.

ੴਸਤਿਗੁਰਪ੍ਰਸਾਦਿ ॥

ਪਾਹੁਲ- ਇੱਕ ਅਦੁੱਤੀ ਬਖਸ਼ਿਸ਼

(ਪੜਚੋਲ ਅਤੇ ਵਿਆਖਿਆ)

ਰਾਜਿੰਦਰ ਸਿੰਘ, (ਮੁੱਖ ਸੇਵਾਦਾਰ)

ਸ਼੍ਰੋਮਣੀ ਖਾਲਸਾ ਪੰਚਾਇਤ,

ਟੈਲੀਫੋਨ: +919876104726

ਕਿਸ਼ਤ ਬਾਰ੍ਹਵੀਂ (ਆਖਰੀ)

ਸਿੱਖ ਰਹਿਤ ਮਰਯਾਦਾ ਦੇ ਹਿੱਸੇ ‘ਪੰਥਕ ਰਹਿਣੀ` ਦੇ ਭਾਗ (3) ਤਨਖਾਹ ਲਾਉਣ ਦੀ ਵਿਧੀ ਦੀ ਮੱਦ (ੳ) ਵਿੱਚ ਲਿਖਿਆ ਹੈ:

ਜਿਸ ਕਿਸੇ ਸਿੱਖ ਪਾਸੋਂ ਰਹਿਤ ਦੀ ਕੋਈ ਭੁੱਲ ਹੋ ਜਾਵੇ ਤਾਂ ਉਹ ਨੇੜੇ ਦੀ ਗੁਰ-ਸੰਗਤ ਪਾਸ ਹਾਜ਼ਰ ਹੋਵੇ ਅਤੇ ਸੰਗਤ ਦੇ ਸਨਮੁੱਖ ਖੜੇ ਹੋ ਕੇ ਆਪਣੀ ਭੁੱਲ ਮੰਨੇ।

ਰਹਿਤ ਵਿੱਚ ਭੁੱਲ ਸਬੰਧੀ ਸਿੱਖ ਰਹਿਤ ਮਰਯਾਦਾ ਦੀ ਇਹ ਇੱਕ ਬਹੁਤ ਵਧੀਆ ਮੱਦ ਹੈ, ਕਿਉਂਕਿ ਸੁਧਾਰ ਵਾਸਤੇ ਸਭ ਤੋਂ ਜ਼ਰੂਰੀ ਹੈ ਕਿ ਆਪਣੇ ਮਨ ਵਿੱਚ ਇਹ ਅਹਿਸਾਸ ਪੈਦਾ ਹੋਵੇ ਕਿ ਮੈਂ ਭੁੱਲ ਕੀਤੀ ਹੈ। ਉਸ ਤੋਂ ਅਗਲੀ ਅਵਸਥਾ ਹੈ, ਮਨ ਵਿੱਚ ਪਛਤਾਵਾ ਆਉਣਾ ਅਤੇ ਫੇਰ ਉਸ ਨੂੰ ਸੁਧਾਰਨ ਤੇ ਮੁੜ ਨਾ ਦੁਹਰਾਉਣ ਵਾਸਤੇ ਉਕਸਤ ਹੋਣਾ। ਦੁਨਿਆਵੀ ਜੀਵਨ ਵਿੱਚ ਵੀ ਅਸੀਂ ਅਕਸਰ ਆਖਦੇ ਹਾਂ, ਸਜ਼ਾ ਦਾ ਮਕਸਦ ਉਸ ਵਿਅਕਤੀ ਨੂੰ ਸੁਧਾਰਨਾ ਹੈ। ਸਾਡੇ ਦੇਸ਼ ਵਿੱਚ ਵੀ ਜੇਲ੍ਹਾਂ ਦਾ ਨਾਂ ਬਦਲ ਕੇ ‘ਸੁਧਾਰ ਘਰ` ਰੱਖ ਦਿੱਤਾ ਗਿਆ ਹੈ। ਇਹ ਅਲੱਗ ਗੱਲ ਹੈ ਕਿ ਇਥੇ ਕੇਵਲ ਨਾਂ ਹੀ ਰੱਖਿਆ ਗਿਆ ਹੈ, ਸੱਚਮੁੱਚ ਸੁਧਾਰਨ ਦੇ ਉਪਰਾਲੇ ਕੋਈ ਨਹੀਂ ਹੁੰਦੇ। ਬਾਹਰਲੇ ਬਹੁਤ ਸਾਰੇ ਵਿਕਸਤ ਦੇਸ਼ਾਂ ਵਿੱਚ ਤਾਂ ਜੇਲ੍ਹਾਂ ਵਿੱਚ ਬੰਦ ਕੈਦੀਆਂ ਵਾਸਤੇ ਮਨੋਵਿਗਿਆਨਕ ਡਾਕਟਰ ਆਦਿ ਭੇਜੇ ਜਾਂਦੇ ਹਨ, ਤਾਂ ਕਿ ਉਹ ਗੈਰਇਖਲਾਕੀ ਕੈਦੀਆਂ ਦੀ ਮਨੋਵਿਰਤੀ ਬਦਲ ਸਕਨ ਅਤੇ ਜੇਲ ਵਿੱਚੋਂ ਬਾਹਰ ਜਾ ਕੇ ਉਹ ਚੰਗੇ ਨਾਗਰਿਕ ਬਣ ਸਕਣ।

ਧਰਮ ਦੀ ਦੁਨੀਆਂ ਦੀ ਤਾਂ ਗੱਲ ਹੀ ਅਲੱਗ ਹੈ। ਧਰਮ ਕਿਸੇ ਤੇ ਜ਼ਬਰਦਸਤੀ ਨਹੀਂ ਠੋਸਿਆ ਜਾ ਸਕਦਾ, ਇਸ ਵਿੱਚ ਕਿਸੇ ਨਾਲ ਜ਼ਬਰਦਸਤੀ ਨਹੀਂ ਕੀਤੀ ਜਾ ਸਕਦੀ। ਇਥੇ ਹੋਈ ਭੁੱਲ ਵਿੱਚ ਸੁਧਾਰ ਤਾਂ ਤੱਦ ਹੀ ਸੰਭਵ ਹੈ, ਜੇ ਪਹਿਲਾਂ ਆਪਣੇ ਧਰਮ ਦੇ ਅਸੂਲਾਂ ਦੀ ਸੋਝੀ ਹੋਵੇ, ਦੂਸਰਾ ਉਨ੍ਹਾਂ ਨਾਲ ਪੂਰਾ ਪਿਆਰ ਹੋਵੇ, ਉਨ੍ਹਾਂ ਮੁਤਾਬਕ ਜੀਵਨ ਜਿਉਂਣ ਦੀ ਤਾਂਘ ਹੋਵੇ। ਫੇਰ ਜਾਣੇ ਯਾ ਅਨਜਾਣੇ ਕੋਈ ਭੁੱਲ ਹੋ ਜਾਵੇਗੀ ਤਾਂ ਮਨ ਵਿੱਚ ਪਛਤਾਵਾ ਜ਼ਰੂਰ ਆਵੇਗਾ। ਇਹ ਸਿੱਖ ਦਾ ਖੰਡੇ ਬਾਟੇ ਦੀ ਪਾਹੁਲ ਛੱਕ ਕੇ ਸਤਿਗੁਰੂ ਨਾਲ ਕੀਤਾ ਪ੍ਰਣ ਹੈ ਜੋ ਇਹ ਅਹਿਸਾਸ ਪੈਦਾ ਕਰਦਾ ਹੈ ਕਿ ਮੈਥੋਂ ਭੁੱਲ ਹੋਈ ਹੈ। ਇਥੇ ਕਿਸੇ ਦੀ ਧੱਕੇਸ਼ਾਹੀ ਨਹੀਂ, ਇਸੇ ਵਾਸਤੇ ਪਾਹੁਲ ਬਖਸ਼ਿਸ਼ ਕਰਨ ਤੋਂ ਪਹਿਲਾਂ ਵੀ ਪੁਛਿਆ ਜਾਂਦਾ ਹੈ ਕਿ ਕੀ ਤੁਸੀਂ ਇਸ ਧਰਮ ਨੂੰ ਖੁਸ਼ੀ ਨਾਲ ਕਬੂਲ ਕਰਦੇ ਹੋ? {ਸਿੱਖ ਰਹਿਤ ਮਰਯਾਦਾ, ਪੰਥਕ ਰਹਿਣੀ, ਭਾਗ ਦੋ, ਅੰਮ੍ਰਿਤ ਸੰਸਕਾਰ ਮੱਦ (ਕ)} ਤਾਂਕਿ ਸਪੱਸ਼ਟ ਹੋਵੇ, ਕਿ ਪਾਹੁਲ ਆਪਣੀ ਮਰਜ਼ੀ ਨਾਲ ਛਕੀ ਜਾ ਰਹੀ ਹੈ, ਕਿਸੇ ਦੇ ਪ੍ਰਭਾਵ, ਲਾਲਚ ਜਾਂ ਦਬਾ ਅਧੀਨ ਨਹੀਂ। ਜੇ ਕਿਸੇ ਦਬਾ, ਲਾਲਚ ਜਾਂ ਪ੍ਰਭਾਵ ਅਧੀਨ ਪਾਹੁਲ ਛਕੀ ਹੈ ਤਾਂ ਉਸ ਵਿੱਚ ਉਤਨੀ ਸਿਧਾਤਕ ਦ੍ਰਿੜਤਾ ਨਹੀਂ ਆ ਸਕਦੀ।

ਪੁਰਾਤਨ ਸਮੇਂ ਵਿੱਚ ਤਾਂ ਇਹ ਰਹਿਤ ਵਿੱਚ ਭੁੱਲ ਹੋ ਜਾਣ ਤੇ, ਆਪੇ ਸੰਗਤ ਅੱਗੇ ਪੇਸ਼ ਹੋਣ ਵਾਲੀ ਰਵਾਇਤ ਜ਼ਰੂਰ ਪ੍ਰਚਲਤ ਰਹੀ ਹੋਵੇਗੀ, ਤਾਂ ਹੀ ਸਿੱਖ ਰਹਿਤ ਮਰਯਾਦਾ ਤਿਆਰ ਕਰਨ ਲੱਗਿਆਂ, ਇਹ ਮੱਦ ਇਸ ਵਿੱਚ ਪਾਈ ਗਈ ਹੈ, ਪਰ ਅੱਜ ਤਾਂ ਜਿਵੇਂ ਇਹ ਗੁਆਚ ਗਈ ਹੈ। ਅਸਲ ਵਿੱਚ ਇਹ ਜੁਰੱਅਤ ਉਹ ਹੀ ਕਰ ਸਕਦਾ ਹੈ, ਜਿਸ ਦਾ ਜੀਵਨ ਉੱਚਾ ਸੁੱਚਾ ਹੋਵੇ, ਜਿਸ ਦਾ ਕਿਰਦਾਰ ਗੁਰਮਤਿ ਅਨੁਸਾਰੀ ਹੋਵੇ। ਮੌਜੂਦਾ ਸਮੇਂ ਵਿੱਚ ਇਸ ਦੇ ਅਲੋਪ ਹੋ ਜਾਣ ਦਾ ਮੂਲ ਕਾਰਨ, ਸਿੱਖ ਕਿਰਦਾਰ ਵਿੱਚ ਆਈ ਗਿਰਾਵਟ ਹੀ ਹੈ। ਉਹ ਜਿਸ ਨੇ ਕੇਵਲ ਵਿਖਾਵੇ ਲਈ ਜਾਂ ਇੱਕ ਕਰਮਕਾਂਡ ਦੇ ਤੌਰ ਤੇ ਪਾਹੁਲ ਛਕੀ ਹੈ, ਉਸ ਕੋਲੋਂ ਇਹ ਆਸ ਕਰਨੀ ਹੀ ਗਲਤ ਹੈ। ਫਿਰ ਜੇ ਕੋਈ ਇਸ ਵਧੀਆ ਰਵਾਇਤ ਨੂੰ ਸੁਰਜੀਤ ਕਰਨ ਲਈ, ਉਪਰਾਲਾ ਕਰਦਾ ਵੀ ਹੈ, ਤਾਂ ਸੰਗਤ ਵਲੋਂ ਕੋਈ ਸਹਿਯੋਗ ਨਹੀਂ ਮਿਲਦਾ। ਸੰਗਤ ਵੀ ਕੀ ਕਰੇ, ਉਸ ਨੂੰ ਤਾਂ ਇਸ ਮਰਯਾਦਾ ਦਾ ਹੀ ਨਹੀਂ ਪਤਾ। ਜੇ ਕੋਈ ਐਸੀ ਜੁਰਅਤ ਕਰੇ ਤਾਂ ਸੰਗਤ ਇਸ ਨੂੰ ਵਿਖਾਵਾ ਸਮਝਦੀ ਹੈ, ਅਤੇ ਉਸ ਦਾ ਮਜ਼ਾਕ ਬਣ ਜਾਂਦਾ ਹੈ। ਅੱਜ ਇਸ ਗੱਲ ਦੀ ਵੱਡੀ ਲੋੜ ਹੈ ਕਿ ਇਸ ਲਾਜੁਆਬ ਰਵਾਇਤ ਨੂੰ ਮੁੜ ਤੋਂ ਸੁਰਜੀਤ ਕੀਤਾ ਜਾਵੇ ਤਾਂ ਕਿ ਲੀਹੋਂ ਲੱਥੀ ਕੌਮ, ਮੁੜ ਤੋਂ ਲੀਹਾਂ ਤੇ ਪੈ ਜਾਵੇ।

ਸਿੱਖ ਰਹਿਤ ਮਰਯਾਦਾ ਦੇ ਹਿਸੇ ‘ਪੰਥਕ ਰਹਿਣੀ` ਦੇ ਭਾਗ (3) ਤਨਖਾਹ ਲਾਉਣ ਦੀ ਵਿਧੀ ਦੀ ਮੱਦ (ਅ) ਵਿੱਚ ਲਿਖਿਆ ਹੈ:

ਗੁਰ-ਸੰਗਤ `ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੰਜ ਪਿਆਰੇ ਚੁਣੇ ਜਾਣ, ਜੋ ਪੇਸ਼ ਹੋਏ ਸੱਜਣ ਦੀ ਭੁੱਲ ਨੂੰ ਵਿਚਾਰ ਕੇ ਗੁਰੂ ਸੰਗਤ ਪਾਸ ਤਨਖਾਹ (ਦੰਡ) ਤਜਵੀਜ਼ ਕਰਨ।

ਇਸ ਮੱਦ ਦੀ ਸਭ ਤੋਂ ਪਹਿਲੀ ਗੱਲ, ਸਭ ਤੋਂ ਮਹੱਤਵਪੂਰਨ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ।

ਸਾਰਾ ਕਾਰਜ ਗੁਰੂ ਗ੍ਰੰਥ ਸਾਹਬ ਦੀ ਹਜ਼ੂਰੀ ਵਿੱਚ ਹੋਣਾ ਹੈ, ਤੋਂ ਪਹਿਲਾਂ ਤਾਂ ਇਹੀ ਸਪੱਸ਼ਟ ਹੈ ਕਿ ਸਾਰਾ ਕਾਰਜ ਸਤਿਗੁਰੂ ਦੇ ਭੈ, ਭਾਓ ਅਤੇ ਅਦੱਬ ਵਿੱਚ ਹੋਣਾ ਚਾਹੀਦਾ ਹੈ। ਦੂਸਰਾ ਗੁਰਮਤਿ ਦੇ ਪਾਵਨ ਸਿਧਾਂਤਾਂ ਦੀ ਰੌਸ਼ਨੀ ਵਿੱਚ ਅਕਾਲ-ਪੁਰਖ ਦੇ ਅਟੱਲ ਨੇਮਾਂ ਅਨੁਸਾਰ ਪੂਰਨ ਨਿਆਂ ਦੇ ਰੂਪ ਵਿੱਚ ਹੋਣਾ ਚਾਹੀਦਾ ਹੈ। ਜੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਹੈ, ਅਤੇ ਸਾਰੇ ਕੰਮ ਅਤੇ ਫੈਸਲੇ ਗੁਰਮਤਿ ਨੂੰ ਪਿੱਠ ਦੇਕੇ, ਸਾਡੀ ਮੱਨਮਤਿ ਅਨੁਸਾਰ ਹੋ ਰਹੇ ਹਨ ਤਾਂ ਸਹੀ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰ ਰਹੇ ਹਾਂ।

