.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਦੇਖਣਾ ਸੁਣਨਾ ਤੇ ਰਾਇ ਦੇਣੀ

ਦੁਨੀਆਂ ਵਿੱਚ ਥੋੜੇ ਲੋਕ ਹਨ ਜੋ ਦੇਖਣ ਸੁਣਨ ਉਪਰੰਤ ਵਿਚਾਰਦੇ ਹਨ। ਪਰ ਕੁੱਝ ਲੋਕ ਉਹ ਹਨ ਜੋ ਦੇਖਣ ਸੁਣਨ ੳਪਰੰਤ ਆਪਣੀ ਰਾਇ ਦੇਣੀ ਸ਼ੁਰੂ ਕਰ ਦੇਂਦੇ ਹਨ। ਕਈ ਵਾਰੀ ਅੱਗੋਂ ਸੁਣਨ ਵਾਲਾ ਵੀ ਕੱਚਾ ਹੀ ਹੁੰਦਾ ਹੈ ਉਹ ਬਿਨਾ ਸੋਚੇ ਹੀ ਬੋਲਣ ਵਾਲੇ ਦੇ ਪਿੱਛੇ ਲੱਗ ਕੇ ਆਪਣਾ ਆਪ ਬਰਬਾਦ ਕਰ ਲੈਂਦਾ ਹੈ। ਬਾਹਰਲੇ ਮੁਲਕਾਂ ਵਿੱਚ ਜਾਣ ਵਾਲਿਆਂ ਦੇ ਆਮ ਸੈਮੀਨਾਰ ਲੱਗਦੇ ਹਨ। ਜਦੋਂ ਉਹਨਾਂ ਦੇ ਸਬਜ਼ ਬਾਗ ਦੀਆਂ ਕਹਾਣੀਆਂ ਨੂੰ ਅੱਜ ਦੇ ਜੁਗ ਵਿੱਚ ਛੇਤੀ ਅਮੀਰ ਬਣਨ ਦੀ ਚਾਹਨਾ ਵਾਲਾ ਬੱਚਾ ਸੁਣਦਾ ਹੈ, ਤਾਂ ਉਹ ਘਰਦਿਆਂ ਨੂੰ ਮਜ਼ਬੂਰ ਕਰਕੇ ਪੈਸਿਆਂ ਦਾ ਪ੍ਰਬੰਧ ਕਰਾਉਂਦਾ ਹੈ। ਸ਼ਬਦਾਂ ਦਾ ਜਾਲ ਬੁਣਨ ਵਾਲੇ ਦੇ ਜਾਲ ਵਿੱਚ ਜਦੋਂ ਬਚਾ ਚੰਗੀ ਤਰ੍ਹਾਂ ਫਸ ਜਾਂਦਾ ਹੈ ਜਾਂ ਬਾਹਰ ਜਾ ਕੇ ਅਸਲੀਅਤ ਦਾ ਪਤਾ ਚੱਲਦਾ ਹੈ, ਤਾਂ ਸਵਾਏ ਪਛਤਾਉਣ ਦੇ ਕੁੱਝ ਵੀ ਪੱਲੇ ਨਹੀਂ ਪੈਂਦਾ। ਸਮਾਜ ਵਿੱਚ ਇੱਕ ਉਲਝਣ ਹੈ ਕਿ ਜਦੋਂ ਬੰਦਾ ਦੇਖਦਾ, ਸੁਣਦਾ ਹੈ ਤਾਂ ਅੱਗੋਂ ਆਪਣੀ ਰਾਇ ਠੋਕਣੀ ਸ਼ੁਰੂ ਕਰ ਦੇਂਦਾ ਹੈ। ਜਾਂ ਫਿਰ ਦੇਖਦਾ ਸੁਣਦਾ ਹੈ ਤਾਂ ਉਹਨਾਂ ਦੇ ਪਿੱਛੇ ਹੀ ਤੁਰ ਪੈਂਦਾ ਹੈ। ਇਹ ਵੀ ਜ਼ਰੂਰੀ ਹੈ ਕਿ ਬੰਦਾ ਦੇਖੇ ਸੁਣੇ ਤੇ ਬੋਲੇ ਵੀ ਜ਼ਰੂਰ ਪਰ ਚੌਥਾ ਨੁਕਤਾ ਜਿਸ ਵਲ ਭਗਤ ਰਵਿਦਾਸ ਜੀ ਸਾਡਾ ਧਿਆਨ ਦਿਵਾਉਣਾ ਚਾਹੁੰਦੇ ਹਨ ਕਿ ਬੰਦਿਆ ਤੂੰ ਦੇਖਣ, ਸੁਣਨ ਤੇ ਬੋਲਣ ਦੇ ਨਾਲ ਵਿਚਾਰਨ ਦਾ ਵੀ ਯਤਨ ਕਰ। ਤੇਰੀ ਤਰੱਕੀ ਦਾ ਰਾਜ਼ ਏਸੇ ਵਿੱਚ ਹੀ ਹੈ।
