.

‘ਅਕਾਲ ਤਖ਼ਤ’ ਦੇ ਵਿਸ਼ੇ `ਤੇ ਹੋਈ ਵਿਚਾਰ-ਚਰਚਾ ਦਾ ਵਿਸ਼ਲੇਸ਼ਣ

ਮਾਰਚ, 2011 ਦੇ ਆਖੀਰਲੇ ਹਫ਼ਤੇ, ਡਾ: ਇਕਬਾਲ ਸਿੰਘ ਢਿੱਲੋਂ ਦਾ ਲੇਖ ‘ਅਕਾਲ ਤਖਤ ਦੀ ਸਥਿਤੀ’ ਦੇ ‘ਸਿਖ ਮਾਰਗ’ `ਤੇ ਛਪਣ ਉਪਰੰਤ, 29 ਮਾਰਚ ਨੂੰ ਇਹ ਵਿਚਾਰ-ਚਰਚਾ ਆਰੰਭ ਹੋਈ ਤੇ ਹੁਣ ਤਕ ਚਲ ਰਹੀ ਹੈ! ! ਕਈ ਕਾਰਣਾਂ ਕਰਕੇ, ਅਜੋਕੇ ‘ਅਕਾਲ ਤਖ਼ਤ’ ਅਤੇ ਇਸ ਦੀ ਵਿਵਸਥਾ ਦੇ ਗੰਭੀਰ ਵਿਸ਼ੇ `ਤੇ ਹੋਈ ਇਸ ਚਰਚਾ ਦੇ ਵਿਸ਼ਲੇਸ਼ਣ ਦੀ ਲੋੜ ਮਹਿਸੂਸ ਕਰਦਿਆਂ ਮੈਂ ਇਹ ਲੇਖ ਲਿਖ ਰਿਹਾ ਹਾਂ।

ਡਾ: ਢਿੱਲੋਂ ਦੇ ਵਿਚਾਰ:-

ਡਾ: ਢਿੱਲੋਂ ਦਾ ਵਿਚਾਰ ਹੈ ਕਿ ਕਥਿਤ ਅਕਾਲ ਤਖ਼ਤ ਦੀ ਵਿਵਸਥਾ ਦਾ ਸੰਕਲਪ ਗੁਰੁ ਜੀ ਦੀ ਦੇਣ ਨਹੀਂ। ਡਾ: ਢਿੱਲੋਂ ਦਾ ਕਹਿਣਾਂ ਹੈ ਕਿ ਸਰਬ-ਵਿਆਪਕ ਅਕਾਲ ਪੁਰਖ ਦੇ ਇਲਾਹੀ ਤਖ਼ਤ ਨੂੰ ਇੱਕ ਇਮਾਰਤ ਤਕ ਮਹਿਦੂਦ ਨਹੀਂ ਕੀਤਾ ਜਾ ਸਕਦਾ। ਲੇਖਕ ਅਨੁਸਾਰ, ਅਜੋਕੇ, ਭਵਨ-ਰੂਪੀ ‘ਅਕਾਲ ਤਖ਼ਤ’ ਦਾ ਸੰਕਲਪ, ਇਤਿਹਾਸ, ਭੂਮਿਕਾ ਅਤੇ ਇਸ ਨਾਲ ਜੁੜੀਆਂ ਧਾਰਨਾਵਾਂ ਗੁਰਮਤਿ ਅਨੁਸਾਰੀ ਨਾਂ ਹੋਣ ਕਾਰਣ ਪ੍ਰਮਾਣਿਕ (Authentic) ਨਹੀਂ ਹਨ, ਅਤੇ ਇਸ ਲਈ ਮੰਨਣ-ਯੋਗ ਵੀ ਨਹੀਂ। 20ਵੀਂ ਸਦੀ ਵਿੱਚ ਸ਼ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਤੇ ਸ਼ਰੋਮਣੀ ਅਕਾਲੀ ਦਲ ਨੇ, ਪੁਜਾਰੀ ਲਾਣੇ ਦੇ ਸਹਿਯੋਗ ਨਾਲ, ਆਪਣੇ ਸੁਆਰਥ ਲਈ ਇਸ ਵਿਵਸਥਾ ਦਾ ਅਵਿਸ਼ਕਾਰ ਕਰਕੇ ਸ਼੍ਰੱਧਾਲੂਆਂ ਦੀ ਮਾਨਸਿਕਤਾ ਵਿੱਚ ਇਸ ਦੀਆਂ ਜੜ੍ਹਾਂ ਪੱਕੀਆਂ ਕਰ ਦਿੱਤੀਆਂ। ਲੇਖਕ ਅਨੁਸਾਰ, ‘ਅਕਾਲ ਤਖ਼ਤ’ ਦੀ ਵਿਵਸਥਾ ਗੁਰਮਤੀ ਨਾਂ ਹੋਣ ਕਰਕੇ ਸ੍ਵਸਥ ਨਹੀਂ, ਸਗੋਂ, ਕੌਮ ਦੀਆਂ ਸਾਰੀਆਂ ਸਮੱਸਿਅਵਾਂ ਦਾ ਕਾਰਣ ਹੋਣ ਸਦਕਾ ਸਗਲ ਜਮਾਤ ਲਈ ਹਾਨੀਕਾਰਕ ਹੈ; ਇਸ ਲਈ ਸਾਨੂੰ ਇਸ ਦੇ ਜੂਲੇ ਹੇਠੋਂ ਨਿਕਲਣ ਦਾ ਯਤਨ ਕਰਨਾਂ ਚਾਹੀਦਾ ਹੈ।

ਡਾ: ਢਿੱਲੋਂ ਦੇ ਵਿਚਾਰਾਂ ਨਾਲ ਸਹਿਮਤੀ:-

ਅਕਾਲ ਤਖ਼ਤ ਵਿਵਸਥਾ ਨਾਲ ਸੰਬੰਧਿਤ ਮੁੱਖ ਅੰਗ ਹਨ: 1. ਅਕਾਲ (ਦਾ) ਤਖ਼ਤ ਅਥਵਾ ਅਕਾਲ-ਪੁਰਖ ਦਾ ਤਖ਼ਤ; 2. ਅਕਾਲ ਤਖ਼ਤ: ਇਮਾਰਤ/ਭਵਨ ਦਾ ਨਾਮ; 3. ਜਥੇਦਾਰ ਤੇ ਇਸ ਦੀ ਪਦਵੀ; ਅਤੇ 4. ਜਥੇਦਾਰ ਦਾ ਹੁਕਮਨਾਮਾ।

ਡਾ: ਢਿੱਲੋਂ ਦੇ ਵਿਚਾਰਾਂ ਦੇ ਪੱਖ ਵਿੱਚ ਮੇਰਾ ਪੱਤਰ 2 ਅਪ੍ਰੈਲ ਨੂੰ ਛਪਿਆ ਸੀ। ਮੇਰੀ ਸਹਿਮਤੀ ਦਾ ਆਧਾਰ ਗੁਰ-ਸਿਧਾਂਤ ਅਤੇ ਸਮੇ ਦੀਆਂ ਪ੍ਰਮਾਣਿਕ ਰਚਨਾਵਾਂ ਹਨ। ਗੁਰਮਤਿ ਅਨੁਸਾਰ, ਸਾਰੀ ਸ੍ਰਿਸ਼ਟੀ ਅਤੇ ਹਰ ਹਿਰਦਾ ਸਰਬਵਿਆਪਕ ਅਕਾਲ (ਪੁਰਖ) ਦਾ ਸਦੀਵੀ ਤਖ਼ਤ ਹੈ। ਇੱਕ ਇਮਾਰਤ ਨੂੰ ਅਕਾਲ-ਪੁਰਖ ਦਾ ਤਖ਼ਤ ਕਹਿਣਾ/ਮੰਨਣਾਂ ਮੂਲੋਂ ਹੀ ਗ਼ਲਤ ਤੇ ਮਨਮਤਿ ਹੈ। ਅਕਾਲ ਪੁਰਖ ਦੇ ਦੈਵੀ ਤੇ ਸਦੀਵੀ ਤਖ਼ਤ ਦੇ ਮੁਕਾਬਲੇ ਕੋਈ ਵੀ ਹੋਰ ਤਖ਼ਤ ਅਖਾਉਤੀ ਹੀ ਕਿਹਾ ਜਾਵੇਗਾ!

ਗੁਰੁ-ਘਰ ਦੇ ਨਿਕਟਵਰਤੀ ਸਮਕਾਲੀਨ ਵਿਦਵਾਨ ਭਾਈ ਗੁਰਦਾਸ ਨੇ ਕਥਿਤ ‘ਅਕਾਲ ਤਖ਼ਤ’ ਜਾਂ ਇਸ ਦੇ ਕਿਸੇ ਜਥੇਦਾਰ ਦਾ ਕੋਈ ਜ਼ਿਕਰ ਨਹੀਂ ਕੀਤਾ!

1887 ਵਿੱਚ ਲਿਖੀ ਗਈ ਤਹਿਰੀਰ (ਪੱਤਰ) ਤੋਂ ਸਪਸ਼ਟ ਹੈ ਕਿ ਉਸ ਸਮੇ ਤਕ ਨਾਂ ਤਾਂ ਅਕਾਲ ਬੁੰਗੇ ਦਾ ਨਾਮ ਅਕਾਲ ਤਖ਼ਤ ਸੀ, ਨਾਂ ਹੀ ਇਸ ਦੇ ਜਥੇਦਾਰ ਦੀ ਪਦਵੀ ਅਤੇ ਨਾਂ ਹੀ ‘ਹੁਕਮਨਾਮਾ’ ਸੀ!

