. |
|
ਪਹਚਾਨ
ਕੁੱਝ ਸਾਲ ਪਹਿਲਾਂ ਦਾਸ ਨੂੰ ਮੱਧਪ੍ਰਦੇਸ਼ ਵਿੱਚ ਹੋਈ ਕਿਸੇ ਅੰਤਰਰਾਸ਼ਟ੍ਰੀ
ਕਾਨਫ਼ਰੰਸ ਵਿੱਚ ਭਾਗ ਲੈਣ ਦਾ ਮੌਕਾ ਮਿਲਿਆ। ਬੋਲਣ ਵਾਸਤੇ ਵਿਸ਼ੇ ਗੁਰਬਾਣੀ/ਗੁਰਮਤਿ ਨਾਲ ਸੰਬੰਧਿਤ
ਸਨ। ਪ੍ਰਬੰਧਕਾਂ ਨੇ ਗੁਰੂ ਨਾਨਕ ਦੇ ਮਾਨਵ-ਵਾਦੀ ਸਿਧਾਂਤ ਨੂੰ ਧਿਆਨ ਵਿੱਚ ਰੱਖਦਿਆਂ ਬੜਾ ਹੀ
ਸੋਹਣਾਂ ਪ੍ਰਬੰਧ ਕੀਤਾ ਹੋਇਆ ਸੀ। ਸ੍ਰੋਤਿਆਂ, ਦਰਸ਼ਕਾਂ ਤੇ ਵਕਤਿਆਂ ਵਿੱਚ ਕੋਈ ਇੱਕ ਵਰਗ ਜਾਂ ਵਰਣ
ਨਹੀਂ, ਸਗੋਂ ਮਨੁੱਖਤਾ ਦਿਖਾਈ ਦੇ ਰਹੀ ਸੀ; ਇੱਥੋਂ ਤਕ ਕਿ ਸ਼ਹਿਰੋਂ ਬਾਹਰ ਵੱਸੀ ਵਣਜਾਰਾ ਬਸਤੀ ਤੋਂ
ਬਹੁਗਿਣਤੀ ਵਿੱਚ ਵਣਜਾਰੇ ਤੇ ਵਣਜਾਰਨਾਂ ਵੀ ਸ਼ਾਮਿਲ ਸਨ। ਬੋਲਣ ਵਾਲਿਆਂ ਵਿੱਚ ਭਾਰਤ ਦੇ ਵੱਖ ਵੱਖ
ਪ੍ਰਾਂਤਾਂ ਤੇ ਵਿਦੇਸ਼ਾਂ ਤੋਂ ਬੁਲਾਏ ਸਿੱਖ, ਹਿੰਦੂ, ਮੁਸਲਮਾਨ ਤੇ ਈਸਾਈ ਆਦਿ ਸਨ। ਸਾਰੇ ਵਕਤਿਆਂ
ਨੇ ਜ਼ਬਤ ਵਿੱਚ ਰਹਿ ਕੇ ਪੰਜਾਬੀ, ਹਿੰਦੀ ਤੇ ਉਰਦੂ ਵਿੱਚ ਗੁਰਮਤਿ-ਗਿਆਨ-ਵਰਧਕ ਵਿਚਾਰ ਦਿੱਤੇ। ਇਹ
ਵੇਖ-ਸੁਣ ਕੇ ਹੈਰਾਨੀ ਹੋਈ ਕਿ ਗ਼ੈਰ-ਸਿੱਖਾਂ ਨੂੰ, ਆਪਣੇ ਆਪ ਨੂੰ ਗੁਰ-ਸਿੱਖ ਕਹਿਣ-ਕਹਾਉਣ ਵਾਲਿਆਂ
ਨਾਲੋਂ, ਗੁਰਮਤਿ ਦਾ ਗਿਆਨ ਕਿਤੇ ਵਧੇਰੇ ਸੀ! ! ਮੈਂ ਆਪਣੇ ਭਾਸ਼ਣ ਦਾ ਅੰਤ ਗੁਰੁ ਅਰਜਨ ਦੇਵ ਜੀ ਦੀ
ਨਿਮਨ ਲਿਖਿਤ ਤੁਕ ਨਾਲ ਕੀਤਾ:
“ਸਰਵ ਧਰਮ ਮਹਿ ਸ੍ਰੇਸਟ ਧਰਮੁ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ”।
ਮੇਰੇ ਭਾਸ਼ਣ ਦੀ ਇਹ ਅੰਤਿਕਾ ਇੱਕ ਸਾਬਤ ਸੂਰਤ ਸਫ਼ੇਦ-ਪੋਸ਼ ਵਕਤੇ ਨੂੰ, ਜੋ ਕਿ
