ਦੀਵੇ ਥੱਲੇ ਹਨ੍ਹੇਰਾ
ਸਹਿਜ ਪਾਠ ਘਰ ਵਿੱਚ ਰੱਖਿਆ ਗਿਆ।
ਸ਼ਾਮ ਨੂੰ ਜਦੋਂ ਪਾਠੀ ਸਿੰਘ ਪਾਠ ਕਰ ਰਿਹਾ ਸੀ ਤਾਂ ਰਸੋਈ ਵਿੱਚ ਬਲਬੀਰ ਸਿੰਘ ਦੀ ਭੈਣ ਪਾਠੀ ਸਿੰਘ
ਦਾ ਪ੍ਰਸ਼ਾਦਾ ਤਿਆਰ ਕਰਦੀ ਹੋਈ ਉਸ ਨੂੰ ਕਹਿਣ ਲੱਗੀ, “ਭਾ ਜੀ, ਅੱਜ ਇੱਕ ਦੋ ਸ਼ਬਦਾਂ ਦੇ ਭਾਵ ਅਰਥ
ਸਾਨੂੰ ਸਮਝਾਇਉ, ਜਦੋਂ ਵੀ ਕਿਤੇ ਕਿਸੇ ਪਾਠੀ ਨੂੰ ਇਹ ਬੇਨਤੀ ਕਰੀ ਦੀ ਐ ਉਹ ਸਮੇਂ ਦੀ ਤੰਗੀ ਦਾ
ਜਾਂ ਹੋਰ ਕੋਈ ਬਹਾਨਾ ਬਣਾ ਕੇ ਟਾਲ਼ ਦਿੰਦੇ ਐ”।
ਬਲਬੀਰ ਸਿੰਘ ਆਪਣੀ ਭੈਣ ਨੂੰ ਇਸ ਦਾ ਕਾਰਨ ਤਾਂ ਦੱਸ ਸਕਦਾ ਸੀ ਪਰ ਭੈਣ ਦਾ ਜਵਾਨ ਪੁੱਤਰ ਇਸ
ਸੰਸਾਰੋਂ ਕੂਚ ਕਰ ਗਿਆ ਹੋਣ ਕਰ ਕੇ ਉਹ ਇਸ ਤਰ੍ਹਾਂ ਦੀ ਚਰਚਾ ਵਿੱਚ ਨਹੀਂ ਸੀ ਪੈਣਾ ਚਾਹੁੰਦਾ।
ਉਹਨੇ ਪਾਠੀ ਸਿੰਘ ਨੂੰ ਬੇਨਤੀ ਕੀਤੀ ਕਿ ਉਹ ਸੁਖ-ਆਸਨ ਨਾ ਕਰੇ। ਲੰਗਰ ਛਕ ਕੇ ਪਾਠੀ ਸਿੰਘ ਨੇ ਜਾਣ
ਦੀ ਆਗਿਆ ਲਈ।
ਉਸ ਦੇ ਜਾਣ ਤੋਂ ਬਾਅਦ ਘਰ ਦੇ ਸਾਰੇ ਜੀਅ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠੇ। ਬਲਬੀਰ ਸਿੰਘ ਨੇ
ਸਤਿਗੁਰਾਂ ਨੂੰ ਨਮਸਕਾਰ ਕਰ ਕੇ ਆਗਿਆ ਲਈ ਤੇ ਪਾਠ ਕਰਨਾ ਸ਼ੁਰੂ ਕੀਤਾ। ਇੱਕ ਇੱਕ ਤੁਕ `ਤੇ ਰੁਕ ਕੇ
ਉਸ ਨੇ ਆਪਣੀ ਤੁੱਛ ਬੁੱਧੀ ਅਨੁਸਾਰ ਬਾਣੀ ਦਾ ਸੰਦੇਸ਼ ਸਾਰੇ ਪਰਿਵਾਰ ਨਾਲ਼ ਸਾਂਝਾ ਕੀਤਾ ਤੇ ਬਾਅਦ
