ੴਸਤਿਗੁਰਪ੍ਰਸਾਦਿ ॥
ਇਕ ਅਦੁੱਤੀ ਬਖਸ਼ਿਸ਼
ਰਾਜਿੰਦਰ ਸਿੰਘ, (ਮੁੱਖ ਸੇਵਾਦਾਰ)
ਸ਼੍ਰੋਮਣੀ ਖਾਲਸਾ ਪੰਚਾਇਤ,
ਟੈਲੀਫੋਨ: +919876104726
ਕਿਸ਼ਤ ਪੰਜਵੀਂ
ਪਾਹੁਲ ਛਕਾ ਕੇ ਸਤਿਗੁਰੂ ਨੇ ਸਿੱਖਾਂ ਨੂੰ ਖਾਲਸੇ ਹੋਣ ਦਾ ਮਾਣ ਦਿੱਤਾ।
ਭਾਈ ਕਾਨ੍ਹ ਸਿੰਘ ਨਾਭਾ ਜੀ ਨੇ ਮਹਾਨ ਕੋਸ਼ ਵਿੱਚ ਖਾਲਸਾ ਸ਼ਬਦ ਦੇ ਇਹ ਪੰਜ ਅਰਥ ਦਿੱਤੇ ਹਨ:
ਖਾਲਸਾ: ਅ. ਖ਼ਾਲਿਸਹ. ਵਿ- ਸ਼ੁੱਧ। 2. ਬਿਨਾ ਮਿਲਾਵਟ. ਨਿਰੋਲ 3. ਸੰਗਯਾ-
ਉਹ ਜਮੀਨ ਜਾਂ ਮੁਲਕ, ਜੋ ਬਾਦਸ਼ਾਹ ਦਾ ਹੈ. ਜਿਸ ਪੁਰ ਕਿਸੇ ਜਾਗੀਰਦਾਰ ਅਥਵਾ ਜਿਮੀਦਾਰ ਦਾ ਸਵਤਵ
ਨਹੀਂ। 4. ਅਕਾਲੀ ਧਰਮ. ਵਾਹਗੁਰੂ ਜੀ ਕਾ ਖਾਲਸਾ. ਸਿੰਘ ਪੰਥ। 5. ਖਾਲਸਾਧਰਮਧਾਰੀ ਗੁਰੁ ਨਾਨਕ
ਪੰਥੀ.
ਜੇ ਵੇਖਿਆ ਜਾਵੇ ਤਾਂ ਇਹ ਸਾਰੇ ਅਰਥ ਹੀ ਪਾਹੁਲ ਛਕੇ, ‘ਖਾਲਸੇ` ਵਾਸਤੇ
ਬਿਲਕੁਲ ਖਰੇ ਉਤਰਦੇ ਹਨ ਪਰ ਪਹਿਲੇ ਤਿੰਨ ਅਰਥਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ, ਗੱਲ ਬਿਲਕੁਲ
ਸਪੱਸ਼ਟ ਹੈ ਕਿ ਜੋ ਜ਼ਮੀਨ ਕੇਵਲ ਬਾਦਸ਼ਾਹ ਦੀ ਹੈ, ਉਸ ਤੇ ਹੋਰ ਕਿਸੇ ਦਾ ਕੋਈ ਹੱਕ ਨਹੀਂ ਹੋ ਸਕਦਾ,
ਇਸੇ ਤਰ੍ਹਾਂ ਖਾਲਸਾ ਤਾਂ ਹੀ ਹੈ, ਜੇ ਬਾਕੀ ਸਭ ਦੁਬਿਧਾਵਾਂ ਤਿਆਗ ਕੇ ਕੇਵਲ ਵਾਹਿਗੁਰੂ ਦਾ ਹੋ ਗਿਆ
ਅਤੇ ਸਾਰੇ ਔਗੁਣ ਤਿਆਗ ਕੇ ਸ਼ੁਧ ਹੋ ਗਿਆ। ਜੀਵਨ ਨੂੰ ਨਿਰੋਲ ਗੁਣਾਂ ਨਾਲ ਸ਼ਿੰਗਾਰ ਲਿਆ ਹੈ।
ਖੰਡੇ ਬਾਟੇ ਦੀ ਪਾਹੁਲ ਛਕਾ ਕੇ ਖਾਲਸਾ ਬਣਾ ਕੇ ਸਤਿਗੁਰੂ ਨੇ ਸਿੱਖ ਨੂੰ ਦੋ
ਚੀਜ਼ਾਂ ਦੀ ਬਖਸ਼ਿਸ਼ ਕੀਤੀ। ਪਹਿਲਾ ਹੈ ਬਾਣਾ, ਜਿਸ ਦੀ ਨੁਮਾਂਇਦਗੀ ਸਾਡੇ ਕਕਾਰ ਕਰਦੇ ਹਨ ਅਤੇ ਦੂਸਰੀ
ਹੈ ਉਹ ਰਹਿਤ ਜੋ ਸਾਨੂੰ ਉਸ ਸਮੇਂ ਦ੍ਰਿੜ ਕਰਾਈ ਜਾਂਦੀ ਹੈ। ਅਸੀਂ ਪਹਿਲਾਂ ਕਕਾਰਾਂ ਦੀ ਗੱਲ
ਕਰਾਂਗੇ।
ਅਕਸਰ ਇਹ ਕਿਹਾ ਜਾਂਦਾ ਹੈ ਕਿ ਇਨ੍ਹਾਂ ਕਕਾਰਾਂ ਰਾਹੀਂ ਸਤਿਗੁਰੂ ਨੇ ਸਾਨੂੰ
ਇੱਕ ਅਲੱਗ ਪਹਿਚਾਣ ਬਖਸ਼ੀ। ਇਸ ਵਿੱਚ ਕੋਈ ਸ਼ਕ ਨਹੀਂ ਕਿ ਸਿੱਖ ਦੀ ਇੱਕ ਵਖਰੀ ਪਹਿਚਾਣ ਹੈ। ਸਿੱਖ
ਹਜ਼ਾਰਾਂ ਵਿੱਚ ਖੜ੍ਹਾ ਵੀ ਫੌਰਨ ਪਹਿਚਾਣਿਆਂ ਜਾਂਦਾ ਹੈ। ਸਿੱਖ ਦੀ ਕੌਮੀ ਪਹਿਚਾਣ ਕਿਸੇ ਪਹਿਚਾਣ
ਕਰਾਉਣ ਦੀ ਮੁਹਤਾਜ ਨਹੀਂ, ਪਰ ਇਹ ਪਹਿਚਾਣ ਤਾਂ ਸਾਡੇ ਕੇਸਾਂ ਅਤੇ ਦਸਤਾਰ ਨਾਲ ਹੀ ਹੋ ਜਾਂਦੀ ਹੈ।
ਅੱਜ ਦੁਨੀਆਂ ਦੇ ਹਰ ਕੋਨੇ ਵਿੱਚ ਸਿੱਖ ਵਸਦੇ ਹਨ, ਹਾਲਾਂਕਿ ਪਾਹੁਲ ਵਿਰਲਿਆਂ ਨੇ ਹੀ ਛਕੀ ਹੋਈ ਹੈ,
ਸੁਭਾਵਕ, ਉਹ ਬਾਕੀ ਕਕਾਰ ਵੀ ਧਾਰਨ ਨਹੀਂ ਕਰਦੇ, ਫਿਰ ਵੀ ਸਿੱਖ ਦੇ ਤੌਰ ਤੇ ਪਹਿਚਾਣੇ ਜਾਂਦੇ ਹਨ।
ਦੂਸਰਾ ਕਿਹਾ ਜਾਂਦਾ ਹੈ ਕਿ ਕਕਾਰ ਸਾਡੇ ਧਾਰਮਿਕ ਚਿੰਨ੍ਹ ਹਨ ਪਰ ਜਿਵੇਂ
ਉਪਰ ਵਿਚਾਰ ਹੋ ਚੁੱਕੀ ਹੈ, ਕੇਵਲ ਵਿਖਾਵੇ ਦੇ ਧਾਰਮਿਕ ਚਿੰਨ੍ਹ ‘ਜਨੇਊ` ਨੂੰ ਤਾਂ ਗੁਰੂ ਨਾਨਕ
ਪਾਤਿਸ਼ਾਹ ਨੇ ਨੌਂ ਸਾਲ ਦੀ ਉਮਰ ਵਿੱਚ ਹੀ ਰੱਦ ਕਰ ਦਿੱਤਾ ਸੀ, ਇਸੇ ਕਰਕੇ ਉਪਰ ਦੋ ਮਹੱਤਵ ਪੂਰਨ
ਸੁਆਲ ਸਾਡੇ ਸਾਹਮਣੇ ਆਏ ਸਨ:
1. ਜੇ ਜਨੇਊ ਪਾਉਣਾ ਇੱਕ ਕਰਮ ਕਾਂਡ ਹੈ ਤਾਂ ਕੀ ਪਾਹੁਲ ਛਕਣਾ ਵੀ ਕਰਮ
ਕਾਂਡ ਨਹੀਂ?
2. ਚਲੋ! ਕੇਸ ਤਾਂ ਕੁਦਰਤੀ ਹਨ, ਸਰੀਰ ਦੇ ਨਾਲ ਹੀ ਪੈਦਾ ਹੋਏ ਹਨ ਪਰ ਗੁਰੂ
ਨਾਨਕ ਪਾਤਿਸ਼ਾਹ ਨੇ ਇੱਕ ਜਨੇਊ ਉਤਰਵਾਇਆ ਸੀ ਤੇ ਕੀ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਚਾਰ ਨਵੇਂ
ਪੁਆ ਦਿੱਤੇ?
ਪਹਿਲੇ ਸੁਆਲ ਦਾ ਜੁਆਬ ਤਾਂ ਤੀਸਰੀ ਕਿਸ਼ਤ ਵਿੱਚ ਵਿਸਥਾਰ ਨਾਲ ਆ ਚੁੱਕਾ ਹੈ,
ਦੂਸਰੇ ਦਾ ਜੁਆਬ ਅਸੀਂ ਹੁਣ ਇਥੇ ਲੱਭਣ ਦੀ ਕੋਸ਼ਿਸ਼ ਕਰਾਂਗੇ। ਅਸੀਂ ਇੱਕ ਵਾਰੀ ਫਿਰ ਗੁਰੂ ਨਾਨਕ
ਪਾਤਿਸ਼ਾਹ ਦੀਆਂ ਉਚਾਰਨ ਕੀਤੀਆਂ ਉਹ ਪੰਕਤੀਆਂ ਦੁਬਾਰਾ ਵਿਚਾਰ ਲਈ ਲੈਂਦੇ ਹਾਂ ਜੋ ਉਨ੍ਹਾਂ ਜਨੇਊ ਦੇ
ਸਬੰਧ ਵਿੱਚ ਉਚਾਰਨ ਕੀਤੀਆਂ ਹਨ:
“ਸਲੋਕੁ ਮਃ ੧।। ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ।। ਏਹੁ
ਜਨੇਊ ਜੀਅ ਕਾ ਹਈ ਤ ਪਾਡੇ ਘਤੁ।। ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ।। ਧੰਨੁ ਸੁ
ਮਾਣਸ ਨਾਨਕਾ ਜੋ ਗਲਿ ਚਲੇ ਪਾਇ।। “
ਸਤਿਗੁਰੂ ਨੇ ਵਿਖਾਵੇ ਦਾ ਧਾਰਮਿਕ ਚਿੰਨ੍ਹ ਪਾਉਣ ਤੋਂ ਇਨਕਾਰ ਕਰਦੇ ਹੋਏ,
ਸਾਫ ਕਿਹਾ ਸੀ ਕਿ ਮੈਨੂੰ ਤਾਂ ਜੀਵਨ ਵਿੱਚ ਸ਼ੁਭ ਗੁਣਾਂ ਦੀ ਲੋੜ ਹੈ। ਸਤਿਗੁਰੂ ਨੇ ਧਰਮੀ ਬਨਣ
ਵਾਸਤੇ ਜਿਨ੍ਹਾਂ ਸ਼ੁਭ ਗੁਣਾਂ ਨੂੰ ਜੀਵਨ ਵਿੱਚ ਧਾਰਨ ਕਰਨ ਦੀ ਗੱਲ ਕੀਤੀ ਹੈ, ਉਹ ਹਨ: ਦਇਆ,
ਸੰਤੋਖ, ਜਤੁ (ਉੱਚਾ ਆਚਰਣ) ਅਤੇ ਸਤੁ (ਸੱਚੁ, ਸਚਿਆਰ ਜੀਵਨ)। ਇਸ ਲਈ ਇਹ ਨਹੀਂ ਹੋ ਸਕਦਾ ਕਿ
ਸਤਿਗੁਰੂ ਨਾਨਕ ਪਾਤਿਸ਼ਾਹ ਨੇ ਜੋ ਵਿਖਾਵੇ ਦਾ ਚਿੰਨ੍ਹ ਪਹਿਨਣ ਤੋਂ ਇਨਕਾਰ ਕਰ ਦਿੱਤਾ ਸੀ, ਗੁਰੂ
ਗੋਬਿੰਦ ਸਿੰਘ ਪਾਤਿਸ਼ਾਹ ਨੇ ਇੱਕ ਦੀ ਬਜਾਏ ਚਾਰ ਪਹਿਨਾ ਦਿੱਤੇ। ਸਾਡੇ ਜੀਵਨ ਵਿੱਚ ਦੋ ਸੌ ਸਾਲ ਤੋਂ
ਵਧੇਰੇ ਸਮਾਂ ਸ਼ੁਭ ਗੁਣਾਂ ਦਾ ਸੰਚਾਰ ਕਰਕੇ, ਸਾਨੂੰ ਉਨ੍ਹਾਂ ਗੁਣਾਂ ਦੇ ਪ੍ਰਤੀਕ ਕਕਾਰ ਪਹਿਨਾਏ ਹਨ,
ਤਾਂ ਕਿ ਸੰਸਾਰ ਦੇ ਲੋਕਾਂ ਨੂੰ ਖਾਲਸੇ ਨਾਲ ਮਿਲਣ ਤੇ ਹੀ ਪਤਾ ਲੱਗ ਜਾਵੇ ਕਿ ਇਹ ਵਿਅਕਤੀ ਇਨ੍ਹਾਂ
ਸ਼ੁਭ ਗੁਣਾਂ ਦਾ ਧਾਰਨੀ ਹੈ। ਆਓ ਆਪਣੇ ਕਕਾਰਾਂ ਦੇ ‘ਗੁਣ ਵਾਚਕ ਰੂਪ` ਦੀ ਲੜੀ ਵਾਰ ਵਿਚਾਰ ਕਰਦੇ
ਹਾਂ।
ਕੇਸ
ਅਕਸਰ ਇਹ ਕਿਹਾ ਜਾਂਦਾ ਹੈ ਕਿ ਕੇਸ ਤਾਂ ਸਰੀਰ ਦੇ ਨਾਲ ਹੀ ਪੈਦਾ ਹੋਏ ਹਨ,
ਸਤਿਗੁਰੂ ਨੇ ਸਾਰੇ ਕਕਾਰ ਬਾਹਰੀ ਦਿੱਤੇ ਹਨ ਇਸ ਵਾਸਤੇ ਕੇਸ ਕਕਾਰ ਨਹੀਂ। ਅਸੀਂ ਇਹ ਗੱਲ ਨਹੀਂ ਭੁਲ
ਸਕਦੇ ਕਿ ਜਿਸ ਵੇਲੇ ਗੁਰੂ ਨਾਨਕ ਪਾਤਿਸ਼ਾਹ ਪ੍ਰਕਾਸ਼ਮਾਨ ਹੋਏ, ਉਸ ਵੇਲੇ ਤੱਕ ਮਨੁਖੀ ਸਮਾਜ ਵਿੱਚ
ਕੇਸਾਂ ਦਾ ਕਤਲ ਕਰਨ ਦਾ ਮਾੜਾ ਰਿਵਾਜ਼ ਸ਼ੁਰੂ ਹੋ ਚੁੱਕਾ ਸੀ। ਗੁਰੂ ਨਾਨਕ ਪਾਤਿਸ਼ਾਹ ਨੇ ਹੀ ਭੁੱਲੜ
ਮਨੁੱਖ ਨੂੰ ਇਹ ਸਮਝਾਉਣ ਦੀ ਸ਼ੁਰੂਆਤ ਕੀਤੀ ਕਿ ਵਾਹਿਗੁਰੂ ਦਾ ਕੀਤਾ ਹਰ ਕੰਮ ਪੂਰਾ ਹੈ, ਉਸ ਦੀ
ਸਿਆਣਪ ਤੇ ਸ਼ੰਕਾ ਕਰਨ ਦੀ ਮੂਰਖਤਾ ਨਾ ਕਰ। ਸਲੋਕ ਵਾਰਾਂ ਤੇ ਵਧੀਕ ਵਿੱਚ ਸਤਿਗੁਰੂ ਬਖਸ਼ਿਸ਼ ਕਰਦੇ
ਹਨ:
“ਪੂਰੇ ਕਾ ਕੀਆ ਸਭ ਕਿਛੁ ਪੂਰਾ ਘਟਿ ਵਧਿ ਕਿਛੁ ਨਾਹੀ।। “ (ਮਹਲਾ ੧, ਪੰਨਾ
੧੪੧੨)
ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਇਹ ਨਿਸਚਾ ਰੱਖਦਾ ਹੈ ਕਿ
ਸਰਬ-ਗੁਣ-ਭਰਪੂਰ ਪਰਮਾਤਮਾ ਦੀ ਰਚੀ ਜਗਤ-ਮਰਯਾਦਾ ਅਭੁੱਲ ਹੈ, ਇਸ ਵਿੱਚ ਕਿਤੇ ਕੋਈ ਨੁਕਸ ਨਹੀਂ ਹੈ।
ਇਹ ਗੱਲ ਗੁਰਬਾਣੀ ਵਿੱਚ ਬਾਰ-ਬਾਰ ਦ੍ਰਿੜ ਕਰਾਈ ਗਈ ਹੈ। ਗੁਰੂ ਅਰਜਨ ਦੇਵ
ਪਾਤਿਸ਼ਾਹ ਦੇ ਪਾਵਨ ਬਚਨ ਹਨ:
“ਪੂਰਾ ਗੁਰੁ ਪੂਰੀ ਬਣਤ ਬਣਾਈ।। “ (ਆਸਾ ਮਹਲਾ ੫, ਪੰਨਾ ੩੭੬)
ਹੇ ਨਾਨਕ
!
