ਮੇਰੀ ਜਾਣਕਾਰੀ ਅਨੁਸਾਰ, ਪਿਛਲੇ ਸੱਤਰ ਸਾਲਾਂ ਤੋਂ ਗੁਰੂ ਨਾਨਕ ਸਾਹਿਬ ਦਾ
ਪ੍ਰਕਾਸ਼ ਦਿਵਸ (ਅਸਲੀਅਤ ਵਿੱਚ ਇਸ ਦਿਵਸ ਨੂੰ ਸਿੱਖ ਧਰਮ ਦਾ ਅਰੰਭਕ ਦਿਵਸ ਹੀ ਕਹਿਣਾ ਚਾਹੀਦਾ ਹੈ)
ਹਰੇਕ ਸਾਲ ਅਕਤੂਬਰ ਜਾਂ ਨਵੰਬਰ ਮਹੀਨੇ ਹੀ ਮਨਾਇਆ ਜਾਂਦਾ ਹੈ। ਪਰ, ਨਾਨਕਸ਼ਾਹੀ ਕੈਲੰਡਰ ਬਾਰੇ ਚਰਚਾ
ਇਸ ਕਰਕੇ ਜਾਪਦੀ ਹੈ ਕਿਉਂਕਿ ਇਹ ੭-੮ ਦਿਨਾਂ ਦੇ ਫਰਕ ਤੋਂ ਇਲਾਵਾ, ਭਾਰਤ ਸਰਕਾਰ ਦੇ ਨੈਸ਼ਨਲ
ਕੈਲੰਡਰ (ਸਾਕਾ ਕੈਲੰਡਰ) ਦੀ ਹੀ ਨਕਲ ਹੈ। ਜਿਵੇਂ ਹਿੰਦੂਆਂ ਦਾ ਨਵਾਂ ਸਾਲ, “ਲੂਨਰ” (ਚੰਦ ਦੇ
ਆਧਾਰ) ਅਨੁਸਾਰ ਚੈਤਰ ਤੋਂ ਕੈਲੰਡਰ ਅਰੰਭ ਹੁੰਦਾ ਹੈ ਅਤੇ “ਸੋਲਰ” (ਸੂਰਜ ਦੇ ਆਧਾਰ) ਵੈਸਾਖ ਤੋਂ
ਸ਼ੁਰੂ ਹੁੰਦਾ ਹੈ। ਇਵੇਂ, ਭਾਰਤ ਸਰਕਾਰ ਨੇ ਆਪਣਾ ਨੈਸ਼ਨਲ ਕੈਲੰਡਰ, “ਸਾਕਾ ਕੈਲੰਡਰ” ਅਨੁਸਾਰ ੧
ਚੈਤਰ ਸਾਕਾ ੧੮੭੯ = ੨੨ ਮਾਰਚ ੧੯੫੭ ਏ. ਡੀ. ਪ੍ਰਵਾਨ ਕਰ ਲਿਆ ਹੋਇਆ ਹੈ।
“ਮਨੋਰਮਾ ਯੀਅਰ ਬੁੱਕ ੧੯੯੧” ਅਨੁਸਾਰ ਭਾਰਤ ਦਾ ਨੈਸ਼ਨਲ ਕੈਲੰਡਰ ਇਵੇਂ
ਲਿਖਿਆ ਮਿਲਦਾ ਹੈ:
ਸਾਕਾ---------- ਗਰੀਗੋਰੀਅਨ
੧ ਚੈਤਰ ੩੦/੩੧ ਦਿਨ- ਮਾਰਚ ੨੨/੨੧
੧ ਵੈਸਾਖ ੩੧ -ਅਪ੍ਰੈਲ ੨੧
੧ ਜਸ਼ੇਠ ੩੧ -ਮਈ ੨੨
੧ ਅਸਾੜ੍ਹ ੩੧ -ਜੂਨ ੨੨
