ੴਸਤਿਗੁਰਪ੍ਰਸਾਦਿ ॥
ਇਕ ਅਦੁੱਤੀ ਬਖਸ਼ਿਸ਼
ਰਾਜਿੰਦਰ ਸਿੰਘ, (ਮੁੱਖ ਸੇਵਾਦਾਰ)
ਸ਼੍ਰੋਮਣੀ ਖਾਲਸਾ ਪੰਚਾਇਤ,
ਟੈਲੀਫੋਨ: +919876104726
ਕਿਸ਼ਤ ਅੱਠਵੀਂ
ਕੁਰਹਿਤਾਂ:
ਇਸ ਤੋਂ ਬਾਅਦ ਕੁਰਹਿਤਾਂ ਦੱਸੀਆਂ ਜਾਂਦੀਆਂ ਹਨ। ਜਿਵੇਂ ਰਹਿਤ ਤੋਂ ਭਾਵ
ਹੈ, ਕਰਨ ਯੋਗ ਕਰਮ, ਕੁਰਹਿਤ ਤੋਂ ਭਾਵ ਹੈ, ਰਹਿਤ ਤੋਂ ਉਲਟੇ ਕਰਮ, ਨਾ ਕਰਨ-ਯੋਗ ਕਰਮ, ਕੁਕਰਮ ਜਾਂ
ਵਿਵਰਜਿਤ ਕਰਮ ਭਾਵ ਉਹ ਕਰਮ ਜੋ ਸਿੱਖ ਨੇ ਬਿਲਕੁਲ ਨਹੀਂ ਕਰਨੇ। ਹਾਲਾਂਕਿ ਕੁਕਰਮ ਤਾਂ ਕੁਕਰਮ ਹੀ
ਹੁੰਦਾ ਹੈ ਅਤੇ ਹਰ ਪਾਪ-ਕਰਮ ਸਜ਼ਾ ਦਾ ਭਾਗੀ ਹੁੰਦਾ ਹੈ। ਇਸੇ ਅਨੁਸਾਰ ਪਾਹੁਲ ਛਕਾ ਕੇ, ਜੋ ਰਹਿਤ
ਦ੍ਰਿੜ ਕਰਾਈ ਜਾਂਦੀ ਹੈ, ਉਸ ਰਹਿਤ ਵਿੱਚ ਜਿਥੇ ਰਹਿਤ ਤੋਂ ਉਲਟ ਕਰਮ ਭਾਵ ਕੁਰਹਿਤਾਂ ਦਾ ਉਲੇਖ
ਕੀਤਾ ਗਿਆ ਹੈ, ਉਥੇ ਕੁਰਹਿਤ ਕਰਨ ਵਾਲੇ ਵਿਅਕਤੀ ਵਾਸਤੇ ਸਜ਼ਾ ਦਾ ਵਿਧਾਨ ਵੀ ਬਣਾਇਆ ਗਿਆ ਹੈ। ਇੱਕ
ਗੱਲ ਸਮਝਣ ਵਾਲੀ ਹੈ ਕਿ ਧਰਮ ਸਵੈ ਇੱਛਾ ਅਤੇ ਭਾਵਨਾ ਤੇ ਅਧਾਰਤ ਹੁੰਦਾ ਹੈ, ਕਦੇ ਠੋਸਿਆ ਨਹੀਂ ਜਾ
ਸਕਦਾ। ਇਹ ਠੀਕ ਹੈ, ਕਿ ਕੌਮ ਨੂੰ ਇੱਕ ਨੇਮ (
Discipline)
ਵਿੱਚ ਬੰਨ ਕੇ ਰਖਣ ਲਈ ਕੁਰਹਿਤਾਂ ਅਤੇ ਉਨ੍ਹਾਂ ਦੀ ਸਜ਼ਾ ਦਾ ਨੀਯਤ ਹੋਣਾ ਜ਼ਰੂਰੀ ਹੈ ਪਰ ਇਹ ਵੀ ਸਮਝ
ਲੈਣਾ ਜ਼ਰੂਰੀ ਹੈ ਕਿ ਧਰਮ ਦਾ ਅਸਲੀ ਮਕਸਦ ਭਟਕੇ ਹੋਏ ਵਿਅਕਤੀ ਨੂੰ ਉਸ ਦੀ ਗਲਤੀ ਮਹਿਸੂਸ ਕਰਾ ਕੇ,
ਉਸ ਨੂੰ ਵਾਪਸ ਧਰਮ ਦੇ ਮਾਰਗ ਦਾ ਪਾਂਧੀ ਬਨਾਉਣਾ ਹੈ, ਇਸ ਲਈ ਧਰਮ ਦੀ ਦੁਨੀਆਂ ਵਿੱਚ ਨਾਦਰਸ਼ਾਹੀ,
ਕਰੜੀਆਂ ਸਜ਼ਾਵਾਂ ਨਹੀਂ ਚਲਦੀਆਂ ਅਤੇ ਨਾ ਹੀ ਸਜ਼ਾ ਦੇਣ ਵਾਲਿਆਂ ਦਾ ਨਾਦਰਸ਼ਾਹੀ ਰਵੱਈਆ ਹੀ ਪ੍ਰਵਾਨ
ਹੁੰਦਾ ਹੈ, ਫਿਰ ਸਿੱਖ ਧਰਮ ਤਾਂ ਗਿਆਨ ਅਤੇ ਦਲੀਲ (Logic)
ਤੇ ਅਧਾਰਤ ਧਰਮ ਹੈ। ਸਮਾਜਿਕ ਜੀਵਨ ਵਿੱਚ ਵੀ ਅਸੀਂ ਵੇਖਦੇ ਹਾਂ ਕਿ ਕੁੱਝ ਗੁਨਾਹ ਇਤਨੇ ਗੰਭੀਰ
ਹੁੰਦੇ ਹਨ ਕਿ ਉਨ੍ਹਾਂ ਵਾਸਤੇ ਮੌਤ ਦੀ ਸਜ਼ਾ ਜਾਂ ਉਮਰ ਕੈਦ ਹੁੰਦੀ ਹੈ, ਬਾਕੀ ਗੁਨਾਹਾਂ ਦੀ ਸਜ਼ਾ,
ਉਨ੍ਹਾਂ ਦੀ ਗੰਭੀਰਤਾ ਅਨੁਸਾਰ ਘੱਟ ਵੱਧ ਹੁੰਦੀ ਹੈ, ਬਿਲਕੁਲ ਇਸੇ ਤਰ੍ਹਾਂ ਸਾਡੀਆਂ ਕੁਰਹਿਤਾਂ ਨੂੰ
ਵੀ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ ਹੈ ਅਤੇ ਸੁਭਾਵਕ ਹੀ ਉਨ੍ਹਾਂ ਦੀਆਂ ਸਜ਼ਾਵਾਂ ਜਿਸ ਨੂੰ
ਸਿੱਖ ਭਾਸ਼ਾ ਵਿੱਚ ਤਨਖਾਹ ਭੁਗਤਣਾ ਕਿਹਾ ਜਾਂਦਾ ਹੈ, ਇਸੇ ਅਨੁਸਾਰ ਨੀਯਤ ਕੀਤੀਆਂ ਜਾਂਦੀਆਂ ਹਨ। ਇਹ
ਦੋ ਕਿਸਮਾਂ ਹਨ, ਕੁਰਹਿਤ ਜਿਸ ਨੂੰ ਆਮ ਤੌਰ ਤੇ ਬਜਰ (ਭਾਵ, ਅਤਿ ਗੰਭੀਰ) ਕੁਰਹਿਤ ਕਿਹਾ ਜਾਂਦਾ ਹੈ
ਅਤੇ ਇਨ੍ਹਾਂ ਨੂੰ ਕਰਨ ਵਾਲਾ ਸਿੱਖ ਨਹੀਂ ਰਹਿੰਦਾ ਭਾਵ ਸਿੱਖੀ ਤੋਂ ਖਾਰਜ ਹੋ ਜਾਂਦਾ ਹੈ ਅਤੇ ਉਸ
ਨੂੰ ਸਿੱਖੀ ਵਿੱਚ ਮੁੜ ਸ਼ਾਮਲ ਹੋਣ ਲਈ ਤਨਖਾਹ ਲੁਆ ਕੇ ਦੁਬਾਰਾ ਖੰਡੇ ਬਾਟੇ ਦੀ ਪਾਹੁਲ ਛਕਣੀ ਪੈਂਦੀ
ਹੈ। ਦੂਸਰੀ ਆਮ ਕੁਰਹਿਤ, ਜਿਸ ਨੂੰ ਕਰਨ ਵਾਲੇ ਨੂੰ ਤਨਖਾਹੀਆ ਕਿਹਾ ਜਾਂਦਾ ਹੈ ਅਤੇ ਉਸ ਨੂੰ ਤਨਖਾਹ
ਲੁਆਉਣੀ ਅਤੇ ਭੁਗਤਣੀ ਪੈਂਦੀ ਹੈ। ਪਹਿਲਾਂ ਚਾਰ ਬਜਰ ਕੁਰਹਿਤਾਂ ਨੂੰ ਲੜੀ ਵਾਰ ਵਿਚਾਰਦੇ ਹਾਂ:
ਕੇਸਾਂ ਦੀ
ਬੇ-ਅਦਬੀ
ਸਿੱਖ ਕੌਮ ਵਿੱਚ ਕੇਸਾਂ ਦੀ ਮਹੱਤਤਾ ਦਾ ਅੰਦਾਜ਼ਾ ਅਸੀਂ ਇਸੇ ਗੱਲ ਤੋਂ ਲਗਾ
ਸਕਦੇ ਹਾਂ ਕਿ ਇਸ ਨੂੰ ਪੰਜ ਕਕਾਰਾਂ ਵਿੱਚ ਵੀ ਪਹਿਲੇ ਨੰਬਰ ਤੇ ਰੱਖਿਆ ਗਿਆ ਹੈ ਅਤੇ ਬਜਰ
ਕੁਰਹਿਤਾਂ ਵਿੱਚ ਵੀ ਕੇਸਾਂ ਦੀ ਬੇਅਦਬੀ ਪਹਿਲੀ ਬਜਰ ਕੁਰਹਿਤ ਮਿੱਥੀ ਗਈ ਹੈ। ਕੇਸਾਂ ਬਾਰੇ ਅਸੀਂ
ਉਪਰ ਪੰਜ ਕਕਾਰਾਂ ਵਿੱਚ ਕਾਫੀ ਵਿਸਥਾਰ ਨਾਲ ਵਿਚਾਰ ਚੁੱਕੇ ਹਾਂ, ਇਸ ਲਈ ਉਨ੍ਹਾਂ ਗੱਲਾਂ ਨੂੰ
ਦੁਹਰਾਉਣਾ ਤਾਂ ਯੋਗ ਨਹੀਂ ਹੋਵੇਗਾ, ਪਰ ਇਤਨੀ ਗੱਲ ਫਿਰ ਕਹਿਣਾ ਚਾਹਾਂਗਾ ਕਿ ਕੇਸ ਕੇਵਲ ਪਾਹੁਲ
ਛਕੇ ਹੋਏ ਸਿੱਖ ਦੀ ਹੀ ਨਹੀਂ, ਹਰ ਸਿੱਖ ਦੀ ਪਹਿਚਾਣ ਹਨ। ਚਾਹੀਦਾ ਤਾਂ ਇਹ ਹੈ ਕਿ ਹਰ ਸਿੱਖ ਯੋਗ
ਉਮਰ ਤੇ ਪਾਹੁਲ ਛੱਕ ਲਵੇ, ਪਰ ਇਹ ਕੌਮ ਵਿੱਚ ਆਏ ਨਿਘਾਰ ਦਾ ਹੀ ਪ੍ਰਮਾਣ ਹੈ ਕਿ ਅੱਜ ਪੰਜ ਪ੍ਰਤੀਸ਼ਤ
ਸਿੱਖ ਵੀ ਪਾਹੁਲ ਨਹੀਂ ਛੱਕ ਰਹੇ। ਨਿਘਾਰ ਇਸ ਹੱਦ ਤੱਕ ਵਧ ਗਿਆ ਹੈ ਕਿ ਵੱਡੀ ਗਿਣਤੀ ਵਿੱਚ ਸਿੱਖ
ਕੇਸਾਂ ਦੀ ਬੇਅਦਬੀ ਕਰਾ ਰਹੇ ਹਨ, ਉਸ ਤੋਂ ਵੀ ਵੱਡੀ ਦੁਖਦਾਈ ਗੱਲ ਇਹ ਹੈ ਕਿ ਉਹ ਐਸੀ ਬਜਰ ਕੁਰਹਿਤ
ਕਰਕੇ ਵੀ ਆਪਣੇ ਆਪ ਨੂੰ ਸਿੱਖ ਸਮਝਦੇ ਹਨ। ਅਖਬਾਰਾਂ ਵਿੱਚ ਇਸ਼ਤਿਹਾਰ ਦਿੱਤੇ ਜਾ ਰਹੇ ਹਨ, ‘ਕੇਸਾਂ
ਬਗੈਰ ਸਿੱਖ ਮੁੰਡੇ ਵਾਸਤੇ ਰਿਸ਼ਤੇ ਦੀ ਲੋੜ` ਆਦਿ. . । ਗੁਰੂ ਨੂੰ ਬੇਦਾਵਾ ਦੇ ਕੇ ਵੀ ਆਪਣੇ ਸਿੱਖ
ਹੋਣ ਦਾ ਭਰਮ ਪਾਲਿਆ ਜਾ ਰਿਹਾ ਹੈ। ਸਿੱਖੀ ਦੇ ਕੇਂਦਰ, ਦਰਬਾਰ ਸਾਹਿਬ ਵਿੱਚ ਰੋਜ਼ ਮੱਥਾ ਟੇਕਣ ਆਉਣ
ਵਾਲਿਆਂ ਵਲ ਵੇਖ ਕੇ ਤਾਂ ਇੰਝ ਜਾਪਦਾ ਹੈ, ਜਿਵੇਂ ਸਿੱਖੀ ਦਾ ਹੜ੍ਹ ਆ ਗਿਆ ਹੋਵੇ ਪਰ ਉਨ੍ਹਾਂ ਦੀਆਂ
ਸੂਰਤਾਂ ਵੇਖੋ ਤਾਂ ਅਸਲੀਅਤ ਸਾਹਮਣੇ ਆਉਂਦੀ ਹੈ। ਕੁੱਲ ਮੱਥਾ ਟੇਕਣ ਵਾਲਿਆਂ ਵਿੱਚੋਂ ਸ਼ਾਇਦ 10 ਤੋਂ
15 ਪ੍ਰਤੀਸ਼ਤ ਕੇਸਾਧਾਰੀ ਹੋਣਗੇ। ਬੇਸ਼ਕ ਬਹੁਤ ਸਾਰੇ ਦੁਸਰੀਆਂ ਕੌਮਾਂ ਦੇ ਯਾਤਰੂ ਵੀ ਉਥੇ ਦਰਸ਼ਨ ਕਰਨ
ਆਉਂਦੇ ਹਨ, ਪਰ ਉਨ੍ਹਾਂ ਦੀ ਗਿਣਤੀ ਕਿਸੇ ਤਰ੍ਹਾਂ ਵੀ 25 ਪ੍ਰਤੀਸ਼ਤ ਤੋਂ ਵੱਧ ਨਹੀਂ ਹੁੰਦੀ, ਬਾਕੀ
ਦਾ ਹੀ ਅੰਦਾਜ਼ਾ ਲਾ ਲਈਏ ਕਿ ਕਿਤਨਾ ਹਿੱਸਾ ਕੇਸਾਧਾਰੀ ਸਿੱਖ ਹੁੰਦੇ ਹਨ। ਇਹ ਲੋਕ ਉਥੇ ਦੇਗ ਕਰਾ ਕੇ
ਜਾਂ ਪੈਸਿਆਂ ਨਾਲ ਸਰੋਪਾ ਖਰੀਦ ਕੇ ਹੀ ਆਪਣੇ ਚੰਗੇ ਸਿੱਖ ਹੋਣ ਦਾ ਭਰਮ ਪਾਲ ਰਹੇ ਹਨ। ਜਦਕਿ
‘ਗੁਰਬਿਲਾਸ ਪਾਤਸ਼ਾਹੀ ੧੦` ਦੇ ੧੧ਵੇਂ ਅਧਿਆਏ ਵਿੱਚ, ਇਸ ਦੇ ਲੇਖਕ ਸੁੱਖਾ ਸਿੰਘ ਨੇ ਲਿਖਿਆ ਹੈ ਕਿ
ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਇਹ ਆਦੇਸ਼ ਦਿੱਤਾ ਸੀ ਕਿ ਕੋਈ ਵੀ ਸਿੱਖ ਕੇਸਾਂ ਅਤੇ ਸ਼ਸਤਰ ਤੋਂ
ਬਿਨਾਂ ਮੇਰੇ ਸਾਹਮਣੇ ਨਾ ਆਵੇ। ਪੰਕਤੀਆਂ ਇਸ ਤਰ੍ਹਾਂ ਹਨ:
ਪੁਨੰ ਸੰਗ ਸਾਰੇ ਪ੍ਰਭੂ ਜੀ ਸੁਨਾਈ। ਬਿਨਾ ਤੇਗ ਤੀਰੰ ਰਹੋ ਨਾਂਹ ਭਾਈ।
ਬਿਨਾ ਸ਼ਸਤ੍ਰ ਕੇਸ ਨਰੰ ਭੇਡ ਜਾਨੋ। ਗਹੇ ਕਾਨ ਤਾਂ ਕੋ ਕਿਤੈ ਲੈ ਸਿਧਾਨੋ।
ਇਹੈ ਮੋਰ ਆਗਯਾ ਸੁਨੋ ਲੈ ਪਿਆਰੇ। ਬਿਨਾ ਤੇਗ ਕੇਸੰ ਦਿਵੋ ਨਾ ਦਿਦਾਰੇ।
ਇਹੈ ਮੋਰ ਬੈਨਾ ਮੰਨੇਗਾ ਜੁ ਜੋਈ। ਤਿਸੈ ਇਛ ਪੂਰੰ ਸਭੈ ਜਾਨ ਸੋਈ। (ਪਿਆਰਾ
ਸਿੰਘ ਪਦਮ ਲਿਖਤ ਰਹਿਤਨਾਮੇ, ਪੰਨਾ 41)
ਇਸੇ ਪਾਵਨ ਗੁਰਗੱਦੀ ਤੇ ਅੱਜ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਹਨ, ਜੋ
ਆਦੇਸ਼ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦਾ ਸੀ, ਉਹੀ ਅੱਜ ਗੁਰੂ ਗ੍ਰੰਥ ਸਾਹਿਬ ਲਈ ਲਾਗੂ ਹੈ। ਪਤਾ