ਪਰਮਾਤਮਾ ਸਭ ਤੋਂ ਵੱਡਾ ਹੈ ਉਸ ਵਿੱਚ ਕੋਈ ਉਕਾਈ ਨਹੀਂ ਹੈ ਉਸ ਦੀ ਬਣਾਈ ਹੋਈ ਰਚਨਾ ਭੀ ਉਕਾਈ-ਹੀਣ
ਹੈ।
ਸਤਿਗੁਰੂ ਨੇ ਇਹ ਗੱਲ ਵੀ ਸਪੱਸ਼ਟ ਕਰ ਦਿੱਤੀ ਹੈ, ਕਿ ਅਕਾਲ-ਪੁਰਖੁ ਦੇ
ਸ੍ਰਿਸ਼ਟੀ ਰਚਨਾ ਦੇ ਹੁਕਮ ਦੀ ਸਮਝ ਉਸ ਨੂੰ ਹੀ ਪੈ ਸਕਦੀ ਹੈ ਅਤੇ ਉਹੀ ਅਕਾਲ ਪੁਰਖ ਦੀ ਰਜ਼ਾ ਵਿੱਚ
ਚਲ ਸਕਦਾ ਹੈ, ਜਿਸ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ:
“ਤੇਰਾ ਹੁਕਮੁ ਅਪਾਰ ਹੈ ਕੋਈ ਅੰਤੁ ਨ ਪਾਏ।। ਜਿਸੁ ਗੁਰੁ ਪੂਰਾ ਭੇਟਸੀ ਸੋ
ਚਲੈ ਰਜਾਏ।। “ (ਆਸਾ ਮਹਲਾ ੫, ਪੰਨਾ ੩੯੬)
ਹੇ ਪ੍ਰਭੂ
!
ਤੇਰਾ ਹੁਕਮ ਬੇਅੰਤ ਹੈ, ਕੋਈ ਜੀਵ ਤੇਰੇ ਹੁਕਮ ਦਾ ਅੰਤ ਨਹੀਂ ਲੱਭ ਸਕਦਾ, (ਤੇਰੀ ਮਿਹਰ ਨਾਲ) ਜਿਸ
ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਉਹ ਤੇਰੇ ਹੁਕਮ ਵਿੱਚ ਤੁਰਦਾ ਹੈ। ੨।
ਜਿਸ ਮਨੁੱਖ ਨੂੰ ਅਕਾਲ ਪੁਰਖ ਦੀ ਪੂਰੀ ਸਿਆਣਪ ਤੇ ਪੂਰਨ ਭਰੋਸਾ ਹੋ ਜਾਵੇ,
ਉਹ ਕਦੇ ਕੇਸਾਂ ਦੀ ਬੇਅਦਬੀ ਕਰਨ ਦਾ ਸੋਚ ਹੀ ਨਹੀਂ ਸਕਦਾ। ਇਥੇ ਆਪਣੇ ਨਿਜੀ ਜੀਵਨ ਵਿੱਚ ਵਾਪਰੀ
ਇੱਕ ਘਟਨਾ ਦਾ ਜ਼ਿਕਰ ਕਰਨਾ ਯੋਗ ਹੋਵੇਗਾ। ਮੇਰੇ ਇੱਕ ਇਸਾਈ ਮਿੱਤਰ ਹੈ, ਉਸ ਦਾ ਨਾਂ ਆਈਜ਼ੈਕ ਹੈ।
ਅਸਲ ਵਿੱਚ ਸਾਡਾ ਕਾਰੋਬਾਰੀ ਸਬੰਧ ਹੈ, ਉਹ ਇੱਕ ਕੰਪਨੀ ਜਿਸ ਦੇ ਅਸੀਂ ਡੀਲਰ ਹਾਂ, ਦਾ ਨੁਮਾਂਇਂਦਾ
ਹੈ। ਕੁੱਝ ਸਮਾਂ ਪਹਿਲੇ ਜਦੋਂ ਉਸ ਦੀ ਡਿਊਟੀ ਸਾਡੇ ਇਲਾਕੇ ਵਿੱਚ ਲੱਗੀ ਹੋਈ ਸੀ, ਆਪਣੀ ਡਿਉਟੀ ਦੇ
ਸਿਲਸਿਲੇ ਵਿੱਚ, ਮਹੀਨੇ ਵਿੱਚ ਦੋ ਦਿਨ ਚੰਡੀਗੜ੍ਹ ਸਾਡੇ ਕੋਲ ਆਉਂਦਾ ਸੀ। ਇੱਕ ਗੱਲ ਕਹਿਣੋ ਮੈਂ
ਨਹੀਂ ਰਹਿ ਸਕਦਾ ਕਿ ਉਸ ਦੀ ਆਪਣੇ ਧਰਮ ਪ੍ਰਤੀ ਵਚਨ ਬੱਧਤਾ ਲਾਮਿਸਾਲ ਹੈ। ਇੱਕ ਦਿਨ ਕਾਰੋਬਾਰ ਦੇ
ਸਿਲਸਿਲੇ ਵਿੱਚ ਹੀ ਅਸੀਂ ਇਕੱਠੇ ਕਾਰ ਵਿੱਚ ਕਿਸੇ ਨੇੜਲੇ ਸ਼ਹਿਰ ਜਾ ਰਹੇ ਸਾਂ। ਰਸਤੇ ਵਿੱਚ ਆਈਜ਼ੈਕ
ਕਹਿਣ ਲੱਗਾ,
“ਰਾਜਿੰਦਰ ਸਿੰਘ ਜੀ! ਜੇ ਤੁਸੀਂ ਬੁਰਾ ਨਾ ਮੰਨੋਂ ਤਾਂ ਮੈਂ ਤੁਹਾਨੂੰ ਇੱਕ
ਸੁਆਲ ਪੁੱਛਣਾ ਚਾਹੁੰਦਾ ਹਾਂ। “
“ਜ਼ਰੂਰ ਪੁੱਛੋ”। ਮੈਂ ਆਖਿਆ।
“ਤੁਸੀਂ ਲੰਬੇ ਵਾਲ ਕਿਉਂ ਉਗਾਊਂਦੇ ਹੋ? “ ਆਈਜ਼ੈਕ ਦਾ ਸੁਆਲ ਸੀ, ਸਾਰੀ
ਗੱਲਬਾਤ ਕਿਉਂਕਿ ਅੰਗ੍ਰੇਜ਼ੀ ਵਿੱਚ ਹੋ ਰਹੀ ਸੀ, ਉਸ ਦੀ ਸ਼ਬਦਾਵਲੀ ਇੰਝ ਸੀ, “
Why
do you grow long hair”?
“ਆਈਜ਼ੈਕ ਤੁਹਾਡਾ ਸੁਆਲ ਗ਼ਲਤ ਹੈ”, ਮੇਰਾ ਜੁਆਬ ਸੀ, “ਮੈਂ ਇਨ੍ਹਾਂ ਵਾਸਤੇ
ਕੋਈ ਬੀਜ ਨਹੀਂ ਪਾਇਆ, ਕੋਈ ਖਾਦ ਨਹੀਂ ਵਰਤੀ, ਇਹ ਤਾਂ ਕੁਦਰਤੀ ਹਨ। ਅਸਲ ਵਿੱਚ ਸੁਆਲ ਤਾਂ ਮੇਰੇ
ਵਲੋਂ ਹੋਣਾ ਚਾਹੀਦਾ ਹੈ ਕਿ ਜਦ ਵਾਲ ਕੁਦਰਤੀ ਹਨ ਤਾਂ ਤੁਸੀਂ ਇਨ੍ਹਾਂ ਨੂੰ ਕਟਦੇ ਕਿਉਂ ਹੋ? ਪਰ
ਖੈਰ ਤੁਸੀਂ ਸੁਆਲ ਪੁਛਿਆ ਹੈ ਤਾਂ ਮੈਂ ਜੁਆਬ ਜ਼ਰੂਰ ਦੇਵੇਂਗਾ, ਪਰ ਪਹਿਲੇ ਮੈਂ ਤੁਹਾਨੂੰ ਦੋ ਸੁਆਲ
ਪੁਛਣਾ ਚਾਹਾਂਗਾ”।
“ਜ਼ਰੂਰ ਪੁੱਛੋ (
Sure)
“, ਆਇਜ਼ੈਕ ਵਿੱਚੋਂ ਹੀ ਬੋਲਿਆ।
“ਤੁਸੀਂ ਪ੍ਰਮਾਤਮਾਂ ਦੀ ਸਿਆਣਪ ਬਾਰੇ ਕੀ ਸੋਚਦੇ ਹੋ? (
What
do you think about the wisdom of the God?),
ਮੇਰਾ ਪਹਿਲਾ ਸੁਆਲ ਸੀ। ਆਈਜ਼ੈਕ ਥੋੜ੍ਹੀ ਦੇਰ ਸੋਚਦਾ ਰਿਹਾ ਫਿਰ ਬੋਲਿਆ,
“ਮੈਨੂੰ ਤੁਹਾਡੇ ਸੁਆਲ ਦੀ ਸਮਝ ਨਹੀਂ ਲੱਗੀ (
I
did n’t get your question) “।
“ਮੇਰਾ ਸੁਆਲ ਤਾਂ ਬਹੁਤ ਸਿੱਧਾ ਅਤੇ ਸਾਦਾ ਹੈ, ਪ੍ਰਮਾਤਮਾ ਕਿੰਨਾ ਕੁ
ਸਿਆਣਾ ਹੈ, ਕੀ ਪ੍ਰਮਾਤਮਾ ਕਦੇ ਕੋਈ ਭੁੱਲ ਵੀ ਕਰਦਾ ਹੈ, ਕੋਈ ਐਸਾ ਕੰਮ ਵੀ ਕਰਦਾ ਹੈ ਜਿਸ ਦੀ ਲੋੜ
ਨਾ ਹੋਵੇ? “
ਜਿਵੇਂ ਇੱਕ ਸੱਚੇ ਇਸਾਈ ਕੋਲੋਂ ਆਸ ਸੀ, ਜੁਆਬ ਜਿਵੇਂ ਉਸ ਦੇ ਅੰਦਰੋਂ
ਨਿਕਲਿਆ ਹੋਵੇ, ਉਹ ਇੱਕ ਦੱਮ ਬੋਲਿਆ, “ਨਹੀਂ, ਨਹੀਂ, ਉਹ ਪੂਰਨ ਸਿਆਣਾ ਹੈ (
No,
No, He is all wise)।
ਮੈਂ ਦੂਸਰਾ ਸੁਆਲ ਕੀਤਾ, “ਈਸਾ ਮਸੀਹ ਨੇ ਲੰਬੇ ਵਾਲ ਕਿਉਂ ਰੱਖੇ ਹੋਏ ਸਨ?
ਇਹ ਠੀਕ ਹੈ ਉਹ ਸਾਡੇ ਵਾਂਗੂ ਪੱਗ ਨਹੀਂ ਸਨ ਬੰਨਦੇ ਪਰ ਉਨ੍ਹਾਂ ਦੀ ਪੂਰੀ ਖੁੱਲ੍ਹੀ ਦਾਹੜੀ ਸੀ,
ਪੂਰੇ ਵਾਲ ਸਨ, ਕਿਉਂ? “
ਆਈਜ਼ੈਕ ਨੇ ਥੋੜ੍ਹੀ ਦੇਰ ਸੋਚਿਆ ਤੇ ਬੋਲਿਆ, “ਬਹੁਤੇ ਧਾਰਮਿਕ ਆਗੂ ਲੰਬੇ
ਵਾਲ ਰਖਦੇ ਹਨ, ਮੁਹੰਮਦ ਸਾਹਿਬ ਦੇ ਵੀ ਲੰਬੇ ਵਾਲ ਸਨ, ਹਿੰਦੂ ਦੇਵੀ ਦੇਵਤਿਆਂ ਅਤੇ ਅਵਤਾਰਾਂ ਦੇ
ਵੀ ਲੰਬੇ ਵਾਲ ਹਨ, ਇਥੋਂ ਤੱਕ ਕਿ ਭਾਵੇਂ ਮਹਾਤਮਾਂ ਬੁੱਧ ਪਹਿਲਾਂ ਸਿਰੋਂ ਰੋਡਾ ਸੀ ਪਰ ਜਦੋਂ ਉਸ
ਨੂੰ ਗਿਆਨ ਪ੍ਰਾਪਤ ਹੋ ਗਿਆ, ਉਹ ਧਾਰਮਿਕ ਆਗੂ ਬਣ ਗਿਆ, ਉਸ ਨੇ ਵੀ ਪੂਰੇ ਵਾਲ ਰੱਖ ਲਏ। “
ਮੈਂ ਆਖਿਆ, “ਆਈਜ਼ੈਕ ਮੇਰੀ ਗੱਲ ਦਾ ਜੁਆਬ ਨਹੀਂ ਮਿਲਿਆ, ਤੁਸੀ ਕੇਵਲ ਮੇਰੀ
ਗੱਲ ਦੀ ਪ੍ਰੋੜਤਾ ਕੀਤੀ ਹੈ ਕਿ ਕੇਵਲ ਈਸਾ ਮਸੀਹ ਹੀ ਨਹੀਂ, ਬਾਕੀ ਧਾਰਮਿਕ ਆਗੂਆਂ ਨੇ ਵੀ ਪੂਰੇ
ਵਾਲ ਰੱਖੇ ਹੋਏ ਸਨ, ਮੈਂ ਪੁੱਛ ਰਿਹਾ ਹਾਂ, ਕਿਉਂ?
ਆਈਜ਼ੈਕ ਫੇਰ ਕੁੱਝ ਸੋਚੀਂ ਪੈ ਗਿਆ, ਜਾਪਦਾ ਸੀ ਉਸ ਨੂੰ ਜੁਆਬ ਨਹੀਂ ਸੁਝ
ਰਿਹਾ। ਥੋੜ੍ਹੀ ਦੇਰ ਇੰਤਜ਼ਾਰ ਕਰਕੇ ਮੈਂ ਪੁੱਛਿਆ, “ਆਈਜ਼ੈਕ ਮੈਂ ਜੁਆਬ ਦੱਸਾਂ (
Shall
I reply)?”
