.

‘ਸਿੱਖ ਮਾਰਗ’ ਅਤੇ ਵਿਚਾਰ-ਚਰਚਾ

ਗੁਰਮਤਿ ਨੂੰ ਸਮਰਪਿਤ ‘ਸਿੱਖ ਮਾਰਗ’ ਸਾਈਟ ਦੇ ਸੰਪਾਦਕ ਨੇ, ਕੁੱਛ ਪਾਠਕਾਂ/ਲੇਖਕਾਂ ਦੇ ਸੁਝਾਓ ਤੇ ਸਹਿਯੋਗ ਸਦਕਾ, ਜਨਵਰੀ 2011 ਵਿੱਚ “ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੇ ਵਿਸ਼ੇ `ਤੇ ਵਿਚਾਰ-ਚਰਚਾ ਆਰੰਭੀ ਸੀ। ਪਰੰਤੂ, ਕੁੱਝਕੁ ਪਾਠਕਾਂ ਤੇ ਲੇਖਕਾਂ ਦੀ ‘ਕ੍ਰਿਪਾ’ ਕਾਰਣ ਉਹ ਚਰਚਾ ਬਿਨਾਂ ਕਿਸੇ ਨਤੀਜੇ ਦੇ ਖ਼ਤਮ ਕਰ ਦਿੱਤੀ ਗਈ। ਇਸ ਦੇ ਨਾਲ ਹੀ ਆਉਣ ਵਾਲੇ ਮਹੀਨਿਆਂ ਵਿੱਚ ਵੱਖ ਵੱਖ ਹੋਰ ਵਿਸ਼ਿਆਂ ਉੱਤੇ ਹੋਣ ਵਾਲੀਆਂ ਚਰਚਾਵਾਂ ਦਾ, ਹੋਂਦ ਵਿੱਚ ਆਉਣ ਤੋਂ ਪਹਿਲਾਂ ਹੀ, ਭੋਗ ਪੈ ਗਿਆ। “ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ” ਉੱਤੇ ਹੋਈ ਚਰਚਾ ਨੂੰ ਲੀਹ ਉੱਤੇ ਰੱਖਣ ਲਈ ਸੰਪਾਦਕ ਨੇ ਜਨਵਰੀ ਦੇ 31 ਦਿਨਾਂ ਵਿੱਚ 15 ਸੰਪਾਦਕੀ ਟਿੱਪਣੀਆਂ ਲਿਖੀਆਂ, ਕੁੱਝ ਇੱਕ ਹੋਰ ਸੁਹਿਰਦ ਪਾਠਕਾਂ/ਲੇਖਕਾਂ ਨੇ ਇਸੇ ਮਕਸਦ ਲਈ ਸੁਝਾਅ ਦਿੱਤੇ, ਅਤੇ ਇੱਕ ਪੱਤਰ ਦਾਸ ਦਾ ਵੀ 29 ਜਨਵਰੀ ਨੂੰ ਪੇਸਟ ਕੀਤਾ ਗਿਆ ਪਰ, ਸੱਭ ਵਿਅਰਥ! ਦੋਖੀਆਂ ਉੱਤੇ, ਥਿੰਧੇ ਘੜੇ `ਤੇ ਪਾਣੀ ਵਾਂਗ, ਕੋਈ ਅਸਰ ਨਾ ਹੋਇਆ ਅਤੇ ਉਹ ਗੱਡੀ ਨੂੰ ਲੀਹੋਂ ਲਾਹ ਕੇ ਹੀ ਹਟੇ। ਦੂਜੀ ਬਹਿਸ ਮਾਰਚ ਦੇ ਅਖੀਰਲੇ ਹਫ਼ਤੇ ਡਾ: ਇਕਬਾਲ ਸਿੰਘ ਢਿੱਲੋਂ ਦੇ ਲੇਖ, ‘ਅਕਾਲ ਤਖ਼ਤ ਦੀ ਸਥਿਤੀ’ ਦੇ ਛਪਣ ਨਾਲ ਸ਼ੁਰੂ ਹੋਈ ਅਤੇ ਤਿੰਨ ਮਹੀਨੇ ਤੱਕ ਚੱਲੀ। ਇਹ ਬਹਿਸ ਵੀ ਬਿਨਾ ਕਿਸੇ ਠੋਸ ਨਤੀਜੇ ਦੇ ‘ਸਿੱਖ ਮਾਰਗ’ ਦੇ ਸੁਹਾਵਣੇ ਤੇ ਲਾਭਕਾਰੀ ਵਾਤਾਵਰਣ ਨੂੰ ਗੰਧਲਾ ਕਰਕੇ ਖ਼ਤਮ ਹੋ ਗਈ। ਕਿਉਂ? ਇਸ ਲੇਖ ਵਿੱਚ ਇਸੇ ਕਿਉਂ ਨੂੰ ਸਮਝਣ ਦਾ ਯਤਨ ਕੀਤਾ ਹੈ।

ਭਾਈ ਕਾਨ੍ਹ ਸਿੰਘ ਜੀ ਨਾਭਾ ਨੇ, ਵਿਦਵਾਨਾਂ ਦੁਆਰਾ ਸਥਾਪਿਤ, ਚਰਚਾ ਦੇ ਨਿਮਨ ਲਿਖਿਤ ਚਾਰ ਭੇਦ ਦੱਸੇ ਹਨ:-

(ੳ) ਵਾਦ, ਪ੍ਰੇਮਭਾਵ ਨਾਲ ਪਰਸਪਰ ਪ੍ਰਸ਼ਨ ਉੱਤਰ ਕਰਕੇ ਤਸੱਲੀ ਕਰਨੀ;

(ਅ) ਹਿਤ, ਬਿਨਾ ਈਰਖਾ ਤੋਂ ਖੰਡਨ ਮੰਡਨ ਕਰਨਾ;

(ੲ) ਜਲਪ, ਆਪਣੇ ਮਤ ਦੀ ਪੁਸ਼ਟੀ ਲਈ ਦੂਜੇ ਦੀ ਦਲੀਲ ਨੂੰ ਰੱਦ ਕਰਨਾ;

(ਸ) ਵਿਤੰਡਾ, ਦੂਜੇ ਦਾ ਪੱਖ ਡੇਗਣ ਵਾਸਤੇ ਛਲ ਕਪਟ ਈਰਖਾ ਨਾਲ ਮਿਲੀ ਚਰਚਾ।

ਚਰਚਾ ਦੇ ਇਨ੍ਹਾਂ ਭੇਦਾਂ ਦੀ ਹੋਰ ਵਧੇਰੇ ਸਪਸ਼ਟਤਾ ਵਾਸਤੇ ਇਨ੍ਹਾਂ ਵਿੱਚ ਵਰਤੇ ਗਏ ਸ਼ਬਦਾਂ ਦੇ ਭਾਵਾਰਥਾਂ ਨੂੰ ਸਮਝ ਲੈਣਾਂ ਠੀਕ ਰਹੇ ਗਾ:-

ਚਰਚਾ: ਵਿਚਾਰ-ਵਿਮਰਸ਼, ਵਿਚਾਰ-ਵਟਾਂਦਰਾ; ……

ਵਿਚਾਰ: ਚਿੰਤਨ, ਕਿਸੇ ਵਿਸ਼ੇ ਦੀ ਜਾਂਚ-ਪੜਤਾਲ ਕਰਨੀ, ਵਿਵੇਕ, ਨਿਰਣਾ, ਸ਼ੰਕਾ ਆਦਿ; ……

ਵਾਦ: ਤਰਕ-ਵਿਤਰਕ, ਸ਼ਾਸਤ੍ਰਾਰਥ; ……

ਹਿਤ: ਉਪਯੁਕਤ, ਸਮੁਚਿਤ, ਉਪਯੋਗੀ, ਯੋਗ, ਸਵਸਥ, ਨਰੋਈ, ਲਾਭਦਾਇਕ ਆਦਿਕ; ……

ਜਲਪ: ਕਿਚ ਕਿਚ ਕਰਨਾ, ਅਸਪਸ਼ਟ ਗੱਲ ਕਰਨੀ, ਗੱਪ, ਬਕਵਾਸ; … (ਵਾਯਸ ਕੱਵੇ ਨੂੰ ਕਹਿੰਦੇ ਹਨ। ਸੋ, ਬਕਵਾਸ ਦਾ ਭਾਵ ਹੋਇਆ: ਕਾਵਾਂ ਵਾਂਗ ਕਉਂ ਕਉਂ ਕਰਨੀਂ ਅਥਵਾ ਕਾਂਵਾਂ-ਰੌਲੀ ਪਾਉਣੀਂ)।

