ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ
ਜਿੰਨ੍ਹਾ ਵੇਖਿਆ ਉਹਨਾਂ ਦੱਸਿਆ
ਨਾਗਪੁਰ ਦੇ ਉਤਸ਼ਾਹੀ ਵੀਰ ਗੁਰਮਤਿ
ਪੱਖ ਤੋਂ ਬਹੁਤ ਹੀ ਸੁਚੇਤ ਹਨ। ਭਾਈ ਗੁਰਜੰਟ ਸਿੰਘ ਤੇ ਭਾਈ ਗੁਰਪ੍ਰੀਤ ਸਿੰਘ ਦੁਆਰਾ ਮੇਰਾ ਨਾਗਪੁਰ
ਜਾਣ ਦਾ ਸਬੱਬ ਬਣਿਆ। ਓੱਥੇ ਸੁਚੇਤ ਵੀਰਾਂ ਨੇ ਬਾਬਿਆ ਨਾਲ ਦੇਖੀਆਂ ਕਈ ਘਟਨਾਵਾਂ ਸੁਣਾਈਆਂ। ਕਿਸੇ
ਪਰਵਾਰ ਦੇ ਸੱਦੇ `ਤੇ ਪੰਜਾਬ ਤੋਂ ਇੱਕ ਬੂਬਨੇ ਬਾਬਾ ਜੀ ਆਪਣੇ ਲਾਮ ਲੱਸ਼ਕਰ ਨਾਲ ਨਾਗਪੁਰ ਪਹੁੰਚੇ।
ਉਹਨਾਂ ਨੇ ਪਰਵਾਰ ਦੇ ਸੰਕਟ ਨਿਵਰਤ ਕਰਨ ਲਈ, ਪਰਵਾਰ ਦੀ ਹਰ ਖੁਸ਼ਹਾਲੀ ਲਈ, ਧੰਨ ਦੌਲਤ ਦੇ ਅੰਬਾਰ
ਜਮ੍ਹਾ ਕਰਨ ਲਈ, ਟਰੱਕਾਂ ਦੀ ਗਿਣਤੀ ਵਧਾਉਣ ਲਈ, ਬਿਨਾ ਪੜ੍ਹਾਈ ਤੋਂ ਬੱਚਿਆਂ ਨੂੰ ਪਹਿਲੇ ਦਰਜੇ
ਵਿੱਚ ਪਾਸ ਕਰਾਉਣ ਲਈ ਤੇ ਅਜੇਹੇ ਬੱਚਿਆਂ ਨੂੰ ਵਧੀਆ ਪਰਵਾਰਾਂ ਦੇ ਰਿਸ਼ਤੇ ਕਰਾਉਣ ਲਈ ਸੰਪਟ ਪਾਠ
ਕਰਾਉਣ ਦੀ ਨੇਕ ਸਲਾਹ ਤਾਂ ਪਹਿਲਾਂ ਹੀ ਦੱਸੀ ਸੀ ਪਰ ਅਮਲੀ ਜਾਮਾ ਨਾਗਪੁਰ ਪਹੁੰਚ ਕੇ ਹੀ ਪਹਿਨਾਇਆ
ਜਾ ਸਕਦਾ ਸੀ।
ਰਾਜਸਤਾਨ ਦੀ ਭੁੱਕੀ ਨਾਲ ਲੱਦੇ ਹੋਏ ਬਾਬਿਆਂ ਦੇ ਕਾਫ਼ਲੇ ਨੂੰ ਰੇਲਵੇ ਸਟੇਸ਼ਨ `ਤੇ ਫੁੱਲਾਂ ਦੇ
ਹਾਰਾਂ ਨਾਲ ਲੱਦ ਕੇ, ਜੈਕਾਰਿਆਂ ਦੀ ਗੂੰਜ ਵਿੱਚ ਆਰਤੀ ਉਤਾਰੀ ਗਈ। ਕੁੱਝ ਸੰਗਤ ਤਾਂ ਬਾਬਿਆਂ ਦੀ
ਆਉ ਭਗਤ ਵਿੱਚ ਨੰਗੇ ਪੈਰੀਂ ਹੀ ਆਈ ਸੀ। ਦੱਸੀ ਹੋਈ ਵਿਧੀ ਅਨੁਸਾਰ ਬਾਬਿਆਂ ਲਈ ਚਿੱਟੀ ਚਾਦਰ ਕਾਰ
