. |
|
ਚਰਨ ਪਾਹੁਲ
ਇਸ ਹਕੀਕਤ ਨੂੰ ਹਰ ਕੋਈ ਜਾਣਦਾ ਹੈ ਕਿ ਖਾਣ ਪੀਣ ਦਾ ਸੰਬੰਧ ਸਰੀਰ ਨਾਲ ਹੈ
ਮਨ ਨਾਲ ਨਹੀ। ਚੰਗਾ ਮੰਦਾ ਖਾਣ ਨਾਲ ਉਸਦਾ ਅਸਰ ਸਰੀਰ ਤੇ ਪਵੇਗਾ ਮਨ ਤੇ ਨਹੀ ਪਰ ਇਸ ਦੇ ਉਲਟ ਮਨ
ਦਾ ਅਸਰ ਸਰੀਰ ਜ਼ਰੂਰ ਕਬੂਲ ਕਰਦਾ ਹੈ ਕਿਉਂਕਿ ਸਰੀਰ ਨੂੰ ਚਲਾਉਣ ਵਾਲਾ ਤਾਂ ਆਖਿਰ ਮਨ ਹੀ ਹੈ।
ਗੁਰਬਾਣੀ ਸਾਰੀ ਹੀ ਮਨ ਦੀ ਸਾਧਨਾ ਹੈ ਇਸ ਲਈ ਅਗਰ ਕਿਸੇ ਖੁਰਾਕ ਦਾ ਸੰਬੰਧ ਸਿੱਧਾ ਮਨ ਉਤੇ ਹੋ
ਸਕਦਾ ਹੁੰਦਾ ਤਾਂ ਗੁਰਬਾਣੀ ਵਿੱਚ ਐਸੀ ਖੁਰਾਕ ਦਾ ਵੇਰਵਾ ਦੇ ਕੇ ਉਸ ਤੋਂ ਜ਼ਰੂਰ ਵਰਜਿਆਂ ਗਿਆ
ਹੁੰਦਾ। ਮਨ ਵਿੱਚ ਵਿਕਾਰ ਖੁਰਾਕ ਤੋਂ ਪੈਦਾ ਨਹੀ ਹੁੰਦੇ, ਉਹ ਤਾਂ ਪਹਿਲਾਂ ਹੀ ਮਨ ਦੇ ਅੰਦਰ ਪਏ
ਹਨ। ਆਪੇ ਮਾਇਆ ਆਪੇ ਛਾਇਆ॥
ਆਪੇ ਮੋਹੁ ਸਭੁ ਜਗਤੁ ਉਪਾਇਆ॥ (125)। ਜਿਸ
ਖੁਰਾਕ ਦਾ ਸੰਬੰਧ ਸਿੱਧਾ ਮਨ ਨਾਲ ਹੈ ਉਹ ਕੋਈ ਬਾਹਰਲੀ ਖੁਰਾਕ ਨਹੀ ਤੇ ਗੁਰੂ ਉਸਦਾ ਵੇਰਵਾ ਦੇ ਕੇ
ਸੁਚੇਤ ਵੀ ਕਰਦਾ ਹੈ: ਮਾਇਆ
ਮੋਹੁ ਸਭੁ ਦੁਖੁ ਹੈ ਖੋਟਾ ਇਹੁ ਵਾਪਾਰਾ ਰਾਮ॥ ਕੂੜੁ ਬੋਲਿ ਬਿਖੁ ਖਾਵਣੀ ਬਹੁ ਵਧਹਿ ਵਿਕਾਰਾ ਰਾਮ॥
(570)। ਭਾਵ: ਹੇ ਭਾਈ ਮਾਇਆ ਦਾ ਮੋਹ ਨਿਰਾ ਦੁਖ
ਹੀ (ਪੈਦਾ ਕਰਦਾ) ਹੈ। ਇਹ ਆਤਮਕ ਜੀਵਨ ਵਿੱਚ ਘਾਟਾ ਪਾਉਣ ਵਾਲਾ ਵਾਪਾਰ ਹੈ। ਝੂਠ ਬੋਲਣਾ ਹੀ
ਜ਼ਹਿਰ ਖਾਣ ਦੇ ਤੁਲ ਹੈ
ਜਿਸ ਨਾਲ ਮਨ ਵਿੱਚ ਅਨੇਕਾਂ ਵਿਕਾਰ ਵੱਧ ਜਾਂਦੇ ਹਨ। ਜਿਸ ਖੁਰਾਕ ਨੇ ਵਿਕਾਰ ਪੈਦਾ ਕਰਨੇ ਹਨ ਉਹ
ਬਾਹਰ ਨਹੀ ਮਨ ਦੇ ਅੰਦਰ ਹੀ ਪਈ ਹੈ।
ਕਪੜ ਭੋਗ ਵਿਕਾਰ ਏ ਹਭੇ ਹੀ ਛਾਰ॥ ਖਾਕ
