ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਕਾਸ਼ਤ: “ਸਿੱਖ ਰਹਿਤ
ਮਰਯਾਦਾ” ਅਨੁਸਾਰ, ਸਿਰਲੇਖ “ਸੋ ਦਰੁ ਰਹਰਾਸਿ” ਹੇਠ ਇੰਜ ਜਾਣਕਾਰੀ ਦਿੱਤੀ ਹੋਈ ਹੈ ਕਿ ਸੋਦਰੁ
ਰਹਰਾਸਿ - ਸ਼ਾਮ ਵੇਲੇ ਸੂਰਜ ਡੁਬੇ ਪੜ੍ਹਨੀ। ਇਸ ਵਿੱਚ ਇਹ ਬਾਣੀਆਂ ਸ਼ਾਮਲ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖੇ ਹੋਏ ਨੌਂ ਸ਼ਬਦ (‘ਸੋਦਰੁ’
ਤੋਂ ਲੈ ਕੇ ‘ਸਰਣਿ ਪਰੇ ਕੀ ਰਾਖਹੁ ਸਰਮਾ’ ਤੱਕ), ਬੇਨਤੀ ਚੌਪਈ ਪਾਤਸ਼ਾਹੀ ੧੦ (‘ਹਮਰੀ ਕਰਉ ਹਾਥ ਦੈ
ਰਛਾ’ ਤੋਂ ਲੈ ਕੇ ‘ਦੁਸ਼ਟ ਦੋਖ ਤੇ ਲੇਹੁ ਬਚਾਈ’ ਤਕ, ਸਵੱਯਾ ‘ਪਾਹੇ ਗਹੇ ਜਬ ਤੇ ਤੁਮਰੇ’ ਅਤੇ
ਦੋਹਰਾ ‘ਸਗਲ ਦੁਆਰ ਕੋ ਛਾਡਕੇ’), ਅਨੰਦ ਦੀਆਂ ਪਹਿਲੀਆਂ ਪੰਜ ਪਉੜੀਆਂ ਤੇ ਅੰਤਲੀ ਇੱਕ ਪਉੜੀ*,
ਮੁੰਦਾਵਣੀ ਤੇ ਸਲੋਕ ਮਹਲਾ ੫ `ਤੇਰਾ ਕੀਤਾ ਜਾਤਉ ਨਾਹੀ’।
ਇਨ੍ਹਾਂ ਬਾਣੀਆਂ ਦਾ ਵੇਰਵਾ ਇੰਜ ਹੈ:-
ਸੋ ਦਰੁ ਅਤੇ ਸੋ ਪੁਰਖੁ, ਦੇ ਨੌਂ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ੮ ਤੋਂ ੧੨
ਪੰਨੇ ਉਪਰ ਅੰਕਤਿ ਹਨ।
ਅਨੰਦ ਦੀਆਂ ਪਹਿਲੀਆਂ ਪੰਜ ਪਉੜੀਆਂ ਤੇ ਅੰਤਲੀ ਇੱਕ ਪਉੜੀ, ਗੁਰੂ ਗ੍ਰੰਥ
ਸਾਹਿਬ ਦੇ ਪੰਨਾ ੯੧੭ ਅਤੇ ੯੨੨ ਉਪਰ ਪੜ੍ਹਣ ਦੀ ਕ੍ਰਿਪਾਲਤ ਕਰਨੀ ਜੀ।
ਮੁੰਦਾਵਣੀ ਤੇ ਸਲੋਕ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੧੪੨੯ ਉਪਰ ਅੰਕਤਿ ਹੈ।
“ਬੇਨਤੀ ਚੌਪਈ ਅਤੇ ਦੋਹਰਾ”, ਗੁਰੂ ਗ੍ਰੰਥ ਸਾਹਿਬ ਵਿੱਚ ਅੰਕਤਿ ਨਹੀਂ
ਅਤੇ ਨਾਹ ਹੀ ਇਸ ਵਾਰੇ ਸਿੱਖ ਰਹਿਤ ਮਰਯਾਦਾ ਅਤੇ ਨਿੱਤਨੇਮ ਦੇ ਗੁੱਟਕਿਆਂ ਵਿੱਚ ਕੋਈ ਸੰਕੇਤ ਦਿੱਤਾ
ਹੋਇਆ ਹੈ ਕਿ ਇਹ ਬਾਣੀ ਕਿਥੋਂ ਲਈ ਗਈ!