ਬਾਹਰਲੇ ਸੂਬਿਆਂ ਤੋਂ ਹਿੰਦੀ ਵਿੱਚ ਕਥਾ ਕਰਨ ਲਈ ਪੰਜਾਬ ਵਿੱਚ ਬੁਹਤ ਸਾਰੇ ਰੰਗ ਬਰੰਗੇ ਲਿਬਾਸਾਂ ਵਾਲੇ ਥੋਕ ਵਿੱਚ ਸਿਰ ਮੁੰਨੇ, ਸਿਰ ਗੰਜੇ ਤੇ ਕਈ ਅਰਧ ਨੰਗੇ ਹੀ ਸਟੇਜ `ਤੇ ਬੈਠ ਕੇ ਚੁਟਕਲੇ ਸੁਣਾ ਸੁਣਾ ਕੇ ਬੁੱਤਾ ਸਾਰਨ ਵਾਲੇ ਹਿੰਦੂ ਸਾਧ ਧੜਾ ਧੜ ਆ ਰਹੇ ਹਨ। ਉਹਨਾਂ ਦੇ ਪ੍ਰਵਚਨ ਸੁਣਨ ਦਾ ਪ੍ਰਬੰਧ ਵੀ ਖੰਡੇ ਦੀ ਪਹੁਲ ਵਾਲੇ ਸਿੱਖ ਆਮ ਕਰਦੇ ਦਿਖਾਈ ਦੇਣਗੇ। ਕਹਿਣਗੇ ਦੇਖਿਆ ਕਿਆ ਵਧੀਆ ਸ਼ਾਮਿਆਨਾ ਲੱਗਿਆ ਹੋਇਆ ਸੀ। ਸੁਣਿਆ ਬਾਬਾ ਜੀ ਨੇ ਗੋਭੀ ਖਾਣ ਤੋਂ ਮਨ੍ਹੇ ਕਰ ਦਿੱਤਾ ਈ। ਸੱਚੀ ਬਾਬੇ ਜੀ ਦੀਆਂ ਅਣੋਖੀਆਂ ਹਾਸੇ ਵਾਲੀਆਂ ਗੱਲਾਂ ਸੁਣ ਸੁਣ ਕੇ ਢਿੱਡੀਂ ਪੀੜਾਂ ਪੈ ਗਈਆਂ। ਜੋ ਕੁੱਝ ਸੁਣਿਆ ਉਹ ਹੀ ਬੋਲੀ ਬੋਲਣ ਲੱਗ ਪਏ। ਦੂਸਰੇ ਪਾਸੇ ਜੇ ਕੋਈ ਪਰਚਾਰਕ ਗੁਰਬਾਣੀ ਵਿਚਾਰ ਦੀ ਗੱਲ ਦਸਣ ਦਾ ਯਤਨ ਕਰੇ ਤਾਂ ਅਸੀਂ ਫਟ ਅੱਗੋਂ ਬੋਲ ਪੈਂਦੇ ਹਾਂ ਕਿ ਇਹ ਨਵੇਂ ਕਿੱਥੋਂ ਜੰਮ ਪਏ ਨੇ, ਸਾਡੇ ਬਾਬਾ ਜੀ ਤਾਂ ਇੰਜ ਕਹਿੰਦੇ ਹੁੰਦੇ ਸੀ। ਇਹ ਬੜੇ ਮਹਾਂਰਾਜ ਜੀ ਨਾਲੋਂ ਜ਼ਿਆਦਾ ਸਿਆਣੇ ਹਨ। ਅਸਲ ਵਿੱਚ ਅਸੀਂ ਵਿਚਾਰਨ ਵਾਲਾ ਮੁੱਦਾ ਹੀ ਭੁਲਾ ਦਿੱਤਾ ਹੈ। ਭਗਤ ਰਵਿਦਾਸ ਜੀ ਦਾ ਸ਼ਬਦ ਹੈ:--
ਮਾਟੀ ਕੋ ਪੁਤਰਾ, ਕੈਸੇ ਨਚਤੁ ਹੈ।। ਦੇਖੈ ਦੇਖੈ ਸੁਨੈ ਬੋਲੈ, ਦਉਰਿਓ ਫਿਰਤੁ ਹੈ।। ੧।। ਰਹਾਉ।।
ਜਬ ਕਛੁ ਪਾਵੈ, ਤਬ ਗਰਬੁ ਕਰਤੁ ਹੈ।। ਮਾਇਆ ਗਈ ਤਬ ਰੋਵਨੁ ਲਗਤੁ ਹੈ।। ੧।।
