ਜਿ ਹੋਂਦੈ
ਗੁਰੂ ਬਹਿ ਟਿਕਿਆ ਤਿਸੁ ਜਨ ਕੀ ਵਡਿਆਈ ਵਡੀ ਹੋਈ
(ਭਾਗ-ਤੀਜਾ)
ਦਸਮ ਗ੍ਰੰਥ ਨੂੰ ਗੁਰੂ ਗ੍ਰੰਥ
ਸਾਹਿਬ ਦੇ ਸ਼ਰੀਕ ਵਜੋਂ ਉਬਾਰਨ ਵਾਲੇ ਇਹ ਮੰਨਦੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ, ਗੁਰੂ ਤੇਗ
ਬਹਾਦਰ ਜੀ ਦੀ ਬਾਣੀ ਗੁਰੂ ਗੋਬਿੰਦ ਸਿੰਘ ਜੀ ਨੇ ਹੀ ਚੜ੍ਹਾਈ ਸੀ। ਪਰ ਫਿਰ ਕੀ ਕਾਰਨ ਹੈ ਕਿ
ਗੁਰਦੇਵ ਆਪਣੀ ਰਚਨਾ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਚੜ੍ਹਾਉਂਦੇ? ਕੀ ਗੁਰੂ ਸਾਹਿਬ ਨੂੰ ਆਪਣੀ
ਰਚਨਾ ਗੁਰੂ ਗ੍ਰੰਥ ਸਾਹਿਬ ਦਾ ਅੰਗ ਬਣਾਉਣ ਦਾ ਧਿਆਨ ਨਹੀਂ ਰਿਹਾ ਜਾਂ ਹਜ਼ੂਰ ਨੇ ਆਪਣੀ ਰਚਨਾ ਨੂੰ
ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਬਣਾਉਣਾ ਯੋਗ ਨਾ ਸਮਝਿਆ। ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਵਜੋਂ ਕੇਵਲ
ਇਹ ਕਹਿਣਾ ਤਰਕ ਸੰਗਤ ਨਹੀਂ ਹੈ ਕਿ ਗੁਰੂ ਸਾਹਿਬ ਦੀ ਆਪਣੀ ਮੌਜ ਜਾਂ ਰਜ਼ਾ ਹੈ ਜਾਂ ਗੁਰੂ ਗ੍ਰੰਥ
ਸਾਹਿਬ ਵਿੱਚ ਭਗਤੀ ਭਾਵ ਵਾਲੀਆਂ ਰਚਨਾਵਾਂ ਹਨ ਜਦ ਕਿ ਦਸ਼ਮੇਸ਼ ਪਾਤਸ਼ਾਹ ਦੀ ਬਾਣੀ `ਚ ਬੀਰ ਰਸ ਦੀ
ਪ੍ਰਧਾਨਤਾ ਹੈ, ਇਸ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀਆਂ ਰਚਨਾਵਾਂ ਨੂੰ ਗੁਰੂ ਗ੍ਰੰਥ ਸਾਹਿਬ
ਵਿੱਚ ਸ਼ਾਮਲ ਨਹੀਂ ਕੀਤਾ।
ਕਈ ਸੱਜਣ ਤਾਂ ਅਖੌਤੀ ਦਸਮ ਗ੍ਰੰਥ ਸਬੰਧੀ ਇਹ ਕਹਿਣ ਤੋਂ ਵੀ ਸੰਕੋਚ ਨਹੀਂ ਕਰ ਰਹੇ ਕਿ ਹੁਣ ਦਸਮ
ਗ੍ਰੰਥ ਤੋਂ ਬਿਨਾਂ ਪੰਥ ਦਾ ਗੁਜ਼ਾਰਾ ਨਹੀਂ ਹੋ ਸਕਦਾ। ਇਸ ਤਰ੍ਹਾਂ ਦੀ ਧਾਰਨਾ ਰੱਖਣ ਵਾਲੇ ਸੱਜਣ ਇਸ
ਗੱਲ ਦਾ ਉੱਤਰ ਨਹੀਂ ਦੇਂਦੇ ਕਿ ਇਸ ਗ੍ਰੰਥ ਦੀ ਹੋਂਦ ਤੋਂ ਪਹਿਲਾਂ ਪੰਥ ਦਾ ਗੁਜ਼ਾਰਾ ਕਿਸ ਤਰ੍ਹਾਂ
ਹੋ ਰਿਹਾ ਸੀ?
