. |
|
ੴਸਤਿਗੁਰਪ੍ਰਸਾਦਿ ॥
ਇਕ ਅਦੁੱਤੀ ਬਖਸ਼ਿਸ਼
ਰਾਜਿੰਦਰ ਸਿੰਘ, (ਮੁੱਖ ਸੇਵਾਦਾਰ)
ਸ਼੍ਰੋਮਣੀ ਖਾਲਸਾ ਪੰਚਾਇਤ,
ਟੈਲੀਫੋਨ: +919876104726
ਕਿਸ਼ਤ ਦਸਵੀਂ
ਸਿੱਖ ਰਹਿਤ ਮਰਯਾਦਾ ਵਿੱਚ ਅੱਗੋਂ ਲਿਖਿਆ ਹੈ, ‘ਖਾਲਸਾ ਧਰਮ ਦੇ ਨਿਯਮਾਂ
ਅਨੁਸਾਰ ਜਥੇਬੰਦੀ ਵਿੱਚ ਇੱਕ ਸੂਤ ਪਰੋਏ ਰਹਿਣਾ, ਰਹਿਤ ਵਿੱਚ ਕੋਈ ਭੁੱਲ ਹੋ ਜਾਵੇ ਤਾਂ ਖਾਲਸੇ ਦੇ
ਦੀਵਾਨ ਵਿੱਚ ਹਾਜ਼ਰ ਹੋ ਕੇ ਬੇਨਤੀ ਕਰ ਕੇ ਤਨਖਾਹ ਬਖਸ਼ਾਉਣੀ। ਅੱਗੇ ਲਈ ਸਾਵਧਾਨ ਰਹਿਣਾ`।
ਖਾਲਸਾ ਧਰਮ ਦੇ ਨਿਯਮਾਂ ਅਨੁਸਾਰ ਜਥੇਬੰਦੀ ਵਿੱਚ ਇੱਕ ਸੂਤ ਪਰੋਏ ਰਹਿਣਾ,
ਪੜ੍ਹਨ ਸੁਣਨ ਨੂੰ ਬੜਾ ਚੰਗਾ ਭਾਸਦਾ ਹੈ, ਅਤੇ ਅਮਲੀ ਤੌਰ ਤੇ ਅਪਨਾਇਆ ਜਾਵੇ ਤਾਂ ਕੌਮੀ ਏਕਤਾ ਦਾ
ਥੰਮ ਬਣ ਸਕਦਾ ਹੈ, ਪਰ ਬਦਕਿਸਮਤੀ ਦੀ ਗੱਲ ਇਹ ਹੈ ਕਿ ‘ਖਾਲਸਾ ਧਰਮ ਦੇ ਨਿਯਮਾਂ` ਦੀ ਵਿਆਖਿਆ ਹੀ
ਆਪਣੀ ਆਪਣੀ ਮਰਜ਼ੀ ਅਤੇ ਸੂਝ ਅਨੁਸਾਰ ਕਈ ਬਣ ਗਈਆਂ ਹਨ। ਹਾਲਾਂਕਿ ਗੁਰੂ ਗ੍ਰੰਥ ਸਾਹਿਬ ਦੇ ਹੁੰਦਿਆਂ
ਐਸੀ ਦੁਬਿਧਾ ਬਿਲਕੁਲ ਨਹੀਂ ਆਉਣੀ ਚਾਹੀਦੀ, ਪਰ, ਸ਼ਾਇਦ ਇਹ ਕੌਮ ਨੂੰ ਇੱਕ ਨਾ ਹੋਣ ਦੇਣ ਵਾਲੀ ਵੱਡੀ
ਸਾਜਿਸ਼ ਹੀ ਕਹੀ ਜਾ ਸਕਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਆਖਿਆ ਹੀ ਆਪਣੀਆਂ ਭਾਵਨਾਵਾਂ
ਅਨੁਸਾਰ ਕੀਤੀ ਜਾ ਰਹੀ ਹੈ। ਜੋ ਜਿਸ ਡੇਰੇ, ਟਕਸਾਲ, ਜਾਂ ਜੱਥੇ ਨਾਲ ਜੁੜਿਆ ਹੈ, ਉਸੇ ਦੀ
ਵਿਚਾਰਧਾਰਾ ਨੂੰ ਠੀਕ ਸਾਬਤ ਕਰਨ ਲਈ ਉਸੇ ਅਨੁਸਾਰ ਗੁਰਬਾਣੀ ਦੀ ਵਿਆਖਿਆ ਕਰ ਰਿਹਾ ਹੈ। ਮੈਨੂੰ ਤਾਂ
ਇਹ ਜਾਪਦਾ ਹੈ ਕਿ ਇਨ੍ਹਾਂ ਸੰਸਥਾਵਾਂ ਨੂੰ ਕੌਮ ਵਿੱਚ ਵੰਡੀਆਂ ਪਾ ਕੇ ਰਖਣ ਲਈ ਹੀ ਸਥਾਪਤ ਕੀਤਾ
ਗਿਆ ਹੈ। ਇਨ੍ਹਾਂ ਨਾ ਤਾਂ ਖਾਲਸਾ ਧਰਮ ਦੇ ਨਿਯਮਾਂ ਨੂੰ ਇੱਕ ਹੋਣ ਦੇਣਾ ਹੈ ਨਾ ਕੌਮ ਨੂੰ। ਇੱਕ
ਸੂਤ ਵਿੱਚ ਪਰੋਏ ਜਾਣ ਵਾਲੀ ਗੱਲ ਤਾਂ ਹੀ ਸੰਭਵ ਹੈ ਜੇ ਕੌਮ ਸੱਚ ਨੂੰ ਪਛਾਣੇ, ਗੁਰੂ ਗ੍ਰੰਥ ਸਾਹਿਬ
ਤੋਂ ਅਗਵਾਈ ਲੈ ਕੇ ਖਾਲਸਾ ਧਰਮ ਦੇ ਨਿਯਮਾਂ ਨੂੰ ਸਮਝੇ ਅਤੇ ਉਨ੍ਹਾਂ ਤੇ ਪਹਿਰਾ ਦੇਵੇ ਤਾਂ ਕਿ
ਸਾਰੀ ਕੌਮ ਸੱਚਮੁੱਚ ਇੱਕ ਸੂਤ ਵਿੱਚ ਪਰੋਈ ਜਾਵੇ।
‘ਰਹਿਤ ਵਿੱਚ ਕੋਈ ਭੁੱਲ ਹੋ ਜਾਵੇ ਤਾਂ ਖਾਲਸੇ ਦੇ ਦੀਵਾਨ ਵਿੱਚ ਹਾਜ਼ਰ ਹੋ
ਕੇ ਬੇਨਤੀ ਕਰ ਕੇ ਤਨਖਾਹ ਬਖਸ਼ਾਉਣ` ਦੀ ਵਿਚਾਰ ਅਗੇ ਤਨਖਾਹ ਲਾਉਣ ਦੀ ਵਿਧੀ ਵਿੱਚ ਕਰਾਂਗੇ।
ਭਾਗ (ਠ) ਤਨਖਾਹੀਏ ਇਹ ਹਨ, ਦੀ ਪਹਿਲੀ ਧਾਰਾ ਵਿੱਚ ਲਿਖਿਆ ਹੈ:
ਮੀਣੇ, ਮਸੰਦ, ਧੀਰਮਲੀਏ, ਰਾਮਰਾਈਏ, ਆਦਿਕ ਪੰਥ ਵਿਰੋਧੀਆਂ ਨਾਲ ਜਾਂ ਨੜੀ
ਮਾਰ, ਕੁੜੀ ਮਾਰ, ਸਿਰਗੁੰਮ ਨਾਲ ਵਰਤਣ ਵਾਲਾ ਤਨਖਾਹੀਆ ਹੋ ਜਾਂਦਾ ਹੈ।
ਭਾਵ ਸਪੱਸ਼ਟ ਹੈ ਕਿ ਕੁੱਝ ਲੋਕਾਂ ਨਾਲ ਵਰਤਣ ਦੀ ਮਨਾਹੀ ਕੀਤੀ ਗਈ ਹੈ। ਇਸ
ਵਿੱਚ ਦੋ ਸ਼੍ਰੇਣੀਆਂ ਲਈਆਂ ਗਈਆਂ ਹਨ, ਪਹਿਲੇ ਤਾਂ ਉਹ, ਜਿਨ੍ਹਾਂ ਸਤਿਗੁਰੂ ਦੇ ਬਰਾਬਰ ਆਪਣਾ
ਗੁਰੂਡੰਮ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਦੂਸਰੇ ਜਿਨ੍ਹਾਂ ਸਤਿਗੁਰੂ ਦੀ ਹੁਕਮ ਅਦੂਲੀ ਕੀਤੀ,
ਸਿੱਖੀ ਦੇ ਮੂਲ ਸਿਧਾਂਤ ਤੋੜੇ। ਅਸਲ ਵਿੱਚ ਇਹ ਦੋਵੇਂ ਵੱਡੇ ਦੋਸ਼ੀ ਹਨ, ਇਸੇ ਲਈ ਇਨ੍ਹਾਂ ਦੋਹਾਂ
ਨਾਲ ਵਰਤਣ ਦੀ ਮਨਾਹੀ ਕੀਤੀ ਗਈ ਹੈ। ਦੋਸ਼ੀ ਵੀ ਇਤਨੇ ਗੰਭੀਰ ਕਿ ਇਨ੍ਹਾਂ ਨਾਲ ਵਰਤਣ ਵਾਲਾ ਵੀ ਦੋਸ਼ੀ
ਹੋ ਜਾਂਦਾ ਹੈ ਅਤੇ ਫਿਰ ਉਸਨੂੰ ਤਨਖਾਹ ਲੁਆਕੇ ਭੁੱਲ ਬਖਸ਼ਾਉਣੀ ਪੈਂਦੀ ਹੈ।
ਪਹਿਲਾਂ ਗੱਲ ਮੀਣੇ, ਮਸੰਦ, ਧੀਰਮਲੀਏ, ਰਾਮਰਾਈਏ, ਆਦਿਕ ਦੀ ਕਰੀਏ।
ਮੀਣੇ
ਭਾਈ ਕਾਹਨ ਸਿੰਘ ਜੀ ਨਾਭਾ ਮਹਾਨ ਕੋਸ਼ ਵਿੱਚ ਮੀਣਾ ਸ਼ਬਦ ਦੇ ਅਰਥ ਇੰਝ ਕਰਦੇ
ਹਨ:
ਮੀਣਾ: ਵਿ- ਮਿਨ੍ਹਾਂ. ਕਪਟੀ. ਜੋ ਮਨ ਦੇ ਛਲ ਨੂੰ ਪ੍ਰਗਟ ਨਾ ਹੋਣ ਦੇਵੇ।
2. ਭਾਈ ਗੁਰਦਾਸ ਦੀ ਦਿੱਤੀ ਹੋਈ ਪ੍ਰਿਥੀ ਚੰਦ ਜੀ ਨੂੰ ਉਪਾਧਿ, ਕਿਉਂਕਿ ਉਹ ਸਦਾ ਕਪਟ ਵਿਹਾਰ ਕਰਦੇ
ਸਨ. ਦੇਖੋ, ਵਾਰ 36.”ਸਤਿਗੁਰੁ ਸੱਚਾ ਪਾਤਿਸ਼ਾਹ, ਮੁਹ ਕਾਲੇ ਮੀਣਾ. “ (ਭਾਗੁ) 3. ਪ੍ਰਿਥੀ ਚੰਦ ਜੀ
ਦੀ ਵੰਸ਼ ਦਾ ਸੋਢੀ, ਜਿਸ ਨੇ ਅੰਮ੍ਰਿਤ ਨਹੀਂ ਛਕਿਆ. ਦੇਖੋ, ਪੰਜਮੇਲ।
ਪ੍ਰਿਥੀ ਚੰਦ ਗੁਰੂ ਰਾਮਦਾਸ ਪਾਤਿਸ਼ਾਹ ਦੇ ਵੱਡੇ ਪੁੱਤਰ ਸਨ। ਜਦੋਂ ਇਨ੍ਹਾਂ
ਦੇ ਜੀਵਨ ਵੱਲ ਝਾਤੀ ਮਾਰਦੇ ਹਾਂ ਤਾਂ ਪਤਾ ਚਲਦਾ ਹੈ ਕਿ ਸੰਸਾਰਕ ਕਾਰਜਾਂ ਵਿੱਚ ਬੜੇ ਨਿਪੁੰਨ ਸਨ,
ਪਰ ਸੰਸਾਰਕ ਕਾਰਜਾਂ ਵਿੱਚ ਇਤਨੇ ਉਲਝੇ ਕਿ ਗਿਆਨ ਦੇ ਸਾਗਰ ਸਤਿਗੁਰੂ ਰਾਮਦਾਸ ਪਾਤਿਸ਼ਾਹ ਦੀ ਛਤਰ
ਛਾਇਆ ਵਿੱਚ ਪਲਣ ਦੇ ਬਾਵਜੂਦ, ਇਲਾਹੀ ਗਿਆਨ ਤੋਂ ਵਾਂਝੇ ਰਹੇ। ਨਤੀਜਾ ਇਹ ਕਿ ਗੁਰੂ ਪੁੱਤਰ ਹੋਣ ਦੇ
ਬਾਵਜੂਦ ਜੀਵਨ, ਹਉਮੈ, ਈਰਖਾ, ਦਵੈਸ਼ ਨਾਲ ਗਲਤਾਨ ਰਿਹਾ। ਵੱਡੇ ਪੁੱਤਰ ਹੋਣ ਦੇ ਨਾਤੇ ਹੀ ਆਪਣੇ ਆਪ
ਨੂੰ ਗੁਰਗੱਦੀ ਦਾ ਕੁਦਰਤੀ ਵਾਰਸ ਸਮਝਦੇ ਸਨ, ਹਾਲਾਂਕਿ ਗੁਰੂ ਘਰ ਵਿੱਚ ਐਸੀ ਕੋਈ ਦਾਅਵੇਦਾਰੀ
ਪਹਿਲੇ ਦਿਨ ਤੋਂ ਪ੍ਰਵਾਨ ਨਹੀਂ ਕੀਤੀ ਗਈ। ਸ਼ਾਇਦ ਇਸ ਭੁਲੇਖੇ ਵਿੱਚ ਸਨ ਕਿ ਆਪਣੀਆ ਸਿਆਣਪਾਂ
ਚਤੁਰਾਈਆਂ ਨਾਲ ਗੁਰੂ ਪਿਤਾ ਨੂੰ ਭਰਮਾ ਲੈਣਗੇ। ਗੁਰੂ ਪੁੱਤਰ ਹੋਕੇ ਵੀ ਗੁਰਮਤਿ ਦੇ ਇਨ੍ਹਾਂ ਪਾਵਨ