ਵਿੱਚ ਸੁੱਖ-ਆਸਨ ਕਰ ਦਿੱਤਾ।
ਸਵੇਰੇ ਪਾਠੀ ਸਿੰਘ ਸੁਵੱਖਤੇ ਆਇਆ ਤਾਂ ਸਾਰਾ ਪਰਿਵਾਰ ਤਿਆਰ ਹੋ ਕੇ ਪ੍ਰਕਾਸ਼ ਕਰਨ ਲਈ ਉਸ ਦਾ
ਇੰਤਜ਼ਾਰ ਕਰ ਰਿਹਾ ਸੀ। ਫਤਿਹ ਬੁਲਾ ਕੇ ਜਦ ਪਾਠੀ ਸਿੰਘ ਮਹਾਰਾਜ ਵਾਲੇ ਕਮਰੇ `ਚ ਪਹੁੰਚਿਆ ਤਾਂ
ਅਚਾਨਕ ਹੀ ਘਬਰਾਈ ਹੋਈ ਆਵਾਜ਼ ਵਿੱਚ ਬਲਬੀਰ ਸਿੰਘ ਵਲ ਦੇਖ਼ ਕੇ ਬੋਲਿਆ, “ਭਾਈ ਸਾਹਿਬ ਜੀ, ਅਨਰਥ ਕਰ
ਦਿੱਤਾ ਤੁਸੀਂ, ਪੀਹੜਾ ਸਾਹਿਬ ਦੇ ਕੋਲ਼ ਮੈਂ ਕੰਬਲ ਰੱਖ ਕੇ ਗਿਆ ਸੀ, ਇਹ ਰਾਤ ਨੂੰ ਬਾਬਾ ਜੀ ਉੱਪਰ
ਦੇਣਾ ਸੀ। ਤੁਹਾਨੂੰ ਪਤੈ ਹੁਣ ਠੰਢ ਉਤਰਨ ਲੱਗ ਪਈ ਐ”।
ਬਲਬੀਰ ਸਿੰਘ ਹੱਕਾ ਬੱਕਾ ਉਹਦੇ ਮੂੰਹ ਵਲ ਦੇਖ ਰਿਹਾ ਸੀ ਕਿ ਉਹ ਕੀ ਕਹਿ ਰਿਹਾ ਸੀ। ਪਰ ਫੇਰ ਉਹੀ
ਗੱਲ, ਘਰ ਦਾ ਮਾਹੌਲ ਸੋਗੀ ਹੋਣ ਕਰ ਕੇ ਉਹ ਉਸ ਨਾਲ਼ ਕੋਈ ਵਾਦ-ਵਿਾਵਦ ਨਹੀਂ ਸੀ ਕਰਨਾ ਚਾਹੁੰਦਾ।
ਬਲਬੀਰ ਸਿੰਘ ਉਸ ਨੂੰ ਚਾਹ ਦਾ ਕੱਪ ਛਕਣ ਦੇ ਬਹਾਨੇ ਨਾਲ਼ ਦੇ ਕਮਰੇ ਵਿੱਚ ਲੈ ਗਿਆ ਤੇ ਉਸ ਨਾਲ਼ ਬੜੇ
ਪਿਆਰ ਨਾਲ਼ ਵਿਚਾਰ ਵਟਾਂਦਰਾ ਸ਼ੁਰੂ ਕੀਤਾ। ਉਸ ਨੇ ਪਾਠੀ ਸਿੰਘ ਨੂੰ ਜਦੋਂ ਸ਼ਬਦ ਗੁਰੂ ਬਾਰੇ ਡੂੰਘਾਈ
ਵਿੱਚ ਦੱਸਿਆ ਤਾਂ ਉਹ ਬਲਬੀਰ ਸਿੰਘ ਵਲ ਇਉਂ ਦੇਖਣ ਲੱਗਾ ਜਿਵੇਂ ਉਹ ਕੋਈ ਅੱਲੋਕਾਰ ਗੱਲਾਂ ਕਰ ਰਿਹਾ
ਹੋਵੇ।
ਕਿਉਂਕਿ ਪਿੰਡਾਂ ਵਿੱਚ ਆਮ ਤੌਰ `ਤੇ ਪਾਠੀ ਜੋ ਵੀ ਕਹਿੰਦੇ ਹਨ ਲੋਕ ਮੰਨ ਲੈਂਦੇ ਹਨ ਇਸੇ ਕਰ ਕੇ ਹੀ
