ਅਖੌਤੀ ਸ਼ਰਧਾ ਪੂਰਨ ਗ੍ਰੰਥ ਗੁਰਬਾਣੀ ਦੀ ਕਸਵੱਟੀ `ਤੇ
(ਕਿਸ਼ਤ ਨੰ: 33)
ਪੁਸਤਕ ਕਰਤਾ ਵਲੋਂ ਜਪੁਜੀ ਦੀ
੩੨ਵੀਂ ਪਉੜੀ ਦੇ ਕਥਿਤ ਮਹਾਤਮ ਦੀ ਚਰਚਾ ਕਰਨ ਤੋਂ ਪਹਿਲਾਂ ਇਸ ਪਉੜੀ ਦਾ ਮੂਲ ਪਾਠ, ਅਰਥ ਅਤੇ
ਭਾਵਾਰਥ ਲਿਖ ਰਹੇ ਹਾਂ।
ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ॥ ਲਖੁ ਲਖੁ ਗੇੜਾ ਆਖੀਅਹਿ
ਏਕੁ ਨਾਮੁ ਜਗਦੀਸ॥ ਅਰਥ:-ਜੇ ਇੱਕ ਜੀਭ ਤੋਂ ਲੱਖ ਜੀਭਾਂ ਹੋ ਜਾਣ, ਅਤੇ ਲੱਖ ਜੀਭਾਂ ਤੋਂ
ਵੀਹ ਲੱਖ ਬਣ ਜਾਣ, (ਇਹਨਾਂ ਵੀਹ ਲੱਖ ਜੀਭਾਂ ਨਾਲ ਜੇ) ਅਕਾਲ ਪੁਰਖ ਦੇ ਇੱਕ ਨਾਮ ਨੂੰ ਇੱਕ ਇੱਕ
ਲੱਖ ਵਾਰੀ ਆਖੀਏ (ਤਾਂ ਭੀ ਕੂੜੇ ਮਨੁੱਖ ਦੀ ਇਹ ਕੂੜੀ ਹੀ ਠੀਸ ਹੈ, ਭਾਵ, ਜੇ ਮਨੁੱਖ ਇਹ ਖ਼ਿਆਲ ਕਰੇ
ਕਿ ਮੈਂ ਆਪਣੇ ਉੱਦਮ ਦੇ ਆਸਰੇ ਇਸ ਤਰ੍ਹਾਂ ਨਾਮ ਸਿਮਰ ਕੇ ਅਕਾਲ ਪੁਰਖ ਨੂੰ ਪਾ ਸਕਦਾ ਹਾਂ, ਤਾਂ ਇਹ
ਝੂਠਾ ਅਹੰਕਾਰ ਹੈ)।
ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸ॥ ਸੁਣਿ ਗਲਾ ਆਕਾਸ ਕੀ ਕੀਟਾ ਆਈ
ਰੀਸ॥ ਅਰਥ:- ਇਸ ਰਸਤੇ ਵਿੱਚ (ਪਰਮਾਤਮਾ ਨਾਲੋਂ ਵਿੱਥ ਦੂਰ ਕਰਨ ਵਾਲੇ ਰਾਹ ਵਿਚ) ਅਕਾਲ
ਪੁਰਖ ਨੂੰ ਮਿਲਣ ਵਾਸਤੇ ਜੋ ਪਉੜੀਆਂ ਹਨ, ਉਹਨਾਂ ਉੱਤੇ ਆਪਾ-ਭਾਵ ਗਵਾ ਕੇ ਹੀ ਚੜ੍ਹ ਸਕੀਦਾ ਹੈ।
(ਲੱਖਾਂ ਜੀਭਾਂ ਨਾਲ ਭੀ ਗਿਣਤੀ ਦੇ ਸਿਮਰਨ ਨਾਲ ਕੁੱਝ ਨਹੀਂ ਬਣਦਾ। ਆਪਾ-ਭਾਵ ਦੂਰ ਕਰਨ ਤੋਂ ਬਿਨਾ
ਇਹ ਗਿਣਤੀ ਦੇ ਪਾਠਾਂ ਵਾਲਾ ਉੱਦਮ ਇਉਂ ਹੈ, ਮਾਨੋ,) ਆਕਾਸ਼ ਦੀਆਂ ਗੱਲਾਂ ਸੁਣ ਕੇ ਕੀੜਿਆਂ ਨੂੰ ਭੀ
ਇਹ ਰੀਸ ਆ ਗਈ ਹੈ (ਕਿ ਅਸੀਂ ਭੀ ਆਕਾਸ਼ ਤੇ ਅੱਪੜ ਜਾਈਏ)।
ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ॥ ੩੨॥ ਅਰਥ:- ਹੇ ਨਾਨਕ! ਜੇ
ਅਕਾਲ ਪੁਰਖ ਮਿਹਰ ਦੀ ਨਜ਼ਰ ਕਰੇ, ਤਾਂ ਹੀ ਉਸ ਨੂੰ ਮਿਲੀਦਾ ਹੈ, (ਨਹੀਂ ਤਾਂ) ਕੂੜੇ ਮਨੁੱਖ ਦੀ
ਆਪਣੇ ਆਪ ਦੀ ਨਿਰੀ ਕੂੜੀ ਹੀ ਵਡਿਆਈ ਹੈ (ਕਿ ਮੈਂ ਸਿਮਰਨ ਕਰ ਰਿਹਾ ਹਾਂ)।
ਭਾਵ:- “ਕੂੜ ਦੀ ਪਾਲਿ” ਵਿੱਚ ਘਿਰਿਆ ਜੀਵ ਦੁਨੀਆ ਦੇ ਚਿੰਤਾ-ਫ਼ਿਕਰਾਂ ਦੁੱਖ-ਕਲੇਸ਼ਾਂ ਦੇ ਟੋਏ ਵਿੱਚ
ਡਿੱਗਾ ਰਹਿੰਦਾ ਹੈ, ਤੇ ਪ੍ਰਭੂ ਦਾ ਨਿਵਾਸ-ਅਸਥਾਨ, ਮਾਨੋ, ਇੱਕ ਐਸਾ ਉੱਚਾ ਟਿਕਾਣਾ ਹੈ ਜਿਥੇ
ਸ਼ਾਂਤੀ ਹੀ ਸ਼ਾਂਤੀ ਹੈ। ਇਸ ਨੀਵੇਂ ਥਾਂ ਤੋਂ ਉਸ ਉੱਚੀ ਅਰਸ਼ੀ ਅਵਸਥਾ `ਤੇ ਮਨੁੱਖ ਤਦੋਂ ਹੀ ਅੱਪੜ
ਸਕਦਾ ਹੈ ਜੇ ਸਿਮਰਨ ਦੀ ਪਉੜੀ ਦਾ ਆਸਰਾ ਲਏ, ‘ਤੂੰ ਤੂੰ’ ਕਰਦਾ ‘ਤੂੰ’ ਵਿੱਚ ਆਪਾ ਲੀਨ ਕਰ ਦੇਵੇ।
ਇਸ ‘ਆਪਾ’ ਵਾਰਨ ਤੋਂ ਬਿਨਾ ਇਹ ਸਿਮਰਨ ਵਾਲਾ ਉੱਦਮ ਇਉਂ ਹੀ ਹੈ ਜਿਵੇਂ ਅਕਾਸ਼ ਦੀਆਂ ਗੱਲਾਂ ਸੁਣ ਕੇ
ਕੀੜੀਆਂ ਨੂੰ ਭੀ ਉੱਥੇ ਅੱਪੜਨ ਦਾ ਸ਼ੌਕ ਪੈਦਾ ਹੋ ਜਾਏ, ਪਰ ਤੁਰਨ ਆਪਣੀ ਕੀੜੀ ਵਾਲੀ ਰਫ਼ਤਾਰ ਨਾਲ
ਹੀ। ਇਹ ਭੀ ਠੀਕ ਹੈ ਕਿ ਪ੍ਰਭੂ ਦੀ ਮਰਜ਼ੀ ਵਿੱਚ ਆਪਣੀ ਮਰਜ਼ੀ ਨੂੰ ਉਹੀ ਮਨੁੱਖ ਮਿਟਾਂਦੇ ਹਨ
ਜਿਨ੍ਹਾਂ ਉਪਰ ਪ੍ਰਭੂ ਦੀ ਮਿਹਰ ਹੋਵੇ। (ਪੰਨਾ ੭)
ਪਰ ਪੁਸਤਕ ਕਰਤਾ ਇਸ ਪਉੜੀ ਦੇ ਤਾਂਤ੍ਰਿਕ ਵਿਧੀ ਨਾਲ ਗਿਣਤੀ ਦੇ ਪਾਠ ਕਰਨ ਦਾ ਮਹਾਤਮ ਇਉਂ ਲਿਖਦਾ
ਹੈ, “ਇਸ ਪਉੜੀ ਦਾ ਮੰਗਲਵਾਰ ਤੋਂ ਸਾਯੰਕਾਲ ਅਠਾਈ ਦਿਨਾਂ ਵਿੱਚ ਚੌਦਾਂ ਹਜ਼ਾਰ ਬਿਨਾਂ ਜੀਭ
ਹਿਲਾਏ ਪਾਠ ਕਰਨਾ, ਵਾਕ ਸਿੱਧ ਹੋਵੇ। ਜੇਕਰ ਇਸ ਨੂੰ ਸਾਯੰਕਾਲ ਗੁਪਤ ਜਪੇ ਤਾਂ ਵੈਰੀ ਦੀ ਜ਼ਬਾਨ ਬੰਦ