ਕਈ ਕਿਤਾਬਾਂ ਦੀ ਪੜਚੋਲ ਕਰਨ ਉਪ੍ਰੰਤ ਇਹ ਜਾਣਕਾਰੀ ਪ੍ਰਾਪਤ ਹੋਈ ਹੈ ਕਿ
“ਬੇਨਤੀ ਚੌਪਈ” ਪੜ੍ਹਣ ਤੋਂ ਬਾਅਦ ਜੇਹੜਾ “ਸਵੈਯਾ ਤੇ ਦੋਹਰਾ” ਪੜ੍ਹੇ ਜਾਂਦੇ ਹਨ, ਉਹ ਇੱਕ
ਸੰਗ੍ਰਹਿ “ਚੌਬੀਸ ਅਵਤਾਰ” ਦੇ ਅਖੀਰਲੇ ਲੜੀ ਨੰਬਰ ੮੬੩ ਅਤੇ ੮੬੪ ਵਿਖੇ ਪੜ੍ਹੇ ਜਾ ਸਕਦੇ
ਹਨ, ਜਿਸ ਵਿੱਚ ਪਹਿਲੀ ਚੌਪਈ ਇੰਜ ਆਰੰਭ ਹੁੰਦੀ ਹੈ:
ਅਬ ਚਉਬੀਸ ਉਚਰੌ ਅਵਤਾਰਾ। ਜਿਹ ਬਿਧਿ ਤਿਨ ਕਾ ਲਖਾ ਅਖਾਰਾ।
ਸੁਨੀਅਹੁ ਸੰਤ ਸਬੈ ਚਿਤ ਲਾਈ। ਬਰਨਤ ਸ੍ਹਯਾਮ ਜਥਾ ਮਤਿ ਭਾਈ। ੧।
ਡਾਕਟਰ ਰਤਨ ਸਿੰਘ ਜੱਗੀ ਅਤੇ ਡਾਕਟਰ ਗੁਰਸ਼ਰਨ ਕੌਰ ਜੱਗੀ, ਇਸ ਦੇ ਅਰਥ ਕਰਦੇ
ਹਨ: ਹੁਣ (ਮੈਂ) ਚੌਵੀ ਅਵਾਤਾਰਾ (ਦੀ ਕਥਾ) ਕਹਿੰਦਾ ਹਾਂ ਜਿਸ ਤਰ੍ਹਾਂ ਦੀ ਉਨ੍ਹਾਂ ਦੀ ਲੀਲਾ (
‘ਅਖਾਰਾ’ ) ਵੇਖੀ ਹੈ। ਹੇ ਸੰਤੋ! ਸਾਰੇ ਚਿੱਤ ਲਗਾ ਕੇ ਸੁਣੋ, ਸਿਆਮ (ਕਵੀ) ਨੂੰ
(ਜਿਹੋ ਜਿਹਾ) ਚੰਗਾ ਲਗਾ ਹੈ ਉਸ ਦਾ ਆਪਣੀ ਬੁੱਧੀ ਅਨੁਸਾਰ ਵਰਣਨ ਕੀਤਾ ਹੈ। ੧।
ਇਹ ਪੜ੍ਹਣ ਤੋਂ ਪ੍ਰਤੀਤ ਹੁੰਦਾ ਹੈ ਕਿ ਇਹ ਰਚਨਾ ਕਿਸੇ “ਸਿਆਮ ਕਵੀ” ਦੀ
ਲਿਖੀ ਹੋਈ ਹੈ ਅਤੇ ਇਸ ਵਿੱਚ ਹਿੰਦੂ ਦੇਵੀ-ਦੇਵਤਿਆਂ, ਪੁਰਾਤਨ ਅਵਤਾਰਾਂ ਤੇ ਰਾਜੇ-ਰਾਣੀਆਂ ਦੀਆਂ
ਮਿਥਿਹਾਸਕ ਕਹਾਣੀਆਂ ਦਾ ਹੀ ਵਰਣਨ ਕੀਤਾ ਹੋਇਆ ਹੈ। ਜੇ ਐਸਾ ਸਾਕਤ ਲਿਖਾਰੀ ਰਾਮ, ਰਹੀਮ, ਪੁਰਾਨ,
ਕੁਰਾਨ ਨੂੰ ਨਹੀਂ ਮੰਨਦਾ, ਤਾਂ ਇਹ ਸਾਰਾ ਪ੍ਰਸੰਗ ਲਿਖਣ ਦਾ ਇਹ ਭਾਵ ਨਹੀਂ ਕਿ ਉਹ ਇੱਕ ਅਕਾਲ ਪੁਰਖ
ਨੂੰ ਹੀ ਮੰਨਣ ਵਾਲਾ ਹੈ? ਦੋਹਰਾ ੮੬੪ ਤੋਂ ਬਾਅਦ, ਇਹ ਬਿਆਨ ਕੀਤਾ ਹੋਇਆ ਹੈ ਕਿ “ਇਥੇ ਸ੍ਰੀ
ਬਚਿਤ੍ਰ ਨਾਟਕ ਗ੍ਰੰਥ ਦੇ ਰਾਮਾਇਣ ਦੀ ਸਮਾਪਤੀ”।
ਆਓ, ਹੁਣ “ਬੇਨਤੀ ਚੌਪਈ” ਵਾਰੇ ਪਤਾ ਕਰੀਏ!
