ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਦੁਨੀਆਂ ਦੇ ਇਤਿਹਾਸ `ਚ ਲਫ਼ਜ਼ ‘ਸਿੱਖ’
ਕਿੱਧਰੇ ਨਹੀਂ ਮਿਲਦਾ। ਅੱਜ ਸਾਡੇ ਕਈ ਬੁਲਾਰੇ ਬੜੇ ਫ਼ਖਰ ਨਾਲ ਕਹੀ ਫ਼ਿਰਦੇ ਹਨ ‘ਅਜੀ! ਸਿੱਖ ਦਾ
ਮਤਲਬ ਹੈ: ‘ਸ਼ਿਸ਼ਯ, ਵਿਦਿਆਰਥੀ, ਸਟੂਡੈਂਟ, ਤਾਲਿਬ ਇਲਮ, ਡੈਸੀਪਲ, ਸ਼ਗ਼ਿਰਦ’ ਤੇ ਪਤਾ ਨਹੀਂ ਕੀ ਕੀ?
ਅਜਿਹੇ ਸੱਜਨਾਂ ਨੂੰ ਆਪਣੀ ਬੋਲੀ ਵੱਲ ਧਿਆਨ ਦੇਣ ਦੀ ਵੱਡੀ ਲੋੜ ਹੈ। ਜੇ ਇਨੀਂ ਹੀ ਗੱਲ ਹੁੰਦੀ ਤਾਂ
ਗੁਰੂ ਪਾਤਸ਼ਾਹ ਸਾਡੇ ਤੋਂ ਕਈ ਗੁਣਾ ਵੱਧ ਭਾਸ਼ਾਵਾਂ ਜਾਣਦੇ ਸਨ। ਉਨ੍ਹਾਂ ਨੂੰ ਨਵਾਂ ਲਫ਼ਜ਼ ‘ਸਿੱਖ’
ਘੱੜ ਕੇ ਸਾਡੇ ਲਈ ਵਰਤਣ ਦੀ ਲੋੜ ਨਹੀਂ ਸੀ। ਇਸੇ ਕਾਰਨ ਇਹ ਵਿਸ਼ਾ ਵੀ ਖ਼ਾਸ ਧਿਆਨ ਮੰਗਦਾ ਹੈ।
‘ਸਿੱਖ’ ਦਾ ਮਤਲਬ ਇਕੋ ਹੀ ਹੈ-ਬਾਣੀ ਦੀ ‘ਸਿਖਿਆ ਦਾ ਸਿੱਖ’। ਸੁਆਲ
ਪੈਦਾ ਹੁੰਦਾ ਹੈ ਆਖਿਰ ਬਾਣੀ ਦੀ ਸਿਖਿਆ ਦਾ ਹੀ ਕਿਉਂ? ਕਿਸੇ ਹੋਰ ਦੀ ਸਿਖਿਆ ਦਾ ਕਿਉਂ ਨਹੀਂ?
