.

ੴਸਤਿਗੁਰਪ੍ਰਸਾਦਿ ॥

ਪਾਹੁਲ- ਇੱਕ ਅਦੁੱਤੀ ਬਖਸ਼ਿਸ਼

(ਪੜਚੋਲ ਅਤੇ ਵਿਆਖਿਆ)

ਰਾਜਿੰਦਰ ਸਿੰਘ, (ਮੁੱਖ ਸੇਵਾਦਾਰ)

ਸ਼੍ਰੋਮਣੀ ਖਾਲਸਾ ਪੰਚਾਇਤ,

ਟੈਲੀਫੋਨ: +919876104726

ਕਿਸ਼ਤ ਗਿਆਰਵੀਂ

‘ਤਨਖਾਹੀਏ ਇਹ ਹਨ`, ਦੀ ਮੱਦ (2) ਵਿੱਚ ਲਿਖਿਆ ਹੈ: ਬੇ-ਅੰਮ੍ਰਿਤੀਏ ਜਾਂ ਪਤਿਤ ਦਾ ਜੂਠਾ ਖਾਣ ਵਾਲਾ।

ਮੈਨੂੰ ਹੈਰਾਨਗੀ ਇਸ ਗੱਲ ਦੀ ਹੈ ਕਿ ਸਿੱਖ ਰਹਿਤ ਮਰਯਾਦਾ ਵਿੱਚ ਇਨ੍ਹਾਂ ਦੋਹਾਂ ਨੂੰ ਇਕੱਠੇ ਕਿਵੇਂ ਕਰ ਦਿੱਤਾ ਗਿਆ ਹੈ ਜਦਕਿ ਸਿੱਖ ਸਮਾਜਿਕ ਬਣਤਰ ਵਿੱਚ ਦੋਹਾਂ ਵਿੱਚ ਬਹੁਤ ਵੱਡਾ ਫਰਕ ਹੈ। ਪਤਿਤ ਤਾਂ ਉਹ ਹੈ ਜੋ ਸਿੱਖੀ ਤੋਂ ਬੇਮੁਖ ਹੋ ਗਿਆ ਹੈ, ਗੁਰੂ ਨੂੰ ਬੇਦਾਵਾ ਦੇ ਗਿਆ ਹੈ। ਉਸ ਨਾਲ ਕਿਸੇ ਤਰ੍ਹਾਂ ਦੀ ਵੀ ਵਰਤੋਂ ਕਰਨ ਦੀ ਮਨਾਹੀ ਹੈ। ਜਦ ਉਸ ਨਾਲ ਰੋਟੀ ਖਾਧੀ ਹੀ ਨਹੀਂ ਜਾ ਸਕਦੀ ਤਾਂ ਜੂਠਾ ਖਾਣ ਦਾ ਸੁਆਲ ਹੀ ਕਿਥੋਂ ਆਇਆ। ਤੇ ਜੋ ਕੋਈ ਉਸ ਨਾਲ ਐਸੀ ਸਾਂਝ ਕਰ ਰਿਹਾ ਹੈ ਤਾਂ ਭਾਵੇ ਜੂਠਾ ਖਾਵੇ ਜਾਂ ਸੁੱਚਾ, ਉਹ ਤਨਖਾਹੀਆ ਹੀ ਹੈ।

ਦੂਸਰੇ ਪਾਸੇ ਬੇ-ਅੰਮ੍ਰਿਤੀਏ ਦੀ ਗੱਲ ਹੈ। ਇਸ ਵਿੱਚ ਦੋ ਤਰ੍ਹਾਂ ਦੇ ਲੋਕ ਆ ਜਾਣਗੇ, ਪਾਹੁਲ ਲਏ ਬਿਨਾਂ ਸਾਬਤ-ਸੂਰਤ ਸਿੱਖ, ਜਿਨ੍ਹਾਂ ਨੂੰ ਸਹਿਜਧਾਰੀ ਵੀ ਕਹਿ ਸਕਦੇ ਹਾਂ ਤੇ ਦੂਸਰੇ ਅਨਮਤੀਏ। ਇਨ੍ਹਾਂ ਦੋਹਾਂ ਨੂੰ ਵੀ ਇਕੋ ਤੱਕੜੀ ਵਿੱਚ ਨਹੀਂ ਤੋਲਿਆ ਜਾ ਸਕਦਾ। ਸਹਿਜਧਾਰੀ ਗੁਰੂ ਦੇ ਮਾਰਗ ਤੇ ਤਾਂ ਚੱਲ ਰਿਹਾ ਹੈ, ਪਰ ਅਜੇ ਉਹ ਪਾਹੁਲ ਦੀ ਮੰਜ਼ਲ ਤੋਂ ਦੂਰ ਹੈ। ਉਸ ਦਾ ਗੁਰੂ ਤੋਂ ਸਿਦਕ ਅਜੇ ਪੂਰਾ ਨਹੀਂ ਡੋਲਿਆ। ਉਸ ਦੇ ਸੁਧਾਰ ਦੀ ਪੂਰੀ ਆਸ ਹੈ। ਕਦੇ ਵੀ ਕਿਸੇ ਮੁਸਾਫਰ ਬਾਰੇ ਪਹਿਲਾਂ ਨਿਸਚਾ ਨਹੀਂ ਕੀਤਾ ਜਾ ਸਕਦਾ ਕਿ ਉਹ ਮੰਜ਼ਲ ਤੇ ਪੁੱਜੇਗਾ ਜਾਂ ਨਹੀਂ। ਉਸ ਪ੍ਰਤੀ ਸਦਾ ਆਸ਼ਾਵਾਦੀ ਪਹੁੰਚ ਹੀ ਰੱਖਣੀ ਚਾਹੀਦੀ ਹੈ। ਜਿਨ੍ਹਾਂ ਤੇ ਗੁਰੂ ਦੀ ਬਖਸ਼ਿਸ਼ ਹੋ ਚੁੱਕੀ ਹੈ, ਉਨ੍ਹਾਂ ਦਾ ਫਰਜ਼ ਤਾਂ ਇਹ ਬਣਦਾ ਹੈ ਕਿ ਉਹ ਦੂਸਰਿਆਂ ਨੂੰ ਲਗਾਤਾਰ ਪ੍ਰੁੇਰਦੇ ਰਹਿਣ। ਉਨ੍ਹਾਂ ਦੇ ਭਰਮ ਭੁਲੇਖੇ ਦੂਰ ਕਰਨ। ਉਨ੍ਹਾਂ ਅੰਦਰ ਸਿਧਾਂਤਕ ਦ੍ਰਿੜਤਾ ਲਿਆਉਣ ਲਈ, ਉਨ੍ਹਾਂ ਨੂੰ ਸਤਿਗੁਰੂ ਦੇ ਇਲਾਹੀ ਗਿਆਨ ਨਾਲ ਜੋੜਨ। ਇਸ ਤੋਂ ਵੀ ਵਧੇਰੇ, ਉਨ੍ਹਾਂ ਦੇ ਪਾਹੁਲ ਬਾਰੇ ਜੋ ਭਰਮ-ਭੁਲੇਖੇ ਹਨ, ਉਨ੍ਹਾਂ ਨੂੰ ਦੂਰ ਕਰਨ ਵਿੱਚ, ਉਨ੍ਹਾਂ ਦੀ ਸਹਾਇਤਾ ਕਰਨ। ਉਨ੍ਹਾਂ ਨੂੰ ਸਮਝਾਉਣ ਕਿ ਪਾਹੁਲ ਛੱਕੇ ਬਿਨਾਂ ਸਿੱਖੀ ਅਧੂਰੀ ਹੈ। ਪਾਹੁਲ ਛੱਕ ਕੇ, ਸਤਿਗੁਰੂ ਨਾਲ ਗੁਰਮਤਿ ਅਨੁਸਾਰ ਜੀਵਨ ਜੀਊਣ ਦਾ ਪ੍ਰਣ ਕਰਕੇ, ਜੀਵਨ ਨੂੰ ਸਿਧਾਂਤਾਂ ਅਨੁਸਾਰ ਢਾਲਣ ਵਾਸਤੇ ਦ੍ਰਿੜਤਾ ਆਉਂਦੀ ਹੈ। ਇਸੇ ਨਾਲ ਜੀਵਨ ਸਫਲਾ ਹੁੰਦਾ ਹੈ, ਪਰ ਇਹ ਜ਼ਰੂਰੀ ਹੈ ਕਿ ਪਹਿਲਾਂ ਆਪਣਾ ਜੀਵਨ ਪੂਰੀ ਤਰ੍ਹਾਂ ਗੁਰਮਤਿ ਅਨੁਸਾਰੀ ਹੋਵੇ। ਪਾਹੁਲ ਛੱਕ ਕੇ ਇੱਕ ਆਦਰਸ਼ਕ ਜੀਵਨ ਬਤੀਤ ਕਰ ਰਹੇ ਹੋਈਏ, ਨਹੀਂ ਤਾਂ ਕੇਵਲ ਗੱਲਾਂ ਨਾਲ ਦੂਸਰੇ ਤੇ ਪ੍ਰਭਾਵ ਨਹੀਂ ਪੈ ਸਕਦਾ। ਜੇ ਅੱਜ ਕੌਮ ਦਾ ਵੱਡਾ ਹਿੱਸਾ ਪਾਹੁਲ ਨਹੀਂ ਛੱਕ ਰਿਹਾ ਤਾਂ ਬੇਸ਼ਕ ਕੁੱਝ ਹੱਦ ਤੱਕ ਪਦਾਰਥਵਾਦ ਦਾ ਫੈਲਾਅ ਵੀ ਇਸ ਦਾ ਕਾਰਨ ਹੈ ਪਰ ਜੋ ਕਿਰਦਾਰ ਗਾਤਰਿਆਂ ਵਾਲਿਆਂ ਨੇ ਪਿਛਲੇ ਸਮੇਂ ਵਿੱਚ ਨਿਭਾਇਆ ਅਤੇ ਵਿਖਾਇਆ ਹੈ, ਉਹ ਇਸ ਦਾ ਵੱਡਾ ਕਾਰਨ ਜਾਪਦਾ ਹੈ।

ਇਨ੍ਹਾਂ ਨਾਲ ਰੱਲ ਮਿਲ ਕੇ ਖਾਣ ਬੈਠਣ ਦੀ ਮਨਾਹੀ ਕਰਨ ਦੀ ਗੱਲ ਸਮਝ ਨਹੀਂ ਆਉਂਦੀ। ਆਮ ਤੌਰ ਤੇ ਇਹ ਕਿਹਾ ਜਾਂਦਾ ਹੈ ਕਿ ਉਨ੍ਹਾਂ ਨਾਲ ਬੈਠ ਕੇ ਖਾਣ (ਜੂਠਾ ਖਾਣ) ਨਾਲ ਉਨ੍ਹਾਂ ਦੀ ਮੱਤ (ਮੱਨਮਤਿ) ਦਾ ਅਸਰ ਸਾਡੇ ਤੇ ਹੋ ਜਾਵੇਗਾ। ਕਮਾਲ ਹੈ ਸਾਡੀ ਪਾਹੁਲ ਦੀ ਪਾਹੁ ਏਡੀ ਕੱਚੀ ਹੈ ਕਿ ਉਸ ਦਾ ਰੰਗ ਸਾਡੇ ਤੇ ਚੱੜ੍ਹ ਜਾਵੇਗਾ, ਸਾਡਾ ਉਸ ਤੇ ਨਹੀਂ ਚੜ੍ਹੇਗਾ?

ਇਸੇ ਤਰ੍ਹਾਂ ਸਿੱਖੀ ਵਿੱਚ ਅਨਮਤੀਆਂ ਨਾਲ ਨਫਰਤ ਕਰਨੀ ਨਹੀਂ ਸਿਖਾਈ ਗਈ। ਗੁਰਬਾਣੀ ਤਾਂ ਪੂਰੀ ਮਨੁੱਖਤਾ ਨਾਲ ਪਿਆਰ ਕਰਨਾ ਸਿਖਾਉਂਦੀ ਹੈ। ਗੁਰਬਾਣੀ ਦਾ ਫੁਰਮਾਨ ਹੈ:

“ਅਵਲਿ ਅਲਹ ਨੂਰੁ ਉਪਾਇਆ, ਕੁਦਰਤਿ ਕੇ ਸਭ ਬੰਦੇ।। ਏਕ ਨੂਰ ਤੇ ਸਭੁ ਜਗੁ ਉਪਜਿਆ, ਕਉਨ ਭਲੇ ਕੋ ਮੰਦੇ।। ੧।। “ (ਪ੍ਰਭਾਤੀ ਕਬੀਰ ਜੀ, ਪੰਨਾ ੧੩੪੯)

ਸਭ ਤੋਂ ਪਹਿਲਾਂ ਖ਼ੁਦਾ ਦਾ ਨੂਰ ਹੀ ਹੈ ਜਿਸ ਨੇ (ਜਗਤ) ਪੈਦਾ ਕੀਤਾ ਹੈ, ਇਹ ਸਾਰੇ ਜੀਅ-ਜੰਤ ਰੱਬ ਦੀ ਕੁਦਰਤ ਦੇ ਹੀ ਬਣਾਏ ਹੋਏ ਹਨ। ਇੱਕ ਪ੍ਰਭੂ ਦੀ ਹੀ ਜੋਤ ਤੋਂ ਸਾਰਾ ਜਗਤ ਪੈਦਾ ਹੋਇਆ ਹੈ। (ਤਾਂ ਫਿਰ ਕਿਸੇ ਜਾਤ ਮਜ਼ਹਬ ਦੇ ਭੁਲੇਖੇ ਵਿੱਚ ਪੈ ਕੇ) ਕਿਸੇ ਨੂੰ ਚੰਗਾ ਤੇ ਕਿਸੇ ਨੂੰ ਮੰਦਾ ਨਾਹ ਸਮਝੋ। ੧।

ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ।। “ {ਸੋਰਠਿ ਮਹਲਾ ੫, ਪੰਨਾ ੬੧੧}

ਹੇ ਮਿੱਤਰ ! (ਸਾਡਾ) ਇਕੋ ਹੀ ਪ੍ਰਭੂ-ਪਿਤਾ ਹੈ, ਅਸੀ ਇਕੋ ਪ੍ਰਭੂ-ਪਿਤਾ ਦੇ ਬੱਚੇ ਹਾਂ, (ਇਸ ਨਾਤੇ,) ਤੂੰ ਮੇਰਾ ਗੁਰਭਾਈ ਹੈਂ।

ਇਸ ਤਰ੍ਹਾਂ ਅਸੀਂ ਸਾਰੇ ਮਨੁੱਖ ਇੱਕ ਦੂਸਰੇ ਦੇ ਭਰਾ ਹਾਂ। ਅਤੇ ਭਰਾ ਨੂੰ ਭਰਾ ਨਾਲ ਨਫਰਤ ਨਹੀਂ ਕਰਨੀ ਚਾਹੀਦੀ, ਬਲਕਿ ਸਮਾਜ ਵਿੱਚ ਆਪਸੀ ਪਿਆਰ ਬਣਾ ਕੇ ਰਹਿਣਾ ਚਾਹੀਦਾ ਹੈ। ਜੇ ਸਾਰੀ ਮਨੁੱਖਤਾ ਗੁਰਬਾਣੀ ਵਲੋਂ ਦ੍ਰਿੜਾਏ ਇਨ੍ਹਾਂ ਅਮੋਲਕ ਸਿਧਾਂਤਾਂ ਨੂੰ ਅਪਨਾ ਲਵੇ ਤਾਂ ਸਾਰੀ ਦੁਨੀਆਂ ਵਿੱਚੋਂ ਲੜਾਈ ਝਗੜੇ ਮੁਕ ਜਾਣ। ਸਾਰੀ ਦੁਨੀਆਂ ਵਿੱਚ ਅਮਨ ਛਾ ਜਾਵੇ। ਹਾਂ! ਗੁਰਬਾਣੀ ਕਿਸੇ ਦੇ ਔਗੁਣਾਂ ਤੋਂ ਬਚਣ ਦੀ ਸਿੱਖਿਆ ਦੇਂਦੀ ਹੈ। ਸਤਿਗੁਰੂ ਦੇ ਪਾਵਨ ਬਚਨ ਹਨ:

“ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ।। “ {ਰਾਗੁ ਸੂਹੀ ਛੰਤ ਮਹਲਾ ੧, ਪੰਨਾ ੭੬੫}

ਜਿਥੋਂ ਗੁਣ ਮਿਲਣ, ਗੁਣਾ ਦੀ ਸਾਂਝ ਕਰਨੀ ਚਾਹੀਦੀ ਹੈ ਅਤੇ (ਸੁਚੇਤ ਹੋ ਕੇ) ਔਗੁਣ ਛੱਡ ਦੇਣੇ ਚਾਹੀਦੇ ਹਨ।