“ਸ੍ਰੀ ਦਸਮ-ਗ੍ਰੰਥ ਸਾਹਿਬ” ਦੀ ਵਿਆਖਿਆ, ਡਾਕਟਰ ਰਤਨ ਸਿੰਘ ਜੱਗੀ ਅਤੇ
ਡਾਕਟਰ ਗੁਰਸ਼ਰਨ ਕੌਰ ਜੱਗੀ ਨੇ ਪੰਜਾਂ ਭਾਗਾਂ ਵਿੱਚ ਕੀਤੀ, ਜਿਸ ਨੂੰ ਗੋਬਿੰਦ ਸਦਨ ਇੰਨਸਟੀਚਿਊਟ
ਫਾਰ ਐਡਵਾਂਸਡ ਸਟੱਡੀਜ਼ ਇਨ ਕੰਪੈਰੇਟਿਵ ਰਿਲਜਿਨ, ਗਦਾਈਪੁਰ, ਮਹਿਰੌਲੀ, ਨਵੀਂ ਦਿੱਲੀ-੧੧੦੦੩੦ ਨੇ
‘ਖਾਲਸਾ ਤੀਜੀ ਜਨਮ ਸ਼ਤਾਬਦੀ ੧੩ ਅਪ੍ਰੈਲ ੧੯੯੯ ਨੂੰ ਪ੍ਰਕਾਸ਼ਤ ਕੀਤਾ। ਇਸ ਵਿੱਚ ਅੰਕਤਿ ਰਚਨਾਵਾਂ
ਹਨ:
1. ਜਾਪ ਸਾਹਿਬ; ੨. ਅਕਾਲ ਉਸਤਤਿ; ੩. ਬਚਿਤ੍ਰ ਨਾਟਕ; ੪. ਚੰਡੀ
ਚਰਿਤ੍ਰ (ਉਕਤਿ ਬਿਲਾਸ); ੫. ਚੰਡੀ ਚਰਿਤ੍ਰ ੨; ੬. ਵਾਰ ਦੁਰਗਾ ਕੀ (ਚੰਡੀ ਦੀ ਵਾਰ); ੭. ਗਿਆਨ
ਪ੍ਰਬੋਧ; ੮. ਚੌਬੀਸ ਅਵਤਾਰ; ੯. ਕ੍ਰਿਸਨਾਵਤਾਰ; ੧੦. ਚੌਬੀਸ ਅਵਤਾਰ (ਨਰ ਅਵਤਾਰ, ਬਊਦ ਅਵਤਾਰ,
ਨਿਹਕਲੰਕੀ ਅਵਤਾਰ, ਮਹਿਦੀ ਅਵਤਾਰ); ੧੧. ਬ੍ਰਹਮਾ ਅਵਤਾਰ; ੧੨. ਰੁਦ੍ਰ ਅਵਤਾਰ (ਦੱਤ, ਪਾਰਸਨਾਥ);
੧੩. ਸ਼ਬਦ; ੧੪. ਸਵੈਯੇ; ੧੫. ਸ਼ਸਤ੍ਰ ਨਾਮ ਮਾਲਾ; ੧੬. ਚਰਿਤ੍ਰੋਪਾਖਿਆਨ; ੧੭. ਜ਼ਫਰਨਾਮਾ ਅਤੇ ੧੮.
ਹਿਕਾਇਤਾਂ।
“ਚਰਿਤ੍ਰੋਪਾਖਿਆਨ” ਇੱਕ ਬਹੁਤ ਲੰਬੀ ਕਾਵ-ਰਚਨਾ ਹੈ, ਜਿਸ ਵਿੱਚ ਕਈ
ਪ੍ਰਕਾਰ ਦੀਆਂ ਚੌਪਈਆਂ, ਦੋਹਰੇ, ਸੋਰਠਾ, ਅੜਿਲ, ਆਦਿਕ ਅਤੇ ਇਨ੍ਹਾਂ ਦੇ ਕੁਲ ਲੜੀ ਨੰਬਰ ਹਨ = ੭,
੫੩੯ ਅਤੇ ਇਸ ਨੂੰ ੪੦੪ ਚਰਿਤ੍ਰਾਂ ਵਿੱਚ ਅੰਕਤਿ ਕੀਤਾ ਹੋਇਆ ਹੈ (ਚਰਿਤ੍ਰ ਨੰਬਰ ੧ ਤੋਂ ਲੈ ਕੇ ੪੦੪
ਤੱਕ)। ਇਸ ਦਾ ਪਹਿਲਾ ਛੰਦ ਹੈ:
ਤੁਹੀ ਖੜਗਧਾਰਾ ਤੁਹੀ ਬਾਢਵਾਰੀ॥ ਤੁਹੀ ਤੀਰ ਤਰਵਾਰ ਕਾਤੀ ਕਟਾਰੀ।
ਹਲਬੀ ਜੁਨਬੀ ਮਗਰਬੀ ਤੁਹੀ ਹੈ। ਨਿਹਾਰੌ ਜਹਾ ਆਪੁ ਠਾਢੀ ਵਹੀ ਹੈ। ੧।
ਅਰਥ: ਸ੍ਰੀ ਭਗੌਤੀ ਨੂੰ ਨਮਸਕਾਰ ਕਰਕੇ, ਪਾਖਿਆਨ ਦਾ ਪਹਿਲਾ ਚਰਿਤ੍ਰ ਸ਼ੁਰੂ
ਹੁੰਦਾ ਹੈ। ਤੂੰ ਹੀ ਖੜਗ ਦੀ ਧਾਰ ਅਤੇ ਤੂੰ ਹੀ ਵਢਣ ਵਾਲੀ ਤਲਵਾਰ ਹੈ। ਤੂੰ ਹੀ ਤੀਰ, ਤਲਵਾਰ,
ਕਾਤੀ, ਕਟਾਰੀ, ਹਲਬੀ, ਜੁਨਬੀ, ਮਗਰਬੀ (ਆਦਿ ਇਲਾਕਿਆਂ ਦੇ ਸ਼ਸਤ੍ਰ ਅਸਤ੍ਰ) ਹੈਂ। ਜਿਥੇ ਵੀ ਵੇਖਦਾ