ਇਸ ਸ਼੍ਰੇਣੀ ਵਲੋਂ ਸਿੱਖ-ਸਿਧਾਂਤ ਵਿੱਚ ਦਿਨੋਂ ਦਿਨ ਮਿਲਾਵਟ ਰਲ਼ਾਈ ਜਾ ਰਹੀ ਹੈ। ਇਹਨਾਂ ਵਿਚੋਂ
ਬਹੁਤੇ ਪਾਠੀਆਂ ਨੇ ਆਪਣੇ ਕੰਮ ਨੂੰ ਸੌਖਾ ਕਰਨ ਲਈ ਤੇ ਆਮਦਨ ਵਧਾਉਣ ਲਈ ਆਪਣੀ ਆਪਣੀ ਮਰਯਾਦਾ ਬਣਾਈ
ਹੋਈ ਹੈ। ਮਰਗ ਉੱਪਰ ਵੀ ਕਈ ਪਾਠੀ ਸੁਖਮਨੀ ਸਾਹਿਬ ਦਾ ਪਾਠ ਹੀ ਕਰਨ ਲੱਗ ਪਏ ਹਨ। ਬਹੁਤੇ ਲੋਕ ਵੀ
ਜਲਦੀ ਜਲਦੀ ਸਾਰਾ ਕੰਮ ਨਿਬੇੜ ਦੇਣਾ ਚਾਹੁੰਦੇ ਹਨ। ਬਹੁਤਾ ਕੁੱਝ ਲੋਕ ਲਾਜ ਲਈ ਹੀ ਕੀਤਾ ਜਾਂਦਾ
ਹੈ। ਬਲਬੀਰ ਸਿੰਘ ਦੇ ਇੱਕ ਦੋਸਤ ਨੇ ਜਦ ਇੱਕ ਪਾਠੀ ਨੂੰ ਇਸ ਦਾ ਕਾਰਨ ਪੁੱਛਿਆ ਸੀ ਤਾਂ ਉਸ ਨੇ
ਅੱਗਿਉਂ ਜਵਾਬ ਦਿੱਤਾ ਸੀ ਕਿ, “ਜਦ ਅੱਧੇ ਦਿਨ ਵਿੱਚ ਹੀ ਸਾਨੂੰ ਉਤਨੇ ਪੈਸੇ ਬਣ ਜਾਂਦੇ ਆ ਤਾਂ
ਸਹਿਜ ਪਾਠ ਲਈ ਏਨੇ ਦਿਨ ਕਿਹੜਾ ਬੱਝ ਕੇ ਬੈਠਾ ਰਹੇ, ਨਾਲ਼ੇ ਘਰ ਦੇ ਵੀ ਚਾਹੁੰਦੇ ਹੁੰਦੇ ਆ ਕਿ ਛੇਤੀ
ਛੇਤੀ ਕੰਮ ਨਿੱਬੜੇ”।
ਬਲਬੀਰ ਸਿੰਘ ਨੇ ਨੋਟ ਕਰ ਲਿਆ ਸੀ ਕਿ ਪਾਠੀ ਸਿੰਘ ਹੁਣ ਉਹਦੀ ਗੱਲ ਬਾਤ ਦੇ ਪ੍ਰਭਾਵ ਹੇਠ ਸੀ। ਉਹ
ਉਹਦੇ ਨਾਲ਼ ਨਜ਼ਰਾਂ ਮਿਲਾਉਣ ਤੋਂ ਵੀ ਕੰਨੀ ਕਤਰਾ ਰਿਹਾ ਸੀ। ਬਲਬੀਰ ਸਿੰਘ ਨੇ ਵੀ ਲੋਹਾ ਗਰਮ ਦੇਖ ਕੇ
ਥੋੜ੍ਹੀਆਂ ਹੋਰ ਜ਼ੋਰ ਦੀਆਂ ਸੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਬੱਸ ਫੇਰ ਕੀ ਸੀ, ਪਾਠੀ ਸਿੰਘ
