. |
|
ਪੂਜਾ, ਪੁਜਾਰੀ, ਪੂਜਣਵਾਲੇ ਅਤੇ ਗੁਰੂ ਕੇ ਵਜ਼ੀਰ
ਅਵਤਾਰ ਸਿੰਘ ਮਿਸ਼ਨਰੀ (5104325827)
ਸੰਸਕ੍ਰਿਤ ਦੇ ਸ਼ਬਦ ਪੂਜਾ ਅਤੇ ਪੁਜਾਰੀ ਸਨਾਤਨ ਧਰਮ-ਹਿੰਦੂ ਧਰਮ
ਨਾਲ ਸਬੰਧਤ ਹਨ ਜੋ ਭਗਵੇ ਬਾਣਾਧਾਰੀ ਸਾਧਾਂ ਰਾਹੀਂ ਸਿੱਖਾਂ ਵਿੱਚ ਆਏ। ਕਾਜ਼ੀ, ਬ੍ਰਾਹਮਣ, ਜੋਗੀ,
ਜੈਨੀ, ਭਗਵੇ ਸਾਧ, ਮੁਲਾਂ ਮੌਲਾਣੇ ਅਤੇ ਪਾਦਰੀ ਆਦਿਕ ਇਨਸਾਨੀਅਤ ਤੋਂ ਥੱਲੇ ਡਿੱਗ ਕੇ ਆਂਮ ਜਨਤਾ
ਨੂੰ ਲੁੱਟਦੇ ਅਤੇ ਰਾਜਿਆਂ ਮਹਾਂਰਾਜਿਆਂ ਦੀ ਜੀ-ਹਜ਼ੂਰੀ ਕਰਦੇ ਸਨ ਅਤੇ ਸੱਚ ਬੋਲਣ ਵਾਲੇ ਦੇ ਵਿਰੁੱਧ
ਫਤਵੇ ਆਦੇਸ਼ ਆਦਿਕ ਜਾਰੀ ਕਰਦੇ-ਕਰਵਾਉਂਦੇ ਸਨ। ਇਸ ਕਰਕੇ ਆਂਮ ਜਨਤਾ ਇਨ੍ਹਾਂ ਦੇ ਦੱਸੇ ਕਰਮਕਾਂਡਾਂ
ਅਨੁਸਾਰ ਪੂਜਾ ਕਰਨ ਲਈ ਮਜਬੂਰ ਸੀ। ਗੁਰੂ ਨਾਨਕ ਸਾਹਿਬ ਨੇ ਇਨ੍ਹਾਂ ਧਾਰਮਿਕ ਲੁਟੇਰਿਆਂ ਤੋਂ ਜਨਤਾ
ਨੂੰ ਜਾਗਰੂਕ ਕਰਦੇ ਹੋਏ ਫੁਰਮਾਇਆ ਸੀ-ਕਾਦੀ ਕੂੜ ਬੋਲਿ ਮਲਿ ਖਾਇ॥ ਬਾਮਣ ਨਾਵੈ ਜੀਆਂ ਘਾਇ॥ ਜੋਗੀ
ਜੁਗਤਿ ਨਾ ਜਾਣੈ ਅੰਧੁ॥ ਤੀਨੇ ਓਜਾੜੈ ਕਾ ਬੰਧੁ॥ (662) ਪਰ ਅੱਜ ਦਾ ਸਾਧ ਲਾਣਾ ਅਤੇ ਸੰਪ੍ਰਦਾਈਆਂ
ਨੇ ਇਨ੍ਹਾਂ ਪੁਰਾਤਨ ਧਾਰਮਿਕ-ਲੁਟੇਰੇ ਆਗੂਆਂ ਦੇ ਹੀ ਨਕਸ਼ੇ ਕਦਮਾਂ ਤੇ ਚਲਦਿਆਂ ਹੋਇਆਂ, ਪੂਜਾ,
ਪੁਜਾਰੀ, ਮਹੰਤ ਅਤੇ ਪ੍ਰੋਹਿਤਵਾਦ ਨੂੰ ਸਿੱਖ ਧਰਮ ਵਿੱਚ ਘਸੋੜ ਦਿੱਤਾ ਹੈ। ਜਿਸ ਦਾ ਨਤੀਜਾ ਅੱਜ
ਜਿੱਥੇ ਗੁਰਦੁਆਰਿਆਂ ਵਿੱਚ ਵੀ ਵਿਖਾਵੇ ਵਾਲੀ ਪੂਜਾ ਹੋ ਰਹੀ ਹੈ, ਓਥੇ ਤਖਤਾਂ ਦੇ ਪੁਜਾਰੀ
(ਜਥੇਦਾਰ) ਵੀ ਆਪਣੇ ਬੇਹੂਦੇ ਆਦੇਸ਼ ਜਾਰੀ ਕਰਕੇ, ਪੰਥਕ ਵਿਦਵਾਨਾਂ ਨੂੰ ਜ਼ਲੀਲ ਕਰਦੇ ਰਹਿੰਦੇ ਹਨ
ਅਤੇ ਆਪਣੇ ਆਕਾਵਾਂ ਦੇ ਵਿਰੋਧੀਆਂ ਨੂੰ ਪੰਥ ਚੋਂ ਝੱਟ ਛੇਕ ਦੇਂਦੇ ਹਨ।
ਪੂਜਾ -ਪੂਜਨ ਦੀ
ਕ੍ਰਿਆ ਜੋ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਸ਼ਿਵਲਿੰਗ ਆਦਿਕ ਨੂੰ ਦੁੱਧ-ਘੀ, ਧੂਪ, ਦੀਪ, ਸੰਧੂਰ,
ਚੰਦਨ ਲੇਪਨ, ਕਸਤੂਰੀ, ਤੁਲਸੀ, ਅੰਨ ਪਾਣੀ, ਖੱਟਾ-ਮਿੱਠਾ ਆਦਿਕ ਪਦਾਰਥਾਂ ਨਾਲ ਪੂਜਿਆ ਜਾਂਦਾ ਹੈ।
ਪਰ ਗੁਰਮਤਿ ਅਜਿਹੀ ਮਨੋਕਲਪਿਤ ਪੂਜਾ ਨੂੰ ਪ੍ਰਵਾਣ ਨਹੀਂ ਕਰਦੀ। ਭਾ. ਕਾਨ੍ਹ ਸਿੰਘ ਨ੍ਹਾਭਾ ਲਿਖਦੇ
ਹਨ ਕਿ ਕਿਸੇ ਖਾਸ ਸਥਾਨ ਅਰ ਖਾਸ ਸਮੱਗਰੀ ਨਾਲ ਸਰਬ ਵਿਆਪੀ ਕਰਤਾਰ ਦਾ ਪੂਜਨ ਸਿੱਖ ਧਰਮ ਵਿੱਚ
ਨਿਸ਼ੇਧ ਕੀਤਾ ਗਿਆ ਹੈ। ਪਰਮ ਪਿਤਾ ਵਾਹਿਗੁਰੂ ਦੀ ਪੂਜਾ ਬਾਰੇ ਗੁਰੂ ਸਾਹਿਬ ਇਸ ਤਰ੍ਹਾਂ ਉਪਦੇਸ਼
ਕਰਦੇ ਹਨ-ਤੇਰਾ ਨਾਮੁ ਕਰੀ ਚਨਣਾਠੀਆ, ਜੇ ਮਨੁ ਉਰਸਾ ਹੋਇ॥ ਕਰਣੀ ਕੁੰਗੂ ਜੇ ਰਲੈ, ਘਟ ਅੰਤਰਿ ਪੂਜਾ
ਹੋਇ॥ 1॥ ਪੁਜਾ ਕੀਚੈ ਨਾਮੁ ਧਿਆਈਐ, ਬਿਨੁ ਨਾਵੈ ਪੂਜ ਨ ਹੋਇ॥ 1॥ ਰਹਾਉ॥ ਬਾਹਰਿ ਦੇਵ ਪਖਾਲੀਅਹਿ,
ਜੇ ਮਨੁ ਧੋਵੈ ਕੋਇ॥ ਜੂਠਿ ਲਹੈ ਜੀਉ ਮਾਂਜੀਐ, ਮੋਖ ਪਇਆਣਾ ਹੋਇ॥ (489) ਭਾਵ ਨਾਮ ਹੀ ਅਸਲ ਪੂਜਾ
ਹੈ, ਬਾਕੀ ਸਭ ਕਰਮਕਾਂਡ ਹਨ। ਇਨ੍ਹਾਂ ਬਾਹਰੀ ਸਮੱਗਰੀਆਂ ਨਾਲ ਪ੍ਰਮਾਤਮਾਂ ਦੀ ਪੂਜਾ ਹੋ ਹੀ ਨਹੀਂ
