ਲਈ ਹੈ।
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਪਣੇ ਪਹਿਲੇ ਜਾਮੇ `ਚ ਹੀ ਖਸਮ ਵਲੋਂ
ਪ੍ਰਾਪਤ ਇਸ ਬਾਣੀ ਦੀ ਸੰਭਾਲ ਆਪ ਕੀਤੀ। ਇਸ ਦੇ ਨਾਲ, ਭਗਤਾਂ ਦੀ ਬਾਣੀ ਵੀ ਗੁਰੂ ਨਾਨਕ ਪਾਤਸ਼ਾਹ ਨੇ
ਆਪਣੇ ਪ੍ਰਚਾਰਕ ਦੌਰਿਆਂ (ਉਦਾਸੀਆਂ) ਸਮੇਂ ਆਪ ਇਕੱਤਰ ਕੀਤੀ ਤੇ ਆਪਣੀ ਪੋਥੀ `ਚ ਉਸ ਨੂੰ ਬਰਾਬਰੀ
ਦਾ ਸਥਾਨ ਵੀ ਦਿੱਤਾ। ਗੁਰਗੱਦੀ ਸੌਂਪਣਾ ਸਮੇਂ ਬਾਣੀ ਦਾ ਇਹੀ ਖਜ਼ਾਨਾ ਗੁਰੂ ਨਾਨਕ ਪਾਤਸ਼ਾਹ ਨੇ ਗੁਰੂ
ਅੰਗਦ ਜੀ ਨੂੰ ਸੋਂਪਿਆ। ਫਿਰ ਦੂਜੇ ਪਾਤਸ਼ਾਹ ਨੇ ਆਪਣੀ ਰਚਨਾ ਸਮੇਤ ਤੀਜੇ ਉਪ੍ਰੰਤ ਚੌਥੇ ਅਤੇ ਇਸੇ
ਤਰ੍ਹਾਂ ਪੰਜਵੇਂ ਪਾਤਸ਼ਾਹ ਤੱਕ ਪੁੱਜਾ। ਗੁਰਗੱਦੀ ਸੌੰਪਣਾ ਦਾ ਇਹੀ ਨੀਯਮ ਸੀ।
ਪਾਤਸ਼ਾਹ ਨੇ ਪਹਿਲੇ ਜਾਮੇ `ਚ ਹੀ ਇਹ ਵੀ ਸਪੱਸ਼ਟ ਕਰ ਦਿੱਤਾ, ਕਿ ਇਹ ਬਾਣੀ
ਰੂਪੀ ‘ਇਲਾਹੀ ਗਿਆਨ’ ਹੀ ਉਨ੍ਹਾਂ ਦਾ, ਸਿੱਖਾਂ ਦਾ ਅਤੇ ਸਾਰੇ ਸੰਸਾਰ ਦਾ ‘ਇਕੋ ਇੱਕ’
ਗੁਰੂ ਹੈ ਅਤੇ ਗੁਰਬਾਣੀ ਅਨੁਸਾਰ ਸਰੀਰ ਕਦੇ ਗੁਰੂ ਹੋ ਹੀ ਨਹੀਂ ਸਕਦਾ। ਗੁਰੂ ਪਾਤਸ਼ਾਹ ਨੂੰ ਬਾਣੀ
ਫੁਰਦੀ ਤਾਂ ਸਿਰ ਝੁਕਾਉਂਦੇ, ਸ਼ਬਦ ਦੀ ਸਮਾਪਤੀ ਉਪ੍ਰੰਤ ਆਪ ਉਸ ਨੂੰ ਫਿਰ ਸਿਰ ਝੁਕਾਉਂਦੇ। ਇਸ ਬਾਣੀ
ਦੇ ‘ਗੁਰੂ’ ਹੋਣ ਬਾਰੇ ਪਾਤਸ਼ਾਹ ਨੇ ਆਪ ਹੀ ਬਾਣੀ `ਚ ਅਨੇਕਾਂ ਵਾਰੀ ਅਪਣਾ ਫੈਸਲਾ ਵੀ ਦਿੱਤਾ ਹੋਇਆ
ਹੈ।
ਪੰਜਵੇ ਪਾਤਸ਼ਾਹ ਨੇ ਬੀੜ ਦੀ ਸੰਪਾਦਨਾ ਅਜਿਹੇ ਦੂਰਦਰਸ਼ੀ ਢੰਗ ਨਾਲ ਕੀਤੀ,