ਵਿਦੇਸ਼ ਤੋਂ ਆਇਆ ਸੀ, ਪਸੰਦ ਨਾ ਆਈ। ਉਹ, ਸਟੇਜ-ਸਕੱਤ੍ਰ ਦੀ ਆਗਿਆ ਦੀ ਉਡੀਕ ਕੀਤੇ ਬਿਨਾਂ ਹੀ,
ਚਾਰ-ਪੰਜ ਮਿੰਟ ਮੇਰੇ ਵਿਚਾਰਾਂ ਵਿਰੁੱਧ ਬੋਲ ਗਿਆ। ਉਸ ਦੇ ਇਸ ਵਖਿਆਨ ਦਾ ਸਾਰੰਸ਼ ਕੁੱਝ ਇਸ ਤਰ੍ਹਾਂ
ਸੀ: “ਇਹ ਲੋਕ ਕੌਮ ਨੂੰ ਗੁਮਰਾਹ ਕਰਨ `ਤੇ ਤੁਲੇ ਹੋਏ ਹਨ, …… ਸਾਡਾ ਭਵਿੱਖ ਸਾਡੀ ਪਹਿਚਾਨ ਨਾਲ
ਹੈ, ਗੁਰਬਾਣੀ ਨਾਲ ਨਹੀਂ ……ਗੁਰਬਾਣੀ ਆਪਣੀ ਥਾਂ ਹੈ……ਸਾਨੂੰ ਪਹਿਲਾਂ ਆਪਣੀ ‘ਪਹਿਚਾਨ’ ਬਣਾਉਣ ਵੱਲ
ਧਿਆਨ ਦੇਣਾਂ ਚਾਹੀਦਾ ਹੈ, …… ……”। ਉਹ ਆਪਣੇ ਇਸ ਆਲੋਚਣਾਤਮਕ ਭਾਸ਼ਨ ਵਿੱਚ ਦੂਸਰੇ ਵਕਤਿਆਂ ਨੂੰ ਵੀ
ਨਿਸ਼ਾਨਾਂ ਬਣਾ ਗਿਆ।
‘ਸਿੱਖਾਂ’ ਨੂੰ ਆਪਣੀ ‘ਪਹਚਾਨ’ ਬਣਾਉਂਦਿਆਂ ਮੈ ਬਚਪਣ ਤੋਂ ਹੀ ਦੇਖ ਰਿਹਾ
ਹਾਂ; ਅਤੇ ਦਾਸ ਨੇ, ਇਸ ਮੰਤਵ ਲਈ ਕੀਤੇ ਜਾਂਦੇ ਯਤਨਾਂ ਵਿੱਚ ਹਿੱਸਾ ਵੀ ਲਿਆ। ਲੜਕਪਣ ਦੇ ਸਮੇ ਤੋਂ
ਹੀ ਦਾਸ, ਨੀਲੇ, ਪੀਲੇ ਜਾਂ ਚਿੱਟੇ ਵਸਤਰਾਂ ਵਿੱਚ ਕਿਰਪਾਂਨਾਂ ਲਹਿਰਾਉਂਦੇ ਜਲਸੇ ਜਲੂਸਾਂ, ਮੋਰਚੇ
ਮੁਜ਼ਾਹਰਿਆਂ, ਮੇਲੇ, ਪੁਰਬ, ਦਿਨ-ਤਿਉਹਾਰ, ਪ੍ਰਭਾਤ-ਫੇਰੀਆਂ, ਰੈਣਸਬਾਈ ਕੀਰਤਨ (ਜਗਰਾਤੇ) ਆਦਿ
ਵਿੱਚ ਸ਼ਮੂਲੀਯਤ ਕਰਦਾ ਰਿਹਾ। ਗੁਰਬਾਣੀ ਦਾ ਅਧਿਐਨ ਕਰਨ ਉਪਰੰਤ ਸਮਝ ਆਈ ਕਿ ਇਨ੍ਹਾਂ ਹਉਮੈ-ਹੋਂਦ
ਜਤਾਉਣ ਵਾਲੇ ਯਤਨਾਂ ਦਾ ਇੱਕੋ ਇੱਕ ਉਦੇਸ਼ ‘ਪਹਚਾਨ’ ਬਣਾਉਣਾਂ ਹੀ ਹੋਣ ਕਾਰਣ ਅਸੀਂ ਹੌਲੀ ਹੌਲੀ
ਗੁਰਮਤਿ ਤੋਂ ਇਤਨਾਂ ਦੂਰ ਹੋ ਗਏ ਹਾਂ ਕਿ ‘ਗੁਰਬਾਣੀ ਆਪਣੀ ਥਾਂ ਹੈ’ ਵਰਗੇ ਮਨਮਤੀ ਤੇ ਹੋਛੇ ਬਿਆਨ
ਦੇਣ ਤੋਂ ਵੀ ਸੰਕੋਚ ਨਹੀਂ ਕਰਦੇ! !
‘ਪਹਚਾਨ’ ਦੇ ਪ੍ਰਸੰਗ ਵਿੱਚ, ਮੇਰੇ ਨਾਲ ਹਾਲ ਹੀ ਵਿੱਚ ਵਾਪਰੇ ਇੱਕ ਕੌੜੇ
ਅਨੁਭਵ (bitter experience)
ਦਾ ਬਿਆਨ ਕਰਨ `ਤੇ ਮਜਬੂਰ ਹਾਂ:-
ਹਰ ਸਾਲ, ਅਮ੍ਰੀਕਾ ਵਿੱਚ
4
ਜੁਲਾਈ ਸੁਤੰਤ੍ਰਤਾ ਦਿਵਸ (Independence
Day) ਦੇ ਤੌਰ `ਤੇ ਬੜੀ ਧੂਮ ਧਾਮ ਨਾਲ ਮਨਾਇਆ
ਜਾਂਦਾ ਹੈ। ਹਰ ਵੱਡੇ ਛੋਟੇ ਸ਼ਹਿਰ ਵਿੱਚ ਦਿਨ ਛਿਪਣ ਸਮੇ ਬੜੇ ਹੀ ਸੁਹਣੇ ਅਤੇ ਅਦੁਭੁੱਤ ਪਟਾਕਿਆਂ
ਨਾਲ ਆਸਮਾਨ ਜਗਮਗਾ ਉੱਠਦਾ ਹੈ ਅਤੇ ਅੱਧੀ ਅੱਧੀ ਰਾਤ ਤੱਕ ਪਟਾਕਿਆਂ ਦੀ ਠਾਹ ਠਾਹ ਸੁਣਾਈ ਦਿੰਦੀ
ਰਹਿੰਦੀ ਹੈ। ਕੇਂਦ੍ਰੀ ਛੁੱਟੀ ਹੋਣ ਕਾਰਣ ਕਈ ਕਈ ਪਰਿਵਾਰ ਕਿਸੇ ਇੱਕ ਘਰਿ ਇਕੱਠੇ ਹੋ ਕੇ ਖਾਂਦੇ
ਪੀਂਦੇ ਤੇ ਰੰਗ-ਰਲੀਆਂ ਮਨਾਉਂਦੇ ਹਨ। ਇਸ ਸਾਲ, ਅਜਿਹੀ ਇੱਕ ਇਕੱਤ੍ਰਤਾ ਵਿੱਚ ਅਸੀਂ ਵੀ ਨਿਮੰਤ੍ਰਿਤ
ਸਾਂ। ਇਸ ਮੈਤ੍ਰਿਕ ਇਕੱਠ (social
gathering) ਵਿੱਚ
15 ਕੁ
ਪਰਿਵਾਰ ਸਨ, ਜਿਨ੍ਹਾਂ ਵਿੱਚੋਂ ਮੀਜ਼ਬਾਨ ਤੋਂ ਬਿਨਾਂ ਮੈ ਤੇ ਇੱਕ ਡਾਕਟਰ ਸਿੱਖ ਸਾਂ, ਇੱਕ ਕੈਨੇਡਾ
ਦਾ ਗੋਰਾ ਅਤੇ ਬਾਕੀ ਸਾਰੇ ਭਾਰਤ ਦੇ ਵੱਖ ਵੱਖ ਪ੍ਰਾਂਤਾਂ ਤੋਂ ਰੋਜ਼ਗਾਰ ਲਈ ਆਏ ਪੜ੍ਹੇ-ਲਿਖੇ ਹਿੰਦੂ
ਸਨ ਜਿਨ੍ਹਾਂ ਦਾ ਪੇਸ਼ਾ ਇੰਜਿਨੀਅਰਿੰਗ ਹੈ। ਪਿਛਲੀ ਪੀੜ੍ਹੀ ਵਿੱਚੋਂ ਸਿਰਫ਼ ਮੈਂ, ਮੇਰੀ ਪਤਨੀ ਅਤੇ
ਡਾਕਟਰ ਦੇ ਮਾਤਾ ਜੀ ਸਨ। ਪੱਗੜੀ-ਧਾਰੀ, ਜਾਂ ਕਹਿ ਲਵੋ ਕਿ ‘ਪਹਚਾਨ’ ਵਾਲਾ ਮੈ ਇਕੱਲਾ ਹੀ ਸਾਂ।
ਭਾਂਤ ਭਾਂਤ ਦੇ ਪਰਿਵਾਰ ਹੋਣ ਦੇ ਬਾਵਜੂਦ ਵੀ ਵਾਤਾਵਰਣ ਬੜਾ ਨਿੱਘਾ ਤੇ ਸੁਖਾਂਵਾਂ ਸੀ।
ਏਧਰ ਓਧਰ ਦੀਆਂ ਗੱਲਾਂ ਕਰਦਿਆਂ ਗੱਲ ਭਾਰਤ, ਪਾਕਿਸਤਾਨ, ਅਫ਼ਗ਼ਾਨਿਸਤਾਨ,
ਇਰਾਕ, ਅਮਰੀਕਾ, ਯੋਰਪ ਤੇ ਹੋਰ ਵਿਦੇਸ਼ਾਂ ਵਿੱਚ ਮੁਸਲਮਾਨ ਜਿਹਾਦੀਆਂ ਵੱਲੋਂ ਹੋਏ ਅਤੇ ਹੋ ਰਹੇ
ਆਤੰਕਵਾਦੀ ਹਿੰਸਕ ਹਮਲਿਆਂ ਤੱਕ ਪਹੁੰਚ ਗਈ। ਮੈਂ ਵੀ ਬਾਕੀਆਂ ਨਾਲ, ਆਪਣੀ ਸਮਝ ਮੁਤਾਬਿਕ, ਗੱਲ-ਬਾਤ
