.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

‘ਇਕ ਛਿਨ ਦਰਸ--`

ਭਗਤ ਰਵਿਦਾਸ ਜੀ ਨੇ ਰੱਬ ਜੀ ਦੇ ਇੱਕ ਛਿਨ ਮਾਤਰ ਦਰਸ਼ਨਾ ਦੀ ਚਾਹਨਾ ਪ੍ਰਗਟ ਕੀਤੀ ਹੈ। ਗੁਰਬਾਣੀ ਦੇ ਸ਼ਬਦੀ ਅਰਥਾਂ ਤੋਂ ਤਾਂ ਏਹੀ ਪਤਾ ਲੱਗਦਾ ਹੈ ਕਿ ਅਕਾਲਪੁਰਖ ਸਰੀਰ ਦੇ ਤਲ਼ `ਤੇ ਰਹਿੰਦਾ ਹੈ। ਤੇ ਉਹ ਬਾਹਰਲੀਆਂ ਅੱਖਾਂ ਨਾਲ ਵੇਖਣ ਵਾਲੀ ਚੀਜ਼ ਹੈ। ਇਸ ਲਈ ਅਕਾਲ ਪੁਰਖ ਨੂੰ ਬੇਨਤੀ ਕੀਤੀ ਜਾ ਰਹੀ ਹੈ ਮੈਨੂੰ ਭਾਂਵੇ ਇੱਕ ਛਿਨ ਲਈ ਹੀ ਦਰਸ਼ਨ ਦੇ ਦਿਓ ਫਿਰ ਭਾਵੇਂ ਚਲੇ ਜਾਣਾ। ਪਰ ਦਰਸ਼ਨ ਜ਼ਰੂਰ ਦਿਆ ਜੇ। ਮੰਨ ਲਓ ਜੇ ਇੱਕ ਛਿੰਨ ਮਾਤਰ ਦਰਸ਼ਨ ਹੋ ਵੀ ਜਾਣ ਤਾਂ ਕੀ ਸੰਸਾਰ ਵਿਚੋਂ ਉਪੱਦਰ ਮੁੱਕ ਜਾਣਗੇ? ਕੀ ਭਾਰਤ ਵਿਚੋਂ ਕੁਰੱਪਸ਼ਨ ਮੁੱਕ ਜਾਏਗੀ? ਏੱਥੇ ਤਾਂ ਨਿੱਤ ਘੁਟਾਲੇ ਹੋ ਰਹੇ ਹਨ। ਭਗਤ ਰਵਿਦਾਸ ਜੀ ਨੇ ਮਨੁੱਖਤਾ ਵਿਚੋਂ ਰੱਬੀ ਦੀਦਾਰ ਕੀਤਾ ਹੈ। ਇਹ ਗਿਆਨ ਆ ਗਿਆ ਕਿ ਬ੍ਰਹਾਮਣੀ ਕਰਮ-ਕਾਂਡ ਨਿਭਾਉਣ ਨਾਲ ਰੱਬ ਜੀ ਦੇ ਦਰਸ਼ਨ ਨਹੀਂ ਹੋ ਸਕਦੇ।

ਗੁਰਬਾਣੀ ਦੇ ਸਮੁੱਚੇ ਸਿਧਾਂਤ ਅਨੁਸਾਰ ਅਕਲਾਪੁਰਖ ਬਾਹਰਲੀਆਂ ਅੱਖਾਂ ਨਾਲ ਦੇਖਣ ਵਾਲੀ ਕੋਈ ਹਸਤੀ ਨਹੀਂ ਹੈ। ਉਹ ਤੇ ਜ਼ਰੇ ਜ਼ਰੇ ਵਿੱਚ ਸਮਾਇਆ ਹੋਇਆ ਹੈ। ਸਦਾ ਕਾਲ ਚੱਲ ਰਹੀ ਨਿਯਮਾਵਲੀ ਨੂੰ ਸਮਝਣ ਦੀ ਜ਼ਰੂਰਤ ਹੈ। ਇਸ ਗੱਲ ਨੂੰ ਵਿਚਾਰਨ ਲਈ ਭਗਤ ਰਵਿਦਾਸ ਜੀ ਦੇ ਰਾਗ ਗਉੜੀ ਪੂਰਬੀ ਵਿੱਚ ਉਚਾਰਨ ਕੀਤੇ ਸ਼ਬਦ ਦੀ ਵਿਚਾਰ ਕਰਨ ਦਾ ਯਤਨ ਕੀਤਾ ਜਾਏਗਾ—