ਸਨਿਮ੍ਰ ਉੱਤਰ ਹੈ ਕਿ ਇਹ ਲਫ਼ਜ਼ ਬਖਸ਼ਿਆ ਵੀ ਬਾਣੀ ਰਾਹੀਂ ਹੈ ਅਤੇ ਕੇਵਲ ਬਾਣੀ ਦੀ ਸਿਖਿਆ `ਤੇ ਚਲਣ
ਵਾਲੇ ਮਨੁੱਖ ਲਈ, ਕਿਸੇ ਹੋਰ ਲਈ ਨਹੀਂ। ਫ਼ੁਰਮਾਨ ਹੈ “ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ
ਕੇ ਭਾਣੇ ਵਿਚਿ ਆਵੈ” (ਪੰਨਾ 601) ਅਤੇ “ਗੁਰਸਿਖ ਮੀਤ ਚਲਹੁ ਗੁਰ ਚਾਲੀ॥ ਜੋ
ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ” (ਪੰਨਾ 667) ਪਾਤਸ਼ਾਹ ਹੋਰ
ਫੁਰਮਾਉਂਦੇ ਹਨ “ਸਿਖੀ ਸਿਖਿਆ ਗੁਰ ਵੀਚਾਰਿ॥ ਨਦਰੀ ਕਰਮਿ ਲਘਾਏ ਪਾਰਿ” (ਪੰ: 465)
ਭਾਵ ‘ਸਿੱਖ ਦਾ ਮਤਲਬ ਇਕੋ ਹੀ ਹੈ, ‘ਜਿਹੜਾ ਮਨੁੱਖ ਬਾਣੀ ਦੀ ਵੀਚਾਰ ਕਰਕੇ, ਗੁਰੂ ਦੀ ਸਿਖਿਆ
ਅਨੁਸਾਰ ਜੀਵਨ ਬਤੀਤ ਕਰੇ’ ਉਸ ਤੋਂ ਬਿਨਾ ਨਹੀਂ। ਤਾਂ ਤੇ ਇਸ ਲਫ਼ਜ਼ ਦੇ ਵਾਧੂ ਦੇ ਅਰਥ ਕਰਣੇ
ਸਾਡੀ ਅਪਣੀ ਨਾਸਮਝੀ ਦਾ ਹੀ ਪ੍ਰਗਟਾਵਾ ਹੈ।
ਬਾਣੀ ਰਾਹੀਂ ‘ਸਿੱਖ’ ਦੇ ਅਰਥ ਸਮਝੀਏ ਤਾਂ ‘ਸਿੱਖ’ ਲਈ ਦੋਨੋਂ ਹੀ ਸ਼ਰਤਾਂ
ਲਾਗੂ ਹੁੰਦੀਆਂ ਹਨ: ਪਹਿਲਾ-ਸਰੂਪ ਵਾਲਾ ਪੱਖ ਤੇ ਦੂਜਾ-ਸੁਭਾਅ ਵਾਲਾ ਪੱਖ।
ਕੇਸ ਮਨੁੱਖੀ ਸਰੂਪ ਦਾ ਕੁਦਰਤੀ ਤੇ ਅਨਿੱਖੜਵਾਂ ਅੰਗ ਹਨ ਅਤੇ ਸਾਡਾ ਸੁਭਾਅ ਘੜ੍ਹਣਾ
ਹੈ, ਗੁਰਬਾਣੀ ਨੇ। ਮਨੁੱਖ ਜਦੋਂ ਬਾਹਰੌਂ, ਆਪਣੇ ਪ੍ਰਭੂ ਬਖ਼ਸ਼ੇ ਮਨੁੱਖੀ ਸਰੂਪ ਦੀ ਸੰਭਾਲ ਕਰਦਾ
