ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ
---ਸਾਰੀ ਕੌਮ ਵੈਸ਼ਨੂੰ ਹੋ ਜਾਏ
ਜਦੋਂ ਕਿਸੇ ਸਾਧ ਵਲੋਂ ਅਖਬਾਰਾਂ
ਵਿੱਚ ਬਿਆਨ ਦਿੱਤਾ ਜਾਂਦਾ ਹੈ ਕਿ ਅੱਜ ਵੀਹ ਹਜ਼ਾਰ ਪ੍ਰਾਣੀਆਂ ਨੂੰ ਖੰਡੇ ਦੀ ਪਾਹੁਲ ਦਿੱਤੀ ਗਈ ਹੈ
ਤਾਂ ਮਨ ਗਦ ਗਦ ਕਰਨ ਦੀ ਬਜਾਏ ਇਹ ਸੋਚਣ ਲਈ ਮਜ਼ਬੂਰ ਹੋ ਜਾਂਦਾ ਹੈ ਕਿ ਅੰਮ੍ਰਿਤ ਛੱਕਣ ਵਾਲੀ ਵੀਹ
ਹਜ਼ਾਰ ਦੀ ਗੁਰੂ ਕੀ ਲਾਡਲੀ ਫ਼ੌਜ ਫਿਰ ਗਈ ਕਿੱਥੇ ਹੈ? ਸੜਕਾਂ, ਬੱਸਾਂ ਅੱਡਿਆਂ ਕਬੱਡੀ ਦਿਆਂ ਮੈਚਾਂ
ਤੇ ਹੋਰ ਸਭਿਆਚਾਰ ਪ੍ਰੋਗਰਾਮਾਂ ਵਿੱਚ ਇਕੱਠੀ ਹੋਈ ਭੀੜ ਨੂੰ ਦੇਖਣ ਤੋਂ ਪਤਾ ਚਲਦਾ ਹੈ ਕਿ ਸ਼ਾਇਦ
ਪੰਜਾਬ ਵਿੱਚ ਕੋਈ ਟਾਂਵਾਂ ਟਾਂਵਾ ਹੀ ਦਸਤਾਰ ਵਾਲਾ ਬੰਦਾ ਹੋਏਗਾ। ਜਦੋਂ ਕਿਸੇ ਟੀਵੀ ਚੈਨਲ ਤੇ ਨਾਮ
ਸਿਮਰਨ, ਕੀਰਤਨ ਦਰਬਾਰ ਦਾ ਖੰਡਾ ਖੜਕਦਾ ਦਿਸਦਾ ਹੈ ਤਾਂ ਇੰਝ ਮਹਿਸੂਸ ਹੁੰਦਾ ਹੈ ਕਿ ਹੁਣ ਉਹ ਦਿਨ
ਦੂਰ ਨਹੀਂ ਜਦੋਂ ਸਾਰੀ ਕੌਮ ਗੁਰਮਤ ਦੀ ਧਾਰਨੀ ਬਣ ਜਾਏਗੀ। ਨਗਰ ਕੀਰਤਨ ਦੀਆਂ ਉੱਡਦੀਆਂ ਧੂੜਾਂ ਦੇਖ
ਕੇ ਮਹਿਸੂਸ ਹੁੰਦਾ ਹੈ ਕਿ ਸਮੁੱਚੀ ਕੌਮ ਨੂੰ ਸਿੱਖ ਸਿਧਾਂਤ ਦੀ ਸਮਝ ਆ ਗਈ ਹੈ।
ਹਰ ਪਿੰਡ ਵਿੱਚ ਮਾਰਬਲ ਨਾਲ ਮੜੇ ਹੋਏ ਚਾਰ ਚਾਰ ਗੁਰਦੁਆਰੇ ਤੇ ਉਹਨਾਂ ਦੇ ਉੱਚੇ ਉੱਚੇ ਬਣੇ ਗੁੰਬਦ
ਇੰਜ ਮਹਿਸੂਸ ਕਰਾਉਂਦੇ ਹਨ ਕਿ ਸਿੱਖ ਵਾਕਿਆ ਹੀ ਬਹੁਤ ਅਮੀਰ ਹੋ ਗਏ ਹਨ ਤੇ ਗੁਰੂ ਪ੍ਰਤੀ ਇਹਨਾਂ ਦੀ
ਪੂਰੀ ਅਸਤਾ ਹੈ। ਇਸ ਦੇ ਇਲਾਵਾ ਸਾਧਾਂ ਦਾ ਢੋਲਕੀ ਕੁੱਟ ਕੀਰਤਨ ਤੇ ਚਿਮਟਿਆਂ ਦਾ ਪੀਟੀ ਸ਼ੋਅ ਵੀ
ਆਪਣਾ ਪ੍ਰਭਾਵ ਦੇ ਕੇ ਦੱਸ ਰਿਹਾ ਹੈ ਕਿ ਅਸੀਂ ਹੀ ਸਿੱਖ ਧਰਮ ਨੂੰ ਚੁੱਕਿਆ ਹੋਇਆ ਹੈ ਵਰਨਾ ਸਿੱਖ
ਧਰਮ ਦਿਸਦਾ ਵੀ ਨਾ।
ਸਿੱਖ ਧਰਮ ਦੇ ਪਰਚਾਰ ਦੀਆਂ ਖਬਰਾਂ ਪੜ੍ਹੀ ਦੀਆਂ ਹਨ ਤਾਂ ਅੰਕੜੇ ਬਹੁਤ ਹੀ ਸੋਹਣੇ ਹੁੰਦੇ ਹਨ ਪਰ
ਜਦੋਂ ਜ਼ਮੀਨੀ ਤਲ਼ ਦੀਆਂ ਹਕੀਕਤਾਂ ਸਮਝਣ ਦਾ ਯਤਨ ਕੀਤਾ ਜਾਂਦਾ ਹੈ ਤਾਂ ਇੰਝ ਮਹਿਸੂਸ ਹੂੰਦਾ ਹੈ ਕਿ
ਸਿੱਖ ਧਰਮ ਦਾ ਰੰਚਕ ਮਾਤਰ ਵੀ ਪਰਚਾਰ ਨਹੀਂ ਹੋਇਆ ਤੇ ਨਾ ਹੀ ਕਿਸੇ ਵਲੋਂ ਕੋਈ ਸਾਰਥਿਕ ਯਤਨ ਹੋ
ਰਿਹਾ ਹੈ।