ਦੀ ਸੀਟ `ਤੇ ਵਿਛਾਈ ਹੋਈ ਸੀ। ਵੱਡੇ ਬਾਬਾ ਜੀ ਲਈ ਕਮਰਾ ਵੱਖਰਾ ਸੀ ਤੇ ਬਾਕੀ ਦੀ ਮਡੀਰ ਲਈ ਵੱਖਰੇ
ਕਮਰੇ ਦਾ ਪ੍ਰਬੰਧ ਸੀ। ਪੂਰੀ ਸਮੱਗਰੀ ਨਾਲ ਸੰਪਟ ਪਾਠ ਦੀ ਅਰੰਭਤਾ ਹੋਈ। ਕੁੱਝ ਸਮੱਗਰੀ ਫੂਕਣ ਲਈ
`ਤੇ ਕੁੱਝ ਖਾਣ ਲਈ ਇਕੱਠੀ ਕਰਲੀ। ਕੋਈ ਜੋਤ ਜਗ੍ਹਾ ਰਿਹਾ ਸੀ, ਕੋਈ ਆਪਣੇ ਹੀ ਪਾਠੀ ਦੀ ਨਾਸੀਂ
ਧੂੰਈਂ ਦੇਣ ਲਈ ਇੱਕ ਅਗਰਬੱਤੀ ਦੀ ਥਾਂ `ਤੇ ਇਕੱਠੀਆਂ ਪੰਜ ਪੰਜ ਧੂਪਾਂ ਧੁਖਾ ਰਿਹਾ ਸੀ। ਬੜੇ ਬਾਬਾ
ਜੀ ਕਮਰੇ ਵਿੱਚ ਪਲਸੇਟੇ ਮਾਰ ਮਾਰ ਕੇ ਆਪਣੇ ਵੱਧੇ ਹੋਏ ਪੇਟ ਨੂੰ ਹੋਰ ਵਧਾ ਰਿਹਾ ਸੀ। ਰਸੋਈ ਵਿੱਚ
ਹਰ ਬਣਨ ਵਾਲੀ ਵਸਤੂ ਪਹਿਲਾਂ ਬਾਬਾ ਜੀ ਲਈ ਕੱਢੀ ਜਾਂਦੀ ਸੀ। ਫਿਰ ਬਾਬਿਆਂ ਦੀ ਮਡੀਰ ਨੂੰ ਭੋਜਨ
ਛਕਾਇਆ ਜਾਂਦਾ ਸੀ। ਸੱਤ ਦਿਨ ਸੰਪਟਪਾਠ ਚੱਲਿਆਂ। ਸਾਰੇ ਪਰਵਾਰ ਨੂੰ ਅਗੰਮੀ ਜੇਹੀ ਖੁਸ਼ੀ ਚੜ੍ਹੀ ਹੋਈ
ਸੀ ਕਿ ਬੱਸ ਹੁਣ ਸਾਨੂੰ ਕਈ ਵੀ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਹੈ, ਕੁਦਰਤੀ ਨਿਆਮਤਾਂ ਨਾਲ ਘਰ ਆਪਣੇ
ਆਪ ਹੀ ਭਰ ਜਾਏਗਾ। ਪਰਵਾਰ ਦਾ ਹਰ ਮੈਂਬਰ ਇੱਕ ਦੂਜੇ ਨੂੰ ਘੂਰ ਕੇ ਜਾਂ ਪਿਆਰ ਨਾਲ ਸੰਪਟ ਅਖੰਡਪਾਠ
ਦੀ ਮਰਯਾਦਾ ਸਮਝਾ ਰਿਹਾ ਸੀ ਕਿ ਕਿਤੇ ਕੋਈ ਬੇਅਦਬੀ ਵਾਲਾ ਕੰਮ ਨਾ ਹੋ ਜਾਏ ਜਿਸ ਨਾਲ ਪੂਰਾ ਫ਼ਲ਼