੧ ਸ਼੍ਰਾਵਨ ੩੧ -ਜੁਲਾਈ ੨੩
੧ ਭਾਦ੍ਰ ੩੧ -ਅਗਸਤ ੨੩
੧ ਅਸਵਿਨ ੩੦- ਸਤੰਬਰ ੨੩
੧ ਕਰਤਕ ੩੦ -ਅਕਤੂਬਰ ੨੩
੧ ਅਗਰਾਹਨ ੩੦ -ਨਵੰਬਰ ੨੨
੧ ਪੌਸ ੩੦ -ਦਸੰਬਰ ੨੨
੧ ਮਾਘ ੩੦ -ਜਨਵਰੀ ੨੧
੧ ਫਲਗੁਨ ੩੦ -ਫਰਵਰੀ ੨੦
ਪਰ, ਭਾਰਤ ਸਰਕਾਰ ਅਤੇ ਉਥੋਂ ਦੇ ਲੋਕ “ਜਨਵਰੀ ਤੋਂ ਦਸੰਬਰ” ਅਨੁਸਾਰ ਹੀ
ਆਪਣੇ ਕਾਰੋਬਾਰ ਕਰਦੇ ਹਨ। ਜਿਵੇਂ ਉਹ ਮੋਹਨਦਾਸ ਕਰਮਚੰਦ ਗਾਂਧੀ ਤੇ ਜਵਾਹਰ ਲਾਲ ਨੈਹਰੂ ਦੇ ਜਨਮ
ਦਿਨ, ਆਜ਼ਾਦੀ ਤੇ ਗਣਤੰਤਰ ਦਿਵਸ ਪਹਿਲਾਂ ਵਾਲੀਆਂ ਅਸਲੀ ਤਾਰੀਕਾਂ ਅਨੁਸਾਰ ਹੀ ਮਨਾਉਂਦੇ ਹਨ: ੨
ਅਕਤੂਬਰ (੧੮੬੯), ੧੪ ਨਵੰਬਰ (੧੮੮੯), ੧੫ ਅਗਸਤ (੧੯੪੭), ੨੬ ਜਨਵਰੀ (੧੯੫੦), ਆਦਿਕ।
ਇਵੇਂ ਹੀ ਇਸਾਈ ਲੋਕ ਆਪਣੇ ਪੈਕੰਬਰ ਲੌਰਡ ਜੇਸੱਸ ਕਰਾਇਸਟ ਦਾ ਜਨਮ ਦਿਨ ੨੫
ਦਸੰਬਰ ਨੂੰ ਹੀ ਮਨਾਉਂਦੇ ਆ ਰਹੇ ਹਨ ਅਤੇ ਅਮਰੀਕਾ ਨਿਵਾਸੀ ਭੀ ਆਪਣਾ ਅਜ਼ਾਦੀ ਦਿਨ ੪ ਜੁਲਾਈ (੧੭੭੬)
ਨੂੰ ਮਨਾਉਂਦੇ ਹਨ। ਇੰਜ, ਕੋਈ ਬਾਦ-ਵਿਵਾਦ ਦੇਖਣ ਨੂੰ ਨਹੀਂ ਆਉਂਦਾ ਹੈ। ਸਾਰੇ ਅੰਤਰ-ਰਾਸ਼ਟਰੀ ਕਾਰਜ
ਜਨਵਰੀ ਤੋਂ ਦਸੰਬਰ ਅਨੁਸਾਰ ਹੀ ਚਲ ਰਹੇ ਹਨ ਪਰ ਪਤਾ ਨਹੀਂ ਸਿੱਖਾਂ ਉਪਰ “ਚੇਤੁ ਤੋਂ ਫਲਗੁਨਿ”
ਮਹੀਨਿਆਂ ਦਾ ਕਿਉਂ ਭੂਤ-ਸਵਾਰ ਹੋ ਗਿਆ ਹੈ?