ਇਹ ਬਿਲਕੁਲ ਠੀਕ ਹੈ ਕਿ ਸਿੱਖ ਨੂੰ ਕਿਸੇ ਇਨਸਾਨ ਨਾਲ ਨਫਰਤ ਨਹੀਂ ਕਰਨੀ ਚਾਹੀਦੀ ਪਰ ਇਹ ਜ਼ਰੂਰੀ ਹੈ ਕਿ ਉਸ ਦੇ ਔਗੁਣਾਂ, ਵਿਸ਼ੇਸ਼ ਕਰਕੇ, ਜਿਨ੍ਹਾਂ ਔਗੁਣਾਂ, ਬੁਰੀਆਂ ਆਦਤਾਂ ਤੋਂ ਸਿੱਖ ਨੂੰ ਵਰਜਿਆ ਗਿਆ ਹੈ, ਉਨ੍ਹਾਂ ਤੋਂ ਬਚਿਆ ਜਾਵੇ, ਜਿਵੇਂ ਕਿ ਨਸ਼ੇੜੀਪੁਣਾ, ਜਾਤਵਾਦ, ਲਿੰਗਵਾਦ, ਝੂਠ ਅਤੇ ਪਾਪ-ਕਰਮ, ਆਦਿ …, ਵਿਸ਼ੇਸ਼ ਤੌਰ ਤੇ ਸ਼ਰਾਬ, ਤੰਬਾਕੂਨੋਸ਼ੀ, ਕੇਸਾਂ ਦੀ ਬੇਅਦਬੀ ਆਦਿ, ਜੋ ਅਨਮਤੀ ਸਮਾਜ ਵਿੱਚ ਬਹੁਤ ਪ੍ਰਚਲਤ ਹਨ ਪਰ ਸਿੱਖ ਸਮਾਜ ਵਿੱਚ ਉਨ੍ਹਾਂ ਦੀ ਵਿਸ਼ੇਸ਼ ਮਨਾਹੀ ਹੈ। ਅੱਜ ਕਈ ਮਨਮਤੀ ਸਿੱਖ, ਸ਼ਰਾਬ ਪੀਣ ਵਾਲਿਆਂ ਅਤੇ ਤੰਬਾਕੂਨੋਸ਼ੀ ਆਦਿ ਕਰਨ ਵਾਲਿਆਂ ਨਾਲ ਜੁੜ ਜੁੜ ਬੈਠਦੇ ਹਨ, ਉਹ ਵੀ ਉਸ ਵੇਲੇ, ਜਦੋਂ ਉਹ ਇਸ ਦਾ ਇਸਤੇਮਾਲ ਕਰ ਰਹੇ ਹੋਣ। ਇਸ ਦੀ ਸਫਾਈ, ਉਹ ਇਹ ਦੇਂਦੇ ਹਨ ਕਿ ਸਿੱਖ ਧਰਮ ਨਿਰਪੱਖ (Secular) ਹੈ। ਧਰਮ ਨਿਰਪੱਖ ਦਾ ਭਾਵ ਇਹ ਬਿਲਕੁਲ ਨਹੀਂ ਹੁੰਦਾ ਕਿ ਆਪਣੇ ਧਾਰਮਿਕ ਸਿਧਾਂਤਾਂ ਨੂੰ ਤਿਆਗ ਦਿੱਤਾ ਜਾਵੇ, ਬਲਕਿ ਧਰਮ ਨਿਰਪੱਖ ਦਾ ਭਾਵ ਇਹ ਹੈ ਕਿ ਉਹ ਸਾਡੀਆਂ ਭਾਵਨਾਵਾਂ ਦਾ ਸਤਿਕਾਰ ਕਰਨ, ਅਤੇ ਅਸੀਂ ਉਨ੍ਹਾਂ ਦੀਆਂ। ਇਸ ਨਾਤੇ ਸਿੱਖ ਨੁੰ ਹਿੰਦੂ ਵੀਰਾਂ ਦੀ ਸੰਗਤ ਵਿੱਚ ਗਊ ਮਾਸ, ਮੁਸਲਮਾਨ ਭਰਾਵਾਂ ਦੀ ਸੰਗਤ ਵਿੱਚ ਸੂਰ ਦਾ ਮਾਸ ਆਦਿ ਨਹੀਂ ਖਾਣਾ ਚਾਹੀਦਾ ਅਤੇ ਉਨ੍ਹਾਂ ਨੂੰ ਸਿੱਖ ਦੀ ਸੰਗਤ ਵਿੱਚ, ਬਲਕਿ ਸਿੱਖ ਦੇ ਸਾਹਮਣੇ ਤੰਬਾਕੂਨੋਸ਼ੀ ਆਦਿ ਕਰਮ ਬਿਲਕੁਲ ਨਹੀਂ ਕਰਨੇ ਚਾਹੀਦੇ। ਇਹ ਬਿਲਕੁਲ ਠੀਕ ਹੈ ਕਿ ਸਿੱਖ ਨੂੰ ਐਸੇ ਕਰਮ ਕਰਨ ਵਾਲਿਆਂ ਨਾਲ ਇਕੋ ਥਾਲੀ ਜਾਂ ਪਲੇਟ ਆਦਿ ਵਿੱਚੋਂ ਨਹੀਂ ਖਾਣਾ ਚਾਹੀਦਾ।

ਇਥੇ ਪਹਿਲਾਂ ਇਹ ਵੀ ਸਮਝ ਲਿਆ ਜਾਵੇ ਕਿ ਜੂਠਾ ਕਿਹਾ ਕਿਸ ਨੂੰ ਜਾਂਦਾ ਹੈ। ਜੂਠਾ ਦਾ ਭਾਵ ਹੈ ਕਿਸੇ ਦਾ ਆਪਣੇ ਖਾਣ ਵਾਲੇ ਬਰਤਨ, ਪਲੇਟ, ਥਾਲ ਆਦਿ ਵਿੱਚੋਂ ਕੁੱਝ ਖਾ ਕੇ ਬਾਕੀ ਛੱਡਿਆ ਹੋਇਆ ਭੋਜਨ। ਇਹ ਜੂਠੇ ਭੋਜਨ ਤਿੰਨ ਤਰ੍ਹਾਂ ਦੇ ਹੁੰਦੇ ਹਨ, ਇੱਕ ਜਿਹੜਾ ਆਪਣੇ ਘਰ-ਪਰਿਵਾਰ ਵਿੱਚ, ਆਪਣਾ ਢਿੱਡ ਭਰ ਜਾਣ ਤੇ ਜਾਂ ਭੋਜਨ ਸੁਆਦਲਾ ਨਾ ਲੱਗਣ ਤੇ ਵਿੱਚ ਛੱਡ ਦਿਤਾ ਜਾਂਦਾ ਹੈ। ਐਸਾ ਭੋਜਨ ਅਕਸਰ ਪਰਿਵਾਰ ਦਾ ਕੋਈ ਦੂਸਰਾ ਜੀ ਖਾ ਲੈਂਦਾ ਹੈ, ਇਸ ਵਿੱਚ ਕੋਈ ਹਰਜ ਵੀ ਨਹੀਂ, ਬਲਕਿ ਚੰਗੀ ਗੱਲ ਹੈ, ਭੋਜਨ ਨੂੰ ਵਿਅਰਥ ਨਹੀਂ ਕਰਨਾ ਚਾਹੀਦਾ। ਇਥੇ ਇੱਕ ਗੱਲ ਸਪੱਸ਼ਟ ਕਰ ਦੇਣੀ ਜ਼ਰੂਰੀ ਹੈ ਕਿ ਇਸ ਜੂਠੇ ਖਾਣ ਦਾ ਸਬੰਧ ਸਵੱਛਤਾ (Hygene) ਨਾਲ ਹੋ ਸਕਦਾ ਹੈ, ਜਿਵੇਂ ਕਿ ਅੱਜ ਡਾਕਟਰ ਆਖਦੇ ਹਨ ਕਿ ਕਿਸੇ ਦਾ ਜੂਠਾ ਭੋਜਨ ਖਾਣ ਨਾਲ, ਉਸ ਨੂੰ ਅੱਗਰ ਕੋਈ ਰੋਗ ਹੈ ਤਾਂ ਉਸ ਦੇ ਕਿਟਾਣੂ ਜੂਠਾ ਖਾਣ ਵਾਲੇ ਦੇ ਅੰਦਰ ਚਲੇ ਜਾਣਗੇ ਅਤੇ ਜੂਠਾ ਖਾਣ ਵਾਲੇ ਨੂੰ ਉਹੀ ਰੋਗ ਹੋਣ ਦਾ ਖਤਰਾ ਹੈ, ਇਸ ਦਾ ਕੋਈ ਸਬੰਧ ਅਧਿਆਤਮਕ ਜੀਵਨ ਜਾਂ ਪਵਿੱਤਰਤਾ ਨਾਲ ਬਿਲਕੁਲ ਨਹੀਂ।

ਦੂਸਰਾ ਜੂਠਾ ਭੋਜਨ ਉਸ ਨੂੰ ਆਖਿਆ ਜਾਂਦਾ ਜੋ ਵਿਆਹ ਸ਼ਾਦੀਆਂ, ਲੰਗਰ ਆਦਿ ਵਿੱਚ ਲੋੜ ਨਾਲੋਂ ਵਧੇਰੇ ਪਲੇਟ ਜਾਂ ਥਾਲ ਵਿੱਚ ਪਾਕੇ, ਕੁੱਝ ਖਾਕੇ ਬਾਕੀ ਵਿੱਚੇ ਛੱਡ ਦਿੱਤਾ ਜਾਂਦਾ ਹੈ, ਅਤੇ ਤੀਸਰਾ ਜੋ ਕੁੱਝ ਪਖੰਡੀ ਸਾਧਾਂ ਵਲੋਂ, ਜਾਣ ਬੁਝ ਕੇ, ਥੋੜਾ ਖਾਕੇ, ਬਾਕੀ ਵਿੱਚੇ ਛੱਡ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਦੇ ਮੂਰਖ ਪੈਰੋਕਾਰ ਇਸ ਨੂੰ ਮਹਾਂਪੁਰਖਾਂ ਦਾ ਸੀਤ ਪ੍ਰਸਾਦ ਸਮਝ ਕੇ ਬਹੁਤ ਸ਼ਰਧਾ ਨਾਲ ਖਾਂਦੇ ਹਨ। ਆਮ ਤੌਰ ਤੇ ਤਾਂ ਪਖੰਡੀ ਸਾਧਾਂ ਦੇ ਡੇਰਿਆਂ ਤੇ, ਜੇ ਕੋਈ ਵੱਡਾ ਲੰਗਰ ਹੋਵੇ ਤਾਂ ਇਹ ਉਸ ਪਖੰਡੀ ਸਾਧ ਦਾ ਛੱਡਿਆ ਖਾਣਾ, ਸਾਰੇ ਲੰਗਰ ਵਿੱਚ ਮਿਲਾ ਦਿੱਤਾ ਜਾਂਦਾ ਹੈ। ਇਹ ਦੋਨੋਂ ਕਿਸਮ ਦਾ ਛੱਡਿਆ ਗਿਆ ਖਾਣਾ ਅਸਲ ਜੂਠ ਹੈ। ਇਹ ਤ੍ਰਿਸਕਾਰਿਆ ਹੋਇਆ ਭੋਜਨ ਹੈ। ਇਹ ਕਿਸੇ ਵੀ ਗ਼ੈਰਤਮੰਦ ਵਿਅਕਤੀ ਨੂੰ, ਕਿਸੇ ਹਾਲਤ ਵਿੱਚ ਵੀ ਨਹੀਂ ਖਾਣਾ ਚਾਹੀਦਾ। ਸਿੱਖ ਨੂੰ ਤਾਂ ਇਸ ਦੇ ਖਾਣ ਬਾਰੇ ਸੋਚਣਾ ਵੀ ਨਹੀਂ ਚਾਹੀਦਾ, ਭਾਵੇਂ ਭੁੱਖ ਨਾਲ ਮਰਨਾ ਪੈ ਜਾਵੇ।

ਅੱਜ ਸਿੱਖ ਕੌਮ ਵਿੱਚ ਆਮ ਤੌਰ ਤੇ, ਕਿਸੇ ਦੂਸਰੇ ਦਾ ਭੋਜਨ ਖਾਂਦੇ ਹੱਥ ਵੀ ਲੱਗ ਜਾਵੇ ਤਾਂ ਉਸ ਨਾਲ ਭੋਜਨ ਜੂਠਾ ਹੋ ਗਿਆ ਗਰਦਾਨ ਦਿੱਤਾ ਜਾਂਦਾ ਹੈ। ਇਸੇ ਨਾਤੇ ਕਿਸੇ ਵਿਆਹ ਸ਼ਾਦੀ ਜਾਂ ਇਕੱਠ ਵਿੱਚ, ਜਿਥੇ ਸਾਂਝਾ ਭੋਜਨ (Buffett) ਪਰੋਸਿਆ ਗਿਆ ਹੋਵੇ ਅਤੇ ਲੋਕ ਭੋਜਨ ਖਾਂਦੇ ਹੋਏ, ਨਾਲ ਲੋੜੀਂਦੀ ਵਸਤ ਲੈ ਵੀ ਰਹੇ ਹੋਣ, ਬਾਰੇ ਆਖਿਆ ਜਾਂਦਾ ਹੈ ਕਿ ਇਹ ਭੋਜਨ ਜੂਠਾ ਹੈ। ਜੇ ਵਿਚਾਰਿਆ ਜਾਵੇ ਤਾਂ ਇਹ ਤਾਂ ਉਹ ਗੱਲ ਹੋ ਗਈ ਕਿ ਕਿਸੇ ਦਾ ਹੱਥ ਲੱਗਣ ਨਾਲ ਭੋਜਨ ਭਿੱਟ ਗਿਆ। ਇਹ ਤਾਂ ਨਿਰੋਲ ਬ੍ਰਾਹਮਣੀ ਸੋਚ ਹੈ, ਸਿੱਖੀ ਵਿੱਚ ਇਸ ਦਾ ਕੋਈ ਸਥਾਨ ਨਹੀਂ। ਇੱਕ ਹੋਰ ਬਹੁਤ ਮਹੱਤਵ ਪੂਰਨ ਗੱਲ ਸਮਝ ਲੈਣੀ ਜ਼ਰੂਰੀ ਹੈ। ਕੋਈ ਵਸਤ ਜੂਠੀ ਕਿਵੇਂ ਹੁੰਦੀ ਹੈ? ਇੱਕ ਸਾਫ ਸੁਥਰਾ, ਮਾਂਜਿਆ ਹੋਇਆ ਭਾਂਡਾ ਮੂੰਹ ਨਾਲ ਲਾਈਏ, ਤਾਂ ਉਹ ਮੂੰਹ ਨਾਲ ਲਗਦੇ ਹੀ ਜੂਠਾ ਹੋ ਜਾਂਦਾ ਹੈ। ਇਸ ਦਾ ਭਾਵ ਹੈ, ਦੁਨੀਆਂ ਦੀ ਸਭ ਤੋਂ ਜੂਠੀ ਚੀਜ਼ ਸਾਡਾ ਮੂੰਹ ਹੈ, ਜਿਸ ਦੇ ਨਾਲ ਲਗਦਿਆਂ ਹੀ ਹਰ ਸ਼ੈ ਜੂਠੀ ਹੋ ਜਾਂਦੀ ਹੈ ਅਤੇ ਇਹ ਮੂੰਹ ਸਾਡੇ ਸਰੀਰ ਤੇ ਲੱਗਾ ਹੋਇਆ ਹੈ, ਫੇਰ ਸੁੱਚਾ ਕੀ ਰਹਿ ਗਿਆ? ਇਸ ਗੱਲ ਨੂੰ ਸਹੀ ਰੂਪ ਵਿੱਚ ਸਮਝਣ ਲਈ, ਗੁਰਬਾਣੀ ਵਿੱਚ ਭਗਤ ਕਬੀਰ ਜੀ ਦਾ ਉਚਾਰਣ ਕੀਤਾ ਹੇਠਲਾ ਸ਼ਬਦ ਬਹੁਤ ਸਹਾਈ ਹੋਵੇਗਾ:

ਮਾਤਾ ਜੂਠੀ, ਪਿਤਾ ਭੀ ਜੂਠਾ, ਜੂਠੇ ਹੀ ਫਲ ਲਾਗੇ।। ਆਵਹਿ ਜੂਠੇ, ਜਾਹਿ ਭੀ ਜੂਠੇ, ਜੂਠੇ ਮਰਹਿ ਅਭਾਗੇ।। ੧।। ਕਹੁ ਪੰਡਿਤ, ਸੂਚਾ ਕਵਨੁ ਠਾਉ।। ਜਹਾਂ ਬੈਸਿ ਹਉ ਭੋਜਨੁ ਖਾਉ।। ੧।। ਰਹਾਉ।। ਜਿਹਬਾ ਜੂਠੀ, ਬੋਲਤ ਜੂਠਾ, ਕਰਨ ਨੇਤ੍ਰ ਸਭਿ ਜੂਠੇ।। ਇੰਦ੍ਰੀ ਕੀ ਜੂਠਿ ਉਤਰਸਿ ਨਾਹੀ, ਬ੍ਰਹਮ ਅਗਨਿ ਕੇ ਲੂਠੇ।। ੨।। ਅਗਨਿ ਭੀ ਜੂਠੀ, ਪਾਨੀ ਜੂਠਾ, ਜੂਠੀ ਬੈਸਿ ਪਕਾਇਆ।। ਜੂਠੀ ਕਰਛੀ ਪਰੋਸਨ ਲਾਗਾ, ਜੂਠੇ ਹੀ ਬੈਠਿ ਖਾਇਆ।। ੩।। ਗੋਬਰੁ ਜੂਠਾ, ਚਉਕਾ ਜੂਠਾ, ਜੂਠੀ ਦੀਨੀ ਕਾਰਾ।। ਕਹਿ ਕਬੀਰ ਤੇਈ ਨਰ ਸੂਚੇ, ਸਾਚੀ ਪਰੀ ਬਿਚਾਰਾ।। ੪।। ੧।। ੭।। {ਪੰਨਾ ੧੧੯੫}

ਹੇ ਪੰਡਿਤ ! ਦੱਸ, ਉਹ ਕਿਹੜਾ ਥਾਂ ਹੈ ਜੋ ਸੁੱਚਾ ਹੈ, ਜਿੱਥੇ ਬੈਠ ਕੇ ਮੈਂ ਰੋਟੀ ਖਾ ਸਕਾਂ (ਤਾਂ ਜੁ ਪੂਰੀ ਸੁੱਚ ਰਹਿ ਸਕੇ) ? । ੧। ਰਹਾਉ।