ਮਿਲਨ ਦੀ ਬਜਾਏ ਬਾਬਾ ਜੀ ਕੋਈ ਸਰਾਪ ਹੀ ਨਾ ਦੇ ਦੇਣ। ਫੌਜੀਆਂ ਦੇ ਮੋਰਚੇ ਸਭੰਲਾਣ ਵਾਂਗ ਸਾਰਿਆਂ
ਨੇ ਆਪੋ ਆਪਣੇ ਮੋਰਚੇ ਸੰਭਾਲ਼ੇ ਹੋਏ ਸਨ। ਹਜ਼ਾਰਾਂ ਦੇ ਹਿਸਾਬ ਨਾਲ ਸਮੱਗਰੀ ਫੂਕੀ ਗਈ ਜਾਂ ਖਾਧੀ ਗਈ।
ਸੱਤ ਦਿਨ ਦੀ ਜਦੋਜਹਿਦ ਨਾਲ ਸੰਪਟ ਪਾਠ ਦੀ ਸੰਪੂਰਨਤਾ ਹੋਈ। ਬੀਬੀਆਂ ਵਲੋਂ ਕੀਤੀ ਗਈ ਸੇਵਾ ਉਚੇਚੇ
ਤੌਰ `ਤੇ ਬਾਬਾ ਜੀ ਨੇ ਦੱਸੀ। ਬਾਕੀ ਪਰਵਾਰ ਦੇ ਹਰ ਮੈਂਬਰ ਵਲੋਂ ਨਿਭਾਏ ਗਏ ਰੋਲ ਦੀ ਸ਼ਲਾਘਾ ਵੱਡੇ
ਬਾਬਾ ਜੀ ਨੇ ਖਾਸ ਅੰਦਾਜ ਵਿੱਚ ਕੀਤੀ। ਕਥਾ ਦੇ ਨਾਂ `ਤੇ ਬਾਬਾ ਜੀ ਨੇ ਪੂਰੀਆਂ ਜਬਲ਼ੀਆਂ ਮਾਰੀਆਂ।
ਬੇਥਵੀਆਂ ਗੱਲਾਂ ਸੁਣ ਕੇ ਕਚਿਆਣ ਜੇਹੀ ਆਉਂਦੀ ਸੀ। ਪਰ ਸੰਗਤ ਝੂਲ ਝੂਲ ਕੇ ਸੁਣ ਰਹੀ ਸੀ। ਬਾਬਾ ਜੀ
ਨੇ ਆਪਣੇ ਪਰਵਚਨਾਂ ਵਿੱਚ ਇੱਕ ਹੋਰ ਮਾਰਕਾ ਮਾਰਦਿਆਂ ਹੋਇਆਂ ਕਿਹਾ ਕਿ ਸਾਡੇ ਪਾਸ ਭਾਵੇਂ ਸਮਾਂ
ਥੋੜਾ ਹੀ ਹੈ ਪਰ ਫਿਰ ਵੀ ਕਿਸੇ ਪਰਵਾਰ ਨੇ ਸੰਪਟ ਪਾਠ ਦਾ ਲਾਹਾ ਲੈਣਾ ਹੋਵੇ ਤਾਂ ਉਸ ਨੂੰ ਅਸੀਂ
ਆਪਣੇ ਕੀਮਤੀ ਸਮੇਂ ਵਿਚੋਂ ਸਮਾਂ ਦੇ ਸਕਦੇ ਹਾਂ। ਜਕੋ ਤਕੇ ਕਰਦਿਆਂ ਕਈ ਪਰਵਾਰ ਸੰਪਟ ਪਾਠ ਕਰਾਉਣ
ਲਈ ਤਿਆਰ ਹੋ ਗਏ। ਕਿਤੋਂ ਸਿਰ ਤੇ ਕੋਈ ਪੈਰ ਫੜ੍ਹਨ ਵਾਲੇ ਬਾਬਾ ਜੀ ਨੂੰ ਨਗਦ ਨਰਾਇਣ ਨਾਲ
ਸਨਮਾਨਿਆਂ ਗਿਆ। ਸਾਰੀ ਮਡੀਰ ਨੂੰ ਚੋਲ਼ੇ ਦਸਤਾਰਾਂ ਆਦ ਦੀ ਭੇਟਾ ਵੱਖਰੀ ਦਿੱਤੀ ਗਈ। ਬਾਬਾ ਜੀ ਦੇ