ਸ਼ਾਇਦ ਇਸ ਲਈ ਕਿ ਸਿੱਖ ਜਗਤ ਸੰਗਰਾਂਦ, ਪੂਰਨਮਾਸ਼ੀ, ਮਸਿਆ ਆਦਿਕ ਮਨਾਉਂਣ ਦਾ
ਆਦੀ ਬਣਿਆ ਹੋਇਆ ਹੈ ਅਤੇ ਉਹ ਭਾਰਤ ਦੇ ਸਰਕਾਰੀ ਨੈਸ਼ਨਲ ਕੈਲੰਡਰ ਨਾਲ ਹੀ ਜੁੜੇ ਰਹਿਣਾ ਚਾਹੁੰਦੇ ਹਨ
ਅਤੇ ਇਹ ਹੀ ਝਗੜੇ ਦੀ ਜੜ੍ਹ ਹੈ ਜਾਂ ਇੰਜ ਕਹਿ ਲਓ ਕਿ ਇਸ ਤਰ੍ਹਾਂ ਗੋਲਕ ਦੀ ਮਾਇਆ ਵਧੀਕ ਇੱਕਠੀ ਹੋ
ਜਾਂਦੀ ਹੈ ਅਤੇ ਭਾਈਆਂ, ਕੀਰਤਨੀਆਂ ਅਤੇ ਕਥਾਕਾਰਾਂ ਨੂੰ ਭੀ ਖੁਲੇ ਗੱਫੇ ਮਿਲ ਜਾਂਦੇ ਹਨ! ਸੰਗਤਾਂ
ਭੀ ਇਸ ਮਾਇਆ ਜਾਲ ਵਿੱਚ ਫੱਸ ਕੇ ਖੁਸ਼ੀ ਮਹਿਸੂਸ ਕਰਦੀਆਂ ਹਨ! ਗੁਰਬਾਣੀ ਬਾਰਹ ਮਾਹਾ ਭੀ ਸਾਨੂੰ
ਅਕਾਲ ਪੁਰਖ ਨਾਲ ਹੀ ਜੋੜਦੀ ਹੈ ਨਾ ਕਿ ਕਿਸੇ ਖ਼ਾਸ ਮਾਹ, ਰੁਤੀ ਥਿਤੀ ਵਾਰ ਜਾਂ ਸਾਲ ਨਾਲ! ਸਾਰੇ
ਦਿਨ-ਮਹੀਨੇ ਭਲੇ ਹਨ ਜੇ ਅਸੀਂ ਅਕਾਲ ਪੁਰਖ ਦੇ ਸੱਚੇ ਨਾਮ ਵਿੱਚ ਲੀਨ ਰਹੀਏ।
ਗੁਰੂ ਅਰਜਨ ਸਾਹਿਬ ਬਿਆਨ ਕਰਦੇ ਹਨ: “ਮਾਹ ਦਿਵਸ ਮੂਰਤ ਭਲੇ ਜਿਸ ਕਉ
ਨਦਰਿ ਕਰੇ॥” (ਪੰਨਾ ੧੩੬)
ਜੇ ਸਿੱਖ ਭੀ ਅੰਤਰ-ਰਾਸ਼ਟਰੀ (ਸੀ. ਈ.) ਕੈਲੰਡਰ ਅਨੁਸਾਰ ਆਪਣੇ ਗੁਰਪੁਰਬ,
ਸ਼ਹੀਦੀ ਦਿਵਸ ਅਤੇ ਹੋਰ ਇਤਿਹਾਸਕ ਦਿਨ ਮਨਾਉਣ ਲਗ ਪੈਣ ਤਾਂ ਕੀ ਹਰਜ਼ ਹੈ? ਜਿਵੇਂ ਅਸੀਂ ਸਿੱਖ
ਕੈਲੰਡਰ ੨੭ ਮਾਰਚ ਜਾਂ ੨੦ ਅਕਤੂਬਰ ੧੪੬੯ ਤੋਂ ਅਰੰਭ ਕਰ ਸਕਦੇ ਹਾਂ। ਕਿਤਾਬ: “ਜੀਵਨ ਚਰਿੱਤ੍ਰ
ਗੁਰੂ ਨਾਨਕ ਦੇਵ” ਲੇਖਕ ਡਾ: ਤ੍ਰਿਲੋਚਨ ਸਿੰਘ, ਪ੍ਰਕਾਸ਼ਕ ਦਿੱਲੀ ਸਿੱਖ ਗੁਰਦਵਾਰਾ ਬੋਰਡ, ਸੀਸ