ਗੁਰੂ ਦੇ ਹੁਕਮ ਦੀ ਪਾਲਣਾ ਕਰਨੀ ਗੁਰਸਿੱਖ ਦਾ ਧਰਮ ਹੈ ਪਰ ਗੁਰੂ ਦੇ ਹੁਕਮ ਨਾਲੋਂ ਅਗਲੇਰਾ ਕਦਮ
ਪੁਟ ਲੈਣਾ ਗੁਰੂ ਦੇ ਹੁਕਮ ਨੂੰ ਚੈਲੰਜ ਕਰਨਾ ਹੈ ਅਤੇ ਗੁਰੂ ਦੇ ਹੁਕਮ ਵਿੱਚ ਅਧੂਰਾਪਣ ਨਜ਼ਰ ਆਉਣ ਦਾ
ਲਖਾਇਕ ਹੈ। ਜਿਹੜੇ ਸੱਜਣ ਇਹ ਕਹਿੰਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਭਗਤੀ ਅਤੇ ਦਸਮ ਗ੍ਰੰਥ ਸ਼ਕਤੀ ਦਾ
ਸੋਮਾ ਹੈ, ਜ਼ਰਾ ਈਮਾਨਦਾਰੀ ਨਾਲ ਆਪਣੀ ਇਸ ਧਾਰਨਾ ਵਲ ਗਹੁ ਕਰਨ ਕਿ ਉਨ੍ਹਾਂ ਦੇ ਇਸ ਕਥਨ ਦਾ ਕੀ ਭਾਵ
ਨਿਕਲਦਾ ਹੈ। ਕੀ ਗੁਰੂ ਗੋਬਿੰਦ ਸਿੰਘ ਜੀ ਖ਼ਾਲਸਾ ਪੰਥ ਨੂੰ ਅਧੂਰੇ ਗੁਰੂ ਦੇ ਲੜ ਲਾ ਗਏ ਸਨ? ਕੀ
ਗੁਰੂ ਗ੍ਰੰਥ ਸਾਹਿਬ ਜੀ ਭਗਤੀ ਅਤੇ ਸ਼ਕਤੀ ਦੇ ਸੋਮੇ ਨਹੀਂ ਹਨ? ਕੀ ਇਹ ਸੱਚ ਨਹੀਂ ਕਿ ਗੁਰੂ
ਹਰਿਗੋਬਿੰਦ ਸਾਹਿਬ ਨੇ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਜਨ ਸਾਧਾਰਨ ਨੂੰ ਇੱਕ ਪਲੇਟ ਫਾਰਮ `ਤੇ
ਇਕੱਠਿਆਂ ਕਰਕੇ ਸ਼ਾਹੀ ਫੋਜਾਂ ਨਾਲ ਲੜਾ ਕੇ, ਸ਼ਾਹੀ ਫੌਜਾਂ ਨੂੰ ਮੈਦਾਨ-ਇ-ਜੰਗ ਵਿਚੋਂ ਭਜਣ ਲਈ
ਮਜਬੂਰ ਕਰ ਦਿੱਤਾ ਸੀ।
ਸਾਡੇ ਇਤਿਹਾਸ ਵਿੱਚ ਭਾਵੇਂ ਬਹੁਤ ਕੁੱਝ ਅਜਿਹਾ ਲਿਖਿਆ ਮਿਲਦਾ ਹੈ ਜਿਸ ਦਾ ਗੁਰਬਾਣੀ ਦੀ
ਜੀਵਨ-ਜੁਗਤ ਨਾਲ ਕੋਈ ਸਬੰਧ ਨਹੀਂ ਹੈ ਪਰ ਫਿਰ ਵੀ ਕਿਸੇ ਇਤਿਹਾਸਕਾਰ ਨੇ ਇਹ ਨਹੀਂ ਲਿਖਿਆ ਕਿ ਦਸਮ
ਗ੍ਰੰਥ ਨੂੰ ਪੜ੍ਹ ਕੇ ਗਿਦੜਾਂ ਤੋਂ ਸ਼ੇਰ ਬਣ ਸਕੀਦਾ ਹੈ। ਹਾਂ, ਇਸ ਗੱਲ ਨਾਲ ਤਾਂ ਲਗਭਗ ਸਾਰੇ
ਸਹਿਮਤ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਦੀ ਪਾਹੁਲ ਛਕਾ ਕੇ ਗਿਦੜਾਂ ਤੋਂ ਸ਼ੇਰ ਬਣਾ
ਦਿੱਤਾ। ਉਦਾਹਰਣ ਵਜੋਂ ਭਾਈ ਰਤਨ ਸਿੰਘ ਭੰਗੂ ਦੀ ਨਿਮਨ ਲਿਖਤ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ:
“ਤੋ ਸਿਖਨ ਯੋ ਮੰਨੀ ਨ ਬਾਤ ਹਮ ਤੋ ਤੁਰਕ ਕਬ ਮਾਰੇ ਜਾਤ। ਅਸੀਂ ਚਿਰੀਆਂ ਵੈ ਸਾਨੀ ਬਾਜ ਹਮ ਛੇਲੈ
