ਗੁਰੂ ਨਾਨਕ ਦੇਵ ਜੀ ਤੋਂ ਬਲਕਿ ਭਗਤਾਂ ਤੋਂ ਲੈ ਕੇ ਹੁਣ ਗੁਰੂ ਅਰਜਨ ਸਾਹਿਬ
ਤੱਕ ਸਭ ਭਗਤਾਂ ਅਤੇ ਗੁਰੂਆਂ ਨੇ ਸੱਚ ਦਾ ਪ੍ਰਚਾਰ ਰੱਬੀ ਗਿਆਨ ਦੁਆਰਾ ਸ਼ਾਂਤਮਈ ਢੰਗ ਨਾਲ ਕੀਤਾ ਪਰ
ਫਿਰ ਵੀ ਵਕਤੀਆ ਹਕੂਮਤਾਂ ਤੇ ਉਨ੍ਹਾਂ ਦੇ ਝੋਲੀ ਚੁੱਕਾਂ, ਕਟੜਵਾਦੀ ਬ੍ਰਾਹਮਣਾ ਅਤੇ ਮੁਲਾਂ
ਮੌਲਾਣਿਆਂ ਨੇ ਹਮੇਸ਼ਾਂ ਇਸ ਦਾ ਵਿਰੋਧ ਕੀਤਾ। ਕਟੜਵਾਦੀ ਬ੍ਰਾਹਮਣਾਂ ਅਤੇ ਮੁਲਾਂ ਮੌਲਾਣਿਆਂ ਨੇ ਤਾਂ
ਇਸ ਕਰਕੇ ਕੀਤਾ ਕਿ ਉਨ੍ਹਾਂ ਦੁਆਰਾ ਫੈਲਾਏ ਭਰਮਜਾਲ-ਕਰਮਕਾਂਡਾਂ ਦਾ ਭਗਤਾਂ ਅਤੇ ਗੁਰੂਆਂ ਨੇ ਕਰੜਾ
ਵਿਰੋਧ ਕਰਕੇ ਭੋਲੀ ਭਾਲੀ ਜਨਤਾ ਨੂੰ ਜਾਗਰੂਕ ਕੀਤਾ। ਇਸ ਨਾਲ ਇਨ੍ਹਾਂ ਲੋਕਾਂ ਦੀ ਧਰਮ ਦੇ ਨਾਂ ਤੇ
ਚਲਾਈ ਹੋਈ ਰੋਜੀ ਰੋਟੀ ਵਾਲੀ ਦੁਕਾਨਦਾਰੀ ਤੇ ਅਸਰ ਪਿਆ ਅਤੇ ਅਜਿਹੇ ਲੋਕਾਂ ਵਲੋਂ ਹੀ ਹਕੂਮਤ ਦੇ
ਕੰਨ ਭਰੇ ਗਏ ਕਿ ਜੇ ਵੇਲੇ ਸਿਰ ਭਗਤਾਂ ਅਤੇ ਗੁਰੂਆਂ ਦੀਆਂ ਸਰਗਰਮੀਆਂ ਤੇ ਕਰੜੀ ਨਿਗ੍ਹਾ ਨਾਂ ਰੱਖੀ
ਗਈ ਤਾਂ ਇਹ ਲੋਕ ਹਕੂਮਤ ਦਾ ਤਖ਼ਤਾ ਉਲਟਾ ਸਕਦੇ ਹਨ। ਇਸ ਮਾਮਲੇ ਵਿੱਚ ਸਿੱਧ, ਜੋਗੀ, ਉਦਾਸੀ,
ਬ੍ਰਾਹਮਣ, ਮੌਲਾਣੇ, ਸ਼੍ਰੀਚੰਦੀਏ, ਪ੍ਰਿਥੀਚੰਦੀਏ, ਚੰਦੂਸ਼ਾਹੀਏ, ਬੀਰਬਲ ਬ੍ਰਾਹਮਣ ਆਦਿਕ ਜਿੱਥੇ
ਵਕਤੀਆ ਹਕੂਮਤਾਂ ਦੇ ਕੰਨ ਭਰਦੇ ਰਹੇ ਓਥੇ ਤੁਰਾਨ ਦੇ ਰਹਿਣਵਾਲੇ ਮੁਹੰਮਦ ਬਾਕੀ ਬਿਲਾ ਦੇ ਚੇਲੇ ਸ਼ੇਖ
ਅਹਿਮਦ ਸਰਹੱਦੀ, ਉਸ ਦੇ ਚੇਲੇ ਮੁਰਤਜ਼ਾ ਖਾਂ ਜੋ ਅਤਿ ਕਟੜਵਾਦੀ ਚਿਸ਼ਤੀ ਮੁਸਲਮਾਨ ਸਨ ਅਤੇ ਜੋ ਸਿਰਫ