ਇਲਾਹੀ ਪ੍ਰਵਚਨਾ `ਤੇ ਫੁੱਲ ਚੜ੍ਹਾਦਿਆਂ ਪਰਵਾਰ ਵਲੋਂ ਰਾਜਧਾਨੀ ਦੀਆਂ ਟਿਕਟਾਂ ਦਿੱਤੀਆਂ ਗਈਆਂ।
ਕਈਆਂ ਘਰਾਂ ਵਿੱਚ ਪਰਵਾਰਾਂ ਦੀ ਬੇਨਤੀ `ਤੇ ਬਾਬਾ ਜੀ ਨੇ ਆਪਣੇ ਚਰਨ ਪਾਏ ਉਹਦੀ ਦੱਛਣਾ ਵਖਰੀ ਲਈ
ਗਈ। ਬਾਬਾ ਜੀ ਮਾਇਆ ਨੂੰ ਹੱਥ ਨਹੀਂ ਲਗਾਉਂਦੇ ਇਹ ਕੰਮ ਬਾਬਾ ਜੀ ਦਾ ਅੱਤ ਨਜ਼ਦੀਕੀ ਤੇ ਭਰੋਸੇ ਵਾਲਾ
ਸੇਵਾਦਾਰ ਬਾ-ਖੂਬੀ ਨਿਭਾਅ ਰਿਹਾ ਸੀ।
ਕਈ ਹੋਰ ਪਰਵਾਰਾਂ ਵੀ ਸੰਪਟ ਪਾਠ ਕਰਾਉਣ ਲਈ ਸਬੰਧਤ ਪਰਵਾਰ ਦੀ ਸਿਫ਼ਾਰਸ਼ ਪਵਾ ਕੇ ਆਪਣੇ ਲਈ ਤਰੀਕਾਂ
ਨਿਹਚਤ ਕਰਵਾ ਲਈਆਂ। ਸੰਪਟ ਪਾਠਾਂ ਦੀ ਹੋਈ ਬੁਕਿੰਗ ਤੋਂ ਬਾਬਾ ਜੀ ਦੀਆਂ ਵਰਾਸ਼ਾਂ ਖਿਲ ਖਿਲ ਜਾ
ਰਹੀਆਂ ਸਨ। ਹੈਰਾਨੀ ਦੀ ਗੱਲ ਦੇਖੋ ਇੱਕ ਘਰੋਂ ਜਦ ਰਾਜਧਾਨੀ ਦੀਆਂ ਟਿਕਟਾਂ ਲੈ ਲਈਆਂ ਸੀ ਤਾਂ ਸਬਰ
ਸੰਤੋਖ ਚਾਹੀਦਾ ਸੀ ਪਰ ਬਾਬਾ ਜੀ ਨੇ ਹਰ ਘਰ ਵਿਚੋਂ ਗੱਡੀ ਦੀਆਂ ਵੱਖਰੀਆਂ ਵੱਖਰੀਆਂ ਟਿਕਟਾਂ ਲਈਆਂ।
ਅੰਦਾਜ਼ੇ ਅਨੁਸਾਰ ਲਿਆਂਦੀ ਹੋਈ ਭੁੱਕੀ ਮੁੱਕਣੀ ਸ਼ੁਰੂ ਹੋ ਗਈ ਤਾਂ ਦੁਬਾਰਾ ਫਿਰ ਤੋਂ ਭੁੱਕੀ ਦਾ
ਪ੍ਰਬੰਧ ਕਰਨਾ ਪਿਆ।
ਬਾਬਾ ਜੀ ਪਾਸ ਇੱਕ ਬੀਬੀ ਆਈ ਕਿ ਬਾਬਾ ਜੀ ਮੇਰੇ ਬੱਚੇ ਦਾ ਕਲ੍ਹ ਨੂੰ ਇਮਤਿਹਾਨ ਹੈ ਇਸ ਲਈ
ਤੁਸੀਂ ਇਸ ਦੇ ਪੈਨ ਨੂੰ ਆਪਣਾ ਪਵਿੱਤਰ ਹੱਥ ਲਗਾ ਦਿਓ ਤਾਂ ਕਿ ਸਾਡਾ ਬੱਚਾ ਵੱਧੀਆ ਨੰਬਰ ਲੈ ਕੇ
ਪਾਸ ਹੋ ਜਾਏ। ਬਾਬਾ ਜੀ ਆਪਣੇ ਮਨ ਵਿੱਚ ਜ਼ਰੂਰ ਸੋਚਦੇ ਹੋਣਗੇ ਵਾਹ ਓਏ ਸਾਂਈਆਂ! ਕੈਸੇ ਤੇਰੇ ਖੇਲ
