ਮਸਲਾ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਨੂੰ ਫਾਂਸੀ ਤੋਂ ਬਚਾਉਣ ਦਾ
ਪਿਛਲੇ ਕੁੱਝ ਦਿਨਾਂ ਤੋਂ ਜਦੋਂ
ਤੋਂ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਰਹਿਮ ਦੀ ਅਪੀਲ ਭਾਰਤ ਦੇ ਰਾਸ਼ਟਰਪਤੀ ਨੇ ਰੱਦ ਕਰ ਦਿੱਤੀ
ਸੀ ਉਸ ਦਿਨ ਤੋਂ ਲੈ ਕੇ ਸਿੱਖ ਭਾਈਚਾਰੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਇਸ ਬਾਰੇ ਸਿੱਖ
ਲੀਡਰਾਂ ਦੇ ਭਾਂਤ-ਭਾਂਤ ਦੇ ਬਿਆਨ ਆ ਰਹੇ ਹਨ। ਕਈ ਥਾਂਵਾਂ ਤੇ ਪ੍ਰੋਟੈਸਟ ਵੀ ਕੀਤੇ ਜਾ ਰਹੇ ਹਨ।
ਹਰ ਜਥੇਬੰਦੀ ਅਤੇ ਲੀਡਰ ਇੱਕ ਦੂਸਰੇ ਤੋਂ ਵੱਧ ਕੇ ਬਿਆਨਬਾਜ਼ੀ ਕਰ ਰਹੇ ਹਨ। ਕਈ ਤੱਤੀ ਸੁਰ ਵਾਲੇ
ਸਖਤ ਸ਼ਬਦਾਵਲੀ ਵਰਤ ਰਹੇ ਹਨ ਅਤੇ ਕਈ ਭੀਖ ਮੰਗਣ ਦੀ ਤਰ੍ਹਾਂ ਤਰਲੇ ਕਰਦੇ ਨਜ਼ਰ ਆਉਂਦੇ ਹਨ।
ਜਦੋਂ ਕਦੀ ਵੀ ਇਸ ਤਰ੍ਹਾਂ ਦਾ ਕੋਈ ਮਸਲਾ ਸਾਹਮਣੇ ਆਉਂਦਾ ਹੈ ਤਾਂ ਸਿੱਖ ਲੀਡਰ ਖੂਬ ਬਿਆਨਬਾਜ਼ੀ
ਕਰਦੇ ਹਨ, ਆਮ ਸਿੱਖਾਂ ਨੂੰ ਭੜਕਾ ਕੇ ਨੰਗੀਆਂ ਕਿਰਪਾਨਾ ਹਵਾ ਵਿੱਚ ਲਹਿਰਾ ਕੇ ਰੋਸ ਵਿਖਾਵੇ ਕੀਤੇ
ਜਾਂਦੇ ਹਨ ਅਤੇ ਜਾਂ ਫਿਰ ਰਾਜਨੀਤਕ ਲੋਕਾਂ ਦੀਆਂ ਕਠਪੁਤਲੀਆਂ, ਅਖੌਤੀ ਜਥੇਦਾਰਾਂ ਅੱਗੇ ਬੇਨਤੀਆਂ
ਕੀਤੀਆਂ ਜਾਂਦੀਆਂ ਹਨ ਜਿਵੇਂ ਕਿ ਉਹ ਰੱਬ ਹੋਣ ਅਤੇ ਸਾਰੇ ਮਸਲਿਆਂ ਦਾ ਹੱਲ ਉਹਨਾ ਦੀ ਮੁੱਠੀ ਵਿੱਚ
ਹੋਵੇ। ਪਰ ਇਸ ਤਰ੍ਹਾਂ ਦੇ ਸਾਰੇ ਤਰੀਕੇ ਵਰਤਣ ਨਾਲ ਅੱਜ ਤੱਕ ਸ਼ਾਇਦ ਹੀ ਕੋਈ ਮਸਲਾ ਹੱਲ ਹੋਇਆ