ਮਨ ਬਚ ਕ੍ਰਮ ਰਸ ਕਸਹਿ ਲੁਭਾਨਾ।। ਬਿਨਸਿ ਗਇਆ ਜਾਇ ਕਹੂੰ ਸਮਾਨਾ।। ੨।।
ਕਹਿ ਰਵਿਦਾਸ ਬਾਜੀ ਜਗੁ ਭਾਈ।। ਬਾਜੀਗਰ ਸਉ ਮ+ਹਿ ਪ੍ਰੀਤਿ ਬਨਿ ਆਈ।। ੩।। ੬।।
ਬਾਣੀ ਭਗਤ ਰਵਿਦਾਸ ਜੀ ਦੀ ਪੰਨਾ ੪੮੭

ਰਹਾਉ ਦੀਆਂ ਤੁਕਾਂ ਵਿੱਚ ਭਗਤ ਰਵਿਦਾਸ ਜੀ ਫਰਮਾਉਂਦੇ ਹਨ ਕਿ—ਮਿੱਟੀ ਦਾ ਪੁਤਲਾ ਭੱਜਿਆ ਹੀ ਫਿਰ ਰਿਹਾ ਹੈ:---
ਮਾਟੀ ਕੋ ਪੁਤਰਾ, ਕੈਸੇ ਨਚਤੁ ਹੈ।। ਦੇਖੈ ਦੇਖੈ ਸੁਨੈ ਬੋਲੈ, ਦਉਰਿਓ ਫਿਰਤੁ ਹੈ।। ੧।। ਰਹਾਉ।।
ਅਖਰੀਂ ਅਰਥ:--- (ਮਾਇਆ ਦੇ ਮੋਹ ਵਿੱਚ ਫਸ ਕੇ) ਇਹ ਮਿੱਟੀ ਦਾ ਪੁਤਲਾ ਕੇਹਾ ਹਾਸੋ-ਹੀਣਾ ਹੋ ਕੇ ਨੱਚ ਰਿਹਾ ਹੈ (ਭਟਕ ਰਿਹਾ ਹੈ); (ਮਾਇਆ ਨੂੰ ਹੀ) ਚਾਰ-ਚੁਫੇਰੇ ਢੂੰਢਦਾ ਹੈ; (ਮਾਇਆ ਦੀਆਂ ਹੀ ਗੱਲਾਂ) ਸੁਣਦਾ ਹੈ (ਭਾਵ, ਮਾਇਆ ਦੀਆਂ ਗੱਲਾਂ ਹੀ ਸੁਣਨੀਆਂ ਇਸ ਨੂੰ ਚੰਗੀਆਂ ਲੱਗਦੀਆਂ ਹਨ), (ਮਾਇਆ ਕਮਾਣ ਦੀਆਂ ਹੀ) ਗੱਲਾਂ ਕਰਦਾ ਹੈ, (ਹਰ ਵੇਲੇ ਮਾਇਆ ਦੀ ਖ਼ਾਤਰ ਹੀ) ਦੌੜਿਆ ਫਿਰਦਾ ਹੈ। ੧। ਰਹਾਉ।
ਭਾਵ ਅਰਥ:---ਬੰਦੇ ਨੂੰ ਆਪਣੀ ਹੋਂਦ ਦਾ ਅਹਿਸਾਸ ਕਰਾਇਆ ਹੈ ਕਿ ਤੂੰ ਜਿਸ ਮਿੱਟੀ ਤੋਂ ਬਣਿਆਂ ਏਂ ਉਸੇ ਵਿੱਚ ਹੀ ਅਲੋਪ ਹੋ ਜਾਣਾ ਹੈ। ਮਿੱਟੀ ਦੀ ਖਾਤਰ ਹੀ ਵੰਡੀਆਂ, ਲੜਾਈ-ਝਗੜੇ ਭਰਾਵਾਂ ਦੇ ਕਤਲਾਂ ਦੀਆਂ ਕਹਾਣੀਆਂ ਬਹੁਤ ਲੰਮੇਰੀਆਂ ਹਨ। ਮਨੁੱਖ ਦੀ ਸਹਾਇਤਾ ਲਈ ਕੁਦਰਤ ਨੇ ਪਸ਼ੂ-ਪੰਛੀ, ਬਨਾਸਪਤੀ ਤੇ ਨਦੀਆਂ ਨਾਲੇ ਬਣਾਏ ਹਨ। ਮਨੁੱਖ ਹੀ ਐਸਾ ਹੈ ਜੋ ਕੁਦਰਤ ਦੇ ਨਿਯਮਾਂ ਵਿੱਚ ਲਗਾਤਾਰ ਵਿਗਾੜ ਖੜੇ ਕਰ ਰਿਹਾ ਹੈ। ਮਨੁੱਖ ਆਪਣੇ ਟੀਚੇ ਤੋਂ ਤਿਲਕ ਗਿਆ ਹੈ। ਮੰਨ ਲਓ ਕਿਸੇ ਵਿਆਹ ਸ਼ਾਦੀ `ਤੇ ਗਿਆ ਹੈ ਓੱਥੇ ਸਭਿਆਚਰਕ ਵਾਲਿਆਂ ਨੂੰ ਸੁਣ ਆਇਆ ਤੇ ਦੇਖ ਆਇਆ ਹੈ। ਹੁਣ ਘਰ ਆਣ ਕੇ ਜਾਂ ਪਰੇ ਪੰਚਾਇਤ ਵਿੱਚ ਬੈਠਾ ਏਹੀ ਕਹੀ ਜਾਏਗਾ, ਮੈਂ ਵੀ ਏਸੇ ਤਰ੍ਹਾਂ ਦੇ ਹੀ ਸਭਿਆਚਰਕ ਵਾਲੇ ਲੈ ਕੇ ਆਉਣੇ ਹਨ। ਦੂਸਰਾ ਆਪਣੀ ਵੱਖਰੀ ਡਫਲੀ ਵਜਾਉਂਦਾ ਹੋਇਆ ਕਹੀ ਜਾਏਗਾ, ਆਪਣਾ ਨੱਕ ਨਹੀਂ ਜੇ ਰਹਿਣਾ ਹੈ ਜੇ ਇਹਨਾਂ ਨਾਲੋਂ ਵੱਡੇ ਗਾਇਕ ਨਾ ਲੈ ਕੇ ਆਏ। ਗੱਲ ਕੀ ਬੰਦਾ ਸਮਾਜਕ ਕੁਰੀਤੀਆਂ ਅੱਗੇ ਨੱਚ ਰਿਹਾ ਹੈ। ਧਾਰਮਕ ਬੰਦਾ ਕਰਮ-ਕਾਂਡਾਂ ਅੱਗੇ ਡੰਡਉਤਾਂ ਕਰ ਰਿਹਾ ਹੈ। ਨਚਾਰ ਤਬਲੇ ਦੀ ਥਾਪ `ਤੇ ਨੱਚ ਰਹੇ ਹਨ। ਆਮ ਬੰਦਾ ਪੜ੍ਹਿਆ ਲਿਖਿਆ ਹੋਣ ਕਰਕੇ ਵੀ ਅਗਿਆਨਤਾ ਵਿੱਚ ਨੱਚ ਰਿਹਾ ਹੈ। ਰਾਜਨੀਤਿਕ ਨੇਤਾ ਜਨ ਕੁਰਸੀ ਦੀ ਖਾਤਰ ਸਭ ਤੋਂ ਵੱਧ ਨੱਚ ਰਹੇ ਹਨ। ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਗੋਲਕ ਦੇ ਕਬਜ਼ਾ ਜਮਾਈ ਰੱਖਣ ਲਈ ਨੱਚ ਰਹੀਆਂ ਹਨ। ਗੁਰਦੁਆਰੇ ਦੀ ਗੋਲਕ ਦਾ ਐਸਾ ਚਸਕਾ ਹੈ ਕਿ ਇੱਕ ਵਾਰੀ ਪ੍ਰਧਾਨ ਬਣ ਗਿਆ ਮੁੜ ਕੇ ਨਾਂ ਹੀ ਨਹੀਂ ਲੈਂਦਾ ਕਿ ਮੈਂ ਕੁਰਸੀ ਛੱਡ ਦਿਆਂ। ਜੇ ਕੁਰਸੀ ਛੱਡਣੀ ਪੈ ਜਾਏ ਤਾਂ ਗੁਰੂ ਦੀ ਗੋਲਕ ਬੇਸ਼ਰਮੀ ਨਾਲ ਕਚਿਹਿਰੀਆਂ ਵਿੱਚ ਵਕੀਲਾਂ ਤੋਂ ਵਾਰੀ ਜਾਂਦਾ ਹੈ। ਬੂਬਨੇ ਸਾਧ ਆਪਣੀ ਸੰਤਗੀਰੀ ਚਮਕਾਉਣ ਲਈ ਧਰਮ ਦਾ ਬੁਰਕਾ ਪਹਿਨ ਕੇ ਨੱਚ ਰਹੇ ਹਨ। ਜਨ ਸਧਾਰਨ ਆਪਣੀ ਨੱਕ ਬਚਾਉਣ ਦੀ ਖਾਤਰ ਨੱਚ ਰਿਹਾ ਹੈ। ਭਗਤ ਰਵਿਦਾਸ ਜੀ ਵਿਚਾਰ ਦੇ ਰਹੇ ਹਨ ਕਿ ਬੰਦਿਆ ਜੇ ਨੱਚਣਾ ਹੀ ਹੈ ਤਾਂ ਅਕਾਲ-ਪੁਰਖ ਦੇ ਗੁਣ ਪ੍ਰਾਪਤ ਕਰਨ ਲਈ ਨੱਚ। ਦੇਖ, ਸੁਣ, ਬੋਲ ਪਰ ਵਿਚਾਰਨ ਦਾ ਯਤਨ ਵੀ ਕਰ।