ਵਿਤਂਡਾ: ਨਿਰਾਧਾਰ ਨੁਕਸ/ਦੋਸ਼ ਕੱਢਣਾਂ, ਓਛਾ ਤਰਕ, ਨਿਰਾਰਥਕ ਦਲੀਲ। ……

ਉਪਰੋਕਤ ਤੋਂ ਇਹ ਤੱਥ ਸ਼ੀਸ਼ੇ ਵਾਂਗ ਸਾਫ਼ ਤੇ ਸਪਸ਼ਟ ਹੈ ਕਿ ਵਾਦ ਅਤੇ ਹਿਤ ਵਿਚਾਰ-ਚਰਚਾ ਦੇ ਉੱਚੇ, ਸੁੱਚੇ ਤੇ ਉਸਾਰੂ ਅਸੂਲ ਹਨ; ਅਤੇ ਜਲਪ ਤੇ ਵਿਤਂਡਾ ਘਟੀਆ, ਢਾਹੂ ਤੇ ਘਾਤਿਕ। ਪਹਿਲੇ ਦੋ ਭੇਦਾਂ ਨੂੰ ਧਿਆਨ ਵਿੱਚ ਰੱਖ ਕੇ ਲਿਖਣ/ਵਿਚਾਰ-ਚਰਚਾ ਕਰਨ ਵਾਲਾ ਵਿਅਕਤੀ ਧਰਮਸ਼ੀਲ, ਸੂਖਮਦਰਸ਼ੀ, ਉਸਾਰੂ ਅਤੇ ਅਸੂਲਾ ਹੋਵੇਗਾ; ਇਸ ਦੇ ਉਲਟ, ਜਲਪ ਤੇ ਵਿਤਂਡਾ ਦੇ ਭੱਦੇ ਤੇ ਅਮਾਨਵੀ ਹਥਿਆਰ ਵਰਤਣ ਵਾਲਾ ਅਧਰਮੀ, ਅਨੈਤਿਕ, ਤੇ ‘ਬਿਨ ਪੇਂਦੇ ਦੇ ਲੋਟੇ’ ਵਾਂਗ ਬੇ-ਅਸੂਲਾ (unscrupulous) ਹੋਵੇਗਾ।