ਗੰਜ, ਚਾਂਦਨੀ ਚੌਕ, ਦਿੱਲੀ (ਐਡੀਸ਼ਨ ਜਨਵਰੀ, ੧੯੭੨) ਦੁਆਰਾ ਇਹ ਸਾਬਤ ਕੀਤਾ ਹੋਇਆ ਹੈ ਕਿ ਗੁਰੂ
ਨਾਨਕ ਸਾਹਿਬ ਦਾ ਜਨਮ, ਤਲਵੰਡੀ ਵਿਖੇ ਅਕਤੂਬਰ ੨੦, ੧੪੬੯ ਈ: , ਕੱਤਕ ਪੂਰਨਮਾਸ਼ੀ ਬਿ: ੧੫੨੬ ਨੂੰ
ਹੋਇਆ। ਇਹ ਨਿਰਣਾ ਜਨਮ ਸਾਖੀਆਂ, ਪੁਰਾਣੀਆਂ ਲਿੱਖਤਾਂ ਅਤੇ ਕਰਮ ਸਿੰਘ ਹਿਸਟੋਰੀਅਨ ਦੀ ਕਿਤਾਬ:
“ਕੱਤਕ ਕਿ ਵਿਸਾਖ” ਪੜ੍ਹ ਕੇ ਹੀ ਲਿਆ ਹੋਇਆ ਹੈ।
ਇਸ ਲਈ, ਸਿੱਖ ਇਤਿਹਾਸਕ ਕੈਲੰਡਰ ੨੦ ਅਕਤੂਬਰ ੧੪੬੯ ਤੋਂ ਅਰੰਭ ਹੋਣ ਨਾਲ
ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਹੈ ਅਤੇ ਇੰਜ ਹੀ ਸਾਰੇ ਇਤਿਹਾਸਕ ਦਿਵਸ ਪੁਰਾਣੀਆਂ ਮਿਤੀਆਂ
ਅਨੁਸਾਰ ਹੀ ਮਨਾਉਂਣੇ ਚਾਹੀਦੇ ਹਨ ਜਿਵੇਂ ਕਈ ਇਤਿਹਾਸਕਾਰਾਂ ਨੇ ਵਰਣਨ ਕੀਤੇ ਹੋਏ ਹਨ। ਸਾਨੂੰ ਇਹ
ਭੀ ਸੋਝੀ ਹੋਣੀ ਚਾਹੀਦੀ ਹੈ ਕਿ ਜੇਹੜਾ ਸਮਾਂ, ਦਿਨ-ਰਾਤ, ਤਾਰੀਕ ਬੀਤ ਗਈ, ਉਸ ਨੂੰ ਕੋਈ ਭੀ ਬਦਲ
ਨਹੀਂ ਸਕਦਾ। ਇਵੇਂ ਹੀ ਦੂਸਰਿਆਂ ਧਰਮਾਂ ਦੀ ਨਕਲ ਕਰਕੇ, ਸਿੱਖਾਂ ਨੂੰ ਕਿਸੇ ਭੀ ਪ੍ਰਾਣੀ ਦਾ ਜਨਮ
ਦਿਨ ਨਹੀਂ ਮਨਾਉਣਾ ਚਾਹੀਦਾ। ਜਿਵੇਂ, ਸੁਖਮਨੀ ਸਾਹਿਬ ਵਿੱਚ ਗੁਰੂ ਸਾਹਿਬ ਫੁਰਮਾਨ ਕਰਦੇ ਹਨ:
“ਪਿਤਾ ਕਾ ਜਨਮੁ ਕਿ ਜਾਨੈ ਪੂਤੁ॥ ਸਗਲ ਪਰੋਈ ਅਪੁਨੈ ਸੂਤਿ॥” (ਪੰਨਾ ੨੮੪)
ਜੇ ਅਸੀਂ ਹੇਠ ਲਿੱਖੀਆਂ ਤਾਰੀਕਾਂ ਪ੍ਰਵਾਨ ਕਰ ਲਈਏ ਤਾਂ ਕੋਈ ਅਦਲਾ-ਬਦਲੀ
ਹੋਣ ਦੀ ਸੰਭਾਵਨਾ ਨਹੀ!