1925 ਦੇ ‘ਸਿੱਖ ਗੁਰੂਦਵਾਰਾ ਐਕਟ’ ਦੀ List of Notified Gurudwaras ਵਿੱਚ ਇਸ ਭਵਨ ਨੂੰ ‘ਗੁਰੂਦ੍ਵਵਾਰਾ ਅਕਾਲ ਬੁੰਗਾ’ ਲਿਖਿਆ ਹੈ। ਭਵਿੱਖ ਵਿੱਚ ਇਸ ਐਕਟ ਵਿੱਚ ਕੀਤੀਆਂ ਗਈਆਂ ਸੋਧਾਂ (Amendments) ਵਿੱਚ ਇਸ ਦਾ ਨਾਮ ਬਦਲ ਕੇ ‘ਤਖਤ ਅਕਾਲ ਬੁੰਗਾ’ ਅਤੇ ਫਿਰ ‘ਅਕਾਲ ਤਖਤ (ਅਕਾਲ ਬੁੰਗਾ) ‘ਕਰ ਦਿੱਤਾ ਗਿਆ! ਇਸ ਐਕਟ ਵਿੱਚ ‘ਅਕਾਲ ਤਖ਼ਤ ਦਾ ਜਥੇਦਾਰ’ ਦਾ ਕੋਈ ਵਰਣਨ ਨਹੀਂ ਹੈ! ਭਾਈ ਕਾਨ੍ਹ ਸਿੰਘ ਜੀ ਨਾਭਾ ਦੇ ਮਹਾਨ ਕੋਸ਼ ਦੇ ਪ੍ਰਕਾਸ਼ਿਤ ਹੋਣ (1930) ਤਕ ‘ਅਕਾਲ ਤਖਤ’ ਨਾਮ ਪ੍ਰਚੱਲਿਤ ਨਹੀਂ ਸੀ ਹੋਇਆ। ਇਹੀ ਕਾਰਣ ਹੈ ਕਿ ਕੋਸ਼ ਵਿੱਚ ‘ਅਕਾਲ ਤਖਤ’ ਦਾ ਕੋਈ ਇੰਦਰਾਜ ਨਹੀਂ ਹੈ! ‘ਪੰਜ ਤਖਤਾਂ’ ਦੇ ਨਾਵਾਂ ਵਿੱਚ ਵੀ ਇਸ ਦਾ ਨਾਮ ‘ਅਕਾਲ ਬੁੰਗਾ’ ਹੀ ਲਿਖਿਆ ਹੈ। ਕੋਸ਼ ਵਿੱਚ ਇਸ ਇਮਾਰਤ ਦੀ ਫ਼ੋਟੋ ਹੇਠਾਂ ਵੀ ‘ਅਕਾਲ ਬੁੰਗਾ’ ਹੀ ਦਰਜ ਹੈ, ਅਕਾਲ ਤਖ਼ਤ ਨਹੀਂ! ਭਾਈ ਕਾਨ੍ਹ ਸਿੰਘ ਜੀ ਅਨੁਸਾਰ, “ਸ੍ਰੀ ਗੁਰੁ ਹਰਿ ਗੋਬਿੰਦ ਸਾਹਿਬ ਨੇ ਸੰਮਤ ੧੬੬੫ ਵਿੱਚ ਸ੍ਰੀ ਅਮ੍ਰਿਤਸਰ ਹਰਿਮੰਦਿਰ ਦੇ ਸਾਮ੍ਹਣੇ ਇੱਕ ਉੱਚਾ ਰਾਜਸਿੰਘਾਸਨ (ਸ਼ਾਹੀ ਤਖ਼ਤ) ਤਿਆਰ ਕਰਵਾ ਕੇ ਉਸ ਦਾ ਨਾਉਂ “ਅਕਾਲ ਬੁੰਗਾ” ਰੱਖਿਆ”। ਸਪਸ਼ਟ ਹੈ ਕਿ 1930ਵਿਆਂ ਤਕ ਇਹ ਭਵਨ ‘ਅਕਾਲ ਬੁੰਗਾ’ ਹੀ ਸੀ। ਕੋਸ਼ ਵਿੱਚ ‘ਅਕਾਲ ਬੁੰਗਾ’ ਦਾ ਅਰਥ, “(ੲ) ਪਟਨੇ ਆਦਿ ਗੁਰੁਦ੍ਵਾਰਿਆਂ ਵਿੱਚ ਭੀ ਇਸ ਨਾਉਂ ਦੇ ਬੁੰਗੇ ਹਨ”, ਤੋਂ ਵੀ ਸਪਸ਼ਟ ਹੈ ਕਿ ‘ਅਕਾਲ ਬੁੰਗਾ’ ਇੱਕ ਆਮ ਨਾਂਵ ਸੀ/ਹੈ; ਅਤੇ ਇਨ੍ਹਾਂ ਬੁੰਗਿਆਂ ਦੀ ਭੂਮਿਕਾ ਵੀ ਇੱਕੋ ਹੀ ਸੀ। 1940ਵਿਆਂ ਵਿੱਚ, ਕੁਟਿਲ ਸਾਜ਼ਿਸ਼ਾਧੀਨ, ‘ਅਕਾਲ ਤਖ਼ਤ’ ਤੋਂ ਬਦਲ ਕੇ ‘ਸ੍ਰੀ ਅਕਾਲ ਤਖਤ ਸਾਹਿਬ’ ਕਰ ਦਿੱਤਾ ਗਿਆ।

‘ਸਿੱਖ ਰਹਿਤ ਮਰਯਾਦਾ’, ਜੋ ਕਿ 1932-1945 ਵਿੱਚ ਲਿਖੀ ਤੇ ਸ਼ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਕੀਤੀ ਗਈ, ਵਿੱਚ ਕਿਸੇ ਨਾਮਧਰੀਕ ਜਥੇਦਾਰ ਜਾਂ ਇਸ ਦੀ ਕਥਿਤ ‘ਸਰਵਉੱਚ’ ਪਦਵੀ ਦਾ ਜ਼ਿਕਰ ਤੱਕ ਨਹੀਂ?

ਡਾ: ਰਤਨ ਸਿੰਘ ਜੱਗੀ ਅਨੁਸਾਰ: “ਅਕਾਲ-ਤਖ਼ਤ’ ……ਤਖ਼ਤ-ਨੁਮਾ ਇੱਕ ਉੱਚੀ ਇਮਾਰਤ ਹੈ ਜੋ ਗੁਰੁ ਹਰਿ ਗੋਬਿੰਦ ਨੇ ਸੰਨ 1606 ਈ. ਵਿੱਚ ਸ਼ੁਰੂ ਕਰਵਾ ਕੇ ਸੰਨ 1608 ਈ. ਵਿੱਚ ਮੁਕੰਮਲ ਕਰਵਾਈ ਸੀ। ਇਸ ਦਾ ਨਾਂ ਉਦੋਂ ‘ਅਕਾਲ-ਬੁੰਗਾ’ ਰਖਿਆ ਗਿਆ ਸੀ। ……ਕਾਲਾਂਤਰ ਵਿੱਚ ਕੇਸਗੜ੍ਹ ਸਾਹਿਬ, ਹਰਿਮੰਦਿਰ ਸਾਹਿਬ (ਪਟਨਾ), ਹਜ਼ੂਰ ਸਾਹਿਬ (ਨਾਂਦੇੜ), ਆਦਿ ਨੂੰ ਤਖ਼ਤ ਰੂਪ ਵਿੱਚ ਪ੍ਰਵਾਨਿਤ ਕਰ ਲਏ ਜਾਣ `ਤੇ ਇਸ ਨੂੰ ‘ਅਕਾਲ-ਬੁੰਗਾ’ ਦੀ ਥਾਂ ‘ਅਕਾਲ-ਤਖ਼ਤ’ ਕਿਹਾ ਜਾਣ ਲਗਿਆ। ……ਸੰਨ 1921 ਈ. ਤੋਂ ਇਸ ਦਾ ਪ੍ਰਬੰਧ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚਲਾ ਗਿਆ ਹੈ ਅਤੇ ਹੌਲੀ-ਹੌਲੀ ਸਿੱਖ ਰਾਜਨੀਤਿਕ ਸੰਘਰਸ਼ ਦਾ ਕੇਂਦਰ ਬਣ ਗਿਆ ਹੈ। ……”।

ਉਪਰੋਕਤ ਤੋਂ ਸਪਸ਼ਟ ਹੈ ਕਿ ਸ਼ਰੋਮਣੀ ਗੁਰੂਦ੍ਵਾਰਾ ਪ੍ਰਬੰਧਕ ਕਮੇਟੀ ਅਤੇ ਸ਼ਰੋਮਣੀ ਅਕਾਲੀ ਦਲ ਦੀ ਮਿਲੀ-ਭੁਗਤ ਨਾਲ ਇਹ ਸਥਾਨ ਸਿਆਸੀ ਸੰਘਰਸ਼ ਦਾ ਅਖਾੜਾ ਬਣਾ ਦੇਣ ਉਪਰੰਤ ਇਥੋਂ ਹੀ ਗੁਰਮਤਿ-ਵਿਰੋਧੀ ਮੁਹਿਮ ਸ਼ੁਰੂਅ ਕੀਤੀ ਗਈ ਅਤੇ ਹੁਣ ਇਹ ਮਨਮਤੀ ਮੁਹਿਮ ਸਿਖਰ `ਤੇ ਹੈ। 1925 ਦਾ ਐਕਟ, ਰਹਤ ਮਰਯਾਦਾ, ਮਨਮਤੀ ਪੁਸਤਕਾਂ ਦੀ ਪ੍ਰਕਾਸ਼ਨਾ ਤੇ ਮਾਨਤਾ, ਗੁਰ-ਹੁਕਮਾਂ ਨੂੰ ਨਜ਼ਰ-ਅੰਦਾਜ਼ ਕਰਕੇ ਅਕਾਲ-ਤਖ਼ਤ ਦੇ ਨਾਂ `ਤੇ ਜਾਰੀ ਕੀਤੇ ਜਾ ਰਹੇ ਮਨਮਤੀ ‘ਹੁਕਮਨਾਮੇ’, ਅਤੇ ਗੁਰਮਤਿ-ਵਿਰੋਧੀ ਕਰਮਕਾਂਡ ਤੇ ਸਾਜ਼ਿਸ਼ਾਂ ਆਦਿ ਇਸੇ ਸਥਾਨ ਦੀ ਹੀ ਦੇਣ ਹਨ। ਫ਼ਤਹਿ ਸਿੰਘ ਅਤੇ ਉਸ ਦੇ ਅਮ੍ਰਿਤਧਾਰੀ ਸਾਥੀਆਂ ਨੇ ਸੜ ਮਰਨ ਦਾ ਖੇਖਣ ਵੀ ਇਸੇ ਸਥਾਨ ਉੱਤੇ ਕੀਤਾ ਸੀ। 80ਵਿਆਂ ਵਿੱਚ, ਹਥਿਆਰਬੰਦ ਖ਼ੂਨੀ ਸੰਘਰਸ਼ ਦਾ ਅਖਾੜਾ ਵੀ ਇਸੇ ਸਥਾਨ ਨੂੰ ਬਣਾਇਆ ਗਿਆ। ਕੌਮ ਦੇ ਨੇਤਾਵਾਂ ਦੀਆਂ ਇਹ ਘਿਣਾਉਣੀਆਂ ਮਨਮਤਾਂ ਅਕਾਲ ਬੁੰਗੇ ਦੇ ਨਾਲ ਨਾਲ ਹਰਿ-ਮੰਦਰ ਦੀ ਘੋਰ ਬੇਅਦਬੀ ਤੇ ਸ਼੍ਰੱਧਾਲੂਆਂ ਲਈ ਸ਼ਰਮ ਦਾ ਕਾਰਣ ਬਣੀਆਂ। ਜਿਸ ਸਥਾਨ ਉੱਤੇ ਅਜਿਹੀਆਂ ਮਨਮਤਾਂ ਹੀ ਕੀਤੀਆਂ ਜਾਂਦੀਆਂ ਹੋਣ ਉਸ ਸਥਾਨ ਨੂੰ ਮਨਮਤਿ ਦਾ ਅੱਡਾ ਕਹਿਣਾ ਹੀ ਸਹੀ ਹੈ। ਅਕਾਲ ਤਖ਼ਤ `ਤੇ ਕੁੱਛ ਵੀ ਗੁਰਮਤਿ ਅਨੁਸਾਰੀ ਹੋਇਆ ਹੋਵੇ, ਦਾ ਉੱਲੇਖ ਕਿਤੇ ਨਹੀਂ ਮਿਲਦਾ।