ਇਹ ਮੱਦ ਜਿੱਥੇ ਤਨਖਾਹ ਲਾਉਣ ਦੇ ਇੱਕ ਵਧੀਆ ਵਿਧਾਨ ਦਾ ਹਿੱਸਾ ਹੈ, ਉਥੇ ਕੁੱਝ ਅਤਿ ਮਹੱਤਵਪੂਰਨ ਸਿੱਖ ਸਿਧਾਂਤ ਦ੍ਰਿੜ ਕਰਾਉਂਦੀ ਹੈ। ਗੁਰ-ਸੰਗਤ ਵਿੱਚੋਂ ਪੰਜ ਪਿਆਰੇ ਚੁਣੇ ਜਾਣਾ, ਜਿੱਥੇ ਸਿੱਖ ਕੌਮ ਵਿੱਚ ਪੰਜ ਪਿਆਰਿਆਂ ਦੀ ਸੰਸਥਾ ਦੇ ਸੰਕਲਪ ਦੀ ਪ੍ਰੋੜਤਾ ਕਰਦਾ ਹੈ, ਉੱਥੇ ਇਹ ਵੀ ਸਪੱਸ਼ਟ ਕਰਦਾ ਹੈ ਕਿ ਇਹ ਸੰਸਥਾ ਸਥਾਈ ਹੈ, ਪਰ ਪੰਜ ਪਿਆਰਿਆਂ ਦੇ ਤੌਰ ਤੇ ਕੋਈ ਵਿਅਕਤੀ ਸਥਾਈ ਨਹੀਂ। ਇਹ ਹਰ ਫੈਸਲੇ ਲਈ, ਲੋੜ ਸਮੇਂ, ਸੰਗਤ ਵਿੱਚੋਂ ਚੁਣੇ ਜਾਣੇ ਹਨ। ਇਸੇ ਸਿਧਾਂਤ ਨੂੰ ਦ੍ਰਿੜ ਕਰਾਉਣ ਲਈ ਅਤੇ ਕੌਮ ਅੰਦਰ ਇਸ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ, ਇਹ ਨੇਮ ਬਣਾਇਆ ਗਿਆ ਕਿ ਗੁਰਮਤਿ ਸਮਾਗਮ ਤੋਂ ਬਾਅਦ, ਦੇਗ ਵਰਤਾਉਣ ਲਗਿਆਂ, ਪਹਿਲਾਂ ਪੰਜ ਪਿਆਰਿਆਂ ਦੀ ਦੇਗ ਕੱਢੀ ਅਤੇ ਵਰਤਾਈ ਜਾਵੇ। ਇਹ ਦੇਗ ਕੋਈ ਪਹਿਲੇ ਪੰਜ ਪਿਆਰਿਆਂ, ਭਾਈ ਦਇਆ ਸਿੰਘ, ਧਰਮ ਸਿੰਘ ਆਦਿ ਦਾ ਹਿੱਸਾ ਨਹੀਂ, ਬਲਕਿ ਕੌਮ ਅੰਦਰ ਪੰਜ ਪਿਆਰਿਆਂ ਦੇ ਸੰਕਲਪ ਭਾਵ ਸਾਂਝੀ ਅਗਵਾਈ (Collective Leadership) ਦੇ ਸੰਕਲਪ ਦਾ ਪ੍ਰਗਟਾਵਾ ਹੈ। ਕਈ ਭੋਲੇ ਵੀਰ ਇਸ ਸਿਧਾਂਤ ਨੂੰ ਸਮਝੇ ਬਗੈਰ, ਦੇਗ ਵਰਤਾਉਣ ਲੱਗਿਆਂ, ਆਪਣੇ ਮੂੰਹ ਵਿੱਚ ਪਹਿਲੇ ਪੰਜ ਪਿਆਰਿਆਂ ਦੇ ਨਾਂ ਰਟਣੇ ਸ਼ੁਰੂ ਕਰ ਦਿਂਦੇ ਹਨ, ਜਿਵੇਂ ਇਹ ਇਥੇ ਛਕਣ ਵਾਲੇ ਸਿੱਖਾਂ ਰਾਹੀਂ, ਉਨ੍ਹਾਂ ਪੰਜ ਪਿਆਰਿਆਂ ਨੂੰ ਪਹੁੰਚਣੀ ਹੋਵੇ। ਇਥੇ ਵੀ, ਦੇਗ ਭਾਵੇਂ ਇਕੋ ਗੁਰਦੁਆਰੇ ਵਿੱਚ ਰੋਜ਼ ਵਰਤਣੀ ਹੋਵੇ, ਹਰ ਵਾਰੀ ਅਲੱਗ ਗੁਰਸਿੱਖਾਂ ਨੂੰ ਵਰਤਾਈ ਜਾਂਦੀ ਹੈ, ਤਾਂਕਿ ਇਹ ਸੋਚ ਨਾ ਪੈਦਾ ਹੋ ਜਾਵੇ ਕਿ ਕੋਈ ਵਿਸ਼ੇਸ਼ ਪੰਜ ਵਿਅਕਤੀ ਹੀ, ਉਸ ਸਥਾਨ ਦੇ ਪੰਜ ਪਿਆਰੇ ਹਨ। ਇਹ ਇਸ ਸੰਕੱਲਪ ਦਾ ਪ੍ਰਗਟਾਵਾ ਹੈ ਕਿ ਕੌਮ ਵਿੱਚ ਕੋਈ ਸਥਾਈ ਪੰਜ ਪਿਆਰਿਆਂ ਦਾ ਵਿਧਾਨ ਨਹੀਂ। ਇਹ ਅਤਿ ਬਦਕਿਸਮਤੀ ਦੀ ਗੱਲ ਹੈ ਕਿ ਕਈ ਗੁਰਦੁਆਰਿਆਂ ਵਿੱਚ ਇਹ ਰਵਾਇਤ ਖਤਮ ਹੁੰਦੀ ਜਾ ਰਹੀ ਹੈ। ਕਈ ਜਗ੍ਹਾ ਤਾਂ ਪੰਜ ਪਿਆਰਿਆਂ ਦੀ ਇਹ ਦੇਗ ਕੱਢੀ ਹੀ ਨਹੀਂ ਜਾਂਦੀ ਅਤੇ ਕਈ ਜਗ੍ਹਾਂ, ਉਨ੍ਹਾਂ ਪੰਜ ਪਿਆਰਿਆਂ ਦਾ ਨਾਂ ਲੈਕੇ, ਕੱਢ ਕੇ ਵਾਪਸ ਵਿੱਚ ਮਿਲਾ ਦਿੱਤੀ ਜਾਂਦੀ ਹੈ। ਉਨ੍ਹਾਂ ਵਰਤਾਉਣ ਵਾਲਿਆਂ ਜਾਂ ਗੁਰਦੁਆਰੇ ਦੇ ਪ੍ਰਬੰਧਕਾਂ ਦੀ ਇਹ ਦਲੀਲ ਹੁੰਦੀ ਹੈ, ਕਿ ਪਾਹੁਲ ਛੱਕੇ ਹੋਏ ਪੰਜ ਪਿਆਰੇ ਨਹੀਂ ਮਿਲਦੇ। ਸਾਡੇ ਕੋਲ ਪਹਿਚਾਣ ਦਾ ਤਾਂ ਇਕੋ ਤਰੀਕਾ ਹੈ ਕਿ ਕ੍ਰਿਪਾਨ ਪਾਈ ਹੋਈ ਨਜ਼ਰ ਆ ਜਾਵੇ। ਬਹੁਤ ਸਾਰੇ ਗੁਰਸਿੱਖ ਪਾਹੁਲ ਛੱਕ ਕੇ ਵੀ ਗਾਤਰਾ ਕਮੀਜ਼ ਦੇ ਅੰਦਰ ਪਾਉਂਦੇ ਹਨ, ਅਤੇ ਕਈ ਭੇਖੀ ਬਗੈਰ ਪਾਹੁਲ ਛਕੇ, ਵਿਖਾਵੇ ਲਈ ਪਾਈ ਫਿਰਦੇ ਹਨ, ਫਿਰ ਸਾਨੂੰ ਕਿਵੇਂ ਪਤਾ ਚੱਲ ਸਕਦਾ ਹੈ, ਕਿਸ ਪਾਹੁਲ ਛਕੀ ਹੈ, ਕਿਸ ਨਹੀਂ? ਵਰਤਾਉਣ ਵਾਲੇ ਨੂੰ ਤਾਂ ਸਾਬਤ ਸੂਰਤ ਵੇਖ ਕੇ ਵਰਤਾ ਦੇਣੀ ਚਾਹੀਦੀ ਹੈ। ਕਿਸੇ ਕਿਲੋਂ ਪ੍ਰਮਾਣ ਪੱਤਰ ਥੋੜ੍ਹਾ ਮੰਗਣਾ ਹੈ। ਇਥੇ ਲਿੰਗ-ਭੇਦ ਵੀ ਨਹੀਂ ਕਰਨਾ ਚਾਹੀਦਾ, ਔਰਤ ਹੋਵੇ ਜਾਂ ਮਰਦ ਦੋਵੇਂ ਇਸ ਦੇ ਬਰਾਬਰ ਦੇ ਹੱਕਦਾਰ ਹਨ, ਬਿਲਕੁਲ ਉਵੇਂ ਜਿਵੇਂ ਪਾਹੁਲ ਛਕਾਉਣ ਲਈ ਜਾਂ ਕੌਮੀ ਫੈਸਲੇ ਲੈਣ ਲਈ ਦੋਵੇਂ ਪੰਜ ਪਿਆਰਿਆਂ ਵਿੱਚ ਸ਼ਾਮਲ ਹੋਣ ਦਾ ਅਧਿਕਾਰ ਰਖਦੇ ਹਨ। ਹਾਂ ਪਤਿਤ ਨੂੰ ਜਾਂ ਅਨਮਤੀਏ ਨੂੰ ਬਿਲਕੁਲ ਨਹੀਂ ਵਰਤਾਉਣੀ ਚਾਹੀਦੀ। ਇਹ ਸਾਡੀ ਕੌਮੀ ਮਰਯਾਦਾ ਹੈ, ਅਨਮਤੀਆਂ ਜਾਂ ਗੁਰੂ ਨੂੰ ਬੇਦਾਵਾ ਦਿੱਤੇ ਹੋਇਆਂ ਨੂੰ, ਇਹ ਮਾਨ ਨਹੀਂ ਦਿੱਤਾ ਜਾ ਸਕਦਾ, ਕਿਉਂਕਿ ਕੌਮੀ ਫੈਸਲਿਆਂ ਲਈ ਪੰਜ ਪਿਆਰਿਆਂ ਦਾ ਰੋਲ ਕੇਵਲ ਗੁਰੂ ਅਤੇ ਪੰਥ ਨੂੰ ਸਮਰਪਿਤ ਪਾਹੁਲ ਛਕੇ ਸਿੰਘ ਹੀ ਨਿਭਾ ਸਕਦੇ ਹਨ। ਹਾਂ ਅਗਰ ਸੰਗਤ ਵਿੱਚ ਪੰਜ ਸਾਬਤ ਸੂਰਤ ਸਿੰਘ ਜਾਂ ਸਿੰਘਣੀਆਂ ਹਾਜ਼ਰ ਨਹੀਂ, ਤਾਂ ਜਿਤਨੇ ਹਾਜ਼ਰ ਨੇ, ਉਨ੍ਹਾਂ ਨੂੰ ਵਰਤਾ ਕੇ ਬਾਕੀ ਵਾਪਸ ਮਿਲਾ ਦਿੱਤੀ ਜਾਣੀ ਚਾਹੀਦੀ ਹੈ। ਬਾਕੀ ਵਰਤਾਈ ਜਾਣ ਵਾਲੀ ਦੇਗ, ਸੰਗਤ ਵਿੱਚ ਬੈਠੇ ਹਰ ਵਿਅਕਤੀ ਨੂੰ ਬਿਨਾਂ ਕਿਸੇ ਵਿਤਕਰੇ ਜਾਂ ਭੇਦ-ਭਾਵ ਵਰਤਾਈ ਜਾਣੀ ਚਾਹੀਦੀ ਹੈ।

ਉਪਰਲੇ ਚੰਦ ਸ਼ਬਦਾਂ ਰਾਹੀਂ, ਦੇਗ ਸਬੰਧੀ, ਸੰਧਰਭ ਵਿੱਚ ਆਈ ਗੱਲ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਇਥੇ ਮੂਲ ਸਮਝਣ ਵਾਲੀ ਗੱਲ ਤਾਂ ਇਹੀ ਹੈ ਕਿ ਸਿੱਖ ਕੌਮ ਅੰਦਰ ਪੰਜ ਪਿਆਰਿਆਂ ਦੀ ਸੰਸਥਾ ਸਥਾਈ ਹੈ, ਪਰ ਕੋਈ ਪੰਜ ਵਿਅਕਤੀ ਸਥਾਈ ਤੌਰ ਤੇ ਕੌਮ ਦੇ ਸਿਆਸੀ ਜਾਂ ਧਾਰਮਿਕ ਆਗੂ (ਪੰਜ ਪਿਆਰੇ) ਨਹੀਂ ਹੋ ਸਕਦੇ।