ਹੋਵੇ। ਫਰਾਂਸ ਵਿੱਚ ਦਸਤਾਰ ਦਾ ਮਸਲਾ ਇਤਨੇ ਸਮੇਂ ਬਾਅਦ ਵੀ ਉਥੇ ਦਾ ਉਥੇ ਹੀ ਹੈ। ਫਿਰ ਹੋਣਾ ਕੀ
ਚਾਹੀਦਾ ਹੈ? ਆਓ ਵਿਚਾਰੀਏ:
ਸਭ ਤੋਂ ਪਹਿਲੀ ਅਤੇ ਜ਼ਰੂਰੀ ਗੱਲ ਇਹ ਹੈ ਕਿ ਸਾਰੀ ਦੁਨੀਆਂ ਦੇ ਸਿੱਖਾਂ ਦੀ ਇੱਕ ਅਜਿਹੀ ਜਥੇਬੰਦੀ
ਹੋਵੇ ਜਿਸ ਦੇ ਮੈਂਬਰ ਬਹੁਤ ਹੀ ਦੂਰ ਅੰਦੇਸ਼, ਪੜ੍ਹੇ ਲਿਖੇ ਅਤੇ ਸੂਝਵਾਨ ਹੋਵਣ। ਇਹ ਸਿਰਫ ਗੁਰੂ
ਗ੍ਰੰਥ ਸਾਹਿਬ ਤੋਂ ਸੇਧ ਲੈਣ ਵਾਲੇ ਹੋਵਣ ਨਾ ਕਿ ਕਿਸੇ ਡੇਰੇਦਾਰ ਸਾਧ ਤੋਂ। ਕਿਉਂਕਿ ਕਿਸੇ
ਡੇਰੇਦਾਰ ਸਾਧ ਦੀ ਪਿੱਠ ਪੂਰਨ ਵਾਲਾ ਕਦੀ ਵੀ ਪੂਰਾ ਸੱਚ ਨਹੀਂ ਬੋਲ ਸਕਦਾ। ਜਦੋਂ ਕਦੀ ਵੀ ਦੁਨੀਆ
ਦੇ ਲੈਵਲ ਤੇ ਕੋਈ ਅਜਿਹਾ ਮਸਲਾ ਆਵੇ ਤਾਂ ਬਿਆਨ ਦੇਣ ਦਾ ਹੱਕ ਸਿਰਫ ਇਸੇ ਜਥੇਬੰਦੀ ਨੂੰ ਹੋਵੇ। ਅਤੇ
ਇਹ ਜਥੇਬੰਦੀ 100% ਸੱਚ ਦੇ ਅਧਾਰ ਤੇ ਸਮੁੱਚੀ ਮਨੁੱਖਤਾ ਦੀ ਭਲਾਈ ਨੂੰ ਸਾਹਮਣੇ ਰੱਖ ਕੇ ਅਤੇ ਗੁਰੂ
ਗ੍ਰੰਥ ਸਾਹਿਬ ਤੋਂ ਸੇਧ ਲੈ ਕੇ ਗੱਲ ਕਰੇ। ਜਿਸ ਬਾਰੇ ਵੀ ਗੱਲ ਕਰਨੀ ਹੋਵੇ ਤਾਂ ਉਸ ਬਾਰੇ ਪਹਿਲਾਂ
ਨਿਰਪੱਖ ਸੋਚਣੀ ਵਾਲੇ ਮਾਹਿਰਾਂ ਦੀ ਰਾਏ ਲਈ ਜਾਵੇ ਫਿਰ ਵਿਚਾਰ ਕਰਕੇ ਗੁਰੂ ਗ੍ਰੰਥ ਸਾਹਿਬ ਤੋਂ ਸੇਧ
ਲੈ ਕੇ ਬਿਆਨ ਜਾਰੀ ਕੀਤਾ ਜਾਵੇ ਅਤੇ ਸਾਰੀ ਦੁਨੀਆ ਦੇ ਸਿੱਖ ਇਸ ਨਾਲ ਸਹਿਮਤੀ ਜਤਾਉਣ। ਫਿਲਹਾਲ ਇਹ
ਸਿਰਫ ਇੱਕ ਸੁਪਨੇ ਦੀ ਨਿਆਈਂ ਹੈ ਪਰ ਦੁਨੀਆਂ ਵਿੱਚ ਅਨੇਕਾਂ ਹੀ ਜਥੇਬੰਦੀਆਂ ਪਹਿਲਾਂ ਹੀ ਬਣੀਆਂ
ਹੋਈਆਂ ਹਨ ਜਿਹੜੀਆਂ ਕਿ ਆਪਣੇ ਆਪ ਨੂੰ ਸਾਰੀ ਦੁਨੀਆਂ ਦੇ ਸਿੱਖਾਂ ਤੋਂ ਸਿਰਮੌਰ ਸਮਝਦੀਆਂ ਹਨ ਅਤੇ
