ਉੱਚਾ ਆਚਰਣ ਜਾਂ ਕੇਸਰ ਦਾ ਛਿੜਕਾ?
ਗੁਰੂ ਗ੍ਰੰਥ ਸਾਹਿਬ ਜੀ `ਤੇ ਆਪਣੇ ਆਪ ਕੇਸਰ ਦੇ ਛਿੱਟੇ ਵੱਜਣ ਨਾਲ ਕੀ ਕੌਮ
ਦੀ ਕੋਈ ਤਕਦੀਰ ਬਦਲ ਜਾਏਗੀ?
ਸਿੱਖ ਰਹਿਤ ਮਰਯਾਦਾ ਦੇ ਪੰਨਾ ਨੰਬਰ ਵੀਹ `ਤੇ ਲਿਖਿਆ ਹੈ ਕਿ ਪੂਰਮਾਸ਼ੀ ਆਦਿ
ਦੇ ਵਰਤ, ਤਿਲਕ, ਜੰਝੂ, ਤੁਲਸੀ, ਮਾਲ਼ਾ, , ਗੋਰ, ਮੱਠ, ਮੜ੍ਹੀ, ਮੂਰਤੀ ਪੂਜਾ ਆਦਿ ਭਰਮ-ਰੂਪ ਕਰਮਾਂ
ਉੱਤੇ ਨਿਸਚਾ ਨਹੀਂ ਕਰਨਾ।
ਮਹਾਨ ਕੋਸ਼ ਵਿੱਚ ਕੇਸਰ ਦਾ ਅਰਥ ਹੈ—੧ਕੁੰਗੂ, ੨ਘੋੜੇ ਅਤੇ ਸ਼ੇਰ ਦੀ ਗਰਦਨ ਦੇ
ਲੰਬੇ ਰੋਮ ਅਯਾਲ। ੩ਫੁੱਲ ਦੀ ਤਰੀ ੪ਡਿੰਗ ਮੌਲਸਰੀ ਬਕੁਲ।
ਤਿਲਕ—ਤਿਲ ਦੇ ਫੁੱਲ ਵਾਂਗ ਜੋ ਸ਼ੋਭਾ ਦੇਵੇ ਐਸਾ ਚੰਦਨ ਕੇਸਰ ਭਸਮ ਆਦਿ ਦਾ
ਮੱਥੇ ਅਤੇ ਸਰੀਰ ਦੇ ਅੰਗਾਂ ਪੁਰ ਲਾਇਆ ਚਿੰਨ੍ਹ, ਟੀਕਾ—ਹਿੰਦੂ ਮਤ ਵਿੱਚ ਅਨੇਕਾਂ ਭੇਦ ਹੋਣ ਕਰਕੇ
ਤਿਲਕਾਂ ਵਿੱਚ ਭੀ ਬਹੁਤ ਫਰਕ ਹੈ।
ਭਾਈ ਗੁਰਦਾਸ ਜੀ ਲਿਖਦੇ ਹਨ ਕਿ ਬਾਰਹਿ ਤਿਲਕ ਮਿਟਾਇਕੈ ਗੁਰਮੁਖ ਤਿਲਕ
ਨੀਸਾਣ ਚੜਾਇਆ।
ਪਹਿਲਾਂ ਕੇਸਰ ਦੇ ਤਿਲਕ ਦੀ ਸ਼ੁਰੂਆਤ ਗੁਰਗੱਦੀ ਦੇਣ ਸਮੇਂ ਗੁਰੂ ਸਾਹਿਬਾਨ
ਦੇ ਜੀਵਨ ਨਾਲ ਜੋੜੀ ਤੇ ਹੁਣ ਗੁਰੂ ਗ੍ਰੰਥ ਸਾਹਿਬ ਜੀ `ਤੇ ਕੇਸਰ ਦਾ ਛਿੜਕਾਅ ਆਪਣੇ ਆਪ ਹੁੰਦਾ
ਅਸੀਂ ਸੰਗਤਾਂ ਨੂੰ ਦੱਸ ਰਹੇ ਹਾਂ। ਮੰਨ ਲਓ ਜੇ ਕੇਸਰ ਦਾ ਛਿੜਕਾ ਆਪਣੇ ਆਪ ਹੀ ਹੋ ਰਿਹਾ ਹੈ ਤਾਂ
ਕੀ ਕੌਮ ਦੀ ਕੋਈ ਨਵੀਂ ਤਕਦੀਰ ਲਿਖੀ ਜਾਏਗੀ? ਕੀ ਕੌਮ ਹੱਥ `ਤੇ ਹਥ ਰੱਖ ਕੇ ਵਿਹਲੀ ਹੋ ਕੇ ਬੈਠ
