.

(ਸ: ਮੱਖਣ ਸਿੰਘ ਜੀ, ਗੁਰ ਫਤਿਹ। ਮਹਿੰਦਰ ਸਿੰਘ ਜੋਸ਼ ਦੀ ਕਿਤਾਬ , “ਖੱਸ਼ਟ ਰਾਗ ਕਿਨ ਗਾਏ?” ਵਿਚੋਂ ਇਕ ਲੇਖ ਟਾਈਪ ਕਰਕੇ ਪਾਠਕਾਂ ਦੀ ਜਾਣਕਾਰੀ ਲਈ ਭੇਜ ਰਿਹਾ ਹਾਂ । ਜੇ ਚੰਗਾ ਲੱਗੇ ਤਾਂ ਇਸ ਨੂੰ ਪੜ੍ਹ ਕਿ ਪੋਸਟ ਕਰ ਦੇਣਾ ਜੀ। ਧੰਨਵਾਦ, ਸਰਵਜੀਤ ਸਿੰਘ)


ਪੋਥੀ ਸਾਹਿਬ (ਕਰਤਾਰਪੁਰੀ ਸਰੂਪ)
ਮਹਿੰਦਰ ਸਿੰਘ ਜੋਸ਼


ਸਾਹਿਬ ਸਤਿਗੁਰੂ ਅਰਜੁਨ ਪਾਤਿਸ਼ਾਹ ਨੇ ਭਾਈ ਗੁਰਦਾਸ ਜੀ ਕੋਲੋਂ ਸਤਿਗੁਰੂ ਨਾਨਕ ਸਾਹਿਬ ਤੋਂ ਆਪਣੇ ਤਕ ਦੇ ਅੱਡ-ਅੱਡ ਗੁਰੂ ਜਾਮਿਆਂ, ਭਗਤਾਂ ਅਤੇ ਭੱਟਾਂ ਆਦਿਕ ਦੀ ਬਾਣੀ ਨੂੰ “ਪੋਥੀ ਸਾਹਿਬ” ਦੇ ਰੂਪ ਵਿਚ 31 ਜੁਲਾਈ 1604 ਤੱਕ ਲਿਖਵਾ ਲਿਆ ਸੀ। ਇਸ ਸਰੂਪ ਦਾ 16 ਅਗੱਸਤ 1604 ਤੋਂ ਸ੍ਰੀ ਦਰਬਾਰ ਸਾਹਿਬ ਵਿਖੇ ਰੋਜਾਨਾਂ ਪ੍ਰਕਾਸ਼ ਕਰਨਾ ਵੀ ਸ਼ੁਰੂ ਕਰ ਦਿੱਤਾ ਗਿਆ ਸੀ। 30 ਮਈ 1606 ਨੂੰ ਗੁਰੂ ਅਰਜੁਨ ਪਾਤਿਸ਼ਾਹ ਦੀ ਸ਼ਹਾਦਤ ਪਿਛੋਂ ਗੁਰਤਾ-ਗੱਦੀ ਦੀ ਜਿੰਮੇਵਾਰੀ ਗੁਰੂ ਹਰਿਗੋਬਿੰਦ ਸਾਹਿਬ ਤੇ ਆ ਜਾਣ ਪਿਛੋਂ ਵੀ ਦਰਬਾਰ ਸਾਹਿਬ ਵਿਖੇ ਪੋਥੀ ਸਾਹਿਬ ਦਾ ਪ੍ਰਕਾਸ਼ ਕਰਨਾ ਜਾਰੀ ਰਿਹਾ ਸੀ।
ਪ੍ਰਸਿਧ ਖੋਜੀ ਤੇ ਪੰਥਕ ਲਿਖਾਰੀ, ਡਾ ਹਰਜਿੰਦਰ ਸਿੰਘ ਦਲਗੀਰ ਦੀ ਲਿਖਤ ਅਨੁਸਾਰ ਸੰਨ 1621 ਤੋਂ 1630 ਤੱਕ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਗੋਇੰਦਵਾਲ ਅਤੇ ਅੰਮ੍ਰਿਤਸਰ ਦੇ ਇਲਾਕਿਆਂ ਵਿੱਚ ਪ੍ਰਚਾਰ ਮੁਹਿੰਮ ਵਿੱਚ ਰੁਝੇ ਹੋਣ ਦੌਰਾਨ ਦਰਬਾਰ ਸਾਹਿਬ ਵਿਖੇ ਰੋਜਾਨਾਂ ਪੋਥੀ ਸਾਹਿਬ ਦਾ ਪ੍ਰਕਾਸ਼ ਕਰਨਾ ਜਾਰੀ ਰਿਹਾ ਸੀ। ਉਂਝ, 18 ਮਾਰਚ 1631 ਨੂੰ ਸਤਿਗੁਰੂ ਪੋਥੀ ਸਾਹਿਬ ਸਮੇਤ ਡਰੋਲੀ ਭਾਈ (ਮੋਗਾ) ਚਲੇ ਗਏ ਸਨ। ਇਸ ਕਾਰਨ ਪੋਥੀ ਸਾਹਿਬ ਦਾ ਪ੍ਰਕਾਸ਼ ਕੁਝ ਮਹੀਨਿਆਂ ਲਈ ਡਰੋਲੀ ਭਾਈ ਵਿਖੇ ਹੀ ਹੁੰਦਾ ਰਿਹਾ ਸੀ।
ਇਸ ਪਿਛੋਂ ਸਤਿਗੁਰੂ ਪੋਥੀ ਸਾਹਿਬ ਨੂੰ ਕਰਤਾਰਪੁਰ ਵਿਖੇ ਲੈ ਆਏ ਸਨ ਅਤੇ ਉਥੇ ਉਸਦਾ ਰੋਜਾਨਾ ਪ੍ਰਕਾਸ਼ ਕਰਨ ਦਾ ਕਾਰਜ ਇੱਕ ਤਰ੍ਹਾਂ ਬਾਬਾ ਗੁਰਦਿੱਤਾ ਜੀ ਦੇ ਫ਼ਰਜੰਦ, ਧੀਰਮਲ ਨੂੰ ਸੋਂਪਿਆ ਗਿਆ ਸੀ। ਸੰਨ 1634 ਤੇ 1635 ਵਿੱਚ ਗੁਰੂ ਸਰ ਮਝਾਰ ਅਤੇ ਕੀਰਤਪੁਰ ਆ ਪੁਜੇ ਸਨ ਅਤੇ 3 ਮਾਰਚ 1644 ਤੱਕ ਇਹੀ ਨਗਰ ਸਿੱਖੀ ਦਾ ਮੁੱਖ ਕੇਂਦਰ ਬਣਿਆ ਰਿਹਾ ਸੀ। ਇਸ ਦੌਰਾਨ ਮੂਲ ਪੋਥੀ ਸਾਹਿਬ ਦਾ ਸਰੂਪ ਧੀਰਮਲ ਪਾਸ ਕਰਤਾਰਪੁਰ ਹੀ ਰਿਹਾ ਜਿਥੇ ਉਸਦਾ ਪ੍ਰਕਾਸ਼ ਕਰਨਾ ਜਾਰੀ ਰਿਹਾ ਸੀ।