ਪਹਿਲੇ ਦੋ ਭੇਦਾਂ - ਵਾਦ ਤੇ ਹਿਤ - ਦੀ ਸੰਪੂਰਨ ਅਤੇ ਸਰਵਸ੍ਰੇਸ਼ਠ ਉਦ੍ਹਾਰਣ ਗੁਰੂ ਨਾਨਕ ਦੇਵ ਜੀ ਦੀ ਰਚਨਾਂ ‘ਸਿਧ ਗੋਸਟਿ’ ਹੈ। ਇਸ ਗੁਰਮਤੀ ਰਚਨਾਂ ਤੋਂ ਸੇਧ ਲੈ ਕੇ ਅਸੀਂ ਨੈਤਿਕ, ਸ਼ੁੱਧ, ਸੁੱਥਰੀ ਤੇ ਸਿਰਜਨਾਤਮਕ ਵਿਚਾਰ-ਚਰਚਾ ਕਰਨ ਦੇ ਸਮਰੱਥ ਹੋ ਸਕਦੇ ਹਾਂ। ਗੁਰਬਾਣੀ ਵਿੱਚ, ਚਰਚਾ ਦੇ ਦੂਜੇ ਤੇ ਤੀਜੇ ਭੇਦ ਦਾ ਪੂਰਨ ਅਭਾਵ ਹੈ। ਇਸ ਦੇ ਉਲਟ ‘ਸਿੱਖ ਮਾਰਗ’ `ਤੇ ਹੋਈਆਂ ਚਰਚਾਵਾਂ ਵਿੱਚ ਤੀਜਾ ਤੇ ਚੌਥਾ ਦੋ ਢਾਹੂ ਤੇ ਘਾਤਿਕ ਭੇਦ - ਜਲਪ ਤੇ ਵਿਤੰਡਾ - ਹੀ ਹਾਵੀ ਹਨ। ਇਨ੍ਹਾਂ ਚਰਚਾਵਾਂ ਅੰਦਰ ਅੰਤ ਦੀ ਅਸਪਸ਼ਟਤਾ, ਮੂਲ ਵਿਸ਼ੇ ਤੋਂ ਜਾਣਬੁੱਝ ਕੇ ਭਟਕਨ, ਨਿਰਾਧਾਰ ਝੂਠੇ ਦੋਸ਼ਾਂ ਦੀ ਭਰਮਾਰ, ਘਟੀਆ ਤੁਹਮਤਬਾਜ਼ੀ, ਵਿਚਾਰਾਂ ਦੇ ਦਲੀਲਮਈ ਖੰਡਨ ਦੀ ਬਜਾਏ ਲੇਖਕ/ਵਿਚਾਰਕ ਦੀ ਨਿੱਜੀ ਸ਼ਖ਼ਸੀਯਤ ਉੱਤੇ ਸ਼ੈਤਾਨੀ ਟਿੱਪਣੀਆਂ, ਪੱਖਪਾਤ ਤੇ ਧੜੇਬਾਜ਼ੀ, ਗਪੌੜ, ਓਛਾ ਤਰਕ ਅਤੇ ਕਿਚ ਕਿਚ ਬਹੁਤ ਹੈ। ਇਹੀ ਕਾਰਣ ਹੈ ਕਿ ਕਈ ਪਾਠਕਾਂ ਨੇ ਇਸ ਚਰਚਾ ਨੂੰ ਕਾਵਾਂ ਰੌਲੀ ਕਿਹਾ ਹੈ। ਇਨ੍ਹਾਂ ਚਰਚਾਵਾਂ ਵਿੱਚ ਚਰਚਾ ਦੇ ਪਹਿਲੇ ਦੋ ਭੇਦ ਘੱਟ ਹੀ ਦਿਖਾਈ ਦਿੰਦੇ ਹਨ। ਪਹਿਲੇ ਭੇਦ, ਵਾਦ ਵਿੱਚੋਂ ‘ਪ੍ਰੇਮਭਾਵ’ ਦੇ ਉਲਟ ਦ੍ਵੇਸ਼ ਹੈ, ਅਤੇ ਦੂਜੇ, ਹਿਤ ਵਿੱਚੋਂ ‘ਬਿਨਾ ਈਰਖਾ’ ਦੀ ਥਾਂ ਈਰਖਾ ਹੀ ਈਰਖਾ ਹੈ। ਬੱਸ, ਇਹੀ ਪਰਮੁੱਖ ਕਾਰਣ ਹਨ ‘ਸਿੱਖ ਮਾਰਗ’ ਉੱਤੇ ਹੁੰਦੀਆ ਚਰਚਾਵਾਂ ਦੇ ਸਿਰੇ ਨਾ ਚੜ੍ਹਨ ਦੇ!

ਇਸ ਈਰਖਾ ਦਾ ਨਿਸ਼ਾਨਾ ‘ਸਿੱਖ ਮਾਰਗ’ ਦੇ ਨਾਲ ਨਾਲ ਉਹ ਨਿਸ਼ਕਾਮ ਤੇ ਸਿਰਜਨਸ਼ੀਲ ਲੇਖਕ ਵੀ ਹਨ ਜੋ ਇਸ ਸਾਈਟ ਦਾ ਢੋਆ ਹਨ। ਮੇਰਾ ਇਹ ਬਿਆਨ ਆਧਾਰ-ਰਹਿਤ ਨਹੀਂ ਸਗੋਂ ਇੱਕ ਪ੍ਰਤੱਖ ਸੱਚ ਹੈ। ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ। ਕਈ ‘ਮਹਾਂਰਥੀ’ ਪਿੱਛੇ ਅੱਗੇ ਕਦੇ ਦਿਖਾਈ ਨਹੀਂ ਦਿੰਦੇ, ਪਰੰਤੂ, ਪਤਾ ਨਹੀਂ ਕਿੱਥੋਂ, ‘ਸਿੱਖ ਮਾਰਗ’ ਉੱਤੇ ਹੁੰਦੀਆਂ ਚਰਚਾਵਾਂ ਵਿੱਚ ਆ ਟਪਕਦੇ ਹਨ ਅਤੇ ਆਪਣਾ ‘ਕੰਮ’ ਕਰਕੇ ਗ਼ਾਇਬ ਹੋ ਜਾਂਦੇ ਹਨ! ! ‘ਸਿੱਖ ਮਾਰਗ’ ਦੇ ਇੱਕ ਪੁਰਾਣੇ ਲੇਖਕ ਦੇ ਲਿਖਣ ਮੁਤਾਬਿਕ ਵਿਚਾਰ-ਚਰਚਾ ਵਿੱਚ ਕਈ ਪੱਤਰ ਨਕਲੀ ਨਾਂਵਾਂ ਹੇਠ ਲਿਖ/ਲਿਖਵਾ ਕੇ ਭੇਜੇ ਜਾਂਦੇ ਹਨ! ਇਸ ਕਥਨ ਵਿੱਚ ਸੱਚਾਈ ਨਜ਼ਰ ਆਉਂਦੀ ਹੈ!