ਨਹੀਂ! ਇਹ ਲੋਕ ਕਿਵੇਂ ਬੇਸ਼ਰਮ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਜਾ ਖਲੋਂਦੇ ਹਨ। ਕੇਸ ਸਿੱਖ
ਦੇ ਦੂਜੀਆਂ ਕੌਮਾਂ ਤੋਂ ਵਿਲੱਖਣਤਾ ਦੇ ਪਹਿਲੇ ਪ੍ਰਤੀਕ ਹਨ। ਕੇਸ ਬਜਰ ਕੁਰਹਿਤ ਵਿੱਚ ਆਉਂਦੇ ਹਨ,
ਇਸ ਲਈ ਕੇਸਾਂ ਬਗੈਰ ਸਿੱਖ ਹੋ ਹੀ ਨਹੀਂ ਸਕਦਾ। ਇਸ ਰੋਗ ਦੇ ਵਧਣ ਦਾ ਕਾਰਨ ਸਮਾਜ ਵਿੱਚ ਇੱਕ ਗੰਦਾ
ਮਾਹੌਲ ਤਾਂ ਹੈ ਹੀ, ਇਸ ਦੇ ਨਾਲ ਇਹ ਵੀ ਬਹੁਤ ਵੱਡਾ ਕਾਰਨ ਹੈ ਕਿ ਐਸੀ ਬਜਰ ਕੁਰਹਿਤ ਕਰਨ ਵਾਲਿਆਂ
ਨੂੰ ਪਰਿਵਾਰਾਂ ਅਤੇ ਸਮਾਜ ਨੇ ਪ੍ਰਵਾਨ ਕਰ ਲਿਆ, ਜੇ ਇਸ ਪ੍ਰਤੀ ਪਹਿਲੇ ਦਿਨ ਤੋਂ ਕਰੜਾਈ ਵਰਤੀ
ਜਾਂਦੀ ਤਾਂ ਸ਼ਾਇਦ ਰੋਗ ਉਸ ਤਰ੍ਹਾਂ ਨਾ ਫੈਲਦਾ, ਜਿਵੇਂ ਅੱਜ ਇਸ ਨੇ ਕੌਮ ਨੂੰ ਗ੍ਰਸ ਲਿਆ ਹੈ।
ਕੇਸ ਸਿੱਖ ਦੇ ਅਕਾਲ ਪੁਰਖ ਦੀ ਹੋਂਦ, ਸਮਰੱਥਾ ਅਤੇ ਪੂਰਨ ਸਿਆਣਪ ਵਿੱਚ
ਪੂਰਨ ਵਿਸ਼ਵਾਸ ਅਤੇ ਗੁਰੂ ਦੇ ਆਦੇਸ਼ ਦੀ ਦ੍ਰਿੜਤਾ ਨਾਲ ਪਾਲਣਾ ਕਰਨ ਦੇ ਪ੍ਰਣ ਦਾ ਪ੍ਰਤੀਕ ਹਨ।
ਕੁੱਠਾ ਖਾਣਾ
ਕੁੱਠਾ ਖਾਣਾ ਦੂਸਰੀ ਬਜਰ ਕੁਰਹਿਤ ਹੈ, ਸਿੱਖ ਰਹਿਤ ਮਰਯਾਦਾ ਵਿੱਚ ਪੰਨਾ 26
ਤੇ, ਹੇਠਾਂ ਕੁੱਠਾ ਦੀ ਵਿਆਖਿਆ ਵਿੱਚ ਇਹ ਲਿਖਿਆ ਹੈ, ‘ਕੁੱਠਾ ਤੋਂ ਭਾਵ ਉਹ ਮਾਸ ਹੈ, ਜੋ
ਮੁਸਲਮਾਨੀ ਤਰੀਕੇ ਨਾਲ ਤਿਆਰ ਕੀਤਾ ਹੋਵੇ`। ਗੱਲ ਵਿੱਚ ਨਾ ਕੋਈ ਗੁੰਝਲ ਹੈ, ਨਾ ਕੋਈ ਭੁਲੇਖੇ ਦੀ
ਗੁੰਜਾਇਸ਼, ਕੁੱਠਾ ਖਾਣ ਨੂੰ ਦੂਜੀ ਬਜਰ ਕੁਰਹਿਤ ਦਰਜ ਕਰਕੇ, ਸਪੱਸ਼ਟ ਨਿਰਣਾ ਦੇ ਦਿੱਤਾ ਗਿਆ ਹੈ ਕਿ
ਸਿੱਖ ਕੌਮ ਵਿੱਚ ਮਾਸ ਖਾਣ ਦੀ ਮਨਾਹੀ ਨਹੀਂ, ਕੇਵਲ ਮੁਸਲਮਾਨੀ ਤਰੀਕੇ ਨਾਲ ਤਿਆਰ ਕੀਤੇ ਮਾਸ, ਜਿਸ
ਨੂੰ ਉਨ੍ਹਾਂ ਦੀ ਭਾਸ਼ਾ ਵਿੱਚ ਹਲਾਲ ਆਖਿਆ ਜਾਂਦਾ ਹੈ, ਦੇ ਖਾਣ ਦੀ ਮਨਾਹੀ ਹੈ। ਇਹ ਅਤਿ ਦੁਖਦਾਈ
ਗੱਲ ਹੈ ਕਿ ਕੁੱਝ ਸਪੱਸ਼ਟ ਕੌਮੀ ਨਿਰਣੇ ਹੋਣ ਦੇ ਬਾਵਜੂਦ, ਅੱਜ ਸਿੱਖ ਕੌਮ ਵਿੱਚ ਕੁੱਝ ਨਵੇਂ ਵਿਵਾਦ
ਉਭਾਰੇ ਜਾ ਰਹੇ ਹਨ। ਇਨ੍ਹਾਂ ਮੁਦਿਆਂ ਵਿੱਚੋਂ ਹੀ ਇੱਕ ਇਹ ਮਾਸ ਖਾਣ ਜਾਂ ਨਾ ਖਾਣ ਦਾ ਮੁੱਦਾ ਹੈ।
ਹੈਰਾਨਗੀ ਦੀ ਗੱਲ ਤਾਂ ਇਹ ਹੈ ਕਿ 30-40 ਸਾਲ ਪਹਿਲਾਂ ਤੱਕ, ਜੋ ਸਿੱਖ ਕੌਮ ਦਾ ਕੋਈ ਮੁੱਦਾ ਹੀ
ਨਹੀਂ ਸੀ, ਅੱਜ ਇੱਕ ਪ੍ਰਮੁਖ ਮੁੱਦਾ ਬਣ ਗਿਆ ਹੈ। ਇਹ ਵਿਸ਼ਾ ਇਤਨਾ ਮਹੱਤਵਪੂਰਨ ਬਣ ਗਿਆ ਹੈ ਕਿ ਇਸ
ਵਿਸ਼ੇ ਦੇ ਹੱਕ ਅਤੇ ਵਿਰੋਧ ਵਿੱਚ ਕਈ ਕਿਤਾਬਾਂ ਲਿਖੀਆਂ ਗਈਆਂ ਹਨ। ਇਥੇ ਉਤਨੇ ਵਿਸਥਾਰ ਵਿੱਚ ਜਾਣਾ
ਤਾਂ ਸੰਭਵ ਨਹੀਂ ਪਰ ਸੰਖੇਪ ਵਿੱਚ ਕੁੱਝ ਗੱਲਾਂ ਸਪੱਸ਼ਟ ਕਰਨ ਦੀ ਕੋਸ਼ਿਸ਼ ਕਰਾਂਗਾ।
ਪਹਿਲਾਂ ਤਾਂ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਜੱਦ ਮਾਸ ਖਾ ਹੀ ਲਿਆ ਤਾਂ
ਝਟਕੇ ਜਾਂ ਹਲਾਲ (ਕੁੱਠੇ) ਵਿੱਚ ਕੀ ਫਰਕ ਪੈਂਦਾ ਹੈ? ਕੁੱਝ ਪਾਬੰਦੀਆਂ ਦੇ ਕਾਰਨ ਸਿਧਾਂਤਕ ਹੁੰਦੇ
ਹਨ, ਕੁੱਝ ਦੇ ਇਤਿਹਾਸਕ। ਇਸ ਪਾਬੰਦੀ ਦੇ ਲਗਾਉਣ ਦਾ ਕਾਰਨ ਇਤਿਹਾਸਕ ਹੈ। ਸਮੇਂ ਦੇ ਮੁਗਲ ਸ਼ਾਸਕ
ਹਿੰਦੂ ਕੌਮ ਨੂੰ ਜ਼ਲੀਲ ਕਰਨ ਲਈ ਕੁੱਝ ਐਸੇ ਅਨੈਤਿਕ ਕਾਨੂੰਨ ਬਣਾਉਂਦੇ ਰਹਿੰਦੇ ਸਨ, ਜਿਸ ਨਾਲ ਇੱਕ
ਤਾਂ ਹਿੰਦੂ ਕੌਮ ਅੰਦਰ ਹੀਣ ਭਾਵਨਾ ਵਿਕਸਤ ਹੋਵੇ ਅਤੇ ਦੂਸਰਾ ਉਨ੍ਹਾਂ ਉਤੇ ਆਪਣੇ ਧਾਰਮਿਕ ਰੀਤੀ
ਰਿਵਾਜ ਲੱਦੇ ਜਾ ਸਕਣ। ਇਸ ਮਕਸਦ ਲਈ ਔਰੰਗਜ਼ੇਬ ਦੇ ਰਾਜ ਸਮੇਂ ਬਣਾਏ ਗਏ ਕੁੱਝ ਕਾਨੂੰਨ ਇਸ ਤਰ੍ਹਾਂ
ਸਨ:
ਹਿੰਦੂ ਸਿਰ ਤੇ ਪੱਗ ਨਹੀਂ ਬੰਨ੍ਹ ਸਕਦਾ, ਉਹ ਟੋਪੀ ਪਾਕੇ ਰੱਖੇ ਤਾਂਕਿ ਉਸ
ਦੀ ਗੁਲਾਮ ਵਜੋਂ ਪਹਿਚਾਣ ਹੋ ਜਾਵੇ।
ਹਿੰਦੂ ਘੋੜੇ ਜਾਂ ਘੋੜੀ ਦੀ ਸੁਆਰੀ ਨਹੀਂ ਕਰ ਸਕਦਾ, ਜੇ ਉਸ ਨੇ ਸੁਆਰੀ
ਕਰਨੀ ਹੋਵੇ ਤਾਂ ਗੱਧੇ ਦੀ ਸੁਆਰੀ ਕਰੇ।
ਹਿੰਦੂ ਕੰਨਾਂ ਆਦਿ ਵਿੱਚ ਲੋਹੇ ਦੀਆਂ ਛੇਦਕ ਮੁਰਕੀਆਂ ਆਦਿ ਪਾਕੇ ਰੱਖੇ।
ਜਦੋਂ ਕਿਸੇ ਹਿੰਦੂ ਲੜਕੀ ਦੀ ਸ਼ਾਦੀ ਹੋਵੇ ਤਾਂ ਉਸ ਦਾ ਡੋਲਾ ਪਹਿਲੀ ਰਾਤ
ਇਲਾਕੇ ਦੇ ਮੁਗਲ ਹਾਕਮ ਦੇ ਘਰ ਜਾਵੇ, ਪਹਿਲੇ ਦਿਨ ਉਹ ਉਸ ਨੂੰ ਭੋਗੇਗਾ ਅਗਲੇ ਦਿਨ ਤੋਂ ਉਹ ਆਪਣੇ
ਪਤੀ ਕੋਲ ਜਾਵੇਗੀ। ਇਸ ਨੂੰ ਨੱਥ ਉਤਰਵਾਈ ਦੀ ਰਸਮ ਦਾ ਨਾਂ ਦਿੱਤਾ ਗਿਆ। ਕੀਤਾ ਇਸ ਤਰ੍ਹਾਂ ਜਾਂਦਾ
ਸੀ ਕਿ ਜਿਸ ਲੜਕੀ ਦਾ ਵਿਆਹ ਹੁੰਦਾ, ਇਲਾਕੇ ਦੇ ਮੁਗਲ ਹਾਕਮ ਵਲੋਂ ਉਸ ਦੇ ਘਰ ਇੱਕ ਨੱਥ ਭੇਜੀ
ਜਾਂਦੀ, ਜਿਸ ਨਾਲ ਉਸ ਲੜਕੀ ਨੂੰ ਸ਼ਿੰਗਾਰਿਆ ਜਾਂਦਾ। ਜਦੋਂ ਉਹ ਹਾਕਮ ਉਸ ਦੀ ਇਜ਼ਤ ਲੁਟਦਾ, ਤਾਂ ਉਹ
ਨੱਥ ਉਤਾਰ ਕੇ ਉਸ ਨੂੰ ਇੱਕ ਕੋਕਾ ਪੁਆ ਦੇਂਦਾ, ਜੋ ਉਸ ਦੇ ਹਾਕਮ ਹਥੋਂ ਬੇਪੱਤ ਹੋਣ ਦਾ ਪ੍ਰਮਾਣ
ਹੁੰਦਾ। ਇਸੇ ਕਰਕੇ ਇਸ ਨੂੰ ਨੱਥ ਉਤਰਵਾਈ ਦੀ ਰਸਮ ਕਿਹਾ ਜਾਂਦਾ ਸੀ। ਅਜ਼ਾਦ ਭਾਰਤ ਦੇ ਨਾਂ ਤੇ ਇਹ
ਇੱਕ ਵੱਡਾ ਕਲੰਕ ਹੈ ਕਿ ਅੱਜ ਵੀ ਜਿਹੜੀਆਂ ਲੜਕੀਆਂ ਨੂੰ ਜਿਸਮ ਵੇਚਣ ਦੇ ਧੰਦੇ ਵਿੱਚ ਲਾਇਆ ਜਾਂਦਾ
ਹੈ, ਉਨ੍ਹਾਂ ਦੇ ਪਹਿਲੀ ਵਾਰੀ ਆਪਣੀ ਇਜ਼ਤ ਵੇਚਣ ਨੂੰ ਨੱਥ ਉਤਰਵਾਈ ਕਿਹਾ ਜਾਂਦਾ ਹੈ। ਹਿੰਦੂ ਕੌਮ
ਵਿੱਚ ਰਾਤ ਨੂੰ ਵਿਆਹ ਕਰਨ ਦਾ ਇਹ ਰਿਵਾਜ਼ ਉਦੋਂ ਤੋਂ ਹੀ ਪਿਆ ਕਿ ਰਾਤੋ ਰਾਤ ਵਿਆਹ ਕੇ ਕੁੜੀ ਤੋਰ
ਦਿੱਤੀ ਜਾਵੇ, ਕਿਸੇ ਨੁੰ ਪਤਾ ਨਾ ਲੱਗੇ ਅਤੇ ਉਸ ਨੂੰ ਆਪਣੀ ਪੱਤ ਨਾ ਗੁਆਉਣੀ ਪਵੇ। ਅੱਜ ਇਸ ਨੂੰ
ਇੱਕ ਪਵਿੱਤਰ ਕਰਮ ਕਿਹਾ ਜਾਂਦਾ ਹੈ ਕਿ ਤਾਰਿਆਂ ਦੀ ਛਾਵੇਂ ਬਰਾਤ ਆਵੇ ਅਤੇ ਤਾਰਿਆਂ ਦੀ ਛਾਵੇਂ ਹੀ
ਡੋਲੀ ਜਾਵੇ।
ਹਿੰਦੂ ਝਟਕਾ ਨਹੀਂ ਕਰ ਸਕਦਾ, ਜੇ ਉਸ ਨੇ ਮਾਸ ਖਾਣਾ ਹੈ ਤਾਂ ਉਹ ਹਲਾਲ
(ਕੁੱਠਾ) ਮਾਸ ਖਾਵੇ।
ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਇਨ੍ਹਾਂ ਸਾਰੇ ਅਨੈਤਿਕ ਅਤੇ ਦੂਸਰੀਆਂ
ਕੌਮਾਂ ਦੇ ਸਵੈਮਾਨ ਨੂੰ ਚੋਟ ਪਹੁੰਚਾਉਣ ਵਾਲੇ ਕਾਨੂੰਨਾਂ ਦਾ ਡੱਟ ਕੇ ਵਿਰੋਧ ਕੀਤਾ। ਸਤਿਗੁਰੂ ਨੇ
ਆਪਣੇ ਸਿੱਖਾਂ ਨੂੰ ਆਦੇਸ਼ ਦਿੱਤਾ ਕਿ ਹਰ ਸਿੱਖ ਦਸਤਾਰ ਸਜਾਏਗਾ ਅਤੇ ਕੋਈ ਸਿੱਖ ਟੋਪੀ ਨਹੀਂ
ਪਾਵੇਗਾ। ਰਹਿਤਨਾਮਾ ਭਾਈ ਪ੍ਰਹਲਾਦ ਸਿੰਘ ਵਿੱਚ ਵੀ ਇਸ ਪਰਥਾਏ ਇੱਕ ਪੰਕਤੀ ਆਉਂਦੀ ਹੈ:
ਹੋਇ ਸਿਖ ਸਿਰ ਟੋਪੀ ਧਰੈ। ਸਾਤ ਜਨਮ ਕੁਸ਼ਟੀ ਹੁਇ ਮਰੈ। (ਚੌਥੇ ਬੰਦ ਦੀ
ਪਹਿਲੀ ਪੰਕਤੀ)
ਆਪਣੇ ਸਤਿਗੁਰੂ ਦੇ ਆਦੇਸ਼ਾਂ ਤੇ ਪਹਿਰਾ ਦੇਂਦੇ ਹੋਏ ਸਿੱਖ ਕੌਮ ਨੇ ਭਾਰਤ ਦੇ
ਅੰਦਰ ਵੀ ਅਤੇ ਹੋਰ ਕਈ ਦੇਸ਼ਾਂ ਵਿੱਚ ਵੀ ਆਪਣੀ ਪੱਗ ਦੀ ਸ਼ਾਨ ਨੂੰ ਬਰਕਰਾਰ ਰੱਖਣ ਲਈ ਸੰਘਰਸ਼ ਕੀਤੇ
ਹਨ ਅਤੇ ਲੋੜ ਪੈਣ ਲਈ ਅੱਜ ਵੀ ਕਰਦੀ ਹੈ।
ਇਸੇ ਤਰ੍ਹਾਂ ਸਤਿਗੁਰੂ ਨੇ ਆਦੇਸ਼ ਕੀਤਾ ਕਿ ਸਿੱਖ ਘੋੜੇ, ਘੋੜੀ ਦੀ ਸੁਆਰੀ
ਕਰੇਗਾ। ਤਨਖਾਹਨਾਮਾ ਭਾਈ ਨੰਦ ਲਾਲ ਵਿੱਚ ਇਸ ਪ੍ਰਥਾਏ ਇਹ ਪੰਕਤੀਆਂ ਅੰਕਤ ਹਨ:
ਖਾਲਸਾ ਸੋਇ ਜੋ ਚੜ੍ਹਹਿ ਤੁਰੰਗ। ਖਾਲਸਾ ਸੋ ਜੋ ਕਰੈ ਨਿਤ ਜੰਗ।