ਹੋਰਨਾ ਨੂੰ ਟਿਚ। ਹਰ ਕੋਈ ਲੀਡਰ ਅਤੇ ਜਥੇਬੰਦੀ ਇਹੀ ਚਾਹੁੰਦੀ ਹੈ ਕਿ ਸਾਰੇ ਸਾਡੇ ਮਗਰ ਹੀ ਲੱਗਣ।
ਖੈਰ! ਇਹ ਜਥੇਬੰਦੀ ਵਾਲੀ ਗੱਲ ਤਾਂ ਇਸ ਤਰ੍ਹਾਂ ਦੀ ਹੈ ਕਿ ਜਿਵੇਂ ਕਿਸੇ ਘਰ ਨੂੰ ਲੱਗੀ ਅੱਗ ਨੂੰ
ਬੁਝਾਉਣ ਲਈ ਪਹਿਲਾਂ ਖੂਹ ਪੁੱਟਣ ਦੀ ਗੱਲ ਕੀਤੀ ਜਾਵੇ ਤਾਂ ਕਿ ਉਸ ਵਿਚੋਂ ਨਿਕਲੇ ਪਾਣੀ ਨਾਲ ਇਸ
ਅੱਗ ਨੂੰ ਬੁਝਾਇਆ ਜਾਵੇ। ਪਰ ਫਿਰ ਹੁਣੇ ਹੀ ਕੀ ਹੋਣਾ ਚਾਹੀਦਾ ਹੈ ਤਾਂ ਕਿ ਪ੍ਰੋ: ਦਵਿੰਦਰਪਾਲ
ਸਿੰਘ ਭੁੱਲਰ ਦੀ ਜਾਨ ਬਚ ਸਕੇ? ਕਿਉਂਕਿ ਇਹ ਇੱਕ ਕਾਨੂੰਨ ਨਾਲ ਸੰਬੰਧਿਤ ਮਸਲਾ ਹੈ ਇਸ ਲਈ ਇਸ ਨੂੰ
ਕਾਨੂੰਨੀ ਸਲਾਹਕਾਰਾਂ ਦੀ ਮਦਦ ਨਾਲ ਹੀ ਵਿਚਾਰਿਆ ਜਾਵੇ। ਇਸ ਬਾਰੇ ਕੁਲਦੀਪ ਸਿੰਘ ਵਰਗੇ ਰਿਟਾਇਰ
ਜੱਜਾਂ ਦੀ ਸਲਾਹ ਨਾਲ ਇੱਕ ਛੋਟੀ ਜਿਹੀ ਲਿਖਤ ਤਿਆਰ ਕੀਤੀ ਜਾਵੇ। ਜਿਹੜੀ ਕਿ ਨਾ ਤਾਂ ਭੜਕਾਉ ਅਤੇ
ਨਾ ਹੀ ਕੋਈ ਭੀਖ ਮੰਗਣ ਵਾਲੀ ਹੋਵੇ ਸਗੋਂ 100% ਸਹੀ ਅਤੇ ਤੱਥਾਂ ਦੇ ਅਧਾਰਿਤ ਹੋਵੇ। ਜਿਸ ਨੂੰ ਕਿ
ਸਾਰੀ ਦੁਨੀਆ ਵਿੱਚ ਨਾ ਤਾਂ ਕੋਈ ਝੁਠਲਾ ਸਕਦਾ ਹੋਵੇ ਅਤੇ ਨਾ ਹੀ ਉਸ ਦੇ ਕੋਈ ਗਲਤ ਅਰਥ ਕੱਢ ਸਕਦਾ
ਹੋਵੇ। ਕਹਿਣ ਦਾ ਭਾਵ ਹੈ ਕਿ ਨਾ ਤਾਂ ਭਾਰਤ ਦੀ ਕੇਂਦਰ ਸਰਕਾਰ ਉਸ ਨੂੰ ਗਲਤ ਕਹਿ ਸਕੇ ਅਤੇ ਨਾ ਹੀ
ਕੋਈ ਫਿਰਕੂ ਹਿੰਦੂ ਜਥੇਬੰਦੀ ਉਸ ਦਾ ਕਾਨੂੰਨੀ ਨੁਕਤੇ ਤੋਂ ਵਿਰੋਧ ਕਰ ਸਕੇ। ਫਿਰ ਇਸ ਲਿਖਤ ਨੂੰ
ਇਕੋ ਸਮੇਂ ਭਾਰਤ ਸਮੇਤ ਸਾਰੀ ਦੁਨੀਆਂ ਦੇ ਨੈਸ਼ਨਲ ਅਖਬਾਰਾਂ ਵਿਚ, ਜਿਵੇਂ ਕਿ ਕਨੇਡਾ ਦੇ ਗਲੋਬ ਐਂਡ