ਵੈ ਬਘਯਾੜਨ ਸਾਜ। ੨੫। ਤੁਮ ਮ੍ਰਿਗਨ ਤੇ ਕਿਮ ਸ਼ੇਰ ਮ੍ਰਵਾਵੈ, ਲੇਤੀ ਕੋ ਪਾਣੀ ਮਗਰੀ ਪਰ ਚੜ੍ਹਾਵੈ।
ਵਹੁ ਆਦ ਸਿਪਾਹੀ ਮੁਗਲ ਪਠਾਨ, ਹਮ ਜੱਟ ਬੂਟ ਨਾਈ ਤਰਖਾਨ। ੨੬। ਤੁਮ ਟੋਲੇ ਸਭ ਜਾਤ ਕਮੀਨ, ਹੁਤੇ
ਜੋਊ ਸਭ ਸ਼ਸਤਰ ਹੀਨ। ਲਲਕਾਰੇ ਰਜਪੂਤਹਿ ਰਾਜੇ, ਜੋਊ ਸਵਾਰੈਂ ਤੁਮਰੇ ਕਾਜੈਂ। ੨੭।”
ਦੋਹਰਾ: ਤੌ ਸ੍ਰੀ ਸਤਿਗੁਰ ਸੋਚਿਓ ਕਯਾ ਯਹ ਸਿੱਖਨ ਕੀਨ। ਹਮ ਚਹਿਂ ਦੇਂ ਪਤਿਸ਼ਾਹੀ ਸਿੱਖਨ, ਉਨ ਨੈ
ਨਾਹਿ ਕੀਨ। ੨੮।
ਚੌਪਈ: ਹੁਤੀ ਗੁਰੂ ਸ੍ਰੀ ਜਾਣੀ ਜਾਣ, ਸਭੀ ਬਿਧੀ ਗੁਰੂ ਲਈ ਪਛਾਣ। ਯਹ ਚਰਣ ਪਹੁਲ ਹੈ ਸ਼ਾਂਤ ਸਰੂਪ,
ਤੇਜ ਨਾਹਿ ਮਾਂਹਿ ਅਨੂਪ। ੨੯।
ਦੋਹਰਾ: ਸੇਹਲੀ ਟੋਪੀ ਸਿਰ ਧਰੈਂ ਦਾਸਹਿ ਨਾਮ ਕਹਾਇ। ਹੁਤੀ ਦਯਾ ਮੱਧ ਰੂਪ ਬਹੁ, ਇਮ ਨਹਿਂ ਸ਼ਸਤ੍ਰ
ਫੜਾਇ। ੩੦।
ਚੌਪਈ: ਅਬ ਸਿੱਖਨ ਰੂਪ ਪਲਟਾਈਐ, ਤੇਜ ਧਾਰੀ ਜਿਮ ਲਖ ਭੋ ਖਾਈਐ। ਤੇਜ ਨਾਮ ਕੋਊ ਇਨੈ ਧਰੱਯੈ, ਕਰ
ਪਾਹੁਲ ਇਨੈਂ ਤੇਜ ਪਿਲੱਯੈ। ੩੧। ਯੋ ਸਤਿਗੁਰ ਸ੍ਰੀ ਚਿਤ ਲਯੋ ਧਾਰ, ਸੋ ਉੱਦਮ ਕੀਓ ਗੁਰੂ ਬਿਚਾਰ।
ਛਤ੍ਰੀ ਰੂਪ ਸੁੰਦਰ ਅਤਿ ਲਾਗੇ, ਕੇਸ ਸੀਸ ਸਿਰ ਬਾਂਧੈ ਪਾਗੈ। ੩੨। ਨਾਮ ਸਿੰਘ ਹੁਤੋ ਛਤ੍ਰਨ ਕੇਰੋ,
ਸ੍ਰੀ ਗੁਰੂ ਜਾਨਯੋ ਯਹੀ ਭਲੇਰੋ। ਖੰਡੇ ਪਾਹੁਲ ਚਿਤ ਮਧ ਠਟੀ, ਇਮ ਹੋਵੋਗੋ ਖਾਲਸਾ ਹਠੀ। ੩੩। ਪੜੇ
ਪਤਿਸ਼ਾਹੀ ਇਮ ਇਨ ਖੋਇ ਹੰਨੇ ਹੰਨੇ ਹਮ ਪਤਿਸ਼ਾਹ ਹੋਇ। ਕਾਣ ਕੂਟ ਵਾਂਗ ਲੋਹੇ ਕਰੈਂ, ਖੰਡੇ ਪਾਹੁਲ ਪੀ
ਖੰਡਯੋਂ ਨ ਟਰੈਂ। ੩੪। (ਸ੍ਰੀ ਗੁਰ ਪੰਥ ਪ੍ਰਕਾਸ਼)
ਸਾਡਾ ਇਹ ਮੰਨਣਾ ਨਹੀਂ ਹੈ ਕਿ ਦਸ਼ਮੇਸ਼ ਪਾਤਸ਼ਾਹ ਜੀ ਨੇ ਖੰਡੇ ਦੀ ਪਾਹੁਲ ਕੇਵਲ ਯੁੱਧ ਕਰਨ ਲਈ ਹੀ
ਬਖ਼ਸ਼ਸ਼ ਕੀਤੀ ਸੀ ਜਾਂ ਕੇਵਲ ਖੰਡੇ ਦੀ ਪਾਹੁਲ ਲੈ ਕੇ ਹੀ ਸਿੰਘਾਂ ਨੇ ਸ਼ੂਰਬੀਰਤਾ ਦੇ ਜੌਹਰ ਦਿਖਾਏ।