ਹੈ ਤੇ ਅੰਦਰੋਂ ਗੁਰਬਾਣੀ ਸਿਖਿਆ ਵੱਲ ਵੱਧਦਾ ਹੈ, ਤਾਂ ਉਸ ਨੂੰ ਸਿੱਖ’ ਕਿਹਾ ਹੈ। ਪੰਜ
ਪਿਆਰਿਆਂ ਰਾਹੀਂ, ਗੁਰੂ ਗ੍ਰੰਥ ਸਾਹਿਬ ਸਾਹਿਬ ਜੀ ਦੀ ਹਜ਼ੂਰੀ `ਚ ਪਾਹੁਲ ਲੈਣ ਦਾ ਮਤਲਬ ਵੀ
ਗੁਰਬਾਣੀ ਦੀ ਸਿਖਿਆ ਉਪਰ ਜੀਵਨ ਭਰ ਚਲਣ ਦਾ ਹੀ ਪ੍ਰਣ ਹੈ।
‘ਸਿੱਖ ਧਰਮ’ ਸੁਆਸ ਸੁਆਸ ਦਾ ਧਰਮ ਹੈ-ਸਿੱਖ ਧਰਮ’, ਦਿਨ-ਰਾਤ ਤੇ ਜੀਵਨ
ਦੇ ਹਰੇਕ ਪਲ ਦੀ ਸੰਭਾਲ ਦਾ ਨਾਮ ਹੈ। ਇਹ ਸੁਆਸ ਸੁਆਸ ਦਾ ਧਰਮ ਹੈ। ਮਨੁੱਖ- ਡਾਕਟਰ,
ਇੰਜੀਨੀਅਰ, ਵਿਗਿਆਨੀ, ਦੁਕਾਨਦਾਰ `ਤੇ ਕੁੱਝ ਵੀ ਬਣਦਾ ਹੈ ਪਰ ਸੱਚ ਧਰਮ ਤੋਂ ਬਿਨਾ ਉਹ ਸਭ ਕੁੱਝ
ਬਣਕੇ ਵੀ, ਸੱਚਾ ਇਨਸਾਨ ਨਹੀਂ ਬਣ ਸਕਦਾ। ਨਿਜੀ, ਪਰਿਵਾਰਿਕ, ਰਾਜਸੀ ਤੇ ਜੀਵਨ ਦੇ ਹਰ ਕਿੱਤੇ, ਹਰ
ਖੇਤਰ `ਚ ਉਸ ਲਈ ‘ਸੱਚ ਧਰਮ’ ਦੀ ਵਰਤੋਂ ਜ਼ਰੂਰੀ ਹੈ। ਇਹੀ ਹੈ ਅਸਲ `ਚ ‘ਜੀਵਨ ਦਾ ਵਿਗਿਆਨ’ ; ਜਿਸ
ਬਿਨਾ ਮਨੁੱਖ, ਆਪਣਾ ਸਾਰਾ ਜੀਵਨ ਪਸ਼ੂ ਦੀ ਨਿਆਈ ਹੀ ਬਤੀਤ ਕਰ ਦਿੰਦਾ ਹੈ।
ਸੱਚ ਇਹੀ ਹੈ ਕਿ 500 ਤੋਂ ਉਪਰ ਵਰ੍ਹੇ ਹੋ ਗਏ ਹਨ ਪਰ ਸਾਨੂੰ ਅਜੇ
ਇਹ ਵੀ ਸਮਝ ਨਹੀਂ ਆਈ ਕਿ ਗੁਰੂ ਪਾਤਸ਼ਾਹ ਨੇ ਦਸ ਜਾਮੇਂ ਧਾਰਨ ਕਰਕੇ ਸੰਸਾਰ ਨੂੰ ਜੋ ਧਰਮ
ਬਖਸ਼ਿਆ-ਅਸਲ `ਚ ਉਹ ਧਰਮ ਹੈ ਕੀ? ਮੂਲ ਰੂਪ `ਚ ਇਹੀ ਧਰਮ-ਹਰੇਕ ਮਨੁੱਖ ਦਾ ਅਸਲ ਤੇ ਮੂਲ ਧਰਮ ਹੈ।
ਪਾਤਸ਼ਾਹ ਨੇ ਕੇਵਲ ਧਰਮਾ ਦੀ ਗਿਣਤੀ `ਚ ਵਾਧਾ ਕਰਣ ਲਈ ਸਿੱਖ ਧਰਮ ਨੂੰ ਪ੍ਰਗਟ ਨਹੀਂ ਸੀ ਕੀਤਾ