“ਹਾਂ ਦੱਸੋ”, ਆਈਜ਼ੈਕ ਬੋਲਿਆ।
“ਕਿਉਂਕਿ ਈਸਾ ਮਸੀਹ ਨੂੰ ਪ੍ਰਮਾਤਮਾ ਦੀ ਸਿਆਣਪ ਤੇ ਪੂਰਨ ਵਿਸ਼ਵਾਸ ਸੀ, ਉਹ
ਜਾਣਦੇ ਸਨ ਕਿ ਪ੍ਰਮਾਤਮਾਂ ਕਦੇ ਕੋਈ ਭੁੱਲ ਨਹੀਂ ਕਰਦਾ, ਜੇ ਉਸ ਨੇ ਸਾਨੂੰ ਵਾਲ ਦਿੱਤੇ ਹਨ ਤਾਂ
ਜ਼ਰੂਰ ਇਨ੍ਹਾਂ ਦਾ ਸਾਡੇ ਜੀਵਨ ਵਿੱਚ ਕੋਈ ਮਹੱਤਵ ਹੈ”।
ਮੇਰਾ ਜੁਆਬ ਸੁਨਣ ਤੋਂ ਬਾਅਦ ਆਈਜ਼ੈਕ ਸਾਰਾ ਰਸਤਾ ਕੁੱਝ ਨਹੀਂ ਬੋਲਿਆ। ਜਦੋਂ
ਉਹ ਮਹੀਨੇ ਬਾਅਦ ਦੁਬਾਰਾ ਆਇਆ ਤਾਂ ਉਸ ਦੇ ਚਿਹਰੇ ਤੋਂ ਸਾਫ ਪਤਾ ਲੱਗ ਰਿਹਾ ਸੀ ਕਿ ਉਸਨੇ ਨਾ ਸਿਰ
ਦੇ ਵਾਲ ਕੱਟੇ ਹੋਏ ਸਨ ਅਤੇ ਨਾ ਦਾਹੜੀ। ਉਸ ਤੋਂ ਅਗਲੇ ਮਹੀਨੇ ਵਾਲ ਦਾਹੜੀ ਹੋਰ ਵੀ ਕਾਫੀ ਵਧੇ ਹੋਏ
ਸਨ, ਵੇਖ ਕੇ ਮੇਰੇ ਬੱਚੇ ਬਹੁਤ ਹੈਰਾਨ ਹੋਏ ਅਤੇ ਇਸ ਦਾ ਕਾਰਨ ਪੁੱਛਣ ਲੱਗੇ। ਮੈਂ ਆਪਣੇ ਨਾਲ ਹੋਈ
ਸਾਰੀ ਗੱਲਬਾਤ ਦੱਸੀ, ਉਹ ਕਹਿਣ ਲੱਗੇ ਕਿ ਕੀ ਇਹ ਪੱਕੇ ਤੌਰ ਤੇ ਵਾਲ ਰੱਖ ਲਏਗਾ। ਮੈਂ ਆਖਿਆ, ਕਿਹਾ
ਤਾਂ ਨਹੀਂ ਜਾ ਸਕਦਾ, ਪਰ ਉਸ ਲਈ ਹੈ ਬਹੁਤ ਔਖਾ, ਕਿਉਂਕਿ ਇਹ ਉਨ੍ਹਾਂ ਦੀ ਮੌਜੂਦਾ ਸਮਾਜਿਕ ਬਣਤਰ
ਦਾ ਹਿੱਸਾ ਨਹੀਂ, ਹੁਣ ਤੱਕ ਲੋਕ ਉਸ ਨੂੰ ਮਜ਼ਾਕ ਕਰਨ ਲੱਗ ਪਏ ਹੋਣਗੇ ਕਿ ਕੀ ਸਿੱਖਾਂ ਕੋਲ ਜਾ ਕੇ
ਸਿੱਖ ਬਣ ਗਿਆ ਹੈ? ਕਿਉਂਕਿ ਇਹ ਉਨ੍ਹਾਂ ਦੀ ਸਮਾਜਿਕ ਬਣਤਰ ਦਾ ਹਿੱਸਾ ਨਹੀਂ, ਇਸ ਲਈ ਪੇਸ਼ੇ ਵਜੋਂ
ਵੀ ਉਸ ਨੂੰ ਕਈ ਔਕੜਾਂ ਆ ਰਹੀਆਂ ਹੋਣਗੀਆਂ, ਵੇਖੋ ਕਿਤਨੀ ਦੇਰ ਇਸ ਸਾਰੇ ਦਾ ਸਾਹਮਣਾ ਕਰ ਸਕਦਾ ਹੈ?
ਆਈਜ਼ੈਕ ਚਾਰ ਮਹੀਨੇ ਤੱਕ ਉਸੇ ਰੂਪ ਵਿੱਚ ਆਉਂਦਾ ਰਿਹਾ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਿੱਖ ਦੁਨੀਆਂ ਦਾ ਸੱਭ ਤੋਂ ਵੱਡਭਾਗਾ ਮਨੁੱਖ
ਹੈ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਜਿਹੇ ਗਿਆਨ ਸਾਗਰ ਗੁਰੂ ਦਾ ਸਿੱਖ ਹੋਣ ਦਾ ਸੁਭਾਗ ਪ੍ਰਾਪਤ
ਹੋਇਆ ਹੈ, ਜਿਨ੍ਹਾਂ ਸਿੱਖ ਨੂੰ ਅਕਾਲ ਪੁਰਖ ਦੀ ਹੋਂਦ, ਸਮਰੱਥਾ ਅਤੇ ਪੂਰਨਤਾ ਦੇ ਪੂਰਨ ਵਿਸ਼ਵਾਸ
ਨਾਲ ਸਰੋਸ਼ਾਰ ਕਰ ਦਿੱਤਾ ਹੈ। ਹੈਰਾਨਗੀ ਉਨ੍ਹਾਂ ਲੋਕਾਂ ਦੀ ਸਮਝ ਤੇ ਹੁੰਦੀ ਹੈ, ਜੋ ਕਹਿੰਦੇ ਹਨ ਕਿ
ਗੁਰੂ ਗ੍ਰੰਥ ਸਾਹਿਬ ਵਿੱਚ ਕੇਸਾਂ ਦੀ ਸੰਭਾਲ ਕਰਨ ਬਾਰੇ ਕੁੱਝ ਨਹੀਂ ਲਿਖਿਆ। ਜੇ ਉਪਰੋਕਤ ਸਿਧਾਂਤ
ਦੀ ਸਮਝ ਆ ਜਾਵੇ ਤਾਂ ਸਤਿਗੁਰੂ ਨੇ ਕੇਸਾਂ ਦੀ ਸੰਭਾਲ ਕਰਨ ਦੀ ਹਿਦਾਇਤ ਤਾਂ ਗੁਰੂ ਗ੍ਰੰਥ ਸਾਹਿਬ
ਦੇ ਪਹਿਲੇ ਪੰਨੇ ਤੇ, ਜਪੁ ਬਾਣੀ ਦੀ ਪਹਿਲੀ ਪਉੜੀ ਵਿੱਚ ਹੀ ਕਰ ਦਿੱਤੀ ਹੈ:
“ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ।। ਹੁਕਮਿ ਰਜਾਈ ਚਲਣਾ ਨਾਨਕ
ਲਿਖਿਆ ਨਾਲਿ।। ੧।। “ (ਜਪੁ, ਮਃ ੧, ਪੰਨਾ ੧)
ਅਕਾਲ ਪੁਰਖ ਦਾ ਪਰਕਾਸ਼ ਹੋਣ ਲਈ ਯੋਗ ਕਿਵੇਂ ਬਣ ਸਕੀਦਾ ਹੈ (ਅਤੇ ਸਾਡੇ
ਅੰਦਰ ਦਾ) ਕੂੜ ਦਾ ਪਰਦਾ ਕਿਵੇਂ ਟੁੱਟ ਸਕਦਾ ਹੈ? ਰਜ਼ਾ ਦੇ ਮਾਲਕ ਅਕਾਲ ਪੁਰਖ ਦੇ ਹੁਕਮ ਵਿੱਚ
ਤੁਰਨਾ- (ਇਹੀ ਇੱਕ ਵਿਧੀ ਹੈ)। ਹੇ ਨਾਨਕ! (ਇਹ ਵਿਧੀ) ਧੁਰ ਤੋਂ ਹੀ ਜਦ ਤੋਂ ਜਗਤ ਬਣਿਆ ਹੈ, ਲਿਖੀ
ਚਲੀ ਆ ਰਹੀ ਹੈ। ੧।
ਪਹਿਲਾਂ ਤਾਂ ਇਹ ਸਮਝ ਲੈਣ ਦੀ ਲੋੜ ਹੈ ਕਿ ਮਨੁਖਾ ਜੀਵਨ ਦਾ ਮਨੋਰਥ ਹੈ
ਸਚਿਆਰ ਹੋਣਾ। ਸਚਿਆਰ ਸ਼ਬਦ ਦੋ ਸ਼ਬਦਾਂ ਦੇ ਮੇਲ ਨਾਲ ਬਣਿਆ ਹੈ। ਸਚੁ+ਆਚਾਰ=ਸਚਿਆਰ, ਭਾਵ, ਸੱਚਾ
ਆਚਰਣ ਬਨਾਉਣਾ, ਅਕਾਲ ਪੁਰਖ ਦਾ ਪ੍ਰਕਾਸ਼ ਤਾਂ ਕਿਸੇ ਸਚਿਆਰ ਮਨੁੱਖ ਦੇ ਜੀਵਨ ਵਿੱਚ ਹੀ ਹੋ ਸਕਦਾ ਹੈ
ਅਤੇ ਸੱਚਾ ਆਚਰਣ ਬਨਾਉਣ ਦਾ ਤਰੀਕਾ ਸਤਿਗੁਰੂ ਨੇ ਦਸਿਆ ਹੈ, ‘ਹੁਕਮਿ ਰਜਾਈ ਚਲਣਾ`। ਬਸ ਇਤਨੀ ਗੱਲ
ਹੀ ਪੱਲੇ ਪੈ ਜਾਵੇ ਕਿ ਸਾਡੇ ਕੇਸ ਵੀ ਤਾਂ ਅਕਾਲ ਪੁਰਖ ਦੀ ਰਜ਼ਾ ਵਿੱਚ ਹੀ ਆਉਂਦੇ ਹਨ, ਤਾਂ ਸਾਰਾ
ਮਸਲਾ ਹੱਲ ਹੋ ਜਾਵੇਗਾ। ਹਰ ਚੀਜ਼ ਚੋਂ ਢੁਚਕਰਾਂ ਕਢਣਾ, ਮਨੁੱਖੀ ਸੁਭਾ ਹੈ, ਪਰ ਗੁਰੂ ਗ੍ਰੰਥ ਸਾਹਿਬ
ਜੀ ਇਤਨੇ ਪੂਰਨ ਗੁਰੂ ਹਨ ਕਿ ਕਿਸੇ ਭੁਲੇਖੇ ਦੀ ਕੋਈ ਗੁੰਜਾਇਸ਼ ਹੀ ਨਹੀਂ ਛੱਡੀ। ਅਗਲੀ ਹੀ ਪਉੜੀ ਦੀ
ਪਹਿਲੀ ਪੰਕਤੀ ਵਿੱਚ ਸਤਿਗੁਰੂ ਨੇ ਗੱਲ ਨੂੰ ਹੋਰ ਸਪੱਸ਼ਟ ਕਰ ਦਿੱਤਾ:
“ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ।। ਹੁਕਮੀ ਹੋਵਨਿ ਜੀਅ ਹੁਕਮਿ
ਮਿਲੈ ਵਡਿਆਈ।। “ (ਜਪੁ, ਮਃ ੧, ਪੰਨਾ ੧)
ਅਕਾਲ ਪੁਰਖ ਦੇ ਹੁਕਮ ਅਨੁਸਾਰ ਸਾਰੇ ਸਰੀਰ ਬਣਦੇ ਹਨ, (ਪਰ ਇਹ) ਹੁਕਮ
ਦੱਸਿਆ ਨਹੀਂ ਜਾ ਸਕਦਾ ਕਿ ਕਿਹੋ ਜਿਹਾ ਹੈ। ਰੱਬ ਦੇ ਹੁਕਮ ਅਨੁਸਾਰ ਹੀ ਸਾਰੇ ਜੀਵ ਜੰਮ ਪੈਂਦੇ ਹਨ
ਅਤੇ ਹੁਕਮ ਅਨੁਸਾਰ ਹੀ (ਰੱਬ ਦੇ ਦਰ `ਤੇ) ਸ਼ੋਭਾ ਮਿਲਦੀ ਹੈ।
ਜਦ ਸਾਡੇ ਸਰੀਰ ਅਕਾਲ ਪੁਰਖ ਦੇ ਹੁਕਮ ਅਨੁਸਾਰ ਹੀ ਬਣਦੇ ਹਨ ਤਾਂ ਕੀ ਸਾਡੇ
ਕੇਸ ਉਸ ਸਰੀਰ ਦਾ ਹਿੱਸਾ ਨਹੀਂ ਹਨ? ਅਕਾਲ ਪੁਰਖ ਦੇ ਬਣਾਏ ਇਸ ਸਰੀਰ ਨੂੰ ਕਿਸੇ ਤਰ੍ਹਾਂ ਛੇਦਣਾ,
ਛਾਂਗਣਾ ਤਾਂ ਅਕਾਲ ਪੁਰਖ ਦੀ ਸਿਆਣਪ ਤੇ ਸ਼ੱਕ ਕਰਨਾ ਹੈ। ਜਿਹੜੇ ਲੋਕ ਵਾਲ ਕੱਟਦੇ ਹਨ, ਯਕੀਨਨ ਹੀ
ਉਨ੍ਹਾਂ ਅੰਦਰ ਅਚੇਤ ਹੀ ਅਕਾਲ ਪੁਰਖ ਦੀ ਪੂਰਨ ਸਿਆਣਪ ਪ੍ਰਤੀ ਸ਼ੰਕਾ ਹੁੰਦਾ ਹੈ, ਭਾਵੇਂ ਉਹ ਜ਼ਾਹਿਰਾ
ਨਾ ਮੰਨਣ, ਪਰ ਅੰਦਰ ਹੀ ਅਚੇਤ ਮਨ ਵਿੱਚ, ਕਿਤੇ ਇਹ ਖਿਆਲ ਛੁਪਿਆ ਹੁੰਦਾ ਹੈ ਕਿ ਪ੍ਰਮਾਤਮਾ ਨੇ ਵਾਲ
ਫਾਲਤੂ ਹੀ ਲਾ ਦਿੱਤੇ ਹਨ ਅਤੇ ਮੈਂ ਇਨ੍ਹਾਂ ਨੂੰ ਕੱਟ ਕੇ ਕੋਈ ਗ਼ਲਤੀ ਨਹੀਂ ਕਰ ਰਿਹਾ। ਜਦਕਿ
ਸਤਿਗੁਰੂ ਸਮਝਾਉਂਦੇ ਹਨ:
“ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ।। “ (ਸਿਰੀ ਰਾਗ ਮ: ੧, ਪੰਨਾ
੬੧)
ਹਰੇਕ ਜੀਵ ਗ਼ਲਤੀ ਖਾ ਜਾਂਦਾ ਹੈ, ਸਿਰਫ਼ ਗੁਰੂ ਹੈ ਤੇ ਕਰਤਾਰ ਹੈ ਜੋ (ਨਾਹ
ਮਾਇਆ ਦੇ ਅਸਰ ਹੇਠ ਆਉਂਦਾ ਹੈ, ਤੇ) ਨਾਹ ਗ਼ਲਤੀ ਖਾਂਦਾ ਹੈ।
ਇਥੇ ਇੱਕ ਹੋਰ ਗੱਲ ਵੀ ਸਪੱਸ਼ਟ ਕਰ ਦੇਣੀ ਚੰਗੀ ਹੋਵੇਗੀ। ਕਈ ਲੋਕ ਪੁਛਦੇ ਹਨ
ਕਿ ਨਹੁੰ ਵੀ ਤਾਂ ਕੁਦਰਤੀ ਹਨ, ਫੇਰ ਅਸੀਂ ਨਹੁੰ ਕਿਉਂ ਕੱਟਦੇ ਹਾਂ? ਸੁਆਲ ਹੈ ਵੀ ਬੜਾ ਸੁਭਾਵਿਕ।
ਪਹਿਲਾਂ ਇੱਕ ਗੱਲ ਸਮਝ ਲਈਏ ਕਿ ਅਸੀਂ ਸੰਭਾਲ ਜ਼ਿੰਦਾ ਕੇਸਾਂ ਦੀ ਕਰਦੇ ਹਾਂ, ਸਿੱਖ ਨੂੰ ਰੋਜ਼ ਦੋ
ਵਾਰੀ (ਸਵੇਰੇ-ਸ਼ਾਮ), ਕੇਸਾਂ ਵਿੱਚ ਕੰਘਾ ਕਰਨ ਦਾ ਆਦੇਸ਼ ਹੈ। ਜਦੋਂ ਅਸੀਂ ਕੰਘਾ ਕਰਦੇ ਹਾਂ, ਜਿਹੜੇ
ਵਾਲ ਮ੍ਰਿਤਕ ਹੋ ਗਏ ਹੁੰਦੇ ਹਨ, ਉਹ ਕੰਘੇ ਰਾਹੀਂ ਬਾਹਰ ਆ ਜਾਂਦੇ ਹਨ। ਅਸੀਂ ਉਨ੍ਹਾਂ ਦੀ ਸੰਭਾਲ
ਨਹੀਂ ਕਰਦੇ, ਉਨ੍ਹਾਂ ਨੂੰ ਸੁੱਟ ਦੇਂਦੇ ਹਾਂ। ਹਾਂ! ਕਈ ਸਮਝਦਾਰ ਵੀਰ, ਉਨ੍ਹਾਂ ਨੂੰ ਇਕੱਠਾ ਕਰੀ
ਜਾਂਦੇ ਹਨ ਅਤੇ ਬਾਅਦ ਵਿੱਚ ਇਕੱਠਿਆਂ ਨੂੰ ਅੱਗ ਲਗਾ ਦੇਂਦੇ ਹਨ, ਦਬਾ ਦੇਂਦੇ ਹਨ ਜਾਂ ਕਿਤੇ ਸੁੱਟ
