.

ੴਸਤਿਗੁਰਪ੍ਰਸਾਦਿ ॥

ਇਕ ਅਦੁੱਤੀ ਬਖਸ਼ਿਸ਼

ਰਾਜਿੰਦਰ ਸਿੰਘ, (ਮੁੱਖ ਸੇਵਾਦਾਰ)

ਸ਼੍ਰੋਮਣੀ ਖਾਲਸਾ ਪੰਚਾਇਤ,

ਟੈਲੀਫੋਨ: +919876104726

ਕਿਸ਼ਤ ਨੌਂਵੀਂ

ਇਸ ਦੇ ਬਾਅਦ ਸਿੱਖ ਰਹਿਤ ਮਰਯਾਦਾ ਵਿੱਚ ਲਿਖਿਆ ਹੈ, ‘ਸਿਰਗੁੰਮ, ਨੜੀ ਮਾਰ (ਜੋ ਸਿੱਖ ਹੋ ਕੇ ਇਹ ਕੰਮ ਕਰਨ) ਦਾ ਸੰਗ ਨਹੀਂ ਕਰਨਾ। ਥੱਲੇ ਸਪੱਸ਼ਟ ਕੀਤਾ ਗਿਆ ਹੈ, ਸਿਰਗੁੰਮ ਉਹ ਹੈ ਜੋ ਕੇਸਾਧਾਰੀ ਹੋ ਕੇ ਕੇਸ ਕਟਾ ਦੇਵੇ। ਜੇ ਕੌਮ ਨੇ ਇਸ ਅਨਮੋਲ ਮੱਦ ਉਤੇ ਪਹਿਰਾ ਦਿੱਤਾ ਹੁੰਦਾ ਤਾਂ ਕੌਮ ਦੀ ਹਾਲਤ ਉਹ ਨਾ ਹੁੰਦੀ ਜੋ ਅੱਜ ਹੈ। ਅੱਜ ਆਪਣੇ ਸਿੱਖ ਪਰਿਵਾਰਾਂ ਵਿੱਚ ਝਾਤੀ ਮਾਰੀਏ ਤਾਂ ਬਹੁਤ ਸਾਰੇ ਐਸੇ ਪਰਿਵਾਰ ਮਿਲ ਜਾਣਗੇ, ਜਿਥੇ ਬਜ਼ੁਰਗ ਨੇ ਤਾਂ ਗਲੇ ਵਿੱਚ ਗਾਤਰਾ ਪਾਇਆ ਹੋਇਆ ਹੈ, ਪੁੱਤਰ ਦਾੜ੍ਹੀ ਕੁਤਰਾ ਹੈ ਅਤੇ ਪੋਤਰਾ ਪੂਰੀ ਤਰ੍ਹਾਂ ਸਿਰੋਂ ਘੋਨਾ। ਕੀ ਆਖਿਆ ਜਾਵੇ, ਉਨ੍ਹਾਂ ਇਸ ਮੱਦ ਨੂੰ ਕਿਤਨੀ ਮਹਤੱਤਾ ਦਿੱਤੀ ਹੈ, ਸ਼ਾਇਦ ਉਨ੍ਹਾਂ ਨੂੰ ਪਤਾ ਵੀ ਨਾ ਹੋਵੇ ਕਿ ਰਹਿਤ ਵਿੱਚ ਐਸੀ ਕੋਈ ਮੱਦ ਵੀ ਹੈ। ਜਿਸ ਸਿਰਗੁੰਮ ਨਾਲ ਵਰਤਣ ਦੀ ਮਨਾਹੀ ਕੀਤੀ ਗਈ ਹੈ, ਉਹ ਤਾਂ ਘਰਾਂ ਵਿੱਚ ਹੀ ਪੈਦਾ ਹੋ ਗਏ ਹਨ ਅਤੇ ਪ੍ਰਵਾਨ ਵੀ ਕਰ ਲਏ ਗਏ ਹਨ। ਅਕਸਰ ਵੇਖੀਦਾ ਹੈ ਕਿਰਪਾਨ ਵਾਲਾ ਦਾਦਾ, ਸਿਰੋਂ ਘੋਨੇ ਪੋਤੇ ਨੂੰ ਨਾਲ ਲਈ ਫਿਰਦਾ। ਐਸੇ ਦਾਦੇ ਪੋਤੇ ਅਕਸਰ ਗੁਰਦੁਆਰਿਆਂ ਵਿੱਚ ਵੀ ਨਜ਼ਰ ਆ ਜਾਂਦੇ ਹਨ। ਬੱਚੇ ਨੂੰ ਗੁਰੂ ਘਰ ਨਾਲ ਜੋੜਨ ਲਈ ਗੁਰਦੁਆਰੇ ਲਿਆਉਣਾ ਚੰਗੀ ਗੱਲ ਹੈ, ਪਰ ਜਿਨ੍ਹਾਂ ਛੋਟੇ ਛੋਟੇ ਬੱਚਿਆਂ ਦੇ ਸਿਰ ਮੁੰਨੇ ਹੁੰਦੇ ਹਨ, ਉਨ੍ਹਾਂ ਆਪ ਨਹੀਂ ਮੁਨਾਏ ਹੁੰਦੇ, ਇਹ ਅਕਸਰ ਮਾਂ ਬਾਪ ਦੀ ਕਰਤੂਤ ਹੀ ਹੁੰਦੀ ਹੈ। ਜਿਸ ਨੂੰ ਆਪ ਹੀ ਗੁਰੂ ਤੋਂ ਬੇਮੁਖ ਕਰ ਦਿੱਤਾ, ਉਸ ਨੂੰ ਗੁਰਦੁਆਰੇ ਲਿਆਦਾ ਜਾਂ ਨਾ ਲਿਆਂਦਾ, ਕੀ ਮਹਤੱਤਾ ਹੈ? ਮੈਂ ਤਾਂ ਕਹਾਂਗਾ, ਉਸ ਦਾ ਆਪ ਆਇਆ ਵੀ ਕਿਸ ਅਰਥ ਹੈ? ਕੀ ਉਹ ਕੇਵਲ ਗੁਰਦੁਆਰੇ ਆਉਣ ਨਾਲ ਹੀ ਪ੍ਰਵਾਨ ਹੋ ਜਾਵੇਗਾ? ਹੋਰ ਤਾਂ ਹੋਰ ਕਈ ਗੁਰਦੁਆਰਿਆਂ ਦੇ ਪ੍ਰਧਾਨਾਂ ਦਾ ਇਹੀ ਹਾਲ ਹੈ। ਕੀ ਪ੍ਰੇਰਨਾ ਲਏਗੀ ਸੰਗਤ ਉਨ੍ਹਾਂ ਤੋਂ?

ਹੈਰਾਨਗੀ ਤਾਂ ਉਦੋਂ ਹੁੰਦੀ ਹੈ ਜਦੋਂ ਐਸੇ ਲੋਕਾਂ ਦੇ ਮਰਨ ਤੇ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਭਾਸ਼ਨ ਕੀਤੇ ਜਾਂਦੇ ਹਨ, ਕਿ ਉਨ੍ਹਾਂ ਗੁਰਦੁਆਰਾ ਸਾਹਿਬ ਦੀ ਅਤੇ ਕੌਮ ਦੀ ਬੜੀ ਸੇਵਾ ਕੀਤੀ। ਜਿਸ ਆਪਣੇ ਘਰ ਨੂੰ ਹੀ ਨਹੀਂ ਸਾਂਭਿਆ, ਉਸ ਕਾਹਦੀ ਸੇਵਾ ਕੀਤੀ? ਅੱਜ ਸਭ ਤੋਂ ਪਹਿਲੀ ਅਤੇ ਸਭ ਤੋਂ ਜ਼ਰੂਰੀ ਸੇਵਾ ਤਾਂ ਇਹ ਹੈ ਕਿ ਅਸੀਂ ਆਪਣੇ ਪਰਿਵਾਰਾਂ ਨੂੰ ਗੁਰਸਿੱਖ ਬਣਾਈਏ। ਇਹ ਤਾਂ ਘੱਟੋ ਘੱਟ ਹੈ। ਹਰ ਸਿੱਖ ਦੀ ਪਹਿਲੀ ਜਿਮੇਂਵਾਰੀ ਹੈ ਕਿ ਉਹ ਪੁਸ਼ਤ ਦਰ ਪੁਸ਼ਤ, ਸਿੱਖੀ ਸਰੂਪ ਅਤੇ ਸਿੱਖ ਸਿਧਾਂਤ ਦੀ ਸੰਭਾਲ ਕਰੇ। ਆਪਣੇ ਪਰਿਵਾਰ ਵਿੱਚੋਂ ਆਪਣੇ ਹੱਥੀਂ ਸਿੱਖੀ ਖਤਮ ਕਰਕੇ ਵੀ ਆਪਣੇ ਪੰਥਕ ਹੋਣ ਦਾ ਭਰਮ ਪਾਲਿਆ ਜਾ ਰਿਹਾ ਹੈ। ਇਹ ਸਮਝਿਆ ਜਾ ਰਿਹਾ ਹੈ ਕਿ ਪਾਹੁਲ ਛੱਕਣ ਦਾ ਕਰਮਕਾਂਡ ਕਰਕੇ ਸਾਡਾ ਜੀਵਨ ਤਾਂ ਸਫਲ ਹੋ ਗਿਆ, ਕੌਮ ਜਾਵੇ ਢੱਠੇ ਖੂਹ ਵਿੱਚ। ਇਨ੍ਹਾਂ ਤਾਂ ਪੂਰੀ ਤਿਆਰੀ ਕਰ ਲਈ ਹੈ ਕਿ ਸਿੱਖੀ ਆਪਣੇ ਨਾਲ ਹੀ ਸਮੇਟ ਕੇ ਲੈ ਜਾਣੀ ਹੈ, ਅਗਲੀ ਨਸਲ ਨਹੀਂ ਚੱਲਣ ਦੇਣੀ।

ਕੁਝ ਐਸਾ ਹੀ ਹਾਲ ਨੜੀ ਮਾਰਾਂ ਬਾਰੇ ਹੈ। ਕਿਉਂਕਿ ਤਮਾਕੂ ਬਾਰੇ ਉਪਰ ਕਾਫੀ ਵਿਸਥਾਰ ਵਿੱਚ ਲਿਖਿਆ ਜਾ ਚੁੱਕਾ ਹੈ, ਇਥੇ ਦੁਹਰਾਉਣਾ ਯੋਗ ਨਹੀਂ ਹੋਵੇਗਾ, ਪਰ ਇੱਕ ਗੱਲ ਸਪੱਸ਼ਟ ਹੈ ਕਿ ਸਿੱਖੀ ਦੇ ਨਿਰਮਲ ਸਰੂਪ ਨੂੰ ਬਣਾ ਕੇ ਰੱਖਣ ਲਈ ਇਸ ਮੱਦ ਤੇ ਦ੍ਰਿੜਤਾ ਨਾਲ ਪਹਿਰਾ ਦੇਣਾ ਜ਼ਰੂਰੀ ਹੈ। ਜਿਸ ਵੇਲੇ ਗੱਲ ਸਿਧਾਂਤ ਦੀ ਆਵੇ, ਆਪਣਿਆਂ ਬੇਗਾਨਿਆਂ ਵਿੱਚ ਵਿਤਕਰਾ ਨਹੀਂ ਕੀਤਾ ਜਾ ਸਕਦਾ। ਜੇ ਇਸ ਮੱਦ ਤੇ ਵੀ ਦ੍ਰਿੜਤਾ ਨਾਲ ਪਹਿਰਾ ਦੇਂਦੇ ਹਾਂ ਤਾਂ ਹੀ ਪਾਹੁਲ ਛਕੀ ਹੈ।

ਇਸ ਤੋਂ ਅੱਗੇ ਲਿਖਿਆ ਹੈ, ‘ਪੰਥ ਸੇਵਾ ਅਤੇ ਗੁਰਦੁਆਰਿਆਂ ਦੀ ਟਹਿਲ ਵਿੱਚ ਤੱਤਪਰ ਰਹਿਣਾ, ਆਪਣੀ ਕਮਾਈ ਵਿੱਚੋਂ ਗੁਰੂ ਕਾ ਦਸਵੰਧ ਦੇਣਾ ਆਦਿ ਸਾਰੇ ਕੰਮ ਗੁਰਮਤਿ ਅਨੁਸਾਰ ਕਰਨੇ`।

ਇਹ ਗੱਲਾਂ ਸਾਰੀਆਂ ਹੀ ਬੜੀਆਂ ਚੰਗੀਆਂ ਅਤੇ ਮਹੱਤਵਪੂਰਨ ਹਨ। ਭਾਈ ਕਾਹਨ ਸਿੰਘ ਨਾਭਾ ਨੇ ਮਹਾਨ ਕੋਸ਼ ਵਿੱਚ ਪੰਥ ਸ਼ਬਦ ਦੇ ਅਰਥ ਇਹ ਦਿੱਤੇ ਹਨ:

ਪੰਥ: ਧਾ-ਜਾਣਾ, ਫਿਰਨਾ। 2. ਸੰਗਯਾ- ਮਾਰਗ. ਰਸਤਾ 3. ਪਰਮਾਤਮਾ ਦੀ ਪ੍ਰਾਪਤੀ ਦਾ ਰਾਹ. ਧਰਮ. ਮਜਹਬ 4. ਮਰਾ. ਮੰਤ੍ਰੀ. ਵਜੀਰ।