ਬੰਦੇ ਵਿੱਚ ਇੱਕ ਕਮੰਜ਼ੋਰੀ ਬਹੁਤ ਵੱਡੀ ਹੈ। ਜਦ ਇਸ ਨੂੰ ਕੁੱਝ ਪ੍ਰਾਪਤ ਹੁੰਦਾ ਹੈ ਤਾਂ ਆਪੇ ਤੋਂ ਬਾਹਰ ਹੁੰਦਿਆਂ ਸਮਾਜਕ ਕੁਰੀਤੀਆਂ ਨੂੰ ਜਨਮ ਦੇਂਦਾ ਹੈ। ਜਦੋਂ ਕੁੱਝ ਚਲਿਆ ਜਾਂਦਾ ਹੈ ਤਾਂ ਸਾਧਾਂ ਦੁਆਲੇ ਗੇੜੇ ਕੱਢਣੇ ਸ਼ੁਰੂ ਕਰ ਦੇਂਦਾ ਹੈ—
ਜਬ ਕਛੁ ਪਾਵੈ, ਤਬ ਗਰਬੁ ਕਰਤੁ ਹੈ।। ਮਾਇਆ ਗਈ ਤਬ ਰੋਵਨੁ ਲਗਤੁ ਹੈ।। ੧।।
ਅੱਖਰੀੰ ਅਰਥ:--- ਜਦੋਂ (ਇਸ ਨੂੰ) ਕੁੱਝ ਧਨ ਮਿਲ ਜਾਂਦਾ ਹੈ ਤਾਂ (ਇਹ) ਅਹੰਕਾਰ ਕਰਨ ਲੱਗ ਪੈਂਦਾ ਹੈ; ਪਰ ਜੇ ਗੁਆਚ ਜਾਏ ਤਾਂ ਰੋਂਦਾ ਹੈ, ਦੁੱਖੀ ਹੁੰਦਾ ਹੈ। ੧।
ਭਾਵ ਅਰਥ:--- ਮੇਰੇ ਦੇਖਣ ਵਿੱਚ ਇੱਕ ਕਲਰਕਣੀ ਨੇ ਨਿੱਤ ਨਵੇਂ ਸੂਟ ਤੇ ਭਲ਼ਿਆਂ ਜ਼ਮਾਨਿਆਂ ਵਿੱਚ ਸਕੂਟਰੀ ਲਿਆਂਦੀ। ਘਰ ਵਿੱਚ ਖੁਲ੍ਹਾ ਖਰਚਾ, ਪੈਸੇ ਦੇ ਹੰਕਾਰ ਵਿੱਚ ਗੱਲ ਦਾ ਅੰਦਾਜ਼ ਹੀ ਅਨੋਖਾ ਸੀ। ਆਉਂਦਾ ਕੱਖ ਨਹੀਂ ਸੀ ਪਰ ਸਰੀਰ ਦੀ ਬੋਲੀ ਨਾਲ ਹੀ ਸਾਰਿਆਂ ਨੂੰ ਅੱਗੇ ਲਾਇਆ ਹੋਇਆ ਸੀ। ਚੰਗੀ ਤਨਖਾਹ ਲੈਣ ਵਾਲੇ ਅਧਿਆਪਕਾਂ ਨੂੰ ਵੀ ਉਸ ਨੇ ਸੋਚਾਂ ਵਿੱਚ ਪਾਇਆ ਹੋਇਆ ਸੀ। ਹੰਕਾਰ ਦੀ ਤੂਤੀ ਬੋਲਦੀ ਸੀ। ਅਚਾਨਕ ਇੱਕ ਅਧਿਆਪਕ ਨੇ ਆਪਣੇ ਪ੍ਰਾਵੀਡੈਂਡ ਫੰਡ ਦੀ ਕਾਪੀ ਦੇਖੀ ਤਾਂ ਹੈਰਾਨ ਰਹਿ ਗਿਆ। ਨਾਲ ਦੇ ਸਕੂਲ ਵਾਲੀ ਅਧਿਆਪਕਾ ਦਾ ਫੰਡ ਉਸ ਨਾਲੋਂ ਤਿੰਨ ਗੁਣਾਂ ਜ਼ਿਆਦਾ ਸੀ। ਭਰਤੀ ਇਹਨਾਂ ਦੋਹਾਂ ਦੀ ਇਕੱਠੀ ਜੁ ਹੋਈ ਸੀ। ਪੁਛ-ਪੜਤਾਲ ਹੋਈ ਤਾਂ ਕਈ ਲੱਖ ਦਾ ਭਲੇ ਸਮੇਂ ਵਿੱਚ ਗਬਨ ਹੋਇਆ ਹੋਇਆ ਸੀ। ਆਪਣੇ ਬਚਾ ਵਾਸਤੇ ਕਲਕਰਣੀ ਨੇ ਹਰ ਕਿਸੇ ਦੇ ਕਹੇ `ਤੇ ਸਭ ਡੇਰਿਆਂ ਦੀ ਖ਼ਾਕ ਛਾਣ ਮਾਰੀ ਪਰ ਉਸ ਵਿਚਾਰੀ ਨੂੰ ਜਿੱਥੇ ਜ਼ਲੀਲ ਹੋਣਾ ਪਿਆ ਓੱਥੇ ਨੌਕਰੀ ਤੋਂ ਅਸਤੀਫਾ ਦੇ ਕੇ ਸਾਰੇ ਪੈਸਿਆਂ ਦਾ ਭੁਗਤਾਨ ਕਰਨ ਲਈ ਘਰ ਵੇਚ ਕੇ ਬੁੱਤਾ ਸਾਰਨਾ ਪਿਆ। ਜਦੋਂ ਬੰਦੇ ਨੂੰ ਕੁੱਝ ਮਿਲਦਾ ਹੈ ਤਾਂ ਬਹੁਤ ਖੁਸ਼ ਹੁੰਦਾ ਹੈ ਪਰ ਜਦੋਂ ਚਲਾ ਜਾਂਦਾ ਹੈ ਤਾਂ ਉਹੀ ਰੋਂਦਾ ਹੁੰਦਾ ਹੈ। ਜੇ ਵਿਚਾਰ ਹੁੰਦੀ ਤਾਂ ਕਦੇ ਵੀ ਕਿਸੇ ਦੀ ਗਲਤ ਰਾਇ ਸੁਣ ਕੇ ਅਜੇਹਾ ਕੰਮ ਨਾ ਕਰਦੀ। ਉਸ ਵਿਚਾਰੀ ਨਾਲ ਜੋ ਹੋਇਆ ਜਗੋਂ ਤੇਰ੍ਹਵੀਂ ਹੋਈ ਸੀ, ਪਹਿਲਾਂ ਫ਼ਰਜ਼ੀ ਐਸ਼ ਤੇ ਫਿਰ ਉਸ ਨੂੰ ਰੋਣਾ ਮਿਲਿਆ। ਹੰਕਾਰ ਦੀ ਟੀਸੀ `ਤੇ ਬਹਿਣਾ ਛੱਡ ਕੇ ਨਿੰਮ੍ਰਤਾ ਤੇ ਸਹਿਜ ਅਵਸਥਾ ਵਿੱਚ ਵਿਚਰਨ ਦਾ ਯਤਨ ਕਰਨਾ ਚਾਹੀਦਾ ਹੈ।
ਅਸਲ ਵਿੱਚ ਬੰਦੇ ਦੀ ਆਪਣੀ ਕਰਤੂਤ ਹੀ ਸੰਸਾਰ ਵਿੱਚ ਪ੍ਰਗਟ ਹੁੰਦੀ ਹੈ। ਕਹਿੰਦੇ ਨੇ ਕਿਸੇ ਬੰਦੇ ਨੇ ਕਿਹਾ ਫਲਾਣਾ ਆਦਮੀ ਬਹੁਤ ਭਲਾ ਮਾਣਸ ਹੈ। ਦੂਸਰਾ ਜੁਆਬ ਦੇਂਦਾ ਹੈ ਕਿ ਇਸ ਭਲੇ ਲੋਕ ਨੂੰ ਕੋਈ ਮੌਕਾ ਹੀ ਨਹੀਂ ਮਿਲਿਆ ਹੋਣਾ ਜੇ ਮੌਕਾ ਮਿਲਦਾ ਤਾਂ ਇਸ ਦੀ ਭਲਿਆਈ ਦਾ ਪਤਾ ਲੱਗ ਜਾਣਾ ਸੀ।
ਸ਼ਬਦ ਦੇ ਦੂਜੇ ਬੰਦ ਵਿੱਚ ਮਨੁੱਖੀ ਸੁਭਾਅ ਦੇ ਚਸਕਿਆਂ ਦੀ ਵਿਚਾਰ ਕੀਤੀ ਗਈ ਹੈ:---
ਮਨ ਬਚ ਕ੍ਰਮ ਰਸ ਕਸਹਿ ਲੁਭਾਨਾ।। ਬਿਨਸਿ ਗਇਆ ਜਾਇ ਕਹੂੰ ਸਮਾਨਾ।। ੨।।