ਅਕਾਲ ਤਖ਼ਤ ਦਾ ਜਥੇਦਾਰ:-

ਕਿਸੇ ਮੰਡਲੀ ਜਾਂ ਜਥੇ ਦੇ ਇਨਚਾਰਜ ਨੂੰ ਜਥੇਦਾਰ ਕਿਹਾ ਜਾਂਦਾ ਹੈ। ਇਸ ਪੱਖੋਂ, ‘ਅਕਾਲ ਤਖ਼ਤ ਦਾ ਜਥੇਦਾਰ’ ਪਦ ਓਪਰਾ, ਬੇ-ਢੰਗਾ ਅਤੇ ਨਿਰਾਰਥਕ ਲੱਗਦਾ ਹੈ। ‘ਅਕਾਲ ਬੁੰਗੇ’ ਦਾ ਨਾਮ ਬਦਲਕੇ ‘ਸ੍ਰੀ ਅਕਾਲ ਤਖ਼ਤ ਸਾਹਿਬ’ ਕਰਨ ਤਕ ‘ਅਕਾਲ ਤਖ਼ਤ ਦਾ ਜਥੇਦਾਰ’ ਦਾ ਨਾਮ-ਨਿਸ਼ਾਨ ਨਹੀਂ ਸੀ। ਇਸ ਤੱਥ ਦੀ ਪੁਸ਼ਟੀ 1887 ਦੀ ਲਿਖਤ ਤੋਂ ਹੁੰਦੀ ਹੈ ਜਿਸ ਵਿੱਚ ਕਿਸੇ ਜਥੇਦਾਰ ਦਾ ਕੋਈ ਸੰਕੇਤ ਤੱਕ ਨਹੀਂ ਮਿਲਦਾ। ਭਾਈ ਕਾਨ੍ਹ ਸਿੰਘ ਜੀ ਦੇ ਕੋਸ਼ ਵਿੱਚ ‘ਅਕਾਲ ਤਖ਼ਤ ਦਾ ਜਥੇਦਾਰ’ ਦਾ ਕੋਈ ਜ਼ਿਕਰ ਨਹੀਂ ਹੈ। 19ਵੀਂ ਸਦੀ ਦੇ ਅਖੀਰਲੇ ਸਾਲਾਂ ਵਿੱਚ ਪ੍ਰਕਾਸ਼ਿਤ ਹੋਏ ‘ਪੰਥ ਪ੍ਰਕਾਸ਼’, ਜੋ ਕਿ, ਜ਼ਿਆਦਾਤਰ, ਦੰਤ-ਕਥਾਵਾਂ ਤੇ ਮਿਥਿਹਾਸਕ ਮਨਘੜੰਤ ਸਾਖੀਆਂ ਉੱਤੇ ਆਧਾਰਿਤ ਹੈ ਅਤੇ ਅੰਗਰੇਜ਼ਾਂ ਦੇ ਕਹਿਣ `ਤੇ ਲਿਖਿਆ ਗਿਆ ਸੀ, ਵਿੱਚ ਇੱਕ ਸਤਰ ਹੈ: “ਜਥੇਦਾਰ ਜੋ ਕਛੁ ਕਹਿ ਦੇਤਾ। ਸੋਈ ਪੰਥ ਮਾਨ ਸਭ ਲੇਤਾ”। ਪਰ, ਇਸ ਸਤਰ ਵਿਚਲੇ ਜਥੇਦਾਰ ਦਾ ‘ਅਕਾਲ ਬੁੰਗੇ/ਤਖ਼ਤ’ ਦੇ ਨਾਮਧਰੀਕ ਜਥੇਦਾਰ ਨਾਲ ਕੋਈ ਸੰਬੰਧ ਨਹੀਂ ਹੈ। ਇਉਂ ਪ੍ਰਤੀਤ ਹੁੰਦਾ ਹੈ ਕਿ ਗੁਰੁ-ਘਰ ਦੇ ਦੋਖੀਆਂ ਨੇ ਇਸ ਲਾਈਨ ਨੂੰ, ਮਨਮਤੀ ਕਿਤਾਬਾਂ ਦੀਆਂ ਕਈ ਹੋਰ ਸਤਰਾਂ ਵਾਂਗ, ਆਪਣੇ ਸੁਆਰਥ ਲਈ ਵਰਤਿਆ ਹੈ! ‘ਅਕਾਲ ਤਖ਼ਤ’ ਦੇ ਅਖਾਉਤੀ ਜਥੇਦਾਰ ਦਾ ਹਊਆ ਵੀ ਸ਼ਰੋਮਣੀ ਗੁਰੂਦ੍ਵਾਰਾ ਪ੍ਰਬੰਧਕ ਕਮੇਟੀ ਅਤੇ ਸ਼ਰੋਮਣੀ ਅਕਾਲੀ ਦਲ ਦੀ ਦੇਣ ਹੈ। ਇਸ ਸੱਚ, ਕਿ ਸਰਵ-ਉੱਚ ਗਰਦਾਨੇ ਜਾਂਦੇ ਸਥਾਨ ਦੀ ਸਰਵ-ਉੱਚ ਕਹੀ ਜਾਂਦੀ ਪਦਵੀ ਦਾ ਅੱਜ ਤੱਕ ਕੋਈ ਨਿਯਮ ਨਿਰਧਾਰਤ ਨਹੀਂ ਕੀਤਾ ਗਿਆ, ਤੋਂ ਇਨ੍ਹਾਂ ਦੋਨਾਂ (ਐਸ. ਜੀ. ਪੀ. ਸੀ. ਤੇ ਸ਼ਰੋ: ਗੁ: ਪ੍ਰ: ਕਮੇਟੀ) ਦੀ ਕੁਟਿਲਤਾ ਪਰਤੱਖ ਹੈ! ! ਨਿਰਸੰਦੇਹ, ਕਿਹਾ ਜਾ ਸਕਦਾ ਹੈ ਕਿ ‘ਅਕਾਲ ਤਖ਼ਤ ਦਾ ਜਥੇਦਾਰ’ ਦੀ ਪਦਵੀ ਦਾ ਅਵਿਸ਼ਕਾਰ ਗੁਰੁ-ਘਰ ਦੇ ਸਿੱਧੜ ਸ਼੍ਰੱਧਾਲੂਆਂ ਦੇ ਨੱਕਿ ਨੱਥ ਪਾ ਕੇ ਉਨ੍ਹਾਂ ਦੀ ਮਾਨਸਿਕਤਾ ਨੂੰ ਗ਼ੁਲਾਮ ਬਣਾਉਣ ਲਈ ਕੀਤਾ ਗਿਆ। ਅਸੀਂ, ਸਿਧਾਏ ਹੋਏ ਜੀਵਾਂ ਵਾਂਗ, ਇਸ ਨੱਥ ਦੇ ਇਤਨਾਂ ਆਦੀ ਬਣਾ ਦਿੱਤੇ ਗਏ ਹਾਂ ਕਿ ਇਸ ਤੋਂ ਬਿਨਾਂ ਅਸੀਂ ਅਸੁਰੱਖਿਅਤ ਮਹਿਸੂਸ ਕਰਦੇ ਹਾਂ, ਅਤੇ ਇਸ ਲਈ, ਇਸ ਨੂੰ ਸਹਿਜੇ ਕੀਤੇ ਤਿਆਗਨਾਂ ਨਹੀਂ ਚਾਹੁੰਦੇ।

ਜਥੇਦਾਰ ਦਾ ਹੁਕਮਨਾਮਾ:-

ਗੁਰਬਾਣੀ ਵਿੱਚ ਇਲਾਹੀ ਹੁਕਮ ਤੇ ਇਨ੍ਹਾਂ ਹੁਕਮਾਂ ਨੂੰ ਮੰਨਣ ਦਾ ਸਿਧਾਂਤ ਤਾਂ ਹੈ ਪਰ, ਪੁਤਲੀਆਂ ਦੁਆਰਾ ਜਾਰੀ ਕੀਤੇ ਮਨਮਤੀ ਪੱਤਰਾਂ ਲਈ ਕੋਈ ਜਗ੍ਹਾ ਨਹੀਂ ਹੈ। ਗੁਰ-ਸਿਧਾਂਤਾਂ ਵੱਲ ਪਿੱਠ ਕਰਕੇ, ਅਕਾਲ ਤਖ਼ਤ ਦੇ ਅਖਾਉਤੀ ਜਥੇਦਾਰ ਦੇ ਮਨਮਤੀ ਪੱਤਰਾਂ ਨੂੰ ‘ਹੁਕਮਨਾਮਾ’ ਕਹਿਣਾ ਮਨਮਤਿ, ਤੇ ਇਨ੍ਹਾਂ ਨੂੰ ਮੰਨਣਾਂ ਘੋਰ ਅਗਿਆਨਤਾ ਹੈ। ਸੱਚੇ ਸੇਵਕ ਗੁਰਬਾਣੀ ਵਿੱਚ ਬਖ਼ਸ਼ੇ ਗੁਰ-ਸਿਧਾਂਤਾਂ ਨੂੰ ਸਤਿਕਾਰ ਵਜੋਂ ‘ਹੁਕਮਨਾਮਾ’ ਮੰਨਦੇ ਹਨ। ਕੀ ਅਖਾਉਤੀ ਜਥੇਦਾਰਾਂ ਦੇ ਕੂੜਨਾਮਿਆਂ ਨੂੰ ਹੁਕਮਨਾਮਾ ਕਹਿਣਾਂ/ਮੰਨਣਾਂ ਗੁਰੁ ਅਤੇ ਗੁਰਬਾਣੀ ਦਾ ਘੋਰ ਅਪਮਾਨ ਨਹੀਂ? ?