ਮੇਲ, ਟੋਰਾਂਟੋ ਸਟਾਰ, ਪਰੋਵਿੰਸ, ਸੰਨ ਆਦਿਕ ਇਸੇ ਤਰ੍ਹਾਂ ਅਮਰੀਕਾ ਦੇ ਨਿਊਯਾਰਕ ਟਾਈਮਜ਼ ਜਾਂ
ਦੁਨੀਆ ਦੇ ਹੋਰ ਵੱਡੇ ਅਖਬਾਰ ਜਿੱਥੇ ਕੇ ਸਿੱਖ ਵਸੋਂ ਕਾਫੀ ਰਹਿੰਦੀ ਹੋਵੇ, ਇੱਕ ਸਫੇ ਦੇ ਇਸ਼ਤਿਹਾਰ
ਦੇ ਰੂਪ ਵਿੱਚ ਪੈਸੇ ਦੇ ਕੇ ਛਪਵਾਇਆ ਜਾਵੇ। ਜਿਸ ਨੂੰ ਪੜ੍ਹ ਕੇ ਭਾਰਤ ਦੀ ਹਕੂਮਤ ਸਾਰੀ ਦੁਨੀਆ
ਵਿੱਚ ਸ਼ਰਮਸ਼ਾਰ ਹੋਵੇ ਅਤੇ ਸਾਰੀ ਦੁਨੀਆ ਦੇ ਲੀਡਰਾਂ ਨੂੰ ਇਹ ਅਹਿਸਾਸ ਹੋ ਜਾਵੇ ਕਿ ਕਿਵੇਂ ਸਿੱਖਾਂ
ਨਾਲ ਭਾਰਤ ਵਿੱਚ ਨਿਆਂ ਪਾਲਕਾ ਬੇਇਨਸਾਫੀ ਕਰਦੀ ਆਈ ਹੈ ਅਤੇ ਕਰ ਰਹੀ ਹੈ। ਕੀ ਸਿੱਖ ਅਜਿਹਾ ਕਰ
ਸਕਦੇ ਹਨ? ਹਾਂ, ਕਰ ਤਾਂ ਸਕਦੇ ਹਨ ਪਰ ਕਰਨਗੇ ਨਹੀਂ। ਕਿਉਂ ਨਹੀਂ ਕਰਨਗੇ? ਕਿਉਂਕਿ ਇਹ ਇੱਕ ਸਿਆਣਪ
ਵਾਲੀ ਗੱਲ ਹੋ ਜਾਵੇਗੀ ਜੋ ਕਿ ਸਿੱਖ ਸੁਭਾ ਦੇ ਉਲਟ ਹੈ। ਇਹ ਆਪਣੇ ਮਤਲਬ ਲਈ ਤਾਂ ਚਾਪਲੂਸੀ ਕਰਨ ਲਈ
ਕਿਸੇ ਹੱਦ ਤੱਕ ਵੀ ਜਾ ਸਕਦੇ ਹਨ ਜਿਵੇਂ ਕਿ ਹੁਣੇ ਹੀ ਬੀਬੀ ਬਾਦਲ ਦੇ ਅਕਾਲ ਚਲਾਣੇ ਤੋਂ ਬਾਅਦ
ਅਖਬਾਰਾਂ ਵਿੱਚ ਇਸ਼ਤਿਹਾਰਾਂ ਦਾ ਹੜ ਲੈ ਆਦਾਂ ਸੀ ਤਾਂ ਕਿ ਬਾਦਲ ਪਰਵਾਰ ਦੀ ਚਾਪਲੂਸੀ ਕਰਨ ਵਿੱਚ
ਕੋਈ ਵੀ ਕਸਰ ਬਾਕੀ ਨਾ ਰਹਿ ਜਾਵੇ। ਪਰਵਾਰ ਦੇ ਕਿਸੇ ਵੀ ਵਿਆਕਤੀ ਦੇ ਮਰਨ ਦਾ ਦੁੱਖ ਤਾਂ ਪਰਵਾਰ
ਵਾਲਿਆਂ ਨੂੰ ਹੁੰਦਾ ਹੀ ਹੈ ਅਤੇ ਹੋਣਾ ਵੀ ਚਾਹੀਦਾ ਹੈ ਪਰ ਜਿਸ ਤਰ੍ਹਾਂ ਬਾਦਲ ਪਰਵਾਰ ਦਾ ਸਿੱਖੀ
ਅਦਾਰਿਆਂ ਉਪਰ ਕੰਟਰੋਲ ਹੈ ਅਤੇ ਇਹ ਅੰਦਰੋਂ ਕਿਤਨੇ ਕੁ ਸਿੱਖ ਹਨ ਇਸ ਬਾਰੇ ਬਹੁਤਾ ਕੁੱਝ ਲਿਖਣ ਦੀ