ਸਕਦੀ। ਇਸ ਦੀ ਪ੍ਰੋੜਤਾ ਕਰਦੇ ਭਗਤ ਰਵਿਦਾਸ ਜੀ ਵੀ ਫੁਰਮਾਂਦੇ ਹਨ-ਦੂਧੁ ਤ ਬਛਰੈ ਥਨਹੁ ਬਿਟਾਰਿਓ॥
ਫੂਲੁ ਭਵਰਿ ਜਲੁ ਮੀਨਿ ਬਿਗਾਰਿਓ॥ 1॥ ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਵਉ? …. ਪੂਜਾ ਅਰਚਾ ਆਹਿ ਨ
ਤੋਰੀ॥ ਕਹਿ ਰਵਿਦਾਸ ਕਵਨ ਗਤਿ ਮੋਰੀ॥ 5॥ 1॥ (525) ਭਾਵ ਦੁੱਧ ਨੂੰ ਵੱਛੇ, ਫੁੱਲ ਨੂੰ ਭਵਰੇ, ਜਲ
ਨੂੰ ਮੱਛੀ ਆਦਿਕ ਨੇ ਜੂਠਾ ਕਰ ਦਿੱਤਾ ਹੈ। ਧੂਪਾਂ ਦੀਪਾਂ ਸਮੱਗਰੀਆਂ ਆਦਿਕ ਵੀ ਸੁਗੰਧੀ ਕਰਕੇ
ਜੂਠੀਆਂ ਹੋ ਚੁੱਕੀਆਂ ਹਨ। ਇਸ ਕਰਕੇ ਮੈਂ ਤਨ ਮਨ ਦੀ ਭੇਟਾ ਹੀ ਪੂਜਾ ਲਈ ਅਰਪਣ ਕਰਦਾ ਹਾਂ ਭਾਵ ਆਪਾ
ਭੇਟ ਕਰਨਾ ਹੀ ਅਸਲ ਪੂਜਾ ਹੈ। ਗੁਰੂ ਰਾਮਦਾਸ ਜੀ ਫੁਰਮਾਂਦੇ ਹਨ ਕਿ-ਭਰਮਿ ਭੂਲੇ ਅਗਿਆਨੀ ਅੰਧੁਲੇ,
ਭਰਮਿ ਭਰਮਿ ਫੂਲ ਤੋਰਾਵੈਂ॥ ਨਿਰ ਜੀਉ ਪੂਜਹਿ ਮੜਾ ਸਰੇਵਹਿ, ਸਭ ਬਿਰਥੀ ਘਾਲ ਗਵਾਵੈਂ॥ (1264) ਭਾਵ
ਨਿਰਜਿੰਦ ਪੱਥਰਾਂ ਨੂੰ ਪੂਜਣ ਲਈ ਜੀਵਤ ਫੁਲ ਤੋੜ ਕੇ ਪੂਜਾ ਲਈ ਚੜ੍ਹਾਉਂਦੇ ਹਨ।
ਸ੍ਰ. ਪਿਆਰਾ ਸਿੰਘ ਪਦਮ ਅਨੁਸਾਰ ਇਸ਼ਟ ਪ੍ਰਤੀ ਸ਼ਰਧਾ ਭਾਵਨਾ ਜਾਂ ਆਦਰ ਪ੍ਰੇਮ
ਪ੍ਰਗਟਾਉਣ ਵਾਲੀ ਕ੍ਰਿਆ ਪੂਜਾ ਹੈ। ਹਿੰਦੂ ਮੱਤ ਵਿੱਚ ਚੂੰਕਿ ਦੇਵਤਾ ਨੂੰ ਸਾਕਾਰ ਰੂਪ ਵਿੱਚ ਕਲਪਿਆ
ਜਾਂਦਾ ਸੀ। ਇਸ ਲਈ ਮਾਨਸਿਕ ਪੂਜਾ ਮਾਤ੍ਰ ਤੋਂ ਇਲਾਵਾ ਬਾਹਰਲੇ ਅਮਲਾਂ ਰਾਹੀਂ ਵੀ ਉਸ ਨੂੰ ਪੂਜਿਆ
ਆਰਾਧਿਆ ਜਾਂਦਾ ਹੈ। ਇਸ ਪੂਜਾ ਦੇ 16 ਭੇਦ ਦੱਸੇ ਹਨ-ਅਵਾਹਨ, ਆਸਨ, ਪਾਦਯ, ਅਰਘ, ਆਚਮਨ, ਇਸ਼ਨਾਨ,
ਬਸਤਰ, ਜਨੇਊ, ਸੁਗੰਧ, ਪੁਸ਼ਪ, ਧੁਪ, ਦੀਪ, ਭੋਜਨ, ਭੇਟਾ, ਵਾਰੇ ਜਾਣਾ, ਬਿਰਾਜਮਾਨ ਕਰਨਾ ਆਦਿਕ। ਇਹ
ਇੱਕ ਦੇਵਤੇ ਦੇ ਬੁਲਾਉਣ ਤੋਂ ਲੈ ਕੇ ਉਸ ਦੇ ਹੱਥ ਮੂੰਹ ਧੁਆਉਣ, ਸੁਗੰਧਤ ਕਰਨ ਅਤੇ ਅੰਤ ਆਪਣੇ ਆਸਣ
ਤੇ ਬ੍ਰਿਾਜਮਾਨ ਕਰਨ ਤੱਕ ਦੀ ਕ੍ਰਿਆ ਹੈ ਭਾਵ ਇਸ ਦਾ ਇਹੀ ਹੈ ਕਿ ਉਸਦੀ ਪ੍ਰਸੰਤਾ ਲਈ ਭਗਤੀ ਭਾਵ
ਨਾਲ ਹਰ ਗੱਲ ਕਰਨੀ, ਜਿਵੇਂ ਕਿਵੇਂ ਇਸ਼ਟ ਨੂੰ ਰੀਝਾਉਣਾ। ਗੁਰੂ ਨਾਨਕ ਜੀ ਨੇ ਇਸ ਵਿਖਾਵੇ ਵਾਲੀ
ਕਰਮਕਾਂਡੀ ਪੂਜਾ ਦਾ ਖੰਡਨ ਕਰਦਿਆਂ ਕਿਹਾ ਕਿ ਅਸਲ ਪੂਜਾ ਪ੍ਰਭੂ ਸਿਮਰਨ ਹੈ-ਪੂਜਾ ਕੀਚੈ ਨਾਮੁ
ਧਿਆਈਐ, ਬਿਨੁ ਨਾਵੈ ਪੂਜ ਨ ਹੋਇ॥ 1॥ ਰਹਾਉ॥ (489) ਭਗਤ ਰਾਮਾਨੰਦ ਜੀ ਵੀ ਇਸ ਬਾਰੇ ਫੁਰਮਾਂਦੇ
ਹਨ-ਕਤ ਜਾਈਐ ਰੇ ਘਰਿ ਲਾਗੋ ਰੰਗੁ॥ ਮੇਰਾ ਚਿਤੁ ਨ ਚਲੈ ਮਨੁ ਭਇਓ ਪੰਗੁ॥ 1॥ ਰਹਾਉ॥ ਏਕ ਦਿਵਸ ਮਨ
ਭਈ ਉਮੰਗਿ॥ ਘਸਿ ਚੰਦਨ ਚੋਆ ਬਹੁ ਸੁਗੰਧਿ॥ ਪੂਜਨ ਚਾਲੀ ਬ੍ਰਹਮ ਠਾਇ॥ ਸੁ ਬ੍ਰਹਮੁ ਬਤਾਇਓ ਗੁਰਿ ਮਨ
ਹੀ ਮਾਹਿ॥ 1॥ ਜਹਾ ਜਾਈਐ ਤਹ ਜਲ ਪਾਖਾਨ॥ ਤੂ ਪੂਰਿ ਰਹਿਓ ਹੈਂ ਸਭ ਸਮਾਨ॥ ਬੇਦ ਪੁਰਾਨ ਸਭ ਦੇਖੇ
ਜੋਇ॥ ਊਹਾਂ ਤਉ ਜਾਈਐ ਜਉ ਈਹਾਂ ਨ ਹੋਇ॥ 2॥ ਸਤਿਗੁਰੁ ਮੈ ਬਲਿਹਾਰੀ ਤੋਰ॥ ਜਿਨਿ ਸਕਲ ਬਿਕਲ ਭ੍ਰਮ
ਕਾਟੇ ਮੋਰ॥ ਰਾਮਾਨੰਦ ਸੁਆਮੀ ਰਮਤੁ ਬ੍ਰਹਮੁ॥ ਗੁਰ ਕਾ ਸਬਦੁ ਕਾਟੇ ਕਟਿ ਕਰਮ॥ 3॥ (1195) ਭਗਤ
ਰਾਮਾਨੰਦ ਜੀ ਕਹਿ ਰਹੇ ਹਨ ਕਿ ਇੱਕ ਦਿਨ ਮੇਰੇ ਮਨ ਚ’ ਵੀ ਪੂਜਾ ਕਰਨ ਦੀ ਤਮੰਨਾ ਪੈਦਾ ਹੋਈ ਤਾਂ ਮੈ