ਅੱਖਰੀਂ ਅਰਥ:--- ਆਪਣੇ ਮਨ ਦੀ ਰਾਹੀਂ, ਬਚਨਾਂ ਦੀ ਰਾਹੀਂ, ਕਰਤੂਤਾਂ ਦੀ ਰਾਹੀਂ, ਚਸਕਿਆਂ ਵਿੱਚ ਫਸਿਆ ਹੋਇਆ ਹੈ, (ਆਖ਼ਰ ਮੌਤ ਆਉਣ ਤੇ) ਜਦੋਂ ਇਹ ਸਰੀਰ ਢਹਿ ਪੈਂਦਾ ਹੈ ਤਾਂ ਜੀਵ (ਸਰੀਰ ਵਿਚੋਂ) ਜਾ ਕੇ (ਪ੍ਰਭੂ-ਚਰਨਾਂ ਵਿੱਚ ਅਪੜਨ ਦੇ ਥਾਂ) ਕਿਤੇ ਕੁਥਾਂ ਹੀ ਟਿਕਦਾ ਹੈ। ੨।
ਭਾਵ ਅਰਥ:--- ਮਨੁੱਖ ਆਪਣੇ ਬਚਨਾ, ਕਰਮਾਂ ਤੇ ਜ਼ਬਾਨ ਦੇ ਚਸਕਿਆਂ ਵਿੱਚ ਬਿਨਸਿਆ ਪਿਆ ਹੈ। ਜ਼ਿੰਦਗੀ ਦੇ ਮਹੱਤਵ ਨੂੰ ਨਾ ਸਮਝਣ ਕਰਕੇ ਭੇੜੈ ਥਾਵਾਂ `ਤੇ ਜਾ ਡਿੱਗਿਆ ਹੈ। ਬੜੀ ਪੁਰਾਣੀ ਘਟਨਾ ਹੈ ਕਿ ਸਾਡੇ ਪਿੰਡ ਵਿੱਚ ਕਿਸੇ ਨੇ ਤੂੜੀ ਦੇ ਮੂਸਲਾਂ ਨੂੰ ਅੱਗ ਲਗਾ ਦਿੱਤੀ। ਸਾਰਾ ਪਿੰਡ ਅੱਗ ਬਝਾਉਣ ਵਿੱਚ ਰੁਝਿਆ ਹੋਇਆ ਸੀ। ਬੀਰ੍ਹਾ ਅਮਲੀ ਖੂਹ ਦੀ ਮੌਣ `ਤੇ ਪਿਆ ਹੀ ਕਹੀ ਜਾਏ ਵੇਖਿਆ ਯਾਰਾਂ ਦੇ ਘੱਸੇ, ਸਾਰਾ ਪਿੰਡ ਕੰਮ `ਤੇ ਲਾਇਆ ਹੋਇਆ। ਕਿਆ ਦਵਾਲ਼ੀ ਜਗ੍ਹ ਰਹੀ ਆ। ਸਵੇਰੇ ਜਦੋਂ ਪੁਲੀਸ ਆਈ ਤਾਂ ਕਿਸੇ ਨੇ ਕਿਹਾ ਬੀਰ੍ਹਾ ਅਮਲੀ ਕਹਿੰਦਾ ਸੀ ਕਿ ਮੇਰਾ ਹੀ ਕੰਮ ਹੈ। ਥਾਣੇਦਾਰ ਨੇ ਅਜੇ ਦੋ ਛਿੱਤਰ ਹੀ ਲਾਏ ਤਾਂ ਅੱਗੋਂ ਬੀਰ੍ਹਾ ਕਹੀ ਜਾਏ ਜਨਾਬ ਹੋਰ ਨਾ ਮਾਰਿਆ ਜੇ ਜਿਦ੍ਹਾ ਕਹੋ ਮੈਂ ਉਹਦਾ ਈ ਨਾਂ ਲੈ ਦੇਂਦਾ ਹਾਂ। ਮੈਂ ਤੇ ਐਵੇਂ ਹੀ ਫੜ ਮਾਰ ਬੈਠਾ। ਬੰਦਾ ਦੋਸ਼ ਦੂਜਿਆਂ `ਤੇ ਲਾ ਦੇਂਦਾ ਹੈ ਅਸਲ ਵਿੱਚ ਇਸ ਨੇ ਕਦੇ ਵਿਚਾਰ ਕਰਨ ਦਾ ਯਤਨ ਹੀ ਨਹੀਂ ਕੀਤਾ। ਆਪਣੇ ਹੀ ਮਨ, ਬਚਨ, ਕਰਮ ਤੇ ਰੱਸਾਂ ਵਿੱਚ ਰੁਝਿਆ ਹੋਇਆ ਹੈ ਕਿਸੇ ਦੀ ਸੁਣਨ ਲਈ ਤਿਆਰ ਹੀ ਨਹੀਂ ਹੈ।
ਸ਼ਬਦ ਦੇ ਤੀਸਰੇ ਬੰਦ ਵਿੱਚ ਸੰਸਾਰ ਦੀ ਖੇਢ ਦੀ ਵਿਚਾਰ ਕੀਤੀ ਗਈ ਹੈ:--