ਜਦ ਕੋਈ ਲੇਖਕ ਆਪਣੀ ਮੌਲਿਕ ਰਚਨਾ ਰਚਦਾ ਹੈ ਤਾਂ, ਜਾਣੇ ਅਣਜਾਣੇ, ਉਸ ਵਿੱਚ ਕੋਤਾਹੀਆਂ/ਘਾਟਾਂ ਦਾ ਰਹਿ ਜਾਣਾਂ ਕੁਦਰਤੀ ਹੈ ਅਤੇ, ਇਹ ਕੋਈ ਵੱਡੀ ਗੱਲ ਵੀ ਨਹੀਂ। ਵਿਚਾਰ-ਚਰਚਾ ਵਿੱਚ ਰਚਨਾਂ ਨੂੰ ਰਿੜਕਣ ਨਾਲ ਇਹ ਕੋਤਾਹੀਆਂ ਨਿੱਤਰ ਆਉਂਦੀਆਂ ਹਨ, ਜਿਨ੍ਹਾਂ ਨੂੰ ਸੁਹਿਰਦ ਲੇਖਕ ਸੋਧ ਲੈਂਦਾ ਹੈ। ਵਿਚਾਰ-ਵਟਾਂਦਰੇ ਦਾ ਇਹੋ ਹੀ ਮੂਲ ਮਕਸਦ ਹੁੰਦਾ ਹੈ। ਪਰੰਤੂ, ਚਰਚਾ ਦੇ ਰੰਗ ਵਿੱਚ ਭੰਗ ਪਾਉਣ ਵਾਲਿਆਂ ਦਾ ਇੱਕ ਕੁਲੱਛਣ ਇਹ ਵੀ ਹੈ ਕਿ ਉਹ ਵਿਪਕਸ਼ ਦੀਆਂ ਸਿਰਫ਼ ਊਣਤਈਆਂ ਤੇ ਗ਼ਲਤੀਆਂ ਹੀ ਲੱਭਦੇ ਹਨ, ਅਤੇ ਜੇ ਕੋਈ ਖ਼ਾਸ ਉਕਾਈ ਨਾ ਵੀ ਮਿਲੇ ਤਾਂ ਉਹ ਆਪ ਘੜ ਕੇ ਲੇਖਕ ਦੇ ਮੱਥੇ ਮੜ੍ਹ ਦਿੰਦੇ ਹਨ ਤਾਂ ਜੋ ਲੇਖਕ ਨੂੰ ਨੀਵਾਂ ਦਿਖਾਇਆ ਜਾ ਸਕੇ ਤੇ ਚਰਚਾ ਦੇ ਹਾਂ-ਪਖੀ ਤੇ ਉਸਾਰੂ ਮਾਹੌਲ ਨੂੰ ਨਾਂਹ-ਪਖੀ ਤੇ ਢਾਹੂ ਬਣਾਇਆ ਜਾ ਸਕੇ। ਆਪਣਾ ਪੱਖ ਮਜ਼ਬੂਤ ਕਰਨ ਲਈ, ਉਹ ਵਿਪਖੀ ਲੇਖਕ ਦੀਆਂ ਰਚਨਾਵਾਂ ਵਿੱਚ ਨਵੀਨ, ਨਰੋਏ ਤੇ ਉਸਾਰੂ ਅੰਸ਼ਾਂ ਨੂੰ ਜਾਣਬੁੱਝ ਕੇ ਪਰੋਖੇ ਰੱਖਦੇ ਹਨ। ਇਹ ਨਾਂਹਪਖੀ ਤੱਥ ਸਾਡੀਆਂ ਚਰਚਾਵਾਂ ਵਿੱਚ ਸਾਫ਼ ਦਿਖਾਈ ਦਿੰਦਾ ਹੈ।