ਸਿਧਾਂਤਾਂ ਤੋਂ ਅੰਜਾਨ ਰਹੇ:
“ਗੁਰਮਤਿ ਸਾਚੀ ਹੁਜਤਿ ਦੂਰਿ।। ਬਹੁਤੁ ਸਿਆਣਪ ਲਾਗੈ ਧੂਰਿ।।” {ਆਸਾ ਮਹਲਾ
੧, ਪੰਨਾ ੩੫੨}
ਜੋ ਮਨੁੱਖ ਗੁਰੂ ਦੀ ਮਤਿ ਨੂੰ ਦ੍ਰਿੜ ਕਰ ਕੇ ਧਾਰਦਾ ਹੈ, (ਪਰਮਾਤਮਾ ਦੀ
ਅੰਗ-ਸੰਗਤਾ ਬਾਰੇ) ਉਸ ਮਨੁੱਖ ਦੀ ਅਸਰਧਾ ਦੂਰ ਹੋ ਜਾਂਦੀ ਹੈ। (ਗੁਰੂ ਦੀ ਮਤਿ ਉਤੇ ਸਰਧਾ ਦੇ ਥਾਂ)
ਮਨੁੱਖ ਦੀਆਂ ਆਪਣੀਆਂ ਬਹੁਤੀਆਂ ਚਤੁਰਾਈਆਂ ਨਾਲ ਮਨ ਵਿੱਚ (ਵਿਕਾਰਾਂ ਦੀ) ਮੈਲ ਇਕੱਠੀ ਹੁੰਦੀ ਹੈ।
“ਬੁਧਿ ਪਾਠਿ ਨ ਪਾਈਐ ਬਹੁ ਚਤੁਰਾਈਐ ਭਾਇ ਮਿਲੈ ਮਨਿ ਭਾਣੇ।। “ {ਰਾਗੁ ਆਸਾ
ਮਹਲਾ ੧, ਪੰਨਾ ੪੩੬}
ਪ੍ਰਭੂ ਕਿਸੇ ਸਿਆਣਪ ਨਾਲ ਕਿਸੇ ਅਕਲ ਨਾਲ ਕਿਸੇ (ਧਾਰਮਿਕ ਪੁਸਤਕਾਂ ਦੇ)
ਪਾਠ ਨਾਲ ਨਹੀਂ ਮਿਲਦਾ, ਉਹ ਤਾਂ ਪ੍ਰੇਮ ਦੀ ਰਾਹੀਂ ਮਿਲਦਾ ਹੈ, ਉਸ ਨੂੰ ਮਿਲਦਾ ਹੈ ਜਿਸ ਦੇ ਮਨ
ਵਿੱਚ ਉਹ ਪਿਆਰਾ ਲੱਗਦਾ ਹੈ।
ਗੁਰੂ ਰਾਮਦਾਸ ਪਾਤਿਸ਼ਾਹ ਦੀ ਪਾਰਖੂ ਅੱਖ ਪਹਿਚਾਣ ਕਰ ਚੁੱਕੀ ਸੀ ਕਿ ਗੁਰੂ
ਨਾਨਕ ਪਾਤਿਸ਼ਾਹ ਦੇ ਅਦੁੱਤੀ ਸਿੰਘਾਸਨ ਦਾ ਕੋਈ ਸਹੀ ਵਾਰਸ ਹੈ ਤਾਂ ਉਹ ਉਨ੍ਹਾਂ ਦੇ ਸੱਭ ਤੋਂ ਛੋਟੇ
ਸਪੁੱਤਰ ਅਰਜਨ ਸਾਹਿਬ ਹੀ ਹਨ। ਗੁਰੂ ਨਾਨਕ ਪਾਤਿਸ਼ਾਹ ਤੋਂ ਚੱਲੇ ਇਸ ਲਾਸਾਨੀ ਸਿਧਾਂਤ,
“ਗੁਰਿ ਚੇਲੇ ਰਹਰਾਸਿ ਕੀਈ, ਨਾਨਕਿ ਸਲਾਮਤਿ ਥੀਵਦੈ।। ਸਹਿ ਟਿਕਾ ਦਿਤੋਸੁ
ਜੀਵਦੈ।। ੧।। “ {ਰਾਮਕਲੀ ਕੀ ਵਾਰ ਰਾਇ ਬਲਵੰਡ
ਤਥਾ ਸਤੈ ਡੂਮਿ ਆਖੀ, ਪੰਨਾ ੯੬੬}
ਆਪਣੀ ਸਲਾਮਤੀ ਵਿੱਚ ਹੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਿੱਖ (ਬਾਬਾ ਲਹਣਾ
ਜੀ) ਅੱਗੇ ਮੱਥਾ ਟੇਕਿਆ, ਤੇ ਸਤਿਗੁਰੂ ਜੀ ਨੇ ਜਿਊਂਦਿਆਂ ਹੀ (ਗੁਰਿਆਈ ਦਾ) ਤਿਲਕ (ਬਾਬਾ ਲਹਣਾ ਜੀ
ਨੂੰ) ਦੇ ਦਿੱਤਾ। ੧।
ਅਨੁਸਾਰ, ਗੁਰੂ ਰਾਮਦਾਸ ਪਾਤਿਸ਼ਾਹ ਨੇ ਜੋਤੀ ਜੋਤਿ ਸਮਾਣ ਤੋਂ ਪਹਿਲਾਂ,
ਆਪਣੇ ਸਾਹਮਣੇ ਅਰਜਨ ਸਾਹਿਬ ਨੂੰ ਗੁਰਿਆਈ ਬਖਸ਼ ਕੇ ਗੁਰੂ ਅਰਜਨ ਪਾਤਿਸ਼ਾਹ ਬਣਾ ਦਿੱਤਾ। ਪ੍ਰਿਥੀ ਚੰਦ
ਨੇ ਬੜਾ ਹੋ-ਹੱਲਾ ਮਚਾਇਆ। ਗੁਰੂਪਿਤਾ ਦੇ ਹੁਕਮ ਤੋਂ ਆਕੀ ਹੋ ਬੈਠਾ, ਬਰਾਬਰ ਗੱਦੀ ਲਾ ਲਈ। ਇਤਨਾ
ਹੀ ਨਹੀਂ, ਕਿਹੜੀ ਸਾਜਿਸ਼ ਹੈ, ਜਿਹੜੀ ਸਤਿਗੁਰੂ ਅਰਜਨ ਪਾਤਿਸ਼ਾਹ ਦੇ ਖਿਲਾਫ ਨਹੀਂ ਘੜੀ। ਜੇ ਆਪਣੀ
ਨਹੀਂ ਚੱਲੀ ਤਾਂ ਆਪਣੇ ਪੁਤਰ ਮਿਹਰਵਾਨ ਨੂੰ ਗੁਰੂ ਬਨਾਉਣ ਦੀਆਂ ਸਾਜਿਸ਼ਾਂ ਰਚਦਾ ਰਿਹਾ। ਸਭ
ਕੋਸ਼ਿਸ਼ਾਂ ਕਰਨ ਦੇ ਬਾਵਜੂਦ, ਕੁੱਝ ਕੱਚੇ-ਪਿਲਿਆਂ ਨੂੰ ਛੱਡ ਕੇ, ਸਿੱਦਕੀ ਸਿੱਖ ਸੰਗਤਾਂ ਨੂੰ ਨਹੀਂ
ਭਰਮਾ ਸਕਿਆ। ਉਨ੍ਹਾਂ ਦੀਆਂ ਇਨ੍ਹਾਂ ਨੀਚ ਹਰਕਤਾਂ ਕਾਰਨ ਹੀ ਭਾਈ ਗੁਰਦਾਸ ਜੀ ਨੇ ਉਨ੍ਹਾਂ ਨੂੰ
‘ਮੀਣਾ` ਨਾਂ ਦਿੱਤਾ, ਇਸ ਤਰ੍ਹਾਂ ਪ੍ਰਿਥੀ ਚੰਦ ਦੇ ਵਾਰਿਸ ਅਤੇ ਪੈਰੋਕਾਰ ਵੀ ਮੀਣੇ ਕਹਾਏ। ਗੁਰੂ
ਗੋਬਿੰਦ ਸਿੰਘ ਪਾਤਿਸ਼ਾਹ ਨੇ ਖੰਡੇ ਬਾਟੇ ਦੀ ਪਾਹੁਲ ਦੀ ਬਖਸ਼ਿਸ਼ ਕਰਕੇ, ਜਦੋਂ ਕੌਮ ਨੂੰ ਇੱਕ ਲੜੀ
ਵਿੱਚ ਪਰੋਣ ਦਾ ਲਾਸਾਨੀ ਕਾਰਜ ਕੀਤਾ ਤਾਂ ਉਨ੍ਹਾਂ ਦੇ ਵਾਰਸਾਂ ਅਤੇ ਪੈਰੋਕਾਰਾਂ ਨਾਲ ਵਰਤੋਂ ਦੀ
ਮਨਾਹੀ ਕਰ ਦਿੱਤੀ।
ਮਸੰਦ
ਗੁਰੂ ਰਾਮਦਾਸ ਪਾਤਿਸ਼ਾਹ ਨੇ ਸਾਰੇ ਦੇਸ਼ ਵਿੱਚ ਸਿੱਖੀ ਦੇ ਪ੍ਰਚਾਰ ਵਾਸਤੇ,
ਅਲੱਗ ਅਲੱਗ ਇਲਾਕਿਆਂ ਵਿੱਚ ਪ੍ਰਚਾਰਕ ਥਾਪੇ, ਜਿਨ੍ਹਾਂ ਨੂੰ ‘ਮਸੰਦ` ਦਾ ਨਾਂ ਦਿੱਤਾ ਗਿਆ। ਇਨ੍ਹਾਂ
ਮਸੰਦਾਂ ਦਾ ਕੰਮ ਗੁਰਮਤਿ ਪ੍ਰਚਾਰ ਦੇ ਨਾਲ, ਸਿੱਖਾਂ ਕੋਲੋਂ ਦਸਵੰਧ ਅਤੇ ਕਾਰਭੇਟਾ ਇਕੱਤ੍ਰ ਕਰਕੇ
ਗੁਰੂ ਘਰ ਵਿੱਚ ਪਹੁੰਚਾਣ ਦਾ ਵੀ ਸੀ। ਕੁੱਝ ਸਮਾਂ ਤਾਂ ਇਸ ਪ੍ਰਥਾ ਨੇ ਸਿੱਖੀ ਦੇ ਪ੍ਰਚਾਰ ਪ੍ਰਸਾਰ
ਵਿੱਚ ਵਧੀਆ ਯੋਗਦਾਨ ਪਾਇਆ ਪਰ ਜਦੋਂ ਇਹ ਪੀੜ੍ਹੀ ਦਰ ਪੀੜ੍ਹੀ ਸਥਾਪਤ ਹੋ ਗਈ, ਤਾਂ ਇਸ ਵਿੱਚ ਵੱਡਾ
ਨਿਘਾਰ ਆ ਗਿਆ। ਮਸੰਦ ਕਿਰਤੀ ਸਿੱਖਾਂ ਦੇ ਦਸਵੰਧ ਨੂੰ, ਨੇਕ ਨੀਤੀ ਨਾਲ ਗੁਰੂ ਘਰ ਪਹੁੰਚਾਣ ਦੀ
ਬਜਾਏ, ਇਸ ਦੀ ਦੁਰਵਰਤੋਂ ਕਰਨ ਲੱਗੇ। ਸੌਖੀ ਮਾਇਆ ਮਿਲ ਜਾਣ ਕਾਰਨ, ਉਨ੍ਹਾਂ ਦੇ ਨਿਜੀ ਜੀਵਨ ਵਿੱਚ
ਵੀ ਇਤਨਾ ਨਿਘਾਰ ਆਇਆ ਕਿ ਕਈ ਤਰ੍ਹਾਂ ਦੀਆਂ ਐਯਾਸ਼ੀਆਂ ਕਰਨ ਲੱਗੇ। ਜਿਨ੍ਹਾਂ ਨੂੰ ਲੋਕਾਈ ਨੂੰ
ਗੁਰੂਘਰ ਨਾਲ ਜੋੜਨ ਦਾ ਕਾਰਜ ਸੌਂਪਿਆ ਗਿਆ ਸੀ, ਆਪ ਹੀ ਗੁਰਮਤਿ ਸਿਧਾਂਤਾਂ ਨੂੰ ਪਿੱਠ ਦੇ, ਗੁਰੂ
ਤੋਂ ਬੇਮੁੱਖ ਹੋ ਮਨਮੁਖ ਬਣ ਬੈਠੇ। ਗੁਰਬਾਣੀ ਤਾਂ ਪਹਿਲੇ ਦਿਨ ਤੋਂ ਸਿੱਖ ਨੂੰ ਮਨਮੁਖਾਂ ਤੋਂ ਦੂਰ
ਰਹਿਣ ਦੀ ਪ੍ਰੇਰਨਾ ਦੇਂਦੀ ਹੈ। ਪਾਵਨ ਗੁਰਵਾਕ ਹੈ:
“ਸੁਧਿ ਮਤਿ ਕਰਤੈ ਸਭ ਹਿਰਿ ਲਈ ਬੋਲਨਿ ਸਭੁ ਵਿਕਾਰੁ।। ਦਿਤੈ ਕਿਤੈ ਨ
ਸੰਤੋਖੀਅਹਿ ਅੰਤਰਿ ਤਿਸਨਾ ਬਹੁ ਅਗਿਆਨੁ ਅੰਧਾੑਰੁ।। ਨਾਨਕ ਮਨਮੁਖਾ ਨਾਲੋ ਤੁਟੀ ਭਲੀ ਜਿਨ ਮਾਇਆ
ਮੋਹ ਪਿਆਰੁ।। ੧।। “ {ਸਲੋਕ ਮ: ੪, ਪੰਨਾ ੩੧੬}
ਕਰਤਾਰ ਨੇ ਉਹਨਾਂ (ਮਨਮੁਖਾਂ) ਦੀ ਹੋਸ਼ ਤੇ ਅਕਲ ਖੋਹ ਲਈ ਹੈ, ਨਿਰਾ ਵਿਕਾਰ
ਹੀ ਬੋਲਦੇ ਹਨ (ਭਾਵ, ਨਿਰੇ ਵਿਕਾਰਾਂ ਦੇ ਬਚਨ ਹੀ ਕਰਦੇ ਹਨ); ਉਹ ਕਿਸੇ ਭੀ ਦਾਤ (ਦੇ ਮਿਲਣ) ਤੇ
ਰੱਜਦੇ ਨਹੀਂ, ਕਿਉਂਕਿ ਉਹਨਾਂ ਦੇ ਮਨ ਵਿੱਚ ਬੜੀ ਤ੍ਰਿਸ਼ਨਾ ਅਗਿਆਨ ਤੇ ਹਨੇਰਾ ਹੈ।
ਹੇ ਨਾਨਕ !