ਬਾਹਰੋਂ ਦੇਖਿਆਂ ਪੱਕਾ ਸਿੱਖੀ ਦਾ ਹੀ ਝੌਲ਼ਾ ਪੈਂਦਾ ਹੈ ਪਰ ਨੇੜੇ ਗਿਆਂ ਪਤਾ ਚੱਲਦਾ ਹੈ ਕਿ ਸਿੱਖ
ਸਿਧਾਂਤ ਦੇ ਤਾਂ ਅਸੀਂ ਨੇੜੇ ਤੇੜੇ ਵੀ ਨਹੀਂ ਹਾਂ। ਗੱਲਾਂ ਤਾਂ ਹਰ ਰੋਜ਼ ਵਾਪਰ ਦੀਆਂ ਹੀ ਰਹਿੰਦੀਆਂ
ਹਨ ਪਰ ਅਸੀਂ ਉਹਨਾਂ ਵਲ ਕਦੀ ਬਹੁਤਾ ਧਿਆਨ ਨਹੀਂ ਦਿੱਤਾ ਜਾਂ ਫਿਰ ਅਸੀਂ ਸਬੰਧਤ ਲੋਕਾਂ ਦੀ ਨਰਾਜ਼ਗੀ
ਮੁੱਲ ਲੈਣ ਲਈ ਤਿਆਰ ਨਹੀਂ ਹੁੰਦੇ। ਹਊ ਪਰੇ ਆਪਾਂ ਕੀ ਲੈਣਾ ਹੈ। ਸਾਰਾ ਕੁੱਝ ਏਵੇਂ ਹੀ ਚੱਲੀ
ਜਾਂਦਾ ਹੈ। ਦੂਸਰਾ ਇਹ ਕਹਿ ਕੇ ਅਸੀਂ ਬਿਲਕੁਲ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜ ਲੈਂਦੇ ਹਾਂ ਕਿ
ਜੀ ਆਪਾਂ ਕਾਹਨੂੰ ਕਿਸੇ ਦੀ ਸ਼ਰਧਾ ਤੋੜਨੀ ਹੈ ਜੋ ਕਰਦਾ ਹੈ ਕਰੀ ਜਾਣ ਦਿਓ। ਕਈ ਤਾਂ ਇਹ ਵੀ ਕਹਿ
ਦੇਂਦੇ ਹਨ ਤੁਸੀਂ ਸਾਰੀ ਦੁਨੀਆਂ ਨੂੰ ਸੁਧਾਰਣ ਦਾ ਠੇਕਾ ਲਿਆ ਹੋਇਆ ਹੈ। ਜੇ ਕਿਸੇ ਪਰਚਾਰਕ, ਰਾਗੀ,
ਗ੍ਰੰਥੀ ਜਾਂ ਪ੍ਰਬੰਧਕ ਕਮੇਟੀ ਨਾਲ ਸਿੱਖ ਸਿਧਾਂਤ `ਤੇ ਵਿਚਾਰ ਕਰਨ ਦਾ ਯਤਨ ਕੀਤਾ ਜਾਏ ਤਾਂ ਉਹਨਾਂ
ਦਾ ਘੜਿਆ ਘੜਾਇਆ ਉੱਤਰ ਹੁੰਦਾ ਹੈ, ਕਿ ਜੀ ਕੀ ਕਰੀਏ, ਲੋਕ ਮੰਨਦੇ ਤਾਂ ਹੈ ਨਹੀਂ, ਫਿਰ ਅਸਾਂ
ਪਰਸ਼ਾਦਾ ਪਾਣੀ ਵੀ ਤਾਂ ਛੱਕਣਾ ਹੁੰਦਾ ਹੈ। ਜਿੱਥੇ ਕੋਈ ਜੁੜਿਆ ਹੈ ਜੁੜਿਆ ਰਹਿਣ ਦਿਓ, ਤੁਸੀਂ
ਕਾਹਨੂੰ ਉਹਦੀ ਸ਼ਰਧਾ ਤੋੜਕੇ ਨਰਕਾਂ ਦੇ ਭਾਗੀ ਬਣਦੇ ਹੋ।
ਜਨਵਰੀ 2011 ਦੇ ਮਹੀਨੇ ਵਿੱਚ ਮੈਨੂੰ ਇੱਕ ਆਪਣੀ ਨਜ਼ਦੀਕੀ ਰਿਸ਼ਤੇਦਾਰੀ ਵਿੱਚ ਭੋਗ `ਤੇ ਜਾਣਾ ਪਿਆ।
ਲੁਧਿਆਣੇ ਤੋਂ ਡੇਰਾ ਬਾਬਾ ਨਾਨਕ ਤੀਕ ਪਾਹੁੰਚਦਿਆਂ ਪਾਹੁੰਚਦਿਆਂ ਹੀ ਛੇ ਘੰਟੇ ਲੱਗ ਗਏ। ਅਖੰਡ ਪਾਠ
ਦੀ ਸਮਾਪਤੀ ਉਪਰੰਤ ਰਾਗੀ ਸਿੰਘ ਕੀਰਤਨ ਕਰ ਰਹੇ ਸੀ। ਅਚਾਨਕ ਕੀਰਤਨ ਛੱਡ ਕੇ ਰਾਗੀ ਸਿੰਘ ਨੇ
ਵਿਆਖਿਆ ਕਰਨੀ ਸ਼ੁਰੂ ਕਰ ਦਿੱਤੀ, ਜਿਸ ਵਿੱਚ ਧਰਮਰਾਜ ਦਾ ਘਿਨਾਉਣਾ ਚਿਹਰਾ ਸੰਗਤ ਦੇ ਸਾਹਮਣੇ ਰੱਖਿਆ
ਜਾ ਰਿਹਾ ਸੀ, ਕਿ ਧਰਮਰਾਜ ਨੇ ਕਿਸੇ ਦਾ ਲਿਹਾਜ ਨਹੀਂ ਕਰਨਾ। ਮਨੁੱਖਾਂ ਨੂੰ ਸਜਾਵਾਂ ਦੇਣ ਲਈ
ਉਦ੍ਹੇ ਕੋਹਲੂ ਚਲ ਰਹੇ ਹਨ ਤੇ ਤੇਲ ਦੇ ਕੜਾਹੇ ਤਪ ਰਹੇ ਹਨ। ਭਾਵ ਧਰਮਰਾਜ ਨੇ ਕਿਸੇ ਨੂੰ ਵੀ ਮੁਆਫ਼