ਖਾਲਸਾ ਸੋਇ ਸ਼ਸਤ੍ਰ ਕਉ ਧਾਰੈ। ਖਾਲਸਾ ਸੋਇ ਦੁਸ਼ਟ ਕਉ ਮਾਰੈ। ੩੧।
ਸਤਿਗੁਰੂ ਨੇ ਫੁਰਮਾਇਆ ਕਿ ਸਿੱਖ ਬੱਚੀਆਂ ਨੱਥ ਨਹੀਂ ਪਹਿਨਣਗੀਆਂ। ਭਾਵ
ਸਿੱਖ ਬੱਚੀਆਂ ਦਾ ਡੋਲਾ ਕਿਸੇ ਨਵਾਬ ਦੇ ਘਰ ਨੱਥ ਉਤਰਵਾਈ ਦੀ ਰਸਮ ਕਰਾਉਣ ਅਤੇ ਆਪਣੀ ਪੱਤ
ਲੁੱਟਵਾਉਣ ਲਈ ਨਹੀਂ ਜਾਵੇਗਾ। ਸਿੱਖ ਰਹਿਤ ਮਰਯਾਦਾ ਦੇ ਪੰਨਾ 17 ਤੇ, ਗੁਰਮਤਿ ਦੀ ਰਹਿਣੀ ਭਾਗ ਦੀ
(ਚ) ਮੱਦ ਵਿੱਚ ਲਿਖਿਆ ਹੈ: ‘ਸਿੱਖ ਮਰਦ ਅਥਵਾ ਇਸਤ੍ਰੀ ਨੂੰ ਨੱਕ ਕੰਨ ਛੇਦਣਾ ਮਨ੍ਹਾ ਹੈ। ` ਇਹ
ਇਸੇ ਕਰਕੇ ਮਨ੍ਹਾ ਕੀਤਾ ਗਿਆ ਕਿ ਗੁਲਾਮ ਨਜ਼ਰ ਆਉਣ ਲਈ ਮਰਦ, ਔਰਤਾਂ ਕੰਨਾਂ ਵਿੱਚ ਮੁਰਕੀਆਂ ਆਦਿ ਨਾ
ਪਾਉਣ ਅਤੇ ਔਰਤ ਆਪਣੀ ਪਤ ਗੁਆਉਣ ਲਈ ਨੱਕ ਵਿੱਚ ਨੱਥ, ਕੋਕਾ ਆਦਿ ਨਾ ਪਾਵੇ। ਰਹਿਤਨਾਮਾ ਭਾਈ
ਪ੍ਰਹਲਾਦ ਸਿੰਘ ਵਿੱਚ ਇੰਝ ਲਿਖਿਆ ਹੈ:
ਕਾਨ ਕਟੇ ਅਰ ਤੁਰਕ ਕਾ, ਕਰੈ ਨ ਮੂਲ ਵਿਸਾਹੁ
ਜੋ ਸਿਖ ਸੋਂ ਹਿਤ ਨ ਕਰਹਿ, ਸੋ ਨਰਕਿ ਪਰਿ ਜਾਹੁ। ੨੫।
ਕਾਨ ਕਟੇ ਦਾ ਭਾਵ ਹੈ ਜਿਸ ਨੇ ਕਨ ਛੇਦੇ ਹੋਣ। ਸਿੱਖ ਨੂੰ ਤਾਂ ਐਸੇ ਗੁਲਾਮ
ਪ੍ਰਵਿਰਤੀ ਵਾਲੇ ਵਿਅਕਤੀ ਦਾ ਵਿਸਾਹ ਕਰਨ ਦੀ ਮਨਾਹੀ ਕਰ ਦਿੱਤੀ ਗਈ। ਇਸੇ ਇਤਿਹਾਸਕ ਕਾਰਨ ਕਰਕੇ ਹੀ
ਸਿੱਖ ਕੌਮ ਅੰਦਰ ਨੱਥ ਅਤੇ ਕੋਕਾ ਆਦਿ ਪਾਉਣ ਦੀ ਮਨਾਹੀ ਕਰ ਦਿੱਤੀ ਗਈ।
ਇਸੇ ਇਤਿਹਾਸਕ ਸੰਧਰਭ ਵਿੱਚ ਹੀ ਕੁੱਠਾ ਮਾਸ ਖਾਣਾ ਮਨ੍ਹਾਂ ਕੀਤਾ ਗਿਆ ਹੈ।
ਇਸ ਪਰਥਾਏ ਰਹਿਤਨਾਮਿਆਂ ਵਿੱਚ ਵੀ ਬਹੁਤ ਪ੍ਰਮਾਣ ਮਿਲਦੇ ਹਨ:
ਰਹਿਤਨਾਮਾ ਭਾਈ ਦਯਾ ਸਿੰਘ:
ਜੋ ਤੁਰਕ ਸੇ ਮਾਸ ਲੈਇਕੇ ਖਾਵੇ ਸੋ ਬੜਾ ਤਨਖਾਹੀਆ।
ਰਹਿਤਨਾਮਾ ਹਜ਼ੂਰੀ, ਭਾਈ ਚਉਪਾ ਸਿੰਘ ਛਿੱਬਰ:
ਜੋ ਕੁੱਠਾ ਖਾਏ, ਸੋ ਨੀਚ ਤਨਖਾਹੀਆ।
ਅੱਜ ਸਿੱਖ ਕੌਮ ਵਿੱਚ ਮਾਸ ਖਾਣ ਜਾਂ ਨਾ ਖਾਣ ਦਾ ਵਾਧੂ ਵਿਵਾਦ ਖੜਾ ਕਰ
ਦਿੱਤਾ ਗਿਆ ਹੈ। ਜੇ ਸੱਚ ਮੁੱਚ ਗੁਰਮਤਿ ਸਿਧਾਂਤ ਨੂੰ ਸਮਝਣਾ ਹੌਵੇ ਤਾਂ ਇਸ ਬਾਰੇ ਗੁਰੂ ਗ੍ਰੰਥ
ਸਾਹਿਬ ਦੇ ਪੰਨਾ 1289-90 ਤੇ ਗੁਰੂ ਨਾਨਕ ਸਾਹਿਬ ਦੀ ਉਚਾਰਨ ਕੀਤੀ ਮਲਾਰ ਦੀ ਵਾਰ ਦੀ ਪੰਜੀਵੀਂ
ਪਉੜੀ ਨਾਲ ਅੰਕਤ ਦੋ ਸਲੋਕ ਹੀ ਇਤਨੇ ਸਪੱਸ਼ਟ ਹਨ, ਕਿ ਕੋਈ ਦੁਬਿਧਾ ਹੀ ਨਹੀਂ ਰਹਿੰਦੀ। ਇਸ ਵਿੱਚੋਂ
ਕੁੱਝ ਪੰਕਤੀਆਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ:
“ਪਹਿਲਾਂ ਮਾਸਹੁ ਨਿੰਮਿਆ ਮਾਸੈ ਅੰਦਰਿ ਵਾਸੁ।। ਜੀਉ ਪਾਇ ਮਾਸੁ ਮੁਹਿ
ਮਿਲਿਆ ਹਡੁ ਚੰਮੁ ਤਨੁ ਮਾਸੁ।। ਮਾਸਹੁ ਬਾਹਰਿ ਕਢਿਆ ਮੰਮਾ ਮਾਸੁ ਗਿਰਾਸੁ।। ਮੁਹੁ ਮਾਸੈ ਕਾ ਜੀਭ
ਮਾਸੈ ਕੀ ਮਾਸੈ ਅੰਦਰਿ ਸਾਸੁ।। “ (ਸਲੋਕ ਮਃ ੧, ਪੰਨਾ ੧੨੮੯)
ਸਭ ਤੋਂ ਪਹਿਲਾਂ ਮਾਸ (ਭਾਵ, ਪਿਤਾ ਦੇ ਵੀਰਜ) ਤੋਂ ਹੀ (ਜੀਵ ਦੀ ਹਸਤੀ ਦਾ)
ਮੁੱਢ ਬੱਝਦਾ ਹੈ, (ਫਿਰ) ਮਾਸ (ਭਾਵ, ਮਾਂ ਦੇ ਪੇਟ) ਵਿੱਚ ਹੀ ਇਸ ਦਾ ਵਸੇਬਾ ਹੁੰਦਾ ਹੈ; ਜਦੋਂ
(ਪੁਤਲੇ ਵਿਚ) ਜਾਨ ਪੈਂਦੀ ਹੈ ਤਾਂ ਵੀ (ਜੀਭ-ਰੂਪ) ਮਾਸ ਮੂੰਹ ਵਿੱਚ ਮਿਲਦਾ ਹੈ (ਇਸ ਦੇ ਸਰੀਰ ਦੀ
ਸਾਰੀ ਹੀ ਘਾੜਤ) ਹੱਡ ਚੰਮ ਸਰੀਰ ਸਭ ਕੁੱਝ ਮਾਸ (ਹੀ ਬਣਦਾ ਹੈ)। ਜਦੋਂ (ਮਾਂ ਦੇ ਪੇਟ-ਰੂਪ) ਮਾਸ
ਵਿਚੋਂ ਬਾਹਰ ਭੇਜਿਆ ਜਾਂਦਾ ਹੈ ਤਾਂ ਭੀ ਮੰਮਾ (-ਰੂਪ) ਮਾਸ ਖ਼ੁਰਾਕ ਮਿਲਦੀ ਹੈ; ਇਸ ਦਾ ਮੂੰਹ ਭੀ
ਮਾਸ ਦਾ ਹੈ ਜੀਭ ਭੀ ਮਾਸ ਦੀ ਹੈ, ਮਾਸ ਵਿੱਚ ਸਾਹ ਲੈਂਦਾ ਹੈ।
“ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ।। ਕਉਣੁ ਮਾਸੁ
ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ।। “ (ਮਃ ੧, ਪੰਨਾ ੧੨੮੯)
(ਆਪਣੇ ਵਲੋਂ ਮਾਸ ਦਾ ਤਿਆਗੀ) ਮੂਰਖ (ਪੰਡਿਤ) ਮਾਸ ਮਾਸ ਆਖ ਕੇ ਚਰਚਾ ਕਰਦਾ
ਹੈ, ਪਰ ਨਾਹ ਇਸ ਨੂੰ ਆਤਮਕ ਜੀਵਨ ਦੀ ਸਮਝ ਨਾਹ ਇਸ ਨੂੰ ਸੁਰਤਿ ਹੈ (ਨਹੀਂ ਤਾਂ ਇਹ ਗਹੁ ਨਾਲ
ਵਿਚਾਰੇ ਕਿ) ਮਾਸ ਤੇ ਸਾਗ ਵਿੱਚ ਕੀਹ ਫ਼ਰਕ ਹੈ, ਤੇ ਕਿਸ (ਦੇ ਖਾਣ) ਵਿੱਚ ਪਾਪ ਹੈ। (ਕਿਉਂ ਕਿ
ਦੋਵੇਂ ਹੀ ਜੀਵ ਹਨ, ਦੋਵਾਂ ਵਿੱਚ ਹੀ ਜਾਨ ਹੈ)
“ਅੰਧਾ ਸੋਇ ਜਿ ਅੰਧੁ ਕਮਾਵੈ ਤਿਸੁ ਰਿਦੈ ਸਿ ਲੋਚਨ ਨਾਹੀ।। ਮਾਤ ਪਿਤਾ ਕੀ
ਰਕਤੁ ਨਿਪੰਨੇ ਮਛੀ ਮਾਸੁ ਨ ਖਾਂਹੀ।। “ (ਮਃ ੧, ਪੰਨਾ ੧੨੯੦)
(ਜੇ ਕਹੋ ਅੰਨ੍ਹਾ ਕੌਣ ਹੈ ਤਾਂ) ਅੰਨ੍ਹਾ ਉਹ ਹੈ ਜੋ ਅੰਨ੍ਹਿਆਂ ਵਾਲਾ ਕੰਮ
ਕਰਦਾ ਹੈ, ਜਿਸ ਦੇ ਦਿਲ ਵਿੱਚ ਉਹ ਅੱਖਾਂ ਨਹੀਂ ਹਨ (ਭਾਵ, ਜੋ ਸਮਝ ਤੋਂ ਸੱਖਣਾ ਹੈ), (ਨਹੀਂ ਤਾਂ
ਸੋਚਣ ਵਾਲੀ ਗੱਲ ਹੈ ਕਿ ਆਪ ਭੀ ਤਾਂ) ਮਾਂ ਤੇ ਪਿਉ ਦੀ ਰੱਤ ਤੋਂ ਹੀ ਹੋਏ ਹਨ ਤੇ ਮੱਛੀ (ਆਦਿਕ) ਦੇ
ਮਾਸ ਤੋਂ ਪਰਹੇਜ਼ ਕਰਦੇ ਹਨ।
ਕਈ ਲੋਕ ਆਖਦੇ ਹਨ ਕਿ ਇਹ ਪੰਕਤੀਆਂ ਤਾਂ ਸਤਿਗੁਰੂ ਨੇ ਉਨ੍ਹਾਂ ਪੰਡਿਤਾਂ
ਪ੍ਰਤੀ ਉਚਾਰਣ ਕੀਤੀਆਂ ਹਨ, ਜੋ ਮਾਸ ਦੇ ਨਾਂ ਤੋਂ ਹੀ ਨੱਕ ਮੂੰਹ ਵਟੱਣ ਲੱਗ ਪੈਂਦੇ ਸਨ, ਹਾਲਾਂਕਿ
ਜੇ ਉਨ੍ਹਾਂ ਲੋਕਾਂ ਨੂੰ ਵੇਖੋ ਤਾਂ ਸ਼ਾਇਦ, ਕਿਸੇ ਪੰਡਿਤ ਨੇ ਵੀ ਕਦੇ ਇਤਨੀ ਨਫਰਤ ਨਾ ਕੀਤੀ ਹੋਵੇ,
ਜਿਤਨੀ ਉਹ ਕਰਦੇ ਹਨ। ਕੋਈ ਇਨ੍ਹਾਂ ਨੂੰ ਪੁੱਛੇ ਕਿ ਕੀ ਸਤਿਗੁਰੂ ਨੇ ਇਹ ਚਾਹਿਆ ਸੀ ਕਿ ਉਹ ਪੰਡਿਤ
ਸਤਿਗੁਰੂ ਦਾ ਇਲਾਹੀ ਗਿਆਨ ਲੈਕੇ ਇਹ ਭਰਮ ਔਰ ਨਫਰਤ ਤਿਆਗ ਦੇਣ, ਤੇ ਗੁਰੂ ਦੇ ਸਿੱਖ ਕਹਾਉਣ ਵਾਲੇ
ਸ਼ੁਰੂ ਕਰ ਦੇਣ? ਅਸਲ ਵਿੱਚ ਇਨ੍ਹਾਂ ਨੂੰ ਆਪਣੇ ਡੇਰਿਆਂ, ਜਥਿਆਂ ਅਤੇ ਟਕਸਾਲਾਂ ਦੇ ਅਖੌਤੀ
ਮਹਾਂਪੁਰਖਾਂ ਤੇ ਵਧੇਰੇ ਵਿਸ਼ਵਾਸ ਹੈ ਅਤੇ ਗੁਰੂ ਗ੍ਰੰਥ ਸਾਹਿਬ ਦੇ ਬਚਨਾ ਤੇ ਘੱਟ। ਇਸ ਲਈ ਇਹ ਆਪਣੇ
ਅਖੌਤੀ ਮਹਾਂਪੁਰਖਾਂ ਦੀ ਗੱਲ ਨੂੰ ਠੀਕ ਸਾਬਤ ਕਰਨ ਲਈ ਗੁਰਬਾਣੀ ਦੀਆਂ ਪੰਕਤੀਆਂ ਦੀ ਗਲਤ ਵਿਆਖਿਆ
ਅਤੇ ਅਰਥ ਕਰਨ ਤੋਂ ਵੀ ਨਹੀਂ ਝਿਜਕਦੇ। ਇਥੇ ਇੱਕ ਗੱਲ ਹੋਰ ਸਮਝ ਲੈਣੀ ਜ਼ਰੂਰੀ ਹੈ ਕਿ ਗੁਰੂ ਗ੍ਰੰਥ
ਸਾਹਿਬ ਦੀ ਬਾਣੀ ਕਿਤੇ ਵੀ ਆਪਾ ਵਿਰੋਧੀ ਨਹੀਂ ਹੈ। ਜੇ ਕਿਤੇ ਗੁਰਬਾਣੀ ਦੀਆਂ ਪੰਕਤੀਆਂ ਵਿੱਚ ਕੋਈ
ਆਪਾ ਵਿਰੋਧ ਜਾਪਦਾ ਹੋਵੇ ਤਾਂ ਸਪੱਸ਼ਟ ਪੰਕਤੀਆਂ ਨੂੰ ਅਧਾਰ ਬਣਾ ਕੇ ਦੂਸਰੀਆਂ ਨੂੰ ਵਿਚਾਰਣ ਦੀ ਲੋੜ
ਹੈ। ਜੋ ਕੁੱਝ ਹੋਰ ਪ੍ਰਮਾਣ ਇਨ੍ਹਾਂ ਪੰਕਤੀਆਂ ਦੇ ਵਿਰੋਧ ਵਿੱਚ ਦਿੱਤੇ ਜਾਂਦੇ ਹਨ, ਉਹ ਇਸ ਸੰਧਰਭ
ਵਿੱਚ ਨਹੀਂ ਹਨ। ਜਿਵੇਂ:
“ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ।। ਜੋ ਰਤੁ ਪੀਵਹਿ ਮਾਣਸਾ ਤਿਨ ਕਿਉ
ਨਿਰਮਲੁ ਚੀਤੁ।। “ {ਸਲੋਕੁ ਮ: ੧, ਪੰਨਾ ੧੪੦}
ਜੇ ਜਾਮੇ ਨੂੰ ਲਹੂ ਲੱਗ ਜਾਵੇ, ਤਾਂ ਜਾਮਾ ਪਲੀਤ ਹੋ ਜਾਂਦਾ ਹੈ, (ਪਰ) ਜੋ
ਬੰਦੇ ਮਨੁੱਖਾਂ ਦਾ ਲਹੂ ਪੀਂਦੇ ਹਨ (ਭਾਵ, ਧੱਕਾ ਕਰ ਕੇ ਹਰਾਮ ਦੀ ਕਮਾਈ ਖਾਂਦੇ ਹਨ) ਉਹਨਾਂ ਦਾ ਮਨ
ਕਿਵੇਂ ਪਾਕ (ਸਾਫ਼) ਰਹਿ ਸਕਦਾ ਹੈ?