ਹੋ ਜਾਵੇ। ਪਰੰਤੂ ਫੇਰ (ਅਨਲੋਮ) ਜੀਭ ਹਿਲਾਏ ਬਿਨਾਂ ਮੂੰਹ ਵਿੱਚ ਜਪੇ ਤਾਂ ਜ਼ਬਾਨ ਖੁਲ੍ਹ ਜਾਵੇ।”
ਪੁਸਤਕ ਕਰਤਾ ਜਿਸ ਤਰ੍ਹਾਂ ਗੁਰਬਾਣੀ ਦੇ ਭਿੰਨ ਭਿੰਨ ਸ਼ਬਦਾਂ ਨੂੰ ਲੇਖਕ ਗੁਰਬਾਣੀ ਨੂੰ ਪੜ੍ਹਨ ਦੀ
ਜਿਸ ਤਰ੍ਹਾਂ ਦੀ ਵਿਧੀ ਦਰਸਾ ਰਿਹਾ ਹੈ, ਇਸ ਤਰ੍ਹਾਂ ਦੀ ਵਿਧੀ ਦਾ ਸੰਸਕ੍ਰਿਤ ਦੇ ਕੁੱਝ ਕੁ
ਗ੍ਰੰਥਾਂ ਵਿੱਚ ਤਾਂ ਜ਼ਰੂਰ ਵਰਣਨ ਹੈ ਪਰੰਤੂ ਕਿਸੇ ਸਿੱਖ ਸਾਹਿਤ (ਪ੍ਰਪੰਚੀਆਂ ਦੀ ਲਿਖਤਾਂ ਨੰ ਛੱਡ
ਕੇ) ਨਾਲ ਸਬੰਧਤ ਪੁਸਤਕ ਵਿੱਚ ਨਹੀਂ। ਗੁਰਮਤਿ ਵਿੱਚ ਇਸ ਤਰ੍ਹਾਂ ਦੀ ਧਾਰਨਾ ਨੂੰ ਮੁੱਢੋਂ ਹੀ
ਨਕਾਰਦਿਆਂ ਹੋਇਆਂ, ਇਸ ਦੇ ਕਿਸੇ ਵੀ ਰੂਪ ਨੂੰ ਸਵੀਕਾਰ ਨਹੀਂ ਕੀਤਾ ਗਿਆ ਹੈ।
ਨੋਟ: ਤੰਤ੍ਰ ਸ਼ਾਸਤ੍ਰ ਵਿੱਚ ਮੰਤ੍ਰਾਂ ਦੇ ਜਪ ਦੀ ਗਿਣਤੀ, ਭਿੰਨ ਭਿੰਨ ਸਾਮਗ੍ਰੀ ਅਤੇ ਵੱਖ ਵੱਖ ਫਲ
ਲਿਖੇ ਹੋਏ ਹਨ। ਇਹੋ ਜਿਹੀ ਧਾਰਨਾ ਰੱਖਣ ਵਾਲਿਆਂ ਨੇ ਹੀ ਜਪ ਤਿੰਨ ਤਰ੍ਹਾਂ ਦਾ ਲਿਖਿਆ ਹੋਇਆ ਹੈ:
“(ੳ) ਵਾਚਿਕ: ਜੋ ਸਪਸ਼ਟ ਅੱਖਰਾਂ ਵਿੱਚ ਕੀਤਾ ਜਾਵੇ, ਜਿਸ ਨੂੰ ਸੁਣਕੇ ਸ਼੍ਰੋਤਾ ਅਰਥ ਸਮਝ ਸਕੇ; (ਅ)
ਉਪਾਂਸ਼ੁ: ਜੋ ਹੋਠਾਂ ਅੰਦਰ ਬਹੁਤ ਧੀਮੀ ਆਵਾਜ਼ ਨਾਲ ਕੀਤਾ ਜਾਵੇ, ਜਿਸ ਨੂੰ ਪਾਸ ਬੈਠਣ ਵਾਲਾ ਭੀ ਨਾ
ਸਮਝ ਸਕੇ। (ੲ) ਮਾਨਸ: ਜੋ ਮਨ ਦੇ ਚਿੰਤਨ ਤੋਂ ਕੀਤਾ ਜਾਵੇ।” (ਮਹਾਨ ਕੋਸ਼-ਭਾਈ ਕਾਨ੍ਹ ਸਿੰਘ ਨਾਭਾ)
ਇਸ ਪਉੜੀ ਨੂੰ ਤਾਂਤ੍ਰਿਕ ਵਿਧੀ ਨਾਲ ਪੜ੍ਹਨ ਦੇ ਮਹਾਤਮ ਵਜੋਂ ਪੁਸਤਕ ਕਰਤਾ ਦਾ ਇਹ ਲਿਖਣਾ ਕਿ ਇਸ
ਤਰ੍ਹਾਂ ਨਾਲ ‘ਵਾਕ ਸਿੱਧ ਹੋਵੇਗਾ’, ਲੇਖਕ ਇਸ ਗੱਲ ਦਾ ਖ਼ੁਲਾਸਾ ਨਹੀਂ ਕਰ ਰਿਹਾ ਕਿ ਪੜ੍ਹਨ ਵਾਲੇ