ਨਹੀਂ ਕਰਨਾ। ਹਾਂ ਜਿਸ ਨੇ ਦਾਨ ਪੁੰਨ ਕੀਤਾ ਹੰਦਾ ਹੈ ਉਸ ਦਾ ਹੀ ਬਚਾ ਹੋ ਸਕਦਾ ਹੈ। ਕਥਾ ਦਾ ਤੱਤ
ਸਾਰ ਲੱਗ ਪਗ ਇਹ ਸੀ ਕਿ ਜਿਹੜੇ ਅਸੀਂ ਬਿਸਤਰੇ ਆਦ ਦੇ ਰਹੇ ਹਾਂ ਇਹ ਸਾਰਾ ਕੁੱਝ ਉਸ ਮਿਰਤਕ ਸਰੀਰ
ਨੂੰ ਪਹੁੰਚ ਜਾਣਾ ਹੈ, ਕਹਿ ਸਕਦੇ ਹਾਂ ਕਿ ਉਸ ਭਲੇਮਾਣਸ ਨੇ ਗਰੜ ਪੁਰਾਣ ਦੀਆਂ ਮਨੋ ਕਲਪਤ ਸਾਖੀਆਂ
ਨਾਲ ਸੰਗਤ ਦਾ ਪੂਰਾ ਪੂਰਾ ਮਨੋਰੰਜਨ ਕੀਤਾ। ਰਿਸ਼ਤੇਦਾਰੀ ਦਾ ਮੁਆਮਲਾ ਹੋਣ ਕਰਕੇ ਸਾਰਾ ਕੁੱਝ ਉੱਥੇ
ਬੈਠ ਕੇ ਸੁਣਨਾ ਹੀ ਪੈਣਾ ਸੀ। ਕੀਰਤਨ ਗੁਰਬਾਣੀ ਦਾ ਕੀਤਾ ਜਾ ਰਿਹਾ ਸੀ ਤੇ ਵਿਆਖਿਆ ਗਰੜ ਪੁਰਾਣ ਦੇ
ਗਪੌੜਿਆਂ ਦੀ ਕੀਤੀ ਜਾ ਰਹੀ ਸੀ।
ਪਿੰਡਾਂ ਦੇ ਵਿੱਚ ਵੱਖ ਵੱਖ ਡੇਰਿਆਂ ਨਾਲ ਜੁੜੇ ਹੋਏ ਸਬੰਧਤ ਪਾਠੀ ਸਿੰਘ ਹੀ ਪਾਠ ਕਰਨ ਲਈ ਮਿਲਦੇ
ਹਨ। ਸਾਡੇ ਸਮੇਂ ਵਿੱਚ ਜਿੰਨੇ ਵੀ ਪਾਠੀ ਜਾਂ ਗ੍ਰੰਥੀ ਹੁੰਦੇ ਸੀ ੳੇਹ ਲਗ-ਪਗ ਸਾਰੇ ਸਿੱਖ ਰਹਿਤ
ਮਰਯਾਦਾ ਨਾਲ ਜੁੜੇ ਹੁੰਦੇ ਸੀ। ਇਕੱਠੇ ਬੈਠ ਕੇ ਪਾਠਾਂ ਦੇ ਭੇਦ, ਸਿੱਖ ਸਿਧਾਂਤ ਜਾਂ ਸਿੱਖ ਇਤਿਹਾਸ
ਦੀ ਆਮ ਹੀ ਚਰਚਾ ਹੁੰਦੀ ਰਹਿੰਦੀ ਸੀ। ਹੌਲ਼ੀ ਹੌਲ਼ੀ ਸਮਾਂ ਬਦਲਦਾ ਗਿਆ ਸਾਧਾਂ ਦੀਆਂ ਡਾਰਾਂ ਦੀਆਂ
ਡਾਰਾਂ ਪੈਦਾ ਹੁੰਦੀਆਂ ਗਈਆਂ। ਕਈਆਂ ਨੇ ਆਪਣੇ ਡੇਰਿਆਂ ਦਾ ਪ੍ਰਭਾਵ ਵਧਾਉਣ ਲਈ ਕਈ ਕਈ ਪਰਕਾਰ ਦੀਆਂ
ਵੰਨ ਸਵੰਨੀਆਂ ਮਰਯਾਦਾਵਾਂ ਹੋਂਦ ਵਿੱਚ ਲੈ ਆਂਦੀਆਂ। ਮੈਨੂੰ ਯਾਦ ਹੈ ਅੱਜ ਤੋਂ ਪੰਜਾਤਲ਼ੀ ਸਾਲ
ਪਹਿਲਾਂ ਜੈਲ ਦਾਰਾਂ ਦੇ ਘਰ ਸੰਤਾਨ ਨਹੀਂ ਹੁੰਦੀ ਸੀ ਉਹਨਾਂ ਨੇ ਨਾਨਕਸਰ ਦੇ ਡੇਰੇ ਤੋਂ ਪਾਠੀ
ਉਚੇਚੇ ਤੌਰ `ਤੇ ਮੰਗਵਾਏ ਸਨ। ਉਹ ਮੂੰਹ ਬੰਨ੍ਹ ਕੇ ਪਾਠ ਕਰਦੇ ਸੀ। ਭੋਲੇ ਲੋਕਾਂ ਨੇ ਸਮਝਿਆ ਕਿ
ਸ਼ਾਇਦ ਇਹ ਹੀ ਅਸਲ ਮਰਯਾਦਾ ਹੋਵੇ। ਦਰ ਅਸਲ ਉਹਨਾਂ ਵਿਚੋਂ ਪਾਠੀ ਘੱਟ ਤੇ ਅੰਨ ਦੇ ਵੈਰੀ ਜ਼ਿਆਦਾ ਸਨ।
ਮਾਈਆਂ ਵਿਚਾਰੀਆਂ ਨੇ ਸਮਝਿਆ ਕਿ ਇਹ ਜਿਵੇਂ ਸਵਰਗ ਵਿਚੋਂ ਦੇਵਤੇ ਆਏ ਹੋਣ। ਖੁੰਢਾਂ ਤੇ ਬੈਠ ਕੇ
ਬਜ਼ੁਰਗਾਂ ਨੇ ਗੁਰਬਾਣੀ ਪਾਠ ਦੀਆਂ ਘੱਟ ਤੇ ਉਹਨਾਂ ਦੇ ਅਲੋਕਾਰ ਚੋਚਲਿਆਂ, ਅੱਖਾਂ ਬੰਦ ਰੱਖਣ ਦੀਆਂ,