ਜਾਏ? ਕੀ ਸਾਡੀ ਕੌਮ ਦੀਆਂ ਸਾਰੀਆਂ ਸਮੱਸਿਆਵਾਂ ਗੁਰੂ ਗ੍ਰੰਥ ਸਾਹਿਬ ਜੀ `ਤੇ ਆਪਣੇ ਆਪ ਕੇਸਰ ਦੇ
ਛਿੱਟੇ ਵੱਜਣ ਨਾਲ ਹੱਲ ਹੋ ਜਾਣਗੀਆਂ? ਗੁਰੂ ਨਾਨਕ ਸਾਹਿਬ ਜੀ ਨੇ ਭਰਮਾਂ, ਵਹਿਮਾਂ ਵਿੱਚ ਗੜੁੱਚ
ਹੋਈ ਜੰਤਾਂ ਨੂੰ ਪੁਜਾਰੀ ਦੇ ਭਰਮ ਜਾਲ ਵਿਚੋਂ ਮੁਕਤ ਕਰਾਇਆ ਸੀ। ਪਰ ਲੱਗਦਾ ਹੈ ਅੱਜ ਦਾ ਪੁਜਾਰੀ,
ਪਰਚਾਰਕ ਕਿਸੇ ਵੀ ਕੀਮਤ ਤੇ ਸਿੱਖ ਦੀ ਮਾਨਸਕਤਾ ਨੂੰ ਗੁਰੂ ਸਿਧਾਂਤ ਨਾਲ ਜੁੜਨ ਨਹੀਂ ਦੇਵੇਗਾ ਤੇ
ਨਾਹੀ ਨਿਰਮਲ ਪੰਥ ਦਾ ਨਿਆਰਾਪਨ ਰਹਿਣ ਦੇਵੇਗਾ।
ਰੱਬਾ ਖ਼ੈਰ ਕਰੀਂ!
ਨਾਰਵੇ ਵਿੱਚ ਵੀਰ ਬਲਦੇਵ ਸਿੰਘ ਜੀ ਦੇ ਘਰ ਬੈਠਿਆਂ ਖਾਲਸਾ ਨਿਉਜ਼ ਤੇ ਸਿੰਘ
ਸਭਾ ਕਨੇਡਾ ਤੋਂ ਇੱਕ ਵੀਡੀਓ ਦੇਖਣ ਦਾ ਸਬੱਬ ਬਣਿਆ। ਉਸ ਵੀਡੀਓ ਵਿੱਚ ਇੱਕ ਵੀਰ ਨੇ ਸਟੇਜ ਉੱਤੇ
ਬੈਠੇ ਇੱਕ ਕਥਾ ਵਾਚਕ ਨੂੰ ਨੇੜੇ ਆਣ ਕੇ ਕੰਨ ਵਿੱਚ ਕੁੱਝ ਘੁਸਰ ਮੁਸਰ ਕਿਹਾ। ਕਥਾ ਵਾਚਕ ਭਾਅ ਜੀ
ਹੁਰਾਂ ਮੁਸਕਰਾ ਕੇ ਕਿਹਾ, ਕਿ “ਏਦਾਂ ਦੇ ਵਾਕਿਆ ਹੁੰਦੇ ਹੀ ਰਹਿੰਦੇ ਹਨ। ਫਿਰ ਕਹਿੰਦੇ ਇਹ ਸੁਭਾਵਕ
ਬਚਨ ਹੁੰਦੇ ਹਨ। ਨਾਲ ਹੀ ਦੱਸਿਆ ਗਿਆ ਕਿ ਗੁਰੂ ਮਹਾਰਾਜ ਜੀ `ਤੇ ਕੇਸਰ ਦਾ ਛਿੜਕਾ ਹੋ ਰਿਹਾ ਹੈ”।
ਬੱਸ ਫਿਰ ਕੀ ਸੀ ਜੈਕਾਰੇ ਤੇ ਜੈਕਾਰੇ ਬੋਲਣੇ ਸ਼ੁਰੂ ਹੋ ਗਏ। ਜਿਵੇਂ ਕਿ ਕੌਮ ਨੇ ਪਤਿਤ ਪੁਣੇ ਉੱਤੇ