ਇਸ ਨੂੰ ਪੂਰਨ ਰੂਪ ਵਿੱਚ ਸੱਚ ਤਾਂ ਹੀ ਮੰਨਿਆ ਜਾ ਸਕਦਾ ਸੀ ਜੇਕਰ ਗੁਰੂ ਹਰਿਗੋਬਿੰਦ ਸਾਹਿਬ ਜੀ
ਅਤੇ ਗੁਰੂ ਗੋਬਿੰਦ ਸਿੰਘ ਜੀ ਵਲੋਂ ਖੰਡੇ ਦੀ ਪਾਹੁਲ ਛਕਾਉਣ ਤੋਂ ਪਹਿਲੇ ਯੁੱਧਾਂ ਵਿੱਚ ਕਾਮਯਾਬੀ
ਹਾਸਲ ਨਾ ਹੋਈ ਹੁੰਦੀ।
ਗੁਰੂ ਗੋਬਿੰਦ ਸਿੰਘ ਜੀ ਦੀ ਛਤਰ-ਛਾਇਆ ਹੇਠਾਂ ਜਿਸ ਤਰ੍ਹਾਂ ਜਨ ਸਾਧਾਰਨ ਨੇ ਤੇਗਾਂ ਵਾਹੀਆਂ, ਇਸ
ਦੀ ਅਸੀਂ ਕੇਵਲ ਇੱਕ ਹੀ ਉਦਾਹਰਣ ਪਾਠਕਾਂ ਨਾਲ ਸਾਂਝੀ ਕਰਨੀ ਚਾਹੁੰਦੇ ਹਾਂ। ਜਦ ਭੰਗਾਣੀ ਦੇ ਯੁੱਧ
ਸਮੇਂ, ਐਨ ਮੌਕੇ `ਤੇ ਪੀਰ ਬੁੱਧੂ ਸ਼ਾਹ ਵਲੋਂ ਰਖਾਏ ਪਠਾਨ ਨੌਕਰ ਗੁਰੂ ਸਾਹਿਬ ਦਾ ਸਾਥ ਛੱਡ ਕੇ ਫਤੇ
ਸ਼ਾਹ ਨਾਲ ਜਾ ਰਲੇ, ਤਾਂ ਫਤੇ ਸ਼ਾਹ ਪਠਾਨ ਸਰਦਾਰਾਂ ਨੂੰ ਗੁਰੂ ਸਾਹਿਬ ਦੀ ਸੈਨਾ ਬਾਰੇ ਪੁੱਛਦਾ ਹੈ।
ਉੱਤਰ ਵਿੱਚ ਭੀਖਨ ਖਾਂ ਮੁਸਕਰਾਉਂਦਿਆਂ ਹੋਇਆਂ ਕਹਿੰਦਾ ਹੈ: ਗੁਰ ਘਰ ਅਪਰ ਸੈਨ ਹੈ ਕਹਾਂ। ਪਿਖਿ
ਖਾਨਨ ਢਿਗ, ਲਰਿਬੇ ਚਹਾ। ਸੋ ਹਮ ਸਭਿ ਹੀ ਚਲਿ ਆਏ। ਹਿਤ ਰਾਖਨ ਕੇ ਬਹੁਤ ਅਲਾਏ. . ਬਾਕੀ ਦਲ ਖ਼ੁਦਾਇ
ਕੋ ਨਾਊ। ਮਿਲੇ ਗਵਾਰ ਲੋਕ ਸਮਦਾਊ। ਹਸਿਬੇ ਜੋਗ ਜਾਤਿ ਤਿਨ ਕੇਰੀ। ਮੋ ਤੇ ਸੁਨੋ ਕਹੌਂ ਇਸ ਬੇਰੀ।
ਘਨੇ ਜਾਤਿ ਹੈਂ ਅਧਿਕ ਗਵਾਰ। ਨਾਈ, ਬਾਮਨ, ਸੂਦ, ਸੁਨਾਰ। ਬਾਨੀਏ, ਰੋੜੇ, ਜਾਟ, ਲੁਹਾਰ। ਝੀਵਰ
ਜਾਤਿ, ਕਲਾਲ, ਕੁਮਾਰ। ਖਾਤੀ, ਛੀਂਬੇ, ਔਰ ਲੁਬਾਣੇ। ਛੱਤੀਸ ਜਾਤਿ ਸਨਾਤ ਪਛਾਣੇ। ਅਪਰ ਕਹਾਂ ਲਗਿ
ਕਰੌਂ ਉਚਾਰ। ਹੈਂ ਹਲਾਲ ਖੁਰ ਨੀਚ ਚੁਮਾਰ। ਪਕਰੀ ਜਾਇਂ ਨ ਕਰ ਤਰਵਾਰੇਂ। ਨਹਿਂ ਜਾਨਹਿਂ ਕਿਮ ਤੋਮਰ
ਧਾਰੇਂ। ਤੀਰ ਤੁਫੰਗ ਪ੍ਰਹਾਰਨਿ ਜੋਇ। ਇਹ ਬਿਦੱਯਾ ਤਿਨਕੇ ਕਿਮ ਹੋਇ। … ਤੁਮ ਅਰੁ ਤੁਮਰੋ ਦਲ ਕਿਤ
ਰਹੋ। ਹਮ ਹੀ ਘਨੇ ਹਤਨਿ ਕੋ ਲਹੋ। (ਸ਼੍ਰੀ ਗੁਰ ਪ੍ਰਤਾਪ ਸੂਰਜ-ਰਿਤੂ ੨; ਅੰਸੂ ੨੨)
ਜਦ ਗਹਿਗਚ ਦੀ ਲੜਾਈ ਸ਼ੁਰੂ ਹੁੰਦੀ ਹੈ ਤਾਂ ਮਹੰਤ ਕ੍ਰਿਪਾਲ ਦਾਸ ਵੀ ਆਪਣੇ ਕੁਤਕੇ ਨੂੰ ਸੰਭਾਲਦਾ