ਤੇ ਸਿਰਫ ਹਰ ਪਾਸੇ ਇਸਲਾਮ ਹੀ ਇਸਲਾਮ ਦੇਖਣਾ ਚਾਹੁੰਦੇ ਸਨ, ਇਨਾਂ ਦਾ ਵੀ ਸਿੱਧਾ ਹੱਥ ਸੀ। ਇਵੇਂ
ਸੌੜੀ ਸੋਚ ਵਾਲੇ ਧਾਰਮਿਕ ਆਗੂ ਅੱਗ ਬਲੂਲੇ ਹੋ ਉੱਠੇ ਜੋ ਪਹਿਲੇ ਵੀ ਆਪਸ ਵਿੱਚ ਲੜ ਰਹੇ ਸਨ-ਖਹਿ
ਮਰਦੇ ਬਹੁ ਬਾਹਣ ਮੌਲਾਣੇ (ਭਾ. ਗੁ.) ਸਾਡੇ ਬਹੁਤੇ ਢਾਡੀ ਤੇ ਪ੍ਰਚਾਰਕ ਇਕੱਲੇ ਚੰਦੂ ਤੇ ਦੋਸ਼
ਲਾਉਂਦੇ ਆ ਰਹੇ ਹਨ ਪਰ ਚੰਦੂ ਤਾਂ ਇੱਕ ਮਾਮੂਲੀ ਅਹਿਲਕਾਰ ਸੀ। ਚੰਦੂ ਨੇ ਰਿਸ਼ਤਾ ਕਰਨ ਵੇਲੇ ਗੁਰੂ
ਕਿਆਂ ਵਿਰੁੱਧ ਕਬੋਲ ਬੋਲੇ ਸਨ ਕਿ ਚੁਬਾਰੇ ਦੀ ਇੱਟ ਮੋਰੀ ਨਾਲ ਲਾ ਆਏ ਹੋ, ਸਿੱਖ ਸੰਗਤ ਨੇ ਇਸ ਦਾ
ਕਰੜਾ ਰਿੋਧ ਕੀਤਾ ਸੀ।
ਭਗਤਾਂ ਅਤੇ ਗੁਰੂਆਂ ਦੇ ਸੱਚੇ-ਸੁੱਚੇ ਤੇ ਸਿਧੇ-ਸਾਦੇ ਸੁਨਹਿਰੀ ਉਪਦੇਸ਼ਾਂ
ਕਰਕੇ ਧੜਾ-ਧੜ ਹਿੰਦੂ ਅਤੇ ਮੁਸਲਮਾਨ ਸਿੱਖ ਬਣ ਰਹੇ ਸਨ, ਇਹ ਗੱਲ ਉਸ ਵੇਲੇ ਦਾ ਇਤਿਹਾਸਕਾਰ
ਮੋਹਸਨਫਾਨੀ ਵੀ ਲਿਖਦਾ ਹੈ। ਭਾਵੇਂ ਜਾਤ ਅਭਿਮਾਨੀਆਂ ਅਤੇ ਕਟੜਵਾਦੀਆਂ ਨੇ ਅਕਬਰ ਬਾਦਸ਼ਾਹ ਦੇ ਵੀ
ਕੰਨ ਭਰੇ ਪਰ ਅਕਬਰ ਖੁਲ੍ਹ-ਦਿਲਾ ਹੋਣ ਕਰਕੇ ਇਨ੍ਹਾਂ ਨੂੰ ਮੂੰਹ ਦੀ ਖਾਣੀ ਪਈ ਅਕਬਰ ਬਾਦਸ਼ਾਹ ਕਈ
ਵਾਰ ਗੁਰੂ ਦਰਬਾਰ ਆਇਆ, ਗੁਰੂਆਂ ਦੀ ਸਿਖਿਆ ਤੋਂ ਪ੍ਰਭਾਵਿਤ ਹੋਇਆ, ਕਿਰਸਾਨਾਂ ਦਾ ਮਾਲੀਆ ਅਤੇ
ਹਿੰਦੂਆਂ ਦੇ ਤੀਰਥਾਂ ਦਾ ਟੈਕਸ ਵੀ ਮੁਆਫ ਕਰ ਗਿਆ। ਹੁਣ ਅਕਬਰ ਦੀ ਮੌਤ ਤੋਂ ਬਾਅਦ ਉਸ ਦੇ
ਸ਼ਰਾਬੀ-ਕਬਾਬੀ ਪੁੱਤਰ ਜਹਾਂਗੀਰ ਨੂੰ ਇਨ੍ਹਾਂ ਕਟੜਵਾਦੀਆਂ ਨੇ ਇਸ ਕਰਕੇ ਰਾਜ ਗੱਦੀ ਤੇ ਬੈਠਾਇਆ ਕਿ
