.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਹਨੇਰੇ ਵਿੱਚ ਸੁੱਖ ਕਿੱਥੇ

ਸਾਡਿਆਂ ਪਿੰਡਾਂ ਵਿੱਚ ਜਦੋਂ ਬਿਜਲੀ ਨਹੀਂ ਆਈ ਸੀ, ਤਾਂ ਵੱਡਿਆਂ ਨੇ ਕਹਿਣਾ ਕਿ ਭਈ ਲੋਏ ਲੋਏ ਰੋਟੀ-ਪਾਣੀ ਖਾ ਪੀ ਲਓ। ਹਨੇਰੇ ਵਿੱਚ ਕੋਈ ਕੀੜਾ ਮਕੌੜਾ ਸਬਜ਼ੀ ਦਾਲ਼ ਵਿੱਚ ਨਾ ਪੈ ਜਾਏ। ਅੱਜ ਵੀ ਬਿਜਲੀ ਦਾ ਪਤਾ ਨਹੀਂ ਕਦੋਂ ਆਏ ਕਿ ਨਾ ਆਏ ਪਿੰਡਾਂ ਵਿੱਚ ਅਜੇ ਵੀ ਸਮੇਂ ਨਾਲ ਲੋਏ ਲੋਏ ਰੋਟੀ ਪਾਣੀ ਦਾ ਆਹਰ ਹੋ ਜਾਂਦਾ ਹੈ। ਹਨੇਰੀਆਂ ਰਾਤਾਂ ਨੂੰ ਚੋਰੀਆਂ ਜ਼ਿਆਦਾ ਹੁੰਦੀਆਂ ਹਨ। ਹੁਣ ਵੱਸਦੇ ਪਿੰਡਾਂ ਨੇ ਵੀ ਆਪਣੀ ਹਿੱਕ ਦੇ ਜ਼ੋਰ ਨਾਲ ਗਲੀਆਂ ਵਾਲੀਆਂ ਬੱਤੀਆਂ ਦਾ ਸਰਕਾਰ ਪਾਸੋਂ ਪ੍ਰਬੰਧ ਕਰਵਾ ਲਿਆ ਹੈ। ਸ਼ਹਿਰਾਂ ਵਿੱਚ ਬੁਨਿਆਦੀ ਸਹੂਲਤਾਂ ਨੂੰ ਮੁੱਖ ਰੱਖ ਕੇ ਹਰ ਗਲੀ ਵਿੱਚ ਬੱਤੀਆਂ ਜਗਦੇ ਰੱਖਣ ਦਾ ਢੁੱਕਵਾਂ ਪ੍ਰਬੰਧ ਕੀਤਾ ਹੈ।

ਵਿਆਹ ਸ਼ਾਦੀਆਂ ਵਿੱਚ ਘਰ ਦੀ ਖੁਸ਼ੀ ਨੂੰ ਦਰਸਾਉਣ ਲਈ ਵੱਡੀਆਂ ਵੱਡੀਆਂ ਰੋਸ਼ਨੀਆਂ ਦਾ ਇੰਤਜ਼ਾਮ ਕੀਤਾ ਜਾਂਦਾ ਹੈ। ਹਨੇਰਾ ਕਿਸੇ ਨੂੰ ਵੀ ਪਸੰਦ ਨਹੀਂ ਹੈ। ਰਾਤ ਦੇ ਹਨੇਰੇ ਨੂੰ ਦੂਰ ਕਰਨ ਲਈ ਸਰਕਾਰਾਂ ਉਚੇਚਾ ਪ੍ਰਬੰਧ ਕਰਦੀਆਂ ਹਨ ਤਾਂ ਕਿ ਚੋਰ ਉਚੱਕੇ ਤੋਂ ਬਚਿਆ ਜਾ ਸਕੇ। ਲੋਕਾਂ ਨੂੰ ਠੇਡੇ ਨਾ ਲੱਗਣ। ਹੁਣ ਤਾਂ ਸੂਰਜ ਦੀ ਰੋਸ਼ਨੀ ਨੂੰ ਦਿਨੇ ਇਕੱਠਾ ਕਰਕੇ ਰਾਤ ਨੂੰ ਓਦ੍ਹੇ ਕੋਲੋਂ ਕੰਮ ਲਿਆ ਜਾ ਰਿਹਾ ਹੈ। ਜੇ ਸਾਨੂੰ ਸੰਸਾਰ ਵਿੱਚ ਚਾਨਣੇ ਦੀ ਜ਼ਰੁਤ ਹੈ ਤਾਂ ਏਸੇ ਤਰ੍ਹਾਂ ਸਾਡੇ ਮਨ ਨੂੰ ਵੀ ਇੱਕ ਚਾਨਣ ਦੀ ਜ਼ਰੂਤ ਹੈ ਤਾਂ ਕਿ ਇਹ ਵਿਕਾਰਾਂ ਵਿੱਚ ਠੋਕਰਾਂ ਨਾ ਖਾਂਦਾ ਫਿਰੇ। ਗੁਰੂ ਨਾਨਕ ਸਾਹਿਬ ਜੀ ਨੇ ਐਸਾ ਗਿਆਨ ਦਿੱਤਾ ਹੈ ਜਿਸ ਨਾਲ ਸਾਨੂੰ ਚੰਗੇ ਜੀਵਨ ਦਾ ਚੱਜ-ਅਚਾਰ ਆਉਂਦਾ ਹੈ। ਆਪਣੀਆਂ ਪਰਚਾਰ ਫੇਰੀਆਂ ਰਾਂਹੀ ਮਨੁੱਖਤਾ ਨੂੰ ਆਪਣੇ ਬੁਨਿਆਦੀ ਹੱਕਾਂ ਦੀ ਪ੍ਰਾਪਤੀ ਲਈ ਸਖਤ ਸੰਘਰਸ਼ਤਾ ਦੀ ਜ਼ਰੂਰਤਾ ਦੱਸੀ। ਹਾਕਮਾਂ ਦੀਆਂ ਲੋਕ ਮਾਰੂ ਨੀਤੀਆਂ ਨੂੰ ਇਕਵੱਢਿਓਂ ਰਦ ਕੀਤਾ। ਲਹੂ ਪੀਣੀਆਂ ਧਾਰਮਕ ਜੋਕਾਂ ਦੀ ਅਸਲੀਅਤ ਜਗ ਜ਼ਾਹਰ ਕੀਤੀ। ਆਪਣੇ ਵਰਗੇ ਹੋਰ ਕ੍ਰਾਂਤੀਕਾਰੀ ਖ਼ਿਆਲਾਂ ਨੂੰ ਇਕੱਠਾ ਕੀਤਾ। ਜੇ ਗੁਰੂ ਨਾਨਕ ਸਾਹਿਬ ਜੀ ਅਜੇਹੇ ਕੀਮਤੀ ਖ਼ਿਆਲਾਂ ਨੂੰ ਇਕੱਠਾ ਨਾ ਕਰਦੇ ਤਾਂ ਤੇਜ਼ ਤਰਾਰ ਪੁਜਾਰੀ ਨੇ ਇਹਨਾਂ ਵਿੱਚ ਵੀ ਰਲਾ ਪਾ ਦੇਣਾ ਸੀ। ਕਬੀਰ ਸਾਹਿਬ ਜੀ ਦੀ ਬਾਣੀ ਨੂੰ ਗੁਰੂ ਨਾਨਾਕ ਸਾਹਿਬ ਜੀ ਨੇ ਆਪਣੇ ਬਰਾਬਰ ਬਿਠਾਇਆ। ਬ੍ਰਾਹਮਣ ਪੁਜਾਰੀ ਦੀ ਸਦੀਆਂ ਤੋਂ ਮਨੁੱਖਤਾ ਦੀ ਗੈਰ ਕੁਦਰਤੀ ਵੰਡ ਨੂੰ ਨਿਕਾਰਿਆ।