ਚੋਆ ਚੰਦਨ ਆਦਿਕ ਸਮੱਗਰੀ ਲੈ ਕੇ ਬ੍ਰਹਮ ਦੀ ਪੂਜਾ ਕਰਨ ਚਲਿਆ ਤਾਂ ਗੁਰੂ ਨੇ ਬ੍ਰਹਮ ਮਨ ਵਿੱਚ ਹੀ
ਦਿਖਾ ਦਿੱਤਾ ਤੇ ਮੇਰੇ ਪੂਜਾ ਪ੍ਰਤੀ ਸਾਰੇ ਭਰਮ ਕੱਟ ਦਿੱਤੇ। ਗੁਰ-ਸ਼ਬਦ ਦੀ ਵਿਚਾਰ ਕਰਕੇ ਅਮਲ ਕਰਨਾ
ਹੀ ਅਸਲ ਪੂਜਾ ਹੈ।
ਪੁਜਾਰੀ -ਪੂਜਾ
ਕਰਨ ਵਾਲਾ। ਪੁਜਾਰੀ ਸ਼੍ਰੇਣੀ ਚਤੁਰ ਬ੍ਰਾਹਮਣ ਦੀ ਹੀ ਕਾਢ੍ਹ ਹੈ। ਅੱਜ ਮੰਦਰ ਦਾ ਪੰਡਿਤ, ਚਰਚ ਦਾ
ਪਾਦਰੀ, ਗੁਰਦੁਆਰੇ ਦਾ ਭਾਈ ਅਤੇ ਮਸਜਿਦ ਦਾ ਮੁਲਾਂ ਬਹੁਤਾਤ ਵਿੱਚ ਪੁਜਾਰੀ ਵਾਲਾ ਰੋਲ ਹੀ ਕਰ ਰਹੇ
ਹਨ। ਪੂਜਾ ਸ਼ਬਦ ਹੀ ਸੰਸਕ੍ਰਿਤ ਦਾ ਹੈ ਅਤੇ ਸੰਸਕ੍ਰਿਤ ਹਿੰਦੂ ਧਰਮ ਅਨੁਸਾਰ ਦੇਵ ਭਾਸ਼ਾ ਹੈ। ਕਰੋੜਾਂ
ਹੀ ਦੇਵੀ ਦੇਵਤੇ ਮੰਨੇ ਗਏ ਹਨ ਅਤੇ ਹਰੇਕ ਦੀ ਵੱਖ-ਵੱਖ ਢੰਗ ਅਤੇ ਵੱਖ-ਵੱਖ ਸਮੱਗਰੀ ਨਾਲ ਬ੍ਰਾਹਮਣ
ਪੁਜਾਰੀ ਰਾਹੀਂ ਪੂਜਾ ਕੀਤੀ ਤੇ ਕਰਾਈ ਜਾਂਦੀ ਹੈ। ਸਾਰੀ ਪੂਜਾ ਸਮੱਗਰੀ ਪੁਜਾਰੀ ਹੀ ਹੜੱਪ ਕਰ
ਜਾਂਦਾ ਹੈ-ਭੋਗਣਹਾਰੇ ਭੋਗਿਆ ਇਸੁ ਮੂਰਤਿ ਕੇ
ਮੁਖਿ ਛਾਰੁ॥ (479) ਪੁਜਾਰੀ ਨੇ ਆਪਣੀ ਪੇਟ ਪੂਰਤੀ ਲਈ ਤਰ੍ਹਾਂ-ਤਰ੍ਹਾਂ ਦੇ
ਕਰਮਕਾਂਡ ਚਲਾ ਰੱਖੇ ਹਨ। ਸ਼ਰਧਾਲੂਆਂ ਨੂੰ ਸਵਰਗ ਦਾ ਲਾਲਚ ਅਤੇ ਨਰਕ ਦਾ ਡਰ ਦੇ ਕੇ, ਅੰਧ ਵਿਸ਼ਵਾਸ਼ੀ
ਬਣਾ ਕੇ, ਪੂਜਾ ਭੇਟਾ ਦੇ ਨਾਂ ਤੇ ਲੁੱਟਿਆ ਜਾ ਰਿਹਾ ਹੈ। ਜਿਵੇਂ ਹਿੰਦੂਆਂ ਵਿੱਚ
ਬ੍ਰਾਹਮਣ-ਪ੍ਰੋਹਿਤ ਅਤੇ ਮੁਸਲਮਾਨਾਂ ਵਿੱਚ ਕਾਜ਼ੀ, ਮੁਲਾਂ-ਮੌਲਾਣੇ ਹੀ ਸਾਰੀਆਂ ਧਾਰਮਿਕ ਰਸਮਾਂ
ਨਿਭਾਉਂਦੇ ਹਨ ਤੇ ਬਾਕੀ ਅਵਾਮ ਨੂੰ ਉਨ੍ਹਾਂ ਤੇ ਹੀ ਡਿਪੈਂਡ ਹੋਣਾ ਪੈਂਦਾ ਹੈ ਪਰ ਸਿੱਖ ਕਿਸੇ
ਪੁਜਾਰੀ ਦਾ ਮੁਥਾਜ ਨਹੀਂ, ਉਹ ਸਾਰੀਆਂ ਧਾਰਮਿਕ ਰਸਮਾਂ ਆਪ ਨਿਭਾ ਸਕਦਾ ਹੈ। ਗੁਰੂ ਸਾਹਿਬ ਜੀ ਨੇ
ਸੰਗਤਾਂ ਨੂੰ ਇਹ ਅਜ਼ਾਦੀ ਦੇ ਕੇ ਚਿਰਾਂ ਤੋਂ ਚਲੇ ਆ ਰਹੇ ਪੁਜਾਰੀਵਾਦ ਦਾ ਫਸਤਾ ਵੱਢ ਦਿੱਤਾ ਪਰ ਜਦ
ਗੁਰਦੁਆਰੇ ਉਦਾਸੀਆਂ, ਨਿਰਮਲਿਆਂ ਅਤੇ ਮਹੰਤਾਂ, ਸੰਪ੍ਰਦਾਈਆਂ ਦੇ ਹੱਥ ਆ ਗਏ ਤਾਂ ਪੁਜਾਰੀਵਾਦ ਦਾ
ਬੋਲ ਬਾਲਾ ਫਿਰ ਹੋ ਗਿਆ। ਸਿੱਖ ਅਕਾਲ ਦਾ ਪੁਜਾਰੀ ਭਾਵ ਅਕਾਲ ਤੇ ਭਰੋਸਾ ਰੱਖਣ ਵਾਲਾ ਹੈ-ਠਾਕੁਰ
ਕਾ ਸੇਵਕੁ ਸਦਾ ਪੁਜਾਰੀ॥ (285) ਏਕ ਨਾਮ ਕੋ ਥੀਓ ਪੂਜਾਰੀ॥ (209) ਉਪ੍ਰੋਕਤ ਤੁਕਾਂ ਵਿੱਚ
ਪੁਜਾਰੀ ਸ਼ਬਦ ਧਾਰਮਿਕ ਰਸਮਾਂ ਨਿਭਾਉਣ ਜਾਂ ਪੂਜਾ ਅਰਦਾਸਾਂ ਕਰਨ ਵਾਲੇ ਬ੍ਰਾਹਮਣ ਜਾਂ ਗ੍ਰੰਥੀ ਭਾਈ
ਲਈ ਨਹੀਂ ਹੈ।
ਪੁਜਾਰੀਆਂ ਦੇ ਫਤਵੇ -ਈਸਾਈ
ਪਾਦਰੀਆਂ ਭਾਵ ਪੁਜਾਰੀਆਂ ਦੇ ਫਤਵਿਆਂ ਨੇ ਇੱਕ ਮਹਾਨ ਵਿਗਿਆਨੀ ਗੈਲੀਲੀਓ ਨੂੰ ਜੇਲ੍ਹ ਦੀਆਂ ਸੀਖਾਂ
ਪਿਛੇ ਡੱਕ ਕੇ ਜਲੀਲ ਕੀਤਾ, ਪਾਦਰੀਆਂ ਦੀ ਈਨ ਮੰਨਣ ਲਈ ਕਿਹਾ ਪਰ ਸੱਚ ਦਾ ਹੋਕਾ ਦੇਣ ਵਾਲਾ
ਗੈਲੀਲੀਓ ਵਿਗਿਆਨਕ ਸੱਚ ਤੋਂ ਪਿਛੇ ਨਾਂ ਹਟਿਆ ਅਤੇ ਕੁਰਬਾਨ ਹੋ ਗਿਆ। ਇਸਲਾਮ ਦੇ ਮੁਲਾਣਿਆਂ ਨੇ
ਸਰਮਦ ਵਰਗੇ ਸੂਫੀ ਫਕੀਰ ਨੂੰ ਇਸ ਕਰਕੇ ਮਰਵਾ ਦਿੱਤਾ ਕਿ ਉਸ ਨੇ ਉਨ੍ਹਾਂ ਦੀ ਸ਼ਰ੍ਹਾ ਨਹੀਂ ਕਬੂਲੀ।