ਪੂਰੀ ਜਿੱਤ ਪ੍ਰਾਪਤ ਕੀਤੀ ਹੋਵੇ। ਜਿਵੇਂ ਕਿ ਬਹੁਤ ਵੱਡਾ ਕੋਈ ਮੈਦਾਨ ਫਤਹ ਕੀਤਾ ਹੋਵੇ। ਜਿਵੇਂ ਕਿ
ਚਿਰਾਂ ਦੇ ਜੇਲ੍ਹਾਂ ਵਿੱਚ ਬੈਠੇ ਨੌਜਵਾਨਾਂ ਦੀ ਰਿਹਾਈ ਹੋ ਗਈ ਹੋਵੇ? ਜਾਂ ਕੋਈ ਬਹੁਤ ਵੱਡਾ ਮਾਰਕਾ
ਮਾਰਿਆ ਹੋਵੇ। ਫਿਰ ਸਾਰੀ ਸੰਗਤ ਵਿੱਚ ਵਾਹਿਗੁਰੂ ਜੀ ਦਾ ਜਾਪ ਸ਼ੁਰੂ ਹੋ ਗਿਆ। ਵੀਡੀਓ ਦੇਖ ਕੇ
ਕਹਿਣਾ ਪਏਗਾ ਕਿ ਧੰਨ ਸਿੱਖੀ, ਧੰਨ ਸੰਗਤ ਤੇ ਧੰਨ ਸਿੱਖੀ ਦੇ ਪਰਚਾਰਕ।
ਮੋਟੇ ਤੌਰ `ਤੇ ਦੇਖਿਆ ਜਾਏ ਤਾਂ ਪੰਜਾਬ ਦੇ ਬੱਚੇ ਬਹੁਤੇ ਨਸ਼ਿਆਂ ਦੀ ਦਲਦਲ
ਵਿੱਚ ਫਸਦੇ ਜਾ ਰਹੇ ਹਨ। ਇੱਕ ਸਰਵੇਖਣ ਅਨੁਸਾਰ ਸਤੱਤਰ ਪ੍ਰਤੀਸ਼ਤ ਬੱਚੇ ਦਸਤਾਰਾਂ ਗਵਾ ਗਏ ਹਨ।
ਪਿੱਛੇ ਜੇਹੇ ਚੰਡੀਗੜ੍ਹ ਦੀ ਪੁਲੀਸ ਵਿੱਚ ਭਰਤੀ ਹੋਣੀ ਸੀ ਪੰਜਾਬ ਵਿਚੋਂ ਕੇਵਲ ਕੁੱਝ ਨੌਜਵਾਨ ਹੀ
ਚੁਣੇ ਗਏ ਸੀ ਕਿਉਂਕਿ ਬਹੁਤਿਆਂ ਨੂੰ ਸਾਹ ਚੜ੍ਹਦਾ ਸੀ। ਅਜੇ ਕਲ੍ਹ ਦੀ ਹੀ ਗੱਲ ਹੈ ਕਿ ਸਰਕਾਰ ਵਲੋਂ
ਚਾਰ ਸੌ ਚਤਾਲ਼ੀ ਡਾਕਟਰਾਂ ਦੀ ਭਰਤੀ ਕੀਤੀ ਜਾਣੀ ਸੀ। ਉਸ ਭਰਤੀ ਵਿੱਚ ਪਿੰਡਾਂ ਵਿਚੋਂ ਕੇਵਲ ਤੀਹ ਦੇ
ਲਗ-ਪਗ ਹੀ ਡਾਕਟਰ ਆਏ। ਜਨੀ ਕਿ ਪੇਂਡੂ ਪੜ੍ਹਾਈ ਦਾ ਪੂਰੀ ਤਰ੍ਹਾਂ ਦਿਵਾਲਾ ਨਿਕਲਿਆ ਪਿਆ ਹੈ।
ਅੰਕੜੇ ਕੁੱਝ ਹੋਰ ਹੁੰਦੇ ਹਨ ਤੇ ਜ਼ਮੀਨੀ ਤਲ `ਤੇ ਕੁੱਝ ਹੋਰ ਹੁੰਦਾ ਹੈ ਪਰ ਧਰਮ ਦੀ ਦੁਨੀਆਂ ਵਿੱਚ
ਕਰਾਮਾਤੀ ਕਹਾਣੀਆਂ ਸੁਣਾ ਕੇ ਪੂਰੀ ਤਰ੍ਹਾਂ ਕਰਮ-ਕਾਂਡਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ।