ਇਥੇ ਤੀਸਰਾ ਅਰਥ ਧਰਮ, ਮਜਹਬ ਹੀ ਢੁਕਦਾ ਹੈ ਅਤੇ ਜਿਸ ਧਰਮ ਜਾਂ ਮਜਹਬ ਦੀ ਗੱਲ ਕੀਤੀ ਜਾ ਰਹੀ ਹੈ, ਉਹ ਹੈ ‘ਖਾਲਸਾ`, ਸੋ ਇਸ ਸ਼ਬਦ ਦਾ ਅਸਲੀ ਭਾਵ ਹੈ ‘ਖਾਲਸਾ ਪੰਥ`। ਇਸ ਨਾਂ ਤੋਂ ਹੀ ਸਪੱਸ਼ਟ ਹੈ ਕਿ ਇਹ ਖੰਡੇ ਬਾਟੇ ਦੀ ਪਾਹੁਲ ਛਕੇ ਹੋਏ, ਪੂਰੀ ਤਰ੍ਹਾਂ ਨਾਲ ਗੁਰੂ ਨੂੰ ਸਮਰਪਤ ਸਿੱਖਾਂ ਦੇ ਸਮੂਹ ਦਾ ਨਾਂ ਹੈ। ਪਾਹੁਲ ਛੱਕ ਕੇ, ਖਾਲਸਾ ਬਣ ਕੇ, ਖਾਲਸਾ ਪੰਥ ਦੀ ਸੇਵਾ ਕਰਨਾ ਕਿਸੇ ਵੀ ਸਿੱਖ ਵਾਸਤੇ ਵੱਡਾ ਸੁਭਾਗ ਹੈ। ਅਸਲ ਵਿੱਚ ਤਾਂ ਪਾਹੁਲ ਛੱਕਣ ਦਾ ਅਸਲੀ ਮਕਸਦ ਹੀ, ਗੁਰਬਾਣੀ ਦੇ ਲਾਸਾਨੀ ਸਿਧਾਂਤਾਂ ਨਾਲ ਜੀਵਨ ਨੂੰ ਸ਼ਿੰਗਾਰ ਕੇ, ਪੂਰੀ ਤਰ੍ਹਾਂ ਪੰਥ ਦੀ ਸੇਵਾ ਨੂੰ ਸਮਰਪਤ ਹੋ ਜਾਣਾ ਹੈ ਪਰ ਸੱਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਅੱਜ ਪੰਥ ਬਾਰੇ ਵੱਡੇ ਭੁਲੇਖੇ ਖੜੇ ਹੋ ਗਏ ਹਨ। ਪਹਿਲਾਂ ਤਾਂ ਹਰ ਜਣਾ ਖਣਾ ਆਪਣੇ ਆਪ ਨੂੰ ਪੰਥ ਦਾ ਅੰਗ ਨਹੀਂ, ਪੂਰਨ ਪੰਥ ਹੀ ਸਮਝਦਾ ਹੈ। ਫੇਰ ਜਿਹੜੇ ਕੁੱਝ ਪਾਹੁਲ ਛੱਕੇ ਹੋਏ ਵੀ ਹਨ, ਜਿਵੇਂ ਕਿ ਉਪਰ ਵੀ ਦਿੱਤਾ ਜਾ ਚੁੱਕਾ ਹੈ, ਬਹੁਤਿਆਂ ਨੇ ਤਾਂ ਇੱਕ ਜਾਦੂਈ ਪਾਣੀ ਦੁਆਰਾ ਆਪਣੇ ਜੀਵਨ ਨੂੰ ਸਫਲਾ ਕਰਨ ਵਾਲਾ ਕਰਮਕਾਂਡ ਹੀ ਕੀਤਾ ਹੈ, ਕੁੱਝ ਨੇ ਆਪਣੇ ਪੇਸ਼ੇ ਦੀ ਲੋੜ ਪੂਰੀ ਕਰਨ ਲਈ ਪਾਹੁਲ ਛੱਕਣ ਦਾ ਵਿਖਾਵਾ ਕੀਤਾ ਹੈ। ਵਿਰਲਿਆਂ ਵਿੱਚੋਂ ਵੀ ਬਹੁਤ ਹੀ ਵਿਰਲੇ ਹਨ, ਜਿਨ੍ਹਾਂ ਸੱਚਮੁੱਚ ਆਪਣਾ ਜੀਵਨ ਗੁਰੂ ਨੂੰ ਸਮਰਪਤ ਕੀਤਾ ਹੈ। ਇਸੇ ਲਈ ਇਨ੍ਹਾਂ ਵਿੱਚ ਵੀ ਇਕਸੁਰਤਾ ਅਤੇ ਇਕਸਾਰਤਾ ਨਹੀਂ। ਜਿਸ ਨੇ ਜਿਹੜੇ ਡੇਰੇ, ਟਕਸਾਲ, ਕਾਲਜ ਜਾਂ ਜੱਥੇ ਰਾਹੀਂ ਪਾਹੁਲ ਛੱਕੀ ਹੈ, ਉਹ ਪੰਥ ਨਾਲ ਘੱਟ ਅਤੇ ਆਪਣੀ ਸੰਸਥਾ ਨਾਲ ਵਧੇਰੇ ਜੁੜਿਆ ਹੋਇਆ ਹੈ। ਨਤੀਜਾ ਇਹ ਹੈ ਕਿ ਸਤਿਗੁਰੂ ਨੇ ਪੰਥ ਦਾ ਜੋ ਨਿਰਮਲ ਸਰੂਪ ਤਿਆਰ ਕੀਤਾ ਸੀ, ਉਹ ਕਿਤੇ ਗੁਆਚ ਗਿਆ ਹੈ, ਉਸ ਦੇ ਬਦਲੇ ਕੁੱਝ ਸੁਆਰਥੀ ਸਿਆਸੀ ਆਗੂਆਂ ਦੁਆਰਾ ਸਿੱਖੀ ਸਰੂਪ ਅਤੇ ਸਿਧਾਂਤਾਂ ਤੋਂ ਮੁਨਕਰ, ਸ਼ਰਾਬੀ ਅਤੇ ਐਯਾਸ਼ ਲੋਕਾਂ ਦਾ ਇੱਕ ਨਵਾਂ ਪੰਥ ਤਿਆਰ ਕਰ ਲਿਆ ਗਿਆ ਹੈ। ਕੌਮ ਦੀ ਸਭ ਤੋਂ ਵੱਡੀ ਤਰਾਸਦੀ ਇਹ ਹੈ ਕਿ ਅੱਜ ਇਹੀ ਅਖੌਤੀ ਪੰਥ ਪ੍ਰੱਮੁਖ ਪੰਥਕ ਸੰਸਥਾਵਾਂ ਤੇ ਕਾਬਜ਼ ਹੈ। ਇਨ੍ਹਾਂ ਆਗੂਆਂ ਨੇ ਆਪਣੇ ਰਾਜਨੀਤਕ ਹਿੱਤਾਂ ਲਈ ਕੌਮ ਦੇ ਹਿੱਤ ਪੰਥ ਦੋਖੀ ਸ਼ਕਤੀਆਂ ਕੋਲ ਗਹਿਣੇ ਰੱਖੇ ਹੋਏ ਹਨ, ਇਸ ਤਰ੍ਹਾਂ, ਇਨ੍ਹਾਂ ਦੀਆਂ ਤੜਾਵਾਂ ਪੰਥ ਦੋਖੀ ਸ਼ਕਤੀਆਂ ਦੇ ਹੱਥ ਵਿੱਚ ਹਨ। ਪ੍ਰਮੁੱਖ ਪੰਥਕ ਸੰਸਥਾਵਾਂ ਤੇ ਕਾਬਜ਼ ਹੋਣ ਕਾਰਨ, ਇਹੀ ਲੋਕ ਅੱਜ ਮਹੱਤਵਪੂਰਨ ਪੰਥਕ ਮੁੱਦਿਆਂ ਤੇ ਫੈਸਲੇ ਲੈਂਦੇ ਹਨ, ਜਿਸ ਦਾ ਭਰਪੂਰ ਅਸਰ ਮੌਜੂਦਾ ਕੌਮੀ ਸਰੂਪ ਅਤੇ ਕੌਮੀ ਭਵਿੱਖ ਤੇ ਪੈਂਦਾ ਹੈ। ਇਨ੍ਹਾਂ ਦੀਆਂ ਸੁਆਰਥੀ, ਕੌਮ ਮਾਰੂ ਨੀਤੀਆਂ ਕਾਰਨ, ਕੌਮ ਦੀ ਹੋਂਦ ਖਤਰੇ ਵਿੱਚ ਪੈ ਗਈ ਹੈ। ਬਹੁਤ ਸਾਰੇ ਭੋਲੇ ਗੁਰਸਿੱਖ ਸੁਆਰਥੀ ਆਗੂਆਂ ਦੀਆਂ ਚਿਕਨੀਆਂ ਚੋਪੜੀਆਂ ਅਤੇ ਭਾਵੁਕ ਗੱਲਾਂ ਵਿੱਚ ਆਕੇ ਇਨ੍ਹਾਂ ਦੇ ਮਗਰ ਲੱਗੇ ਹੋਏ ਹਨ। ਨਤੀਜਾ ਇਹ ਕਿ ਉਹ ਅਨਭੋਲ ਹੀ ਕੌਮੀ ਸੇਵਾ ਦੇ ਨਾਂ ਤੇ ਕੌਮ ਦਾ ਵੱਡਾ ਨੁਕਸਾਨ ਕਰੀ ਜਾ ਰਹੇ ਹਨ।

ਬੇਸ਼ਕ ਹਰ ਸਿੱਖ ਵਾਸਤੇ ਪੰਥ ਦੀ ਸੇਵਾ ਲਈ ਤੱਤਪਰ ਰਹਿਣਾ ਜ਼ਰੂਰੀ ਹੈ, ਪਰ ਪਹਿਲਾਂ ਪੰਥ ਦੀ ਪਹਿਚਾਣ ਕਰਨੀ ਉਤਨੀ ਹੀ ਜ਼ਰੂਰੀ ਹੈ। ਅਸਲ ਵਿੱਚ ਤਾਂ ਅੱਜ ਸਭ ਤੋਂ ਵੱਡੀ ਪੰਥਕ ਸੇਵਾ ਇਹ ਹੈ ਕਿ ਪੰਥ ਨੂੰ ਇਨ੍ਹਾਂ ਘਟੀਆ ਸੁਆਰਥੀ ਆਗੂਆਂ ਤੋਂ ਮੁਕਤ ਕਰਾਇਆ ਜਾਵੇ, ਪੰਥ ਦਾ ਮੂਲ ਨਿਰਮਲ ਸਰੂਪ ਉਭਾਰ ਕੇ, ਕੌਮੀ ਨਵ-ਉਸਾਰੀ ਦੇ ਕਾਰਜ ਲੱਗਿਆ ਜਾਵੇ।