ਸ਼ੰਕਰਚਾਰੀਆ ਵਰਗੇ ਬ੍ਰਾਹਮਣ ਪੁਜਾਰੀਆਂ ਨੇ ਬੁੱਧ ਵਰਗੇ ਬੁੱਧੀਜੀਵੀਆਂ ਨੂੰ ਭਾਰਤ ਵਿੱਚੋਂ ਕੱਢ
ਦਿੱਤਾ।
ਪੁਜਾਰੀ ਵਰਗ ਨੇ ਕਦੇ ਵੀ ਵਿਗਿਆਨਕ ਸੱਚ ਨਹੀਂ ਕਬੂਲਿਆ। ਇਨ੍ਹਾਂ ਦੇ ਚਲਾਏ
ਕਰਮਕਾਂਡਾਂ ਦਾ ਭਰਵਾਂ ਖੰਡਨ ਕਰਨ ਵਾਲੇ ਭਗਤ ਕਬੀਰ ਜੀ, ਨਾਮਦੇਵ ਜੀ ਅਤੇ ਰਵਿਦਾਸ ਜੀ ਵਰਗੇ ਉੱਚ
ਕੋਟੀ ਦੇ ਭਗਤਾਂ ਦੀ ਰੱਜ ਕੇ ਵਿਰੋਧਤਾ ਕੀਤੀ ਅਤੇ ਵਕਤ ਦੇ ਰਾਜਿਆਂ ਕੋਲੋਂ ਭਿਆਨਕ ਤਸੀਹੇ ਦਿਵਾਏ।
ਪੁਜਾਰੀ ਵਰਗ ਨੇ ਸਭ ਤੋਂ ਵੱਧ ਵਿਰੋਧਤਾ ਗੁਰੂ ਨਾਨਕ ਸਾਹਿਬ ਦੀ ਕੀਤੀ, ਉਨ੍ਹਾਂ ਨੂੰ ਕੁਰਾਹੀਆ,
ਭੂਤਨਾ ਅਤੇ ਬੇਤਾਲਾ ਵੀ ਕਿਹਾ-ਕੋਈ ਆਖੈ ਭੂਤਨਾ ਕੋ ਕਹੈ
ਬੇਤਾਲਾ॥ (991) ਸ਼ਾਂਤੀ ਦੇ ਪੁੰਜ ਗੁਰੂ ਅਰਜਨ ਦੇਵ ਜੀ ਨੂੰ ਬੜੀ ਬੇਦਰਦੀ ਨਾਲ ਸ਼ਹੀਦ
ਕਰਾਉਣ ਵਿੱਚ ਵੀ ਬੀਰਬਲ ਬ੍ਰਾਹਮਣ, ਚੰਦੂ ਸ਼ਵਾਈਆ, ਮੁਹੰਮਦ ਬਾਕੀ ਬਿੱਲਾ, ਸ਼ੇਖ ਅਹਿਮਦ ਸਰਹਦੀ ਅਤੇ
ਸ਼ੇਖ ਫਰੀਦ ਬੁਖਾਰੀ ਆਦਿਕ ਅਖੌਤੀ ਧਾਰਮਿਕ ਲੀਡਰਾਂ ਅਤੇ ਪੁਜਾਰੀਆਂ ਦਾ ਪੂਰਾ ਹੱਥ ਸੀ ਜਿਨ੍ਹਾਂ ਨੇ
ਕੰਨਾਂ ਦੇ ਕੱਚੇ ਬਾਦਸ਼ਾਹ ਜਹਾਂਗੀਰ ਦੇ ਰੱਜ ਕੇ ਕੰਨ ਭਰੇ। ਅੰਮ੍ਰਿਤਸਰ ਦੇ ਮਸੰਦ ਪੁਜਾਰੀਆਂ ਨੇ
ਵੈਰਾਗ-ਤਿਆਗ ਦੀ ਮੂਰਤਿ ਗੁਰੂ ਤੇਗ ਬਹਾਦਰ ਜੀ ਨੂੰ ਸ੍ਰੀ ਦਰਬਾਰ ਸਾਹਿਬ ਅੰਦਰ ਨਾਂ ਆਣ ਦਿੱਤਾ,
ਸਾਰੇ ਦਰਵਾਜੇ ਬੰਦ ਕਰ ਦਿੱਤੇ ਤਾਂ ਗੁਰੂ ਨੂੰ ਕਹਿਣਾ ਪਿਆ-ਹੋ ਮਸੰਦ ਤੁਮ
ਅੰਮ੍ਰਿਤਸਰੀਏ। ਤ੍ਰਿਸ਼ਨਾ ਅਗਨਿ ਤੇ ਅੰਤਰਿਸੜੀਏ। (ਸੂਰਜ
ਪ੍ਰਕਾਸ਼) ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ-ਪੰਥ ਨੂੰ ਗੁਰਤਾ ਦੇ ਕੇ ਇਹ ਪ੍ਰਥਾ ਹੀ
ਬੰਦ ਕਰ ਦਿੱਤੀ। ਹਰੇਕ ਸਿੱਖ ਆਪ ਹੀ ਗੁਰਬਾਣੀ ਦਾ ਪਾਠ, ਕੀਰਤਨ ਵਿਚਾਰ ਅਤੇ ਅਰਦਾਸ ਕਰ ਸਕਦਾ ਹੈ।
ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ, ਕਾਫੀ ਸਮਾਂ ਸਿੱਖਾਂ ਨੂੰ ਮੁਗਲੀਆ
ਹਕੂਮਤ ਨਾਲ ਜੂਝਦੇ ਜੰਗਲਾਂ ਵਿੱਚ ਰਹਿਣਾ ਪਿਆ, ਤਾਂ ਉਦਾਸੀ ਅਤੇ ਨਿਰਮਲੇ ਸਾਧ ਗੁਰਦੁਆਰਿਆਂ ਦੀ
ਸੇਵਾ ਸੰਭਾਲ ਕਰਦੇ ਰਹੇ। ਇਨ੍ਹਾਂ ਉੱਤੇ ਬਨਾਰਸ ਕਾਂਸ਼ੀ ਵਿਖੇ ਵਿਦਿਆ ਪੜ੍ਹਨ ਕਰਕੇ, ਬ੍ਰਾਹਮਣ ਦੀ
ਸੰਗਤ ਦਾ ਅਸਰ ਸੀ। ਇਸ ਕਰਕੇ ਗੁਰਦੁਆਰਿਆਂ ਵਿੱਚ ਵੀ ਪੁਜਾਰੀਵਾਦ ਸ਼ੁਰੂ ਹੋ ਗਿਆ। ਮਹਾਂਰਾਜਾ ਰਣਜੀਤ
ਸਿੰਘ ਦਾ ਰਾਜ ਆਇਆ ਉਸ ਨੇ ਸੈਂਕੜੇ ਏਕੜ ਜ਼ਮੀਨਾਂ ਧਰਮ ਅਸਥਾਨਾਂ ਦੇ ਨਾਂ ਲਵਾ ਦਿੱਤੀਆਂ। ਸਿੱਖ
ਅਮੀਰ ਹੋ ਗਏ, ਪੁਜਾਰੀਆਂ ਕੋਲੋਂ ਹੀ ਪਾਠ ਪੂਜਾ ਕਰਵਾਉਣ ਲੱਗ ਪਏ। ਇਉਂ ਪੁਜਾਰੀ ਹੋਰ ਚਾਮਲ ਗਏ ਅਤੇ
ਕਈ ਵਿਧੀ ਵਿਧਾਨ ਵਾਲੇ ਪਾਠ ਚਲਾ ਕੇ ਪੈਸੇ ਦੇ ਰੂਪ ਵਿੱਚ ਪੂਜਾ ਭੇਟਾ ਲੈਣ ਲੱਗ ਪਏ। ਵੱਖ-ਵੱਖ
ਡੇਰਿਆਂ ਵਿੱਚ ਪਾਠਾਂ ਦੀਆਂ ਇਕੋਤਰੀਆਂ ਚਲਾ ਦਿੱਤੀਆਂ। ਆਮ ਸ਼ਰਧਾਲੂ ਨੂੰ ਗੁਰਬਾਣੀ ਪਾਠ ਦੇ ਨੇੜੇ
ਨਾਂ ਲੱਗਣ ਦਿੱਤਾ ਕਿ ਤੁਸੀਂ ਪਾਠ ਸ਼ੁੱਧ ਨਹੀਂ ਕਰ ਸਕਦੇ, ਸਾਡੇ ਡੇਰੇ ਦੇ ਪਾਠੀ ਟਕਸਾਲੀ ਹਨ,
ਉਨ੍ਹਾਂ ਤੋਂ ਪਾਠ ਕਰਵਾਓ ਤਾਂ ਕਾਰਜ ਰਾਸ ਹੋਣਗੇ। ਇਸ ਲਾਲਚ ਅਤੇ ਵਹਿਮ ਵਿੱਚ ਲੋਕ ਪੁਜਾਰੀਆਂ ਤੋਂ