ਗੁਰੂ ਨਾਨਕ ਸਾਹਿਬ ਜੀ ਨੇ ਬ੍ਰਹਾਮਣ ਦੀ ਹਰ ਚਾਲ ਨੂੰ ਦੇਖਿਆ ਕਿ ਧਰਮ ਦੇ
ਨਾਂ `ਤੇ ਆਮ ਲੁਕਾਈ ਨੂੰ ਇਸ ਨੇ ਆਪਣੀ ਲੁੱਟ ਦਾ ਸ਼ਿਕਾਰ ਬਣਾਇਆ ਹੋਇਆ ਹੈ। ਬ੍ਰਹਾਮਣ ਠਾਕੁਰਾਂ ਦੀ
ਪੂਜਾ ਤਾਂ ਜ਼ਰੂਰ ਕਰ ਰਿਹਾ ਹੈ ਪਰ ਆਪ ਵਿਚਾਰਾ ਲੋਕਾਂ ਪਾਸੋਂ ਮੰਗ ਮੰਗ ਕੇ ਹੀ ਰੋਟੀ ਖਾਹ ਰਿਹਾ
ਹੈ। ਇਹ ਪੱਥਰਾਂ ਦੇ ਬੁੱਤ ਮਨੁੱਖ ਦਾ ਕੁੱਝ ਵੀ ਨਹੀਂ ਸਵਾਰ ਸਕਦੇ। ਗੁਰੂ ਨਾਨਕ ਸਾਹਿਬ ਜੀ ਦਾ ਇੱਕ
ਬੜਾ ਪਿਆਰਾ ਸਲੋਕ ਹੈ---
ਘਰਿ ਨਾਰਾਇਣੁ ਸਭਾ ਨਾਲਿ।। ਪੂਜ ਕਰੇ ਰਖੈ ਨਾਵਾਲਿ।।
ਕੁੰਗੂ ਚੰਨਣੁ ਫੁਲ ਚੜਾਏ।। ਪੈਰੀ ਪੈ ਪੈ ਬਹੁਤੁ ਮਨਾਏ।।
ਮਾਣੂਆ ਮੰਗਿ ਮੰਗਿ ਪੈਨੈੑ ਖਾਇ।। ਅੰਧੀ ਕੰਮੀ ਅੰਧ ਸਜਾਇ।।
ਭੁਖਿਆ ਦੇਇ ਨ ਮਰਦਿਆ ਰਖੈ।। ਅੰਧਾ ਝਗੜਾ ਅੰਧੀ ਸਥੈ।।
ਸ਼ਲੋਕ ਮ: ੧ ਪੰਨਾ ੧੨੪੧
ਅਖੱਰੀਂ ਅਰਥ--- (
ਬ੍ਰਾਹਮਣ
ਆਪਣੇ) ਘਰ ਵਿੱਚ ਬਹੁਤ ਸਾਰੀਆਂ ਮੂਰਤੀਆਂ ਸਮੇਤ ਠਾਕਰਾਂ ਦੀ ਮੂਰਤੀ ਅਸਥਾਪਨ ਕਰਦਾ ਹੈ, ਉਸ ਦੀ
ਪੂਜਾ ਕਰਦਾ ਹੈ, ਉਸ ਨੂੰ ਇਸ਼ਨਾਨ ਕਰਾਂਦਾ ਹੈ; ਕੇਸਰ ਚੰਦਨ ਤੇ ਫੁੱਲ (ਉਸ ਮੂਰਤੀ ਦੇ ਅੱਗੇ) ਭੇਟ
ਧਰਦਾ ਹੈ, ਉਸ ਦੇ ਪੈਰਾਂ ਉਤੇ ਸਿਰ ਰੱਖ ਰੱਖ ਕੇ ਉਸ ਨੂੰ ਪ੍ਰਸੰਨ ਕਰਨ ਦਾ ਜਤਨ ਕਰਦਾ ਹੈ; (ਪਰ
ਰੋਟੀ ਕੱਪੜਾ ਹੋਰ) ਮਨੁੱਖਾਂ ਤੋਂ ਮੰਗ ਮੰਗ ਕੇ ਖਾਂਦਾ ਤੇ ਪਹਿਨਦਾ ਹੈ।
