ਨਗਨ ਫਿਰਤ
ਪੰਜਾਬ ਦੀ ਧਰਤੀ ਉਪਜਾਊ ਹੋਣ ਦੇ ਨਾਤੇ, ਵੱਖ ਵੱਖ ਧਰਮਾਂ ਦਿਆਂ ਸਾਧਾਂ ਨੇ
ਪਿਛਲੇ ਕੁੱਝ ਸਮੇਂ ਤੋਂ ਗੁਰਬਾਣੀ ਰੰਗ ਦੇ ਕੇ ਆਪਣੇ ਪੈਰ ਪਸਾਰਨ ਦਾ ਯਤਨ ਕੀਤਾ ਹੈ। ਕੁੱਝ ਸਿੱਖੀ
ਪਹਿਰਾਵੇ ਵਿੱਚ ਹਨ, ਕੁੱਝ ਅਰਧ ਨਗਨ ਹਾਲਤ ਵਿੱਚ ਆਪਣੀਆਂ ਕੱਛਾਂ ਦਿਖਾਈ ਜਾਣਗੇ ਤੇ ਕੁੱਝ ਗੇਰੂਵੇ
ਪਹਿਰਾਵੇ ਵਿੱਚ ਹਨ। ਇੰਜ ਲੱਗਦਾ ਹੈ ਕਿ ਜਿਵੇਂ ਇਹਨਾਂ ਲੋਕਾਂ ਨੇ ਪੰਜਾਬ ਦੀ ਧਰਤੀ ਨੂੰ ਇੱਕ ਧਰਮ
ਦੀ ਬਸਤੀ ਸਮਝ ਲਿਆ ਹੋਵੇ। ਇਹ ਸਾਰਾ ਕੁੱਝ ਗੁਰਦੁਆਰਿਆਂ ਵਿਚੋਂ ਤਰਬੀਬ ਨਾਲ ਪਰਚਾਰ ਨਾ ਹੋਣ ਕਰਕੇ
ਹੀ ਹੋਇਆ ਹੈ। ਇੰਜ ਲੱਗਦਾ ਹੈ ਕਿ ਗੁਰਦੁਆਰੇ ਸ਼ਾਇਦ ਹੁਣ ਚਿੱਟੇ ਹਾਥੀ ਹੀ ਹੋਣ।
ਸੁਆਲ ਪੈਦਾ ਹੁੰਦਾ ਹੈ, ਕੀ ਕੇਵਲ ਚੋਲ਼ਾ ਪਹਿਣ ਨਾਲ ਰੱਬ ਜੀ ਨਾਲ ਮਿਲਾਪ ਹੋ
ਜਾਂਦਾ ਹੈ? ਕੀ ਵਿਆਹ ਨਾ ਕਰਾੳਣ ਨਾਲ ਕੋਈ ਖਾਸ ਪ੍ਰਾਪਤੀ ਹੁੰਦੀ ਹੈ? ਕੀ ਸਿਰ ਮਨਾਉਣ ਵਾਲਾ ਕੁਦਰਤ
ਨਾਲ ਖਿਲਵਾੜ ਨਹੀਂ ਕਰ ਰਿਹਾ? ਕੀ ਅਰਧ ਨਗਨ ਰਹਿਣ ਨਾਲ ਮੁਲਕ ਦਾ ਕੋਈ ਭਲਾ ਹੋ ਸਕਦਾ ਹੈ?
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਵਿਚਾਰਨ ਨਾਲ ਸਮਝ ਆਉਂਦੀ ਹੈ ਕਿ ਜੋ
ਮਨੌਤਾਂ ਅਸੀਂ ਬਣਾਈ ਬੈਠੇ ਹਾਂ, ਉਹਨਾਂ ਦਾ ਸਿੱਖ ਸਿਧਾਂਤ ਨਾਲ ਦੂਰ ਦਾ ਵੀ ਵਾਹ ਵਾਸਤਾ ਨਹੀਂ ਹੈ।
ਨਿੱਤ ਗੁਰਬਾਣੀ ਦੇ ਅਖੰਡਪਾਠ ਕਰਨ ਵਾਲੇ ਵੀ ਵਹਿਮਾਂ ਭਰਮਾਂ ਦੇ ਪੂਰੇ ਸ਼ਿਕਾਰ ਹੋਏ ਹੋਏ ਹਨ।
ਉਪਰੋਕਤ ਕੀਤੇ ਸੁਆਲਾਂ ਦੇ ਜੁਆਬ ਸਾਨੂੰ ਗੁਰਬਾਣੀ ਵਿਚੋਂ ਹੀ ਮਿਲ ਜਾਂਦੇ ਹਨ।
ਸਿੱਖੀ ਵਿੱਚ ਸੰਤ ਸਮਾਜ ਦੇ ਨਾਂ ਦੀ ਇੱਕ ਨਵੀਂ ਸ਼੍ਰੇਣੀ ਪੈਦਾ ਹੋਈ ਹੈ।
ਜਿਹੜੀ ਇਹ ਦਾਅਵਾ ਕਰਦੀ ਹੈ ਕਿ ਸਾਨੂੰ ਗੁਰਬਾਣੀ ਬਾਰੇ ਸਭ ਤੋਂ ਵੱਧ ਗਿਆਨ ਹੈ ਤੇ ਜੋ ਅਸੀਂ ਕਰ
ਰਹੇ ਹਾਂ ਉਹ ਹੀ ਅਸਲੀ ਸਿੱਖ ਸਿਧਾਂਤ ਹੈ। ਆਹ ਜੋ ਮਸ਼ੀਨਰੀ ਹਨ ਇਹ ਲੋਕਾਂ ਦੀ ਸ਼ਰਧਾ ਤੋੜਦੇ ਹਨ। ਆਹ