ਨੇ ਨਿਸ਼ੰਗ ਹੋਕੇ ਇੱਕ ਡੇਰੇ ਵਿੱਚ ਬਿਤਾਏ ਹੋਏ ਆਪਣੇ ਸਮੇਂ ਦਾ ਖੁਲਾਸਾ ਕਰਨਾ ਸ਼ੁਰੂ ਕਰ ਦਿੱਤਾ।
ਬਲਬੀਰ ਸਿੰਘ ਨੇ ਉਸ ਨੂੰ ਬੜੇ ਪਿਆਰ ਨਾਲ਼ ਸਮਝਾਇਆ ਕਿ ਸਤਿਗੁਰ ਬਖ਼ਸ਼ਿੰਦ ਹਨ। ਪਿਛਲੇ ਔਗੁਣਾਂ ਨੂੰ
ਤਿਆਗ ਕੇ ਨਵੇਂ ਸਿਰੇ ਤੋਂ ਸਤਿਗੁਰ ਦੀ ਸ਼ਰਨੀਂ ਪੈ ਜਾਈਏ ਤਾਂ ਉਹ ਗਲ਼ ਲਾ ਲੈਂਦੇ ਹਨ। ਉਸਨੇ ਪਾਠੀ
ਸਿੰਘ ਨੂੰ ਸਲਾਹ ਦਿੱਤੀ ਕਿ ਉਹ ਪ੍ਰੋਫੈਸਰ ਸਾਹਿਬ ਸਿੰਘ ਦੀਆਂ ਕਿਤਾਬਾਂ ਮੰਗਾ ਕੇ ਪੜ੍ਹੇ ਵਿਸ਼ੇਸ਼
ਕਰ ਕੇ ਪ੍ਰੋਫੈਸਰ ਸਾਹਿਬ ਦਾ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ। ਪਾਠੀ ਸਿੰਘ ਨੇ
ਇਹ ਵੀ ਮੰਨਿਆਂ ਕਿ ਜਿਸ ਡੇਰੇ ਵਿੱਚ ਉਹ ਰਿਹਾ ਸੀ ਉੱਥੇ ਪ੍ਰੋਫੈਸਰ ਸਾਹਿਬ ਸਿੰਘ ਜੀ ਅਤੇ ਸਿੱਖ
ਮਿਸ਼ਨਰੀਆਂ ਨੂੰ ਆਮ ਤੌਰ `ਤੇ ਹੀ ਮੰਦੇ ਬਚਨ ਬੋਲੇ ਜਾਂਦੇ ਸਨ।
ਭੋਗ ਵਾਲ਼ੇ ਦਿਨ ਬਲਬੀਰ ਸਿੰਘ ਨੇ ਅਛੋਪਲੇ ਜਿਹੇ ਹੀ ਹਜ਼ਾਰ ਰੁਪਇਆ ਉਹਦੇ ਬੋਝੇ ਵਿੱਚ ਪਾ ਦਿੱਤਾ ਤੇ
ਉਸ ਤੋਂ ਵਾਅਦਾ ਲਿਆ ਕਿ ਉਹ ਪ੍ਰੋਫੈਸਰ ਸਾਹਿਬ ਸਿੰਘ ਦੀਆਂ ਕਿਤਾਬਾਂ ਲਿਆ ਕੇ ਪੜ੍ਹੇਗਾ।
ਪਾਠੀ ਸਿੰਘ ਡੌਰ-ਭੌਰਾ ਜਿਹਾ ਬਲਬੀਰ ਸਿੰਘ ਵਲ ਦੇਖੀ ਜਾ ਰਿਹਾ ਸੀ, ਉਸ ਨੂੰ ਸੁੱਝ ਨਹੀਂ ਸੀ ਰਿਹਾ
ਕਿ ਕੀ ਕਹੇ।
ਨਿਰਮਲ ਸਿੰਘ ਕੰਧਾਲਵੀ
ਵਿਲਨਹਾਲ (ਯੂ. ਕੇ.)