ਤਾਕਿ ਰਹਿੰਦੀ ਦੁਨੀਆਂ ਤੱਕ ਇਸ `ਚ ਮਿਲਾਵਟ ਸੰਭਵ ਹੀ ਨਾ ਹੋ ਸਕੇ। ਗੁਰਬਾਣੀ ਦਾ ਵਿਆਕਰਣ,
ਸਿਧਾਂਤ, ਅਰਥ, ਅੰਕ ਨੰਬਰ, ਉਚਾਰਣ ਦਾ ਢੰਗ, ਇਸ ਦੇ ਰਾਗ-ਤਾਲ-ਘਰ ਇਸ ਅੰਦਰ ਹੀ ਪਰੋ ਦਿੱਤੇ। ਕਿਸੇ
ਵੀ ਸ਼ਬਦ ਦੇ ਇੱਕ ਤੋਂ ਵੱਧ ਅਰਥ ਸੰਭਵ ਹੀ ਨਹੀਂ ਹਨ। ਕਿਹੜੀ ਰਚਨਾ ਕਿਹੜੇ ਗੁਰੂ ਜਾਮੇ, ਭਗਤ ਅਥਵਾ
ਲਿਖਾਰੀ ਦੀ ਹੈ, ਪੋਥੀ ਸਾਹਿਬ `ਚ ਇਸ ਬਾਰੇ ਵੀ ਪੂਰੀ ਸੇਧ ਦਿੱਤੀ। ਇਸੇ ਪੋਥੀ ਨੂੰ ਦਸਵੇਂ ਜਾਮੇ
ਸਮੇਂ ਸੰਪੂਰਣਤਾ ਪਰਦਾਨ ਕਰਕੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੇ ਰੂਪ `ਚ ਪ੍ਰਗਟ ਕੀਤਾ
ਗਿਆ।
ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਪਹਿਲੇ ਜਾਮੇ `ਚ ਹੀ ਬਾਣੀ ਰਚਨਾ
ਤੇ ਇਸ ਦੀ ਸੰਭਾਲ ਵਾਲੇ ਜਿਸ ਕਾਰਜ ਨੂੰ ਅਰੰਭਿਆ ਅਤੇ ਆਪਣੇ ਹੀ ਦੱਸਵੇਂ ਸਰੂਪ `ਚ, ਨਾਵੇਂ ਪਾਤਸ਼ਾਹ
ਦੀ ਬਾਣੀ ਦਰਜ ਕਰਵਾ ਕੇ, ਇਸ ਨੂੰ ਸੰਪੂਰਣਤਾ ਵੀ ਆਪ ਬਖਸ਼ੀ। ਅੰਤ ੬ ਕਤੱਕ ਸੰਮਤ ੧੭੬੫
(੭ ਅਕਤੂਬਰ ੧੭੦੮) ਜੋਤੀ ਜੋਤ ਸਮਾਉਣ ਸਮੇਂ ਦਸ਼ਮੇਸ਼ ਪਿਤਾ ਨੇ ਪੰਜ ਪਿਆਰਿਆਂ ਨੂੰ
ਤਾਬਿਆ ਖੜੇ ਕਰਕੇ ਗੁਰਬਾਣੀ ਦੇ ਇਸ ਸੰਪੂਰਨ ਸਰੂਪ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਨੂੰ
ਬਾਕਾਇਦਾ ਗੁਰਗੱਦੀ ਸੌਂਪ ਦਿੱਤੀ ਅਤੇ ਇਸ ਬਾਰੇ ਹੁਕਮ ਵੀ ਕਰ ਦਿਤਾ: “ਪੂਜਾ ਅਕਾਲ ਪੁਰਖ