ਡਾ: ਢਿੱਲੋਂ ਦੇ ਵਿਚਾਰਾਂ ਦੀ ਵਿਰੋਧਤਾ:-

ਦਰਅਸਲ, ਇਸ ਵਿਚਾਰ-ਚਰਚਾ ਵਿੱਚ ਵਿਚਾਰ-ਵਿਰੋਧ ਨਾਮ ਮਾਤ੍ਰ ਹੀ ਹੈ, ਪਰ, ਵਿਚਾਰਕ-ਵਿਰੋਧ ਦੀ ਕੋਈ ਘਾਟ ਨਹੀਂ! ਡਾ: ਢਿੱਲੋਂ ਦੇ ਵਿਚਾਰਾਂ ਨਾਲੋਂ ਉਸ ਦੀ ਨਿੱਜੀ ਸ਼ਖ਼ਸੀਅਤ ਦੀ ਵਿਰੋਧਤਾ ਵਧੇਰੇ ਹੈ। ਵਿਰੋਧੀਆਂ ਵੱਲੋਂ ਪਹਿਲਾ ਦੋਸ਼ ਹੈ ਕਿ ਡਾ: ਢਿੱਲੋਂ ਦੇ ਵਿਚਾਰਾਂ ਨਾਲ ਸੇਵਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਇਹ ਕਥਨ ਸਹੀ ਹੈ। ਪਰੰਤੂ, ਇਸ ਦਾ ਦੋਸ਼ ਲੇਖਕ ਦੇ ਮੱਥੇ ਮੜ੍ਹਨਾਂ ਸਹੀ ਨਹੀਂ ਹੈ। ਇਸ ਵਿੱਚ ਕਸੂਰ ਸਾਡੀ ਅੰਧਵਿਸ਼ਵਸੀਆਂ ਦੀ, ਗ਼ੁਲਾਮ ਬਣਾ ਦਿੱਤੀ ਗਈ, ਮਾਨਸਿਕਤਾ ਦਾ ਹੈ। ਗੁਰਮਤਿ ਦੇ ਦੋਖੀਆਂ ਨੇ ਇੱਕ ਗਿਣੀ-ਮਿਥੀ ਸਾਜ਼ਿਸ਼ਾਧੀਨ ‘ਅਕਾਲ ਬੁੰਗਾ’ ਦਾ ਨਾਮ ਬਦਲ ਕੇ ‘ਅਕਾਲ ਤਖ਼ਤ’ ਕਰਦਿੱਤਾ ਅਤੇ ਇਸ ਭਵਨ ਨੂੰ ਗੁਰੁ ਦੇ ਮੁਕਾਬਲੇ ‘ਸਰਵ-ਉੱਚ’ ਗਰਦਾਨ ਕੇ ਗੁਰੁ-ਗ੍ਰੰਥ ਨੂੰ ਨੀਵਾਂ ਦਿਖਾ ਦਿੱਤਾ ਤਾਂ ਜੋ ਅਸੀਂ ਗੁਰੁ (ਗ੍ਰੰਥ) ਦਾ ਹੁਕਮ ਮੰਨਣ ਦੀ ਬਜਾਏ ਅਖਾਉਤੀ ਜਥੇਦਾਰਾਂ ਦਾ ਹੁਕਮਨਾਮਾ (ਦਰਅਸਲ ਕੂੜਨਾਮਾ) ਅੰਨ੍ਹੇਵਾਹ ਮੰਨੀਏ!

ਦੂਜਾ, ਡਾ: ਢਿੱਲੋਂ ਦੀ ਸ਼ਖ਼ਸੀਯਤ `ਤੇ ਅਮਾਨਵੀ, ਕੋਝਾ, ਝੂਠਾ ਤੇ ਆਧਾਰ-ਰਹਿਤ ਇਲਜ਼ਾਮ ਇਹ ਲਾਇਆ ਗਿਆ ਹੈ ਕਿ ਉਹ ਆਪਣੇ ਲੇਖ ਵਿੱਚ ‘ਸਿੱਖਾਂ ਦੇ ਸਰਵਉੱਚ ਸਥਾਨ’ ਅਕਾਲ ਬੁੰਗੇ/ਤਖ਼ਤ ਨੂੰ ਢਾਹ ਦੇਣ ਲਈ ਕਹਿ ਰਿਹਾ ਹੈ! ਇਸ ਗ਼ਲੀਜ਼ ਗ਼ਲਤ-ਬਿਆਨੀ ਦੀ ਪੁਸ਼ਟੀ ਲਈ, ਬਾਰ ਬਾਰ ਪੁੱਛਣ ਦੇ ਬਾਵਜੂਦ ਵੀ, ਕਿਸੇ ਵੀ ਵਿਰੋਧੀ ਨੇ ਡਾ: ਢਿੱਲੋਂ ਦੇ ਲੇਖ ਵਿੱਚੋਂ ਇਸ ਝੂਠੇ ਬਿਆਨ ਨੂੰ ਸੱਚ ਸਾਬਤ ਕਰਨ ਵਾਸਤੇ ਹਵਾਲਾ ਦੇਣ ਦੀ ਕੋਸ਼ਿਸ਼ ਨਹੀਂ ਕੀਤੀ? ? ? ਜਾਂ ਕਹਿ ਲਵੋ ਕਿ ਬਿਆਨ ਝੂਠਾ ਹੋਣ ਕਰਕੇ ਉਹ ਕੋਈ ਵੀ ਹਵਾਲਾ ਦੇਣ ਤੋਂ ਅਸਮਰੱਥ ਹਨ! ! ! ਹਾਲ ਹੀ ਵਿੱਚ ਲਿਖੇ ਗਏ ਕੁੱਝ ਪੱਤਰਾਂ ਵਿੱਚ ਇਸ ਝੂਠੇ ਕਥਨ ਨੂੰ ਮਰੋੜਾ (twist) ਦੇ ਕੇ ਇਹ ਕਹਿਣਾਂ ਸ਼ੁਰੂਅ ਕਰ ਦਿੱਤਾ ਕਿ ਡਾ: ਢਿੱਲੋਂ ਅਕਾਲ ਤਖ਼ਤ ਦੇ ਸਿਧਾਂਤ ਨੂੰ ਢਾਹੁਣ ਨੂੰ ਕਹਿ ਰਿਹਾ ਹੈ! ! ! ਇਸ ਤੋਂ ਵਧੇਰੇ ਅਧਾਰਮਿਕ, ਕਪਟੀ, ਝੂਠਾ ਤੇ ਹਾਸੋਹੀਣਾ ਬਿਆਨ ਕੀ ਹੋ ਸਕਦਾ ਹੈ? ? ਇਸ ਕੁਫ਼ਰ ਦੀ ਪੁਸ਼ਟੀ ਲਈ ਵੀ ਕੋਈ ਹਵਾਲਾ ਨਹੀਂ ਦਿੱਤਾ ਗਿਆ! !

ਲੇਖਕ `ਤੇ ਇਹ ਦੋਸ਼ ਵੀ ਲਾਇਆ ਜਾ ਰਿਹਾ ਹੈ ਕਿ ਉਸ ਨੇ ‘ਅਕਾਲ ਤਖ਼ਤ’ ਨਾਲ ‘ਅਖਾਉਤੀ’ ਅਗੇਤਰ ਜੋੜਿਆ ਹੈ! ਚਾਤੁਰਾਂ ਦੁਆਰਾ ਇੱਕ ਭਵਨ ਦੇ ਰੱਖੇ ਗਏ ਨਾਮ ‘ਅਕਾਲ ਤਖ਼ਤ’ ਨੂੰ ਗੁਰਬਾਣੀ ਵਿਚਲੇ ‘ਅਕਾਲ-ਪੁਰਖ ਦੇ ਸੱਚੇ ਸਿਧਾਂਤਕ ਤਖ਼ਤ’ ਤੋਂ ਨਿਖੇੜਣ ਲਈ ‘ਅਖਾਉਤੀ’ ਵਰਤਣਾਂ ਕਿਸੇ ਤਰ੍ਹਾਂ ਵੀ ਗ਼ਲਤ ਨਹੀਂ ਹੈ। ਇਸ ਨਿਖੇੜੇ ਨੂੰ ਪ੍ਰਗਟਾਉਣ ਵਾਸਤੇ ਵਿਰੋਧੀਆਂ ਨੇ ‘ਅਖਾਉਤੀ’ ਦਾ ਕੋਈ ਬਦਲ ਸੁਝਾਉਣ ਦਾ ਕਸ਼ਟ ਨਹੀਂ ਕੀਤਾ! ! !