ਜੇ ਕੌਮ ਦੇ ਅਸਲੀ ਹਾਲਾਤ ਵੱਲ ਨਜ਼ਰ ਮਾਰੀ ਜਾਵੇ ਤਾਂ ਵਰਤਾਰਾ ਇਸ ਦੇ ਬਿਲਕੁਲ ਉਲਟ ਨਜ਼ਰ ਆਉਂਦਾ ਹੈ। ਸਿਆਸੀ ਤੌਰ ਤੇ ਤਾਂ ਇਸ ਦਾ ਭੋਗ ਮਹਾਰਾਜਾ ਰਣਜੀਤ ਸਿੰਘ ਨੇ ਹੀ ਪਾ ਦਿੱਤਾ ਸੀ, ਕਿਉਂਕਿ ਪਹਿਲਾਂ ਤਾਂ ਉਸ ਆਪ ਹੀ ਸ਼ਖਸੀ ਰਾਜ ਸਥਾਪਤ ਕੀਤਾ ਸੀ, ਦੂਸਰਾ ਇਹ ਰਾਜ ਆਪਣੇ ਪਰਿਵਾਰ ਵਿੱਚ ਹੀ ਰਖਣਾ ਚਾਹੁੰਦਾ ਸੀ। ਇਸੇ ਕਰ ਕੇ ਉਸ ਨੇ ਆਪਣੇ ਰਾਜਕਾਲ ਵਿੱਚ ਹੀ ਸਰਬੱਤ ਖਾਲਸਾ ਦਾ ਭੋਗ ਪਾ ਦਿੱਤਾ ਸੀ, ਜੋ ਪੰਜ ਪ੍ਰਧਾਨੀ ਸੰਕੱਲਪ ਦਾ ਮੂਲ ਆਧਾਰ ਹੈ। ਇਸ ਤੋਂ ਪਹਿਲੇ ਦੇ ਇਤਿਹਾਸ ਤੇ ਝਾਤੀ ਮਾਰੀਏ ਤਾਂ ਸਿੱਖ ਕੌਮ ਇਸ ਲਾਸਨੀ ਸਿਧਾਂਤ ਦੀ ਮਜਬੂਤ ਪਹਿਰੇਦਾਰ ਸੀ। 9 ਮਾਰਚ 1783 ਦੇ ਦਿਨ ਸਿੱਖ ਫ਼ੌਜਾਂ ਨੇ ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜ੍ਹੀਆ, ਬਘੇਲ ਸਿੰਘ, ਰਾਏ ਸਿੰਘ ਵਗ਼ੈਰਾ ਦੀ ਅਗਵਾਈ ਵਿੱਚ ਦਿੱਲੀ ਫਤਹਿ ਕਰ ਲਈ ਤਾਂ ਸਿੱਖ ਫ਼ੌਜਾਂ ਲਾਲ ਕਿਲ੍ਹੇ ਵਿੱਚ ਦਾਖ਼ਿਲ ਹੋ ਗਈਆਂ ਅਤੇ ਕਿਲ੍ਹੇ `ਤੇ ਖ਼ਾਲਸੇ ਦਾ ਨੀਲਾ ਨਿਸ਼ਾਨ ਸਾਹਿਬ ਲਹਿਰਾ ਦਿੱਤਾ। ਇਸ ਮੌਕੇ `ਤੇ ਜਰਨੈਲਾਂ ਨੇ ਦਲ ਖ਼ਾਲਸਾ ਦਾ ਮੁਖੀ ਹੋਣ ਦੇ ਨਾਤੇ ਜੱਸਾ ਸਿੰਘ ਆਹਲੂਵਾਲੀਆ ਨੂੰ ਤਖ਼ਤ `ਤੇ ਬੈਠਣ ਵਾਸਤੇ ਕਿਹਾ ਪਰ ਉਸ ਨੇ ਇਹ ਕਹਿ ਕੇ ਨਾਂਹ ਕਰ ਦਿੱਤੀ ਕਿ ਸਿੱਖ ਕੌਮ ਵਿੱਚ ਅਜਿਹਾ ਇੱਕ ਵਿਅਕਤੀ ਦੇ ਬਾਦਸ਼ਾਹ ਬਣਨ ਦਾ ਕੋਈ ਸਿਧਾਂਤ ਨਹੀਂ ਹੈ। ਉਸ ਸਮੇਂ ਦਿੱਲੀ ਦੇ ਤਖਤ ਤੇ ਇਹ ਪੰਜ ਸਿੱਖ ਜਰਨੈਲ ਬੈਠੇ ਸਨ। ਅਜ ਸਿੱਖ ਰਾਜਨੀਤੀ ਵਿੱਚ ਇਹ ਪੰਜ ਪਿਆਰਿਆਂ ਦਾ ਸੰਕਲਪ ਪੂਰੀ ਤਰ੍ਹਾਂ ਗੁਆਚ ਚੁੱਕਾ ਹੈ।

ਧਾਰਮਿਕ ਪਖੋਂ ਵੀ ਵੇਖਿਆ ਜਾਵੇ ਤਾਂ ਕੋਈ ਲੰਬਾ ਚੌੜਾ ਫਰਕ ਨਹੀਂ। ਇਥੇ ਪੰਜ ਪਿਆਰਿਆਂ ਦੇ ਸੰਕੱਲਪ ਦਾ ਰੂਪ ਹੀ ਬਦਲ ਦਿੱਤਾ ਗਿਆ ਹੈ। ਅੱਜ ਕੌਮ ਅੰਦਰ ਆਪੇ ਘੜੀਆਂ ਪੰਜ ਪਦਵੀਆਂ ਨੂੰ ਤਖਤਾਂ ਦੇ ਜਥੇਦਾਰ ਅਤੇ ਸਿੰਘ ਸਾਹਿਬਾਨ ਦਾ ਨਾਂ ਦੇ ਕੇ ਸਥਾਈ ਤੌਰ ਤੇ ਪੰਜ ਪਿਆਰਿਆਂ ਦੇ ਤੌਰ ਤੇ ਸਥਾਪਤ ਕਰ ਦਿੱਤਾ ਗਿਆ ਹੈ। ਹਾਲਾਂਕਿ ਸਿੱਖ ਸਿਧਾਂਤਾਂ ਅਤੇ ਮਰਯਾਦਾ ਅਨੁਸਾਰ ਐਸਾ ਕੋਈ ਵਿਧਾਨ ਨਹੀਂ। (ਪੜ੍ਹੋ: ਇਸੇ ਕਲਮ ਤੋਂ, ‘ਮਹੱਤਵਪੂਰਨ ਸਿੱਖ ਮੁੱਦੇ`)। ਇਸੇ ਦੀ ਵੇਖਾ-ਵੇਖੀ ਕਈ ਸ਼ਹਿਰਾਂ ਵਿੱਚ ਵੀ ਕਈ ਪੰਜ ਪਿਆਰੇ ਬਣ ਕੇ ਬੈਠ ਗਏ ਹਨ। ਗੁਰਪੁਰਬਾਂ ਮੌਕੇ, ਨਗਰ ਕੀਰਤਨ ਤਾਂ ਤਕਰੀਬਨ ਹਰ ਨਗਰ ਵਿੱਚ ਨਿਕਲਦੇ ਹਨ ਅਤੇ ਇਨ੍ਹਾਂ ਨਗਰ ਕੀਰਤਨਾਂ ਵਿੱਚ ਸਤਿਗੁਰੂ ਦੀ ਪਾਲਕੀ ਦੇ ਅੱਗੇ ਪੰਜ ਪਿਆਰਿਆਂ ਦੇ ਚੱਲਣ ਦੀ ਰਵਾਇਤ ਵੀ ਹੈ। ਆਮ ਤੌਰ ਤੇ ਇਹ ਪੰਜ ਪਿਆਰੇ, ਇਸ ਤਰ੍ਹਾਂ ਚੁਣੇ ਜਾਂਦੇ ਹਨ ਕਿ ਉਹ ਵੇਖਣ ਨੂੰ ਦਰਸ਼ਨੀ ਸਿੰਘ ਵੀ ਲਗਦੇ ਹੋਣ ਅਤੇ ਸਿਹਤ ਪਖੋਂ ਵੀ ਮਜਬੂਤ ਹੋਣ, ਤਾਂ ਕਿ ਨਗਰ ਕੀਰਤਨ ਦਾ ਲੰਬਾ ਰਸਤਾ, ਕਿਰਪਾਨਾਂ ਚੁੱਕ ਕੇ ਤੁਰ ਸਕਣ। ਇਥੇ ਇਹ ਕੋਈ ਨਹੀਂ ਵੇਖਿਆ ਜਾਂਦਾ ਕਿ ਉਨ੍ਹਾਂ ਨੂੰ ਗੁਰਮਤਿ ਦੀ ਕਿਤਨੀ ਕੁ ਸੋਝੀ ਹੈ ਅਤੇ ਉਨ੍ਹਾਂ ਦਾ ਆਪਣਾ ਜੀਵਨ ਕਿਤਨਾ ਕੁ ਗੁਰਮਤਿ ਅਨੁਸਾਰੀ ਹੈ। ਜਿਥੇ ਉਹੀ ਪੰਜ ਸਿੰਘ ਲੰਬਾ ਸਮਾਂ, ਨਗਰ ਕੀਰਤਨਾਂ ਵਿੱਚ ਪੰਜ ਪਿਆਰਿਆਂ ਦੀ ਸੇਵਾ ਨਿਭਾਉਂਦੇ ਰਹਿਣ, ਆਮ ਭੋਲੇ ਸਿੱਖ ਵੀ ਉਨ੍ਹਾਂ ਨੂੰ ਅਨ-ਲੋੜੀਂਦਾ ਸਤਿਕਾਰ ਦੇਣ ਲੱਗ ਪੈਂਦੇ ਹਨ, ਅਤੇ ਅਕਸਰ ਉਹ ਆਪ ਵੀ ਐਸਾ ਪ੍ਰਭਾਵ ਦੇਣਾ ਸ਼ੁਰੂ ਕਰ ਦੇਂਦੇ ਹਨ, ਜਿਵੇਂ ਉਹੀ ਨਗਰ ਦੇ ਸਿੱਖ ਭਾਈਚਾਰੇ ਦੇ ਸਥਾਈ ਪੰਜ ਪਿਆਰੇ ਹਨ `ਤੇ ਕਈ ਊਲ ਜਲੂਲ ਫੈਸਲੇ ਵੀ ਕਰਨੇ ਸ਼ੁਰੂ ਕਰ ਦੇਂਦੇ ਹਨ। ਅਸਲ ਵਿੱਚ ਤਾਂ, ਅਗਰ ਉਨ੍ਹਾਂ ਵਿੱਚ ਗੁਰਮਤਿ ਦੇ ਗੁਣ ਅਤੇ ਸਿਧਾਤਾਂ ਦੀ ਸੋਝੀ ਹੋਵੇ ਵੀ, ਤਾਂ ਵੀ ਕਿਸੇ ਨੂੰ ਸਥਾਈ ਤੌਰ ਤੇ ਐਸਾ ਸਤਿਕਾਰ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਇਹ ਕੌਮੀ ਸਿਧਾਂਤਾਂ ਦੇ ਉਲਟ ਹੈ ਅਤੇ ਇਸੇ ਨਾਲ ਸਖਸ਼ੀ ਪੂਜਾ ਦਾ ਰੋਗ ਸ਼ੁਰੂ ਹੁੰਦਾ ਹੈ। ਸਾਡਾ ਸੰਕਲਪ ਤਾਂ ਮੌਕੇ ਤੇ ਸੰਗਤ ਵਿੱਚੋਂ ਪੰਜ ਪਿਆਰੇ ਚੁਣਨ ਦਾ ਹੈ, ਜੋ ਆਪਣਾ ਕਾਰਜ ਪੂਰਾ ਕਰ ਕੇ ਮੁੜ ਸੰਗਤ ਵਿੱਚ ਵਿਲੀਨ ਹੋ ਜਾਂਦੇ ਹਨ। ਇਸੇ ਸੰਕਲਪ ਨੂੰ ਦ੍ਰਿੜਤਾ ਨਾਲ ਬਣਾਕੇ ਰੱਖਣ ਦੀ ਲੋੜ ਹੈ। ਇਹ ਲੋਕਰਾਜ (Democracy) ਦਾ ਅਸਲ ਨਮੂਨਾ ਹੈ, ਜੋ ਲੋਕਰਾਜ ਦੀਆਂ ਗੱਲਾਂ ਕਰਨ ਵਾਲਿਆਂ ਨੂੰ ਸਿੱਖ ਕੌਮ ਕੋਲੋਂ ਸਿੱਖਣਾ ਚਾਹੀਦਾ ਹੈ।

ਇਸ ਮੱਦ ਦੇ ਅਗਲੇ ਭਾਗ ਨੂੰ ਵਿਚਾਰਿਆ ਜਾਵੇ ਤਾਂ ਗੱਲ ਹੋਰ ਵੀ ਸਪੱਸ਼ਟ ਹੋ ਜਾਂਦੀ ਹੈ, ਜਿਸ ਵਿੱਚ ਲਿਖਿਆ ਹੈ, ‘ਜੋ ਪੇਸ਼ ਹੋਏ ਸੱਜਣ ਦੀ ਭੁੱਲ ਨੂੰ ਵਿਚਾਰ ਕੇ ਗੁਰੂ ਸੰਗਤ ਪਾਸ ਤਨਖਾਹ (ਦੰਡ) ਤਜਵੀਜ਼ ਕਰਨ।

ਇਨ੍ਹਾਂ ਸੰਗਤ ਵਿਚੋਂ ਚੁਣੇ ਪੰਜ ਪਿਆਰਿਆਂ ਕੋਲ ਵੀ ਕਿਸੇ ਨੂੰ ਆਪੇ ਤਨਖਾਹ ਲਾਉਣ ਦਾ ਅਧਿਕਾਰ ਨਹੀਂ, ਉਹ ਸੰਗਤ ਨੂੰ ਸਜ਼ਾ ਤਜਵੀਜ਼ ਕਰ ਸਕਦੇ ਹਨ। ਤਨਖਾਹ ਦੀ ਪ੍ਰੋੜਤਾ ਸੰਗਤ ਨੇ ਕਰਨੀ ਹੈ। ਫਿਰ ਹੀ ਉਹ ਸਜ਼ਾ ਲਾਗੂ ਹੋਵੇਗੀ।

ਇਥੇ ਫੇਰ ਕੌਮ ਵਿੱਚ ਵਰਤ ਰਹੇ ਵਰਤਾਰੇ ਵੱਲ ਨਜ਼ਰ ਮਾਰੀਏ ਤਾਂ ਸਭ ਕੁੱਝ ਕੌਮੀ ਸਿਧਾਤਾਂ ਅਤੇ ਮਰਯਾਦਾ ਦੇ ਉਲਟ ਹੀ ਵਾਪਰ ਰਿਹਾ ਹੈ। ਜੋ ਗੈਰ ਸਿਧਾਂਤਕ ਸਥਾਈ ਪੰਜ ਪਿਆਰੇ ਥਾਪ ਦਿੱਤੇ ਗਏ ਹਨ, ਉਹ ਸਭ ਗੁਰਮਤਿ ਸਿਧਾਤਾਂ ਨੂੰ ਪਾਸੇ ਰੱਖ ਕੇ, ਆਪਣੀ ਮਰਜ਼ੀ ਨਾਲ ਕੌਮੀ ਭਵਿੱਖ ਨੂੰ ਪ੍ਰਭਾਵਤ ਕਰਨ ਵਾਲੇ ਫੈਸਲੇ ਲੈ ਰਹੇ ਹਨ, ਜਿਨ੍ਹਾਂ ਅੱਜ ਕੌਮ ਨੂੰ ਬਰਬਾਦੀ ਦੇ ਕਿਨਾਰੇ ਤੇ ਲਿਆ ਖੜਾ ਕੀਤਾ ਹੈ। ਉਨ੍ਹਾਂ ਦੇ ਤਾਂ ਦਾਵੇ ਹਨ ਕਿ ਉਹ ਸਰਵਉੱਚ ਹਨ, ਉਨ੍ਹਾਂ ਦੇ ਫੈਸਲਿਆਂ ਨੂੰ ਚੁਣੌਤੀ ਦੇਣ ਦਾ ਅਧਿਕਾਰ ਕਿਸੇ ਕੋਲ ਨਹੀਂ।

ਕਈ ਕਹਿਣਗੇ ਇਹ ਤਾਂ ਛੋਟੇ ਪੱਧਰ ਤੇ ਇੱਕ ਵਿਅਕਤੀ ਵਲੋਂ ਰਹਿਤ ਵਿੱਚ ਭੁੱਲ ਨਾਲ ਸਬੰਧਤ ਮਰਯਾਦਾ ਹੈ, ਇਸ ਦਾ ਇਨ੍ਹਾਂ ਕੌਮੀ ਫੈਸਲਿਆਂ ਨਾਲ ਕੀ ਸਬੰਧ ਹੈ? ਉਹ ਵੱਡੇ ਕੌਮੀ ਫੈਸਲੇ ਹਨ, ਜੋ ਲੈਣ ਦਾ ਹੱਕ ਕੇਵਲ ਅਕਾਲ ਤਖਤ ਸਾਹਿਬ ਨੂੰ ਹੈ, ਅਤੇ ਇਸ ਨਾਤੇ ਅਕਾਲ-ਤਖਤ ਦੇ ਜਥੇਦਾਰ ਨੂੰ ਹੈ?