ਮਸ਼ੀਨਰੀ ਕਹਿੰਦੇ ਹਨ ਕਿ ਪੂਰਨਮਾਸ਼ੀ ਨਾਂ ਦੀ ਕੋਈ ਚੀਜ਼ ਨਹੀਂ ਹੈ, ਫਿਰ ਇਹਨਾਂ ਮਸ਼ੀਨਰੀਆਂ ਨੂੰ ਕੋਈ
ਪੁੱਛੇ ਕਿ ਤੁਸੀਂ ਸਾਡੇ ਬੜੇ ਮਹਾਂਰਾਜ ਨਾਲੋਂ ਵੱਡੇ ਹੋ। ਇਹਨਾਂ ਨੂੰ ਕੀ ਪਤਾ ਹੈ ਬੜੇ ਮਹਾਂਰਾਜ
ਜੀ ਨੇ ਕਿੰਨਾ ਕਠਨ ਤਪ ਕੀਤਾ ਹੈ। ਬੜੇ ਮਹਾਂਰਾਜ ਜੀ ਸਾਨੂੰ ਦੱਸ ਗਏ ਸੀ ਕਿ ਪੂਰਨਮਾਸ਼ੀ ਤੇ ਮੱਸਿਆ
ਦੇ ਇਸ਼ਨਾਨ ਨਾਲ ਪੂਰਾ ਸਵਰਗ ਮਿਲਦਾ ਹੈ।
ਇਹ ਸੰਤ ਸਮਾਜ ਗੁਰਬਾਣੀ ਤਾਂ ਜ਼ਰੂਰ ਪੜ੍ਹਦੇ ਹਨ ਪਰ ਗੁਰਬਾਣੀ ਦੇ ਸਿਧਾਂਤ
ਨੂੰ ਆਪਣੀ ਪ੍ਰਤਭਾ ਤੇ ਆਪਣੇ ਡੇਰੇ ਦੇ ਅਨੁਸਾਰ ਪੇਸ਼ ਕਰ ਰਹੇ ਹਨ। ਤੇ ਨਾਲ ਹੀ ਕਹਿੰਦੇ ਹਨ ਕਿ
ਗੁਰਬਾਣੀ ਵਿੱਚ ਸੰਤ, ਬ੍ਰਹਮ ਗਿਆਨੀ ਤੇ ਸਾਧੂ ਸ਼ਬਦ ਸਾਡੇ ਲਈ ਹੀ ਵਰਤਿਆ ਹੈ। ਸੰਤ ਸਮਾਜ ਨੇ ਲੰਬੇ
ਚੋਲ਼ੇ ਪਾ ਕੇ ਤੇ ਲੱਤਾਂ ਨੰਗੀਆਂ ਰੱਖ ਕੇ ਤੇ ਗਲ਼ ਵਿੱਚ ਮਾਲ਼ਾ ਪਾ ਕੇ ਇਹ ਪ੍ਰਭਾਵ ਦੇਣ ਦਾ ਯਤਨ
ਕੀਤਾ ਹੈ ਕਿ ਸਿੱਖੀ ਦਾ ਪਰਚਾਰ ਕੇਵਲ ਏਸੇ ਰੂਪ ਵਿੱਚ ਹੀ ਕੀਤਾ ਜਾ ਸਕਦਾ ਹੈ। ਚਿੱਤਰਕਾਰਾਂ ਕੋਲੋਂ
ਆਪਣੇ ਵਰਗੇ ਚੋਲ਼ਿਆਂ ਦੇ ਰੰਗ-ਬ-ਰੰਗੇ ਬੁਰਸ਼ ਫਿਰਵਾ ਕੇ ਦੱਸ ਰਹੇ ਹਨ, ਕਿ ਗੁਰੂਆਂ ਦੇ ਪਹਿਰਾਵੇ ਵੀ
ਸਾਡੇ ਚੋਲ਼ਿਆਂ ਵਰਗੇ ਹੀ ਸਨ।
ਬਹੁਤੀ ਲੁਕਾਈ ਆਪਣੀਆਂ ਗ਼ਰਜ਼ਾਂ ਦੀ ਮਾਰੀ ਜਾਂ ਸਰਕਾਰ ਦੇ ਬਦ-ਇੰਤਜ਼ਾਮ ਵਲੋਂ
ਦੁਖੀ ਹੋਏ ਇਹਨਾਂ ਦੇ ਪਾਸੋਂ ਸੁੱਖ ਦੀ ਭਾਲ ਵਿੱਚ ਲੁੱਟੇ ਜਾ ਰਹੇ ਹਨ। ਲੋਕ ਸੋਚਦੇ ਹਨ ਕਿ ਸ਼ਾਇਦ
ਇਹ ਰੱਬ ਜੀ ਦੇ ਬਹੁਤ ਨੇੜੇ ਹਨ ਤੇ ਇਹ ਮੰਤਰ ਮਾਰ ਕੇ ਜਾਂ ਅਸੀਂ ਉਹਨਾਂ ਕੋਲੋਂ ਪੇਸੇ ਦੇ ਕੇ
ਲੰਬੀਆਂ ਲੰਬੀਆਂ ਅਰਦਾਸਾਂ ਕਰਾ ਲਈਏ ਤਾਂ ਅਸੀਂ ਸਦਾ ਲਈ ਸੁੱਖੀ ਹੋ ਜਾਂਵਾਂਗੇ। ਜਦੋਂ ਸੰਤਾਂ ਦੀ
ਮਹਾਨਤਾ ਵਾਲੀਆਂ ਤੁਕਾਂ ਨੂੰ ਇਹ ਲੋਕ ਆਪਣੇ ਨਿਜ ਦੇ ਜੀਵਨ ਤੇ ਢਕਾਉਂਦੇ ਹਨ ਤਾਂ ਇੰਜ ਜਾਪਦਾ ਹੈ
ਏਹੋ ਹੀ ਅਸਲੀ ਸੰਤ ਹਨ ਜੋ ਸਾਡੀ ਤਕਦੀਰ ਨੂੰ ਬਦਲ ਸਕਦੇ ਹਨ।