ਇਕ ਇਲਜ਼ਾਮ ਇਹ ਵੀ ਹੈ ਕਿ ਲੇਖਕ ਦਾ ‘ਅਕਾਲ ਬੁੰਗੇ’ ਨੂੰ ‘ਮਨਮਤ ਦਾ ਅੱਡਾ’ ਲਿਖਣਾਂ ਅਪਮਾਨ-ਜਨਕ ਹੈ। ਇਹ ਦੋਸ਼ ਲਾਉਣ ਵਾਲੇ ਸਾਰੇ ਲੇਖਕ ਇਹ ਤਾਂ ਮੰਨਦੇ ਹਨ ਕਿ ਅਕਾਲ ਬੁੰਗੇ/ਤਖ਼ਤ `ਤੇ ਮਨਮਤਾਂ ਹੀ ਹੁੰਦੀਆਂ ਹਨ; ਪਰੰਤੂ, ਉਨ੍ਹਾਂ ਨੂੰ ‘ਅੱਡਾ’ ਸ਼ਬਦ `ਤੇ ਇਤਰਾਜ਼ ਹੈ। ਵਿਚਾਰ-ਚਰਚਾ ਦਾ ਇੱਕ ਪਰਮੁੱਖ ਨਿਯਮ ਹੈ ਕਿ ਜਦ ਅਸੀਂ ਕਿਸੇ ਦੀ ਕਿਰਤ ਵਿੱਚ ਗ਼ਲਤੀਆਂ ਕੱਢਦੇ ਹਾਂ ਤਾਂ ਸਾਡਾ ਇਹ ਪਰਮ ਕਰਤੱਵ ਬਣ ਜਾਂਦਾ ਹੈ ਕਿ ਅਸੀਂ ਉਸ ਗ਼ਲਤੀ ਦੇ ਸੁਧਾਰ ਲਈ ਦਲੀਲ-ਸਹਿਤ ਇਹ ਦੱਸੀਏ ਕਿ ਇਸ ਗ਼ਲਤੀ ਦਾ ਠੀਕ ਬਦਲ ਕੀ ਹੈ! ਇਹ ਸੱਚ ਅਤਿਅੰਤ ਸ਼ਰਮਨਾਕ ਹੈ ਕਿ ‘ਅੱਡਾ’ ਦਾ ਵਿਰੋਧ ਕਰਨ ਵਾਲੇ ਸਾਰੇ ਲੇਖਕ ਆਪਣੇ ਇਸ ਕਰਤੱਵ ਤੋਂ ਕੰਨੀਂ ਕਤਰਾ ਗਏ ਹਨ ਅਤੇ ‘ਅੱਡਾ’ ਦੇ ਬਦਲ ਦਾ ਸੁਝਾਓ ਤਕ ਨਹੀਂ ਦੇ ਸਕੇ! ! ! ‘ਮਨਮਤ ਦਾ……? ? ?’ ਖ਼ਾਲੀ ਥਾਂ, ‘ਅੱਡਾ’ ਦੇ ਕਿਸ ਬਦਲ ਨਾਲ ਭਰੀ ਜਾਵੇ ਜੋ ਅਪਮਾਨਜਨਕ ਨਾਂ ਹੋਵੇ? ? ?

ਉਪਰੋਕਤ ਥੋਥੇ ਤੇ ਹੋਛੇ ਦੋਸਾਂ ਦੇ ਆਧਾਰ `ਤੇ ਵਿਰੋਧੀਆਂ ਦੀ ਤੁਲਨਾਂ ਉਸ ਕੁਪੱਤੀ ਸੱਸ ਨਾਲ ਕੀਤੀ ਜਾ ਸਕਦੀ ਹੈ ਜੋ ਪਰਿਵਾਰ ਵਾਸਤੇ ਆਟਾ ਗੁੰਨ੍ਹ ਰਹੀ ਨੂੰਹ ਨੂੰ ਕੋਸਦੀ ਹੋਈ ਕਹਿੰਦੀ ਹੈ, “ਆਟਾ ਗੁੰਨ੍ਹਦੀ ਹਿੱਲਦੀ ਕਿਉਂ” ? ਜੇ ਬੁੜ ਬੁੜ ਕਰਦੀ ਸੱਸੂ ਰਾਣੀ ਵਿੱਚ ਰੱਤੀ ਭਰ ਵੀ ਸ਼ਰਮ ਤੇ ਚੱਜ ਹੁੰਦਾ ਤਾਂ ਉਹ ਨੂੰਹ ਨੂੰ ਬਿਨਾਂ ਹਿੱਲੇ ਆਟਾ ਗੁੰਨ੍ਹ ਕੇ ਦਿਖਾ ਦਿੰਦੀ! ਪਰ ਕ੍ਹਾਨੂੰ! ਉਸ ਦਾ ਬਦ ਇਰਾਦਾ ਤਾਂ ਕੁਪੱਤ ਕਰਕੇ ਨੂੰਹ ਨੂੰ ਤੰਗ ਕਰਨਾਂ ਤੇ ਨੀਵਾਂ ਦਿਖਾਣਾਂ ਹੀ ਹੈ! ਇਸੇ ਤਰ੍ਹਾਂ, ਡਾ: ਢਿੱਲੋਂ ਵਿੱਚ ਸਿਰਫ਼ ਦੋਸ ਹੀ ਦੋਸ ਲੱਭਣ ਵਾਲੇ ‘ਸਿਆਣੇ ਵਿਦਵਾਨਾਂ’ ਨੂੰ ਚਾਹੀਦਾ ਸੀ ਕਿ ਉਹ ‘ਅਕਾਲ ਤਖ਼ਤ ਵਿਵਸਥਾ’ ਦੇ ਵਿਸ਼ੇ `ਤੇ ਇੱਕ ਪ੍ਰਮਾਣਿਕ ਤੇ ਵਿਸ਼ਵਸਨੀਯ (convincing) ਖੋਜ-ਪੱਤਰ ਲਿਖ ਕੇ ਸਿੱਖ-ਜਗਤ ਦੇ ਪਾਠਕਾਂ ਨੂੰ ਦਿੰਦੇ! ਪਰ, ਨਹੀਂ! ਉਨ੍ਹਾਂ ਦੀ ਨੀਯਤ ਤਾਂ ਕੌੜੀ ਕੁਪੱਤੀ ਸੱਸ ਵਰਗੀ ਹੈ! ਉਨ੍ਹਾਂ ਦਾ ਮਕਸਦ ਤਾਂ ਵਿਚਾਰਕ ਨੂੰ ਨਿੰਦਨਾਂ ਤੇ ਵਿਚਾਰ-ਚਰਚਾ ਨੂੰ ਭੰਗ ਕਰਨਾਂ ਹੈ, ਇਸ ਮੰਤਵ ਲਈ ਉਹ ਵਿਚਾਰ-ਚਰਚਾ ਦੀ ਮਰਯਾਦਾ ਨੂੰ ਨਿਰਲੱਜਤਾ ਨਾਲ ਪੂਰੀ ਤਰ੍ਹਾਂ ਠੁਕਰਾ ਕੇ ਹੋਛੇਪਣ `ਤੇ ਉਤਰੇ ਹੋਏ ਹਨ!

ਡਾ: ਢਿੱਲੋਂ ਦੀ ਵਿਰੋਧਤਾ ਕਰਨ ਵਾਲਿਆਂ ਦਾ ਪੱਖਪਾਤੀ ਰਵਯੀਆ:-

ਜਿਨ੍ਹਾਂ ਵੀ ਲੇਖਕਾਂ ਨੇ ਡਾ: ਢਿੱਲੋਂ ਦੀ ਵਿਰੋਧਤਾ ਕੀਤੀ ਹੈ ਉਨ੍ਹਾਂ ਦਾ ਮਾਪਦੰਡ ਦੋਹਰਾ ਤੇ ਨੀਤੀ ਦੋਗਲੀ ਹੈ। ਇਸ ਕਥਨ ਦੀ ਪ੍ਰੋਢਤਾ ਦਾ ਆਧਾਰ ਮੇਰਾ 14 ਜੂਨ ਦਾ ਪੱਤ੍ਰ ਹੈ। ਇਸ ਪੱਤਰ ਵਿੱਚ ਦਾਸ ਨੇ ਸ: ਅਮਰਜੀਤ ਸਿੰਘ ਚੰਦੀ ਜੀ ਦੇ ਲੇਖ “ਸਿੱਖੀ ਵਿੱਚ ਅਕਾਲ ਤਖ਼ਤ ਦੀ ਥਾਂ?”, ਜਿਸ ਵਿੱਚ ਚੰਦੀ ਜੀ ਨੇ ਅਕਾਲ ਤਖ਼ਤ ਵਿਵਸਥਾ ਦੇ ਸਾਰੇ ਅੰਗਾਂ ਨੂੰ ਮੂਲੋਂ ਹੀ ਰੱਦ ਕੀਤਾ ਹੈ, ਦਾ ਹਵਾਲਾ ਦੇ ਕੇ ‘ਸਿੱਖ ਮਾਰਗ’ ਦੇ ਪਾਠਕਾਂ/ਲੇਖਕਾਂ, ਖਾਸ ਕਰਕੇ ਡਾ: ਢਿੱਲੋਂ ਦਾ ਵਿਰੋਧ ਕਰਨ ਵਾਲਿਆਂ, ਨੂੰ ਇਹ ਸਿੱਧਾ ਜਿਹਾ ਸਵਾਲ ਕੀਤਾ ਸੀ ਕਿ ਦੋਹਾਂ ਲੇਖਕਾਂ ਦੇ ਵਿਚਾਰਾਂ ਵਿੱਚ ਸਾਮਾਨਤਾ ਹੈ, ਤਾਂ ਫਿਰ ਕੀ ਕਾਰਣ ਹੈ ਕਿ ਅੱਜ ਤਕ ਕਿਸੇ ਵੀ ‘ਸਿਆਣੇ ਵਿਦਵਾਨ’ ਨੇ ਚੰਦੀ ਜੀ ਵੱਲ ਉਂਗਲ ਤੱਕ ਨਹੀਂ ਕੀਤੀ? ? ? ਇਸ ਸਵਾਲ ਨੂੰ ਜਾਣਬੁੱਝ ਕੇ ਅਣਗੌਲਿਆ ਕਰਨਾਂ, ਇਸ ਵਿਚਾਰ-ਚਰਚਾ ਦੇ ਪ੍ਰਕਰਣ ਵਿੱਚ, ਵਿਰੋਧੀਆਂ ਦੀ ਸੁਹਿਰਦਤਾ ਉੱਤੇ ਪੱਕਾ ਪ੍ਰਸ਼ਨ-ਚਿੰਨ੍ਹ ਲਾਉਂਦਾ ਹੈ! ! ! ਇਸ ਤੱਥ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਇਹ ਸਾਰੇ ਵਿਰੋਧੀ ਨਿਗੁਣੀ ਗੁੱਟਬੰਦੀ ਦੇ ਗ਼ੁਲਾਮ ਹਨ! {ਨੋਟ:- ਮੇਰੇ ਇਸ ਪੱਤਰ ਦੇ ਪ੍ਰਤਿਕਰਮ ਵਜੋਂ ਕੇਵਲ ਦੋ ਪੱਤਰ ਆਏ ਸਨ:- ਇੱਕ ਕਿਸੇ ਪ੍ਰਤਿਪਾਲ ਸਿੰਘ ਦਾ (17-06-11), ਜਿਸ ਵਿੱਚ ਉਹ ਦੋਨਾਂ ਲੇਖਕਾਂ ਦੇ ‘ਨਜ਼ਰੀਏ’ ਵਿੱਚ ਹੀ ਉਲਝ ਕੇ ਰਹਿ ਗਿਆ। ਅਤੇ, ਦੂਜਾ, ਪ੍ਰਸਿੱਧ ਲਿਖਾਰੀ ਕਿਰਪਾਲ ਸਿੰਘ ਬਠਿੰਡਾ ਦਾ (20-06-11), ਜਿਸ ਵਿੱਚ ਉਹ ਇਹ ਬਿਆਨ, “ਵੀਰ ਜੀ ਚੰਦੀ ਸਾਹਿਬ ਜੀ ਨਾਲ ਕੋਈ ਵਿਦਵਾਨ ਸਹਿਮਤ ਹੋਵੇ ਜਾਂ ਨਾਂ, ਇਹ ਇੱਕ ਵੱਖਰੀ ਗੱਲ ਹੈ……”, ਦੇ ਕੇ ਗੱਲ ਗੋਲ ਕਰਦਾ ਹੋਇਆ ਪਾਸਾ ਵੱਟ ਗਿਆ!}