ਦੇ ਕਿਹੋ ਜਿਹੇ ਵਾਕ ਸਿੱਧ ਹੋਣਗੇ। ਸ਼ਾਇਦ ਲੇਖਕ ਵਰ ਅਤੇ ਸਰਾਪ ਦੀ ਧਾਰਨਾ ਦਾ ਹੀ ਪ੍ਰਗਟਾਵਾ ਕਰ
ਰਿਹਾ ਹੈ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਰ ਅਤੇ ਸਰਾਪ ਦੀ ਧਾਰਨਾ ਨੂੰ ਪਰਵਾਨ ਨਹੀਂ ਕੀਤਾ
ਗਿਆ ਹੈ। ਕਰਤੇ ਦੀ ਕੁਦਰਤ ਦੇ ਨਿਯਮਾਂ ਨੂੰ ਕੋਈ ਮਨੁੱਖ ਕਥਿਤ ਵਰ ਜਾਂ ਸਰਾਪ ਨਾਲ ਬਦਲ ਨਹੀਂ
ਸਕਦਾ। ਇਸ ਲਈ ਕਿਸੇ ਵਿਅਕਤੀ ਨੂੰ ਇਸ ਪਉੜੀ ਦਾ ਇਸ ਵਿਧੀ ਨਾਲ ਪੜ੍ਹ ਕੇ ‘ਵਾਕ ਸਿੱਧ’ ਹੋਣ ਦੇ ਭਰਮ
ਵਿੱਚ ਨਹੀਂ ਪੈਣਾ ਚਾਹੀਦਾ।
ਹਾਂ, ਇਹ ਤਾਂ ਦੇਖਣ ਵਿੱਚ ਆਉਂਦਾ ਹੈ ਕਿ ਜਿਨ੍ਹਾਂ ਲੋਕਾਂ ਦੇ ਹੱਥ ਵਿੱਚ ਤਾਕਤ ਹੈ, ਉਨ੍ਹਾਂ ਦੇ
ਇੱਕ ਇਸ਼ਾਰੇ ਨਾਲ ਹੀ ਦੋਸ਼ੀ ਦੋਸ਼-ਮੁਕਤ ਅਤੇ ਬਿਦੋਸ਼ੇ ਦੋਸ਼ੀ ਸਾਬਤ ਹੋ ਜਾਂਦੇ ਹਨ। ਅਜਿਹੇ ਲੋਕ ਆਪਣੇ
ਵਿਰੋਧੀਆਂ ਨੂੰ ਇਹੋ ਜਿਹੇ ਤਾਂਤ੍ਰਿਕ ਵਿਧੀ ਨਾਲ ਅਠਾਈ ਦਿਨ ਪਾਠ ਕਰਨ ਤੋਂ ਬਿਨਾਂ ਹੀ ਮਾਰ ਮੁਕਾ
ਕੇ ਖਪਾਉਣ ਵਿੱਚ ਜ਼ਰਾ ਜਿਤਨੀ ਵੀ ਦੇਰ ਨਹੀਂ ਲਗਾਉਂਦੇ। ਕਾਨੂੰਨ ਨੂੰ ਆਪਣੀ ਮਨਮਰਜ਼ੀ ਨਾਲ ਢਾਲਣ ਦੀ
ਸਮਰੱਥਾ ਰੱਖਣ ਵਾਲੇ ਇਸ ਪਉੜੀ ਨੂੰ ਇਸ ਤਰ੍ਹਾਂ ਦੀ ਵਿਧੀ ਨਾਲ ਪੜ੍ਹ ਕੇ ਨਹੀਂ ਬਣੇ ਹਨ। ਚੂੰਕਿ
ਗੁਰਬਾਣੀ ਦੀ ਵਿਚਾਰ ਕਰਨ ਵਾਲਾ ਕਿਸੇ ਚੋਰ ਉਚੱਕੇ ਬੇਈਮਾਨ ਦੀ ਪਿੱਠ `ਤੇ ਹੱਥ ਰੱਖ ਹੀ ਨਹੀਂ
ਸਕਦਾ, ਇਸ ਲਈ ਜੇਕਰ ਕੋਈ ਅਜਿਹੀ ਤਾਕਤ ਰੱਖਣ ਵਾਲ ਜਾਂ ਅਸਰ ਰਸੂਖ ਪ੍ਰਾਣੀ ਇਸ ਤਰ੍ਹਾਂ ਦੀ ਖੇਡ
ਖੇਡ ਰਿਹਾ ਹੈ ਤਾਂ ਸਪਸ਼ਟ ਹੈ ਕਿ ਉਸ ਦਾ ਗੁਰਬਾਣੀ ਦੀ ਜੀਵਨ-ਜੁਗਤ ਨਾਲ ਦੂਰ ਦਾ ਵੀ ਵਾਸਤਾ ਨਹੀਂ