ਕੀ-ਪਰਚਾ ਸ਼ਬਦ ਕਾ-ਦੀਦਾਰ ਖਾਲਸੇ ਕਾ”। ਇੱਕ ਵਿਚਾਰ ਮੁਤਾਬਕ ਨੌਵੇਂ ਪਾਤਸ਼ਾਹ ਨੇ ਅਪਣੀ
ਬਾਣੀ, ਆਦਿ ਬੀੜ ਅੰਦਰ ਆਪ ਹੀ ਦਰਜ ਕਰਵਾ ਦਿੱਤੀ ਸੀ ਕਿਉਂਕਿ ਅਦਿ ਬੀੜ ਦੀ ਸੰਪਾਦਨਾ ਉਪ੍ਰੰਤ ਕੋਈ
ਕਾਰਨ ਨਹੀਂ ਸੀ ਰਹਿ ਜਾਂਦਾ ਕਿ ਨੌਵੇਂ ਪਾਤਸ਼ਾਹ ਆਪਣੀ ਰਚਨਾ ਉਸ ਖਜ਼ਾਨੇ ਅੰਦਰ ਆਪ ਦਰਜ ਹੀ ਨਾ
ਕਰਵਾਉਂਦੇ।
ਵਿਰੋਧੀ ਸਾਜ਼ਿਸ਼ਾਂ- ਪਹਿਲਾਂ ਤਾਂ “ਸਾਹਿਬ ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ” ਦੀ ਸੰਪਾਦਨਾ ਸਮੇਂ ਵਿਰੋਧੀਆਂ, ਜਨੂੰਨੀਆਂ ਤੇ ਸਰਕਾਰੀ ਪਿਠੂਆਂ ਵੱਲੋਂ ਪੀਲੂ,
ਕਾਨ੍ਹਾ, ਛੱਜੂ, ਸ਼ਾਹਹੁਸੈਨ ਆਦਿ ਨੂੰ ਭੇਜ ਕੇ ਇਸ `ਚ ਮਿਲਾਵਟ ਕਰਵਾਉਣ ਦੀਆਂ ਕੋਸ਼ਿਸ਼ਾਂ ਅਤੇ
ਅਨੇਕਾਂ ਤਰੀਕੇ ਰੁਕਾਵਟਾਂ ਪਾਉਣ ਦੀਆਂ ਕੋਝੀਆਂ ਸਾਜ਼ਿਸ਼ਾਂ ਕੀਤੀਆਂ। ਜਦਕਿ ਦੂਜੇ ਪਾਸੇ ਪੰਜਵੇਂ
ਪਾਤਸ਼ਾਹ ਨੇ ਆਪਣੀ ਤਸੀਹੇ ਭਰਪੂਰ, ਸ਼ਹਾਦਤ ਤਾਂ ਦੇ ਦਿੱਤੀ ਪਰ ਕਿਸੇ ਵੀ ਵਿਰੋਧੀ ਸਾਜ਼ਸ਼ ਨੂੰ ਸਿਰੇ
ਨਹੀਂ ਚੜ੍ਹਣ ਦਿੱਤਾ।
ਸ਼ਰਾਰਤੀਆਂ ਨੇ ਸੰਪਾਦਨਾ ਉਪ੍ਰੰਤ ਵੀ ਅਜਿਹੀਆਂ ਕਹਾਣੀਆਂ ਪ੍ਰਚਲਤ
ਕੀਤੀਆਂ ਜਿਥੋਂ ਭੁਲੇਖਾ ਪੈ ਸਕੇ ਕਿ ਬੀੜ ਅਧੂਰੀ ਹੈ ਤੇ ਇਸ `ਚੋਂ ਕਾਫ਼ੀ ਬਾਣੀ ਬਾਹਰ ਵੀ ਛੁਟ ਗਈ
ਹੈ। ਇਸੇ ਸਬੰਧ `ਚ ਸੈਂਚੀਆਂ-ਬਾਬਾ ਮੋਹਨ ਜੀ ਦੇ ਚੁਬਾਰੇ ਤੋਂ, ਸੰਗਲਾ ਦੀਪ ਤੋਂ, ਬਾਬਾ ਸ੍ਰੀ ਚੰਦ