ਹਾਂ, ਉਥੇ ਹੀ (ਤੂੰ) ਆਪ ਖੜੋਤੀ ਹੈ। ੧।
ਇਵੇਂ ਹੀ ਆਖੀਰਲਾ ਚਰਿਤ੍ਰ ਨੰਬਰ ੪੦੪ (ਲੜੀ ਨੰਬਰ ੧ ਤੋਂ ੪੦੫ ਤੱਕ) ਸ਼ੁਰੂ
ਹੁੰਦਾ ਹੈ:
ਸਬੁਧਿ ਬਾਚ ਚੌਪਈ
ਸਤਿ ਸੰਧਿ ਇੱਕ ਭੂਪ ਭਨਿਜੈ। ਪ੍ਰਥਮੇ ਸਤਿਜੁਗ ਬੀਚ ਕਹਿਜੈ।
ਜਿਹ ਜਸ ਪੁਰੀ ਚੌਦੰਹੂ ਛਾਯੋ। ਨਾਰਦ ਰਿਖਿ ਤਬ ਰਾਇ ਮੰਗਾਯੋ। ੧।
ਅਰਥ: ਸਬੁਧਿ ਨੇ ਕਿਹਾ - ਚੌਪਈ। ਸਤਿ ਸੰਧਿ ਨਾ ਦਾ ਇੱਕ ਰਾਜਾ ਦਸਿਆ ਜਾਂਦਾ
ਸੀ। (ਉਹ) ਪਹਿਲੇ (ਯੁਗ, ਅਰਥਾਤ) ਸਤਿਯੁਗ ਵਿੱਚ ਹੋਇਆ ਕਿਹਾ ਜਾਂਦਾ ਸੀ। ਉਸ ਦਾ ਯਸ਼ ਚੌਦਾਂ ਲੋਕਾਂ
ਵਿੱਚ ਪਸਰਿਆ ਹੋਇਆ ਸੀ। ਤਦ ਰਾਜੇ ਨੇ ਨਾਰਦ ਰਿਸ਼ੀ ਨੂੰ ਆਪਣੇ ਕੋਲ ਬੁਲਾਇਆ। ੧। ਇੰਜ, ਇਹ ਪ੍ਰਸੰਗ
ਚਲਦਾ ਚਲਦਾ ਲੜੀ ਨੰਬਰ ੩੭੫ `ਤੇ ਆ ਜਾਂਦਾ ਹੈ:
ਪੁਨਿ ਰਾਛਸ ਕਾ ਕਾਟਾ ਸੀਸਾ। ਸ੍ਰੀ ਅਸਿਕੇਤੁ ਜਗਤ ਕੇ ਈਸਾ।
ਪੁਹਪਨ ਬ੍ਰਿਸਟਿ ਗਗਨ ਤੇ ਭਈ। ਸਭਹਿਨ ਆਨਿ ਬਧਾਈ ਦਈ। ੩੭੫।
ਅਰਥ: ਫਿਰ ਜਗਤ ਦੇ ਸੁਆਮੀ ਅਸਿਕੇਤੁ ਨੇ ਰਾਖਸ਼ ਦਾ ਸੀਸ ਕਟ ਦਿੱਤਾ। ਆਕਾਸ਼
ਤੋਂ ਫੁਲਾਂ ਦੀ ਬਰਖਾ ਹੋਈ। ਸਾਰਿਆਂ ਨੇ ਆ ਕੇ ਵਧਾਈ ਦਿੱਤੀ। ੩੭੫।
ਧੰਨ੍ਹਯ ਧੰਨ੍ਹਯ ਲੋਗਨ ਕੇ ਰਾਜਾ। ਦੁਸਟਨ ਦਾਹ ਗਰੀਬ ਨਿਵਾਜਾ।
ਅਖਲ ਭਵਨ ਕੇ ਸਿਰਜਨਹਾਰੇ। ਦਾਸ ਜਾਨਿ ਮੁਹਿ ਲੇਹੁ ਉਬਾਰੇ। ੩੭੬।
ਅਰਥ: (ਅਤੇ ਕਿਹਾ) ਹੇ ਲੋਕਾਂ ਦੇ ਰਾਜੇ! ਤੁਸੀਂ ਧੰਨ ਹੋ, (ਤੁਸੀਂ)
ਦੁਸ਼ਟਾਂ ਨੂੰ ਮਾਰ ਕੇ ਗ਼ਰੀਬਾਂ ਦੀ ਰਖਿਆ ਕੀਤੀ ਹੈ। ਹੇ ਸਾਰੇ ਸੰਸਾਰ ਦੀ ਸਿਰਜਨਾ ਕਰਨ ਵਾਲੇ! ਦਾਸ
ਜਾਣ ਕੇ ਮੇਰੀ ਰਖਿਆ ਕਰੋ। ੩੭੬।
{ਅਸ਼ਲੀਲੀ, ਲੱਚਰ, ਬੇਸ਼ਰਮੀ ਪ੍ਰਸੰਗਾਂ ਵਾਰੇ ਤਾਂ ਬਚਿਤ੍ਰ ਨਾਟਕ ਨੂੰ ਪੜ੍ਹਣ
ਵਾਲੇ ਹੀ ਜਾਣਨ?}
ਇਸ ਤੋਂ ਬਾਅਦ, ਸਿੱਖ ਰਹਿਤ ਮਰਯਾਦਾ ਵਾਲੀ “ਕਬ੍ਹਯੋ ਬਾਚ
ਬੇਨਤੀ ਚੌਪਈ” ਆਰੰਭ ਹੁੰਦੀ ਹੈ:
ਹਮਰੀ ਕਰੋ ਹਾਥ ਦੈ ਰਛਾ। ਪੂਰਨ ਹੋਇ ਚਿਤ ਕੀ ਇਛਾ।
ਤਵ ਚਰਨਨ ਮਨ ਰਹੈ ਹਮਾਰਾ। ਅਪਨਾ ਜਾਨ ਕਰੋ ਪ੍ਰਤਿਪਾਰਾ। ੩੭੭।
ਅਰਥ: ਕਵੀ ਨੇ ਬੇਨਤੀ ਕੀਤੀ, ਚੌਪਈ: (ਹੇ ਪਰਮ ਸੱਤਾ!) ਆਪਣਾ ਹੱਥ ਦੇ ਕੇ