“ਹਕੁ ਪਰਾਇਆ ਨਾਨਕਾ, ਉਸ ਸੂਅਰੁ ਉਸ ਗਾਇ।। ਗੁਰੁ ਪੀਰੁ ਹਾਮਾ ਤਾ ਭਰੇ, ਜਾ
ਮੁਰਦਾਰੁ ਨ ਖਾਇ।। “ {ਮ: ੧, ਪੰਨਾ ੧੪੧}
ਹੇ ਨਾਨਕ! ਪਰਾਇਆ ਹੱਕ ਮੁਸਲਮਾਨ ਲਈ ਸੂਰ ਤੇ ਹਿੰਦੂ ਲਈ ਗਾਂ ਖਾਣ ਬਰਾਬਰ
ਹੈ। ਗੁਰੂ ਪੈਗ਼ੰਬਰ ਤਾਂ ਹੀ ਸਿਫ਼ਾਰਿਸ਼ ਕਰਦਾ ਹੈ ਜੇ ਮਨੁੱਖ ਪਰਾਇਆ ਹੱਕ ਨਾਹ ਵਰਤੇ।
ਇਨ੍ਹਾਂ ਪ੍ਰਮਾਣਾਂ ਵਿੱਚ ਕਿਸੇ ਦਾ ਹੱਕ ਮਾਰਨ ਦੀ ਮਨਾਹੀ ਕੀਤੀ ਗਈ ਹੈ ਅਤੇ
ਉਸੇ ਪਰਾਏ ਹੱਕ ਨੂੰ ਮੁਰਦਾਰ ਆਖਿਆ ਗਿਆ ਹੈ, ਜੋ ਅੱਜ ਬਹੁਤੇ ਸਿੱਖ ਅਖਵਾਉਣ ਵਾਲੇ ਵੀ ਸ਼ੌਕ ਨਾਲ ਖਾ
ਰਹੇ ਹਨ। ਇਸੇ ਤਰ੍ਹਾਂ ਕਈ ਪ੍ਰਮਾਣ ਹਨ, ਜਿਥੇ ਸਤਿਗੁਰੂ ਨੇ ਧਰਮ ਦਾ ਨਾਂ ਤੇ ਬਲੀਆਂ ਆਦਿ ਦੇਣ
ਵਾਸਤੇ ਕੀਤੇ ਜਾ ਰਹੇ ਕਰਮਾਂ ਨੂੰ ਕਰੜਾਈ ਨਾਲ ਰੱਦ ਕੀਤਾ ਹੈ। ਜਿਵੇਂ:
“ਜੀਅ ਬਧਹੁ ਸੁ ਧਰਮੁ ਕਰਿ ਥਾਪਹੁ, ਅਧਰਮੁ ਕਹਹੁ ਕਤ ਭਾਈ।। ਆਪਸ ਕਉ
ਮੁਨਿਵਰ ਕਰਿ ਥਾਪਹੁ, ਕਾ ਕਉ ਕਹਹੁ ਕਸਾਈ।। ੨।। “ {ਰਾਗ ਮਾਰੂ ਬਾਣੀ ਕਬੀਰ ਜੀਉ ਕੀ, ਪੰਨਾ ੧੧੦੩}
(ਹੇ ਪਾਂਡੇ
!
ਇੱਕ ਪਾਸੇ ਤੁਸੀ ਮਾਸ ਖਾਣ ਨੂੰ ਨਿੰਦਦੇ ਹੋ; ਪਰ ਜੱਗ ਕਰਨ ਵੇਲੇ ਤੁਸੀ ਭੀ) ਜੀਵ ਮਾਰਦੇ ਹੋ
(ਕੁਰਬਾਨੀ ਦੇਣ ਲਈ, ਤੇ) ਇਸ ਨੂੰ ਧਰਮ ਦਾ ਕੰਮ ਸਮਝਦੇ ਹੋ ।
ਫਿਰ, ਹੇ ਭਾਈ !
ਦੱਸੋ, ਪਾਪ ਕਿਹੜਾ ਹੈ ?
(ਜੱਗ ਕਰਨ ਵੇਲੇ ਤੁਸੀ ਆਪ ਭੀ ਜੀਵ-ਹਿੰਸਾ ਕਰਦੇ ਹੋ, ਪਰ) ਆਪਣੇ ਆਪ ਨੂੰ ਤੁਸੀ ਸ੍ਰੇਸ਼ਟ ਰਿਸ਼ੀ
ਮਿਥਦੇ ਹੋ ।
(ਜੇ ਜੀਵ ਮਾਰਨ ਵਾਲੇ ਲੋਕ ਰਿਸ਼ੀ ਹੋ ਸਕਦੇ ਹਨ,) ਤਾਂ ਤੁਸੀ ਕਸਾਈ ਕਿਸ ਨੂੰ ਆਖਦੇ ਹੋ ?
(ਤੁਸੀ ਉਹਨਾਂ ਲੋਕਾਂ ਨੂੰ ਕਸਾਈ ਕਿਉਂ ਆਖਦੇ ਹੋ ਜੋ ਮਾਸ ਵੇਚਦੇ ਹਨ ?
। ੨।
ਇਥੇ ਇੱਕ ਹੋਰ ਅਤਿ ਮਹੱਤਵਪੂਰਨ ਗੱਲ ਸਪੱਸ਼ਟ ਕਰਨੀ ਜ਼ਰੂਰੀ ਹੈ। ਪਾਹੁਲ
ਛਕਾਉਣ ਸਮੇਂ ਕਈ ਪੰਜ ਪਿਆਰਿਆਂ ਦੀ ਸੇਵਾ ਨਿਭਾ ਰਹੇ ਸਿੰਘ, ਰਹਿਤ ਦ੍ਰਿੜ ਕਰਾਉਣ ਲਗੇ, ਪੰਥ
ਪ੍ਰਵਾਨਤ ਰਹਿਤ ਵਿੱਚ ਆਪਣੇ ਵਲੋਂ ਵਾਧ ਘਾਟ ਕਰ ਦੇਂਦੇ ਹਨ, ਜਿਵੇਂ ਆਮ ਵੇਖਿਆ ਜਾਂਦਾ ਹੈ ਕਿ ਕੁੱਝ
ਪੰਜ ਪਿਆਰੇ ਆਪਣੀਆਂ ਭਾਵਨਾਵਾਂ ਅਨੁਸਾਰ ਜਾਂ ਆਪਣੇ ਡੇਰਿਆਂ ਦੀਆਂ ਮਰਯਾਦਾ ਮੁਤਾਬਿਕ ਕੁੱਠਾ ਖਾਣ
ਦੀ ਬਜਾਏ ਮਾਸ ਖਾਣ ਦੀ ਮਨਾਹੀ ਕਰ ਦੇਂਦੇ ਹਨ, ਜਿਸ ਨਾਲ ਪਾਹੁਲ ਛੱਕਣ ਵਾਲਾ ਪ੍ਰਾਣੀ ਅਕਸਰ ਦੁਬਿਧਾ
ਵਿੱਚ ਫਸ ਜਾਂਦਾ ਹੈ। ਪਹਿਲਾਂ ਤਾਂ ਇਹ ਸਮਝਣ ਦੀ ਲੋੜ ਹੈ ਕਿ ਉਨ੍ਹਾਂ ਨੂੰ ਐਸਾ ਕਰਨ ਦਾ ਕੋਈ
ਅਧਿਕਾਰ ਨਹੀਂ। ਪੰਥ ਪਰਵਾਨਤ ਰਹਿਤ ਮਰਯਾਦਾ ਵਿੱਚ ਤਬਦੀਲੀ ਕਰਨ ਦਾ ਅਧਿਕਾਰ ਕਿਸੇ ਵੀ ਵਿਅਕਤੀ ਨੂੰ
ਨਹੀਂ, ਜੇ ਉਹ ਐਸਾ ਕਰਦੇ ਹਨ ਤਾਂ ਉਹ ਆਪ ਆਪਣੀ ਅਧਿਕਾਰ ਸੀਮਾਂ ਤੋਂ ਬਾਹਰ ਜਾ ਰਹੇ ਹਨ ਅਤੇ ਆਪ
ਦੋਸ਼ੀ ਹਨ। ਐਸੇ ਆਪਹੁਦਰੇ ਦੋਸ਼ੀ ਵਿਅਕਤੀ ਦਾ ਆਪਣੇ ਵਲੋਂ ਤਿਆਰ ਕੀਤਾ ਕੋਈ ਵੀ ਆਦੇਸ਼, ਕਿਸੇ ਰੂਪ
ਵਿੱਚ ਵੀ ਮੰਨਣ ਯੋਗ ਨਹੀਂ। ਜੇ ਇਹ ਸੋਚ ਕੇ ਕਿ ਇਹ ਆਦੇਸ਼ ਪੰਜ ਪਿਆਰਿਆਂ ਨੇ ਕੀਤਾ ਹੈ ਅਤੇ ਪੰਜ
ਪਿਆਰੇ ਗੁਰੂ ਰੂਪ ਹਨ, ਉਨ੍ਹਾਂ ਦੀ ਗੱਲ ਮੰਨਣੀ ਸ਼ੁਰੂ ਕਰ ਦਿੱਤੀ ਤਾਂ ਪੰਥ ਵਿੱਚ ਮਨਮਰਜੀ ਦੀਆਂ ਕਈ
ਮਰਯਾਦਾ ਚੱਲ ਪੈਣਗੀਆਂ ਅਤੇ ਪੰਥ ਵੀ ਕਈ ਬਣ ਜਾਣਗੇ, ਜੋ ਕਿ ਅੱਜ ਵਾਪਰ ਵੀ ਰਿਹਾ ਹੈ। ਪਾਹੁਲ ਛਕਣ
ਵਾਲੇ ਵਿਅਕਤੀ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਹ ਪਾਹੁਲ ਗੁਰੂ ਦੀ ਛੱਕ ਰਿਹਾ ਹੈ, ਕਿਸੇ
ਵਿਅਕਤੀ, ਜਥੇ, ਕਾਲਜ, ਟਕਸਾਲ ਜਾਂ ਡੇਰੇ ਦੀ ਨਹੀਂ, ਇਸ ਲਈ ਮਰਯਾਦਾ ਵੀ ਗੁਰੂ ਦੀ ਹੀ ਅਪਨਾਉਣੀ
ਹੈ, ਹਰ ਪਾਹੁਲ ਛੱਕਣ ਵਾਲੇ ਪ੍ਰਾਣੀ ਨੂੰ ਪੰਥ ਪ੍ਰਵਾਨਤ ਮਰਯਾਦਾ ਅਤੇ ਗੁਰੂ ਗ੍ਰੰਥ ਸਾਹਿਬ ਦੇ
ਸਿਧਾਂਤਾਂ ਤੇ ਹੀ ਦ੍ਰਿੜਤਾ ਨਾਲ ਪਹਿਰਾ ਦੇਣਾ ਚਾਹੀਦਾ ਹੈ।
ਇਕ ਪਾਸੇ ਤਾਂ ਉਹ ਲੋਕ ਹਨ ਜੋ ਸਤਿਗੁਰੂ ਦੇ ਸਪੱਸ਼ਟ ਬਚਨਾਂ ਦੇ ਬਾਵਜੂਦ ਵੀ,
ਮਾਸ ਖਾਣ ਜਾਂ ਨਾ ਖਾਣ ਦਾ, ਝਗੜਾ ਪਾਕੇ ਬੈਠੇ ਹਨ, ਦੂਸਰੇ ਪਾਸੇ ਉਹ ਹਨ, ਜੋ ਰਹਿਤ ਮਰਯਾਦਾ ਦੇ
ਕੁੱਠਾ ਮਾਸ ਬਾਰੇ ਇਸ ਨਿਰਣੇ ਨੂੰ ਕੋਈ ਮਹੱਤਤਾ ਨਹੀਂ ਦੇਂਦੇ। ਕੁੱਝ ਸਾਲ ਪਹਿਲੇ ਪਾਕਿਸਤਾਨ ਦੇ
ਗੁਰਧਾਮਾਂ ਦੇ ਦਰਸ਼ਨ ਕਰਨ ਜਾਣ ਦਾ ਮੌਕਾ ਮਿਲਿਆ। ਉਥੇ ਪੰਜਾਬ ਸੂਬੇ (ਪਾਕਿਸਤਾਨ) ਦੇ ਮੁੱਖ ਮੰਤਰੀ
ਵਲੋਂ ਜਥੇ ਦੇ ਕੁੱਝ ਵਿਸ਼ੇਸ਼ ਲੋਕਾਂ ਵਾਸਤੇ ਖਾਸ ਖਾਣੇ ਦਾ ਪ੍ਰਬੰਧ ਕੀਤਾ ਗਿਆ ਸੀ, ਜਿਸ ਵਿੱਚ ਦਾਸ
ਵੀ ਸ਼ਾਮਲ ਸੀ। ਉਥੇ ਬਹੁਤੇ ਭੋਜਨ ਮਾਸ ਵਾਲੇ ਸਨ। ਮੁਸਲਮਾਨ ਕੌਮ ਆਪਣੇ ਅਕੀਦਿਆਂ ਤੇ ਇਤਨੀ ਪੱਕੀ ਹੈ
ਕਿ ਕਦੇ ਕੋਈ ਮੁਸਲਮਾਨ ਕਿਸੇ ਹਾਲਤ ਵਿੱਚ ਵੀ ਝਟਕਾ ਬਨਾਉਣਾ ਜਾਂ ਖਾਣਾ ਪ੍ਰਵਾਨ ਨਹੀਂ ਕਰੇਗਾ, ਪਰ
ਉਥੇ ਹੈਰਾਨਗੀ ਹੋਈ ਕਿ ਸਾਰੇ ਕ੍ਰਿਪਾਨਾਂ ਵਾਲੇ ਹਲਾਲ ਮਾਸ ਨੂੰ ਖਾਣ ਲਈ ਟੁੱਟ ਕੇ ਪਏ ਹੋਏ ਸਨ।
ਜੇ ਅਸੀਂ ਇਤਿਹਾਸਕ ਕਾਰਨਾਂ ਕਰਕੇ ਸਤਿਗੁਰੂ ਦੀ ਦਿੱਤੀ ਇਸ ਆਗਿਆ ਕਿ ਸਿੱਖ
ਨੇ ਸਿਰ ਤੇ ਟੋਪੀ ਨਹੀਂ ਪਾਉਣੀ, ਵਾਸਤੇ ਦੁਨੀਆਂ ਭਰ ਵਿੱਚ ਸੰਘਰਸ਼ ਕਰ ਰਹੇ ਹਾਂ ਤਾਂ ਕੁੱਠਾ ਨਾ
ਖਾਣ ਦੇ ਇਤਿਹਾਸਕ ਫੈਸਲੇ ਤੇ ਵੀ ਪਹਿਰਾ ਦੇਣ ਦੀ ਲੋੜ ਹੈ।
ਕੁਝ ਲੋਕ ਕਹਿਣਗੇ ਇਹ ਤਾਂ ਉਸ ਸਮੇਂ ਦੀ ਲੋੜ ਸੀ, ਅੱਜ ਇਸ ਦੀ ਕੋਈ ਮਹਤੱਤਾ
ਨਹੀਂ ਰਹਿ ਗਈ, ਇਸ ਲਈ ਹੁਣ ਸਾਨੂੰ ਇਸ ਪ੍ਰਤੀ ਇਤਨੀ ਦ੍ਰਿੜਤਾ ਛੱਡ ਦੇਣੀ ਚਾਹੀਦੀ ਹੈ। ਇਹ
ਸੰਘਰਸ਼ਾਂ ਦੀਆਂ ਯਾਦਾਂ ਹੁੰਦੀਆਂ ਹਨ ਜੋ ਕੌਮਾਂ ਦਾ ਕਲਚਰ ਬਣ ਜਾਂਦੀਆਂ ਹਨ। ਕਲਚਰ ਕੌਮਾਂ ਦੀ
ਪਹਿਚਾਨ ਅਤੇ ਇਤਿਹਾਸ ਦੇ ਪ੍ਰਤੀਕ ਹੁੰਦੇ ਹਨ, ਕੌਮ ਦੀ ਵਿਲੱਖਣਤਾ ਬਣਾ ਕੇ ਰਖਣ ਲਈ ਇਨ੍ਹਾਂ ਦੀ
ਸੰਭਾਲ ਕਰਨੀ ਜ਼ਰੂਰੀ ਹੁੰਦੀ ਹੈ।
ਪਰ-ਇਸਤ੍ਰੀ ਜਾਂ ਪਰ-ਪੁਰਸ਼ ਦਾ ਗਮਨ
ਤੀਸਰੀ ਬਜਰ ਕੁਰਹਿਤ ਹੈ, ‘ਪਰ-ਇਸਤ੍ਰੀ ਜਾਂ ਪਰ-ਪੁਰਸ਼ ਦਾ ਗਮਨ`। ਜਿਵੇਂ
ਜਿਵੇਂ ਗੁਰਬਾਣੀ ਵਿਚਾਰ ਕੇ ਪੜ੍ਹੀਏ, ਇਹ ਗੱਲ ਸਮਝ ਆਈ ਜਾਂਦੀ ਹੈ ਕਿ ਗੁਰਬਾਣੀ ਮਨੁੱਖ ਨੂੰ
ਵਿਕਾਰਾਂ ਤੋਂ ਮੁਕਤ ਕਰਾਕੇ, ਇੱਕ ਉੱਚੇ ਸੁੱਚੇ ਜੀਵਨ ਵਾਲਾ ਆਦਰਸ਼ ਮਨੁੱਖ ਬਣਾਉਂਦੀ ਹੈ। ਇਥੇ ਇਹ
ਗੱਲ ਵੀ ਸਮਝਣ ਵਾਲੀ ਹੈ ਕਿ ਸਿੱਖੀ ਵਿੱਚ ਪੰਜ ਵਿਕਾਰਾਂ ਨੂੰ ਮਾਰਨ ਦੀ ਨਹੀਂ ਬਲਕਿ ਵੱਸ ਵਿੱਚ ਰਖਣ
ਦੀ ਸਿਖਿਆ ਹੈ। ਇਹੀ ਗੱਲ ਗੁਰੂ ਨਾਨਕ ਪਾਤਿਸ਼ਾਹ ਨੇ ਜੋਗੀਆਂ ਨੂੰ ਸਮਝਾਈ ਹੈ ਕਿ ਅਸਲ ਉਚਾ ਆਚਰਣ
ਘਰ-ਬਾਰ ਛੱਡ ਕੇ ਜੰਗਲਾਂ ਜਾਂ ਪਹਾੜਾਂ ਵੱਲ ਨੱਸ ਜਾਣਾ ਨਹੀਂ, ਬਲਕਿ ਸਮਾਜ ਵਿੱਚ ਰਹਿ ਕੇ ਆਪਣੇ
ਪੰਜਾਂ ਵਿਕਾਰਾਂ ਨੂੰ ਵੱਸ ਵਿੱਚ ਰੱਖਣਾ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਸਮਝਾਉਂਦੇ ਹਨ:
“ਸੁਣਿ ਮਾਛਿੰਦ੍ਰਾ ਨਾਨਕੁ ਬੋਲੈ।। ਵਸਗਤਿ ਪੰਚ ਕਰੇ ਨਹ ਡੋਲੈ।। ਐਸੀ
ਜੁਗਤਿ ਜੋਗ ਕਉ ਪਾਲੇ।। ਆਪਿ ਤਰੈ ਸਗਲੇ ਕੁਲ ਤਾਰੇ।। ੧।। “ {ਰਾਮਕਲੀ ਮਹਲਾ ੧, ਪੰਨਾ ੮੭੭}
ਨਾਨਕ ਆਖਦਾ ਹੈ—ਹੇ ਮਾਛਿੰਦ੍ਰ
!