ਜਹਾਂਗੀਰ ਇਸਲਾਮ ਦਾ ਪ੍ਰਚਾਰ ਕਰੇਗਾ ਅਤੇ ਸਿੱਖ ਲਹਿਰ ਨੂੰ ਖਤਮ ਕਰ ਦੇਵੇਗਾ ਪਰ ਉਸ ਨੂੰ ਕੀ ਪਤਾ
ਸੀ ਕਿ ਇਹ ਲਹਿਰ ਸਗੋਂ ਹੋਰ ਵਧੇ ਫੁੱਲੇਗੀ!
ਇਸ ਸਬੰਧ ਵਿੱਚ ਜਹਾਂਗੀਰ ਖੁਦ ਵੀ ਆਪਣੀ ਸਵੈ ਜੀਵਨੀ “ਤੁਜ਼ਕਿ ਜਹਾਂਗੀਰੀ”
ਵਿੱਚ ਲਿਖਦਾ ਹੈ ਕਿ “ਬਿਆਸ ਦਰਿਆ ਕੰਡੇ ਗੋਇੰਵਾਲ ਨਗਰ ਵਿੱਚ ਇੱਕ ਪੀਰਾਂ ਬਜੁਰਗਾਂ ਦੇ ਭੇਸ ਵਿੱਚ
ਅਰਜਨ ਨਾਮ ਦੇ ਹਿੰਦੂ ਨੇ ਬਹੁੱਤ ਸਾਰੇ ਭੋਲੇ ਭਾਲੇ ਹਿੰਦੂਆਂ ਸਗੋਂ ਬੇਸਮਝ ਮੁਸਲਮਾਨਾਂ ਨੂੰ ਵੀ
ਆਪਣੇ ਮਗਰ ਲਾ ਕੇ ਆਪਣੀ ਪੀਰੀ ਦਾ ਢੋਲ ਉੱਚਾ ਵਜਾਇਆ ਹੋਇਆ ਸੀ ਲੋਕ ਉਸ ਨੂੰ ਗੁਰੂ ਆਖਦੇ ਸਨ। ਤਿੰਨ
ਚਾਰ ਪੀੜ੍ਹੀਆਂ ਤੋਂ ਇਹ ਦੁਕਾਨ ਚਲ ਰਹੀ ਸੀ ਚਿਰ ਤੋਂ ਮੈਂ ਸੋਚ ਰਿਹਾ ਸੀ ਇਸ ਝੂਠ ਦੀ ਦੁਕਾਨ ਨੂੰ
ਬੰਦ ਕੀਤਾ ਜਾਵੇ ਜਾਂ ਇਸ ਗੁਰੂ ਨੂੰ ਇਸਲਾਮ ਵਿੱਚ ਲੈ ਆਂਦਾ ਜਾਵੇ। ਇਨ੍ਹਾਂ ਦਿਨਾਂ ਚ’ ਹੀ ਹਕੂਮਤ
ਦਾ ਬਾਗੀ ਖੁਸਰੋ ਇਧਰ ਆਇਆ ਤੇ ਇਸ ਗੁਰੂ ਨੇ ਉਸ ਦੇ ਮੱਥੇ ਤੇ ਕੇਸਰ ਦਾ ਟਿੱਕਾ ਲਾ ਕੇ ਜਿੱਥੇ ਉਸ
ਦੀ ਕਾਮਯਾਬੀ ਦੀ ਅਰਦਾਸ ਕੀਤੀ ਓਥੇ ਮਾਲੀ ਸਹਾਇਤਾ ਵੀ ਕੀਤੀ, ਜਦੋਂ ਮੈਨੂੰ ਇਸ ਦਾ ਪਤਾ ਲਗਾ ਤਾਂ
ਮੈਂ ਹੁਕਮ ਕੀਤਾ ਕਿ ਇਸ ਗੁਰੂ ਨੂੰ ਪਕੜ ਕੇ ਮੇਰੇ ਹਵਾਲੇ ਕੀਤਾ ਜਾਵੇ, ਉਸ ਦਾ ਘਰ ਘਾਟ ਬੱਚੇ ਅਤੇ
ਮਾਲ ਅਸਬਾਬ ਮੁਰਤਜਾ ਖਾਂ ਦੇ ਹਵਾਲੇ ਕਰਕੇ, ਇਸ ਨੂੰ ਯਾਸਾ ਦੰਡ ਦੇ ਕੇ ਮਾਰ ਦਿੱਤਾ ਜਾਵੇ (ਯਾਸਾ