1604 ਵਿੱਚ ਹੀ ਪੋਥੀ ਸਾਹਿਬ ਦੇ ਉਤਾਰੇ ਸ਼ੁਰੂ ਹੋ ਚੁੱਕੇ ਸਨ ਅਤੇ ਫਿਰ ਇਹਨਾਂ ਉਤਾਰਿਆਂ ਤੋਂ ਹੋਰ ਅੱਗੇ ਤੋਂ ਅੱਗੇ ਨਕਲਾਂ ਸਿੱਖ ਕਾਤਬਾਂ ਵਲੋਂ ਤਿਆਰ ਹੋ ਰਹੀਆਂ ਸਨ। ਉਦਾਸੀਆਂ ਨੇ ਵੀ ਕੁੱਝ ਉਤਾਰੇ ਕੀਤੇ ਸਨ। ਅਨੇਕਾਂ ਉਤਾਰੇ ਅਜਿਹੇ ਸਨ, ਜਿਹਨਾਂ ਵਿੱਚ ਵੱਸ ਲਗਦੇ ਸਿੱਖ ਕਾਤਬਾਂ ਜਾਂ ਨਕਲ-ਨਵੀਸਾਂ ਤੇ ਉੱਕੀ ਹੀ ਕੋਈ ਤਬਦੀਲੀ ਨਹੀਂ ਸੀ ਕੀਤੀ। ਇਹ ਵੱਖਰੀ ਗੱਲ ਹੈ ਕਿ ਕੁਝ ਕਾਤਬਾਂ ਦੇ ਥੋੜਾ ਢਿੱਲੇ ਜਾਂ ਅਵੇਸਲੇ ਹੋ ਜਾਣ ਕਾਰਨ ਸਹਿਵਾਨ ਹੀ ਅਚੇਤ ਤੌਰ ਤੇ ਕੁੱਝ ਛੋਟੇ-ਛੋਟੇ ਫ਼ਰਕ ਪੈ ਗਏ ਸਨ। ਕਈ ਉਤਾਰਿਆਂ ਨੂੰ ਉਤਾਰਨ ਸਮੇਂ ਕੁੱਝ ਕਾਤਬਾਂ ਨੇ ਮਸਲੇ ਦੀ ਨਜਾਕਤ ਨੂੰ ਨਜ਼ਰ-ਅੰਦਾਜ਼ ਕਰਦਿਆਂ ਕਈ ਗੰਭੀਰ ਕਿਸਮ ਦੇ ਵਾਧੇ-ਘਾਟੇ ਵੀ ਕਰ ਦਿੱਤੇ ਸਨ ਅਤੇ ਕਈ ਥਾਈਂ ਬਾਣੀਆਂ ਦੀ ਤਰਤੀਬ ਤੱਕ ਨੂੰ ਆਪਣੀ ਮਨ-ਮਰਜੀ ਨਾਲ ਬਦਲ ਕੇ ਰੱਖ ਦਿੱਤਾ ਸੀ।
ਪੋਥੀ ਸਾਹਿਬ ਦੇ ਉਤਾਰਿਆਂ ਵਿੱਚੋਂ ਭਾਈ ਬੰਨੋ ਵਲੋਂ ਜਿੱਲਦ ਬੰਨ੍ਹਾਉਣ ਦੇ ਦੌਰਾਨ ਕਰਾਏ ਗਏ ਉਤਾਰੇ ਦਾ ਜਿਕਰ ਵੀ ਇਤਿਹਾਸ ਵਿੱਚ ਬੁਹਤ ਆਇਆ ਹੈ। ਜੋ ਇਕ ਤਰ੍ਹਾਂ ਸਭ ਤੋਂ ਪਹਿਲਾ ਉਤਾਰਾ ਸੀ। ਇਸ ਸਰੂਪ ਵਿਚ ਬਾਈ ਬੰਨੋ ਨੇ ਆਪਣੀ ਮਰਜੀ ਨਾਲ ਕਈ ਕੱਚੀਆਂ ਰਚਨਾਵਾਂ ਜੋੜ ਲਈਆਂ ਸਨ। ਜਿਹਾ ਕਿ ਜਿਤ ਦਰ ਲਖ ਮੁੰਹਮਦਾ, ਰਤਨ ਮਾਲਾ, ਬਾਇ ਆਤਿਸ਼ ਆਬ ਖਾਕ, ਰਾਹ ਮੁਕਾਮ ਆਦਿ ਹੈ ਅਤੇ ਇਸ ਉਤਾਰੇ ਨੂੰ ਗੁਰੂ ਅਰਜੁਨ ਪਾਤਿਸ਼ਾਹ ਨੇ ਪ੍ਰਵਾਨ ਕਰਨ ਤੋਂ ਪੂਰੀ ਤਰ੍ਹਾ ਇਨਕਾਰ ਕਰ ਦਿੱਤਾ ਸੀ। ਇਸ ਸਰੂਪ ਬਾਰੇ ਇਹ ਕਿਹਾ ਜਾਂਦਾ ਹੈ ਕਿ ਇਹ ਸਰੂਪ ਭਾਈ ਬੰਨੋ ਦੇ ਖਾਨਦਾਨ ਵਿੱਚ ਪੀੜ੍ਹੀ ਦਰ ਪੀੜ੍ਹੀ ਚਲਦਾ ਆਇਆ ਹੈ। ਦੇਸ਼ ਦੇ ਵੰਡਾਰੇ ਪਿਛੋਂ ਇਸ ਖਾਨਦਾਨ ਨੇ ਕਾਨਪੁਰ ਵਿਖੇ ਵਸੇਬਾ ਕਰ ਲਿਆ ਸੀ ਜਿਸ ਕਰਾਨ ਇਹ ਸਰੂਪ ਕਾਨਪੁਰ ਆ ਗਿਆ ਸੀ।
ਜੇ ਇਹ ਗੱਲ ਕਹੀਏ ਕਿ ਭਾਈ ਬੰਨੋ ਵਾਲੇ ਇਸ ਸਰੂਪ ਦੀ ਪੁਰਾਤਨਤਾ, ਨਿਰੋਲਤਾ ਅਤੇ ਅਸਲੀ-ਪੁਣੇ ਨੂੰ ਹਰ ਵਿਦਿਵਾਨ ਨੇ ਮੰਨ ਲਿਆ ਹੈ ਤਾਂ ਐਸੀ ਗੱਲ ੳਕੀ ਹੀ ਨਹੀਂ। ਇਸ ਸਰੂਪ ਬਾਰੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਸਰੂਪ ਇਸ ਖਾਨਦਾਨ ਦੀ ਕਿਸੇ ਲੜਕੀ ਨੂੰ ਅਨੰਦ ਕਾਰਜ ਦੇ ਸਮੇਂ ਦੇ ਦਿੱਤਾ ਗਿਆ ਸੀ। ਉਹਨਾਂ ਮੁਤਾਬਿਕ ਹੁਣ ਕਾਨਪੁਰ ਵਿਖੇ ਪਿਆ ਹੋਇਆ ਮੌਜੂਦਾ ਸਰੂਪ ਭਾਈ ਬੰਨੋ ਵਾਲੇ ਉਸ ਪਹਿਲੇ ਸਰੂਪ ਦੀ ਨਕਲ ਮਾਤਰ ਹੀ ਹੈ।