ਤੋਂ ਲਿਆਉਣ ਦੀਆਂ ਤੇ ਹੋਰ ਅਨੇਕਾਂ ਕਹਾਣੀਆਂ ਪ੍ਰਚਲਤ ਕੀਤੀਆਂ ਜੋ ਨਿਰਮੂਲ ਹਨ। ਇਸੇ ਲੜੀ `ਚ
ਪੈਂਤੀ ਅਖਰੀ, ਸਹੰਸਰਨਾਮਾ, ਵਡਾ ਦੱਖਣੀ ਓਂਕਾਰ, ਪ੍ਰਾਣ ਸੰਗਲੀ ਆਦਿ ਰਚਨਾਵਾਂ, ਪ੍ਰਿਥੀ ਚੰਦ,
ਮੇਹਰਬਾਨ ਤੇ ਹੋਰ ਗੁਰੂ-ਦੋਖੀਆਂ ਰਾਹੀਂ ਰਚੀਆਂ, ਕੱਚੀਆਂ ਰਚਨਾਵਾਂ ਹਨ; ਗੁਰਬਾਣੀ ਜਾਂ ਬਾਣੀ ਤੁੱਲ
ਨਹੀਂ। ਇਨ੍ਹਾਂ ਕੱਚੀਆਂ ਰਚਨਾਵਾਂ `ਚ ਕੀਤੀ ਹੋਈ ‘ਨਾਨਕ’ ਪਦ ਦੀ ਵਰਤੋਂ ਵੀ ਸੰਗਤਾਂ ਨਾਲ ਕੇਵਲ
ਧੋਖਾ ਹੈ।
ਜਦਕਿ ਸੰਪਾਦਨਾ ਸਬੰਧੀ ਪੰਜਵੇਂ ਪਾਤਸ਼ਾਹ ਨੇ ਨਾ ਕੋਈ ਬਾਣੀ ਕਿਧਰੋਂ ਬਾਹਰੋਂ
ਇਕੱਤਰ ਕੀਤੀ ਤੇ ਨਾ ਇਸ ਦੀ ਲੋੜ ਸੀ, ਲੋੜ ਹੈ ਤਾਂ ਸਾਨੂੰ ਸੁਚੇਤ ਹੋਣ ਦੀ। ਇਸ ਸਬੰਧ `ਚ
ਪ੍ਰੋਫੈਸਰ ਸਾਹਿਬ ਸਿੰਘ ਜੀ ਰਚਿਤ, ‘ਗੁਰਬਾਣੀ ਦਾ ਇਤਿਹਾਸ’ ਅਤੇ ‘ਆਦਿ ਬੀੜ ਬਾਰੇ’
ਦੋਵੇਂ ਪੁਸਤਕਾਂ-ਪੰਥ ਪਾਸ ਵੱਡਾ ਸਰਮਾਇਆ ਹਨ, ਲੋੜ ਹੈ ਇਹਨਾਂ ਰਚਨਾਵਾਂ ਨੂੰ ਗਹੁ ਨਾਲ
ਵਿਚਾਰਨ ਤੇ ਘੋਖਣ ਦੀ।
‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦੀ ਸੰਪਾਦਨਾ ਤੇ ਪ੍ਰਥਮ
ਪ੍ਰਕਾਸ਼ ਸਬੰਧੀਂ ਚਾਰ ਸੌ ਸਾਲਾ ਪ੍ਰਕਾਸ਼ ਉਤਸਵ ਸਤੰਬਰ-2004 ਨੂੰ ਪੰਥਕ ਪੱਧਰ `ਤੇ ਮਨਾਇਆ
ਗਿਆ। ਇਸੇ ਤਰ੍ਹਾਂ ਕੁੱਝ ਸਮੇਂ ਤੋਂ ਪੰਥ ਅੰਦਰ ਸ਼ਤਾਬਦੀਆਂ ਦੀ ਲੜੀ ਵੀ ਚਾਲੂ ਹੈ। ਇਥੇ ਇਹ ਵੀ ਸੱਚ
ਹੈ ਕਿ ਸਾਡਾ ਬਹੁਤਾ ਇਤਿਹਾਸ ਗ਼ੈਰ ਸਿਖਾਂ, ਵਿਰੋਧੀਆਂ ਜਾਂ ਮੱਖੀ ਤੇ ਮੱਖੀ ਮਾਰਨ ਦੀ ਨਿਆਈ ਬਿਨਾਂ