ਕਬੀਰ ਸਾਹਿਬ ਜੀ ਨੇ ਰਾਗ ਗਉੜੀ ਵਿੱਚ ਇੱਕ ਸ਼ਬਦ ਰਾਂਹੀਂ ਸਮਝਾਇਆ ਹੈ ਅਗਿਆਨਤਾ ਦੇ ਹਨੇਰੇ ਵਿੱਚ ਗਰੀਬ ਅਮੀਰ ਸਭ ਦੁਖੀ ਹੋ ਕੇ ਰੋਂਦੇ ਰਹਿੰਦੇ ਹਨ—

ਅੰਧਕਾਰ ਸੁਖਿ ਕਬਹਿ ਨ ਸੋਈ ਹੈ।। ਰਾਜਾ ਰੰਕੁ ਦੋਊ ਮਿਲਿ ਰੋਈ ਹੈ।। ੧।।

ਜਉਪੈ ਰਸਨਾ ਰਾਮੁ ਨ ਕਹਿਬੋ।। ਉਪਜਤ ਬਿਨਸਤ ਰੋਵਤ ਰਹਿਬੋ।। ੧।। ਰਹਾਉ।।

ਜਸ ਦੇਖੀਐ ਤਰਵਰ ਕੀ ਛਾਇਆ।। ਪ੍ਰਾਨ ਗਏ ਕਹੁ ਕਾਂ ਕੀ ਮਾਇਆ।। ੨।।

ਜਸ ਜੰਤੀ ਮਹਿ ਜੀਉ ਸਮਾਨਾ।। ਮੂਏ ਮਰਮੁ ਕੋ ਕਾ ਕਰਿ ਜਾਨਾ।। ੩।।

ਹੰਸਾ ਸਰਵਰੁ, ਕਾਲੁ ਸਰੀਰ।। ਰਾਮ ਰਸਾਇਨ ਪੀਉ ਰੇ ਕਬੀਰ।। ੪।। ੮।।

ਰਾਗ ਗਉੜੀ ਬਾਣੀ ਕਬੀਰ ਜੀ ਕੀ ਪੰਨਾ ੩੨੫

ਰਹਾਉ ਦੀਆਂ ਤੁਕਾਂ ਵਿੱਚ ਫਰਮਾਣ ਹੈ

ਜਉਪੈ ਰਸਨਾ ਰਾਮੁ ਨ ਕਹਿਬੋ।। ਉਪਜਤ ਬਿਨਸਤ ਰੋਵਤ ਰਹਿਬੋ।। ੧।।

ਅੱਖਰੀਂ ਅਰਥ:--- (ਹੇ ਭਾਈ!) ਜਦ ਤਕ ਜੀਭ ਨਾਲ ਪਰਮਾਤਮਾ ਨੂੰ ਨਹੀਂ ਜਪਦੇ, ਤਦ ਤਕ ਜੰਮਦੇ ਮਰਦੇ ਤੇ (ਇਸੇ ਦੁੱਖ ਵਿਚ) ਰੋਂਦੇ ਰਹੋਗੇ। ੧। ਰਹਾਉ।