ਗੁਰੂ ਅਰਜੁਨ ਪਾਤਿਸ਼ਾਹ ਵਲੋਂ ਭਾਈ ਗੁਰਦਾਸ ਜੀ ਤੋਂ ਲਿਖਵਾਇਆ ਮੂਲ ਸਰੂਪ ਬੁਹਤ ਅਰਸਾ ਕਰਤਾਰਪੁਰ ਵਿਖੇ ਹੀ ਰਿਹਾ ਸੀ। ਪਰ ਇਤਿਹਾਸ ਦਸ ਪਾਉਂਦਾ ਹੈ ਕਿ ਛੇਵੇਂ, ਸਤਵੇਂ, ਅਠਵੇਂ ਅਤੇ ਨੌਵੇਂ ਗੁਰੂ ਜਾਮਿਆਂ ਸਮੇਂ ਇਸ ਸਰੂਪ ਦੇ ਕੀਤੇ ਗਏ ਉਤਾਰੇ ਗੁਰੂ ਦਰਬਾਰ ਵਿਚ ਮੌਜੂਦ ਰਹੇ ਸਨ ਅਤੇ ਉਹਨਾਂ ਨੂੰ ਗੁਰਮਤਿ ਵਿਚਾਰਧਾਰਾ ਦਾ ਮੂਲ ਅਧਾਰ ਮੰਨਿਆ ਜਾਂਦਾ ਸੀ।
ਅਪ੍ਰੈਲ ਸੰਨ 1661 ਵਿਚ ਗੁਰੂ ਹਰਿ ਰਾਇ ਸਾਹਿਬ ਨੇ ਜਦ ਰਾਮ ਰਾਇ ਨੂੰ ਮੁਗ਼ਲ ਦਰਬਾਰ ਨਾਲ ਚਰਚਾ ਕਰਨ ਲਈ ਦਿੱਲੀ ਭੇਜਿਆ ਸੀ ਤਾਂ ਉਸ ਮੌਕੇ ਪੋਥੀ ਸਾਹਿਬ ਦਾ ਇੱਕ ਸਰੂਪ ਉਹ ਆਪਣੇ ਨਾਲ ਹੀ ਲੈ ਕੇ ਗਿਆ ਸੀ ਅਤੇ ਉਸ ਦੀ ਸੇਵਾ ਸੰਭਾਲਤਾ ਭਾਈ ਬਹਿਲੋ ਦੇ ਪੁਤੱਰ ਗੁਰਦਾਸ ਦੇ ਪਾਸ ਸੀ। ਇਸੇ ਤਰ੍ਹਾਂ ਇਤਿਹਾਸ ਇਹ ਵੀ ਦਸ ਪਾਉਂਦਾ ਹੈ ਕਿ ਮਗਰੋਂ ਇੱਕ ਮੌਕੇ ਤੇ ਪੋਥੀ ਸਾਹਿਬ ਦਾ ਇੱਕ ਉਤਾਰਾ ਦਿਵਾਨ ਨੰਦ ਚੰਦ ਅਨੰਦਪੁਰ ਸਾਹਿਬ ਤੋਂ ਡਰੋਲੀ ਭਾਈ ਲੈਕੇ ਨਠ ਗਿਆ ਸੀ ਅਰ ਇਹ ਉਤਾਰਾ ਅਜ ਵੀ ਡਰੋਲੀ ਭਾਈ ਵਿਖੇ ਮੌਜੂਦ ਹੈ। ਮੁੱਦਾ ਇਹ ਕਿ ਕੇਂਦਰੀ ਗੁਰੂ ਦਰਬਾਰ ਵਿਖੇ ਭਾਵੇਂ ਸਦਾ ਹੀ ਪੋਥੀ ਸਾਹਿਬ ਦੇ ੳਤਾਰੇ ਰਹੇ ਸਨ, ਪਰ ਇਸ ਦੌਰਾਨ ਉਪਰੋਕਤ ਬਿਆਨ ਕੀਤਾ ਮੂਲ ਸਰੂਪ ਕਰਾਤਾਰਪੁਰ ਵਿਖੇ ਹੀ ਰਿਹਾ ਸੀ।
ਇਤਿਹਾਸ ਦਸਦਾ ਹੈ ਕਿ ਸਿੱਖ ਕੌਮ ਦੀ ਜੀਵਨ ਮੌਤ ਦੀ ਬਾਜੀ ਵਾਲੀ ਲੰਬੀ ਜਦੋ-ਜਹਿਦ ਦੌਰਾਨ ਸੰਨ 1757 ਈ: ਨੂੰ ਇਹ ਸਰੂਪ ਜਲੰਧਰ ਦੇ ਨਵਾਬ, ਨਾਸਿਰ ਅਲੀ ਵਲੋਂ ਹਮਲੇ ਦੌਰਾਨ ਕਰਤਾਰਪੁਰ ਨਗਰ ਉਤੇ ਉਥੋਂ ਦੇ ਗੁਰਦੁਆਰੇ ਥੰਮ ਸਾਹਿਬ ਨੂੰ ਲਗਾਈਆਂ ਅੱਗਾਂ ਦੀ ਭੇਟ ਚੜ੍ਹ ਗਿਆ ਸੀ। ਮਗਰੋਂ ਜਾ ਕੇ ਸੋਢੀ ਵਡਭਾਗ ਸਿੰਘ ਨੇ ਨਾਸਿਰ ਅਲੀ ਦੀ ਇਸ ਕਮੀਨੀ ਕਰਤੂਤ ਦਾ ਬਦਲਾ ਚੁਕਾਉਣ ਲਈ ਉਸਦੀ ਲਾਸ਼ ਨੂੰ ਕਬਰ ਵਿਚੋਂ ਕੱਢ ਕੇ ਸਾੜ ਦਿੱਤਾ ਸੀ ਤਾਂ ਕਿ ਮੁਸਲਿਮ ਵਿਸ਼ਵਾਸ਼ਾਂ ਮੁਤਾਬਿਕ ਉਸਦੀ ਨਜਾਤ ਨਾ ਹੋ ਸਕੇ। ਉਂਝ, ਇਸ ਸਰੁਪ ਦੇ ਕਈ ਉਤਾਰੇ ਸਿੱਖ ਨਕਲ-ਨਵੀਸਾਂ ਨੇ ਉਸ ਸਮੇਂ ਤੱਕ ਕਰ ਲਏ ਹੋਏ ਸਨ।
ਇਸ ਸਰੂਪ ਵਿੱਚ ਗੁਰੂ ਤੇਗ਼ ਬਹਾਦਰ ਸਾਹਿਬ ਦੀ ਬਾਣੀ ਲਿਖੀ ਜਾ ਸਕਣੀ ਸੰਭਵ ਹੀ ਨਹੀਂ ਸੀ। ਕਿਉਂਕਿ ਇਹ ਸਰੂਪ ਗੁਰੂ ਅਰਜੁਨ ਪਾਤਿਸ਼ਾਹ ਦੇ ਸਮੇਂ ਸੰਪਾਦਿਤ ਹੋਇਆ ਸੀ। “ਸੋ ਦਰੁ” ਪਿਛੋਂ “ਸੋ ਪੁਰਖ” ਸਿਰਲੇਖ ਦੇ ਚਾਰ ਸ਼ਬਦ ਵੀ ਇਸ ਸਰੂਪ ਵਿੱਚ ਨਹੀ ਸਨ।