ਅਗਿਆਨਤਾ ਵਾਲੇ ਕੰਮ ਕੀਤਿਆਂ (ਇਹੀ) ਸਜ਼ਾ ਮਿਲਦੀ ਹੈ ਕਿ ਹੋਰ ਅਗਿਆਨਤਾ
ਵਧਦੀ ਜਾਏ, (ਮੂਰਖ ਇਹ ਨਹੀਂ ਜਾਣਦਾ ਕਿ ਇਹ ਮੂਰਤੀ) ਨਾਹ ਭੁੱਖੇ ਨੂੰ ਕੁੱਝ ਦੇ ਸਕਦੀ ਹੈ ਨਾਹ
(ਭੁੱਖ-ਮਰਦੇ ਨੂੰ) ਮਰਨੋਂ ਬਚਾ ਸਕਦੀ ਹੈ। (ਫਿਰ ਭੀ ਮੂਰਤੀ-ਪੂਜਕ) ਅਗਿਆਨੀਆਂ ਦੀ ਸਭਾ ਵਿੱਚ
ਅਗਿਆਨਤਾ ਵਾਲਾ ਇਹ ਲੰਮਾ ਗੇੜ ਤੁਰਿਆ ਹੀ ਜਾਂਦਾ ਹੈ (ਭਾਵ, ਫਿਰ ਭੀ ਲੋਕ ਅੱਖਾਂ ਮੀਟ ਕੇ ਪ੍ਰਭੂ
ਨੂੰ ਛੱਡ ਕੇ ਮੂਰਤੀ-ਪੂਜਾ ਕਰਦੇ ਹੀ ਜਾ ਰਹੇ ਹਨ)।
ਭਾਵ ਅਰਥ—ਜਿਹੜੀ ਗੱਲ ਗੁਰੂ ਨਾਨਕ ਸਾਹਿਬ ਜੀ ਬ੍ਰਹਾਮਣ ਨੂੰ ਸਮਝਾ ਰਹੇ ਹਨ,
ਕੀ ਉਹ ਗੱਲ ਸਾਡੇ `ਤੇ ਲਾਗੂ ਨਹੀਂ ਹੁੰਦੀ? ਬ੍ਰਹਾਮਣ ਆਪਣੇ ਘਰ ਵਿੱਚ ਪੱਥਰ ਦਿਆਂ ਬੁੱਤਾਂ ਨੂੰ
ਰੱਬ ਕਹਿੰਦਾ ਹੈ। ਉਹਨਾਂ ਮੂਰਤੀਆਂ ਦਾ ਇਸ਼ਨਾਨ ਕਰਾਉਂਦਾ ਹੈ। ਫਿਰ ਪੂਜਾ ਲਈ ਕੇਸਰ, ਚੰਦਨ ਤੇ ਫੁੱਲ
ਮੂਰਤੀ ਅੱਗੇ ਰੱਖ ਕੇ ਉਸ ਦਿਆਂ ਪੈਰਾਂ `ਤੇ ਸਿਰ ਰੱਖ ਕੇ ਮੱਥੇ ਰਗੜ ਰਿਹਾ ਹੈ। ਹੈਰਾਨੀ ਦੀ ਗੱਲ
ਦੇਖੋ ਆਪ ਵਿਚਾਰਾ ਲੋਕਾਂ ਦੇ ਘਰਾਂ ਵਿਚੋਂ ਮੰਗ ਮੰਗ ਕੇ ਖਾ ਰਿਹਾ ਹੈ ਤੇ ਮੰਗ ਮੰਗ ਕੇ ਹੀ ਕਪੜੇ
ਪਾ ਰਿਹਾ ਹੈ। ਲੋਕਾਂ ਨੂੰ ਕਹਿੰਦਾ ਹੈ ਕਿ ਪੱਥਰ ਦਾ ਬਣਾਇਆ ਹੋਇਆ ਰੱਬ ਤੁਹਾਡੀਆਂ ਮੁਰਾਦਾਂ
ਪੂਰੀਆਂ ਕਰੇਗਾ। ਗੁਰੂ ਸਾਹਿਬ ਨੇ ਇੱਕ ਗੱਲ ਸਮਝਾ ਦਿੱਤੀ ਹੈ ਕਿ ਅਗਿਆਨਤਾ ਵਾਲੇ ਕੰਮ ਕਰਨ ਨਾਲ
ਆਗਿਆਨਤਾ ਹੀ ਵੱਧਦੀ ਹੈ। ਅਗਿਆਨਤਾ ਵੱਸ ਲੋਕ ਅੱਖਾਂ ਮੀਚੀ ਪੁਜਾਰੀ ਦੇ ਪਿੱਛੇ ਤੁਰੇ ਜਾ ਰਹੇ ਹਨ।