ਵਿੱਚ ਹਿੱਸਾ ਲੈ ਰਿਹਾ ਸਾਂ। ਮੇਰੇ ਨਾਲ ਦੀ ਕੁਰਸੀ `ਤੇ ਬੈਠਾ ਕੈਨੇਡੀਅਨ ਗੋਰਾ ਆਤੰਕਵਾਦ ਦੇ ਇਸੇ
ਪ੍ਰਸੰਗ ਵਿੱਚ ਕਹਿਣ ਲੱਗਾ, “ਕੈਨੇਡਾ ਦੇ ਇਤਿਹਾਸ ਵਿੱਚ, ਮਅਸੂਮ ਮਨੁੱਖਤਾ ਉੱਤੇ, ਸੱਭ ਤੋਂ ਵੱਡਾ
ਵਹਿਸ਼ੀਆਨਾਂ ਆਤਂਕਵਾਦੀ ਘਾਤਿਕ ਹਮਲਾ ਸਿੱਖਾਂ ਨੇ ਕੀਤਾ ਸੀ, ਜਿਸ ਵਿੱਚ ਏਅਰ ਇੰਡੀਆ ਦੀ ਇੱਕ ਫ਼ਲਾਈਟ
ਦੇ ਯਾਤ੍ਰੀ, ਚਾਲਕ ਤੇ ਕਰਮਚਾਰੀ ਸਾਰੇ ਦੇ ਸਾਰੇ ਮਾਰੇ ਗਏ ਸਨ। ਅਤੇ, ਦੋ ਜਾਪਾਨੀ ਕਰਮਚਾਰੀ, ਇਸੇ
ਸਾਜ਼ਿਸ਼ ਅਧੀਨ ਫਟੇ ਇੱਕ ਹੋਰ ਬੰਬ-ਧਮਾਕੇ ਦੇ ਨਤੀਜੇ ਵਜੋਂ ਮਾਰੇ ਗਏ ਸਨ”। ਸਾਰਿਆਂ ਨੇ ਇਸ ਦੁਖਾਂਤ
ਦੇ ਜ਼ਿੱਮੇਦਾਰ ਆਤਂਕਵਾਦੀਆਂ ਦੀ ਘ੍ਰਿਣਾ-ਪੂਰਨ ਸ਼ਬਦਾਂ ਵਿੱਚ ਨਿਖੇਧੀ ਕੀਤੀ। ਸਾਡੇ ਵਿੱਚੋਂ ਇਕ-ਦੋ
ਨੇ, ਓਕਲਾਹੋਮਾ ਦੇ ਅਤਿਅੰਤ ਦੁਖਾਂਤਿਕ ਧਮਾਕੇ, ਜਿਸ ਦਾ ਜ਼ਿੱਮੇਦਾਰ ਟਿਮੋਥੀ ਮਕਵੇਅ ਨਾਂ ਦਾ ਇੱਕ
ਗੋਰਾ ਸੀ, ਦਾ ਹਵਾਲਾ ਦੇ ਕੇ ਕਿਹਾ ਕਿ ਹਰ ਕੌਮ ਵਿੱਚ ਗੰਦਾ ਅਨਸਰ ਹੁੰਦਾ ਹੈ। ਉਸ ਸੂਝਵਾਨ ਗੋਰੇ
ਨੇ, ਇਸ ਸੱਚ ਨੂੰ ਖਿੜੇ ਮੱਥੇ ਸਵੀਕਾਰ ਕਰਨ ਵਿੱਚ ਕੋਈ ਸੰਕੋਚ ਨਾਂ ਕੀਤਾ! ਕਾਸ਼! ਅਸੀਂ ਵੀ ਆਪਣੀਆਂ
ਗ਼ਲਤੀਆਂ ਨੂੰ ਸਵੀਕਾਰ ਕਰਨ ਦਾ ਹੌਸਲਾ ਰੱਖਦੇ ਹੁੰਦੇ! ਉਸ ਨੇ ਦੱਸਿਆ ਕਿ ਕੈਨੇਡਾ ਦੇ ਜਿਸ ਸ਼ਹਿਰ
ਤੋਂ ਉਹ ਹੈ ਉੱਥੇ ਦੇ Sikh Temple/ਗੁਰੂਦਵਾਰੇ
ਵਿੱਚ ਚੋਣਾਂ ਦੇ ਸਮੇ ਅਤੇ ਅੱਗੇ-ਪਿੱਛੇ ਵੀ ਕਿਰਪਾਨਾਂ ਚਲਦੀਆਂ ਰਹਿੰਦੀਆਂ ਹਨ; ਵਾਲਾਂ ਨੂੰ ਇਹ
(ਸਿੱਖ) ਪਵਿੱਤ੍ਰ ਮੰਨਦੇ ਹਨ ਪਰ, ਜਦੋਂ ਇਹ ਗੁਰੂਦਵਾਰਿਆਂ ਵਿੱਚ ਆਪਸ ਵਿੱਚ ਉਲਝਦੇ ਹਨ, ਉਸ ਸਮੇ
ਇਨ੍ਹਾਂ ਦੀਆਂ ਦਾੜ੍ਹੀਆਂ ਤੇ ਸਿਰ ਦੇ ਵਾਲ ਇੱਕ ਦੂਜੇ ਦੇ ਹੱਥਾਂ ਵਿੱਚ ਹੁੰਦੇ ਹਨ; ਅਤੇ ਪੱਗੜੀਆਂ,