ਦੰਡ ਪੁਰਾਣੇ ਮੰਗੋਲੀਆ ਲੋਕ ਜਿਨ੍ਹਾਂ ਦਾ ਵਹਿਸ਼ੀਪੁਣਾ ਮਸ਼ਹੂਰ ਹੈ, ਦਿਆ ਕਰਦੇ ਸਨ, ਜਿਸ ਵਿੱਚ ਕਿਸੇ
ਵਿਸ਼ੇਸ਼ ਧਰਮੀ-ਪੁਰਖ ਨੂੰ ਬਿਨਾਂ ਖੂਨ ਡੋਲ੍ਹੇ ਮਾਰਿਆ ਜਾਂਦਾ ਸੀ ਕਿ ਉਸ ਦੇ ਖੂਨ ਤੋਂ ਹੋਰ ਸ਼ਹੀਦ
ਨਾਂ ਪੈਦਾ ਹੋ ਜਾਣ) ਸੋ ਇਸ ਤਰੀਕੇ ਨਾਲ 30 ਮਈ ਸੰਨ 1606 ਨੂੰ ਗੁਰੂ ਅਰਜਨ ਸਾਹਿਬ ਨੂੰ ਭਿਆਨਕ
ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ।
ਜਿਸ ਦਾ ਅਸਰ ਇਹ ਹੋਇਆ ਕਿ ਛੇਵੇਂ ਗੁਰੂ ਹਰਗੋਬਿੰਦ ਜੀ ਨੇ ਗੁਰੂ-ਪਿਤਾ ਦੇ
ਆਦੇਸ਼ ਤੇ ਚਲਦਿਆਂ ਅਕਾਲ ਤਖ਼ਤ ਦੀ ਰਚਨਾ ਕੀਤੀ, ਮੀਰੀ ਪੀਰੀ ਦੀਆਂ ਤਲਵਾਰਾਂ ਪਹਿਣ ਲਈਆਂ, ਦੂਰ-ਦੂਰ
ਹੁਕਨਾਮੇ ਭੇਜ ਦਿੱਤੇ ਕਿ ਹੁਣ ਸਿੱਖ ਰਸਤਾਂ ਬਸਤਾਂ ਦੇ ਨਾਲ ਜਵਾਨੀਆਂ, ਸ਼ਸ਼ਤਰ, ਘੋੜੇ ਭੇਟ ਕਰਨ,
ਸ਼ਸ਼ਤਰ ਵਿਦਿਆ ਦਾ ਅਭਿਆਸ ਕਰਨ ਅਤੇ ਸ਼ਿਕਾਰ ਖੇਡਣ। ਇਸ ਤਰ੍ਹਾਂ ਥੋੜੇ ਚਿਰ ਵਿੱਚ ਹੀ ਗੁਰੂ ਦੀ ਫੌਜ
ਤਿਆਰ ਹੋ ਗਈ। ਗੁਰੂ ਜੀ ਨੇ ਜਾਲਮ ਹਕੂਮਤ ਨਾਲ ਚਾਰ ਜੰਗਾਂ ਲੜੀਆਂ ਜਿਨ੍ਹਾਂ ਵਿੱਚ ਸਰਕਾਰ ਨੂੰ
ਕਰਾਰੀ ਹਾਰ ਹੋਈ। ਲੋਕ ਇਨਸਾਫ ਲਈ ਦਿੱਲੀ ਦਾ ਤਖ਼ਤ ਛੱਡ, ਅਕਾਲ ਤਖ਼ਤ ਪਰ ਗੁਰੂ ਦੀ ਸ਼ਰਣ ਆਉਣ ਲੱਗ
ਪਏ। ਮੁਗਲੀਆਂ ਹਕੂਮਤ ਦੀਆਂ ਜੜਾਂ ਖੋਖਲੀਆਂ ਹੋ ਗਈਆਂ ਅਤੇ ਜਹਾਂਗੀਰ ਨੂੰ ਸੁਲਾਹ ਲਈ ਗੁਰੂ ਦੀ ਸ਼ਰਣ
ਆਉਣਾ ਪਿਆ। ਸਤਵੇਂ, ਅਠਵੇਂ ਗੁਰੂ ਤੱਕ ਸ਼ਾਂਤੀ ਰਹੀ ਪਰ ਗੁਰੂ ਦਰਬਾਰ ਵਿੱਚ ਸਿੱਖ ਫੌਜ ਹਮੇਸ਼ਾਂ