ਤਰਸਯੋਗ ਹਾਲਤ ਵਿੱਚ ਪੁੱਠਾ ਲਟਕਿਆ ਚਮਗਾਦੜ ਆਪਣੇ ਆਪ ਨੂੰ ਸਿੱਧਾ ਸਮਝਦਾ ਹੈ, ਅਤੇ ਸਿੱਧੇ ਵਿਚਰਦੇ ਜੀਵਾਂ ਨੂੰ ਪੁੱਠਾ ਸਮਝ ਕੇ ਇਨ੍ਹਾਂ ਸਿੱਧਿਆਂ `ਤੇ ਤਰਸ ਕਰਦਾ ਹੈ! ਚਮਗਾਦੜ ਲਈ ਸੂਰਜ ਦੀ ਰੌਸ਼ਣੀ ਅਨ੍ਹੇਰਾ ਹੈ ਅਤੇ ਰਾਤ ਦਾ ਅਨ੍ਹੇਰਾ ਚਾਨਣ। ਉਹ ਰੌਸ਼ਣੀ ਦੇ ਜੀਵਾਂ ਉੱਤੇ ਖਿੱਝਦਾ, ਹੱਸਦਾ ਅਤੇ ਕਿਚ ਕਿਚ, ਚੀਂ ਚੀਂ ਕਰਦਾ ਹੈ। ਇਸ ਕਿਚ ਕਿਚ ਚੀਂ ਚੀਂ ਵਿੱਚ ਉਹ ਕੀ ਕਹਿੰਦਾ ਹੈ? ਇਹ ਓਹੀ ਜਾਣਦਾ ਹੈ; ਦੂਸਰਿਆਂ ਲਈ ਉਸ ਦੀ ਕਿਚ ਕਿਚ ਨੂੰ ਸਮਝਣਾਂ ਨਾਮੁਮਕਿਨ ਹੁੰਦਾ ਹੈ। ਇਹ ਚਮਗਾਦੜ ਰਹਿੰਦੇ ਵੀ ਜੁੰਡਲੀਆਂ ਵਿੱਚ ਹਨ। ਅਸੀਂ, ਕਈ ਵਾਰੀ, ਇਨਸਾਨੀ ਜਾਮੇ ਵਿੱਚ ਵਿਚਰਦੇ ਹੋਏ ਵੀ, ਚਮਗਾਦੜਾਂ ਵਾਂਗ ਪੁੱਠੀਆਂ ਹਰਕਤਾਂ ਕਰਦੇ ਹਾਂ! ਜੇ ਕੋਈ ਲੇਖਕ ਪੁੱਠੇ ਪਾਏ ਪੂਰਨਿਆਂ ਨੂੰ ਆਪਣੀ ਲੇਖਣੀ ਰਾਹੀਂ ਸਿੱਧੇ ਕਰਨ ਦਾ ਉਪਰਾਲਾ ਕਰਦਾ ਹੈ ਤਾਂ ਪੁੱਠ ਦੇ ਪ੍ਰੇਮੀਆਂ ਤੋਂ ਇਹ ਬਰਦਾਸ਼ਤ ਨਹੀਂ ਹੁੰਦਾ ਅਤੇ ਉਹ ‘ਕੱਠੇ ਹੋ ਕੇ ਸਿੱਧੇ ਉੱਤੇ ਹੱਲਾ ਬੋਲ ਦਿੰਦੇ ਹਨ। ਸਾਡਾ ਇਹ ਚਮਗਾਦੜੀ ਸੁਭਾਅ ਵੀ ਵਿਚਾਰ-ਚਰਚਾ ਦੇ ਨਿਸ਼ਫਲ ਰਹਿ ਜਾਣ ਦਾ ਇੱਕ ਵੱਡਾ ਕਾਰਣ ਹੈ।