ਜਿਨ੍ਹਾਂ ਦੀ ਖ਼ਾਤਿਰ ਇਹ ਸਾਰੀ ਦੁਨੀਆਂ ਦੇ ਦੇਸਾਂ ਦੇ ਕਾਨੂੰਨ ਨਾਲ ਖਹਿਬੜਦੇ ਰਹਿੰਦੇ ਹਨ, ਹਵਾ
ਵਿੱਚ ਉਛਾਲੀਆਂ ਤੇ ਪੈਰਾਂ ਹੇਠ ਰੋਲੀਆਂ ਜਾਂਦੀਆਂ ਹਨ! ! ਹਿੰਸਕ ਸਥਿਤੀ
(violent situation)
ਉੱਤੇ ਕਾਬੂ ਪਾਉਣ ਲਈ ਪੁਲਿਸ ਬੁਲਾਈ ਜਾਂਦੀ ਹੈ। ਉਸ ਨੇ ਇਹ ਵੀ ਕਿਹਾ ਕਿ ਉਸ ਦੇ ਇਲਾਕੇ ਦੇ
ਸਟੋਰਾਂ ਦੇ ਸਿੱਖ ਮਾਲਿਕ ਚੋਰੀ ਦਾ ਸਾਮਾਨ ਵੇਚਦੇ ਫੜੇ ਗਏ ਸਨ, ਅਤੇ ਕਈ ਟਰੱਕ-ਚਾਲਕ ਡਰੱਗ
ਸਮਗਲਿੰਗ ਦਾ ਧੰਦਾ ਕਰਨ ਦੇ ਦੋਸ਼ ਵਿੱਚ ਸਜ਼ਾ ਪਾ ਰਹੇ ਹਨ ………. . (ਇਹ ਖ਼ਬਰਾਂ ਅਖ਼ਬਾਰਾਂ ਵਿੱਚ ਅਤੇ
ਟੀ: ਵੀ: ਉੱਤੇ ਆਮ ਦੇਖੀਆਂ ਜਾਂਦੀਆਂ ਹਨ)। ਸਾਰਿਆਂ ਦਾ ਇਹੋ ਵਿਚਾਰ ਸੀ ਕਿ ਕਿਸੇ ਵੀ ਕੌਮ ਲਈ ਇਹ
ਸੱਚ ਖੇਦ-ਜਨਕ ਹਨ। ਭਾਵੇਂ ਇਹ ਗੱਲਾਂ ਸੁਭਾਵਕਨ ਹੀ ਹੋਈਆਂ ਹੋਣ, ਪਰ ਸਾਰੇ ਜਣੇਂ, ਵਿਸ਼ੇਸ਼ ਕਰਕੇ
ਸਿੱਖ ਪਰਿਵਾਰ, ਝੇਂਪ ਜਿਹਾ ਗਏ।
ਘਰਿ ਮੁੜਦਿਆਂ ਸਾਰੇ ਰਾਹ ਇਹ ਗੱਲਾਂ ਡਰਾਉਣੇ ਭੂਤ ਵਾਂਗ ਮੇਰਾ ਪਿੱਛਾ
ਕਰਦੀਆਂ ਤੇ ਸਤਾਉਂਦੀਆਂ ਰਹੀਆਂ। ਹੋ ਸਕਦਾ ਹੈ ਕਿ ਇਹ ਮੇਰਾ ਭੁਲੇਖਾ ਹੀ ਸੀ! ਪਰ, ਬਥੇਰਾ ਯਤਨ ਕਰਨ
ਦੇ ਬਾਵਜੂਦ ਵੀ ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਮੇਰੇ ਮੂੰਹ `ਤੇ ਸੱਚੀਆਂ ਸੁਣਾ ਕੇ ਮੇਰੀ
‘ਪਹਚਾਨ’ ਦਾ ਅਪਮਾਨ ਕੀਤਾ ਗਿਆ ਹੈ! ਚਾਰ ਜੁਲਾਈ ਤੋਂ ਹੀ ਮਨ ਨੂੰ ਕੋਫ਼ਤ ਦੇ ਰਹੀ ਇਸ ਸੋਚ ਤੋਂ
ਪਿੱਛਾ ਛੁੜਾਣ ਤੇ ਮਨ ਦਾ ਭਾਰ ਹੌਲਾ ਕਰਨ ਲਈ ਇਹ ਲੇਖ ਲਿਖ ਰਿਹਾ ਹਾਂ। ਪਾਠਕ ਸਜਨੋਂ ਆਓ! ਗੋਰੇ ਦੇ
ਕਥੇ ਇਸ ਤੱਥ ਨੂੰ ਸੱਚਾਈ ਅਤੇ ਨਿਰਪੱਖਤਾ ਨਾਲ ਵਿਚਾਰੀਏ:-
ਇਨਸਾਨ ਦੀ ਪਹਿਚਾਨ ਉਸ ਦੀ ਸੂਰਤ (ਬਾਹਰੀ ਦਿੱਖ), ਅਤੇ ਸੀਰਤ
(ਕਰਨੀ/ਸੁਭਾੳੇੁ/ਆਚਰਣ) ਤੋਂ ਕੀਤੀ ਜਾਂਦੀ ਹੈ। ਗੁਰਬਾਣੀ ਵਿੱਚ, ਸੂਰਤ ਤੋਂ ਪਹਚਾਨ ਕਰਾਉਣ ਵਾਲੇ