ਲ+ੜੇਂਦਾ ਤੰਨਿ ਖੇਹ ਜੋ ਰਤੇ ਦੀਦਾਰ॥ (1098)।
ਭਾਵ: (ਪਰਮਾਤਮਾ ਦੀ ਯਾਦ ਤੋਂ ਬਿਨਾ) ਖਾਣ ਹੰਢਾਣ (ਦੇ ਪਦਾਰਥ) ਵਿਕਾਰ (ਪੈਦਾ ਕਰਦੇ ਹਨ। ਇਸ
ਵਾਸਤੇ ਅਸਲ ਵਿਚ) ਇਹ ਸਾਰੇ ਸੁਆਹ ਸਮਾਨ ਹਨ (ਉੱਕੇ ਹੀ ਨਿਕੰਮੇ ਹਨ)। (ਇਸ ਲਈ) ਮੈਂ ਉਹਨਾ ਬੰਦਿਆਂ
ਦੇ ਚਰਨਾਂ ਦੀ ਧੂੜ ਭਾਲਦਾ ਹਾਂ ਜੋ ਪ੍ਰਭੂ ਦੇ ਦੀਦਾਰ ਵਿੱਚ ਰੰਗੇ ਹੋਏ ਹਨ। (ਚਰਨਾ ਦੀ ਧੂੜ ਤੋਂ
ਭਾਵ ਵੀ ਉਹਨਾ ਦੀ ਸਿਖਿਆ ਹੈ)। ਅਸਲ ਵਿੱਚ ਇਹ ਖਾਣ ਹੰਢਾਣ ਵਾਲੇ ਬਾਹਰਲੇ ਪਦਾਰਥ (ਸੁਆਹ ਜਾਂ
ਨਿਕੰਮੇ ਨਹੀ ਅਤੇ) ਵਿਕਾਰ ਨਹੀ ਪੈਦਾ ਕਰਦੇ ਬਲਿਕੇ ਇਹਨਾ ਦੇ ਰਸਾਂ ਦਾ ਮੋਹ ਜਾਂ ਪਕੜ (ਜੋ ਮਨ ਦੇ
ਅੰਦਰ ਹੀ ਹੈ) ਹੀ ਵਿਕਾਰ ਹੈ। ਖਾਣਾਂ, ਹੰਢਾਣਾਂ ਛੱਡ ਕੇ ਵੀ ਵਿਕਾਰਾਂ ਤੋਂ ਬਚਿਆ ਨਹੀ ਜਾ ਸਕੇਗਾ
ਤੇ ਨਾ ਹੀ ਕੋਈ ਚੰਗੀ ਖੁਰਾਕ ਦੇ ਖਾਣ ਨਾਲ ਗੁਣਾਂ ਨੇ ਅੰਦਰ ਆ ਵਸਣਾ ਹੈ ਕਿਉਂਕਿ ਜਿਸ (ਵਿਕਾਰ)
ਤੋਂ ਬਚਣਾ ਹੈ ਉਹ ਬਾਹਰ ਨਹੀ ਮਨ ਦੇ ਅੰਦਰ ਹੀ ਹੈ। ਇਸੇ ਗਲ ਦਾ ਹੀ ਸਪਸ਼ਟੀਕਰਨ ਹੈ:
ਛੋਡਹਿ ਅੰਨੁ ਕਰੇ ਪਾਖੰਡ॥ ਨਾ
ਸੋਹਾਗਨਿ ਨਾ ਓਹਿ ਰੰਡ॥ (873)। ਖਾਣ ਵਾਲੇ
ਪਦਾਰਥਾਂ ਨੂੰ ਛੱਡਣਾ ਪਾਖੰਡ ਹੋਵੇਗਾ, ਇਹਨਾਂ ਨੂੰ ਛਡਿਆ ਨਹੀ ਜਾ ਸਕਦਾ ਕਿਉਂਕਿ ਇਹ ਜੀਵਨ ਦਾ
ਆਧਾਰ ਹਨ ਪਰ ਜੇ ਇਹਨਾ ਦਾ ਸੰਬੰਧ ਮਨ ਨਾਲ ਹੁੰਦਾ ਤਾਂ ਵੇਰਵਾ ਪਾ ਕੇ ਉਹਨਾ ਵਿਕਾਰਵਾਧੀ ਪਦਾਰਥਾਂ
ਵਲੋਂ ਸੂਚਤ ਕੀਤਾ ਜਾਣਾ ਸੀ।
ਐਸਾ ਦਾਰੂ ਖਾਹਿ ਗਵਾਰ॥ ਜਿਤੁ ਖਾਧੈ ਤੇਰੇ ਜਾਹਿ ਵਿਕਾਰ॥ (1257)।