ਵਿਰੋਧੀਆਂ ਦੁਆਰਾ ਦਿੱਤੇ ਗਏ ਬੇ-ਬੁਨਿਆਦ ਬਿਆਨ ਤੇ ਵਰਤੀ ਗਈ ਭੱਦੀ ਸ਼ਬਦਾਵਲੀ:-

ਵਿਰੋਧੀ ਲੇਖਕਾਂ ਦਾ ਇਹ ਭਰਮ ਹੈ ਕਿ ਬਦ-ਕਲਾਮੀ ਕਰਕੇ, ਤੁਹਮਤਬਾਜ਼ੀ ਦਾ ਤੁੱਛ ਤਿਕੜਮ ਲੜਾਕੇ ਅਤੇ ਅਸਭਯ ਸ਼ਬਦਾਵਲੀ ਵਰਤ ਕੇ ਉਹ ਆਪਣੇ ਆਪ ਨੂੰ ਸ੍ਰੇਸ਼ਟ ਸਿੱਧ ਕਰਨ, ਪਾਠਕਾਂ ਨੂੰ ਡਾ: ਢਿੱਲੋਂ ਵਿਰੁੱਧ ਭੜਕਾਉਣ ਅਤੇ ਚਰਚਾ ਦੇ ਰੰਗ ਵਿੱਚ ਭੰਗ ਪਾ ਕੇ ਆਪਣੇ ਕਪਟ ਇਰਾਦਿਆਂ ਵਿੱਚ ਸਫ਼ਲ ਹੋ ਸਕਣਗੇ! ਕੁੱਛ ਲੇਖਕਾਂ ਦੀ ਇਸ ਗ਼ਲਾਜ਼ਤ ਦੇ ਪ੍ਰਮਾਣ; - ਵੱਡੇ ਭੁਲੇਖੇ ਦਾ ਸ਼ਿਕਾਰ ਹੈ ਤੇ ਝੂਠਾ ਬਿਆਨ ਦੇ ਰਿਹਾ ਹੈ, ਮੂੰਹ ਬੰਦ ਕਰ ਲੈਣਾ ਚਾਹੀਦਾ ਹੈ; ਧਰਮ ਸਿੰਘ ਨਾਲ ਤੁਲਨਾਂ ਕਰਕੇ ਕਹਿਣਾਂ ਕਿ ਢਿੱਲੋਂ ਯਬਲੀਆਂ ਮਾਰਦਾ ਹੈ, ਕੋਰਾ ਝੂਠ ਬੋਲਦਾ ਹੈ, ਵਾਕ-ਜਾਲ ਬੁਣਦਾ ਹੈ, ਆਪਾ-ਵਿਰੋਧ ਦਾ ਦੋਸ਼ ਦੇ ਕੇ ਸਵੈ-ਪੜਚੋਲ ਦੀ ਨਸੀਹਤ, ਡਾ: ਢਿੱਲੋਂ ਦੀਆਂ ਯੋਗਤਾਵਾਂ ਤੇ ਯੂਨੀਵਰਸਿਟੀ ਵਿੱਚ ਉਸ ਦੀ ਪੋਜ਼ੀਸ਼ਨ ਦਾ ਮਜ਼ਾਕ ਉਡਾਣਾਉਣਾਂ, ਡਾ: ਢਿੱਲੋਂ ਵਿਚਾਰ ਚਰਚਾ ਵਿੱਚੋਂ ਭੱਜਦਾ ਲੱਗਦਾ ਹੈ ………ਤੇ ਹੋਰ ਕਿੰਨਾਂ ਕੁੱਝ! ! ਇਹ ਇੱਕ ਅਚੰਭਾ ਹੈ ਕਿ ਵਿਰੋਧ ਕਰਨ ਵਾਲਿਆਂ ਨੂੰ ਡਾ: ਢਿੱਲੋਂ ਦੇ ਲੇਖ ਵਿੱਚ ਇੱਕ ਵੀ ਨੁਕਤਾ ਪਸੰਦ ਨਹੀਂ ਆਇਆ! ! !

ਵਿਚਾਰ-ਚਰਚਾ ਵਿੱਚ ਪ੍ਰਗਟਾਏ ਗਏ ਕੁੱਝ ਨਿਰਪੱਖ ਸ਼ੰਕੇ ਤੇ ਸਵਾਲ:-

ਭਾਵੇਂ, ਇਸ ਵਿਚਾਰ-ਚਰਚਾ ਨੂੰ ਭੰਗ ਕਰਨ ਤੇ ਨਿਸ਼ਫਲ ਬਣਾਉਣ ਵਾਲਿਆਂ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ, ਪਰੰਤੂ, ਇਸ ਦੇ ਬਾਵਜੂਦ ਵੀ ਕਈ ਨਿਰਪੱਖ ਪਾਠਕਾਂ/ਲੇਖਕਾਂ ਦਾ ਸੰਦੇਸ਼ ਹੈ ਕਿ ਉਨ੍ਹਾਂ ਨੇ ਇਸ ਚਰਚਾ ਵਿੱਚੋਂ ਬਹੁਤ ਕੁੱਝ ਸਿੱਖਿਆ ਹੈ। ਇਸ ਵਿਚਾਰ-ਚਰਚਾ ਨੂੰ ਪੜ੍ਹ ਕੇ ਕਈ ਸ਼ੰਕੇ ਵਿਚਾਰਕਾਂ ਦੇ ਮਨ ਵਿੱਚ ਉੱਠੇ ਜਿਨ੍ਹਾਂ ਦਾ ਪ੍ਰਗਟਾਵਾ ਉਨ੍ਹਾਂ ਨੇ ਪੱਤਰਾਂ ਰਾਹੀਂ ਕੀਤਾ ਹੈ। ਮਿਸਾਲ ਦੇ ਤੌਰ `ਤੇ:- “……ਅੱਜ ਕੋਠਾ ਸਾਹਿਬ ਅਤੇ ਅਕਾਲ ਤਖ਼ਤ ਦੋਵੇਂ ਇੱਕ ਹਨ। ਕੋਠਾ ਸਾਹਿਬ ਜਿਸ ਵਿੱਚ ਪੋਥੀ ਸਾਹਿਬ ਦਾ ਸੁਖਆਸਨ ਕੀਤਾ ਜਾਂਦਾ ਸੀ ਉਹ ਕਿੱਥੇ ਹੈ? ਉਸ ਦੀ ਉਸਾਰੀ ਕਦੋਂ ਤੇ ਕਿਸ ਨੇ ਕੀਤੀ ਸੀ? ਜੇ ਉਹ ਅਕਾਲ ਤਖ਼ਤ ਤੋਂ ਵੱਖ ਸੀ ਤਾਂ ਅੱਜ ਇਹ ਦੋਵੇਂ ਇਕੱਠੇ ਕਿਵੇਂ ਹਨ? (ਸਰਵਜੀਤ ਸਿੰਘ 5-04-11) “……ਮੁਖ ਮੁੱਦਾ ਤਾਂ ਹੈ, ਕੀ ਅਜ ਵਾਲਾ ਅਕਾਲ ਤਖ਼ਤ ਸਾਹਿਬ ਗੁਰੁ ਜੀ ਨੇ ਉਸਾਰਿਆ ਸੀ ਜਾਂ ਨਹੀਂ? ਜੇ ਨਹੀਂ ਤਾਂ ਵਿਦਵਾਨਾਂ ਨੂੰ ਇਹ ਖੋਜ-ਪੜਤਾਲ ਕਰਨੀ ਚਾਹੀਦੀ ਹੈ ਕਿ ਥੜੇ ਤੋਂ ਅਕਾਲ ਤਖ਼ਤ ਸਾਹਿਬ, ਇਸ ਤੋਂ ਵੀ ਅੱਗੇ ਸਕਤਰੇਤ ਤਕ ਦਾ ਸਫ਼ਰ ਕਿਵੇਂ ਤਹਿ ਹੋਇਆ?” (ਸਰਵਜੀਤ ਸਿੰਘ 17-04-11) “ਜਥੇਦਾਰ ਦੇ ਸ਼ਬਦ-ਅਰਥ ਕੀ ਹਨ? ਜਥੇਦਾਰ ਦੀ ਪਦਵੀ ਕਿਸ ਨੇ, ਕਦੋਂ ਬਣਾਈ? ਜਿਸ ਕਿਸੇ ਨੇ ਵੀ ਇਸ ਪਦਵੀ ਦਾ ਅਵਿਸ਼ਕਾਰ ਕੀਤਾ, ਕੀ ਉਸ ਨੇ ਇਸ ਪਦਵੀ ਉੱਤੇ ਬੈਠਣ ਵਾਲੇ ‘ਭੱਦਰ ਪੁਰਸ਼’ ਦੀਆਂ ਯੋਗਤਾਵਾਂ, ਕਰਤੱਵਯ ਤੇ ਫ਼ਰਜ਼ਾਂ ਦਾ ਖ਼ੁਲਾਸਾ ਵੀ ਕੀਤਾ ਸੀ? ਜਥੇਦਾਰ ਦੀ ਪਦਵੀ ਦੇ ਅਧਿਕਾਰ-ਖੇਤਰ ਦੀ ਸੀਮਾ ਕਿਹੜੀ ਹੈ? ਕੀ ਜਥੇਦਾਰ ਦੀ ਨਿਯੁਕਤੀ ਦਾ ਕੋਈ ਨਿਯਮ ਨਿਰਧਾਰਤ ਹੈ? ਕੀ ਅਕਾਲ ਬੁੰਗੇ ਦੀ ਜਥੇਦਾਰੀ ਗੁਰੂਆਂ ਦੇ ਸਮੇ ਸੀ ਜਾਂ ਫਿਰ, ਕਈ ਹੋਰ ਗੁਰਮਤਿ-ਵਿਰੋਧੀ ਕਾਢਾਂ ਵਾਂਗ 20ਵੀਂ ਸਦੀ ਦੀ ਹੀ ਕਾਢ ਹੈ? ਦੂਜਾ, ਅਕਾਲਤਖ਼ਤ (ਬੂੰਗੇ) ਦੀ ਉਸਾਰੀ ਨੂੰ ਪੰਜਵੇਂ ਤੇ ਛੇਵੇਂ ਗੁਰੁ ਜੀ ਦੀ ਦੇਣ ਕਿਹਾ ਜਾਂਦਾ ਹੈ; ਬਾਕੀ ਦੇ ਚਾਰ ਤਖ਼ਤ ਕਿਹੜੇ ਗੁਰਾਂ ਦੀ ਦੇਣ ਹਨ? ਕੀ ਇਨ੍ਹਾਂ ਤਖ਼ਤਾਂ ਤੇ ਇਨ੍ਹਾਂ ਦੇ ਜਥੇਦਾਰਾਂ ਦਾ ਰੁਤਬਾ ਵੀ ਓਹੀ ਹੈ ਜਿਹੜਾ ਅਕਾਲ ਤਖ਼ਤ ਤੇ ਇਸ ਦੇ ਜਥੇਦਾਰ ਦਾ?” (ਗੁਰਇੰਦਰ ਸਿੰਘ ਪਾਲ 18-04-11) “……ਤੇਰੇ ਸਿਧਾਂਤ ਦਾ ਮਲੀਆ-ਮੇਟ ਕਰਕੇ ਇੱਕ ਭਵਨ ਨੂੰ ਹੀ ਅਕਾਲ ਤਖ਼ਤ ਬਣਾ ਕੇ ਅਸੀਂ ਉਸ ਤੇ ਆਪਣੇ ਜੁੱਤੀ-ਚੱਟ ਬਿਠਾਵਾਂ ਗੇ……।” (ਅਮਰਜੀਤ ਸਿੰਘ ਚੰਦੀ 12-04-11) ……ਆਦਿ।