ਇਹੀ ਵੱਡੀ ਸਾਜਸ਼ ਹੈ। ਇਹੀ ਉਹ ਜ਼ਹਰੀਲਾ ਪ੍ਰਚਾਰ ਹੈ, ਜੋ ਭੋਲੇ ਭਾਲੇ ਭਾਵੁਕ ਸਿੱਖਾਂ ਦੇ ਅੰਦਰ ਕੀਤਾ ਗਿਆ ਹੈ ਅਤੇ ਅੱਜ ਬਹੁਤੇ ਸਿੱਖ ਮਾਨਸਿਕ ਤੌਰ ਤੇ ਇਸ ਨੂੰ ਪ੍ਰਵਾਨ ਕਰ ਚੁੱਕੇ ਹਨ। ਅਸਲ ਵਿੱਚ ਕੌਮੀ ਸਿਲਸਿਲਾ ਇਕੋ ਮਰਯਾਦਾ ਵਿੱਚ ਚਲਦਾ ਹੈ, ਕੇਵਲ ਕਈ ਵਾਰੀ ਪੱਧਰ ਦਾ ਫਰਕ ਹੁੰਦਾ ਹੈ। ਇਸ ਛੋੱਟੇ ਪੱਧਰ ਤੇ ਗੁਰਦੁਆਰੇ ਦੀ ਯਾ ਇਲਾਕੇ ਦੀ ਸੰਗਤ ਆਪਣੇ ਵਿੱਚੋਂ ਪੰਜ ਪਿਆਰੇ ਚੁਣਦੀ ਹੈ ਅਤੇ ਕੌਮੀ ਪੱਧਰ ਤੇ ਹਰ ਇਲਾਕੇ ਦੀ ਸੰਗਤ ਦੇ ਨਾਮਜੱਦ ਨੁਮਾਇਂਦੇ ਪੰਜ ਪਿਆਰੇ ਚੁਣਦੇ ਹਨ। ਇਸੇ ਨੂੰ ਸਰਬੱਤ ਖਾਲਸਾ ਆਖਿਆ ਜਾਂਦਾ ਹੈ। ਅਕਾਲ ਤਖਤ ਸਾਹਿਬ ਤਾਂ ਉਹ ਕੇਂਦਰ ਹੈ, ਜਿਥੇ ਸਰਬੱਤ ਖਾਲਸਾ ਦੇ ਇਕੱਠ ਹੁੰਦੇ ਰਹੇ ਅਤੇ ਹੁੰਦੇ ਰਹਿਣੇ ਚਾਹੀਦੇ ਹਨ। ਇਥੇ ਇਲਾਕੇ ਦੀ ਸੰਗਤ ਆਪਣੇ ਚੁਣੇ ਹੋਏ, ਪੰਜ ਪਿਆਰਿਆਂ ਦੁਆਰਾ ਲਏ ਫੈਸਲੇ ਦੀ ਪ੍ਰੋੜਤਾ ਕਰਦੀ ਹੈ, ਉਥੇ ਸੰਗਤ ਦੇ ਨਾਮਜੱਦ ਕੀਤੇ ਨੁਮਾਇਂਦੇ, ਸਰਬੱਤ ਖਾਲਸਾ ਦੇ ਰੂਪ ਵਿੱਚ, ਆਪਣੇ ਚੁਣੇ ਪੰਜ ਪਿਆਰਿਆਂ ਦੇ ਫੈਸਲੇ ਦੀ ਪ੍ਰੋੜਤਾ ਕਰਦੇ ਹਨ। ਅਸਲ ਵਿੱਚ ਇਹੀ ਅਕਾਲ ਤਖਤ ਸਾਹਿਬ ਦਾ ਫੈਸਲਾ ਅਖਵਾਉਣ ਦਾ ਹੱਕ ਰੱਖਦਾ ਹੈ, ਕਿਸੇ ਇੱਕ ਜਾਂ ਪੰਜ ਵਿਅਕਤੀਆਂ ਦੇ ਨਿਜੀ ਫੈਸਲੇ ਨਹੀਂ। ਇੱਕ ਹੋਰ ਭੁਲੇਖਾ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਵੋਟਾਂ ਨਾਲ ਚੁਣੇ ਨੁਮਾਇਂਦੇ ਹੀ ਅੱਜ ਦਾ ਸਰਬੱਤ ਖਾਲਸਾ ਹਨ। ਪਹਿਲਾਂ ਤਾਂ ਉਹ ਜਿਵੇਂ ਚੁਣੇ ਜਾਂਦੇ ਹਨ, ਜੋ ਜੋ ਗੈਰ-ਇਖਲਾਕੀ ਕੰਮ ਉਨ੍ਹਾਂ ਦੀ ਇਲੈਕਸ਼ਨ ਵਾਸਤੇ ਕੀਤੇ ਜਾਂਦੇ ਹਨ, ਉਹ ਕਿਸੇ ਤੋਂ ਲੁਕੇ ਨਹੀਂ, ਇਸ ਲਈ, ਇਹ ਆਪ ਕਿਸ ਕਿਰਦਾਰ ਦੇ ਹੁੰਦੇ ਹਨ, ਉਸ ਬਾਰੇ ਵੀ ਕਿਸੇ ਨੂੰ ਕੋਈ ਭੁਲੇਖਾ ਨਹੀਂ ਅਤੇ ਸਭ ਤੋਂ ਉਪਰ ਜਥੇਦਾਰਾਂ ਆਦਿ ਦੀ ਨਿਯੁਕਤੀ ਵਿੱਚ, ਇਨ੍ਹਾਂ ਦੀ ਹੈਸੀਅਤ ਕੀ ਹੈ, ਇਹ ਵੀ ਸਭ ਜਾਣਦੇ ਹਨ। ਲੋਕਰਾਜ (Democracy) ਅਤੇ ਚੋਣਾਂ ਦੇ ਨਾਂ ਤੇ ਕੌਮ ਦੇ ਪੰਥਕ ਢਾਂਚੇ ਨੂੰ ਬਰਬਾਦ ਕਰਕੇ, ਚੰਦ ਲੋਕ ਜਾਂ ਪਰਿਵਾਰ, ਕੌਮ ਤੇ ਕਾਬਜ਼ ਹੋ ਜਾਣ, ਇਹ ਕਦੀਂ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਜੇ ਕੌਮ ਨੇ ਗੁਰੂ ਨਾਨਕ ਪਾਤਿਸ਼ਾਹ ਦਾ ਬਖਸ਼ਿਆ, ਅਗਲੀਆਂ ਅੱਠ ਪਾਤਿਸ਼ਾਹੀਆਂ ਦੁਆਰਾ ਸ਼ਿੰਗਾਰਿਆ, ਸੁਆਰਿਆ ਅਤੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਦੁਆਰਾ ਕੌਮੀ ਨੇਮ ਵਿੱਚ ਬੰਨਿਆਂ, ਪੰਥ ਦਾ ਨਿਰਮਲ ਸਰੂਪ ਬਣਾ ਕੇ ਰੱਖਣਾ ਹੈ ਤਾਂ ਕੌਮ ਨੂੰ ਹੇਠਾਂ ਤੋਂ ਉਪਰ ਅਤੇ ਉਪਰ ਤੋਂ ਹੇਠਾ, ਇਹੀ ਸੰਗਤੀ ਸ਼ਕਤੀ ਦਾ ਵਿਧਾਨ ਬਣਾ ਕੇ ਰੱਖਣਾ ਪਵੇਗਾ।

ਸਿੱਖ ਰਹਿਤ ਮਰਯਾਦਾ ਦੇ ਹਿਸੇ ‘ਪੰਥਕ ਰਹਿਣੀ` ਦੇ ਭਾਗ (3) ਤਨਖਾਹ ਲਾਉਣ ਦੀ ਵਿਧੀ ਦੀ ਮੱਦ (ੲ) ਵਿੱਚ ਲਿਖਿਆ ਹੈ: ਸੰਗਤ ਨੂੰ ਬਖਸ਼ਣ ਵੇਲੇ ਹੱਠ ਨਹੀਂ ਕਰਨਾ ਚਾਹੀਦਾ। ਨਾ ਹੀ ਤਨਖਾਹ ਲੁਆਣ ਵਾਲੇ ਨੂੰ ਦੰਡ ਭਰਨ ਵਿੱਚ ਅੜੀ ਕਰਨੀ ਚਾਹੀਦੀ ਹੈ। ਤਨਖਾਹ ਕਿਸੇ ਕਿਸਮ ਦੀ ਸੇਵਾ, ਖਾਸ ਕਰਕੇ ਜੋ ਹੱਥਾਂ ਨਾਲ ਕੀਤੀ ਜਾ ਸਕੇ, ਲਾਉਣੀ ਚਾਹੀਏ।

ਗੁਰਬਾਣੀ ਨੇ ਇਹ ਗੱਲ ਸਪੱਸ਼ਟ ਕਰ ਦਿੱਤੀ ਹੈ ਕਿ ਕੇਵਲ ਅਕਾਲ-ਪੁਰਖ ਅਤੇ ਗੁਰੂ ਹੀ ਅਭੁੱਲ ਹਨ, ਅਸੀਂ ਸਭ ਭੁਲਣ ਹਾਰ ਹਾਂ। ਗੁਰਬਾਣੀ ਦਾ ਫੁਰਮਾਣ ਹੈ:

“ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ।। “ {ਸਿਰੀ ਰਾਗੁ ਮਹਲਾ ੧, ਪੰਨਾ ੬੦-੬੧}

(ਹੇ ਬਾਬਾ! ਮਾਇਆ ਐਸੀ ਪ੍ਰਬਲ ਹੈ ਕਿ ਇਸ ਦੇ ਢਹੇ ਚੜ੍ਹ ਕੇ) ਹਰੇਕ ਜੀਵ ਗ਼ਲਤੀ ਖਾ ਜਾਂਦਾ ਹੈ, ਸਿਰਫ਼ ਗੁਰੂ ਹੈ ਤੇ ਕਰਤਾਰ ਹੈ ਜੋ (ਨਾਹ ਮਾਇਆ ਦੇ ਅਸਰ ਹੇਠ ਆਉਂਦਾ ਹੈ, ਤੇ) ਨਾਹ ਗ਼ਲਤੀ ਖਾਂਦਾ ਹੈ।

ਭੁਲਣ ਵਿਚਿ ਕੀਆ ਸਭੁ ਕੋਈ ਕਰਤਾ ਆਪਿ ਨ ਭੁਲੈ।। “ (ਪ੍ਰਭਾਤੀ ਮਹਲਾ ੧, ਪੰਨਾ ੧੩੪੪)

ਕਰਤਾਰ ਆਪ ਕਦੇ ਗ਼ਲਤੀ ਨਹੀਂ ਖਾਂਦਾ ਪਰ ਹਰੇਕ ਜੀਵ ਜੋ ਉਸ ਨੇ ਪੈਦਾ ਕੀਤਾ ਹੈ ਭੁੱਲਾਂ ਵਿੱਚ ਫਸਦਾ ਰਹਿੰਦਾ ਹੈ।

ਇਹ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੈ ਕਿ ਆਪਣੀ ਗਲਤੀ ਨੂੰ ਮਹਿਸੂਸ ਕਰ ਲਿਆ ਜਾਵੇ, ਅਕਸਰ ਤਾਂ ਅਸੀਂ ਆਪਣੀਆਂ ਗਲਤੀਆਂ ਤੇ ਪੜਦੇ ਪਾਉਣ ਜਾਂ ਉਨ੍ਹਾਂ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਵਿੱਚ ਹੀ ਰਹਿੰਦੇ ਹਾਂ। ਇਹ ਆਪਣੀ ਗਲਤੀ ਮਹਿਸੂਸ ਕਰਨ ਵਾਲੀ ਗੱਲ ਵੀ ਤਾਂ ਹੀ ਸੰਭਵ ਹੈ ਜੇ ਕੋਈ ਮਨੁੱਖ ਆਪਣੀ ਸਵੈ-ਪੜਚੋਲ ਕਰਦਾ ਹੋਵੇ। ਇਸੇ ਲਈ ਗੁਰਬਾਣੀ ਸਾਨੂੰ ਨੇਮ ਨਾਲ ਸਵੈ-ਪੜਚੋਲ ਕਰਨ ਦੀ ਸਿੱਖਿਆ ਦੇਂਦੀ ਹੈ:

“ਬੰਦੇ ਖੋਜੁ ਦਿਲ ਹਰ ਰੋਜ, ਨਾ ਫਿਰੁ ਪਰੇਸਾਨੀ ਮਾਹਿ।। “ {ਤਿਲੰਗ ਬਾਣੀ ਭਗਤਾ ਕੀ ਕਬੀਰ ਜੀ, ਪੰਨਾ ੭੨੭}

ਹੇ ਭਾਈ ! (ਆਪਣੇ ਹੀ) ਦਿਲ ਨੂੰ ਹਰ ਵੇਲੇ ਖੋਜ, ਫਿਰ ਤੈਨੂੰ ਘਬਰਾਹਟ ਵਿੱਚ ਨਹੀਂ ਭਟਕਣਾ ਪਵੇਗਾ।

ਸਤਿਗੁਰੂ ਤਾਂ ਬਖਸ਼ਿਸ਼ ਕਰਦੇ ਸਮਝਾਉਂਦੇ ਹਨ ਕਿ ਆਪਣੀ ਸਵੈ-ਪੜਚੋਲ ਕੀਤੇ ਬਿਨਾਂ ਕੋਈ ਮਨੁੱਖ ਭਰਮਜਾਲ ਚੋਂ ਬਾਹਰ ਆ ਹੀ ਨਹੀਂ ਸਕਦਾ:

“ਜਨ ਨਾਨਕ ਬਿਨੁ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ।। “ {ਧਨਾਸਰੀ ਮਹਲਾ ੯, ਪੰਨਾ ੬੮੪}

ਹੇ ਦਾਸ ਨਾਨਕ ! ਆਪਣਾ ਆਤਮਕ ਜੀਵਨ ਪਰਖਣ ਤੋਂ ਬਿਨਾ (ਮਨ ਉੱਤੋਂ) ਭਟਕਣਾ ਦਾ ਜਾਲਾ ਦੂਰ ਨਹੀਂ ਹੋ ਸਕਦਾ।

ਗੱਲ ਸਪੱਸ਼ਟ ਹੈ, ਜੋ ਸੰਗਤ ਅੱਗੇ ਪੇਸ਼ ਹੋਣ ਲਈ ਆਪ ਆ ਗਿਆ ਹੈ, ਉਸ ਆਪਣਾ ਆਤਮ ਚਿੰਤਨ ਕਰ ਲਿਆ ਹੈ, ਆਪਣੀ ਗਲਤੀ ਨੂੰ ਮਹਿਸੂਸ ਕਰ ਲਿਆ ਹੈ। ਫਿਰ ਐਸੇ ਵਿਅਕਤੀ ਨੂੰ ਬਖਸ਼ਣ ਵਿੱਚ ਢਿਲ ਕਾਹਦੀ ਲਾਉਣੀ ਹੋਈ, ਅਤੇ ਹੱਠ ਕਾਹਦਾ ਕਰਨਾ ਹੋਇਆ। ਅਸਲ ਵਿੱਚ ਗੁਰਮਤਿ ਵਿੱਚ ਪ੍ਰਮਾਤਮਾਂ ਨੂੰ ਪਾਉਣ ਲਈ, ਜੋ ਇੱਕ ਚੰਗੇ ਮਨੁੱਖ ਦੇ ਪ੍ਰਮੁੱਖ ਗੁਣ ਮੰਨੇ ਗਏ ਹਨ, ਉਨ੍ਹਾਂ ਵਿੱਚ, ਮੁਆਫੀ ਮੰਗ ਲੈਣਾ ਅਤੇ ਮੁਆਫ ਕਰ ਦੇਣਾ, ਇਹ ਸਿੱਖੀ ਦੇ ਅਮੋਲਕ ਗੁਣ ਮੰਨੇ ਗਏ ਹਨ। ਗੁਰਬਾਣੀ ਦਾ ਫੁਰਮਾਨ ਹੈ:

“ਨਿਵਣੁ ਸੁ ਅਖਰੁ, ਖਵਣੁ ਗੁਣੁ, ਜਿਹਬਾ ਮਣੀਆ ਮੰਤੁ।। ਏ ਤ੍ਰੈ ਭੈਣੇ ਵੇਸ ਕਰਿ, ਤਾਂ ਵਸਿ ਆਵੀ ਕੰਤੁ।। ੧੨੭।। “ {ਸਲੋਕ ਸੇਖ ਫਰੀਦ ਕੇ, ਪੰਨਾ ੧੩੮੪}

ਹੇ ਭੈਣ! ਨਿਮ੍ਰਤਾ ਵਿੱਚ ਰਹਿਣਾ, ਖਿਮਾਂ ਦਾ ਗੁਣ ਅਤੇ ਮਿੱਠਾ ਬੋਲਣਾ ਸ਼ਿਰੋਮਣੀ ਮੰਤਰ ਹੈ। ਜੇ ਇਹ ਤਿੰਨ ਵੇਸ ਕਰ ਲਏਂ ਤਾਂ ਪ੍ਰਭੂ ਖਸਮ (ਤੇਰੇ) ਵੱਸ ਵਿੱਚ ਆ ਜਾਇਗਾ। ੧੨੭।

ਅਕਸਰ ਇਹ ਪੰਕਤੀਆਂ ਆਨੰਦ ਕਾਰਜ ਸਮੇਂ ਵਿਆਹੀ ਜਾਣ ਵਾਲੀ ਬੱਚੀ ਨੂੰ ਸਿੱਖਿਆ ਦੇ ਤੌਰ ਤੇ ਸਮਝਾਈਆਂ ਜਾਂਦੀਆਂ ਹਨ। ਇਸ ਵਿੱਚ ਕੋਈ ਸ਼ੱਕ ਨਹੀਂ, ਜੋ ਬੱਚੀ ਇਨ੍ਹਾਂ ਅਮੋਲਕ ਗੁਣਾਂ ਨੂੰ ਜੀਵਨ ਵਿੱਚ ਧਾਰਨ ਕਰ ਲਵੇ, ਉਸ ਦੀ ਵਿਆਹੁਤਾ ਜ਼ਿੰਦਗੀ ਸਫਲ ਹੋ ਜਾਂਦੀ ਹੈ ਪਰ ਇਨ੍ਹਾਂ ਦੀ ਸੀਮਾਂ ਕੇਵਲ ਇਤਨੀ ਨਹੀਂ, ਇਹ ਜੀਵ ਇਸਤਰੀ ਦੇ ਪ੍ਰਮੇਸ਼ਰ ਪਤੀ ਨਾਲ ਸਬੰਧ ਵਾਸਤੇ ਸਹੀ, ਮਾਰਗ ਦਰਸ਼ਨ ਕਰਦੀਆਂ ਹਨ। ਇਥੇ ਸਾਡੇ ਵਿਸ਼ੇ ਨਾਲ ਸਬੰਧਤ ਮੂਲ ਗੱਲ ਇਹ ਹੈ ਕਿ ਖਿਮਾਂ ਦਾ ਗੁਣ ਭਾਵ ਆਪਣੀ ਗਲਤੀ ਮਹਿਸੂਸ ਕਰਕੇ ਮੁਆਫੀ ਮੰਗ ਲੈਣਾ ਅਤੇ ਮੁਆਫ ਕਰ ਦੇਣਾ, ਬਹੁਤ ਚੰਗਾ ਗੁਣ ਹੈ। ਸੋ ਜੇ ਕੋਈ ਆਪਣੀ ਭੁੱਲ ਮਹਿਸੂਸ ਕਰ ਕੇ ਸੰਗਤ ਦੀ ਸ਼ਰਨ ਵਿੱਚ ਆ ਗਿਆ ਹੈ ਤਾਂ ਸੰਗਤ ਨੂੰ ਵੀ ਬਖਸ਼ਣ ਵਿੱਚ ਹੱਠ ਨਹੀਂ ਕਰਨਾ ਚਾਹੀਦਾ।

ਇਥੇ ਨਾਲ ਇਹ ਵੀ ਲਿਖਿਆ ਹੈ ਕਿ ਨਾ ਹੀ ਤਨਖਾਹ ਲੁਆਣ ਵਾਲੇ ਨੂੰ ਦੰਡ ਭਰਨ ਵਿੱਚ ਅੜੀ ਕਰਨੀ ਚਾਹੀਦੀ ਹੈ। ਜੇ ਕੋਈ ਆਪ ਪੇਸ਼ ਹੋਕੇ, ਦੰਡ ਭਰਨ ਵਿੱਚ ਕਿਸੇ ਤਰ੍ਹਾਂ ਦੀ ਅੜੀ ਜਾਂ ਨਖਰਾ ਕਰਦਾ ਹੈ, ਤਾਂ ਇਹੀ ਕਿਹਾ ਜਾ ਸਕਦਾ ਹੈ, ਉਸ ਸੱਚਮੁੱਚ ਆਪਣੀ ਗਲਤੀ ਦਾ ਅਹਿਸਾਸ ਨਹੀਂ ਕੀਤਾ, ਉਹ ਵਿਖਾਵਾ ਕਰ ਰਿਹਾ ਹੈ। ਜਿਸ ਸਮੇਂ ਸੰਗਤ ਫੈਸਲਾ ਕਰਦੀ ਹੈ, ਸੰਗਤ ਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਨਿਆਂ ਅਕਾਲ-ਪੁਰਖ ਦੇ ਅਟੱਲ ਨੇਮਾਂ ਅਨੁਸਾਰ ਹੋਵੇ, ਉਸ ਵਿੱਚ ਕੋਈ ਨਿਜੀ ਰੰਜਸ਼ ਨਹੀਂ ਆਉਣੀ ਚਾਹੀਦੀ, ਉਥੇ ਭੁੱਲ ਕਰਨ ਵਾਲੇ ਵਿਅਕਤੀ ਨੂੰ ਵੀ ਪੂਰਾ ਅਹਿਸਾਸ ਹੋਣਾ ਚਾਹੀਦਾ ਹੈ ਕਿ ਸੰਗਤੀ ਫੈਸਲੇ ਗੁਰੂ ਦੇ ਫੈਸਲੇ ਜਿਹਾ ਸਥਾਨ ਰੱਖਦੇ ਹਨ, ਉਨ੍ਹਾਂ ਨੂੰ ਮੰਨਣ ਵਿੱਚ ਕੋਈ ਅੜੀ ਨਹੀਂ ਹੋਣੀ ਚਾਹੀਦੀ।

ਇਸ ਮੱਦ ਦੀ ਅਗਲੀ ਪੰਕਤੀ ਵਿੱਚ ਲਿਖਿਆ ਹੈ, ਤਨਖਾਹ ਕਿਸੇ ਕਿਸਮ ਦੀ ਸੇਵਾ, ਖਾਸ ਕਰਕੇ ਜੋ ਹੱਥਾਂ ਨਾਲ ਕੀਤੀ ਜਾ ਸਕੇ, ਲਾਉਣੀ ਚਾਹੀਏ।

ਰਹਿਤ ਮਰਯਾਦਾ ਬਨਾਉਣ ਵਾਲਿਆਂ ਨੇ ਤਾਂ ਕਾਫੀ ਸੂਝ ਵਰਤੀ ਹੈ, ਪਰ ਇਸ ਨੂੰ ਅਮਲੀ ਬਨਾਉਣ ਵਾਲੇ ਤਾਂ ਸ਼ਾਇਦ, ਇਸ ਨੂੰ ਅਧਾਰ ਬਣਾਏ ਬਗੈਰ ਹੀ, ਫੈਸਲੇ ਲਈ ਜਾ ਰਹੇ ਹਨ ਜਾਂ ਸ਼ਾਇਦ ਉਨ੍ਹਾਂ ਰਹਿਤ ਮਰਯਾਦਾ ਪੜ੍ਹਨ ਦੀ ਖੇਚਲ ਹੀ ਨਹੀਂ ਕੀਤੀ। ਪਹਿਲਾਂ ਤਾਂ ਗੁਰਬਾਣੀ ਪੜ੍ਹਨ ਦੀ ਤਨਖਾਹ ਲਾਈ ਜਾ ਰਹੀ ਹੈ। ਕੋਈ ਪੁੱਛੇ, ਕੀ ਗੁਰਬਾਣੀ ਪੜ੍ਹਨਾ ਸਜ਼ਾ ਹੈ? ਸੰਗਤ ਵਿੱਚ ਇਹ ਪ੍ਰਭਾਵ ਜਾਣਾ ਵੀ ਅਤਿ ਨੁਕਸਾਨ ਦੇਹ ਹੈ। ਹੋਰ ਤਾਂ ਹੋਰ ਅਕਾਲ-ਤਖਤ ਸਾਹਿਬ ਦੇ ਨਾਂ ਤੇ ਵੀ ਐਸੇ ਫੈਸਲੇ ਸੁਣਾਏ ਜਾ ਰਹੇ ਹਨ, ਫਿਰ ਬਾਕੀ ਸੰਗਤ ਨੇ ਕਿਥੋਂ ਅਗਵਾਈ ਲੈਣੀ ਹੈ? ਜੇ ਹੱਥਾਂ ਨਾਲ ਕਰਨ ਵਾਲੀ ਤਨਖਾਹ ਵੀ ਲਾਈ ਜਾਂਦੀ ਹੈ, ਤਾਂ ਕਈ ਵਾਰੀ ਨਾਲ ਇਹ ਜੋੜ ਦਿੱਤਾ ਜਾਂਦਾ ਹੈ ਕਿ ਇਹ ਤਨਖਾਹ ਫਲਾਣੇ ਫਲਾਣੇ ਤਖਤ ਤੇ ਜਾਂ ਗੁਰਦੁਆਰੇ ਜਾ ਕੇ ਨਿਭਾਉਣੀ ਹੈ। ਉਸ ਦੀ ਹੱਥਾਂ ਨਾਲ ਕਰਨ ਵਾਲੀ ਸੇਵਾ ਦੀ ਤਨਖਾਹ ਘੱਟ ਹੁੰਦੀ ਹੈ ਅਤੇ ਦੂਸਰੇ ਸਥਾਨਾਂ ਦੀ ਯਾਤਰਾ (ਤੀਰਥ ਯਾਤਰਾ) ਦੀ ਵਧੇਰੇ, ਜਿਸ ਦਾ ਸਿੱਖ ਸਿਧਾਂਤਾਂ ਅਨੁਸਾਰ ਕੌਡੀ ਮੁੱਲ ਨਹੀਂ। ਫਿਰ ਹੱਥਾਂ ਨਾਲ ਕਰਨ ਵਾਲੀ ਇਹ ਸੇਵਾ ਵੀ ਅਸੀਂ ਗੁਰਦੁਆਰੇ ਤੱਕ ਹੀ ਸੀਮਤ ਕਰ ਦਿੱਤੀ ਹੈ, ਜਿਵੇਂ ਕਿ ਲੰਗਰ, ਜੋੜਿਆਂ ਜਾਂ ਸਫਾਈ ਆਦਿ ਦੀ, ਹਾਲਾਂਕਿ ਇਹ ਕਿਸੇ ਤਰ੍ਹਾਂ ਦੇ ਮਨੁੱਖਤਾ ਦੀ ਭਲਾਈ ਦੇ ਕੰਮਾਂ ਦੀ ਵੀ ਹੋ ਸਕਦੀ ਹੈ, ਜਿਸ ਨਾਲ ਆਮ ਲੋਕਾਈ ਵਿੱਚ ਵੀ ਕੌਮ ਪ੍ਰਤੀ ਚੰਗਾ ਸੁਨੇਹਾ ਜਾਵੇਗਾ।

ਜਿਥੇ ਸਾਨੂੰ ਸਾਰਿਆਂ ਨੂੰ ਆਪਣੀ ਨਿਜੀ ਸਵੈ-ਪੜਚੋਲ ਕਰਨ ਦੀ ਵੱਡੀ ਲੋੜ ਹੈ, ਉਥੇ ਕੌਮੀ ਪੱਧਰ ਤੇ ਵੀ ਕਾਫੀ ਸਵੈ-ਪੜਚੋਲ ਕਰਨ ਦੀ ਲੋੜ ਹੈ। ਇਥੇ ਮੂਲ ਸਮਝਣ ਵਾਲੀ ਗੱਲ ਇਹ ਹੈ ਕਿ ਤਨਖਾਹ ਲਾਉਣਾ, ਕਿਸੇ ਨੂੰ ਸਜ਼ਾ ਦੇਣਾ, ਉਸ ਨੂੰ ਜ਼ਲੀਲ ਕਰਨਾ ਜਾਂ ਕੋਈ ਨਿਜੀ ਰੰਜਸ਼ ਕਢਨਾ ਨਹੀਂ, ਇਹ ਕੇਵਲ ਗਲਤੀ ਦਾ ਅਹਿਸਾਸ ਕਰਾਕੇ, ਉਸ ਦੀ ਭੁੱਲ ਦਾ ਸੁਧਾਰ ਕਰਨਾ ਹੈ।

ਇਸ ਦਾ ਅਗਲਾ ਅਤੇ ਅੰਤਿਮ ਪੜਾ (ਮੱਦ ੲ) ਤਾਂ ਹਰ ਸਿੱਖ ਕਾਰਜ ਜਾਂ ਸਮਾਗਮ ਦਾ ਆਖਰੀ ਪੜਾ ਹੈ, ਅਰਦਾਸ ਕਰਨਾ। ਇਹੀ ਵਧੀਆ ਅਤੇ ਗੁਰਮਤਿ ਅਨੁਸਾਰੀ ਸਮਾਪਤੀ ਇਸ ਸਾਰੇ ਸਮਾਗਮ ਦੀ ਹੈ, ਸੋਧ ਦੀ ਅਰਦਾਸ ਕਰਨਾ। ਇਹ ਅਰਦਾਸ ਜਿਥੇ ਉਸ ਭੁੱਲ ਕਰਨ ਵਾਲੇ ਵਿਅਕਤੀ ਦੀ ਭੁੱਲ ਦੀ ਸੋਧ ਦੀ ਹੈ, ਉਥੇ ਸੰਗਤ ਵਲੋਂ ਵੀ ਹੋਈਆਂ ਕੋਈ ਅਨਭੋਲ ਭੁੱਲਾਂ ਵਾਸਤੇ ਵੀ ਹੈ, ਕਿਉਂਕਿ ਅੰਤਮ ਅਤੇ ਸੱਚਾ ਨਿਆਂ ਤਾਂ ਉਸ ਅਕਾਲ-ਪੁਰਖ ਦਾ ਹੀ ਹੈ।