ਗੁਰੂ ਨਾਨਕ ਸਾਹਿਬ ਜੀ ਸਿਰੀ ਰਾਗ ਦੇ ਇੱਕ ਸ਼ਬਦ ਵਿੱਚ ਬੜਾ ਪਿਆਰਾ
ਫਰਮਾਉਂਦੇ ਹਨ ਕਿ ਜੇ ਮੇਰੇ ਘਰ ਵਿੱਚ ਕਸਤੂਰੀ ਜਾਂ ਕੇਸਰ ਦੀ ਲਿਪਾਈ ਕੀਤੀ ਹੋਵੇ, ਚੰਦਨ ਦੀ ਲਕੜੀ
ਵਰਤੀ ਹੋਵੇ ਤੇ ਇਹ ਦੇਖ ਕੇ ਮੈਨੂੰ ਚਾਅ ਜੇਹਾ ਚੜਿਆ ਹੋਵੇ। ਪਰ ਇਹ ਸਾਰੀਆਂ ਚੀਜ਼ਾਂ ਦੇਖ ਕੇ ਮੈਨੂੰ
ਤੇਰਾ ਨਾਮ ਨਾ ਵਿਸਰ ਜਾਏ—
ਕਸਤੂਰਿ ਕੁੰਗੂ ਅਗਰਿ ਚੰਦਨਿ ਲੀਪਿ ਆਵੈ ਚਾਉ।।
ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ।।
ਸਿਰੀ ਰਾਗ ਮਹਲਾ ੧ ਪੰਨਾ ੧੪
ਏਸੇ ਹੀ ਰਾਗ ਵਿੱਚ ਇੱਕ ਹੋਰ ਪਿਆਰਾ ਵਿਚਾਰ ਹੈ ਕਿ ਜਿਸ ਤਰ੍ਹਾਂ ਕੋਈ ਜੀਵ
ਰੂਪੀ ਇਸਤਰੀ ਆਪਣੇ ਪਤੀ ਨੂੰ ਖੁਸ਼ ਕਰਨ ਲਈ ਸਰੀਰਕ ਸਿੰਗਾਰ ਲਈ ਬਜ਼ਾਰ ਤੋਂ ਹਾਰ ਸ਼ਿੰਗਾਰ ਦਾ ਸਮਾਨ
ਮੁੱਲ ਲੈ ਕੇ ਆਉਂਦੀ ਹੈ ਪਰ ਪਤੀ ਦਾ ਕਿਹਾ ਨਾ ਮੰਨੇ ਉਸ ਦਾ ਵਰਤਿਆ ਹੋਇਆ ਕੇਸਰ, ਚੰਦਨ, ਹੋਰ
ਸਗੰਧੀ ਵਾਲੀਆਂ ਵਸਤਾਂ ਜਾਂ ਸੰਧੂਰ ਕਿਸੇ ਕੰਮ ਨਹੀਂ ਹੈ---
ਚੰਦਨੁ ਮੋਲਿ ਅਣਾਇਆ ਕੁੰਗੂ ਮਾਂਗ ਸੰਧੂਰੁ।।
ਚੋਆ ਚੰਦਨੁ ਬਹੁ ਘ ਪਾਨਾ ਨਾਲਿ ਕਪੂਰੁ।।
ਜੇ ਧਨ ਕੰਤ ਨ ਭਾਵਈ ਤ ਸਭਿ ਅਡੰਬਰ ਕੂੜੁ।।
ਸਿਰੀ ਰਾਗ ਮਹਲਾ ੧ ਪੰਨਾ ੧੯
ਅੱਖਰੀਂ ਅਰਥ-- (
ਕਿਸੇ
ਇਸਤ੍ਰੀ ਨੇ ਆਪਣੇ ਪਤੀ ਨੂੰ ਪ੍ਰਸੰਨ ਕਰਨ ਲਈ ਆਪਣੇ ਸਰੀਰਕ ਸ਼ਿੰਗਾਰ ਵਾਸਤੇ) ਚੰਦਨ ਮੁੱਲ ਮੰਗਾਇਆ,