ਕਹਿ ਰਵਿਦਾਸ ਬਾਜੀ ਜਗੁ ਭਾਈ।। ਬਾਜੀਗਰ ਸਉ ਮ+ਹਿ ਪ੍ਰੀਤਿ ਬਨਿ ਆਈ।। ੩।।
ਅੱਖਰੀਂ ਅਰਥ:--- ਰਵਿਦਾਸ ਆਖਦਾ ਹੈ—ਹੇ ਭਾਈ ! ਇਹ ਜਗਤ ਇੱਕ ਖੇਡ ਹੀ ਹੈ, ਮੇਰੀ ਪ੍ਰੀਤ ਤਾਂ (ਜਗਤ ਦੀ ਮਾਇਆ ਦੇ ਥਾਂ) ਇਸ ਖੇਡ ਦੇ ਬਣਾਉਣ ਵਾਲੇ ਨਾਲ ਲੱਗ ਗਈ ਹੈ (ਸੋ, ਮੈਂ ਇਸ ਹਾਸੋ-ਹੀਣੇ ਨਾਚ ਤੋਂ ਬਚ ਗਿਆ ਹਾਂ)। ੩। ੬।
ਭਾਵਅਰਥ:-- ਜਿਸ ਤਰ੍ਹਾਂ ਕੋਈ ਬੱਚਾ ਮਿੱਟੀ ਦੇ ਖਿਡਾਉਣੇ ਬਣਾ ਰਿਹਾ ਹੈ ਤੇ ਕੋਈ ਮਿੱਟੀ ਦਾ ਘਰ ਬਣਾ ਕੇ ਢਾਹ ਰਿਹਾ ਹੈ। ਏਸੇ ਤਰ੍ਹਾਂ ਹੀ ਕੋਈ ਆਪਣੇ ਬਚਨਾ ਕਰਕੇ ਫਸਿਆ ਪਿਆ ਹੈ, ਕੋਈ ਆਪਣੇ ਕਰਮ ਕਰਕੇ ਫਸਿਆ ਪਿਆ ਹੈ ਤੇ ਕੋਈ ਕਿਸੇ ਦੇ ਸਬਜ਼ ਬਾਗ ਦੀ ਕਹਾਣੀ ਸੁਣ ਕੇ ਫਸਿਆ ਪਿਆ ਹੈ। ਭਗਤ ਰਵਿਦਾਸ ਜੀ ਫਰਮਾਉਂਦੇ ਹਨ ਕਿ ਬੰਦੇ ਬਾਕੀ ਦੇ ਕੰਮ ਛੱਡ ਇੱਕ ਕੰਮ ਕਰ ਕਿ ਤੂੰ ਅਕਾਲ ਪੁਰਖ ਦੇ ਪਿਆਰ ਵਾਲੇ ਨੁਕਤੇ ਨੂੰ ਆਪਣੀ ਸੋਚ ਦਾ ਹਿੱਸਾ ਬਣਾ ਲੈ। ਜੇ ਪਰਮਾਤਮਾ ਦੇ ਗਣਾਂ ਨਾਲ ਪ੍ਰੀਤੀ ਕਰੇਂਗਾ ਤਾਂ ਤੈਨੂੰ ਜ਼ਿੰਦਗੀ ਦੇ ਮਹੱਤਵ ਦਾ ਸਹਿਜੇ ਹੀ ਅਹਿਸਾਸ ਹੋ ਜਾਏਗਾ। ਜੇ ਮਨੁੱਖਤਾ ਨਾਲ ਪਿਆਰ ਹੋਏਗਾ ਤਾਂ ਸਰਕਾਰੀ ਅਰਧ-ਸਰਕਾਰੀ ਕਰਮਚਾਰੀ ਕਦੇ ਵੀ ਕਿਸੇ ਪਾਸੋਂ ਵੱਢੀ ਨਹੀਂ ਲਏਗਾ ਆਪਣੇ ਹੱਕ ਹਲਾਲ ਦੀ ਕਮਾਈ `ਤੇ ਸਬਰ ਸੰਤੋਖ ਨਾਲ ਵਿਚਰੇਗਾ। ਸਾਡਿਆਂ ਘਰਾਂ ਵਿਚੋਂ ਵੀ ਪਿਅਰ ਦੀ ਕਹਾਣੀ ਖਤਮ ਹੁੰਦੀ ਨਜ਼ਰ ਆ ਹੈ, ਜਿਸ ਨਾਲ ਤਲਖੀਆਂ ਈਰਖਾਵਾਂ ਵਧੀਆਂ ਪਈਆਂ ਹਨ।
ਬੋਲਣਾ-ਸੁਣਨਾ ਤੇ ਦੇਖਣਾ ਉਸ ਦਾ ਹੀ ਸਾਰਥਕ ਹੋ ਸਕਦਾ ਹੈ ਜੋ ਵਿਚਾਰ ਕੇ ਅਸਲੀਅਤ ਨੂੰ ਸਮਝਦਾ ਹੈ।




.