ਸੁਣ ।
(ਅਸਲ ਵਿਰਕਤ ਕਾਮਾਦਿਕ) ਪੰਜੇ ਵਿਕਾਰਾਂ ਨੂੰ ਆਪਣੇ ਵੱਸ ਵਿੱਚ ਕਰੀ ਰੱਖਦਾ ਹੈ (ਇਹਨਾਂ ਦੇ
ਸਾਹਮਣੇ) ਉਹ ਕਦੇ ਡੋਲਦਾ ਨਹੀਂ ।
ਉਹ ਵਿਰਕਤ ਇਸ ਤਰ੍ਹਾਂ ਦੀ ਜੀਵਨ-ਜੁਗਤਿ ਨੂੰ ਸੰਭਾਲ ਰੱਖਦਾ ਹੈ, ਇਹੀ ਹੈ ਉਸ ਦਾ ਜੋਗ-ਸਾਧਨ ।
(ਇਸ ਜੁਗਤਿ ਨਾਲ ਉਹ) ਆਪ (ਸੰਸਾਰ-ਸਮੁੰਦਰ ਦੇ ਵਿਕਾਰਾਂ ਵਿਚੋਂ) ਪਾਰ ਲੰਘ ਜਾਂਦਾ ਹੈ, ਤੇ ਆਪਣੀਆਂ
ਸਾਰੀਆਂ ਕੁਲਾਂ ਨੂੰ ਭੀ ਪਾਰ ਲੰਘਾ ਲੈਂਦਾ ਹੈ ।
੧।
ਇਨ੍ਹਾਂ ਪੰਜ ਵਿਕਾਰਾਂ ਵਿੱਚੋਂ ਇੱਕ ਬਹੁਤ ਪ੍ਰਬਲ ਕਾਮ ਹੈ। ਇੱਕ ਪਾਸੇ
ਜਿਥੇ ਇਹ ਸੰਸਾਰਕ ਉਤਪਤੀ ਅਤੇ ਵਾਧੇ ਦਾ ਸਾਧਨ ਹੈ, ਇਸਤ੍ਰੀ-ਪੁਰਸ਼ ਦੇ ਵਿਵਾਹਿਤ ਜੀਵਨ ਦਾ ਥੰਮ ਹੈ,
ਦੂਸਰੇ ਪਾਸੇ ਇਸ ਦਾ ਵੇਗ ਕਾਬੂ ਵਿੱਚ ਨਾ ਰਖਿਆ ਜਾਵੇ ਅਤੇ ਇਸ ਦੁਰਵਰਤੋਂ ਕੀਤੀ ਜਾਵੇ, ਤਾਂ ਇਹ
ਮਨੁੱਖਾ ਜੀਵਨ ਨੂੰ ਬਰਬਾਦ ਕਰ ਸਕਦਾ ਹੈ। ਸਤਿਗੁਰੂ ਦਾ ਫੁਰਮਾਨ ਹੈ:
“ਹੇ ਕਾਮੰ ਨਰਕ ਬਿਸ੍ਰਾਮੰ, ਬਹੁ ਜੋਨੀ ਭ੍ਰਮਾਵਣਹ।। ਚਿਤ ਹਰਣੰ ਤ੍ਰੈ ਲੋਕ
ਗੰਮ੍ਯ੍ਯੰ, ਜਪ ਤਪ ਸੀਲ ਬਿਦਾਰਣਹ।। ਅਲਪ ਸੁਖ ਅਵਿਤ, ਚੰਚਲ, ਊਚ ਨੀਚ ਸਮਾਵਣਹ।। ਤਵ ਭੈ ਬਿਮੁੰਚਿਤ
ਸਾਧ ਸੰਗਮ, ਓਟ ਨਾਨਕ ਨਾਰਾਇਣਹ।। ੪੬।। “ (ਸਲੋਕ ਸਹਸਕ੍ਰਿਤੀ ਮਹਲਾ ੫, ਪੰਨਾ ੧੩੫੮)
ਹੇ ਕਾਮ! ਤੂੰ (ਜੀਵਾਂ ਨੂੰ ਆਪਣੇ ਵੱਸ ਵਿੱਚ ਕਰ ਕੇ) ਨਰਕ ਵਿੱਚ ਅਪੜਾਣ
ਵਾਲਾ ਹੈਂ ਅਤੇ ਕਈ ਜੂਨਾਂ ਵਿੱਚ ਭਟਕਾਣ ਵਾਲਾ ਹੈਂ। ਤੂੰ ਜੀਵਾਂ ਦੇ ਮਨ ਭਰਮਾ ਲੈਂਦਾ ਹੈਂ,
ਤਿੰਨਾਂ ਹੀ ਲੋਕਾਂ ਵਿੱਚ ਤੇਰੀ ਪਹੁੰਚ ਹੈ, ਤੂੰ ਜੀਵਾਂ ਦੇ ਜਪ ਤਪ ਤੇ ਸੁੱਧ ਆਚਰਨ ਨਾਸ ਕਰ ਦੇਂਦਾ
ਹੈਂ। ਹੇ ਚੰਚਲ ਕਾਮ! ਤੂੰ ਸੁਖ ਤਾਂ ਥੋੜਾ ਹੀ ਦੇਂਦਾ ਹੈਂ, ਪਰ ਇਸੇ ਨਾਲ ਤੂੰ ਜੀਵਾਂ ਨੂੰ (ਸੁੱਧ
ਆਚਰਨ ਦੇ) ਧਨ ਤੋਂ ਸੱਖਣਾ ਕਰ ਦੇਂਦਾ ਹੈਂ। ਜੀਵ ਉੱਚੇ ਹੋਣ, ਨੀਵੇਂ ਹੋਣ, ਸਭਨਾਂ ਵਿੱਚ ਤੂੰ
ਪਹੁੰਚ ਜਾਂਦਾ ਹੈਂ। ਸਾਧ ਸੰਗਤਿ ਵਿੱਚ ਪਹੁੰਚਿਆਂ ਤੇਰੇ ਡਰ ਤੋਂ ਖ਼ਲਾਸੀ ਮਿਲਦੀ ਹੈ। ਹੇ ਨਾਨਕ!
(ਸਾਧ ਸੰਗ ਵਿੱਚ ਜਾ ਕੇ) ਪ੍ਰਭੂ ਦੀ ਸਰਨ ਲੈ। ੪੬।
ਇਸੇ ਕਰਕੇ ਸਤਿਗੁਰੂ ਨੇ ਸਿੱਖ ਨੂੰ ਸਮਝਾਇਆ ਹੈ ਕਿ ਤੂੰ ਗ੍ਰਹਿਸਤ ਨਹੀਂ
ਤਿਆਗਣਾ, ਲੇਕਿਨ ਕੇਵਲ ਆਪਣੀ ਇਸਤ੍ਰੀ ਤੇ ਪੂਰਨ ਸੰਤੋਖ ਰਖਣਾ ਹੈ। ਪਰਾਈ ਇਸਤ੍ਰੀ ਨਾਲ ਸਬੰਧ ਬਨਾਉਣ
ਦੀ ਗੁਰਬਾਣੀ ਵਿੱਚ ਸਖਤ ਮਨਾਹੀ ਕੀਤੀ ਗਈ ਹੈ। ਪਾਵਨ ਗੁਰਬਾਣੀ ਸਮਝਾਉਂਦੀ ਹੈ:
“ਜੈਸਾ ਸੰਗੁ ਬਿਸੀਅਰ ਸਿਉ ਹੈ ਰੇ ਤੈਸੋ ਹੀ ਇਹੁ ਪਰ ਗ੍ਰਿਹੁ।। “ {ਆਸਾ
ਮਹਲਾ ੫, ਪੰਨਾ ੪੦੩}
ਹੇ ਅੰਨ੍ਹੇ
!
ਪਰਾਈ ਇਸਤ੍ਰੀ ਦਾ ਸੰਗ ਇਉਂ ਹੀ ਹੈ ਜਿਵੇਂ ਸੱਪ ਨਾਲ ਸਾਥ ਹੈ।
“ਪਰ ਤ੍ਰਿਅ ਰਾਵਣਿ ਜਾਹਿ ਸੇਈ ਤਾ ਲਾਜੀਅਹਿ।। ਨਿਤਪ੍ਰਤਿ ਹਿਰਹਿ ਪਰ ਦਰਬੁ
ਛਿਦ੍ਰ ਕਤ ਢਾਕੀਅਹਿ।। “ (ਫੁਨਹੇ ਮਹਲਾ ੫, ਪੰਨਾ ੧੩੬੨)
ਹੇ ਭਾਈ! ਜਿਹੜੇ ਮਨੁੱਖ ਪਰਾਈ ਇਸਤ੍ਰੀ ਭੋਗਣ ਜਾਂਦੇ ਹਨ, ਉਹ (ਪ੍ਰਭੂ ਦੀ
ਹਜ਼ੂਰੀ ਵਿਚ) ਜ਼ਰੂਰ ਸ਼ਰਮਸਾਰ ਹੁੰਦੇ ਹਨ। ਜਿਹੜੇ ਮਨੁੱਖ ਸਦਾ ਪਰਾਇਆ ਧਨ ਚੁਰਾਂਦੇ ਰਹਿੰਦੇ ਹਨ (ਹੇ
ਭਾਈ! ਉਹਨਾਂ ਦੇ ਇਹ) ਕੁਕਰਮ ਕਿੱਥੇ ਲੁਕੇ ਰਹਿ ਸਕਦੇ ਹਨ?
ਸਤਿਗੁਰੂ ਸਮਝਾਉਂਦੇ ਹਨ ਕਿ ਇਹ ਕੁਕਰਮ ਕਰਨ ਵਾਸਤੇ ਤੂੰ ਦੁਨਿਆਵੀ ਤੌਰ ਤੇ
ਜਿਤਨੇ ਮਰਜੀ ਪੜਦੇ ਪਾ ਲਵੇਂ, ਪਰ ਤੇਰੇ ਇਹ ਕਰਮ ਅਕਾਲ-ਪੁਰਖ ਕੋਲੋਂ ਕਦੇ ਨਹੀਂ ਲੁੱਕ ਸਕਦੇ ਅਤੇ
ਅਕਾਲ-ਪੁਰਖ ਦੇ ਅਟੱਲ ਨੇਮ ਅਨੁਸਾਰ ਤੈਨੂੰ ਤੇਰੇ ਇਨ੍ਹਾਂ ਨੀਚ ਕਰਮਾਂ ਦੀ ਸਜ਼ਾ ਵੀ ਜ਼ਰੂਰ ਭੁਗਤਣੀ
ਪਵੇਗੀ। ਸਤਿਗੁਰੂ ਦੇ ਫੁਰਮਾਨ ਹਨ:
“ਦੇਇ ਕਿਵਾੜ ਅਨਿਕ ਪੜਦੇ ਮਹਿ ਪਰ ਦਾਰਾ ਸੰਗਿ ਫਾਕੈ।। ਚਿਤ੍ਰ ਗੁਪਤੁ ਜਬ
ਲੇਖਾ ਮਾਗਹਿ ਤਬ ਕਉਣੁ ਪੜਦਾ ਤੇਰਾ ਢਾਕੈ।। ੩।। “ {ਸੋਰਠਿ ਮਹਲਾ ੫, ਪੰਨਾ ੬੧੬}
(ਮਾਇਆ ਦੇ ਮੋਹ ਦੇ ਹਨੇਰੇ ਵਿੱਚ ਫਸਿਆ ਮਨੁੱਖ) ਦਰਵਾਜ਼ੇ ਬੰਦ ਕਰਕੇ ਅਨੇਕਾਂ
ਪਰਦਿਆਂ ਦੇ ਪਿੱਛੇ ਪਰਾਈ ਇਸਤ੍ਰੀ ਨਾਲ ਕੁਕਰਮ ਕਰਦਾ ਹੈ। (ਪਰ, ਹੇ ਭਾਈ
!)
ਜਦੋਂ (ਧਰਮ ਰਾਜ ਦੇ ਦੂਤ) ਚਿੱਤ੍ਰ ਅਤੇ ਗੁਪਤ (ਤੇਰੀਆਂ ਕਰਤੂਤਾਂ ਦਾ) ਹਿਸਾਬ ਮੰਗਣਗੇ, ਤਦੋਂ ਕੋਈ
ਭੀ ਤੇਰੀਆਂ ਕਰਤੂਤਾਂ ਉਤੇ ਪਰਦਾ ਨਹੀਂ ਪਾ ਸਕੇਗਾ। ੩।
“ਲੈ ਫਾਹੇ ਰਾਤੀ ਤੁਰਹਿ ਪ੍ਰਭੁ ਜਾਣੈ ਪ੍ਰਾਣੀ।। ਤਕਹਿ ਨਾਰਿ ਪਰਾਈਆ ਲੁਕਿ
ਅੰਦਰਿ ਠਾਣੀ।। ਸੰਨੀੑ ਦੇਨਿ ਵਿਖੰਮ ਥਾਇ ਮਿਠਾ ਮਦੁ ਮਾਣੀ।। ਕਰਮੀ ਆਪੋ ਆਪਣੀ ਆਪੇ ਪਛੁਤਾਣੀ।।
ਅਜਰਾਈਲੁ ਫਰੇਸਤਾ ਤਿਲ ਪੀੜੇ ਘਾਣੀ।। ੨੭।। “ {ਪਉੜੀ ੫, ਪੰਨਾ ੩੧੫}
ਮਨੁੱਖ ਰਾਤ ਨੂੰ ਫਾਹੇ ਲੈ ਕੇ (ਪਰਾਏ ਘਰਾਂ ਨੂੰ ਲੁੱਟਣ ਲਈ) ਤੁਰਦੇ ਹਨ
(ਪਰ) ਪ੍ਰਭੂ ਉਹਨਾਂ ਨੂੰ ਜਾਣਦਾ ਹੈ, ਅੰਦਰਲੇ ਥਾਈਂ ਲੁਕ ਕੇ ਪਰਾਈਆਂ ਇਸਤ੍ਰੀਆਂ ਵਲ ਤੱਕਦੇ ਹਨ,
ਔਖੇ ਥਾਈਂ ਸੰਨ੍ਹ ਲਾਉਂਦੇ ਹਨ ਤੇ ਸ਼ਰਾਬ ਨੂੰ ਮਿੱਠਾ ਕਰ ਕੇ ਮਾਣਦੇ ਹਨ। (ਅੰਤ ਨੂੰ) ਆਪੋ ਆਪਣੇ
ਕੀਤੇ ਕਰਮਾਂ ਅਨੁਸਾਰ ਆਪ ਹੀ ਪਛਤਾਉਂਦੇ ਹਨ, (ਕਿਉਂਕਿ) ਮੌਤ ਦਾ ਫ਼ਰਿਸ਼ਤਾ ਮਾੜੇ ਕੰਮ ਕਰਨ ਵਾਲਿਆਂ
ਨੂੰ ਇਉਂ ਪੀੜਦਾ ਹੈ ਜਿਵੇਂ ਘਾਣੀ ਵਿੱਚ ਤਿਲ। ੨੭।
ਇਹ ਨਹੀਂ ਕਿ ਕੇਵਲ ਮਰਦ ਨੂੰ ਹੀ ਇਨ੍ਹਾਂ ਵਿਕਾਰਾਂ ਵਿੱਚ ਗਲਤਾਨ ਹੋਣ ਤੋਂ
ਮਨਾਹੀ ਕੀਤੀ ਹੈ, ਗੁਰਬਾਣੀ ਔਰਤ ਨੂੰ ਵੀ ਸਮਝਾਉਂਦੀ ਹੈ:
“ਢੂਢੇਦੀਏ ਸੁਹਾਗ ਕੂ, ਤਉ ਤਨਿ ਕਾਈ ਕੋਰ।। ਜਿਨਾੑ ਨਾਉ ਸੁਹਾਗਣੀ, ਤਿਨਾੑ
ਝਾਕ ਨ ਹੋਰ।। “ {ਸਲੋਕ ਸੇਖ ਫਰੀਦ ਕੇ, ਪੰਨਾ ੧੩੮੪}
ਸੁਹਾਗ ਨੂੰ ਭਾਲਣ ਵਾਲੀਏ ਤੇਰੇ ਆਪਣੇ ਅੰਦਰ ਹੀ ਕੋਈ ਕਸਰ ਹੈ। ਜਿਨ੍ਹਾਂ ਦਾ
ਨਾਮ ‘ਸੋਹਾਗਣਾਂ` ਹੈ ਉਹਨਾਂ ਦੇ ਅੰਦਰ ਕੋਈ ਹੋਰ ਟੇਕ ਨਹੀਂ ਹੁੰਦੀ।
ਇਸੇ ਕਾਮ ਦੀ ਦੁਰਵਰਤੋਂ ਕਾਰਨ ਕਈ ਅਸਾਧ ਰੋਗ ਵੀ ਲੱਗ ਜਾਂਦੇ ਹਨ। ਸਤਿਗੁਰੂ
ਨੇ ਗੁਰਬਾਣੀ ਰਾਹੀਂ ਵੀ ਸਮਝਾਇਆ ਹੈ:
“ਕਾਮੁ ਕ੍ਰੋਧੁ ਕਾਇਆ ਕਉ ਗਾਲੈ।। ਜਿਉ ਕੰਚਨ ਸੋਹਾਗਾ ਢਾਲੈ।। “ {ਰਾਮਕਲੀ
ਮਹਲਾ ੧ ਦਖਣੀ ਓਅੰਕਾਰ, ਪੰਨਾ ੯੩੨}
ਜਿਵੇਂ ਸੋਹਾਗਾ (ਕੁਠਾਲੀ ਵਿੱਚ ਪਾਏ) ਸੋਨੇ ਨੂੰ ਨਰਮ ਕਰ ਦੇਂਦਾ ਹੈ,