ਕੂਪੁ ਭਰਿਓ ਜੈਸੇ ਦਾਦਿਰਾ, ਕਛੁ ਦੇਸੁ ਬਿਦੇਸੁ ਨ ਬੂਝ।।

ਐਸੇ ਮੇਰਾ ਮਨੁ ਬਿਖਿਆ ਬਿਮੋਹਿਆ, ਕਛੁ ਆਰਾ ਪਾਰੁ ਨ ਸੂਝ।। ੧।।

ਸਗਲ ਭਵਨ ਕੇ ਨਾਇਕਾ, ਇਕੁ ਛਿਨੁ ਦਰਸੁ ਦਿਖਾਇ ਜੀ।। ੧।। ਰਹਾਉ।।

ਮਲਿਨ ਭਈ ਮਤਿ ਮਾਧਵਾ, ਤੇਰੀ ਗਤਿ ਲਖੀ ਨ ਜਾਇ।।

ਕਰਹੁ ਕ੍ਰਿਪਾ ਭ੍ਰਮੁ ਚੂਕਈ, ਮੈ ਸੁਮਤਿ ਦੇਹੁ ਸਮਝਾਇ।। ੨।।

ਜੋਗੀਸਰ ਪਾਵਹਿ ਨਹੀ, ਤੁਅ ਗੁਣ ਕਥਨੁ ਅਪਾਰ।।

ਪ੍ਰੇਮ ਭਗਤਿ ਕੈ ਕਾਰਣੈ, ਕਹੁ ਰਵਿਦਾਸ ਚਮਾਰ।। ੩।। ੧।।

ਬਾਣੀ ਭਗਤ ਰਵਿਦਾਸ ਜੀ ਦੀ ਰਾਗ ਗਉੜੀ ਪੂਰਬੀ ਪੰਨਾ ੩੪੬

ਇਸ ਸ਼ਬਦ ਦੇ ਰਹਾਉ ਦੀ ਤੁਕ ਹੇਠਾਂ ਅੰਕਤ ਹੈ—

ਸਗਲ ਭਵਨ ਕੇ ਨਾਇਕਾ, ਇਕੁ ਛਿਨੁ ਦਰਸੁ ਦਿਖਾਇ ਜੀ।। ੧।। ਰਹਾਉ।।

ਅੱਖਰੀਂ ਅਰਥ--- ਹੇ ਸਾਰੇ ਭਵਨਾਂ ਦੇ ਸਰਦਾਰ! ਮੈਨੂੰ ਇੱਕ ਖਿਨ ਭਰ ਲਈ (ਹੀ) ਦੀਦਾਰ ਦੇਹ। ੧

ਭਾਵ ਅਰਥ--- ਮਹਾਨ ਕੋਸ਼ ਅਨੁਸਾਰ ਦਰਸ ਦੇ ਅਰਥ ਚਾਰ ਬਣਦੇ ਹਨ, ਇਹਨਾਂ ਵਿਚੋਂ ਇੱਕ ਅਰਥ ਸਬਕ ਤੇ ਸੰਥਾ ਵੀ ਬਣਦਾ ਹੈ। ਗੁਰਬਾਣੀ ਦਾ ਮੁੱਢਲਾ ਨਿਯਮ ਹੈ ਕਿ ਪਰਮਾਤਮਾ ਜੂਨਾਂ ਵਿੱਚ ਨਹੀਂ ਆਉਂਦਾ। ਇਸ ਲਈ ਇਸ ਤੁਕ ਦਾ ਭਾਵ ਅਰਥ ਸਮਝ ਵਿੱਚ ਆਉਂਦਾ ਹੈ ਕਿ ਅਕਾਲ ਪੁਰਖ ਜੀ ਦੀ ਸਦੀਵ ਕਾਲ ਨਿਯਮਾਵਲੀ ਦਾ ਇੱਕ ਸਬਕ, ਇੱਕ ਸਿੱਖਿਆ, ਇੱਕ ਸਮਝ ਜਾਂ ਇੱਕ ਗਿਆਨ ਹਿਰਦੇ ਵਿੱਚ ਵਸ ਜਾਏ, ਜਿਸ ਨਾਲ ਬ੍ਰਹਾਮਣੀ ਕਰਮ-ਕਾਂਡ ਦੇ ਪਾਲ਼ੇ ਹੋਏ ਭਰਮਾਂ ਤੋਂ ਹਮੇਸ਼ਾਂ ਲਈ ਦੂਰੀ ਬਣੀ ਰਹੇ। ਰੱਬ ਜੀ ਦੇ ਬਣੇ ਹੋਏ ਨਿਯਮਾਂ ਦਾ ਰਸਤਾ ਦਿਸਦਾ ਰਹੇ। ਮੈਨੂੰ ਹੁਕਮ ਮੰਨਣ ਦੀ ਸਮਝ ਆ ਜਾਏ।

ਸ਼ਬਦ ਦੇ ਪਹਿਲੇ ਬੰਦ ਵਿੱਚ ਖੂਹ ਤੇ ਉਸ ਵਿੱਚ ਰਹਿ ਰਹੇ ਡੱਡੂ ਦੀ ਉਦਾਹਰਣ ਦੇ ਕੇ ਮਨੁੱਖ ਨੂੰ ਸਮਝਾਇਆ ਹੈ।

ਕੂਪੁ ਭਰਿਓ ਜੈਸੇ ਦਾਦਿਰਾ, ਕਛੁ ਦੇਸੁ ਬਿਦੇਸੁ ਨ ਬੂਝ।।

ਐਸੇ ਮੇਰਾ ਮਨੁ ਬਿਖਿਆ ਬਿਮੋਹਿਆ, ਕਛੁ ਆਰਾ ਪਾਰੁ ਨ ਸੂਝ।। ੧।।

ਅਖਰੀਂ ਅਰਥ:--- ਜਵੇਂ (ਕੋਈ) ਖੂਹ ਡੱਡੂਆਂ ਨਾਲ ਭਰਿਆ ਹੋਇਆ ਹੋਵੇ, (ਉਹਨਾਂ ਡੱਡੂਆਂ ਨੂੰ) ਕੋਈ ਵਾਕਫ਼ੀ ਨਹੀਂ ਹੁੰਦੀ (ਕਿ ਇਸ ਖੂਹ ਤੋਂ ਬਾਹਰ ਕੋਈ ਹੋਰ) ਦੇਸ ਪਰਦੇਸ ਭੀ ਹੈ; ਤਿਵੇਂ ਮੇਰਾ ਮਨ ਮਾਇਆ (ਦੇ ਖੂਹ) ਵਿੱਚ ਇਤਨਾ ਚੰਗੀ ਤਰ੍ਹਾਂ ਫਸਿਆ ਹੋਇਆ ਹੈ ਕਿ ਇਸ ਨੂੰ (ਮਾਇਆ ਦੇ ਖੂਹ ਵਿਚੋਂ ਨਿਕਲਣ ਲਈ) ਕੋਈ ਉਰਲਾ ਪਾਰਲਾ ਬੰਨਾ ਨਹੀਂ ਸੁੱਝਦਾ। ੧।