ਬਰਕਰਾਰ ਰਹੀ। ਨੌਵੇਂ ਗੁਰੂ ਨੇ ਵੀ ਧਰਮ ਦੀ ਖਾਤਰ ਮਜ਼ਲੂਮ ਦੀ ਰੱਖਿਆ ਲਈ ਆਪਾ ਕੁਰਬਾਨ ਕੀਤਾ। ਗੁਰੂ
ਗੋਬਿੰਦ ਸਿੰਘ ਨੇ ਸਿੱਖਾਂ ਨੂੰ ਖੰਡੇ ਦੀ ਪਹੁਲ ਦੇ ਕੇ ਖ਼ਾਲਸਾ ਫੌਜ ਦਾ ਲਕਬ ਦਿੱਤਾ, ਸਦਾ ਤਿਆਰ ਬਰ
ਤਿਆਰ ਰਹਿਣ ਦਾ ਆਦੇਸ਼ ਦਿੱਤਾ। ਔਰੰਗਜ਼ੇਬ ਦੀ ਜ਼ਾਲਮ ਹਕੂਮਤ ਅਤੇ ਅਕਿਰਤਘਣ ਪਹਾੜੀ ਰਾਜਿਆਂ ਨਾਲ 14
ਜੰਗਾਂ ਬੇਇਨਸਾਫੀ ਅਤੇ ਜ਼ੁਲਮ ਦੇ ਵਿਰੁੱਧ ਲੜੀਆਂ, ਜਿਸ ਦਾ ਫਲ ਬਾਬਾ ਬੰਦਾ ਸਿੰਘ ਬਹਾਦਰ
ਨੇ 8 ਸਾਲ ਰਾਜ ਕੀਤਾ। ਸਿੱਖ ਮਿਸਲਾਂ ਵੀ ਨੇ ਵੀ ਜ਼ਾਲਮ ਹਕੂਮਤ ਨੂੰ ਵਖਤ ਪਾਈ ਰੱਖਿਆ ਅਤੇ
ਮਹਾਂਰਾਜਾ ਰਣਜੀਤ ਸਿੰਘ ਦੀ ਅਗਵਾਈ ਵਿੱਚ 50 ਸਾਲ ਰਾਜ ਕੀਤਾ ਜੋ ਫੁੱਟ ਕਰਕੇ ਜਾਂਦਾ ਰਿਹਾ ਅਤੇ
ਅੱਜ ਤੱਕ ਨਹੀਂ ਮਿਲਿਆ। ਗੁਰਦੁਆਰਿਆਂ ਤੇ ਮਹੰਤ ਕਾਬਜ਼ ਹੋ ਗਏ ਜੋ ਭਾਰੀ ਕੁਰਬਾਨੀਆਂ ਕਰਕੇ ਕੱਢਣੇ
ਪਏ। ਸਿੰਘ ਸਭਾ ਲਹਿਰ ਪੈਦਾ ਹੋਈ ਸਿੱਖੀ ਦਾ ਪ੍ਰਚਾਰ ਹੋਇਆ ਪਰ ਇਨ੍ਹਾਂ ਕਰਮਕਾਂਡੀ ਮਹੰਤਾਂ ਦਾ ਅਸਰ
ਖਤਮ ਨਹੀਂ ਗਿਆ। ਜੂਨ 1984 ਵਿੱਚ ਫਿਰ ਬਹਾਦਰ ਸਿੱਖ ਕੌਮ ਜਿਸ ਨੇ ਭਾਰਤ ਨੂੰ ਅਜ਼ਾਦ ਕਰਾਉਣ ਲਈ ਸਭ
ਤੋਂ ਵੱਧ ਕੁਰਬਾਨੀਆਂ ਦਿੱਤੀਆਂ ਨੂੰ ਭੁਲਾ ਕੇ ਅਕ੍ਰਿਤਘਣਤਾ ਦਾ ਸਬੂਤ ਦਿੰਦੇ ਹੋਏ, ਪੰਚਮ ਪਾਤਸ਼ਾਹ
ਦੇ ਸ਼ਹੀਦੀ ਪੁਰਬ ਤੇ ਇਕੱਤਰ ਹੋਈਆਂ ਹਜਾਰਾਂ ਸੰਗਤਾਂ ਸਮੇਤ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉੱਤੇ
ਭਾਰਤੀ ਹਕੂਮਤ ਨੇ ਹਮਲਾ ਕਰਕੇ ਸਿੱਖਾਂ ਦੇ ਇਤਿਹਾਸਕ ਦਸਤਾਵੇਜ ਜੋ ਸਿੱਖ ਰੈਫਰੈਂਸ ਲਾਇਬ੍ਰੇਰੀ
ਵਿੱਚ ਸਾਂਭੇ ਪਏ ਸਨ ਨੂੰ ਲੁੱਟਿਆ, ਸਾੜਿਆ ਅਤੇ ਖੁਰਦ-ਬੁਰਦ ਕੀਤਾ, ਨਿਹੱਥੇ ਸਿੱਖ ਆਗੂਆਂ ਅਤੇ
ਸੰਗਤਾਂ ਨੂੰ ਦ੍ਰਿੰਦਗੀ ਦਾ ਨਾਚ ਨੱਚਦੇ ਹੋਏ ਰਫਲਾਂ ਦੀਆਂ ਗੋਲੀਆਂ ਅਤੇ ਤੋਪਾਂ ਦੇ ਗੋਲਿਆਂ ਨਾਲ
ਭੁੰਨਿਆਂ ਅਤੇ ਬਚੀਆਂ ਔਰਤਾਂ ਨਾਲ ਬਲਾਤਕਾਰ ਕੀਤੇ ਜਿਵੇਂ ਮਹੰਤ ਨਰੈਣੂ ਨੇ ਨਨਕਾਣਾ ਸਾਹਿਬ ਵਿਖੇ
ਨਿਹੱਥੇ ਸਿੰਘਾਂ ਤੇ ਕੀਤਾ ਸੀ ਪਰ ਬਾਬਾ ਜਰਨੈਲ ਸਿੰਘ, ਜਨਰਲ ਸ਼ੁਬੇਗ ਸਿੰਘ, ਬੱਬਰ ਖਾਲਸਾ ਅਤੇ ਹੋਰ
ਪੰਥਕ ਜਥੇਬੰਦੀਆਂ ਦੀ ਕਮਾਨ ਹੇਠ, ਮੁਠੀ ਭਰ ਸਿੱਖਾਂ ਨੇ ਪੰਚਮ ਪਾਤਸ਼ਾਹ ਦੀ ਸ਼ਹੀਦੀ ਪਰੰਪਰਾ ਨੂੰ
ਕਾਇਮ ਰੱਖਦੇ ਹੋਏ, ਮੁਕਾਬਲਾ ਕਰਕੇ ਦੱਸ ਦਿੱਤਾ ਕਿ ਅਜੇ ਸਾਡੇ ਵਿੱਚ ਸਹੀਦਾਂ ਦੇ ਸਿਰਤਾਜ ਗੁਰੂ
ਅਰਜਨ ਸਾਹਿਬ ਦੀ ਸ਼ਹੀਦੀ, ਗੁਰੂ ਤੇਗ ਬਹਾਦਰ ਦੀ ਕੁਰਬਾਨੀ, ਸਾਹਿਬਜ਼ਾਦੇ, ਅਨੇਕਾਂ ਅਕੀਦਤਮੰਦ ਅਤੇ
ਬਹਾਦਰ ਸਿੰਘ ਸਿੰਘਣੀਆਂ ਦੀ ਸ਼ਹੀਦੀ ਦੇ ਵਾਰਸ ਹੋਣ ਦਾ ਜ਼ਜਬਾ ਅਤੇ ਖੂਨ ਗਰਮ ਹੈ।
ਸੋ ਭਗਤਾਂ ਅਤੇ ਗੁਰੂਆਂ ਨੇ ਤਾਂ ਜ਼ੁਲਮ ਅੱਗੇ ਗੋਡੇ ਨਹੀਂ ਸਨ ਟੇਕੇ ਪਰ ਅੱਜ
ਅਸੀਂ ਗੁਰੂ-ਹੁਕਮਾਂ ਨੂੰ ਛਿੱਕੇ ਟੰਗ ਡੇਰੇਦਾਰ ਸਾਧਾਂ-ਸੰਤਾਂ ਅੱਗੇ ਹੱਥ ਜੋੜੀ ਖੜੇ ਹਾਂ। ਖ਼ਾਲਸਾ
ਪੰਥ ਨੂੰ ਕਈ ਸੰਪ੍ਰਦਾਵਾਂ ਵਿੱਚ ਵੰਡੀ ਬੈਠੇ ਹਾਂ ਜੋ ਆਏ ਦਿਨ ਸਾਨੂੰ ਲੁੱਟ ਕੇ, ਸਾਡਾ ਸ਼ੋਸ਼ਣ ਕਰ
