ਕੇ, ਕਿਤਨੀਆਂ ਜਾਤਾਂ ਵਿੱਚ ਵੰਡੇ ਗਏ
ਹਾਂ, ਇਸ ਦੀ ਗਿਣਤੀ ਕਰਨੀ ਵੀ ਔਖੀ ਹੈ। ਅੱਜ ਜੱਟ, ਭਾਪੇ ਅਤੇ ਮਜ਼ਬੀ ਵਿੱਚ ਜਿਤਨਾ ਪਾੜਾ ਵਧ ਰਿਹਾ
ਹੈ, ਉਤਨਾ ਸ਼ਾਇਦ ਬ੍ਰਾਹਮਣ ਦੇ ਵਰਣਾਂ ਵਿੱਚ ਨਹੀਂ ਹੈ।
ਗੁਰਬਾਣੀ ਦੇ ਜਿਸ ਨਾਮ ਅੰਮ੍ਰਿਤ ਨਾਲ ਜੀਵਨ ਨੂੰ ਸਰੋਸ਼ਾਰ ਕਰਨਾ ਸੀ, ਉਹ
ਤਾਂ ਰੁਮਾਲਿਆਂ ਦੇ ਥੱਲੇ ਹੀ ਦਬਿਆ ਰਹਿ ਗਿਆ, ਕਿਸੇ ਅਖੰਡ ਪਾਠ ਨੇੜੇ ਰੱਖੇ ਕੁੰਭ ਦਾ ਪਾਣੀ
‘ਅੰਮ੍ਰਿਤ`, ਕਿਸੇ ਪਖੰਡੀ ਸਾਧ ਦਾ ਮੰਤ੍ਰਿਆ ਹੋਇਆ ਜਲ ‘ਅੰਮ੍ਰਿਤ`, ਕਿਸੇ ਤਲਾ (ਜਾਂ ਵੱਧ ਤੋਂ
ਵੱਧ ਸਰੋਵਰ ਕਹਿ ਲਓ) ਦਾ ਪਾਣੀ ‘ਅੰਮ੍ਰਿਤ`, ਹੋਰ ਤਾਂ ਹੋਰ ਗੁਰਦੁਆਰੇ ਦੇ ਦਰਵਾਜ਼ੇ ਅੱਗੇ ਪੈਰ ਧੋਣ
ਲਈ ਬਣੇ ਚੁਬੱਚੇ ਦਾ ਪਾਣੀ ‘ਅੰਮ੍ਰਿਤ` ਬਣ ਗਿਆ ਹੈ। ਜਿਸ ਪਾਹੁਲ ਨੇ ਸਾਨੂੰ ਇੱਕ ਕਰਨਾ ਸੀ, ਅਸੀਂ
ਉਸ ਨੂੰ ਹੀ ਵੰਡ ਦਿੱਤਾ ਹੈ, ਕੋਈ ਕਿਸੇ ਡੇਰੇ ਦੀ ਪਾਹੁਲ, ਕੋਈ ਕਿਸੇ ਟਕਸਾਲ ਦੀ ਪਾਹੁਲ, ਕੋਈ
ਕਿਸੇ ਜੱਥੇ ਦੀ ਪਾਹੁਲ, ਕੋਈ ਕਿਸੇ ਕਮੇਟੀ ਦੀ ਪਾਹੁਲ। ਫੇਰ ਇਹ ਭਰਮ ਕਿ ਸਾਡੀ ਪਾਹੁਲ (ਅੰਮ੍ਰਿਤ)
ਬਾਕੀ ਸਭ ਨਾਲੋਂ ਉੱਚੀ ਸੁੱਚੀ ਅਤੇ ਪਵਿੱਤਰ ਹੈ। ਇਤਨੀਆਂ ਪਾਹੁਲਾਂ ਦੇ ਰੌਲੇ ਵਿੱਚ ਗੁਰੂ ਗੋਬਿੰਦ
ਸਿੰਘ ਪਾਤਸ਼ਾਹ ਦੁਆਰਾ ਬਖਸ਼ਿਸ਼ ਕੀਤੀ, ਖੰਡੇ ਬਾਟੇ ਦੀ ਪਾਹੁਲ ਤਾਂ ਜਿਵੇਂ ਕਿਧਰੇ ਗੁਆਚ ਗਈ ਹੈ।
ਸ਼ਾਇਦ ਇਸੇ ਕਰਕੇ ਅੱਜ ਬਹੁਤੀ ਕੌਮ ਇਸ ਨੂੰ ਛਕਣ ਤੋਂ ਮੁਨਕਰ ਹੈ ਅਤੇ ਜਿਹੜੇ ਛੱਕ ਵੀ ਰਹੇ ਹਨ,
ਉਨ੍ਹਾਂ ਵਿੱਚੋਂ ਬਹੁਤੇ ਇੱਕ ਕਰਮਕਾਂਡ ਦੇ ਤੌਰ ਤੇ।
ਚਲਦਾ………