‘ਗੁਰਦੁਆਰਿਆਂ ਦੀ ਟਹਿਲ ਲਈ ਤੱਤਪਰ ਰਹਿਣਾ` ਸਮਝਣ ਲਈ ਵੀ ਪਹਿਲਾਂ ਕੁੱਝ ਮੌਲਿਕ ਗੱਲਾਂ ਨੂੰ ਸਮਝਣਾ ਜ਼ਰੂਰੀ ਹੈ। ਗੁਰਦੁਆਰੇ ਦੀ ਸੰਸਥਾ ਦਾ ਸਿੱਖੀ ਦੇ ਵਿਕਾਸ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਹੈ। ਅੱਜ ਸਿੱਖੀ ਵਿੱਚ ਆਏ ਨਿਘਾਰ ਦਾ ਇੱਕ ਮੂਲ ਕਾਰਨ ਗੁਰਦੁਆਰੇ ਦੀ ਸੰਸਥਾ ਵਿੱਚ ਆਇਆ ਨਿਘਾਰ ਹੈ। ਅੱਜ ਜੋ ਹਾਲਾਤ ਪੰਥ ਦੇ ਹਨ, ਕੁੱਝ ਐਸੇ ਹੀ ਹਾਲਾਤ ਗੁਰਦੁਆਰੇ ਬਾਰੇ ਹਨ। ਗੁਰਦੁਆਰੇ ਦੀ ਸੇਵਾ ਬਾਰੇ ਵਿਚਾਰਨ ਤੋਂ ਪਹਿਲਾਂ ਗੁਰਦੁਆਰੇ ਦੇ ਵਿਕਾਸ ਬਾਰੇ ਸਮਝ ਲੈਣਾ ਜ਼ਰੂਰੀ ਹੈ। ਗੁਰੂ ਨਾਨਕ ਪਾਤਿਸ਼ਾਹ ਆਪਣੇ ਪ੍ਰਚਾਰ ਦੌਰਿਆਂ, ਜਿਨ੍ਹਾਂ ਨੂੰ ਅਸੀਂ ਉਦਾਸੀਆਂ ਕਹਿਕੇ ਯਾਦ ਕਰਦੇ ਹਾਂ, ਦੌਰਾਨ ਜਿਥੇ ਵੀ ਗਏ, ਉਥੇ ਉਨ੍ਹਾਂ ਸੰਗਤਾਂ ਕਾਇਮ ਕੀਤੀਆਂ, ਇਹ ਉਹ ਸਥਾਨ ਸਨ, ਜਿਥੇ ਨੇਮ ਨਾਲ ਸੰਗਤਾਂ ਜੁੜਦੀਆਂ। ਜਿਥੇ ਗੁਰੂ ਨਾਨਕ ਪਾਤਿਸ਼ਾਹ ਦੇ ਇਲਾਹੀ ਗਿਆਨ ਦੀ ਰੌਸ਼ਨੀ ਵਿੱਚ ਸਫਲ ਜੀਵਨ ਅਤੇ ਅਕਾਲ ਪੁਰਖ ਦੇ ਗੁਣਾਂ ਦੀ ਵਿਚਾਰ ਹੁੰਦੀ। ਅੱਜ ਵੀ ਕਈ ਜਗ੍ਹਾ ਤੇ ਸੰਗਤ ਦੇ ਨਾਂ ਤੇ ਗੁਰਦੁਆਰੇ ਵੇਖੇ ਜਾ ਸਕਦੇ ਹਨ। ਸਮਾਂ ਪਾਕੇ ਇਨ੍ਹਾਂ ਸੰਗਤਾਂ ਦਾ ਨਾਂ ਧਰਮਸਾਲ ਪੈ ਗਿਆ। ਸਾਲ ਵਿਦਿਅਕ ਕੇਂਦਰ ਨੂੰ ਕਹਿੰਦੇ ਹਨ, ਧਰਮਸਾਲ ਭਾਵ ਧਰਮ ਦਾ ਸਕੂਲ, ਜਿਥੇ ਧਰਮ ਪੜ੍ਹਾਇਆ ਜਾਂਦਾ ਹੈ। ਨਾਂ ਬਦਲ ਗਿਆ, ਪਰ ਕੰਮ ਨਹੀਂ ਬਦਲਿਆ। ਮਕਸਦ ਉਹੋ ਰਿਹਾ ਜੋ ਸੰਗਤ ਦਾ ਸੀ। ਹਾਂ ਦਾਇਰਾ ਪਹਿਲਾਂ ਨਾਲੋਂ ਕੁੱਝ ਮੋਕਲਾ ਹੋ ਗਿਆ। ਹੁਣ ਇਥੇ ਨਾਲ ਹੀ ਪੰਗਤ ਵੀ ਕਾਇਮ ਹੋ ਗਈ। ਲੋੜਵੰਦ ਨੂੰ ਲੰਗਰ ਅਤੇ ਰਹਿਣ ਨੂੰ ਠਾਹਰ ਵੀ ਪ੍ਰਾਪਤ ਹੋਣ ਲਗ ਪਈ। ਜਦੋਂ ਇਨ੍ਹਾਂ ਧਰਮਸਾਲਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਗਿਆ, ਇਸ ਦਾ ਨਾਂ ਗੁਰਦੁਆਰਾ ਬਣ ਗਿਆ। ਅਸਲ ਮਕਸਦ ਫੇਰ ਵੀ ਨਹੀਂ ਬਦਲਿਆ, ਹਾਂ ਦਾਇਰਾ ਹੋਰ ਫੈਲ ਗਿਆ, ਹੁਣ ਇਹ ਸਿੱਖ ਦੇ ਸਮਾਜਕ ਜੀਵਨ ਦਾ ਵੀ ਕੇਂਦਰ ਬਣ ਗਿਆ, ਇਥੇ ਸਿੱਖ ਦੇ ਜੰਮਣ ਤੋਂ ਬਾਅਦ ਨਾਮ ਸੰਸਕਾਰ ਤੋਂ ਲੈਕੇ ਮਰਨ ਤੱਕ ਅੰਤਿਮ ਅਰਦਾਸ ਤੱਕ ਦੇ ਸਾਰੇ ਸੰਸਕਾਰ ਵੀ ਹੋਣ ਲੱਗੇ। ਸੋ ਗੁਰਦੁਆਰਾ ਸਾਡਾ ਧਰਮ ਦਾ ਸਕੂਲ ਹੈ ਅਤੇ ਇਸ ਦਾ ਅਸਲੀ ਮਕਸਦ ਗੁਰਮਤਿ ਪੜ੍ਹਾਉਣਾ ਜਾਂ ਸਮਝਾਉਣਾ ਹੈ। ਇਹ ਕਿਸੇ ਤਰ੍ਹਾਂ ਵੀ ਪੂਜਾ ਦਾ ਸਥਾਨ ਨਹੀਂ। ਸਿੱਖ ਨੇ ਗੁਰਦੁਆਰੇ ਗੁਰੂ ਦਾ ਗਿਆਨ ਪ੍ਰਾਪਤ ਕਰਨ ਲਈ ਜਾਣਾ ਹੈ, ਨਾ ਕਿ ਪੂਜਾ ਕਰਨ ਲਈ। ਇਹ ਅਲੱਗ ਗੱਲ ਹੈ ਕਿ ਸਿੱਖੀ ਸਿਧਾਂਤਾਂ ਤੋਂ ਅਨਜਾਣ ਬਹੁਤੇ ਸਿੱਖ ਅਜ ਗੁਰਦੁਆਰੇ ਪੂਜਾ ਕਰਨ ਹੀ ਜਾਂਦੇ ਹਨ।

ਗੁਰਦੁਆਰੇ ਦੋ ਤਰ੍ਹਾਂ ਦੇ ਹਨ, ਇੱਕ ਇਤਿਹਾਸਕ, ਅਤੇ ਦੂਸਰੇ ਸਿੰਘ ਸਭਾ ਜਾਂ ਸੰਗਤੀ ਗੁਰਦੁਆਰੇ। ਇਤਿਹਾਸਕ ਉਹ ਸਥਾਨ ਹਨ, ਜਿਥੇ ਸਤਿਗੁਰੂ ਨੇ ਜਾਂ ਖਾਲਸੇ ਨੇ ਕੋਈ ਵਿਸ਼ੇਸ਼ ਖੇਲ ਵਰਤਾਇਆ, ਕੋਈ ਮਹੱਤਵ ਪੂਰਨ ਇਤਿਹਾਸਕ ਘਟਨਾ ਵਾਪਰੀ ਅਤੇ ਅਗਲੀਆਂ ਪੀੜ੍ਹੀਆਂ ਨੇ, ਉਸ ਦੀ ਯਾਦ ਵਿੱਚ, ਉਥੇ ਗੁਰਦੁਆਰਾ ਸਥਾਪਤ ਕਰ ਦਿੱਤਾ, ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਉਸ ਇਤਿਹਾਸਕ ਘਟਨਾ ਤੋਂ ਪ੍ਰੇਰਨਾ ਲੈ ਸਕਣ। ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਦੇ ਬਹੁਤੇ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੈ, ਇਸੇ ਤਰ੍ਹਾਂ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਕੋਲ ਹੈ। ਇਹੇ ਦੋਵੇਂ ਭਾਰਤੀ ਵਿੱਧੀ ਵਿਧਾਨ ਦੁਆਰਾ ਬਣਾਈਆਂ ਗਈਆਂ ਕਮੇਟੀਆਂ ਹਨ, ਜਿਨ੍ਹਾਂ ਦੀ ਚੋਣ ਵੋਟਾਂ ਰਾਹੀਂ ਹੁੰਦੀ ਹੈ। ਦੂਸਰੇ ਸੂਬਿਆਂ ਵਿੱਚ ਇਤਿਹਾਸਕ ਗੁਰਦੁਆਰਿਆਂ ਦੇ ਪ੍ਰਬੰਧ ਲਈ ਸੁਬਾਈ ਜਾਂ ਲੋਕਲ ਕਮੇਟੀਆਂ ਹਨ।

ਦੂਸਰੇ ਸਿੰਘ ਸਭਾ ਜਾਂ ਸੰਗਤੀ ਗੁਰਦੁਆਰੇ, ਜਿਥੇ ਵੀ ਸਿੱਖਾਂ ਦੀ ਕੁੱਝ ਵਸੋਂ ਹੁੰਦੀ ਹੈ, ਬਣਾ ਲਏ ਜਾਂਦੇ ਹਨ ਤਾਂ ਕਿ ਸੰਗਤਾਂ ਇਕੱਠੀਆਂ ਹੋਕੇ, ਸਤਿਸੰਗਤ ਕਰਕੇ, ਗੁਰਮਤਿ ਨਾਲ ਜੁੜੀਆਂ ਰਹਿਣ ਅਤੇ ਸਿੱਖਾਂ ਦੇ ਸਮਾਜਕ ਜੀਵਨ ਦੇ ਕਾਰਜਾਂ ਲਈ ਵੀ ਇੱਕ ਕੇਂਦਰ ਬਣ ਜਾਵੇ। ਇਨ੍ਹਾਂ ਗੁਰਦੁਆਰਿਆਂ ਦੇ ਪ੍ਰਬੰਧ ਵਾਸਤੇ ਇਲਾਕੇ ਦੀਆਂ ਸੰਗਤਾਂ ਵਲੋਂ ਪ੍ਰਬੰਧਕੀ ਕਮੇਟੀਆਂ ਬਣਾ ਲਈਆਂ ਜਾਂਦੀਆਂ ਹਨ, ਇਨ੍ਹਾਂ ਦੇ ਵਿਧੀ ਵਿਧਾਨ ਦਾ ਕੋਈ ਇੱਕ ਸਥਾਈ ਨੇਮ ਨਹੀਂ, ਕਈ ਤਰ੍ਹਾਂ ਦੇ ਵਿਧਾਨ ਚਲਦੇ ਹਨ।

ਗੁਰਦੁਆਰਾ ਇਤਿਹਾਸਕ ਹੋਵੇ ਜਾਂ ਸੰਗਤੀ, ਇੱਕ ਤਾਂ ਦੋਹਾਂ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਣਾ ਜ਼ਰੂਰੀ ਹੈ, ਦੂਸਰਾ ਇੱਕ ਹੋਰ ਕਾਰਜ ਦੋਹਾਂ ਲਈ ਸਾਂਝਾ ਹੈ, ਉਹ ਹੈ ਗੁਰਮਤਿ ਪ੍ਰਚਾਰ, ਤਾਂਕਿ ਸੰਗਤਾਂ ਉਥੋਂ ਸਤਿਗੁਰੂ ਦਾ ਇਲਾਹੀ ਗਿਆਨ ਪ੍ਰਾਪਤ ਕਰ ਸਕਣ। ਇਸੇ ਲਈ ਸਤਿਗੁਰੂ ਬਾਣੀ ਵਿੱਚ ਵੀ ਫੁਰਮਾਉਂਦੇ ਹਨ:

“ਗੁਰੂ ਦੁਆਰੈ ਹੋਇ ਸੋਝੀ ਪਾਇਸੀ।। ਏਤੁ ਦੁਆਰੈ ਧੋਇ ਹਛਾ ਹੋਇਸੀ।। “ {ਸੂਹੀ ਮਹਲਾ ੧, ਪੰਨਾ ੭੩੦}

ਗੱਲ ਬੜੀ ਸਪੱਸ਼ਟ ਹੈ ਕਿ ਸਿੱਖ ਨੇ ਗੁਰਦੁਆਰੇ ਸੋਝੀ ਭਾਵ ਗਿਆਨ ਪ੍ਰਾਪਤ ਕਰਨ ਲਈ ਜਾਣਾ ਹੈ ਅਤੇ ਗੁਰਬਾਣੀ ਦੇ ਇਸ ਇਲਾਹੀ ਗਿਆਨ ਦੁਆਰਾ ਆਪਣੇ ਵਿਕਾਰਾਂ ਨੂੰ ਧੋਕੇ, ਮਨ ਨੂੰ ਹੱਛਾ ਭਾਵ ਪਵਿੱਤਰ ਕਰਨ ਲਈ ਜਾਣਾ ਹੈ। ਇਸੇ ਲਈ ਗੁਰਦੁਆਰੇ ਦੀ ਮਰਿਯਾਦਾ ਵਿੱਚ, ਰੋਜ਼ ਨੇਮ ਨਾਲ ਕੀਰਤਨ ਅਤੇ ਗੁਰਮਤਿ ਵਿਚਾਰਾਂ ਦਾ ਹੋਣਾ ਲਾਜ਼ਮੀ ਹੈ। ਜਿਥੇ ਇਹ ਦੋਵੇਂ ਕਾਰਜ ਨੇਮ ਨਾਲ ਨਹੀਂ ਹੋ ਰਹੇ, ਸਪਸ਼ਟ ਹੈ ਕਿ ਉਥੇ ਮਰਿਯਾਦਾ ਦਾ ਪਾਲਨ ਨਹੀਂ ਹੋ ਰਿਹਾ। ਗੁਰਦੁਆਰੇ ਦੇ ਨਾਲ ਲੰਗਰ ਹੋਣਾ, ਯਾਤਰੂਆਂ ਦੇ ਠਹਿਰਨ ਦਾ ਪ੍ਰਬੰਧ ਹੋਣਾ, ਹਸਪਤਾਲ ਜਾਂ ਡਿਸਪੈਂਸਰੀ ਆਦਿ ਹੋਣਾ ਬਹੁਤ ਚੰਗੀ ਗੱਲ ਹੈ, ਪਰ ਇਹ ਗੁਰਮਤਿ ਪ੍ਰਚਾਰ ਦਾ ਬਦਲ ਨਹੀਂ ਹੋ ਸਕਦੇ। ਗੁਰਦੁਆਰੇ ਦਾ ਅਸਲ ਮਕਸਦ ਤਾਂ ਗੁਰਮਤਿ ਪ੍ਰਚਾਰ ਹੀ ਹੈ। ਕਿਸੇ ਤਰ੍ਹਾਂ ਵੀ ਗੁਰਦੁਆਰਾ ਪੂਜਾ ਦਾ ਸਥਾਨ ਨਹੀਂ ਹੈ। ਇਹ ਅਲੱਗ ਗਲ ਹੈ ਕਿ ਸਿੱਖ ਸਿਧਾਂਤਾਂ ਦੀ ਚੇਤਨਤਾ ਨਾ ਹੋਣ ਕਾਰਨ, ਵਿਰਲੇ ਸਿੱਖ ਹੀ ਗੁਰਦੁਆਰੇ ਗੁਰਮਤਿ ਦ੍ਰਿੜ ਕਰਨ ਲਈ ਜਾਂਦੇ ਹਨ, ਬਹੁਤੇ ਤਾਂ ਪੂਜਾ ਕਰਨ ਲਈ ਹੀ ਜਾਂਦੇ ਹਨ। ਉਸ ਤੋਂ ਵੀ ਵਧੇਰੇ ਦੁੱਖਦਾਈ ਗੱਲ ਇਹ ਹੈ ਕਿ ਬਹੁਤੇ ਗੁਰਦੁਆਰਿਆਂ ਵਿੱਚ ਗੁਰਮਤਿ ਪ੍ਰਚਾਰ ਵਾਸਤੇ ਪ੍ਰਚਾਰਕ ਹੀ ਨਹੀਂ। ਜਿਥੇ ਹਨ ਵੀ, ਯੋਗ ਪ੍ਰਚਾਰਕ ਤਾਂ ਬਹੁਤ ਹੀ ਘੱਟ ਗੁਰਦੁਆਰਿਆਂ ਵਿੱਚ ਹਨ।