(ਇਹੋ ਜਿਹੇ) ਮਨਮੁਖਾਂ ਨਾਲੋਂ ਸੰਬੰਧ ਟੁੱਟਾ ਹੋਇਆ ਹੀ ਚੰਗਾ ਹੈ, ਕਿਉਂਕਿ ਉਹਨਾਂ ਦਾ ਮੋਹ ਪਿਆਰ
ਤਾਂ ਮਾਇਆ ਨਾਲ ਹੈ। ੧।
ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਇਸ ਮਸੰਦ ਪ੍ਰਥਾ ਨੂੰ ਪੂਰਨਤਾ ਖਤਮ ਕਰ
ਦਿੱਤਾ ਅਤੇ ਖਾਲਸਾ ਪੰਥ ਪ੍ਰਗਟ ਕਰਨ ਸਮੇਂ ਖਾਲਸਾ ਪੰਥ ਨੂੰ ਮਸੰਦਾਂ ਨਾਲ ਵਰਤਣ ਦੀ ਪੂਰੀ ਮਨਾਹੀ
ਕਰ ਦਿੱਤੀ।
ਧੀਰਮੱਲੀਏ
ਧੀਰਮੱਲੀਏ ਸ਼ਬਦ ਧੀਰਮਲ ਦੀ ਸੰਤਾਨ ਅਤੇ ਜੋ ਕੁੱਝ ਵਿਰਲੇ ਭੁੱਲੜ ਇਨ੍ਹਾਂ ਦੇ
ਪੈਰੋਕਾਰ ਬਣ ਗਏ, ਵਾਸਤੇ ਵਰਤਿਆ ਜਾਂਦਾ ਹੈ। ਧੀਰਮੱਲ ਗੁਰੂ ਹਰਗੋਬਿੰਦ ਸਾਹਿਬ ਦਾ ਪੋਤਰਾ, ਬਾਬਾ
ਗੁਰਦਿੱਤਾ ਜੀ ਦਾ ਪੁਤਰ ਅਤੇ ਗੁਰੂ ਹਰਿਰਾਏ ਸਹਿਬ ਦਾ ਵੱਡਾ ਭਰਾ ਸੀ। ਇਸ ਨੂੰ ਵੀ ਗੁਰਗੱਦੀ
ਪ੍ਰਾਪਤ ਕਰਨ ਦੀ ਬਹੁਤ ਲਾਲਸਾ ਸੀ। ਜਦੋਂ ਗੁਰੂ ਹਰਕਿਸ਼ਨ ਸਾਹਿਬ ਨੇ ਜੋਤੀ ਜੋਤਿ ਸਮਾਣ ਲੱਗਿਆਂ,
ਬਾਬਾ ਬਕਾਲੇ ਕਹਿ ਕੇ ਸਿੱਖਾਂ ਨੂੰ ਗੁਰੂ ਨਾਨਕ ਪਾਤਿਸ਼ਾਹ ਦੀ ਗੱਦੀ ਦੇ ਅਗਲੇ ਵਾਰਸ ਬਾਰੇ ਜਾਣਕਾਰੀ
ਦਿੱਤੀ ਤਾਂ ਬਕਾਲੇ ਵਿੱਚ ਕਈ ਦਾਵ੍ਹੇਦਾਰ ਗੁਰੂ ਬਣ ਕੇ ਬੈਠ ਗਏ, ਇਨ੍ਹਾਂ ਵਿੱਚ ਧੀਰਮੱਲ ਪ੍ਰਮੁੱਖ
ਸੀ। ਐਸੇ ਸਮੇਂ ਵਿੱਚ ਗੁਰੂ ਤੇਗਬਹਾਦਰ ਸਹਿਬ ਅਡੋਲ ਆਪਣੇ ਘਰ ਟਿਕੇ ਰਹੇ। ਇਤਨੀਆਂ ਮੰਜੀਆਂ ਲੱਗੀਆਂ
ਵੇਖ, ਕੁੱਝ ਸਮਾਂ ਸਿੱਖਾਂ ਵਿੱਚ ਵੀ ਬਹੁਤ ਭੰਬਲਭੁਸਾ ਫੈਲ ਗਿਆ ਅਤੇ ਧੀਰਮੱਲ ਨੂੰ ਜਾਪਿਆ ਕਿ ਸ਼ਾਇਦ
ਉਸ ਦੀ ਹੱਟੀ ਚਲ ਨਿਕਲੇ। ਜਿਸ ਵੇਲੇ ਭਾਈ ਮੱਖਣ ਸ਼ਾਹ ਨੇ ਆਪਣੀ ਸਿਆਣਪ ਨਾਲ ਸੱਚੇ ਗੁਰੂ, ਗੁਰੂ
ਤੇਗਬਹਾਦਰ ਸਾਹਿਬ ਨੂੰ ਪ੍ਰਗਟ ਕਰ ਦਿੱਤਾ, ਤਾਂ ਸਾਰੀ ਸੰਗਤ ਗੁਰੂ ਤੇਗਬਹਾਦਰ ਸਾਹਿਬ ਦੀ ਸ਼ਰਨ ਵਿੱਚ
ਆ ਗਈ, ਜਿਸ ਨਾਲ ਸਾਰੇ ਪਖੰਡੀਆਂ ਨੂੰ ਆਪਣੀਆਂ ਹੱਟੀਆਂ ਚੁਕਣੀਆਂ ਪਈਆਂ। ਇਸ ਨਾਲ ਧੀਰਮੱਲ ਨੂੰ ਸਭ
ਤੋਂ ਵੱਧ ਤਕਲੀਫ ਹੋਈ, ਉਸ ਨੇ ਚਿੱੜ ਵਿੱਚ ਆਕੇ ਗੁਰੂ ਤੇਗਬਹਾਦਰ ਸਾਹਿਬ ਤੇ ਜਾਨਲੇਵਾ ਹਮਲਾ ਕਰਵਾ
ਦਿੱਤਾ। ਸਿੱਖਾਂ ਨੇ ਉਹ ਹਮਲਾ ਤਾਂ ਪਛਾੜ ਦਿੱਤਾ, ਸਗੋਂ ਧੀਰਮੱਲ ਨੂੰ ਵੀ ਕਾਬੂ ਕਰ ਲਿਆ ਅਤੇ ਉਸ
ਕੋਲੋਂ, ਗੁਰੂ ਅਰਜਨ ਪਾਤਿਸ਼ਾਹ ਦਾ ਸੰਪਾਦਨ ਕਰਾਇਆ, ਭਾਈ ਗੁਰਦਾਸ ਜੀ ਲਿੱਖਤ, ਗ੍ਰੰਥ ਸਾਹਿਬ ਦਾ
ਮੂਲ ਸਰੂਪ, ਜੋ ਉਸ ਸਮੇਂ ਧੀਰਮਲ ਦੇ ਕਬਜ਼ੇ ਵਿੱਚ ਸੀ, ਵੀ ਖੋਹ ਲਿਆ। ਸਤਿਗੁਰੂ ਗੁਰੂ ਤੇਗਬਹਾਦਰ
ਸਾਹਿਬ ਨੇ ਆਪਣੇ ਹਿਰਦੇ ਦੀ ਵਿਸ਼ਾਲਤਾ ਵਿਖਾਉਂਦੇ ਹੋਏ ਧੀਰਮੱਲ ਨੂੰ ਵੀ ਮਾਫ ਕਰ ਦਿੱਤਾ ਅਤੇ ਗ੍ਰੰਥ
ਸਾਹਿਬ ਸਮੇਤ ਉਸ ਦਾ ਮਾਲ ਅਸਬਾਬ ਵੀ ਵਾਪਿਸ ਕਰ ਦਿੱਤਾ ਪਰ ਧੀਰਮਲ ਨੇ ਆਖਿਰ ਤੱਕ ਆਪਣੀ ਕਿੜ ਨਹੀਂ
ਛੱਡੀ ਅਤੇ ਸਰਕਾਰੀ ਸ਼ਹਿ ਨਾਲ ਗੁਰਗੱਦੀ ਤੇ ਕਾਬਜ਼ ਹੋਣ ਦੀਆਂ ਵਿਉਂਤਾ ਗੁੰਦਦਾ ਰਿਹਾ। ਇਸੇ ਸਰਕਾਰੀ
ਮਦਦ ਨਾਲ ਇਸ ਨੇ ਗੁਰੂ ਅਰਜਨ ਪਾਤਿਸ਼ਾਹ ਦਾ ਵਸਾਏ ਨਗਰ ਕਰਤਾਰਪੁਰ (ਜਲੰਧਰ ਨੇੜੇ) ਦੀ ਜਗੀਰ ਵੀ
ਹਾਸਲ ਕਰ ਲਈ। ਇਸ ਸਮੇਂ ਧੀਰਮਲ ਦੇ ਵਾਰਸ ਇਸੇ ਕਰਤਾਰਪੁਰ ਵਿੱਚ ਵਸਦੇ ਹਨ ਅਤੇ ਗੁਰੂ ਗ੍ਰੰਥ ਸਾਹਿਬ
ਦਾ ਉਹ ਮੂਲ ਸਰੂਪ ਅੱਜ ਵੀ ਉਨ੍ਹਾਂ ਕੋਲ ਹੋਣਾ ਮੰਨਿਆਂ ਜਾਂਦਾ ਹੈ। ਹਾਲਾਂਕਿ ਸਚਾਈ ਇਹ ਹੈ ਕਿ
ਉਨ੍ਹਾਂ ਕੋਲ ਇੱਕ ਨਹੀਂ, ਵਧੇਰੇ ਗੁਰੂ ਗ੍ਰੰਥ ਸਾਹਿਬ ਦੇ ਹਸਤ ਲਿਖਤ ਸਰੂਪ ਹਨ ਅਤੇ ਉਹ ਕਿਸੇ ਨੂੰ
ਕੋਈ ਅਤੇ ਕਿਸੇ ਨੂੰ ਕੋਈ ਦੂਸਰਾ ਸਰੂਪ ਵਿਖਾ ਕੇ ਕੌਮ ਵਿੱਚ ਨਵੇਂ ਭੁਲੇਖੇ ਖੜੇ ਕਰਨ ਦੀ ਕੋਸ਼ਿਸ਼ ਕਰ
ਰਹੇ ਹਨ।
ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਖੰਡੇ ਬਾਟੇ ਦੀ ਪਾਹੁਲ ਛਕਾ ਕੇ ਜੋ
ਮਰਯਾਦਾ ਦ੍ਰਿੜ ਕਰਾਈ, ਉਸ ਵਿੱਚ ਪੰਥ ਨੂੰ ਇਨ੍ਹਾਂ ਨਾਲ ਵਰਤਣ ਦੀ ਵੀ ਪੂਰੀ ਮਨਾਹੀ ਕਰ ਦਿੱਤੀ।
ਰਾਮਰਾਈਏ
ਰਾਮਰਾਈਏ ਸ਼ਬਦ ਬਾਬਾ ਰਾਮਰਾਇ ਦੇ ਪੈਰੋਕਾਰਾਂ ਤੋਂ ਚਲਿਆ ਹੈ। ਬਾਬਾ ਰਾਮਰਾਇ
ਗੁਰੂ ਹਰਿਰਾਇ ਸਾਹਿਬ ਦੇ ਵੱਡੇ ਪੁੱਤਰ ਸਨ। ਜਦੋਂ ਔਰੰਗਜ਼ੇਬ ਨੇ ਸਤਵੇਂ ਪਾਤਿਸ਼ਾਹ ਨੂੰ ਦਿੱਲੀ ਤਲਬ
ਕੀਤਾ, ਤਦ ਉਨ੍ਹਾਂ ਵੱਡੇ ਪੁੱਤਰ ਰਾਮਰਾਇ ਨੂੰ ਉਥੇ ਭੇਜ ਦਿੱਤਾ। ਰਾਮਰਾਇ ਨੇ ਆਪਣੀ ਚਤੁਰਾਈ ਨਾਲ
ਔਰੰਗਜ਼ੇਬ ਨੂੰ ਖੁਸ਼ ਰੱਖਿਆ। ਜਦੋਂ ਔਰੰਗਜ਼ੇਬ ਨੇ ਪੁਛਿਆ ਕਿ ਕੀ ਇਹ ਸੱਚ ਹੈ ਕਿ ਗੁਰੂ ਨਾਨਕ
ਪਾਤਿਸ਼ਾਹ ਨੇ ਆਪਣੀ ਬਾਣੀ ਦੇ, ‘ਮਿਟੀ ਮੁਸਲਮਾਨ ਕੀ` ਵਾਲੇ ਸਲੋਕ ਵਿੱਚ ਇਸਲਾਮ ਦੀ ਹੱਤਕ ਕੀਤੀ ਹੈ?