ਬਲਕਿ ਇਸ ਤਰ੍ਹਾਂ ਮਨੁੱਖ ਮਾਤ੍ਰ ਅੰਦਰੋਂ ਮਰ ਚੁੱਕੇ ਇਲਾਹੀ, ਸੱਚ ਤੇ ਸਦੀਵੀ ਧਰਮ ਨੂੰ ਹੀ ਪ੍ਰਗਟ
ਕੀਤਾ ਸੀ।
ਗੁਰੂ ਪਾਤਸ਼ਾਹ ਤੋਂ ਪਾਹੁਲ ਲੈ ਕੇ ਜਿਨ੍ਹਾਂ ਜੀਉੜਿਆਂ ਨੇ ਆਪਣੇ ਆਪ
ਨੂੰ ਗੁਰਬਾਣੀ ਜੀਵਨ ਦੇ ਸਮਰਪਣ ਕਰ ਦਿੱਤਾ, ਗੁਰਬਾਣੀ `ਚ ਪਾਤਸ਼ਾਹ ਨੇ ਉਨ੍ਹਾਂ ਵਾਸਤੇ ਹੀ ਸ਼ਬਦ
‘ਸਿੱਖ’ ਵਰਤਿਆ। ਜਿਹੜੇ ਅਜੇ ਇਸ ਜੀਵਨ ਪਦਵੀ ਨੂੰ ਪ੍ਰਾਪਤ ਨਹੀਂ ਸਨ ਹੋਏ, ਉਨ੍ਹਾਂ ਲਈ ਸਫ਼ਜ਼ “ਸਖਾ,
ਮਿੱਤਰ, ਬੰਧਪ” ਆਦਿ ਵਰਤੇ ਹਨ। ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਗੁਰਗੱਦੀ ਦੀ ਜ਼ਿਮੇਵਾਰੀ ਗੁਰੂ ਅੰਗਦ
ਪਾਤਸ਼ਾਹ ਦੇ ਸਪੁਰਦ ਕਰ ਦਿੱਤੀ ਤਾਂ ‘ਸਿੱਖ’ ਕੇਵਲ ਉਹੀ ਕਹਿਲਵਾਏ ਜੋ ਦੂਜੇ ਪਾਤਸ਼ਾਹ ਦੀ ਸ਼ਰਣ `ਚ
ਆਏ। ਜਿਹੜੇ ਸ੍ਰੀ ਚੰਦ ਦੇ ਜਾ ਕਿਸੇ ਹੋਡ ਡੇਰੇ ਵੱਲ ਭੱਟਕ ਗਏ ਉਹ ਭਾਵੇਂ ਕੁੱਝ ਵੀ ਹੋਣ ਪਰ ਸਿੱਖ
ਨਹੀਂ ਸਨ ਕਹਿਲਵਾਏ। ਇਸੇ ਤਰ੍ਹਾਂ ਦਰਜਾ-ਬਦਰਜਾ ਵਿਸਾਖੀ ਸੰਨ 1699 ਨੂੰ ਜਦੋਂ
ਗੁਰੂ ਪਾਤਸ਼ਾਹ ਨੇ ਪੰਥਕ ਜੁਗਤ ਵਰਤਾਉਣ ਦੀ ਸਰੀਰਕ ਜ਼ਿਮੇਵਾਰੀ ਪੰਜਾ ਪਿਆਰਿਆਂ ਦੇ ਰੂਪ `ਚ ਪੰਥ’ ਤੇ
ਪਾ ਦਿੱਤੀ ਅਤੇ ‘ਪਾਹੁਲ’ ਪ੍ਰਦਾਨ ਕਰਣ ਦਾ ਢੰਗ ਵੀ `ਚਰਨ ਪਾਹੁਲ’ ਤੋਂ ‘ਖੰਡੇ ਦੀ ਪਾਹੁਲ’ `ਚ ਬਦਲ
ਦਿੱਤਾ ਤਾਂ ‘ਗੁਰੂ ਨਾਨਕ ਦੇ ਸਿੱਖ’ ਕੇਵਲ ਉਹੀ ਰਹੇ ਜਿਨ੍ਹਾਂ ‘ਖੰਡੇ ਦੀ ਪਾਹੁਲ’ ਲੈ ਲਈ, ਦੂਜੇ
ਨਹੀਂ।