ਹੈ। ਪਰ ਆਮ ਮਨੁੱਖ ਇਸ ਪਉੜੀ ਨੂੰ, ਇੱਕ ਵਾਰੀ ਕੀ ਅਨੇਕਾਂ ਵਾਰੀ ਇਸ ਤਰ੍ਹਾਂ ਦੀ ਵਿਧੀ ਨਾਲ ਪੜ੍ਹ
ਵੀ ਲਵੇ, ਤਾਂ ਵੀ ਉਸ ਦਾ ‘ਵਾਕ ਸਿੱਧ ਹੋਣ’ ਦੀ ਕੋਈ ਸੰਭਾਵਨਾ ਨਹੀਂ ਹੈ।
ਇਸ ਗੱਲ ਦੀ ਵੀ ਸੰਭਾਵਨਾ ਹੈ ਕਿ ਧਾਰਮਕ ਪਹਿਰਾਵੇ ਵਿੱਚ ਵਿਚਰਨ ਵਾਲਾ ਜੋ ਕੁੱਝ ਵੀ ਬੋਲ ਦੇਵੇ,
ਤਾਂ ਆਮ ਤੌਰ `ਤੇ ਜਨ-ਸਾਧਾਰਨ ਉਸ ਨੂੰ ਸੱਚ ਕਰ ਕੇ ਮੰਨ ਲੈਂਦਾ ਹੈ। ਇਹੀ ਕਾਰਨ ਹੈ ਕਿ ਧਾਰਮਕ ਭੇਖ
ਵਿੱਚ ਵਿਚਰਨ ਵਾਲੇ ਜਿਤਨੀ ਵੀ ਵੱਡੀ ਤੋਂ ਵੱਡੀ ਗੱਪ ਮਾਰਨ, ਸ਼ਰਧਾਲੂ ਉਸ ਨੂੰ ਸਤ ਕਰ ਕੇ ਮੰਨ
ਲੈਂਦੇ ਹਨ। ਜੇਕਰ ਲੇਖਕ ਦਾ ‘ਵਾਕ ਸਿੱਧ ਹੋਣ’ ਤੋਂ ਭਾਵ ਇਸ ਤਰ੍ਹਾਂ ਦੇ (ਧਾਰਮਕ ਪਹਿਰਾਵੇ ਜਾਂ
ਰਾਜਸੀ ਤਾਕਤ ਵਾਲੇ) ਮਨੁੱਖਾਂ ਤੋਂ ਹੈ ਤਾਂ ਨਿਰਸੰਦੇਹ ਇਹ ‘ਵਾਕ ਸਿੱਧ’ ਹੋ ਸਕਦਾ ਹੈ। ਪਰੰਤੂ
ਇਨ੍ਹਾਂ ਲੋਕਾਂ ਨੂੰ ਇਹ ਪਉੜੀ ਸਿੱਧ ਕਰਨ ਦੀ ਲੋੜ ਨਹੀਂ, ਚੂੰਕਿ ਇਨ੍ਹਾਂ ਲੋਕਾਂ ਦੇ ਤਾਂ ਇਸ
ਤਰ੍ਹਾਂ ਦੀ ਸਾਧਨਾ ਤੋਂ ਬਿਨਾਂ ਹੀ ‘ਵਾਕ ਸਿੱਧ’ ਹੋ ਜਾਂਦੇ ਹਨ। ਇਸ ਲਈ ‘ਵਾਕ ਸਿੱਧ’ ਦੀ ਇਸ
ਤਰ੍ਹਾਂ ਦੀ ਸਮਰੱਥਾ ਇਸ ਪਉੜੀ ਨੂੰ ਪੜ੍ਹ ਕੇ ਨਹੀਂ ਬਲਕਿ ਸ਼ੈਤਾਨੀਅਤ ਦਾ ਪਾਠ ਪੜ੍ਹ ਕੇ ਹੀ ਆਉਂਦੀ
ਹੈ।
ਜਿੱਥੋਂ ਤੱਕ ਲੇਖਕ ਦੇ ਇਹ ਲਿਖਣ ਦਾ ਸਬੰਧ ਹੈ ਕਿ ‘ਵੈਰੀ ਦੀ ਜ਼ਬਾਨ ਬੰਦ ਹੋ ਜਾਵੇ’, ਤਾਂ ਇਹ
ਧਾਰਨਾ ਵੀ ਗੁਰਬਾਣੀ ਦੇ ਅਨੁਕੂਲ ਨਹੀਂ ਹੈ। ਇਸ ਤਰ੍ਹਾਂ ਨਾਲ ਕਦੇ ਕਿਸੇ ਦੀ ਜ਼ਬਾਨ ਬੰਦ ਨਹੀਂ
ਹੁੰਦੀ। ਜੇਕਰ ਇਸ ਤਰ੍ਹਾਂ ਨਾਲ ਜ਼ਬਾਨ ਬੰਦ ਹੁੰਦੀ, ਤਾਂ ਅਜਿਹੇ ਲੋਕ ਆਪਣੇ ਕਿਸੇ ਵਿਰੋਧੀ ਦੀ ਜ਼ਬਾਨ
ਬੰਦ ਕਰਨ `ਚ ਇੱਕ ਮਿੰਟ ਦੀ ਵੀ ਢਿੱਲ ਨਾ ਕਰਦੇ।