ਹਨ, ਮੈਂ ਤੇ ਸਕੂਲੋਂ ਹਰ ਰੋਜ਼ ਅੱਧੀ ਛੁੱਟੀ ਨੂੰ ਬਸਤਾ ਚੁੱਕ ਕੇ ਅਵਾਰਾ ਗਰਦੀ ਕਰਨ ਭੱਜ ਜਾਂਦਾ
ਸੀ, ਤੇ ਮੇਰੇ ਪਾਸੋਂ ਪੈਨ ਨੂੰ ਹੱਥ ਲਗਵਾ ਰਹੇ ਹਨ। ਮੈਂ ਕਈਆਂ ਦੀਆਂ ਪੈਨਸਲਾਂ ਚੁਕੀਆਂ, ਜਿਸ
ਕਰਕੇ ਮਾਸਟਰ ਜੀ ਕੋਲੋਂ ਛਿੱਤਰ ਪਰੇਡ ਕਈ ਵਾਰੀ ਹੋਈ ਸੀ। ਅੱਠਵੀਂ ਵਿੱਚ ਹੀ ਤਿੰਨ ਵਾਰ ਅੜਿੱਕਾ ਲੱਗ
ਗਿਆ। ਘਰੋਂ ਗਾਲ਼ ਮੰਦਾ ਵੱਖਰਾ ਹੋਇਆ। ਬਾਬੇ ਨੇ ਮਨ ਬਣਾ ਲਿਆ ਕਿਸੇ ਧਾਰਮਕ ਅਸਥਾਨ `ਤੇ ਜਾਇਆ ਜਾਏ।
ਤਾਂ ਕਿ ਮਨ ਦੀ ਸ਼ੁਧੀ ਹੋ ਸਕੇ। ਅਖੀਰ ਨੂੰ ਇੱਕ ਡੇਰੇ ਆ ਗਿਆ ਜਿੱਥੇ ਬਾਬਿਆਂ ਦੇ ਲਿਬੜੇ ਕਛਹਿਰਾ
ਧੋਣ ਦੀ ਮਹਾਨ ਸੇਵਾ ਲੱਗ ਗਈ ਸੀ। ਕਿਸ਼ਤਾਂ ਵਿੱਚ ਮੈਂ ਆਪਣਾ ਨਾਂ ਲਿਖ ਰਿਹਾ ਹਾਂ ਤੇ ਇਹ ਲੋਕ ਮੇਰੇ
ਪਾਸੋਂ ਆਪਣੇ ਬੱਚਿਆਂ ਨੂੰ ਪਾਸ ਹੋਣ ਦੀਆਂ ਅਰਦਾਸਾਂ ਕਰਾ ਰਹੇ ਹਨ। ਬਾਬਾ ਜੀ ਪਾਖੰਡੀ ਜੇਹਾ ਹੀਂ
ਹੀਂ ਕਰਕੇ ਮਨ ਵਿੱਚ ਸੋਚਦਿਆਂ ਕਿ ਏਦੋਂ ਵੱਡੀ ਮੂਰਖ ਦੁਨੀਆਂ ਮੇਨੂੰ ਕਿਤੋਂ ਨਹੀਂ ਮਿਲਣੀ।
ਬਾਬਾ ਆਪਣੇ ਅਤੀਤ ਵਿੱਚ ਗਵਾਚ ਗਿਆ। ਇੱਕ ਵਾਰੀ ਆਪਣੇ ਦੋਸਤ ਦੇ ਘਰੇ ਟਰੈਕਰ ਨੂੰ ਚਲਾਉਣ
ਲੱਗਿਆਂ ਉਹਨਾਂ ਦਾ ਨਿਆਣਾ ਥੱਲੇ ਦੇ ਦੇਣ ਲੱਗਾ ਸੀ, ਬੀਰ੍ਹੇ ਦੇ ਬਾਪੂ ਨੇ ਛਿਤਰਾਉਲ ਕਰਦਿਆਂ ਮਾਂ
ਭੈਣ ਦੀ ਇੱਕ ਕਰ ਦਿੱਤੀ ਸੀ। ਪਰ ਅੱਜ ਬਾਬੇ ਦੀ ਟੌਰ ਵੱਖਰੀ ਸੀ ਦਰਜਨ ਦਰਜਨ ਗੱਡੀਆਂ ਦੇ ਮਾਲਕ