ਮਾਂ ਅਪਵਿੱਤਰ, ਪਿਉ ਅਪਵਿੱਤਰ, ਇਹਨਾਂ ਤੋਂ ਜੰਮੇ ਹੋਏ ਬਾਲ-ਬੱਚੇ ਭੀ ਅਪਵਿੱਤਰ; (ਜਗਤ ਵਿੱਚ ਜੋ ਭੀ) ਜੰਮਦੇ ਹਨ ਉਹ ਅਪਵਿੱਤਰ, ਜੋ ਮਰਦੇ ਹਨ ਉਹ ਭੀ ਅਪਵਿੱਤਰ; ਬਦ-ਨਸੀਬ ਜੀਵ ਅਪਵਿੱਤਰ ਹੀ ਮਰ ਜਾਂਦੇ ਹਨ । ੧।

(ਮਨੁੱਖ ਦੀ) ਜੀਭ ਮੈਲੀ, ਬਚਨ ਭੀ ਮਾੜੇ, ਕੰਨ ਅੱਖਾਂ ਆਦਿਕ ਸਾਰੇ ਹੀ ਅਪਵਿੱਤਰ, (ਇਹਨਾਂ ਤੋਂ ਵਧੀਕ) ਕਾਮ-ਚੇਸ਼ਟਾ (ਐਸੀ ਹੈ ਜਿਸ) ਦੀ ਮੈਲ ਲਹਿੰਦੀ ਹੀ ਨਹੀਂ । ਹੇ ਬ੍ਰਾਹਮਣ-ਪੁਣੇ ਦੇ ਮਾਣ ਦੀ ਅੱਗ ਦੇ ਸੜੇ ਹੋਏ ! (ਦੱਸ, ਸੁੱਚੀ ਕਿਹੜੀ ਸ਼ੈ ਹੋਈ ?) । ੨।

ਅੱਗ ਜੂਠੀ, ਪਾਣੀ ਜੂਠਾ, ਪਕਾਣ ਵਾਲੀ ਭੀ ਜੂਠੀ, ਕੜਛੀ ਜੂਠੀ ਜਿਸ ਨਾਲ (ਭਾਜੀ ਆਦਿਕ) ਵਰਤਾਉਂਦਾ ਹੈ, ਉਹ ਪ੍ਰਾਣੀ ਭੀ ਜੂਠਾ ਜਿਹੜਾ ਬਹਿ ਕੇ ਖਾਂਦਾ ਹੈ । ੩।

ਗੋਹਾ ਜੂਠਾ, ਚੌਕਾ ਜੂਠਾ, ਜੂਠੀਆਂ ਹੀ ਉਸ ਚੌਕੇ ਦੇ ਦੁਆਲੇ ਪਾਈਆਂ ਲਕੀਰਾਂ । ਕਬੀਰ ਆਖਦਾ ਹੈ—ਸਿਰਫ਼ ਉਹੀ ਮਨੁੱਖ ਸੁੱਚੇ ਹਨ ਜਿਨ੍ਹਾਂ ਨੂੰ ਪਰਮਾਤਮਾ ਦੀ ਸੂਝ ਆ ਗਈ ਹੈ । ੪। ੧। ੭।

ਸ਼ਬਦ ਦਾ ਭਾਵ : —ਤ੍ਰਿਗੁਣੀ ਮਾਇਆ ਦੇ ਅਸਰ ਹੇਠ ਪ੍ਰਭੂ ਨੂੰ ਵਿਸਾਰ ਕੇ ਜੀਵ ਅਪਵਿੱਤਰ ਬਣੇ ਰਹਿੰਦੇ ਹਨ, ਹਰ ਥਾਂ ਮਾਇਆ ਦਾ ਪ੍ਰਭਾਵ ਹੈ । ਲਕੀਰਾਂ ਕੱਢ ਕੇ ਚੌਕੇ ਬਣਾਇਆਂ ਪਵਿਤ੍ਰਤਾ ਨਹੀਂ ਬਣ ਸਕਦੀ । ਸਿਰਫ਼ ਉਹੀ ਬੰਦੇ ਸੁੱਚੇ ਹਨ ਜਿਨ੍ਹਾਂ ਨੂੰ ਪਰਮਾਤਮਾ ਦੀ ਸੂਝ ਪੈ ਜਾਂਦੀ ਹੈ 

ਇਹ ਬ੍ਰਾਹਮਣੀ ਵਿਚਾਰਧਾਰਾ ਦਾ ਪ੍ਰਭਾਵ ਹੀ ਹੈ ਕਿ ਇਹ ‘ਭਿੱਟ`, ਅੱਜ ਜੂਠ ਦੇ ਨਾਂ ਹੇਠ ਸਿੱਖ ਕੌਮ ਅੰਦਰ ਛਾ ਗਈ ਹੈ। ਹਾਲਾਤ ਇਥੋਂ ਤੱਕ ਵਿਗੜ ਗਏ ਹਨ ਕਿ ਸਿੱਖ, ਸਿੱਖ ਦੇ ਹੱਥ ਦਾ ਤਿਆਰ ਕੀਤਾ ਲੰਗਰ ਨਹੀਂ ਛਕਦਾ। ਕਈ ਭੇਖੀ ਮੂਰਖ ਸਿੱਖ ਗੁਰਦੁਆਰੇ ਵਿੱਚੋਂ ਦੇਗ ਨਹੀਂ ਲੈਂਦੇ। ਉਹ ਗੁਰਦੁਆਰੇ ਵਿੱਚੋਂ ਲੰਗਰ ਜਾਂ ਦੇਗ ਤਾਂ ਹੀ ਛਕਦੇ ਹਨ, ਜੇ ਉਨ੍ਹਾਂ ਦੇ ਜਥੇ ਦੇ ਸਿੱਖਾਂ ਵਲੋਂ ਤਿਆਰ ਕੀਤੀ ਗਈ ਹੋਵੇ। ਇਥੇ ਇੱਕ ਨਿਜੀ ਜੀਵਨ ਵਿੱਚ ਵਾਪਰੀ ਘਟਨਾ ਸਾਂਝੀ ਕਰਨੀ ਚਾਹਾਂਗਾ। ਕਾਫੀ ਸਮਾਂ ਪਹਿਲੇ ਦੀ ਗੱਲ ਹੈ, ਰਿਸ਼ਤੇਦਾਰੀ ਵਿੱਚ, ਇੱਕ ਅਨੰਦ ਕਾਰਜ ਵਿੱਚ ਸ਼ਾਮਲ ਹੋਣ ਲਈ ਗਿਆ। ਵਿਆਹ ਵਾਲੇ ਘਰ ਪੁਜਾ, ਤਾਂ ਪਰਵਾਰ ਦੇ ਮੁੱਖੀ ਸਜਣ, ਗੇਟ ਤੇ ਖੜੇ ਹੀ ਆਉਣ ਵਾਲਿਆਂ ਨੂੰ ਜੀ ਆਇਆਂ ਆਖ ਰਹੇ ਸਨ। ਮੈਂ ਵੀ ਉਨ੍ਹਾਂ ਦੇ ਕੋਲ ਹੀ ਖਲੋ ਗਿਆ। ਥੋੜੀ ਦੇਰ ਵਿੱਚ ਸਾਹਮਣਿਓ, ਕੁੱਝ ਸਿੱਖਾਂ ਦਾ ਜਥਾ ਆਉਂਦਾ ਨਜ਼ਰ ਆਇਆ, ਉਨ੍ਹਾਂ ਦੇ ਚਿਹਰੇ ਤੇ ਤਾਂ ਜਿਵੇਂ ਕੋਈ ਚਾਅ ਚੱੜ੍ਹ ਗਿਆ। ਉਨ੍ਹਾਂ ਆਪਣੇ ਪੁੱਤਰ, ਜਿਸ ਦਾ ਨਾਂ ਰਾਜੂ ਸੀ, ਨੂੰ ਉੱਚੀ ਉੱਚੀ ਆਵਾਜ਼ਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, “ਰਾਜੂ! ਆਈਂ ਬੇਟਾ, ਬਿਬੇਕੀ ਸਿੰਘ ਆ ਗਏ”। ਅਵਾਜ਼ ਸੁਣ ਕੇ ਰਾਜੂ ਵੀ ਦੌੜਿਆ ਆਇਆ, ਉਹ ਬਿਬੇਕੀ ਸਿੰਘ ਵੀ ਪਹੁੰਚ ਗਏ ਸਨ। ਦੋਹਾਂ ਪਿਓ ਪੁਤਰਾਂ, ਉਨ੍ਹਾਂ ਨੂੰ ਵਿਸ਼ੇਸ਼ ਸਨਮਾਨ ਨਾਲ ਜੀ ਆਇਆਂ ਆਖਿਆ ਅਤੇ ਫਿਰ ਪਿਤਾ ਨੇ ਰਾਜੂ ਨੂੰ ਕਿਹਾ, “ਜਾ ਬੇਟਾ! ਬਿਬੇਕੀ ਸਿੰਘਾਂ ਨੂੰ ਕਮਰੇ ਵਿੱਚ ਛੱਡ ਆ” ਤੇ ਫੇਰ ਅਖੌਤੀ ਬਿਬੇਕੀ ਸਿੰਘਾਂ ਵੱਲ ਮੂੰਹ ਕਰਕੇ ਬੋਲੇ, “ਆਪ ਚਲੋ, ਸ਼ੁਰੂ ਕਰੋ, ਤੁਹਾਡਾ ਸਭ ਪ੍ਰਬੰਧ ਹੋਇਆ ਪਿਆ ਹੈ”। ਆਪਣੇ ਉਸ ਰਿਸ਼ਤੇਦਾਰ ਨੂੰ ਉਨ੍ਹਾਂ ਦਾ ਇਤਨਾ ਸਤਿਕਾਰ ਕਰਦੇ ਹੋਏ ਵੇਖ ਕੇ, ਸੁਭਾਵਕ ਹੀ ਮੇਰੇ ਅੰਦਰ ਵੀ ਉਨ੍ਹਾਂ ਪ੍ਰਤੀ ਜਗਿਆਸਾ ਭਰਿਆ ਸਤਿਕਾਰ ਪੈਦਾ ਹੋ ਗਿਆ। ਉਨ੍ਹਾਂ ਦੇ ਜਾਂਦੇ ਹੀ ਮੈਂ ਆਪਣੇ ਰਿਸ਼ਤੇਦਾਰ ਨੂੰ ਆਖਿਆ, ਕਿ ਉਹ ਮੈਨੂੰ ਵੀ ਉਥੇ ਬਿਬੇਕੀ ਸਿੰਘਾਂ ਕੋਲ ਹੀ ਭੇਜ ਦੇਵੇ। ਉਸ ਬੜੇ ਹੈਰਾਨ ਹੁੰਦੇ ਹੋਏ ਪੁਛਿਆ, “ਤੁਸੀਂ ਉਥੇ ਕੀ ਕਰੋਗੇ”? “ਇਹ ਬਿਬੇਕੀ ਸਿੰਘ ਹਨ, ਸਤਿਗੁਰੂ ਦੇ ਇਲਾਹੀ ਗਿਆਨ ਦੀਆਂ ਵਿਚਾਰਾਂ ਕਰਨਗੇ, ਮੈਂ ਵੀ ਸੁਣ ਲਵਾਂਗਾ, ਸ਼ਾਇਦ ਕੁੱਝ ਮੇਰੇ ਮੂਰਖ ਦੀ ਝੋਲੀ ਵਿੱਚ ਵੀ ਪੈ ਜਾਵੇ”, ਮੈਂ ਜੁਆਬ ਦਿੱਤਾ। ਉਹ ਹਸਦਾ ਹੋਇਆ ਕਹਿਣ ਲੱਗਾ, “ਨਹੀਂ ਨਹੀਂ, ਇਨ੍ਹਾਂ ਉਥੇ ਕੋਈ ਗੁਰਮਤਿ ਵਿਚਾਰਾਂ ਨਹੀਂ ਕਰਨੀਆਂ, ਇਹ ਬਿਬੇਕੀ ਸਿੰਘ ਹਨ, ਕਿਸੇ ਦੇ ਹੱਥ ਦਾ ਬਣਿਆ ਭੋਜਨ ਨਹੀਂ ਛਕਦੇ, ਉਥੇ ਕੱਚੀ ਸਮੱਗਰੀ ਰੱਖੀ ਹੋਈ ਹੈ, ਆਪੇ ਹੀ ਬਨਾਉਣਗੇ ਤੇ ਆਪੇ ਹੀ ਖਾਣਗੇ”। ਸੁਣ ਕੇ ਮੈਂ ਹੈਰਾਨ ਰਹਿ ਗਿਆ ਅਤੇ ਸੁਭਾਵਕ ਹੀ ਮੇਰੇ ਮੂੰਹੋਂ ਨਿਕਲ ਗਿਆ, “ਤੁਸੀਂ ਇਨ੍ਹਾਂ ਨੂੰ ਬਿਬੇਕੀ ਸਿੰਘ ਕਹਿੰਦੇ ਹੋ, ਇਨ੍ਹਾਂ ਨੂੰ ਤਾਂ ਮੂਰਖ ਸਿੱਖ ਕਹਿਣਾ ਚਾਹੀਦਾ ਹੈ”। ਸੁਭਾਵਕ ਹੈ ਇਹ ਗੱਲ ਮੇਰੇ ਰਿਸ਼ਤੇਦਾਰ ਨੂੰ ਚੰਗੀ ਨਹੀਂ ਲੱਗੀ ਅਤੇ ਉਸ ਨੇ ਭੈੜਾ ਜਿਹਾ ਮੂੰਹ ਬਣਾਇਆ।

ਮੈਂ ਜਾਣਦਾ ਹਾਂ ਕੁੱਝ ਇਸ ਲੇਖ ਨੂੰ ਪੜ੍ਹਨ ਵਾਲਿਆਂ ਨੂੰ ਵੀ ਇਹ ਗੱਲ ਚੰਗੀ ਨਹੀਂ ਲਗੇਗੀ ਅਤੇ ਬਹੁਤ ਤਕਲੀਫ ਹੋਵੇਗੀ, ਪਰ ਸਾਨੂੰ ਨਿਰੋਲ ਭਾਵਨਾ ਦੇ ਵੇਗ ਵਿੱਚੋਂ ਨਿਕਲ ਕੇ, ਹਰ ਚੀਜ਼ ਨੂੰ ਗੁਰਮਤਿ ਦੀ ਰੋਸ਼ਨੀ ਵਿੱਚ ਵਿਚਾਰਨਾ ਚਾਹੀਦਾ ਹੈ। ਗੁਰਮਤਿ ਅਨੁਸਾਰ ਬਿਬੇਕ ਦਾ ਭਾਵ ਹੈ, ਉਹ ਬੁੱਧੀ ਜੋ ਸਾਨੂੰ ਸੱਚ-ਝੂਠ, ਧਰਮ-ਪਾਪ, ਨਿਆਂ-ਅਨਿਆਂ ਆਦਿ ਭਾਵ ਚੰਗੇ-ਮੰਦੇ ਕਰਮਾਂ ਦਾ ਨਿਖੇੜਾ ਕਰਨ ਦੀ ਸਮਰੱਥਾ ਬਖ਼ਸ਼ਦੀ ਹੈ, ਸੋ ਗੁਰਬਾਣੀ ਅਨੁਸਾਰ ਬਿਬੇਕੀ ਉਹ ਹੈ, ਜਿਸ ਨੇ ਸਤਿਗੁਰੂ ਦਾ ਇਲਾਹੀ ਗਿਆਨ ਪ੍ਰਾਪਤ ਕਰ ਕੇ ਜੀਵਨ ਵਿੱਚ ਧਾਰਨ ਕਰ ਲਿਆ ਹੈ ਅਤੇ ਇਹ ਸਮਰੱਥਾ ਪ੍ਰਾਪਤ ਕਰ ਲਈ ਹੈ। ਸਤਿਗੁਰੂ ਦੇ ਬਚਨ ਹਨ:

“ਬਿਬੇਕ ਬੁਧਿ ਸਤਿਗੁਰ ਤੇ ਪਾਈ ਗੁਰ ਗਿਆਨੁ ਗੁਰੂ ਪ੍ਰਭ ਕੇਰਾ।। ਜਨ ਨਾਨਕ ਨਾਮੁ ਗੁਰੂ ਤੇ ਪਾਇਆ ਧੁਰਿ ਮਸਤਕਿ ਭਾਗੁ ਲਿਖੇਰਾ।। {ਰਾਗੁ ਟੋਡੀ ਮਹਲਾ ੪, ਪੰਨਾ ੭੧੧}

ਹੇ ਦਾਸ ਨਾਨਕ ! ਜਿਨ੍ਹਾਂ ਮਨੁੱਖਾਂ ਦੇ ਮੱਥੇ ਉਤੇ ਧੁਰੋਂ ਲਿਖਿਆ ਚੰਗਾ ਭਾਗ ਉੱਘੜ ਪਿਆ, ਉਹਨਾਂ ਨੇ ਗੁਰੂ ਪਾਸੋਂ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ, ਉਹਨਾਂ ਨੇ ਗੁਰੂ ਪਾਸੋਂ ਚੰਗੇ ਮੰਦੇ ਕੰਮ ਦੀ ਪਰਖ ਕਰਨ ਵਾਲੀ ਬਿਬੇਕ ਬੁਧਿ ਹਾਸਲ ਕਰ ਲਈ, ਉਹਨਾਂ ਨੇ ਪਰਮਾਤਮਾ ਦੇ ਮਿਲਾਪ ਵਾਸਤੇ ਗੁਰੂ ਪਾਸੋਂ ਆਤਮਕ ਜੀਵਨ ਦੀ ਸੂਝ ਪ੍ਰਾਪਤ ਕਰ ਲਈ।