ਭਾਵ: ਹੇ ਮੂਰਖ ਜੀਵ, ਐਸੀ ਦਵਾਈ ਖਾਹ ਜਿਸਦੇ ਖਾਧਿਆਂ
ਤੇਰੇ ਸਾਰੇ ਵਿਕਾਰ ਨਾਸ ਹੋ ਜਾਣ। ਹੁਣ ਇਹ ਤਾਂ ਸਾਰੇ ਜਾਣਦੇ ਹਨ ਕਿ ਅੱਜ ਤੱਕ ਕੋਈ ਐਸੀ ਬਾਹਰਲੀ
ਦਵਾਈ (ਜਾਂ ਹੋਰ ਪਦਾਰਥ) ਨਹੀ ਬਣੀ ਜਿਸ ਨਾਲ ਮਨ ਦੇ ਅੰਦਰਲੇ ਵਿਕਾਰ ਨਾਸ ਹੋ ਸਕਣ ਕਿਉਂਕਿ ਇਹਨਾ
ਦਾ ਸੰਬੰਧ ਮਨ ਨਾਲ ਨਹੀ, ਸਰੀਰ ਨਾਲ ਹੈ। ਬਾਹਰਲੇ ਪਦਾਰਥ ਆਪੇ ਵਿੱਚ ਕੋਈ ਵਿਕਾਰ ਪੈਦਾ ਨਹੀ ਕਰਦੇ,
ਵਿਕਾਰ (ਕਾਮ, ਕ੍ਰੋਧ, ਲੋਭ, ਮੋਹ ਅਹੰਕਾਰ) ਤਾਂ ਜਨਮ ਤੋਂ ਹੀ ਅੰਦਰ ਪਏ ਹਨ। ਗੁਰਬਾਣੀ ਵਿੱਚ
ਜਿੱਥੇ ਇਹ ਆਖਿਆ ਗਿਆ ਹੈ:
ਬਾਬਾ ਹੋਰੁ ਖਾਣਾ ਖੁਸੀ ਖੁਆਰੁ॥ ਜਿਤੁ ਖਾਧੈ ਤਨੁ ਪੀੜੀਐ ਮਨੁ ਮਹਿ ਚਲਹਿ ਵਿਕਾਰੁ॥ (16)।
ਇਸ ਸਾਰੇ ਸ਼ਬਦ ਵਿੱਚ ਰਸਾਂ ਤੋਂ ਵਰਜਿਆ ਗਿਆ ਹੈ ਕਿਉਂਕਿ
ਰਸ ਹੀ ਮੋਹ ਹੈ। ਕਿਸੇ ਇੱਕ ਰਸ ਨਾਲ ਜੁੜ ਜਾਣਾ (ਅਟੈਚ ਹੋ ਜਾਣਾ) ਹੀ ਮੋਹ ਹੈ, ਚਾਹੇ ਉਹ ਰਸ ਖਾਣ,
ਪੀਣ, ਪਹਿਨਣ, ਤੀਰ ਅੰਦਾਜ਼ੀ, ਘੋੜ ਸਵਾਰੀ … ਆਦਿਕ. . ਦਾ ਹੀ ਹੋਵੇ।
ਰਸੁ ਸੁਇਨਾ ਰਸੁ ਰੁਪਾ ਕਾਮਣਿ ਰਸੁ
ਪਰਮਲ ਕੀ ਵਾਸੁ॥ ਰਸੁ ਘੋੜੇ ਰਸੁ ਸੇਜਾ ਮੰਦਰਿ ਰਸੁ ਮੀਠਾ ਰਸੁ ਮਾਸੁ॥ ਏਤੇ ਰਸ ਸਰੀਰ ਕੇ ਕੈ ਘਟਿ
ਨਾਮ ਨਿਵਾਸੁ॥ (15)। ਭਾਵ: ਸੋਨਾ ਚਾਂਦੀ (ਇਕੱਠਾ
ਕਰਨ) ਦਾ ਚਸਕਾ, ਇਸਤ੍ਰੀ (ਭਾਵ ਕਾਮ) ਦਾ ਚਸਕਾ, ਸੁਗੰਧੀਆਂ ਦੀ ਲਗਨ, ਘੋੜਿਆਂ ਦੀ ਸਵਾਰੀ ਦਾ
ਸ਼ੌਂਕ, (ਨਰਮ ਨਰਮ) ਸੇਜਾ ਤੇ (ਸੋਹਣੇ) ਮਹਿਲ ਮਾੜੀਆਂ ਦੀ ਲਾਲਸਾ, ਸੁਆਦਲੇ ਮਿੱਠੇ ਪਦਾਰਥ, ਤੇ ਮਾਸ