ਨਖਰਿਆਂ ਵਾਲੀਆਂ ਟਪੂਸਣੀਆਂ ਮਾਰਣ ਤੇ ਮਾਲਾ ਘਮਾਉਣ ਦੀਆਂ ਚਰਚਾਵਾਂ ਜ਼ਿਆਦਾ ਕੀਤੀਆਂ ਜਾਂਦੀਆਂ
ਰਹੀਆਂ। ਕਈ ਕਈ ਪਰਕਾਰ ਦੇ ਪਕਵਾਨਾਂ ਦੀਆਂ ਗੱਲਾਂ ਹੁੰਦੀਆਂ ਰਹੀਆਂ। ਕਈਆਂ ਨੇ ਆਏ ਪਾਠੀਆਂ ਦੇ
ਚੋਲ਼ਿਆਂ ਦੀ ਗੱਲਾਂ ਕੀਤੀਆਂ। ਇਸ ਚਿੱਟ ਕਪੜੀ ਚੌਂਕੜੀ ਵਲੋਂ ਦੇਸੀ ਘਿਓ ਦੇ ਕੁੱਝ ਪੀਪੇ ਫੂਕੇ ਗਏ
ਕੁੱਝ ਖਾਧੇ ਗਏ। ਜਾਣ ਲੱਗਿਆਂ ਜੈਲਦਾਰਨੀ ਦੀ ਝੋਲ਼ੀ ਵਿੱਚ ਸੇਬ ਵੀ ਪਾਇਆ ਗਿਆ ਪਰ ਜੈਲਦਾਰਾਂ ਦੇ ਘਰ
ਸੰਤਾਨ ਫਿਰ ਵੀ ਕੋਈ ਨਾ ਹੋਈ। ਇਹ ਤੇ ਏਦਾਂ ਹੋਈ ਜਿਵੇਂ ਘਟਾ ਬਹੁਤ ਸੰਘਣੀ ਚੜ੍ਹ ਕੇ ਆਈ ਹੋਵੇ ਪਰ
ਮੀਂਹਦੀ ਤਿਪ ਨਾ ਡਿੱਗੇ।
ਏਸੇ ਤਰ੍ਹਾਂ ਹੀ ਨਿੱਕੇ ਘੁੰਮਣਾ ਵਾਲੇ (ਜ਼ਿਲ੍ਹਾ ਗੁਰਦਾਸਪੁਰ) ਬਾਬਾ ਹਜ਼ਾਰਾ ਸਿੰਘ ਦੇ ਡੇਰੇ ਨਾਲ
ਸਬੰਧ ਰੱਖਣ ਵਾਲੇ ਪਾਠੀ ਵੀ ਪੈਦਾ ਹੋ ਗਏ ਹਨ। ਇਹਨਾਂ ਨੇ ਕਿਹਾ ਕਿ ਪਾਠ ਦੀ ਭੇਟਾ ਅਸਾਂ ਸਿਰਫ
ਚਾਲੀ ਰੁਪਏ ਹੀ ਲੈਣੇ ਹਨ ਪਰ ਬਾਕੀ ਦੀ ਚੜ੍ਹਤ ਸਾਰੀ ਸਾਡੀ ਹੋਏਗੀ। ਪਿੰਡਾਂ ਵਾਲਿਆ ਸੋਚਿਆ ਕਿ ਇਹ
ਸੌਦਾ ਵਧੀਆ ਹੈ ਕਿਉਂ ਕਿ ਸਾਡੇ ਪੱਲਿਓਂ ਤਾਂ ਸਿਰਫ ਚਾਲੀ ਰੁਪਏ ਹੀ ਗਏ ਬਾਕੀ ਤਾਂ ਸੰਗਤ ਨੇ ਹੀ
ਚੜਾਉਣੇ ਹਨ ਸਾਡਾ ਉਹਦੇ ਨਾਲ ਕੋਈ ਵਾਹ ਵਾਸਤਾ ਨਹੀਂ ਹੈ। ਅਣਸਿਖਾਂਦਰੂ ਪਾਠੀਆਂ ਦੀ ਦਿਨ-ਬ-ਦਿਨ
ਭਰਮਾਰ ਹੁੰਦੀ ਗਈ।
ਜਿਸ ਤਰ੍ਹਾਂ ਹਰ ਡੇਰੇ ਵਾਲੇ ਅਰਦਾਸ ਵਿੱਚ ਆਪਣੇ ਮਰ ਚੁੱਕੇ ਸਾਧਾਂ ਦੇ ਨਾਂ ਲੈਂਦੇ ਹਨ, ਏਸ
ਤਰ੍ਹਾਂ ਇਹ ਪਾਠੀ ਨਿੱਕੇ ਘੁੰਮਣਾ ਵਾਲੇ ਬਾਬਾ ਹਜ਼ਾਰਾ ਸਿੰਘ ਦਾ ਨਾਂ ਲੈ ਕੇ ਅਰਦਾਸ ਕਰਦੇ ਹਨ। ਇਸ
ਮਿਰਤਕ ਸੰਸਕਾਰ ਤੇ ਪਾਠੀ ਸਿੰਘ ਨੇ ਸਿਰਫ ਦਸ ਗੁਰੂਆਂ ਦੇ ਨਾਂ ਲੈ ਕੇ ਉਸ ਦੇ ਅੱਗੇ ਹੇ ਨਿਮਾਣਿਆਂ
ਦੇ ਮਾਣ ਨਿਤਾਣਿਆਂ ਦੇ ਤਾਣ ਧੰਨ ਧੰਨ ਬਾਬਾ ਹਜ਼ਾਰਾ ਸਿੰਘ ਜੀ ਨਿੱਕੇ ਘੁੰਮਣਾ ਵਾਲੇ ਜੀਓ! ਇਸ
ਵਿਛੜੀ ਰੂਹ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ਿਸ਼ ਕਰੋ ਤੇ ਪਿੱਛੇ ਪਰਵਾਰ ਨੂੰ ਭਾਣਾ ਮੰਨਣ ਦਾ ਬਲ
ਬਖਸ਼ਿਸ਼ ਕਰੋ ਕਹਿ ਆਪਣੇ ਡੇਰੇ ਵਾਲੀ ਮਰਯਾਦਾ ਦੀ ਘੜੀ ਘੋਲ਼ੀ। ਪਾਠੀ ਘੱਟ ਤੇ ਉੱਖੜੀ ਕੁਹਾੜੀ ਵਾਂਗ