ਇਕ ਤੀਸਰੇ ਤਰ੍ਹਾਂ ਦੇ ਗੁਰਦੁਆਰੇ ਬਣ ਗਏ ਹਨ, ਇਹ ਹਨ ਡੇਰੇ। ਵੈਸੇ ਤਾਂ ਇਨ੍ਹਾਂ ਨੂੰ ਗੁਰਦੁਆਰਾ ਕਹਿਣਾ ਹੀ ਠੀਕ ਨਹੀਂ, ਕਿਉਂਕਿ ਸਿਵਾਏ ਇਸ ਦੇ ਕਿ ਇਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੁੰਦਾ ਹੈ, ਇਹ ਹੋਰ ਕਿਸੇ ਤਰ੍ਹਾਂ ਵੀ ਗੁਰਦੁਆਰੇ ਦੀ ਪਰਿਭਾਸ਼ਾ ਉਤੇ ਖਰੇ ਨਹੀਂ ਉਤਰਦੇ। ਇਹ ਮੂਲ ਰੂਪ ਵਿੱਚ ਪੂਜਾ ਦੇ ਸਥਾਨ ਹਨ। ਹੋਰ ਤਾਂ ਹੋਰ ਇਥੇ ਪੂਜਾ ਵੀ ਸ਼ਖਸੀ ਕੀਤੀ ਜਾਂਦੀ ਹੈ। ਹਰ ਡੇਰੇ ਦਾ ਕੋਈ ਡੇਰੇਦਾਰ ਹੁੰਦਾ ਹੈ। ਜਿਸ ਨੂੰ ਸੰਤ, ਮਹੰਤ ਜਾਂ ਬਾਬਾ ਆਦਿ ਕਿਹਾ ਜਾਂਦਾ ਹੈ, ਅਸਲ ਵਿੱਚ ਉਸੇ ਦੀ ਪੂਜਾ ਹੁੰਦੀ ਹੈ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤਾਂ ਕੇਵਲ ਭੋਲੇ-ਭਾਲੇ ਲੋਕਾਂ ਨੂੰ ਭਰਮ ਜਾਲ ਵਿੱਚ ਫਸਾਉਣ ਲਈ ਕੀਤਾ ਜਾਂਦਾ ਹੈ, ਸੰਗਤਾਂ ਨੂੰ ਮੂਰਖ ਬਨਾਉਣ ਲਈ ਹੀ ਇਨ੍ਹਾਂ ਡੇਰਿਆਂ ਤੇ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਦਾ ਅਡੰਬਰ ਵੀ ਖੂਬ ਰਚਿਆ ਜਾਂਦਾ ਹੈ। ਅਸਲ ਵਿੱਚ ਤਾਂ ਇਹ ਧਰਮ ਦੇ ਨਾਂ ਤੇ ਖੋਲ੍ਹੀਆਂ ਗਈਆਂ ਦੁਕਾਨਾਂ ਹਨ। ਇਸੇ ਲਈ ਅੱਜਕੱਲ ਬਹੁਤ ਨਵੇਂ ਡੇਰੇ ਪ੍ਰਮੁਖ ਸੜਕਾਂ ਉਤੇ ਖੋਲ੍ਹੇ ਜਾਂਦੇ ਹਨ, ਤਾਂਕਿ ਮੁੱਖ ਮਾਰਗਾਂ ਤੋਂ ਲੰਘ ਰਹੇ ਲੋਕਾਂ ਨੂੰ ਆਪਣੇ ਵੱਲ ਖਿਚਿਆ ਜਾ ਸਕੇ। ਬਿਲਕੁਲ ਉਵੇਂ, ਜਿਵੇਂ ਕੋਈ ਦੁਕਾਨ ਖੋਲਣ ਲਈ ਮੁੱਖ ਮਾਰਕੀਟ ਨੂੰ ਪਹਿਲ ਦੇਂਦਾ ਹੈ। ਜੇ ਮਕਸਦ ਗੁਰਮਤਿ ਪ੍ਰਚਾਰ ਕਰਨਾ ਹੋਵੇ ਤਾਂ ਫੇਰ ਤਾਂ ਵਸੋਂ ਦੇ ਨੇੜੇ ਕੋਈ ਇਕਾਂਤ ਸਥਾਨ ਚੁਣਿਆ ਜਾਣਾ ਚਾਹੀਦਾ ਹੈ। ਅਸਲ ਵਿੱਚ ਇਹ ਡੇਰੇ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਹਿੰਦੂਤਵੀ ਤਾਕਤਾਂ ਦੇ ਏਜੰਟ ਹਨ, ਜੋ ਸਿੱਖ ਕੌਮ ਨੂੰ ਅਲੌਕਿਕ ਗੁਰਮਤਿ ਵਿਚਾਰਧਾਰਾ ਨਾਲੋਂ ਤੋੜ ਕੇ ਇਸਨੂੰ ਵਾਪਸ ਬ੍ਰਾਹਮਣੀ ਕਰਮਕਾਂਡਾਂ ਵਿੱਚ ਗਲਤਾਨ ਕਰਨ ਦਾ ਕੰਮ ਕਰ ਰਹੇ ਹਨ। ਬਹੁਤ ਗੁਰਦੁਆਰਿਆਂ ਵਿੱਚ ਵੀ ਇਨ੍ਹਾਂ ਡੇਰਿਆਂ ਤੋਂ ਸਿੱਿਖਆਂ ਲੈਕੇ ਆਏ ਨੀਮ ਹਕੀਮ ਪ੍ਰਚਾਰਕ ਬਣ ਕੇ ਬੈਠੇ ਹਨ, ਜੋ ਸੰਗਤਾਂ ਨੂੰ ਗੁਰਮਤਿ ਨਾਲ ਘੱਟ ਅਤੇ ਬ੍ਰਾਹਮਣੀ ਕਰਮਕਾਂਡਾਂ ਨਾਲ ਵਧੇਰੇ ਜੋੜ ਰਹੇ ਹਨ।

ਉਂਜ ਤਾਂ ਇਨ੍ਹਾਂ ਵਿਚੋਂ ਬਹੁਤੇ ਆਪ ਵੀ ਨਹੀਂ ਚਾਹੁੰਦੇ ਕਿ ਇਨ੍ਹਾਂ ਦੇ ਡੇਰੇ ਨੂੰ ਗੁਰਦਾਆਰਾ ਕਿਹਾ ਜਾਵੇ, ਕਿਉਂਕਿ ਇੱਕ ਤਾਂ ਇਹ ਆਪਣਾ ਵਖਰੇਵਾਂ ਬਣਾਈ ਰਖਣਾ ਚਾਹੁੰਦੇ ਹਨ, ਦੂਸਰਾ ਇਨ੍ਹਾਂ ਨੂੰ ਇਹ ਡਰ ਖਾਈ ਜਾਂਦਾ ਹੈ ਕਿ ਗੁਰਦੁਆਰਾ ਕਹਿਣ ਨਾਲ ਕਿਤੇ ਇਨ੍ਹਾਂ ਦੇ ਡੇਰੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਨਾ ਆ ਜਾਣ, ਕਈ ਇਸੇ ਡਰ ਤੋਂ ਨਿਸ਼ਾਨ ਸਾਹਿਬ ਵੀ ਨਹੀਂ ਲਾਉਂਦੇ, ਜੋ ਕਿ ਪੰਥਕ ਫੈਸਲੇ ਅਨੁਸਾਰ ਹਰ ਗੁਰਦੁਆਰੇ ਲਈ ਜ਼ਰੂਰੀ ਹੈ। ਇਸ ਲਈ ਇਹ ਇਨ੍ਹਾਂ ਸਥਾਨਾਂ ਨੂੰ ਡੇਰਾ, ਠਾਠ ਯਾ ਟਿਕਾਣਾ ਆਦਿ ਦੇ ਨਾਵਾਂ ਨਾਲ ਬੁਲਾਉਂਦੇ ਹਨ। ਇਹ ਡੇਰੇ, ਠਾਠ ਯਾ ਟਿਕਾਣੇ ਗੁਰਦੁਆਰਿਆਂ ਦੇ ਪੂਰਕ ਨਹੀਂ, ਬਲਕਿ ਸ਼ਰੀਕ ਹਨ। ਹਰ ਚੰਗੀ ਮਾਨਤਾ ਵਾਲੇ ਗੁਰਦੁਆਰੇ ਦੇ ਮੁਕਾਬਲੇ ਤੇ ਕੋਈ ਨਾ ਕੋਈ ਬਾਬਾ ਆਪਣਾ ਡੇਰਾ ਜ਼ਰੂਰ ਬਣਾ ਲੈਂਦਾ ਹੈ। ਇਥੋਂ ਤੱਕ ਕਿ ਕਈਆਂ ਨੇ ਤਾਂ ਆਪਣੇ ਡੇਰਿਆਂ ਨਾਲ ਆਪੇ ਘੜੇ ਇਤਿਹਾਸ ਵੀ ਜੋੜ ਲਏ ਹਨ।

ਇਨ੍ਹਾਂ ਡੇਰਿਆਂ ਦਾ ਪ੍ਰਬੰਧ ਇਨ੍ਹਾਂ ਦੇ ਮੁੱਖੀਆਂ ਦੇ ਹੱਥ ਹੀ ਹੁੰਦਾ ਹੈ। ਕਾਨੂੰਨੀ ਮਾਨਤਾ ਲੈਣ ਲਈ ਜਾਂ ਦੁਨੀਆਂ ਨੂੰ ਵਿਖਾਉਣ ਲਈ ਇਨ੍ਹਾਂ ਡੇਰਿਆਂ ਦੀ ਕੋਈ ਕਮੇਟੀ ਜਾਂ ਟਰੱਸਟ ਆਦਿ ਵੀ ਬਣਾ ਲਿਆ ਜਾਂਦਾ ਹੈ, ਪਰ ਇਹ ਸਭ ਖਾਨਾ ਪੂਰਤੀ ਲਈ ਹੀ ਹੁੰਦਾ ਹੈ, ਅਸਲ ਵਿੱਚ ਸਾਰਾ ਪ੍ਰਬੰਧ ਡੇਰੇ ਦੇ ਮੁੱਖੀ, ਜਿਸ ਨੂੰ ਆਮ ਤੌਰ ਤੇ ਸੰਤ, ਮਹੰਤ ਜਾਂ ਬਾਬਾ ਆਖਿਆ ਜਾਂਦਾ ਹੈ, ਦੇ ਹੱਥ ਹੀ ਹੁੰਦਾ ਹੈ ਅਤੇ ਉਸ ਡੇਰੇ ਦੀ ਸਾਰੀ ਜਾਇਦਾਦ ਅਤੇ ਆਮਦਨ ਵੀ ਉਸ ਡੇਰਾ ਮੁੱਖੀ ਦੀ ਨਿਜੀ ਹੁੰਦੀ ਹੈ।

ਹੁਣ ਗੱਲ ਗੁਰਦੁਆਰੇ ਦੀ ਸੇਵਾ ਦੀ ਕਰੀਏ। ਗੁਰਦੁਆਰੇ ਦੀ ਸੇਵਾ ਦੇ ਤਿੰਨ ਹਿੱਸੇ ਹਨ:

ਗੁਰਦੁਆਰੇ ਦਾ ਪ੍ਰਬੰਧ, ਗੁਰਦੁਆਰੇ ਵਿੱਚ ਗੁਰਮਤਿ ਪ੍ਰਚਾਰ ਅਤੇ ਗੁਰਦੁਆਰੇ ਦੀ ਇਮਾਰਤ ਨਾਲ ਜੁੜੀਆਂ ਸੇਵਾਵਾਂ।

ਪਹਿਲੇ ਦੋ, ਗੁਰਦੁਆਰੇ ਦਾ ਪ੍ਰਬੰਧ ਅਤੇ ਗੁਰਦੁਆਰੇ ਵਿੱਚ ਗੁਰਮਤਿ ਪ੍ਰਚਾਰ, ਆਪਸ ਵਿੱਚ ਪੂਰੀ ਤਰ੍ਹਾਂ ਜੁੜੇ ਹੋਏ ਹਨ, ਕਿਉਂਕਿ ਜੇ ਪ੍ਰਬੰਧਕ ਗੁਰਮਤਿ ਦੀ ਸੋਝੀ ਰਖਣ ਵਾਲੇ ਅਤੇ ਗੁਰਮਤਿ ਦੇ ਧਾਰਨੀ ਹੋਣਗੇ ਤਾਂ ਉਹ ਯੋਗ ਪ੍ਰਚਾਰਕ ਰਖਣਗੇ ਅਤੇ ਇਹ ਯਕੀਨੀ ਬਨਾਉਣਗੇ ਕਿ ਉਥੇ ਸਾਰੇ ਸੰਸਕਾਰ ਅਤੇ ਬਾਕੀ ਕਾਰਜ ਗੁਰਮਤਿ ਅਨੁਸਾਰ ਹੋਣ। ਇਸ ਤਰ੍ਹਾਂ ਜੇ ਇਹ ਕਹਿ ਲਿਆ ਜਾਵੇ ਕਿ ਗੁਰਦੁਆਰੇ ਦਾ ਪ੍ਰਚਾਰ, ਪ੍ਰਬੰਧ ਤੇ ਵਧੇਰੇ ਨਿਰਭਰ ਹੈ ਤਾਂ ਬਿਲਕੁਲ ਠੀਕ ਹੋਵੇਗਾ। ਇਸੇ ਤਰ੍ਹਾਂ ਜੇ ਗੁਰਦੁਆਰੇ ਦੇ ਪ੍ਰਬੰਧਕ ਯੋਗ ਅਤੇ ਇਮਾਨਦਾਰ ਹੋਣਗੇ ਤਾਂ ਉਹ ਗੁਰਦੁਆਰੇ ਦੀ ਆਮਦਨ ਦੀ ਯੋਗ ਵਰਤੋਂ ਕਰਨਗੇ।