ਕਰਤਾਰਪੁਰ ਵਾਲੇ ਸਰੂਪ ਦੇ ਕਈ ਉਤਾਰੇ ਪੁਰਾਣੇ ਸਮੇਂ ਦੌਰਾਨ ਕਰਤਾਰਪੁਰ ਵਿਖੇ ਹੀ ਕਰ ਲਏ ਗਏ ਸਨ। ਮੂਲ ਸਰੂਪ ਜੰਗਾਂ ਦੌਰਾਨ ਸਿੱਖਾਂ ਜਾਂ ਸੋਢੀਆਂ ਹੱਥੋਂ ਜਾਂਦਾ ਰਿਹਾ ਸੀ, ਜਿਵੇ ਕਿ ਉਪਰ ਦਸਿਆ ਜਾ ਚੁੱਕਾ ਹੈ। ਸੋਢੀ ਸਾਹਿਬਾਨ ਆਮ ਸੰਗਤਾਂ ਨੂੰ ਜੋ ਉਤਾਰੇ ਉਹਨਾਂ ਪਾਸ ਸਨ, ਉਹਨਾਂ ਵਿਚੋਂ ਇਕ ਨੂੰ ਮੂਲ ਸਰੂਪ ਕਰਕੇ ਦਸਦੇ ਰਹੇ। ਢੇਰ ਚਿਰ ਤੱਕ ਗ਼ਲਤ-ਫ਼ਹਿਮੀ ਕਾਰਨ ਉਥੇ ਸਥਾਪਿਤ ਉਤਾਰੇ ਨੂੰ ਹੀ ਆਮ ਲੋਕ (ਅਤੇ ਵਿਦਿਵਾਨ ਤੱਕ ਵੀ) ਮੂਲ ਸਰੂਪ ਕਰਕੇ ਸਮਝਦੇ ਰਹੇ ਸਨ। ਕਰਤਾਰਪੁਰ ਵਾਲੇ ਸਰੂਪ ਪੁਰਾਣੇ ਜਰੂਰ ਸਨ, ਪਰ ਸਨ ਇਹ ਸਭ ਉਤਾਰੇ ਹੀ।
ਇਥੋਂ ਤੱਕ ਕਿ ਜਿਸ ਸਰੂਪ ਦੇ ਦਰਸ਼ਨ ਕਰਤਾਰਪੁਰ ਵਿਖੇ ਭਾਈ ਕਾਹਨ ਸਿੰਘ ਨਾਭਾ ਨੇ ਕੀਤੇ ਸਨ ਉਸੇ ਸਰੂਪ ਵਿਚ ਸੰਮਤ 1814 (ਸੰਨ 1757) ਦੌਰਾਨ ਕਰਤਾਰਪੁਰ ਨਗਰ ਨੂੰ ਦੁਸ਼ਮਣ ਵਲੋਂ ਲਗਾਈਆਂ ਅੱਗਾਂ ਦਾ ਵੀ ਜਿੱਕਰ ਹੈ। ਮਗਰਲੇ ਸਮੇਂ ਦੇ ਉਤਾਰਿਆਂ ਲਈ ਅਤੇ ਛਾਪੇਖਾਨੇ ਰਾਹੀਂ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਸ਼ੁਰੂ ਹੋ ਜਾਣ ਪਿਛੋਂ ਸ਼ਬਦ-ਜੋੜਾਂ
(Spellings) ਦੀ ਸੁਧਾਈ ਵੀ ਜਿਆਦਾਤਰ ਉਸ ਸਰੂਪ ਤੋਂ ਹੀ ਹੋਈ ਹੈ ਜੋ ਖੁਦ ਮੂਲ ਸਰੂਪ ਦਾ ਉਤਾਰਾ ਹੀ ਸੀ ਅਤੇ ਜਿਸ ਨੂੰ ਆਮ ਲੋਕਾਂ ਤੇ ਵਿਦਿਵਾਨਾਂ ਤੱਕ ਨੇ ਅਰਸੇ ਤੋਂ “ਪੋਥੀ ਸਾਹਿਬ” ਦਾ ਮੂਲ ਸਰੂਪ ਕਰਕੇ ਹੀ ਸਮਝੀ ਰੱਖਿਆ ਹੈ।
“ਪੋਥੀ ਸਾਹਿਬ” (ਆਦਿ ਗ੍ਰੰਥ ਦੇ ਕਰਤਾਰਪੁਰੀ ਸਰੂਪ) ਬਾਰੇ ਵਧੇਰੇ ਜਾਣਕਾਰੀ ਲਈ ਭਾਈ ਕਾਹਨ ਸਿੰਘ ਨਾਭਾ ਵਲੋਂ 23 ਜਨਵਰੀ 1918 ਦੇ “ਪੰਥ ਸੇਵਕ” ਅਖਬਾਰ ਵਿੱਚ ਭਾਈ ਸਾਹਿਬ ਦੇ ਲਫਜਾਂ ਵਿੱਚ ਅੰਕਿਤ ਕੀਤਾ ਗਿਆ ਹੈ ਕਿ ਕਰਤਾਰਪੁਰੀ ਸਰੂਪ ਬਾਰੇ ਉਹਨਾਂ ਨੇ ਸੁਣਿਆ-ਸੁਣਾਇਆ ਕੁਝ ਨਹੀਂ ਲਿਖਿਆ ਅਤੇ ਜੋ ਲਿਖਿਆ ਹੈ ਉਹ “ਬਾ-ਹੈਸੀਅਤ ਖੋਜੀ” ਦੇ ਅਰ ਤੱਥਾਂ ਦੇ ਅਧਾਰ ਤੇ ਹੀ ਲਿਖਿਆ ਹੈ।
ਆਪਦੀ ਖੋਜ ਮੁਤਾਬਕ ਆਪਨੇ ਕਰਤਾਰਪੁਰੀ ਸਰੂਪ ਵਿਚ “ਰਾਗਮਾਲਾ ਤੋਂ ਅਲਾਵਾ ਰਤਨਮਾਲਾ, ਸਾਖੀ ਰਾਹ ਮੁਕਾਮ, ਜਹਾਂਗੀਰ ਦੀ ਕਰਤਾਰਪੁਰੀ ਫੇਰੀ (ਸੰਨ 1598) ਗੁਰੂ ਅਰਜੁਨ ਸਾਹਿਬ, ਗੁਰੂ ਹਰਿਗੋਬਿੰਦ ਸਾਹਿਬ ਅਤੇ ਬਾਬਾ ਗੁਰਦਿੱਤਾ ਜੀ ਦੇ ਜੋਤੀ ਜੋਤ ਸਮਾਉਣ ਦੇ ਪ੍ਰਸੰਗ, ਤਿਥਾਂ