ਇਹਨਾਂ ਬ੍ਰਹਮ ਗਿਆਨੀਆਂ ਨੇ ਇੱਕ ਹੋਰ ਭਰਮ ਖੜਾ ਕੀਤਾ ਹੈ ਕਿ ਅਸੀਂ ਵਿਆਹ
ਨਹੀਂ ਕਰਾਇਆ ਤੇ ਦੁਨੀਆਂ ਦੇ ਭਲੇ ਲਈ ਨਾਮ ਜੱਪਦੇ ਹਾਂ। ਇਹ ਲੋਕ ਗ੍ਰਹਿਸਤ ਨੂੰ ਚੰਗਾ ਨਹੀਂ
ਸਮਝਦੇ। ਇਹਨਾਂ ਦੇ ਅਨੁਸਾਰ ਗ੍ਰਹਿਸਤੀ ਵਿਕਾਰੀ ਹੁੰਦਾ ਹੈ ਤੇ ਅਸਾਂ ਵਿਆਹ ਨਾ ਕਰਾ ਕੇ ਪਵਿੱਤਰਤਾ
ਨੂੰ ਕਾਇਮ ਰੱਖਿਆ ਹੋਇਆ ਹੈ। ਬੰਦਾ ਪੁੱਛੇ ਜੇ ਤੁਹਾਡੇ ਪਿਤਾ ਜੀ ਵਿਆਹ ਨਾ ਕਰਾਉਂਦੇ ਤਾਂ ਤਸੀਂ
ਕਦੇ ਵੀ ਸੰਸਾਰ ਦਾ ਮੂੰਹ ਨਾ ਦੇਖ ਸਕਦੇ। ਆਮ ਲੋਕ ਇਸ ਪ੍ਰਭਾਵ ਨੂੰ ਵੀ ਕਬੂਲਦੇ ਹਨ ਕਿ ਦੇਖੋ ਜੀ
ਕਿੰਨੀ ਵੱਡੀ ਇਹਨਾਂ ਦੀ ਕੁਰਬਾਨੀ ਹੈ ਕਿ ਇਹਨਾਂ ਵਿਚਾਰਿਆਂ ਨੇ ਵਿਆਹ ਨਹੀਂ ਕਰਾਇਆ। ਵਿਆਹ ਨਾ
ਕਰਾਉਣਾ ਸਿੱਖ ਧਰਮ ਵਿੱਚ ਕੋਈ ਯੋਗਤਾ ਨਹੀਂ ਹੈ, ਸਗੋਂ ਇੱਕ ਤਰ੍ਹਾਂ ਕੁਦਰਤ ਨਾਲ ਖਿਲਵਾੜ ਹੈ। ਹੁਣ
ਦੇਖਣਾ ਹੈ ਕਿ ਗੁਰਬਾਣੀ ਦੇ ਪਰਚਾਰ ਦਾ ਢੰਢੋਰਾ ਦੇਣ ਵਾਲਿਆਂ ਨੂੰ ਗੁਰਬਾਣੀ ਕੀ ਕਹਿ ਰਹੀ ਹੈ। ਇਹ
ਦੇਖਣ ਲਈ ਕਬੀਰ ਸਾਹਿਬ ਜੀ ਦੇ ਇੱਕ ਸ਼ਬਦ ਦੀ ਵਿਚਾਰ ਕਰਨ ਦਾ ਯਤਨ ਕੀਤਾ ਜਾਏਗਾ---
ਨਗਨ ਫਿਰਤ ਜੌ ਪਾਈਐ ਜੋਗੁ।। ਬਨ ਕਾ ਮਿਰਗੁ ਮੁਕਤਿ ਸਭੁ ਹੋਗੁ।।
੧।।
ਕਿਆ
ਨਾਗੇ ਕਿਆ ਬਾਧੇ ਚਾਮ।। ਜਬ ਨਹੀ ਚੀਨਸਿ ਆਤਮ ਰਾਮ।। ੧।।
ਰਹਾਉ।।
ਮੂੰਡ
ਮੁੰਡਾਏ ਜੌ ਸਿਧਿ ਪਾਈ।। ਮੁਕਤੀ ਭੇਡ ਨ ਗਈਆ ਕਾਈ।।
੨।।
ਬਿੰਦੁ
ਰਾਖਿ ਜੌ ਤਰੀਐ ਭਾਈ।। ਖੁਸਰੈ ਕਿਉ ਨ ਪਰਮ ਗਤਿ ਪਾਈ।।
੩।।
ਕਹੁ
ਕਬੀਰ ਸੁਨਹੁ ਨਰ ਭਾਈ।। ਰਾਮ ਨਾਮ ਬਿਨੁ ਕਿਨਿ ਗਤਿ ਪਾਈ।। ੪।। ੪।।
ਬਾਣੀ ਕਬੀਰ ਜੀਉ ਕੀ ਪੰਨਾ ੩੨੪
ਇਸ ਸ਼ਬਦ ਦੀਆਂ ਰਹਾਉ ਦੀਆਂ ਵਿੱਚ ਕਬੀਰ ਸਾਹਿਬ ਜੀ ਫਰਮਾਉਂਦੇ ਹਨ—
“ਕਿਆ ਨਾਗੇ ਕਿਆ ਬਾਧੇ ਚਾਮ।। ਜਬ ਨਹੀ ਚੀਨਸਿ ਆਤਮ ਰਾਮ”।।
ਅਖਰੀਂ ਅਰਥ--
ਹੇ ਭਾਈ !) ਜਦ ਤਕ ਤੂੰ ਪਰਮਾਤਮਾ ਨੂੰ
ਨਹੀਂ ਪਛਾਣਦਾ, ਤਦ ਤਕ ਨੰਗੇ ਰਿਹਾਂ ਕੀਹ ਸੌਰ ਜਾਣਾ ਹੈ ਤੇ ਪਿੰਡੇ ਤੇ ਚੰਮ ਲਪੇਟਿਆਂ ਕੀਹ ਮਿਲ
ਜਾਣਾ ਹੈ ?