ਭਾਵ ਅਰਥ:--ਭਗਤ ਰਵਿਦਾਸ ਜੀ ਮਨੁੱਖਤਾ ਦੇ ਸੁਭਾਅ ਦੀ ਗੱਲ ਰਹੇ ਹਨ ਪਰ ਸੁਨੇਹਾਂ ਆਪਣੇ ਰਾਂਹੀਂ ਦੇ ਰਹੇ ਹਨ। ਸਾਡੇ ਸਮਾਜ ਵਿੱਚ ਹਰ ਮਨੁੱਖ ਧਰਮ ਦੇ ਨਾਂ ਉੱਤੇ ਪੁਜਾਰੀ ਦੇ ਕਹੇ `ਤੇ ਕਈ ਪਰਕਾਰ ਦੇ ਕਰਮ-ਕਾਂਡ ਨਿਭਾਅ ਰਿਹਾ ਹੈ। ਜੇ ਉਹਨਾਂ ਨੂੰ ਕੋਈ ਵਿਆਗਨਕ ਤਰੀਕੇ ਨਾਲ ਸਮਝਾਉਣ ਦਾ ਯਤਨ ਕਰੇ ਤਾਂ ਅੱਗੋਂ ਘੜਿਆ ਘੜਾਇਆ ਉੱਤਰ ਮਿਲੇਗਾ ਜੀ ਸਾਡੇ ਬੜੇ ਮਹਾਂਰਾਜ ਜੀ ਵੀ ਏਸੇ ਤਰ੍ਹਾਂ ਹੀ ਕਰਦੇ ਸਨ। ਅਸੀਂ ਉਹਨਾਂ ਦਾ ਕਹਿਆ ਨਹੀਂ ਮੋੜ ਸਕਦੇ ਜੀ। ਆਪੇ ਬਣੇ ਧਰਮੀ ਮਨੁੱਖ ਨੇ ਆਪਣੇ ਗਿਆਨ ਨੂੰ ਸੀਮਤ ਦਾਇਰੇ ਵਿੱਚ ਕਰ ਲਿਆ ਹੈ। ਖੂਹ ਦੇ ਡੱਡੂ ਵਾਂਗ ਅਸੀਂ ਸਮਝ ਰਹੇ ਹਾਂ ਕਿ ਦੁਨੀਆਂ ਸ਼ਾਇਦ ਏਨੀ ਕੁ ਹੀ ਹੈ ਕਿਉਂਕਿ ਅਸੀਂ ਅੰਧ ਵਿਸ਼ਵਾਸ ਤੇ ਕਰਮ-ਕਾਂਡ ਦੀ ਦੁਨੀਆਂ ਵਿੱਚ ਬੁਰੀ ਤਰ੍ਹਾਂ ਫਸ ਚੁੱਕੇ ਹਾਂ। ਜਿਸ ਤਰ੍ਹਾਂ ਖੂਹ ਦੇ ਡੱਡੂ ਨੂੰ ਉਰਲਾ ਪਰਲਾ ਸਿਰਾ ਨਹੀਂ ਲੱਭਦਾ ਏਸੇ ਤਰ੍ਹਾਂ ਹੀ ਅਸੀਂ ਸੀਮਤ ਗਿਆਨ ਵਿੱਚ ਰਹਿ ਕੇ ਰਬ ਜੀ ਦੀ ਵਿਸ਼ਾਲ ਨਿਯਮਾਵਲੀ ਨੂੰ ਭੁੱਲ ਗਏ ਹਾਂ। ਸਿਖਣ ਸਮਝਣ ਲਈ ਤਿਆਰ ਨਹੀਂ ਹਾਂ ਸਗੋਂ ਝਗੜਿਆਂ `ਤੇ ਉੱਤਰ ਆਉਂਦੇ ਹਾਂ।

ਜਦੋਂ ਮਤ ਵਿੱਚ ਮਲੀਨ ਵਿਚਾਰ ਹੋਣ ਓਦੋਂ ਅਸੀਂ ਜ਼ਿੰਦਗੀ ਦੇ ਅਸਲੀ ਰਾਹ ਤੋਂ ਭਟਕ ਜਾਂਦੇ ਹਾਂ। ਇਸ ਵਿਚਾਰ ਨੂੰ ਭਗਤ ਰਵਿਦਾਸ ਜੀ ਬੜੇ ਖੂਬਸੂਰਤ ਢੰਗ ਨਾਲ ਵਿਚਾਰਿਆ ਹੈ:---