ਵੱਢ ਖਾਣਿਆਂ ਵਾਂਗੂੰ ਬੋਲਣ ਵਾਲੇ ਧਰਮੀ ਯੋਧੇ ਨੇ ਬਾਕੀ ਅਰਦਾਸ ਕਰਨੀ ਬਿਲਕੁਲ ਮੁਨਾਸਬ ਨਾ ਸਮਝੀ।
ਆਪਣੀ ਬਣਾਈ ਅਰਦਾਸ ਦੇ ਅਖੀਰਲੇ ਪਹਿਰੇ ਵਿੱਚ ਜੋ ਜਬਲ਼ੀਆਂ ਮਾਰੀਆਂ ਉਹਨਾਂ ਨੂੰ ਲਿਖ ਕੇ ਐਂਵੇਂ
ਵਰਕੇ ਹੀ ਕਾਲ਼ੇ ਕਰਨ ਵਾਲੀ ਗੱਲ ਹੈ। ਢਾਈ ਕੁ ਪੇਚਾਂ ਵਾਲਾ ਢਿੱਲਾ ਜੇਹਾ ਅੱਧਾ ਚਿੱਟਾ ਤੇ ਅੱਧਾ
ਮੈਲ਼ ਨਾਲ ਭਰਿਆ ਪਟਕਾ ਬੰਨ੍ਹੀ ਹੋਏ ਪਾਠੀ ਜੀ ਨੇ ਅਰਦਾਸ ਵਿੱਚ ਜਿਹੜੀ ਜਗੋਂ ਤੇਰ੍ਹਵੀਂ ਕੀਤੀ ਉਹ
ਮੈਂ ਪਹਿਲੀ ਵਾਰ ਸੁਣੀ ਸੀ। ਜਿੱਥੇ ਪਾਠੀ ਸਿੰਘ ਨੇ ਪਰਵਾਰ ਲਈ ਮੰਗਾਂ ਮੰਗੀਆਂ ਓੱਥੇ ਕੌਮ ਲਈ ਵੀ
ਇੱਕ ਮੰਗ ਮੰਗੀ ਕਿ ਹੇ ਧੰਨ ਧੰਨ ਬਾਬਾ ਹਜ਼ਾਰਾ ਸਿੰਘ ਜੀਓ! ਨਿੱਕੇ ਘੁੰਮਣਾਂ ਵਾਲਿਓ ਜੀਓ! ਸਾਰੀ
ਕੌਮ ਵੈਸ਼ਨੂੰ ਹੋ ਜਾਏ। ਧੰਨ ਧੰਨ ਬਾਬਾ ਹਜ਼ਾਰਾ ਸਿੰਘ ਜੀ ਸਾਰੀ ਕੌਮ ਵੈਸ਼ਨੂੰ ਹੋ ਜਾਏ। ਇਸ ਮੰਗ ਨੂੰ
ਕਈ ਵਾਰ ਅਰਦਾਸ ਵਿੱਚ ਦੁਹਰਾਇਆ ਗਿਆ। ਕੋਲ਼ ਖੜਿਆ ਹੀ ਇੱਕ ਵੀਰ ਕਹੀ ਜਾ ਰਿਹਾ ਸੀ ਕਿ ਇਹ ਕੌਮ ਲਈ
ਵਰ ਮੰਗ ਰਿਹਾ ਹੈ ਜਾਂ ਕੌਮ ਲਈ ਸਰਾਪ ਮੰਗ ਰਿਹਾ ਹੈ।
ਅਰਦਾਸ ਦੀ ਸਮਾਪਤੀ ਹੋਈ ਪਾਠੀ ਸਿੰਘ ਜੀ ਨੇ ਮੁੱਖ ਵਾਕ ਲਿਆ। ਹੁਣ ਪਾਠੀ ਸਿੰਘ ਨੇ ਦੁਬਾਰਾ ਮਾਇਕ
ਸੰਭਾਲਦਿਆਂ ਨਵੇਂ ਸਿਰੇ ਤੋਂ ਕਥਾ ਅਰੰਭ ਕੀਤੀ ਕਿ ਸਾਧ ਸੰਗਤ ਜੀਓ ਮੈਂ ਕੋਈ ਪਰਚਾਰਕ ਨਹੀਂ ਹਾਂ ਪਰ
ਧੰਨ ਧੰਨ ਬਾਬਾ ਹਜ਼ਾਰਾ ਸਿੰਘ ਜੀ ਨਿੱਕੇ ਘੁੰਮਣਾਂ ਵਾਲਿਆਂ ਦੀ ਬਖਸ਼ਿਸ਼ ਦੁਆਰਾ ਮੈਂ ਕੁੱਝ ਬਚਨ ਕਰਨ
ਲੱਗਾਂ ਹਾਂ। ਜੋ ਬਚਨ ਬਾਬਾ ਜੀ ਕਹਿੰਦੇ ਹੁੰਦੇ ਸੀ, ਉਹ ਮੈਂ ਆਪ ਸੰਗਤ ਦੇ ਸਾਹਮਣੇ ਰੱਖ ਰਿਹਾ
ਹਾਂ। ਭਾਈ ਸਾਧ ਸੰਗਤ ਜੀ ਅੱਜ ਘੋਰ ਕਲਜੁਗ ਦਾ ਜ਼ਮਾਨਾ ਆ ਗਿਆ ਹੈ। ਲੋਕ ਮੀਟ ਖਾਣ ਲੱਗ ਪਏ ਹਨ। ਇਹ
ਤੇ ਭਈ ਰਾਖਸ਼ ਬੁੱਧੀ ਵਾਲਿਆਂ ਦਾ ਖਾਣਾ ਹੈ। ਭਾਈ ਜੋ ਮੀਟ ਖਾਂਦਾ ਹੈ ਉਹ ਨਰਕਾਂ ਵਿੱਚ ਜਾਂਦਾ ਹੈ।
ਨਰਕਾਂ ਬਾਰੇ ਰਾਗੀ ਜੀ ਨੇ ਸਮਝਾ ਹੀ ਦਿੱਤਾ ਹੈ। ਭਾਈ ਇਹ ਮੀਟ ਨਹੀਂ ਖਾ ਰਹੇ ਇਹ ਗੰਦਗੀ ਖਾ ਰਹੇ
ਹਨ। ਧੰਨ ਧੰਨ ਬਾਬਾ ਹਜ਼ਾਰਾ ਸਿੰਘ ਜੀ ਨਿੱਕੇ ਘੁੰਮਣਾ ਵਾਲੇ ਕਿਹਾ ਕਰਦੇ ਸੀ ਕਿ ਭਾਈ ਕਿਸੇ ਨੇ ਵੀ