ਭਾਵ ਅਰਥ--- ਕਬੀਰ ਸਾਹਿਬ ਜੀ ਨੇ ਦੇਖਿਆ ਕਿ ਭਾਰਤ ਵਿੱਚ ਸਾਧਾਂ ਦੀ ਇੱਕ
ਉਹ ਸ਼੍ਰੇਣੀ ਵੀ ਹੈ ਜਿਹੜੀ ਕਪੜੇ ਪਹਿਨਣ ਤੋਂ ਗੁਰੇਜ਼ ਕਰਦੀ ਹੈ। ਆਪਣੇ ਪਿੰਡੇ ਤੇ ਸਵਾਹ ਮਲ਼ ਕੇ ਇਹ
ਦੱਸਣ ਦਾ ਯਤਨ ਕਰ ਰਹੇ ਹਨ ਕਿ ਅਸੀਂ ਜ਼ਿਉਂਦੇ ਹੀ ਸਵਾਹ ਹੋਏ ਪਏ ਹਾਂ। ਇਹਨਾਂ ਨੂੰ ਨਾਂਗੇ ਸਾਧ
ਕਿਹਾ ਜਾਂਦਾ ਹੈ। ਕੁੱਝ ਉਹ ਸਾਧ ਹਨ ਜਿੰਨ੍ਹਾਂ ਨੇ ਕੇਵਲ ਲੰਗੋਟ ਹੀ ਬੰਨ੍ਹਿਆ ਹੁੰਦਾ ਹੈ। ਉਦਾਸੀਏ
ਵੀ ਲੰਗੋਟਾਂ ਵਾਲੇ ਹੀ ਹਨ। ਕਈ ਲੰਗੋਟ ਵੀ ਨਹੀਂ ਬੰਨ੍ਹਿਆ ਹੁੰਦਾ ਸਿਰਫ ਨਿਕਾ ਜੇਹਾ ਪਰਨਾ ਹੀ
ਬੰਨ੍ਹਿਆ ਹੁੰਦਾ ਹੈ। ਗੁਰਬਾਣੀ ਨੇ ਅਜੇਹੇ ਪੂਰੇ ਨੰਗ-ਮ-ਨੰਗੀ ਤੇ ਅੱਧ ਨੰਗ-ਮ-ਨੰਗ ਸਾਧ ਸ਼੍ਰੇਣੀ
ਨੂੰ ਕੋਈ ਮਾਨਤਾ ਨਹੀਂ ਦਿੱਤੀ। ਦੂਸਰੀ ਕਿਸਮ ਦੀ ਉਹ ਸਾਧ ਸਨ ਜੋ ਚੋਲ਼ੇ ਆਦ ਪਹਿਨਦੇ ਸਨ। ਕਬੀਰ
ਸਹਿਬ ਜੀ ਫਰਮਾਉਂਦੇ ਹਨ ਕਿ ਨੰਗੇ ਰਹੋ ਜਾਂ ਸਰੀਰ `ਤੇ ਚਮੜੇ ਦੀ ਪੁਸ਼ਾਕ ਪਹਿਨ ਲਓ ਕੋਈ ਫਰਕ ਨਹੀਂ
ਪੈਂਦਾ ਜਿੰਨ੍ਹਾ ਚਿਰ ਤੁਸੀਂ ਆਪਣੇ ਆਪ ਦੀ ਪਹਿਛਾਣ ਨਹੀਂ ਕਰਦੇ। ਆਪ ਤੇ ਤੁਸੀਂ ਵਿਆਹ ਨਹੀਂ ਕਰਾਇਆ
ਪਰ ਗ੍ਰਹਿਸਤੀ ਲੋਕਾਂ ਪਾਸੋਂ ਪੁਤਰ ਲੈ ਕੇ ਆਪਣਾ ਮਤ ਚਲਾ ਰਹੇ ਹੋ। ਕੀ ਤੁਸੀਂ ਆਪਣੀ ਬੁੱਕਲ਼ ਵਿੱਚ
ਮੂੰਹ ਪਾ ਕੇ ਦੇਖਿਆ ਹੈ ਕਿ ਸਮਾਜ ਨੂੰ ਤੁਸੀਂ ਕੀ ਦੇ ਰਹੇ ਹੋ? ਜਾਂ ਤੁਹਾਡੀ ਇਸ ਸੋਚ ਨਾਲ ਸਮਾਜ
ਨੂੰ ਕੀ ਲਾਭ ਹੋ ਰਿਹਾ ਹੈ। ਜਿਹੜੀ ਬਿਮਾਰੀ ਕਬੀਰ ਜੀ ਨੇ ਆਪਣੇ ਜ਼ਮਾਨੇ ਵਿੱਚ ਦੇਖੀ ਸੀ ਉਹ ਬਿਮਾਰੀ
ਅੱਜ ਸਿੱਖੀ ਪਹਿਰਾਵੇ ਵਿੱਚ ਸਿੱਖ ਕੌਮ ਦੇ ਆਪੇ ਬਣੇ ਸਾਧਾਂ ਵਿਚੋਂ ਦੇਖੀ ਜਾ ਸਕਦੀ ਹੈ।
ਹੁਣ ਲਈਏ ਸਿੱਖੀ ਰੂਪ ਵਿੱਚ ਆਏ ਸਾਧ ਲਾਣੇ ਨੂੰ, ਕੀ ਇਹ ਤੁਕਾਂ ਇਹਨਾਂ `ਤੇ
ਨਹੀਂ ਲਾਗੂ ਹੁੰਦੀਆਂ? ਕੀ ਲੱਤਾਂ ਨੰਗੀਆਂ ਰੱਖਣ ਨਾਲ ਰੱਬ ਜੀ ਦੀ ਛੇਤੀ ਪ੍ਰਾਪਤੀ ਹੁੰਦੀ ਹੈ? ਜਾਂ