ਗੁਰਦੁਆਰੇ ਦਾ ਪ੍ਰਬੰਧ ਅਗਰ ਗਲਤ ਹੱਥਾਂ ਵਿੱਚ ਚਲਾ ਜਾਵੇ ਤਾਂ ਕੌਮ ਦੀ ਬਰਬਾਦੀ ਹੋ ਸਕਦੀ ਹੈ। ਸਾਡੇ ਕੋਲ ਇੱਕ ਇਤਿਹਾਸਕ ਪ੍ਰਮਾਣ ਹੈ, 19ਵੀ ਸੱਦੀ ਵਿੱਚ ਜਦੋਂ ਸਿੱਖ ਕੌਮ ਜੰਗਾਂ ਜੁੱਧਾਂ ਵਿੱਚ ਫਸੀ ਹੋਈ ਸੀ, ਸਿੱਖ ਜੰਗਲਾਂ ਪਹਾੜਾਂ ਵਿੱਚ ਲੁੱਕ ਕੇ ਗੁਜਾਰਾ ਕਰਦੇ ਸਨ, ਘੋੜਿਆਂ ਦੀਆਂ ਕਾਠੀਆਂ ਹੀ ਉਨ੍ਹਾਂ ਦਾ ਘਰ ਹੁੰਦੇ ਸਨ, ਗੁਰਦੁਆਰਿਆਂ ਦੇ ਪ੍ਰਬੰਧ ਉਤੇ ਉਦਾਸੀ ਅਤੇ ਨਿਰਮਲੇ ਸਾਧਾਂ ਦਾ ਕਬਜ਼ਾ ਹੋ ਗਿਆ। ਇਹ ਲੋਕ ਪੂਰੀ ਤਰ੍ਹਾਂ ਬ੍ਰਾਹਮਣੀ ਰੰਗ ਵਿੱਚ ਰੰਗੇ ਹੋਏ ਦੋਗਲੇ ਸਿੱਖ ਸਨ। ਇਨ੍ਹਾਂ ਬ੍ਰਾਹਮਣੀ ਮਰਿਯਾਦਾਵਾਂ ਦਾ ਸਿੱਖੀ ਕਰਨ ਕਰਕੇ ਗੁਰਦੁਆਰਿਆਂ ਵਿੱਚ ਲਾਗੂ ਕਰਵਾ ਦਿੱਤੀਆਂ। ਜਿਹੜੇ ਕਰਮ ਬ੍ਰਾਹਮਣ ਮੰਦਰਾਂ ਵਿੱਚ ਆਪਣੇ ਮੰਤਰ ਰਟਦਿਆਂ ਕਰਦੇ ਸਨ, ਉਹੀ ਕਰਮ ਗੁਰਦੁਆਰਿਆਂ ਵਿੱਚ ਗੁਰਬਾਣੀ ਦੇ ਸ਼ਬਦ ਰਟਦੇ ਹੋਏ ਹੋਣ ਲੱਗੇ। ਇਥੋਂ ਤੱਕ ਕੇ 19ਵੀਂ ਸਦੀ ਦੇ ਅੰਤ ਕੋਲ, ਸਿੱਖੀ ਦੇ ਕੇਂਦਰ ਦਰਬਾਰ ਸਾਹਿਬ ਅੰਮ੍ਰਿਤਸਰ ਦੀਆਂ ਪ੍ਰਕਰਮਾਂ ਵਿੱਚ, ਕਈ ਅਨਮਤੀ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਸਥਾਪਤ ਕਰ ਦਿੱਤੀਆਂ ਗਈਆਂ। ਭੋਲੇ ਸਿੱਖ ਤਾਂ ਉਨ੍ਹਾਂ ਕਰਮਾਂ ਵਿੱਚ ਹੀ ਸ਼ਾਮਲ ਹੋਕੇ ਅਤੇ ਉਨ੍ਹਾਂ ਮਹੰਤਾਂ ਦੀ ਆਗਿਆ ਵਿੱਚ ਚੱਲ ਕੇ ਹੀ, ਆਪਣੇ ਧਰਮੀ ਅਤੇ ਚੰਗੇ ਸਿੱਖ ਹੋਣ ਦਾ ਭਰਮ ਪਾਲ ਰਹੇ ਸਨ। ਪਰ ਪਾਹੁਲ ਛਕੇ ਹੋਏ ਸੁਚੇਤ ਸਿੱਖਾਂ ਕੋਲੋਂ ਗੁਰਦੁਆਰਿਆਂ ਦੀ ਇਹ ਬੇਅਦਬੀ ਬਰਦਾਸ਼ਤ ਨਾ ਹੋਈ। 20ਵੀਂ ਸਦੀ ਦੇ ਸ਼ੁਰੂ ਵਿੱਚ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋਈ। ਕੁੱਝ ਸਾਲਾਂ ਦੀ ਜਦੋ ਜਹਿਦ ਵਿੱਚ ਸੁਚੇਤ ਸਿੱਖਾਂ ਨੇ ਸਮਝ ਲਿਆ ਕਿ ਇਹ ਮਹੰਤ, ਜਿਨ੍ਹਾਂ ਨੂੰ ਕਿਰਤੀ ਸਿੱਖਾਂ ਦੀ ਮਿਹਨਤ ਦੀ ਕਮਾਈ ਵਿੱਚੋਂ ਭੇਟ ਕੀਤੀ ਮਾਇਆ ਨਾਲ ਗੁਰਦੁਆਰਿਆਂ ਦੀਆਂ ਭਰੀਆਂ ਗੋਲਕਾਂ ਨਾਲ, ਐਯਾਸ਼ੀ ਕਰਨ ਦਾ ਸ਼ਂੌਕ ਪੈ ਗਿਆ ਹੈ, ਗੁਰਦੁਆਰਿਆਂ ਵਿੱਚੋਂ ਸੌਖੇ ਨਹੀਂ ਨਿਕਲਣ ਲੱਗੇ। ਉਹ ਜਾਣਦੇ ਸਨ ਕਿ ਗੁਰਦੁਆਰੇ ਅਜ਼ਾਦ ਕਰਾਏ ਬਿਨਾਂ ਸਿੱਖੀ ਦੇ ਨਿਰਮਲ ਸਰੂਪ ਨੂੰ ਸੁਰਜੀਤ ਨਹੀਂ ਕੀਤਾ ਜਾ ਸਕਦਾ। ਸਿੰਘ ਜਾਨਾਂ ਤਲੀ ਤੇ ਰੱਖ ਕੇ ਨਿਤਰੇ, ਸੈਂਕੜੇ ਸ਼ਹੀਦ ਹੋਏ, ਸੈਂਕੜਿਆਂ ਨੇ ਹੀ ਜ਼ੁਲਮ ਅਤੇ ਤਸ਼ੱਦਦ ਸਹਿਆ। ਭਾਵੇਂ ਸਮੇਂ ਦੀ ਅੰਗਰੇਜ਼ ਸਰਕਾਰ ਮਹੰਤਾਂ ਦੀ ਪਿੱਠ ਤੇ ਸੀ ਪਰ ਸਿੰਘਾਂ ਦੀ ਕੁਰਬਾਨੀ ਅੱਗੇ ਕੋਈ ਟਿੱਕ ਨਾ ਸਕਿਆ। ਬੇਅੰਤ ਕੁਰਬਾਨੀਆਂ ਕਰਨੀਆਂ ਪਈਆਂ ਪਰ ਗੁਰਦੁਆਰੇ ਅਜ਼ਾਦ ਹੋਕੇ ਪੰਥਕ ਪ੍ਰਬੰਧ ਵਿੱਚ ਆ ਗਏ। ਇਹ ਹੈ ਗੁਰਦੁਆਰਿਆਂ ਦੀ ਸੇਵਾ ਲਈ ਤੱਤਪਰ ਰਹਿਣਾ।

ਅੱਜ ਹਾਲਾਤ ਕੋਈ ਬਹੁਤੇ ਅਲੱਗ ਨਹੀਂ। ਗੁਰਦੁਆਰਾ ਸੁਧਾਰ ਲਹਿਰ ਵਿੱਚੋਂ ਨਿਕਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚਿਹਰਾ ਮੋਹਰਾ ਬਿਲਕੁਲ ਬਦਲ ਚੁੱਕਾ ਹੈ। ਅੱਜ ਫੇਰ ਗੁਰਦੁਆਰਿਆਂ ਉਤੇ ਸੁਆਰਥੀ ਅਤੇ ਠੱਗ ਪ੍ਰਵਿਰਤੀ ਵਾਲੇ ਲੋਕਾਂ ਦਾ ਕਬਜ਼ਾ ਹੈ। ਫਰਕ ਸਿਰਫ ਇਤਨਾ ਹੈ ਕਿ ਉਹ ਧਾਰਮਿਕ ਠੱਗ ਸਨ, ਇਹ ਰਾਜਨੀਤਿਕ ਠੱਗ ਹਨ। ਅੱਜ ਮੁੜ ਸਾਡੇ ਇਤਿਹਾਸਕ ਗੁਰਦੁਆਰਿਆਂ ਵਿੱਚੋਂ ਗੁਰਬਾਣੀ ਦੇ ਗਿਆਨ ਨਾਲ ਸੁਗੰਧਤ ਠੰਡੀ ਗੁਰਮਤਿ ਪੌਣ ਵਗਣ ਦੀ ਬਜਾਏ, ਬ੍ਰਾਹਮਣੀ ਰੰਗਾਂ ਵਿੱਚ ਰੰਗਿਆ ਹੋਇਆ ਕਰਮਕਾਂਡੀ ਤੁਫਾਨ ਝੁਲ ਰਿਹਾ ਹੈ, ਜੋ ਸਾਰੀ ਸਿੱਖ ਕੌਮ ਨੂੰ ਖਾਰੇ ਬ੍ਰਾਹਮਣੀ ਸਾਗਰ ਵਿੱਚ ਗਰਕ ਕਰ ਦੇਣਾ ਚਾਹੁੰਦਾ ਹੈ। ਇਹ ਹਾਲਤ ਪ੍ਰਮੁਖ ਇਤਿਹਾਸਕ ਗੁਰਦੁਆਰਿਆਂ ਦੀ ਹੈ, ਜਿਥੋਂ ਆਮ ਸਿੱਖ ਨੇ ਅਗਵਾਈ ਲੈਣੀ ਹੁੰਦੀ ਹੈ। ਇਸ ਦਾ ਪ੍ਰਭਾਵ ਜਿੱਥੇ ਆਮ ਸੰਗਤੀ ਗੁਰਦੁਆਰਿਆਂ ਤੇ ਵੀ ਪੈਂਦਾ ਹੈ ਉਥੇ ਆਮ ਸਿੱਖ ਦਾ ਜੀਵਨ ਵੀ ਪ੍ਰਭਾਵਤ ਹੁੰਦਾ ਹੈ।

ਪ੍ਰਬੰਧ ਦੇ ਮਾਮਲੇ ਵਿੱਚ ਹਾਲਾਤ ਬਹੁਤੇ ਸੰਗਤੀ ਗੁਰਦੁਆਰਿਆਂ ਵਿੱਚ ਵੀ ਬਹੁਤੇ ਅਲੱਗ ਨਹੀਂ। ਇਥੇ ਵੀ ਬਹੁਤੇ ਰਾਜਨੀਤਕ ਜਾਂ ਲੱਠਮਾਰ ਜਾਂ ਧਨਾਡ ਲੋਕ ਕਾਬਜ਼ ਹਨ। ਬਹੁਤੀ ਸਮੱਸਿਆ ਇਸ ਗੱਲ ਦੀ ਨਹੀਂ ਕਿ ਇਹ ਲੋਕ ਰਾਜਨੀਤਕ ਜਾਂ ਲੱਠਮਾਰ ਜਾਂ ਧਨਾਡ ਹਨ, ਸਮੱਸਿਆ ਇਹ ਹੈ ਕਿ ਇਹ ਪ੍ਰਬੰਧਕ ਗੁਰਮਤਿ ਸਿਧਾਤਾਂ ਤੋਂ ਬਿਲਕੁਲ ਕੋਰੇ ਹਨ, ਅਤੇ ਇਨ੍ਹਾਂ ਦੀ ਇਮਾਨਦਾਰੀ ਗੁਰਮਤਿ ਸਿਧਾਂਤਾਂ ਪ੍ਰਤੀ ਘੱਟ ਅਤੇ ਆਪਣੀ ਚੌਧਰ ਪ੍ਰਤੀ ਵਧੇਰੇ ਹੈ। ਬਹੁਤੇ ਗੁਰਦੁਆਰੇ ਅੱਜ ਗੁਰਮਤਿ ਪ੍ਰਚਾਰ ਦੇ ਕੇਂਦਰ ਘੱਟ ਅਤੇ ਪੂਜਾ ਦੇ ਸਥਾਨ ਵਧੇਰੇ ਬਣ ਗਏ ਹਨ। ਪ੍ਰਬੰਧਕ ਇਸ ਰੁਝਾਨ ਨੂੰ ਠੱਲ ਪਾਉਣ ਦੀ ਬਜਾਏ, ਇਸ ਨੁੰ ਉਤਸ਼ਾਹਤ ਕਰਦੇ ਹਨ, ਕਿਉਂਕਿ ਉਨ੍ਹਾਂ ਨੂੰ ਵਧੇਰੇ ਖਤਰਾ ਇਸ ਗੱਲ ਦਾ ਹੈ ਕਿ ਇਸ ਨਾਲ ਕਿਤੇ ਗੁਰਦੁਆਰੇ ਦੀ ਆਮਦਨ ਨਾ ਘੱਟ ਜਾਵੇ, ਇਸ ਤਰ੍ਹਾਂ ਗੁਰਦੁਆਰੇ ਵੀ ਵਪਾਰਕ ਕੇਂਦਰ ਬਣ ਗਏ ਹਨ। ਜੋ ਖੰਡੇ ਬਾਟੇ ਦੀ ਪਾਹੁਲ ਪ੍ਰਾਪਤ ਕਰਕੇ, ਗੁਰਦੁਆਰਿਆਂ ਦੀ ਟਹਿਲ ਲਈ ਤੱਤਪਰ ਰਹਿਣਾ ਚਾਹੁੰਦੇ ਹਨ, ਅੱਜ ਫਿਰ ਉਨ੍ਹਾਂ ਦੀ ਪਹਿਲ ਗੁਰਧਾਮਾਂ ਨੂੰ ਇਨ੍ਹਾਂ ਠੱਗਾਂ ਤੋਂ ਮੁਕਤ ਕਰਾਉਣ ਦੀ ਹੋਣੀ ਚਾਹੀਦੀ ਹੈ। ਹੋਰ ਸੇਵਾਵਾਂ ਵੀ ਮਹੱਤਵਪੂਰਨ ਹੋ ਸਕਦੀਆਂ ਹਨ, ਪਰ ਜੇ ਗੁਰਧਾਮਾਂ ਨੂੰ ਸੁਆਰਥੀ ਲੋਕਾਂ ਤੋਂ ਮੁਕਤ ਨਹੀਂ ਕਰਾਇਆ ਜਾਂਦਾ ਤਾਂ ਉਸ ਦਾ ਪ੍ਰਭਾਵ ਪੰਥ ਤੇ ਬਹੁਤਾ ਹਾਂ ਪੱਖੀ ਨਹੀਂ ਹੋ ਸਕਦਾ।