ਵਿਚਾਰ---ਕੇਵਲ ਰਸਨਾ ਨਾਲ ਰਾਮ ਕਹਿਆਂ ਸਾਡਾ ਕਲਿਆਣ ਹੋ ਸਕਦਾ ਹੈ? ਜੇ ਏਦਾਂ ਕਲਿਆਣ ਹੁੰਦਾ ਹੋਵੇ ਤਾਂ ਫਿਰ ਦਿਨੇ ਰੱਜ ਕੇ ਵੱਡੀ ਲੈਂਦਾ ਰਹੇ ਤੇ ਘਰ ਜਾ ਕੇ ਅੱਧਾ ਪੌਣਾ ਘੰਟਾ ਰਾਮ ਰਾਮ ਕਹਿਣ ਲੱਗ ਪਏ। ਹੁਣ ਤਾਂ ਨਾਮ ਜੱਪਣ ਦੀਆਂ ਕਈ ਕਈ ਵਿਧੀਆਂ ਚੱਲ ਪਈਆਂ ਹਨ। ਪਰ ਸਮਾਜ ਵਿੱਚ ਨਿਘਾਰ ਅੱਗੇ ਨਾਲੋਂ ਵੀ ਜ਼ਿਆਦਾ ਹੈ। ਗੱਲ ਕੇਵਲ ਰਾਮ ਕਹਿਣ ਦੀ ਨਹੀਂ ਸਗੋਂ ਸਮਝਣ ਦੀ ਹੈ। ਆਪਣੀ ਜ਼ਬਾਨ ਨਾਲ ਪ੍ਰਮੇਸ਼ਰੀ ਗੁਣਾਂ ਨੂੰ ਗਿਣਨਾ ਕਿ ਮੈਂ ਕਿੰਨੇ ਰੱਬ ਜੀ ਦੇ ਗੁਣ ਸੰਗ੍ਰਹਿ ਕੀਤੇ ਹਨ। ਜੇ ਅਜੇਹਾ ਨਹੀਂ ਕਰਦਾ ਤਾਂ ਪਤਾ ਨਹੀਂ ਦਿਨ ਵਿੱਚ ਕਿੰਨੀ ਵਾਰ ਜੰਮਦਾ, ਮਰਦਾ ਤੇ ਰੋਂਦਾ ਹੈ। ਜ਼ਬਾਨ ਦੀ ਦੁਰਵਰਤੋਂ ਕਰਦਿਆ ਜਿੱਥੇ ਅਗਲੇ ਮਨੁੱਖ ਨੂੰ ਪ੍ਰੇਸ਼ਾਨ ਕਰਦਾ ਹੈ ਓੱਥੇ ਆਪ ਵੀ ਓਸੇ ਪ੍ਰੇਸ਼ਾਨੀ ਦਾ ਸ਼ਿਕਾਰ ਹੁੰਦਾ ਹੈ। ਰਾਮ ਕਹਿਣ ਦਾ ਭਾਵ ਅੰਦਰੋਂ ਬਾਹਰੋਂ ਇਕੋ ਜੇਹਾ ਹੋਣਾ। ਜੇ ਮਨ ਵਿੱਚ ਕੁੱਝ ਹੋਰ ਹੈ ਤੇ ਜ਼ਬਾਨ `ਤੇ ਕੁੱਝ ਹੋਰ ਤਾਂ ਉਹ ਆਤਮਕ ਤਲ `ਤੇ ਜੰਮਦਾ ਮਰਦਾ ਤੇ ਰੋਂਦਾ ਹੀ ਰਹਿੰਦਾ ਹੈ।

ਕਬੀਰ ਸਾਹਿਬ ਜੀ ਨੇ ਮਨੁੱਖ ਦੀ ਅੰਦਰਲੀ ਬਾਹਰਲੀ ਇਕਸਾਰਤਾ ਨਾ ਹੋਣ ਦਾ ਮੂਲ ਕਾਰਨ ਅਗਿਆਨਤਾ ਦਸਿਆ ਹੈ। ਜੇਹਾ ਕਿ ਪਹਿਲੀਆਂ ਤੁਕਾਂ ਵਿੱਚ ਫਰਮਾਣ ਹੈ—

ਅੰਧਕਾਰ ਸੁਖਿ ਕਬਹਿ ਨ ਸੋਈ ਹੈ।। ਰਾਜਾ ਰੰਕੁ ਦੋਊ ਮਿਲਿ ਰੋਈ ਹੈ।। ੧।।

ਅੱਖਰੀਂ ਅਰਥ-- (ਪਰਮਾਤਮਾ ਨੂੰ ਭੁਲਾ ਕੇ ਅਗਿਆਨਤਾ ਦੇ) ਹਨੇਰੇ ਵਿੱਚ ਕਦੇ ਸੁਖੀ ਨਹੀਂ ਸੌਂ ਸਕੀਦਾ; ਰਾਜਾ ਹੋਵੇ ਚਾਹੇ ਕੰਗਾਲ, ਦੋਵੇਂ ਹੀ ਦੁਖੀ ਹੁੰਦੇ ਹਨ। ੧