ਖਾਣ ਦਾ ਚਸਕਾ। ਜੇ ਮਨੁੱਖ ਸਰੀਰ ਨੂੰ ਇਤਨੇ ਚਸਕੇ (ਰਸ, ਮੋਹ) ਲੱਗੇ ਹੋਏ ਹੋਣ ਤਾਂ ਪਰਮਾਤਮਾ ਦੇ
ਨਾਮ ਦਾ ਟਿਕਾਣਾ ਕਿੱਥੇ ਹੋ ਸਕਦਾ ਹੈ? ਇਸ ਲਈ ਖਾਣ ਦਾ ਸੰਬੰਧ ਤਨ ਨਾਲ ਹੈ ਪਰ ਖਾਣ ਦੇ ਚਸਕੇ (ਰਸ,
ਮੋਹ) ਦਾ ਸੰਬੰਧ ਮਨ ਨਾਲ ਹੈ ਕਿਉਂਕਿ ਇਹ ਪਹਿਲਾਂ ਹੀ ਮਨ ਅੰਦਰ ਮੌਜੂਦ ਹੈ। ਖੁਰਾਕ ਉਹ ਨਹੀ ਖਾਣੀ
ਜੋ ਤਨ ਨੂੰ ਪੀੜਤ ਕਰੇ ਤੇ ਮੋਹ (ਪਕੜ) ਕਿਸੇ (ਖਾਣ ਦੇ) ਰਸਾਂ ਨਾਲ ਨਹੀ ਪਾਉਣਾ ਕਿਉਂਕਿ ਇਹੀ
ਵਿਕਾਰ ਦਾ ਚਲਣਾ ਹੈ। ਇਹ ਸਾਰੇ ਗੁਰਪ੍ਰਮਾਣ ਦੇਣ ਤੋਂ ਭਾਵ ਇਹ ਸੀ ਕਿ ਖਾਣ ਜਾਂ ਪੀਣ ਵਾਲੇ ਬਾਹਰਲੇ
ਪਦਾਰਥ ਵਿਕਾਰ ਨਹੀ ਪੈਦਾ ਕਰਦੇ ਕਿਉਂਕਿ ਵਿਕਾਰ ਤਾਂ ਪਹਿਲਾਂ ਹੀ ਅੰਦਰ ਮੌਜੂਦ ਹਨ। ਪਦਾਰਥਾਂ ਦੇ
ਰਸਾਂ ਦੀ ਆਸ, ਕਾਮਨਾ, ਇੱਛਾ, ਚਾਹਤ, ਲੋਚ, ਫਿਰ ਇਹਨਾ ਦਾ ਲੋਭ, ਮੋਹ, ਪਕੜ, ਤ੍ਰਿਸ਼ਨਾ ਤੇ ਫਿਰ
ਇਹਨਾ ਦਾ ਅਹੰਕਾਰ …. ਇਹ ਸਾਰੇ ਦੇ ਸਾਰੇ ਵਿਕਾਰ ਅੰਦਰ ਪਏ ਹਨ ਪਰ ਮਨੁੱਖ ਇਹਨਾ (ਵਿਕਾਰਾਂ) ਦਾ
ਦੋਸ਼ ਬਾਹਰਲੇ ਪਦਾਰਥਾਂ ਤੇ ਥੋਪ ਦਿੰਦਾ ਹੈ। ਖਾਣ ਪੀਣ ਦਾ ਸੰਬੰਧ ਸਰੀਰ ਨਾਲ ਹੈ ਮਨ ਨਾਲ ਨਹੀ।
ਇੰਟਰਨੈੱਟ ਤੇ ਇੱਕ ਵੀਡੀੳ ਵਿੱਚ ਕੁੱਝ ਬੀਬੀਆਂ ਨੇ ਕਿਸੇ ਇੱਕ ਅਖੌਤੀ ਬਾਬੇ
ਦੇ ਚਰਨਾਂ ਨੂੰ ਮਲ ਮਲ ਕੇ ਪਾਣੀ ਨਾਲ ਧੋਤਾ ਤੇ ਫਿਰ ਉਸ ਪਾਣੀ ਨੂੰ ਬੁੱਕਾਂ ਨਾਲ ਪੀਣਾ ਸ਼ੁਰੂ ਕਰ
ਦਿੱਤਾ। ਇਹ ਅਜੂਬਾ ਪਹਿਲੀ ਵਾਰ ਹੀ ਅੱਖਾਂ ਨਾਲ ਵੇਖਣ ਨੂੰ ਮਿਲਿਆ। ਇਸ ਨੂੰ ਚਰਣ ਪਾਹੁਲ ਦਾ ਨਾਮ
ਦਿੱਤਾ ਜਾਂਦਾ ਹੈ। ਇਸ ਕ੍ਰਿਸ਼ਮੇ ਨੂੰ ਵੇਖ ਕੇ ਅਹਿਸਾਸ ਹੁੰਦਾ ਹੈ ਕਿ ਸਿੱਖ ਜਗਤ ਗੁਰਬਾਣੀ ਤੋਂ