ਆਪਣੇ ਨਵੇਂ ਟਰੱਕ ਦੀ ਸੀਟ ਤੇ ਬਿਠਾ ਕੇ ਬਾਬਾ ਜੀ ਨੂੰ ਕੋਲੋਂ ਸਟੇਰਿੰਗ ਜ਼ਰੂਰ ਫੜਵਾਇਆ ਜਾ ਰਿਹਾ
ਸੀ।
ਕਾਰੋਬਾਰ ਵਧਾਉਣ ਲਈ ਕਈ ਸ਼ਬਦਾਂ ਦੇ ਜਾਪ ਬਾਬਾ ਜੀ ਧੜਾ ਧੜ ਦੇ ਰਹੇ ਸੀ। ਨਾਲ ਦੀ ਨਾਲ ਕਹੀ ਵੀ
ਜਾਂਦੇ ਸੀ, ਕਿ ਭਈ ਆ ਜਿਹੜੇ ਮਸ਼ੀਨਰੀ ਨੇ ਨਾ, ਇਹਨਾਂ ਤੋਂ ਜ਼ਰੂਰ ਬਚਿਆ ਜੇ, ਇਹ ਅੱਜ ਕਲ੍ਹ ਬਹੁਤ
ਸ਼ਰਧਾ ਤੋੜ ਰਹੇ ਹਨ। ਭਈ ਇਹਨਾਂ ਦਾ ਵੱਸ ਨਹੀਂ ਹੈ ਕਲਜੁੱਗ ਦਾ ਘੋਰ ਜ਼ਮਾਨਾ ਆ ਗਿਆ ਹੈ। ਬੜੇ
ਮਹਾਂਰਾਜ ਜੀ ਕਹਿੰਦੇ ਹੁੰਦੇ ਸੀ।
ਇਹ ਬਾਤਾਂ ਹਨ ਆਪਣੇ ਦੇਸ਼ ਦੀਆਂ ਪਰ ਬਾਹਰਲੇ ਮੁਲਕਾਂ ਦੇ ਬਸ਼ਿੰਦੇ ਵੀ ਬਾਬਾਵਾਦ ਤੋਂ ਨਹੀਂ ਬਚੇ
ਹੋਏ। ਇਟਲੀ ਦੇ ਵੀਰਾਂ ਨੇ ਕੁੱਝ ਵਾਕਿਆ ਸੁਣਾਏ ਇੱਕ ਬਾਬਾ ਜੀ ਨੂੰ ਕੁੱਝ ਵੀਰ ਮਿਲਣ ਲਈ ਗਏ ਸੀ।
ਬਾਬਾ ਜੀ ਨੂੰ ਮਿਲਣ ਤੋਂ ਬਿਨਾਂ ਹੀ ਵਾਪਸ ਆ ਗਏ। ਉਹਨਾਂ ਨੂੰ ਪੁੱਛਿਆ ਕਿ ਬਾਬਾ ਜੀ ਨੂੰ ਮਿਲ ਆਏ
ਹੋ ਅੱਗੋਂ ਉਹਨਾਂ ਨੇ ਉੱਤਰ ਦਿੱਤਾ ਕਿ ਘਰ ਵਾਲੇ ਕਹਿੰਦੇ ਸੀ ਕਿ ਬਾਬਾ ਜੀ ਦਾ ਸੁੱਖ ਆਸਣ ਹੋਇਆ
ਹੈ। ਗੁਰੂ ਗ੍ਰੰਥ ਸਾਹਿਬ ਲਈ ਵਰਤਿਆ ਜਾਣ ਵਾਲਾ ਸ਼ਬਦ ਅਖੌਤੀ ਬਾਬਿਆਂ ਲਈ ਵਰਤਿਆ ਜਾ ਰਿਹਾ ਹੈ।
ਵੀਰਾਂ ਨੇ ਕਈ ਗੱਲਾਂ ਦੱਸੀਆਂ ਜਿਨ੍ਹਾਂ ਨੂੰ ਸੁਣ ਕੇ ਬੰਦਾ ਹੈਰਾਨ ਹੁੰਦਾ ਹੈ ਤੇ ਆਪਣੀ ਕੌਮ ਦੇ
ਮਾਨਸਕ ਪੱਧਰ ਦਾ ਪਤਾ ਵੀ ਚੱਲਦਾ ਹੈ। ਜਿਸ ਥਾਲੀ ਤੇ ਕੌਲੀਆਂ ਵਿੱਚ ਬਾਬਾ ਜੀ ਨੇ ਪ੍ਰਸ਼ਾਦਾ ਛੱਕਿਆ