(ਤਿਵੇਂ) ਕਾਮ ਅਤੇ ਕ੍ਰੋਧ (ਮਨੁੱਖ ਦੇ) ਸਰੀਰ ਨੂੰ ਨਿਰਬਲ ਕਰ ਦੇਂਦਾ ਹੈ।
ਬਲਿਹਾਰ ਜਾਈਏ ਆਪਣੇ ਸਤਿਗੁਰੂ ਦੇ ਜਿਨ੍ਹਾਂ 500 ਸਾਲ ਤੋਂ ਵਧੇਰੇ ਸਮਾਂ
ਪਹਿਲੇ ਇਹ ਚੇਤਾਵਨੀ ਦੇ ਦਿੱਤੀ, ਜਿਸ ਤੋਂ ਅੱਜ ਸਾਰਾ ਸੰਸਾਰ ਤ੍ਰਾਸ ਤ੍ਰਾਸ ਕਰ ਰਿਹਾ ਹੈ। ਅੱਜ
ਸੰਸਾਰ ਵਿੱਚ ਏਡਜ਼ ਵਰਗੇ ਅਸਾਧ ਰੋਗ ਫੈਲ ਗਏ ਹਨ, ਜਿਨ੍ਹਾਂ ਕਾਰਨ ਹਰ ਸਾਲ ਸੰਸਾਰ ਵਿੱਚ ਹਜ਼ਾਰਾਂ
ਲੋਕ ਤੜਫ ਤੜਫ ਕੇ ਮਰ ਰਹੇ ਹਨ। ਡਾਕਟਰਾਂ ਦੀ ਖੋਜ ਇਹੀ ਕਹਿੰਦੀ ਹੈ ਕਿ ਇਸ ਦਾ ਇਕੋ ਇੱਕ ਕਾਰਨ
ਪਰਾਈਆਂ ਇਸਤ੍ਰੀਆਂ ਜਾਂ ਪਰਾਏ ਪੁਰਸ਼ਾਂ ਨਾਲ ਸਬੰਧ ਬਨਾਉਣਾ ਹੈ। ਜੇ ਕਿਤੇ ਅੱਜ ਸਾਰਾ ਸੰਸਾਰ ਅਨਮੋਲ
ਸਿੱਖੀ ਸਿਧਾਂਤਾਂ ਨੂੰ ਅਪਣਾ ਲਵੇ ਤਾਂ ਜਿਥੇ, ਸਾਰੇ ਸੰਸਾਰ ਦੇ ਲੋਕਾਂ ਦੀ ਗ੍ਰਿਹਸਥੀ ਸੁਖੀ ਹੋ
ਜਾਵੇਗੀ, ਉਥੇ, ਸੰਸਾਰ ਐਸੇ ਭਿਆਨਕ ਰੋਗਾਂ ਤੋਂ ਮੁਕਤ ਹੋ ਜਾਵੇ।
ਸਿੱਖ ਕੌਮ ਵਿੱਚ ਉਚੇ ਆਚਰਨ ਦੀ ਮਹੱਤਤਾ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ
ਜਾ ਸਕਦਾ ਹੈ ਕਿ ਸਿੱਖ ਨੂੰ ਜਿਥੇ ਕਕਾਰ ਦੇ ਰੂਪ ਵਿੱਚ ਕਛਿਹਰਾ ਪਹਿਨਾ ਕੇ ਜੀਵਨ ਨੂੰ ਉੱਚਾ ਸੁੱਚਾ
ਰਖਣ ਦਾ ਪ੍ਰਣ ਕਰਾਇਆ ਜਾਂਦਾ ਹੈ ਉਥੇ ਪਰ-ਇਸਤ੍ਰੀ, ਪਰ-ਪੁਰਖ ਦੇ ਗਮਨ ਨੂੰ ਬਜਰ ਕੁਰਹਿਤਾਂ ਵਿੱਚ
ਸ਼ਾਮਲ ਕੀਤਾ ਗਿਆ ਹੈ।
ਤਮਾਕੂ ਦਾ ਵਰਤਣਾ
ਚੌਥੀ ਬਜਰ ਕੁਰਹਿਤ ਹੈ ਤਮਾਕੂ ਦਾ ਵਰਤਣਾ। ਤਮਾਕੂ ਇੱਕ ਖਤਰਨਾਕ ਕਿਸਮ ਦਾ
ਨਸ਼ਾ ਹੈ ਅਤੇ ਦੁਨੀਆਂ ਵਿੱਚ ਸਭ ਤੋਂ ਪ੍ਰਚਲੱਤ, ਭਾਵ ਸਭ ਤੋਂ ਵਧੇਰੇ ਵਰਤਿਆ ਜਾਣ ਵਾਲਾ ਨਸ਼ਾ ਹੈ।
ਜਦੋਂ ਸਤਿਗੁਰੂ ਨੇ ਇਸ ਦੀ ਮਨਾਹੀ ਕੀਤੀ ਅਤੇ ਸਿੱਖ ਕੌਮ ਨੇ ਇਸ ਨੂੰ ਬਜਰ ਕੁਰਹਿਤਾਂ ਵਿੱਚ ਸ਼ਾਮਲ
ਕੀਤਾ, ਉਸ ਵੇਲੇ ਤੱਕ ਸ਼ਾਇਦ ਸੰਸਾਰ ਦੇ ਲੋਕਾਂ ਨੂੰ ਇਸ ਦੇ ਦੁਸ਼ਟ ਨਤੀਜਿਆਂ ਦਾ ਅੰਦਾਜ਼ਾ ਨਹੀਂ ਸੀ।
ਅੱਜ ਸੰਸਾਰ ਵਿੱਚ ਤੰਬਾਕੂ ਤੋਂ ਹੋਣ ਵਾਲੇ ਰੋਗਾਂ ਅਤੇ ਉਸ ਕਾਰਨ ਲੋਕਾਈ ਦੀ ਹੋ ਰਹੀ ਬਰਬਾਦੀ ਦਾ
ਅੰਦਾਜ਼ਾ ਲਗਾ ਕੇ ਹਾਹਾਕਾਰ ਮਚੀ ਹੋਈ ਹੈ। ਕਈ ਤਰ੍ਹਾਂ ਦੇ ਕੈਂਸਰ, ਟੀਬੀ, ਦਮਾ, ਆਦਿਕ. . ਮਾਰੂ
ਰੋਗ ਤਮਾਕੂ ਕਾਰਨ ਹੁੰਦੇ ਹਨ ਅਤੇ ਹਰ ਰੋਜ਼ ਸੈਂਕੜੇ ਲੋਕ ਇਸ ਕਾਰਨ ਤੜਫ ਤੜਫ ਕੇ ਮਰਦੇ ਹਨ। ਇਹ
ਇਤਨਾ ਮਾੜਾ ਨਸ਼ਾ ਹੈ ਕਿ ਇਸ ਦਾ ਮਾਰੂ ਪ੍ਰਭਾਵ ਕੇਵਲ ਇਸ ਦੀ ਵਰਤੋਂ ਕਰਨ ਵਾਲੇ ਤੇ ਹੀ ਨਹੀਂ
ਹੁੰਦਾ, ਬਲਕਿ ਸਿਗਰਟ ਬੀੜੀ ਪੀਣ ਵਾਲਾ, ਇੱਕ ਅਤਿ ਖਤਰਨਾਕ ਕਿਸਮ ਦਾ ਨਿਕੋਟੀਨ ਨਾਮਕ ਜ਼ਹਿਰਲਾ ਤੱਤ
ਧੂਏਂ ਦੇ ਨਾਲ ਛੱਡਦਾ ਹੈ, ਜੋ ਨੇੜੇ ਦੇ ਹਰ ਵਿਅਕਤੀ ਨੂੰ ਪਰਭਾਵਤ ਕਰਦਾ ਹੈ। ਡਾਕਟਰਾਂ ਦਾ ਕਹਿਣਾ
ਹੈ ਕਿ ਇਹ ਜ਼ਹਿਰ ਸਿਗਰਟ ਜਾਂ ਬੀੜੀ ਪੀਣ ਵਾਲੇ ਨਾਲੋਂ ਵਧੇਰੇ, ਉਸ ਦੇ ਨੇੜੇ ਵਾਲਿਆਂ ਨੂੰ ਨੁਕਸਾਨ
ਪਹੁੰਚਾਂਦਾ ਹੈ। ਹੁਣ ਸੰਸਾਰ ਵਿੱਚ ਇਸ ਪ੍ਰਤੀ ਚੇਤਨਤਾ ਆਉਣ ਨਾਲ ਜਿਥੇ ਹਰੇਕ ਮੁਲਕ ਦੀਆਂ ਸਰਕਾਰਾਂ
ਵਲੋਂ, ਆਪਣੀ ਲੋਕਾਈ ਨੂੰ ਇਸ ਦੇ ਮਾਰੂ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਲਈ, ਵਿਸ਼ੇਸ਼ ਮੁਹਿੰਮਾਂ
ਚਲਾਈਆਂ ਜਾ ਰਹੀਆਂ ਹਨ, ਸਾਲ ਵਿੱਚ ਇੱਕ ਦਿਨ ਵਿਸ਼ੇਸ਼ ਕਰ ਕੇ, ‘ਤਮਾਕੂ ਵਿਰੋਧੀ ਦਿਨ` ਦੇ ਤੌਰ ਤੇ
ਮਨਾਇਆ ਜਾਂਦਾ ਹੈ, ਉਥੇ ਐਸੇ ਕਾਨੂੰਨ ਬਣਾਏ ਜਾ ਰਹੇ ਹਨ, ਜਿਸ ਨਾਲ ਇਸ ਦੀ ਵਰਤੋਂ ਤੇ ਪਾਬੰਦੀ ਲਾਈ
ਜਾ ਸਕੇ।
ਸਿੱਖ ਕੌਮ ਵਿੱਚ ਇਸ ਨੂੰ ਬਜਰ ਕੁਰਹਿਤ ਦਾ ਦਰਜਾ ਦੇਣ ਦਾ ਇੱਕ ਕਾਰਨ ਇਹ ਵੀ
ਹੈ ਕਿ ਇਹ ਇੱਕ ਸਸਤਾ ਅਤੇ ਹਲਕਾ ਨਸ਼ਾ ਹੋਣ ਕਾਰਨ, ਬਹੁਤ ਲੋਕਾਈ ਇਸ ਨੂੰ ਸਹਿਜੇ ਹੀ ਸ਼ੁਰੂ ਕਰ
ਲੈਂਦੀ ਹੈ ਅਤੇ ਉਸ ਤੋਂ ਬਾਅਦ ਹੋਰ ਨਸ਼ਿਆਂ ਵਲ ਵਧਦੇ ਜਾਂਦੇ ਹਨ। ਇਸ ਤਰ੍ਹਾਂ ਇਹ ਨਸ਼ੇੜੀ ਹੋਣ ਦੀ
ਸ਼ੁਰੂਆਤ ਹੋ ਨਿਬੜਦਾ ਹੈ। ਸਤਿਗੁਰੂ ਨੇ ਇਸ ਦੀ ਵਰਤੋਂ ਤੇ ਪਾਬੰਦੀ ਲਗਾ ਦਿੱਤੀ ਤਾਂ ਜੋ ਨਸ਼ੇ ਕਰਨ
ਦੀ ਭੈੜੀ ਆਦਤ ਦੀ ਸ਼ੁਰੂਆਤ ਹੀ ਨਾ ਹੋਵੇ। ਬੜੀ ਮੰਦਭਾਗੀ ਗੱਲ ਹੈ ਕਿ ਸਿੱਖ ਕੌਮ ਵਿੱਚ ਇਹ ਬਜਰ
ਕੁਰਹਿਤ ਹੋਣ ਦੇ ਬਾਵਜੂਦ, ਕੁੱਝ ਸਤਿਗੁਰੂ ਤੋਂ ਬੇਮੁਖ ਇਸ ਦੀ ਵਰਤੋਂ ਕਰਨ ਲੱਗ ਪਏ ਹਨ। ਪਿਛਲੇ
ਕੁੱਝ ਸਾਲਾਂ ਵਿੱਚ ਬਿਹਾਰ ੳਤੇ ਯੂ ਪੀ ਵਿੱਚੋਂ ਪਰਵਾਸੀਆਂ ਦਾ ਹੜ੍ਹ ਪੰਜਾਬ ਵੱਲ ਵੱਗ ਪਿਆ ਹੈ।
ਇਨ੍ਹਾਂ ਪਰਵਾਸੀਆਂ ਨੇ ਹੋਰ ਕਈ ਬੁਰਾਈਆਂ ਦੇ ਨਾਲ ਨਾਲ ਤਮਾਕੂ ਨੂੰ ਵੀ ਪੰਜਾਬ ਦੇ ਪਿੰਡਾਂ ਵਿੱਚ
ਪਹੁੰਚਾ ਦਿਤਾ ਹੈ। ਚਾਹੀਦਾ ਤਾਂ ਇਹ ਸੀ ਕਿ ਸਿੱਖਾਂ ਦੀ ਸੰਗਤ ਅਤੇ ਸਿੱਖੀ ਮਹੌਲ ਕਰਕੇ ਉਹ ਵੀ ਇਸ
ਤੋਂ ਤੌਬਾ ਕਰ ਲੈਂਦੇ ਪਰ ਹੋ ਬਿਲਕੁਲ ਇਸ ਦੇ ਉਲਟ ਰਿਹਾ ਹੈ। ਪਿੰਡਾਂ ਦੇ ਬਹੁਤ ਸਿੱਖਾਂ ਨੂੰ
ਹੱਥਾਂ ਦੀਆਂ ਤਲੀਆਂ ਤੇ ਤਮਾਕੂ ਪਾਕੇ ਰਗੜਦੇ ਵੇਖਿਆ ਜਾ ਸਕਦਾ ਹੈ। ਉਂਝ ਸਿੱਖ ਕੌਮ ਵਿੱਚ ਹਰ
ਤਰ੍ਹਾਂ ਦੇ ਨਸ਼ੇ ਦੀ ਮਨਾਹੀ ਹੈ। ਸਤਿਗੁਰੂ ਦਾ ਫੁਰਮਾਨ ਹੈ:
“ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ।। ਆਪਣਾ ਪਰਾਇਆ ਨ ਪਛਾਣਈ
ਖਸਮਹੁ ਧਕੇ ਖਾਇ।। ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ।। ਝੂਠਾ ਮਦੁ ਮੂਲਿ ਨ ਪੀਚਈ ਜੇ ਕਾ
ਪਾਰਿ ਵਸਾਇ।। “ {ਸਲੋਕ ਮਃ ੩, ਪੰਨਾ ੫੫੪}
ਜਿਸ ਦੇ ਪੀਤਿਆਂ ਅਕਲ ਦੂਰ ਹੋ ਜਾਂਦੀ ਹੈ ਤੇ ਬਕਣ ਦਾ ਜੋਸ਼ ਆ ਚੜ੍ਹਦਾ ਹੈ,
ਆਪਣੇ ਪਰਾਏ ਦੀ ਪਛਾਣ ਨਹੀਂ ਰਹਿੰਦੀ, ਮਾਲਕ ਵੱਲੋਂ ਧੱਕੇ ਪੈਂਦੇ ਹਨ, ਜਿਸ ਦੇ ਪੀਤਿਆਂ ਖਸਮ
ਵਿਸਰਦਾ ਹੈ ਤੇ ਦਰਗਾਹ ਵਿੱਚ ਸਜ਼ਾ ਮਿਲਦੀ ਹੈ, ਐਸਾ ਚੰਦਰਾ ਸ਼ਰਾਬ, ਕਦੇ ਨਹੀਂ ਪੀਣਾ ਚਾਹੀਦਾ।
“ਦੁਰਮਤਿ ਮਦੁ ਜੋ ਪੀਵਤੇ ਬਿਖਲੀ ਪਤਿਕਮਲੀ।। ਰਾਮ ਰਸਾਇਣਿ ਜੋ ਰਤੇ ਨਾਨਕ
ਸਚ ਅਮਲੀ।। “ {ਆਸਾ ਮਹਲਾ ੫, ਪੰਨਾ ੩੯੯}
ਸ਼ਰਾਬ ਮਤਿ ਨੂੰ ਖੋਟੀ (ਵਿਕਾਰੀ) ਕਰਦੀ ਹੈ ਜੋ ਮਨੁੱਖ ਇਹ ਸ਼ਰਾਬ ਪੀਣ ਲੱਗ
ਪੈਂਦੇ ਹਨ (ਜੋ ਗੁਰੂ ਦਾ ਆਸਰਾ ਛੱਡ ਕੇ ਖੋਟੀ ਮਤਿ ਦੇ ਪਿੱਛੇ ਤੁਰਨ ਲੱਗ ਪੈਂਦੇ ਹਨ) ਉਹ
ਦੁਰਾਚਾਰੀ ਹੋ ਜਾਂਦੇ ਹਨ ਉਹ (ਵਿਕਾਰਾਂ ਵਿਚ) ਝੱਲੇ ਹੋ ਜਾਂਦੇ ਹਨ। ਪਰ, ਹੇ ਨਾਨਕ
!