ਗੁਰਦੁਆਰੇ ਦੀ ਇਮਾਰਤ ਦੀ ਆਪਣੀ ਮਹਤੱਤਾ ਹੈ, ਕਿਉਂਕਿ ਸੰਗਤਾਂ ਦਾ ਇਕੱਠ ਤਾਂ ਇਮਾਰਤ ਵਿੱਚ ਹੀ ਹੋਣਾ ਹੈ। ਸੰਗਤਾਂ ਨੇ ਸਵੇਰੇ ਸ਼ਾਮ ਗੁਰਮਤਿ ਗਿਆਨ ਪ੍ਰਾਪਤ ਕਰਨ ਲਈ ਇਕੱਠਾ ਹੋਣਾ ਹੈ, ਇਸ ਤੋਂ ਇਲਾਵਾ ਕਿਸੇ ਸਮਾਜਕ ਸੰਸਕਾਰ ਲਈ ਵੀ ਇਕੱਠ ਹੁੰਦੇ ਰਹਿੰਦੇ ਹਨ, ਇਸ ਲਈ ਚਾਹੀਦਾ ਇਹ ਹੈ ਕਿ ਗੁਰਦੁਆਰੇ ਦਾ ਹਾਲ ਸਾਫ-ਸੁਥਰਾ, ਹਵਾਦਾਰ ਅਤੇ ਇਤਨੇ ਕੁ ਵੱਡੇ ਅਕਾਰ ਦਾ ਹੋਵੇ ਕਿ ਇਲਾਕੇ ਦੀ ਸੰਗਤ ਉਸ ਵਿੱਚ ਸਮਾ ਸਕੇ। ਲੰਗਰ ਵੀ ਗੁਰਦੁਆਰੇ ਦਾ ਅਨਿਖੜਵਾਂ ਅੰਗ ਬਣ ਚੁੱਕਾ ਹੈ, ਇਸ ਲਈ ਰਸੋਈ ਅਤੇ ਲੰਗਰ ਹਾਲ ਵੀ ਗੁਰਦੁਆਰੇ ਦੀ ਲੋੜ ਹੈ। ਯਾਤਰੂਆਂ ਦੇ ਠਹਿਰਨ ਲਈ ਚੰਗੇ ਕਮਰੇ ਹੋਣਾ ਵੀ ਬਹੁਤ ਵਧੀਆ ਗੱਲ ਹੈ। ਜਗ੍ਹਾ ਹੋਣ ਤੇ ਗੁਰਦੁਆਰੇ ਦੇ ਨਾਲ ਹਸਪਤਾਲ ਜਾਂ ਡਿਸਪੈਂਸਰੀ ਆਦਿ ਵੀ ਚੰਗੀ ਸੇਵਾ ਹੈ ਅਤੇ ਇਨ੍ਹਾਂ ਸੇਵਾਵਾਂ ਵਿੱਚ ਸ਼ਰੀਰਕ ਅਤੇ ਮਾਇਕ ਯੋਗਦਾਨ ਪਾਉਣਾ ਵੀ ਸਿੱਖ ਦਾ ਫਰਜ਼ ਹੈ, ਪਰ ਇਹ ਗੱਲ ਸਮਝਣੀ ਜ਼ਰੂਰੀ ਹੈ ਕਿ ਗੁਰਦੁਆਰੇ ਦਾ ਅਸਲੀ ਮਕਸਦ ਸਤਿਗੁਰੂ ਦੇ ਇਲਾਹੀ ਗਿਆਨ ਦਾ ਪ੍ਰਚਾਰ ਕਰਨਾ ਹੈ। ਜੇ ਗੁਰਦੁਆਰੇ ਵਿੱਚ ਗੁਰਮਤਿ ਦਾ ਪ੍ਰਚਾਰ ਨਹੀਂ ਹੋ ਰਿਹਾ ਤਾਂ ਬਾਕੀ ਸਭ ਸੇਵਾਵਾਂ ਨਿਰਾਰਥ ਹਨ। ਅੱਜ ਬਹੁਤ ਗੁਰਸਿੱਖ ਸਮਝਦੇ ਹਨ ਕਿ ਗੁਰਦੁਆਰੇ ਜਾਕੇ ਕੇਵਲ ਭਾਂਤ ਭਾਂਤ ਦੀਆਂ ਸੇਵਾਵਾਂ ਵਿੱਚ ਯੋਗਦਾਨ ਪਾਉਣਾ ਹੀ ਸਭ ਤੋਂ ਉਤਮ ਕੰਮ ਹੈ, ਉਹ ਜੋੜੇ ਝਾੜਨ/ਸੰਭਾਲਣ, ਲੰਗਰ, ਸਫਾਈ ਆਦਿ ਸੇਵਾਵਾਂ ਵਿੱਚ ਹੀ ਲੱਗੇ ਰਹਿੰਦੇ ਹਨ, ਗੁਰਦੁਆਰਾ ਸਾਹਿਬ ਜਾ ਕੇ ਵੀ ਸਤਿਸੰਗਤ ਨਹੀਂ ਕਰਦੇ। ਨਤੀਜਾ ਇਹ ਕਿ ਸਾਰਾ ਜੀਵਨ ਗੁਰਦੁਆਰੇ ਜਾ ਕੇ ਵੀ ਸਤਿਗੁਰੂ ਦੇ ਇਲਾਹੀ ਗਿਆਨ ਤੋਂ ਵਾਂਝੇ ਰਹਿੰਦੇ ਹਨ। ਸਤਿਗੁਰੂ ਸਾਨੂੰ ਸਮਝਾਉਂਦੇ ਬਖਸ਼ਿਸ਼ ਕਰਦੇ ਹਨ ਕਿ ਸਤਿਸੰਗਤ ਵਿੱਚ ਜੁੜ ਬੈਠ ਕੇ ਅਕਾਲ-ਪੁਰਖ ਦੇ ਗੁਣਾਂ ਦੀ ਵਿਚਾਰ ਕਰਨੀ ਵੀ ਜ਼ਰੂਰੀ ਹੈ:

“ਗੁਰ ਕੀ ਸੇਵਾ ਸਦਾ ਸੁਖੁ ਪਾਏ।। ਸੰਤ ਸੰਗਤਿ ਮਿਲਿ ਹਰਿ ਗੁਣ ਗਾਏ।। ਨਾਮੇ ਨਾਮਿ ਕਰੇ ਵੀਚਾਰੁ।। ਆਪਿ ਤਰੈ ਕੁਲ ਉਧਰਣਹਾਰੁ।। ੩।। “ {ਆਸਾ ਮਹਲਾ ੩, ਪੰਨਾ ੩੬੨}

ਜੇਹੜਾ ਮਨੁੱਖ ਗੁਰੂ ਦੀ ਦੱਸੀ ਸੇਵਾ ਕਰਦਾ ਹੈ ਉਹ ਸਦਾ ਆਤਮਕ ਆਨੰਦ ਮਾਣਦਾ ਹੈ (ਕਿਉਂਕਿ) ਸਾਧ ਸੰਗਤਿ ਵਿੱਚ ਮਿਲ ਕੇ ਉਹ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ (ਸਿਫ਼ਤਿ-ਸਾਲਾਹ ਕਰਦਾ ਰਹਿੰਦਾ ਹੈ)। ਉਹ ਸਦਾ ਪਰਮਾਤਮਾ ਦੇ ਨਾਮ ਵਿੱਚ ਜੁੜ ਕੇ (ਪਰਮਾਤਮਾ ਦੇ ਗੁਣਾਂ ਦੀ) ਵਿਚਾਰ ਕਰਦਾ ਹੈ। (ਇਸ ਤਰ੍ਹਾਂ) ਉਹ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ਤੇ ਆਪਣੀਆਂ ਕੁਲਾਂ ਨੂੰ ਪਾਰ ਲੰਘਾਣ ਜੋਗਾ ਹੋ ਜਾਂਦਾ ਹੈ। ੩।

ਸਿੱਖ ਕੌਮ ਵਿੱਚ ਦਸਵੰਧ ਦੇ ਸੰਕਲੱਪ ਦਾ ਅਧਾਰ ਗੁਰੂ ਨਾਨਕ ਪਾਤਿਸ਼ਾਹ ਦੀਆਂ ਇਹ ਪਾਵਨ ਪੰਕਤੀਆਂ ਹਨ:

“ਘਾਲਿ ਖਾਇ ਕਿਛੁ ਹਥਹੁ ਦੇਇ।। ਨਾਨਕ ਰਾਹੁ ਪਛਾਣਹਿ ਸੇਇ।। ੧।। “ (ਸਲੋਕ ਮਃ ੧, ਪੰਨਾ ੧੨੪੫)

ਜੋ ਜੋ ਮਨੁੱਖ ਮਿਹਨਤ ਨਾਲ ਕਮਾ ਕੇ (ਆਪ) ਖਾਂਦਾ ਹੈ ਤੇ ਉਸ ਕਮਾਈ ਵਿਚੋਂ ਕੁੱਝ (ਹੋਰਨਾਂ ਨੂੰ ਭੀ) ਦੇਂਦਾ ਹੈ, ਹੇ ਨਾਨਕ! ਅਜੇਹੇ ਬੰਦੇ ਹੀ ਜ਼ਿੰਦਗੀ ਦਾ ਸਹੀ ਰਸਤਾ ਪਛਾਣਦੇ ਹਨ। ੧।

ਇਹ ਇਤਨਾ ਲਾਜੁਆਬ ਸੰਕਲਪ ਹੈ ਕਿ ਸਤਿਗੁਰੂ ਨੇ ਇਸ ਦੇ ਜ਼ਰੀਏ, ਲੋਕਾਈ ਦੀ ਪਾਣੀ ਦੀ ਥੁੜ੍ਹ ਪੂਰੀ ਕਰਨ ਲਈ ਅਨੇਕਾਂ ਖੂਹ ਲਵਾਏ, ਸਰੋਵਰ ਬਣਵਾਏ, ਵੱਡੇ ਵੱਡੇ ਨਗਰ ਵਸਾਏ, ਹਸਪਤਾਲ ਬਣਵਾਏ, ਧਰਮਸਾਲਾ ਬਣਵਾਈਆਂ, ਹਰ ਤਰ੍ਹਾਂ ਨਾਲ ਲੋੜਵੰਦਾਂ ਦੀ ਮੱਦਦ ਕੀਤੀ। ਗੁਰ-ਇਤਿਹਾਸ ਵਿੱਚੋਂ ਸਾਡੇ ਕੋਲ ਇੱਕ ਬਹੁਤ ਵਧੀਆ ਪ੍ਰਮਾਣ ਹੈ। ਲਾਹੌਰ ਵਿੱਚ ਮਹਾਂਮਾਰੀ ਫੈਲ ਗਈ ਤਾਂ ਗੁਰੂ ਅਰਜਨ ਪਾਤਿਸ਼ਾਹ ਆਪਣੇ ਪਰਿਵਾਰ ਸਮੇਤ ਲਾਹੌਰ ਆਕੇ ਰੋਗੀਆਂ ਦੀ ਸੇਵਾ ਸੰਭਾਲ ਵਿੱਚ ਜੁਟ ਗਏ। ਰੋਗੀਆਂ ਲਈ ਦਵਾਈਆਂ ਦਾ ਪ੍ਰਬੰਧ ਕੀਤਾ, ਜਿਹੜੇ ਮਰ ਗਏ ਸਨ, ਉਨ੍ਹਾਂ ਲਈ ਸਸਕਾਰ ਆਦਿ ਦਾ ਪ੍ਰਬੰਧ ਕੀਤਾ, ਉਨ੍ਹਾਂ ਦੇ ਪਰਿਵਾਰਾਂ ਲਈ ਲੰਗਰ ਪਾਣੀ ਦਾ ਪ੍ਰਬੰਧ ਕੀਤਾ। ਸੁਭਾਵਕ ਹੈ, ਇਤਨੇ ਵੱਡੇ ਕਾਰਜ ਵਿੱਚ ਮਾਇਆ ਦੀ ਥੁੜ੍ਹ ਆ ਗਈ, ਤਾਂ ਕੁੱਝ ਸਰਕਰਦਾ ਸਿੱਖਾਂ ਨੂੰ ਅੰਮ੍ਰਿਤਸਰ ਭੇਜਿਆ ਕਿ ਜੋ ਮਾਇਆ ਦਰਬਾਰ ਸਾਹਿਬ ਦੀ ਇਮਾਰਤ ਤਿਆਰ ਕਰਾਉਣ ਲਈ ਇਕੱਤਰ ਕੀਤੀ ਹੈ, ਉਹ ਲੈ ਆਓ। ਕੁੱਝ ਸਿੱਖਾਂ ਹੈਰਾਨ ਹੋ ਪੁਛਿਆ, ਕਿ ਸਤਿਗੁਰੂ ਉਹ ਤਾਂ ਦਰਬਾਰ ਸਾਹਿਬ ਉਸਾਰਨ ਵਾਸਤੇ ਇਕੱਤਰ ਹੋਈ ਹੈ? ਤਾਂ ਸਤਿਗੁਰੂ ਨੇ ਫੁਰਮਾਇਆ, ਦਰਬਾਰ ਸਾਹਿਬ ਵਾਸਤੇ ਹੋਰ ਮਾਇਆ ਆ ਜਾਵੇਗੀ, ਇਮਾਰਤ ਕੁੱਝ ਦਿਨ ਰੁਕ ਕੇ ਬਣਾ ਲਈ ਜਾਵੇਗੀ, ਪਹਿਲਾਂ ਇਨ੍ਹਾਂ ਦੁਖਿਆਰਿਆਂ ਦੀ ਸੇਵਾ ਸੰਭਾਲ ਕਰਨੀ ਜ਼ਰੂਰੀ ਹੈ