ਗੁਰਬਾਣੀ ਦਾ ਸੱਚ ਤਾਂ ਮਨੁੱਖ ਨੂੰ ਇਹ ਦ੍ਰਿੜ ਕਰਾਉਂਦਾ ਹੈ ਕਿ ਪ੍ਰਭੂ ਦੇ ਸੱਚੇ ਸੇਵਕ ਕਦੇ ਵੀ
ਕਿਸੇ ਦਾ ਬੁਰਾ ਨਹੀਂ ਮੰਗਦੇ। ਗੁਰਬਾਣੀ ਦੀ ਜੀਵਨ-ਜੁਗਤ ਦਾ ਧਾਰਨੀ ਮਨੁੱਖ ਤਾਂ ਹਮੇਸ਼ਾਂ ਸਾਰਿਆਂ
ਦਾ ਭਲਾ ਹੀ ਮੰਗਦਾ ਹੈ: ਹਰਿ ਕਾ ਦਾਸੁ ਕਿਛੁ ਬੁਰਾ ਨ ਮਾਗੈ॥
(ਪੰਨਾ ੧੧੫੨) ਅਰਥ: ਹੇ ਭਾਈ! ਪਰਮਾਤਮਾ ਦਾ ਭਗਤ (ਉਸ ਦੋਖੀ ਦਾ ਭੀ ਜਿਹੜਾ ਝੂਠੀਆਂ ਤੁਹਮਤਾਂ
ਲਾਉਂਦਾ ਹੈ) ਰਤਾ ਭਰ ਭੀ ਬੁਰਾ ਨਹੀਂ ਮੰਗਦਾ (ਇਹ ਨਹੀਂ ਚਾਹੁੰਦਾ ਕਿ ਉਸ ਦਾ ਕੋਈ ਨੁਕਸਾਨ ਹੋਵੇ।
ਚੂੰਕਿ ਗੁਰਬਾਣੀ ਸਾਡਾ ਮਾਰਗ ਦਰਸ਼ਨ ਕਰਦਿਆਂ ਹੋਇਆਂ ਸਪਸ਼ਟ ਕਰਦੀ ਹੈ ਕਿ ਜਿਤਨਾ ਚਿਰ ਸਾਡੇ ਮਨਾਂ
ਵਿੱਚ ਇਸ ਤਰ੍ਹਾਂ ਦੀ ਧਾਰਨਾ ਹੈ, ਉਤਨਾ ਚਿਰ ਸਾਡਾ ਆਪਣਾ ਭਲਾ ਹੋਣ ਦੀ ਸੰਭਾਵਨ ਹੀ ਨਹੀਂ ਹੈ:
ਜਿਸੁ ਅੰਦਰਿ ਤਾਤਿ ਪਰਾਈ ਹੋਵੈ ਤਿਸ ਦਾ ਕਦੇ ਨ ਹੋਵੀ ਭਲਾ॥ (ਪੰਨਾ
੩੦੮) ਅਰਥ: ਜਿਸ ਦੇ ਹਿਰਦੇ ਵਿੱਚ ਪਰਾਈ ਈਰਖਾ ਹੋਵੇ, ਉਸ ਦਾ ਆਪਣਾ ਭੀ ਕਦੇ ਭਲਾ ਨਹੀਂ
ਹੁੰਦਾ।
ਗੁਰਬਾਣੀ ਦੇ ਕਿਸੇ ਵੀ ਸ਼ਬਦ ਵਿੱਚ ਕਿਸੇ ਮਨੁੱਖ ਨੂੰ ਨੁਕਸਾਨ ਪਹੁੰਚਾਉਣ ਦੀ ਜੁਗਤੀ ਦ੍ਰਿੜ ਨਹੀਂ
ਕਰਵਾਈ ਗਈ ਹੈ। ਗੁਰਬਾਣੀ ਦਾ ਸੱਚ ਤਾਂ ਸਾਨੂੰ ਇਹ ਉਪਦੇਸ਼ ਹੀ ਦ੍ਰਿੜ ਕਰਾਉਂਦਾ ਹੈ ਕਿ:
ਭਰਮੁ ਚੁਕਾਵਹੁ ਗੁਰਮੁਖਿ ਲਿਵ ਲਾਵਹੁ ਆਤਮੁ ਚੀਨਹੁ ਭਾਈ॥ ਨਿਕਟਿ ਕਰਿ
ਜਾਣਹੁ ਸਦਾ ਪ੍ਰਭੁ ਹਾਜਰੁ ਕਿਸੁ ਸਿਉ ਕਰਹੁ ਬੁਰਾਈ॥ (ਪੰਨਾ ੮੮੩) ਅਰਥ: ਹੇ ਭਾਈ! ਗੁਰੁ
ਦੀ ਸਰਨ ਪੈ ਕੇ ਪ੍ਰਭੂ-ਚਰਨਾਂ ਵਿੱਚ ਪ੍ਰੀਤ ਜੋੜੋ, (ਮਨ ਵਿਚੋਂ) ਭਟਕਣਾ ਦੂਰ ਕਰੋ, ਆਪਣੇ ਆਪ ਦੀ