ਦੇਂਦੇ ਹਨ, ਇਸ ਦੇ ਪਿੱਛੇ ਸਿਰਫ ਇਤਨੀ ਹੀ ਭਾਵਨਾ ਹੈ ਕਿ ਘਰ ਵਿੱਚ ਗੰਦ ਨਾ ਪਵੇ। ਬਿਲਕੁਲ ਇਸੇ
ਤਰ੍ਹਾਂ ਅਸੀਂ ਨਹੁੰ ਵੀ ਉਹੀ ਕਟਦੇ ਹਾਂ ਜੋ ਮ੍ਰਿਤਕ ਹੋ ਜਾਂਦੇ ਹਨ ਅਤੇ ਉਂਗਲਾਂ ਦੇ ਮਾਸ ਨੂੰ ਛੱਡ
ਦੇਂਦੇ ਹਨ। ਕਿਤੇ ਜ਼ਿੰਦਾ ਨਹੁੰਆਂ ਨੂੰ ਕੱਟ ਕੇ ਵੇਖੋ, ਭਾਰੀ ਪੀੜਾ ਵੀ ਹੋਵੇਗੀ ਅਤੇ ਲਹੂ ਵੀ ਸਿੰਮ
ਪਵੇਗਾ, ਜਦਕਿ ਮ੍ਰਿਤਕ ਨਹੁੰਆਂ ਨੂੰ ਕੱਟਿਆਂ ਐਸੀ ਕੋਈ ਪ੍ਰੇਸ਼ਾਨੀ ਨਹੀਂ ਆਉਂਦੀ। ਇਹ ਵੀ ਅਕਾਲ
ਪੁਰਖ ਦੀ ਪੂਰਨਤਾ ਦੀ ਇੱਕ ਲਾਜੁਆਬ ਮਿਸਾਲ ਹੈ ਕਿ ਸਾਡੇ ਕੁੱਝ ਨਹੁੰ ਲਗਾਤਾਰ ਮ੍ਰਿਤਕ ਹੁੰਦੇ
ਰਹਿੰਦੇ ਹਨ, ਜਿਹੜੇ ਹੱਥਾਂ ਨਾਲ ਕਿਰਤ ਕਰਨ ਵਾਲੇ ਹਨ, ਉਨ੍ਹਾਂ ਦੇ ਇਹ ਨਹੁੰ ਕੁਦਰਤੀ ਘਸਦੇ
ਰਹਿੰਦੇ ਹਨ, ਜੇ ਇਹ ਵਧਨ ਅਤੇ ਮ੍ਰਿਤਕ ਹੋਣ ਵਾਲਾ ਸਿਲਸਿਲਾ ਨਾ ਹੋਵੇ ਤਾਂ ਉਨ੍ਹਾਂ ਦੇ ਜੀਵਤ
ਨਹੁੰਆਂ ਦੇ ਉਂਗਲਾਂ ਨਾਲ ਜੋੜ ਵਾਲੇ ਸਥਾਨ ਜ਼ਖਮੀਂ ਹੋ ਜਾਣ। ਅੱਜ ਕਿਉਂ ਕਿ ਹੱਥਾਂ ਦੀ ਕਿਰਤ ਬਹੁਤ
ਘੱਟ ਗਈ ਹੈ, ਸਾਨੂੰ ਸਫਾਈ ਵਾਸਤੇ ਮ੍ਰਿਤਕ ਨਹੁੰਆਂ ਨੂੰ ਕੱਟਣ ਦੀ ਲੋੜ ਪੈਂਦੀ ਹੈ।
ਦੂਸਰਿਆਂ ਨੂੰ ਤਾਂ ਭਲਾ ਗੁਰੂ ਗ੍ਰੰਥ ਸਹਿਬ ਦੀ ਸੰਗਤ ਦਾ ਸੁਭਾਗ ਪ੍ਰਾਪਤ
ਨਹੀਂ ਹੋਇਆ ਪਰ ਹੈਰਾਨਗੀ ਦੀ ਗੱਲ ਤਾਂ ਇਹ ਹੈ ਕਿ ਸਿੱਖਾਂ ਦੇ ਘਰ ਜੰਮੇ ਵੀ ਕੇਸਾਂ ਦੀ ਬੇਅਦਬੀ
ਕਰੀ ਜਾ ਰਹੇ ਹਨ, ਕਾਰਨ ਇਥੇ ਵੀ ਇਹੀ ਹੈ ਕਿ ਸਿੱਖਾਂ ਦੇ ਘਰ ਜਨਮ ਤਾਂ ਲੈ ਲਿਆ ਪਰ ਬਾਣੀ ਦੇ
ਸਰੋਵਰ ਵਿੱਚ ਕਦੇ ਚੁੱਭਾ ਨਹੀਂ ਮਾਰਿਆ। ਜੇ ਬਾਣੀ ਪੜ੍ਹੀ ਵੀ ਤਾ ਭਾੜੇ ਦੀ, ਕੇਵਲ ਰੱਟੇ ਲਾ ਲਏ।
ਗੁਰਬਾਣੀ ਦੇ ਗਿਆਨ ਸਾਗਰ `ਚੋਂ ਕੋਈ ਰਤਨ ਪਦਾਰਥ ਕਦੇ ਆਪਣੀ ਮਤਿ ਰੂਪੀ ਝੋਲੀ ਵਿੱਚ ਪਾਉਣ ਦੀ ਕਦੇ
ਕੋਸ਼ਿਸ਼ ਹੀ ਨਹੀਂ ਕੀਤੀ। ਜੇ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਗੁਰਬਾਣੀ ਵਿੱਚ ਹੋਰ ਵੀ ਬਹੁਤ ਪ੍ਰਮਾਣ
ਹਨ, ਜਿਥੋਂ ਸਾਨੂੰ ਕੇਸਾਧਾਰੀ ਰਹਿਣ ਦੇ ਸਤਿਗੁਰੂ ਦਾ ਸਪੱਸ਼ਟ ਆਦੇਸ਼ ਪਤਾ ਲਗਦੇ ਹਨ:
“ਕੇਸ ਸੰਗਿ ਦਾਸ ਪਗ ਝਾਰਉ ਇਹੈ ਮਨੋਰਥ ਮੋਰ।। “ {ਗੂਜਰੀ ਮਹਲਾ ੫, ਪੰਨਾ
੫੦੦}
“ਸੇ ਦਾੜੀਆਂ ਸਚੀਆ ਜਿ ਗੁਰ ਚਰਨੀ ਲਗੰਨਿੑ।। “ (ਪੰਨਾ ੧੪੧੯)
“ਦਿਵਸ ਰੈਨਿ ਤੇਰੇ ਪਾਉ ਪਲੋਸਉ ਕੇਸ ਚਵਰ ਕਰਿ ਫੇਰੀ।। “ (ਰਾਮਕਲੀ ਭਗਤ
ਕਬੀਰ ਜੀ, ਪੰਨਾ ੯੬੯)
ਉਪਰੋਕਤ ਸਾਰੇ ਪ੍ਰਮਾਣ ਭਾਵੇਂ ਅਮਲੀ ਨਹੀਂ, ਸਿੱਖ ਦੇ ਜੀਵਨ ਦੀ ਅਤਿ
ਨਿਮਰਤਾ ਵਾਲੀ ਅਵਸਥਾ ਦੇ ਪ੍ਰਤੀਕ ਹਨ, ਪਰ ਪ੍ਰਮਾਣ ਵੀ ਤਾਂ ਅਸਲੀ ਸਰੂਪ ਦੇ ਲਖਾਇਕ ਹੁੰਦੇ ਹਨ। ਜੇ
ਭਲਾ ਸਿਰੋਂ ਹੀ ਰੋਡਾ ਹੈ ਤਾਂ ਉਸ ਦੇ ਕੇਸਾਂ ਨਾਲ ਅਕਾਲ ਪੁਰਖ ਦੇ ਭਗਤ ਜਨਾਂ ਦੇ ਪੈਰ ਝਾੜਨ ਦਾ
ਸੁਆਲ ਹੀ ਕਿਵੇਂ ਪੈਦਾ ਹੋ ਸਕਦਾ ਹੈ? ਇਵੇਂ ਹੀ ਜਿਸਨੇ ਮੂੰਹ ਮੁਨਿੰਆ ਹੋਇਆ ਹੈ, ਉਸ ਦੀ ਦਾੜ੍ਹੀ
ਗੁਰੂ ਚਰਨਾਂ ਨਾਲ ਲੱਗਣ ਦੀ ਗੱਲ ਹੀ ਕਿਵੇਂ ਕੀਤੀ ਜਾ ਸਕਦੀ ਹੈ? ਅਤੇ ਸਿਰੋਂ ਘੋਨੇ ਦੇ ਕੇਸ ਚਵਰ
ਵਾਂਗੂੰ ਫੇਰਨ ਦੀ ਗੱਲ ਕਰਨਾ ਵੀ ਮਜ਼ਾਕ ਜਾਪਦਾ ਹੈ। ਹੇਠਲਾ ਸ਼ਬਦ ਤਾਂ ਬਿਲਕੁਲ ਹੀ ਸਪੱਸ਼ਟ ਹੈ:
“ਨਾਪਾਕ ਪਾਕੁ ਕਰਿ ਹਦੂਰਿ ਹਦੀਸਾ ਸਾਬਤ ਸੂਰਤਿ ਦਸਤਾਰ ਸਿਰਾ।। ੧੨।। “
{ਮਾਰੂ ਮਹਲਾ ੫, ਪੰਨਾ ੧੦੮੪}
ਹੇ ਅੱਲਾ ਦੇ ਬੰਦੇ
!
(ਵਿਕਾਰਾਂ ਵਿਚ) ਮਲੀਨ ਹੋ ਰਹੇ ਮਨ ਨੂੰ ਪਵਿੱਤਰ ਕਰਨ ਦਾ ਜਤਨ ਕਰ—ਇਹੀ ਹੈ ਰੱਬੀ ਮਿਲਾਪ ਪੈਦਾ ਕਰਨ
ਵਾਲੀ ਸ਼ਰਹ ਦੀ ਕਿਤਾਬ ।
(ਸੁੰਨਤਿ, ਲਬਾਂ ਕਟਾਣ ਆਦਿਕ ਸ਼ਰਹ ਨੂੰ ਛੱਡ ਕੇ) ਆਪਣੀ ਸ਼ਕਲ ਨੂੰ ਜਿਉਂ ਕਾ ਤਿਉਂ ਰੱਖ—ਇਹ (ਲੋਕ
ਪਰਲੋਕ ਵਿਚ) ਇੱਜ਼ਤ-ਆਦਰ ਪ੍ਰਾਪਤ ਕਰਨ ਦਾ ਵਸੀਲਾ ਬਣ ਜਾਂਦਾ ਹੈ ।
੧੨।
ਇਹ ਠੀਕ ਹੈ ਕਿ ਸਤਿਗੁਰੂ ਨੇ ਇਹ ਸ਼ਬਦ ਮੁਸਲਮਾਨ ਕੌਮ ਦੇ ਵੀਰਾਂ ਦੇ ਪ੍ਰਥਾਏ
ਉਚਾਰਣ ਕੀਤਾ ਹੈ ਪਰ ਇਹ ਤਾਂ ਨਹੀਂ ਹੋ ਸਕਦਾ ਕਿ ਜੇ ਸਤਿਗੁਰੂ ਮੁਸਲਮਾਨ ਵੀਰਾਂ ਨੂੰ ਸਾਬਤ ਸੂਰਤ
ਰਹਿਣ ਦਾ ਉਪਦੇਸ਼ ਦੇ ਰਹੇ ਹਨ ਤਾਂ ਇਹ ਸਾਡੇ ਵਾਸਤੇ ਲਾਗੂ ਨਹੀਂ ਹੈ। ਸਤਿਗੁਰੂ ਦਾ ਉਪਦੇਸ਼ ਸਾਰੀ
ਮਨੁੱਖਤਾ ਲਈ ਸਾਂਝਾ ਹੈ, ਹਾਂ! ਸਤਿਗੁਰੂ ਦੇ ਸਿੱਖ ਹੋਣ ਦੇ ਨਾਤੇ ਸਿੱਖ ਇਨ੍ਹਾਂ ਦਾ ਅਲੰਬਰਦਾਰ
ਹੈ, ਸਿੱਖ ਲਈ ਤਾਂ ਇਨ੍ਹਾਂ ਨੂੰ ਮੰਨਣਾ ਲਾਜ਼ਮੀ ਹੈ।
ਅੱਜ ਕੇਸਾਂ ਦੀ ਮਹੱਤਤਾ ਬਾਰੇ ਬੜੀਆਂ ਖੋਜਾਂ ਹੋ ਰਹੀਆਂ ਹਨ, ਇਸ ਵਿੱਚ ਕੋਈ
ਸ਼ੱਕ ਵੀ ਨਹੀਂ ਕਿ ਜੇ ਅਕਾਲ ਪੁਰਖ ਨੇ ਇਨ੍ਹਾਂ ਦੀ ਬਖਸ਼ਿਸ਼ ਕੀਤੀ ਹੈ ਅਤੇ ਸਤਿਗੁਰੂ ਨੇ ਸਾਨੂੰ
ਇਨ੍ਹਾਂ ਦੀ ਸੰਭਾਲ ਕਰਨ ਦਾ ਆਦੇਸ਼ ਕੀਤਾ ਹੈ ਤਾਂ ਇਨ੍ਹਾਂ ਵਿੱਚ ਅਕਾਲ ਪੁਰਖ ਦੀ ਕੋਈ ਗੁੱਝੀ ਸਿਆਨਪ
ਹੈ, ਇਨ੍ਹਾਂ ਦਾ ਸਾਡੇ ਜੀਵਨ ਵਿੱਚ ਕੋਈ ਵਿਸ਼ੇਸ਼ ਯੋਗਦਾਨ ਹੋਵੇਗਾ, ਪਰ ਸਿੱਖ ਵਾਸਤੇ ਤਾਂ ਇਤਨਾ ਹੀ
ਕਾਫੀ ਹੈ ਕਿ ਉਸ ਦੇ ਸਤਿਗੁਰੂ ਨੇ ਆਦੇਸ਼ ਕੀਤਾ ਹੈ ਕਿ ਸਿੱਖ ਨੇ ਕੇਸਾਂ ਦੀ ਬੇਅਦਬੀ ਨਹੀਂ ਕਰਨੀ,
ਸਿੱਖ ਦਾ ਕੰਮ ਹੈ ਬਿਨਾਂ ਕਿਸੇ ਹੀਲ, ਹੁਜਤ, ਸ਼ੰਕੇ ਅਤੇ ਕਿੰਤੂ ਦੇ ਸਤਿਗੁਰੂ ਦੀ ਆਗਿਆ ਮੰਨਣੀ।
ਸਿੱਖ ਦਾ ਸਾਬਤ ਸੂਰਤ ਸਰੂਪ ਇਸ ਗੱਲ ਦਾ ਪ੍ਰਤੀਕ ਹੈ ਕਿ ਸਿੱਖ ਨੂੰ ਅਕਾਲ
ਪੁਰਖ ਦੀ ਹੋਂਦ, ਸਮਰੱਥਾ ਅਤੇ ਪੂਰਨਤਾ ਤੇ ਪੂਰਨ ਵਿਸ਼ਵਾਸ ਹੈ ਅਤੇ ਸਿੱਖ ਸਦਾ ਆਪਣੇ ਸਤਿਗੁਰੂ ਦੇ
ਹੁਕਮ ਦੀ ਪਾਲਣਾ ਕਰਦਾ ਹੈ।
ਕੰਘਾ
ਵੈਸੇ ਤਾਂ ਕੰਘਾ ਕੇਸਾਂ ਦੀ ਸੰਭਾਲ ਵਾਸਤੇ ਹੈ। ਜਿਵੇਂ ਉਪਰ ਲਿਖਿਆ ਹੈ,
ਸਿੱਖ ਨੂੰ ਰੋਜ਼ ਦੋ ਵਾਰੀ (ਸਵੇਰੇ-ਸ਼ਾਮ), ਕੇਸਾਂ ਵਿੱਚ ਕੰਘਾ ਕਰਨ ਦਾ ਆਦੇਸ਼ ਹੈ। ਜੇ ਨੇਮ ਨਾਲ
ਕੰਘਾ ਨਾ ਫੇਰਿਆ ਜਾਵੇ ਤਾਂ ਮ੍ਰਿਤਕ ਵਾਲ ਵਿੱਚੇ ਉਲਝਦੇ ਜਾਣਗੇ ਅਤੇ ਵਾਲਾਂ ਦੀਆਂ ਲਿਟਾਂ ਬਣ
ਜਾਣਗੀਆਂ। ਇਸ ਤਰ੍ਹਾਂ ਕੰਘੇ ਦਾ ਇਹ ਗੁਣ ਹੈ ਕਿ ਇਹ ਜੀਵਤ ਵਾਲਾਂ ਦੀ ਸੰਭਾਲ ਕਰਦਾ ਹੈ ਅਤੇ
ਮ੍ਰਿਤਕ ਵਾਲਾਂ ਨੂੰ ਬਾਹਰ ਕੱਢ ਸੁਟਦਾ ਹੈ। ਕੰਘੇ ਦੇ ਇਸ ਗੁਣ ਤੋਂ, ਇਸ ਗੱਲ ਦੀ ਪ੍ਰੇਰਣਾ ਮਿਲਦੀ
ਹੈ ਕਿ ਸਿੱਖ ਨੇ ਹਰ ਰੋਜ਼ ਆਪਣੀ ਸਵੈ ਪੜਚੋਲ ਕਰਨੀ ਹੈ, ਜੋ ਵਿਚਾਰ ਗੁਰਮਤਿ ਅਨੁਸਾਰ ਹੋਣ, ਉਨ੍ਹਾਂ
ਨੂੰ ਸੰਭਾਲ ਲੈਣਾ ਹੈ ਅਤੇ ਜੋ ਵਿਚਾਰ ਗੁਰੂ ਨਾਲ ਟੁੱਟ ਚੁੱਕੇ ਹੋਣ ਭਾਵ ਮਨਮਤਿ ਬਣ ਚੁੱਕੇ ਹੋਣ,
ਉਨ੍ਹਾਂ ਮ੍ਰਿਤਕ ਵਿਚਾਰਾਂ ਨੂੰ ਕੱਢ ਕੇ ਬਾਹਰ ਸੁੱਟ ਦੇਣਾ ਹੈ। ਸਤਿਗੁਰੂ ਸਾਨੂੰ ਗੁਰਬਾਣੀ ਰਾਹੀਂ
ਵੀ ਆਦੇਸ਼ ਦੇਂਦੇ ਹਨ:
“ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ।। “ {ਤਿਲੰਗ ਬਾਣੀ
ਭਗਤਾ ਕੀ ਕਬੀਰ ਜੀ, ਪੰਨਾ ੭੨੭}
ਹੇ ਭਾਈ
!