ਹੀ ਪਾਠ-ਅਰਦਾਸਾਂ ਕਰਾਉਣ ਲੱਗ ਪਏ।
ਫਿਰ ਸਿੰਘ ਸਭਾ ਲਹਿਰ ਉੱਠੀ ਉਸ ਨੇ ਕੁਕਰਮੀ ਮਹੰਤਾਂ ਨੂੰ ਤਾਂ ਧਰਮ
ਅਸਥਾਨਾਂ ਵਿੱਚੋਂ ਕੱਢ ਦਿੱਤਾ ਕਿਉਂਕਿ ਮਹੰਤ ਨਰੈਣੂ ਵਰਗੇ ਸ਼ਰੇਆਮ ਗੁਰਦੁਆਰਿਆਂ ਵਿੱਚ ਸ਼ਰਾਬਾਂ ਪੀਣ
ਅਤੇ ਕੰਜਰੀਆਂ ਨਚਾਉਣ ਲੱਗ ਪਏ ਸਨ। ਇਉਂ ਮਹੰਤਾਂ ਦੇ ਧਰਮ ਅਸਥਾਨਾਂ ਵਿੱਚੋਂ ਕੱਢੇ ਜਾਣ ਕਰਕੇ ਕੁੱਝ
ਸਮਾਂ ਸਿੱਖ ਮਰਯਾਦਾ ਬਹਾਲ ਰਹੀ ਪਰ ਡੇਰਿਆਂ ਦੇ ਪੜ੍ਹੇ ਰਾਗੀ-ਗ੍ਰੰਥੀ ਵੀ ਪੁਜਾਰੀਆਂ ਵਾਲਾ ਰੋਲ ਹੀ
ਅਦਾ ਕਰਦੇ ਸਨ। ਹੌਲੀ ਹੌਲੀ ਇਨ੍ਹਾਂ ਨੇ ਆਪਣੇ ਆਪ ਨੂੰ ਸੰਤ ਕਹਾਉਣਾ ਸ਼ੁਰੂ ਕਰ ਦਿੱਤਾ। ਜਿਸ ਦਾ
ਸਿੱਟਾ ਨਕਲੀ ਨਿਰੰਕਾਰੀ, ਰਾਧਾ ਸੁਆਮੀ, ਆਸ਼ੂਤੋਸ਼, ਭਨਿਆਰੇ ਵਾਲਾ, ਪਹੇਵੇ ਵਾਲਾ, ਸਰਸੇ ਵਾਲਾ
ਬਹੁਰੂਪੀਆ ਸਾਧ ਅਤੇ ਅਨੇਕਾਂ ਹੋਰ ਡੇਰੇ ਅਤੇ ਸੰਪ੍ਰਦਾਈ ਆਪੋ ਆਪਣੀ ਮਰਯਾਦਾ ਚਲਾ ਕੇ ਸਿੱਖ ਸੰਗਤ
ਨੂੰ ਗੁਮਰਾਹ ਕਰਕੇ ਦੋਹੀਂ ਹੱਥੀਂ ਲੁੱਟਣ, ਆਪਣੇ ਆਪ ਨੂੰ ਮੱਥੇ ਟਿਕਾਉਣ ਅਤੇ ਆਪਣੇ ਚਰਨਾਂ ਦੀ
ਪੂਜਾ ਵੀ ਕਰਵਾਉਣ ਲੱਗ ਪਏ। ਹਿੰਦੂ ਪੁਜਾਰੀਆਂ ਦੀ ਤਰ੍ਹਾਂ ਵਰ ਸਰਾਪ ਦੇਣੇ ਸ਼ੁਰੂ ਕਰ ਦਿੱਤੇ।
ਤਰ੍ਹਾਂ-ਤਰ੍ਹਾਂ ਦੀਆਂ ਧੂਪ ਸਮੱਗਰੀਆਂ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਕਰਣੀ-ਕਰਵਾਉਣੀ
ਆਰੰਭ ਕਰ ਦਿੱਤੀ ਭਾਵ ਸਿੱਖ ਸੰਗਤਾਂ ਨੂੰ ਵੀ ਗੁਰੂ ਗ੍ਰੰਥ ਜੀ ਨੂੰ ਬੁੱਤਾਂ ਦੀ ਤਰ੍ਹਾਂ ਪੂਜਣ ਤੇ
ਲਾ ਦਿੱਤਾ। ਮਨਘੜਤ ਸਾਖੀਆਂ ਸੁਣਾ-ਸੁਣਾ ਆਪਣੇ ਵੱਡੇ ਸੰਤਾਂ ਨੂੰ ਹੀ ਮਹਾਂਰਾਜ ਕਹਿਣ ਤੇ ਕਹਾਉਣ
ਲੱਗ ਪਏ। ਫਿਰ ਗ੍ਰੰਥੀਆਂ ਦੇ ਰੂਪ ਵਿੱਚ ਮਹਾਂਨ ਤਖਤਾਂ ਤੇ ਵੀ ਜਾ ਬਿਰਾਜੇ ਅਤੇ ਸਿੰਘ ਸਭਾ ਦੇ
ਮੋਢੀਆਂ ਪ੍ਰੋ. ਗੁਰਮੁਖ ਸਿੰਘ ਵਰਗਿਆਂ ਨੂੰ ਤਖਤਾਂ ਤੋਂ ਫਤਵੇ ਜਾਰੀ ਕਰ ਕੇ ਪੰਥ ਚੋਂ ਛੇਕ ਦਿੱਤਾ।
ਫਿਰ ਬਾਅਦ ਵਿੱਚ ਗਿ. ਭਾਗ ਸਿੰਘ ਅੰਬਾਲੇ ਵਰਗੇ ਉੱਚਕੋਟੀ ਦੇ ਵਿਦਵਾਨ ਨੂੰ ਵੀ ਪੰਥ ਚੋਂ ਖਾਰਜ ਕਰ
ਦਿੱਤਾ। ਐਸ ਵੇਲੇ ਬਹੁਤਾਤ ਸਿੱਖਾਂ ਵਿੱਚ ਬਿਪਰਨ ਕੀਆਂ ਰੀਤਾਂ ਹੀ ਚੱਲ ਰਹੀਆਂ ਹਨ। ਆਪਣੇ ਆਪ ਨੂੰ
ਪੰਥ ਦੀਆਂ ਸਿਰਮੌਰ ਜਥੇਬੰਦੀਆਂ ਅਖਵਾਉਣ ਵਾਲੀਆਂ ਟਕਸਾਲਾਂ, ਸੰਪ੍ਰਦਾਵਾਂ ਅਤੇ ਡੇਰੇ ਬਹੁਤਾ ਕਰਕੇ
ਬ੍ਰਾਹਮਣੀ ਕਰਮਕਾਂਡ (ਬਿਪਰ ਰੀਤਾਂ) ਹੀ ਕਰੀ-ਕਰਾਈ ਜਾ ਰਹੇ ਹਨ। ਜਦ ਇਨ੍ਹਾਂ ਬਿਪਰ ਰੀਤਾਂ ਦੇ
ਵਿਰੁੱਧ ਇੱਕ ਪ੍ਰਵਾਸੀ ਭਾਰਤੀ ਕਨੇਡਾ ਨਿਵਾਸੀ ਸ੍ਰ. ਗੁਰਬਖਸ਼ ਸਿੰਘ “ਕਾਲਾ ਅਫਗਾਨਾ” ਨੇ ਜੋਰਦਾਰ
ਅਵਾਜ਼ ਉਠਾਉਂਦੇ ਹੋਏ “ਬਿਪਰਨ ਕੀ ਰੀਤ ਤੋ ਸੱਚ ਦਾ ਮਾਰਗ” ਪੁਸਤਕ ਦਸ ਭਾਗਾਂ ਵਿੱਚ ਲਿਖ ਕੇ ਸਿੱਖ
ਕੌਮ ਨੂੰ ਜਾਗਰਿਤ ਕਰਨ ਦੀ ਕਠਿਨ ਕੋਸ਼ਿਸ਼ ਕੀਤੀ ਤਾਂ ਵੇਦਾਂਤੀ ਵਰਗੇ ਪੁਜਾਰੀਆਂ ਨੇ ਉਸ ਦਾ ਪੱਖ
ਸੁਣੇ ਬਗੈਰ ਹੀ ਕੁਝਕੁ ਬ੍ਰਾਹਮਣਵਾਦੀ ਸੰਪ੍ਰਦਾਵਾਂ ਦੇ ਦਬਾ ਕਰਕੇ ਬੜੀ ਬੇਦਰਦੀ ਨਾਲ ਪੰਥ ਚੋਂ ਛੇਕ
ਦਿੱਤਾ। ਰੋਜ਼ਾਨਾ ਸਪੋਕਸਮੈਨ ਦੇ ਸੰਚਾਕ ਤੇ ਸੰਪਾਦਕ ਸ੍ਰ. ਜੋਗਿੰਦਰ ਸਿੰਘ ਜੋ ਪੇਪਰ ਰਾਹੀਂ ਸੱਚ ਦੀ