ਖੋਜ ਲਿਖਿਆ ਤੇ ਪ੍ਰਚਲਤ ਕੀਤਾ ਹੋਇਆ ਹੈ, ਜੋ ਰੱਲ-ਗੱਡ ਨਾਲ ਭਰਪੂਰ ਹੈ। ਇਸ ਲਈ ਚਾਹੇ ਜਿੱਤਨੀ ਵੀ
ਵੱਡੀ ਪੱਧਰ `ਤੇ ਪ੍ਰੋਗਰਾਮ ਉਲੀਕੇ `ਤੇ ਮਨਾਏ ਜਾਣ, ਚੰਗਾ ਉੱਦਮ ਹੈ; ਪਰ ਅਜਿਹੇ ਸਮਿਆਂ `ਤੇ ਜੇਕਰ
ਰੱਲ-ਗੱਡ ਭਰਪੂਰ ਵਿਰੋਧੀ ਦੇਣਾਂ ਦਾ ਹੀ ਪ੍ਰਚਾਰ ਵੱਧ ਹੁੰਦਾ ਹੈ ਤਾਂ ਇਸ ਤੋਂ ਨੁਕਸਾਨ ਵੀ ਵਧੇਰੇ
ਹੋ ਰਿਹਾ ਹੈ।
ਇਸ ਦੇ ਉਲਟ ਜੇਕਰ ਕੁੱਝ ਜਾਗ ਕੇ ਚਲਾਂਗੇ ਤਾਂ ਪੰਥਕ ਪੱਧਰ `ਤੇ ਲਾਭ ਵੀ
ਬੇਅੰਤ ਹੋ ਸਕਦਾ ਹੈ। ਇਸ ਸਬੰਧ `ਚ ਹੱਥਲੇ ਗੁਰਮੱਤ ਪਾਠ ‘ਵਾਹੁ ਵਾਹੁ ਬਾਣੀ ਨਿਰੰਕਾਰ ਹੈ…ਦੀ
ਸਮਾਪਤੀ `ਤੇ ਪੰਜਵੇਂ ਪਾਤਸ਼ਾਹ ਰਾਹੀਂ ਪੋਥੀ ਸਾਹਿਬ ( ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’
) ਦੀ ਤਰਤੀਬ ਤੇ ਸੰਪਾਦਨਾ ਸਮੇਂ ਵਿਰੋਧੀਆਂ ਵੱਲੋਂ ਕੱਚੀਆਂ ਰਚਨਾਵਾਂ ਦੀ ਬਹੁਤਾਇਤ ਤੇ
ਵਿਰੋਧੀ ਸ਼ਰਾਰਤਾਂ ਸਬੰਧੀ ਜੋ ਇਸ਼ਾਰਾ ਦਿੱਤਾ ਗਿਆ ਹੈ, ਵਿਸ਼ੇ ਦੀ ਨਜ਼ਾਕਤ ਨੂੰ ਸਮਝਣ ਲਈ ਕਾਫ਼ੀ ਹੈ।
ਚੇਤੇ ਰਹੇ! ਦੁਨੀਆ ਭਰ ਦਾ ਇਕੋ-ਇੱਕ ਗ੍ਰੰਥ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਹੀ
ਹਨ ਜਿੱਥੇ 35 ਲਿਖਾਰੀ ਫ਼ਿਰ ਵੀ “ਇਕਾ ਬਾਣੀ ਇਕੁ ਗੁਰੁ, ਇਕੋ ਸਬਦੁ ਵੀਚਾਰਿ॥ ਸਚਾ
ਸਉਦਾ, ਹਟੁ ਸਚੁ, ਰਤਨੀ ਭਰੇ ਭੰਡਾਰ” (ਪੰ: 646) ਦਾ ਅਟੱਲ ਨੀਯਮ ਕੰਮ ਕਰ ਰਿਹਾ ਹੈ
ਤੇ ਇਥੇ ਸਵੈਵਿਰੋਧ ਵੀ ਉੱਕਾ ਨਹੀਂ।