ਹੋਇਆ ਪਠਾਨ ਸਰਦਾਰ ਨੂੰ ਵੰਗਾਰਦਾ ਹੈ। ਆਪ ਨੇ ਪਠਾਨ ਸਰਦਾਰ ਨੂੰ ਕੇਵਲ ਵੰਗਾਰਿਆ ਹੀ ਨਹੀਂ ਹੈ
ਬਲਕਿ ਪਠਾਨ ਦੇ ਵਾਰ ਨੂੰ ਰੋਕ ਕੇ ਆਪਣੇ ਕੁਤਕੇ ਦਾ ਅਜਿਹਾ ਵਾਰ ਕੀਤਾ ਕਿ ਪਠਾਨ ਸਰਦਾਰ ਦਾ ਸਿਰ
ਫੇਹ ਕੇ ਰੱਖ ਦਿੱਤਾ।
ਭਬਕਯੋ ਸਮ ਕੇਹਰਿ ਸਾਧ ਤਬੇ। ਦਲ ਦੋਇ ਬਿਲੋਕਤਿ ਬੀਰ ਸਬੈ। ਕੁਤਕਾ ਬਲ ਸਾਥ ਸੰਭਾਰਿ ਲਯੋ। ਸਿਰ ਖਾਨ
ਹਯਾਤ ਕੇ ਝਾਰ ਦਯੋ। ਪਗ ਕੋ ਬਲ ਪਾਇ ਰਕਾਬਨ ਪੈ। ਉਛਰਯੋ ਕੁਛ ਊਚਹਿ ਆਸਨ ਪੈ। ਸਗਰੇ ਤਨ ਓਜ ਲਗਾਇ
ਬਡੋ। ਕੁਤਕਾ ਜੁਗ ਹਾਥਨ ਸਾਥ ਛਡੋ। ਇਸ ਭਾਤਿ ਲਗਯੋ ਸਿਰ ਫੋਰ ਦਯੋ। ਨਿਕਸੀ ਮਿਝ ਸੇਤ ਸੁ ਮ੍ਰਿੱਤੁ
ਭਣੋ। ਬਹੁ ਖੰਡ ਕਰੇ ਜਿਹ ਸੀਸਹਿਂ ਕੇ। ਸਭਿ ਦੇਖਤਿ ਹੈਂ ਗਿਰ ਈਸ਼ਹਿਂ ਕੇ। (ਰਿਤੂ ੨; ਅੰਸੂ ੨੭)
ਇਸ ਯੁੱਧ ਵਿੱਚ ਇੱਕ ਹੋਰ ਸ਼ੂਰਬੀਰ ਦਾ ਜ਼ਿਕਰ ਆਉਂਦਾ ਹੈ। ਇਹ ਸੂਰਮਾ ਹੈ ਭਾਈ ਲਾਲ ਚੰਦ। ਕਿੱਤੇ
ਵਜੋਂ ਇਹ ਇੱਕ ਹਲਵਾਈ ਹੈ। ਇਸ ਦੇ ਹੱਥ ਵਿੱਚ ਤਲਵਾਰ ਢਾਲ ਦੇਖ ਕੇ ਇੱਕ ਪਠਾਨ ਦੂਜੇ ਨੂੰ ਇਉਂ
ਕਹਿੰਦਾ ਹੈ:
ਜਾਤ ਅਰੋੜਾ ਬਿਨ ਹਥਯਾਰ। ਅਬਿ ਦੀਨੇ ਇਸ ਖੜਗ ਸਿਪਰ ਗੁਰ, ਛਨਿਹੁਂ ਤੁਰਂਗ ਲੇਹੁ ਇਸ ਮਾਰ। ਕਹਾਂ
ਲਰਨ ਕੀ ਸਾਰ ਲਖੈ ਇਹੁ, ਤਕਰੀ ਤੋਲਤ ਨਿਤ ਦ੍ਰਿਸ਼ਟਾਇ। ਦਯੋ ਖ਼ੁਦਾਇ, ਮਾਰ ਲਿਹੁ ਆਯੁਧ ਸੁਨਤਿ ਮੀਰ
ਖਾਂ ਓਜ ਵਧਾਇ। ਨਿਜ ਸ਼ਮਸ਼ੇਰ ਨਿਕਾਸੀ ਤੀਖਨ ਤੁਰੰਗ ਧਵਾਇ ਨੇਰ ਕੌ ਪਾਇ। ਕਰਿ ਬਲ ਬਾਹੁ ਹਤੀ ਇਸ ਊਪਰ
ਰੋਕਯੋ ਢਾਲ ਕਰੀ ਅਗੁਵਾਇ। ਬਹੁਰ ਸੰਭਾਰ ਰਹਯੋ ਹਿਤ ਮਾਰਨ ਇਤ ਉਤ ਤਕਹਿ ਹਤਨ ਕੇ ਦਾਇ। ਲਾਲ ਚੰਦ
ਲਹਿ ਗੁਰ ਬਚ ਬਲਿ ਕੌ ਤੂਰਨ ਕਰ ਤੇ ਖੜਗ ਚਲਾਇ। ਗਰ ਤੇ ਸਿਰ ਤਤਕਾਲ ਉਤਾਰਯੋ ਸ਼ਾਖਾ ਤੇ ਫਲ ਮਨੋਂ
ਗਿਰਾਇ। ਪਰਯੋ ਤੁਰੰਗ ਤੇ ਧਰ ਊਪਰ ਹਯ ਗੇਰਤਿ ਹੀ ਗਯੋ ਪਰਾਇ। (ਰਿਤੂ ੨; ਅੰਸੂ ੨੯)
ਗੁਰੂ ਕੇ ਸਿੱਖਾਂ ਨੇ ਕੁਰਬਾਨੀ ਦਾ ਇਹ ਜਜ਼ਬਾ ਨਿਰਸੰਦੇਹ ਕਿਸੇ ਅਖੌਤੀ ਦਸਮ ਗ੍ਰੰਥ ਤੋਂ ਹਾਸਲ ਨਹੀਂ