ਲੰਬਾ ਚੋਲ਼ਾ ਪਾਇਆਂ ਕੋਈ ਖਾਸ ਪ੍ਰਾਪਤੀ ਹੁੰਦੀ ਹੈ
“ਕਿਆ ਨਾਗੇ ਕਿਆ ਬਾਧੇ ਚਾਮ।। ਜਬ ਨਹੀ
ਚੀਨਸਿ ਆਤਮ ਰਾਮ”
ਲੰਬੇ ਚੋਲ਼ੇ ਪਾ ਕੇ ਇੱਕ ਗੱਲ ਪੱਕੀ ਕਰਾ ਗਏ ਹਨ ਕਿ ਸਾਡੇ
ਡੇਰੇ ਤੋਂ ਅਖੰਡਪਾਠ ਕਰਾਉਣ ਨਾਲ ਤੁਹਡੇ ਸਾਰੇ ਕਾਰਜ ਰਾਸ ਹੋਣਗੇ। ਜੇ ਫਿਰ ਵੀ ਤੁਹਾਡਾ ਕੰਮ ਨਾ
ਬਣੇ ਤਾਂ ਤੁਸੀਂ ਫਿਰ ਸੰਪਟ ਪਾਠ ਵਿਧੀ ਪੂਰਵਕ ਕਰਾਓ ਤਾਂ ਤੁਹਾਡੀ ਹਰ ਮਨੋ ਕਾਮਨਾ ਪੂਰੀ ਹੋਏਗੀ।
ਕਬੀਰ ਸਾਹਿਬ ਜੀ ਫਰਮਾਉਂਦੇ ਹਨ ਕਿ ਲੱਤਾਂ ਨੰਗੀਆਂ ਰੱਖਣੀਆਂ ਜਾਂ ਰੰਗ-ਬ-ਰੰਗੇ ਚੋਲ਼ੇ ਪਹਿਨਣੇ ਛੱਡ
ਕੇ ਸਮਾਜ ਦੇ ਭਲੇ ਲਈ ਕਝ ਕਰਨ ਦਾ ਯਤਨ ਕਰੋ। ਆਪੇ ਨੂੰ ਸਮਝਣ ਦਾ ਯਤਨ ਕਰੋ। ਕਈ ਪ੍ਰਕਾਰ ਦੇ ਚੋਲ਼ੇ
ਪਾ ਕੇ ਕੋਈ ਗੁਰੂ ਹੋਣ ਦਾ ਭੁਲੇਖਾ ਪਾ ਰਿਹਾ ਹੈ ਤੇ ਕੋਈ ਸਿੱਧਾ ਹੀ ਰੱਬ ਹੋਣ ਦਾ ਭਰਮ ਪਾਲ਼ੀ ਬੈਠਾ
ਹੈ।
ਸ਼ਬਦ ਦੀ ਪਹਿਲੀ ਤੁਕ ਵਿੱਚ ਸਪੱਸ਼ਟ ਕੀਤਾ ਹੈ ਕਿ ਜੇ ਏਦਾਂ ਕੋਈ ਧਰਮ ਜਾਂ
ਰੱਬ ਦੀ ਪ੍ਰਾਪਤੀ ਹੁੰਦੀ ਹੋਵੇ ਤਾਂ ਸਭ ਤੋਂ ਪਹਿਲਾਂ ਜੰਗਲ਼ ਦਾ ਹਰੇਕ ਪੁਸ਼ੂ ਮੁਕਤ ਹੋ ਜਾਣਾ
ਚਾਹੀਦਾ ਹੈ ਕਿਉਂ ਉਹ ਵਿਚਾਰੇ ਸਾਰੇ ਹੀ ਨੰਗੇ ਰਹਿੰਦੇ ਹਨ—
“ਨਗਨ ਫਿਰਤ ਜੌ ਪਾਈਐ ਜੋਗੁ।। ਬਨ ਕਾ
ਮਿਰਗੁ ਮੁਕਤਿ ਸਭੁ ਹੋਗੁ”
ਆਮ ਲੁਕਾਈ ਵਿੱਚ ਇਹ ਭਰਮ ਪੈਦਾ ਹੋ ਗਿਆ ਹੈ ਕਿ
ਵਿਹਲੜ ਲੋਕ ਜਿੰਨ੍ਹਾਂ ਨੇ ਲੱਤਾਂ ਨੰਗੀਆਂ ਰੱਖੀਆਂ ਹੁੰਦੀਆਂ ਹਨ ਇਹ ਦੇਵਤਾ ਸਰੂਪ ਹਨ ਤੇ ਨਾਮ
ਜੱਪਣ ਦੀ ਬਹੁਤ ਔਖੀ ਕਾਰ ਇਹ ਵਿਚਾਰੇ ਨਿਭਾਅ ਰਹੇ ਹਨ। ਗੁਰਬਾਣੀ ਇਸ ਵਿਚਾਰ ਨੂੰ ਇਕਵੱਢਿਓਂ ਰੱਦ
ਕਰਦੀ ਹੈ।
ਸ਼ਬਦ ਦੇ ਦੂਸਰੇ ਬੰਦ ਵਿੱਚ ਇੱਕ ਉਸ ਸ਼੍ਰੇਣੀ ਦਾ ਜ਼ਿਕਰ ਹੈ ਜਿਹੜੇ ਸਿਰ ਦੇ