(dates) ਅਤੇ ਸੰਮਤ, ਨਿਰੰਜਨ ਰਾਇ (ਧੀਰਮਲ ਦੇ ਪੜੋਤੇ) ਦੀ ਉਸਤਿਤ, ਕਰਤਾਰਪੁਰ ਨੂੰ ਦੁਸ਼ਮਣਾਂ ਵੱਲੋਂ ਸੰਨ 1757 ਵਿਚ ਲਗਈਆਂ ਗਈਆਂ ਅੱਗਾਂ ਅਤੇ ਮਹਾਰਾਜਾ ਰਣਜੀਤ ਸਿੰਘ ਸਿੰਘ ਦੀ ਕਰਤਾਰਪੁਰ ਫੇਰੀ ਬਾਰੇ ਵਾਕਿਆਤ ਲਿਖੇ ਹੋਏ ਦੇਖੇ ਸਨ। ਆਪ ਨੇ ਕਰਤਾਰਪੁਰੀ ਉਤਾਰੇ ਦੇ ਤਤਕਰੇ ਦੇ ਅੰਤ ਵਿੱਚ ਇਹ ਲਿਖਿਆ ਹੋਇਆ ਵੀ ਦੇਖਿਆ ਹੈ ਕਿ “ਸਾਰੇ ਪੱਤਰੇ ਗੁਰੂ ਬਾਬੇ ਦੇ 974” ਹਨ। ਆਪ ਦੀ ਪੜਤਾਲ ਨੇ ਇਹ ਵੀ ਪ੍ਰਗਟ ਕੀਤਾ ਹੈ ਕਿ 973 ਵੇਂ ਪੱਤਰੇ ਉੱਤੇ ਮੁੰਦਾਵਣੀ ਸੀ ਅਤੇ 974 ਵਾਂ ਪਤਰਾ ਕੋਰਾ ਅਥਵਾ ਖਾਲੀ ਸੀ।
ਪੋਥੀ ਸਾਹਿਬ ਦਾ ਪਹਿਲਾ ਸਰੂਪ ਤਾਂ 1604 ਵਿੱਚ ਲਿਖਣ ਹੋਇਆ ਸੀ ਪਰ ਇਸ ਉਤਾਰੇ ਵਿੱਚ ਅਥਵਾ ਇਸ ਪੋਥੀ ਦੇ ਵਾਧੂ ਖਾਲੀ ਪਤਰਿਆਂ ਵਿੱਚ ਅੰਕਿਤ ਡੇਢ-ਦੋ ਸਦੀਆਂ ਪਿਛੋਂ ਦੇ ਵਾਪਰੇ ਹੋਏ ਵਾਕਿਆਤ ਕੁਦਰਤੀ ਤੌਰ ਤੇ ਕੁੱਝ ਹੋਰ ਨਤੀਜੇ ਹੀ ਕੱਢਣ ਤੇ ਮਜਬੂਰ ਕਰਦੇ ਹਨ।
ਕਰਤਾਰਪੁਰੀ ਸਰੂਪ ਬਾਰੇ ਅੰਤਿਮ ਨਿਰਨੇ ਤੇ ਪੁਜਣ ਲਈ ਸਾਨੂੰ ਪਿੰ: ਜੋਧ ਸਿੰਘ ਵਲੋਂ ਦਿੱਤੀ ਰਿਪੋਰਟ ਦੇ ਤੱਥ ਵੀ ਗੰਭੀਰਤਾ ਨਾਲ ਵਾਚਣੇ ਬਣਦੇ ਹਨ। ਸ਼੍ਰੋਮਣੀ ਕਮੇਟੀ ਦੀ ਹਾਦਇਤ ਮੁਤਾਬਕ 7 ਅਕਤੂਬਰ 1954 ਨੂੰ ਪ੍ਰਿੰ: ਜੋਧ ਸਿੰਘ ਆਪਣੇ ਦੋ ਹੋਰ ਸਾਥੀ ਮੈਬਰਾਂ ਸਮੇਤ ਕਰਤਾਰਪੁਰ ਪੁੱਜੇ ਸਨ ਅਤੇ ਪੌਣੇ ਛੇ ਘੰਟੇ ਲਗਾ ਕੇ ਉਥੇ ਪਏ ਹੋਏ ਊਤਾਰੇ ਦੀ ਪੜਤਾਲ ਅਰ ਘੋਖਣਾਂ ਕਰਦੇ ਰਹੇ ਸਨ ਅਤੇ ਫਿਰ ੳਹਨਾਂ ਇਸ ਘੋਖ ਪਿਛੋਂ ਹੀ ਆਪਣੀ ਰਿਪੋਰਟ ਸ਼੍ਰੋਮਣੀ ਕਮੇਟੀ ਨੂੰ ਪੇਸ਼ ਕੀਤੀ ਸੀ। ਪ੍ਰਿੰਸੀਪਲ ਸਾਹਿਬ ਦੀ ਰਿਪੋਰਟ ਤੋਂ ਹੇਠਾਂ ਲਿਖੇ ਤੱਥ ਆਪ ਹੀ ੳਘੜਦੇ ਚਲੇ ਆਉਂਦੇ ਹਨ:-
੧) ਕਰਤਾਰਪੁਰ ਵਿਖੇ ਇਕ ਨਹੀਂ ਬਲਕਿ ਕਈ ਪੁਰਾਨਤ ਸਰੂਪ (ਬੀੜਾਂ) ਸਨ। ਜਾਹਿਰ ਹੈ ਕਿ ਇਹ ਸਭ ਸਰੂਪ ਕਿਸੇ ਪਹਿਲੇ ਸਰੂਪ ਦੇ ਉਤਾਰੇ ਹੀ ਸਨ। ਇਤਿਹਾਸਕ ਖੁਰਾ-ਖੋਜ ਤਾਂ ਇਹੋ ਸਪੱਸ਼ਟ ਕਰਦੀ ਹੈ ਕਿ ਸੰਨ 1757 ਵਿੱਚ ਜਲੰਧਰ ਦੇ ਫੌਜਦਾਰ, ਨਾਸਿਰ ਅਲੀ ਵਲੋਂ ਕਰਤਾਰਪੁਰ ਨਗਰ ਦੀ ਕੀਤੀ ਤਬਾਹੀ ਅਤੇ ਨਗਰ ਨੂੰ ਲਗਾਈਆਂ ਅੱਗਾਂ ਦੌਰਾਨ ਇਹ ਸਰੂਪ ਧੀਰਮਲੀਏ ਸੋਢੀਆਂ ਹੱਥੋਂ ਸਦਾ ਲਈ ਜਾਂਦਾ ਰਿਹਾ ਸੀ। ਕੁਦਰਤੀ ਤੌਰ ਤੇ ਆਪਣੀ ਮਾਣਤਾ ਬਣਾਈ ਰੱਖਣ ਦੀ ਲਾਲਸਾ ਲਈ ਉਸ ਖਾਨਦਾਨ ਦੇ ਵਾਰਸਾਂ ਨੇ ਮੂਲ ਸਰੂਪ ਦੇ ਉਤਾਰੇ ਆਪਣੇ ਡੇਰਿਆਂ ਵਿੱਚ ਪ੍ਰਕਾਸ਼ ਕਰਨ ਲਈ ਰਖ ਲਏ ਹੋਏ ਸਨ ਜੋ ਸੰਨ 1757 ਤੱਕ ਦੇ ਸਿੱਖ ਕਾਬਤਾਂ ਨੇ ਸਮੇਂ ਸਮੇਂ ਤੇ ਕੀਤੇ ਸਨ।