ਸੀ ਉਹਨਾਂ ਝੂਠਿਆਂ ਬਰਤਣਾਂ ਵਿੱਚ ਪ੍ਰਸ਼ਾਦਾ ਛੱਕਣ ਲਈ ਬੀਬੀਆਂ ਵਿੱਚ ਲੜਾਈ ਹੋ ਰਹੀ ਸੀ ਕਿ ਬਾਬਾ
ਜੀ ਦੀ ਜੂਠੀ ਥਾਲੀ ਵਿੱਚ ਪ੍ਰਸ਼ਾਦਾ ਮੈਂ ਛੱਕਣਾ ਹੈ ਤੇ ਦੂਜੀ ਕਹਿੰਦੀ ਸੀ ਕਿ ਤੂੰ ਕਲ੍ਹ ਛੱਕ ਲਿਆ
ਸੀ ਅੱਜ ਮੇਰੀ ਵਾਰੀ ਹੈ। ਬੀਬੀਆਂ ਦੇ ਮਨ ਵਿੱਚ ਇਹ ਖ਼ਿਆਲ ਆ ਰਿਹਾ ਸੀ ਕਿ ਸ਼ਾਇਦ ਢਿੱਡਲ ਬਾਬੇ ਦੀ
ਜੂਠ ਖਾਣ ਨਾਲ ਹੀ ਬ੍ਰਹਮ ਆਵਸਥਾ ਵਿੱਚ ਪਹੁੰਚ ਜਾਈਦਾ ਹੈ। ਪੰਜਾਬ ਦਾ ਸਭਿਆਚਾਰ ਇਸ ਗੱਲ ਦੀ ਕਦੇ
ਵੀ ਆਗਿਆ ਨਹੀਂ ਦੇਂਦਾ। ਪਰ ਧੰਨ ਹਨ ਇਹਨਾਂ ਬੀਬੀਆਂ ਦੇ ਘਰਵਾਲੇ ਜੋ ਆਪਣੀ ਗ਼ੈਰਤ ਨੂੰ ਰੁਲ਼ਦਿਆਂ
ਅੱਖੀ ਦੇਖ ਕੇ ਵੀ ਚੁੱਪ ਹਨ। ਪਤਾ ਨਹੀਂ ਕਿਉਂ? ਏਹੀ ਕਹਿਣਾ ਪਏਗਾ ਧੰਨ ਸੁਹਾਗਣਾਂ! ਧੰਨ
ਸੁਹਾਗਣਾਂ!
ਵੀਰਾਂ ਨੇ ਇੱਕ ਹੋਰ ਵਾਕਿਆ ਸੁਣਾਇਆ ਕਿ ਛੋਟੀ ਜੇਹੀ ਉਮਰ ਦੇ ਬਾਬਾ ਜੀ ਦੇ ਢੋਲਕੀ ਚਿਮਟਿਆਂ ਵਾਲਾ
ਭੜਥੂ ਸੁਣਨ ਲਈ ਵਾਹਵਾ ਇਕੱਠ ਹੋਇਆ ਸੀ। ਦਰਅਸਲ ਪ੍ਰਬੰਧਕ ਸ਼੍ਰੇਣੀ ਨੇ ਗੁਰਦੁਆਰੇ ਦੀ ਕਿਸ਼ਤ ਦੇਣ ਲਈ
ਆਪਣੇ ਹਿਸਾਬ ਨਾਲ ਜੁਗਾੜ ਫਿੱਟ ਕੀਤਾ ਹੁੰਦਾ ਹੈ, ਕਿ ਕਿਹੜੇ ਸਾਧ ਨਾਲ ਗੋਲਕ ਦੀ ਰੌਣਕ ਵੱਧ ਹੁੰਦੀ
ਹੈ, ਉਸੇ ਹੀ ਬਾਬਾ ਜੀ ਨੂੰ ਸਟੇਜ `ਤੇ ਲਿਆ ਕੇ ਬਿਠਾ ਦਿੱਤਾ ਜਾਂਦਾ ਹੈ। ਜੋ ਮਰਜ਼ੀ ਪਿਆ ਸੁਣਾਏ
ਚੜ੍ਹਤ ਤਾਂ ਆ ਹੀ ਰਹੀ ਹੈ ਨਾ। ਹੋਇਆ ਇਹ ਕਿ ਬਾਬਾ ਜੀ ਦਾ ਜੋੜਾ ਫੜਾਉਣ ਲਈ ਗਦਰ ਜੇਹਾ ਮੱਚਿਆ