ਲੋੜ ਨਹੀਂ ਹੈ।
ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕਿ ਫਰਾਂਸ ਵਿੱਚ ਪੱਗ ਦਾ ਮਸਲਾ ਵੀ ਕਿਤਨੇ ਚਿਰ ਦਾ ਲਟਕਦਾ ਆ ਰਿਹਾ
ਹੈ ਅਤੇ ਭਵਿੱਖ ਵਿੱਚ ਵੀ ਥੋੜੇ ਕੀਤੇ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ। ਜੇ ਕਰ ਫਰਾਂਸ ਵਿੱਚ ਵੀ
ਇਸੇ ਤਰਾਂ ਇਸ਼ਤਿਹਾਰ ਦੇ ਕੇ ਫਰਾਂਸਿਸੀ ਲੋਕਾਂ ਨੂੰ ਦੱਸਿਆ ਜਾਂਦਾ ਕਿ ਕਿਵੇਂ ਪੱਗ ਵਾਲੇ ਸਿੱਖਾਂ
ਨੇ ਸੰਸਾਰੀ ਜੰਗਾਂ ਵਿੱਚ ਆਪਣੇ ਖੂਨ ਦੀ ਅਹੂਤੀ ਦੇ ਕੇ ਫਰਾਂਸਿਸੀ ਲੋਕਾਂ ਦੀ ਅਜਾਦੀ ਵਿੱਚ ਕੁੱਝ
ਹਿੱਸਾ ਪਾਇਆ ਸੀ ਪਰ ਅੱਜ ਉਹੀ ਫਰਾਂਸਿਸੀ ਲੋਕਾਂ ਦੇ ਨੁਮਾਇੰਦੇ ਕਾਨੂੰਨ ਦੀ ਨੋਕ ਨਾਲ ਪੱਗ ਵਾਲੇ
ਸਿੱਖਾਂ ਨੂੰ ਇਸ ਦੇਸ਼ ਵਿੱਚ ਜ਼ਲੀਲ ਕਰਨ ਤੇ ਤੁਲੇ ਹੋਏ ਹਨ। ਕੀ ਇਸ ਦੇਸ਼ ਵਿੱਚ ਕੋਈ ਵੀ ਜਾਗਦੀ ਜਮੀਰ
ਵਾਲੇ ਇਨਸਾਫਬੰਦ ਲੋਕ ਨਹੀਂ ਰਹਿੰਦੇ ਜੋ ਕਿ ਸਿੱਖਾਂ ਦੇ ਇਸ ਸਵੈਮਾਣ ਲਈ ਮਾੜਾ ਮੋਟਾ ਹਾਂ ਦਾ
ਨਾਹਰਾ ਵੀ ਨਹੀਂ ਮਾਰ ਸਕਦੇ। ਇਹ ਜਾਂ ਇਸ ਤਰ੍ਹਾਂ ਦੀ ਹੋਰ ਸ਼ਬਦਾਵਲੀ ਵਿੱਚ ਵੀ ਲਿਖ ਕੇ ਦੱਸਿਆ ਜਾ
ਸਕਦਾ ਸੀ। ਇਸ ਨਾਲ ਮਸਲਾ ਤਾਂ ਭਾਵੇਂ ਕੋਈ ਵੀ ਹੱਲ ਨਾ ਹੁੰਦਾ ਪਰ ਲੀਡਰਾਂ ਨੂੰ ਕੁੱਝ ਸ਼ਰਮਿੰਦਗੀ
ਤਾਂ ਹੁੰਦੀ ਅਤੇ ਆਮ ਲੋਕਾਂ ਨੂੰ ਵੀ ਇਹ ਅਹਿਸਾਸ ਹੋ ਜਾਂਦਾ ਕਿ ਸਿੱਖਾਂ ਦੀ ਦਲੀਲ ਵਿੱਚ ਵੀ ਕੋਈ
ਵਜ਼ਨ ਹੈ ਅਤੇ ਇਹ ਵੀ ਬਰਾਬਰ ਦੇ ਸਤਿਕਾਰ ਦੇ ਪਾਤਰ ਹਨ।
ਮੱਖਣ ਸਿੰਘ ਪੁਰੇਵਾਲ,
ਜੂਨ 05, 2011