ਨੂੰ ਛਲੀਆ/ਪਾਖੰਡੀ, ਅਤੇ ਸੂਰਤ ਦੇਖ ਕੇ ਪਤੀਜਨ ਵਾਲੇ ਨੂੰ ਗਵਾਰ ਕਿਹਾ ਹੈ। ਸੂਰਤ ਪਿੱਛੇ ਛਿਪੀ
ਸੀਰਤ ਨੂੰ ਭਾਂਪ ਕੇ ਪਹਚਾਨ ਕਰਨ ਵਾਲਾ ਦਿੱਬਦ੍ਰਿਸ਼ਟੀ ਵਾਲਾ ਸੁਜਾਨ ਪੁਰਖ ਹੁੰਦਾ ਹੈ। ਗੁਰਮਤਿ
ਵਿੱਚ ਸੂਰਤ ਅਥਵਾ ਭੇਖ, ਜੋ ਕਿ ਹਮੇਸ਼ਾ ਛਲਪੂਰਨ ਹੁੰਦਾ ਹੈ, ਨੂੰ ਕੋਈ ਮਹੱਤਵ ਨਹੀਂ ਦਿੱਤਾ ਗਿਆ।
ਗੁਰਮਤਿ ਦਾ ਪੂਰਾ ਜ਼ੋਰ ਸੀਰਤ ਅਥਵਾ ਸੱਚ-ਆਚਾਰ/ਸਚਿਆਰਤਾ ਉੱਤੇ ਹੈ। ਗੁਰੁ ਨਾਨਕ ਦੇਵ ਜੀ ਨੇ
ਆਪਣੀਆਂ ਤਿੰਨ ਉਦਾਸੀਆਂ ਦੌਰਾਨ ਮਹਾਂਪੁਰਖਾਂ ਦੀ ਪਹਚਾਨ ਉਨ੍ਹਾਂ ਦੇ ਵੇਸ ਤੋਂ ਨਹੀਂ ਸੀ ਕੀਤੀ
ਸਗੋਂ, ਉਨ੍ਹਾਂ ਨੂੰ ਸਚਿਆਰਤਾ ਦੀ ਕਸਵੱਟੀ ਉੱਤੇ ਪਰਖ ਕੇ ਕੀਤੀ ਸੀ। ਕਿਰਤ ਕਰਨ, ਲੋੜਵੰਦਾਂ ਨਾਲ
ਵੰਡ ਕੇ ਛਕਣ ਤੇ ਰੱਬ ਦਾ ਸ਼ੁਕਰ ਕਰਨ ਵਾਲੇ ਭਾਈ ਲਾਲੋ ਜੀ ਦੀ ਪਹਚਾਨ ਗੁਰੁ ਨਾਨਕ ਦੇਵ ਜੀ ਨੇ
ਉਨ੍ਹਾਂ ਦੇ ਤਰਖਾਣੀ ਵੇਸ ਤੋਂ ਨਹੀਂ ਸੀ ਕੀਤੀ! ਸਾਰੇ ਬਾਣੀਕਾਰਾਂ, ਫ਼ਰੀਦ ਜੀ (ਮੁਸਲਮਾਨ, ਪੰਜਾਬ)
ਜੈਦੇਵ ਜੀ (ਬ੍ਰਾਹਮਣ, ਬੰਗਾਲ), ਤ੍ਰਿਲੋਚਨ ਜੀ (ਬ੍ਰਾਹਮਣ, ਮਹਾਂਰਾਸ਼ਟ੍ਰਾ), ਨਾਮਦੇਵ ਜੀ (ਛੀਂਬਾ,
ਮਹਾਰਾਸ਼ਟ੍ਰਾ), ਸਧਨਾ ਜੀ (ਕਸਾਈ, ਸਿੰਧ), ਰਵਿਦਾਸ ਜੀ (ਚਮਾਰ: ਉ: ਪ੍ਰ: ), ਸੈਣ ਜੀ (ਨਾਈ: ਮ:
ਪ੍ਰ: ) ਕਬੀਰ ਜੀ (ਜੁਲਾਹਾ: ਉ: ਪ੍ਰ: ) ……ਆਦਿ ਨੂੰ ਕਿਸੇ ਇੱਕ ਵੇਸ ਵਿੱਚ ਵਿਚਰਨ ਦੀ ਕਲਪਣਾ
ਕਰਨਾਂ ਅਤਿ ਦਰਜੇ ਦੀ ਮੂਰਖਤਾ ਤੇ ਕਪਟ ਹੈ। ਇਸ ਸੱਚ ਉੱਤੇ ਕਿੰਤੂ ਨਹੀਂ ਹੋ ਸਕਦਾ ਕਿ ਉਨ੍ਹਾਂ
ਸਾਰਿਆਂ ਦਾ ਵੇਸ, ਹੱਡ-ਰੱਖ ਮੁਰਦਾਰ-ਖੋਰਾਂ ਵਾਲਾ ਭੇਖ ਨਹੀਂ ਸਗੋਂ, ਗ੍ਰਹਿਸਤੀ ਕਿਰਤੀਆਂ ਵਾਲਾ,
ਉਨ੍ਹਾਂ ਦੇ ਕਿੱਤੇ ਅਤੇ ਇਲਾਕੇ ਮੁਤਾਬਿਕ ਹੀ ਸੀ! ਗੁਰੁ ਨਾਨਕ ਦੇਵ ਜੀ ਨੇ ਇਨ੍ਹਾਂ ਸੱਭ ਦੀ ਪਹਚਾਨ
ਇਨ੍ਹਾਂ ਦੀ ਬਾਣੀ ਵਿੱਚੋਂ ਇਨ੍ਹਾਂ ਦੇ ਦੈਵੀ ਵਿਚਾਰਾਂ ਤੇ ਉੱਚੇ ਸੁੱਚੇ ਪਵਿੱਤ੍ਰ ਕਿਰਤੀ ਜੀਵਨ