ਵਿਚਾਰ-ਚਰਚਾ ਦਾ ਇੱਕ ਵੱਡਾ ਲਾਭ ਇਹ ਹੁੰਦਾ ਹੈ ਕਿ ਅਸੀਂ ਇੱਕ ਦੂਸਰੇ ਦੇ ਵਿਚਾਰਾਂ ਤੋਂ ਆਪਣੇ ਗਿਆਨ ਵਿੱਚ ਵਾਧਾ ਕਰਦੇ ਹੋਏ ਜੀਵਨ ਦਾ ਕੀਮਤੀ ਸਮਾਂ ਸਫ਼ਲਾ ਕਰਦੇ ਹਾਂ। ਪਰੰਤੂ, ਉਪਰੋਕਤ ਦੋਹਾਂ ਚਰਚਾਵਾਂ ਇਸ ਪੱਖੋਂ ਨਿਰਾਸ਼ਾ ਦਾ ਕਾਰਣ ਬਣੀਆਂ। ਇਨ੍ਹਾਂ ਚਰਚਾਵਾਂ ਦੇ ਚਾਰ ਮਹੀਨਿਆਂ ਦੌਰਾਨ ਸੈਂਕੜੇ ਪੰਨੇ ਲਿਖੇ ਗਏ, ਜਿਨ੍ਹਾਂ ਨੂੰ ਲਿਖਣ ਵਾਲੇ ਕਈ ਲੇਖਕਾਂ ਅਤੇ ਸੰਸਾਰ ਭਰ ਵਿੱਚ ਵੱਸੇ ਲੱਖਾਂ ਪਾਠਕਾਂ ਦਾ ਕਿਤਨਾਂ ਕੀਮਤੀ ਸਮਾਂ ਨਸ਼ਟ ਹੋਇਆ? ਇਸ ਦਾ ਅੰਦਾਜ਼ਾ ਲਗਾਉਣਾਂ ਕਠਿਨ ਨਹੀਂ ਹੈ। ਇਨ੍ਹਾਂ ਵਿਚਾਰ-ਚਰਚਾਵਾਂ ਵਿੱਚ ਉਲਝੇ ਹੋਏ ਲੇਖਕ ਲਿਖਣ ਦਾ ਹੋਰ ਰਚਨਾਤਮਿਕ ਕੰਮ ਨਹੀਂ ਕਰ ਸਕੇ; ਅਤੇ, ਪਾਠਕਾਂ ਨੂੰ ਵਕਤ ਬਰਬਾਦ ਕਰਕੇ ਵਿਫ਼ਲਤਾ ਹੀ ਪੱਲੇ ਪਈ!

ਮੇਰੀ ਕੋਈ ਹੈਸੀਯਤ ਨਹੀਂ ਕਿ ਮੈਂ ਕਿਸੇ ਵੱਲ ਉਂਗਲੀ ਕਰਾਂ! ਪਰੰਤੂ, ਇਤਨਾਂ ਜ਼ਰੂਰ ਕਹਾਂਗਾ ਕਿ, ‘ਸਿੱਖ ਮਾਰਗ’ ਨਾਲ ਜੁੜੇ ਅਸੀਂ ਸਾਰੇ ਆਪਣੀਆਂ ਆਪਣੀਆਂ ਲਿਖਿਤਾਂ ਦਾ ਅਧਿਐਨ ਕਰਕੇ ਸ੍ਵੈ-ਪੜਚੋਲ ਕਰਦਿਆਂ ਵਿਚਾਰੀਏ ਕਿ ਕੀ ਅਸੀਂ ਵਿਚਾਰ-ਚਰਚਾ ਕਰਦੇ ਸਮੇਂ ਚਰਚਾ ਦੇ ਪਵਿੱਤ੍ਰ ਤੇ ਉਸਾਰੂ ਭੇਦਾਂ -ਵਾਦ ਤੇ ਹਿਤ- ਨੂੰ ਸਮਰਪਿਤ ਹਾਂ ਜਾਂ, ਇਨ੍ਹਾਂ ਦੋਨਾਂ ਨਿਯਮਾ ਨੂੰ ਜਾਣਬੁੱਝ ਕੇ ਨਜ਼ਰ-ਅੰਦਾਜ਼ ਕਰਦਿਆਂ, ਜਲਪ ਤੇ ਵਿਤਂਡਾ ਨੂੰ ਵਿਚਾਰ-ਚਰਚਾ ਦਾ ਮਾਧਿਅਮ ਬਣਾਉਂਦੇ ਹਾਂ? ਜੇ ਅਸੀਂ ਵਾਦ ਤੇ ਹਿਤ ਨੂੰ ਅਪਣਾਉਂਦੇ ਹਾਂ ਤਾਂ, ਚਰਚਾ ਦੇ ਪ੍ਰਸੰਗ ਵਿੱਚ, ਅਸੀਂ ਗੁਰੂ ਨਾਨਕ ਦੇ ਸੱਚੇ ਸਿੱਖ ਹਾਂ; ਪਰ, ਜੇ ਅਸੀਂ ਜਲਪ ਤੇ ਵਿਤਂਡਾ ਦੇ ਉਪਾਸ਼ਕ ਹਾਂ ਤੇ ਇਨ੍ਹਾਂ ਦੀ ਹੀ ਵਰਤੋਂ ਕਰਦੇ ਹਾਂ ਤਾਂ, ਨਿਰਸੰਦੇਹ, ਗੁਰਸਿੱਖ ਹੋਣ ਦਾ ਸਾਡਾ ਦਾਅਵਾ ਕੋਰਾ ਝੂਠ, ਕਪਟ ਤੇ ਪਾਖੰਡ ਹੈ; ਇਹ ਸਾਡਾ ਵਿਸ਼ੈਲਾ ਭਰਮ ਹੈ, ਜਿਸ ਵਿੱਚੋਂ ਨਿਕਲਣਾਂ ਲੋੜੀਏ! ! !