ਜੇਹੜੇ ਮਨੁੱਖ ਪਰਮਾਤਮਾ ਦੇ ਨਾਮ ਦੇ ਸ੍ਰੇਸ਼ਟ ਰਸ ਵਿੱਚ ਮਸਤ ਰਹਿੰਦੇ ਹਨ ਉਹਨਾਂ ਨੂੰ ਸਦਾ-ਥਿਰ
ਰਹਿਣ ਵਾਲੇ ਪਰਮਾਤਮਾ ਦੇ ਨਾਮ ਦਾ ਅਮਲ ਲੱਗ ਜਾਂਦਾ ਹੈ।
“ਕਬੀਰ ਭਾਂਗ ਮਾਛੁਲੀ ਸੁਰਾ ਪਾਨਿ ਜੋ ਜੋ ਪ੍ਰਾਨੀ ਖਾਂਹਿ।। ਤੀਰਥ ਬਰਤ ਨੇਮ
ਕੀਏ, ਤੇ ਸਭੈ ਰਸਾਤਲਿ ਜਾਂਹਿ।। “ {ਪੰਨਾ ੧੩੭੭}
ਹੇ ਕਬੀਰ! ਜੇ ਲੋਕ ‘ਭਗਤਨ ਸੇਤੀ ਗੋਸਟੇ` ਕਰ ਕੇ ਤੀਰਥ-ਜਾਤ੍ਰਾ ਵਰਤ-ਨੇਮ
ਆਦਿਕ ਭੀ ਕਰਦੇ ਹਨ ਤੇ ਉਹ ਸ਼ਰਾਬੀ ਲੋਕ ਭੰਗ ਮੱਛੀ ਭੀ ਖਾਂਦੇ ਹਨ (ਭਾਵ, ਸਤਸੰਗ ਵਿੱਚ ਭੀ ਜਾਂਦੇ
ਹਨ ਤੇ ਸ਼ਰਾਬ-ਕਬਾਬ ਭੀ ਖਾਂਦੇ ਪੀਂਦੇ ਹਨ, ਵਿਕਾਰ ਭੀ ਕਰਦੇ ਹਨ) ਉਹਨਾਂ ਦੇ ਉਹ ਤੀਰਥ ਵਰਤ ਆਦਿਕ
ਵਾਲੇ ਸਾਰੇ ਕਰਮ ਬਿਲਕੁਲ ਵਿਅਰਥ ਜਾਂਦੇ ਹਨ। ੨੩੩।
ਰਹਿਤਨਾਮਿਆ ਵਿੱਚੋਂ ਵੀ ਐਸੇ ਬਹੁਤ ਪ੍ਰਮਾਣ ਮਿਲਦੇ ਹਨ, ਜਿਥੇ ਨਸ਼ੇ ਕਰਨ ਦੀ
ਮਨਾਹੀ ਕੀਤੀ ਗਈ ਹੈ। ਰਹਿਤਨਾਮਾ ਹਜ਼ੂਰੀ, ਭਾਈ ਚਉਪਾ ਸਿੰਘ ਛਿੱਬਰ ਵਿੱਚ ਲਿਖਿਆ ਹੈ:
ਗੁਰੂ ਕਾ ਸਿਖ ਬਿਖਿਆ (ਭਾਵ ਨਸ਼ੇ) ਨਾ ਪੀਵੈ! ਭਾਵੇਂ ਸਹਿਜਧਾਰੀ ਹੋਵੈ ਤਾਂ
ਭੀ ਨਾ ਵਰਤੈ! ਨਾ ਨਸਵਾਰ ਲੇਵੈ।
ਭਾਈ ਦੇਸਾ ਸਿੰਘ ਦੇ ਰਹਿਤਨਾਮੇ ਵਿੱਚ ਲਿਖਿਆ ਹੈ:
‘ਕੁੱਠਾ, ਹੁੱਕਾ, ਚਰਸ, ਤਮਾਕੂ। ਗਾਂਜਾ, ਟੋਪੀ, ਤਾੜੀ, ਖਾਕੂ। ੩੦।
ਇਨ ਕੀ ਓਰ ਨ ਕਬਹੂ ਦੇਖੈ। ਰਹਤਵੰਤ ਸੋ ਸਿੰਘ ਬਿਸੇਖੈ। `
ਭਾਈ ਦਯਾ ਸਿੰਘ ਵਾਲੇ ਰਹਿਤਨਾਮੇ ਵਿੱਚ ਲਿਖਿਆ ਹੈ:
ਜੂਆ ਖੇਲੈ ਮਦ ਪੀਵੈ ਸੋ ਨਰਕ ਮੇਂ ਜਾਵੈ।
………………. .
ਧੁਮ੍ਰਪਾਨ ਛੁਇ ਹਾਥ ਮੈਂ, ਨਾਸਿਕਾ ਕਣੀ ਲੇਤ
ਮਰੈ ਨਰਕ ਭੋਗੈ ਬਿਕਟ, ਧਰਮ ਸ਼ਾਸਨਾ ਦੇਤ। ੩।
ਇਹ ਅਤਿ ਦੁਖਦਾਈ ਗੱਲ ਹੈ ਕਿ ਸਤਿਗੁਰੂ ਦੇ ਇਤਨੇ ਸਪੱਸ਼ਟ ਆਦੇਸ਼ ਦੇ ਬਾਵਜੂਦ
ਅੱਜ ਸਿੱਖ ਕੌਮ ਨਸ਼ਿਆਂ ਵਿੱਚ ਗਲਤਾਨ ਹੋਈ ਜਾ ਰਹੀ ਹੈ। ਕਿਹੜਾ ਮਾਰੂ ਨਸ਼ਾ ਹੈ, ਜਿਹੜਾ ਅੱਜ ਗੁਰੂਆਂ
ਦੀ ਪਾਵਨ ਧਰਤੀ ਪੰਜਾਬ ਵਿੱਚ ਨਹੀਂ ਚੱਲ ਰਿਹਾ? ਦੁਨੀਆਂ ਵਿੱਚ ਅੱਜ ਸਿੱਖ ਸ਼ਰਾਬੀਆਂ ਦੀ ਕੌਮ ਦੇ
ਤੌਰ ਤੇ ਜਾਣੇ ਜਾਂਦੇ ਹਨ। ਸਤਿਗੁਰੂ ਨੇ ਫੁਰਮਾਇਆ ਹੈ ਕਿ ਜੇ ਨਸ਼ਾ ਕਰਨਾ ਹੈ ਤਾਂ ਅਕਾਲ-ਪੁਰਖ ਦੇ
ਪਿਆਰ ਦਾ ਕਰੋ। ਘਰ ਵਿੱਚ ਸ਼ਰਾਬ ਦੀਆਂ ਬੋਤਲਾਂ ਜਾਂ ਭੰਗ ਆਦਿ ਨਸ਼ਿਆਂ ਦੀਆਂ ਗੁੱਥੀਆਂ ਸਾਂਭਣ ਦੀ
ਬਜਾਏ, ਅਕਾਲ ਪੁਰਖ ਦੇ ਨਾਮ ਨੂੰ ਹਿਰਦੇ ਵਿੱਚ ਸੰਭਾਲ ਕੇ ਰਖੋ। ਸਤਿਗੁਰੂ ਦੇ ਬਚਨ ਹਨ:
“ਭਉ ਤੇਰਾ ਭਾਂਗ ਖਲੜੀ ਮੇਰਾ ਚੀਤੁ।। ਮੈ ਦੇਵਾਨਾ ਭਇਆ ਅਤੀਤੁ।। “ {ਤਿਲੰਗ
ਮਹਲਾ ੧, ਪੰਨਾ ੭੨੧}
ਤੇਰਾ ਡਰ ਅਦਬ ਮੇਰੇ ਵਾਸਤੇ ਭੰਗ ਹੈ, ਮੇਰਾ ਮਨ (ਇਸ ਭੰਗ ਨੂੰ ਸਾਂਭ ਕੇ
ਰੱਖਣ ਲਈ) ਗੁੱਥੀ ਹੈ। (ਤੇਰੇ ਡਰ-ਅਦਬ ਦੀ ਭੰਗ ਨਾਲ) ਮੈਂ ਨਸ਼ਈ ਤੇ ਵਿਰਕਤ ਹੋ ਗਿਆ ਹਾਂ।
ਗੱਲ ਨੂੰ ਪੂਰੀ ਤਰ੍ਹਾਂ ਸਮਝਣ ਅਤੇ ਸਪਸ਼ਟ ਕਰਨ ਲਈ ਗੁਰੂ ਨਾਨਕ ਪਾਤਿਸ਼ਾਹ ਦੇ
ਉਚਾਰਨ ਕੀਤੇ ਇੱਕ ਸ਼ਬਦ ਅਤੇ ਉਸ ਨਾਲ ਸੰਬੰਧਤ ਸਾਖੀ ਨੂੰ ਵਿਚਾਰਦੇ ਹਾਂ। ਗੁਰੂ ਨਾਨਕ ਪਾਤਿਸ਼ਾਹ
ਸਿੱਧਾਂ ਨਾਲ ਗਿਆਨ ਚਰਚਾ ਵਾਸਤੇ ਬੈਠੇ, ਤਾਂ ਸਿੱਧਾਂ ਨੇ ਸਾਰਿਆਂ ਅਗੇ ਇੱਕ ਇੱਕ ਪਿਆਲਾ ਲਿਆ ਕੇ
ਰੱਖ ਦਿੱਤਾ। ਭਰਥਰ ਜੋਗੀ ਨੇ ਆਖਿਆ, ਨਾਨਕ! ਇਹ ਪਿਆਲਾ ਪੀ ਲਓ। ਸਤਿਗੁਰੂ ਨੇ ਪੁਛਿਆ, ਇਹ ਕੀ ਹੈ?
ਜੁਆਬ ਮਿਲਿਆ, ਇਹ ਮੱਦ (ਸ਼ਰਾਬ) ਹੈ, ਇਸ ਦੇ ਪੀਣ ਨਾਲ ਲਿਵ ਜੁੜ ਜਾਵੇਗੀ। ਸਤਿਗੁਰੂ ਨੇ ਫੇਰ
ਪੁਛਿਆ, ਇਹ ਲਿਵ ਕਿੰਨੀ ਕੁ ਦੇਰ ਜੁੜੀ ਰਹੇਗੀ? ਸਿੱਧਾਂ ਜੁਆਬ ਦਿੱਤਾ, ਥੋੜੀ ਦੇਰ, ਫੇਰ ਹੋਰ ਪੀ
ਲਵਾਂਗੇ। ਸਤਿਗੁਰੂ ਹੇ ਕਿਹਾ, ਮੈਨੂੰ ਇਸ ਦੀ ਲੋੜ ਨਹੀਂ, ਕਿਉਂਕਿ ਮੈਂ ਉਹ ਰਸ ਪੀਤਾ ਹੈ ਜਿਸਦੀ
ਮਸਤੀ ਕਦੇ ਨਹੀਂ ਲਹਿੰਦੀ। ਸਿੱਧ ਬੜੇ ਹੈਰਾਨ ਹੋਏ, ਨਾਨਕ! ਐਸਾ ਕਿਹੜਾ ਰਸ ਹੈ ਜਿਸਦੀ ਮਸਤੀ ਕਦੇ
ਲਹਿੰਦੀ ਹੀ ਨਹੀਂ? ਸਤਿਗੁਰੂ ਨੇ ਸ਼ਬਦ ਉਚਾਰਨ ਕੀਤਾ:
“ਬਾਬਾ ਮਨੁ ਮਤਵਾਰੋ ਨਾਮ ਰਸੁ ਪੀਵੈ ਸਹਜ ਰੰਗ ਰਚਿ ਰਹਿਆ।। ਅਹਿਨਿਸਿ ਬਨੀ
ਪ੍ਰੇਮ ਲਿਵ ਲਾਗੀ ਸਬਦੁ ਅਨਾਹਦ ਗਹਿਆ।। ੧।। ਰਹਾਉ।। “ {ਆਸਾ ਮਹਲਾ ੧, ਪੰਨਾ ੩੬੦}
ਜੇ ਜੋਗੀ
!
(ਤੁਸੀਂ ਸੁਰਤਿ ਨੂੰ ਟਿਕਾਣ ਲਈ ਸ਼ਰਾਬ ਪੀਂਦੇ ਹੋ, ਇਹ ਨਸ਼ਾ ਉਤਰ ਜਾਂਦਾ ਹੈ; ਤੇ ਸੁਰਤਿ ਮੁੜ ਉੱਖੜ
ਜਾਂਦੀ ਹੈ) ਅਸਲ ਮਸਤਾਨਾ ਉਹ ਮਨ ਹੈ ਜੋ ਪਰਮਾਤਮਾ ਦੇ ਸਿਮਰਨ ਦਾ ਰਸ ਪੀਂਦਾ ਹੈ (ਸਿਮਰਨ ਦਾ ਆਨੰਦ
ਮਾਣਦਾ ਹੈ) ਜੋ (ਸਿਮਰਨ ਦੀ ਬਰਕਤਿ ਨਾਲ) ਅਡੋਲਤਾ ਦੇ ਹੁਲਾਰਿਆਂ ਵਿੱਚ ਟਿਕਿਆ ਰਹਿੰਦਾ ਹੈ, ਜਿਸ
ਨੂੰ ਪ੍ਰਭੂ-ਚਰਨਾਂ ਦੇ ਪ੍ਰੇਮ ਦੀ ਇਤਨੀ ਲਿਵ ਲਗਦੀ ਹੈ ਕਿ ਦਿਨ ਰਾਤ ਬਣੀ ਰਹਿੰਦੀ ਹੈ, ਜੋ ਆਪਣੇ
ਗੁਰੂ ਦੇ ਸ਼ਬਦ ਨੂੰ ਸਦਾ ਇਕ-ਰਸ ਆਪਣੇ ਅੰਦਰ ਟਿਕਾਈ ਰੱਖਦਾ ਹੈ। ੧। ਰਹਾਉ।
ਸਿੱਧਾਂ ਪੁਛਿਆ, ਨਾਨਕ! ਇਹ ਨਾਮ ਰਸ ਤਿਆਰ ਕਿਵੇਂ ਕੀਤਾ ਜਾਂਦਾ ਹੈ?
ਸਤਿਗੁਰੂ ਬੋਲੇ, ਸਿੱਧੋ! ਤੁਸੀਂ ਸ਼ਰਾਬ ਕਿਵੇਂ ਤਿਆਰ ਕਰਦੇ ਹੋ? ਅਸੀਂ ਇੱਕ ਭਾਂਡਾ ਲੈ ਕੇ ਉਸ ਵਿੱਚ
ਕੁੱਝ ਗੁੜ, ਮਹੁਏ ਦੇ ਫੁਲ ਅਤੇ ਕਿੱਕਰ ਦੇ ਸੱਕ ਪਾਕੇ ਉਸ ਨੂੰ ਭੱਠੀ ਤੇ ਚੜ੍ਹਾ ਦੇਂਦੇ ਹਾਂ। ਉਸ
ਭੱਠੀ ਦਾ ਮੂੰਹ ਬੰਨ ਕੇ ਉਤੇ ਇੱਕ ਨਲਕੀ ਲਾਈ ਹੁੰਦੀ ਹੈ। ਉਸ ਨਲਕੀ ਉਤੇ ਗਿੱਲਾ ਕਪੜਾ ਫੇਰਦੇ ਹਾਂ,
ਦੂਸਰੇ ਪਾਸਿਓ ਸ਼ਰਾਬ ਟਪਕਣ ਲੱਗ ਪੈਂਦੀ ਹੈ।
ਸਤਿਗੁਰੂ ਨੇ ਫੁਰਮਾਇਆ, ਮੇਰਾ ਨਾਮ ਰਸ ਤਿਆਰ ਕਰਨ ਦਾ ਤਰੀਕਾ ਵੀ ਇਹੀ ਹੈ,
ਸਿਰਫ ਵਿੱਚ ਪਾਉਣ ਵਾਲੇ ਤੱਤ ਅਲੱਗ ਹਨ। ਇਸ ਤਰੀਕੇ ਅਤੇ ਤੱਤਾਂ ਨੂੰ ਸਤਿਗੁਰੂ ਨੇ ਸ਼ਬਦ ਦੇ ਪਹਿਲੇ
ਪਦੇ ਵਿੱਚ ਸਪਸ਼ਟ ਕੀਤਾ ਹੈ:
“ਗੁੜੁ ਕਰਿ ਗਿਆਨੁ ਧਿਆਨੁ ਕਰਿ ਧਾਵੈ ਕਰਿ ਕਰਣੀ ਕਸੁ ਪਾਈਐ।। ਭਾਠੀ ਭਵਨੁ
ਪ੍ਰੇਮ ਕਾ ਪੋਚਾ ਇਤੁ ਰਸਿ ਅਮਿਉ ਚੁਆਈਐ।। ੧।। “
(ਹੇ ਜੋਗੀ
!)
ਪਰਮਾਤਮਾ ਨਾਲ ਡੂੰਘੀ ਸਾਂਝ ਨੂੰ ਗੁੜ ਬਣਾ, ਪ੍ਰਭੂ-ਚਰਨਾਂ ਵਿੱਚ ਜੁੜੀ ਸੁਰਤਿ ਨੂੰ ਮਹੂਏ ਦੇ ਫੁੱਲ
ਬਣਾ, ਉੱਚੇ ਆਚਰਨ ਨੂੰ ਕਿੱਕਰਾਂ ਦੇ ਸੱਕ ਬਣਾ ਕੇ (ਇਹਨਾਂ ਵਿਚ) ਰਲਾ ਦੇ। ਸਰੀਰਕ ਮੋਹ ਨੂੰ
ਸਾੜ—ਇਹ ਸ਼ਰਾਬ ਕੱਢਣ ਦੀ ਭੱਠੀ ਤਿਆਰ ਕਰ, ਪ੍ਰਭੂ-ਚਰਨਾਂ ਵਿੱਚ ਪਿਆਰ ਜੋੜ—ਇਹ ਹੈ ਉਹ ਠੰਡਾ ਪੋਚਾ
ਜੋ ਅਰਕ ਵਾਲੀ ਨਾਲੀ ਉਤੇ ਫੇਰਨਾ ਹੈ। ਇਸ ਸਾਰੇ ਮਿਲਵੇਂ ਰਸ ਵਿਚੋਂ (ਅਟੱਲ ਆਤਮਕ ਜੀਵਨ ਦਾਤਾ)
ਅੰਮ੍ਰਿਤ ਨਿਕਲੇਗਾ। ੧।
ਸਤਿਗੁਰੂ ਨੇ ਤਾਂ ਸਾਨੂੰ ਹੋਛੇ ਨਸ਼ੇ ਤਿਆਗ ਕੇ, ਇਹ ਨਿਰਮਲ ਜੀਵਨ ਵਾਲਾ
ਅੰਮ੍ਰਿਤ ਦਾ ਪਿਆਲਾ ਪੀਣ ਦਾ ਉਪਦੇਸ਼ ਦਿੱਤਾ ਹੈ:
“ਪੂਰਾ ਸਾਚੁ ਪਿਆਲਾ ਸਹਜੇ ਤਿਸਹਿ ਪੀਆਏ ਜਾ ਕਉ ਨਦਰਿ ਕਰੇ।। ਅੰਮ੍ਰਿਤ ਕਾ
ਵਾਪਾਰੀ ਹੋਵੈ ਕਿਆ ਮਦਿ ਛੂਛੈ ਭਾਉ ਧਰੇ।। “ {ਆਸਾ ਮਹਲਾ ੧, ਪੰਨਾ ੩੬੦}
(ਹੇ ਜੋਗੀ
!)