ਕਿਤਨਾ ਦੂਰ (ਅਗਿਆਤ) ਹੋ ਚੁੱਕਾ ਹੈ। ਇਹ ਤਾਂ ਮੰਨਿਆ ਜਾ ਸਕਦਾ ਹੈ ਕਿ ਪੁਰਾਤਨ ਸਮਿਆਂ ਵਿੱਚ
ਅਗਿਆਨਤਾ ਕਾਰਨ ਲੋਕ ਅਜੇਹੀਆਂ ਰੀਤਾਂ ਰਸਮਾ ਵਿੱਚ ਉਲਝ ਗਏ ਹੋਣ, ਪਰ ਅੱਜ, ਗਿਆਨ ਦੇ ਯੁੱਗ ਅੰਦਰ,
ਗੁਰੂ ਗ੍ਰੰਥ ਸਾਹਿਬ ਜੀ ਦੇ ਅਮੋਲਕ ਖਜ਼ਾਨੇ ਦੇ ਕੋਲ ਹੁੰਦਿਆਂ ਅਜੇਹੀਆਂ ਹਰਕਤਾਂ ਇੱਕ ਖਤਰੇ ਦੀ
ਘੰਟੀ ਵਜਾ ਰਹੀਆਂ ਹਨ। ਅਗਰ ਅਜੇ ਵੀ ਗੁਰਦੁਅਰਿਆਂ ਵਿੱਚ ਨਿਰੋਲ ਗੁਰਬਾਣੀ ਦਾ ਪ੍ਰਚਾਰ ਸ਼ੁਰੂ ਨਾ
ਕੀਤਾ ਗਿਆ ਤਾਂ ਇਹਨਾ ਅਖੌਤੀ ਵਿਹਲੜ, ਆਲਸੀ ਤੇ ਲਾਲਚੀ ਬਾਬਿਆਂ ਦੀ ਗੁਲਾਮੀ ਵਿਚੋਂ ਨਿਕਲਿਆ ਨਹੀ
ਜਾਵੇਗਾ। ਉਪਰੋਕਤ ਗੁਰਪ੍ਰਮਾਣਾਂ ਤੋਂ ਇਹ ਤਾਂ ਵੇਖ ਲਿਆ ਹੈ ਕਿ ਬਾਹਰਲੀ ਖੁਰਾਕ ਜਾਂ ਜਲ ਨੇ ਮਨ ਦਾ
ਕੁਛ ਨਹੀ ਸਵਾਰਨਾ ਕਿਉਂਕਿ ਉਸਦਾ ਮਨ ਨਾਲ ਕੋਈ ਸੰਬੰਧ ਨਹੀ ਹੈ। ਗੁਰਬਾਣੀ ਹੀ ਇਸ ਨੂੰ ਸਪਸ਼ਟ ਕਰਦੀ
ਹੈ ਕਿ ਬਾਹਰਲਾ ਜਲ ਸਰੀਰ ਦੀ ਮੈਲ ਨੂੰ ਤਾਂ ਧੋ ਸਕਦਾ ਹੈ ਪਰ ਮਨ (ਦੇ ਵਿਕਾਰਾਂ ਦੀ ਮੈਲ) ਨੂੰ ਨਹੀ
ਧੋ ਸਕਦਾ ਹੈ। ਅਨਿਕ ਜਲਾ ਜੇ
ਧੋਵੈ ਦੇਹੀ॥ ਮੈਲੁ ਨ ਉਤਰੈ ਸੁਧੁ ਨ ਤੇਹੀ॥ (199)।
ਭਾਵ: ਜੇ ਮਨੁੱਖ ਅਨੇਕਾਂ (ਤੀਰਥਾਂ ਦੇ) ਪਾਣੀਆਂ ਨਾਲ
ਦੇਹੀ ਨੂੰ ਧੋਂਦਾ ਰਹੇ ਤਾਂ ਭੀ ਉਸਦੇ ਮਨ ਦੀ ਮੈਲ ਨਹੀ ਲਹਿੰਦੀ। ਇਹ ਇਸ ਲਈ ਹੈ ਕਿਉਂਕਿ ਬਾਹਰਲੇ
ਜਲ ਦਾ ਸੰਬੰਧ ਤਨ ਨਾਲ ਹੈ, ਤਨ ਦੀ ਮੈਲ ਤਾਂ ਉਤਰ ਜਾਵੇਗੀ ਪਰ ਅੰਦਰੂਨੀ ਮਨ ਦੀ ਮੈਲ ਨਹੀ ਉਤਰਨੀ
ਕਿਉਂਕਿ ਬਾਹਰਲੇ ਜਲ ਦਾ ਮਨ ਨਾਲ ਕੋਈ ਸੰਬੰਧ ਨਹੀ। ਇਸ ਲਈ ਬਾਹਰਲੀ ਚਰਣ ਪਾਹੁਲ ਨੇ ਮਨ ਦਾ ਕੁੱਛ