ਮੇਰੀ ਰਖਿਆ ਕਰੋ। (ਤਾਂ ਜੋ) ਮੇਰੇ ਚਿਤ ਦੀ ਇੱਛਾ ਪੂਰੀ ਹੋ ਜਾਏ। ਮੇਰਾ ਮਨ (ਸਦਾ) ਤੁਹਾਡੇ ਚਰਨਾਂ
ਨਾਲ ਜੜਿਆ ਰਹੇ। ਆਪਣਾ ਜਾਣ ਕੇ ਮੇਰੀ ਪ੍ਰਤਿਪਾਲਨਾ ਕਰੋ। ੩੭੭।
ਜੇ ਅਸਿਧੁਜ ਤਵ ਸਰਨੀ ਪਰੇ। ਤਿਨ ਕੇ ਕਾਲ ਦੁਸਟ ਦੁਖਿਤ ਹੈਵ ਮਰੇ।
ਪੁਰਖ ਜਵਨ ਪਗੁ ਕਰੇ ਤਿਹਾਰੇ। ਤਿਨ ਕੇ ਤੁਮ ਸੰਕਟ ਸਭ ਟਾਰੇ। ੩੯੭।
ਅਰਥ: ਹੇ ਅਸਿਧੁਜ! ਜੋ ਤੁਹਾਡੀ ਸ਼ਰਨ ਵਿੱਚ ਪੈਂਦੇ ਹਨ, ਉਨ੍ਹਾਂ ਦੇ ਦੁਸ਼ਟ
(ਦੁਸ਼ਮਨ) ਦੁਖੀ ਹੋ ਕੇ ਮਰਦੇ ਹਨ। (ਜੋ) ਪੁਰਸ਼ ਤੁਹਾਡੀ ਸ਼ਰਨ ਵਿੱਚ ਪੈਂਦੇ ਹਨ, ਉਨ੍ਹਾਂ ਦੇ ਸਾਰੇ
ਸੰਕਟ ਤੁਸੀਂ ਦੂਰ ਕਰ ਦਿੰਦੇ ਹੋ। ੩੯੭।
ਖੜਗਕੇਤੁ ਮੈ ਸਰਨਿ ਤਿਹਾਰੀ। ਆਪੁ ਹਾਥ ਦੈ ਲੇਹੁ ਉਬਾਰੀ।
ਸਰਬ ਠੌਰ ਮੋ ਹੋਹੁ ਸਹਾਈ। ਦੁਸਟ ਦੋਖ ਤੇ ਲੇਹੁ ਬਚਾਈ। ੪੦੧।
ਅਰਥ: ਹੇ ਖੜਗਕੇਤ! ਮੈਂ ਤੁਹਾਡੀ ਸ਼ਰਨ ਵਿੱਚ ਹਾਂ। ਆਪਣਾ ਹੱਥ ਦੇ ਕੇ
(ਮੈਨੂੰ) ਬਚਾ ਲਵੋ। ਸਭ ਥਾਂਵਾਂ ਤੇ ਮੇਰੇ ਸਹਾਇਕ ਹੋ ਜਾਓ। ਦੁਸ਼ਟ (ਦੁਸ਼ਮਨ) ਅਤੇ ਦੁਖ ਤੋਂ ਬਚਾ
ਲਵੋ। ੪੦੧।
ਕ੍ਰਿਪਾ ਕਰੀ ਹਮ ਪਰ ਜਗਮਾਤਾ। ਗ੍ਰੰਥ ਕਰਾ ਪੂਰਨ ਸੁਭਰਾਤਾ।
ਕਿਲਬਿਖ ਸਕਲ ਦੇਖ ਕੋ ਹਰਤਾ। ਦੁਸਟ ਦੇਖਿਯਨ ਕੋ ਛੈ ਕਰਤਾ। ੪੦੨।
ਅਰਥ: ਮੇਰੇ ਉਤੇ ਜਗਮਾਤਾ ਨੇ ਕ੍ਰਿਪਾ ਕੀਤੀ ਹੈ (ਅਤੇ ਮੈਂ) ਸ਼ੁਭ
ਗੁਣਾਂ ਨਾਲ ਭਰਪੂਰ ( ‘ਸਭਰਾਤਾ’ ) ਗ੍ਰੰਥ ਪੂਰਾ ਕੀਤਾ ਹੈ। (ਉਹੀ) ਮੇਰੇ ਸ਼ਰੀਰ ਦੇ ਸਾਰੇ ਪਾਪਾਂ
ਨੂੰ ਨਸ਼ਟ ਕਰਨ ਵਾਲੀ ਅਤੇ ਦੁਸ਼ਟਾਂ (ਵੈਰੀਆਂ) ਅਤੇ ਦੋਖੀਆਂ ਨੂੰ ਨਸ਼ਟ ਕਰਨ ਵਾਲੀ ਹੈ।
੪੦੨। (ਇਹ ਦੇਵੀ, ਅਕਾਲ ਪੁਰਖ ਤਾਂ ਨਹੀਂ ਹੋ ਸਕਦੀ)
ਸ੍ਰੀ ਅਸਿਧੁਜ ਜਬ ਭਏ ਦਯਾਲਾ। ਪੂਰਨ ਕਰਾ ਗ੍ਰੰਥ ਤਤਕਾਲਾ।
ਮਨ ਬਾਛਤ ਫਲ ਪਾਵੈਂ ਸੋਈ। ਦੁਖ ਨ ਤਿਸੈ ਬਿਆਪਤ ਕੋਈ। ੪੦੩।
ਅਰਥ: ਜਦ ਸ੍ਰੀ ਅਸਿਧੁਜ (ਮਹਾ ਕਾਲ) ਦਿਆਲ ਹੋਏ, ਤਾਂ ਉਸੇ ਵੇਲੇ (ਮੈਂ ਇਹ)
ਗ੍ਰੰਥ ਮੁਕੰਮਲ ਕਰ ਲਿਆ। (ਜੋ ਇਸ ਦਾ ਪਠਨ ਪਾਠਨ ਕਰੇਗਾ) ਉਹ ਮਨ-ਇੱਛਤ ਫਲ ਪ੍ਰਾਪਤ ਕਰੇਗਾ। ਉਸ