ਸੀ ਕੀਤਾ; ਇਹ ਤਾਂ ਗੁਰੂ ਗੋਬਿੰਦ ਸਿੰਘ ਜੀ ਵਲੋਂ ਪ੍ਰਾਰੰਭੇ ਹੋਏ ਸ਼ੰਘਰਸ਼ ਨੂੰ ਦੇਖ ਕੇ ਇਨ੍ਹਾਂ
ਸ਼ੂਰਬੀਰਾਂ ਦਾ ਖੁਨ ਵੀ ਉਬਾਲੇ ਖਾਣ ਲੱਗਾ ਅਤੇ ਇਹ ਵੀ ਮੈਦਾਨ-ਇ-ਜੰਗ ਵਿੱਚ ਕੁੱਦ ਪਏ ਸਨ। ਇਸ ਲਈ
ਗੁਰੂ ਕੇ ਸਿੱਖਾਂ ਦੀ ਸ਼ੂਰਬੀਰਤਾ ਅਤੇ ਆਪਾ ਵਾਰਨ ਦੇ ਜਜ਼ਬੇ ਦਾ ਸੋਮਾ ਗੁਰੂ ਗ੍ਰੰਥ ਸਾਹਿਬ ਸਨ ਨਾ
ਕਿ ਦਸਮ ਗ੍ਰੰਥ।
ਖ਼ਾਲਸਾ ਪੰਥ ਦਾ ਅੱਜ ਤੱਕ ਦਾ ਇਤਿਹਾਸ ਇਸ ਗੱਲ ਦਾ ਹੀ ਗਵਾਹ ਹੈ ਕਿ ਜਿਸ ਕਿਸੇ ਨੇ ਵੀ ਗੁਰੂ
ਪਾਤਸ਼ਾਹ ਦੇ ਆਦੇਸ਼ ਦੀ ਉਲੰਘਣਾ ਕੀਤੀ ਉਹ ਖ਼ਾਲਸਾ ਪੰਥ ਨਾਲੋਂ ਅਲੱਗ-ਥਲੱਗ ਹੋ ਕੇ ਰਹਿ ਗਿਆ। ਪਰ ਅੱਜ
ਸਮੇਂ ਨੇ ਐਸੀ ਕਰਵਟ ਲਈ ਹੈ ਕਿ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਦੀ ਪਾਲਣਾ ਕਰਦਿਆਂ
ਹੋਇਆਂ, ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਮੰਨਦੇ ਹਨ, ਉਨ੍ਹਾਂ ਗੁਰਸਿੱਖਾਂ ਨੂੰ ਖ਼ਾਲਸਾ
ਪੰਥ ਦਾ ਦੋਖੀ ਮੰਨਿਆ ਜਾ ਰਿਹਾ ਹੈ; ਪੰਥ ਤੋਂ ਛੇਕਣ ਦੇ ਫ਼ਰਮਾਨ ਜਾਰੀ ਹੋ ਰਹੇ ਹਨ ਅਤੇ ਕਈਆਂ ਨੂੰ
ਪੰਥ `ਚੋਂ ਛੇਕਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਸਿਤਮ ਦੀ ਗੱਲ ਇਹ ਹੈ ਕਿ ਇਹ ਸਭ ਕੁੱਝ
ਉਨ੍ਹਾਂ ਵਲੋਂ ਹੋ ਰਿਹਾ ਹੈ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਫ਼ਰਮਾਨ ਦੀਆਂ ਸ਼ਰੇਆਮ ਧੱਜੀਆਂ
ਉਡਾਉਂਦੇ ਹੋਏ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਕਰਕੇ, ਪਿਤਾ
ਗੁਰਦੇਵ ਦੇ ਹੁਕਮ ਦੀ ਉਲੰਘਣਾ ਕਰ ਰਹੇ ਹਨ। ਅਜਿਹੀ ਧੱਕੇ ਸ਼ਾਹੀ ਨੂੰ ਦੇਖ ਕੇ ਇਹ ਹੀ ਕਹਿਣਾ ਪੈ
ਰਿਹਾ ਹੈ ਕਿ ਅਸਲ ਵਿੱਚ ਅੱਜ ਮੀਣੇ, ਧੀਰਮਲੀਏ, ਅਤੇ ਰਾਮਰਾਏ ਦੇ ਪੈਰੋਕਾਰਾਂ ਰੂਪੀ ਅਮਰ ਵੇਲ ਨੇ