ਹੁਨ ਇਹ ਕਲੀਨ ਸ਼ੇਵਨ ਤੇ ਮਾਤਾ ਦੇ…? -ਦਿਲ ਰੋ ਉਠਦਾ ਹੈ ਜਦੋਂ ਅੱਜ
ਖੁੱਲੇਆਮ ਅਖਬਾਰਾਂ ਦੇ ਰਿਸ਼ਤੇ-ਨਾਤਿਆਂ ਵਾਲੇ ਕਾਲਮਾਂ `ਚ ਲਿਖਿਆ ਮਿਲਦਾ ਹੈ ਕਿ ਉਨ੍ਹਾਂ ਨੂੰ
‘ਕਲੀਨ ਸ਼ੇਵਨ’ ਸਿੱਖ ਦੀ ਮੰਗ ਹੈ। ਇਉਂ ਮਹਿਸੂਸ ਹੋਣ ਲਗਦਾ ਹੈ ‘ਜਿਵੇਂ ਸਿੱਖ ਧਰਮ ਦਾ ਅੱਜ ਕੋਈ
ਵਾਰਿਸ ਹੈ ਹੀ ਨਹੀਂ। ਕੀ ਮਜ਼ਾਕ ਅੱਜ ਬਣਾਇਆ ਹੈ ਅਸਾਂ ਸਿੱਖ ਧਰਮ ਦਾ। ਉਂਝ ਲੀਡਰੀ ਤੇ ਸਿੱਖੀ ਦੇ
ਪ੍ਰਚਾਰਕ ਹੋਣ ਦੀਆਂ ਟਾਹਰਾਂ ਮਾਰਨ ਵਾਲਿਆਂ ਦਾ ਘਾਟਾ ਨਹੀਂ; ਡੀਂਗਾ ਇੱਤਨੀਆਂ ਹਨ ਕਿ ਸਾਡੇ ਤੋਂ
ਵੱਡਾ ਪੰਥ ਦਾ ਕੋਈ ਹਿਤੈਸ਼ੀ ਹੀ ਨਹੀਂ ਰਿਹਾ। ਪਰ ਇਸ ‘ਹਨੇਰ’ ਨੂੰ ਲਗਾਮ ਦੇਣ ਵਾਲਾ ਸ਼ਾਇਦ ਕੋਈ ਵੀ
ਨਹੀਂ।
ਦੁਖ ਹੁੰਦਾ ਹੈ ਜਦੋਂ ਕੁੱਝ ਅਜਿਹੇ ਵੀਰ ਵੀ ਦੇਖਣ `ਚ ਆਉਂਦੇ ਹਨ ਜੋ ਸ਼ਕਲ
ਸੂਰਤ ਤੋਂ ਤਾਂ ਸਿੱਖ ਨਜ਼ਰ ਆਉਂਦੇ ਹਨ। ਆਪਣੇ ਆਪ ਨੂੰ ਕਹਲਵਾਉਂਦੇ ਵੀ ਸਿੱਖ ਹਨ, ਪਰ ਫੋਟੋਆਂ
ਲਟਕਾਈਆਂ ਹੁੰਦੀਆਂ ਹਨ ਸ਼ਿਵਜੀ, ਲਛਮੀ, ਦੁਰਗਾ ਆਦਿ ਦੀਆਂ। ਕਈ ਤਾਂ ਸਿੱਖੀ ਸਰੂਪ `ਚ ਜਗਰਾਤੇ ਕਰਵਾ
ਰਹੇ ਤੇ ਉਨ੍ਹਾਂ `ਚ ਸ਼ਾਮਿਲ ਵੀ ਹੋਏ ਹੁੰਦੇ ਹਨ ਜਾਂ ‘ਦੇਵੀ ਦਰਸ਼ਨ’ ਨੂੰ ਜਾ ਰਹੇ ਹੁੰਦੇ ਹਨ। ਗੱਲ
ਕਰੋ ਤਾਂ ਉਤੱਰ ਮਿਲਦਾ ਹੈ ‘ਜੀ ਅਸੀਂ ‘ਦੇਵੀ ਭਗਤ ਸਿੱਖ’ ਹਾਂ ਜਾਂ ‘ਸ਼ਿਵ ਭਗਤ ਸਿੱਖ’ ਹਾਂ।
ਜੇ ਸਚਮੁਚ ਉਹ ਸਿੱਖ ਹੀ ਹਨ ਤੇ ਗੁਰੂ ਨਾਨਕ ਨੂੰ ਅਪਣਾ ਗੁਰੂ ਮੰਣਦੇ ਹਨ