ਨੂੰ ਕੋਈ ਵੀ ਦੁਖ ਵਿਆਪਤ ਨਹੀਂ ਹੋਵੇਗਾ। ੪੦੩। (ਸ੍ਰੀ ਅਸਿਧੁਜ ਭੀ ਹਿੰਦੂਆਂ ਦਾ ਕੋਈ ਦੇਵਤਾ ਹੀ
ਹੋਵੇਗਾ)
ਅੜਿਲ
ਸੁਨੈ ਗੁੰਗ ਜੋ ਯਾਹਿ ਸੁ ਰਸਨਾ ਪਾਵਈ। ਸੁਨੈ ਮੁੜ ਚਿਤ ਲਾਇ ਚਤੁਰਤਾ ਆਵਈ।
ਦੂਖ ਦਰਦ ਭੌ ਨਿਕਟ ਨ ਤਿਨ ਨਰ ਕੋ ਰਹੈ। ਹੋ ਜੋ ਯਾ ਕੀ ਏਕ ਬਾਰ ਚੌਪਈ ਕੋ
ਕਹੈ। ੪੦੪।
ਅਰਥ: ਇਸ ਗ੍ਰੰਥ ਨੂੰ ਜੇ ਗੁੰਗਾ ਸੁਣੇਗਾ, (ਤਾਂ) ਉਹ ਜੀਭ ਪ੍ਰਾਪਤ ਕਰ
ਲਵੇਗਾ। ਜੇ ਮੂਰਖ ਚਿਤ ਲਗਾ ਕੇ ਸੁਣੇਗਾ, (ਤਾਂ ਉਸ ਦੇ ਅੰਦਰ) ਸਿਆਣਪ ਆ ਜਾਏਗੀ। ਉਸ ਵਿਅਕਤੀ ਦੇ
ਨੇੜੇ ਦੁਖ, ਦਰਦ ਅਤੇ ਭੈ ਨਹੀਂ ਰਹੇਗਾ, ਜੋ ਇੱਕ ਵਾਰ ਇਸ ਚੌਪਈ ਦਾ ਪਾਠ ਕਰੇਗਾ। ੪੦੪। (ਹੁਣ ਤੇ
ਹਜ਼ਾਰਾਂ ਵਾਰ ਹੋ ਰਿਹਾ ਹੈ)
ਚੌਪਈ
ਸੰਬਤ ਸਤ੍ਰਹ ਸਹਸ ਭਣਿਜੈ। ਅਰਧ ਸਹਸ ਫੁਨਿ ਤੀਨਿ ਕਹਿਜੈ।
ਭਾਦ੍ਰਵ ਸੁਦੀ ਅਸਟਮੀ ਰਵਿ ਵਾਰਾ। ਤੀਰ ਸਤੁਦ੍ਰਵ ਗ੍ਰੰਥ ਸੁਧਾਰਾ। ੪੦੫।
ਇਤਿ ਸ੍ਰੀ ਚਰਿਤ੍ਰ ਪਖ੍ਹਯਾਨੋ ਤ੍ਰਿਯਾ ਚਰਿਤ੍ਰੋ ਮੰਤ੍ਰੀ ਭੂਪ ਸੰਬਾਦੋਂ
ਚਾਰ ਸੌ ਚਾਰ ਚਰਿਤ੍ਰ ਸਮਾਪਤਮ
ਸਤੁ ਸੁਭਮ ਸਤੁ। ੪੦੪। ੭੫੩੯। ਸਮਾਪਤਮ।
ਅਰਥ: (ਪਹਿਲਾਂ) ਸਤਾਰਾਂ ਸੌ ਸੰਮਤ ਕਹੋ ਅਤੇ (ਫਿਰ ਉਸ ਨਾਲ) ਅੱਧਾ ਸੌ
(੫੦) ਅਤੇ ਤਿੰਨ ਕਹੋ (ਅਰਥਾਤ, ੧੭੫੩ ਬਿ: )। ਭਾਦੋਂ ਮਹੀਨੇ ਦੀ ਸੁਦੀ ਅੱਠਵੀਂ ਐਤਵਾਰ ਨੂੰ ਸਤਲੁਜ
ਨਦੀ ਦੇ ਕੰਢੇ (ਬੈਠ ਕੇ ਇਹ) ਗ੍ਰੰਥ ਸੰਪੂਰਨ ਕੀਤਾ। ੪੦੫।
“ਸਿੱਖ ਰਹਿਤ ਮਰਯਾਦਾ” ਵਿੱਚ ਕੋਈ ਵੇਰਵਾ ਨਹੀਂ ਦਿੱਤਾ ਹੋਇਆ ਕਿ ਇਹ
“ਚੌਪਈ” ਕਿਵੇਂ ਅੰਕਤਿ ਕੀਤੀ ਗਈ ਅਤੇ ਇਸ ਦੇ ਲੜੀ ਨੰਬਰ ੩੭੭ ਤੋਂ ਲੈ ਕੇ ੪੦੧ ਨੂੰ ਕਿਉਂ
ਬਦਲੇ ਗਏ, ਜਿਵੇਂ ਗੁੱਟਕਿਆਂ ਵਿੱਚ ਇਨ੍ਹਾਂ ਦਾ ਲੜੀ ਨੰਬਰ ੧ ਤੋਂ ੨੫ ਲਿਖਿਆ ਹੋਇਆ ਹੈ? ਫਿਰ,
ਬਾਕੀ ਦੇ ਆਖੀਰਲੇ ਲੜੀ ਨੰਬਰ ੪੦੨ ਤੋਂ ਲੈ ਕੇ ੪੦੫ ਤੱਕ ਕਿਉਂ ਨਹੀਂ ਸ਼ਾਮਲ ਕੀਤੇ ਗਏ? ਕੀ ਇਹ
ਬੇਨਤੀ ਚੌਪਈ, ਗੁਰੂ ਗ੍ਰੰਥ ਸਾਹਿਬ ਵਿੱਚ ਅੰਕਤਿ ਗੁਰਬਾਣੀ ਨਾਲ ਮੇਲ ਖਾਦੀ ਹੈ?