ਵਿਚਾਰ-ਚਰਚਾ ਨੂੰ ਹਾਂ-ਪਖੀ ਤੇ ਸੁਫ਼ਲ ਬਣਾਉਣ ਲਈ ਛਪੇ ਕੁੱਝ ਸੁਝਾਉ:-

ਚਰਚਾ ਲਈ ਕੁੱਝਇਕ ਸ਼ੁੱਭਚਿੰਤਕ ਪਾਠਕਾਂ/ਲੇਖਕਾਂ ਨੇ ਇਸ ਨੂੰ ਹਾਂ-ਪਖੀ ਬਣਾਉਣ ਅਤੇ ਲੀਹ ਉੱਤੇ ਰੱਖਣ ਵਾਸਤੇ ਉਪਰਾਲੇ ਵੀ ਕੀਤੇ ਜਿਨ੍ਹਾਂ ਦਾ ਵਰਣਨ ਕਰਨਾਂ ਵੀ ਉਚਿਤ ਹੋਵੇਗਾ:-

“ਅਸਲੀ ਦੋਸ਼ੀ ਕੌਣ? ਅਕਾਲ ਤਖ਼ਤ ਜਾਂ ਐਸ ਜੀ ਪੀ ਸੀ? 29/03/2000 ਨੂੰ ਤਖ਼ਤ ਵੱਲੋਂ ਐਸ ਜੀ ਪੀ ਸੀ ਨੂੰ ਹਦਾਇਤ” (ਚਰਨਜੀਤ ਸਿੰਘ ਬਰੈਮਪਟਨ 23-04-11) ਚਰਨਜੀਤ ਸਿੰਘ ਜੀ ਦੇ ਇਸ ਪੱਤਰ ਨੂੰ ਪੜ੍ਹਣ ਉਪਰੰਤ ਮੇਰਾ (26-04-11) ਪ੍ਰਤਿਕਰਮ ਸੀ: “ਉਨ੍ਹਾਂ ਦੀ ਮਿਹਨਤ ਨਾਲ ਕੀਤੀ ਖੋਜ ਮੁਤਾਬਿਕ ਮਾਰਚ, 2000 ਤਕ ਅਖਾਉਤੀ ਜਥੇਦਾਰ ਅਤੇ ਉਸ ਦੀ ‘ਸਰਵ-ਉੱਚ’ ਗਰਦਾਨੀ ਜਾਂਦੀ ਪਦਵੀ ਬਾਰੇ ਕੋਈ ਵੀ ਨਿਯਮ ਨਿਰਧਾਰਤ ਨਹੀਂ ਸਨ; ਅਤੇ ਨਾਂ ਹੀ ਅੱਜ ਤੱਕ ਨਿਰਧਾਰਤ ਕੀਤੇ ਗਏ ਹਨ! ਇਸ ਤੱਥ ਤੋਂ ਦੋ ਹੋਰ ਕੌੜੇ ਸੱਚ ਸਾਮ੍ਹਨੇ ਆਉਂਦੇ ਹਨ: ਪਹਿਲਾ, ਸਰਵ-ਉੱਚ ਨਿਯਮ-ਬੱਧ ਮਤਿ (ਗੁਰਮਤਿ) ਦੀ ਵਾਗ ਡੋਰ ਉਸ ਪਦਵੀ (ਜਥੇਦਾਰ) ਦੇ ਅਧਿਕਾਰਾਧੀਨ ਹੈ ਜਿਸ ਦਾ ਆਪਣੇ ਵਾਸਤੇ ਕੋਈ ਵੀ ਨਿਯਮ ਨਿਸ਼ਚਿਤ ਨਹੀਂ! ਦੂਜਾ, ਇਹ ਕੌਮ ਵਾਸਤੇ ਇੱਕ ਅਤਿਅੰਤ ਹਾਸੋਹੀਣਾਂ ਤੇ ਕੋਝਾ ਮਜ਼ਾਕ ਹੈ ਕਿ ਕਰਮਚਾਰੀ (ਜਥੇਦਾਰ ਤੇ ਗ੍ਰੰਥੀ) ਆਪਣੇ ਨਿਯੁਕਤੀ ਅਧਿਕਾਰੀ (Appointing Authority) ਐਸ: ਜੀ: ਪੀ: ਸੀ: ਨੂੰ ਹਦਾਇਤ ਕਰ ਰਹੇ ਹਨ ਕਿ ਉਨ੍ਹਾਂ ਦੀ ਪਦਵੀ ਦੇ ਨਿਯਮ ਨਿਸ਼ਚਿਤ ਕੀਤੇ ਜਾਣ! ! ਇਸ ਹਦਾਇਤ ਨੂੰ ਐਸ: ਜੀ: ਪੀ: ਸੀ: ਤੇ ‘ਪੰਥ’ ਨੇ ਅੱਜ ਤਕ ਗੌਲਿਆ ਤਕ ਨਹੀਂ? ਕੀ ਇਸ ਅਣਗਹਿਲੀ ਪਿੱਛੇ ਕੋਈ ਕੁਟਿਲਤਾ ਹੈ? (ਨੋਟ:-ਪਾਠਕਾਂ/ਲੇਖਕਾਂ ਨੂੰ ਬਿਨਤੀ ਹੈ ਕਿ ਉਹ ਚਰਨਜੀਤ ਸਿੰਘ ਜੀ ਦਾ ਉਪਰੋਕਤ ਪੱਤਰ ਪੜ੍ਹ ਲੈਣ।)

ਸ: ਗੁਰਮੀਤ ਸਿੰਘ ਜੀ ਆਸਟ੍ਰੇਲੀਆ ਦੀ ਭੇਜੀ ਤੇ 09-05-11 ਨੂੰ ‘ਸਿੱਖ ਮਾਰਗ’ ਉੇੱਤੇ ਪੇਸਟ ਕੀਤੀ ਗਈ 18 ਮਾਰਚ 1887 ਦੀ ਇੱਕ ਲਿਖਤ ਤੋਂ ਇਹ ਤੱਥ ਉੱਘੜ ਕੇ ਸਾਮ੍ਹਣੇ ਆਉਂਦੇ ਹਨ: ਅੱਜ ਦੇ ਅਖਾਉਤੀ ‘ਅਕਾਲ ਤਖ਼ਤ’ ਦਾ ਨਾਮ ਅਕਾਲ ਬੁੰਗਾ ਹੀ ਸੀ; ਇਸ ਭਵਨ (ਅਕਾਲ ਬੁੰਗਾ) ਦੇ ਜਥੇਦਾਰ ਦਾ ਕੋਈ ਉਹਦਾ ਨਹੀਂ ਸੀ; ਇਸ ਭਵਨ ਦਾ ਕੇਵਲ ਪੁਜਾਰੀ ਹੀ ਹੁੰਦਾ ਸੀ! ਇਹੋ ਜਿਹੀਆਂ ਲਿਖਤਾਂ (ਤਹਿਰੀਰ) ਨੂੰ ਹੁਕਮਨਾਮਾ ਨਹੀਂ ਸੀ ਕਿਹਾ ਜਾਂਦਾ! {ਨੋਟ:-ਵਧੇਰੇ ਵਿਸਤ੍ਰਿਤ ਜਾਣਕਾਰੀ ਵਾਸਤੇ ਕ੍ਰਿਪਾ ਕਰਕੇ ਇਹ ਲਿਖਤ ਅਤੇ ਇਸ ਲਈ ਮੇਰਾ ਪ੍ਰਤਿਕਰਮ (11-05-11) ਪੜ੍ਹ ਲਿਆ ਜਾਵੇ।}