ਕੇਸਰ ਮੰਗਾਇਆ, ਸਿਰ ਦੇ ਕੇਸਾਂ ਦੇ ਚੀਰ ਸੁੰਦਰ ਬਣਾਣ ਲਈ ਸੰਧੂਰ ਮੰਗਾਇਆ, ਅਤਰ ਚੰਦਨ ਤੇ ਹੋਰ
ਸੁਗੰਧੀਆਂ ਮੰਗਾਈਆਂ, ਪਾਨ ਮੰਗਾਏ ਤੇ ਕਪੂਰ ਮੰਗਾਇਆ, ਪਰ ਜੇ ਉਹ ਇਸਤ੍ਰੀ ਪਤੀ ਨੂੰ (ਫਿਰ ਭੀ)
ਚੰਗੀ ਨ ਲੱਗੀ, ਤਾਂ ਉਸ ਦੇ ਉਹ ਵਿਖਾਵੇ ਦੇ ਸਾਰੇ ਉੱਦਮ ਵਿਅਰਥ ਗਏ (ਇਹੀ ਹਾਲ ਜੀਵ-ਇਸਤ੍ਰੀ ਦਾ
ਹੈ, ਪਤੀ-ਪ੍ਰਭੂ ਵਿਖਾਵੇ ਦੇ ਧਾਰਮਿਕ ਉੱਦਮਾਂ ਨਾਲ ਨਹੀਂ ਰੀਝਦਾ)।
ਜੇ ਸਾਡੇ ਸੁਭਾਅ ਵਿੱਚ ਤਬਦੀਲੀ ਨਹੀਂ ਆਈ ਤਾਂ ਭਾਵੇਂ ਕੇਸਰ ਦੇ ਛਿੱਟੇ
ਗੁਰੂ ਗ੍ਰੰਥ ਸਾਹਿਬ ਜੀ `ਤੇ ਪੈ ਜਾਣ ਜਾਂ ਕੇਸਰ ਮੁੱਲ ਲਿਆ ਕੇ ਵੀ ਅੱਗੇ ਰੱਖਿਆ ਜਾਏ ਤਾਂ ਕੋਈ
ਬਹੁਤਾ ਲਾਭ ਨਹੀਂ ਹੈ। ਜਿਹੜਾ ਕਰਮ-ਕਾਂਡ ਬ੍ਰਾਹਮਣ ਕਰ ਰਿਹਾ ਸੀ ਉਹੀ ਕਰਮ-ਕਾਂਡ ਅੱਜ ਅਸੀਂ ਗੁਰੂ
ਦੀ ਹਜ਼ੂਰੀ ਵਿੱਚ ਕਰ ਰਹੇ ਹਾਂ। ਸ਼ਬਦ ਦੀ ਵਿਚਾਰ ਦੁਆਰਾ ਤਾਂ ਗਿਆਨ ਆਉਣਾ ਸੀ ਪਰ ਅਸੀਂ ਸ਼ਬਦ ਦਾ ਹੀ
ਆਸਾਰ ਲੈ ਕੇ ਅੰਧ-ਵਿਸ਼ਵਾਸ ਫੈਲਾਅ ਰਹੇ ਹਾਂ।
ਗੁਰੂ ਨਾਨਕ ਸਾਹਿਬ ਜੀ ਦਾ ਹੀ ਰਾਗ ਗੂਜਰੀ ਵਿੱਚ ਬੜਾ ਪਿਆਰਾ ਵਾਕ ਹੈ ਕਿ
ਬੰਦਿਆ! ਪ੍ਰਭੂ ਦੀ ਯਾਦ ਨੂੰ ਚੰਦਨ ਦੀ ਲਕੜੀ ਬਣਾ ਤੇ ਮਨ, ਚੰਦਨ ਦੀ ਲਕੜੀ ਨੂੰ ਘਸਾਉਣ ਲਈ ਪੱਥਰ
ਦੀ ਸਿਲ਼ ਬਣਾ ਤੇ ਆਪਣੇ ਉੱਚੇ ਆਚਰਣ ਨੂੰ ਕੇਸਰ ਬਣਾ ਲਏਂਗਾ ਤਾਂ ਤੇਰੇ ਹਿਰਦੇ ਵਿੱਚ ਹੀ ਪ੍ਰਭੂ ਦੀ
ਯਾਦ ਬਣ ਜਾਏਗੀ—
ਤੇਰਾ ਨਾਮੁ ਕਰੀ ਚਨਣਾਠੀਆ ਜੇ ਮਨੁ ਉਰਸਾ ਹੋਇ।।