ਤਾਂ ਰਾਮਰਾਇ ਨੇ ਉਤਰ ਦਿੱਤਾ ਕਿ ਅਸਲ ਪਾਠ, ‘ਮਿਟੀ ਮੁਸਲਮਾਨ ਕੀ` ਨਹੀਂ, ‘ਮਿਟੀ ਬੇਈਮਾਨ ਕੀ` ਹੈ।
ਇਸ ਤੇ ਔਰੰਗਜ਼ੇਬ ਦੀ ਤਾਂ ਤਸਲੀ ਹੋ ਗਈ, ਪਰ ਜਦੋਂ ਸਤਿਗੁਰੂ ਹਰਿਰਾਇ ਸਾਹਿਬ ਨੂੰ ਇਸ ਗੱਲ ਦਾ ਪਤਾ
ਲੱਗਾ ਤਾਂ ਉਨ੍ਹਾਂ ਫੁਰਮਾਇਆ ਕਿ ਰਾਮਰਾਇ ਨੇ ਬਾਦਸ਼ਾਹ ਦੀ ਖੁਸ਼ਾਮਦ ਕਰਨ ਲਈ, ਗੁਰਬਾਣੀ ਦਾ ਸ਼ਬਦ
ਪਲਟਿਆ ਹੈ, ਜੋ ਵੱਡਾ ਅਪਰਾਧ ਹੈ। ਉਨ੍ਹਾਂ ਹੁਕਮ ਕਰ ਦਿੱਤਾ, ਕਿ ਰਾਮਰਾਇ ਸਾਡੇ ਮੱਥੇ ਨਾ ਲੱਗੇ।
ਜਦ ਔਰੰਗਜ਼ੇਬ ਨੂੰ ਇਸ ਗੱਲ ਦਾ ਪਤਾ ਲੱਗਾ, ਤਾਂ ਉਸ ਸੋਚਿਆ, ਗੁਰੂ ਘਰ ਵਿੱਚ
ਪਾੜ ਪਾਉਣ ਦਾ ਇਹ ਚੰਗਾ ਮੌਕਾ ਹੈ, ਉਸਨੇ ਰਾਮਰਾਇ ਨੂੰ ਹਰਿਦਵਾਰ ਤੋਂ ਉਪਰ ਦੂਣ ਵਿੱਚ ਵੱਡੀ ਜਗੀਰ
ਦੇ ਦਿੱਤੀ, ਜਿਥੇ ਉਸ ਨੇ ਆਪਣੀ ਅਲੱਗ ਗੱਦੀ ਚਲਾਉਣੀ ਸ਼ੁਰੂ ਕਰ ਦਿੱਤੀ। ਪਹਿਲਾਂ ਤਾਂ ਰਾਮ ਰਾਇ
ਸਰਕਾਰੀ ਚੁੱਕ ਕਾਰਨ ਮਸਤੀ ਵਿੱਚ ਰਿਹਾ, ਪਰ ਬਾਅਦ ਵਿੱਚ ਜਦੋਂ ਉਸ ਨੇ ਮਹਿਸੂਸ ਕੀਤਾ ਕਿ ਉਹ ਪੂਰੀ
ਤਰ੍ਹਾਂ ਸੁਆਰਥੀ ਲੋਕਾਂ ਨਾਲ ਘਿਰ ਗਿਆ ਹੈ, ਜੋ ਅੱਜ ਦੇ ਡੇਰੇਦਾਰਾਂ ਦੇ ਚੇਲਿਆਂ ਵਾਂਗ, ਪੱਲ ਪੱਲ
ਉਸ ਦੀ ਮੌਤ ਦੀ ਇੰਤਜ਼ਾਰ ਕਰ ਰਹੇ ਹਨ, ਤਾਂ ਉਸ ਨੂੰ ਆਪਣੀ ਭੁੱਲ ਦਾ ਅਹਿਸਾਸ ਹੋਇਆ। ਉਸ ਸਮੇਂ ਤੱਕ
ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਗੁਰਗੱਦੀ ਤੇ ਸੁਭਾਇਮਾਨ ਹੋ ਚੁੱਕੇ ਸਨ ਅਤੇ ਪਾਉਂਟਾ ਸਾਹਿਬ ਵਿੱਚ
ਵਿਚਰ ਰਹੇ ਸਨ। ਉਸ ਨੇ ਸਤਿਗੁਰੂ ਨੂੰ ਸੁਨੇਹਾ ਭੇਜਿਆ ਅਤੇ ਜਮੁਨਾ ਨਦੀ ਵਿੱਚ, ਇੱਕ ਕਿਸ਼ਤੀ ਵਿੱਚ,
ਸਤਿਗੁਰੂ ਨਾਲ ਉਸ ਦੀ ਮੁਲਾਕਾਤ ਹੋਈ। ਉਸ ਨੇ ਆਪਣੀ ਸਾਰੀ ਹਾਲਤ ਬਿਆਨ ਕਰਕੇ, ਆਪਣੀ ਭੁੱਲ ਦੀ
ਮੁਆਫੀ ਮੰਗੀ ਅਤੇ ਵਾਪਿਸ ਆਉਣ ਵਾਸਤੇ ਯਾਚਨਾ ਕੀਤੀ। ਸਤਿਗੁਰੂ ਨੇ ਉਸ ਦੀ ਬੇਨਤੀ ਪ੍ਰਵਾਨ ਕਰ ਲਈ।
ਇਸ ਤਰ੍ਹਾਂ ਇਨ੍ਹਾਂ ਦਾ ਡੇਹਰਾਦੂਨ ਸਥਿਤ ਡੇਰਾ ਵੀ ਉਦੋਂ ਹੀ ਬੰਦ ਹੋ ਜਾਣਾ ਚਾਹੀਦਾ ਸੀ, ਅਤੇ
ਸੰਪਰਦਾ ਵੀ ਮੁੱਕ ਜਾਣੀ ਚਾਹੀਦੀ ਸੀ, ਪਰ ਜਦੋਂ ਬਾਬਾ ਰਾਮਰਾਇ ਸਤਿਗੁਰੂ ਨੂੰ ਮਿਲ ਕੇ ਵਾਪਿਸ ਗਏ
ਤਾਂ ਉਨ੍ਹਾਂ ਦੇ ਚੇਲੇ ਚਾਟੜੇ, ਨੇੜਲੇ ਪੈਰੋਕਾਰ, ਜੋ ਉਨ੍ਹਾਂ ਦੀ ਜਾਇਦਾਦ ਅਤੇ ਗੱਦੀ ਉਤੇ ਤਾਕ
ਲਾਈ ਬੈਠੇ ਸਨ, ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੂੰ ਸਭ ਕੁੱਝ ਹਥੋਂ ਜਾਂਦਾ ਨਜ਼ਰ ਆਇਆ।
ਉਨ੍ਹਾਂ ਬਾਬਾ ਰਾਮਰਾਇ ਨੂੰ ਬਾਕੀ ਜ਼ਿੰਦਗੀ ਤਕਰੀਬਨ ਬੰਦੀ ਬਣਾਕੇ ਰਖਿਆ, ਅਤੇ ਮੌਕਾ ਲਗਦੇ, ਜੀਉਂਦੇ
ਦਾ ਹੀ ਸਸਕਾਰ ਕਰਕੇ, ਅੰਦਰ ਹੀ ਮਾਰ ਮੁਕਾਇਆ। ਜੋ ਅੱਜ ਇਸ ਡੇਰੇ ਤੇ ਕਾਬਜ਼ ਹਨ, ਉਨ੍ਹਾਂ ਦੀ ਲੜੀ
ਵਿੱਚੋਂ ਹਨ, ਜਿਨ੍ਹਾਂ ਬਾਬਾ ਰਾਮਰਾਇ ਦਾ ਜੀਉਂਦੇ ਦਾ ਸਸਕਾਰ ਕਰ ਦਿੱਤਾ ਸੀ, ਬੇਸ਼ਕ ਉਹ ਹੱਟੀਆਂ
ਬਾਬਾ ਰਾਮਰਾਇ ਦੇ ਨਾਂ ਤੇ ਹੀ ਚਲਾ ਰਹੇ ਹਨ। ਬਾਬਾ ਰਾਮ ਰਾਇ ਦੇ ਪਰਿਵਾਰ ਨੂੰ ਗੁਰੂ ਗੋਬਿੰਦ ਸਿੰਘ
ਪਾਤਿਸ਼ਾਹ ਨੇ ਆਪ ਉਥੋਂ ਬਚਾਕੇ ਲਿਆਂਦਾ। ਇਥੇ ਰਾਮਰਾਇ ਦਾ ਦੇਹਰਾ ਬਣਨ ਕਾਰਨ ਹੀ, ਇਸ ਦੂਣ ਦਾ ਨਾਂ
ਦੇਹਰਦੂਣ ਪਿਆ।
ਅਸੀਂ ਵੇਖਿਆ ਹੈ ਕਿ ਹਰ ਉਹ ਵਿਅਕਤੀ ਜਾਂ ਸੰਸਥਾ, ਜਿਸ ਨੇ ਗੁਰੂ ਪਾਤਿਸ਼ਾਹ
ਦੇ ਬਰਾਬਰ ਗੱਦੀ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ, ਨਾਲ ਵਰਤਣ ਤੋਂ ਮਨਾਹੀ ਕਰ ਦਿੱਤੀ ਗਈ ਹੈ। ਇਥੇ
ਇੱਕ ਗੱਲ ਹੋਰ ਸਪੱਸ਼ਟ ਕਰ ਦੇਣੀ ਚੰਗੀ ਹੋਵੇਗੀ ਕਿ ਤਕਰੀਬਨ ਸਾਰੇ ਪੁਰਾਤਨ ਰਹਿਤਨਾਮਿਆਂ ਦੇ ਲਿਖਾਰੀ
ਅਤੇ ਇਤਿਹਾਸਕਾਰ ਇਸ ਗੱਲ ਵਿੱਚ ਇਕਮਤ ਹਨ ਕਿ ਇਨ੍ਹਾਂ ਨਾਲ ਵਰਤਣ ਦੀ ਮਨਾਹੀ ਗੁਰੂ ਗੋਬਿੰਦ ਸਿੰਘ
ਪਾਤਿਸ਼ਾਹ ਨੇ ਆਪ ਖੰਡੇ ਬਾਟੇ ਦੀ ਪਾਹੁਲ ਛਕਾ ਕੇ ਕਰ ਦਿੱਤੀ ਸੀ। ਪੰਥ ਨੇ ਸਤਿਗੁਰੂ ਦੇ ਉਸ ਆਦੇਸ਼
ਨੂੰ ਇੰਨ-ਬਿੰਨ ਮੌਜੂਦਾ ਰਹਿਤ ਮਰਯਾਦਾ ਵਿੱਚ ਸ਼ਾਮਿਲ ਕੀਤਾ ਹੈ।
ਇਸ ਤੋਂ ਇਹ ਵੀ ਸੰਦੇਸ਼ ਮਿਲਦਾ ਹੈ ਕਿ ਸਿੱਖ ਕੌਮ ਨੂੰ ਕਦੇ ਵੀ ਕੋਈ ਐਸਾ
ਵਿਅਕਤੀ ਜਾਂ ਸੰਸਥਾ ਜੋ ਗੁਰੂ ਗ੍ਰੰਥ ਸਾਹਿਬ ਦੇ ਟਾਕਰੇ ਤੇ ਗੁਰੂਡੰਮ ਸਾਥਾਪਤ ਕਰਦਾ ਹੈ, ਨਾਲ
ਬਿਲਕੁਲ ਨਹੀਂ ਵਰਤਣਾ ਚਾਹੀਦਾ। ਇਸੇ ਅਨੁਸਾਰ, ਨਕਲੀ ਨਿਰੰਕਾਰੀਆਂ ਵਲੋਂ, 1978 ਦੀ ਵਿਸਾਖੀ ਮੌਕੇ
13 ਸਿੱਖਾਂ ਦੇ ਕੀਤੇ ਗਏ ਕਤਲੇਆਮ ਤੋਂ ਬਾਅਦ, 10 ਜੂਨ 1978 ਨੂੰ ਅਕਾਲ ਤਖ਼ਤ ਸਾਹਿਬ ਤੋਂ
ਨਿਰੰਕਾਰੀਆਂ ਨਾਲੋਂ ਹਰ ਸਿੱਖ ਨੂੰ ਨਾਤੇ ਤੋੜ ਲੈਣ ਸਬੰਧੀ ਗੁਰਮਤਾ ਜਾਰੀ ਹੋਇਆ। ਇਸ ਗੁਰਮਤੇ ਦਾ
ਆਮ ਸਿੱਖਾਂ ਤੇ ਬਹੁਤ ਪ੍ਰਭਾਵ ਹੋਇਆ ਅਤੇ ਬਹੁਤ ਸਾਰੇ ਭੁਲੱੜ ਵੀਰ ਜੋ ਪਹਿਲਾਂ ਇਸ ਨੂੰ ਸਿੱਖੀ ਦਾ
ਹੀ ਇੱਕ ਅੰਗ ਸਮਝ ਕੇ, ਇਸ ਵਿੱਚ ਜਾ ਵੜੇ ਸਨ, ਇਨ੍ਹਾਂ ਨੂੰ ਤਿਆਗ ਕੇ ਵਾਪਿਸ ਸਿੱਖੀ ਵਿੱਚ ਮੁੜ
ਆਏ।
ਸੰਨ 2007 ਵਿੱਚ, ਪਖੰਡ ਦੀ ਇੱਕ ਹੋਰ ਦੁਕਾਨ, ਡੇਰਾ ਸੱਚਾ ਸੌਦਾ ਦੇ ਮੁੱਖੀ
ਗੁਰਮੀਤ ਰਾਮ ਰਹੀਮ ਨੇ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੀ ਖੰਡੇ ਬਾਟੇ ਦੀ ਪਾਹੁਲ ਛਕਾਉਣ ਦੀ ਰਸਮ
ਦੀ ਨਕਲ ਉਤਾਰ ਕੇ, ਸਿੱਖ ਹਿਰਦਿਆਂ ਨੂੰ ਵਲੂੰਧਰ ਦਿੱਤਾ। ਇਸ ਨਾਲ ਸਾਰੀ ਕੌਮ ਵਿੱਚ ਇੱਕ ਰੋਸ ਦੀ
ਲਹਿਰ ਜਾਗ ਪਈ। 17 ਮਈ 2007 ਨੂੰ ਤਖਤ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਜਥੇਦਾਰਾਂ ਨੇ ਡੇਰਾ
ਸੱਚਾ ਸੌਦਾ ਦੇ ਪੂਰਨ ਬਾਈਕਾਟ ਦਾ ਸੱਦਾ ਦਿੱਤਾ ਅਤੇ ਪੰਜਾਬ ਸਰਕਾਰ ਨੂੰ 10 ਦਿਨਾਂ ਵਿੱਚ ਰਾਮ
ਰਹੀਮ ਨੂੰ ਗ੍ਰਿਫਤਾਰ ਕਰਨ ਦਾ ਨੋਟਿਸ ਦਿੱਤਾ, ਅਤੇ ਪੰਜਾਬ ਵਿਚਲੇ ਡੇਰੇ ਬੰਦ ਕਰਨ ਦਾ ਅਦੇਸ਼
ਦਿੱਤਾ। ਉਥੇ ਹਜ਼ਾਰਾਂ ਦੀ ਗਿਣਤੀ ਵਿੱਚ ਹਾਜ਼ਰ ਸਿੱਖ ਸੰਗਤਾਂ ਦੀ ਇਸ ਤੋਂ ਵੀ ਤਸੱਲੀ ਨਹੀਂ ਹੋਈ ਅਤੇ
ਉਨ੍ਹਾਂ ਜੋਗਿੰਦਰ ਸਿੰਘ ਵੇਦਾਂਤੀ ਅਤੇ ਬਾਦਲ ਖਿਲਾਫ ਨਾਅਰੇ ਮਾਰੇ। ਵੇਦਾਂਤੀ ਨੂੰ ਬੋਲਣ ਤੋਂ ਵੀ
ਰੋਕ ਦਿੱਤਾ ਗਿਆ। ਬਾਅਦ ਵਿੱਚ ਜਥੇਦਾਰ ਆਪਣੇ ਹੀ ਇਸ ਆਦੇਸ਼ ਨੂੰ ਲਾਗੂ ਕਰਾਉਣ ਤੋਂ ਭੱਜ ਗਏ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਿੱਖ ਸੰਗਤਾਂ ਨੇ ਸਦਾ ਹੀ ਇਸ ਪੰਥਕ ਭਾਵਨਾ
ਦਾ ਸਤਿਕਾਰ ਕੀਤਾ ਹੈ ਪਰ ਰਾਜਨੀਤਿਕ ਆਗੂਆਂ ਨੇ, ਆਪਣੇ ਨਿਜੀ ਸਿਆਸੀ ਲੋਭ ਕਾਰਨ, ਸਦਾ ਕੌਮ ਦੇ
ਸਿਧਾਂਤਾਂ ਅਤੇ ਭਾਵਨਾਵਾਂ ਨਾਲ, ਧ੍ਰੋਹ ਕਮਾਇਆ ਹੈ। ਸ਼੍ਰੋਮਣੀ ਗੁਰਦੁਆਰਾ ਕਮੇਟੀ ਦਾ ਸਾਬਕਾ,
ਮਰਹੂਮ ਪ੍ਰਧਾਨ ਗੁਰਚਰਨ ਸਿੰਘ ਟੋਹੜਾ, ਵੋਟਾਂ ਦੀ ਖਾਤਰ ਨਿਰੰਕਾਰੀਆਂ ਦੇ ਦਰਬਾਰ ਵਿੱਚ ਗਿਆ। ਉਸ
ਦੀ ਇਸ ਕਰਤੂਤ ਦੀਆਂ ਸਾਫ ਅਤੇ ਸਪੱਸ਼ਟ ਫੋਟੋ ਅਖਬਾਰਾਂ ਵਿੱਚ ਛੱਪੀਆਂ, ਜਗਤ ਨੇ ਵੇਖੀਆਂ। ਇਹ ਕੇਸ
ਅਕਾਲ ਤਖਤ ਸਾਹਿਬ ਤੇ ਅਖੌਤੀ ਜਥੇਦਾਰਾਂ ਕੋਲ ਵੀ ਗਿਆ ਪਰ ਉਸ ਸਮੇਂ ਦੇ ਅਕਾਲ ਤਖਤ ਸਾਹਿਬ ਦੇ
ਅਖੌਤੀ ਜਥੇਦਾਰ ਰਣਜੀਤ ਸਿੰਘ ਨੇ ਆਪਣੇ ਜਥੇਦਾਰ ਬਨਾਉਣ ਦਾ ਕਰਜ਼ਾ ਚੁਕਾਉਣ ਲਈ ਆਪਣੀਆਂ ਅੱਖਾਂ ਬੰਦ
ਕਰ ਲਈਆਂ ਅਤੇ ਟੋਹੜੇ ਨੂੰ ਇਸ ਦੋਸ਼ ਤੋਂ ਬਰੀ ਕਰ ਦਿੱਤਾ।
ਪਿਛਲੇ ਦਿਨੀ ਕੁੱਝ ਟੀਵੀ ਚੈਨਲਾਂ ਤੇ ਪ੍ਰਕਾਸ਼ ਸਿੰਘ ਬਾਦਲ ਅਤੇ ਉਸ ਦੇ
ਪੁੱਤਰ ਦੀਆਂ ਝੂਠੇ ਸੌਦੇ ਵਾਲੇ ਰਾਮ ਰਹੀਮ ਦੇ ਦਰਬਾਰ ਵਿੱਚ ਹਾਜ਼ਰ ਹੋਕੇ ਨਤਮਸਤਕ ਹੋਣ ਦੀਆਂ ਵੀਡੀਓ
ਫਿਲਮਾਂ ਦਿਖਾਈਆਂ ਗਈਆਂ, ਜੋ ਦੁਨੀਆਂ ਨੇ ਵੇਖੀਆਂ। ਲੰਬੇ ਸਮੇਂ ਤੋਂ ਗੁਰੂ ਗ੍ਰੰਥ ਸਾਹਿਬ ਦੇ
ਬਰਾਬਰ ਗੱਦੀ ਲਾਕੇ ਬੈਠੇ, ਨਾਮਧਾਰੀਆਂ ਦੇ ਦਰਬਾਰ ਦੀਆਂ ਹਾਜਰੀਆਂ ਭਰਨੀਆਂ, ਇਨ੍ਹਾਂ ਦਾ ਆਮ
ਵਰਤਾਰਾ ਹੈ। ਇਨ੍ਹਾਂ ਦੀ ਕਿਰਪਾ ਦੁਆਰਾ ਹੀ ਗੁਰੂ ਨਾਨਕ ਯੂਨੀਵਰਸਿਟੀ, ਅੰਮ੍ਰਿਤਸਰ ਵਿੱਚ ਸਤਿਗੁਰੂ
ਰਾਮ ਸਿੰਘ ਦੇ ਨਾਂ ਦਾ ਵਿਭਾਗ (ਚੇਅਰ) ਸਥਾਪਤ ਕੀਤਾ ਗਿਆ। ਕ੍ਰਿਪਾਨਾਂ ਤਾਂ ਇਨ੍ਹਾਂ ਵੀ ਪਾਈਆਂ
ਹੋਈਆਂ ਹਨ, ਅੰਮ੍ਰਿਤਧਾਰੀ ਤਾਂ ਇਹ ਵੀ ਅਖਵਾਉਂਦੇ ਹਨ, ਬਲਕਿ ਆਪਣੀ ਸਰਕਾਰ ਦੇ, ਪੰਥਕ ਸਰਕਾਰ ਹੋਣ
ਦੇ ਦਾਅਵੇ ਭਰਦੇ ਹਨ। ਕੀ ਆਖਿਆ ਜਾਵੇ, ਇਨ੍ਹਾਂ ਕਿਹੜੀ ਅਤੇ ਕਿਸਦੀ ਪਾਹੁਲ ਛਕੀ ਹੈ? ਜਦ ਇਨ੍ਹਾਂ
ਨੂੰ ਪੰਥਕ ਫੈਸਲਿਆਂ ਦਾ ਹੀ ਕੋਈ ਸਤਿਕਾਰ ਨਹੀਂ, ਤਾਂ ਇਹ ਗਾਤਰੇ ਪਾਉਣ ਦਾ ਵਿਖਾਵਾ, ਇੱਕ ਪਖੰਡ
ਤੋਂ ਸਿਵਾ ਹੋਰ ਕੀ ਹੈ?