ਦਸਵੰਧ ਦੀ ਇਸ ਸੰਸਥਾ ਦੀ ਯੋਗ ਵਰਤੋਂ ਕਰਕੇ ਅੱਜ ਵੀ ਮਨੁੱਖਤਾ ਦਾ ਵੱਡਾ ਭਲਾ ਕੀਤਾ ਜਾ ਸਕਦਾ ਹੈ। ਸਾਡੇ ਪਾਸ ਪ੍ਰਮਾਣ ਹੈ ਕਿ ਭਗਤ ਪੂਰਨ ਸਿੰਘ ਜੀ ਨੇ ਇਸ ਦੀ ਯੋਗ ਵਰਤੋਂ ਨਾਲ ਪਿੰਗਲਵਾੜਾ ਸਥਾਪਤ ਕਰਕੇ ਕੇਵਲ ਸਿੱਖ ਕੌਮ ਤੇ ਨਹੀਂ, ਮਨੁੱਖਤਾ ਤੇ ਇੱਕ ਵੱਡਾ ਪਰਉਪਕਾਰ ਕੀਤਾ ਹੈ। ਇਸ ਦੀ ਯੋਗਵਰਤੋਂ ਦਾ ਕੇਂਦਰ ਗੁਰਦੁਆਰਾ ਹੀ ਹੋਣਾ ਚਾਹੀਦਾ ਹੈ ਪਰ ਇਹ ਅਤਿ ਦੁਖਦਾਈ ਗੱਲ ਹੈ ਕਿ ਸਿੱਖ ਦੀ ਪਵਿੱਤਰ ਭਾਵਨਾ ਨਾਲ ਗੁਰੂ ਨੂੰ ਭੇਟ ਕੀਤੀ ਮਾਇਆ ਦੀ ਬਹੁਤ ਦੁਰਵਰਤੋਂ ਹੋ ਰਹੀ ਹੈ।

ਦਾਸ ਨੇ ਆਪਣੀ ਅੱਖੀਂ ਵੇਖਿਆ ਹੈ ਕਿ ਬਹੁਤ ਸਾਰੇ ਸਿਆਸੀ ਆਗੂਆਂ ਦੀ ਰਾਜਨੀਤਕ ਚੋਣਾਂ ਸਮੇਂ ਗੁਰਦੁਆਰਿਆਂ ਦੀ ਮਾਇਆ ਤੋਂ ਉਨ੍ਹਾਂ ਦੇ ਵਰਕਰਾਂ ਦੇ ਖਾਣੇ-ਖਰਚੇ ਚਲਦੇ ਹਨ, ਉਨ੍ਹਾਂ ਦੀਆਂ ਸਿਆਸੀ ਕਾਨਫਰੰਸਾਂ ਵਾਸਤੇ ਤੰਬੂ-ਕਨਾਤਾਂ, ਸਟੇਜਾਂ ਆਦਿ ਦੇ ਖਰਚੇ ਚਲਦੇ ਹਨ। ਸ਼੍ਰੋਮਣੀ ਕਮੇਟੀ ਅੰਦਰ ਮਚੀ ਲੁੱਟ-ਖਸੁੱਟ ਤੋਂ ਤਾਂ ਅੱਜ ਬਹੁਤੇ ਸੁਚੇਤ ਸਿੱਖ ਜਾਣੂ ਹਨ ਪਰ ਹੈਰਾਨਗੀ ਇਸ ਗੱਲ ਦੀ ਹੈ ਕਿ ਇਹ ਸਭ ਕੁੱਝ ਵੇਖਦੇ ਹੋਏ ਵੀ ਸ਼੍ਰੋਮਣੀ ਕਮੇਟੀ ਦਾ ਬਜਟ ਹਰ ਸਾਲ ਕਰੋੜਾਂ ਰੁਪਏ ਵੱਧ ਜਾਂਦਾ ਹੈ। ਅਸਲ ਵਿੱਚ ਭੋਲੇ ਸਿੱਖਾਂ ਦੀ ਇਹ ਭਾਵਨਾ ਹੈ ਕਿ ਉਹ ਗੁਰੂ ਨੂੰ ਦਾਨ ਦੇ ਰਹੇ ਹਨ, ਭੇਟਾ ਕਰ ਰਹੇ ਹਨ। ਭੋਲੇ ਲੋਕ ਇਹ ਨਹੀਂ ਸਮਝਦੇ ਕਿ ਉਹ ਤਾਂ ਆਪ ਸਭ ਤੋਂ ਵੱਡਾ ਦਾਤਾ ਹੈ, ਉਸ ਨੂੰ ਅਸੀਂ ਕੀ ਦਾਨ ਦੇ ਸਕਦੇ ਹਾਂ? ਗੁਰਬਾਣੀ ਦਾ ਫੁਰਮਾਨ ਹੈ:

“ਦਦਾ ਦਾਤਾ ਏਕੁ ਹੈ ਸਭ ਕਉ ਦੇਵਨਹਾਰ।। ਦੇਂਦੇ ਤੋਟਿ ਨ ਆਵਈ ਅਗਨਤ ਭਰੇ ਭੰਡਾਰ।। “ {ਗਉੜੀ ਬਾਵਨ ਅਖਰੀ ਮਹਲਾ ੫, ਪੰਨਾ ੨੫੭}

ਇਕ ਪ੍ਰਭੂ ਹੀ (ਐਸਾ) ਦਾਤਾ ਹੈ ਜੋ ਸਭ ਜੀਵਾਂ ਨੂੰ ਰਿਜ਼ਕ ਅਪੜਾਣ ਦੇ ਸਮਰਥ ਹੈ, ਉਸ ਦੇ ਬੇਅੰਤ ਖ਼ਜ਼ਾਨੇ ਭਰੇ ਪਏ ਹਨ, ਵੰਡਦਿਆਂ ਖ਼ਜ਼ਾਨਿਆਂ ਵਿੱਚ ਤੋਟ ਨਹੀਂ ਆਉਂਦੀ।

ਇਸੇ ਵਾਸਤੇ ਸਤਿਗੁਰੂ ਸਾਨੂੰ ਸਮਝਾਉਂਦੇ ਹਨ ਕਿ ਉਹ ਦਾਤਾ ਜੋ ਸਾਰੇ ਜੀਵਾਂ ਦੀ ਪ੍ਰਤਿਪਾਲਨਾ ਕਰ ਰਿਹਾ ਹੈ, ਤੂੰ ਉਸ ਨੂੰ ਕੀ ਭੇਟ ਕਰਨ ਦੇ ਸਮਰੱਥ ਹੈਂ? ਉਸ ਦੇ ਸਾਹਮਣੇ ਤੇਰੇ ਦਾਨ ਦੀ ਕੀ ਔਕਾਤ ਹੈ:

“ਨਿਤ ਨਿਤ ਜੀਅੜੇ ਸਮਾਲੀਅਨਿ ਦੇਖੈਗਾ ਦੇਵਣਹਾਰੁ।। ਤੇਰੇ, ਦਾਨੈ ਕੀਮਤਿ ਨ ਪਵੈ, ਤਿਸੁ ਦਾਤੇ ਕਵਣੁ ਸੁਮਾਰੁ।। “ {ਰਾਗੁ ਗਉੜੀ ਦੀਪਕੀ, ਮਹਲਾ ੧, ਪੰਨਾ ੧੨}

(ਹੇ ਜਿੰਦੇ! ਜਿਸ ਖਸਮ ਦੀ ਹਜ਼ੂਰੀ ਵਿਚ) ਸਦਾ ਹੀ ਜੀਵਾਂ ਦੀ ਸੰਭਾਲ ਹੋ ਰਹੀ ਹੈ, ਜੋ ਦਾਤਾਂ ਦੇਣ ਵਾਲਾ ਮਾਲਕ (ਹਰੇਕ ਜੀਵ ਦੀ) ਸੰਭਾਲ ਕਰਦਾ ਹੈ, (ਜਿਸ ਦਾਤਾਰ ਦੀਆਂ) ਦਾਤਾਂ ਦਾ ਮੁੱਲ (ਹੇ ਜਿੰਦੇ!) ਤੇਰੇ ਪਾਸੋਂ ਨਹੀਂ ਪੈ ਸਕਦਾ, ਉਸ ਦਾਤਾਰ ਦਾ ਭੀ ਕੀਹ ਅੰਦਾਜ਼ਾ (ਤੂੰ ਲਾ ਸਕਦੀ ਹੈਂ) ? (ਉਹ ਦਾਤਾਰ-ਪ੍ਰਭੂ ਬਹੁਤ ਬੇਅੰਤ ਹੈ)। ੨।

ਭੋਲੇ ਭਾਲੇ ਲੋਕ ਇਹ ਨਹੀਂ ਸਮਝਦੇ ਕਿ ਇਹ ਉਨ੍ਹਾਂ ਦੀ ਭੇਟਾ ਗੁਰੂ ਨੇ ਤਾਂ ਨਹੀਂ ਵਰਤਣੀ, ਘੁੰਮ ਕੇ ਉਨ੍ਹਾਂ ਪ੍ਰਬੰਧਕਾਂ ਜਾਂ ਸਿਆਸਤਦਾਨਾਂ ਕੋਲ ਹੀ ਪਹੁੰਚ ਜਾਣੀ ਹੈ, ਜੋ ਅੱਜ ਇਸ ਦੀ ਦੁਰਵਰਤੋਂ ਕਰ ਰਹੇ ਹਨ। ਇੱਕ ਸੁਣੀ-ਸੁਣਾਈ ਗੱਲ ਹੈ, ਇੱਕ ਸਾਬਕਾ ਸ਼ੋਮਣੀ ਕਮੇਟੀ ਪ੍ਰਧਾਨ, ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪ੍ਰਕਰਮਾ ਵਿੱਚੋਂ ਲੰਘ ਰਿਹਾ ਸੀ, ਇੱਕ ਬੀਬੀ ਨੇ ਦਸ ਦਾ ਨੋਟ ਉਸ ਦੇ ਹੱਥ ਫੜਾ ਦਿੱਤਾ। ਪ੍ਰਧਾਨ ਹੈਰਾਨ ਹੋਕੇ ਬੋਲਿਆ, “ਬੀਬੀ! ਇਹ ਕੀ ਕਰ ਰਹੀ ਹੈਂ? ਜਾਹ, ਅੰਦਰ ਮੱਥਾ ਟੇਕ”। ਬੀਬੀ ਬੜੇ ਸਹਿਜ ਵਿੱਚ ਬੋਲੀ, “ਜੀ ਅੰਦਰ ਹੀ ਮੱਥਾ ਟੇਕਣਾ ਸੀ, ਤੁਹਾਨੂੰ ਇਥੇ ਵੇਖਿਆ ਤਾਂ ਸੋਚਿਆ, ਇਥੇ ਹੀ ਫੜਾ ਦਿਆਂ, ਘੁੰਮ ਕੇ ਵੀ ਤਾਂ ਤੁਹਾਡੇ ਕੋਲ ਹੀ ਆਉਣਾ ਹੈ”। ਪਤਾ ਨਹੀਂ ਇਹ ਗੱਲ ਕਿਤਨੀ ਕੁ ਸੱਚ ਹੈ? ਪਰ ਵਿਅੰਗ ਹੈ ਬਹੁਤ ਸਚਾਈ ਦੇ ਨੇੜੇ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਗੁਰਦੁਆਰੇ ਦੇ ਕਾਰਜ ਚਲਾਉਣ ਲਈ ਮਾਇਆ ਭੇਟ ਕਰਨੀ ਜ਼ਰੂਰੀ ਅਤੇ ਯੋਗ ਵੀ ਹੈ, ਪਰ ਜਿਸ ਵੇਲੇ ਸਮਝ ਲੱਗ ਜਾਵੇ ਕਿ ਇਸ ਗੁਰੂ ਦੀ ਮਾਇਆ ਦੀ ਲੁੱਟ ਹੋ ਰਹੀ ਹੈ ਤਾਂ ਕੁੱਝ ਸੰਭਲ ਜਾਣਾ ਚਾਹੀਦਾ ਹੈ।