ਗੁਰਮੁਖਿ ਗਿਆਨੁ ਬਿਬੇਕ ਬੁਧਿ ਹੋਇ।। ਹਰਿ ਗੁਣ ਗਾਵੈ ਹਿਰਦੈ ਹਾਰੁ ਪਰੋਇ।। ਪਵਿਤੁ ਪਾਵਨੁ ਪਰਮ ਬੀਚਾਰੀ।। ਜਿ ਓਸੁ ਮਿਲੈ ਤਿਸੁ ਪਾਰਿ ਉਤਾਰੀ।। “ {ਸਲੋਕ ਮ: ੩, ਪੰਨਾ ੩੧੭}

ਜੋ ਮਨੁੱਖ ਸਤਿਗੁਰੂ ਦੇ ਸਨਮੁਖ ਰਹਿੰਦਾ ਹੈ, ਉਸ ਵਿੱਚ ਗਿਆਨ ਤੇ ਵਿਚਾਰ ਵਾਲੀ ਬਿਬੇਕ ਬੁਧਿ (ਅਕਲਿ) ਹੁੰਦੀ ਹੈ; ਉਹ ਹਰੀ ਦੇ ਗੁਣ ਗਾਉਂਦਾ ਹੈ ਤੇ ਹਿਰਦੇ ਵਿੱਚ (ਗੁਣਾਂ ਦਾ) ਹਾਰ ਪ੍ਰੋ ਲੈਂਦਾ ਹੈ, (ਆਚਰਨ ਦਾ) ਬੜਾ ਸੁੱਧ ਤੇ ਉੱਚੀ ਮਤਿ ਵਾਲਾ ਹੁੰਦਾ ਹੈ। ਜੋ ਮਨੁੱਖ ਉਸ ਦੀ ਸੰਗਤਿ ਕਰਦਾ ਹੈ ਉਸ ਨੂੰ ਭੀ ਉਹ (ਸੰਸਾਰ-ਸਾਗਰ ਤੋਂ) ਪਾਰ ਉਤਾਰ ਲੈਂਦਾ ਹੈ।

ਭੁੱਲੜ ਵੀਰ ਬਿਬੇਕੀ ਸ਼ਬਦ ਉਨ੍ਹਾਂ ਲਈ ਵਰਤ ਰਹੇ ਹਨ, ਜਿਨ੍ਹਾਂ ਦੀ ਸੋਚ ਹੀ ਗੁਰਮਤਿ ਵਿਰੋਧੀ ਹੈ। ਭਿੱਟ ਤਾਂ ਸਿੱਖੀ ਵਿੱਚ ਮੂਲੋਂ ਪਰਵਾਨ ਨਹੀਂ। ਐਸੀ ਸੋਚ ਵਾਲਿਆਂ ਨੂੰ ਤਾਂ ਗੁਰੂ ਨਾਨਕ ਪਾਤਿਸ਼ਾਹ ਨੇ ਫਿਟਕਾਰ ਪਾਈ ਹੈ। ਸਤਿਗੁਰੂ ਦਾ ਫੁਰਮਾਨ ਹੈ:

“ਦੇ ਕੈ ਚਉਕਾ ਕਢੀ ਕਾਰ।। ਉਪਰਿ ਆਇ ਬੈਠੇ ਕੂੜਿਆਰ।। ਮਤੁ ਭਿਟੈ ਵੇ ਮਤੁ ਭਿਟੈ।। ਇਹੁ ਅੰਨੁ ਅਸਾਡਾ ਫਿਟੈ।। ਤਨਿ ਫਿਟੈ ਫੇੜ ਕਰੇਨਿ।। ਮਨਿ ਜੂਠੈ ਚੁਲੀ ਭਰੇਨਿ।। “ {ਮਃ ੧, ਪੰਨਾ ੪੭੨}

ਚੌਕਾ ਬਣਾ ਕੇ (ਦੁਆਲੇ) ਲਕੀਰਾਂ ਕੱਢਦੇ ਹਨ, (ਪਰ ਇਸ) ਚੌਕੇ ਵਿੱਚ ਉਹ ਮਨੁੱਖ ਆ ਬੈਠਦੇ ਹਨ ਜੋ ਆਪ ਝੂਠੇ ਹਨ। (ਹੋਰਨਾਂ ਨੂੰ ਆਖਦੇ ਹਨ—ਸਾਡੇ ਚੌਕੇ ਦੇ ਨੇੜੇ ਨਾ ਆਉਣਾ) ਕਿਤੇ ਚੌਕਾ ਭਿੱਟਿਆ ਨਾਹ ਜਾਏ ਅਤੇ ਸਾਡਾ ਅੰਨ ਖ਼ਰਾਬ ਨਾਹ ਹੋ ਜਾਏ; (ਪਰ ਆਪ ਇਹ ਲੋਕ) ਅਪਵਿੱਤਰ ਸਰੀਰ ਨਾਲ ਮੰਦੇ ਕੰਮ ਕਰਦੇ ਹਨ ਅਤੇ ਜੂਠੇ ਮਨ ਨਾਲ ਹੀ (ਭਾਵ, ਮਨ ਤਾਂ ਅੰਦਰੋਂ ਮਲੀਨ ਹੈ) ਚੁਲੀਆਂ ਕਰਦੇ ਹਨ।

ਗੁਰੂ ਨਾਨਕ ਪਾਤਿਸ਼ਾਹ ਆਪਣੀਆਂ ਪ੍ਰਚਾਰ ਫੇਰੀਆਂ, ਜਿਨ੍ਹਾਂ ਨੂੰ ਅਸੀਂ ਉਦਾਸੀਆਂ ਆਖਦੇ ਹਾਂ, ਦੌਰਾਨ ਹਰਿਦੁਆਰ ਪੁੱਜੇ, ਜਿਥੇ ਇੱਕ ਬ੍ਰਾਹਮਣ ਉਸ ਵੇਲੇ ਭੋਜਨ ਬਨਾਉਣ ਦੀ ਤਿਆਰੀ ਕਰ ਰਿਹਾ ਸੀ। ਉਸਨੇ ਆਪਣੇ ਚੌਂਕੇ ਵਿੱਚ ਗੋਬਰ ਦਾ ਪੋਚਾ ਮਾਰ ਕੇ, ਪਾਣੀ ਦੀ ਚੁਲੀ ਨਾਲ ਚੌਂਕੇ ਦੇ ਆਲੇ ਦੁਆਲੇ ਇੱਕ ਕਾਰ (ਲੀਕ) ਕੱਢੀ ਅਤੇ ਆਪਣੇ ਵਲੋਂ ਚੌਂਕਾ ਪਵਿੱਤਰ (ਉਨ੍ਹਾਂ ਦੀ ਸੋਚ ਅਨੁਸਾਰ) ਕੀਤਾ ਅਤੇ ਅੱਗ ਬਾਲ ਕੇ ਭੋਜਨ ਬਨਾਉਣਾ ਸ਼ੁਰੂ ਕੀਤਾ। ਗੁਰੂ ਨਾਨਕ ਪਾਤਿਸ਼ਾਹ ਨੇ ਮਰਦਾਨਾ ਜੀ ਨੂੰ ਕਿਹਾ, ਮਰਦਾਨਿਆਂ ਲੰਗਰ ਛਕਣ ਦਾ ਸਮਾਂ ਹੋ ਗਿਐ, ਤੂੰ ਵੀ ਪ੍ਰਸ਼ਾਦਾ ਬਣਾ ਲੈ। ਮਰਦਾਨਾ ਜੀ ਕਹਿਣ ਲੱਗੇ, ਸਤਿਗੁਰੂ ਇਥੇ ਅੱਗ ਬਾਲਣ ਦਾ ਕੋਈ ਸਾਧਨ ਨਹੀਂ ਹੈ। ਸਤਿਗੁਰੂ ਨੇ ਕਿਹਾ, ਮਰਦਾਨਿਆਂ ਸਾਹਮਣੇ ਪੰਡਿਤ ਕੋਲੋਂ ਅੱਗ ਦੇ ਇਕ-ਦੋ ਕੋਲੇ ਮੰਗ ਲਿਆ। ਮਰਦਾਨਾ ਜੀ ਗੁਰੂ ਨਾਨਕ ਸਾਹਿਬ ਦਾ ਇਸ਼ਾਰਾ ਸਮਝ ਕੇ ਪੰਡਿਤ ਦੇ ਚੌਂਕੇ ਤੇ ਪਹੁੰਚ ਗਏ। ਜਿਵੇਂ ਹੀ ਪੰਡਿਤ ਨੇ ਵੇਖਿਆ, ਇੱਕ ਛੋਟੀ ਜ਼ਾਤ ਦੇ ਡੂੰਮ (ਮਰਾਸੀ) ਨੇ, ਉਸ ਦੇ ਪਵਿੱਤਰ ਚਂੌਕੇ ਨੂੰ ਭਿੱਟ ਦਿਤਾ ਹੈ, ਉਹ ਅੱਗ ਬਬੂਲਾ ਹੋ ਗਿਆ ਅਤੇ ਅੱਗ ਵਿੱਚੋਂ ਇੱਕ ਬਲਦੀ ਲੱਕੜ ਚੁੱਕ ਕੇ ਮਰਦਾਨਾ ਜੀ ਦੇ ਪਿੱਛੇ ਨਸਿਆ। ਅੱਗੇ ਮਰਦਾਨਾ ਜੀ ਅਤੇ ਮਗਰ ਗੁੱਸੇ ਨਾਲ ਲਾਲ-ਪੀਲਾ ਹੋਇਆ, ਉਹ ਬ੍ਰਾਹਮਣ ਗੁਰੂ ਨਾਨਕ ਪਾਤਿਸ਼ਾਹ ਕੋਲ ਪਹੁੰਚ ਗਏ। ਗੁਰੂ ਨਾਨਕ ਪਾਤਿਸ਼ਾਹ ਮੁਸਕਰਾ ਕੇ ਬੋਲੇ, ਪੰਡਿਤ ਜੀ! ਅਸੀਂ ਤਾਂ ਕੇਵਲ ਕੋਲਾ ਮੰਗਿਆ ਸੀ, ਤੁਸੀਂ ਪੂਰੀ ਲੱਕੜ ਹੀ ਲੈ ਆਏ ਹੋ, ਨਾਲੇ ਬੰਦਾ ਭੇਜਿਆ ਸੀ, ਤੁਹਾਨੂੰ ਆਪ ਖੇਚਲ ਕਰਨ ਦੀ ਕੀ ਲੋੜ ਸੀ? ਗੁਰੂ ਨਾਨਕ ਪਾਤਿਸ਼ਾਹ ਦੇ ਲਫਜ਼ਾਂ ਨੇ ਉਸ ਦੇ ਗੁੱਸੇ ਨੂੰ ਹੋਰ ਭੜਕਾ ਦਿੱਤਾ ਅਤੇ ਉਹ ਮਰਦਾਨਾ ਜੀ ਪ੍ਰਤੀ ਅਪਸ਼ਬਦ ਬੋਲਣ ਲਗਾ ਕਿ ਇਸ ਸ਼ੂਦਰ ਨੇ ਮੇਰਾ ਪਵਿੱਤਰ ਕੀਤਾ ਹੋਇਆ ਚੌਂਕਾ ਅਪਵਿੱਤਰ ਕਰ ਦਿੱਤਾ ਹੈ। ਗੁਰੂ ਨਾਨਕ ਸਾਹਿਬ ਨੇ ਉਸ ਨੂੰ ਸ਼ਾਂਤ ਕਰਕੇ ਸਮਝਾਇਆ, ਕਿ ਨਾਂ ਕੋਈ ਇਨਸਾਨ ਅਪਵਿੱਤਰ ਹੁੰਦਾ ਹੈ ਅਤੇ ਨਾਂ ਹੀ ਉਸ ਦੀ ਛੋਹ ਨਾਲ ਕੋਈ ਸਥਾਨ ਜਾਂ ਵਸਤ ਭਿੱਟਦੀ ਜਾਂ ਅਪਵਿੱਤਰ ਹੁੰਦੀ ਹੈ। ਅਪਵਿੱਤਰ ਤਾਂ ਸਾਡੇ ਮੰਦ ਕਰਮਾਂ ਵਾਲੇ ਔਗੁਣ ਹਨ, ਜਿਨ੍ਹਾਂ ਇਸ ਜੀਵਨ ਨੂੰ ਅਪਵਿੱਤਰ ਕੀਤਾ ਪਿਆ ਹੈ। ਲੋੜ ਉਨ੍ਹਾਂ ਮੰਦ ਕਰਮਾਂ ਨੂੰ ਤਿਆਗ ਕੇ ਇਸ ਜੀਵਨ ਨੂੰ ਪਵਿੱਤਰ ਕਰਨ ਦੀ ਹੈ। ਉਸ ਸਮੇਂ ਗੁਰੂ ਨਾਨਕ ਪਾਤਿਸ਼ਾਹ ਨੇ ਇਹ ਪਾਵਨ ਸ਼ਬਦ ਉਚਾਰਨ ਕੀਤਾ:

“ਕੁਬੁਧਿ ਡੂਮਣੀ, ਕੁਦਇਆ ਕਸਾਇਣਿ, ਪਰਨਿੰਦਾ ਘਟ ਚੂਹੜੀ, ਮੁਠੀ ਕ੍ਰੋਧਿ ਚੰਡਾਲਿ।। ਕਾਰੀ ਕਢੀ ਕਿਆ ਥੀਐ, ਜਾਂ ਚਾਰੇ ਬੈਠੀਆ ਨਾਲਿ।। ਸਚੁ ਸੰਜਮੁ ਕਰਣੀ ਕਾਰਾਂ, ਨਾਵਣੁ ਨਾਉ ਜਪੇਹੀ।। ਨਾਨਕ ਅਗੈ ਊਤਮ ਸੇਈ, ਜਿ ਪਾਪਾ ਪੰਦਿ ਨ ਦੇਹੀ।। ੧।। “ {ਸਲੋਕ ਮ: ੧, ਪੰਨਾ ੯੧}

ਭੈੜੀ ਮਤ (ਮਨੁੱਖ ਦੇ ਅੰਦਰ ਦੀ) ਮਿਰਾਸਣ ਹੈ, ਬੇ-ਤਰਸੀ ਕਸਾਇਣ ਹੈ, ਪਰਾਈ ਨਿੰਦਿਆ ਅੰਦਰ ਦੀ ਚੂਹੜੀ ਹੈ, ਤੇ ਕ੍ਰੋਧ ਚੰਡਾਲਣੀ (ਹੈ ਜਿਸ) ਨੇ (ਜੀਵ ਦੇ ਸ਼ਾਂਤ ਸੁਭਾਉ ਨੂੰ) ਠੱਗ ਰੱਖਿਆ ਹੈ। ਜੇ ਇਹ ਚਾਰੇ ਅੰਦਰ ਹੀ ਬੈਠੀਆਂ ਹੋਣ, ਤਾਂ (ਬਾਹਰ ਚੌਂਕਾ ਸੁੱਚਾ ਰੱਖਣ ਲਈ) ਲਕੀਰਾਂ ਕੱਢਣ ਦਾ ਕੀਹ ਲਾਭ? ਹੇ ਨਾਨਕ! ਜੋ ਮਨੁੱਖ ‘ਸੱਚ` ਨੂੰ (ਚੌਂਕਾ ਸੁੱਚਾ ਕਰਨ ਦੀ) ਜੁਗਤਿ ਬਣਾਂਦੇ ਹਨ, ਉੱਚੇ ਆਚਰਨ ਨੂੰ (ਚੌਂਕੇ ਦੀਆਂ) ਲਕੀਰਾਂ ਬਣਾਂਦੇ ਹਨ, ਜੋ ਨਾਮ ਜਪਦੇ ਹਨ ਤੇ ਇਸ ਨੂੰ (ਤੀਰਥ) ਇਸ਼ਨਾਨ ਸਮਝਦੇ ਹਨ, ਜੋ ਹੋਰਨਾਂ ਨੂੰ ਭੀ ਪਾਪਾਂ ਵਾਲੀ ਸਿੱਖਿਆ ਨਹੀਂ ਦੇਂਦੇ, ਉਹ ਮਨੁੱਖ ਪ੍ਰਭੂ ਦੀ ਹਜ਼ੂਰੀ ਵਿੱਚ ਚੰਗੇ ਗਿਣੇ ਜਾਂਦੇ ਹਨ। ੧।