ਪਛਾਣ ਕਰੋ (ਆਪਣੇ ਜੀਵਨ ਨੂੰ ਪੜਤਾਲਦੇ ਰਹੋ)। ਪਰਮਾਤਮਾ ਨੂੰ ਸਦਾ ਆਪਣੇ ਨੇੜੇ ਪ੍ਰਤੱਖ ਅੰਗ-ਸੰਗ
ਵੱਸਦਾ ਸਮਝੋ, (ਫਿਰ) ਕਿਸੇ ਨਾਲ ਭੀ ਕੋਈ ਭੈੜ ਨਹੀਂ ਕਰ ਸਕੋਗੇ। (ਇਹੀ ਹੈ ਸਹੀ ਜੀਵਨ-ਰਾਹ)।
ਜਿਹੜੇ ਪ੍ਰਾਣੀ ਦੂਜਿਆਂ ਦਾ ਬੁਰਾ ਚਿਤਵਦੇ ਹਨ, ਉਹ ਅਸਲ ਵਿੱਚ ਗੁਰਮਤਿ ਦੀ ਰਹਿਣੀ ਤੋਂ ਬਿਲਕੁਲ ਹੀ
ਅਣਜਾਣ ਹਨ। ਦੂਜਿਆਂ ਦਾ ਬੁਰਾ ਚਿਤਵਣਾ ਇਸ ਗੱਲ ਦਾ ਹੀ ਪ੍ਰਤੀਕ ਹੈ ਕਿ ਅਸੀਂ ਅਜੇ ਗੁਰਮਤ ਦੀ
ਜੀਵਨ-ਜੁਗਤ ਨੂੰ ਨਹੀਂ ਅਪਣਾਇਆ।
ਇਸ ਲਈ ਜਿਨ੍ਹਾਂ ਨੇ ਗੁਰਬਾਣੀ ਨੂੰ ਧਿਆਨ ਨਾਲ ਵਿਚਾਰ ਸਹਿਤ ਪੜ੍ਹਿਆ ਹੈ, ਉਹ ਦੂਜਿਆਂ ਦੀ ਜ਼ਬਾਨ
ਬੰਦ ਕਰਨ ਵਿੱਚ ਉਤਸੁਕ ਨਹੀਂ ਹੁੰਦੇ। ਉਹ ਆਪਣੇ ਆਪ ਨੂੰ ਵਿਕਾਰਾਂ ਤੋਂ ਉਪਰ ਉਠਾਉਣ ਵਿੱਚ ਹੀ
ਉਤਸੁਕ ਹੁੰਦੇ ਹਨ। ਗੁਰਮਤ ਦੀ ਜੀਵਨ-ਜੁਗਤ ਮਨੁੱਖ ਨੂੰ ਇਨ੍ਹਾਂ ਵਿਕਾਰਾਂ ਤੋਂ ਹੀ ਉਪਰ ਉਠਾਉਣ
ਵਿੱਚ ਸਹਾਇਤਾ ਕਰਦੀ ਹੈ। ਨਿਮਨ ਲਿਖਤ ਸ਼ਲੋਕ ਵਿੱਚ ਇਸ ਜੀਵਨ-ਜੁਗਤ ਦਾ ਹੀ ਵਰਣਨ ਕੀਤਾ ਗਿਆ ਹੈ:
ਕਬੀਰ ਗੂੰਗਾ ਹੂਆ ਬਾਵਰਾ ਬਹਰਾ ਹੂਆ ਕਾਨ॥ ਪਾਵਹੁ ਤੇ ਪਿੰਗੁਲ ਭਇਆ
ਮਾਰਿਆ ਸਤਿਗੁਰ ਬਾਨ॥ (ਪੰਨਾ ੧੩੭੪) ਅਰਥ: ਹੇ ਕਬੀਰ! (ਜਨੇਊ ਪਾ ਕੇ ਬ੍ਰਾਹਮਣ ਨੂੰ ਗੁਰੂ
ਧਾਰ ਕੇ, ਠਾਕੁਰ-ਪੂਜਾ ਅਤੇ ਹਰੇਕ ਦਿਨ-ਦਿਹਾਰ ਸਮੇਂ ਬ੍ਰਾਹਮਣ ਦੀ ਹੀ ਪੂਜਾ-ਸੇਵਾ ਕਰ ਕੇ ਗੁਰੂ
ਵਾਲਾ ਨਹੀਂ ਬਣ ਸਕੀਦਾ; ਜਿਸ ਨੂੰ ਸੱਚ-ਮੁੱਚ ਪੂਰਾ ਗੁਰੂ ਮਿਲਦਾ ਹੈ ਉਸ ਦਾ ਸਾਰਾ ਜੀਵਨ ਹੀ ਬਦਲ
ਜਾਂਦਾ ਹੈ) ਜਿਸ ਮਨੁੱਖ ਦੇ ਹਿਰਦੇ ਵਿੱਚ ਸਤਿਗੁਰੂ ਆਪਣੇ ਸ਼ਬਦ ਦਾ ਤੀਰ ਮਾਰਦਾ ਹੈ, ਉਹ (ਦੁਨੀਆ ਦੇ