ਨਹੀ ਸਵਾਰਨਾ ਪਰ ਗੰਦਗੀ ਕਾਰਨ ਸਰੀਰਕ ਰੋਗ ਲੱਗਣ ਦੀ ਸੰਭਾਵਨਾ ਜ਼ਰੂਰ ਹੈ। ਗੁਰਬਾਣੀ ਫੁਰਮਾਨ ਹੈ:
ਬਾਣੀ ਗੁਰੂ ਗੁਰੂ ਹੈ ਬਾਣੀ
ਵਿਚਿ ਬਾਣੀ ਅੰਮ੍ਰਿਤ ਸਾਰੇ॥ ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥ (982)।
ਭਾਵ: (ਹੇ ਭਾਈ, ਗੁਰੂ ਦੀ) ਬਾਣੀ ਹੀ (ਸਿੱਖ ਦਾ)
ਗੁਰੂ ਹੈ, ਗੁਰੂ ਬਾਣੀ ਵਿੱਚ ਮੌਜੂਦ ਹੈ। ਗੁਰਬਾਣੀ ਵਿੱਚ ਆਤਮਕ ਜੀਵਨ ਦੇਣ ਵਾਲਾ ਨਾਮ- ਜਲ (ਹੈ,
ਜਿਸ ਨੂੰ ਹਰ ਵੇਲੇ ਸਿੱਖ ਆਪਣੇ ਹਿਰਦੇ ਵਿਚ) ਸਾਂਭ ਰਖਦਾ ਹੈ। ਗੁਰੂ ਬਾਣੀ ਉਚਾਰਦਾ ਹੈ, (ਗੁਰੂ
ਦਾ) ਸੇਵਕ ਉਸ ਬਾਣੀ ਉਤੇ ਸ਼ਰਧਾ ਧਾਰਦਾ ਹੈ। ਗੁਰੂ ਉਸ ਸਿੱਖ ਨੂੰ ਯਕੀਨੀ ਤੌਰ ਤੇ ਸੰਸਾਰ ਸਮੁੰਦਰ
ਤੋਂ ਪਾਰ ਲੰਘਾ ਦਿੰਦਾ ਹੈ। (ਗੁਰਬਾਣੀ ਤੇ ਸ਼ਰਧਾ ਧਾਰਨ ਦਾ ਮਤਲਬ ਗੁਰਬਾਣੀ ਤੇ ਚੱਲਣ ਤੋਂ ਹੈ)।
ਹੁਣ ਗੁਰਬਾਣੀ ਅਨੁਸਾਰ ਹੀ ਅਗਰ ਬਾਣੀ ਗੁਰੂ ਹੈ ਤਾਂ ਗੁਰੂ ਦੇ “ਚਰਣ” ਵੀ ਗੁਰਬਾਣੀ ਹੀ ਹੋ ਸਕਦੇ
ਹਨ ਤੇ ਇਸੇ ਨੂੰ ਹੀ ਉਹ “ਆਤਮਕ ਜਲ” ਆਖਿਆ ਗਿਆ ਹੈ ਜਿਸਨੇ ਮਨ ਦੀ ਮੈਲ ਨੂੰ ਧੋ ਕੇ ਸੰਸਾਰ ਸਮੁੰਦਰ
ਤੋਂ ਪਾਰ ਲੰਘਾਣਾ ਹੈ ਇਸ ਲਈ ਸਿੱਖ ਲਈ ਗੁਰੂ ਦੀ “ਚਰਣ ਪਾਹੁਲ” ਗੁਰਬਾਣੀ ਹੀ ਹੈ। ਗੁਰਬਾਣੀ ਵਿੱਚ
ਅਨੇਕਾਂ ਵਾਰ ਗੁਰੂ, ਸਾਧ ਜਾਂ ਸੰਤ ਦੇ ਚਰਣਾ ਦਾ ਜ਼ਿਕਰ ਆਇਆ ਹੈ ਜਿਸ ਤੋਂ ਭਾਵ (ਗੁਰੂ) ਗੁਰਬਾਣੀ
ਹੀ ਹੈ। ਗੁਰੂ ਦੇ ਚਰਣਾਂ ਨੂੰ ਹਿਰਦੇ ਵਿੱਚ ਵਸਾਉਣ ਦਾ ਭਾਵ ਵੀ ਗੁਰੂ ਦੀ ਸਿਖਿਆ (ਗਿਆਨ) ਨੂੰ ਮਨ