ਮਲਿਨ ਭਈ ਮਤਿ ਮਾਧਵਾ, ਤੇਰੀ ਗਤਿ ਲਖੀ ਨ ਜਾਇ।।

ਕਰਹੁ ਕ੍ਰਿਪਾ ਭ੍ਰਮੁ ਚੂਕਈ, ਮੈ ਸੁਮਤਿ ਦੇਹੁ ਸਮਝਾਇ।। ੨।।

ਅਖਰੀਂ ਅਰਥ:---- ਹੇ ਪ੍ਰਭੂ! ਮੇਰੀ ਅਕਲ (ਵਿਕਾਰਾਂ ਨਾਲ) ਮੈਲੀ ਹੋਈ ਪਈ ਹੈ, (ਇਸ ਵਾਸਤੇ) ਮੈਨੂੰ ਤੇਰੀ ਗਤੀ ਦੀ ਪਛਾਣ ਨਹੀਂ ਆਉਂਦੀ (ਭਾਵ, ਮੈਨੂੰ ਸਮਝ ਨਹੀਂ ਪੈਂਦੀ ਕਿ ਤੂੰ ਕਿਹੋ ਜਿਹਾ ਹੈਂ)। ਹੇ ਪ੍ਰਭੂ! ਮੇਹਰ ਕਰ, ਮੈਨੂੰ ਸੁਚੱਜੀ ਮੱਤ ਸਮਝਾ, (ਤਾਕਿ) ਮੇਰੀ ਭਟਕਣਾ ਮੁੱਕ ਜਾਏ। ੨।

ਭਾਵ ਅਰਥ:--- ਬੱਚਿਆਂ ਨੂੰ ਸਕੂਲ ਵਿੱਚ ਦਾਖ਼ਲ ਕਰਾਇਆ ਜਾਂਦਾ ਹੈ ਕਿ ਇਹਨਾਂ ਦੇ ਦਿਮਾਗ ਦਾ ਵਿਕਾਸ ਹੋਵੇ। ਜਿਵੇਂ ਜਿਵੇਂ ਉਹਨਾਂ ਦਾ ਵਿਕਾਸ ਹੁੰਦਾ ਜਾਂਦਾ ਹੈ ਤਿਵੇਂ ਤਿਵੇਂ ਉਹ ਉਚੇਰੀ ਪੜ੍ਹਾਈ ਲਈ ਅਗਾਂਹ ਤੁਰੇ ਜਾਂਦੇ ਹਨ। ਜੇ ਵਿਦਿਆਰਥੀ ਤੇ ਉਹਨਾਂ ਦੇ ਮਾਪੇ ਇਹ ਭਰਮ ਪਾਲ ਲੈਣ ਕਿ ਅਗਾਂਹ ਪੜ੍ਹਾਈ ਦੀ ਜ਼ਰੂਰਤ ਨਹੀਂ ਹੈ ਤਾਂ ਬੱਚੇ ਉਚੇਰੀ ਪੜ੍ਹਾਈ ਤੋਂ ਵਾਂਜੇ ਰਹਿ ਜਾਂਦੇ ਹਨ। ਜਦੋਂ ਬੰਦਾ ਆਪਣੀ ਅਕਲ ਨੂੰ ਤਾਲਾ ਮਾਰ ਲੈਂਦਾ ਹੈ ਤਾਂ ਉਹ ਦੂਜੇ ਦੀ ਸਹੀ ਗੱਲ ਨੂੰ ਆਪਣੀ ਹੀ ਸੋਚ ਦੇ ਅਨੁਸਾਰ ਗਲਤ ਹੀ ਕਹਿਣਗੇ। ਰਾਤ ਦੇ ਹਨੇਰੇ ਵਿੱਚ ਰਸੀ ਨੂੰ ਪੈਰ ਲੱਗ ਗਿਆ। ਮਨੁੱਖ ਸੱਪ ਤੋਂ ਬਹੁਤ ਡਰਦਾ ਹੈ ਇਸ ਲਈ ਉਸ ਨੇ ਸਮਝ ਲਿਆ ਕਿ ਸ਼ਾਇਦ ਮੇਰਾ ਪੈਰ ਸੱਪ ਉੱਤੇ ਰੱਖਿਆ ਗਿਆ ਹੈ। ਹਨੇਰੇ ਦੀ ਆਪਣੀ ਕੋਈ ਹੋਂਦ ਨਹੀਂ ਹੁੰਦੀ, ਬਸ ਚਾਨਣ ਹੋਣ ਦੀ ਦੇਰ ਹੈ, ਹਨੇਰਾ ਆਪਣੇ ਆਪ ਹੀ ਦੂਰ ਹੋ ਜਾਏਗਾ। ਇਹਨਾਂ ਤੁਕਾਂ ਵਿੱਚ ਭਰਮ ਤੋਂ ਉੱਪਰ ਉੱਠ ਕੇ ਮਾਨਸਕ ਵਿਕਾਸ ਦੀ ਗਤੀ ਨੂੰ ਤੇਜ਼ ਕਰਨ ਲਈ ਕਿਹਾ ਗਿਆ ਹੈ।