ਵਿਚਾਰ:--- ਘਰਾਂ ਦੇ ਜ਼ਿਆਦਾ ਕਲੇਸ਼ ਅਗਿਆਨਤਾ ਵਿਚੋਂ ਜਨਮ ਲੈਂਦੇ ਹਨ। ਇੱਕ ਦੂਜੇ ਦੀਆਂ ਭਾਵਨਾਵਾਂ ਨੂੰ ਨਾ ਸਮਝਣਾ ਅਗਿਆਨਤਾ ਹੀ ਕਹੀ ਜਾ ਸਕਦੀ ਹੈ। ਰਸਨਾ ਰਾਮ ਦਾ ਨਾਂ ਤਾਂ ਲੈ ਰਹੀ ਹੈ ਪਰ ਸਾਰਥਕ ਨਤੀਜੇ ਨਹੀਂ ਨਿਕਲ ਰਹੇ। ਇਸ ਦਾ ਕਾਰਨ ਹੈ ਅਸੀਂ ਅਗਿਆਨਤਾ ਨੂੰ ਢੋਅ ਰਹੇ ਹਾਂ। ਕੀ ਗਰੀਬ ਕੀ ਅਮੀਰ ਅਗਿਆਨਤਾ ਵਿੱਚ ਸਾਰਿਆਂ ਨੂੰ ਹੀ ਠੇਡੇ ਲੱਗਦੇ ਹਨ। ਸਕੂਲਾਂ ਦੇ ਬਾਹਰ ਲਿਖ ਕੇ ਲਗਾਇਆ ਹੁੰਦਾ ਹੇ ਕੇ ਵਿਦਿਆ ਮਨੁੱਖ ਦਾ ਤੀਜਾ ਨੇਤਰ ਹੈ। ਪੰਜਾਬ ਵਿੱਚ ਸਰਕਾਰੀ ਤੌਰ `ਤੇ ਮੁੱਢਲੀ ਵਿਦਿਆ ਦਾ ਢੰਢੋਰਾ ਤਾਂ ਜ਼ਰੂਰ ਪਿੱਟਿਆ ਜਾ ਰਿਹਾ ਹੈ ਪਰ ਜ਼ਮੀਨੀ ਹਕੀਕਤਾਂ ਕੁੱਝ ਹੋਰ ਹਨ। ਹੁਣ ਦੇਖਿਆ ਜਾਏ ਤਾਂ ਪੰਜਾਬ ਵਿੱਚ ਪ੍ਰਾਇਮਰੀ ਭਰਤੀ ਲਗ-ਪਗ ਅਠਾਰ੍ਹਾਂ ਲੱਖ ਦੀ ਹੁੰਦੀ ਹੈ। ਮਿਡਲ ਵਿੱਚ ਪੰਜ ਕੁ ਲੱਖ ਬੱਚੇ ਇਮਤਿਹਾਨ ਦੇ ਰਹੇ ਹੁੰਦੇ ਹਨ ਤੇ ਦਸਵੀਂ ਵਿੱਚ ਜਾ ਕੇ ਮਸਾਂ ਢਾਈ ਕੁ ਲੱਖ ਦੀ ਗਿਣਤੀ ਰਹਿ ਜਾਂਦੀ ਹੈ। ਹੁਣ ਜਦੋਂ ਬੱਚਾ ਪੜ੍ਹਿਆ ਹੀ ਨਹੀਂ ਹੈ ਤਾਂ ਅੱਜ ਦੇ ਤੇਜ਼ ਤਰਾਰ ਜ਼ਮਾਨੇ ਵਿੱਚ ਉੱਚ ਪਾਏ ਦੀਆਂ ਸਾਨੂੰ ਨੌਕਰੀਆਂ ਕਿਥੋਂ ਮਿਲਣਗੀਆਂ। ਇਟਲੀ ਵਿੱਚ ਮੈਂ ਦੇਖਿਆ ਹੈ ਹਰ ਪੰਜਾਂ ਬੱਚਿਆਂ ਪਿੱਛੇ ਇੱਕ ਪਾਸ ਕੰਮ ਹੈ ਬਾਕੀ ਚਾਰ ਵਿਹਲੇ ਹੀ ਕੰਮ ਦੀ ਤਲਾਸ਼ ਕਰ ਰਹੇ ਹਨ। ਇਸ ਦਾ ਮੂਲ ਕਾਰਨ ਬੋਲੀ ਦਾ ਨਾ ਆਉਣਾ ਦੂਜਾ ਕੋਈ ਵੀ ਹੁਨਰ ਨਹੀਂ ਸਿਖਿਆ। ਇੱਕ ਭੂਤ ਸਵਾਰ ਸੀ ਕਿਸੇ ਨਾ ਕਿਸੇ ਤਰੀਕੇ ਨਾਲ ਸਾਨੂੰ ਬਾਹਰਲੇ ਮੁਲਖ ਵਿੱਚ ਪੈਰ ਰੱਖਣ ਦੀ ਜਗ੍ਹਾ ਮਿਲ ਜਾਏ ਬਾਕੀ ਆਪੇ ਦੇਖਿਆ ਜਾਏਗਾ। ਦੂਸਰਾ ਸ਼ਬਦ ਹੁੰਦਾ ਹੈ ਕਿ ਆਪੇ ਗੁਰੂ ਕਰੇਗਾ। ਬਹੁਤ ਸਾਰੇ ਤਨਹਾਈਆਂ ਵਿੱਚ ਜਿਊ ਰਹੇ, ਮਰ ਰਹੇ ਤੇ ਦੁਖੀ ਹੋ ਕੇ ਕੰਬਲ਼ਾਂ ਵਿੱਚ ਮੂੰਹ ਪਾ ਕੇ ਰੋ ਲੈਂਦੇ ਹਨ। ਇਹ ਵਿਦਿਆ ਦਾ ਇੱਕ ਪੱਖ ਲਿਆ ਹੈ ਕਿ ਪੜ੍ਹਾਈ ਜ਼ਰੂਰੀ ਹੋਣੀ ਚਾਹੀਦੀ ਹੈ। ਦੂਸਰਾ ਪੱਖ ਕਿ ਵਿਦਿਆ ਹੋਣ ਦੇ ਨਾਤੇ ਫਿਰ ਵੀ ਬੰਦਾ ਦੁਖੀ ਹੈ। ਇਸ ਦਾ ਅਰਥ ਹੈ ਅਸੀਂ ਵਿਦਿਆ ਵਿਚੋਂ ਜ਼ਿੰਦਗੀ ਵਾਲੀ ਗੁਣ ਵੱਤਾ ਨਹੀਂ ਲਈ, ਇਸ ਕਰਕੇ ਚਾਹੇ ਕੋਈ ਗਰੀਬ ਹੈ ਜਾਂ ਅਮੀਰ, ਉਹ ਹਰ ਰੋਜ਼ ਆਗਿਆਨਤਾ ਕਰਕੇ ਜੰਮਦੇ-ਮਰਦੇ ਤੇ ਦੁਖੀ ਹੀ ਹੁੰਦੇ ਹਨ।