ਤੋਂ ਹੀ ਕੀਤੀ ਸੀ।
ਇੱਥੇ ਇਹ ਤੱਥ ਸਪਸ਼ਟ ਕਰ ਦੇਣਾਂ ਵੀ ਬਹੁਤ ਉਚਿਤ ਹੋਵੇਗਾ ਕਿ
ਪੰਜ-ਕੱਕਾਰੀ ਬਾਣਾਂ ਗੁਰੁ-ਘਰ ਦੇ ਉਨ੍ਹਾਂ ਸਿਰਲੱਥ ਸ਼੍ਰੱਧਾਲੂਆਂ ਦਾ ਸਤਿਕਾਰਿਤ ਸ਼ਿੰਗਾਰ ਹੁੰਦਾ ਸੀ
ਜੋ ਜਾਨਾਂ ਵਾਰ ਕੇ ਵੀ ਦੀਨ-ਦੁਖੀਆਂ ਦੀ ਨਿਸ਼ਕਾਮ ਸਹਾਇਤਾ ਤੇ ਰੱਖਿਆ ਕਰਦੇ ਸਨ। ਪਰੰਤੂ, ਇਹ ਕੌੜਾ
ਸੱਚ ਅਤਿਅੰਤ ਸ਼ਰਮਨਾਕ ਹੈ ਕਿ 19ਵੀਂ
ਸਦੀ ਤੋਂ ਇਸ ਬਾਣੇ ਨੂੰ ਭੇਖ ਬਣਾ ਕੇ ਇਸ ਦੇ ਪਰਦੇ ਦੀ ਪਨ੍ਹਾ ਵਿੱਚ ਲੋਕਾਈ ਦੀ ਕਿਰਤ-ਕਮਾਈ ਨੂੰ
ਨਿਰਲੱਜਤਾ ਨਾਲ ਠੱਗਿਆ ਜਾ ਰਿਹਾ ਹੈ। ਕਿਰਤ ਤੋਂ ਕੰਨੀਂ ਕਤਰਾਉਣ ਵਾਲੇ, ਗੁਰੁ ਦੁਆਰਾ ਦੁਰਕਾਰੇ
ਹੱਡ-ਰੱਖ ਵਿਹਲੜ ਲੋਕ ਨੀਲੇ, ਪੀਲੇ ਤੇ ਚਿੱਟੇ ਬਾਣਿਆਂ ਵਿੱਚ ਗੁਰੁ ਦੇ ਨਾਂ `ਤੇ ਘਰ ਘਰ ਮੰਗਦੇ
ਫਿਰਦੇ ਹਨ, ਅਤੇ ਗੁਰੂਆਂ ਦੁਆਰਾ ਵਿਵਰਜਤ ਕਰਮਕਾਂਡਾਂ ਦੀ ਚਾਟ ਚਟਾ ਕੇ ਭੋਲੇ ਭਾਲੇ ਕਿਰਤੀਆਂ ਦਾ
ਖੂਨ ਚੂਸ ਰਹੇ ਹਨ। ਦਲਿਤਾਂ ਦੁਖਿਆਰਿਆਂ ਦੀ ਸਹਾਇਤਾ ਤੇ ਰੱਖਿਆ ਕਰਨ ਦੀ ਬਜਾਏ ਬਾਣਾ-ਧਾਰੀਆਂ
ਦੁਆਰਾ ਮਅਸੂਮਾਂ ਉੱਤੇ ਸ਼ਰ੍ਹੇਆਮ ਅੱਤਿਆਚਾਰ ਕੀਤੇ ਜਾ ਰਹੇ ਹਨ। ਕਹਿੰਦੇ ਹਨ ਕਿ ਗੁਰੁ ਗੋਬਿੰਦ
ਸਿੰਘ ਜੀ ਨੇ ਇੱਕ ਵਾਰ ਭਰੇ ਦਰਬਾਰ ਵਿੱਚ ਇੱਕ ਖੋਤਾ ਮੰਗਵਾ ਕੇ ਉਸ ਉੱਤੇ ਸ਼ੇਰ ਦੀ ਖੱਲ ਪਾ ਦਿੱਤੀ!
ਲ਼ੋਕ ਇਹ ਅਜੀਬ ਦ੍ਰਿਸ਼ ਦੇਖ ਕੇ ਹੱਸਣ ਲੱਗੇ। ਸੰਗਤਾਂ ਵੱਲੋਂ ਇਸ ਚੋਜ ਦਾ ਕਾਰਣ ਪੁੱਛੇ ਜਾਣ `ਤੇ
ਗੁਰੂ ਜੀ ਨੇ ਬਚਨ ਕੀਤਾ ਕਿ ਸਿੰਘ (ਸ਼ੇਰ) ਦੀ ਖੱਲ ਕੇਵਲ ਸਿੰਘ ਉੱਤੇ ਹੀ ਸ਼ੋਭਾ ਦਿੰਦੀ ਹੈ, ਖੋਤਿਆਂ
ਉੱਤੇ ਨਹੀਂ! ਜਦ ਸਿੰਘਾਂ ਵਾਲਾ ਬਾਣਾਂ ਖੋਤੇ ਪਾਉਣ ਲੱਗ ਜਾਣਗੇ ਤਾਂ ਲੋਕ ਉਨ੍ਹਾਂ ਉੱਤੇ ਇਸੇ
ਤਰ੍ਹਾਂ ਹੱਸਿਆ ਕਰਨ ਗੇ ਜਿਵੇਂ ਅੱਜ ਤੁਸੀਂ ਹੱਸ ਰਹੇ ਹੋ! ਗੁਰੂ ਜੀ ਦਾ ਉਹ ਬੋਲ ਅੱਜ ਸੱਚ ਸਾਬਤ
ਹੋ ਚੁੱਕਿਆ ਹੈ! ! !