ਮੀਟ ਨਹੀਂ ਖਾਣਾ। ਕਿਸੇ ਨੇ ਵੀ ਜੀਵ ਹੱਤਿਆ ਨਹੀਂ ਕਰਨੀ। ਸਾਰੇ ਵੈਸ਼ਨੂੰ ਹੋ ਜਾਉ। ਬੋਲੋ ਜੀ
ਵਾਗੁਰੂ--
ਪਾਠੀ ਸਿੰਘ ਨੇ ਅਗਾਂਹ ਹੋਰ ਮਾਰਕਾ ਮਾਰਦਿਆਂ ਹੋਇਆ ਪੂਰਾ ਜ਼ੋਰ ਦੇ ਕੇ ਕਿਹਾ ਕਿ ਭਾਈ ਹੱਥ ਖੜੇ ਕਰੋ
ਕਿ ਅੱਜ ਤੋਂ ਬਆਦ ਅਸੀਂ ਪੱਕੇ ਵੈਸ਼ਨੂੰ ਹੋ ਜਾਵਾਂਗੇ। ਬਾਰ ਬਾਰ ਜ਼ੋਰ ਦੇਣ `ਤੇ ਵੀ ਸੰਗਤ ਵਿਚੋਂ
ਕਿਸੇ ਨੇ ਵੀ ਹੱਥ ਖੜਾ ਨਾ ਕੀਤਾ। ਬਾਹਰ ਬੈਠੇ ਦੋ ਪੜ੍ਹੇ ਲਿਖੇ ਸਜਣਾਂ ਕੋਲੋਂ ਰਿਹਾ ਨਾ ਗਿਆ ਤੇ
ਉਹਨਾਂ ਵਿਚੋਂ ਇੱਕ ਉੱਠ ਕੇ ਬਾਬਾ ਜੀ ਨੂੰ ਕਹਿਣ ਲੱਗੇ ਕਿ ਭਾਈ ਸਾਹਿਬ ਜੀ ਹਾਅ ਜਬਲ਼ੀਆਂ ਵਾਲੀ ਕਥਾ
ਬੰਦ ਕਰੋ ਤੇ ਕੜਾਹ ਪ੍ਰਸ਼ਾਦ ਵਰਤਾਓ ਅਸਾਂ ਦੂਰ ਜਾਣਾ ਹੈ। ਤੂਹਾਨੂੰ ਪਤਾ ਹੈ ਧੁੰਦ ਪਈ ਹੋਈ ਹੈ
ਸਿਆਲੀ ਦਿਨ ਹੋਣ ਕਰਕੇ ਸੂਰਜ ਵੀ ਛੇਤੀ ਹੀ ਡੁੱਬ ਜਾਂਦਾ ਹੈ। ਪਾਠੀ ਸਿੰਘ ਨੇ ਆਪਣੇ `ਤੇ ਅਚਨਚੇਤੀ
ਪਈ ਬਿਪਤਾ ਦੇਖ ਕੇ ਤੁਰੰਤ ਮੌਕਾ ਸੰਭਾਲਦਿਆਂ ਕੜਾਹ ਪ੍ਰਸ਼ਾਦ ਵਰਤਾਉਣ ਦੀ ਆਗਿਆ ਕੀਤੀ।
ਗੁਰੂ ਗ੍ਰੰਥ ਸਾਹਿਬ ਜੀ ਸੇਵਾ ਸੰਭਾਲ ਕਰਕੇ ਜਦੋਂ ਭਾਈ ਜੀ ਵਿਹਲੇ ਹੋਏ ਤਾਂ ਉਹਨਾਂ ਨੂੰ ਪੁੱਛਿਆ
ਕਿ ‘ਭਾਈ ਸਾਹਿਬ ਜੀ ਜਦੋਂ ਤੁਸੀਂ ਖ਼ੁਦ ਮੰਨ ਰਹੇ ਹੋ ਕੇ ਮੈਂ ਕੋਈ ਪਰਚਾਰਕ ਨਹੀਂ ਤਾਂ ਆਹ ਤੂਹਾਨੂੰ
ਕੀ ਬਿਪਤਾ ਪਈ ਹੋਈ ਸੀ ਤੁਸਾਂ ਜ਼ਰੂਰ ਹੀ ਕਥਾ ਕਰਨੀ ਹੈ। ਦੂਜਾ ਕੌਮ ਨੂੰ ਵੈਸ਼ਨੂੰ ਬਣਾਉਣ ਦਾ
ਸਿਧਾਂਤ ਕਦੋਂ ਕੁ ਦਾ ਪਾਸ ਹੋਇਆ ਹੈ`? ਕੀ ਤੂਹਾਨੂੰ ਪਤਾ ਹੈ ਕਿ ‘ਵੈਸ਼ਨੂੰ ਬਣਨ ਦਾ ਅਰਥ ਹੈ
ਵਿਸ਼ਨੂੰ ਭਗਵਾਨ ਦਾ ਸੇਵਕ। ਕੀ ਹੁਣ ਕੌਮ ਵਿਸ਼ਨੂੰ ਭਗਵਾਨ ਦੀ ਸੇਵਕ ਬਣੇ`? ਦੂਸਰਾ ਸੁਆਲ ‘ਭਾਈ
ਸਾਹਿਬ ਜੀ ਕੀ ਤੁਸੀਂ ਸਿੱਖ ਰਹਿਤ ਮਰਯਾਦਾ ਪੜ੍ਹੀ ਹੈ`? ਭਾਈ ਸਾਹਿਬ ਜੀ ਦਾ ਉੱਤਰ ਸੀ ਕਿ ਮੈਂ
ਸਿੱਖ ਰਹਿਤ ਮਰਯਾਦਾ ਪੜ੍ਹਨੀ ਤਾਂ ਇੱਕ ਪਾਸੇ ਰਹੀ ਦੇਖੀ ਵੀ ਨਹੀਂ ਹੈ। ਸਿੱਖ ਰਹਿਤ ਮਰਯਾਦਾ ਵਿੱਚ
ਤਾਂ ਸਾਫ਼ ਸ਼ਬਦਾਂ ਵਿੱਚ ਲਿਖਿਆ ਹੈ ਕਿ ਕੁੱਠਾ ਨਹੀਂ ਖਾਣਾ ਪਰ ਤੁਸਾਂ ਤਾਂ ਸਾਰਾ ਸਿਧਾਂਤ ਹੀ ਉਲਟ