ਅੱਜ ਸਿੱਖ ਕੌਮ ਅੰਦਰ ਹੀ ਮਹਾਂ-ਬ੍ਰਾਹਮਣ ਪੈਦਾ ਹੋ ਗਏ ਹਨ, ਜਿਨ੍ਹਾਂ ਦਾ ਚੌਕਾ ਉਨ੍ਹਾਂ ਦੇ ਜਥੇ ਤੋਂ ਬਾਹਰਲੇ ਸਿੱਖ ਦੇ ਛੂਹਣ ਨਾਲ ਹੀ ਅਪਵਿੱਤਰ ਹੋ ਜਾਂਦਾ ਹੈ, ਉਸ ਦੇ ਹੱਥ ਲੱਗਣ ਨਾਲ ਉਨ੍ਹਾਂ ਦਾ ਭੋਜਨ ਜੂਠਾ (ਭਿੱਟ) ਹੋ ਜਾਂਦਾ ਹੈ। ਭਲਾ ਕੋਈ ਪੁੱਛੇ! ਜਿਹੜੀ ਰਸਦ ਇਸਤੇਮਾਲ ਕਰ ਰਹੇ ਹੋ, ਇਹ ਕਿਹੜੀ ਘਰ ਉਗਾਈ ਅਤੇ ਸੰਭਾਲੀ ਹੈ? ਪਤਾ ਨਹੀਂ ਕਿਥੋਂ ਕਿਥੋਂ ਕਿਹੜੇ ਕਿਹੜੇ ਹਾਲਾਤ ਚੋਂ ਨਿਕਲ ਕੇ ਆਈ ਹੈ। ਇੱਕ ਹੋਰ ਛੋਟੀ ਜਿਹੀ ਗੱਲ ਯਾਦ ਆਈ। ਬਹੁਤ ਪਹਿਲੇ ਦੀ ਗੱਲ ਹੈ, ਅਜੇ ਸਤਿਗੁਰੂ ਨੇ ਗੁਰਮਤਿ ਗਿਆਨ ਦੀ ਬਹੁਤੀ ਸੋਝੀ ਨਹੀਂ ਸੀ ਬਖਸ਼ੀ, ਕੇਵਲ ਭਾਵਨਾ ਦੀ ਸਿੱਖੀ ਹੀ ਸੀ। ਘਰ ਪ੍ਰਭਾਤ ਫੇਰੀ ਬੁਲਾਈ ਸੀ, ਉਨ੍ਹਾਂ ਵਾਸਤੇ ਚਾਹ-ਪਾਣੀ ਦਾ ਪ੍ਰਬੰਧ ਕਰਨ ਨਿਕਲਿਆ। ਇੱਕ ਜਾਣਕਾਰ ਸਿੱਖ ਦੁੱਧ ਵੇਚਣ ਵਾਲੇ ਦੀ ਦੁਕਾਨ ਤੇ ਪੁੱਜਾ ਅਤੇ ਕਿਹਾ, ਪ੍ਰਭਾਤ ਫੇਰੀ ਲਈ ਦੁੱਧ ਚਾਹੀਦਾ ਹੈ, ਸਾਫ ਸੁਥਰਾ ਦੁੱਧ ਦੇਣਾ। ਉਸ ਮੁਸਕਰਾ ਕੇ ਕਿਹਾ ਸਰਦਾਰ ਜੀ! ਅਸੀ ਭਾਵੇਂ ਥਣਾਂ ਨੂੰ ਬਾਹਰੋਂ ਧੋ ਤਾਂ ਲੈਂਦੇ ਹਾਂ ਪਰ ਮੱਝਾਂ ਨੂੰ ਪਹਿਲਾਂ ਕੱਟੇ-ਕੱਟੀਆਂ ਜ਼ਰੂਰ ਚੁੰਘਦੇ ਹਨ, ਨਾਲੇ ਸਾਡੇ ਕੋਲ ਅੰਮ੍ਰਿਤਧਾਰੀ ਮੱਝ ਕੋਈ ਨਹੀਂ ਜੇ। ਉਸ ਸਿੱਧੇ ਸਾਦੇ ਸਿੱਖ ਦੇ ਇਨ੍ਹਾਂ ਵਿਅੰਗ ਭਰੇ ਸ਼ਬਦਾਂ ਨੇ ਅਕਲ ਦੇ ਸਾਰੇ ਪੜਦੇ ਹਿਲਾ ਦਿੱਤੇ। ਗੁਰਬਾਣੀ ਦੀਆਂ ਇਹ ਪੰਕਤੀਆਂ ਕੰਨਾਂ ਵਿੱਚ ਗੂੰਜ ਗਈਆਂ:

“ਦੂਧੁ ਤ ਬਛਰੈ ਥਨਹੁ ਬਿਟਾਰਿਓ।। ਫੂਲੁ ਭਵਰਿ, ਜਲੁ ਮੀਨਿ ਬਿਗਾਰਿਓ।। ੧।। ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵਉ।। ਅਵਰੁ ਨ ਫੂਲੁ, ਅਨੂਪੁ ਨ ਪਾਵਉ।। “ {ਗੂਜਰੀ ਸ੍ਰੀ ਰਵਿਦਾਸ ਜੀ, ਪੰਨਾ ੫੨੫}

ਦੁੱਧ ਤਾਂ ਥਣਾਂ ਤੋਂ ਹੀ ਵੱਛੇ ਨੇ ਜੂਠਾ ਕਰ ਦਿੱਤਾ; ਫੁੱਲ ਭੌਰੇ ਨੇ (ਸੁੰਘ ਕੇ) ਤੇ ਪਾਣੀ ਮੱਛੀ ਨੇ ਖ਼ਰਾਬ ਕਰ ਦਿੱਤਾ (ਸੋ, ਦੁੱਧ ਫੁੱਲ ਪਾਣੀ ਇਹ ਤਿੰਨੇ ਹੀ ਜੂਠੇ ਹੋ ਜਾਣ ਕਰਕੇ ਪ੍ਰਭੂ ਅੱਗੇ ਭੇਟ ਕਰਨ ਜੋਗੇ ਨਾਹ ਰਹਿ ਗਏ)। ੧।

ਹੇ ਮਾਂ ! ਗੋਬਿੰਦ ਦੀ ਪੂਜਾ ਕਰਨ ਲਈ ਮੈਂ ਕਿਥੋਂ ਕੋਈ ਚੀਜ਼ ਲੈ ਕੇ ਭੇਟ ਕਰਾਂ ? ਕੋਈ ਹੋਰ (ਸੁੱਚਾ) ਫੁੱਲ (ਆਦਿਕ ਮਿਲ) ਨਹੀਂ (ਸਕਦਾ)। ਕੀ ਮੈਂ (ਇਸ ਘਾਟ ਕਰ ਕੇ) ਉਸ ਸੋਹਣੇ ਪ੍ਰਭੂ ਨੂੰ ਪ੍ਰਾਪਤ ਨਹੀਂ ਕਰ ਸਕਾਂਗਾ ? ।

ਆਪਣੇ ਆਪ ਵਿੱਚ ਡਾਢੀ ਸ਼ਰਮਿੰਦਗੀ ਹੋਈ ਕਿ ਮੈਂ ਕੈਸੀ ਮੂਰਖਾਂ ਵਾਲੀ ਗੱਲ ਕੀਤੀ ਹੈ। ਜੀਵਨ ਦੀ ਇਸ ਸਚਾਈ ਨੂੰ ਜਾਨਣ ਤੋਂ ਬਾਅਦ ਕਿਸ ਸੁੱਚ ਅਤੇ ਪਵਿਤ੍ਰਤਾ ਦਾ ਵਿਖਾਵਾ ਕੀਤਾ ਜਾ ਰਿਹਾ ਹੈ? ਹੈਰਾਨਗੀ ਦੀ ਗੱਲ ਹੈ ਕਿ ਭੋਲੇ ਭਾਲੇ, ਗਿਆਨ ਵਿਹੂਣੇ ਸਿੱਖ ਉਨ੍ਹਾਂ ਦਾ ਵਿਸ਼ੇਸ਼ ਸਤਿਕਾਰ ਕਰਦੇ ਹਨ, ਜਦਕਿ ਹਰ ਉਹ ਕਰਮ, ਜੋ ਗੁਰਮਤਿ ਦੇ ਵਿਰੁਧ ਹੈ, ਉਸ ਨੂੰ ਨਿੰਦਿਆ ਜਾਣਾ ਚਾਹੀਦਾ ਹੈ। ਕੌਡਾ ਭੀਲ, ਜਿਸਨੂੰ ਅਸੀਂ ਅੱਜ ਵੀ ‘ਰਾਕਸ਼` ਆਖਦੇ ਹਾਂ, ਭਾਈ ਸੱਜਣ, ਜਿਸ ਨੂੰ ਹੁਣ ਵੀ ‘ਠੱਗ` ਹੀ ਕਹੀ ਜਾ ਰਹੇ ਹਾਂ, ਐਸੇ ਕਈ ਬ੍ਰਾਹਮਣ ਤੇ ਹੋਰ ਮਨੁੱਖਾਂ ਦਾ ਜੀਵਨ, ਗੁਰੂ ਨਾਨਕ ਸਾਹਿਬ ਦਾ ਇੱਕ ਸ਼ਬਦ ਸੁਣ ਕੇ ਬਦਲ ਗਿਆ, ਸਾਰੀ ਮੈਲ ਲਹਿ ਗਈ ਅਤੇ ਜੀਵਨ ਪਵਿੱਤਰ ਹੋ ਗਿਆ। ਇਥੇ ਰੋਜ਼ ਢੋਲਕੀਆਂ ਛੈਣੇ ਖੜਕਾ ਕੇ ਪਤਾ ਨਹੀਂ ਕਿਤਨੇ ਸ਼ਬਦਾਂ ਦਾ ਰਟਨ ਹੋ ਰਿਹਾ ਹੈ, ਪਰ ਮਨ ਤੋਂ ਅਗਿਆਨਤਾ ਦੀ ਮੈਲ ਨਹੀਂ ਲਹਿੰਦੀ। ਕਾਰਨ ਇਕੋ ਹੋ ਸਕਦਾ ਹੈ, ਕਦੇ ਸ਼ਬਦ ਨੂੰ ਸਤਿਗੁਰੂ ਦਾ ਇਲਾਹੀ ਗਿਆਨ ਪ੍ਰਾਪਤ ਕਰਨ ਲਈ ਨਹੀਂ ਪੜ੍ਹਿਆ ਜਾਂ ਗਾਇਨ ਕੀਤਾ।

ਗੁਰਮਤਿ ਵਿੱਚ ਐਸੀ ਬਾਹਰ ਦੀ ਪਵਿੱਤ੍ਰਤਾ ਦੀ ਕੋਈ ਮਹਤੱਤਾ ਨਹੀਂ। ਗੁਰਬਾਣੀ ਤਾਂ ਮਨ ਨੂੰ ਪਵਿੱਤਰ ਕਰਨ ਲਈ ਪ੍ਰੇਰਦੀ ਹੈ ਜਿਸ ਨਾਲ ਜੀਵਨ ਪਵਿੱਤਰ ਹੋ ਜਾਵੇ। ਇਸ ਪ੍ਰਥਾਏ ਗੁਰਬਾਣੀ ਦੇ ਬੇਅੰਤ ਪ੍ਰਮਾਣ ਹਨ, ਜਿਨ੍ਹਾਂ ਵਿੱਚੋਂ ਕੁੱਝ ਇੱਕ ਹੇਠਾਂ ਸਾਂਝੇ ਕਰ ਰਿਹਾ ਹਾਂ:

“ਅੰਤਰਿ ਜੂਠਾ ਕਿਉ ਸੁਚਿ ਹੋਇ।। ਸਬਦੀ ਧੋਵੈ ਵਿਰਲਾ ਕੋਇ।। ਗੁਰਮੁਖਿ ਕੋਈ ਸਚੁ ਕਮਾਵੈ।। ਆਵਣੁ ਜਾਣਾ ਠਾਕਿ ਰਹਾਵੈ।। “ (ਪ੍ਰਭਾਤੀ ਮਹਲਾ ੧, ਪੰਨਾ ੧੩੪੪)

ਜਿਸ ਮਨੁੱਖ ਦਾ ਮਨ (ਵਿਕਾਰਾਂ ਨਾਲ) ਮੈਲਾ ਹੋ ਚੁਕਾ ਹੋਵੇ ਉਸ ਦੇ ਅੰਦਰ (ਬਾਹਰਲੇ ਇਸ਼ਨਾਨ ਆਦਿਕ ਨਾਲ) ਪਵਿਤ੍ਰਤਾ ਨਹੀਂ ਆ ਸਕਦੀ। ਕੋਈ ਵਿਰਲਾ ਮਨੁੱਖ ਗੁਰੂ ਦੇ ਸ਼ਬਦ ਨਾਲ ਹੀ (ਮਨ ਨੂੰ) ਸਾਫ਼ ਕਰਦਾ ਹੈ। ਕੋਈ ਵਿਰਲਾ ਹੀ ਗੁਰੂ ਦੀ ਸਰਨ ਪੈ ਕੇ ਸਦਾ-ਥਿਰ ਨਾਮ ਨੂੰ ਸਿਮਰਨ ਦੀ ਕਾਰ ਕਰਦਾ ਹੈ ਤੇ ਆਪਣੇ ਮਨ ਦੀ ਭਟਕਣਾ ਨੂੰ ਰੋਕ ਰੱਖਦਾ ਹੈ। ੬।

“ਤਨੁ ਸੂਚਾ ਸੋ ਆਖੀਐ ਜਿਸੁ ਮਹਿ ਸਾਚਾ ਨਾਉ।। ਭੈ ਸਚਿ ਰਾਤੀ ਦੇਹੁਰੀ ਜਿਹਵਾ ਸਚੁ ਸੁਆਉ।। ਸਚੀ ਨਦਰਿ ਨਿਹਾਲੀਐ ਬਹੁੜਿ ਨ ਪਾਵੈ ਤਾਉ।। “ {ਸਿਰੀ ਰਾਗੁ ਮਹਲਾ ੧, ਪੰਨਾ ੧੯}

ਜੇਹੜਾ ਸੁੰਦਰ ਸਰੀਰ ਪਰਮਾਤਮਾ ਦੇ ਅਦਬ-ਪਿਆਰ ਵਿੱਚ ਪਰਮਾਤਮਾ ਦੀ ਯਾਦ ਵਿੱਚ ਰੰਗਿਆ ਰਹਿੰਦਾ ਹੈ, ਜਿਸ ਦੀ ਜੀਭ ਨੂੰ ਸਿਮਰਨ ਹੀ (ਆਪਣੀ ਹਸਤੀ ਦਾ) ਅਸਲ ਮਨੋਰਥ ਜਾਪਦਾ ਹੈ, ਜਿਸ ਸਰੀਰ ਵਿੱਚ ਸਦਾ-ਥਿਰ ਪ੍ਰਭੂ ਦਾ ਨਾਮ ਟਿਕਿਆ ਰਹਿੰਦਾ ਹੈ ਉਹੀ ਸਰੀਰ ਪਵਿਤ੍ਰ ਅਖਵਾ ਸਕਦਾ ਹੈ। ਜਿਸ ਉਤੇ ਪ੍ਰਭੂ ਦੀ ਮਿਹਰ ਦੀ ਨਜ਼ਰ ਹੁੰਦੀ ਹੈ, ਉਹ ਮੁੜ ਮੁੜ (ਚੌਰਾਸੀ ਦੇ ਗੇੜ ਦੀ ਕੁਠਾਲੀ ਵਿੱਚ ਪੈ ਕੇ) ਤਾਅ (ਸੇਕ) ਨਹੀਂ ਸਹਾਰਦਾ। ੨।

“ਅਨਦਿਨੁ ਸੂਚੇ ਹਰਿ ਗੁਣ ਸੰਗਾ।। “ {ਆਸਾ ਮਹਲਾ ੧, ਪੰਨਾ ੩੫੪}

ਜੇਹੜੇ ਮਨੁੱਖ ਹਰ ਰੋਜ਼ (ਹਰ ਵੇਲੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਾਲ ਸਾਥ ਬਣਾਂਦੇ ਹਨ ਉਹਨਾਂ ਦਾ ਜੀਵਨ ਪਵਿਤ੍ਰ ਹੁੰਦਾ ਹੈ।

“ਮਨਿ, ਮੁਖਿ, ਸੂਚੇ ਜਾਣੀਅਹਿ, ਗੁਰਮੁਖਿ ਜਿਨਾ ਗਿਆਨੁ।। “ {ਸਿਰੀਰਾਗੁ ਮਹਲਾ ੧, ਪੰਨਾ ੫੫}

ਮਨ ਅਤੇ ਮੂੰਹ ਉਨ੍ਹਾਂ ਦੇ ਸੁੱਚੇ ਹੁੰਦੇ ਹਨ, ਜਿਨ੍ਹਾਂ ਗੁਰੂ ਦੀ ਸ਼ਰਨ ਪੈਕੇ, ਗੁਰੂ ਦਾ ਗਿਆਨ ਪ੍ਰਾਪਤ ਕਰ ਲਿਆ ਹੈ।

ਹੈਰਾਨਗੀ ਇਸ ਗੱਲ ਦੀ ਹੈ ਕਿ ਗੁਰਬਾਣੀ ਦੇ ਇਤਨੇ ਲਾਸਾਨੀ ਪ੍ਰਮਾਣ ਹੋਣ ਦੇ ਬਾਵਜੂਦ ਬਹੁਤ ਸਾਰੇ ਸਿੱਖ ਇਸ ਬਾਹਰ ਦੀ ਵਿਖਾਵੇ ਦੀ ਪਵਿੱਤ੍ਰਤਾ ਵਿੱਚ ਉਲਝ ਗਏ ਹਨ। ਇਹ ਜੋ ਸਿੱਖ ਰਹਿਤ ਮਰਯਾਦਾ ਵਿੱਚ ਸੁੱਚ ਜੂਠ ਬਾਰੇ ਸਪੱਸ਼ਟਤਾ ਨਹੀਂ, ਉਸ ਨੇ ਵੀ ਵੱਡੇ ਭੁਲੇਖੇ ਖੜੇ ਕੀਤੇ ਹਨ ਅਤੇ ਸਿੱਖ ਕੌਮ ਅੰਦਰ ਪਵਿੱਤ੍ਰਤਾ ਦੇ ਨਾਂ ਤੇ ਇਹ ਕਰਮ ਕਾਂਡ ਸ਼ੁਰੂ ਹੋ ਗਏ ਹਨ। ਇਹ ਜ਼ਰੂਰੀ ਹੈ ਕਿ ਗੁਰਬਾਣੀ ਦੀ ਰੌਸ਼ਨੀ ਵਿੱਚ ਸਿੱਖ ਰਹਿਤ ਮਰਯਾਦਾ ਦੀ ਇਸ ਮੱਦ ਨੂੰ ਸਪੱਸ਼ਟ ਕੀਤਾ ਜਾਵੇ।