ਅਖੀਰਲੀਆਂ ਤੁਕਾਂ ਵਿੱਚ ਭਗਤ ਜੀ ਫਰਮਾਉਂਦੇ ਹਨ ਕਿ ਜੋਗੀਆਂ ਨੇ ਭਰਮ ਪਾਲ ਲਿਆ ਕਿ ਸਾਡੇ ਜਿੰਨੀ ਸਰੀਰ `ਤੇ ਸਵਾਹ ਕੋਈ ਨਹੀਂ ਮਲ਼ ਸਕਦਾ ਨਾ ਹੀ ਸਾਡੇ ਜਿੰਨਾਂ ਕੋਈ ਵਿਹਲਾ ਰਹਿ ਸਕਦਾ ਹੈ ਤੇ ਨਾ ਹੀ ਸਾਡੇ ਜਿੰਨੀਆਂ ਸਿਰ ਦੀਆਂ ਜੜਾਵਾਂ ਵਧਾ ਸਕਦਾ ਹੈ:--

ਜੋਗੀਸਰ ਪਾਵਹਿ ਨਹੀ, ਤੁਅ ਗੁਣ ਕਥਨੁ ਅਪਾਰ।।

ਪ੍ਰੇਮ ਭਗਤਿ ਕੈ ਕਾਰਣੈ, ਕਹੁ ਰਵਿਦਾਸ ਚਮਾਰ।। ੩।। ੧।।

ਅਖਰੀਂ ਅਰਥ:--- ਹੇ ਪ੍ਰਭੂ!) ਵੱਡੇ ਵੱਡੇ ਜੋਗੀ (ਭੀ) ਤੇਰੇ ਬੇਅੰਤ ਗੁਣਾਂ ਦਾ ਅੰਤ ਨਹੀਂ ਪਾ ਸਕਦੇ, (ਪਰ) ਹੇ ਰਵਿਦਾਸ ਚਮਾਰ! ਤੂੰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ, ਤਾਕਿ ਤੈਨੂੰ ਪ੍ਰੇਮ ਤੇ ਭਗਤੀ ਦੀ ਦਾਤਿ ਮਿਲ ਸਕੇ। ੩। ੧ ਭਾਵ ਅਰਥ:--- ਇਹਨਾਂ ਤੁਕਾਂ ਵਿੱਚ ਪ੍ਰੇਮ ਤੇ ਭਗਤੀ ਦੀ ਵਿਚਾਰ ਨੂੰ ਅਦਰਸ਼ ਬਣਾਇਆ ਹੈ। ਗੁਰਬਾਣੀ ਵਿੱਚ ਭਗਤੀ ਦਾ ਅਰਥ ਗੁਣਾਂ ਵਿੱਚ ਹੋ ਨਿਬੜਦਾ ਹੈ ਤੇ ਪ੍ਰੇਮ ਮਨੁੱਖਤਾ ਨਾਲ ਕਰਨਾ ਹੈ। ਰੱਬੀ ਹੁਕਮ ਨਾਲ ਕਰਨਾ ਹੈ। ਜੋਗੀ ਕੇਵਲ ਆਪਣੇ ਪੰਥ ਨੂੰ ਹੀ ਨਿਆਰਾ ਸਮਝਦੇ ਹਨ, ਗ੍ਰਹਿਸਤ ਤੋਂ ਭਗੌੜੇ ਹਨ। ਜੋਗੀਆਂ ਨੇ ਬਹੁਤ ਵੱਡਾ ਭਰਮ ਪਾਲਿਆ ਹੋਇਆ ਹੈ ਕਿ ਗ੍ਰਹਿਸਤ ਧਾਰਨ ਕਰਨ ਨਾਲ ਸਰੀਰ ਪਵਿੱਤਰ ਨਹੀਂ ਰਹਿੰਦਾ। ਬੰਦਾ ਇਹਨਾਂ ਨੂੰ ਪੁੱਛੇ ਕਿ ਜੇ ਤੁਹਾਡੇ ਵੱਡੇ ਵਿਆਹ ਨਾ ਕਰਾਉਂਦੇ ਤਾਂ ਤੁਸੀਂ ਕਿੱਥੋਂ ਪੈਦਾ ਹੋਣਾ ਸੀ। ਜੋਗੀਆਂ ਵਿਆਹ ਵਾਲੀ ਕੁਦਰਤੀ ਨਿਯਮਾਵਲੀ ਨੂੰ ਛੱਡ ਦਿੱਤਾ। ਮਨੁੱਖਤਾ ਪ੍ਰਤੀ ਭਾਵਨਾ ਹੀ ਮੁੱਕ ਗਈ ਤੇ ਪਹਾੜਾਂ ਦੀਆਂ ਟੀਸੀਆਂ ਤੇ ਬੈਠ ਕੇ ਵਰ ਸਰਾਪ ਦੇਣ ਨੂੰ ਆਪਣਾ ਪਰਮ ਧਰਮ ਸਮਝ ਲਿਆ। ਅਜੋਕੇ ਯੁਗ ਵਿੱਚ ਜੋਗੀਆਂ ਦੀ ਥਾਂ `ਤੇ ਵਿਹਲੜ ਸਾਧ ਲਾਣਾ ਜੰਮ ਪਿਆ ਹੈ। ਜੇ ਜੋਗੀ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾ ਸਕੇ ਤਾਂ ਇਹ ਸਾਧ ਵੀ ਫਿਰ ਲੋਕਾਂ ਨੂੰ ਗੁਮਰਾਹ ਹੀ ਕਰ ਰਹੇ ਹਨ। ਇਹਨਾਂ ਨੇ ਵੀ ਭਰਮ ਪਾਲ ਲਿਆ ਹੈ ਕਿ ਸਾਡੇ ਜਿੰਨੇ ਕੋਈ ਚਲੀਹੇ ਨਹੀਂ ਕਟ ਸਕਦਾ।

ਭਗਤ ਰਵਿਦਾਸ ਜੀ ਨੇ ਇਸ ਸ਼ਬਦ ਵਿੱਚ ਆਪਣੀ ਮਤ ਨੂੰ ਸੀਮਤ ਦਾਇਰੇ ਵਿਚੋਂ ਬਾਹਰ ਕੱਢ ਕੇ ਵਿਸ਼ਾਲਤਾ ਵਾਲੀ ਦ੍ਰਿਸ਼ਟੀ ਅਪਨਾਉਣ ਨੂੰ ਕਿਹਾ ਹੈ। ਜੋਗੀਆਂ ਤੇ ਬ੍ਰਹਾਮਣ ਵਾਂਗ ਭਰਮਾਂ ਵਿੱਚ ਨਹੀਂ ਗੁਆਚਣਾ ਸਗੋਂ ਰੱਬੀ ਗਿਆਨ ਭਾਵ ਕੁਰਦਤੀ ਨਿਯਮਾਵਲੀ ਉੱਤੇ ਚਲਣ ਦਾ ਹਮੇਸ਼ਾਂ ਯਤਨ ਕਰਦੇ ਰਹਿਣਾ ਹੀ ਰਬੀ ਦੀਦਾਰ ਹੈ।




.