(ਆਪਣੇ ਹੀ) ਦਿਲ ਨੂੰ ਹਰ ਰੋਜ਼ ਖੋਜ (ਆਪਣੇ ਕਰਮਾਂ ਦੀ ਪੜਤਾਲ ਕਰ) , ਫਿਰ ਤੂੰ ਪਰੇਸ਼ਾਨੀਆਂ ਵਿੱਚ
ਨਹੀਂ ਘਿਰੇਂਗਾ।
ਆਪਣੀ ਸਵੈ ਪੜਚੋਲ ਕਰਨੀ ਹਰ ਮਨੁੱਖ ਵਾਸਤੇ ਬਹੁਤ ਜ਼ਰੂਰੀ ਹੈ, ਜੇ ਰੋਜ਼ ਨਾਲੋ
ਨਾਲ ਨਾ ਕੀਤੀ ਜਾਵੇ ਤਾਂ ਪਤਾ ਹੀ ਨਹੀਂ ਲਗਦਾ, ਮਨ ਕਦੋਂ ਭਟਕ ਕੇ ਗਲਤ ਰਾਹ ਪੈ ਜਾਂਦਾ ਹੈ, ਜੀਵਨ
ਗਲਤ ਰਾਹ ਪੈ ਗਿਆ ਤਾਂ ਪ੍ਰੇਸ਼ਾਨੀਆਂ ਸੁਭਾਵਕ ਹਨ। ਜਿਨਾਂ ਚਿਰ ਆਤਮ ਪੜਚੋਲ ਕਰਕੇ, ਮਨਮਤਿ ਦਾ ਤਿਆਗ
ਨਾ ਕੀਤਾ ਜਾਵੇ, ਇੱਕ ਆਮ ਮਨੁੱਖ ਦਾ ਜੀਵਨ ਭਰਮ-ਜਾਲ ਵਿੱਚ ਹੀ ਭਟਕਦਾ ਰਹਿੰਦਾ ਹੈ। ਗੁਰਬਾਣੀ ਦਾ
ਫੁਰਮਾਨ ਹੈ:
“ਜਨ ਨਾਨਕ ਬਿਨੁ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ।। “ {ਧਨਾਸਰੀ ਮਹਲਾ ੯,
ਪੰਨਾ ੬੮੪}
ਹੇ ਦਾਸ ਨਾਨਕ
!
ਆਪਣਾ ਆਤਮਕ ਜੀਵਨ ਪਰਖਣ ਤੋਂ ਬਿਨਾ (ਮਨ ਉੱਤੋਂ) ਭਟਕਣਾ ਦਾ ਜਾਲਾ ਦੂਰ ਨਹੀਂ ਹੋ ਸਕਦਾ
ਜੇ ਇਹ ਗੁਰਮਤਿ ਅਤੇ ਮਨਮਤਿ ਦਾ ਨਿਖੇੜਾ ਨਾਲ ਨਾਲ ਨਾ ਕੀਤਾ ਜਾਵੇ, ਮਨਮਤਿ
ਦੇ ਬੀਜ ਵੀ ਅੰਦਰ ਹੀ ਪ੍ਰਫੁਲਤ ਹੁੰਦੇ ਰਹਿਣ ਤਾਂ ਕੁੱਝ ਸਮੇਂ ਬਾਅਦ ਜੀਵਨ ਐਸੇ ਭਰਮਜਾਲ ਵਿੱਚ ਉਲਝ
ਕੇ ਰਹਿ ਜਾਵੇਗਾ ਕਿ ਸੱਚ ਝੂਠ ਦੀ ਪਹਿਚਾਣ ਕਰਨੀ ਵੀ ਔਖੀ ਹੋ ਜਾਵੇਗੀ।
ਜੇ ਸਿੱਖ ਕੰਘੇ ਦੀ ਵਰਤੋਂ ਕੇਸਾਂ ਦੀ ਸੰਭਾਲ ਕਰਨ ਅਤੇ ਇਸ ਤੋਂ ਪ੍ਰੇਰਨਾ
ਲੈਕੇ ਆਪਣੇ ਮਨ ਨੂੰ ਸਾਫ ਕਰਨ ਦਾ ਕੰਮ, ਨੇਮ ਨਾਲ ਕਰ ਰਿਹਾ ਹੈ ਤਾਂ ਉਸ ਨੇ ਕਕਾਰ ਧਾਰਨ ਕੀਤਾ ਹੈ,
ਜੇ ਸਿਰਫ ਵਿਖਾਵੇ ਦੇ ਤੌਰ ਤੇ ਰਖਿਆ ਹੈ, ਤਾਂ ਜਨੇਊ ਪਾਇਆ ਹੈ।
ਕੜਾ
ਕੁਝ ਸਾਲ ਪਹਿਲੇ ਦੀ ਗੱਲ ਹੈ, ਮੈਂ ਅੰਮ੍ਰਿਤਸਰ ਗਿਆ, ਸ਼ਹਿਰ ਵਿੱਚ ਵੜਦਿਆਂ
ਹੀ ਕੰਧਾਂ ਤੇ ਕਿਸੇ ਕੜੇ ਬਨਾਉਣ ਵਾਲੀ ਕੰਪਨੀ ਦੇ ਵੱਡੇ ਵੱਡੇ ਪੋਸਟਰ ਦੀਵਾਰਾਂ ਤੇ ਲਿਖੇ ਮਿਲੇ,
ਜਿਨ੍ਹਾਂ ਵਿੱਚ ਉਨ੍ਹਾਂ ਆਪਣੇ ਕੜੇ ਦੇ ਬਰੈਂਡ ਦਾ ਨਾਂ ਦੇ ਕੇ, ਲਿਖਿਆ ਸੀ ਕਿ ਇਹ ਕੜਾ ਡਰ ਨੂੰ
ਦੂਰ ਭਜਾਉਂਦਾ ਹੈ। ਜਿਵੇਂ ਜਿਵੇਂ ਦਰਬਾਰ ਸਾਹਿਬ ਦੇ ਨੇੜੇ ਪੁੱਜਦੇ ਗਏ, ਇਨ੍ਹਾਂ ਪੋਸਟਰਾਂ ਦੀ
ਗਿਣਤੀ ਵਿੱਚ ਕਾਫੀ ਵਾਧਾ ਹੁੰਦਾ ਗਿਆ। ਬੜੀ ਹੈਰਾਨਗੀ ਹੋਈ ਕਿ ਮਨਮਤਿ ਦਾ ਘੇਰਾ ਸਿੱਖੀ ਦੇ ਕੇਂਦਰ
ਦੇ ਨੇੜੇ ਕਿਤਨਾ ਵੱਧ ਗਿਆ ਹੈ, ਪਰ ਕੋਈ ਪੁੱਛਣ ਵਾਲਾ ਨਹੀਂ। ਹਾਲਾਂਕਿ ਕੜਾ ਪਾਉਣ ਦੀ ਸ਼ੁਰੂਆਤ
ਜਿਥੋਂ ਹੋਈ, ਜੇ ਉਸ ਦਾ ਪਤਾ ਹੋਵੇ ਤਾਂ ਇਸ ਉਪਰੋਕਤ ਵਹਿਮ ਸਮੇਤ ਹਰ ਤਰ੍ਹਾਂ ਦੇ ਵਹਿਮ ਭਰਮ ਦਾ
ਨਾਸ ਹੋ ਜਾਣਾ ਚਾਹੀਦਾ ਹੈ।
ਗੁਰੂ ਗੋਬਿੰਦ ਸਿੰਘ ਸਾਹਿਬ, ਸਮੇਂ ਸਮੇਂ ਤੇ ਸਿੱਖਾਂ ਦੇ ਇਮਤਿਹਾਨ ਲੈਂਦੇ
ਰਹਿੰਦੇ ਸਨ ਕਿ ਸਿੱਖ ਕੇਵਲ ਗੁਰਬਾਣੀ ਰਟਨ ਤੱਕ ਹੀ ਸੀਮਤ ਹਨ ਜਾਂ ਉਸ ਦੇ ਉਪਦੇਸ਼ਾਂ ਨੂੰ ਜੀਵਨ
ਵਿੱਚ ਧਾਰਨ ਵੀ ਕਰਦੇ ਹਨ। ਇਹ ਇਮਤਿਹਾਨ ਲੈਣੇ ਬਹੁਤ ਜ਼ਰੂਰੀ ਵੀ ਸਨ, ਕਿਉਂਕਿ ਸਿੱਖ ਨੂੰ ਗੁਰਬਾਣੀ
ਦੀ ਗੁੜ੍ਹਤੀ ਦੇਂਦਿਆਂ ਦੋ ਸੌ ਸਾਲ ਤੋਂ ਵਧੇਰੇ ਸਮਾਂ ਹੋ ਚੁਕਾ ਸੀ ਅਤੇ ਸਰੀਰ ਪ੍ਰਥਾ ਖਤਮ ਕਰਕੇ,
ਸਿੱਖ ਨੂੰ ਸਿੱਧਾ ਸ਼ਬਦ ਗੁਰੂ ਦੀ ਤਾਬਿਆ ਕਰਨ ਦਾ ਸਮਾਂ ਆ ਚੁੱਕਾ ਸੀ। ਸਤਿਗੁਰੂ ਦਾ ਦਰਬਾਰ ਸਜਿਆ
ਹੋਇਆ ਸੀ, ਸ਼ਨੀਵਾਰ ਦਾ ਦਿਨ ਸੀ, ਉਥੇ ਇੱਕ ਬ੍ਰਾਹਮਣ ਆ ਗਿਆ ਅਤੇ ਸਤਿਗੁਰੂ ਨੂੰ ਸ਼ਨੀ ਦਾ ਦਾਨ ਦੇਣ
ਵਾਸਤੇ ਕਹਿਣ ਲੱਗਾ। ਸਤਿਗੁਰੂ ਨੇ ਪੁੱਛਿਆ, ਪੰਡਿਤ ਜੀ! ਇਸ ਦਾਨ ਦੇਣ ਨਾਲ ਕੀ ਹੋਵੇਗਾ? ਉਹ ਕਹਿਣ
ਲੱਗਾ, ਕਿ ਸ਼ਨੀ ਦਾ ਗ੍ਰਹ ਟਲ ਜਾਵੇਗਾ। ਸਤਿਗੁਰੂ ਨੇ ਪੁਛਿਆ ਕਿ ਕੀ ਦਾਨ ਕਰੀ ਦਾ ਹੈ? ਉਹ ਕਹਿਣ
ਲੱਗਾ, ਮਾਂਹ ਦੀ ਦਾਲ, ਸਰੋਂ ਦਾ ਤੇਲ ਅਤੇ ਲੋਹਾ। ਸਤਿਗੁਰੂ ਨੇ ਉਸੇ ਵੇਲੇ ਮੋਦੀ ਨੂੰ ਬੁਲਾਇਆ ਅਤੇ
ਇਹ ਤਿੰਨੇ ਚੀਜ਼ਾਂ ਪੰਡਿਤ ਨੂੰ ਦੇਣ ਲਈ ਕਿਹਾ। ਸਿੱਖ ਹੈਰਾਨ ਰਹਿ ਗਏ, ਸਤਿਗੁਰੂ ਨੇ ਇਹ ਕੀ ਕੀਤਾ
ਹੈ? ਸਾਨੂੰ ਤਾਂ ਸਿੱਖਿਆ ਦੇਂਦੇ ਹਨ, ਕਿਸੇ ਕਿਸਮ ਦਾ ਵਹਿਮ ਭਰਮ, ਕਰਮ ਕਾਂਡ ਨਹੀਂ ਕਰਨਾ ਅਤੇ ਆਪ
ਸ਼ਨੀ ਦਾ ਦਾਨ ਕਰਾ ਰਹੇ ਹਨ। ਗੁਰਬਾਣੀ ਤਾਂ ਥਿਤਿ ਵਾਰ ਮੰਨਾਉਣ ਜਾਂ ਇਸ ਬਾਰੇ ਕੋਈ ਵੀ ਭਰਮ ਕਰਨ ਦੀ
ਪੂਰਨ ਮਨਾਹੀ ਕਰਦੀ ਹੈ:
“ਸਤਿਗੁਰ ਬਾਝਹੁ ਅੰਧੁ ਗੁਬਾਰੁ।। ਥਿਤੀ ਵਾਰ ਸੇਵਹਿ ਮੁਗਧ ਗਵਾਰ।। “
{ਬਿਲਾਵਲੁ ਮਹਲਾ ੩, ਪੰਨਾ ੮੪੩}
ਗੁਰੂ ਦੀ ਸਰਨ ਆਉਣ ਤੋਂ ਬਿਨਾ ਮਨੁੱਖ (ਆਤਮਕ ਜੀਵਨ ਵਲੋਂ) ਪੂਰੇ ਤੌਰ ਤੇ
ਅੰਨ੍ਹਾ ਹੋਇਆ ਰਹਿੰਦਾ ਹੈ, (ਗੁਰੂ ਦਾ ਆਸਰਾ-ਪਰਨਾ ਛੱਡ ਕੇ) ਮੂਰਖ ਮਨੁੱਖ ਹੀ ਥਿੱਤਾਂ ਤੇ ਵਾਰ
ਮਨਾਂਦੇ ਫਿਰਦੇ ਹਨ।
ਸ਼ਨੀਵਾਰ ਬਾਰੇ ਵੀ ਇੱਕ ਵਿਸ਼ੇਸ਼ ਸ਼ਬਦ ਉਚਾਰਨ ਕਰਕੇ ਸਤਿਗੁਰੂ ਨੇ ਸਾਰਾ ਭਰਮ
ਕਢਿਆ ਹੈ:
“ਛਨਿਛਰਵਾਰਿ ਸਉਣ ਸਾਸਤ ਬੀਚਾਰੁ।। ਹਉਮੈ ਮੇਰਾ ਭਰਮੈ ਸੰਸਾਰੁ।। ਮਨਮੁਖੁ
ਅੰਧਾ ਦੂਜੈ ਭਾਇ।। ਜਮ ਦਰਿ ਬਾਧਾ ਚੋਟਾ ਖਾਇ।। “ {ਬਿਲਾਵਲੁ ਮਹਲਾ ੩, ਪੰਨਾ ੮੪੧}
ਹੇ ਭਾਈ
!