ਕੇਸ ਨਹੀਂ ਰਹਿਣ ਦੇਂਦੇ। ਦੂਜੇ ਉਹ ਜਿੰਨ੍ਹਾਂ ਨੇ ਜੜਾਂਵਾਂ ਵਧਾਈਆਂ ਹਨ। ਸਿੱਖੀ ਵਿੱਚ ਵੀ ਕੁੱਝ
ਅਜੇਹੇ ਸਾਧ ਮਾਨਤਾ ਪ੍ਰਾਪਤ ਕਰ ਗਏ ਹਨ ਜਿੰਨ੍ਹਾਂ ਨੇ ਘਰੋੜ ਕੇ ਸਿਰ ਮਨਾਇਆ ਹੋਇਆ ਸੀ। ਕਬੀਰ ਸਹਿਬ
ਜੀ ਇਸ ਪ੍ਰਥਾਏ ਖ਼ਿਆਲ ਦੇਂਦੇ ਹਨ ਜੇ ਏਦਾਂ ਹੀ ਚੰਗੇ ਇਨਸਾਨਾਂ ਦੀ ਗਿਣਤੀ ਵਿੱਚ ਆਇਆ ਜਾਂਦਾ ਹੈ
ਤਾਂ ਸਭ ਤੋਂ ਪਹਿਲਾਂ ਫਿਰ ਭੇਡਾਂ ਮੁਕਤ ਹੋਣੀਆਂ ਚਾਹੀਦੀਆਂ ਹਨ ਕਿਉਂ ਕਿ ਭੇਡਾਂ ਦਾ ਮਾਲਕ ਹਰ
ਛਿਆਂ ਮਹੀਨਿਆ ਬਾਅਦ ਉਨ ਲੈਣ ਦੀ ਖ਼ਾਤਰ ਭੇਡਾਂ ਨੂੰ ਮੁੰਨ ਦੇਂਦਾ ਹੈ---
‘ਮੂੰਡ ਮੁੰਡਾਏ ਜੌ ਸਿਧਿ ਪਾਈ।।
ਮੁਕਤੀ ਭੇਡ ਨ ਗਈਆ ਕਾਈ`।।
ਸ਼ਬਦ ਦੇ ਤੀਸਰੇ ਬੰਦ ਵਿੱਚ ਵਿਆਹ ਵਾਲੇ ਵਹਿਮ ਤੋਂ ਸਾਨੂੰ ਮੁਕਤੀ ਦਿਵਾਈ
ਹੈ। ਸਿੱਖ ਕੌਮ ਵਿੱਚ ਇਹ ਬਹੁਤ ਵੱਡਾ ਵਹਿਮ ਹੈ ਕਿ ਜਿਸ ਨੇ ਵਿਆਹ ਨਹੀਂ ਕਰਾਇਆ ਤੇ ਲੰਬਾ ਚੋਲ਼ਾ
ਪਾਇਆ ਹੋਇਆ ਹੈ ਉਹ ਬਹੁਤ ਵੱਡਾ ਬ੍ਰਹਮ ਗਿਆਨੀ ਹੈ। ਉਸ ਨੇ ਸਾਰੇ ਸੰਸਾਰ ਦਾ ਆਪਣੇ ਸਿਰ `ਤੇ ਭਾਰ
ਉਠਾਇਆ ਹੋਇਆ ਹੈ। ਗੁਰਬਾਣੀ ਨੇ ਇਸ ਖ਼ਿਆਲ ਨੂੰ ਮੂਲੋਂ ਹੀ ਨਿਕਾਰ ਦਿੱਤਾ ਹੈ—
‘ਬਿੰਦੁ ਰਾਖਿ ਜੌ ਤਰੀਐ ਭਾਈ।। ਖੁਸਰੈ
ਕਿਉ ਨ ਪਰਮ ਗਤਿ ਪਾਈ`।। ਜਿਸ ਨੇ ਵਿਆਹ ਨਹੀਂ
ਕਰਾਇਆ ਸਿੱਖ ਉਸ ਪਾਸੋਂ ਗ੍ਰਹਿਸਤ ਦੀਆਂ ਬਰੀਕੀਆਂ ਪੁੱਛਣ ਲੱਗਿਆ ਹੋਇਆ ਹੈ। ਜਿਹੜਾ ਗ੍ਰਹਿਸਤ ਨੂੰ
ਮਾੜਾ ਸਮਝਦਾ ਹੋਇਆ ਝਮੇਲ੍ਹਾ ਦੱਸ ਰਿਹਾ ਹੋਵੇ, ਅਵਾਮ ਉਸ ਪਾਸੋਂ ਪੁੱਤਰਾਂ ਦੀਆਂ ਦਾਤਾਂ ਲਈ
ਅਰਦਾਸਾਂ ਕਰਾ ਰਿਹਾ ਹੈ। ਜਿਹੜਾ ਆਪ ਸੰਸਾਰਕ ਜ਼ਿੰਮੇਵਾਰੀਆਂ ਤੋਂ ਭਗੋੜਾ ਹੋਇਆ ਹੈ ਕਿਰਤ ਛੱਡ
ਚੁੱਕਿਆ ਹੋਵੇ ਉਸ ਪਾਸੋਂ ਸੰਸਾਰ ਨੂੰ ਕੀ ਆਸ ਹੋ ਸਕਦੀ ਹੈ। ਕੁਦਰਤ ਦੀ ਪ੍ਰਕ੍ਰਿਆਂ ਨੂੰ ਸੰਜਮ ਨਾਲ
ਵਰਤਣ ਦੀ ਤਾਗ਼ੀਦ ਤਾਂ ਹੈ ਪਰ ਪਰਵਾਰ ਛੱਡ ਕੇ ਭੱਜਣ ਲਈ ਕਿਤੇ ਵੀ ਗੁਰਮਤ ਦਾ ਕੋਈ ਸਿਧਾਂਤ ਨਹੀਂ