ਵਿੱਚ ਵਸਾਉਣ ਤੋਂ ਹੀ ਹੈ ਕਿਉਂਕਿ ਇਹੀ ਸਿੱਖ ਦਾ ਆਸਰਾ ਹੈ:
ਚਰਣ ਕਮਲ ਕਾ ਆਸਰਾ ਦੂਜਾ ਨਾਹੀ ਠਾਉ॥
ਮੈ ਧਰ ਤੇਰੀ ਪਾਰਬ੍ਰਹਮ ਤੇਰੈ ਤਾਣਿ ਰਹਾਉ॥ ਨਿਮਾਣਿਆ ਪ੍ਰਭੁ ਮਾਣੁ ਤੂੰ ਤੇਰੈ ਸੰਗਿ ਸਮਾਉ॥ (46)।
ਭਾਵ: (ਹੇ ਪਾਰਬ੍ਰਹਮ, ਮੈਨੂੰ ਤੇਰੇ ਹੀ) ਸੋਹਣੇ
ਚਰਣ ਕਮਲਾਂ ਦਾ ਆਸਰਾ ਹੈ ਤੇ (ਤੈਥੋਂ ਬਿਨਾ) ਮੇਰਾ ਹੋਰ ਕੋਈ ਥਾਂ ਨਹੀ ਹੈ। ਮੈਨੂੰ ਤੇਰੀ ਹੀ ਓਟ
ਹੈ ਤੇ ਮੈ ਤੇਰੇ ਹੀ ਦਿੱਤੇ ਬਲ ਨਾਲ ਜਿਉਂਦਾ ਹਾਂ। ਜਿਨ੍ਹਾ ਦਾ ਜਗਤ ਵਿੱਚ ਕੋਈ ਆਦਰ ਮਾਨ ਨਹੀ,
ਤੂੰ ਉਹਨਾ ਦਾ ਵੀ ਮਾਣ ਹੈਂ (ਮਿਹਰ ਕਰ) ਮੈ ਤੇਰੇ ਚਰਨਾਂ ਵਿੱਚ ਲੀਨ ਰਹਾਂ। ਪਾਰਬ੍ਰਹਮ ਤੇ ਗੁਰੂ
ਵਿੱਚ ਕੋਈ ਭੇਦ ਨਾ ਹੋਣ ਕਰਕੇ ਜੋ ਗੁਰੂ ਦੇ ਚਰਨ ਕਮਲ (ਗੁਰਬਾਣੀ) ਹਨ ਉਹੀ ਪਾਰਬ੍ਰਹਮ ਦੇ ਚਰਨ ਕਮਲ
ਹਨ ਤੇ ਇਹੀ ਗੁਰੂ ਦੇ ਚਰਨ ਕਮਲਾਂ ਦੀ ਪਾਹੁਲ ਹੈ। ਗੁਰੂ ਦੀ ਸਿਖਿਆ (ਗੁਰਬਾਣੀ) ਨਾਲ ਤਾਂ
ਪਾਰਬ੍ਰਹਮ ਸੰਗ ਸਮਾਇਆ ਜਾਵੇਗਾ ਪਰ ਕਿਸੇ ਬਾਹਰਲੀ ਤਰਲ ਵਸਤੂ (ਚਰਣ ਪਾਹੁਲ) ਨਾਲ ਇਹ ਨਹੀ ਹੋ
ਸਕੇਗਾ। ਹਿਰਦੈ ਚਰਨ ਕਮਲ
ਪ੍ਰਭ ਧਾਰੇ॥ ਪੂਰੇ ਸਤਿਗੁਰ ਮਿਲਿ ਨਿਸਤਾਰੇ॥
(193)। ਭਾਵ: ਜਿਹੜੇ ਮਨੁੱਖ ਪਰਮਾਤਮਾ ਦੇ ਸੁੰਦਰ ਚਰਨ (ਗੁਰਬਾਣੀ, ਗਿਆਨ, ਉਪਦੇਸ਼) ਆਪਣੇ ਹਿਰਦੇ
ਵਿੱਚ ਟਿਕਾਂਦੇ ਹਨ ਉਹ ਪੂਰੇ ਸਤਿਗੁਰੂ ਨੂੰ ਮਿਲ ਕੇ ਸੰਸਾਰ ਸਮੁੰਦਰੋਂ ਪਾਰ ਲੰਘ ਜਾਂਦੇ ਹਨ।
ਗੁਰਬਾਣੀ ਤਾਂ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਕਰ ਦੇਵੇਗੀ ਪਰ ਬਾਹਰਲੀ ਚਰਨ ਪਾਹੁਲ ਨੇ ਨਾ ਕਿਸੇ
ਦਾ ਕੁੱਝ ਸਵਾਰਿਆ ਹੈ ਤੇ ਨਾ ਹੀ ਸਵਾਰਨਾ ਹੈ।
ਉਕਤਿ ਸਿਆਣਪ ਸਗਲੀ ਤਿਆਗੁ॥ ਸੰਤ ਜਨਾ
ਕੀ ਚਰਨੀ ਲਾਗੁ॥ (176)। ਭਾਵ: ਹੇ ਭਾਈ, ਅਪਣੀਆਂ
ਦਲੀਲਾਂ ਤੇ ਸਿਆਣਪਾਂ ਸਾਰੀਆਂ ਛੱਡ ਕੇ ਸੰਤਾਂ (ਗੁਰੂ, ਗੁਰਬਾਣੀ, ਗੁਰਗਿਆਨ) ਨਾਲ ਲਗ ਜਾਹ। ਅਗਰ
ਗੁਰੂ ਦੇ ਚਰਨ ਗੁਰਬਾਣੀ ਹਨ ਤਾਂ ਚਰਨ ਪਾਹੁਲ ਗੁਰਬਾਣੀ ਬਿਨਾ ਕੁਛ ਹੋਰ ਨਹੀ ਹੋ ਸਕਦੀ। ਹੋਰ
ਅਨੇਕਾਂ ਐਸੇ ਗੁਰਪ੍ਰਮਾਣ ਸਪਸ਼ਟ ਕਰਦੇ ਹਨ ਕਿ ਸ਼ਬਦ ਗੁਰੂ ਦੇ ਚਰਨ ਜਾਂ ਚਰਨ ਪਾਹੁਲ ਗੁਰਬਾਣੀ ਬਿਨਾ
ਕੁਛ ਹੋਰ ਨਹੀ ਹੋ ਸਕਦਾ ਪਰ ਇਹਨਾ ਅਖੌਤੀ ਸਾਧਾਂ, ਸੰਤਾਂ ਤੇ ਬਾਬਿਆਂ ਨੇ ਭੋਲੀ ਭਾਲੀ ਮਨੁੱਖਤਾ
ਨੂੰ ਭਰਮ ਭੁਲੇਖਿਆਂ ਵਿੱਚ ਪਾ ਕੇ ਆਪਣੇ ਚਰਨਾਂ ਦੀ ਪਾਹੁਲ ਹੀ ਦੇਣੀ ਸ਼ੁਰੂ ਕਰ ਦਿੱਤੀ ਹੈ ਜੋ ਕੇ
ਮਨੁੱਖਤਾ ਨਾਲ ਨਿਰਾ ਧੋਖਾ, ਫਰੇਬ, ਜਾਂ ਛੱਲ ਹੈ॥ ਇਹ ਸਾਰਾ ਨਤੀਜਾ ਗੁਰੂ ਦੀ ਸਿਖਿਆ ਤੋਂ ਅਗਿਆਤ
ਹੋਣ ਦਾ ਹੀ ਹੈ। ਜਦੋਂ ਬਾਹਰਲੀ ਚਰਨ ਪਾਹੁਲ ਗੁਰਮਤਿ ਦਾ ਸਿਧਾਂਤ ਹੀ ਨਹੀ ਤਾਂ ਇਹ ਰੀਤ ਕਿਸਨੇ,
ਕਦੋਂ ਤੇ ਕਿਉਂ ਚਲਾਈ, ਜਾਨਣ ਦੀ ਲੋੜ ਹੀ ਪੈਦਾ ਨਹੀ ਹੁੰਦੀ। ਇਸ ਲਈ ਅੱਜ ਲੋੜ ਹੈ ਕਿ ਗੁਰਬਾਣ ਨੂੰ
ਮੁੜਕੇ ਗੁਰਦੁਆਰਿਆਂ ਦਾ ਸ਼ਿੰਗਾਰ ਬਣਾਈਏ ਤੇ ਆਪ ਪੜ੍ਹ, ਸੁਣ, ਤੇ ਬੁਝ ਕੇ ਮਨ ਵਸਾਈਏ ਤਾਂ ਕੇ
ਇਹਨਾਂ ਅਖੌਤੀ ਸਾਧ, ਸੰਤ ਤੇ ਬਾਬਿਆਂ ਦੇ ਵਛਾਏ ਮਾਇਆ ਦੇ ਜਾਲਾਂ ਤੋਂ ਬਚ ਸਕੀਏ।
ਹਉ ਵਾਰੀ ਜੀਉ ਵਾਰੀ ਪੜਿ ਬੁਝਿ ਮਨਿ
ਵਸਾਵਣਿਆ॥ (127)।
ਦਰਸ਼ਨ ਸਿੰਘ,
ਵੁਲਵਰਹੈਂਪਟਨ, ਯੂ. ਕੇ.
|
. |