(ਪਰਮਾਤਮਾ ਦਾ ਸਿਮਰਨ ਛੱਡ ਕੇ) ਸ਼ੋਨਕ ਦਾ ਜੋਤਿਸ਼ ਸ਼ਾਸਤ੍ਰ (ਆਦਿਕ) ਵਿਚਾਰਦੇ ਰਹਿਣਾ— (ਇਸ ਦੇ
ਕਾਰਣ) ਜਗਤ ਮਮਤਾ ਅਤੇ ਹਉਮੈ ਵਿੱਚ ਭਟਕਦਾ ਰਹਿੰਦਾ ਹੈ। ਆਤਮਕ ਜੀਵਨ ਵਲੋਂ ਅੰਨ੍ਹਾ, ਆਪਣੇ ਮਨ ਦੇ
ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਮੋਹ ਵਿੱਚ ਫਸਿਆ ਰਹਿੰਦਾ ਹੈ, (ਅਜਿਹਾ ਮਨੁੱਖ) ਜਮਰਾਜ ਦੇ ਦਰ
ਤੇ ਬੱਝਾ ਹੋਇਆ (ਵਿਕਾਰਾਂ ਦੀਆਂ) ਸੱਟਾਂ ਖਾਂਦਾ ਰਹਿੰਦਾ ਹੈ।
ਸਿੱਖਾਂ ਨੂੰ ਸਮਝਦੇ ਦੇਰ ਨਾ ਲੱਗੀ ਕਿ ਸਤਿਗੁਰੂ ਉਨ੍ਹਾਂ ਦਾ ਇਮਤਿਹਾਨ ਲੈ
ਰਹੇ ਹਨ। ਸਿੱਖਾਂ ਦੇ ਮਨ ਵਿੱਚ ਵੀ ਇੱਕ ਵਿਉਂਤ ਆਈ, ਮਲਕੜੇ ਜਿਹੇ ਸੰਗਤ ਵਿੱਚੋਂ ਉਠੇ, ਥੋੜ੍ਹੀ
ਦੂਰੀ ਤੇ ਹੀ ਬ੍ਰਾਹਮਣ ਨੂੰ ਜਾ ਘੇਰਿਆ ਤੇ ਕਹਿਣ ਲੱਗੇ, ਪੰਡਤਾ ਸਾਡਾ ਮਾਲ ਇਥੇ ਰੱਖ ਦੇ। ਪੰਡਿਤ
ਕਹਿਣ ਲੱਗਾ ਕਿ ਇਹ ਹੁਣ ਪੂਜਾ ਦਾ ਧਾਨ ਬਣ ਗਿਆ ਹੈ, ਤੁਹਾਨੂੰ ਹਜ਼ਮ ਨਹੀਂ ਹੋਣਾ। ਸਿੱਖ ਕਹਿਣ
ਲੱਗੇ, ਤੂੰ ਫਿਕਰ ਨਾ ਕਰ, ਸਤਿਗੁਰੂ ਨੇ ਸਾਡਾ ਹਾਜਮਾਂ ਬਹੁਤ ਮਜ਼ਬੂਤ ਕਰ ਦਿੱਤਾ ਹੈ। ਸਿੱਖਾਂ ਨੇ
ਜਾਕੇ ਉਸ ਮਾਂਹ ਦੀ ਦਾਲ ਦੇ ਵੜੇ ਬਣਾ ਕੇ ਸਰੋਂ ਦੇ ਤੇਲ ਵਿੱਚ ਤਲੇ। ਸ਼ਾਮ ਦਾ ਦੀਵਾਨ ਲੱਗਾ ਤਾਂ
ਭਰੇ ਦਰਬਾਰ ਵਿੱਚ ਸਤਿਗੁਰੂ ਦੇ ਜਾ ਪੇਸ਼ ਕੀਤੇ, ਸਤਿਗੁਰੂ ਵੜੇ ਛਕੋ। ਸਤਿਗੁਰੂ ਮੁਸਕਰਾ ਪਏ, ਆਖਿਆ,
ਸਿੱਖੋ! ਅੱਜ ਇਹ ਵੜੇ ਬਨਾਉਣ ਦਾ ਖਿਆਲ ਕਿਵੇਂ ਆ ਗਿਆ। ਸਿੱਖ ਕਹਿਣ ਲਗੇ, ਸਤਿਗੁਰੂ ਇਹ ਉਸੇ ਮਾਂਹ
ਅਤੇ ਸਰੋਂ ਦੇ ਤੇਲ ਦੇ ਵੜੇ ਹਨ, ਜੋ ਤੁਸਾਂ ਸਵੇਰੇ ਸ਼ਨੀ ਦਾ ਦਾਨ ਕਰਾਇਆ ਸੀ। ਸਤਿਗੁਰੂ ਬਹੁਤ ਖੁਸ਼
ਹੋਏ ਅਤੇ ਕਹਿਣ ਲਗੇ, ਸਿੱਖੋ! ਮੈਂ ਇਹੀ ਵੇਖਣਾ ਚਾਹੁੰਦਾ ਸੀ ਕਿ ਤੁਸੀਂ ਗੁਰਮਤਿ ਨੂੰ ਅਮਲੀ ਜੀਵਨ
ਵਿੱਚ ਕਿਤਨਾ ਅਪਣਾਇਆ ਹੈ? ਜਿਹੜਾ ਲੋਹਾ ਸਿੱਖ ਵਾਪਸ ਲਿਆਏ ਸੀ, ਇੱਕ ਲੁਹਾਰ ਦੇ ਹਵਾਲੇ ਕਰਦੇ ਹੋਏ
ਕਿਹਾ, ਇਸ ਦੇ ਕੜੇ ਬਣਾ ਕੇ ਲਿਆ ਅਤੇ ਸਾਰੇ ਸਿੱਖਾਂ ਨੂੰ ਪੁਆ। ਇਹ ਕੜਾ ਇਸ ਗੱਲ ਦਾ ਪ੍ਰਤੀਕ
ਹੋਏਗਾ ਕਿ ਸਿੱਖ ਹਰ ਤਰ੍ਹਾਂ ਦੇ ਵਹਿਮ ਭਰਮ, ਕਰਮ ਕਾਂਡ ਤੋਂ ਮੁਕਤ ਹੋ ਚੁੱਕਾ ਹੈ।
ਸਤਿਗੁਰੂ ਨੇ ਜੋ ਕੜਾ ਸਾਨੂੰ ਵਹਿਮ ਭਰਮ ਤੋਂ ਮੁਕਤ ਹੋਣ ਦੇ ਪ੍ਰਤੀਕ ਵਜੋਂ
ਪੁਆਇਆ, ਅੱਜ ਉਸੇ ਕੜੇ ਰਾਹੀਂ ਇਹ ਵਹਿਮ ਭਰਿਆ ਜਾ ਰਿਹਾ ਹੈ ਕਿ ਇਸ ਦੇ ਕੇਵਲ ਪਾਉਣ ਨਾਲ ਡਰ ਖਤਮ
ਹੋ ਜਾਂਦਾ ਹੈ। ਅੱਜ ਸਿੱਖਾਂ ਦੇ ਹੱਥਾਂ ਵਿੱਚ ਕੜੇ ਵੀ ਪਾਏ ਹੋਏ ਹਨ ਅਤੇ ਨਾਲ ਜਾਦੂਈ ਨਗਾਂ
ਵਾਲੀਆਂ ਅੰਗੂਠੀਆਂ ਹੱਥਾਂ ਦੀਆਂ ਉਂਗਲਾਂ ਵੀ ਭਰੀਆਂ ਹੋਈਆਂ ਹਨ। ਉਹ ਕਿਹੜਾ ਬ੍ਰਾਹਮਣੀ ਵਹਿਮ ਭਰਮ
ਹੈ, ਜੋ ਅੱਜ ਸਿੱਖ ਨਹੀਂ ਕਰ ਰਿਹਾ, ਹੋਰ ਤਾਂ ਹੋਰ ਸੜਕ ਤੋਂ ਬਿੱਲੀ ਰਾਹ ਕੱਟ ਜਾਵੇ ਤਾਂ ਵੱਡੇ
ਵੱਡੇ ਸਰਦਾਰਾਂ ਦੀਆਂ ਵੱਡੀਆਂ ਵੱਡੀਆਂ ਗੱਡੀਆਂ ਨੂੰ ਬਰੇਕਾਂ ਲੱਗ ਜਾਂਦੀਆਂ ਹਨ। ਸਿੱਖਾਂ ਦੇ ਟੇਵੇ
ਬਣ ਰਹੇ ਹਨ, ਲਗਨ ਕੱਢੇ ਜਾ ਰਹੇ ਹਨ। ਜਿਸ ਬ੍ਰਾਹਮਣਵਾਦੀ ਨਿਜ਼ਾਮ ਤੋਂ ਸਤਿਗੁਰੂ ਨੇ ਮੁਕਤ ਕਰਾਇਆ
ਸੀ, ਉਹ ਮੁੜ ਤੋਂ ਕਾਬਜ਼ ਹੋਈ ਜਾ ਰਿਹਾ ਹੈ। ਸ਼ੁਧ ਲੋਹੇ (ਸਰਬ ਲੋਹ) ਦੇ ਕੜੇ ਨੇ ਸਾਡੇ ਜੀਵਨ ਅੰਦਰ
ਲੋਹੇ ਵਰਗੀ ਸਿਧਾਂਤਕ ਮਜ਼ਬੂਤੀ ਲਿਆਉਣੀ ਸੀ, ਇਸ ਨੇ ਸੰਕੇਤਕ ਬਨਣਾ ਸੀ, ਸਿੱਖ ਦੇ ਜੀਵਨ ਦੇ ਹਰ
ਵਹਿਮ ਭਰਮ ਤੋਂ ਮੁਕਤ ਹੋਣ ਦਾ, ਪਰ ਇਹ ਸਗੋਂ ਇੱਕ ਵਹਿਮ ਦਾ ਪ੍ਰਤੀਕ ਕਰਮ ਕਾਂਡ ਬਣ ਗਿਆ।
ਗੱਲ ਬੜੀ ਸਪੱਸ਼ਟ ਹੈ ਜੇ ਹਰ ਤਰ੍ਹਾਂ ਦੇ ਵਹਿਮ ਭਰਮ, ਕਰਮਕਾਂਡ ਤੋਂ ਮੁਕਤ
ਹਾਂ ਤਾਂ ਸਚਮੁਚ ਕੜਾ ਕਕਾਰ ਪਾਇਆ ਹੋਇਆ ਹੈ, ਨਹੀਂ ਤਾਂ ਜਨੇਊ ਪਾਇਆ ਹੋਇਆ ਹੈ।
ਕਛਹਿਰਾ
ਭਾਰਤੀ ਸਮਾਜ ਵਿੱਚ ਗ੍ਰਿਹਸਤ ਤਿਆਗ ਕੇ ਬ੍ਰਹਮਚਾਰਿਆ ਧਾਰਨ ਕਰ ਲੈਣਾ, ਇੱਕ
ਪਵਿੱਤਰ ਧਾਰਮਿਕ ਕਰਮ ਸਮਝਿਆ ਜਾਂਦਾ ਸੀ। ਇਸ ਨੂੰ ਜਤੀ ਰਹਿਣਾ ਜਾਂ ਜਤਿ ਧਾਰਨ ਕਰਨਾ ਕਿਹਾ ਜਾਂਦਾ
ਸੀ। ਸਤਿਗੁਰੂ ਨੇ ਇਸ ਵਿਚਾਰਧਾਰਾ ਨੂੰ ਪੂਰਨਤਾ ਰੱਦ ਕਰਦਿਆਂ ਫੁਰਮਾਇਆ:
“ਜਤਨ ਕਰੈ ਬਿੰਦੁ ਕਿਵੈ ਨ ਰਹਾਈ।। ਮਨੂਆ ਡੋਲੈ ਨਰਕੇ ਪਾਈ।। ਜਮ ਪੁਰਿ
ਬਾਧੋ ਲਹੈ ਸਜਾਈ।। ਬਿਨੁ ਨਾਵੈ ਜੀਉ ਜਲਿ ਬਲਿ ਜਾਈ।। “ {ਰਾਮਕਲੀ ਮਹਲਾ ੧, ਪੰਨਾ ੯੦੬}
(ਬਨ-ਵਾਸ, ਡੂਗਰ-ਵਾਸ, ਹਠ, ਨਿਗ੍ਰਹ, ਤੀਰਥ-ਇਸ਼ਨਾਨ ਆਦਿਕ) ਜਤਨ ਮਨੁੱਖ
ਕਰਦਾ ਹੈ, ਅਜੇਹੇ ਕਿਸੇ ਭੀ ਤਰੀਕੇ ਨਾਲ ਕਾਮ-ਵਾਸਨਾ ਰੋਕੀ ਨਹੀਂ ਜਾ ਸਕਦੀ, ਮਨ ਡੋਲਦਾ ਹੀ ਰਹਿੰਦਾ
ਹੈ ਤੇ ਜੀਵ ਨਰਕ ਵਿੱਚ ਹੀ ਪਿਆ ਰਹਿੰਦਾ ਹੈ, ਕਾਮ-ਵਾਸ਼ਨਾ ਆਦਿਕ ਵਿਕਾਰਾਂ ਵਿੱਚ ਬੱਝਾ ਹੋਇਆ ਜਮਰਾਜ
ਦੀ ਪੁਰੀ ਵਿੱਚ (ਆਤਮਕ ਕਲੇਸ਼ਾਂ ਦੀ) ਸਜ਼ਾ ਭੁਗਤਦਾ ਹੈ। ਪਰਮਾਤਮਾ ਦੇ ਨਾਮ ਤੋਂ ਬਿਨਾ ਜਿੰਦ
ਵਿਕਾਰਾਂ ਵਿੱਚ ਸੜਦੀ ਭੁੱਜਦੀ ਰਹਿੰਦੀ ਹੈ। ੫।
ਐਸੇ ਭਰਮ ਵਿੱਚ ਭੁੱਲੇ ਮਨੁੱਖ ਨੂੰ ਭਗਤ ਕਬੀਰ ਜੀ ਨੇ ਇੱਕ ਬੜਾ ਹੀ ਲਾਜੁਆਬ
ਸੁਆਲ ਕੀਤਾ ਹੈ:
“ਬਿੰਦੁ ਰਾਖਿ ਜੌ ਤਰੀਐ ਭਾਈ।। ਖੁਸਰੈ ਕਿਉ ਨ ਪਰਮ ਗਤਿ ਪਾਈ।। “ {ਗਉੜੀ
ਕਬੀਰ ਜੀ, ਪੰਨਾ ੩੨੪}
ਹੇ ਭਾਈ
!