ਇਸ ਵਿਚਾਰ-ਚਰਚਾ ਨੂੰ ਸ੍ਵਸਥ ਤੇ ਸੁੱਥਰੀ ਬਣਾਈ ਰੱਖਣ ਹਿਤ ਦਾਸ ਨੇ ਵੀ ਇੱਕ ਲੇਖ “‘ਸਿੱਖ ਮਾਰਗ’ ਅਤੇ ਵਿਚਾਰ-ਚਰਚਾ” ਲਿਖਿਆ ਸੀ। “ਇਸ ਵਿੱਚ ਨਰੋਈ ਤੇ ਹਾਂ-ਪਖੀ ਚਰਚਾ ਦੇ, ਵਿਦਵਾਨਾਂ ਦੁਆਰਾ ਨਿਸ਼ਚਿਤ, ਨਿਯਮਾਂ ਦਾ ਖ਼ੁਲਾਸਾ ਦਿੱਤਾ ਗਿਆ ਹੈ। ਪਰੰਤੂ, ਅਫ਼ਸੋਸ! ਇਸ ਨੂੰ ਵੀ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਕੇ ਹੁਣ ਤਕ ਆਪ-ਹੁੱਦਰੀਆਂ ਹੀ ਹੁੰਦੀਆਂ ਰਹੀਆਂ ਹਨ! !

ਇਸ ਤੋਂ ਬਿਨਾਂ ‘ਸਿੱਖ ਮਾਰਗ’ ਦੇ ਸੰਪਾਦਕ ਦੀਆਂ ਟਿੱਪਨੀਆਂ ਵੱਲ ਜ਼ਰਾ ਵੀ ਧਿਆਨ ਦਿੱਤਾ ਜਾਂਦਾ ਤਾਂ ਇਹ ਵਿਚਾਰ-ਚਰਚਾ ਵਧੇਰੇ ਹਾਂ-ਪਖੀ, ਉਸਾਰੂ ਤੇ ਲਾਭਕਾਰੀ ਹੋ ਸਕਦੀ ਸੀ! ! ਸੰਪਾਦਕ ਦਾ ਤਹੱਮਲ/ਧੀਰਜ ਅਨੁਕਰਣਯੋਗ (exemplary) ਹੈ!

ਮੇਰੀ ਸਿੱਖ-ਜਗਤ ਦੇ ਸਾਰੇ ਪਾਠਕਾਂ/ਲੇਖਕਾਂ ਨੂੰ ਬਿਨਤੀ ਹੈ ਕਿ ਉਹ ਉਪਰੋਕਤ ਸ਼ੰਕੇ, ਸਵਾਲ, ਸੁਝਾਉ ਤੇ ਲੇਖਾਂ/ਲਿਖਤਾਂ ਨੂੰ ਧਿਆਨ ਨਾਲ ਪੜ੍ਹ ਕੇ ਡਾ: ਇਕਬਾਲ ਸਿੰਘ ਢਿੱਲੋਂ ਦੇ ਲੇਖ ‘ਅਕਾਲ ਤਖ਼ਤ ਦੀ ਸਥਿਤੀ’ ਬਾਰੇ ਆਪਣੇ ਨਿਰਪੱਖ ਵਿਚਾਰ ਬਣਾ ਕੇ ਉਸ ਨੂੰ ਸੁਝਾਅ ਦੇਣ ਤਾਂ ਜੋ ਉਹ ਆਪਣੀ ਲਿਖਤ ਵਿੱਚੋਂ ਕਚਿਆਈਆਂ ਨੂੰ ਕੱਢ ਕੇ ਇਸ ਨੂੰ ਵਧੇਰੇ ਵਿਸ਼ਵਸਨੀਯ ਤੇ ਪ੍ਰਭਾਵਸ਼ਾਲੀ ਬਣਾ ਸਕੇ। ਡਾ: ਢਿੱਲੋਂ ਨੂੰ ਵੀ ਬਿਨਤੀ ਹੈ ਕਿ ਉਹ ਉੱਪਰ ਦਿੱਤੇ ਸ਼ੰਕੇ, ਸਵਾਲ ਤੇ ਸੁਝਾਵਾਂ ਪ੍ਰਤਿ ਖੋਜ ਕਰੇ ਅਤੇ ਪਾਠਕਾਂ/ਲੇਖਕਾਂ ਵੱਲੋਂ ਦਿੱਤੇ ਗਏ ਸਹਿਮਤੀ ਤੇ ਅਸਹਿਮਤੀ ਦੇ ਸਾਰੇ ਵਿਚਾਰਾਂ ਨੂੰ ਠਰ੍ਹਮੇ ਤੇ ਬਿਬੇਕ ਨਾਲ ਬਿਚਾਰ ਕੇ ਆਪਣੇ ਲੇਖ ਨੂੰ ਵੱਧ ਤੋਂ ਵੱਧ ਪ੍ਰਮਾਣੀਕ ਤੇ ਭਰੋਸੇਯੋਗ ਬਣਾ ਕੇ ਸਿੱਖ-ਜਗਤ ਦੇ ਪਾਠਕਾਂ/ਲੇਖਕਾਂ ਨੂੰ ਸਮਰਪਿਤ ਕਰੇ! ਯਕੀਨਨ, ਉਸ ਦਾ ਇਹ ਉੱਦਮ ਲਾਭਕਾਰੀ ਅਤੇ ਉਪਯੋਗੀ ਸਾਬਤ ਹੋਵੇਗਾ! !

ਅੰਤ ਵਿੱਚ ਕੁੱਝ ਸਤਰਾਂ ‘ਸਿੱਖ ਮਾਰਗ’ ਵਿਚਾਰ-ਮੰਚ ਦੀ ਵਿਲੱਖਣਤਾ ਬਾਰੇ ਵੀ ਲਿੱਖਣੀਆਂ ਬਣਦੀਆਂ ਹਨ। ‘ਅਕਾਲ ਤਖ਼ਤ’ ਦੇ ਵਿਸ਼ੇ `ਤੇ ਚਲ ਰਹੀ ਇਸ ਵਿਚਾਰ-ਚਰਚਾ ਨਾਲ ਸੰਬੰਧਿਤ ਪਾਠਕਾਂ/ਲੇਖਕਾਂ ਵੱਲੋਂ 160 ਦੇ ਕਰੀਬ ਪੱਤਰ, ਕੁੱਛ ਲੇਖ, ਲਗ ਪਗ 30 ਸੰਪਾਦਕੀ ਟਿੱਪਣੀਆਂ, ਅਤੇ ਕਈ ਗੁੱਝੇ ਪੱਤਰ/ਲੇਖ ਛਪੇ ਹਨ! ਕੀ ਸੰਸਾਰ ਵਿੱਚ ਕੋਈ ਅਖ਼ਬਾਰ, ਰਸਾਲਾ, ਸਾਈਟ, ਬਲਾਗ ਜਾਂ ਮੀਡੀਆ ਦਾ ਹੋਰ ਕੋਈ ਵੀ ਸਾਧਨ ਹੈ ਜੋ ਪਾਠਕਾਂ/ਲੇਖਕਾਂ ਨੂੰ ਇਤਨੀ ਖੁਲ੍ਹ ਦਿੰਦਾ ਹੋਵੇ? ਮੇਰੀ ਜਾਣਕਾਰੀ ਵਿੱਚ ਤਾਂ ਅਜਿਹਾ ਮੰਚ ਹੋਰ ਕੋਈ ਨਹੀਂ! ਜੇ ਕਿਸੇ ਦੀ ਨਿਗ੍ਹਾ ਵਿੱਚ ਹੋਵੇ ਤਾਂ ਦੱਸ ਦੇਣਾਂ, ਉਸ ਨੂੰ ਵੀ ਸਾਦਰ ਸਲਾਮ ਕਰਾਂਗੇ! ਬੜੇ ਖੇਦ ਦੀ ਗੱਲ ਹੈ ਕਿ ਇਸ ਵਿਚਾਰ-ਚਰਚਾ ਵਿੱਚੋਂ ਇਹ ਕੋਝਾ ਸੱਚ ਸਾਮ੍ਹਣੇ ਆਇਆ ਹੈ ਕਿ ਅਸੀਂ ‘ਸਿੱਖ ਮਾਰਗ’ ਦੇ ਕ੍ਰਿਤੱਗਯ ਹੋਣ ਦੀ ਬਜਾਏ ਇਸ ਦੇ ਦੋਖੀ ਤੇ ਕ੍ਰਿਤਘਣ ਹਾਂ! ਜਿਸ ਮੰਚ ਨੇ ਸਾਨੂੰ ਆਪਣੀ ਲਿਖਣ-ਕਲਾ ਤੇ ਗਿਆਨ ਨੂੰ ਵਿਕਸਿਤ ਕਰਨ ਦਾ ਮੌਕਾ ਦਿੱਤਾ ਹੈ, ਉਸੇ ਮੰਚ ਦੇ ਪਾਵਿਆਂ ਨੂੰ ਅਸੀਂ ਕੱਟਣ ਤੋਂ ਸੰਕੋਚ ਨਹੀਂ ਕਰ ਰਹੇ! ਸਾਨੂੰ ਇਸ ਸ਼ੈਤਾਨੀਯਤ ਤੋਂ ਬਾਜ ਆਉਣਾਂ ਚਾਹੀਦਾ ਹੈ!

ਗੁਰਇੰਦਰ ਸਿੰਘ ਪਾਲ




.