ਇਸ “ਕਬ੍ਹਯੋ ਬਾਚ ਬੇਨਤੀ ਚੌਪਈ” ਅਤੇ “ਚਰਿਤ੍ਰੋਪਾਖਿਆਨ” ਦੀਆਂ
ਹੋਰ ਰਚਨਾਵਾਂ ਵਿਚੋਂ ਐਸਾ ਕੋਈ ਸੰਕੇਤ ਨਹੀਂ ਮਿਲਦਾ, ਜਿਸ ਦੇ ਆਧਾਰ ਤੇ ਇਹ ਕਿਹਾ ਜਾ ਸਕੇ ਕਿ ਇਹ
ਸਾਰੀ ਵਾਰਤਾ ਗੁਰੂ ਗੋਬਿੰਦ (ਰਾਇ) ਸਿੰਘ ਸਾਹਿਬ ਦੀ ਆਪਣੀ ਕਿਰਤ ਹੋਵੇ। ਜਿਵੇਂ, ਗੁਰੂ ਸਾਹਿਬਾਨ
ਦੀ ਬਾਣੀ (੩੧) ਰਾਗਾਂ ਵਿੱਚ ਉਚਾਰਣ ਕੀਤੀ ਹੋਈ ਹੈ ਅਤੇ ਉਨ੍ਹਾਂ ਦੀ ਬਾਣੀ “ਮਹਲਾ ੧, ੨, ੩, ੪, ੫
ਅਤੇ ੯” ਹੇਠ ਸ਼ੁਰੂ ਹੁੰਦੀ ਹੈ ਅਤੇ “ਨਾਨਕ” ਨਾਮ ਨਾਲ ਸਮਾਪਤ ਹੁੰਦੀ ਹੈ। ਪਰ, ਇਹ ਚੌਪਈ ਤਾਂ ਕਿਸੇ
ਕਵੀ ਦੀ ਲਿਖੀ ਹੋਈ ਜਾਪਦੀ ਹੈ!
ਚਲੋ ਜੇ ਇੱਕ ਪਲ ਲਈ, ਇਹ ਮਨ ਭੀ ਲਿਆ ਜਾਏ ਕਿ ਇਹ ਚਰਿਤ੍ਰੋਪਾਖਿਆਨ ਗ੍ਰੰਥ,
ਗੁਰੂ ਗੋਬਿੰਦ ਰਾਏ ਸਾਹਿਬ ਨੇ ੧੭੫੩ ਬਿਕਰਮੀ (ਭਾਵ, ੧੬੯੬ ਈਸਵੀ) ਨੂੰ ਲਿਖਵਾ ਲਿਆ ਸੀ, ਤਾਂ ਇਸ
ਵਾਰੇ ਗੁਰੂ ਸਾਹਿਬ ਨੇ ਨਾਹ ਤਾਂ ੩੦ ਮਾਰਚ ੧੬੯੯ ਨੂੰ ਕੋਈ ਜਾਣਕਾਰੀ ਦਿੱਤੀ ਮਿਲਦੀ ਹੈ ਅਤੇ ਨਾਹ
ਹੀ ੬ ਅਕਤੂਬਰ ੧੭੦੮ ਨੂੰ?