੨) ਪ੍ਰਿੰ: ਜੋਧ ਸਿੰਘ ਹੋਰਾਂ ਦੀ ਰਿਪੋਰਟ ਦੀ ਇਹ ਗੱਲ ਵੀ ਦਿਲਚਸਪੀ ਤੋਂ ਖਾਲੀ ਨਹੀਂ ਕਿ ਉਹਨਾਂ ਦੀ ਤਿੰਨ ਮੈਂਬਰੀ ਕਮੇਟੀ ਨੇ ਮੈਨੇਜਰ, ਕੋਰਟ ਆਫ਼ ਵਾਰਡ, ਕਰਤਾਰਪੁਰ ਐਸਟੇਟ, ਨੂੰ ਇਹ ਉਚੇਚੀ ਬੇਨਤੀ ਵੀ ਕੀਤੀ ਸੀ ਕਿ ਕਰਤਾਰਪੁਰ ਦੀਆਂ ਉਹਨਾਂ ਬੀੜਾਂ ਜਾਂ ਸਰੂਪਾਂ ਵਿੱਚੋਂ ਜੋ ਅਸਲੀ ਆਦਿ ਬੀੜ ਹੈ, ਉਸ ਬੀੜ ਮਾਤਰ ਦੇ ਦਰਸ਼ਨ ਹੀ ਉਹਨਾਂ ਨੂੰ ਕਰਵਾਏ ਜਾਣ। ਉਹਨਾਂ ਦੇ ਯਕੀਨ ਮੁਤਾਬਿਕ ਸ਼ਾਇਦ ਪੋਥੀ ਸਾਹਿਬ ਦਾ ਮੂਲ ਸਰੂਪ ਅਜੇ ਉਹਨਾਂ ਸੋਡੀਆਂ ਪਾਸ ਹੀ ਸੀ।
੩) ਕਰਤਾਰਪੁਰ ਨਗਰ ਦੇ ਵੱਖ ਵੱਖ ਕਾਰਕੁੰਨਾਂ ਦੇ ਨਿਜੀ ਹਿੱਤਾਂ ਵਿੱਚ ਤਾਂ ਇਹੋ ਗਲ ਹੀ ਸੀ ਕਿ ਉਹਨਾਂ ਵਿੱਚੋਂ ਹਰ ਕੋਈ ਆਪਣੇ ਕਬਜੇ ਵਾਲੇ ਸਰੂਪ ਨੂੰ ਹੀ ਅਸਲੀ ਮੂਲ ਸਰੂਪ ਦਸਦਾ। ਤਿੰਨ ਮੈਂਬਰੀ ਕਮੇਟੀ ਦੇ ਮੈਂਬਰਾਂ ਨੂੰ ਸਮਕਾਲੀ ਕਾਰਕੁੰਨਾਂ ਨੇ ਵੀ ਇਹੋ ਕਹਿ ਛੱਡਿਆਂ ਸੀ ਕਿ ਜੋ ਸਰੂਪ ਕਮੇਟੀ ਮੈਂਬਰਾਂ ਨੂੰ ਦਿਖਾਇਆ ਜਾ ਰਿਹਾ ਹੈ, ਉਹੋ ਹੀ ਪੁਰਾਤਨ ਤੇ ਅਸਲੀ ਹੈ।
ਉਥੋ ਦੇ ਸੋਢੀਆਂ ਨੇ ਇਹ ਕਿਉਂ ਮੰਨਣਾ ਸੀ ਕਿ ਉਹਨਾਂ ਵਾਲਾ ਸਰੂਪ ਵੀ ਅਗੇ ਤੋਂ ਅਗੇ ਹੋਏ ਉਤਾਰਿਆਂ ਜਾਂ ਨਕਲਾਂ ਵਿੱਚੋ ਹੀ ਇੱਕ ਸੀ। ਦੂਜੀ ਸੂਰਤ ਵਿੱਚ ਇਹ ਤਿੰਨ ਮੈਂਬਰੀ ਕਮੇਟੀ ਆਪਣੀ ਰਿਪੋਰਟ ਵਿੱਚ ਕੀ ਲਿਖਦੀ? ਉਹ ਕੋਈ ਰਿਪੋਰਟ ਨਹੀਂ ਦੇ ਸਕਦੇ ਸਨ ਜੇ ਉਥੇ ਅਸਲ ਆਦਿ ਸਰੂਪ ਨਹੀਂ ਬਲਕਿ ਉਸਦਾ ਉਤਾਰਾ ਮਾਤਰ ਹੀ ਕਿਹਾਂ ਜਾਂਦਾ। ਇਹ ਸਬ-ਕਮੇਂਟੀ ਆਪਣੀ ਰਿਪੋਰਟ ਤਦ ਹੀ ਦੇ ਸਕਦੀ ਸੀ ਜੇ ਉਹ ਵਿਖਾਏ ਜਾ ਰਹੇ ਸਰੂਪ ਨੂੰ ਹੀ ਅਸਲੀ ਮੰਨ ਕੇ ਚਲਦੀ।
ਭਾਈ ਜੋਧ ਸਿੰਘ ਕਮੇਟੀ ਨੇ ਸਬੰਧਤ ਉਤਾਰੇ ਦੀ ਪੜਚੋਲ ਵਿੱਚੋਂ ਜੋ ਸਮਝ ਆਇਆ ਜਾਂ ਜੋ ਨਜ਼ਰ ਆਇਆ ਉਹ ਲਿਖ ਦਿੱਤਾ। ਅਸੀਂ ਪ੍ਰਿੰ: ਜੋਧ ਸਿੰਘ ਕਮੇਟੀ ਨੂੰ ਝੂਠਾ ਨਹੀ ਕਹਿ ਰਹੇ। ਸਾਡਾ ਕਹਿਣਾ ਤਾਂ ਕੇਵਲ ਇਤਨਾ ਹੀ ਹੈ ਕਿ ਉਹਨਾਂ ਵਲੋਂ ਦੇਖੇ ਗਏ ਸਰੂਪ ਵਿੱਚੋਂ ਉਹਨਾਂ ਨੂੰ ਜੋ ਸਮਝ ਆਈ ਅਤੇ ਜੋ ਪ੍ਰਤੀਤ ਹੋਇਆ, ਲਿਖ ਦਿੱਤਾ। ਦੂਜੇ ਪਾਸੇ ਅਸੀਂ ਇਹ ਕਿਵੇਂ ਮੰਨ ਸਕਦੇ ਹਾਂ ਕਿ ਭਾਈ ਕਾਹਨ ਸਿੰਘ ਨਾਭਾ ਵਰਗੀ ਭਰੋਸੇ ਯੋਗ ਸ਼ਖਸੀਅਤ ਨੇ “ਬਾ-ਹੈਸਿਅਤ ਖੋਜੀ” ਦੇ ਕਰਤਾਰਪੁਰੀ ਸਰੂਪ ਦੇ ਉਤਾਰੇ ਵਿੱਚ ਪਿਛੇ ਬਿਆਨ ਕੀਤੀਆਂ ਗਈਆਂ ਕੱਚੀਆਂ ਰਚਨਾਵਾਂ ਨੂੰ ਉਕਤ ਉਤਾਰੇ ਦੇ ਅੰਤਿਮ ਖਾਲੀ ਪਤਰਿਆਂ ਜਾਂ ਅਗੇ ਪਿੱਛੇ ਦੇ ਪਤਰਿਆਂ ਅਥਵਾ ਤਤਕਰੇ ਦੇ ਅੰਤਿਮ ਹਿੱਸੇ ਵਿੱਚ ਦੇਖਿਆ ਸੀ, ਉਹ ਸਭ ਝੂਠ ਜਾਂ ਗਲਤ ਹੈ। ਦਿਖਾਏ ਗਏ ਸਰੂਪਾਂ ਵਿੱਚ ਦੋਨੋਂ ਗਰੁਪਾਂ ਨੇ ਜੋ ਕੁਝ ਦੇਖਿਆ ਤੇ ਜੋ ਨਤੀਜਾ ਉਹ ਕਢ ਸਕੇ, ਉਹਨਾਂ ਨੇ ਲਿਖ ਦਿੱਤਾ ਸੀ।
ਗਿਆਨੀ ਸ਼ੇਰ ਸਿੰਘ ਜੀ ਨੇ ਆਪਣੀ ਪੁਸਤਕ” ਰਾਗਮਾਲਾ ਦਰਪਣ” ਵਿੱਚ ਬੁੰਗਾ ਮਜੀਠੀਆਂ, ਅੰਮ੍ਰਿਤਸਰ ਦੇ ਬਿਰਧ ਗ੍ਰੰਥੀ ਸੁਖਾਂ ਸਿੰਘ ਜੀ ਦੇ ਉਸ ਬਿਆਨ ਦਾ ਜਿਕਰ ਕੀਤਾ ਹੈ, ਜਿਸ ਰਾਹੀ ਸੁਖਾ ਸਿੰਘ ਜੀ ਨੇ “ਪੋਥੀ ਸਾਹਿਬ” ਦੇ ਉਸ ਸਰੂਪ ਦਾ ਹਵਾਲਾ ਦਿੱਤਾ ਹੈ ਜਿਸ ਦੇ ਕਰਤਾਰਪੁਰ ਵਿਖੇ ਸੋਢੀ ਜਵਾਹਰ ਸਿੰਘ ਨੇ ਉਹਨਾਂ ਨੂੰ ਦਰਸ਼ਨ ਕਰਵਾਏ ਸਨ ਅਤੇ ਉਸ ਵਿੱਚ ਰਾਗਮਾਲਾ ਦਾ ਨਾਮ-ਨਿਸ਼ਾਨ ਵੀ ਨਹੀਂ ਸੀ।
ਦਰਅਸਲ ਇਸ ਹਕੀਕਤ ਨੂੰ ਮੰਨ ਲੈਣ ਨਾਲ ਹੀ ਮਸਲਾ ਹਲ ਹੋਣਾ ਹੈ ਕਿ ਕਰਤਾਰਪੁਰ ਵਿਖੇ ਪਏ ਹੋਏ ਇਹ ਸਰੂਪ ਕਦਰੇ ਪੁਰਾਤਨ ਜ਼ਰੂਰ ਹਨ, ਪਰ ਹਨ ਇਹ ਸਭ ਆਦਿ ਸਰੂਪ ਦੀਆਂ ਨਕਲਾਂ ਮਾਤਰ ਹੀ। ਇਸ ਸੱਚ ਨੂੰ ਸਮਝ ਲੈਣ ਜਾਂ ਮੰਨ ਲੈਣ ਨਾਲ ਕੋਈ ਆਸਮਾਨ ਤਾਂ ਨਹੀਂ ਡਿਗ ਪੈਣਾ। ਡਾਕਟਰ ਦਿਲਗੀਰ ਤੇ ਕੁੱਝ ਹੋਰ ਵਿਦਿਵਾਨ ਜੋ ਇਹ ਦਲਿਲ ਵੀ ਦਿੰਦੇ ਹਨ ਕਿ ਸੰਨ 1757 ਵਿੱਚ ਨਾਸਿਰ ਅਲੀ ਨੇ ਕਰਤਾਰਪੁਰ ਉੱਤੇ ਹਮਲੇ ਦੋਰਾਨ ਨਗਰ ਨੂੰ ਅੱਗਾਂ ਲਗਾਈਆਂ ਸਨ ਤੇ ਗੁਰਦਾਆਰਾ ਥੰਮ੍ਹ ਸਾਹਿਬ ਨੂੰ ਅੱਗ ਲਗਾ ਕੇ ਤਬਾਹ ਕੀਤਾ ਸੀ ਅਰ ਇਸ ਮੌਕੇ ਇਸ ਆਦਿ ਸਰੂਪ ਦੀ ਸੋਢੀਆਂ ਵਲੋਂ ਸੰਭਾਲ ਰਹਿ ਸਕਣੀ ਸੰਭਵ ਨਹੀਂ ਸੀ।
ਨਾਲੇ ਸਿੱਖਾਂ ਦਾ ਖੁਰਾ-ਖੋਜ ਮਿਟਾ ਦੇਣ ਦੀ ਖਾਹਿਸ਼ ਰੱਖਣ ਵਾਲੇ ਸਮਕਾਲੀ ਦੁਸ਼ਮਣ ਨੇ ਇਸ ਸਰੂਪ ਨੂੰ ਉਥੇ ਬਚਿਆ ਕਿਵੇਂ ਰਹਿਣ ਦੇਣਾ ਸੀ? ਅਜਿਹੇ ਵੱਡੇ ਨੁਕਸਾਨਾਂ ਦੇ ਵਾਪਰਨ ਦੇ ਤੌਰ ਤਰੀਕੇ ਸਮਝਣ ਲਈ 1984 ਵਿੱਚ ਦਿੱਲੀ ਤੇ ਹੋਰ ਹਿੰਦੋਸਤਾਨੀ ਨਗਰਾਂ ਵਿੱਚ ਬੁਹ-ਗਿਣਤੀ ਕੌਮ ਤੰਗ-ਦਿਲ ਫਿਰਕੂਆਂ ਵਲੋਂ ਸਿੱਖਾਂ ਦੇ ਕੀਤੇ ਕਤਲੇਆਮ (ਜਿਸਨੂੰ ਬੁਹ ਗਿਣਤੀ ਫਿਰਕੂ ਪ੍ਰੈਸ ਅਜੇ ਤਕ ਦੰਗੇ ਹੀ ਦਸ ਰਿਹਾ ਹੈ) ਦੇ ਮੌਕੇ ਸਾੜੇ ਗਏ ਗੁਰਦੁਆਰਿਆਂ ਅਤੇ ਵਰਤਾਈਆਂ ਗਈਆਂ ਦਿਲ-ਵਲੁੰਧਰਨ ਵਾਲੀਆਂ ਸ਼ਰਮਨਾਕ ਘਟਨਾਵਾਂ ਦੀ ਕੀਤੀ ਪੜਚੋਲ ਵੀ ਸੱਚਾਈ ਦੀ ਤਹਿ ਤਕ ਪੁਜਣ ਦਾ ਰਸਤਾ ਸਪੱਸ਼ਟ ਕਰ ਸਕਦੀ ਹੈ। ਪ੍ਰਿੰ:ਜੋਧ ਸਿੰਘ ਕਮੇਟੀ ਨੂੰ ਵੱਡੀ ਗ਼ਲਤੀ ਇਸ ਕਰਕੇ ਲਗੀ ਸੀ ਕਿ ਉਹ ਮੁਲੋਂ ਹੀ ਵਿਖਾਏ ਜਾ ਰਹੇ ਸਰੂਪ ਨੂੰ ਅਸਲ “ ਪੋਥੀ ਸਾਹਿਬ” ਹੀ ਮੰਨ ਕੇ ਤੁਰੇ ਸਨ।