ਗੁਰੂਆਂ ਦੀ ਪਾਵਨ ਧਰਤੀ ਪੰਜਾਬ ਵਿੱਚ ਡੇਰਿਆਂ ਦਾ ਹੜ੍ਹ ਆ ਗਿਆ ਹੈ। ਭਾਵੇਂ
ਇਹ ਲੋਕ ਭੋਲੇ ਭਾਲੇ ਸਿੱਖਾਂ ਨੂੰ ਭਰਮਾਉਣ ਲਈ, ਆਪਣੇ ਡੇਰਿਆਂ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼
ਵੀ ਕਰਦੇ ਅਤੇ ਸਤਿਗੁਰੂ ਦਾ ਵੱਡਾ ਸਤਿਕਾਰ ਕਰਨ ਦਾ ਦੰਭ ਵੀ ਕਰਦੇ ਹਨ, ਪਰ ਅਸਲ ਵਿੱਚ ਇਹ ਸਾਰੇ
ਆਪਣੀ ਪੂਜਾ ਕਰਾਕੇ, ਗੁਰੂ ਦੇ ਸ਼ਰੀਕ ਬਣਨ ਦੀ ਕੋਸ਼ਿਸ਼ ਕਰ ਰਹੇ ਹਨ। ਬਿਲਕੁਲ ਉਸੇ ਤਰ੍ਹਾਂ, ਜਿਵੇਂ
ਬਾਬਾ ਰਾਮਰਾਇ ਦਾ ਜੀਉਂਦੇ ਦਾ ਸਸਕਾਰ ਕਰ ਦੇਣ ਵਾਲੇ, ਅੱਜ ਤੱਕ ਬਾਬਾ ਰਾਮਰਾਇ ਦੇ ਨਾਂ ਤੇ ਹੀ
ਹੱਟੀ ਚਲਾ ਰਹੇ ਹਨ। ਆਪਣੇ ਪੈਰੋਕਾਰਾਂ ਵਿੱਚ ਆਪਣੀ ਮਕਬੂਲੀਅਤ ਬਣਾ ਕੇ ਰਖਣ ਲਈ, ਬਾਬਾ ਰਾਮਰਾਇ ਦੇ
ਗੁਣ ਗਾਉਣੇ, ਉਨ੍ਹਾਂ ਦੀ ਮਜ਼ਬੂਰੀ ਹੈ। ਕਕਾਰਧਾਰੀ, ਖਾਲਸੇ ਦਿੱਸਣ ਵਾਲੇ, ਭੁੱਲੜ ਸਿੱਖ ਆਮ ਹੀ
ਇਨ੍ਹਾਂ ਡੇਰਿਆਂ ਤੇ ਰੁਲਦੇ ਫਿਰਦੇ ਵੇਖੇ ਜਾ ਸਕਦੇ ਹਨ। ਇਹ ਸਿਆਸੀ ਆਗੂ ਵੀ ਗਲੇ ਵਿੱਚ ਗਾਤਰੇ
ਪਾਕੇ, ਆਪਣੀਆਂ ਵੋਟਾਂ ਦੇ ਲੋਭ ਵਿੱਚ ਉਥੇ ਜਾ ਕੇ, ਉਨ੍ਹਾਂ ਨੂੰ ਮਾਨਤਾ ਦੇਂਦੇ ਹਨ, ਜਿਸ ਨਾਲ
ਭੋਲੇ ਭਾਲੇ ਸਿੱਖ ਵਧੇਰੇ ਭੁਲੇਖਿਆਂ ਵਿੱਚ ਫਸ ਜਾਂਦੇ ਹਨ। ਹੈਰਾਨਗੀ ਦੀ ਗੱਲ ਹੈ, ਜੋ ਸਤਿਗੁਰੂ ਦੀ
ਬਰਾਬਰੀ ਤੇ ਗੱਦੀਆਂ ਸਥਾਪਤ ਕਰ ਰਹੇ ਹਨ, ਜਿਨ੍ਹਾਂ ਦਾ ਕੌਮ ਨੂੰ ਪੂਰਨ ਬਾਈਕਾਟ ਕਰਨਾ ਚਾਹੀਦਾ ਹੈ,
ਉਨ੍ਹਾਂ ਦੇ ਡੇਰਿਆਂ ਤੇ ਸਿੱਖ ਪਾਹੁਲ ਛੱਕਣ ਜਾ ਰਹੇ ਹਨ। ਪਿਛਲੀ ਸ਼ਤਾਬਦੀ ਵਿੱਚ, ਸਿੱਖ ਕੌਮ ਦੀ ਇਹ
ਵੱਡੀ ਤਰਾਸਦੀ ਰਹੀ ਹੈ ਕਿ ਪਹਿਲਾਂ ਸਿੱਖਾਂ ਨੇ ਆਪ ਹੀ ਭਰਮ ਭੁਲੇਖਿਆਂ ਵਿੱਚ ਫਸ ਕੇ ਇਨ੍ਹਾਂ
ਡੇਰੇਦਾਰਾਂ ਨੂੰ ਮਾਨਤਾ ਦਿੱਤੀ, ਸਥਾਪਤ ਕੀਤਾ ਅਤੇ ਜਦੋਂ ਉਨ੍ਹਾਂ ਦੀ ਅਸਲੀਅਤ ਖੁਲ ਕੇ ਸਾਹਮਣੇ ਆ
ਗਈ ਤਾਂ ਫਿਰ ਆਪ ਹੀ ਉਨ੍ਹਾਂ ਦੇ ਖਿਲਾਫ ਸੰਘਰਸ਼ ਕਰਨਾ ਪਿਆ, ਪਰ ਵਧੇਰੇ ਦੁੱਖ ਦੀ ਗੱਲ ਇਹ ਹੈ ਕਿ
ਬਹੁਤਿਆਂ ਨੂੰ ਅਜੇ ਵੀ ਸਮਝ ਨਹੀਂ ਆਈ। ਹੋਰ ਤਾਂ ਹੋਰ, ਇੱਕ ਡੇਰੇ ਖਿਲਾਫ ਸੰਘਰਸ਼ ਕਰਦੇ ਹੋਏ,
ਦੁਸਰਿਆਂ ਨੂੰ ਪ੍ਰਫੁਲਤ ਕਰ ਰਹੇ ਹਨ।
ਅੱਜ ਇਹ ਵੱਡੀ ਕੌਮੀ ਲੋੜ ਹੈ ਕਿ ਕੌਮ ਇਸ ਮੱਦ ਦੀ ਭਾਵਨਾ ਨੂੰ ਸਮਝੇ ਅਤੇ
ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਮੰਜੀਆਂ ਸਥਾਪਤ ਕਰੀ ਬੈਠਿਆਂ ਅਤੇ ਸਥਾਪਤ ਕਰਨ ਦੀ ਕੋਸ਼ਿਸ਼
ਕਰਨ ਵਾਲਿਆਂ ਨੂੰ ਪੂਰੀ ਤਰ੍ਹਾਂ ਨਕਾਰੇ। ਕੌਮ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਸ ਮੱਦ ਦਾ ਦਾਇਰਾ
ਕੇਵਲ ਮੀਣਿਆਂ, ਮਸੰਦਾਂ, ਧੀਰਮਲੀਆਂ ਅਤੇ ਰਾਮਰਾਈਆਂ ਤੱਕ ਹੀ ਸੀਮਤ ਨਹੀਂ, ਬਲਕਿ ਹਰ ਉਹ ਡੇਰਾ,
ਟਕਸਾਲ ਜਾਂ ਸੰਸਥਾ, ਜੋ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਕੇ ਆਪਣਾ ਗੁਰੂਡੰਮ ਸਥਾਪਤ
ਕਰੀ ਬੈਠਾ ਹੈ ਜਾਂ ਸਥਾਪਤ ਕਰ ਰਿਹਾ ਹੈ, ਇਸ ਮੱਦ ਦੇ ਘੇਰੇ ਵਿੱਚ ਆਉਂਦਾ ਹੈ, ਅਤੇ ਸਿੱਖਾਂ ਨੂੰ
ਉਨ੍ਹਾਂ ਨਾਲ ਕੋਈ ਸਬੰਧ ਨਹੀਂ ਰਖਣਾ ਚਾਹੀਦਾ। ਜੇ ਅੱਜ ਕੌਮ ਦੀ ਅਸਲੀ ਹਾਲਤ ਵੱਲ ਝਾਤੀ ਮਾਰੀ ਜਾਵੇ
ਤਾਂ ਬਹੁਤੀ ਕੌਮ ਤਨਖਾਹੀਆ ਨਜ਼ਰ ਆਉਂਦੀ ਹੈ।
ਨੜੀ ਮਾਰ, ਕੁੜੀ ਮਾਰ, ਸਿਰਗੁੰਮ
ਨੜੀਮਾਰ ਅਤੇ ਸਿਰਗੁੰਮ ਦੀ ਕਾਫੀ ਵਿਚਾਰ ਅਸੀਂ ਪਹਿਲੇ ਕੁਰ ਚੁੱਕੇ ਹਾਂ ਇਸ
ਲਈ ਇਥੇ ਪਹਿਲਾਂ ਕੁੜੀਮਾਰ ਦੀ ਗੱਲ ਕਰਦੇ ਹਾਂ। ਬਹੁਤ ਪੁਰਾਣੇ ਸਮੇਂ ਤੋਂ ਮਨੁੱਖੀ ਸਮਾਜ ਵਿੱਚ
ਜਿਥੇ ਪੁੱਤਰ ਨੂੰ ਇੱਕ ਸਰਮਾਇਆ ਸਮਝਿਆ ਜਾਂਦਾ ਹੈ, ਧੀ ਨੂੰ ਭਾਰ ਸਮਝਿਆ ਜਾਂਦਾ ਹੈ। ਸ਼ਾਇਦ ਇਸੇ
ਕਾਰਨ ਔਰਤ ਨੂੰ ਸਮਾਜ ਵਿੱਚ ਨੀਵਾਂ ਦਰਜਾ ਦਿੱਤਾ ਗਿਆ। ਭਾਵੇਂ ਦੂਸਰੀਆਂ ਕੌਮਾਂ ਅਤੇ ਦੇਸ਼ਾਂ ਵਿੱਚ
ਵੀ ਔਰਤ ਨਾਲ ਵਿਤਕਰੇ ਵਾਲਾ ਸਲੂਕ ਹੁੰਦਾ ਰਿਹਾ, ਪਰ ਭਾਰਤ ਵਿੱਚ ਤਾਂ ਦੋਵੇਂ ਪ੍ਰਮੁੱਖ ਕੌਮਾਂ ਨੇ
ਔਰਤ ਨਾਲ ਨਿਆਂ ਨਹੀਂ ਕੀਤਾ। ਭਾਰਤ ਵਿੱਚ ਇੱਕ ਪ੍ਰਮੁੱਖ ਕੌਮ, ਮੁਸਲਮਾਨਾਂ ਨੇ ਔਰਤ ਨੂੰ ਦੁਨੀਆਂ
ਭਰ ਵਿੱਚ ਜੋ ਰੁਤਬਾ ਦਿੱਤਾ ਹੈ, ਉਸ ਦੀ ਜ਼ਿੰਦਾ ਮਸਾਲ ਇਹ ਹੈ ਕਿ ਅੱਜ ਦੇ ਸਭਿਅਕ ਸਮਾਜ ਵਿੱਚ ਵੀ
ਔਰਤ ਨੂੰ ਬੁਰਕੇ ਦੀ ਕੈਦ ਵਿੱਚ ਰਹਿਣ ਲਈ ਮਜਬੂਰ ਕੀਤਾ ਜਾਂਦਾ ਹੈ। ਇਥੋਂ ਤੱਕ ਕੇ ਮਰਨ ਤੋਂ ਬਾਅਦ
ਵੀ ਉਸ ਨੂੰ ਪਰਦੇ ਵਿੱਚ ਦਫਨਾਇਆ ਜਾਂਦਾ ਹੈ। ਭਾਰਤ ਵਿੱਚ ਦੂਜੀ ਪ੍ਰਮੁੱਖ ਕੌਮ ਬਲਕਿ ਭਾਰਤ ਦੀ
ਬਹੁਗਿਣਤੀ ਕੌਮ, ਹਿੰਦੂਆਂ ਦੀ ਔਰਤ ਪ੍ਰਤੀ ਸੋਚ, ਇਸ ਕੌਮ ਦੇ ਇੱਕ ਪ੍ਰਮੁਖ ਸੰਤ, ਕਵੀ ਤੁਲਸੀ ਦਾਸ
ਜੀ ਦੀਆਂ ਇਨ੍ਹਾਂ ਪੰਕਤੀਆਂ ਤੋਂ ਸਪੱਸ਼ਟ ਹੋ ਜਾਂਦੀ ਹੈ:
‘ਢੋਰ, ਗਵਾਰ, ਸ਼ੂਦਰ ਪਸੁ ਨਾਰੀ, ਪਾਂਚੋ ਤਾੜਨ ਕੇ ਅਧਿਕਾਰੀ`।
ਇਹ ਮਹਾਂ ਸੰਤ ਜੀ ਔਰਤ ਦੀ ਤੁਲਨਾ, ਜਾਨਵਰਾਂ ਅਤੇ ਗਵਾਰਾਂ ਨਾਲ ਕਰਦੇ ਹਨ।
ਭਾਰਤ ਵਿੱਚ ਧੀ ਨੂੰ ਜੰਮਦੇ ਮਾਰ ਦੇਣ ਦੀ ਪ੍ਰਵਿਰਤੀ ਦਾ ਮੂਲ ਅਧਾਰ ਇਹੀ ਜਾਪਦਾ ਹੈ।
ਕੁੜੀਮਾਰ ਦਾ ਅਰਥ ਹੈ, ਉਹ ਵਿਅਕਤੀ, ਜੋ ਘਰ ਧੀ ਜੰਮਣ ਤੇ, ਲੜਕੀ ਹੋਣ
ਕਾਰਨ, ਉਸ ਦਾ ਕਤਲ ਕਰ ਦੇਵੇ। ਇਹ ਇੱਕ ਬਹੁਤ ਵੱਡੀ ਸਮਾਜਕ ਬੁਰਾਈ ਹੈ, ਜੋ ਬਹੁਤ ਪਾਰਾਣੇ ਸਮੇਂ
ਤੋਂ ਸਮਾਜ ਵਿੱਚ ਚਲੀ ਆਉਂਦੀ ਹੈ। ਇਸ ਦੇ ਸਮਾਜ ਵਿੱਚ ਫੈਲਣ ਦਾ ਮੂਲ ਕਾਰਨ, ਇੱਕ ਤਾਂ ਧੀਆਂ ਦੇ
ਵਿਆਹ ਤੇ ਹੋਣ ਵਾਲੇ ਵੱਡੇ ਖਰਚੇ ਹੈ ਅਤੇ ਦੂਸਰਾ ਕਿਉਂਕਿ ਔਰਤ ਨੂੰ ਸਮਾਜ ਵਿੱਚ ਨੀਵਾਂ ਦਰਜਾ
ਦਿੱਤਾ ਗਿਆ, ਇਸ ਲਈ ਲੜਕੀ ਦੇ ਵਿਆਹ ਤੋਂ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਲੜਕੇ ਅਤੇ ਉਸ ਦੇ
ਪਰਿਵਾਰ ਅੱਗੇ ਬੜਾ ਨਿਉਂ ਕੇ ਰਹਿਣਾ ਪੈਂਦਾ ਸੀ। ਗਰੀਬ ਪਰਿਵਾਰ ਤਾਂ ਖਰਚੇ ਦੇ ਡਰ ਤੋਂ ਹੀ ਜੰਮਦੀ
ਧੀ ਨੂੰ ਮਾਰ ਦੇਂਦੇ ਅਤੇ ਸਰਦੇ ਪੁਜਦੇ ਪਰਿਵਾਰ ਇਸ ਲਈ ਮਾਰ ਦੇਂਦੇ ਕਿ ਉਨ੍ਹਾਂ ਨੂੰ ਕਿਸੇ ਅੱਗੇ
ਮੁੱਛ ਨੀਵੀਂ ਨਾ ਕਰਨੀ ਪਵੇ। ਇਹ ਭਾਰਤੀ ਸਮਾਜ ਵਿੱਚ ਇੱਕ ਵੱਡਾ ਇਨਕਲਾਬ ਸੀ, ਜਦੋਂ ਗੁਰੂ ਨਾਨਕ
ਪਾਤਿਸ਼ਾਹ ਨੇ ਔਰਤ ਨੂੰ ਨੀਵਾਂ ਕਹਿਣ ਵਾਲਿਆਂ ਨੂੰ ਤਾੜਨਾ ਕੀਤੀ। ਗੁਰੂ ਨਾਨਕ ਪਾਤਿਸ਼ਾਹ ਨੇ
ਭੁੱਲੜਾਂ ਨੂੰ ਸਮਝਾਇਆ ਕਿ ਮਨੁੱਖ ਔਰਤ ਤੋਂ ਹੀ ਜਨਮ ਲੈਂਦਾ ਹੈ, ਔਰਤ ਨਾਲ ਹੀ ਵਿਆਹਿਆ ਜਾਂਦਾ ਹੈ,