ਹੈ। ਜਿੰਨ੍ਹਾਂ ਲੋਕਾਂ ਨੇ ਗ੍ਰਹਿਸਤ ਨੂੰ ਗੰਧਲਾ ਕਿਹਾ ਹੈ ਉਹ ਲੋਕ ਆਪਣੀਆਂ ਲੋੜਾਂ ਇਹਨਾਂ
ਗ੍ਰਹਿਸਤੀਆਂ ਪਾਸੋਂ ਹੀ ਪੂਰੀਆਂ ਕਰਦੇ ਹਨ।
ਸਮਾਜ ਵਿੱਚ ਅਜੇਹੇ ਧਰਮੀ ਯੋਧਿਆਂ ਦੀਆਂ ਜਦੋਂ ਵਿਭਚਾਰ ਜਾਂ ਕਿਸੇ ਦੇ
ਪਰਵਾਰਾਂ ਦੀਆਂ ਲੁੱਟ-ਘਸੁੱਟ ਦੀਆਂ ਘਟਨਾਵਾਂ, ਅਖ਼ਬਾਰੀ ਸੁਰਖੀਆਂ ਦਾ ਹਿੱਸਾ ਬਣਦੀਆਂ ਹਨ, ਤਾਂ
ਬੰਦਾ ਸੋਚਣ ਲਈ ਮਜ਼ਬੂਰ ਹੁੰਦਾ ਹੈ, ਕਿ ਇਹਨਾਂ ਪਖੰਡੀ ਸਾਧਾਂ ਨੇ ਧਰਮ ਦੀ ਆੜ ਲੈ ਕੇ ਸਿਰਫ ਲੋਕਾਂ
ਦੀ ਕਿਰਤ ਨੂੰ ਲੁੱਟਿਆ ਹੀ ਨਹੀਂ ਹੈ, ਸਗੋਂ ਕਈ ਘਿਨਾਉਣੀਆਂ ਹਰਕਤਾਂ ਕਰਕੇ ਸਮਾਜਕ ਨਾਲ ਧ੍ਰੋਅ ਵੀ
ਕਮਾਇਆ ਹੈ।
ਕਬੀਰ ਸਾਹਿਬ ਜੀ ਨੇ ਇਸ ਸਮਾਜਕ ਕੋਹੜ ਨੂੰ ਬਹੁਤ ਹੀ ਨੇੜਿਓਂ ਹੋ ਕੇ ਤੱਕਿਆ
ਤੇ ਸਮਾਜ ਨੂੰ ਨਵੀਂ ਵਿਚਾਰਧਾਰਾ ਦਿੱਤੀ। ਅਵਾਮ ਨੂੰ ਸਮਝਾਇਆ, ਜ਼ਰਾ ਕੁ ਸੋਚੋ ਜਿੰਨ੍ਹਾਂ ਚਿਰ ਅਸੀਂ
ਖ਼ੁਦ ਆਪਣੇ ਆਪ ਦੀ ਪਹਿਛਾਣ ਨਹੀਂ ਕਰਦੇ ਉਹਨਾਂ ਚਿਰ ਜ਼ਿੰਦਗੀ ਦੇ ਮਹੱਤਵ ਦੀ ਸਮਝ ਨਹੀਂ ਆ ਸਕਦੀ—
‘ਕਹੁ ਕਬੀਰ ਸੁਨਹੁ ਨਰ ਭਾਈ।।
ਰਾਮ ਨਾਮ ਬਿਨੁ ਕਿਨਿ ਗਤਿ ਪਾਈ`।।
‘
ਰਾਮ ਨਾਮ ਬਿਨੁ ਕਿਨਿ
ਗਤਿ ਪਾਈ` ਭਾਵ ਰੱਬੀ ਗੁਣਾਂ ਨੂੰ ਵਿਚਾਰ ਕੇ ਉਸ ਅਨੁਸਾਰ ਆਪਣੇ ਜੀਵਨ ਨੂੰ ਢਾਲਿਆਂ ਹੀ ਜ਼ਿੰਦਗੀ
ਜਿਉਣ ਦੀ ਜਾਚ ਆ ਸਕਦੀ ਹੈ।
ਸਾਰੀ ਵਿਚਾਰ ਦਾ ਭਾਵ ਅਰਥ ਏਹੀ ਹੈ ਕਿ ਲੱਤਾਂ ਨੰਗੀਆਂ ਰੱਖਣੀਆਂ ਕੋਈ ਸਿੱਖ
ਸਿਧਾਂਤ ਨਹੀਂ ਹੈ। ਦੂਜਾ ਗ੍ਰਹਿਸਤ ਦੀਆਂ ਜ਼ਿੰਮਮੇਵਾਰੀਆਂ ਤੋਂ ਭੱਜਣਾ ਕੋਈ ਗੁਰਮਤ ਦੀ ਯੋਗਤਾ ਨਹੀਂ
ਹੈ। ਤੀਜਾ ਘਰੜ ਬਰੜ ਸਾਧਾਂ ਦੀ ਸਿੱਖੀ ਵਿੱਚ ਕੋਈ ਵੀ ਮਾਨਤਾ ਨਹੀਂ ਹੈ।
ਪੰਜਾਬ ਦੀ ਧਰਤੀ ਨੂੰ ਧਰਮੀ ਦੀ ਬਸਤੀ ਸਮਝ ਕੇ ਰੰਗ-ਬ-ਰੰਗੇ ਚੋਲਿਆ ਵਾਲੇ