ਭਾਣੇ) ਗੁੰਗਾ, ਕਮਲਾ, ਬੋਲ਼ਾ ਤੇ ਲੂਲ੍ਹਾ ਹੋ ਜਾਂਦਾ ਹੈ (ਕਿਉਂਕਿ ਉਹ ਮਨੁੱਖ ਮੂੰਹੋਂ ਮੰਦੇ ਬੋਲ
ਨਹੀਂ ਬੋਲਦਾ, ਉਸ ਨੂੰ ਕਿਸੇ ਦੀ ਮੁਥਾਜੀ ਨਹੀਂ ਹੁੰਦੀ, ਕੰਨਾਂ ਨਾਲ ਨਿੰਦਾ ਨਹੀਂ ਸੁਣਦਾ, ਅਤੇ
ਪੈਰਾਂ ਨਾਲ ਮੰਦੇ ਪਾਸੇ ਵੱਲ ਤੁਰ ਕੇ ਨਹੀਂ ਜਾਂਦਾ)।
ਸਿੱਖ ਇਤਿਹਾਸ ਵਿੱਚ ਕਦੀ ਵੀ ਕਿਸੇ ਵਲੋਂ ਆਪਣੇਵਿਰੋਧੀ ਦੀ ਜ਼ਬਾਨ ਬੰਦ ਕਰਨ ਲਈ ਇਸ ਤਰ੍ਹਾਂ ਦੇ
ਸਾਧਨ ਦੀ ਵਰਤੋਂ ਨਹੀਂ ਕੀਤੀ। ਹਾਂ, ਇਹ ਠੀਕ ਹੈ ਕਿ ਪ੍ਰਪੰਚੀਆਂ ਵਲੋਂ ਆਪਣੇ ਵਿਰੋਧੀਆਂ ਬਾਰੇ ਇਸ
ਤਰ੍ਹਾਂ ਦੀ ਕਾਮਨਾ ਕੀਤੀ ਜਾਂਦੀ ਹੈ ਪਰੰਤੂ ਉਨ੍ਹਾਂ ਦੀਆਂ ਬਦ ਅਸੀਸਾਂ ਨਾਲ ਕਦੀ ਕਿਸੇ ਦੀ ਜ਼ਬਾਨ
ਬੰਦ ਨਹੀਂ ਹੋਈ।
ਪੁਸਤਕ ਵਿੱਚ ਲੇਖਕ ਨੇ ਕਿਧਰੇ ਵੀ ਇਸ ਗੱਲ ਦਾ ਵਰਣਨ ਨਹੀਂ ਕੀਤਾ ਕਿ ਉਸ ਨੂੰ ਗੁਰਬਾਣੀ ਦੇ ਇਸ
ਤਰ੍ਹਾਂ ਦੇ ਮਹਾਤਮ ਦਾ ਕਿਵੇਂ ਪਤਾ ਚਲਿਆ? ਕੀ ਇਹ ਸਮਝਿਆ ਜਾਵੇ ਕਿ ਗੁਰਬਾਣੀ ਦੇ ਇਸ ਤਰ੍ਹਾਂ ਦੇ
ਮਹਾਤਮ ਦਾ ਪਤਾ ਇਸ ਪੁਸਤਕ ਦੇ ਲੇਖਕ ਨੂੰ ਹੀ ਲੱਗਾ ਹੈ?
ਗੁਰਬਾਣੀ ਨੂੰ ਵਿਚਾਰ ਸਹਿਤ ਪੜ੍ਹਨ ਦੀ ਲੋੜ ਹੈ। ਗੁਰਬਾਣੀ ਨੂੰ ਧਿਆਨ ਨਾਲ ਪੜ੍ਹਿਆਂ ਹੀ ਸਾਨੂੰ
ਗੁਰਬਾਣੀ ਦੀ ਜੀਵਨ-ਜੁਗਤ ਦੀ ਸਮਝ ਆਵੇਗੀ। ਇਸ ਸਮਝ ਦੀ ਬਰਕਤ ਨਾਲ ਹੀ ਅਸੀਂ ਇਸ ਜੀਵਨ-ਜੁਗਤ ਦੇ
ਧਾਰਨੀ ਬਣ ਸਕਾਂਗੇ। ਇਸ ਜੀਵਨ-ਜਾਚ ਨੂੰ ਭਾਵ ਬਾਣੀ ਨੂੰ ਪੜ੍ਹ ਬੁਝ ਮਨ ਵਸਾਵਣਿਆਂ ਅਨੁਸਾਰ ਇਸ ਨੂੰ
ਸਮਝ ਕੇ ਅਪਣਾਉਣਾ ਹੀ ਇਸ ਬਾਣੀ ਦਾ ਅਸਲ ਮਹਾਤਮ ਹੈ। ਇਸ ਲਈ ਇਸ ਮਹਾਤਮ ਨੂੰ ਹੀ ਹਾਸਲ ਕਰਨ ਲਈ
ਹੰਭਲਾ ਮਾਰਨ ਦੀ ਲੋੜ ਹੈ ਨਾ ਕਿ ਲੇਖਕ ਵਲੋਂ ਵਰਣਨ ਕੀਤੇ ਹੋਏ ਕਥਿਤ ਮਹਾਤਮ ਨੂੰ।
ਜਸਬੀਰ ਸਿੰਘ ਵੈਨਕੂਵਰ