ਸ਼ਬਦ ਦੇ ਦੂਸਰੇ ਬੰਦ ਵਿੱਚ ਜਿਸ ਨੂੰ ਅਸੀਂ ਸੁੱਖ ਨੂੰ ਅਸਲੀ ਸਮਝਦੇ ਸੀ ਉਹ ਰੁੱਖ ਦੀ ਛਾਂ ਵਾਂਗ ਸਦਾ ਨਾਲ ਨਾ ਨਿਭਿਆ—

ਜਸ ਦੇਖੀਐ ਤਰਵਰ ਕੀ ਛਾਇਆ।। ਪ੍ਰਾਨ ਗਏ ਕਹੁ ਕਾਂ ਕੀ ਮਾਇਆ।। ੨।।

ਅੱਖਰੀਂ ਅਰਥ:--- ਜਿਵੇਂ ਰੁੱਖ ਦੀ ਛਾਂ ਵੇਖੀਦੀ ਹੈ (ਭਾਵ, ਜਿਵੇਂ ਰੁੱਖ ਦੀ ਛਾਂ ਸਦਾ ਟਿਕੀ ਨਹੀਂ ਰਹਿੰਦੀ, ਤਿਵੇਂ ਇਸ ਮਾਇਆ ਦਾ ਹਾਲ ਹੈ); ਜਦੋਂ ਮਨੁੱਖ ਦੇ ਪ੍ਰਾਣ ਨਿਕਲ ਜਾਂਦੇ ਹਨ ਤਾਂ ਦੱਸੋ, ਇਹ ਮਾਇਆ ਕਿਸ ਦੀ ਹੁੰਦੀ ਹੈ? (ਭਾਵ, ਕਿਸੇ ਹੋਰ ਦੀ ਬਣ ਜਾਂਦੀ ਹੈ, ਤਾਂ ਤੇ ਇਸ ਦਾ ਕੀਹ ਮਾਣ?)। ੨।

ਵਿਚਾਰ--- ਪਿੰਡਾਂ ਵਿੱਚ ਜਿਉਂ ਹੀ ਗਰਮੀ ਦੀ ਰੁੱਤ ਸ਼ੁਰੂ ਹੁੰਦੀ ਹੈ ਤਾਂ ਆਪਣੀਆਂ ਮੰਜੀਆਂ ਰੁੱਖਾਂ ਵਲ ਨੂੰ ਖਿੱਚ ਕੇ ਲੈ ਜਾਂਦੇ ਸੀ। ਰੁੱਖਾਂ ਦੀ ਸੰਘਣੀ ਛਾਂ ਹੀ ਸਾਡੇ ਲਈ ਬਿਜਲੀ ਦੇ ਪੱਖੇ ਹੁੰਦੀ ਸੀ। ਜਿਵੇਂ ਜਿਵੇ ਰੁੱਖ ਦੀ ਛਾਂ ਅਗਾਂਹ ਹੁੰਦੀ ਜਾਣੀ ਕੁੱਝ ਏਸੇ ਤਰ੍ਹਾਂ ਹੀ ਅਸਾਂ ਮੰਜੀਆਂ ਵੀ ਅਗਾਂਹ ਅਗਾਂਹ ਕਰੀ ਜਾਣੀਆਂ। ਜਨੀ ਕੇ ਦਰੱਖਤਾਂ ਦੀ ਛਾਂ ਇੱਕ ਥਾਂ ਟਿਕੀ ਨਹੀਂ ਰਹਿੰਦੀ। ਜਿਵੇਂ ਜਿਵੇਂ ਬੰਦਾ ਵਿਕਾਰਾਂ ਦੀ ਛਾਂ ਮਾਣਦਾ ਜਾਂਦਾ ਹੈ ਤਿਵੇਂ ਤਿਵੇਂ ਉਸ ਵਿੱਚ ਹੋਰ ਫਸੀ ਜਾਂਦਾ ਹੈ। ਦੂਸਰਾ ਪੱਖ ਗਲਤ ਤਰੀਕਿਆਂ ਧਨ ਦੌਲਤ ਨੂੰ ਇਕੱਠਾ ਕਰੀ ਜਾ ਰਿਹਾ ਹੈ ਕਿਉਂ ਕਿ ਅਗਿਆਨਤਾ ਹੈ। ਅੰਦਰੋਂ ਬਾਹਰੋਂ ਇੱਕ ਨਹੀਂ ਹੈ। ਬੰਦਿਆਂ ਜੇ ਆਪਣਾ ਇਖ਼ਲਾਕ ਹੀ ਗਵਾ ਲਿਆ ਤਾਂ ਇਹ ਧਨ ਦੇ ਅੰਬਾਰ ਕਿਸ ਕੰਮ ਦੇ ਰਹਿ ਜਾਣਗੇ। ਪ੍ਰਾਣ ਦੇ ਅਰਥ ਮਹਾਨ ਕੋਸ਼ ਵਿੱਚ ਛੇ ਆਏ ਹਨ। ਜੈਸਾ ਕਿ ਜੀਵਨ, ਮਨ-ਚਿੱਤ, ਬਲ-ਸ਼ਕਤੀ ਤੇ ਬ੍ਰਹਮ ਜਾਂ ਪ੍ਰਮਾਤਮਾ ਕੀਤਾ ਗਿਆ ਹੈ। ਪ੍ਰਾਣ ਨਿਕਲ ਗਏ ਭਾਵ ਰੱਬੀ ਗੁਣ ਚਲੇ ਗਏ ਦਸ ਇਸ ਪਦਾਰਥ ਦਾ ਕੀ ਮਹੱਤਵ ਰਹਿ ਜਾਂਦਾ ਹੈ। ਸਰਕਾਰੀ ਜਾਂ ਅਰਧ ਸਰਕਾਰੀ ਦਫ਼ਤਰਾਂ ਵਿਚੋਂ ਜਾਪਦਾ ਹੈ ਪ੍ਰਾਣ ਹੀ ਨਿਕਲ ਗਏ ਹੋਣ। ਸਰਕਾਰੀ ਪੁਲ਼ ਮਗਰੋਂ ਬਣਦਾ ਹੈ ਪਹਿਲਾਂ ਡਿੱਗ ਪੈਂਦਾ ਹੈ ਕੀ ਕਹਾਂਗੇ ਅਜੇਹੇ ਕਿਰਦਾਰ ਨੂੰ--