ਜਰੂਰੀ ਬੇਨਤੀ:

ਖੰਡੇ ਬਾਟੇ ਦੀ ਪਾਹੁਲ, ਸਿੱਖ ਕੌਮ ਦੀ ਅਤਿ ਮਹੱਤਵ ਪੂਰਨ ਸੰਸਥਾ ਹੈ, ਬਲਕਿ ਜੇ ਇਹ ਕਿਹਾ ਜਾਵੇ ਕਿ ਕੌਮ ਵਿੱਚ, ਗੁਰੂ ਗ੍ਰੰਥ ਸਾਹਿਬ ਤੋਂ ਬਾਅਦ, ਇਸ ਦਾ ਦੂਸਰਾ ਸਥਾਨ ਹੈ ਤਾਂ ਇਹ ਕੋਈ ਅਤਿ ਕਥਨੀ ਨਹੀਂ ਹੋਵੇਗੀ। ਇਸ ਸੰਸਥਾ ਨੇ ਗੁਰੂ ਨਾਨਕ ਪਾਤਿਸ਼ਾਹ ਦੇ ਲਾਸਾਨੀ ਸਿਧਾਂਤਾਂ ਨਾਲ ਜੁੜੀ ਲੋਕਾਈ ਨੂੰ ਇੱਕ ਕੌਮੀ ਰੂਪ ਬਖਸ਼ਿਆ। ਇਸੇ ਰਾਹੀਂ, ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ, ਸਿੱਖੀ ਨੂੰ ਖਾਲਸੇ ਦੇ ਰੂਪ ਵਿੱਚ ਪ੍ਰਗਟ ਕੀਤਾ। ਇਸ ਸੰਸਥਾ ਦੁਆਰਾ ਪ੍ਰਗਟ ਹੋਏ, ਖਾਲਸਾਈ ਜਜ਼ਬੇ ਨੇ ਦੁਨੀਆਂ ਦੇ ਇਤਿਹਾਸ ਦਾ ਰੁੱਖ ਮੋੜ ਦਿੱਤਾ। ਭਾਵੇਂ ਇਸ ਦਾ ਪ੍ਰਮੁੱਖ ਪ੍ਰਭਾਵ ਭਾਰਤ ਦੇ ਖਿੱਤੇ ਵਿੱਚ ਵੇਖਣ ਨੂੰ ਮਿਲਿਆ, ਪਰ ਦੁਨੀਆਂ ਵਿੱਚ ਚਲੀਆਂ ਅਨੇਕ ਅਜ਼ਾਦੀ ਲਹਿਰਾਂ, ਇਸ ਦੇ ਪ੍ਰਭਾਵ ਦਾ ਹੀ ਪ੍ਰਤੱਖ ਰੂਪ ਹਨ। ਜੇ ਇਹ ਕਿਹਾ ਜਾਵੇ ਕਿ ਗੁਰਬਾਣੀ, ਨਵੇਂ ਮਨੁੱਖੀ ਇਨਕਲਾਬ ਵਾਸਤੇ, ਇੱਕ ਲਾਸਾਨੀ ਫਰਦ ਹੈ, ਤਾਂ ਖਾਲਸੇ ਦਾ ਪ੍ਰਗਟ ਹੋਣਾ, ਇਸ ਦਾ ਅਮਲੀ ਰੂਪ ਹੈ, ਜੋ ਹਰ ਮਨੁੱਖ ਮਾਤਰ ਨੂੰ, ਅਕਾਲ-ਪੁਰਖ ਵਲੋਂ ਬਖਸ਼ੀ, ਉਸ ਦੀ ਅਜ਼ਾਦ ਹਸਤੀ ਦਾ ਅਹਿਸਾਸ ਕਰਾਉਂਦਾ ਹੈ।

ਚੰਗੇਜ਼ ਖਾਂ, ਸਿਕੰਦਰ, ਨਾਦਰਸ਼ਾਹ ਅਤੇ ਹਿੱਟਲਰ ਦੀ ਸੋਚ ਵਾਲਿਆਂ ਨੂੰ ਐਸੀ ਮਨੁੱਖੀ ਇਨਕਲਾਬ ਵਾਲੀ ਵਿਚਾਰਧਾਰਾ ਕਦੇ ਪਸੰਦ ਨਹੀਂ ਆਈ। ਕੁੱਝ ਨਾਂ ਲੈਣ ਨਾਲ ਤਾਂ ਦਾਇਰਾ ਬਹੁਤ ਸੀਮਤ ਹੋ ਜਾਂਦਾ ਹੈ, ਅਸਲ ਵਿੱਚ ਤਾਂ ਕਿਸੇ ਵੀ ਵਿਸਥਾਰਵਾਦੀ ਜਾਂ ਆਪਣੇ ਆਪ ਨੂੰ ਦੂਸਰੇ ਮਨੁੱਖਾਂ ਨਾਲੋਂ ਉੱਚਾ ਸਮਝਣ ਵਾਲੇ ਨੂੰ, ਜਾਂ ਦੂਸਰਿਆਂ ਨੂੰ ਆਪਣੇ ਪਰਾਧੀਨ ਬਨਾਉਣ ਦੇ ਸੁਫਨੇ ਵੇਖਣ ਵਾਲਿਆਂ ਨੂੰ, ਗੁਰੂ ਨਾਨਕ ਪਾਤਿਸ਼ਾਹ ਦੀ ਮਨੁੱਖੀ ਬਰਾਬਰੀ ਦੀ ਵਿਚਾਰਧਾਰਾ, ਕਦੇ ਮਾਫਕ ਨਹੀਂ ਆ ਸਕਦੀ। ਇਹੀ ਕਾਰਨ ਹੈ ਕਿ ਜਿਨ੍ਹਾਂ ਨੂੰ ਖਾਲਸਾ ਲਹਿਰ ਨੇ, ਸਦੀਆਂ ਦੀ ਗੁਲਾਮੀ ਤੋਂ ਬਾਅਦ, ਅਜ਼ਾਦ ਹਵਾ ਅਤੇ ਫਿਜ਼ਾ ਵਿੱਚ ਸਾਹ ਲੈਣ ਦਾ ਸੁਭਾਗ ਬਖਸ਼ਿਆ, ਅੱਜ ਉਹੀ ਇਸ ਦੇ ਵੱਡੇ ਦੁਸ਼ਮਨ ਹਨ। ਸਚਾਈ ਤਾਂ ਇਹ ਹੈ ਕਿ ਉਨ੍ਹਾਂ ਨੂੰ ਮੁਗਲਾਂ ਦੀ ਜਾਂ ਅੰਗਰੇਜ਼ਾਂ ਦੀ ਗੁਲਾਮੀ ਤਾਂ ਪ੍ਰਵਾਨ ਸੀ, ਪਰ ਜਿਨ੍ਹਾਂ ਨੂੰ, ਉਨ੍ਹਾਂ ਨੀਚ ਅਤੇ ਅਛੂਤ ਗਰਦਾਨਿਆਂ ਹੋਇਆ ਹੈ, ਉਹ ਉਨ੍ਹਾਂ ਦੇ ਬਰਾਬਰ ਆ ਬੈਠਣ, ਇਹ ਕਤਈ ਮਨਜ਼ੂਰ ਨਹੀਂ ਸੀ। ਇਸੇ ਕਾਰਨ ਉਨ੍ਹਾਂ ਸ਼ੁਰੂ ਤੋਂ ਹੀ ਸਿੱਖ ਇਨਕਲਾਬ ਦਾ ਵਿਰੋਧ ਕੀਤਾ। ਇਹ ਅਲੱਗ ਗੱਲ ਹੈ ਕਿ ਆਪਣੀ ਲੋੜ ਅਨੁਸਾਰ, ਕਦੀ ਦੇਸ਼ ਭਗਤੀ ਦੇ ਨਾਂ ਤੇ, ਕਦੀ ਅਜ਼ਾਦੀ ਦੇ ਨਾਂ ਤੇ, ਅਤੇ ਕਦੀ ਭਾਈਚਾਰੇ ਦੇ ਨਾਂ ਤੇ ਸਿੱਖ ਭਾਵਨਾਵਾਂ ਨੂੰ ਵਰਤ ਲਿਆ। ਵਿਖਾਵਾ ਕੁੱਝ ਵੀ ਹੋਵੇ, ਇਨ੍ਹਾਂ ਸ਼ਕਤੀਆਂ ਨੂੰ, ਨਾ ਗੁਰਬਾਣੀ ਦੀ ਵਿਚਾਰਧਾਰਾ ਬਰਦਾਸ਼ਤ ਹੈ, ਨਾ ਇਸ ਤੇ ਅਧਾਰਤ ਖਾਲਸਾਈ ਇਨਕਲਾਬ। ਇਹ ਹਰ ਸੂਰਤ ਇਸ ਨੂੰ ਨੇਸਤੋ ਨਬੂਦ ਕਰ ਦੇਣਾ ਚਾਹੁੰਦੀਆਂ ਹਨ। ਗੱਲ ਉਂਜ ਵੀ ਸੁਭਾਵਕ ਹੈ, ਜਿਨ੍ਹਾਂ ਆਪਣੀ ਵਿਰਾਸਤ ਵਿੱਚ ਹੀ ਸਾਰੇ ਮਨੁੱਖਾਂ ਨਾਲ ਬਰਾਬਰ ਰਹਿਣਾ ਅਤੇ ਬਹਿਣਾ, ਸਿਖਿਆ ਹੀ ਨਹੀਂ, ਉਨ੍ਹਾਂ ਨੂੰ ਆਪਣੀ ਘੱਸੀ ਪਿਟੀ ਸੰਪਰਦਾਈ ਵਿਚਾਰਧਾਰਾ ਨੂੰ ਚੁਨੌਤੀ ਦੇਣ ਵਾਲੀ ਗੁਰਮਤਿ ਵਿਚਾਰਧਾਰਾ ਕਿਥੋਂ ਬਰਦਾਸ਼ਤ ਹੋਵੇਗੀ? ਉਂਜ ਵੀ ਸਦੀਆਂ ਦੀ ਗੁਲਾਮੀ ਨਾਲ ਉਨ੍ਹਾਂ ਅੰਦਰ ਜੋ ਮਾਨਸਿਕ ਹੀਨ ਭਾਵਨਾ ਪੈਦਾ ਹੋ ਗਈ ਹੈ, ਹੁਣ ਆਪ ਹਾਕਮ ਬਣ ਕੇ, ਦੂਸਰਿਆਂ ਨਾਲ ਗੁਲਾਮਾਂ ਵਾਲਾ ਸਲੂਕ ਕਰ ਕੇ, ਉਹ ਜਿੱਥੇ ਉਸ ਹੀਨ ਭਾਵਨਾ `ਚੋਂ ਬਾਹਰ ਆਉਣਾ ਚਾਹੁੰਦੇ ਹਨ, ਉਥੇ ਆਪਣੀ ਉਸ ਸਦੀਆਂ ਦੀ ਗੁਲਾਮੀ ਦਾ ਬਦਲਾ, ਦੂਸਰਿਆਂ ਉੱਤੇ ਆਪਣੀ ਬਾਦਸ਼ਾਹਤ ਦਾ ਨਵਾਂ ਇਤਹਾਸ ਘੱੜ ਕੇ ਲੈਣਾ ਚਾਹੁੰਦੇ ਹਨ।

ਨਤੀਜਾ ਇਹ ਹੈ ਕਿ ਅੱਜ ਸਿੱਖੀ ਦੇ ਇਹ ਦੋਵੇਂ ਪ੍ਰਮੁੱਖ ਥੰਮ, ਗੁਰੂ ਗ੍ਰੰਥ ਸਾਹਿਬ ਅਤੇ ਖੰਡੇ ਬਾਟੇ ਦੀ ਪਾਹੁਲ ਦੀ ਸੰਸਥਾ ਵੱਡੇ ਹਮਲੇ ਅਧੀਨ ਹਨ। ਇਨ੍ਹਾਂ ਹਮਲਿਆਂ ਦੀ ਰੂਪ ਰੇਖਾ ਕੁੱਝ ਅਲੱਗ ਜਾਪੇਗੀ ਪਰ, ਮਕਸਦ ਇਕੋ ਹੈ ਕੌਮ ਦੇ ਖਾਲਸਾਈ ਰੂਪ ਦਾ ਕਤਲ ਕਰ ਕੇ, ਉਸ ਨੂੰ ਭਗਵੇ ਕਫਨ ਨਾਲ ਢੱਕ ਦੇਣਾ।