ਅਵਾਜ਼ ਬੁਲੰਦ ਕਰਕੇ ਸਿੱਖ ਸੰਗਤ ਨੂੰ ਵਹਿਮ ਭਰਮ, ਕਰਮਕਾਂਡ ਛੱਡਣ ਲਈ ਆਪਣੀ ਅਤੇ ਆਪਣੇ ਵਿਦਵਾਨ
ਲੇਖਕਾਂ ਦੀ ਲੇਖਣੀ ਰਾਹੀਂ ਸਿਆਸੀ ਆਗੂਆਂ ਦੇ ਪੋਲ ਖੋਲ੍ਹ ਰਹੇ ਸਨ ਅਤੇ ਸ੍ਰ. ਗੁਰਬਖਸ਼ ਸਿੰਘ ਜੀ
“ਕਾਲਾ ਅਫਗਾਨਾ” ਵਰਗੇ ਉੱਚ ਕੋਟੀ ਦੇ ਵਿਦਵਾਨਾਂ, ਜੋ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ
ਸਿਧਾਂਤ ਦਾ ਪ੍ਰਚਾਰ ਕਰਦੇ ਹਨ, ਦੀਆਂ ਕ੍ਰਾਂਤੀਕਾਰੀ ਰਚਨਾਵਾਂ ਨੂੰ “ਸਪੋਕਸਮੈਨ” ਵਿੱਚ ਛਾਪਣਾ
ਸ਼ੁਰੂ ਕਰ ਦਿੱਤਾ ਤਾਂ ਇਨ੍ਹਾਂ ਬ੍ਰਾਹਮਣਵਾਦੀ ਪੁਜਾਰੀਆਂ ਦਾ ਹੁਕਨਾਮੇ ਰੂਪ ਕੁਹਾੜਾ ਸਪੋਕਸਮੈਨ ਦੇ
ਮੁਖ ਸੰਪਾਦਕ ਸ੍ਰ. ਜੋਗਿੰਦਰ ਸਿੰਘ ਤੇ ਵੀ ਚੱਲ ਗਿਆ। ਅਖੌਤੀ ਦਸਮ ਗ੍ਰੰਥ ਦੀ ਅਸ਼ਲੀਲ ਰਚਨਾਂ
ਤ੍ਰਿਆ-ਚਰਿਤ੍ਰ ਜੋ ਗੁਰੂ ਗੋਬਿੰਦ ਸਿੰਘ ਜੀ ਦੀ ਤੌਹੀਨ ਕਰਦੀ ਹੈ, ਦੇ ਬਾਰੇ ਜਦ ਪ੍ਰੋ. ਦਰਸ਼ਨ ਸਿੰਘ
ਖਾਲਸਾ (ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ) ਨੇ ਸੰਗਤਾਂ ਨੂੰ ਜਾਗ੍ਰਿਤ ਕੀਤਾ ਤਾਂ ਲਾਂਬੇ ਵਰਗੇ ਪੰਥ
ਦੋਖੀਆਂ ਦੀ ਚੁੱਕਣਾਂ ਵਿੱਚ ਆ ਕੇ ਦਸਮ ਗ੍ਰੰਥ ਦੇ ਪੁਜਾਰੀ ਸੰਪ੍ਰਦਾਈ ਜਥੇਦਾਰ ਗੁਰਬਚਨ ਸਿੰਘ ਨੇ
ਉਨ੍ਹਾਂ ਦਾ ਪੱਖ ਸੁਣੇ ਬਗੈਰ ਹੀ ਪੰਥ ਚੋਂ ਛੇਕ ਦਿੱਤਾ। ਅੱਜ ਇਹ ਪੁਜਾਰੀ ਦਸਮ ਗ੍ਰੰਥ ਵਰਗੀ ਅਸ਼ਲੀਲ
ਰਚਨਾ ਨੂੰ ਗੁਰੂ ਦੀ ਬਾਣੀ ਦੇ ਬਰਾਬਰ ਦਰਜਾ ਦੇ ਕੇ ਗੁਰੂਆਂ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ
ਜੀ ਤੇ ਵੀ ਆਪਣੀ ਹਉਂਮੈ ਭਰੀ ਧੌਂਕ ਦਾ ਕੁਹਾੜਾ ਚਲਾ ਰਹੇ ਹਨ। ਇਨ੍ਹਾਂ ਨੂੰ ਇਹ ਗੁਰੂ ਦਾ ਹੁਕਮ
“ਗੁਰੂ ਮਾਨਿਓਂ ਗ੍ਰੰਥ” ਭੁਲ ਗਿਆ ਹੈ ਜਾਂ ਕਿਸੇ ਸਾਜਿਸ ਸਦਕਾ “ਅਖੌਤੀ ਦਸਮ ਗ੍ਰੰਥ” ਵਰਗੀ ਅਸ਼ਲੀਲ
ਪੁਸਤਕ ਨੂੰ ਰੱਬੀ ਗਿਆਨ ਦੇ ਭੰਡਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰਬਰ ਪ੍ਰਕਾਸ਼ ਕਰ ਰਹੇ ਹਨ। ਗੁਰੂ
ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲਿਆਂ ਨੂੰ ਪੰਥ ਚੋਂ ਛੇਕਣ ਦੇ ਆਦੇਸ਼ ਦਿੱਤੇ ਜਾ ਰਹੇ ਹਨ ਅਤੇ
“ਅਖੌਤੀ ਗੰਦੀਆਂ ਕਵਿਤਾਵਾਂ ਨਾਲ ਭਰੇ ਗ੍ਰੰਥ” ਦਾ ਪ੍ਰਕਾਸ਼ ਤੇ ਪਾਠ ਕਰਨ ਵਾਲਿਆਂ ਨੂੰ ਸਿਰੋਪੇ
ਦਿੱਤੇ ਜਾ ਰਹੇ ਹਨ। ਇਹ ਪੁਜਾਰੀਵਾਦ ਦੀ ਸਿੱਖਰ ਨਹੀਂ ਕਿ ਇੱਕ ਵੀ ਡੇਰੇਦਾਰ, ਸੰਪ੍ਰਦਾਈ ਜਾਂ ਬਾਦਲ
ਪੱਖੀ ਜੋ ਡੇਰਾਵਾਦ ਨੂੰ ਬੜਾਵਾ ਦਿੰਦਾ ਹੈ ਅਤੇ ਅਕਾਲ ਤਖਤ ਦੀ ਮਰਯਾਦਾ ਦੀਆਂ ਧੱਜੀਆਂ ਉਡਾ ਕੇ
ਸ਼ਰੇਆਮ ਉਲੰਘਣਾ ਕਰਦਾ ਹੈ ਨੂੰ ਕਦੇ ਆਦੇਸ਼ ਦੇ ਕੇ ਪੰਥ ਚੋਂ ਛੇਕਿਆ ਹੋਵੇ। ਕੀ ਗੁਰੂ ਗ੍ਰੰਥ ਸਾਹਿਬ
ਜੀ ਦੀ ਨਿਰੋਲ ਬਾਣੀ ਦਾ ਪ੍ਰਚਾਰ ਕਰਨਾ ਕੋਈ ਗੁਨਾਹ ਹੈ? ਜਿਸ ਕਰਕੇ ਗੁਰਸਿੱਖ ਵਿਦਵਾਨਾਂ ਦੀ ਜ਼ਬਾਨ
ਅਤੇ ਕਲਮ ਬੰਦ ਕਰਵਾਈ ਜਾ ਰਹੀ ਹੈ? ਰਸਮੀ ਅਖੰਡ ਪਾਠ ਕਰ ਕਰਵਾ ਕੇ ਮਾਇਆ ਇਕੱਠੀ ਕਰਨੀ
ਪੂਜਾ-ਪੁਜਾਰੀਵਾਦ ਨਹੀਂ ਤਾਂ ਹੋਰ ਕੀ ਹੈ?