ਸ਼ਬਦ ਦੇ ਤੀਸਰੇ ਬੰਦ ਵਿੱਚ ਵੱਜ ਰਹੇ ਸਾਜਾਂ ਦੀ ਮਿਸਾਲ ਦਿੱਤੀ ਹੈ ਕਿ ਜਦੋਂ ਸਾਜ ਵੱਜਦੇ ਹੋਣ ਤਾਂ ਅਵਾਜ਼ ਸੁਣਦੀ ਹੈ। ਸਾਜਾਂ ਤੋਂ ਹੱਥ ਚੁੱਕ ਲਓ ਤਾਂ ਅਵਾਜ਼ ਸਾਜਾਂ ਵਿੱਚ ਹੀ ਗੁੰਮ ਹੋ ਜਾਂਦੀ ਹੈ---

ਜਸ ਜੰਤੀ ਮਹਿ ਜੀਉ ਸਮਾਨਾ।। ਮੂਏ ਮਰਮੁ ਕੋ ਕਾ ਕਰਿ ਜਾਨਾ।। ੩।।

ਅੱਖਰੀਂ ਅਰਥ:--- ਜਿਵੇਂ (ਜਦੋਂ ਗਵਈਆ ਆਪਣਾ ਹੱਥ ਸਾਜ਼ ਤੋਂ ਹਟਾ ਲੈਂਦਾ ਹੈ, ਤਾਂ) ਰਾਗ ਦੀ ਅਵਾਜ਼ ਸਾਜ਼ ਦੇ ਵਿੱਚ (ਹੀ) ਲੀਨ ਹੋ ਜਾਂਦੀ ਹੈ (ਕੋਈ ਦੱਸ ਨਹੀਂ ਸਕਦਾ ਕਿ ਉਹ ਕਿਥੇ ਗਈ, ਤਿਵੇਂ ਮਰੇ ਮਨੁੱਖ ਦਾ ਭੇਤ (ਕਿ ਉਸ ਦੀ ਜਿੰਦ ਕਿਥੇ ਗਈ) ਕੋਈ ਮਨੁੱਖ ਕਿਵੇਂ ਜਾਣ ਸਕਦਾ ਹੈ ?

ਵਿਚਾਰ:-- ਇਸ ਸ਼ਬਦ ਰਾਂਹੀ ਜਿੱਥੇ ਸਾਨੂੰ ਇਹ ਪਤਾ ਚਲਦਾ ਹੈ ਕਿ ਮਰੇ ਹੋਏ ਆਦਮੀ ਦਾ ਕੋਈ ਭੇਦ ਨਹੀਂ ਕਿ ਉਹ ਕਿੱਥੇ ਚਲਾ ਜਾਂਦਾ ਹੈ। ਉਂਜ ਇਸ ਸ਼ਬਦ ਰਾਂਹੀਂ ਜੂਨਾਂ ਦਾ ਡਰ ਤੇ ਪੁਜਾਰੀ ਦੇ ਡਰਾਵੇ ਦਾ ਗਲਬਾ ਹਮੇਸ਼ਾਂ ਲਈ ਖਤਮ ਹੁੰਦਾ ਹੈ। ਓੱਥੇ ਅਸਾਂ ਇਸ ਸ਼ਬਦ ਨੂੰ ਆਪਣੇ ਜੀਵਨ ਵਿੱਚ ਵੀ ਲੈ ਕੇ ਆਉਣਾ ਹੈ। ਆਇਆ ਜਿਉਂਦੇ ਜੀਅ ਤਾਂ ਨਹੀਂ ਅਸੀਂ ਮਰੇ ਹੋਏ।