‘ਤਨਖਾਹੀਏ ਇਹ ਹਨ`, ਦੀ ਮੱਦ (3) ਵਿੱਚ ਲਿਖਿਆ ਹੈ: ਦਾਹੜਾ ਰੰਗਣ ਵਾਲਾ

ਇਥੇ ਵੀ ਉਹੀ ‘ਹੁਕਮਿ ਰਜਾਈ ਚਲਣਾ` ਦਾ ਸਿਧਾਂਤ ਲਾਗੂ ਹੁੰਦਾ ਹੈ। ਜੇ ਕੇਸ ਆਉਂਦੇ ਉਸ ਦੇ ਹੁਕਮ ਵਿੱਚ ਹਨ ਤਾਂ ਕਾਲੇ ਤੋਂ ਸਫੈਦ ਵੀ ਉਸੇ ਦੇ ਹੁਕਮ ਵਿੱਚ ਹੁੰਦੇ ਹਨ। ਫਿਰ ਜੇ ਅਸੀਂ ਗੈਰ ਕੁਦਰਤੀ ਤਰੀਕਿਆਂ ਨਾਲ ਉਨ੍ਹਾਂ ਨੂੰ ਕਾਲੇ ਕਰਦੇ ਹਾਂ ਤਾਂ ਇਹ ਵੀ ਅਕਾਲ-ਪੁਰਖ ਦੇ ਅਟੱਲ ਨੇਮ ਨਾਲ ਖਿਲਵਾੜ ਕਰਨਾ ਹੈ। ਕਈ ਕਹਿੰਦੇ ਹਨ ਕਿ ਚਿੱਟੇ ਵਾਲ ਕਾਲੇ ਕਰ ਕੇ ਅਸੀਂ ਅਕਾਲ-ਪੁਰਖ ਦੀ ਇਸ ਦਾਤ ਨੂੰ ਸਵਾਰਦੇ ਸ਼ਿੰਗਾਰਦੇ ਹਾਂ। ਕਈ ਮੂਰਖ ਕੇਸ ਕੱਟਣ ਬਾਰੇ ਵੀ ਐਸਾ ਕਹਿ ਦੇਂਦੇ ਹਨ। ਇਹ ਸਭ ਆਪਣੇ ਗਲਤ ਕਰਮਾਂ ਨੂੰ ਠੀਕ ਠਹਿਰਾਉਣ ਲਈ ਢੁਚਕਰਾਂ ਹਨ। ਦੋਹਾਂ ਹੀ ਹਾਲਾਤ ਵਿੱਚ ਅਕਾਲ-ਪੁਰਖ ਦੀ ਸਿਆਣਪ ਤੇ ਸ਼ੱਕ ਕੀਤਾ ਜਾ ਰਿਹਾ ਹੈ। ਸਾਡਾ ਭਰਮ ਹੈ ਕਿ ਅਕਾਲ-ਪੁਰਖ ਨੂੰ ਕੇਸ ਸ਼ਿੰਗਾਰਨੇ ਨਹੀਂ ਆਏ, ਅਸੀਂ ਉਸ ਨਾਲੋਂ ਸਿਆਣੇ ਹਾਂ, ਉਸ ਦੀ ਭੁੱਲ ਨੂੰ ਸੁਧਾਰ ਰਹੇ ਹਾਂ।

ਅਸਲ ਵਿੱਚ ਇਹ ਸਾਡੀ ਫੈਸ਼ਨ ਪ੍ਰਸਤੀ ਚੋਂ ਨਿਕਲੀ ਹੋਈ ਬਹਾਨੇ ਬਾਜੀ ਹੈ। ਅਸੀਂ ਆਪਣੀ ਉਮਰ ਨੂੰ ਵੀ ਧੋਖਾ ਦੇਣਾ ਚਾਹੁੰਦੇ ਹਾਂ, ਬੁਢਾਪੇ ਵਿੱਚ ਵੀ ਜਵਾਨ ਦਿਸਣਾ ਚਾਹੁੰਦੇ ਹਾਂ। ਕੋਈ ਪੁੱਛੇ ਕਿ ਕੀ ਇਸ ਨਾਲ ਅਸੀਂ ਆਪਣੀ ਮੌਤ ਨੂੰ ਵੀ ਧੋਖਾ ਦੇ ਸਕਦੇ ਹਾਂ? ਕੀ ਮੌਤ ਕਿਸੇ ਦੇ ਕਾਲੇ ਵਾਲ ਵੇਖ ਕੇ ਟੱਲ ਜਾਵੇਗੀ? ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਨਾਲ ਜੁੜੀ ਹੋਈ ਇੱਕ ਵਧੀਆ ਕਹਾਣੀ ਹੈ ਜੋ ਇਸ ਗੱਲ ਨੂੰ ਸਮਝਣ ਲਈ ਬਹੁਤ ਸਹਾਈ ਹੋਵੇਗੀ। ਮਹਾਰਾਜਾ ਰਣਜੀਤ ਸਿੰਘ ਦੀ ਦਾਹੜੀ ਵਿੱਚ ਕੁੱਝ ਚਿੱਟੇ ਵਾਲ ਆ ਗਏ। ਡੋਗਰੇ, ਜੋ ਮਹਾਰਾਜੇ ਦੀ ਚਮਚਾਗਿਰੀ ਕਰਨ ਦੇ ਨਾਲ, ਸਦਾ ਉਸ ਨੂੰ ਸਿੱਖੀ ਜੀਵਨ ਤੋਂ ਗੁਮਰਾਹ ਕਰਨ ਦੀ ਤਾਕ ਵਿੱਚ ਰਹਿੰਦੇ ਸਨ, ਨੇ ਸਲਾਹ ਦਿੱਤੀ ਕਿ ਮਹਾਰਾਜਾ ਸਾਹਿਬ ਤੁਸੀਂ ਤਾਂ ਅਜੇ ਭਰ ਜੁਆਨ ਹੋ, ਇਹ ਚਿੱਟੇ ਵਾਲ ਚੰਗੇ ਨਹੀਂ ਲਗਦੇ, ਇਨ੍ਹਾਂ ਨੂੰ ਥੋੜ੍ਹਾ ਕਲਫ ਲਾ ਲਿਆ ਕਰੋ। ਮਹਾਰਾਜਾ ਕਹਿਣ ਲੱਗਾ, ਭਾਈ ਸਾਰੀ ਕੌਮ ਦਾ ਧਿਆਨ ਮੇਰੇ ਵੱਲ ਰਹਿੰਦਾ ਹੈ, ਮੈਂ ਨਹੀਂ ਚਾਹੁੰਦਾ ਕੋਈ ਨਵਾਂ ਵਿਵਾਦ ਖੜਾ ਹੋ ਜਾਵੇ, ਚੰਗਾ ਹੋਵੇ ਇਸ ਬਾਰੇ ਕਿਸੇ ਗੁਰਮਤਿ ਦੀ ਜਾਣਕਾਰ, ਧਾਰਮਿਕ ਸ਼ਖਸੀਅਤ ਕੋਲੋਂ ਸਲਾਹ ਲੈ ਲਈ ਜਾਵੇ। ਅਕਾਲੀ ਫੂਲਾ ਸਿੰਘ ਜੀ ਗੁਰਮਤਿ ਦੇ ਚੰਗੇ ਜਾਣਕਾਰ ਹਨ, ਕਿਸੇ ਨੂੰ ਭੇਜ ਕੇ ਪਹਿਲਾਂ ਉਨ੍ਹਾਂ ਤੋਂ ਸਲਾਹ ਲੈ ਲਓ ਕਿ ਇਸ ਵਿੱਚ ਕੋਈ ਹਰਜ ਤਾਂ ਨਹੀਂ? ਇੱਕ ਏਲਚੀ ਨੂੰ ਅਕਾਲੀ ਜੀ ਕੋਲ ਭੇਜਿਆ ਗਿਆ, ਜਿਸ ਨੇ ਜਾਕੇ ਸਾਰੀ ਗੱਲ ਉਨ੍ਹਾਂ ਨੂੰ ਦੱਸੀ ਅਤੇ ਪੁਛਿਆ ਕਿ ਜੇ ਮਹਾਰਾਜਾ ਸਾਹਿਬ ਆਪਣੇ ਚਿੱਟੇ ਵਾਲਾਂ ਨੂੰ ਕਾਲੇ ਕਰ ਲੈਣ ਤਾਂ ਗੁਰਮਤਿ ਅਨੁਸਾਰ ਕੋਈ ਹਰਜ ਤਾਂ ਨਹੀਂ? ਜਿਹੜਾ ਜੁਆਬ ਅਕਾਲੀ ਫੂਲਾ ਸਿੰਘ ਜੀ ਨੇ ਦਿੱਤਾ, ਜੇ ਉਹ ਸਮਝ ਲੱਗ ਜਾਵੇ ਤਾਂ ਹੋਰ ਕਿਸੇ ਸਪੱਸ਼ਟਤਾ ਦੀ ਲੋੜ ਨਹੀਂ। ਅਕਾਲੀ ਜੀ ਨੇ ਕਿਹਾ,

“ਜਾਹ ਆਖੀਂ ਕਾਣੇ ਢੱਗੇ ਨੂੰ, ਕਿਉਂ ਕਾਲਾ ਕਰਨੈ ਬੱਗੇ ਨੂੰ।

ਜੇ ਆਖਿਰ ਇੱਕ ਦਿਨ ਮਰਨਾ ਈ, ਤਾਂ ਮੂੰਹ ਕਿਉਂ ਕਾਲਾ ਕਰਨਾ ਈ”।

ਦਾਹੜੇ ਜਾਂ ਕੇਸਾਂ ਨੂੰ ਰੰਗਣਾ, ਅਕਾਲ ਪੁਰਖ ਦੇ ਅਟੱਲ ਨੇਮ ਤੋਂ ਬਾਗ਼ੀ ਹੋਣਾ ਹੈ, ਅਤੇ ਐਸਾ ਕਰਨ ਵਾਲਾ ਬੇਸ਼ਕ ਤਨਖਾਹੀਆ ਹੈ। ਉਸ ਨੂੰ ਇਸ ਗੁਰਮਤਿ ਵਿਰੋਧੀ ਕਰਮ ਨੂੰ ਫੌਰਨ ਬੰਦ ਕਰ ਕੇ ਤਨਖਾਹ ਲੁਆ ਕੇ ਭੁੱਲ ਬਖਸ਼ਾਉਣੀ ਚਾਹੀਦੀ ਹੈ।

‘ਤਨਖਾਹੀਏ ਇਹ ਹਨ`, ਦੀ ਮੱਦ (4) ਵਿੱਚ ਲਿਖਿਆ ਹੈ: ਪੁੱਤਰ ਜਾਂ ਧੀ ਦਾ ਸਾਕ ਮੁੱਲ ਲੈਕੇ ਜਾਂ ਦੇਕੇ ਕਰਨ ਵਾਲਾ।

ਸਮਾਜ ਵਿੱਚ ਇਹ ਭੈੜੀ ਰਵਾਇਤ ਪੁਰਾਣੇ ਸਮੇਂ ਤੋਂ ਰਹੀ ਹੈ। ਗੁਰਮਤਿ ਇਨਕਲਾਬ ਨਾਲ ਇਸ ਨੂੰ ਕਾਫੀ ਠੱਲ ਪਈ ਸੀ, ਪਰ ਕਿਉਂਕਿ ਸਿੱਖ ਹੁਣ ਕੇਵਲ ਗੁਰਬਾਣੀ ਰੱਟਨ ਤੱਕ ਸੀਮਤ ਹੋ ਗਏ ਹਨ, ਪੜ੍ਹ ਸਮਝ ਕੇ ਜੀਵਨ ਵਿੱਚ ਧਾਰਨ ਵਾਲੀ ਗੱਲ ਤਕਰੀਬਨ ਮੁੱਕੀ ਹੀ ਪਈ ਹੈ, ਹੁਣ ਫਿਰ ਇਹ ਘਟੀਆ ਰਿਵਾਇਤ ਦੋ ਤਰ੍ਹਾਂ ਨਾਲ ਸਮਾਜ ਵਿੱਚ ਕਾਬਜ਼ ਹੋ ਗਈ ਹੈ।

ਪਹਿਲਾਂ ਤਾਂ ਧੀਆਂ ਮਾਰਨ ਦੇ ਮੁੜ ਤੋਂ ਚਲੇ ਗੈਰ ਮਨੁੱਖੀ ਰੁਝਾਨ ਕਾਰਨ, ਲੜਕੀਆਂ ਦੀ ਗਿਣਤੀ ਘਟਣ ਕਾਰਨ, ਕਈਆਂ ਨੂੰ ਲੜਕਿਆਂ ਵਾਸਤੇ ਰਿਸ਼ਤੇ ਨਹੀਂ ਮਿਲਦੇ ਤਾਂ ਉਹ ਆਪਣੇ ਤੋਂ ਗਰੀਬ ਘਰਾਂ ਦੀਆਂ ਲੜਕੀਆਂ ਮੁੱਲ ਨਾਲ ਖਰੀਦ ਲੈਂਦੇ ਹਨ। ਹਾਲਾਂਕਿ ਇਸ ਨੂੰ ਵਿਆਹ ਕਰਨਾ ਹੀ ਕਿਹਾ ਜਾਂਦਾ ਹੈ ਅਤੇ ਰਸਮੀ ਤੌਰ ਤੇ ਵਿਆਹ ਕੀਤਾ ਵੀ ਜਾਂਦਾ ਹੈ, ਪਰ ਸਚਾਈ ਇਹੀ ਹੈ ਕਿ ਉਹ ਲੜਕੀ ਖਰੀਦੀ ਗਈ ਹੁੰਦੀ ਹੈ। ਐਸੇ ਰਿਸ਼ਤਿਆ ਵਿੱਚ ਨਾ ਤਾਂ ਸਤਿਕਾਰ ਹੁੰਦਾ ਹੈ, ਨਾ ਕੋਈ ਮਨੁੱਖੀ ਭਾਵਨਾਵਾਂ ਦੀ ਕਦਰ ਕੀਮਤ, ਨਾ ਕੋਈ ਪਸੰਦ, ਘੱਟੋ ਘੱਟ ਲੜਕੀ ਦੀ ਤਾਂ ਬਿਲਕੁਲ ਨਹੀਂ। ਇਹ ਤਾਂ ਸਿੱਧਾ ਸਾਦਾ ਵਪਾਰ ਹੁੰਦਾ ਹੈ। ਐਸੇ ਕਈ ਕੇਸ ਪਿਛਲੇ ਦਿਨੀਂ ਪੰਜਾਬ ਵਿੱਚ ਬਲਕਿ ਸਿੱਖ ਪਰਿਵਾਰਾਂ ਵਿੱਚ ਵੀ ਵਾਪਰੇ ਹਨ ਅਤੇ ਜਿਵੇਂ ਧੀਆਂ ਮਾਰਨ ਦਾ ਰੁਝਾਨ ਚੱਲ ਰਿਹਾ ਹੈ, ਜੇ ਇਸ ਨੂੰ ਫੌਰੀ ਠੱਲ ਪਾਉਣ ਦੇ ਕੋਈ ਠੋਸ ਉਪਰਾਲੇ ਨਾ ਕੀਤੇ ਗਏ ਤਾਂ ਇਸ ਰੋਗ ਦੇ ਵਧਣ ਦੇ ਪੂਰੇ ਆਸਾਰ ਹਨ। ਕਿਸੇ ਮਨੁੱਖ ਨੂੰ ਜਾਨਵਰਾਂ ਵਾਂਗ ਵੇਚਣਾ, ਗੈਰ ਇਖਲਾਕੀ ਕੰਮ ਤਾਂ ਹੈ ਹੀ, ਇਸ ਦਾ ਸਿੱਖ ਸਮਾਜ ਤੇ ਹੋਰ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਹੈ। ਅਕਸਰ ਇਹ ਲੜਕੀਆਂ ਯੂ ਪੀ, ਬਿਹਾਰ ਜਾਂ ਹੋਰ ਬਹੁਤ ਪੱਛੜੇ ਇਲਾਕਿਆਂ ਚੋਂ ਖਰੀਦੀਆਂ ਜਾਂਦੀਆਂ ਹਨ। ਉਨ੍ਹਾਂ ਦੀ ਸਿੱਖ ਧਰਮ ਬਾਰੇ ਕੋਈ ਜਾਣਕਾਰੀ ਹੋਣ ਦਾ ਤਾਂ ਸੁਆਲ ਹੀ ਨਹੀਂ ਬਲਕਿ ਦੁਨਿਆਵੀ ਵਿਦਿਅਕ ਯੋਗਤਾ ਵੀ ਕੋਈ ਨਹੀਂ ਹੁੰਦੀ, ਜਿਸ ਦਾ ਸਿੱਧਾ ਪ੍ਰਭਾਵ ਅਗਲੀ ਪੀੜੀ ਤੇ ਪੈਂਦਾ ਹੈ, ਕਿਉਂਕਿ ਬੱਚਿਆਂ ਦੀ ਪਾਲਣਾ ਤਾਂ ਮਾਂ ਨੇ ਹੀ ਕਰਨੀ ਹੈ ਅਤੇ ਉਸ ਤੋਂ ਹੀ ਅਗਲੀ ਪੀੜੀ ਨੂੰ ਸੰਸਕਾਰ ਮਿਲਣੇ ਹਨ। ਇਸ ਨਾਲ ਪੰਜਾਬ ਵਿੱਚ ਪਹਿਲਾਂ ਹੀ ਸਿੱਖੀ ਦੀ ਨਿਘਰਦੀ ਜਾ ਰਹੀ ਹਾਲਤ ਤੇ ਹੋਰ ਮਾੜਾ ਅਸਰ ਪੈ ਰਿਹਾ ਹੈ।