ਪੁਲਟ ਕਰ ਦਿੱਤਾ ਹੈ। ਦੂਸਰਾ ਤੁਸਾਂ ਕਿਸੇ ਗੁਰੂ ਸਹਿਬਾਨ ਦਾ ਇਤਿਹਾਸ ਤਾਂ ਕੀ ਸਣਾਉਣਾ ਸੀ ਗੁਰੂ
ਸਾਹਿਬ ਜੀ ਦਾ ਨਾਂ ਤੀਕ ਨਹੀਂ ਲਿਆ। ਨਾਂ ਤੁਸਾਂ ਕਿਸੇ ਸ਼ਬਦ ਦੀ ਵਿਚਾਰ ਕੀਤੀ ਹੈ। ਆ ਜਿਹੜੀ ਤੁਸਾਂ
ਵੈਸ਼ਨੂੰ ਹੋਣ ਦੀ ਜਬਲ਼ੀ ਮਾਰੀ ਹੈ ਇਸ ਦਾ ਅਧਕਾਰ ਤੁਹਾਨੂੰ ਕਦੋਂ ਦਾ ਮਿਲਿਆ ਹੈ। ਤੀਜੀ ਗੱਲ ਅਰਦਾਸ
ਵਿੱਚ ਤੁਸਾਂ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ
ਜੀ ਲਿਖਿਆ ਹੋਇਆ ਹੈ ਪਰ ਤੁਸਾਂ ਇਸ ਦੀ ਜਗ੍ਹਾ ਧੰਨ ਧੰਨ ਸੰਤ ਬਾਬਾ ਹਜ਼ਾਰਾ ਸਿੰਘ ਜੀ ਨਿੱਕੇ
ਘੁੰਮਣਾ ਵਾਲਿਆਂ ਅੱਗੇ ਅਰਦਾਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇ ਅਦਬੀ ਕੀਤੀ ਹੈ। ਪਹਿਲਾਂ ਤਾਂ
ਭਾਈ ਸਾਹਿਬ ਜੀ ਪੂਰਾ ਦਬਕਾ ਮਾਰਨ ਲੱਗੇ ਕਿ ਮਸ਼ੀਨਰੀਆਂ ਨੇ ਧਰਮ ਦਾ ਬੇੜਾ ਗਰਕ ਕੀਤਾ ਹੋਇਆ ਹੈ। ਪਰ
ਜਦੋਂ ਉਹਨਾਂ ਦੇਖਿਆ ਕਿ ਮੇਰੀ ਅਵਾਜ਼ ਵਿੱਚ ਦੋ ਹੋਰ ਵੀ ਸਿੰਘ ਆਣ ਰਲ਼ੇ ਹਨ ਤਾਂ ਫਿਰ ਭਾਈ ਨੇ ਆਪਣਾ
ਖਹਿੜਾ ਛਡਾਉਣ ਦੀ ਕੀਤੀ ਕਿ ਜੀ ਅਸੀਂ ਤੇ ਅਣਜਾਣ ਹਾਂ ਸੁਣੀਆਂ ਸੁਣਾਈਆਂ ਗੱਲਾਂ ਹੀ ਕਰਦੇ ਹਾਂ।
ਅਸੀਂ ਤੇ ਜੀ ਨਿੱਕੇ ਘੁੰਮਣਾ ਵਾਲਿਆਂ ਨਾਲ ਜੁੜੇ ਹੋਏ ਹਾਂ। ਉਸ ਨੂੰ ਸਮਝਾਉਣ ਦਾ ਯਤਨ ਕੀਤਾ ਕਿ
ਭਾਈ ਜੀ ਗੁਰੂ ਗ੍ਰੰਥ ਸਾਹਿਬ ਨਾਲ ਜੁੜੋ। ਇੱਕ ਗੱਲ ਉਗੜ ਕੇ ਸਾਹਮਣੇ ਆਈ ਕਿ ਇਹਨਾਂ ਨੇ ਗੁਰਬਾਣੀ
ਪਾਠ ਦੀ ਸੰਥਿਆ ਕਿਤੋਂ ਵੀ ਨਹੀਂ ਲਈ ਹੋਈ ਸਿਰਫ ਡੇਰਿਆਂ ਦਾ ਪਰਚਾਰ ਹੀ ਕਰ ਰਹੇ ਹਨ।
ਫਿਰ ਬਾਕੀ ਬੈਠੇ ਸਾਰਿਆਂ ਨੇ ਇਹ ਹੀ ਮਹਿਸੂਸ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਨ
ਵਿਚਾਰਨ ਦਾ ਕੋਈ ਯੋਗ ਪ੍ਰਬੰਧ ਨਹੀਂ ਹੈ। ਸਾਡੀ ਸ਼੍ਰੋਮਣੀ ਕਮੇਟੀ ਆਖਬਾਰੀ ਬਿਆਨਬਾਜ਼ੀ ਤਾਂ ਬਹੁਤ ਕਰ
ਰਹੀ ਹੈ ਪਰ ਯੋਜਨ ਬਧ ਢੰਗ ਨਾਲ ਕੋਈ ਪਰਚਾਰ ਨਹੀਂ ਹੈ। ਗੁਰਦੁਆਰੇ ਤਾਂ ਬਹੁਤ ਮਹਿੰਗੇ ਮਹਿੰਗੇ ਬਣਾ
ਲਏ ਹਨ ਪਰ ਉਹਨਾਂ ਵਿੱਚ ਸਿਖਾਂਦਰੂ ਪਰਚਾਰਕ ਨਹੀਂ ਹਨ। ਅੱਜ ਡੇਰਵਾਦ ਏੰਨਾ ਫੈਲ ਚੁੱਕਿਆ ਹੈ ਕਿ
ਗੁਰੂ ਦੀ ਆੜ ਲੈ ਕੇ ਆਪਣੇ ਮਰ ਚੁੱਕੇ ਸਾਧਾਂ ਦੇ ਹੀ ਕੀਰਨੇ ਪਾਈ ਜਾ ਰਹੇ ਹਨ। ਜੇ ਕੋਈ ਗੁਰੂ ਦੀ