ਜਿਵੇਂ ਉਪਰ ਬੇਨਤੀ ਕੀਤੀ ਹੈ, ਇਨ੍ਹਾਂ ਦੋਹਾਂ ਹਮਲਿਆਂ ਦੀ ਰੂਪ-ਰੇਖਾ ਅਲੱਗ ਅਲੱਗ ਹੈ। ਉਨ੍ਹਾਂ ਦਾ ਸਭ ਤੋਂ ਵੱਡਾ ਜਹਾਦ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਹੈ। ਕੌਮ ਦੀ ਵੱਡੀ ਖੁਸ਼ਕਿਸਮਤੀ ਆਖਾਂ, ਕਿ ਆਪਣੇ ਸਤਿਗੁਰਾਂ ਦੀ ਦੂਰਅੰਦੇਸ਼ੀ ਅਤੇ ਸਿਆਣਪ ਦਾ ਸਿਖਰ ਕਿ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਇਸ ਵਧੀਆ ਤਰੀਕੇ ਨਾਲ ਕੀਤਾ ਕਿ ਇਸ ਵਿੱਚ ਕਿਸੇ ਤਰ੍ਹਾਂ ਦੀ ਮਿਲਾਵਟ ਨਹੀਂ ਕੀਤੀ ਜਾ ਸਕਦੀ। ਜੇ ਕੋਈ ਐਸੀ ਕੋਸ਼ਿਸ਼ ਕਰੇਗਾ ਵੀ, ਨੇਮ ਨਾਲ ਬਾਣੀ ਪੜ੍ਹਨ ਵਾਲੇ ਅਤੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨ ਵਿਧੀ ਸਮਝਣ ਵਾਲੇ, ਉਸ ਨੂੰ ਫੌਰਨ ਪਕੜ ਲੈਣਗੇ। ਇਸ ਵਾਸਤੇ ਅਜੇ ਤੱਕ ਜਿਸ ਕੋਸ਼ਿਸ਼ ਕੀਤੀ, ਮੁੰਦਾਵਨੀ ਦੇ ਸ਼ਬਦ ਅਤੇ ਸਲੋਕ ਤੋਂ ਬਾਅਦ ਹੀ ਕਰ ਸਕਿਆ ਹੈ। ਸਤਿਗੁਰੂ ਨੇ ਤਾਂ ਮੁੰਦਾਵਨੀ ਦੇ ਸ਼ਬਦ ਨਾਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਇੰਝ ਮੁੰਦ ਦਿੱਤਾ, ਭਾਵ ਸੀਲ ਕਰ ਦਿੱਤਾ ਕਿ ਇਸ ਵਿੱਚ ਇੱਕ ਅੱਖਰ ਦੀ ਵਾਧ ਘਾਟ ਨਾ ਕੀਤੀ ਜਾ ਸਕੇ, ਪਰ ਪੰਥ ਦੋਖੀ ਸ਼ਕਤੀਆਂ ਨੇ, ਮੁਕਾਬਲੇ ਤੇ ਇੱਕ ਸਾਕਤੀ ਗ੍ਰੰਥ ਹੀ ਲਿਆ ਧਰਿਆ। ਇਤਨਾ ਹੀ ਨਹੀਂ ਕੌਮ ਵਿੱਚ ਭੁਲੇਖੇ ਪਾਉਣ ਲਈ ਗੁਰੂ ਗ੍ਰੰਥ ਸਾਹਿਬ ਤੋਂ ਬਿਲਕੁਲ ਉਲਟ ਵਿਚਾਰਧਾਰਾ ਵਾਲੀ ਇਸ ਕਿਤਾਬ ਨੂੰ ਗੁਰੂ ਕ੍ਰਿਤ ਦਸ ਕੇ, ਇਸ ਨੂੰ ਗੁਰਬਾਣੀ ਦਾ ਦਰਜਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਜੋ ਲੋਕ ਗੁਰਮਤਿ ਵਿਚਾਰਧਾਰਾ ਤੋਂ ਅਨਜਾਣ, ਕੇਵਲ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਤੱਕ ਸੀਮਤ ਹਨ, ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦਾ, ‘ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ` ਦਾ ਅੰਤਿਮ ਆਦੇਸ਼ ਭੁੱਲ ਕੇ, ਨਾਲ ਇਸ ਗ੍ਰੰਥ ਦੀ ਪੂਜਾ ਵੀ ਕਰਨ ਲੱਗ ਪਏ ਹਨ। ਉਨ੍ਹਾਂ ਭੋਲਿਆਂ ਦੇ ਭੁਲੇਖਾ ਖਾ ਜਾਣ ਦਾ ਕਾਰਨ ਇਹ ਵੀ ਹੈ, ਕਿ ਜਿਨ੍ਹਾਂ ਲੋਕਾਂ ਨੂੰ ਇਸ ਸਾਕਤੀ ਪੁਸਤਕ ਨੂੰ ਸਿੱਖ ਕੌਮ ਵਿੱਚ ਸਥਾਪਤ ਕਰਨ ਦਾ ਕੰਮ ਸੌਂਪਿਆ ਗਿਆ ਹੈ, ਉਨ੍ਹਾਂ ਦੀਆਂ ਸੂਰਤਾਂ ਵੀ ਗੁਰਸਿੱਖਾਂ ਵਾਲੀਆਂ ਹਨ, ਉਨ੍ਹਾਂ ਦੇ ਬੋਲਾਂ ਵਿੱਚ ਮਿਠਾਸ ਹੈ, ਉਨ੍ਹਾਂ ਦੇ ਸ਼ਬਦਾਂ ਵਿੱਚ ਭਾਵੁਕਤਾ ਹੈ ਅਤੇ ਉਨ੍ਹਾਂ ਦੀਆਂ ਅੱਖਾਂ ਵਿੱਚ ਮਗਰ ਮੱਛ ਦੇ ਅਥਰੂ ਹਨ, ਜੋ ਉਹ ਗੁਰੂ ਦੇ ਨਾਂ ਤੇ ਵਗਾਉਣ ਦਾ ਡਰਾਮਾ ਕਰਦੇ ਹਨ। ਇਸ ਸਾਰੇ ਨਾਟਕ ਚੇਟਕ ਵਿੱਚ ਕਿਸੇ ਵੀ ਗਿਆਨ ਵਿਹੂਣੇ, ਭਾਵੁਕ ਸਿੱਖ ਦਾ ਫਸ ਜਾਣਾ ਸੌਖਾ ਹੈ। ਜੇ ਕੁੱਝ ਸਮੇਂ ਲਈ, ਨਾਲ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਪੂਜਾ ਹੁੰਦੀ ਵੀ ਰਹੇ, ਤਾਂ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ, ਬਲਕਿ ਉਨ੍ਹਾਂ ਦੀ ਪੱਥਰ ਪੂਜਾ ਦੀ ਵਿਚਾਰਧਾਰਾ ਨਾਲ ਮੇਲ ਖਾਂਦਾ ਹੈ। ਉਨ੍ਹਾਂ ਦਾ ਵਿਰੋਧ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਪੂਜਾ ਨਾਲ ਨਹੀਂ, ਗੁਰਮਤਿ ਵਿਚਾਰਧਾਰਾ ਨਾਲ ਹੈ। ਇਸ ਸਾਕਤੀ ਪੁਸਤਕ ਰਾਹੀਂ, ਉਹ ਗੁਰਮਤਿ ਵਿਚਾਧਾਰਾ ਦਾ ਤੋੜ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸੇ ਲਈ ਉਹ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਮੰਦਰਾਂ ਵਿੱਚ ਵੀ ਲੈ ਜਾਣਾ ਚਾਹੁੰਦੇ ਹਨ। ਕਈ ਵਾਰੀ ਅਸੀਂ ਭਾਵੁਕ ਹੋ ਕੇ ਕਹਿ ਦੇਂਦੇ ਹਾਂ, ਜੇ ਉਹ ਮਰਯਾਦਾ ਅਨੁਸਾਰ ਸਤਿਗੁਰੂ ਦਾ ਸਤਿਕਾਰ ਕਰਦੇ ਹਨ ਤਾਂ ਇਸ ਵਿੱਚ ਹਰਜ ਵੀ ਕੀ ਹੈ? ਹਰਜ ਹੀ ਹਰਜ ਹੈ। ਉਹ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਪੱਥਰ ਦੇ ਦੇਵੀ ਦੇਵਤਿਆਂ ਦੀ ਤਰ੍ਹਾਂ, ਕੇਵਲ ਪੂਜਾ ਦੀ ਵਸਤ ਬਣਾ ਦੇਣਾ ਚਾਹੁੰਦੇ ਹਨ। ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਨਾ ਹੈ, ਗੁਰਬਾਣੀ ਦੁਆਰਾ ਦ੍ਰਿੜ ਕਰਾਏ, ਗੁਰਮਤਿ ਸਿਧਾਤਾਂ ਦਾ ਸਤਿਕਾਰ ਕਰਨਾ। ਉਨ੍ਹਾਂ ਨੂੰ ਆਪਣੇ ਅਮਲੀ ਜੀਵਨ ਵਿੱਚ ਅਪਨਾਉਣਾ। ਜੇ ਇੱਕ ਕਮਰੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕਰਕੇ ਦੁਸਰੇ ਕਮਰੇ ਵਿੱਚ ਫਿਰ ਉਹੀ ਕਰਮਕਾਂਡ ਕਰਨੇ ਹਨ ਤਾਂ ਇਹ ਗੁਰੂ ਗ੍ਰੰਥ ਸਾਹਿਬ ਦਾ ਘੋਰ ਅਪਮਾਨ ਹੈ। ਇਹ ਕੇਵਲ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਆਪਣੇ 33 ਕਰੋੜ ਦੇਵਤਿਆਂ ਦੀ ਲਿਸਟ ਵਿੱਚ ਇੱਕ ਹੋਰ ਨਾਂ ਜੋੜਨਵਾਲੀ ਗੱਲ ਹੈ, ਤਾਕਿ ਸਿੱਖ ਕੌਮ ਵੀ ਉਨ੍ਹਾਂ ਦੇ 33 ਕਰੋੜ ਦੇਵੀ ਦੇਵਤਿਆਂ ਦੀ ਪੂਜਾ ਕਰਨ ਵਾਲਿਆਂ ਦੀ ਕਤਾਰ ਵਿੱਚ ਆ ਖਲੋਵੇ।

ਇਸੇ ਵਾਸਤੇ ਉਨ੍ਹਾਂ ਕੌਮ ਅੰਦਰ ਭੇਖੀ ਸਾਧਾਂ ਦਾ ਇੱਕ ਜਾਲ ਵਿਛਾ ਦਿੱਤਾ ਹੈ, ਜੋ ਸਿੱਖੀ ਦੇ ਪ੍ਰਚਾਰ ਦਾ ਭੇਖ ਧਾਰ ਕੇ, ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦਾ ਨਾਂ ਦੇ ਕੇ, ਸਤਿਗੁਰੂ ਦੇ ਸਰੂਪ ਦੀ ਪੂਜਾ ਕਰਾ ਰਹੇ ਹਨ। ਇਹੀ ਲੋਕ ਹਨ ਜੋ ਨਾਲ ਇਸ ਸਾਕਤੀ ਕਿਤਾਬ ਨੂੰ ਵੀ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਉਸ ਦੀ ਵੀ ਬਰਾਬਰ ਪੂਜਾ ਕਰਾਉਂਦੇ ਹਨ। ਪਹਿਲਾ ਪੜਾ ਤਾਂ ਬਰਾਬਰ ਸਥਾਪਤ ਕਰਨਾ ਹੀ ਹੈ, ਤਾਂਕਿ ਸਿਧਾਂਤਕ ਦੁਬਿਧਾ ਦੇ ਬੀਜ ਬੋਏ ਜਾ ਸਕਣ ਅਤੇ ਗੁਰਮਤਿ ਵਿਚਾਰਧਾਰਾ ਨੂੰ ਚੁਣੌਤੀ ਦਿੱਤੀ ਜਾ ਸਕੇ।

ਦੂਸਰਾ ਹਮਲਾ ਖੰਡੇ ਬਾਟੇ ਦੀ ਪਾਹੁਲ ਤੇ ਹੈ। ਇਸ ਦੇ ਵੀ ਦੋ ਭਾਗ ਹਨ, ਪਹਿਲਾਂ ਤਾਂ ਇਸ ਨੂੰ ਇੱਕ ਕਰਮਕਾਂਡ ਬਨਾ ਦੇਣਾ। ਇਸੇ ਅਧੀਨ ਹੀ ਇਸ ਨੂੰ ਇੱਕ ਜਾਦੂਈ ਪਾਣੀ ਦੇ ਤੌਰ ਤੇ ਪੇਸ਼ ਕੀਤਾ ਗਿਆ ਹੈ। ਗੁਰਬਾਣੀ ਵਿੱਚ ਬਾਰ ਬਾਰ ਅੰਮ੍ਰਿਤ ਦਾ ਨਾਂ ਆਉਣ ਕਾਰਨ, ਸਿੱਖ ਮਾਨਸਿਕਤਾ ਨੇ ਇਸ ਨੂੰ ਅੰਮ੍ਰਿਤ ਦੇ ਤੌਰ ਤੇ ਪ੍ਰਵਾਨ ਕਰ ਲਿਆ। ਭਾਵੇਂ ਕਿ ਗੁਰਬਾਣੀ ਵਿੱਚ ਨਾਮ ਅੰਮ੍ਰਿਤ ਦੀ ਗੱਲ ਹੀ ਆਉਂਦੀ, ਜਿਵੇਂ ਕਿ ਉਪਰ ਵਿਚਾਰਿਆ ਜਾ ਚੁੱਕਾ ਹੈ। ਪਰ ਇਸ ਦਾ ਨਾਂ ਪਾਹੁਲ ਤੋਂ ਅੰਮ੍ਰਿਤ ਵਿੱਚ ਬਦਲਣ ਵਿੱਚ ਵੀ ਮੈਨੂੰ ਉਸ ਬ੍ਰਾਹਮਣੀ ਸੋਚ ਦਾ ਪ੍ਰਗਟਾਵਾ ਹੀ ਨਜ਼ਰ ਆਉਂਦਾ ਹੈ। ਅੱਜ ਸਾਰੇ ਬਾਬਾ ਲ੍ਹਾਣੇ ਦਾ ਜ਼ੋਰ ਇਸੇ ਗੱਲ ਤੇ ਲਗਾ ਹੋਇਆ ਕਿ ਸਿੱਖ ਅੰਮ੍ਰਿਤ ਛੱਕਣ ਦਾ ਕਰਮਕਾਂਡ ਕਰ ਲੈਣ, ਪਰ ਕਰਮ, ਉਹੀ ਬ੍ਰਾਹਮਣਵਾਦੀ ਕਰਦੇ ਰਹਣ। ਤਾਂ ਹੀ ਅੱਜ ਗਾਤਰੇ ਕਿਰਪਾਨਾਂ ਵਾਲੇ ਸਿੱਖਾਂ ਨੂੰ, ਇਨ੍ਹਾਂ ਬਾਬਿਆਂ ਦੇ ਡੇਰਿਆਂ ਤੋਂ ਇਲਾਵਾ, ਮੜ੍ਹੀਆਂ ਮਸਾਣਾਂ, ਮੁਸਲਮਾਨ ਪੀਰਾਂ ਦੀਆਂ ਦਰਗਾਹਾਂ, ਹਿੰਦੂ ਮੰਦਰਾਂ, ਤੀਰਥਾਂ ਅਤੇ ਆਪਣੇ ਘਰਾਂ ਵਿੱਚ ਉਹੀ ਬ੍ਰਾਹਮਣਵਾਦੀ ਕਰਮਕਾਂਡ ਕਰਦੇ ਵੇਖਿਆ ਜਾ ਸਕਦਾ ਹੈ, ਹੋਰ ਤਾਂ ਹੋਰ ਕਈ ਥਾਈਂ ਗੁਰਦੁਆਰਿਆਂ ਵਿੱਚ ਵੀ ਟੱਲ ਖੜਕਾਉਣ ਲੱਗ ਪਏ ਹਨ। ਬਹੁਤੀ ਥਾਈਂ ਬ੍ਰਾਹਮਣੀ ਕਰਮਕਾਂਡਾਂ ਦਾ ਸਿੱਖੀ ਕਰਨ ਕਰ ਦਿੱਤਾ ਗਿਆ ਹੈ। ਭਾਵ ਉਹ ਕਰਮ ਨਹੀਂ ਤਿਆਗੇ, ਕੇਵਲ ਉਨ੍ਹਾਂ ਨੂੰ ਸਿੱਖੀ ਰੂਪ ਦੇ ਦਿੱਤਾ ਗਿਆ ਹੈ, ਜਿਵੇਂ ਹਿੰਦੂ ਤੀਰਥਾਂ ਦੀ ਬਜਾਏ ਮਨੀਕਰਨ ਜਾਂ ਹੇਮਕੁੰਟ ਆਦਿ ਦੀ ਯਾਤਰਾ, ਮ੍ਰਿਤਕ ਪ੍ਰਾਣੀ ਦੇ ਹੱਡ ਗੰਗਾ ਵਿੱਚ ਪਾਉਣ ਦੀ ਬਜਾਏ, ਕੀਰਤਪੁਰ ਪਾਉਣੇ ਆਦਿ ਆਦਿ. . । ਹੋਰ ਤਾਂ ਹੋਰ ਇਹ ਹਿੰਦੂ ਦੇਵਤਿਆਂ ਦੀ ਪੂਜਾ ਦੀ ਤਰਜ਼ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਆਰਤੀਆਂ ਉਤਾਰਨ ਅਤੇ ਪੂਜਾ ਕਰਨ ਲੱਗ ਪਏ ਹਨ। (ਇਸ ‘ਕਰਮਕਾਂਡਾਂ ਦੇ ਵਿਸ਼ੇ ਤੇ ਲੇਖਕ ਦੀ ਇੱਕ ਅਲੱਗ ਪੁਸਤਕ ਆ ਰਹੀ ਹੈ)। ਇਹ ਸਾਰੇ ਕਰਮ, ਗਲੇ ਵਿੱਚ ਗਾਤਰੇ ਕਿਰਪਾਨਾਂ ਪਾਏ ਹੋਏ ਸਿੱਖ ਵੀ ਆਮ ਹੀ ਕਰਦੇ ਨਜ਼ਰ ਆ ਜਾਂਦੇ ਹਨ।