ਰਹੇ ਹਨ। ਗੁਰੂ ਅਰਜਨ ਸਾਹਿਬ ਦੀ ਸਭ ਤੋਂ ਵੱਡੀ ਦੇਣ ਸੰਸਾਰ ਵਾਸਤੇ ਭਗਤਾਂ ਅਤੇ ਗੁਰਆਂੂ ਦੀ ਬਾਣੀ
ਦੀ ਸੰਪਾਦਨਾ ਹੈ ਜੋ ਸਾਇੰਟੇਫਿਕ ਰੱਬੀ ਗਿਆਨ ਦਾ ਸਰਬਸਾਂਝਾ ਭੰਡਾਰ ਹੈ, ਜਿਸ ਨੂੰ “ਪੋਥੀ
ਪਰਮੇਸ਼ਰ ਕਾ ਥਾਨ” ਕਿਹਾ ਅਤੇ ਫਰਮਾਇਆ “ਗ੍ਰੰਥ ਰਿਦਾ ਗੁਰ ਕਾ ਇਹ ਜਾਨੋ ਊਤਮ ਹੈ ਸਰਬ ਸਮੇਂ
ਸ੍ਰਬ ਥਾਂਨ ਰਹੈ ਹੈਂ” (ਸੂਰਜ ਪ੍ਰਕਾਸ਼) ਕਿਉਂਕਿ ਦੇਹ ਸਰੀਰ ਹਰ ਵੇਲੇ ਹਰ ਥਾਂ ਨਹੀਂ ਹੋ
ਸਕਦੇ, ਜੋ ਬਿਨਸਣਹਾਰ ਹਨ। ਜਿਸ ਵਿੱਚ ਨੌਵੇਂ ਗੁਰੂ ਤੇਗ ਬਹਾਦਰ ਦੀ ਬਾਣੀ ਦਰਜ ਕਰਕੇ, ਦਸਵੇਂ
ਪਾਤਸ਼ਾਹ ਨੇ ਗੁਰ-ਗੱਦੀ ਦੇ ਕੇ, ਗੁਰੂ ਗ੍ਰੰਥ ਸਾਹਿਬ ਕਹਿ ਸੀਸ ਨਿਵਾਇਆ ਅਤੇ ਹੁਕਮ ਕੀਤਾ-ਸਭ
ਸਿਖਨ ਕੋ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ॥ ਇਸ ਗੁਰੂ ਗ੍ਰੰਥ ਦੇ ਉਪਦੇਸ਼ ਸਰਬੱਤ ਦਾ ਭਲਾ ਮੰਗਦੇ
ਹਨ-ਜਗਤੁ ਜਲੰਦਾ ਰਖਿ ਲੇ ਆਪਣੀ ਕ੍ਰਿਪਾ ਧਾਰਿ॥ (853) ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ
ਬੰਦੇ. .॥ (1349) ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗਿ ਹਮ ਕੋ ਬਨਿ ਆਈ॥ (1299) ਵਿਦਿਆ
ਵੀਚਾਰੀ ਤਾਂ ਪਰਉਪਕਾਰੀ॥ (356) ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥ (1245)
ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤੁ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨਾ ਛਾਡੈ ਖੇਤੁ॥