ਖ਼ੈਰ, ਅਸੀਂ ਬਾਹਰ ਬੈਠੇ ਸਿੱਖ ਪਰਿਵਾਰ ਇਸ ਵਾਰੇ ਖ਼ੋਜ ਕਰਨ ਤੋਂ ਅਸਮਰੱਥ
ਹਾਂ ਕਿਉਂਕਿ ਪੁਰਾਤਨ ਖਰੜੇ ਤਾਂ ਪੰਜਾਬ ਵਿਖੇ ਹੀ ਉਪਲਬਧ ਹੋ ਸਕਦੇ ਹਨ। ਪਰ, ਹੁਣ ਤੱਕ ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉਨ੍ਹਾਂ ਵਲੋਂ ਲਗਾਏ ਹੋਏ ਪ੍ਰਬੰਧਕਾਂ ਨੇ ਕੋਈ ਸੇਧ ਦੇਣ ਦੀ
ਕ੍ਰਿਪਾਲਤਾ ਨਹੀਂ ਕੀਤੀ। ਸਗੋਂ, ਜਦੋਂ ਭੀ ਕਿਸੇ ਸਿੱਖ ਨੇ ਮੇਹਨਤ ਕਰਕੇ, ਕੋਈ ਖ਼ੋਜ ਕਰਨ ਦਾ
ਓਪਰਾਲਾ ਕੀਤਾ, ਤਾਂ ਉਸ ਨੂੰ ਗੁਰੂ ਪੰਥ ਵਿਚੋਂ ਹੀ ਖ਼ਾਰਜ ਕਰ ਦਿੱਤਾ ਗਿਆ ਤਾਂ ਜੋ ਹੋਰ ਕੋਈ ਐਸੀ
ਵਿਚਾਰ ਪ੍ਰਗਟ ਨਾ ਕਰੇ? ਕਈ ਸਿੱਖ ਮੰਡਲੀਆਂ ਤਾਂ ਬੇਨਤੀ ਚੌਪਈ ਦਾ ਪਾਠ ਕਰਨ ਵਿੱਚ ਇਵੇਂ ਮਸਤ ਹਨ
ਜਿਵੇਂ ਕਿ ਉਨ੍ਹਾਂ ਦੀਆਂ ਸਾਰੀਆ ਮੁਰਾਦਾਂ ਪੂਰੀਆਂ ਹੋ ਜਾਣ (ਦੇਖੋ, ਲੜੀ ਨੰਬਰ ੪੦੨, ੪੦੩, ੪੦੪)
ਅਤੇ ਗੁਰੂ ਗ੍ਰੰਥ ਸਾਹਿਬ ਦੇ ਪੰਨੇ ੪੧੭-੪੧੮॥ {ਦੋਵੇਂ ਸ਼ਬਦ ਪੜ੍ਹਣ ਨਾਲ
ਹੋਰ ਭੀ ਸੋਝੀ ਪ੍ਰਾਪਤ ਹੋਵੇਗੀ}
ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ॥ ਥਾਨ ਮੁਕਾਮ ਜਲੇ ਬਿਜ
ਮੰਦਰ
ਮੁਛਿ ਮੁਛਿ ਕੋਇਰ ਰੁਲਾਇਆ॥ ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ॥
੪॥
ਇਸ ਸਾਲ, ਗੁਰੂ ਗ੍ਰੰਥ ਸਾਹਿਬ ਦਾ (੩੦੦) ਸਾਲਾ ਗੁਰਗੱਦੀ ਦਿਵਸ ੭ ਅਕਤੂਬਰ
੨੦੦੮ ਨੂੰ ਆ ਰਿਹਾ ਹੈ। ਇਸ ਲਈ, ਸਾਰੇ ਸਿੱਖਾਂ ਨੂੰ ਹੀ ਬੇਨਤੀ ਹੈ ਕਿ ਸਾਨੂੰ ਗੁਰੂ ਗੋਬਿੰਦ ਸਿੰਘ
ਸਾਹਿਬ ਦੇ ਹੁਕਮ ਅਨੁਸਾਰ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਮੰਨਣਾ ਚਾਹੀਦਾ ਹੈ ਅਤੇ ਕਿਸੇ ਹੋਰ
ਗ੍ਰੰਥ ਜਾਂ ਰਚਨਾ ਦਾ ਸਹਾਰਾ ਨਾਹ ਲਈਏ। ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ੧ ਤੋਂ ੧੩ ਪੰਨੇ ਧਿਆਨ
ਨਾਲ ਪੜ੍ਹੀਏ ਤਾਂ ਸੋਝੀ ਮਿਲਦੀ ਹੈ ਕਿ ਸਵੇਰੇ “ਜਪੁ ਜੀ ਸਾਹਿਬ”, ਸ਼ਾਮ ਨੂੰ “ਰਹਿਰਾਸ”
ਅਤੇ ਸੌਣ ਵੇਲੇ “ਸੋਹਿਲਾ” ਦਾ ਰੋਜ਼ ਪਾਠ ਕਰਨਾ ਸਾਡਾ ਨਿੱਤਨੇਮ ਹੋਵੇ ਅਤੇ ਉਸ ਤੋਂ
ਉਪ੍ਰੰਤ ਹੋਰ ਵਧੇਰੇ ਬਾਣੀ ਸੋਚ-ਸਮਝ ਕੇ ਭੀ ਪੜ੍ਹੀ ਜਾਵੇ। ਇਸ ਲਈ, ਸਿੱਖ ਰਹਿਤ ਮਰਯਾਦਾ ਨੂੰ
ਦੁਬਾਰਾ ਸੋਧਿਆ ਜਾਣਾ ਚਾਹੀਦਾ ਹੈ ਤਾਂ ਜੋ ਸਾਡਾ “ਨਿੱਤਨੇਮ ਅਤੇ ਅੰਮ੍ਰਿਤ ਸੰਸਕਾਰ” ਗੁਰੂ ਗ੍ਰੰਥ
ਸਾਹਿਬ ਅਨੁਸਾਰ ਹੀ ਕੀਤਾ ਜਾਵੇ।
ਬੇਨਤੀ ਕਰਤਾ ਅਤੇ ਖਿਮਾ ਦਾ ਜਾਚਕ, ਇੱਕ ਭੁਲਣਹਾਰ ਸਾਧਾਰਨ ਸਿੱਖ,