ਸੰਸਾਰ ਦੇ ਸਾਰੇ ਸਾਈਟਾਂ/ਅਖ਼ਬਾਰਾਂ/ਰਸਾਲਿਆਂ ਆਦਿ ਵਿੱਚੋਂ ‘ਸਿੱਖ ਮਾਰਗ’ ਇੱਕ ਇਕੱਲਾ ਵਾਹਦ ਮੰਚ ਹੈ ਜਿਸ ਉੱਤੇ ਗੁਰਮਤਿ ਨਾਲ ਸੰਬੰਧਿਤ ਵਿਸ਼ਿਆਂ ਉੱਤੇ ਖੁਲ੍ਹੀ ਵਿਚਾਰ-ਚਰਚਾ ਹੁੰਦੀ ਹੈ, ਅਤੇ ਹਰ ਇੱਕ ਪਾਠਕ/ਲੇਖਕ ਨੂੰ, ਬਿਨਾਂ ਕਿਸੇ ਭੇਦ ਭਾਵ ਜਾਂ ਪੱਖ-ਪਾਤ ਦੇ, ਇਸ ਚਰਚਾ ਵਿੱਚ ਆਪਣੇ ਵਿਚਾਰ ਪੇਸ਼ ਕਰਨ ਦੀ ਖੁਲ੍ਹ ਹੈ। ਇਸ ਖੁਲ੍ਹ ਦਾ ਨਾਜਾਇਜ਼ ਫ਼ਾਇਦਾ ਉਠਾਉਂਦੇ ਹੋਏ ਕਈ ਦੋਖੀ ‘ਸਿੱਖ ਮਾਰਗ’ ਨੂੰ ਲੀਹੋਂ ਲਾਹੁਣ ਦਾ ਅਸਫ਼ਲ ਯਤਨ ਕਰਦੇ ਰਹਿੰਦੇ ਹਨ। ਇਸੇ ਸੱਚ ਕਾਰਣ ਹੀ ਸੰਪਾਦਕ ਨੂੰ ਲਿਖਣਾਂ ਪਿਆ, “ਜਿਸ ਥਾਲੀ ਵਿੱਚ ਖਾਣਾਂ ਉਸੇ ਵਿੱਚ………!”

ਅੰਤ ਵਿੱਚ, ‘ਸਿੱਖ ਮਾਰਗ’ ਨਾਲ ਜੁੜੇ ਪਾਠਕਾਂ/ਲੇਖਕਾਂ ਨੂੰ ਦਾਸ ਦਾ ਸਨਿਮਰ ਸੁਝਾਅ ਹੈ ਕਿ, ਸਾਨੂੰ ਨਿਸ਼ਕਾਮ, ਪਰਮਾਰਥੀ ਤੇ ਉੱਚੇ ਉਦੇਸ਼ ਵਾਲੇ ਇਸ ਸਾਈਟ ਦੇ ਇਹਸਾਨ ਫ਼ਰਾਮੋਸ਼/ਅਕਿਰਤਘਣ ਹੋ ਕੇ ਧਰਤੀ `ਤੇ ਭਾਰ ਨਹੀਂ ਬਣਨਾਂ ਚਾਹੀਦਾ! !

ਗੁਰਇੰਦਰ ਸਿੰਘ ਪਾਲ

ਜੁਲਾਈ 3, 2011




.