ਤਾਂ ਅਜਿਹੇ ਵੀਰਾਂ ਨੂੰ ਆਪਣੇ ਅੰਦਰ ਰਤਾ ਝਾਤ ਮਾਰਣ ਦੀ ਲੋੜ ਹੈ। ਗੁਰੂ ਪਾਤਸਾਹ ਨੇ ਤਾਂ ਇਨਸਾਨ
ਨੂੰ ਇਨ੍ਹਾਂ ਫੋਕਟ ਵਿਸ਼ਵਾਸਾਂ `ਚੋਂ ਕੱਢ ਕੇ, ਇੱਕ ਅਕਾਲਪੁਰਖ ਦੇ ਲੜ ਲਾਇਆ ਹੈ। ਗੁਰਬਾਣੀ ਅਨੁਸਾਰ
ਤਾਂ ਸਾਰੇ ਦੇਵੀਆਂ ਦੇਵਤੇ ਹੀ ਮਨੋਕਲਪਤ ਹਨ। ਇਨ੍ਹਾਂ ਦੇ ਭੁਲੇਖੇ `ਚ ਫਸਿਆ ਮਨੁੱਖ ਅਪਣੀ ਤਸੱਲੀ
ਵਾਸਤੇ ਭਾਵੇਂ ਕੁੱਝ ਵੀ ਕਹਿੰਦਾ ਫਿਰੇ ਕਿ ‘ਮੈਂ ਗੁਰੂ ਦਾ ਸਿੱਖ ਹਾਂ’ ਪਰ ਗੁਰੂ ਸਾਹਿਬ ਨੂੰ
ਅਜਿਹਾ ਮਨਜ਼ੂਰ ਨਹੀਂ।
ਫਿਰ ਦੇਵੀ ਜਾਂ ਸ਼ਿਵਜੀ ਨੇ ਤਾਂ ਕਦੇ ਕੋਈ ਸਿੱਖ ਧਰਮ ਚਲਾਇਆ ਹੀ ਨਹੀਂ;
ਜਿਹੜਾ ਕਿ ਉਹ ਆਪਣੇ ਆਪ ਨੂੰ ‘ਦੇਵੀ ਭਗਤ ਸਿੱਖ’ ਜਾਂ ‘ਸ਼ਿਵ ਭਗਤ ਸਿੱਖ’ ਕਹੀ ਫਿਰਦੇ ਹਨ। ਸਿੱਖ
ਧਰਮ ਤਾਂ ਪ੍ਰਗਟ ਹੀ ਗੁਰੂ ਨਾਨਕ ਪਾਤਸ਼ਾਹ ਨੇ ਕੀਤਾ ਹੈ ਤੇ ਸਿੱਖ ਦਾ ਮਤਲਬ ਵੀ ਇਕੋ ਹੈ- ‘ਗੁਰੂ
ਗ੍ਰੰਥ ਸਾਹਿਬ ਦੀ ਸਿਖਿਆ `ਤੇ ਚਲਣ ਵਾਲਾ ਮਨੁੱਖ’। ਜਿਹੜਾ ਮਨੁੱਖ ਇੱਕ ਅਕਾਲਪੁਰਖ ਤੋਂ ਬਿਨਾ ਕਿਸੇ
ਵੀ ਕਿਰਤਮ ਜਾਂ ਕਲਪਤ ਦਾ ਪੁਜਾਰੀ ਹੈ, ਜੈ ਮੜ੍ਹੀਆਂ, ਕੱਬਰਾਂ, ਮੂਰਤੀਆਂ, ਤਸਵੀਰਾਂ ਦੀ ਪੂਜਾ
ਕਰਦਾ ਹੈ; ਜੰਤ੍ਰ, ਮੰਤ੍ਰ, ਤੰਤ੍ਰ ਆਦਿ ਦੇ ਰਸਤੇ ਚਲਦਾ ਹੈ ਉਹ ਹੋਰ ਕੁੱਝ ਵੀ ਹੋੇਵੇ ਪਰ ਉਹ
ਗੁਰਬਾਣੀ ਅਨੁਸਾਰ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਨਹੀਂ ਹੋ ਸਕਦਾ।