ਪੁੱਤਰ ਜਾਂ ਧੀ ਦਾ ਸਾਕ ਮੁੱਲ ਲੈਕੇ ਜਾਂ ਦੇਕੇ ਕਰਨ ਵਾਲੀ ਭੈੜੀ ਰਵਾਇਤ ਦਾ ਦੂਸਰਾ ਰੂਪ ਹੈ ਦਾਜ-ਦਹੇਜ। ਜਦੋਂ ਇਹ ਪ੍ਰਥਾ ਸ਼ੁਰੂ ਹੋਈ, ਇਹ ਇੱਕ ਵਧੀਆ ਪ੍ਰਥਾ ਸੀ। ਵਿਆਹ ਸ਼ਾਦੀ ਦੇ ਮੌਕੇ ਲੜਕੀ ਅਤੇ ਲੜਕੇ ਦੇ ਰਿਸ਼ਤੇਦਾਰ ਅਤੇ ਸੱਜਣ-ਮਿੱਤਰ, ਉਨ੍ਹਾਂ ਦੇ ਮਾਤਾ-ਪਿਤਾ ਨੂੰ ਸ਼ਗਨ ਰੂਪ ਵਿੱਚ ਕੁੱਝ ਪੈਸੇ ਜਾਂ ਵਿਆਹ ਵਾਲੇ ਜੋੜੇ ਦੇ ਲੋੜ ਦੀਆਂ ਚੀਜ਼ਾਂ ਦੇਂਦੇ। ਇਸ ਸਭ ਦੇ ਨਾਲ ਵਿਆਹੁਤਾ ਜੋੜੇ ਦੀ ਘਰ-ਗ੍ਰਿਹਸਤੀ ਚਲਾਉਣ ਵਾਸਤੇ ਸਾਰੇ ਪ੍ਰਬੰਧ ਕੀਤੇ ਜਾਂਦੇ ਅਤੇ ਵਿਆਹ ਦੇ ਦੂਸਰੇ ਖਰਚੇ ਕੀਤੇ ਜਾਂਦੇ। ਲੜਕੇ, ਲੜਕੀ ਦੇ ਮਾਤਾ-ਪਿਤਾ ਤੇ ਬਹੁਤਾ ਬੋਝ ਨਾ ਪੈਂਦਾ ਅਤੇ ਬੱਚਿਆਂ ਦਾ ਵਿਆਹ ਹੋਕੇ ਘਰ-ਗ੍ਰਿਹਸਤੀ ਵੀ ਸਥਾਪਤ ਹੋ ਜਾਂਦੀ। ਇਹ ਜੋ ਸ਼ਗਨ ਲਏ ਦਿੱਤੇ ਜਾਂਦੇ, ਇਹ ਇੱਕ ਕਿਸਮ ਦੇ ਕਰਜੇ ਦੇ ਰੂਪ ਵਿੱਚ ਹੁੰਦੇ, ਜਿਸ ਨੂੰ ਪੰਜਾਬੀ ਸਮਾਜ ਵਿੱਚ ‘ਭਾਜੀ` ਕਿਹਾ ਜਾਂਦਾ। ਇਹ ਲਈ ਦਿੱਤੀ ਗਈ ਭਾਜੀ ਨੋਟ ਕਰ ਕੇ ਰੱਖੀ ਜਾਂਦੀ ਅਤੇ ਜਦੋਂ ਦੂਸਰੇ ਪਰਿਵਾਰ ਵਿੱਚ ਉਹ ਮੌਕਾ ਆਉਂਦਾ ਤਾਂ ਉਹ ਸ਼ਗਨ ਰੂਪ ਵਿੱਚ, ਉਤਨੀ ਹੀ ਉਸ ਪਰਿਵਾਰ ਨੂੰ ਮੋੜ ਦਿੱਤੀ ਜਾਂਦੀ। ਹਾਂ ਕਈ ਵਾਰੀ ਜੋ ਸਮਰੱਥ ਪਰਿਵਾਰ ਹੁੰਦੇ, ਉਹ ਆਪਣੇ ਗਰੀਬ ਰਿਸ਼ਤੇਦਾਰਾਂ ਕੋਲੋਂ, ਉਹ ਪੂਰਾ ਸ਼ਗਨ ਪ੍ਰਵਾਨ ਨਾ ਕਰਕੇ ਕੁੱਝ ਘੱਟ ਲੈ ਲੈਂਦੇ। ਇਹ ਸਮਾਜਕ ਤੌਰ ਤੇ ਆਪਸ ਵਿੱਚ ਇੱਕ ਦੂਸਰੇ ਦਾ ਭਾਰ ਵੰਡਾਉਣ ਅਤੇ ਗਰੀਬ ਰਿਸ਼ਤੇਦਾਰ ਜਾਂ ਦੋਸਤ ਮਿੱਤਰ ਦੀ ਮੱਦਦ ਕਰਨ ਦਾ ਵਧੀਆ ਤਰੀਕਾ ਸੀ। ਮੇਰੀ ਉਮਰ 66 ਸਾਲ ਦੀ ਹੈ, ਮੈਂ ਆਪਣੇ ਬਚਪਨ ਵਿੱਚ, ਆਪਣੇ ਪਰਿਵਾਰ ਵਿੱਚ ਇਹ ਲਏ ਦਿੱਤੇ ਸ਼ਗਨਾਂ ਦੇ ਹਿਸਾਬ ਦੀਆਂ ਕਾਪੀਆਂ ਵੇਖੀਆਂ ਹਨ, ਹਾਲਾਂਕਿ ਇਸ ਸਿਸਟਮ ਵਿੱਚ ਕਾਫੀ ਵਿਗਾੜ, ਉਸ ਵੇਲੇ ਵੀ ਆ ਚੁੱਕਾ ਸੀ।

ਅੱਜ ਇਹ ਦਾਜ-ਦਹੇਜ ਇੱਕ ਵੱਡਾ ਸਮਾਜਕ ਰੋਗ ਬਣ ਗਿਆ ਹੈ। ਅਸਲ ਵਿੱਚ ਅੱਜ ਇਸ ਦਾਜ ਦੇ ਨਾਂ ਹੇਠ, ਪੁਤਰਾਂ ਦਾ ਵਪਾਰ ਹੋ ਰਿਹਾ ਹੈ। ਕਈ ਸਮਾਜਾਂ ਵਿੱਚ ਤਾਂ ਇਹ ਵਪਾਰ ਸਿੱਧਾ ਹੀ ਕੀਤਾ ਜਾਂਦਾ ਹੈ, ਜਿਵੇਂ ਬਾਣੀਆਂ, ਮਾਰਵਾੜੀਆਂ ਆਦਿ ਵਿੱਚ ਤਾਂ ਲੜਕੇ ਦੀ ਸਿੱਧੀ ਕੀਮਤ ਪੈ ਜਾਂਦੀ ਹੈ, ਜੋ ਲੜਕੀ ਵਾਲਿਆਂ ਨੇ ਤਾਰਨੀ ਹੁੰਦੀ ਹੈ। ਬਸ ਫਰਕ ਸਿਰਫ ਇਤਨਾ ਹੈ ਕਿ ਉਹ ਲੜਕਾ ਵਿੱਕ ਕੇ ਵੀ, ਲੜਕਾ ਅਤੇ ਉਸ ਦਾ ਪਰਿਵਾਰ ਆਪਣੇ ਆਪ ਨੂੰ, ਸਿਰਫ ਲੜਕੇ ਵਾਲੇ ਹੋਣ ਕਾਰਨ, ਉੱਚਾ ਸਮਝਦੇ ਹਨ, ਅਤੇ ਲੜਕੀ ਦੇ ਪਰਿਵਾਰ ਨੂੰ ਨੀਵਾਂ। ਹੋਰ ਕਈ ਸਮਾਜਾਂ ਵਿੱਚ ਇਹ ਕੀਮਤ ਤੈਅ ਕੀਤੇ ਬਗੈਰ, ਲੜਕੇ ਦੀ ਕਾਬਲੀਅਤ ਅਤੇ ਉਸ ਦੇ ਪ੍ਰਵਾਰ ਦੀ ਹੈਸੀਅਤ ਅਨੁਸਾਰ ਦਾਜ ਦੇ ਰੂਪ ਵਿੱਚ ਤਾਰੀ ਜਾਂਦੀ ਹੈ। ਅਤਿ ਦੁਖ ਦੀ ਗੱਲ ਹੈ ਕਿ ਇਹ ਰੋਗ ਸਿੱਖ ਕੌਮ ਵਿੱਚ ਵੀ ਬੁਰੀ ਤਰ੍ਹਾਂ ਫੈਲ ਗਿਆ ਹੈ। ਜਿਤਨਾ ਇਹ ਚਲਣ ਸਿੱਖ ਕੌਮ ਵਿੱਚ ਵੱਧ ਗਿਆ ਹੈ, ਜਾਪਦਾ ਹੈ ਸਿੱਖਾਂ ਨੇ ਬਾਕੀ ਸਾਰਿਆਂ ਨੂੰ ਪਿੱਛੇ ਛੱਡ ਦਿੱਤਾ ਹੈ। ਸ਼ਗਨ ਹੁਣ ਵੀ ਲਏ ਦਿੱਤੇ ਜਾਂਦੇ ਹਨ, ਪਰ ਨਾ ਤਾਂ ਇਹ ਭਾਜੀ ਦੇ ਰੂਪ ਵਿੱਚ ਹੁੰਦੇ ਹਨ ਅਤੇ ਨਾ ਹੀ ਗਰੀਬ ਦੀ ਮਦਦ ਕਰਨ ਲਈ, ਬਲਕਿ ਗਰੀਬ ਨੂੰ ਅਮੀਰ ਦੀ ਹੈਸੀਅਤ ਵੇਖ ਕੇ ਉਸ ਅਨੁਸਾਰ ਆਪਣੀ ਵਿਤ ਤੋਂ ਬਾਹਰ ਜਾ ਕੇ ਦੇਣਾ ਪੈਂਦਾ ਹੈ ਅਤੇ ਜੇ ਅਮੀਰ ਦੇਂਦਾ ਹੈ ਤਾਂ ਉਹ ਉਸ ਗਰੀਬ ਦੀ ਹੈਸੀਅਤ ਮੁਤਾਬਕ ਦੇਂਦਾ ਹੈ। ਲੜਕੇ ਵਾਲੇ ਅਕਸਰ ਆਖਦੇ ਹਨ, ਅਸੀਂ ਕੋਈ ਮੰਗਿਆ ਥੋੜ੍ਹਾ ਹੈ, ਨਾਲੇ ਜਿਸ ਦੇਣਾ ਹੈ ਆਪਣੀ ਧੀ ਨੂੰ ਦੇਣਾ ਹੈ। ਜਦ ਉਸ ਧੀ ਨੇ ਵਸਣਾ ਆਕੇ ਸਹੁਰੇ, ਪਤੀ ਦੇ ਘਰ ਹੈ ਤਾਂ ਕੀ ਇਹ ਜ਼ਰੂਰੀ ਹੈ, ਉਹ ਪਿਤਾ ਦੇ ਘਰੋਂ ਦਾਜ ਜ਼ਰੂਰ ਲੈ ਕੇ ਆਵੇ? ਕਿ ਸਹੁਰੇ ਪਰਿਵਾਰ ਕੋਲ ਜਾਂ ਪਤੀ ਕੋਲ ਆਪਣੀ ਸਮਰੱਥਾ ਨਹੀਂ? ਜੇ ਮੰਗਿਆ ਨਹੀਂ, ਤਾਂ ਇਸ ਸਮਾਜਕ ਰੋਗ ਨੂੰ ਠੱਲ ਪਾਉਣ ਲਈ, ਇਨਕਾਰ ਵੀ ਤਾਂ ਨਹੀਂ ਕੀਤਾ। ਅਮੀਰ ਲੋਕ ਇਹ ਵਿਖਾਵਾ ਵੱਧ ਤੋਂ ਵੱਧ ਕਰਦੇ ਹਨ, ਉਹ ਇਸ ਨੂੰ ਆਪਣੀ ਅਮੀਰੀ ਵਿਖਾਉਣ ਦਾ ਮੌਕਾ ਸਮਝਦੇ ਹਨ। ਗਰੀਬ ਆਦਮੀਂ ਨੂੰ ਆਪਣੀ ਨੱਕ ਰੱਖਣ ਵਾਸਤੇ ਕਰਨਾ ਪੈਂਦਾ ਹੈ। ਕਈਆਂ ਦੇ ਘਰ ਵਿੱਕ ਜਾਂਦੇ ਹਨ, ਕਈਆਂ ਦੀਆਂ ਜ਼ਮੀਨਾਂ ਜਾਇਦਾਦਾਂ ਅਤੇ ਕਈ ਲੱਖਾਂ ਦੇ ਕਰਜਾਈ ਹੋ ਜਾਂਦੇ ਹਨ। ਅੱਜ ਗਰੀਬ ਇਸ ਦਾਜ ਦੀ ਚੱਕੀ ਵਿੱਚ ਬੁਰੀ ਤਰ੍ਹਾਂ ਪਿਸ ਰਿਹਾ ਹੈ। ਮੈਂ ਸਮਝਦਾ ਹਾਂ ਇਸੇ ਕਾਰਨ ਧੀਆਂ ਮਾਰਨ ਦਾ ਰੁਝਾਨ ਵੀ ਵਧਿਆ ਹੈ। ਬਹੁਤ ਸਾਰੇ ਪਿਤਾ ਜਦੋਂ ਆਪਣੇ ਆਪ ਨੂੰ ਇਹ ਫਰਜ਼ ਨਿਭਾਉਣ (ਭਾਰ ਚੁੱਕਣ) ਤੋਂ ਅਸਮਰਥ ਪਾਉਂਦੇ ਹਨ, ਆਤਮ-ਹੱਤਿਆ ਕਰ ਲੈਂਦੇ ਹਨ। ਵੈਸੇ ਇਸ ਦੇ ਦੋਸ਼ੀ ਕੇਵਲ ਲੜਕੇ ਵਾਲੇ ਹੀ ਨਹੀਂ, ਕਈ ਲੜਕੀਆਂ ਵਾਲੇ ਵੀ ਬਰਾਬਰ ਦੇ ਦੋਸ਼ੀ ਹਨ। ਕਈ ਕਹਿੰਦੇ ਹਨ, ਅਸੀਂ ਆਪਣੇ ਚਾਅ ਪੂਰੇ ਕਰਨੇ ਹਨ, ਕੋਈ ਆਪਣਾ ਨੱਕ ਰਖਣ ਲਈ ਦੇਣਾ ਚਾਹੁੰਦਾ ਹੈ। ਛਡਣਾ ਕੋਈ ਵੀ ਨਹੀਂ ਚਾਹੁੰਦਾ। ਅੱਜ ਲੋੜ ਹੈ ਕਿ ਇਸ ਵੱਡੀ ਸਮਾਜਕ ਬਿਮਾਰੀ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾਵੇ। ਸਰਕਾਰ ਵਲੋਂ ਇਸ ਪਾਪ ਕਰਮ ਵਿਰੁਧ ਕਈ ਵਾਰੀ ਕਨੂੰਨ ਵੀ ਬਣੇ ਹਨ, ਪਰ ਨਾ ਕਨੂੰਨ ਬਨਾਉਣ ਵਾਲੇ ਸੁਹਿਰਦ ਹਨ ਅਤੇ ਨਾ ਕਨੂੰਨ ਲਾਗੂ ਕਰਾਉਣ ਵਾਲੇ। ਜਿਵੇਂ ਪਹਿਲਾਂ ਉਪਰ ਦਿੱਤਾ ਜਾ ਚੁੱਕਾ ਹੈ, ਸਿੱਖ ਕੌਮ ਵਿੱਚ ਤਾਂ ਦਾਜ ਦਹੇਜ ਲੈਣ ਦੇਣ ਦੀ ਪੂਰੀ ਮਨਾਹੀ ਹੈ, ਫਿਰ ਜੇ ਸਿੱਖ ਕੌਮ ਵਿੱਚ ਇਹ ਰੋਗ ਇਤਨੀ ਬੁਰੀ ਤਰ੍ਹਾਂ ਫੈਲ ਗਿਆ ਹੈ ਤਾਂ ਇਸ ਦਾ ਭਾਵ ਸਪੱਸ਼ਟ ਹੈ ਕਿ ਸਿੱਖ ਸਿਰਫ ਵਿਖਾਵੇ ਲਈ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਰਿਹਾ ਹੈ, ਸਤਿਗੁਰੂ ਦੇ ਉਪਦੇਸ਼ ਨੂੰ ਨਹੀਂ ਮੰਨ ਰਿਹਾ। ਜੇ ਸਤਿਗੁਰੂ ਦੇ ਆਦੇਸ਼ ਨੂੰ ਹੀ ਨਹੀਂ ਮੰਨਿਆਂ ਤਾਂ ਸਿੱਖੀ ਕਾਹਦੀ। ਐਸੇ ਲੋਕਾਂ ਬਾਰੇ ਸਤਿਗੁਰੂ ਗੁਰਬਾਣੀ ਵਿੱਚ ਫੁਰਮਾਉਂਦੇ ਹਨ:

“ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ।। ਨਾਨਕ ਦੋਵੈ ਕੂੜੀਆ ਥਾਇ ਨ ਕਾਈ ਪਾਇ।। ੨।। “ {ਮਹਲਾ ੨, ਪੰਨਾ ੪੭੪}

ਜੋ ਮਨੁੱਖ ਆਪਣੇ ਮਾਲਕ ਪ੍ਰਭੂ ਦੇ ਅੱਗੇ ਤਾਂ ਸਿਰ ਨਿਵਾਂਦਾ ਹੈ, ਪਰ ਉਸ ਦੇ ਕੀਤੇ ਉੱਤੇ ਇਤਰਾਜ਼ ਕਰਦਾ ਹੈ, ਉਹ (ਮਾਲਕ ਦੀ ਰਜ਼ਾ ਦੇ ਰਾਹ ਉੱਤੇ ਤੁਰਨ ਤੋਂ) ਉੱਕਾ ਹੀ ਖੁੰਝਿਆ ਜਾ ਰਿਹਾ ਹੈ। ਹੇ ਨਾਨਕ ! ਸਿਰ ਨਿਵਾਣਾ ਅਤੇ ਇਤਰਾਜ਼ ਕਰਨਾ—ਦੋਵੇਂ ਹੀ ਝੂਠੇ ਹਨ, ਇਹਨਾਂ ਦੋਹਾਂ ਵਿਚੋਂ ਕੋਈ ਗੱਲ ਭੀ (ਮਾਲਕ ਦੇ ਦਰ ਤੇ) ਕਬੂਲ ਨਹੀਂ ਹੁੰਦੀ। ੨।