ਉਂਝ, ਇਸ ਤੋਂ ਢੇਰ ਚਿਰ ਪਹਿਲਾਂ ਦਾ ਇਹਨਾਂ ਰਾਗਮਾਲਾ-ਭਗਤਾਂ ਦਾ ਪਖ-ਪੂਰਕ ਅਖ਼ਬਾਰ, ਖਾਲਸਾ ਸਮਾਚਾਰ ਇਹ ਗਲ ਜੋਰ ਦੇ ਕੇ ਲਿਖਦਾ ਰਿਹਾ ਹੈ ਕਿ “ਰਾਗਮਾਲਾ” ਪੋਥੀ ਸਾਹਿਬ ਦੇ ਇਸ ਕਰਤਾਰਪੁਰੀ ਸਰੂਪ ਵਿਚ ਮੁੰਦਾਵਣੀ ਤੋਂ ਚਾਰ ਸਫੇ ਛੱਡ ਕੇ ਲਿਖੀ ਹੋਈ ਹੈ।
ਰਾਗਮਾਲਾ-ਪਖੀਆਂ ਦੇ ਅਖ਼ਬਾਰ, ਖਾਲਸਾ ਸਮਾਚਾਰ ਦੀਆਂ ਪੁਰਾਣੀਆਂ ਫਾਈਲਾਂ ਗਵਾਹ ਹਨ, ਕਿ ਕਿਸੇ ਵੇਲੇ ਉਹ ਆਪ ਜੋਰ ਨਾਲ ਇਹ ਦਲੀਲਾਂ ਦਿੰਦਿਆਂ ਲਿਖਦੇ ਰਹੇ ਹਨ ਕਿ ਬੀਤੇ ਸਮੇਂ ਵਿੱਚ ਕਰਤਾਰਪੁਰੀ ਬੀੜ ਦੇ ਸਫਿਆਂ ਦੀ ਸੋਢੀਆਂ ਵਲੋਂ ਭੰਨ-ਤੋੜ ਕੀਤੀ ਜਾਂਦੀ ਰਹੀ ਹੈ।
13 ਦਸੰਬਰ 1946 ਨੂੰ ਨੂੰ ਰਾਗਮਾਲਾ ਖੰਡਨ ਤੇ ਰਾਗਮਾਲਾ ਮੰਡਨ ਸਭਵਾਂ ਦੀ ਜੋ ਵਿਚਾਰ ਚਰਚਾ ਜਥੇਦਾਰ ਮੋਹਣ ਸਿੰਘ ਨਾਗੋਕੇ ਨੇ ਰਖਵਾਈ ਸੀ, ੳਸ ਵਿੱਚ ਪ੍ਰਿੰ: ਜੋਧ ਸਿੰਘ ਨੂੰ ਨਿਰੁੱਤਰ ਕਰਦਿਆਂ ਪੰਡਤ ਕਰਤਾਰ ਸਿੰਘ ਦਾਖਾ ਨੇ ਕਿਹਾ ਸੀ ਕਿ ਭਾਈ ਕਾਹਨ ਸਿੰਘ ਨਾਭਾ ਨੇ ਜੋ ਤਥ ਕਰਤਾਰਪੁਰ ਵਿਖੇ ਪਏ ਹੋਏ ਸਰੂਪ ਬਾਰੇ ਦੇਖੇ ਤੇ ਦੱਸੇ ਹਨ, ਉਹੋ ਹੀ ਉਸ ਬੀੜ ਵਿੱਚ ਸਨ। ਪੰਡਿਤ ਜੀ ਨੇ ਦੂਜੇ ਧੜੇ ਉੱਤੇ ਕੇਵਲ ਇਲਜਾਮ ਹੀ ਨਹੀ ਲਗਾਇਆਂ, ਬਲਕਿ 19 ਅਕਤੂਬਰ 1924 ਦੀ ਉਹ ਤਰੀਕ ਵੀ ਦੱਸੀ ਸੀ ਜਦੋਂ ਤਰਨ-ਤਰਾਨੀ ਕਮੇਟੀ ਨੇ ਸਬੰਧਤ ਲਿਖਤਾਂ ਉਸ ਬੀੜ ਵਿੱਚੋ ਕੱਢ ਦਿੱਤਿਆਂ ਸਨ ਅਤੇ ਇਸ ਸੱਚਾਈ ਲਈ ਪੰਡਿਤ ਕਰਤਾਰ ਸਿੰਘ ਨੇ ਆਪਣੀ ਖੁੱਦ ਦੀ ਅੱਖੀਂ ਦੇਖੀ ਗਵਾਹੀ ਪੇਸ਼ ਕੀਤੀ ਸੀ।
ਕਵੀ ਆਲਮ ਦੁਆਰਾ ਰਚੀ ਕੱਚੀ ਰਚਨਾ “ਰਾਗਮਾਲਾ” ਵਾਲੀ ਬਿਪਤਾ ਦਾ ਮੂਲ ਸੋਮਾ ਸਾਡਾ ਉਹ ਭੁਲੇਖਾ ਹੈ ਜਿਸਦੇ ਅਧਾਰ ਤੇ ਅਸੀਂ ਪੋਥੀ ਸਾਹਿਬ (ਕਰਤਾਰਪੁਰੀ ਸਰੂਪ) ਦੇ ਉਸ ਉਤਾਰੇ ਜਾਂ ਨਕਲ ਨੂੰ ਪੋਥੀ ਸਾਹਿਬ ਦਾ ਅਸਲ ਸਰੂਪ ਸਮਝਦੇ ਰਹੇ ਹਾਂ, ਜਿਸ ਨੂੰ ਗੁਰੂ ਅਰਜੁਨ ਪਾਤਿਸ਼ਾਹ ਨੇ ਭਾਈ ਗੁਰਦਾਸ ਜੀ ਪਾਸੋਂ 1604 ਈ: ਵਿੱਚ ਲਿਖਵਾਇਆ ਸੀ। ਦਰਅਸਲ, ਪੋਥੀ ਸਾਹਿਬ ਦੇ ਮੂਲ ਸਰੂਪ ਦੀਆਂ ਕੇਵਲ ਨਕਲਾਂ ਹੀ ਇਸ ਸਮੇਂ ਕਰਤਾਰਪੁਰ ਸਾਹਿਬ ਦੇ ਸੋਢੀਆਂ ਕੋਲ ਪਈਆਂ ਸਨ, ਜੋ ਅਸਲ ਵਿੱਚ ਮੂਲ ਸਰੂਪ ਨਹੀਂ ਹਨ। (ਖਸ਼ਟ ਰਾਗ ਕਿਨ ਗਾਏ? ‘ਚ ਧੰਨਵਾਦ ਸਹਿਤ)




.