ਇਹ ਹੈ ਉਹ ਪਿਆਲਾ ਜਿਸ ਦੀ ਮਸਤੀ ਸਦਾ ਟਿਕੀ ਰਹਿੰਦੀ ਹੈ, ਸਭ ਗੁਣਾਂ ਦਾ ਮਾਲਕ ਪ੍ਰਭੂ ਅਡੋਲਤਾ
ਵਿੱਚ ਰੱਖ ਕੇ ਉਸ ਮਨੁੱਖ ਨੂੰ (ਇਹ ਪਿਆਲਾ) ਪਿਲਾਂਦਾ ਹੈ ਜਿਸ ਉਤੇ ਆਪ ਮੇਹਰ ਦੀ ਨਜ਼ਰ ਕਰਦਾ ਹੈ।
ਜੇਹੜਾ ਮਨੁੱਖ ਅਟੱਲ ਆਤਮਕ ਜੀਵਨ ਦੇਣ ਵਾਲੇ ਇਸ ਰਸ ਦਾ ਵਪਾਰੀ ਬਣ ਜਾਏ ਉਹ (ਤੁਹਾਡੇ ਵਾਲੇ ਇਸ)
ਹੋਛੇ ਸ਼ਰਾਬ ਨਾਲ ਪਿਆਰ ਨਹੀਂ ਕਰਦਾ। ੨।
ਅੱਜ ਗੁਰੂ ਨਾਨਕ ਦਾ ਸਿੱਖ, ਜਿਸ ਨੂੰ ਅੰਮ੍ਰਿਤ ਦਾ ਵਪਾਰੀ ਬਣਾਇਆ ਸੀ, ਨਾ
ਤਾਂ ਨਾਮ ਅੰਮ੍ਰਿਤ ਪੀਣਾ ਚਾਹੁੰਦਾ ਹੈ ਅਤੇ ਨਾ ਹੀ ਖੰਡੇ ਦਾ ਪਾਹੁਲ (ਰੂਪੀ ਅੰਮ੍ਰਿਤ) ਪੀਣਾ
ਚਾਹੁੰਦਾ ਹੈ, ਉਹ ਮਤ ਭ੍ਰਿਸ਼ਟ ਕਰਨ ਵਾਲੀ ਸ਼ਰਾਬ ਦੀਆਂ ਬੋਤਲਾ ਪੀ ਰਿਹਾ ਹੈ ਅਤੇ ਜੀਵਨ ਨੂੰ ਬਰਬਾਦ
ਕਰਨ ਵਾਲੇ ਖਤਰਨਾਕ ਨਸ਼ੇ ਕਰ ਰਿਹਾ ਹੈ। ਹੋਰ ਤਾਂ ਹੋਰ ਕਈ ਪਾਹੁਲ ਛਕੇ ਹੋਏ, ਸ਼ਰਾਬ ਦੇ ਗੱਫੇ ਲਾ
ਰਹੇ ਹਨ। ਬਹਾਨਾ ਬਣਾ ਲੈਂਦੇ ਹਨ ਕਿ ਜੀ! ਇਹ ਬਜਰ ਕੁਰਹਿਤ ਥੋੜ੍ਹਾ ਹੀ ਹੈ। ਇਸ ਨੂੰ ਕੁਰਹਿਤ ਤਾਂ
ਗਰਦਾਨਿਆਂ ਹੀ ਹੈ, ਸਿੱਖ ਰਹਿਤ ਮਰਯਾਦਾ ਦੇ ਪੰਨਾ 27 ਤੇ, ‘ਤਨਖਾਹੀਏ ਇਹ ਹਨ` ਸਿਰਲੇਖ ਦੀ ਪੰਜਵੀਂ
ਮੱਦ ਵਿੱਚ ਇਹ ਲਿਖਿਆ ਹੈ, ‘ਕੋਈ ਨਸ਼ਾ (ਭੰਗ, ਅਫੀਮ, ਸ਼ਰਾਬ, ਪੋਸਤ, ਕੁਕੀਨ, ਆਦਿਕ) ਵਰਤਣ ਵਾਲਾ।
ਜਿਹੜਾ ਤਨਖਾਹੀਆ ਹੋ ਗਿਆ, ਉਸ ਨੂੰ ਉਹ ਕੁਕਰਮ ਤਿਆਗ ਕੇ ਤਨਖਾਹ ਲੁਆਉਣੀ ਜ਼ਰੂਰੀ ਹੈ। ਨਾਲੇ ਕੀ
ਕੇਵਲ ਸਿੱਖ ਰਹਿਤ ਮਰਯਾਦਾ ਵਿੱਚ ਛਪਣ ਨਾਲ ਹੀ ਬਜਰ ਕੁਰਹਿਤ ਬਣਦੀ ਹੈ, ਗੁਰੂ ਗ੍ਰੰਥ ਸਾਹਿਬ ਦੇ
ਆਦੇਸ਼ ਨਾਲ ਨਹੀਂ ਬਣਦੀ? ਸਭ ਤੋਂ ਪਹਿਲਾਂ ਤਾਂ ਹਰ ਸਿੱਖ ਨੂੰ ਚਾਹੀਦਾ ਹੈ ਕਿ ਹਰ ਸਿੱਖ ਆਪਣੇ
ਸਤਿਗੁਰੂ ਦੇ ਪਾਵਨ ਆਦੇਸ਼ ਤੇ ਦ੍ਰਿੜਤਾ ਨਾਲ ਪਹਿਰਾ ਦੇਵੇ ਅਤੇ ਕੋਈ ਸਿੱਖ ਕੋਈ ਨਸ਼ਾ ਨਾ ਕਰੇ।
ਦੂਸਰਾ ਸਿੱਖ ਰਹਿਤ ਮਰਯਾਦਾ ਦੀਆਂ ਸਾਰੀਆਂ ਮੱਦਾਂ ਦਾ ਅਧਾਰ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਦੀ
ਬਾਣੀ ਹੀ ਹੋ ਸਕਦੀ ਹੈ। ਸਤਿਗੁਰੂ ਨੇ ‘ਝੂਠਾ ਮਦੁ ਮੂਲਿ ਨ ਪੀਚਈ` ਦਾ ਆਦੇਸ਼ ਦੇ ਕੇ ਨਸ਼ੇ ਕਰਨ ਤੇ
ਪੂਰਨ ਪਾਬੰਦੀ ਲਗਾ ਦਿੱਤੀ ਹੈ। ਅੱਜ ਲੋੜ ਹੈ ਕਿ ਪੰਥ ਇਸ ਨੂੰ ਵਿਚਾਰੇ ਅਤੇ ਸਿੱਖ ਰਹਿਤ ਮਰਯਾਦਾ
ਵਿੱਚ ਫੌਰੀ ਤੌਰ ਤੇ ਸੋਧ ਕਰਕੇ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਨਾ ਬਜਰ ਕੁਰਹਿਤ ਐਲਾਨਿਆ ਜਾਵੇ।
ਇਹ ਚਾਰੇ ਉਹ ਕੁਰਹਿਤਾਂ (ਬਜਰ) ਹਨ, ਜਿਨ੍ਹਾਂ ਦੇ ਵਿੱਚੋਂ ਕਿਸੇ ਦੇ ਕਰਨ
ਨਾਲ ਵੀ ਸਿੱਖ, ਸਿੱਖ ਨਹੀਂ ਰਹਿੰਦਾ ਅਤੇ ਉਸ ਨੂੰ ਤਨਖਾਹ ਲੁਆ ਕੇ, ਭੁੱਲ ਬਖਸ਼ਾ ਕੇ, ਪਾਹੁਲ ਛੱਕ
ਕੇ, ਮੁੜ ਤੋਂ ਪੰਥ ਵਿੱਚ ਦਾਖਲ ਹੋਣਾ ਪੈਂਦਾ ਹੈ। ਇਨ੍ਹਾਂ ਸਾਰੀਆਂ ਭੁੱਲਾਂ ਵਿੱਚੋਂ ਕਿਸੇ ਨੂੰ
ਵੱਡੀ ਜਾਂ ਛੋਟੀ ਗਲਤੀ ਨਹੀਂ ਕਿਹਾ ਜਾ ਸਕਦਾ। ਇਹ ਠੀਕ ਹੈ ਕਿ ਕੇਸ ਕਿਉਂ ਕਿ ਪ੍ਰਤੱਖ ਹਨ, ਉਨ੍ਹਾਂ
ਦੀ ਬੇਅਦਬੀ ਸਾਹਮਣੇ ਨਜ਼ਰ ਆਉਂਦੀ ਹੈ। ਦੂਸਰੇ ਕੁਕਰਮ ਕੁੱਝ ਸਮੇਂ ਲਈ ਲੁਕਾਏ ਵੀ ਜਾ ਸਕਦੇ ਹਨ, ਪਰ
ਉਨ੍ਹਾਂ ਨੂੰ ਦੁਨੀਆਂ ਕੋਲੋਂ ਲੁਕਾਉਣ ਨਾਲ, ਕੀ ਉਹ ਵਾਹਿਗੁਰੂ ਕੋਲੋਂ ਵੀ ਲੁਕ ਸਕਦੇ ਹਨ? ਕੀ ਸਾਡੀ
ਆਪਣੀ ਅੰਤਰ-ਆਤਮਾ ਉਸ ਪਾਪ ਦੇ ਬੋਝ ਤੋਂ ਸੁਰਖਰੂ ਹੋ ਸਕਦੀ ਹੈ? ਹੈਰਾਨਗੀ ਦੀ ਗੱਲ ਤਾਂ ਇਹ ਹੈ ਕਿ
ਸਾਡੀ ਕੌਮ ਵਿੱਚ ਵੀ ਅਕਸਰ ਇਸੇ ਕੇਸਾਂ ਦੀ ਬੇਅਦਬੀ ਨੂੰ ਵਧੇਰੇ ਗੰਭੀਰਤਾ ਨਾਲ ਲਿਆ ਜਾਂਦਾ ਹੈ, ਆਮ
ਤੌਰ ਤੇ ਇਸੇ ਨੂੰ ਹੀ ਪਤਿਤ ਹੋਣਾ ਕਿਹਾ ਜਾਂਦਾ ਹੈ, ਹਾਲਾਂਕਿ ਇਹ ਇੱਕ ਬਿਲਕੁਲ ਗਲਤ ਸੋਚ ਹੈ।
ਸਿੱਖ ਕੌਮ ਵਿੱਚ ਜਿਤਨੀ ਸਰੂਪ ਦੀ ਮਹਤੱਤਾ ਹੈ, ਉਤਨੀ ਹੀ ਕਿਰਦਾਰ ਦੀ ਮਹਤੱਤਾ ਹੈ। ਬਲਕਿ ਜੇ ਇਹ
ਕਿਹਾ ਜਾਵੇ ਕਿ ਜਿਸਨੇ ਸਰੂਪ ਤਾਂ ਬਣਾਇਆ ਹੋਇਆ ਹੈ, ਪਰ ਕਿਰਦਾਰ ਸਿੱਖ ਵਾਲਾ ਨਹੀਂ ਨਿਭਾਉਂਦਾ, ਉਹ
ਅਕਸਰ ਸਰੂਪ ਦੇ ਅਪਮਾਨ ਅਤੇ ਬਦਨਾਮੀ ਦਾ ਕਾਰਨ ਬਣਦਾ ਹੈ, ਇਸ ਲਈ ਭੁੱਲ ਇਨ੍ਹਾਂ ਵਿੱਚੋਂ ਕੋਈ ਵੀ
ਹੋਵੇ, ਉਸ ਨੂੰ ਕਰਨ ਵਾਲਾ ਪਤਿਤ ਹੈ ਅਤੇ ਕਿਸੇ ਵੀ ਕੁਰਹਿਤ (ਬਜਰ) ਕਰਨ ਵਾਲੇ ਨਾਲ ਕੌਮੀ ਅਤੇ
ਸਮਾਜਕ ਤੌਰ ਤੇ ਇਕੋ ਜਿਹਾ ਵਿਹਾਰ ਹੋਣਾ ਚਾਹੀਦਾ ਹੈ।
ਇਹ ਸਾਡੇ ਆਪਣੇ ਜੀਵਨ ਵਿੱਚ ਆਏ ਨਿਘਾਰ ਕਾਰਨ ਹੀ ਹੈ ਕਿ ਅਸੀਂ ਦੂਸਰੀਆਂ
ਕੁਰਹਿਤਾਂ ਨੂੰ ਉਤਨੀ ਮਹਤੱਤਾ ਨਹੀਂ ਦੇਂਦੇ। ਹਾਲਾਤ ਇਥੋਂ ਤੱਕ ਗਿਰਾਵਟ ਵੱਲ ਚਲੇ ਗਏ ਹਨ ਕਿ ਆਪਣੇ
ਹੀ ਸੇਵਕ ਦੀ ਮਾਸੂਮ ਬੱਚੀ ਦੀ ਪੱਤ ਲੁਟਣ ਵਾਲੇ ਇੱਕ ਪਖੰਡੀ ਸਾਧ ਨੂੰ ਅਕਾਲ ਤਖਤ ਸਾਹਿਬ ਦੇ ਅਖੌਤੀ
ਜਥੇਦਾਰ ਵਲੋਂ ਰਿਸ਼ਵਤ ਲੈ ਕੇ ਇਸ ਪਾਪ ਕਰਮ ਤੋਂ ਬਰੀ ਕਰ ਦਿੱਤਾ ਗਿਆ ਅਤੇ ਤਖਤਾਂ ਦੇ ਜਥੇਦਾਰ ਤੇ
ਦਰਬਾਰ ਸਾਹਿਬ ਦੇ ਗ੍ਰੰਥੀ, ਵਿਦੇਸ਼ ਜਾ ਕੇ, ਇੱਕ ਪਖੰਡੀ ਸਾਧ, ਜੋ ਪਰਾਈ ਔਰਤ ਨਾਲ ਖੇਹ ਖਾਂਦਾ
ਰੰਗੇ ਹੱਥੀਂ ਪਕੜਿਆ ਗਿਆ ਸੀ, ਦੇ ਕੋਲ ਜਾ ਕੇ ਠਹਿਰਦੇ ਹਨ। ਇਸ ਨਾਲ ਐਸੇ ਲੋਕਾਂ ਨੂੰ ਉਤਸ਼ਾਹ
ਮਿਲਦਾ ਹੈ, ਸਮੂਹਿਕ ਤੌਰ ਤੇ ਕੌਮੀ ਕਿਰਦਾਰ ਵਿੱਚ ਨਿਘਾਰ ਆਉਂਦਾ ਹੈ ਅਤੇ ਖੰਡੇ ਬਾਟੇ ਦੀ ਪਾਹੁਲ
ਦੀ ਮਹਤੱਤਾ ਹੀ ਖਤਮ ਹੋ ਜਾਂਦੀ ਹੈ।
ਇਨ੍ਹਾਂ ਚਾਰ ਕੁਰਹਿਤਾਂ ਦੇ ਥੱਲੇ ਲਿਖਿਆ ਹੈ, ‘ਇਨ੍ਹਾਂ ਵਿੱਚੋਂ ਕੋਈ
ਕੁਰਹਿਤ ਹੋ ਜਾਵੇ ਤਾਂ ਮੁੜ ਕੇ ਅੰਮ੍ਰਿਤ ਛਕਣਾ ਪਏਗਾ। ਆਪਣੀ ਇੱਛਾ ਵਿਰੁੱਧ ਅਨਭੋਲ ਹੀ ਕੋਈ
ਕੁਰਹਿਤ ਹੋ ਜਾਵੇ ਤਾਂ ਕੋਈ ਦੰਡ ਨਹੀਂ। ` ਬਿਲਕੁਲ ਠੀਕ ਹੈ, ਜਾਣ ਬੁਝ ਕੇ ਕੀਤਾ ਗਿਆ ਕੁਕਰਮ ਪਾਪ
ਹੁੰਦਾ ਹੈ, ਅਤੇ ਜਰੂਰੀ ਸਜ਼ਾ ਦਾ ਭਾਗੀ ਹੁੰਦਾ ਹੈ, ਭੁੱਲ ਅਨਭੋਲ ਹੋ ਜਾਂਦੀ ਹੈ, ਬਖਸ਼ੀ ਜਾ ਸਕਦੀ
ਹੈ। ਕਿਸੇ ਦੇ ਕੇਸਾਂ ਦੀ ਬੇਅਦਬੀ ਉਸ ਦੀ ਬੇਸੁਰਤੀ ਵਿੱਚ ਕੀਤੀ ਜਾ ਸਕਦੀ ਹੈ, ਕਿਸੇ ਬਿਮਾਰੀ ਵੇਲੇ
ਜਾਂ ਚੋਟ ਲਗਣ ਤੇ, ਅਪ੍ਰੇਸ਼ਨ ਆਦਿ ਵਾਸਤੇ ਵੀ ਕਰਨੀ ਪੈ ਸਕਦੀ ਹੈ, ਅਨਜਾਣੇ ਵਿੱਚ ਕੁੱਠਾ ਖਾਧਾ ਜਾ
ਸਕਦਾ ਹੈ, ਕੋਈ ਕਿਸੇ ਚੀਜ਼ ਵਿੱਚ ਮਿਲਾਕੇ ਕਿਸੇ ਨੂੰ ਤਮਾਕੂ ਜਾਂ ਨਸ਼ਾ ਦੇ ਸਕਦਾ ਹੈ, ਦਵਾਈਆਂ ਵਿੱਚ
ਅਕਸਰ ਨਸ਼ੀਲੇ ਪਦਾਰਥ ਹੁੰਦੇ ਹਨ, ਪਰ ਪਰਾਈ ਇਸਤ੍ਰੀ ਜਾਂ ਪੁਰਸ਼ ਨਾਲ ਸਬੰਧ ਕਦੇ ਅਨਭੋਲ ਨਹੀਂ ਬਣ
ਸਕਦਾ, ਹਾਂ ਕਿਸੇ ਔਰਤ ਨਾਲ ਵਧੀਕੀ ਹੋ ਸਕਦੀ ਹੈ, ਇਸ ਤੋਂ ਇਲਾਵਾ ਇਹ ਪਾਪ ਕਰਮ ਜਦੋਂ ਕੀਤਾ ਜਾਂਦਾ
ਹੈ, ਨੀਯਤਨ ਹੀ ਕੀਤਾ ਜਾਂਦਾ ਹੈ।
ਚਲਦਾ…
(ਨੋਟ:- ਅਸੀਂ ਜਦੋਂ ਦੋ ਹਫਤੇ ਬਾਹਰ ਗਏ ਹੋਏ ਸੀ ਅਤੇ ‘ਸਿੱਖ ਮਾਰਗ’
ਅੱਪਡੇਟ ਨਹੀਂ ਸੀ ਕਰ ਸਕੇ ਤਾਂ ਸੱਤਵੀਂ ਕਿਸ਼ਤ ਹੋਰ ਥਾਵਾਂ ਤੇ ਛਪ ਚੁੱਕੀ ਸੀ ਇਸ ਲਈ ਨਹੀਂ ਪਾਈ
ਗਈ। ਪਾਠਕਾਂ ਨੂੰ ਬੇਨਤੀ ਹੈ ਕਿ ਜੇ ਕਰ ਉਹ ਦਿਲਚਸਪੀ ਰੱਖਦੇ ਹੋਣ ਤਾਂ ਇੰਟਰਨੈੱਟ ਤੇ ਹੋਰ ਥਾਂਵਾਂ
ਤੇ ਪੜ੍ਹ ਸਕਦੇ ਹਨ-ਸੰਪਾਦਕ)