ਕਰਣੀ ਕੁੰਗੂ ਜੇ ਰਲੈ ਘਟ ਅੰਤਰਿ ਪੂਜਾ ਹੋਇ।। ੧।।
ਰਾਗ ਗੂਜਰੀ ਮਹਲਾ ੧ ਪੰਨਾ ੪੮੯
ਗੁਰੂ ਗ੍ਰੰਥ ਸਾਹਿਬ ਜੀ `ਤੇ ਆਪਣੇ ਆਪ ਕੇਸਰ ਦੇ ਛਿੱਟੇ ਪੈਣੇ ਅੰਧ-ਵਿਸ਼ਵਾਸ
ਦੀ ਸਿਖਰ ਹੈ। ਗੁਰੂ ਗ੍ਰੰਥ ਸਾਹਿਬ ਦੇ ਗਿਆਨ ਨੂੰ ਆਪਣੀ ਜ਼ਿੰਦਗੀ ਦਾ ਅਧਾਰ ਬਣਾਉਣਾ ਚਾਹੀਦਾ ਹੈ।
ਉੱਚਾ ਤੇ ਸੁੱਚਾ ਆਚਰਣ ਰੱਖਣਾ ਹੀ ਕੇਸਰ ਦੇ ਛਿੱਟੇ ਹਨ।
ਸਿੱਖ ਧਰਮ ਵਿੱਚ ਹਰ ਰੋਜ਼ ਕੋਈ-ਨ-ਕੋਈ ਨਵੀਂ ਮਨਘੜ੍ਹਤ ਮਨਮਤ ਦੇਖਣ ਸੁਣਨ
ਨੂੰ ਮਿਲ ਰਹੀ ਹੈ। ਦਿਨ-ਬ-ਦਿਨ ਨਿਰਮਲ ਪੰਥ ਵਿੱਚ ਕਰਮ-ਕਾਂਡ ਆਪਣਾ ਪੂਰਾ ਜ਼ੋਰ ਦਿਖਾ ਰਹੇ ਹਨ।
ਨਿੱਤ ਵੱਧ ਰਹੇ ਕਰਮ-ਕਾਂਡ, ਅੰਧ-ਵਿਸ਼ਵਾਸ ਤੇ ਆਗਿਆਨਤਾ ਦੇ ਮੂਲ ਕਾਰਨ ਵਿਦਵਾਨਾਂ ਨੂੰ ਸਿਰ ਜੋੜ ਕੇ
ਹੱਲ ਲੱਭਣੇ ਚਾਹੀਦੇ ਹਨ।
ਇੰਜ ਲੱਗ ਰਿਹਾ ਹੈ ਕਿ ਸ਼ਬਦ ਦਾ ਗਿਆਨ ਲੈਣ ਦੀ ਥਾਂ `ਤੇ ਅਸੀਂ ਸ਼ਬਦ ਗੁਰੂ
ਦੇ ਪਾਸ ਬੈਠ ਕੇ ਜਪ-ਤਪ, ਦੁਪਹਿਰੇ, ਚੁਪਹਿਰੇ ਕਰਨ ਨੂੰ ਤਰਜੀਹ ਦੇ ਰਹੇ ਹਾਂ।
ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਕਿਤੇ ਪੱਥਰ ਯੁੱਗ ਵਾਂਗ ਤਾਂ ਨਹੀਂ ਕਰ
ਰਹੇ?
ਕੁਬੁਧਿ ਮਿਟੈ, ਗੁਰ ਸਬਦੁ ਬੀਚਾਰਿ।। ਸਤਿਗੁਰੁ ਭੇਟੈ ਮੋਖ ਦੁਆਰ।।
ਤਤੁ ਨ ਚੀਨੈ ਮਨਮੁਖੁ ਜਲਿ ਜਾਇ।। ਦੁਰਮਤਿ ਵਿਛੁੜਿ ਚੋਟਾ ਖਾਇ।।
ਮਾਨੈ ਹੁਕਮੁ ਸਭੇ ਗੁਣ ਗਿਆਨ।। ਨਾਨਕ, ਦਰਗਹ ਪਾਵੈ ਮਾਨੁ।। ੫੬।।
ਪੰਨਾ ੯੪੪