ਲੋੜ ਇਸ ਗੱਲ ਦੀ ਹੈ ਕਿ ਇਸ ਗੈਰ ਮਨੁੱਖੀ ਰਵਾਇਤ ਨੂੰ ਫੌਰੀ ਤੌਰ ਤੇ ਖਤਮ ਕੀਤਾ ਜਾਵੇ। ਕਈ ਲੋਕ ਇਸ ਵਿੱਚ ਸੁਧਾਰ ਦੀਆਂ ਗੱਲਾਂ ਕਰਦੇ ਹਨ। ਇਹ ਬਿਲਕੁਲ ਸੰਭਵ ਨਹੀਂ ਹੈ, ਜਦੋਂ ਕੋਈ ਪ੍ਰਥਾਂ ਇਤਨੀ ਨਿਵਾਣ ਵੱਲ ਚਲੀ ਜਾਵੇ ਤਾਂ ਉਸ ਦਾ ਸੁਧਾਰ ਨਹੀਂ ਹੋ ਸਕਦਾ, ਉਸ ਨੂੰ ਮੂਲੋਂ ਹੀ ਖਤਮ ਕਰ ਦੇਣਾ ਚਾਹੀਦਾ ਹੈ। ਸਾਡੇ ਸਾਹਮਣੇ ਇੱਕ ਇਤਿਹਾਸਕ ਪ੍ਰਮਾਣ ਵੀ ਹੈ, ਮਸੰਦ ਪ੍ਰਥਾ ਗੁਰੂ ਰਾਮਦਾਸ ਪਾਤਿਸ਼ਾਹ ਨੇ ਆਪ ਸਿੱਖੀ ਦੇ ਪ੍ਰਚਾਰ ਵਾਸਤੇ ਸਥਾਪਤ ਕੀਤੀ ਸੀ। ਕੁੱਝ ਸਮਾਂ ਇਸ ਨੇ ਇਸ ਕਾਰਜ ਵਿੱਚ ਵਧੀਆ ਯੋਗਦਾਨ ਵੀ ਪਾਇਆ। ਪਰ ਜਦੋਂ ਇਹ ਪੀੜੀ ਦਰ ਪੀੜੀ ਚਲ ਪਈ, ਇਸ ਵਿੱਚ ਬਹੁਤ ਗਿਰਾਵਟ ਆਉਂਦੀ ਗਈ। ਆਖਿਰ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਇਸ ਨੂੰ ਬਿਲਕੁਲ ਖਤਮ ਕਰ ਦਿੱਤਾ, ਜੋ ਅਕਸਰ ਅਸੀਂ ਕਹਿੰਦੇ ਹਾਂ ਕਿ ਮਸੰਦ ਕੜਾਹੇ ਵਿੱਚ ਪਾਕੇ ਸਾੜ ਦਿੱਤੇ।

ਜਿਥੇ ਇਸ ਸਬੰਧ ਵਿੱਚ ਬਣਾਏ ਕਨੂੰਨਾਂ ਨੂੰ ਕਰੜਾਈ ਨਾਲ ਲਾਗੂ ਕਰਾਉਣ ਅਤੇ ਲੋੜ ਅਨੁਸਾਰ ਸੋਧ ਕਰਨ ਦੀ ਲੋੜ ਹੈ, ਉਥੇ ਵਧੇਰੇ ਲੋੜ ਇਸ ਪਾਪ ਕਰਮ ਪ੍ਰਤੀ ਸਮਾਜਕ ਜਾਗਰੂਕਤਾ ਪੈਦਾ ਕਰਨ ਦੀ ਹੈ, ਇਸ ਜ਼ੁਲਮ ਵਿਰੁਧ ਇੱਕ ਇਨਕਲਾਬ ਖੜਾ ਕਰਨ ਦੀ ਹੈ। ਇਸ ਸਬੰਧ ਵਿੱਚ ਗੁਰਬਾਣੀ ਵਿੱਚੋਂ ਗੁਰਮਤਿ ਸਿਧਾਂਤਾਂ ਦਾ ਪ੍ਰਚਾਰ ਕਰਨ ਨਾਲ, ਸਿੱਖ ਕੌਮ ਵਿੱਚ ਵਧੇਰੇ ਚੇਤਨਤਾ ਆ ਸਕਦੀ ਹੈ। ਸਾਡੇ ਪ੍ਰਚਾਰਕ ਗੁਰਦੁਆਰਿਆਂ ਦੀਆਂ ਸਟੇਜਾਂ ਤੋਂ ਮਿੱਠੀਆਂ ਮਿੱਠੀਆਂ ਭਾਵੁਕ ਗੱਲਾਂ ਕਰਨ ਦੀ ਬਜਾਏ, ਸਮਾਜਕ ਜੀਵਨ ਦੇ ਐਸੇ ਗੁਰਮਤਿ ਵਿਰੋਧੀ ਕਾਰਜਾਂ ਪ੍ਰਤੀ ਸੰਗਤਾਂ ਨੂੰ ਜਾਗ੍ਰਿਤ ਕਰਨ, ਸਮਾਜਕ ਬੁਰਾਈਆਂ ਬਾਰੇ ਗੁਰਮਤਿ ਸਿਧਾਂਤਾਂ ਦਾ ਪ੍ਰਚਾਰ ਕਰਨ ਅਤੇ ਇਨ੍ਹਾਂ ਨੂੰ ਦ੍ਰਿੜ ਕਰਾਉਣ।

ਇਸ ਸਬੰਧ ਵਿੱਚ ਅੱਜ ਜਦੋਂ ਗੁਰਮਤਿ ਦੀ ਕੱਸਵਟੀ ਤੇ ਵੇਖੀਏ ਤਾਂ ਬਹੁਤੀ ਕੌਮ ਤਨਖਾਹੀਆ ਨਜ਼ਰ ਆਵੇਗੀ, ਸਾਰੀ ਕੌਮ ਨੂੰ ਇਹ ਭੁੱਲ ਸੁਧਾਰਨ ਦੀ ਲੋੜ ਹੈ। ਪਰ ਖੰਡੇ ਬਾਟੇ ਦੀ ਪਾਹੁਲ ਛਕੇ ਸਿੰਘ ਤੋਂ ਤਾਂ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਸੁਚੇਤ ਹੈ। ਉਸ ਦਾ ਫਰਜ਼ ਤਾਂ ਦੁਸਰਿਆਂ ਨੂੰ ਇਸ ਪ੍ਰਤੀ ਚੇਤੰਨ ਕਰਨ ਦਾ ਹੈ। ਜੇਕਰ ਪਾਹੁਲ ਛੱਕ ਕੇ ਕੋਈ ਸਿੱਖ ਉਪਰਲੇ ਦੋਹਾਂ ਤਰੀਕਿਆਂ `ਚੋਂ ਕਿਸੇ ਤਰ੍ਹਾਂ ਵੀ ਪੁੱਤਰ ਜਾਂ ਧੀ ਦਾ ਸਾਕ ਮੁੱਲ ਲੈਕੇ ਜਾਂ ਦੇਕੇ ਕਰ ਰਿਹਾ ਹੈ ਤਾਂ ਉਹ ਤਨਖਾਹੀਆ ਹੈ, ਉਸ ਨੂੰ ਫੌਰਨ ਤਨਖਾਹ ਲੁਆਕੇ ਭੁੱਲ ਬਖਸ਼ਾਉਣੀ ਚਾਹੀਦੀ ਹੈ ਅਤੇ ਅਗੋਂ ਲਈ ਐਸੇ ਕਰਮਾਂ ਤੋਂ ਤੌਬਾ ਕਰਨੀ ਚਾਹੀਦੀ ਹੈ।

‘ਤਨਖਾਹੀਏ ਇਹ ਹਨ`, ਦੀ ਮੱਦ (5) ਵਿੱਚ ਲਿਖਿਆ ਹੈ: ਕੋਈ ਨਸ਼ਾ (ਭੰਗ, ਅਫੀਮ, ਸ਼ਰਾਬ, ਪੋਸਤ, ਕੁਕੀਨ ਆਦਿਕ) ਵਰਤਣ ਵਾਲਾ।

ਇਸ ਵਿੱਚ ਤੰਬਾਕੂ ਨਹੀਂ ਲਿਖਿਆ ਗਿਆ, ਸ਼ਾਇਦ ਇਸ ਵਾਸਤੇ ਕਿਉਂਕਿ ਉਸ ਦਾ ਜ਼ਿਕਰ ਬਜਰ ਕੁਰਹਿਤਾਂ ਵਿੱਚ ਆ ਚੁੱਕਾ ਹੈ। ਨਸ਼ਿਆਂ ਬਾਰੇ ਕਿਉਂਕਿ ਉਪਰ ਵਿਸਥਾਰ ਨਾਲ ਲਿਖਿਆ ਜਾ ਚੁੱਕਾ ਹੈ, ਇਸ ਲਈ ਦੁਹਰਾਉਣਾ ਤਾਂ ਯੋਗ ਨਹੀਂ ਹੋਵੇਗਾ ਪਰ ਦ੍ਰਿੜ ਕਰਾਉਣ ਲਈ ਇਹ ਫੇਰ ਕਹਿਣਾ ਚਾਹਾਂਗਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕਿਉਂਕਿ ਸਾਰੇ ਨਸ਼ਿਆਂ ਦੀ ਮਨਾਹੀ ਹੈ, ਇਸ ਲਈ ਇਨ੍ਹਾਂ ਸਾਰੇ ਨਸ਼ਿਆਂ ਨੂੰ ਬਜਰ ਕੁਰਹਿਤਾਂ ਵਿੱਚ ਹੀ ਲੈਣਾ ਚਾਹੀਦਾ ਹੈ, ਬਲਕਿ ਜੋ ਅੱਜ ਦੇ ਨਵੇਂ ਯੁਗ ਦੇ ਨਸ਼ੇ ਚੱਲ ਪਏ ਹਨ, ਉਨ੍ਹਾਂ ਨੂੰ ਵੀ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ।

ਕੁਝ ਵੀ ਹੋਵੇ, ਨਸ਼ੇ ਕਰਨ ਦੀ ਗੁਰਬਾਣੀ ਨੇ ਮਨਾਹੀ ਕੀਤੀ, ਇਸ ਲਈ ਕੋਈ ਵੀ ਸਿੱਖ, ਜੋ ਕਿਸੇ ਤਰ੍ਹਾਂ ਦਾ ਵੀ ਨਸ਼ਾ ਕਰਦਾ ਹੈ, ਉਹ ਤਨਖਾਹੀਆ ਹੈ ਅਤੇ ਉਸ ਨੂੰ ਤਨਖਾਹ ਲੁਆ ਕੇ ਭੁਲ ਬਖਸ਼ਾਉਣੀ ਚਾਹੀਦੀ ਹੈ ਅਤੇ ਅਗੋਂ ਇਸ ਕੁਕਰਮ ਦਾ ਤਿਆਗ ਕਰਨਾ ਚਾਹੀਦਾ ਹੈ।

‘ਤਨਖਾਹੀਏ ਇਹ ਹਨ`, ਦੀ ਮੱਦ (6) ਵਿੱਚ ਲਿਖਿਆ ਹੈ: ਗੁਰਮਤਿ ਤੋਂ ਵਿਰੁਧ ਕੋਈ ਸੰਸਕਾਰ ਕਰਨ ਵਾਲਾ, ਅਤੇ ਮੱਦ (7) ਵਿੱਚ ਲਿਖਿਆ ਹੈ: ਰਹਿਤ ਵਿੱਚ ਕੋਈ ਭੁੱਲ ਕਰਨ ਵਾਲਾ।

ਪਾਹੁਲ ਛਕਣ ਦਾ ਭਾਵ ਹੀ, ਇਹ ਪ੍ਰਣ ਕਰਨਾ ਹੈ ਕਿ ਅੱਗੋਂ ਸਾਰੇ ਕੰਮ ਗੁਰਮਤਿ ਅਨੁਸਾਰ ਹੋਣਗੇ। ਜੇ ਪਾਹੁਲ ਛੱਕ ਕੇ ਵੀ ਕੋਈ ਸੰਸਕਾਰ ਗੁਰਮਤਿ ਵਿਰੋਧੀ ਹੋ ਰਹੇ ਹਨ, ਤਾਂ ਪਾਹੁਲ ਕਾਹਦੀ ਛੱਕੀ ਹੈ, ਕੋਈ ਕਰਮਕਾਂਡ ਕੀਤਾ ਹੈ ਜਾਂ ਕੇਵਲ ਵਿਖਾਵਾ ਕੀਤਾ ਹੈ। ਇਥੇ ਇੱਕ ਹੋਰ ਗੰਭੀਰ ਗੱਲ ਹੈ ਕਿ ਗੁਰਮਤਿ ਦੀ ਵਿਆਖਿਆ ਆਪਣੀ-ਆਪਣੀ ਬਣ ਗਈ ਹੈ। ਇਹ ਭਿੰਨ ਭਿੰਨ ਵਿਆਖਿਆ ਅਲੱਗ ਅਲੱਗ ਡੇਰਿਆਂ ਵਿੱਚੋਂ ਨਿਕਲ ਰਹੀਆਂ ਹਨ। ਮੈਂ ਤਾਂ ਸਮਝਦਾ ਹਾਂ, ਇਹ ਜਾਣ ਬੁਝ ਕੇ ਕੌਮ ਵਿੱਚ ਵੰਡੀਆਂ ਪਾਉਣ ਦੀ ਇੱਕ ਵੱਡੀ ਸਾਜਸ਼ ਹੈ। ਹਰ ਸਿੱਖ ਨੂੰ ਇਸ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਆਪਣੇ ਸੰਸਕਾਰ ਗੁਰੂ ਗ੍ਰੰਥ ਸਾਹਿਬ ਦੇ ਇਲਾਹੀ ਗਿਆਨ ਦੀ ਰੋਸ਼ਨੀ ਵਿੱਚ, ਸਿੱਖ ਰਹਿਤ ਮਰਯਾਦਾ ਅਨੁਸਾਰ ਕਰਨੇ ਚਾਹੀਦੇ ਹਨ, ਇਸ ਨਾਲ ਸੰਸਕਾਰ ਗੁਰਮਤਿ ਅਨੁਸਾਰ ਹੋਣਗੇ ਅਤੇ ਰਹਿਤ ਵਿੱਚ ਭੁੱਲ ਵੀ ਨਹੀਂ ਹੋਵੇਗੀ।

ਫਿਰ ਵੀ ਅਗਰ ਕੋਈ ਆਪਣੀਆਂ ਮਨ ਦੀਆਂ ਭਾਵਨਾਵਾਂ ਨੂੰ ਗੁਰਮਤਿ ਸਮਝ ਕੇ, ਉਸ ਅਨੁਸਾਰ ਸੰਸਕਾਰ ਕਰ ਰਿਹਾ ਹੈ ਤਾਂ ਉਹ ਗੁਰਮਤਿ ਵਿਰੋਧੀ ਸੰਸਕਾਰ ਕਰਨ ਦਾ ਵੀ ਦੋਸ਼ੀ ਹੈ ਅਤੇ ਰਹਿਤ ਵਿੱਚ ਵੀ ਭੁੱਲ ਕਰ ਰਿਹਾ ਹੈ। ਐਸਾ ਵਿਅਕਤੀ ਤਨਖਾਹੀਆ ਹੈ, ਉਸ ਨੂੰ ਤਨਖਾਹ ਲੁਆ ਕੇ ਭੁੱਲ ਬਖਸ਼ਾਉਣੀ ਜ਼ਰੂਰੀ ਹੈ ਅਤੇ ਅਗੋਂ ਲਈ ਪ੍ਰਣ ਕਰਨਾ ਚਾਹੀਦਾ ਹੈ ਕਿ ਉਹ ਅਗੋਂ ਗੁਰਮਤਿ ਅਨੁਸਾਰ ਰਹਿਤ ਨਿਭਾਵੇਗਾ।

ਚਲਦਾ……. .

(ਬੇਨਤੀ: ਇਸ ਤੋਂ ਅਗਲਾ ਭਾਗ, ਇਸ ਲੜੀ ਦਾ ਆਖਰੀ ਭਾਗ ਹੋਵੇਗਾ, ਉਸ ਤੋਂ ਬਾਅਦ, ਇਸ ਦੀ ਕੁੱਝ ਵਿਉਂਤਬੰਦੀ ਠੀਕ ਕਰ ਕੇ, ਅਤੇ ਹੋਰ ਕੋਈ ਲੋੜੀਂਦੀਆਂ ਸੋਧਾਂ ਕਰ ਕੇ ਇਸ ਨੂੰ ਕਿਤਾਬ ਰੂਪ ਵਿੱਚ ਛਾਪਿਆ ਜਾਵੇਗਾ। ਜੋ ਕੋਈ ਵੀਰ ਭੈਣਾਂ, ਇਸ ਲੇਖ ਨੂੰ ਪੜ੍ਹ ਰਹੇ ਹੋਣ, ਉਹ ਇਸ ਬਾਰੇ ਕੋਈ ਗੁਰਮਤਿ ਤੇ ਅਧਾਰਤ ਸੁਝਾਅ ਦੇਣਾ ਚਾਹੁਣ, ਤਾਂ ਦਾਸ ਉਨ੍ਹਾਂ ਦਾ ਧੰਨਵਾਦੀ ਹੋਵੇਗਾ-ਰਾਜਿੰਦਰ ਸਿੰਘ)




.