ਔਰਤ ਤੋਂ ਹੀ ਸਾਰੇ ਸਾਕ ਸਬੰਧ ਚਲਦੇ ਹਨ, ਵੱਡੇ ਵੱਡੇ ਰਾਜੇ, ਪਾਤਿਸ਼ਾਹ ਔਰਤ ਤੋਂ ਹੀ ਜਨਮ ਲੈਂਦੇ
ਹਨ। ਗੁਰੂ ਨਾਨਕ ਪਾਤਿਸ਼ਾਹ ਦੀਆਂ ਇਹ ਪੰਕਤੀਆਂ ਮਨੁੱਖੀ ਸਮਾਜ ਵਿੱਚ ਇੱਕ ਨਵਾਂ ਇਨਕਲਾਬ ਬਣ ਕੇ
ਗੂੰਜੀਆਂ ਸਨ:
“ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ।। ਭੰਡਹੁ ਹੋਵੈ ਦੋਸਤੀ
ਭੰਡਹੁ ਚਲੈ ਰਾਹੁ।। ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ।। ਸੋ ਕਿਉ ਮੰਦਾ ਆਖੀਐ ਜਿਤੁ
ਜੰਮਹਿ ਰਾਜਾਨ।। ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ।। ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ।।
ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ।। ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ।। ੨।। “
{ਮਃ ੧, ਪੰਨਾ ੪੭੩}
ਇਸਤ੍ਰੀ ਤੋਂ ਜਨਮ ਲਈਦਾ ਹੈ, ਇਸਤ੍ਰੀ (ਦੇ ਪੇਟ) ਵਿੱਚ ਹੀ ਪ੍ਰਾਣੀ ਦਾ
ਸਰੀਰ ਬਣਦਾ ਹੈ। ਇਸਤ੍ਰੀ ਦੀ (ਹੀ) ਰਾਹੀਂ ਕੁੜਮਾਈ ਤੇ ਵਿਆਹ ਹੁੰਦਾ ਹੈ। ਇਸਤ੍ਰੀ ਦੀ ਰਾਹੀਂ (ਹੋਰ
ਲੋਕਾਂ ਨਾਲ) ਸੰਬੰਧ ਬਣਦਾ ਹੈ। ਤੇ ਇਸਤ੍ਰੀ ਤੋਂ ਹੀ (ਜਗਤ ਦੀ ਉਤਪੱਤੀ ਦਾ) ਰਸਤਾ ਚੱਲਦਾ ਹੈ। ਜੇ
ਇਸਤ੍ਰੀ ਮਰ ਜਾਏ ਤਾਂ ਹੋਰ ਇਸਤ੍ਰੀ ਦੀ ਭਾਲ ਕਰੀਦੀ ਹੈ, ਇਸਤ੍ਰੀ ਤੋਂ ਹੀ (ਹੋਰਨਾਂ ਨਾਲ)
ਰਿਸ਼ਤੇਦਾਰੀ ਬਣਦੀ ਹੈ। ਜਿਸ ਇਸਤ੍ਰੀ (ਜਾਤੀ) ਤੋਂ ਰਾਜੇ (ਭੀ) ਜੰਮਦੇ ਹਨ, ਉਸ ਨੂੰ ਮੰਦਾ ਆਖਣਾ
ਠੀਕ ਨਹੀਂ ਹੈ। ਇਸਤ੍ਰੀ ਤੋਂ ਹੀ ਇਸਤ੍ਰੀ ਪੈਦਾ ਹੁੰਦੀ ਹੈ (ਜਗਤ ਵਿਚ) ਕੋਈ ਜੀਵ ਇਸਤ੍ਰੀ ਤੋਂ
ਬਿਨਾ ਪੈਦਾ ਨਹੀਂ ਹੋ ਸਕਦਾ। ਹੇ ਨਾਨਕ !
ਕੇਵਲ ਇੱਕ ਸੱਚਾ ਪ੍ਰਭੂ ਹੀ ਹੈ, ਜੋ ਇਸਤ੍ਰੀ ਤੋਂ ਨਹੀਂ ਜੰਮਿਆ। (ਭਾਵੇਂ ਮਨੁੱਖ ਹੋਵੇ, ਭਾਵੇਂ
ਇਸਤ੍ਰੀ, ਜੋ ਭੀ) ਆਪਣੇ ਮੂੰਹ ਨਾਲ ਸਦਾ ਪ੍ਰਭੂ ਦੇ ਗੁਣ ਗਾਉਂਦਾ ਹੈ, ਉਸ ਦੇ ਮੱਥੇ ਉੱਤੇ ਭਾਗਾਂ
ਦੀ ਮਣੀ ਹੈ, ਭਾਵ ਉਹਦਾ ਮੱਥਾ ਭਾਗਾਂ ਵਾਲਾ ਹੈ। ਹੇ ਨਾਨਕ!
ਉਹੀ ਮੁਖ ਉਸੇ ਸੱਚੇ ਪ੍ਰਭੂ ਦੇ ਦਰਬਾਰ ਵਿੱਚ ਸੋਹਣੇ ਲੱਗਦੇ ਹਨ। ੨।
ਗੁਰੂ ਨਾਨਕ ਪਾਤਿਸ਼ਾਹ ਦੀਆਂ ਇਨ੍ਹਾਂ ਪੰਕਤੀਆਂ ਨੇ ਭਾਰਤੀ ਸਮਾਜ ਨੂੰ ਇਹ
ਸੋਚਣ ਲਈ ਮਜਬੂਰ ਕਰ ਦਿੱਤਾ ਕਿ ਉਹ ਆਪਣੀ ਮਾਂ, ਭੈਣ, ਪਤਨੀ ਅਤੇ ਧੀ ਦਾ ਹੀ ਵੱਡਾ ਨਿਰਾਦਰ ਅਤੇ ਉਸ
ਨਾਲ ਅਨਿਆਂ ਕਰ ਰਹੇ ਹਨ। ਇਹ ਪੰਕਤੀਆਂ ਤਾਂ ਅਕਸਰ ਬੋਲੀਆਂ ਜਾਂਦੀਆਂ ਨੇ, ਪਰ ਗੁਰਬਾਣੀ ਧਿਆਨ ਨਾਲ
ਵਾਚੀਏ ਤਾਂ ਪਤਾ ਚਲਦਾ ਹੈ ਕਿ ਸਤਿਗੁਰੂ ਨੇ ਤਾਂ ਔਰਤ ਨੂੰ ਬਹੁਤ ਵੱਡਾ ਸਥਾਨ ਦਿੱਤਾ ਹੈ। ਆਮ ਜੀਵਨ
ਵਿੱਚ ਅਸੀਂ ਕਿਸੇ ਨੂੰ ਪ੍ਰੇਰਣਾ ਦੇਣੀ ਹੋਵੇ ਤਾਂ ਉਸ ਨੂੰ ਅਕਸਰ ਕਿਸੇ ਵੱਡੀ ਸ਼ਕਸੀਅਤ ਦਾ ਪ੍ਰਮਾਣ
ਦੇਵਾਂਗੇ ਕਿ ਤੁਸੀਂ ਉਸ ਵਰਗੇ ਬਣੋ। ਜਿਵੇ ਅਸੀਂ ਆਪਣੇ ਬੱਚੇ ਨੂੰ ਚੰਗਾ ਗੁਰਸਿੱਖ ਬਨਾਉਣਾ
ਚਾਹੁੰਦੇ ਹਾਂ ਤਾਂ ਉਸ ਨੂੰ ਕਹਾਂਗੇ, ਤੂੰ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ
ਸਿੰਘ ਜਾਂ ਬਾਬਾ ਫਤਹਿ ਸਿੰਘ ਵਰਗਾ ਬਣ। ਗੁਰਬਾਣੀ ਵਿੱਚ ਜਦੋਂ ਕਿਸੇ ਨੂੰ ਚੰਗਾ ਮਨੁੱਖ ਬਣਨ ਦੀ
ਪ੍ਰੇਰਣਾ ਦਿੱਤੀ ਗਈ ਹੈ ਤਾਂ ਉਸ ਨੂੰ ਸੋਹਾਗਣ ਇਸਤ੍ਰੀ ਵਰਗਾ ਬਣਨ ਲਈ ਕਿਹਾ ਗਿਆ ਹੈ, ਭਾਵ ਉਸ ਨੂੰ
ਚੰਗੇ ਜੀਵਨ ਵਾਸਤੇ ਇੱਕ ਸੋਹਾਗਣ ਇਸਤ੍ਰੀ ਦੇ ਜੀਵਨ ਤੋਂ ਪ੍ਰੇਰਣਾ ਲੈਣ ਲਈ ਕਿਹਾ ਗਿਆ ਹੈ।
ਸਤਿਗੁਰੂ ਦੇ ਬਚਨ ਹਨ:
“ਜਾਇ ਪੁਛਹੁ ਸੋਹਾਗਣੀ ਵਾਹੈ ਕਿਨੀ ਬਾਤੀ ਸਹੁ ਪਾਈਐ।। ਜੋ ਕਿਛੁ ਕਰੇ ਸੋ
ਭਲਾ ਕਰਿ ਮਾਨੀਐ ਹਿਕਮਤਿ ਹੁਕਮੁ ਚੁਕਾਈਐ।। “ {ਤਿਲੰਗ ਮਃ ੧, ਪੰਨਾ ੭੨੨}
(ਜਿਨ੍ਹਾਂ ਨੂੰ ਪਤੀ-ਪ੍ਰਭੂ ਮਿਲ ਪਿਆ ਹੈ, ਬੇਸ਼ਕ) ਉਹਨਾਂ ਸੁਹਾਗ ਭਾਗ
ਵਾਲੀਆਂ ਨੂੰ ਜਾ ਕੇ ਪੁੱਛ ਵੇਖੋ ਕਿ ਕਿਹਨੀਂ ਗੱਲੀਂ ਖਸਮ-ਪ੍ਰਭੂ ਮਿਲਦਾ ਹੈ, (ਉਹ ਇਹੀ ਉੱਤਰ
ਦੇਂਦੀਆਂ ਹਨ ਕਿ) ਚਲਾਕੀ ਤੇ ਧੱਕਾ ਛੱਡ ਦਿਉ, ਜੋ ਕੁੱਝ ਪ੍ਰਭੂ ਕਰਦਾ ਹੈ ਉਸ ਨੂੰ ਚੰਗਾ ਸਮਝ ਕੇ
(ਸਿਰ ਮੱਥੇ ਤੇ) ਮੰਨੋ।
ਬੇਸ਼ਕ ਇਥੇ ਇਨ੍ਹਾਂ ਪੰਕਤੀਆਂ ਵਿੱਚ ਸੋਹਾਗਣ ਦਾ ਭਾਵ ਉਹ ਬਖਸ਼ੀਆਂ ਹੋਈਆਂ
ਰੂਹਾਂ ਹੈ, ਜੋ ਪੂਰੀ ਤਰ੍ਹਾਂ ਅਕਾਲ-ਪੁਰਖ ਨੂੰ ਸਮਰਪਤ ਹੋ ਗਈਆਂ ਹਨ, ਪਰ ਇਸ ਵਿੱਚ ਵੀ ਕੋਈ ਸ਼ਕ
ਨਹੀਂ ਕਿ ਉਨ੍ਹਾਂ ਦੀ ਤੁਲਨਾ ਸੋਹਾਗਣ ਇਸਤਰੀਆਂ ਨਾਲ ਕੀਤੀ ਗਈ ਹੈ। ਇਹ ਗੁਰਬਾਣੀ ਦੇ ਪ੍ਰਚਾਰ
ਵਿੱਚੋਂ ਨਿਕਲਿਆ, ਸਿੱਖ ਇਨਕਲਾਬ ਹੀ ਸੀ, ਜਿਸ ਨੇ ਸਮਾਜ ਵਿਚੋਂ ਕੁੜੀ ਮਾਰਨ ਦੇ ਕੋਹੜ ਦੇ ਰੋਗ ਨੂੰ
ਕਾਫੀ ਹੱਦ ਤੱਕ ਠਲ ਪਾਈ। ਇਹ ਰੋਗ ਸਿੱਖ ਕੌਮ ਨੂੰ ਮੁੜ ਕਦੇ ਆਪਣੇ ਵਲੇਵੇਂ ਵਿੱਚ ਨਾ ਲੈ ਸਕੇ,
ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਖੰਡੇ ਬਾਟੇ ਦੀ ਪਾਹੁਲ ਦੀ ਬਖਸ਼ਿਸ਼ ਕਰਕੇ ਜੋ ਮਰਯਾਦਾ ਦ੍ਰਿੜ
ਕਰਾਈ, ਉਸ ਵਿੱਚ ਕੁੜੀਮਾਰ ਨਾਲ ਵਰਤਣ ਤੇ ਪੂਰਨ ਪਬੰਦੀ ਲਗਾ ਦਿੱਤੀ।
ਇਹ ਅਤਿ ਅਫਸੋਸ ਦੀ ਗੱਲ ਹੈ ਕਿ ਸਤਿਗੁਰੂ ਦਾ ਇਤਨਾ ਸਪੱਸ਼ਟ ਆਦੇਸ਼ ਹੋਣ ਦੇ
ਬਾਵਜੂਦ, ਇਸ ਅਤਿ ਘਟੀਆ ਕਿਸਮ ਦੇ ਸਮਾਜਿਕ ਕੋਹੜ ਨੇ ਸਿੱਖ ਕੌਮ ਨੂੰ ਫੇਰ ਗ੍ਰਸ ਲਿਆ ਹੈ। ਇਸ ਦਾ
ਮੂਲ ਕਾਰਨ ਤਾਂ ਸਿੱਖ ਦਾ ਗੁਰਮਤਿ ਸਿਧਾਂਤਾਂ ਤੋਂ ਅਵੇਸਲਾਪਨ ਅਤੇ ਗੁਰੂ ਪਾਤਿਸ਼ਾਹ ਦੇ ਹੁਕਮਾਂ ਤੋਂ
ਆਕੀ ਹੋ ਜਾਣਾ ਹੀ ਕਿਹਾ ਜਾ ਸਕਦਾ ਹੈ। ਗੁਰਮਤਿ ਸਿਧਾਂਤਾਂ ਦੀ ਸਮਝ ਵੀ ਤਾਂ ਤੱਦ ਹੀ ਆਵੇਗੀ ਜੇ
ਗੁਰਬਾਣੀ ਨੂੰ ਸਮਝ, ਵਿਚਾਰ ਕੇ ਪੜ੍ਹਾਂਗੇ। ਜੇ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਜਪੁ
ਬਾਣੀ ਦੀ ਪਹਿਲੀ ਪਉੜੀ ਵਿੱਚ ਹੀ ਸਾਰਾ ਨਿਰਣਾ ਹੋ ਜਾਂਦਾ ਹੈ, ਜਿਥੇ ਸਤਿਗੁਰੂ ਨੇ ਬਖਸ਼ਿਸ਼ ਕਰ ਕੇ
ਸਮਝਾਇਆ ਹੈ, ‘ਕਿਵ ਸਚਿਆਰਾ
ਹੋਈਐ, ਕਿਵ ਕੂੜੈ ਤੁਟੈ ਪਾਲਿ।। ਹੁਕਮਿ ਰਜਾਈ ਚਲਣਾ, ਨਾਨਕ ਲਿਖਿਆ ਨਾਲਿ।। ੧।। `
ਕੀ ਸਾਨੂੰ ਇਤਨੀ ਗੱਲ ਵੀ ਸਮਝ ਨਹੀਂ ਪੈਂਦੀ ਕਿ ਲੜਕਾ ਹੋਵੇ ਯਾ ਲੜਕੀ, ਉਸ ਅਕਾਲ-ਪੁਰਖ ਦੇ ਹੁਕਮ
ਵਿੱਚ ਹੀ ਜਨਮ ਲੈਂਦੇ ਹਨ?