ਗੁਰੂ ਕੇ ਵਜ਼ੀਰ ਜਾਂ ਪ੍ਰਬੰਧਕਾਂ ਦੇ ਨੌਕਰ -ਵਜ਼ੀਰ
ਅਰਬੀ ਭਾਸ਼ਾ ਦਾ ਲਫਜ਼ ਹੈ ਅਤੇ ਇਸ ਦੇ ਅਰਥ ਹਨ-ਮੰਤ੍ਰੀ ਰਾਜੇ ਨੂੰ ਨੇਕ ਸਲਾਹ ਦੇਣ ਵਾਲਾ। ਚਾਣਕੀਆ
ਆਪਣੇ ਸੂਤ੍ਰਾਂ ਵਿੱਚ ਲਿਖਦਾ ਹੈ ਕਿ ਕਰਨ ਅਤੇ ਨਾਂ ਕਰਨਯੋਗ ਕੰਮ ਦੀ ਅਸਲੀਅਤ ਨੂੰ ਸਮਝਣ ਵਾਲਾ। ਪਰ
ਗੁਰਮਤਿ ਵਿੱਚ ਅਕਾਲਪੁਰਖ ਆਪੇ ਹੀ ਮਾਲਕ (ਰਾਜਾ) ਅਤੇ ਆਪ ਹੀ ਸਲਾਹਕਾਰ (ਵਜ਼ੀਰ) ਹੈ-ਆਪੇ
ਸਾਹਿਬੁ ਆਪਿ ਵਜੀਰੁ॥ (159) ਗੁਰੂ ਕਾ ਵਜ਼ੀਰ ਲਫਜ਼ ਸਿੱਖ ਇਤਿਹਾਸ ਵਿੱਚ ਕਿਤੇ ਨਹੀਂ ਮਿਲਦਾ।
ਭਾਈ ਕਾਨ੍ਹ ਸਿੰਘ ਨਾਭਾ ਜੀ ਨੇ ਮਹਾਂਨਕੋਸ਼ ਅਤੇ ਗੁਰਮਤਿ ਮਾਰਤੰਡ ਗ੍ਰੰਥਾਂ ਵਿੱਚ “ਗੁਰੂ ਕਾ ਅੰਬ,
ਗੁਰੂ ਕਾ ਕੋਠਾ, ਗੁਰੂ ਕਾ ਖੂਹ, ਗੁਰੂ ਕਾ ਚਾਕ, ਗੁਰੂ ਕਾ ਬਾਗ, ਗੁਰੂ ਕਾ ਬਾਜਾਰ, ਗੁਰੂ ਕੀ ਬੀੜ,
ਗੁਰੂ ਕਾ ਲਹੌਰ, ਗੁਰੂ ਕੀ ਕਾਂਸ਼ੀ, ਗੁਰੂ ਕੀ ਟਾਹਲੀਆਂ, ਗੁਰੂ ਕੀ ਰੌੜ, ਗੁਰੂ ਕੇ, ਗੁਰੂ ਕੇ ਮਹਲ,
ਗੁਰੂ ਕੇ ਮਹਿਲ” ਆਦਿਕ ਲਫਜ਼ ਵਰਤੇ ਹਨ ਪਰ ਗੁਰੂ ਕਾ ਵਜ਼ੀਰ ਕਿਤੇ ਨਹੀਂ ਲਿਖਿਆ। ਗੁਰਮਤਿ ਵਿਖੇ ਇਹ
ਤਖਲਸ ਤਾਂ ਮਿਲਦੇ ਹਨ ਜਿਵੇਂ ਮਾਈ, ਭਾਈ, ਬਾਬਾ, ਗੁਰਮੁਖ, ਗੁਰਸਿੱਖ, ਸੇਵਕ, ਗੁਰਸੇਵਕ, ਟਹਿਲੀਆ,
ਗੁਲਾਮ, ਵਣਜਾਰਾ, ਪਹਿਰੂਆ, ਮਿਤਰ, ਪਿਆਰਾ, ਗ੍ਰੰਥੀ, ਰਾਗੀ, ਢਾਡੀ, ਕੀਰਤਨੀਆਂ, ਮੁਖੀ, ਗੁਰੂ
ਪੰਥੀਆ, ਧਰਮਸਾਲੀਆ, ਗਿਆਨੀ ਆਦਿਕ। ਗੁਰੂ ਕਾ ਵਜ਼ੀਰ ਅਜੋਕੇ ਸਮੇਂ ਵਿੱਚ ਹੀ ਪ੍ਰਚਲਤ ਕੀਤਾ ਗਿਆ ਹੈ।
ਸਿੱਖ ਧਰਮ ਵਿੱਚ ਗੁਰੂ ਹੀ ਸਰਬੋਤਮ ਹੈ। ਗੁਰੂ ਸਮਗਰ ਗਿਆਨ ਦਾ ਸੋਮਾ ਹੈ। ਗੁਰੂ ਕੋਈ ਦੇਹਧਾਰੀ
ਨਹੀਂ ਸਗੋਂ ਸ਼ਬਦ ਗੁਰੂ ਹੈ, ਜਿਸ ਨੂੰ ਕਿਸੇ ਪੰਜ ਭੂਤਕ ਸਲਾਹਕਾਰ ਦੀ ਲੋੜ ਨਹੀਂ। ਅਜੋਕੇ ਗ੍ਰੰਥੀ
ਸਿੰਘ ਜਿੰਨ੍ਹਾਂ ਨੂੰ “ਗੁਰੂ ਕੇ ਵਜ਼ੀਰ” ਕਿਹਾ ਜਾਂਦਾ ਹੈ ਜਾਂ ਉਹ ਆਪਣੇ ਆਪ ਨੂੰ ਕਹਾਉਂਦੇ ਹਨ। ਕੀ
ਵਾਕਿਆ ਹੀ ਉਹ ਵਜ਼ੀਰ ਹਨ ਜਾਂ ਨੌਕਰ? ਗੁਰਦੁਆਰੇ ਵਿੱਚ ਸਲਾਹ ਪ੍ਰਬੰਧਕਾਂ ਦੀ ਚਲਦੀ ਹੈ ਜਾਂ
ਗ੍ਰੰਥੀਆਂ ਦੀ? ਕੀ ਗ੍ਰੰਥੀ ਪ੍ਰਬੰਧਕਾਂ ਤੋਂ ਤਨਖਾਹ ਨਹੀਂ ਲੈਂਦੇ ਹਨ? ਜਦੋਂ ਮਰਜੀ ਪ੍ਰਬੰਧਕ
ਉਨ੍ਹਾਂ ਨੂੰ ਨੌਕਰੀ ਤੋਂ ਫਾਰਗ ਕਰ ਦਿੰਦੇ ਹਨ, ਫਿਰ ਉਹ ਗੁਰੂ ਕੇ ਵਜ਼ੀਰ ਕਿਧਰ ਦੇ ਹੋਏ? ਗੰਥੀ
ਸਿੰਘਾਂ ਨੇ ਆਪਣੇ ਹੱਕਾਂ ਲਈ ਜੂਝਣ ਵਾਸਤੇ ਗ੍ਰੰਥੀ ਸਭਾ ਤਾਂ ਬਣਾਈਆਂ ਹੋਈਆਂ ਹਨ ਪਰ ਅੱਜ ਤੱਕ ਕੋਈ
“ਗੁਰੂ ਕੇ ਵਜ਼ੀਰ ਸਭਾ” ਨਹੀਂ ਬਣੀ, ਗ੍ਰਥੀ ਸਭਾ ਹੈ, ਰਾਗੀ ਸਭਾ ਹੈ, ਢਾਡੀ ਸਭਾ ਹੈ। ਇਸ ਤੋਂ ਸਿੱਧ
ਹੁੰਦਾ ਹੈ ਕਿ ਸਿੱਖੀ ਵਿੱਚ “ਗੁਰੂ ਕਾ ਵਜ਼ੀਰ” ਕੋਈ ਪ੍ਰਥਾ ਨਹੀਂ। ਸਿੱਖਾਂ ਵਿੱਚ ਬ੍ਰਾਹਮਣਾਂ ਵਾਂਗ
ਕੋਈ ਵਿਸ਼ੇਸ਼ ਮਹੰਤ, ਪ੍ਰੋਹਤ ਜਾਂ ਗ੍ਰੰਥੀ ਪੁਜਾਰੀ ਨਹੀਂ ਜਿਸ ਤੋਂ ਪੁੱਛ ਕੇ ਸਾਰੇ ਕੰਮ ਕੀਤੇ ਜਾਣ।