ਜੇ ਬਾਲ-ਜਤੀ ਰਿਹਾਂ (ਸੰਸਾਰ-ਸਮੁੰਦਰ ਤੋਂ) ਤਰ ਸਕੀਦਾ ਹੈ ਤਾਂ ਖੁਸਰੇ ਨੂੰ ਕਿਉਂ ਮੁਕਤੀ ਨਹੀਂ
ਮਿਲ ਜਾਂਦੀ ?
ਸਤਿਗੁਰੂ ਨੇ ਸਿੱਖ ਨੂੰ ਗ੍ਰਹਿਸਤ ਤਿਆਗਣਾ ਨਹੀਂ, ਗ੍ਰਿਹਸਤ ਧਰਮ ਦੀ ਪਾਲਣਾ
ਕਰਦੇ ਹੋਏ ਹੀ ਜੀਵਨ ਨੂੰ ਸਕਾਰਥਾ ਕਰਨ ਦੀ ਜਾਚ ਦੱਸੀ ਹੈ। ਸਤਿਗੁਰੂ ਦਾ ਫੁਰਮਾਨ ਹੈ:
“ਸਤਿਗੁਰ ਕੀ ਐਸੀ ਵਡਿਆਈ।। ਪੁਤ੍ਰ ਕਲਤ੍ਰ ਵਿਚੇ ਗਤਿ ਪਾਈ।। “ {ਧਨਾਸਰੀ
ਮਹਲਾ ੧, ਪੰਨਾ ੬੬}
ਗੁਰੂ ਦੀ ਸਰਨ ਪੈਣ ਵਿੱਚ ਅਜੇਹੀ ਖ਼ੂਬੀ ਹੈ ਕਿ ਪੁਤ੍ਰ ਇਸਤ੍ਰੀ (ਆਦਿਕ
ਪਰਵਾਰ) ਵਿੱਚ ਹੀ ਰਹਿੰਦਿਆਂ ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ।
ਸਤਿਗੁਰੂ ਨੇ ਸਿੱਖ ਨੂੰ ਗ੍ਰਿਹਸਤ ਵਿੱਚ ਰਹਿੰਦਿਆ ਮਨ ਨੂੰ ਵਿਕਾਰਾਂ ਤੋਂ
ਮੁਕਤ ਰਖਣ ਦਾ ਉਪਦੇਸ਼ ਦਿੱਤਾ ਹੈ। ਸਿੱਖ ਨੂੰ ਸਮਝਾਇਆ ਹੈ ਕਿ ਤੂੰ ਕੇਵਲ ਆਪਣੀ ਪਤਨੀ ਜਾਂ ਪਤੀ ਉਤੇ
ਸੰਤੋਖ ਰਖਣਾ ਹੈ, ਪਰਾਈ ਇਸਤ੍ਰੀ ਜਾ ਪੁਰਸ਼ ਨਾਲ ਸਬੰਧ ਨਹੀਂ ਬਨਾਉਣਾ। ਗੁਰਬਾਣੀ ਦਾ ਉਪਦੇਸ਼ ਹੈ:
“ਪਰ ਧਨ ਪਰ ਦਾਰਾ ਪਰ ਨਿੰਦਾ ਇਨ ਸਿਉ ਪ੍ਰੀਤਿ ਨਿਵਾਰਿ।। “ {ਆਸਾ ਮਹਲਾ ੫,
ਪੰਨਾ ੩੭੯}
ਪਰਾਇਆ ਧਨ, ਪਰਾਈ ਇਸਤ੍ਰੀ, ਪਰਾਈ ਨਿੰਦਾ—ਇਹਨਾਂ ਵਿਕਾਰਾਂ ਨਾਲੋਂ ਪ੍ਰੀਤਿ
ਦੂਰ ਕਰ।
“ਜੈਸਾ ਸੰਗੁ ਬਿਸੀਅਰ ਸਿਉ ਹੈ ਰੇ ਤੈਸੋ ਹੀ ਇਹੁ ਪਰ ਗ੍ਰਿਹੁ।। “ {ਆਸਾ
ਮਹਲਾ ੫, ਪੰਨਾ ੪੦੩}
ਹੇ ਅੰਨ੍ਹੇ
!
ਪਰਾਈ ਇਸਤ੍ਰੀ ਦਾ ਸੰਗ ਇਉਂ ਹੀ ਹੈ ਜਿਵੇਂ ਸੱਪ ਨਾਲ ਸਾਥ ਹੈ।
ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਇਸ ਦੀ ਵਿਆਖਿਆ ਇੰਝ ਕੀਤੀ ਹੈ:
‘ਏਕਾ ਨਾਰੀ ਜਤੀ ਹੋਇ ਪਰ ਨਾਰੀ ਧੀ ਭੈਣ ਵਖਾਣੈ।। ` (੬-੮-੩)
ਭਾਵ, ਅਸਲੀ ਜਤੀ ਉਹ ਹੈ ਜੋ ਕੇਵਲ ਆਪਣੀ ਇਕੋ ਇਸਤ੍ਰੀ ਉਤੇ ਸੰਤੋਖ ਰਖਦਾ ਹੈ
ਅਤੇ ਪਰਾਈ ਔਰਤਾਂ ਨੂੰ ਧੀ ਭੈਣ ਵਾਂਗ ਸਮਝਦਾ ਹੈ। ਸਤਿਗੁਰੂ ਨੇ ਤਾਂ ਸਿੱਖ ਨੂੰ ਪਰਾਈ ਇਸਤਰੀ ਦੇ
ਹੁਸਨ ਨੂੰ ਵੇਖਣ ਦੀ ਵੀ ਮਨਾਹੀ ਕੀਤੀ ਹੈ, ਕਿਉਂਕਿ ਮਨ ਵਿੱਚ ਵਿਕਾਰ ਆਉਣ ਦੀ ਸ਼ੁਰੂਆਤ ਇਸੇ ਵੇਖਣ
ਤੋਂ ਹੀ ਸ਼ੁਰੂ ਹੁੰਦੀ ਹੈ। ਸਤਿਗੁਰੂ ਦੇ ਬਚਨ ਹਨ:
“ਪਰ ਤ੍ਰਿਅ ਰੂਪੁ ਨ ਪੇਖੈ ਨੇਤ੍ਰ।। “ {ਗਉੜੀ ਸੁਖਮਨੀ ਮਃ ੫, ਪੰਨਾ ੨੭੪}
ਪਰਾਈ ਇਸਤ੍ਰੀ ਦੇ ਹੁਸਨ ਨੂੰ ਆਪਣੀਆਂ ਵਿਕਾਰੀ ਅੱਖਾਂ ਨਾਲ ਨਹੀਂ ਤੱਕਣਾ।
ਇਹ ਨਹੀਂ ਕਿ ਕੇਵਲ ਮਰਦ ਨੂੰ ਹੀ ਇਨ੍ਹਾਂ ਵਿਕਾਰਾਂ ਵਿੱਚ ਗਲਤਾਨ ਹੋਣ ਤੋਂ
ਮਨਾਹੀ ਕੀਤੀ ਹੈ, ਗੁਰਬਾਣੀ ਔਰਤ ਨੂੰ ਵੀ ਸਮਝਾਉਂਦੀ ਹੈ:
“ਢੂਢੇਦੀਏ ਸੁਹਾਗ ਕੂ, ਤਉ ਤਨਿ ਕਾਈ ਕੋਰ।। ਜਿਨਾੑ ਨਾਉ ਸੁਹਾਗਣੀ, ਤਿਨਾੑ
ਝਾਕ ਨ ਹੋਰ।। “ {ਸਲੋਕ ਸੇਖ ਫਰੀਦ ਕੇ, ਪੰਨਾ ੧੩੮੪}
ਸੁਹਾਗ ਨੂੰ ਭਾਲਣ ਵਾਲੀਏ ਤੇਰੇ ਆਪਣੇ ਅੰਦਰ ਹੀ ਕੋਈ ਕਸਰ ਹੈ। ਜਿਨ੍ਹਾਂ ਦਾ
ਨਾਮ ‘ਸੋਹਾਗਣਾਂ` ਹੈ ਉਹਨਾਂ ਦੇ ਅੰਦਰ ਕੋਈ ਹੋਰ ਟੇਕ ਨਹੀਂ ਹੁੰਦੀ।
ਸਿੱਖ ਦੇ ਜੀਵਨ ਨੂੰ ਦੋ ਸੌ ਸਾਲ ਇਨ੍ਹਾਂ ਗੁਣਾਂ ਨਾਲ ਸ਼ਿੰਗਾਰ ਕੇ,
ਵਿਕਾਰਾਂ ਤੋਂ ਮੁਕਤ ਕਰ, ਪਵਿੱਤਰ ਕਰਕੇ, ਸਿੱਖ ਦਾ ਉੱਚਾ ਸੁੱਚਾ ਜੀਵਨ ਆਚਰਣ ਬਣਾ ਕੇ, ਖਾਲਸਾ ਬਣਾ
ਦਿੱਤਾ ਅਤੇ ਉਸ ਖਾਲਸੇ ਨੂੰ ਉੱਚੇ ਸੁੱਚੇ ਆਚਰਣ ਦਾ ਪ੍ਰਤੀਕ ਕਛਿਹਰਾ ਪਹਿਨਾ ਦਿੱਤਾ।
ਕਛਿਹਰੇ ਦੀ ਬਣਤਰ ਵੀ ਵਿਸ਼ੇਸ਼ ਕਿਸਮ ਦੀ ਬਣਾਈ ਗਈ, ਪਰਿਵਾਰ ਵਿੱਚ ਧੀਆਂ
ਭੈਣਾਂ ਵਿੱਚ ਬੈਠਿਆਂ ਵੀ ਨੰਗੇਜ ਪ੍ਰਗਟ ਨਹੀਂ ਹੁੰਦਾ। ਇਸ ਬਣਤਰ ਬਾਰੇ, ਕੁੱਝ ਸਮਾਂ ਪਹਿਲੇ
ਪੜ੍ਹੀ, ਇੱਕ ਖਾਸ ਖਬਰ ਧਿਆਨ ਵਿੱਚ ਆਈ ਹੈ। ਕਿਸੇ ਗੁਰਧਾਮ ਦੇ ਦਰਸ਼ਨਾ ਲਈ ਜਾ ਰਹੀ ਇੱਕ ਬੱਸ ਦੀ
ਜ਼ਬਰਦਸਤ ਟੱਕਰ ਹੋ ਗਈ। ਉਸ ਵਿੱਚ ਸੁਆਰ ਯਾਤਰੂਆਂ ਵਿੱਚੋਂ ਕਈਆਂ ਦੀ ਮੌਤ ਹੋ ਗਈ, ਕਈ ਬੁਰੀ ਤਰ੍ਹਾਂ
ਜ਼ਖਮੀ ਹੋ ਗਏ। ਕੁੱਝ ਦੇ ਕਪੜੇ ਬੁਰੀ ਤਰ੍ਹਾਂ ਫਟ ਗਏ ਅਤੇ ਕੁੱਝ ਦੇ ਖਿਲਰ ਗਏ। ਇਥੋਂ ਤੱਕ ਕੇ ਕਈਆਂ
ਦਾ ਨੰਗੇਜ ਨਜ਼ਰ ਆਉਣ ਲੱਗ ਪਿਆ। ੳਥੇ ਜੋ ਪੁਲੀਸ ਪਾਰਟੀ ਪੁੱਜੀ, ਉਸ ਦਾ ਇੰਚਾਰਜ ਇੱਕ ਅਨਮਤੀਆ ਸੀ,
ਉਸ ਵੇਖਿਆ, ਜਿਨ੍ਹਾਂ ਕਛਹਿਰੇ ਪਾਏ ਹੋਏ ਸਨ ਉਨ੍ਹਾਂ ਦਾ ਨੰਗੇਜ ਪ੍ਰਗਟ ਨਹੀਂ ਸੀ ਹੋਇਆ। ਉਹ ਇੱਕ
ਦਮ ਬੋਲ ਉਠਿਆ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੋ ਜੀਵਦਿਆਂ ਦੇ ਵੀ ਪੜਦੇ ਕਜਦਾ ਹੈ ਅਤੇ ਜਿਸ
ਮੋਇਆਂ ਦੇ ਵੀ ਪੜਦੇ ਕੱਜੇ।
ਸਿੱਖ ਦਾ ਕਛਹਿਰਾ ਸਿੱਖ ਦੇ ਉੱਚੇ ਸੁੱਚੇ ਆਚਰਣ ਦਾ ਪ੍ਰਤੀਕ ਹੈ, ਜੇ ਪਰਾਈ
ਧੀ ਭੈਣ ਨੂੰ ਵੇਖ ਕੇ ਸਿੱਖ ਦੇ ਅੱਖ ਵਿੱਚ ਮੈਲ ਨਹੀਂ ਆਉਂਦੀ ਤਾਂ ਕਛਹਿਰਾ ਕਕਾਰ ਪਾਇਆ ਹੈ ਅਤੇ ਜੇ
ਸਿੱਖ ਕਿਸੇ ਤਰ੍ਹਾਂ ਵੀ ਆਚਰਣ ਹੀਨ ਹੈ ਤਾਂ ਉਸ ਨੇ ਜਨੇਉ ਪਾਇਆ ਹੈ।
ਕ੍ਰਿਪਾਨ
ਕ੍ਰਿਪਾਨ ਬਾਰੇ ਬਹੁਤ ਸਾਰੀ ਵਿਚਾਰ, ਤੀਸਰੀ ਕਿਸ਼ਤ ਵਿੱਚ ਪਾਹੁਲ ਤਿਆਰ ਕਰਨ
ਦੇ ਤਰੀਕੇ ਵਿੱਚ, ਖੰਡੇ ਦੇ ਗੁਣਾਂ ਦੀ ਗੱਲ ਕਰਦਿਆਂ, ਖੜਗ ਦੇ ਸਬੰਧ ਵਿੱਚ ਕੀਤੀ ਜਾ ਚੁੱਕੀ ਹੈ,
ਇਸ ਲਈ ਸਾਰੀ ਗੱਲ ਨੂੰ ਦੁਹਰਾਉਣ ਦਾ ਤਾਂ ਕੋਈ ਮਤਲਬ ਨਹੀਂ ਬਣਦਾ ਪਰ ਇੱਕ ਗੱਲ ਇਥੇ ਦੁਹਰਾਉਣਾ ਮੈਂ
ਜ਼ਰੂਰੀ ਸਮਝਦਾ ਹਾਂ। ਇਸ ਖੜਗ ਨੂੰ ਭਾਰਤੀ ਵਿਵਸਥਾ ਵਿੱਚ ਤਲਵਾਰ ਕਿਹਾ ਜਾਂਦਾ ਸੀ। ਤਲਵਾਰ ਇੱਕ
ਜ਼ੁਲਮ ਕਰਨ ਵਾਲਾ ਸ਼ਸਤ੍ਰ ਮੰਨਿਆ ਗਿਆ ਹੈ, ਇਸ ਨਾਂ ਦਾ ਜਨਮ ਹੀ ਜ਼ੁਲਮ ਦੀ ਪਰਿਭਾਸ਼ਾ ਵਿੱਚੋਂ ਹੋਇਆ
ਹੈ, ਤਲੇ+ਵਾਰ, ਭਾਵ ਥੱਲੇ ਪਏ (ਕਮਜ਼ੋਰ) ਉਤੇ ਵਾਰ ਕਰਨ ਵਾਲਾ ਸ਼ਸਤ੍ਰ, ਜ਼ੁਲਮ ਕਰਨ ਵਾਲਾ ਹਥਿਆਰ।
ਸਤਿਗੁਰੂ ਨੇ ਜਦੋਂ ਇਸ ਨੂੰ ਸਿੱਖ ਦੇ ਗੱਲ ਪੁਆਇਆ ਤਾਂ ਇਸ ਦਾ ਨਾਂ ਬਦਲ ਕੇ ਕ੍ਰਿਪਾਨ ਕਰ ਦਿੱਤਾ।
ਕ੍ਰਿਪਾਨ ਸ਼ਬਦ ਵੀ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆਂ ਹੈ। ਕ੍ਰਿਪਾ+ਆਨ। ਭਾਵ ਉਹ ਸ਼ਸਤ੍ਰ ਜਿਸ ਦੀ
ਵਰਤੋਂ ਕਿਸੇ ਮਜ਼ਲੂਮ ਤੇ ਕਿਰਪਾ ਕਰਨ ਲਈ, ਭਾਵ ਉਸ ਦੀ ਰਖਿਆ ਕਰਨ ਲਈ ਜਾਂ ਆਪਣੀ ਆਨ ਦੀ ਰੱਖਿਆ
ਵਾਸਤੇ ਕੀਤੀ ਜਾਵੇ। ਇਸ ਤਰ੍ਹਾਂ ਕ੍ਰਿਪਾਨ ਜਿਥੇ ਸਿੱਖ ਦੀ ਆਨ ਦੀ ਪ੍ਰਤੀਕ ਹੈ, ਉਥੇ ਇਸ ਗੱਲ ਦੀ
ਵਚਨਬੱਧਤਾ ਹੈ ਕਿ ਸਿੱਖ ਹਰ ਹਾਲਤ ਵਿੱਚ ਮਜ਼ਲੂਮ ਦੀ ਰਖਿਆ ਵਾਸਤੇ ਬਹੁੜੇਗਾ। ਆਣ ਨਾਲ ਜੀਣ ਦਾ
ਅਧਿਕਾਰ ਕੇਵਲ ਅਜ਼ਾਦ ਲੋਕਾਂ ਨੂੰ ਹੋਇਆ ਕਰਦਾ ਹੈ, ਗੁਲਾਮ ਜਾਂ ਪ੍ਰਾਧੀਨ ਲੋਕ ਆਣ ਨਾਲ ਜੀਣ ਦੇ
ਸੁਫਣੇ ਵੀ ਨਹੀਂ ਵੇਖ ਸਕਦੇ, ਹਾਂ! ਕਈ ਵਾਰੀ ਜਦੋਂ ਸੋਚ ਗੁਲਾਮੀ ਨੂੰ ਪ੍ਰਵਾਣ ਕਰ ਚੁੱਕੀ ਹੋਵੇ,
ਤਾਂ ਇਹ ਭਰਮ ਜ਼ਰੂਰ ਪਾਲ ਲਈ ਦਾ ਹੈ। ਇਸ ਤਰ੍ਹਾਂ ਕ੍ਰਿਪਾਨ ਸਿੱਖ ਦੀ ਅਜ਼ਾਦ ਹਸਤੀ ਦੀ ਵੀ ਪ੍ਰਤੀਕ
ਹੈ।
ਇਥੇ ਵਧੇਰੇ ਵਿਚਾਰਨ ਦੀ ਗੱਲ ਇਹ ਹੈ ਕਿ ਕੀ ਖਾਲਸੇ ਨੇ ਕ੍ਰਿਪਾਨ ਦੇ
ਇਨ੍ਹਾਂ ਗੁਣਾਂ ਨੂੰ ਜੀਵਨ ਵਿੱਚ ਅਮਲੀ ਰੂਪ ਵਿੱਚ ਅਪਣਾਇਆ ਹੈ? ਕੀ ਮਜ਼ਲੂਮ ਤੇ ਜ਼ੁਲਮ ਹੁੰਦਾ ਵੇਖ,
ਸਿੱਖ ਉਸ ਜ਼ੁਲਮ ਖਿਲਾਫ ਅਵਾਜ਼ ਬੁਲੰਦ ਕਰਦਾ ਹੈ? ਕੀ ਸਿੱਖ ਕਿਸੇ ਦੀ ਧੀ ਭੈਣ ਦੀ ਇਜ਼ਤ ਨੂੰ ਖਤਰੇ
ਵਿੱਚ ਵੇਖ ਕੇ, ਉਸ ਦੀ ਇਜ਼ਤ ਦੀ ਰਾਖੀ ਵਾਸਤੇ ਬਹੁੜਦਾ ਹੈ? ਕੀ ਸਿੱਖ ਆਪਣੀ ਕੌਮ ਦੀ ਜਾਂ ਆਪਣੀ
ਨਿਜੀ ਅਣਖ ਤੇ ਚੋਟ ਪੈਣ ਤੇ, ਉਸ ਖਿਲਾਫ ਜੂਝਣ ਲਈ ਨਿਤਰਦਾ ਹੈ? ਜੇ ਇਨ੍ਹਾਂ ਸੁਆਲਾਂ ਦਾ ਜੁਆਬ ਹਾਂ
ਹੈ, ਤਾਂ, ਸਿੱਖ ਨੇ ਕ੍ਰਿਪਾਨ ਕਕਾਰ ਪਹਿਨਿਆ ਹੈ, ਨਹੀਂ ਤਾਂ ਜਨੇਊ ਪਹਿਨਿਆ ਹੈ।
ਇਥੇ ਇਹ ਵੀ ਧਿਆਨ ਰਖਣ ਯੋਗ ਹੈ ਕਿ ਅਣਖ ਦੇ ਨਾਂ ਤੇ ਕਿਤੇ ਅਸੀਂ ਆਪਣੀ
ਹਉਮੈ ਨੂੰ ਤਾਂ ਪੱਠੇ ਨਹੀਂ ਪਾ ਰਹੇ ਅਤੇ ਕਿਸੇ ਮਜ਼ਲੂਮ ਦੀ ਮਦਦ ਕਰਨ ਦੇ ਨਾਂ ਤੇ ਆਪਣੀ ਕੋਈ ਨਿਜੀ
ਕਿੜ ਤਾਂ ਨਹੀਂ ਕੱਢ ਰਹੇ? ਸਦਾ ਸੁਚੇਤ ਰਹਿਣ ਦੀ ਲੋੜ ਹੈ ਕਿ ਕਿਤੇ ਸਾਡੀ ਕ੍ਰਿਪਾਨ ਤਲਵਾਰ ਨਾ ਬਣ
ਜਾਵੇ। ਸਿੱਖ ਦੀ ਕ੍ਰਿਪਾਨ ਵੇਖ ਕੇ ਜ਼ਾਲਮ ਅੰਦਰ ਡਰ ਅਤੇ ਆਮ ਵਿਅਕਤੀ ਦੇ ਅੰਦਰ ਸੁਰੱਖਿਆਂ ਦੀ
ਭਾਵਨਾ ਆਉਣੀ ਚਾਹੀਦੀ ਹੈ।
ਕਕਾਰਾਂ ਦੀ ਸੰਭਾਲ
ਕਕਾਰ ਧਾਰਨ ਕਰਨ ਦਾ ਮਤਲਬ ਹੀ ਇਹ ਹੈ ਕਿ ਇਨ੍ਹਾਂ ਨੂੰ ਸਦਾ ਅੰਗ ਸੰਗ ਰਖਣਾ
ਹੈ ਪਰ ਇਸ ਤੋਂ ਇਹ ਭਰਮ ਵੀ ਨਹੀਂ ਪਾਲ ਲੈਣਾ ਚਾਹੀਦਾ ਹੈ ਕਿ ਜੇ ਕਿਸੇ ਮਜਬੂਰੀ ਦੀ ਹਾਲਤ ਵਿੱਚ
ਇਨ੍ਹਾਂ ਵਿਚੋਂ ਕਿਸੇ ਨੂੰ ਕੁੱਝ ਪਲ ਲਈ ਅਲੱਗ ਕਰਨਾ ਪੈ ਗਿਆ ਤਾਂ ਅੰਮ੍ਰਿਤ ਖੰਡਤ ਹੋ ਗਿਆ ਹੈ।
ਇਥੇ ਇਸ ਗਲ ਨੂੰ ਸਪਸ਼ਟ ਕਰਨ ਲਈ ਆਪਣੇ ਜੀਵਨ ਵਿੱਚ ਹੋਈਆਂ ਦੋ ਵਾਰਤਾਂ ਨੂੰ ਦਸਣਾ ਚਾਹਾਂਗਾ। ਪਹਿਲਾ
ਇੱਕ ਸਿੱਖ ਰਾਜਸੀ ਆਗੂ ਨੇ ਇਹ ਸੁਆਲ ਪੁੱਛਿਆ ਸੀ ਕਿ ਕੀ ਜੇ ਨਹਾਉਣ ਲੱਗਿਆਂ ਕ੍ਰਿਪਾਨ ਕਿੱਲੀ ਤੇ
ਟੰਗ ਲਈ ਜਾਵੇ ਤਾਂ ਕੀ ਅੰਮ੍ਰਿਤ ਖੰਡਤ ਹੋ ਜਾਂਦਾ ਹੈ? ਦਾਸ ਨੇ ਉਸ ਨੂੰ ਵੀ ਇਹੀ ਬੇਨਤੀ ਕੀਤੀ ਸੀ
ਕਿ ਇਹ ਕੋਈ ਐਸਾ ਕੱਚਾ ਧਾਗਾ ਨਹੀਂ ਜੋ ਇੰਝ ਇੱਕ ਪਲ ਵਿੱਚ ਟੁੱਟ ਜਾਂਦਾ ਹੈ ਪਰ ਉਸ ਵਿੱਚ ਖਤਰਾ ਇਹ
ਰਹਿ ਜਾਂਦਾ ਹੈ ਕਿ ਕਈ ਵਾਰੀ ਇਤਨੇ ਅਵੇਸਲੇ ਹੋ ਜਾਈਦਾ ਹੈ ਕਿ ਕ੍ਰਿਪਾਨ ਕਿੱਲੀ ਤੇ ਹੀ ਟੰਗੀ ਰਹਿ
ਜਾਂਦੀ ਹੈ। ਸਿੱਖ ਨੇ ਇਸ ਅਵੇਸਲੇ ਪਨ ਤੋਂ ਬਚਣਾ ਹੈ। ਇੱਕ ਦੂਸਰੀ ਘਟਨਾ, ਇੱਕ ਗੁਰਦੁਆਰਾ ਸਾਹਿਬ
ਦੇ ਬੜੇ ਸੁਲਝੇ ਹੋਏ ਪ੍ਰਚਾਰਕ ਨੂੰ ਆਪਣੇ ਵਖਿਆਨ ਵਿੱਚ ਇਹ ਕਹਿੰਦੇ ਸੁਣਿਆ, ਕਿ ਜੇ ਸਿੱਖ ਦੇ ਕਕਾਰ
ਉਸ ਦੇ ਸਰੀਰ ਤੋਂ ਅਲੱਗ ਹੋ ਜਾਣ ਤਾਂ ਉਸ ਦਾ ਅੰਮ੍ਰਿਤ ਛਕਿਆ ਖੰਡਤ ਹੋ ਜਾਂਦਾ ਹੈ, ਜੇ ਕੰਘਾ
ਵਾਹੁੰਦਿਆਂ ਕੰਘਾ ਹੱਥੋਂ ਡਿੱਗ ਪਵੇ ਜਾਂ ਕਈ ਵਾਰ ਕ੍ਰਿਪਾਨ ਗਾਤਰੇ ਚੋਂ ਢਹਿ ਪੈਂਦੀ ਹੈ ਤਾਂ
ਅੰਮ੍ਰਿਤ ਖੰਡਤ ਹੋ ਜਾਂਦਾ ਹੈ। ਦਾਸ ਨੂੰ ਬੜੀ ਹੈਰਾਨਗੀ ਹੋਈ ਅਤੇ ਪ੍ਰਚਾਰਕ ਸਾਹਿਬ ਨੂੰ ਅਲੱਗ ਮਿਲ
ਕੇ ਪੁਛਿਆ, ਕਿ ਭਾਈ ਸਾਹਿਬ ਫਿਰ ਤਾਂ ਸਿੱਖ ਦਾ ਅੰਮ੍ਰਿਤ ਬ੍ਰਾਹਮਣ ਦੇ ਜਨੇਊੇ ਨਾਲੋਂ ਵੀ ਕੱਚਾ
ਹੋਇਆ, ਜਿਹੜਾ ਪੱਲ ਭਰ ਕਕਾਰਾਂ ਦੇ ਜਿਸਮ ਨਾਲੋਂ ਅਲੱਗ ਹੋਣ ਨਾਲ ਹੀ ਖੰਡਤ ਹੋ ਜਾਂਦਾ ਹੈ ਤਾਂ ਉਹ
ਪੁੱਛਣ ਲੱਗਾ ਫਿਰ ਕਿਵੇਂ ਖੰਡਤ ਹੁੰਦਾ ਹੈ? ਉਸ ਨੂੰ ਦਿੱਤੇ ਜੁਆਬ ਨੂੰ ਹੀ ਮੈਂ ਸੰਗਤਾਂ ਨਾਲ
ਸਾਂਝਾ ਕਰਨਾ ਚਾਹੁੰਦਾ ਹਾਂ। ਭਾਵੇ ਕਕਾਰਾਂ ਨੂੰ ਇੱਕ ਪੱਲ ਵੀ ਸਰੀਰ ਨਾਲੋਂ ਜੁਦਾ ਨਾ ਕੀਤਾ ਹੋਵੇ
ਪਰ ਜਦੋਂ ਸਿੱਖ ਪਾਹੁਲ ਛਕਣ ਦੇ ਰੂਪ ਵਿੱਚ ਕੀਤਾ ਪ੍ਰਣ ਭੁਲ ਜਾਂਦਾ ਹੈ ਤਾਂ ਸਭ ਕੁੱਝ ਖੰਡਤ ਹੋ
ਜਾਂਦਾ ਹੈ। ਪਾਹੁਲ ਦਾ ਪ੍ਰਣ ਖੰਡਤ ਹੁੰਦਾ ਹੈ ਜਦੋਂ ਸਿੱਖ ਕਛਿਹਰਾ ਪਾਕੇ, ਕਿਸੇ ਪਰਾਈ ਇਸਤ੍ਰੀ
ਵੱਲ ਭੈੜੀ ਨਜ਼ਰ ਨਾਲ ਵੇਖਦਾ ਹੈ, ਜਦੋਂ ਕੜਾ ਪਾਕੇ, ਵਹਿਮ ਭਰਮ ਕਰਦਾ ਹੈ, ਜਦੋਂ ਕ੍ਰਿਪਾਨ ਪਾਕੇ
ਕਿਸੇ ਮਜ਼ਲੂਮ ਤੇ ਹੋ ਰਹੇ ਜ਼ੁਲਮ ਨੂੰ ਵੇਖ ਕੇ ਅੱਖ ਬਚਾ ਕੇ ਲੰਘ ਜਾਂਦਾ ਹੈ। ਇਸ ਦਾ ਭਾਵ ਇਹ
ਬਿਲਕੁਲ ਨਹੀਂ ਕਿ ਅਸੀਂ ਕਕਾਰਾਂ ਦੀ ਸੰਭਾਲ ਪ੍ਰਤੀ ਅਵੇਸਲੇ ਹੋਣਾ ਹੈ। ਲੇਕਿਨ ਜਿਤਨਾ ਕਕਾਰਾਂ ਦੀ
ਸੰਭਾਲ ਪ੍ਰਤੀ ਸੁਚੇਤ ਹੋਣਾ ਹੈ, ਉਤਨੀ ਦ੍ਰਿੜਤਾ ਨਾਲ ਹੀ ਇਨ੍ਹਾਂ ਦੇ ਸਿਧਾਂਤਾਂ ਪ੍ਰਤੀ ਵੀ ਸੁਚੇਤ
ਰਹਿਣਾ ਹੈ, ਜਦਕਿ ਅੱਜ ਹੋ ਇਸਦੇ ਬਿਲਕੁਲ ਉਲਟ ਰਿਹਾ ਹੈ। ਖਾਲਸੇ ਦਾ ਪਾਹੁਲ ਦਾ ਪ੍ਰਣ ਖੰਡਤ ਹੁੰਦਾ
ਹੈ ਜਦੋਂ ਉਸ ਦਾ ਗੁਰਮਤਿ ਦੇ ਇਲਾਹੀ ਅਸੂਲਾਂ ਤੋਂ ਵਿਸ਼ਵਾਸ ਉਠ ਜਾਂਦਾ ਹੈ।
ਚਲਦਾ …. .