ਬਦਕਿਸਮਤੀ ਨਾਲ ਸਿੱਖ ਕੌਮ ਗੁਰਬਾਣੀ ਨੂੰ ਮੰਤ੍ਰ ਵਾਂਗੂ ਰਟਨ ਤੱਕ ਸੀਮਤ ਹੋ
ਗਈ ਹੈ, ਜਿਸ ਕਾਰਨ ਕੌਮੀ ਕਿਰਦਾਰ ਵਿੱਚ ਵੱਡਾ ਨਿਘਾਰ ਆਇਆ ਹੈ, ਅਤੇ ਇਹ ਗੈਰ ਮਨੁੱਖੀ ਵਰਤਾਰਾ
ਸਿੱਖ ਕੌਮ ਵਿੱਚ ਮੁੜ ਤੋਂ ਵਾਪਰਨ ਲੱਗ ਪਿਆ ਹੈ। ਮੈਂ ਤਾਂ ਕਹਾਂਗਾ ਕਿ ਹੁਣ ਇਸ ਦਾ ਮਿਆਰ ਪਹਿਲੇ
ਨਾਲੋਂ ਵੀ ਨੀਵਾਂ ਹੋ ਗਿਆ ਹੈ, ਕਿਉਂਕਿ ਪਹਿਲਾਂ ਤਾਂ ਧੀ ਨੂੰ ਜੰਮਣ ਤੋਂ ਬਾਅਦ ਮਾਰਿਆ ਜਾਂਦਾ ਸੀ,
ਹੁਣ ਮਾਂ ਦੀ ਕੁੱਖ ਵਿੱਚ ਹੀ ਟੈਸਟ ਕਰਾ ਕੇ, ਇਹ ਪਤਾ ਲੱਗਣ ਤੇ ਕਿ ਲੜਕੀ ਜੰਮਣ ਵਾਲੀ ਹੈ, ਗਰਭਪਾਤ
ਕਰਾ ਦਿੱਤਾ ਜਾਂਦਾ ਹੈ। ਸ਼ਾਇਦ ਕੁੱਝ ਲੋਕਾਂ ਨੂੰ ਇਹ ਭਰਮ ਹੋਵੇ ਕਿ ਇਹ ਕੁੜੀਮਾਰ ਵਾਲਾ ਕਾਰਾ
ਨਹੀਂ। ਸਚਾਈ ਇਹ ਹੈ ਕਿ ਇਹ ਉਤਨਾ ਹੀ ਪਾਪ ਹੈ, ਜਿਤਨਾ ਧੀ ਨੂੰ ਜੰਮਣ ਤੋਂ ਬਾਅਦ ਮਾਰ ਦੇਣਾ।
ਇਹ ਸਮੱਸਿਆ ਇਤਨਾ ਗੰਭੀਰ ਰੂਪ ਧਾਰਨ ਕਰ ਗਈ ਹੈ ਕਿ ਪੰਜਾਬ, ਜਿਥੇ ਸਿੱਖਾਂ
ਦੀ ਬਹੁਗਿਣਤੀ ਹੈ, ਵਿੱਚ ਮਰਦਾਂ ਅਤੇ ਔਰਤਾਂ ਦੇ ਅਨੁਪਾਤ ਵਿੱਚ 1000: 791 ਦਾ ਪਾੜਾ ਪੈ ਗਿਆ ਹੈ।
ਅੱਜ ਕੌਮ ਨੂੰ ਇਸ ਵਿਸ਼ੇ ਤੇ ਬਹੁਤ ਗੰਭੀਰਤਾਂ ਨਾਲ ਸੋਚਣ ਦੀ ਲੋੜ ਹੈ। ਸਿੱਖ ਨੇ ਤਾਂ ਸਮਾਜ ਦੇ ਇਸ
ਵੱਡੇ ਪਾਪ ਦੇ ਖਿਲਾਫ ਇਨਕਲਾਬ ਜਾਰੀ ਰਖਣ ਵਿੱਚ ਮੋਹਰੀ ਰੋਲ ਨਿਭਾਉਣਾ ਸੀ, ਸਿੱਖ ਆਪ ਹੀ ਇਸ ਵਿੱਚ
ਗਰਕ ਹੋ ਗਿਆ ਹੈ।
ਅੱਜ ਦੇ ਹਾਲਾਤ ਵਿੱਚ ਵੀ ਕੁੱਝ ਸਮਾਜਿਕ ਪੱਖ ਵਿਚਾਰ ਲੈਣਾ ਯੋਗ ਹੋਵੇਗਾ।
ਜੇ ਪਹਿਲਾਂ ਧੀਆਂ ਨੂੰ ਇਸ ਵਾਸਤੇ ਮਾਰ ਦਿੱਤਾ ਜਾਂਦਾ ਸੀ ਕਿ ਉਨ੍ਹਾਂ ਦੇ ਵਿਆਹ ਦਾ ਭਾਰ ਚੁੱਕਣ ਦੀ
ਸਮਰੱਥਾ ਨਹੀਂ, ਤਾਂ ਹੁਣ ਹਾਲਾਤ ਕਿਤਨੇ ਕੁ ਅਲੱਗ ਨੇ? ਹੋਰ ਤਾਂ ਹੋਰ ਗੁਰਮਤਿ ਸਿਧਾਂਤਾਂ ਦੇ
ਬਿਲਕੁਲ ਉਲਟ, ਸਿੱਖ ਪਰਿਵਾਰਾਂ ਵਿੱਚ ਵੀ ਦਾਜ ਦਹੇਜ ਲਏ, ਦਿੱਤੇ ਜਾ ਰਹੇ ਹਨ। ਸਤਿਗੁਰੂ ਦੀ ਪਾਵਨ
ਬਾਣੀ ਤਾਂ ਸਾਨੂੰ ਸਮਝਾਉਂਦੀ ਹੈ:
“ਹਰਿ ਪ੍ਰਭ ਮੇਰੇ ਬਾਬੁਲਾ ਹਰਿ ਦੇਵਹੁ ਦਾਨੁ ਮੈ ਦਾਜੋ।। ਹਰਿ ਕਪੜੋ ਹਰਿ ਸੋਭਾ ਦੇਵਹੁ ਜਿਤੁ
ਸਵਰੈ ਮੇਰਾ ਕਾਜੋ।। ਹਰਿ ਹਰਿ ਭਗਤੀ ਕਾਜੁ।। ਸੁਹੇਲਾ ਗੁਰਿ ਸਤਿਗੁਰਿ ਦਾਨੁ ਦਿਵਾਇਆ।। ਖੰਡਿ
ਵਰਭੰਡਿ ਹਰਿ ਸੋਭਾ ਹੋਈ ਇਹੁ ਦਾਨੁ ਨ ਰਲੈ ਰਲਾਇਆ।। ਹੋਰਿ ਮਨਮੁਖਿ ਦਾਜੁ ਜਿ ਰਖਿ ਦਿਖਾਲਹਿ ਸੁ
ਕੂੜੁ ਅਹੰਕਾਰੁ ਕਚੁ ਪਾਜੋ।। ਹਰਿ ਪ੍ਰਭ ਮੇਰੇ ਬਾਬੁਲਾ ਹਰਿ ਦੇਵਹੁ ਦਾਨੁ ਮੈ ਦਾਜੋ।। ੪।। “
{ਸਿਰੀਰਾਗੁ ਮਹਲਾ ੪, ਪੰਨਾ ੭੯}
ਹੇ ਮੇਰੇ ਪਿਤਾ! (ਮੈਂ ਤੈਥੋਂ ਦਾਜ ਮੰਗਦੀ ਹਾਂ) ਮੈਨੂੰ ਹਰੀ-ਪ੍ਰਭੂ ਦੇ
ਨਾਮ ਦਾ ਦਾਨ ਦੇਹ, ਮੈਨੂੰ ਇਹੀ ਦਾਜ ਦੇਹ। ਮੈਨੂੰ ਹਰੀ ਦਾ ਨਾਮ ਹੀ (ਦਾਜ ਦੇ) ਕੱਪੜੇ ਦੇਹ, ਮੈਨੂੰ
ਹਰੀ ਦਾ ਨਾਮ ਹੀ (ਦਾਜ ਦੇ ਗਹਿਣੇ ਆਦਿਕ) ਧਨ ਦੇਹ, ਇਸੇ ਦਾਜ ਨਾਲ ਮੇਰਾ (ਪ੍ਰਭੂ-ਪਤੀ ਨਾਲ) ਵਿਆਹ
ਸੋਹਣਾ ਲੱਗਣ ਲੱਗ ਪਏ।
ਪਰਮਾਤਮਾ ਦੀ ਭਗਤੀ ਨਾਲ ਹੀ (ਪਰਮਾਤਮਾ ਨਾਲ) ਵਿਆਹ ਦਾ ਉੱਦਮ ਸੁਖਦਾਈ ਬਣਦਾ
ਹੈ। (ਜਿਸ ਜੀਵ-ਮੁਟਿਆਰ ਨੂੰ) ਗੁਰੂ ਨੇ ਸਤਿਗੁਰੂ ਨੇ ਇਹ ਦਾਨ (ਇਹ ਦਾਜ) ਦਿਵਾਇਆ ਹੈ, ਹਰੀ-ਨਾਮ
ਦੇ ਦਾਜ ਨਾਲ ਉਸ ਦੀ ਸੋਭਾ (ਉਸ ਦੇ) ਦੇਸ ਵਿੱਚ ਸੰਸਾਰ ਵਿੱਚ ਹੋ ਜਾਂਦੀ ਹੈ। ਇਹ ਦਾਜ ਐਸਾ ਹੈ ਕਿ
ਇਸ ਨਾਲ ਹੋਰ ਕੋਈ ਦਾਜ ਬਰਾਬਰੀ ਨਹੀਂ ਕਰ ਸਕਦਾ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਹੋਰ ਬੰਦੇ
ਜਿਹੜਾ ਦਾਜ ਰੱਖ ਕੇ ਵਿਖਾਲਦੇ ਹਨ (ਵਿਖਾਲਾ ਪਾਂਦੇ ਹਨ) ਉਹ ਝੂਠਾ ਅਹੰਕਾਰ (ਪੈਦਾ ਕਰਨ ਵਾਲਾ) ਹੈ
ਉਹ ਕੱਚ (ਸਮਾਨ) ਹੈ, ਉਹ (ਨਿਰਾ) ਵਿਖਾਵਾ ਹੀ ਹੈ।
ਹੇ ਮੇਰੇ ਪਿਤਾ! ਮੈਨੂੰ ਹਰੀ-ਪ੍ਰਭੂ ਦੇ ਨਾਮ ਦਾ ਦਾਨ ਦੇਹ, ਮੈਨੂੰ ਇਹੀ
ਦਾਜ ਦੇਹ। ੪।
ਜੇ ਸਾਰੇ ਗੁਰਸਿੱਖ ਗੁਰਬਾਣੀ ਦੇ ਲਾਸਾਨੀ ਸਿਧਾਂਤ ਨੂੰ ਅਪਨਾ ਲੈਣ ਤਾਂ
ਸ਼ਾਇਦ ਕਿਸੇ ਗਰੀਬ ਨੂੰ ਆਪਣੀ ਧੀ ਨਾ ਮਾਰਨੀ ਪਵੇ। ਆਪਣੀ ਨੂੰਹ ਦੇ ਮਾਤਾ ਪਿਤਾ ਜਾਂ ਆਪਣਾ ਸੱਸ
ਸਹੁਰਾ ਹੋਣ ਕਾਰਨ, ਕਿਸੇ ਨੂੰ ਆਪਣੇ ਤੋਂ ਨੀਵਾਂ ਸਮਝਣਾ ਵੀ ਕਿਥੋਂ ਦੀ ਸਿੱਖੀ ਹੈ। ਸਤਿਗੁਰੂ ਦੀ
ਬਾਣੀ ਤਾਂ ਹਰ ਪੱਧਰ ਤੇ ਮਨੁੱਖੀ ਬਰਾਬਰੀ ਦੀ ਸਿੱਖਿਆ ਦੇਂਦੀ ਹੈ। ਦੋਹਾਂ ਧਿਰਾਂ ਨੂੰ ਇੱਕ ਦੂਸਰੇ
ਦਾ ਬਰਾਬਰ ਸਤਿਕਾਰ ਕਰਨਾ ਚਾਹੀਦਾ ਹੈ। ਗੁਰਬਾਣੀ ਦਾ ਫੁਰਮਾਨ ਹੈ:
“ਏਕੋ ਪਵਣੁ ਮਾਟੀ ਸਭ ਏਕਾ ਸਭ ਏਕਾ ਜੋਤਿ ਸਬਾਈਆ।। ਸਭ ਇਕਾ ਜੋਤਿ ਵਰਤੈ
ਭਿਨਿ ਭਿਨਿ, ਨ ਰਲਈ ਕਿਸੈ ਦੀ ਰਲਾਈਆ।। ਗੁਰ ਪਰਸਾਦੀ ਇਕੁ ਨਦਰੀ ਆਇਆ ਹਉ ਸਤਿਗੁਰ ਵਿਟਹੁ ਵਤਾਇਆ
ਜੀਉ।। ੩।। “ {ਮਾਝ ਮਹਲਾ ੪, ਪੰਨਾ ੯੬}
(ਹੇ ਭਾਈ!) (ਸਾਰੇ ਸਰੀਰਾਂ ਵਿਚ) ਇਕੋ ਹੀ ਹਵਾ (ਸੁਆਸ) ਹੈ, ਮਿੱਟੀ ਤੱਤ
ਭੀ ਸਾਰੇ ਸਰੀਰਾਂ ਦਾ ਇਕੋ ਹੀ ਹੈ ਤੇ ਸਾਰੇ ਸਰੀਰਾਂ ਵਿੱਚ ਇਕੋ ਹੀ ਰੱਬੀ ਜੋਤਿ ਮੌਜੂਦ ਹੈ। ਸਭਨਾਂ
ਵਿੱਚ ਇਕੋ ਹੀ ਜੋਤਿ ਕੰਮ ਕਰ ਰਹੀ ਹੈ। ਵਖ ਵਖ (ਦਿੱਸਦੇ) ਹਰੇਕ ਸਰੀਰ ਵਿੱਚ ਇਕੋ ਜੋਤਿ ਹੈ, ਪਰ
(ਮਾਇਆ ਵੇੜ੍ਹੇ ਜੀਵਾਂ ਨੂੰ) ਕਿਸੇ ਦੀ ਜੋਤਿ ਦੂਜੇ ਦੀ ਜੋਤਿ ਨਾਲ ਰਲਾਇਆਂ ਰਲਦੀ ਨਹੀਂ ਦਿੱਸਦੀ
(ਜੋਤਿ ਸਾਂਝੀ ਨਹੀਂ ਜਾਪਦੀ)। ਗੁਰੂ ਦੀ ਕਿਰਪਾ ਨਾਲ ਮੈਨੂੰ ਹਰੇਕ ਵਿੱਚ ਇੱਕ ਪਰਮਾਤਮਾ ਹੀ ਦਿੱਸ
ਪਿਆ ਹੈ। ਮੈਂ ਗੁਰੂ ਤੋਂ ਕੁਰਬਾਨ ਹਾਂ। ੩।
ਕੀ ਕੋਈ ਇਨਸਾਨ ਲੜਕੀ ਦੇ ਮਾਤਾ-ਪਿਤਾ ਹੋਣ ਕਾਰਨ ਛੋਟੇ ਹੋ ਜਾਂਦੇ ਹਨ?