ਜਿਸ ਤਰ੍ਹਾਂ ਸਾਜ ਵੱਜਣ `ਤੇ ਅਵਾਜ਼ ਨਿਕਦੀ ਹੈ, ਬੰਦ ਹੋਣ `ਤੇ ਅਵਾਜ਼ ਵਿਚੇ ਹੀ ਸਮਾਪਤ ਹੋ ਜਾਂਦੀ ਹੈ। ਏਸੇ ਤਰ੍ਹਾਂ ਬੰਦਾ ਵਿਕਾਰੀ ਸਾਜਾਂ ਨਾਲ ਨਚਦਾ ਹੈ ਭਾਵ ਭੋਗ ਕੇ ਹੱਟਦਾ ਹੈ ਤਾਂ ਉਹਦੀ ਸੋਚ ਵਿਚੋਂ ਅਜੇਹੇ ਸਾਜਾਂ ਦੀ ਅਵਾਜ਼ ਜਾਂਦੀ ਨਹੀਂ ਉਹ ਅਗਲੇ ਦਿਨ ਫਿਰ ਓਸੇ ਤਰ੍ਹਾਂ ਹੀ ਤਿਆਰ ਰਹਿੰਦਾ ਹੈ। ਵਿਕਾਰਾਂ ਨਾਲ ਇੱਕ ਮਿਕ ਹੀ ਹੋ ਜਾਂਦਾ ਹੈ ਤੇ ਵਿਕਾਰਾਂ ਦੇ ਵਿਚੇ ਹੀ ਖਤਮ ਹੋ ਜਾਂਦਾ ਹੈ। ਬੰਦਾ ਕਦੋਂ ਆਤਮਕ ਮੌਤੇ ਮਰਦਾ ਹੈ ਪਰਵਾਰ ਵਾਲੇ ਵੀ ਨਹੀਂ ਜਾਣਦੇ ਹੁੰਦੇ। ਜਿਨਾਂ ਚਿਰ ਆਪਣੀ ਰਸਨਾ ਨਾਲ ਪ੍ਰਭੂ ਜੀ ਦੇ ਗੁਣਾਂ ਨਾਲ ਆਪਣੀ ਪਛਾਣ ਨਹੀਂ ਬਣਾਉਂਦਾ, ਅੰਦਰੋਂ ਬਾਹਰੋਂ ਇੱਕ ਨਹੀਂ ਹੁੰਦਾ ਉਨਾਂ ਚਿਰ ਇਹ ਅਗਿਆਨਤਾ ਵਿੱਚ ਮਰੇਗਾ ਹੀ ਮਰੇਗਾ।

ਸ਼ਬਦ ਦੀਆਂ ਅਖੀਰਲੀਆਂ ਤੁਕਾਂ ਵਿੱਚ ਜਿਵੇਂ ਹੰਸ ਸਰੋਵਰਾਂ ਤੋਂ ਮੋਤੀ ਚੁਗਦੇ ਹਨ ਏਸੇ ਤਰ੍ਹਾਂ ਹੀ ਤੈਨੂੰ ਆਪਣੇ ਜੀਵਨ ਵਿੱਚ ਇੱਕ ਸਮਾਂ ਮਿਲਿਆ ਹੈ ਆਪਣੀ ਜ਼ਿੰਮੇਵਾਰੀ ਨੂੰ ਸੰਭਾਲ਼ਣ ਦਾ:--

ਹੰਸਾ ਸਰਵਰੁ, ਕਾਲੁ ਸਰੀਰ।। ਰਾਮ ਰਸਾਇਨ ਪੀਉ ਰੇ ਕਬੀਰ।। ੪।। ੮।।

ਅੱਖਰੀਂ ਅਰਥ:-- ਜਿਵੇਂ ਹੰਸਾਂ ਨੂੰ ਸਰੋਵਰ ਹੈ (ਭਾਵ, ਜਿਵੇਂ ਹੰਸ ਸਰੋਵਰ ਦੇ ਨੇੜੇ ਹੀ ਉੱਡਦੇ ਰਹਿੰਦੇ ਹਨ) ਤਿਵੇਂ ਮੌਤ ਸਰੀਰਾਂ (ਲਈ) ਹੈ। ਤਾਂ ਤੇ ਹੇ ਕਬੀਰ! ਸਭ ਰਸਾਂ ਤੋਂ ਸ੍ਰੇਸ਼ਟ ਨਾਮ-ਰਸ ਪੀ।