ਖ਼ਾਲਸਾ ਪੰਥ ਨੂੰ ਆਪਣੀ ਲਪੇਟ ਵਿੱਚ ਇਸ ਕਦਰ ਲੈ ਲਿਆ ਹੈ ਕਿ ਉਹ ਦਸਮੇਸ਼ ਪਾਤਸ਼ਾਹ ਦੇ ਹੁਕਮ ਦੀ
ਪਾਲਣਾ ਕਰਨ ਵਾਲਿਆਂ ਨੂੰ ਹੀ ਡਰਾਉਣ ਧਮਕਾਉਣ ਲੱਗ ਪਏ ਹਨ। ਪਰ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ
ਨੂੰ ਮੰਨ ਕੇ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਦੇ ਰੂਪ ਵਿੱਚ ਮੰਨ ਕੇ ਸਿਰ
ਝੁਕਾਉਣ ਵਾਲਿਆਂ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ। ਚੂੰਕਿ ਜਿਉਂ ਜਿਉਂ ਸਿੱਖ ਸੰਗਤਾਂ ਗ਼ਫ਼ਲਤ ਦੀ
ਨੀਂਦ `ਚੋਂ ਜਾਗਣ ਗੀਆਂ ਤਿਉਂ ਤਿਉਂ ਕਾਲਕਾ ਪੰਥ ਨਾਲੋਂ ਸਬੰਧ ਤੋੜ ਕੇ ਖ਼ਾਲਸਾ ਪੰਥ ਦੇ ਇਸ ਕਾਫ਼ਲੇ
ਵਿੱਚ ਸ਼ਾਮਲ ਹੁੰਦੀਆਂ ਜਾਣਗੀਆਂ।
ਗੁਰਦੇਵ ਦੇ ਹੁਕਮ ਨੂੰ ਮੰਨ ਕੇ ਹੀ ਸਿੱਖ ਗੁਰੂ ਨਾਨਕ ਸਾਹਿਬ ਦੇ ਪੈਰੋਕਾਰਾਂ ਦੀ ਕਤਾਰ ਵਿੱਚ ਖੜਾ
ਹੋ ਸਕਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਲੜ ਗੁਰੂ ਗੋਬਿੰਦ ਸਿੰਘ ਜੀ ਨੇ ਲਾਇਆ ਹੈ, ਇਸ ਲਈ ਇਸ ਦੇ
ਬਰਾਬਰ ਕਿਸੇ ਹੋਰ ਪੁਸਤਕ ਨੂੰ ਪ੍ਰਕਾਸ਼ ਕਰਕੇ ਗੁਰੂ ਸਾਹਿਬ ਦੀ ਚੋਣ ਪ੍ਰਕਿਰਿਆ ਉੱਤੇ ਪ੍ਰਸ਼ਨ
ਚਿੰਨ੍ਹ ਲਾਉਣ ਵਾਲਿਆਂ ਨੂੰ ਇੱਕ ਦਿਨ ਸਪਸ਼ਟ ਰੂਪ ਵਿੱਚ ਖ਼ਾਲਸਾ ਪੰਥ ਨਾਲੋਂ ਅਲੱਗ-ਥਲੱਗ ਹੋਣਾ ਹੀ
ਪਵੇਗਾ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜੋ ਕੋਈ ਵੀ ਖ਼ਾਲਸਾ ਪੰਥ ਨਾਲੋਂ ਅਲੱਗ-ਥਲੱਗ ਹੋਇਆ ਤਾਂ
ਉਸ ਦੀ ਵੱਖਰੀ ਪਛਾਣ ਕਾਇਮ ਹੋ ਗਈ ਅਤੇ ਉਹ ਉਸ ਨਾਮ ਨਾਲ ਹੀ ਪੁਕਾਰਿਆ ਜਾਣ ਲਗ ਪਿਆ। ਜਿਸ ਤਰ੍ਹਾਂ
ਧੀਰਮਲੀਏ ਅਤੇ ਰਾਮਰਾਈਏ ਆਦਿਕ। ਇਸੇ ਤਰ੍ਹਾਂ ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ
ਮਾਨਤਾ ਦੇ ਕੇ ਇਸ ਅੱਗੇ ਆਪਣਾ ਸਿਰ ਝੁਕਾਉਣ ਵਾਲੇ ਆਪਣੀ ਪਛਾਣ ਕਾਲਕਾ ਪੰਥੀ ਦੇ ਰੂਪ ਵਿੱਚ ਹੀ