ਗੁਰੂ ਨਾਨਕ ਸਾਹਿਬ ਦਾ ਗੁਰ-ਗੱਦੀ ਦਿਵਸ/ਸਿੱਖ ਧਰਮ ਦਾ ਅਰੰਭਕ ਦਿਵਸ: ੨੦
ਅਕਤੂਬਰ (੧੪੬੯)
ਗੁਰੂ ਅੰਗਦ ਸਾਹਿਬ ਦਾ ਗੁਰ-ਗੱਦੀ ਦਿਵਸ: ੦੭ ਸਤੰਬਰ (੧੫੩੯)
ਗੁਰੂ ਅਮਰਦਾਸ ਸਾਹਿਬ ਦਾ ਗੁਰ-ਗੱਦੀ ਦਿਵਸ: ੨੯ ਮਾਰਚ (੧੫੫੨)
ਗੁਰੂ ਰਾਮਦਾਸ ਸਾਹਿਬ ਦਾ ਗੁਰ-ਗੱਦੀ ਦਿਵਸ: ੦੧ ਸਤੰਬਰ (੧੫੭੪)
ਗੁਰੂ ਅਰਜਨ ਸਾਹਿਬ ਦਾ ਗੁਰ-ਗੱਦੀ ਦਿਵਸ: ੦੧ ਸਤੰਬਰ (੧੫੮੧)
ਗਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਿਵਸ-ਦਰਬਾਰ ਸਾਹਿਬ, ਅੰਮ੍ਰਿਤਸਰ: ੧੬
ਅਗਸਤ (੧੬੦੪)
ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਵਸ ਅਤੇ ਗੁਰੂ ਹਰਗੋਬਿੰਦ ਸਾਹਿਬ ਦਾ ੩੦
ਮਈ (੧੬੦੬)
ਗੁਰ-ਗੱਦੀ ਦਿਵਸ:
ਗੁਰੂ ਹਰ ਰਾਏ ਸਾਹਿਬ ਦਾ ਗੁਰ-ਗੱਦੀ ਦਿਵਸ: ੦੩ ਮਾਰਚ (੧੬੪੪)
ਗੁਰੂ ਹਰ ਕਿਸ਼ਨ ਸਾਹਿਬ ਦਾ ਗੁਰ-ਗੱਦੀ ਦਿਵਸ: ੦੬ ਅਕਤੂਬਰ (੧੬੬੧)
ਗੁਰੂ ਤੇਗ ਬਹਾਦਰ ਸਾਹਿਬ ਦਾ ਗੁਰ-ਗੱਦੀ ਦਿਵਸ: ੩੦ ਮਾਰਚ (੧੬੬੪)
ਗੁਰੂ ਤੇਗ ਬਹਾਦਰ ਸਾਹਿਬ, ਭਾਈ ਮਤੀ ਦਾਸ, ਭਾਈ ਦਿਆਲਾ, ਭਾਈ ਸਤੀ ਦਾਸ ੧੧
ਨਵੰਬਰ (੧੬੭੫)
ਦਾ ਸ਼ਹੀਦੀ ਦਿਵਸ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਗੁਰ-ਗੱਦੀ ਦਿਵਸ:
ਪੰਜਾਂ ਪਿਆਰਿਆਂ ਦੀ ਚੋਣ ਅਤੇ ਖ਼ਾਲਸੇ ਨੂੰ ਖੰਡੇ ਦੀ ਪਾਹੁਲ, ਅਨੰਦਪੁਰ
ਸਾਹਿਬ: ੩੦ ਮਾਰਚ (੧੬੯੯)
ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਦਾ ਸ਼ਹੀਦੀ ਦਿਵਸ:
੨੨ ਦਸੰਬਰ (੧੭੦੪)
ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਦਾ ਸ਼ਹੀਦੀ ਦਿਵਸ:
੨੭ ਦਸੰਬਰ (੧੭੦੪)
ਚਾਲੀਸ ਮੁਕਤਿਆਂ ਦਾ ਸ਼ਹੀਦੀ ਦਿਵਸ, ਮੁਕਤਸਾਰ: ੦੮ ਮਈ (੧੭੦੫)
ਗੁਰੂ ਗਰੰਥ ਸਾਹਿਬ ਦਾ ਗੁਰਗੱਦੀ ਦਿਵਸ: ੦੭ ਅਕਤੂਬਰ (੧੭੦੮)
ਬਹਾਦਰ ਬੰਦਾ ਸਿੰਘ ਦਾ ਸ਼ਹੀਦੀ ਦਿਵਸ: ੦੯ ਜੂਨ (੧੭੧੬)
ਭਾਈ ਮਨੀ ਸਿੰਘ ਦਾ ਸ਼ਹੀਦੀ ਦਿਵਸ: ੨੪ ਜੂਨ (੧੭੩੮)
ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਵਸ: ੦੧ ਜੁਲਾਈ (੧੭੪੫)
(੧੭੪੬ ਤੋਂ ੧੯੪੭ ਤੱਕ ਤੇ ਅੱਜ ਤੱਕ ਹੋਰ ਬੇਅੰਤ ਸਿੱਖ ਸ਼ਹੀਦ ਹੋਏ)
ਬੇਨਤੀ ਹੈ ਕਿ ਜਨਵਰੀ ਤੋਂ ਦਸੰਬਰ ਕੈਲੰਡਰ ਸਾਰੀ ਦੁੱਨੀਆ ਵਿਖੇ ਪ੍ਰਚਲਤ ਹੈ
ਜਿਵੇ ਸੈਕਿੰਡ, ਮਿੰਟ, ਘੰਟੇ, ਸੋਮਵਾਰ ਤੋਂ ਐਤਵਾਰ ਅਤੇ ਸਿੱਖ ਭੀ ਹਰ ਰੋਜ਼ ਇਨ੍ਹਾਂ ਤਾਰੀਕਾਂ
ਅਨੁਸਾਰ ਚਲਦੇ ਆ ਰਹੇ ਹਨ। ਜਿਵੇਂ, ਇੱਥੇ ਆਸਟ੍ਰੇਲੀਆ ਵਿਖੇ ਬਾਕੀ ਬਹੁਤ ਸਾਰੇ ਮੁਲਕਾਂ ਨਾਲੋਂ
ਮੌਸਮ ਅਲੱਗ ਹੀ ਹਨ, ਪਰ ਸਾਂਝਾ “ਗ੍ਰੀਨਵਿਚ ਟਾਈਮ ਅਤੇ ਸੀ. ਈ. ਕੈਲੰਡਰ” ਹੀ ਵਰਤੋਂ ਵਿੱਚ ਹੈ ਅਤੇ
ਕਿਸੇ ਨੂੰ ਕੋਈ ਮੁਸ਼ਕਲ ਨਹੀਂ ਆ ਰਹੀ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਖਿਮਾ ਦਾ ਜਾਚਕ,
ਗੁਰਮੀਤ ਸਿੰਘ (ਸਿੱਡਨੀ, ਆਸਟ੍ਰੇਲੀਆ)
ਜੂਨ ੨੦੧੧