ਵਿਚਾਰ:--- ਗੁਰਬਾਣੀ ਵਿਚਾਰਧਾਰਾ ਨੇ ਵੱਖ ਵੱਖ ਉਦਾਹਰਣਾਂ ਰਾਂਹੀ ਮਨੁੱਖ ਨੂੰ ਸਮਝਾਉਣ ਦਾ ਯਤਨ ਕੀਤਾ ਹੈ। ਆਮ ਸਮਝਿਆ ਜਾਂਦਾ ਹੈ ਕਿ ਹੰਸ ਸਰੋਵਰਾਂ ਦੇ ਕਿਨਾਰਿਆਂ `ਤੇ ਬੈਠ ਕੇ ਸਿੱਪੀਆਂ ਵਿਚੋਂ ਮੋਤੀ ਚੁੱਗਦੇ ਰਹਿੰਦੇ ਹਨ। ਹੰਸ ਪਹਿਲਾਂ ਸਰੋਵਰਾਂ ਦੀ ਭਾਲ ਕਰਦੇ ਹਨ ਫਿਰ ਸਰੋਵਰਾਂ `ਤੇ ਟਿਕਾਣਾ ਕਰਦੇ ਹਨ। ਹੰਸਾਂ ਨੂੰ ਸਰੋਵਰਾਂ ਦੇ ਕਿਨਾਰਿਆਂ ਦਾ ਇੱਕ ਅਵਸਰ ਮਿਲਿਆ ਹੈ। ਏਸੇ ਤਰ੍ਹਾਂ ਹੀ ਸੰਸਾਰ ਵਿੱਚ ਮਨੁੱਖੀ ਜ਼ਿੰਦਗੀ ਨੂੰ ਸਫਲਤਾ ਲਈ ਇੱਕ ਸਮਾਂ ਮਿਲਿਆ ਹੈ। ਜੇ ਹੰਸ ਸਰੋਵਰਾਂ ਦੇ ਕਿਨਾਰਿਆਂ `ਤੇ ਬੈਠ ਕੇ ਡੱਡੀਆਂ ਮੱਛੀਆਂ ਖਾਣੀਆਂ ਸ਼ੁਰੂ ਕਰ ਦੇਣ ਤਾਂ ਉਹ ਆਪਣੀ ਕੁਲ ਨੂੰ ਦਾਗ ਲਵਾ ਲੈਂਦੇ ਹਨ ਏਸੇ ਤਰ੍ਹਾਂ ਹੀ ਜੇ ਮਨੁੱਖ ਆਪਣੇ ਫ਼ਰਜ਼ ਨੂੰ ਨਹੀਂ ਸਮਝ ਰਿਹਾ ਤਾਂ ਉਹ ਵੀ ਮਨੁੱਖ ਹੁੰਦਾ ਹੋਇਆ ਇੱਕ ਕਲੰਕ ਹੀ ਹੈ।

ਰਾਮ ਰੂਪੀ ਰਸ ਪੀਣ ਲਈ ਕਿਹਾ ਹੈ। ਮਹਾਨ ਕੋਸ਼ ਵਿੱਚ ਰਸਾਇਣ ਦਾ ਪੰਜਵਾਂ ਅਰਥ ਹੈ-- ਅਜੇਹੀ ਦਵਾ, ਜਿਸ ਨਾਲ ਪਰਾਣਾ ਤੇ ਮੁਝਾਇਆ ਹੋਇਆ ਸਰੀਰ ਮੁੜ ਨਵੇਂ ਸਿਰੇ ਜਵਾਨ ਹੋ ਜਾਏ। ਤੇ ਸਤਵਾਂ ਅਰਥ ਗੁਰਮਤ ਅਨੁਸਾਰ ਕਰਤਾਰ ਦਾ ਨਾਮ, ਜੋ ਸਾਰੇ ਰਸਾਂ ਦਾ ਘਰ ਹੈ। ਫਿਰ ਰਾਮ ਰਸਾਇਣ ਦਾ ਭਾਵ ਅਰਥ ਹੈ ਕਿ ਗੁਰ-ਗਿਆਨ ਦੇ ਚਾਨਣ ਵਿੱਚ ਤੁਰਨ ਵਾਲਾ ਮਨੁੱਖ ਕਦੇ ਵੀ ਠੇਡੇ ਨਹੀਂ ਖਾਂਦਾ। ਇਹਨਾਂ ਗੁਣਾਂ ਦਾ ਧਾਰਨੀ ਕਦੇ ਆਤਮਕ ਮੌਤੇ ਨਹੀਂ ਮਰਦਾ। ਹਰ ਵੇਲੇ ਭਲੇ ਕੰਮਾਂ ਵਿੱਚ ਲੀਨ ਰਹਿੰਦਾ ਹੈ। ਵਿਕਾਰਾਂ ਦੀ ਬਿਰਤੀ ਦਾ ਤਿਆਗ ਕਰਦਾ ਹੈ।

ਹਰ ਸ਼ਬਦ ਸਾਡੀ ਰੋਜ਼ਮਰਾ ਦੀ ਜ਼ਿੰਦਗੀ `ਤੇ ਲਾਗੂ ਹੁੰਦਾ ਹੈ। ਜਿੱਥੇ ਸੰਸਾਰ ਵਿੱਚ ਰੱਬੀ ਹਕੀਕਤਾਂ ਦਾ ਵਰਣਨ ਕੀਤਾ ਹੈ ਓੱਥੇ ਅਸਾਂ ਉਹਨਾਂ ਸਚਾਈਆਂ ਨੂੰ ਵੀ ਆਪਣੇ ਜੀਵਨ ਵਿੱਚ ਭਾਰੂ ਕਰਨਾ ਹੈ। ਨਿਰਾ ਕੀਰਤਨ ਕਰ ਲਿਆ ਕਿ ਅੰਧਕਾਰ ਵਿੱਚ ਰਾਜਾ ਤੇ ਗਰੀਬ ਕਦੇ ਸੁੱਖੀ ਨਹੀਂ ਰਹਿੰਦੇ, ਓੱਥੇ ਇਹ ਗੱਲ ਵੀ ਸਮਝਣ ਵਾਲੀ ਹੈ ਅਜੇਹੇ ਅੰਧਕਾਰ ਵਿੱਚ ਅਸੀਂ ਵੀ ਸੁੱਖੀ ਨਹੀਂ ਹੋ ਸਕਦੇ।




.