ਕਰਾਉਣਗੇ ਨਾ ਕਿ ਖ਼ਾਲਸਾ ਪੰਥ ਦੇ ਅਨੁਯਾਈ ਦੇ ਰੂਪ ਵਿਚ। ਚੂੰਕਿ ਖ਼ਾਲਸਾ ਪੰਥ ਨਿਮਨ ਲਿਖਤ ਸ਼ਬਦਾਂ
ਨੂੰ ਰਸਮੀ ਤੌਰ `ਤੇ ਹੀ ਨਹੀਂ ਪੜ੍ਹਦਾ ਸਗੋਂ ਇਸ ਨੂੰ ਤਨੋ ਮਨੋ ਸਵੀਕਾਰਦਾ ਵੀ ਹੈ: ‘ਆਗਿਆ ਭਈ
ਅਕਾਲ ਕੀ ਤਬੀ ਚਲਾਯੋ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ
ਪ੍ਰਗਟ ਗੁਰਾਂ ਕੀ ਦੇਹ। ਜੋ ਪ੍ਰਭ ਕੋ ਮਿਲਬੋ ਚਹੈ ਖੋਜ ਸ਼ਬਦ ਮੈਂ ਲੇਹਿ।’ ਖ਼ਾਲਸਾ ਪੰਥ ਨੂੰ ਗੁਰੂ
ਗ੍ਰੰਥ ਸਾਹਿਬ ਦੇ ਇਸ ਫ਼ਰਮਾਨ ਉੱਤੇ ਅਤੁੱਟ ਵਿਸ਼ਵਾਸ਼ ਹੈ:
ਜਿ ਹੋਂਦੈ ਗੁਰੂ ਬਹਿ ਟਿਕਿਆ ਤਿਸੁ ਜਨ ਕੀ ਵਡਿਆਈ ਵਡੀ ਹੋਈ॥ ਤਿਸੁ ਕਉ
ਜਗਤੁ ਨਿਵਿਆ ਸਭੁ ਪੈਰੀ ਪਇਆ ਜਸੁ ਵਰਤਿਆ ਲੋਈ॥ ਤਿਸ ਕਉ ਖੰਡ ਬ੍ਰਹਮੰਡ ਨਮਸਕਾਰੁ ਕਰਹਿ ਜਿਸ ਕੈ
ਮਸਤਕਿ ਹਥੁ ਧਰਿਆ ਗੁਰਿ ਪੂਰੈ ਸੋ ਪੂਰਾ ਹੋਈ॥ ਗੁਰ ਕੀ ਵਡਿਆਈ ਨਿਤ ਚੜੈ ਸਵਾਈ ਅਪੜਿ ਕੋ ਨ ਸਕੋਈ॥
ਜਨੁ ਨਾਨਕੁ ਹਰਿ ਕਰਤੈ ਆਪਿ ਬਹਿ ਟਿਕਿਆ ਆਪੇ ਪੈਜ ਰਖੈ ਪ੍ਰਭੁ ਸੋਈ॥ (ਪੰਨਾ ੩੦੯)
ਗੁਰਬਾਣੀ ਦੇ ਇਸ ਫ਼ਰਮਾਨ ਦੀ ਰੋਸ਼ਨੀ ਵਿੱਚ ਅਸੀਂ ਇਹ ਗੱਲ ਦਾਅਵੇ ਨਾਲ ਆਖ ਸਕਦੇ ਹਾਂ ਕਿ
ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਅਖੌਤੀ ਦਸਮ ਗ੍ਰੰਥ ਨਹੀਂ ਟਿਕ ਸਕੇਗਾ। ਇਸ ਨੂੰ ਗੁਰੂ ਗ੍ਰੰਥ
ਸਾਹਿਬ ਦੇ ਸ਼ਰੀਕ ਦੇ ਰੂਪ ਵਿੱਚ ਪੇਸ਼ ਕਰਨ ਵਾਲੀਆਂ ਤਾਕਤਾਂ ਨੂੰ ਕਦੀ ਵੀ ਕਿਸੇ ਵੀ ਰੂਪ ਵਿੱਚ ਇਹ
ਆਸ ਪੂਰੀ ਨਹੀਂ ਹੋਣ ਲੱਗੀ। ਚੂੰਕਿ ਜਿਉਂ ਜਿਉਂ ਇਸ ਗ੍ਰੰਥ ਦੀ ਅਸਲੀਅਤ ਸਿੱਖ ਸੰਗਤਾਂ ਦੇ ਸਾਹਮਣੇ
ਆਉਂਦੀ ਜਾਵੇਗੀ, ਸੰਗਤਾਂ ਇਸ ਦਾ ਪੂਰਨ ਰੂਪ ਵਿੱਚ ਤਿਆਗ ਕਰਕੇ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ
ਅੱਗੇ ਹੀ ਸੀਸ ਝੁਕਾਉਣ ਗੀਆਂ। ਕਾਲਕਾ ਪੰਥੀਆਂ ਦੀ ਕੋਈ ਵੀ ਦਲੀਲ ਜਾਂ ਅਪੀਲ ਸੰਗਤਾਂ ਨੂੰ ਗੁਮਰਾਹ
ਨਹੀਂ ਕਰ ਸਕੇਗੀ।
ਜਸਬੀਰ ਸਿੰਘ ਵੈਨਕੂਵਰ