ਇਕ ਨਵਾਂ ਕਾਰਨ ਜੋ ਹੋਂਦ ਵਿੱਚ ਆਇਆ ਹੈ, ਉਸ ਨੂੰ ਵੀ ਵਿਚਾਰ ਲਿਆ ਜਾਵੇ।
ਸਮਾਜ ਵਿੱਚ ਪਦਾਰਥਵਾਦ ਫੈਲਣ ਨਾਲ ਅਤੇ ਫਿਲਮਾਂ ਟੀਵੀ ਆਦਿ ਦੇ ਗਲਤ ਰੋਲ ਕਾਰਨ, ਨਵੀ ਪੀੜ੍ਹੀ ਦਾ
ਆਚਰਨ ਹਰ ਦਿੱਨ ਗਿਰਾਵਟ ਵੱਲ ਜਾ ਰਿਹਾ ਹੈ। ਭਾਵੇਂ ਐਸੇ ਗਲਤ ਕੰਮਾਂ ਵਿੱਚ ਸ਼ਮੂਲੀਅਤ ਲੜਕੇ ਅਤੇ
ਲੜਕੀ ਦੀ ਬਰਾਬਰੀ ਦੀ ਹੁੰਦੀ ਹੈ, ਪਰ ਇਸ ਨਾਲ ਸ਼ਰਮਿੰਦਗੀ ਵਧੇਰੇ ਲੜਕੀ ਅਤੇ ਉਸ ਦੇ ਪਰਿਵਾਰ ਨੂੰ
ਸਹਿਣੀ ਪੈਂਦੀ ਹੈ। ਬਲਕਿ ਜੇ ਇਹ ਕਿਹਾ ਜਾਵੇ ਕਿ ਬਹੁਤਾਤ ਨਵੀਂ ਪੀੜੀ ਤਾਂ ਬੇਸ਼ਰਮੀ ਦੀਆਂ ਹੱਦਾਂ
ਪਾਰ ਕਰ ਗਈ ਹੈ, ਪਰ ਕੋਈ ਵੀ ਗੈਰਤਮੰਦ ਮਾਪੇ, ਆਪਣੀ ਜਮੀਰ ਨਾਲ ਐਸੇ ਸਮਝੌਤੇ ਨਹੀਂ ਕਰ ਸਕੇ। ਇਹ
ਵੀ ਕੁੜੀ ਮਾਰਨ ਦੇ ਕਾਰਨਾਂ ਵਿੱਚ ਇੱਕ ਵੱਡਾ ਕਾਰਨ ਬਣ ਰਿਹਾ ਹੈ। ਪੂਰੇ ਮਨੁੱਖੀ ਸਮਾਜ ਨੂੰ ਇਸ
ਸਮੱਸਿਆ ਨੂੰ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ। ਜੇ ਇਸ ਗਲਤ ਰੁਝਾਨ ਨੂੰ ਫੌਰੀ ਠੱਲ ਨਾ ਪਾਈ ਗਈ
ਤਾਂ ਸਮਾਜਕ ਢਾਂਚਾ ਗਰਕ ਹੋ ਜਾਵੇਗਾ।
ਕੁਝ ਵੀ ਹਾਲਾਤ ਹੋਣ ਸਿੱਖ ਨੂੰ, ਬਲਕਿ ਮੈਂ ਕਹਾਂਗਾ ਕਿਸੇ ਵੀ ਮਨੁੱਖ ਨੂੰ
ਇਹ ਧੀਆਂ ਮਾਰਨ ਵਾਲਾ, ਗੈਰ ਸਿਧਾਂਤਕ ਅਤੇ ਗੈਰ ਮਨੁੱਖੀ ਵਰਤਾਰਾ ਨਹੀਂ ਵਰਤਾਉਣਾ ਚਾਹੀਦਾ ਅਤੇ ਇਸ
ਸਮਾਜਕ ਪਾਪ ਵਿਰੁਧ ਡੱਟ ਕੇ ਸੰਘਰਸ਼ ਕਰਨਾ ਚਾਹੀਦਾ ਹੈ। ਇਸ ਸੰਘਰਸ਼ ਦੀ ਅਗਵਾਈ ਦੀ ਜਿੰਮੇਂਵਾਰੀ
ਸਤਿਗੁਰੂ ਨੇ ਸਿੱਖ ਦੇ ਜਿੰਮੇਂ ਲਾਈ ਹੈ। ਇਸ ਦੇ ਬਾਵਜੂਦ ਵੀ ਅਗਰ ਕੋਈ ਧੀ ਮਾਰਨ ਦਾ ਕੁਕਰਮ ਕਰਦਾ
ਹੈ ਤਾਂ ਰਹਿਤ ਮਰਯਾਦਾ ਦੀ ਇਸ ਮੱਦ ਅਨੁਸਾਰ ਉਸ ਦੀ ਪੂਰੀ ਸਮਾਜਕ ਵਰਤੋਂ ਬੰਦ ਕਰਨੀ ਚਾਹੀਦੀ ਹੈ।
ਸਿਰਗੁੰਮ ਅਤੇ ਨੜੀਮਾਰ ਬਾਰੇ ਭਾਵੇਂ ਉਪਰ ਵਿਚਾਰਿਆ ਜਾ ਚੁੱਕਾ ਹੈ, ਪਰ ਇਥੇ
ਵੀ ਇਤਨੀ ਗੱਲ ਕਰਨੀ ਜ਼ਰੂਰੀ ਬਣਦੀ ਹੈ ਕਿ ਰਹਿਤ ਮਰਯਾਦਾ ਦੇ ਸਪੱਸ਼ਟ ਨਿਰਣੇ ਦੇ ਬਾਵਜੂਦ, ਕਈ ਭੁਲੱੜ
ਸਿੱਖ, ਆਪਣੇ ਛੋਟੇ ਛੋਟੇ ਸਵਾਰਥਾਂ ਕਾਰਨ ਨੜੀਮਾਰਾਂ ਅਤੇ ਸਿਰਗੁੰਮਾਂ ਨਾਲ ਵਰਤੀ ਜਾ ਰਹੇ ਹਨ।
ਜਿਵੇਂ ਪਹਿਲਾਂ ਲਿਖਿਆ ਜਾ ਚੁੱਕਾ ਹੈ, ਸਿਰਗੁੰਮ ਤਾਂ ਬਹੁਤੇ ਪਰਿਵਾਰਾਂ ਅੰਦਰ ਹੀ ਪੈਦਾ ਹੋ ਗਏ
ਹਨ। ਜੇ ਪਹਿਲੇ ਦਿਨ ਤੋਂ ਇਸ ਮੱਦ ਤੇ ਦ੍ਰਿੜਤਾ ਨਾਲ ਪਹਿਰਾ ਦਿੱਤਾ ਜਾਂਦਾ, ਉਨ੍ਹਾਂ ਨੂੰ ਪਰਵਾਰਾਂ
ਵਿੱਚ ਪ੍ਰਵਾਨ ਨਾ ਕੀਤਾ ਜਾਂਦਾ, ਤਾਂ ਸ਼ਾਇਦ ਇਹ ਰੋਗ ਇਤਨਾ ਨਾ ਵਧਦਾ। ਇਸੇ ਤਰ੍ਹਾਂ ਕਈ ਮੂਰਖ ਸਿੱਖ
ਇਹ ਦਸਣ ਲਈ ਕਿ ਅਸੀਂ ਸੈਕੂਲਰ ਹਾਂ, ਤਮਾਕੂ ਨੋਸ਼ੀ ਕਰਨ ਵਾਲਿਆਂ ਕੋਲ ਬੈਠ ਕੇ ਆਪਣੇ ਹਿਰਦੇ ਦੀ
ਵਿਸ਼ਾਲਤਾ ਦਾ ਵਿਖਾਵਾ ਕਰਦੇ ਹਨ। ਸੈਕੂਲਰ ਦਾ ਭਾਵ ਤਾਂ ਇਹ ਹੈ ਕਿ ਕਿਸੇ ਨਾਲ, ਕਿਸੇ ਦੂਸਰੀ ਕੌਮ
ਜਾਂ ਮਜ਼ਹਬ ਦਾ ਹੋਣ ਕਾਰਨ ਵਿਤਕਰਾ ਜਾਂ ਨਫਰਤ ਨਾ ਕੀਤੀ ਜਾਵੇ ਅਤੇ ਉਸ ਦੀਆਂ ਭਾਵਨਾਵਾਂ ਦਾ ਸਤਿਕਾਰ
ਕੀਤਾ ਜਾਵੇ, ਇਹ ਨਹੀਂ ਕਿ ਆਪਣੇ ਸਿਧਾਂਤ ਤਿਆਗ ਦਿੱਤੇ ਜਾਣ। ਹੋ ਬਿਲਕੁਲ ਇਸ ਦੇ ਉਲਟ ਰਿਹਾ ਹੈ,
ਕਈ ਕਟੱੜਵਾਦੀ ਅਨਮਤੀਏ ਸਿੱਖਾਂ ਦੀਆਂ ਭਾਵਨਾਵਾਂ ਦੀ ਨਿਰਾਦਰੀ ਕਰਦੇ ਹੋਏ, ਜਾਣ ਕੇ ਸਿੱਖਾਂ ਕੋਲ
ਬੈਠ ਕੇ ਸੂਟੇ ਲਾਉਂਦੇ ਹਨ ਅਤੇ ਕਈ ਮੂਰਖ ਆਪਣੀ ਵਿਸ਼ਾਲਤਾ ਵਿਖਾਉਣ ਲਈ ਉਨ੍ਹਾਂ ਕੋਲ ਬੈਠੈ ਧੂਆਂ
ਭੱਖ ਰਹੇ ਹੁੰਦੇ ਹਨ। ਜੇ ਕੋਈ ਸਿੱਖ ਅੇਸੇ ਲੋਕਾਂ ਨਾਲ ਵਰਤੋਂ ਰਖਦਾ ਹੈ, ਤਾਂ ਉਹ ਵੀ ਤਨਖਾਹੀਆ
ਹੈ।
ਜੇ ਕਿਸੇ ਨੇ ਖੰਡੇ ਬਾਟੇ ਦੀ ਪਾਹੁਲ ਛਕ ਕੇ ਮੀਣੇ, ਮਸੰਦ, ਧੀਰਮਲੀਏ,
ਰਾਮਰਾਈਏ, ਆਦਿਕ ਪੰਥ ਵਿਰੋਧੀਆਂ ਨਾਲ ਜਾਂ ਨੜੀ ਮਾਰ, ਕੁੜੀ ਮਾਰ, ਸਿਰਗੁੰਮ ਨਾਲ ਸਮਾਜਕ ਵਰਤੋਂ
ਰੱਖੀ ਹੋਈ ਹੈ ਤਾਂ ਉਹ ਤਨਖਾਹੀਆ ਹੈ, ਅਤੇ ਉਸ ਵਾਸਤੇ ਤਨਖਾਹ ਲੁਆ ਕੇ ਭੁਲ ਬਖਸ਼ਾਉਣੀ ਜ਼ਰੂਰੀ ਹੈ।
ਚਲਦਾ … …
|
. |