ਘਰੜ ਮਰੜ ਸਾਧ ਜਦੋਂ ਪੁਰਾਣਕ ਕਥਾ ਕਹਾਣੀਆਂ ਦੀਆਂ ਉਗਾਲ਼ੀਆਂ ਕਰਦੇ ਹਨ ਤਾਂ ਸਭ ਤੋਂ ਵੱਧ ਸਰੋਤਾ ਜਨ
ਸਿੱਖ ਹੁੰਦੇ ਹਨ। ਇਹਨਾਂ ਦੀ ਜਭਲ਼ੀਆਂ ਸੁਣਨ ਦਾ ਪ੍ਰਬੰਧ ਵੀ ਸਿੱਖ ਹੀ ਕਰਦੇ ਨਜ਼ਰ ਆਉਣਗੇ। ਅੱਗੇ
ਤਾਂ ਸਿੱਖੀ ਪਹਿਰਾਵੇ ਵਿੱਚ ਸਾਧ ਮਿਲਦੇ ਸੀ ਹੁਣ ਭਗਵੇ ਭੇਸ ਵਿੱਚ ਕੁੱਝ ਸਾਲਾਂ ਤੋਂ ਮਾਰਕੀਟ
ਨਜ਼ਰੀਏ ਨਾਲ ਘਰੜ-ਮਰੜ ਹਿੰਦੂ ਸਾਧਾਂ ਨੇ ਪੰਜਾਬ ਵਿੱਚ ਆਪਣੇ ਪੱਕੇ ਤੌਰ`ਤੇ ਪੈਰ ਪਸਾਰਦਿਆਂ ਜ਼ਮੀਨਾਂ
ਮੁੱਲ ਜਾਂ ਫਰੀ ਲੈ ਵੱਡੇ ਵੱਡੇ ਡੇਰੇ ਸਥਾਪਤ ਕਰ ਲਏ ਹਨ। ਇਹਨਾਂ ਚਲਾਕ ਸਾਧਾਂ ਨੇ ਗੁਰਬਾਣੀ ਦੀਆਂ
ਤੁਕਾਂ ਨੂੰ ਆਪਣੇ ਹਿਸਾਬ ਨਾਲ ਪੇਸ਼ ਕਰਕੇ ਦੱਸਣ ਦਾ ਯਤਨ ਕੀਤਾ ਹੈ ਕਿ ਅਸੀਂ ਵੀ ਗੁਰਬਾਣੀ ਹੀ
ਪੜ੍ਹਦੇ ਹਾਂ। ਭੋਲ਼ੀ ਸਿੱਖ ਸੰਗਤ ਇਹ ਸਮਝ ਜਾਂਦੀ ਹੈ ਕਿ ਸ਼ਾਇਦ ਇਹ ਗੁਰਬਾਣੀ ਦਾ ਹੀ ਪਰਚਾਰ ਕਰ ਰਹੇ
ਹੋਣ। ਅਸਲ ਵਿੱਚ ਗੁਰਬਾਣੀ ਦਾ ਓਟ ਆਸਰਾ ਲੈ ਕੇ ਇਹ ਅਰਧ ਨੰਗੇ ਸਾਧ ਭਗਵੇਪਨ ਜਾਂ ਸਨਾਤਨੀ ਮਤ ਦੀਆਂ
ਗੋਲ਼ੀਆਂ ਲਪੇਟ ਲਪੇਟ ਕੇ ਦੇ ਰਹੇ ਹਨ।
ਇਸ ਦਾ ਇੱਕ ਹੀ ਉੱਤਰ ਹੈ ਅਰਬਾਂ ਰੁਪਇਆਂ ਵਾਲੀ ਸ਼੍ਰੋਮਣੀ ਕਮੇਟੀ ਨੇ ਅਜੇ
ਤੀਕ ਅਜੇਹੇ ਲੋਕਾਂ ਦਾ ਮੁਕਾਬਲਾ ਕਰਨ ਲਈ ਉੱਚ ਪੱਧਰ ਦੇ ਪ੍ਰਚਾਰਕ ਪੈਦਾ ਨਹੀਂ ਕੀਤੇ। ਨਾਂ ਹੀ
ਸਿੱਖੀ ਪਰਚਾਰ ਲਈ ਸਾਡੀਆਂ ਉੱਚ ਕਮੇਟੀਆਂ ਸੁਚੇਤ ਹਨ। ਹੁਣ ਭਗਵਾ ਕਰਣ ਏੱਥੋਂ ਤੀਕ ਪਸਰ ਚੁੱਕਿਆ ਹੈ
ਗੁਰਮਤ ਸਿਧਾਂਤ ਦੀ ਗੱਲ ਕਰਨ ਵਾਲੇ ਨੂੰ ਹੀ ਭਗਵਾ ਕਿਹਾ ਜਾ ਰਿਹਾ ਹੈ।
ਘਰੜ-ਮਰੜ, ਧੋਤੀਧਾਰੀ, ਅੱਧ ਨੰਗ-ਮ-ਨੰਗੇ ਦੂਜੇ ਪਾਸੇ ਸਿੱਖੀ ਪਹਿਰਾਵੇ
ਵਿੱਚ ਚਿੱਟੇ ਚੋਲ਼ਿਆਂ ਵਾਲੇ ਤੇ ਨੰਗੀਆਂ ਲੱਤਾਂ ਵਾਲੇ ਗ੍ਰਹਿਸਤੀ ਜੀਵਨ ਤੋਂ ਭਗੌੜੇ ਸਿੱਖ ਬੇੜੇ ਦੇ
ਮਲਾਹ ਬਣ ਚੁੱਕੇ ਹਨ।
ਹੁਣ---
ਖ਼ੁਦਾਇਆ ਖ਼ੈਰ ਕਰੀਂ।