ਹੋਇਆ ਸੀ, ਕਿਉਂਕਿ ਬਾਬਾ ਜੀ ਦੇ ਜੋੜੇ ਨੂੰ ਹਰ ਕੋਈ ਆਪਣੇ ਮੱਥੇ ਨਾਲ ਲਗਾਉਣਾ ਚਹੁੰਦਾ ਸੀ। ਵਾਹ
ਨਿਆਰੇ ਖਾਲਸਾ ਜੀ ਜਿਹੜਾ ਮੱਥਾ ਗੁਰੂ ਗ੍ਰੰਥ ਨੂੰ ਝੁੱਕਣਾ ਸੀ ਉਹ ਮੱਥਾ ਬੁਬਨੇ ਸਾਧਾਂ ਦੇ ਜੋੜਿਆਂ
`ਤੇ ਝੁਕ ਰਿਹਾ ਹੈ।
ਕਈ ਪਰਵਾਰਾਂ ਦੀਆਂ ਬੀਬੀਆਂ ਗ੍ਰਹਿਸਤ ਤੋਂ ਭਗੌੜੇ ਹੋਏ ਬਾਬੇ ਪਾਸੋਂ ਆਪਣੀ ਝੋਲ਼ੀ ਵਿੱਚ ਸੇਬਾਂ ਦਾ
ਪ੍ਰਸ਼ਾਦ ਪਵਾਉਂਦੀਆਂ ਹਨ ਕਿ ਸਾਡੇ ਘਰ ਪੁੱਤਰ ਪੈਦਾ ਹੋ ਜਾਏ। ਹੁਣ ਇੱਕ ਨਵਾਂ ਸਟੰਟ ਚਲਿਆ ਹੈ ਕਿ
ਬਾਬਾ ਜੀ ਪਾਸੋਂ ਗੁਲਾਬ ਜਾਂ ਕਿਸੇ ਵਧੀਆ ਕਿਸਮ ਦੇ ਫੁੱਲ ਝੋਲ਼ੀ ਵਿੱਚ ਪਵਾ ਲਓ ਤਾਂ ਖੂਬਸੂਰਤ ਲੜਕਾ
ਪੈਦਾ ਹਏਗਾ। ਜਿਸ ਬਾਬੇ ਪਾਸੋਂ ਬਖਸ਼ਿਸ਼ ਲਈ ਜਾ ਰਹੀ ਹੁੰਦੀ ਹੈ ਉਸ ਦਾ ਆਪਣਾ ਮੂੰਹ ਸੜੇ ਹੋਏ ਬਤਊਂ
ਵਰਗਾ ਹੁੰਦਾ ਹੈ।
ਭਾਵੇਂ ਇਹ ਲੇਖ ਉਹਨਾਂ ਲੋਕਾਂ ਤਾਂ ਨਹੀਂ ਪੜ੍ਹਨਾ ਜੋ ਬਾਬਾਵਾਦ ਦੀ ਬਿਮਾਰੀ ਦੇ ਸ਼ਿਕਾਰ ਹਨ ਪਰ
ਕਿਸੇ ਨਾ ਕਿਸੇ ਨੂੰ ਜ਼ਰੂਰ ਸਮਝ ਆ ਸਕਦੀ ਹੈ। ਕਿ ਸਾਡਾ ਗੁਰੂ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਹੈ।
ਕਿਸੇ ਮਨੁੱਖ ਪਾਸੋਂ ਮੰਗਣ ਦੀ ਬਜਾਏ ਗੁਰੂ ਦੇ ਸ਼ਬਦ ਦੀ ਵਿਚਾਰ ਨੂੰ ਆਪਣੀ ਸੋਚ ਦਾ ਹਿੱਸਾ ਬਣਾਈਏ—
ਜਿਨਾੑ ਨਾਉ ਸੁਹਾਗਣੀ, ਤਿਨਾੑ ਝਾਕ ਨ ਹੋਰ।।
ਸ਼ੇਖ਼ ਫ਼ਰੀਦ ਜੀ ਪੰਨਾ ੧੩੮੪