ਮਹਿਮਾ ਸਮਝਾਉਣ ਦਾ ਯਤਨ ਕਰਦਾ ਹੈ ਤਾਂ ਇਹ ਝੱਟ ਝਗੜਾ ਕਰਨ `ਤੇ ਉੱਤਰ ਆਉਂਦੇ ਹਨ।
ਅੱਜ ਦੀ ਹੀ ਅਖਬਾਰ ਤੇ ਜਨੀ ਕਿ ੨੧-੧-੧੧ ਲਿਖਿਆ ਹੈ ਕਿ ਮਾਘੀ ਦੇ ਮੇਲੇ ਪੈਂਤੀ ਲੱਖ ਦਾ ਸ਼ਾਮਿਆਨਾ
ਸਰੋਮਣੀ ਕਮੇਟੀ ਵਲੋਂ ਲਗਾਇਆ ਗਿਆ ਜਿਸ ਵਿੱਚ ਗੁਰਮਤ ਦੀ ਗੱਲ ਕੋਈ ਨਹੀਂ ਹੋਈ ਸਿਰਫ ਵਿਰੋਧੀਆਂ `ਤੇ
ਚਿੱਕੜ ਹੀ ਸੁੱਟਿਆ ਗਿਆ ਹੈ। ਸ਼ਬਦ ਗੁਰਬਾਣੀ ਦਾ ਪੜ੍ਹਿਆ ਜਾ ਰਿਹਾ ਹੈ ਪਰ ਵਿਆਖਿਆ ਬ੍ਰਹਾਮਣੀ
ਕਰਮਕਾਂਡ ਦੀ ਕੀਤੀ ਜਾ ਰਹੀ ਹੈ। ਅਸਲ ਵਿੱਚ ਇਹਨਾਂ ਡੇਰਿਆਂ `ਤੇ ਜਦੋਂ ਸਾਡੇ ਜੱਥੇਦਾਰ ਜਾ ਹਾਜ਼ਰੀ
ਲਵਾਉਂਦੇ ਹਨ ਤਾਂ ਆਮ ਲੋਕ ਵੀ ਸਮਝਣ ਲੱਗ ਜਾਂਦੇ ਕਿ ਸ਼ਾਇਦ ਇਸ ਡੇਰੇ ਵਿੱਚ ਬਹੁਤ ਸ਼ਕਤੀ ਹੈ ਡੇਰੇ
ਤੋਂ ਕੋਈ ਅਜੇਹੀ ਸ਼ਕਤੀ ਪੈਦਾ ਹੁੰਦੀ ਹੈ ਜੋ ਸਾਡੇ ਕਾਰਜ ਰਾਸ ਕਰਦੀ ਹੈ। ਬਾਕੀਆਂ ਦੇ ਤੇ ਭਾਂਵੇਂ
ਕਾਰਜ ਰਾਸ ਨਾ ਹੋਣ ਪਰ ਰਾਜਨੀਤਿਕ ਲੋਕਾਂ ਦੇ ਵੋਟਾਂ ਰਾਂਹੀਂ ਜ਼ਰੂਰ ਕਾਰਜ ਰਾਸ ਹੁੰਦੇ ਹਨ।
ਪਾਠੀ ਸਿੰਘ ਨੂੰ ਇੱਕ ਦਿਨ ਪਹਿਲਾਂ ਪਤਾ ਲੱਗ ਗਿਆ ਸੀ ਕਿ ਮੈਂ ਭੋਗ `ਤੇ ਆਉਣਾ ਹੈ ਤਾਂ ਉਹਨਾਂ ਨੇ
ਆਪੇ ਬਣੇ ਇੱਕ ਚੌਧਰੀਂ ਰਾਂਹੀ ਇਹ ਪੱਕਾ ਕਰਾ ਲਿਆ ਕਿ ਸਿਰਫ ਕੀਰਤਨ ਹੀ ਕਰਾਇਆ ਜਾਏ ਸਮਾਂ ਘੱਟ ਹੋਣ
ਦਾ ਬਹਾਨਾ ਮਾਰ ਕੇ ਹੋਰ ਕਿਸੇ ਨੂੰ ਬੋਲਣ ਦਾ ਸਮਾਂ ਨਾ ਦਿੱਤਾ ਜਾਏ।
ਸਮੇਂ ਦੀ ਲੋੜ ਹੈ ਆਪੋ ਆਪਣੇ ਪਿੰਡ ਸੰਭਾਲਣ ਦੀ। ਗੁਰਮਤ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਤੇ ਸਿੰਘ
ਸਭਾ ਕਨੇਡਾ ਵਾਂਗ ਇੱਕ ਵੱਡਾ ਹੰਭਲ਼ਾ ਮਾਰਨ ਦੀ ਲੋੜ ਹੈ।
ਸਿੰਘ ਸਭਾ ਕਨੇਡਾ, ਖਾਲਸਾ ਨਿਉਜ਼, ਪੰਥਕ ਡਾਟ ਕਾਮ, ਸਿੱਖ ਮਾਰਗ, ਸਿੱਖ ਅਫਿਅਰ ਫ਼ਰੀਦਾਬਾਦ, ਜਾਗੋ
ਖਾਲਸਾ ਤੇ ਤੱਤ ਗੁਰਮਤ ਪਰਵਾਰ ਵਾਲੇ ਵੀਰ ਸੁਹਿਰਦਤਾ ਨਾਲ ਡੱਟ ਕੇ ਸਿੱਖ ਸਿਧਾਂਤ `ਤੇ ਪਹਿਰਾ ਦੇ
ਰਹੇ ਹਨ। ਏਸੇ ਤਰ੍ਹਾਂ ਸਾਡੀਆਂ ਉਚਕੋਟੀਆਂ ਦੀਆਂ ਸੰਸਥਾਵਾਂ, ਜੱਥੇਦਾਰਾਂ ਤੇ ਪਰਚਾਰਕ ਸ਼੍ਰੇਣੀ ਨੂੰ
ਵੀ ਸੁਹਿਰਦਤਾ ਨਾਲ ਸਿੱਖ ਸਿਧਾਂਤ `ਤੇ ਪਹਿਰਾ ਦੇਣ ਦੀ ਲੋੜ ਹੈ।