ਹਾਲਾਤ ਸੰਗਤੀ ਗੁਰਦੁਆਰਿਆਂ ਵਿੱਚ ਵੀ ਬਹੁਤੇ ਅਲੱਗ ਜਾਂ ਚੰਗੇ ਨਹੀਂ। ਮੈਂ ਇਹ ਤਾਂ ਨਹੀਂ ਕਹਿੰਦਾ ਕਿ ਸਾਰੇ ਗੁਰਦੁਆਰਿਆਂ ਦੇ ਪ੍ਰਬੰਧਕ ਚੋਰ ਹਨ, ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਵਿਰਲੇ ਗੁਰਦੁਆਰਿਆਂ ਵਿੱਚ ਹੀ ਗੁਰੂ ਕੀ ਗੋਲਕ ਦੀ ਯੋਗ ਵਰਤੋਂ ਹੋ ਰਹੀ ਹੈ। ਇਹ ਸਿੱਖਾਂ ਦੇ ਗੁਰਦੁਆਰਿਆਂ ਦੀ ਮਾਇਆ ਹੀ ਹੈ, ਜਿਸ ਨੇ ਰਾਜਸਥਾਨ ਦੇ ਪੱਥਰ ਦੀਆਂ ਸਾਰੀਆਂ ਖਾਨ੍ਹਾਂ ਖਾਲੀ ਕਰ ਦਿੱਤੀਆਂ ਹਨ। ਸ਼ਾਇਦ ਕੋਈ ਭਾਗਾਂ ਵਾਲਾ ਗੁਰਦੁਆਰਾ ਹੀ ਹੋਵੇਗਾ, ਜਿਥੇ ਕੀਮਤੀ ਮਾਰਬਲ ਦੀਆਂ ਇਮਾਰਤਾਂ, ਸੋਨੇ ਦੇ ਕਲਸ਼, ਸੋਨੇ ਦੀਆਂ ਪਾਲਕੀਆਂ ਨਾ ਬਣ ਰਹੀਆਂ ਹੋਣ। ਮੈਂ ਚੰਡੀਗੜ੍ਹ ਦੇ ਇੱਕ ਗੁਰਦੁਆਰੇ ਦੇ ਪ੍ਰਧਾਨ ਨੂੰ ਪੁਛਿਆ, “ਤੁਸੀਂ ਜਦੋਂ ਦੇ ਪ੍ਰਧਾਨ ਬਣੇ ਹੋ, ਮੈਂ ਵੇਖਿਆ ਹੈ, ਉਸਾਰੀ ਦਾ ਕੰਮ ਲਗਾਤਾਰ ਹੀ ਚੱਲ ਰਿਹਾ ਹੈ”? ਉਹ ਮੇਰੇ ਕੰਨ ਦੇ ਨੇੜੇ ਹੁੰਦੇ ਹੋਏ ਬੋਲਿਆ, “ਵੀਰ ਜੀ, ਕੀ ਕਰੀਏ, ਸੰਗਤਾਂ ਪੈਸੇ ਹੀ ਕਾਰ ਸੇਵਾ ਵਾਸਤੇ ਦੇਂਦੀਆਂ ਹਨ”। ਇਹੀ ਕਾਰਨ ਹੈ ਕਿ ਅੱਜ ਕਾਰ ਸੇਵਾ ਵਾਲੇ ਪਖੰਡੀ ਬਾਬੇ ਗੁਰਦੁਆਰਿਆਂ ਦੀ ਕਾਰ ਸੇਵਾ ਲੈਣ ਲਈ ਵੱਡੀਆਂ ਵੱਡੀਆਂ ਬੋਲੀਆਂ ਲਾਉਂਦੇ ਹਨ। ਉਨ੍ਹਾਂ ਦਾ ਧੰਦਾ ਹੀ ਬਣ ਗਿਆ ਹੈ, ਰੋਜ਼ ਗੁਰਦੁਆਰੇ ਦੀ ਪਹਿਲੀ ਚੰਗੀ ਭਲੀ ਇਮਾਰਤ ਢਾਅ ਕੇ ਨਵੀਆਂ ਇਮਾਰਤਾਂ ਉਸਾਰਨੀਆਂ। ਇਸ ਵਿੱਚ ਉਨ੍ਹਾਂ ਕੌਮ ਦੀ ਅਨਮੋਲ ਵਿਰਾਸਤ ਉਜਾੜ ਦਿੱਤੀ ਹੈ। ਬਲਿਹਾਰ ਜਾਈਏ, ਭਾਵੁਕ ਸਿੱਖਾਂ ਦੇ, ਜਿਨ੍ਹਾਂ ਕਾਰ ਸੇਵਾ ਦੇ ਨਾਂ ਤੇ ਕੌਮ ਦਾ ਅਨਮੋਲ ਸਰਮਾਇਆ, ਆਪਣੇ ਸਿਰਾਂ ਤੇ ਢੋਅ ਕੇ ਨਾਲੀਆਂ ਵਿੱਚ ਸੁੱਟ ਦਿੱਤਾ ਹੈ।

ਅੱਜ ਗੁਰਦੁਆਰਿਆਂ ਦੇ ਪ੍ਰਬੰਧ ਤੇ ਕਾਬਜ਼ ਹੋਣ ਲਈ ਜੋ ਸ਼ਰਾਬਾਂ ਵਰਤਾਈਆਂ ਜਾ ਰਹੀਆਂ ਹਨ, ਨੋਟ ਵੰਡੇ ਜਾ ਰਹੇ ਹਨ, ਡਾਂਗਾਂ, ਸੋਟੇ, ਬੰਦੂਕਾਂ ਚੱਲ ਰਹੀਆਂ ਹਨ, ਇਹ ਸਭ ਗੁਰਦੁਆਰੇ ਦੀ ਗੋਲਕ ਕਾਰਨ ਹੀ ਹਨ। ਭਲਾ ਸੇਵਾ ਕਰਨ ਵਾਲੇ ਨੂੰ ਇਹ ਸਭ ਕਰਨ ਦੀ ਕੀ ਲੋੜ ਹੈ?

ਸ਼ਾਇਦ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚੇ, ਪਰ ਮੈਂ ਤਾਂ ਕਹਾਂਗਾ, ਜੇ ਅਸੀਂ ਆਪਣੇ ਗੁਰਦੁਆਰਿਆਂ ਨੂੰ ਇਨ੍ਹਾਂ ਠੱਗਾਂ ਤੋਂ ਮੁਕਤ ਕਰਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਗੁਰਦੁਆਰੇ ਪੈਸੇ ਭੇਟ ਕਰਨੇ ਬੰਦ ਕਰ ਦੇਣੇ ਚਾਹੀਦੇ। ਇਸ ਦਾ ਮਤਲਬ ਬਿਲਕੁਲ ਨਹੀਂ, ਕਿ ਸਿੱਖ ਦਸਵੰਧ ਕਢਣਾ ਅਤੇ ਵਰਤੋਂ ਕਰਨਾ ਬੰਦ ਕਰ ਦੇਵੇ। ਦਸਵੰਧ ਕਢਣਾ ਹਰ ਸਿੱਖ ਵਾਸਤੇ ਜ਼ਰੂਰੀ ਹੈ, ਪਰ ਇਹ ਵੇਖਣਾ ਵੀ ਜ਼ਰੂਰੀ ਹੈ ਕਿ ਕੀ ਇਸ ਦੀ ਵਰਤੋਂ ਯੋਗ ਤਰੀਕੇ ਨਾਲ ਹੋ ਰਹੀ ਹੈ? ਬਹੁਤ ਸਾਰੀਆਂ ਐਸੀਆਂ ਸੰਸਥਾਵਾਂ ਹੋਂਦ ਵਿੱਚ ਆਈਆਂ ਹਨ, ਜੋ ਚੰਗੇ ਗੁਰਮਤਿ ਪ੍ਰਚਾਰਕ ਤਿਆਰ ਕਰ ਰਹੀਆਂ ਹਨ, ਕਈ ਸੰਸਥਾਵਾਂ ਕੌਮ ਦੀ ਵੱਡੀ ਸੇਵਾ ਕਰ ਰਹੀਆਂ ਹਨ, ਕਈ ਮਨੁੱਖਤਾ ਦੀ ਸੇਵਾ ਦੇ ਵੱਡੇ ਕਾਰਜਾਂ ਵਿੱਚ ਲੱਗੀਆਂ ਹਨ, ਵਿਸ਼ੇਸ਼ ਲੋੜ ਪੈਣ ਤੇ ਗੁਰਦੁਆਰੇ ਲੋੜ ਦੀਆਂ ਵਸਤਾਂ ਆਪ ਖਰੀਦ ਕੇ ਲੈ ਕੇ ਦਿੱਤੀਆਂ ਜਾ ਸਕਦੀਆਂ ਹਨ। ਸਭ ਤੋਂ ਵਧੀਆ ਗੱਲ ਹੈ ਕਿ ਅਸੀਂ ਆਪ ਲੋੜਵੰਦਾਂ ਦੀ ਖੋਜ ਕਰਕੇ ਉਨ੍ਹਾਂ ਦੀ ਮੱਦਦ ਕਰੀਏ। ‘ਹਰ ਸਿੱਖ ਦਾ ਦਸਵੰਧ ਨੇਮ ਨਾਲ ਨਿਕਲਣਾ ਚਾਹੀਦਾ ਹੈ ਅਤੇ ਕੌਮ ਤੇ ਮਨੁੱਖਤਾ ਦੀ ਭਲਾਈ ਦੇ ਯੋਗ ਕਾਰਜ ਵਿੱਚ ਲਗਣਾ ਚਾਹੀਦਾ ਹੈ`।

ਇਸ ਮੱਦ ਵਿੱਚ ਸਭ ਤੋਂ ਅਨਮੋਲ ਗੱਲ ਉਹ ਹੈ, ਜੋ ਇਸ ਦੇ ਬਾਅਦ ਲਿਖੀ ਹੈ, ‘ਸਾਰੇ ਕੰਮ ਗੁਰਮਤਿ ਅਨੁਸਾਰ ਕਰਨੇ`। ਸਾਡੀਆਂ ਸਾਰੀਆਂ ਸਮੱਸਿਆਵਾਂ ਦਾ ਕਾਰਨ ਹੀ ਇਹ ਹੈ ਕਿ ਸਾਡੇ ਸਾਰੇ ਕਾਰਜ ਗੁਰਮਤਿ ਅਨੁਸਾਰ ਨਹੀਂ ਹੋ ਰਹੇ। ਸਤਿਗੁਰੂ ਬਾਣੀ ਵਿੱਚ ਵੀ ਬਖਸ਼ਿਸ਼ ਕਰਦੇ ਹਨ:

“ਸਤਿਗੁਰ ਪੂਛਿ ਨ ਮਾਰਗਿ ਚਾਲੀ ਸੂਤੀ ਰੈਣਿ ਵਿਹਾਣੀ।। ਨਾਨਕ ਬਾਲਤਣਿ ਰਾਡੇਪਾ ਬਿਨੁ ਪਿਰ ਧਨ ਕੁਮਲਾਣੀ।। “ {ਰਾਗੁ ਸੂਹੀ ਛੰਤ ਮਹਲਾ ੧, ਪੰਨਾ ੭੬੩}

ਮਾਇਆ ਦੇ ਮੋਹ ਵਿੱਚ ਸੁੱਤੀ ਹੋਈ ਜੀਵ-ਇਸਤ੍ਰੀ ਦੀ ਜ਼ਿੰਦਗੀ ਦੀ ਸਾਰੀ ਰਾਤ ਬੀਤ ਗਈ, ਸਤਿਗੁਰੂ ਦੀ ਸਿੱਖਿਆ ਲੈ ਕੇ ਜੀਵਨ ਦੇ ਠੀਕ ਰਸਤੇ ਉਤੇ ਕਦੇ ਭੀ ਨਾਹ ਤੁਰੀ। ਹੇ ਨਾਨਕ! ਅਜੇਹੀ ਜੀਵ-ਇਸਤ੍ਰੀ ਨੇ ਤਾਂ ਬਾਲ-ਉਮਰੇ ਹੀ ਰੰਡੇਪਾ ਸਹੇੜ ਲਿਆ, ਤੇ ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ ਉਸ ਦਾ ਹਿਰਦਾ-ਕਮਲ ਕੁਮਲਾਇਆ ਹੀ ਰਿਹਾ। ੧।

ਜੇ ਇਸ ਇੱਕ ਗੱਲ ਉਤੇ ਦ੍ਰਿੜਤਾ ਨਾਲ ਪਹਿਰਾ ਦਿੱਤਾ ਜਾਵੇ ਕਿ ‘ਸਾਰੇ ਕੰਮ ਗੁਰਮਤਿ ਅਨੁਸਾਰ ਕਰਨੇ ਹਨ`। ਤਾਂ ਬਾਕੀ ਸਾਰੇ ਮਸਲੇ ਆਪੇ ਹੀ ਹੱਲ ਹੋ ਜਾਣਗੇ। ਗੁਰਬਾਣੀ ਸਮਝਾਉਂਦੀ ਹੈ:

“ਗੁਰਮਤਿ ਮਨੁ ਠਹਰਾਈਐ ਮੇਰੀ ਜਿੰਦੁੜੀਏ ਅਨਤ ਨ ਕਾਹੂ ਡੋਲੇ ਰਾਮ।। “ {ਰਾਗੁ ਬਿਹਾਗੜਾ ਛੰਤ ਮਹਲਾ ੪, ਪੰਨਾ ੫੩੭}

ਮੇਰੀ ਸੋਹਣੀ ਜਿੰਦੇ! ਗੁਰੂ ਦੀ ਮਤਿ ਉਤੇ ਤੁਰ ਕੇ ਇਸ ਮਨ ਨੂੰ (ਪ੍ਰਭੂ-ਚਰਨਾਂ ਵਿਚ) ਟਿਕਾਣਾ ਚਾਹੀਦਾ ਹੈ (ਗੁਰੂ ਦੀ ਮਤਿ ਦੀ ਬਰਕਤਿ ਨਾਲ ਮਨ) ਕਿਸੇ ਹੋਰ ਪਾਸੇ ਨਹੀਂ ਡੋਲਦਾ।

“ਭਾਈ ਰੇ ਗੁਰਮਤਿ ਸਾਚਿ ਰਹਾਉ।। ਸਾਚੋ ਸਾਚੁ ਕਮਾਵਣਾ ਸਾਚੈ ਸਬਦਿ ਮਿਲਾਉ।। “ {ਸਿਰੀ ਰਾਗੁ ਮਹਲਾ ੩, ਪੰਨਾ ੩੦}

ਹੇ ਭਾਈ! ਗੁਰੂ ਦੀ ਮਤਿ ਲੈ ਕੇ ਸਦਾ-ਥਿਰ ਪ੍ਰਭੂ ਵਿੱਚ ਟਿਕੇ ਰਹੁ। ਸਦਾ-ਥਿਰ ਪ੍ਰਭੂ ਦੇ ਸਿਮਰਨ ਦੀ ਹੀ ਕਮਾਈ ਕਰੋ, ਸਦਾ-ਥਿਰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿੱਚ ਜੁੜੇ ਰਹੋ।

ਚਲਦਾ…




.