(1105) ਸੋ ਸੱਚ ਨਾਲ ਝੂਠ ਹਮੇਸ਼ਾਂ ਟਕਰਾਂਦਾ ਰਿਹਾ ਹੈ ਅਤੇ ਟਕਰਉਂਦਾ ਰਹੇਗਾ। ਓਦੋਂ ਮੁਗਲੀਆ
ਹਕੂਮਤ ਸਿੱਖਾਂ ਨਾਲ ਟਕਰਾ ਰਹੀ ਸੀ, ਫਿਰ ਸਿੱਖ ਰਾਜ ਦੇ ਖਾਤਮੇ ਤੇ ਮਹੰਤਾਂ ਦੇ ਰੂਪ ਵਿੱਚ
ਬ੍ਰਾਹਮਣ ਟਕਰਾਇਆ ਅਤੇ ਅੱਜ ਭੇਖਧਾਰੀ ਸਾਧ ਲਾਣਾ, ਸਿੱਖ ਸੰਸਥਾਵਾਂ ਵਿੱਚ ਘੁਸੜ ਅਤੇ ਹਕੂਮਤ ਦਾ
ਵੋਟ ਬੈਂਕ ਬਣਕੇ ਟਕਰਾ ਰਿਹਾ ਹੈ। ਸਿੱਖਾਂ ਦੀ ਸਿਰਮੌਰ ਸੰਸਥਾ ਅਕਾਲ ਤਖਤ ਅਤੇ ਸ਼੍ਰੋਮਣੀ ਗੁਰਦੁਆਰਾ
ਪ੍ਰਬੰਧਕ ਕਮੇਟੀ ਵੀ ਅਜ਼ਾਦ ਨਹੀਂ ਓਥੇ ਵੀ ਆਰ. ਐਸ. ਐਸ. ਦੀ ਪਿਛਲੱਗ ਭਾਜਪਾ ਦੀ ਪਿਉਂਦ ਵਾਲੇ
ਬਾਦਲੀ ਬ੍ਰਾਹਮਣ ਕਾਬਜ ਹਨ। ਯਾਦ ਰੱਖੋ ਜੋ ਕੌਮਾਂ ਇੱਠੀਆਂ ਹੋ ਕੇ ਮੁਕਾਬਲਾ ਕਰਦੀਆਂ ਹਨ ਉਹ ਸਦਾ
ਜੇਤੂ ਰਹਿੰਦੀਆਂ ਹਨ। ਸੋ ਸਾਨੂੰ ਵੀ ਅੱਜ ਗੁਰੂ ਅਰਜਨ ਸਾਹਿਬ ਦੀ ਅਦੁੱਤੀ ਸ਼ਹਾਦਤ ਅਤੇ ਜੂਨ 84 ਨੂੰ
ਯਾਦ ਰੱਖਦੇ ਹੋਏ, ਆਪਣੇ ਸਾਰੇ ਮਤ-ਭੇਦ ਖ਼ਤਮ ਕਰਕੇ, ਖ਼ਾਲਸਾ ਪੰਥ ਵਿੱਚ ਸ਼ਾਮਲ ਹੋ ਜਾਣਾ ਚਾਹੀਦਾ ਹੈ।
ਗੁਰਬਾਣੀ ਦੇ ਪਾਠ-ਕੀਰਤਨ ਠੇਕੇ ਤੇ ਕਰਾਉਣ ਦੀ ਬਜਾਏ ਆਪ ਸਮਝ ਕੇ ਕਰਨੇ, ਉਸ ਤੇ ਅਮਲ ਕਰਨਾ ਅਤੇ ਇਸ
ਅਮੁੱਲ ਖਜ਼ਾਨੇ ਨੂੰ ਦੁਨੀਆਂ ਦੀ ਹਰੇਕ ਬੋਲੀ ਵਿੱਚ ਵੰਡਣ ਦੀ ਸੇਵਾ ਕਰਨੀ ਚਾਹੀਦੀ ਹੈ। ਇਹ ਹੀ
ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਸਾਹਿਬ ਅਤੇ ਸ਼ਹੀਦ ਸਿੰਘ-ਸਿੰਘਣੀਆਂ ਨੂੰ ਸੱਚੀ ਸ਼ਰਧਾਂਜਲੀ
ਹੋਵੇਗੀ।