ਸਿੱਖ ਪਾਹੁਲ ਵੀ ਛੱਕੀ ਜਾਣ ਅਤੇ ਨਾਲ ਇਹ ਕਰਮ ਵੀ ਕਰੀ ਜਾਣ, ਕਿਸੇ ਨੂੰ ਕੋਈ ਤਕਲੀਫ ਨਹੀਂ। ਉਨ੍ਹਾਂ ਨੂੰ ਤਕਲੀਫ ਤਾਂ ਉਦੋਂ ਹੁੰਦੀ ਹੈ, ਜਦੋਂ ਸਿੱਖ ਪਾਹੁਲ ਛੱਕ ਕੇ, ਗੁਰੂ ਨਾਲ ਕੀਤੇ ਪ੍ਰਣ ਅਨੁਸਾਰ, ਗੁਰਬਾਣੀ ਨੂੰ ਆਪਣੇ ਜੀਵਨ ਦਾ ਆਦਰਸ਼ ਬਣਾ ਲੈਂਦਾ ਹੈ। ਗੁਰਮਤਿ ਅਨੁਸਾਰ ਜੀਵਨ ਜਿਊਣ ਦੀ ਤਾਂਘ ਵਿੱਚ ਉਹ ਹਰ ਤਰ੍ਹਾਂ ਦੇ ਕਰਮਕਾਂਡ ਨੂੰ ਪਛਾਨਣ ਅਤੇ ਰੱਦ ਕਰਨ ਲੱਗ ਪੈਂਦਾ ਹੈ। ਤਕਲੀਫ ਹੋਰ ਖਤਰਨਾਕ ਹੋ ਜਾਂਦੀ ਹੈ ਜਦੋਂ ਉਹ ਗੁਰਬਾਣੀ ਦੇ ਲਾਸਾਨੀ ਫਲਸਫੇ ਅਨੁਸਾਰ, ਇੱਕ ਅਕਾਲ-ਪੁਰਖ ਦੀ ਸੰਤਾਨ ਹੋਣ ਨਾਤੇ, ਹਰ ਮਨੁੱਖ ਮਾਤਰ ਦੀ ਬਰਾਬਰੀ ਦੀ ਗੱਲ ਕਰਦਾ ਹੈ। ਜਦੋਂ ਉਹ ਇੱਕ ਅਕਾਲ-ਪੁਰਖ ਦੀ ਪ੍ਰਭੂਸੱਤਾ ਵਿੱਚ, ਹਰ ਮਨੁੱਖ, ਹਰ ਕੌਮ ਦੀ ਅਜ਼ਾਦ ਹੋਂਦ ਅਤੇ ਹਸਤੀ ਦੀ ਗੱਲ ਕਰਦਾ ਹੈ। ਜਦੋਂ ਉਹ ਗੁਰਬਾਣੀ ਦੇ ਇਨ੍ਹਾਂ ਇਲਾਹੀ ਐਲਾਨਾ ਕਿ,

“ਕੋਊ ਹਰਿ ਸਮਾਨਿ ਨਹੀ ਰਾਜਾ।। ਏ ਭੂਪਤਿ ਸਭ ਦਿਵਸ ਚਾਰਿ ਕੇ, ਝੂਠੇ ਕਰਤ ਦਿਵਾਜਾ।। “ {ਬਿਲਾਵਲੁ ਕਬੀਰ ਜੀਉ, ਪੰਨਾ ੮੫੬}

(ਹੇ ਭਾਈ !) ਜਗਤ ਵਿੱਚ ਕੋਈ ਜੀਵ ਪਰਮਾਤਮਾ ਦੇ ਬਰਾਬਰ ਦਾ ਰਾਜਾ ਨਹੀਂ ਹੈ। ਇਹ ਦੁਨੀਆ ਦੇ ਸਭ ਰਾਜੇ ਚਾਰ ਦਿਨਾਂ ਦੇ ਰਾਜੇ ਹੁੰਦੇ ਹਨ, (ਇਹ ਲੋਕ ਆਪਣੇ ਰਾਜ-ਪ੍ਰਤਾਪ ਦੇ) ਝੂਠੇ ਵਿਖਾਵੇ ਕਰਦੇ ਹਨ।

ਤਿਸੁ ਬਿਨੁ ਅਵਰੁ ਨ ਕੋਈ ਰਾਜਾ ਕਰਿ ਤਪਾਵਸੁ ਬਣਤ ਬਣਾਈ।। “ {ਰਾਮਕਲੀ ਮਹਲਾ ੩, ਪੰਨਾ ੯੧੨}

ਹੇ ਸੰਤ ਜਨੋ ! ਪ੍ਰਭੂ ਤੋਂ ਬਿਨਾ (ਉਸ ਦੇ ਬਰਾਬਰ ਦਾ) ਹੋਰ ਕੋਈ ਪਾਤਿਸ਼ਾਹ ਨਹੀਂ ਹੈ। ਉਸ ਨੇ ਪੂਰਾ ਇਨਸਾਫ਼ ਕਰ ਕੇ ਸਿਫ਼ਤਿ-ਸਾਲਾਹ ਕਰਨ ਦੀ ਇਹ ਰੀਤ ਚਲਾਈ ਹੈ।

ਅਨੁਸਾਰ ਕਿਸੇ ਦੁਨਿਆਵੀ ਪਾਤਿਸ਼ਾਹੀਆਂ ਅੱਗੇ ਸਿਰ ਨਿਵਾਉਣ ਤੋਂ ਇਨਕਾਰੀ ਹੁੰਦਾ ਹੈ ਅਤੇ ਆਪਣੇ ਬਰਾਬਰ ਦੇ ਮਨੁੱਖੀ ਅਧਿਕਾਰਾਂ ਦੀ ਮੰਗ ਕਰਦਾ ਹੈ। ਉਹ ਨਾ ਮਿਲਣ ਤੇ ਉਨ੍ਹਾਂ ਦੀ ਪ੍ਰਾਪਤੀ ਲਈ ਸੰਘਰਸ਼ਸ਼ੀਲ ਹੋਣ ਲਈ ਤੱਤਪਰ ਰਹਿੰਦਾ ਹੈ।

ਇਸੇ ਕਾਰਨ ਪਾਹੁਲ ਦੀ ਸੰਸਥਾ ਤੇ ਵੀ ਮਾਰੂ ਹਮਲਾ ਚਲ ਰਿਹਾ ਹੈ। ਦੁਸਰੇ ਪੱਖ ਵਿੱਚ ਇਸ ਸੰਸਕਾਰ ਦਾ ਬ੍ਰਾਮਹਣੀ ਕਰਣ ਕਰਨ ਦੀ ਕੋਸ਼ਿਸ਼ ਹੋਈ ਹੈ। ਸੰਸਕਾਰ ਵਿੱਚ ਬਹੁਤ ਸਾਰੀਆਂ ਬ੍ਰਾਹਮਣੀ ਕਿਰਿਆਵਾਂ, ਜੋ ਗੁਰਮਤਿ ਦੀ ਕਸਵੱਟੀ ਤੇ ਬਿਲਕੁਲ ਖਰੀਆਂ ਨਹੀਂ ਉਤਰਦੀਆਂ ਘੁਸੇੜ ਦਿੱਤੀਆਂ ਗਈਆਂ ਹਨ। ਕਿਉਂਕਿ ਇਨ੍ਹਾਂ ਦਾ ਵਿਚਾਰ, ਉਪਰ ਲੜੀਵਾਰ ਵਿਸਥਾਰ ਵਿੱਚ ਕੀਤਾ ਜਾ ਚੁੱਕਾ ਹੈ, ਇਸ ਨੂੰ ਦੁਬਾਰਾ ਦੁਹਰਾਉਣ ਦੀ ਲੋੜ ਨਹੀਂ, ਲੇਕਿਨ ਇਤਨਾਂ ਜ਼ਰੂਰ ਕਹਿਣਾ ਚਾਹਾਂਗਾ, ਕਿਸੇ ਸੰਸਥਾ ਦਾ ਮੂਲ ਨਿਰਮਲ ਸਰੂਪ ਵਿਗਾੜ ਦੇਣਾ, ਉਸ ਸੰਸਥਾ ਨੂੰ ਖਤਮ ਕਰਨ ਬਰਾਬਰ ਹੀ ਹੁੰਦਾ ਹੈ। ਇਸ ਲਈ ਅੱਜ ਵੱਡੀ ਲੋੜ ਹੈ ਕਿ ਇਸ ਦੀ ਪੂਰੀ ਪੜਚੋਲ ਕਰ ਕੇ, ਇਸ ਦੇ ਮੂਲ ਨਿਰਮਲ ਸਰੂਪ ਨੂੰ ਬਹਾਲ ਕੀਤਾ ਜਾਵੇ।

ਸਭ ਤੋਂ ਗੰਭੀਰ ਗੱਲ ਇਹ ਹੈ ਕਿ ਬਹੁਤੇ ਸਿੱਖ ਹੀ ਪਾਹੁਲ ਛੱਕਣ ਤੋਂ ਮੁਨਕਰ ਹੋ ਗਏ ਹਨ। ਪਤਾ ਨਹੀਂ ਇਹ ਵਿਚਾਰ ਕਿਥੋਂ ਪੈਦਾ ਹੋ ਗਿਆ ਕਿ ਪਾਹੁਲ ਛਕਣੀ ਜ਼ਰੂਰੀ ਨਹੀਂ, ਮਨਮਰਜ਼ੀ ਤੇ ਹੈ। ਅਸੀਂ ਆਪਣੇ ਆਪ ਵਿੱਚ ਹੀ, ਇਹ ਭਰਮ ਪਾਲ ਲਿਆ ਕਿ ਪਾਹੁਲ ਛਕੇ ਬਿਨਾਂ ਵੀ ਸਿੱਖ ਹੋਇਆ ਜਾ ਸਕਦਾ ਹੈ। ਸ਼ਾਇਦ ਇਸ ਵਿੱਚ ਕਾਫੀ ਰੋਲ, ਸਿੱਖ ਰਹਿਤ ਮਰਯਾਦਾ ਦਾ ਵੀ ਹੈ, ਜਿਸ ਵਿੱਚ ਸਿੱਖ ਦੀ ਪਰਿਭਾਸ਼ਾ ਵਿੱਚ ਹਰ ਸਿੱਖ ਵਾਸਤੇ ਯੋਗ ਉਮਰ ਤੇ ਪਾਹੁਲ ਛਕਣਾ ਲਾਜ਼ਮੀਂ ਬਨਾਉਣ ਦੀ ਬਜਾਏ ਇਹ ਲਿੱਖ ਦਿੱਤਾ ਗਿਆ ਕਿ, ‘ਦਸ਼ਮੇਸ਼ ਜੀ ਦੇ ਅੰਮ੍ਰਿਤ ਉਤੇ ਨਿੱਸ਼ਚਾ ਰੱਖਦਾ ਹੋਵੇ।

ਕੁਝ ਲੋਕਾਂ ਵਲੋਂ ਪਾਹੁਲ ਨੂੰ ਹਊਆ ਬਣਾ ਕੇ ਪੇਸ਼ ਕੀਤਾ ਗਿਆ। ਇਸ ਨੂੰ ਖੰਡੇ ਦੀ ਧਾਰ ਤੇ ਚਲਣਾ ਦੱਸਿਆ ਗਿਆ। ਹਾਲਾਂਕਿ ਐਸੀ ਕੋਈ ਬਹੁਤ ਗੱਲ ਨਹੀਂ, ਹਾਂ ਉਨ੍ਹਾਂ ਲੋਕਾਂ ਵਾਸਤੇ ਖੰਡੇ ਦੀ ਧਾਰ ਹੋ ਸਕਦੀ ਹੈ, ਜੋ ਆਪਣੇ ਜੀਵਨ ਨੂੰ ਵਿਕਾਰਾਂ ਦੀ ਗਲਤਾਨ ਵਿੱਚ ਰੋਲ ਕੇ ਉਸ ਵਿੱਚੋਂ ਕੋਈ ਰੱਸ ਭਾਲ ਰਹੇ ਹਨ। ਬਿਲਕੁਲ ਉਵੇਂ ਜਿਵੇਂ ਕੁੱਤਾ ਹੱਡੀ ਚਬਾਉਂਦਾ, ਆਪਣੇ ਹੀ ਲਹੂ ਨੂੰ ਪੀਂਦਾ, ਹੱਡੀ ਵਿੱਚੋਂ ਰੱਸ ਨਿਕਲਣ ਦਾ ਭੁਲੇਖਾ ਪਾਲ ਕੇ, ਉਸ ਨੂੰ ਚਬਾਈ ਜਾਂਦਾ ਹੈ।

ਜੇ ਕੁੱਝ ਪਾਬੰਦੀਆਂ ਹੋਣ ਵੀ, ਤਾਂ ਸਿੱਖ ਨੂੰ ਇਸ ਨੂੰ ਆਪਣਾ ਸੁਭਾਗ ਸਮਝਣਾ ਚਾਹੀਦਾ ਹੈ। ਗੁਰੂ ਦੇ ਹੁਕਮ ਵਿੱਚ ਆਪਣੇ ਜੀਵਨ ਨੂੰ ਢਾਲਣ ਤੋਂ ਵੱਡਾ ਸੁਭਾਗ ਹੋਰ ਕੀ ਹੋ ਸਕਦਾ ਹੈ? ਇਸੇ ਨਾਲ ਜੀਵਨ ਨਿਖਰਨਾ ਹੈ, ਪ੍ਰਵਾਨ ਹੋਣਾ ਹੈ। ਇਸੇ ਨਾਲ ਇੱਕ ਆਦਰਸ਼ਕ ਸਮਾਜ ਉਸਰਨਾ ਹੈ। ਪਾਹੁਲ ਛੱਕਣਾ ਹਰ ਸਿੱਖ ਵਾਸਤੇ ਲਾਜ਼ਮੀ ਹੈ। ਇਹ ਗੁਰੂ ਗੋਬਿੰਦ ਪਾਤਿਸ਼ਾਹ ਦਾ ਆਦੇਸ਼ ਹੈ। ਗੁਰੂ ਆਦੇਸ਼ ਦਾ ਪਾਲਣ ਕਰਨਾ ਹਰ ਸਿੱਖ ਵਾਸਤੇ ਜ਼ਰੂਰੀ ਹੈ।

ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥

(ਬੇਨਤੀ: ਇਹ ਇਸ ਲੜੀ ਦਾ ਆਖਰੀ ਭਾਗ ਹੈ, ਇਸ ਤੋਂ ਬਾਅਦ, ਇਸ ਦੀ ਕੁੱਝ ਵਿਉਂਤਬੰਦੀ ਠੀਕ ਕਰ ਕੇ, ਅਤੇ ਹੋਰ ਕਈ ਲੋੜੀਂਦੀਆਂ ਸੋਧਾਂ ਕਰ ਕੇ ਇਸ ਨੂੰ ਕਿਤਾਬ ਰੂਪ ਵਿੱਚ ਛਾਪਿਆ ਜਾਵੇਗਾ। ਜੋ ਕੋਈ ਵੀਰ ਭੈਣਾਂ, ਇਸ ਲੇਖ ਨੂੰ ਪੜ੍ਹ ਰਹੇ ਹੋਣ, ਉਹ ਇਸ ਬਾਰੇ ਕੋਈ ਗੁਰਮਤਿ ਤੇ ਅਧਾਰਤ ਸੁਝਾਅ ਦੇਣਾ ਚਾਹੁਣ, ਤਾਂ ਦਾਸ ਉਨ੍ਹਾਂ ਦਾ ਧੰਨਵਾਦੀ ਹੋਵੇਗਾ। ਇਹ ਸੁਝਾਅ [email protected] ਤੇ ਵੀ ਭੇਜੇ ਜਾ ਸਕਦੇ ਹਨ। -ਰਾਜਿੰਦਰ ਸਿੰਘ)




.