ਆਪਣੀ ਕਿਰਤ-ਵਿਰਤ ਕਰਦਾ ਹੋਇਆ, ਹਰੇਕ ਗੁਰਸਿੱਖ, ਮਾਈ-ਭਾਈ, ਸਿੱਖ-ਸੇਵਕ ਆਪ ਗੁਰਬਾਣੀ ਦਾ ਪਾਠ,
ਕੀਰਤਨ, ਕਥਾ ਵੀਚਾਰ, ਪ੍ਰਚਾਰ ਅਤੇ ਅਰਦਾਸ ਕਰ ਸਕਦਾ ਹੈ। ਇਸ ਕਰਕੇ ਗੁਰੂ “ਗੁਰੂ” ਹੀ ਹੈ
ਅਤੇ ਸਿੱਖ “ਸਿੱਖ” ਹੀ ਹਨ। ਹਰੇਕ ਸਿੱਖ ਮਾਈ-ਭਾਈ ਹੀ ਗ੍ਰੰਥੀ ਹੈ ਜੋ ਗੁਰੂ ਗ੍ਰੰਥ ਸਾਹਿਬ
ਜੀ ਦਾ ਆਪ ਪਾਠ ਕਰਦਾ, ਵੀਚਾਰਦਾ ਅਤੇ ਧਾਰਦਾ ਹੈ। ਗ੍ਰੰਥੀਆਂ ਨੂੰ “ਗੁਰੂ ਕੇ ਵਜ਼ੀਰ” ਹੋਣ ਦਾ
ਹੰਕਾਰ ਛੱਡ ਕੇ ਗੁਰਸਿੱਖ ਦੇ ਤੌਰ ਤੇ ਵਿਚਰਨਾ ਚਾਹੀਦਾ ਹੈ। ਮਾਇਆ ਖਾਤਰ ਬੇਗਿਆਨੇ, ਬੇਧਿਆਨੇ,
ਹੰਕਾਰੀ ਅਤੇ ਪਾਰਟੀਬਾਜ ਪ੍ਰਬੰਧਕਾਂ ਦੇ ਅੱਗੇ-ਪਿੱਛੇ ਗੇੜੇ ਨਹੀਂ ਮਾਰਨੇ ਚਾਹੀਦੇ।
ਪੂਜਣ ਵਾਲਿਆਂ ਦੇ ਧਿਆਨਯੋਗ -ਸਦਾ
ਯਾਦ ਰੱਖੋ “ਪੂਜਾ ਅਕਾਲ ਕੀ, ਪਰਚਾ ਸ਼ਬਦ ਦਾ, ਦਿਦਾਰ ਖ਼ਾਲਸੇ ਦਾ” ਹੀ ਸਿੱਖੀ ਸਿਧਾਂਤ ਹੈ।
ਪੂਜਾ-ਪੁਜਾਰੀਵਾਦ ਅਤੇ ਅਖੌਤੀ ਵਜ਼ੀਰਪੁਣਾ ਸਿੱਖੀ ਦਾ ਸਿਧਾਂਤ ਨਹੀਂ ਬਾਹਰੋਂ ਆਈ ਅਮਰਵੇਲ ਹੈ ਜੋ
ਸਿੱਖੀ ਦੇ ਵਧਦੇ ਫੁਲਦੇ ਬੂਟੇ ਨੂੰ ਦਿਨੋ-ਦਿਨ ਖਾਈ ਜਾ ਰਹੀ ਹੈ। ਸਿੱਖ ਕਿਰਤੀ ਹੈ, ਸੇਵਾਦਾਰ ਹੈ,
ਨਾਮ ਰਸੀਆ ਹੈ, ਸਿਖਿਆਰਥੀ ਹੈ, ਜਥੇਦਾਰ ਹੈ, ਸਰਦਾਰ ਹੈ, ਡਾਕਟਰ, ਇੰਨਜੀਨੀਅਰ, ਸਾਇੰਸਦਾਨ,
ਵਿਗਿਆਨੀ, ਖੇਡਾਰੀ, ਸਿਪਾਹੀ, ਫੌਜੀ, ਸ਼ਹੀਦ, ਪ੍ਰਚਾਰਕ, ਲਿਖਾਰੀ ਅਤੇ ਵਾਪਾਰੀ ਤਾਂ ਹੋ ਸਕਦਾ ਹੈ
ਪਰ ਪੁਜਾਰੀ-ਸੰਪ੍ਰਦਾਈ ਨਹੀਂ। ਪੂਜਾ-ਪੁਜਾਰੀਵਾਦ ਦਾ ਜੂਲਾ ਮਨੁੱਖਤਾ ਦੇ ਗਲੋਂ ਗਰੂਆਂ-ਭਗਤਾਂ ਨੇ
ਲਾਹਿਆ ਸੀ ਜੋ ਅੱਜ ਫਿਰ ਪਾਇਆ ਜਾ ਰਿਹਾ ਹੈ। ਇਸ ਤੋਂ ਬਚਣ ਦੀ ਅਤਿਅੰਤ ਲੋੜ ਹੈ। ਪੁਜਾਰੀਵਾਦ ਦਾ
ਸੁੰਡਾ ਸਿੱਖੀ ਸਿਧਾਂਤਾਂ ਦੇ ਹਰਿਆਵਲ ਪੱਤਿਆਂ ਨੂੰ ਬੜੀ ਬੇਦਰਦੀ ਨਾਲ ਖਾਈ ਜਾ ਰਿਹਾ ਹੈ। ਬਚਣਾ ਹੈ
ਤਾਂ ਆਪ ਪਾਠ-ਕੀਰਤਨ-ਕਥਾ ਗੁਰਬਾਣੀ ਦੀ ਵਿਚਾਰ ਨਿਤਾ ਪ੍ਰਤੀ ਕਰੋ ਨਿਰਾ ਪੁਜਾਰੀਆਂ ਤੇ ਹੀ ਡਿਪੈਂਡ
ਨਾਂ ਹੋਏ ਰਹੋ। ਅੱਜ ਗੁਰੂ ਗ੍ਰੰਥ ਸਾਹਿਬ ਜੀ ਤੇ ਪੂਰਨ ਭਰੋਸਾ ਰੱਖਣਵਾਲੇ ਮਾਈ-ਭਾਈ ਹਰੇਕ ਜਥੇਬੰਦੀ
ਨੂੰ ਇੱਕਮੁੱਠ ਹੋ ਕੇ ਪਾਖੰਡੀ ਸਾਧਾਂ ਅਤੇ ਹੰਕਾਰੀ ਪੁਜਾਰੀਆਂ ਦੇ ਵਿਰੁੱਧ ਅਵਾਜ਼ ਬੁਲੰਦ ਕਰਕੇ
ਪੁਜਾਰੀਵਾਦ ਦੀ ਪ੍ਰਥਾ ਹੀ ਬੰਦ ਕਰ ਦੇਣੀ ਚਾਹੀਦੀ ਹੈ। ਇਸ ਵਿੱਚ ਹੀ ਗੁਰੂ-ਪੰਥ ਬਲਕਿ ਸਰਬੱਤ ਦਾ
ਭਲਾ ਹੈ ਕਿਉਂਕਿ ਗੁਰਸਿੱਖ ਨੂੰ ਸਾਰੇ ਕਰਮ-ਧਰਮ ਗੁਰਮਤਿ ਅਨੁਸਾਰ ਕਰਨ ਦਾ ਪੂਰਨ ਅਧਿਕਾਰ ਹੈ। ਹਰੇਕ
ਗੁਰਸਿੱਖ ਗੁਰਬਾਣੀ ਦਾ ਪਾਠ, ਕੀਰਤਨ, ਕਥਾ ਵਿਚਾਰ ਅਤੇ ਅਰਦਾਸ ਆਪ ਕਰ ਸਕਦਾ ਹੈ। ਜਿਸ ਦਿਨ ਹਰੇਕ
ਮਾਈ ਭਾਈ ਇਹ ਕਰਮ ਆਪ ਕਰਨ ਲੱਗ ਪਿਆ ਪੁਜਰੀਵਾਦ ਆਪਣੇ ਆਪ ਹੀ ਬੰਦ ਹੋ ਜਾਵੇਗਾ।
|
. |