ਗੁਰਸਿੱਖਾਂ ਦੀ ਮਾਨਸਿਕਤਾ ਵਿੱਚ ਭੇਖੀ ‘ਪਹਚਾਨ’ ਦੇ ਮਨਮੁਖੀ ਖ਼ਿਆਲ ਦਾ ਬੀਜ
ਰਹਿਤਨਾਮਿਆਂ, ਗੁਰਬਿਲਾਸ, ਅਖਾਉਤੀ ਗ੍ਰੰਥਾਂ ਆਦਿ ਦੇ ਹੋਂਦ ਵਿੱਚ ਆ ਜਾਣ ਨਾਲ ਪੁੰਗਰਿਆ, ਇਨ੍ਹਾਂ
ਮਨਮਤੀ ਪੁਸਤਕਾਂ ਉੱਤੇ ਆਧਾਰਿਤ ‘ਸਿੱਖ ਰਹਿਤ ਮਰਯਾਦਾ’ ਨੇ ਇਸ ਨੂੰ ਬੜ੍ਹਾਵਾ ਦਿੱਤਾ ਅਤੇ,
ਖ਼ਾਲਿਸਤਾਨ ਦੀ ਲਹਿਰ ਦੇ ਉੱਠਾਣ ਨਾਲ ਇਹ ‘ਪਹਚਾਨ’ ਇੱਕ ਜਨੂੰਨ ਬਣ ਗਈ। ਨਤੀਜੇ ਵਜੋਂ, ਅਸੀਂ
ਗੁਰਮਤਿ ਵੱਲੋਂ ਪੂਰੀ ਤਰ੍ਹਾਂ ਬੇਮੁੱਖ ਹੋ ਗਏ, ਅਤੇ ਗੁਰੁ ਦੀ ਸੱਚੀ ਸਿੱਖੀ, ਜੋ ਕਿ ਸੱਚੇ
ਸਿੰਘ/ਖ਼ਾਲਸੇ ਲਈ ਪੂਰਵ-ਸ਼ਰਤ (prerequisite)
ਹੈ, ਨਾ ਰਹੀ। ਸਿੱਖੀ-ਸਪਿਰਿਟ ਦੇ ਗ਼ਾਇਬ ਹੋ ਜਾਣ ਕਾਰਣ ਅਸੀਂ ਸੱਚੇ ਸਿੰਘ/ਖ਼ਾਲਸੇ ਵੀ ਨਾ ਰਹੇ! ਰੂਹ
ਤੋਂ ਸੱਖਣੀ ਭੇਖੀ ‘ਪਹਚਾਨ’ ਦੇ ਪਾਜ ਓਹਲੇ ਅਸੀਂ ਮਨਮਤੀ ਅਮਾਨਵੀ ਕਾਰਨਾਮੇ ਕਰ ਰਹੇ ਹਾਂ ਜਿਨ੍ਹਾਂ
ਨੂੰ ਦੇਖ ਕੇ ਲੋਕ ਸਾਡੀ ‘ਪਹਚਾਨ’ ਉੱਤੇ ਹੱਸਦੇ ਤੇ ਤਅਨੇ ਕੱਸਦੇ ਹਨ। ਅਸੀਂ ਭੁੱਲ ਚੁੱਕੇ ਹਾਂ ਕਿ,
ਗੁਰਮਤਿ ਦੇ ਦ੍ਰਿਸ਼ਟੀਕੋਣ ਤੋਂ, ਗੁਰਸਿੱਖ ਦੀ ਪਹਚਾਨ ਉਸ ਦਾ ਸੱਚਾ ਸੁੱਚਾ ਸਚਿਆਰ ਜੀਵਨ ਹੈ ਨਾ ਕਿ
ਕੋਈ ਭੇਖ ਜਾਂ ਚਿੰਨ੍ਹ! ! !
ਆਪਣੇ ਵਿਰਸੇ, ਜਿਸ `ਤੇ ਫ਼ਖ਼ਰ ਕਰਦੇ ਅਸੀਂ ਥੱਕਦੇ ਨਹੀਂ, ਉੱਤੇ ਸਰਸਰੀ ਜਿਹੀ
ਨਿਗਾਹ ਮਾਰਿਆਂ ਇਹ ਤੱਥ ਸਾਮ੍ਹਣੇ ਆ ਜਾਂਦਾ ਹੈ ਕਿ ‘ਜਦ ਤੋਂ ਜੰਮੇ, ਬੋਦੀਓਂ ਲੰਮੇ’ ਦਾ ਅਖਾਣ
ਸਾਡੇ `ਤੇ ਲਾਗੂ ਹੁੰਦਾ ਹੈ। ਕਿਵੇਂ? ਮੁਫ਼ਤ ਦੀ ਮਾਇਆ-ਪ੍ਰਾਪਤੀ ਦਾ ਸੁਨਹਿਰਾ ਸਾਧਨ ਹੋਣ ਕਰਕੇ,
ਗੁਰੁ-ਕਾਲ ਤੋਂ ਹੀ, ਧਰਮਸ਼ਾਲਾਵਾਂ/ਗਰੂਦਵਾਰਿਆਂ ਉੱਤੇ ਕਬਜ਼ਾ ਕਰਨ ਅਤੇ ਕਬਜ਼ਾ ਛੁਡਾਉਣ ਲਈ ਹਿੰਸਕ
ਯਤਨ ਹੁੰਦੇ ਆ ਰਹੇ ਹਨ। ‘ਕਬਜ਼ਾ ਛੁਡਾਉਣ’ ਨੂੰ ਅੱਜ ਕਲ ‘ਆਜ਼ਾਦ ਕਰਾਉਣਾਂ’ ਕਿਹਾ ਜਾਂਦਾ ਹੈ।
ਗੁਰੂਦਵਾਰਿਆਂ ਨੂੰ ‘ਗ਼ੁਲਾਮ’ ਬਣਾਉਣ ਤੇ ਫਿਰ ‘ਆਜ਼ਾਦ’ ਕਰਾਉਣ ਦਾ ਸਿਲਸਿਲਾ ਹੁਣ ਸਿਖਰ `ਤੇ ਹੈ। ਇਹ
ਗ਼ਲੀਜ਼ ਪਾਪ ਕਰਨ ਵਾਲੇ ਕੋਈ ਹੋਰ ਨਹੀਂ ਸਗੋਂ ਭੇਖ ਨਾਲ ਪਹਚਾਨ ਬਣਾ ਕੇ ਆਪਣੇ ਆਪ ਨੂੰ ਗੁਰੂ-ਘਰ ਦੇ
ਸੇਵਕ, ਪੰਥ-ਸੇਵਕ, ਪੰਥ-ਦਰਦੀ, ਗੁਰਸਿੱਖ ਤੇ ਸਿੰਘ/ਖ਼ਾਲਸਾ ਆਦਿ ਕਹਿਣ/ਕਹਾਉਣ ਵਾਲੇ ਕਪਟੀ ਹੀ ਹਨ।
ਇਨ੍ਹਾਂ ਦੇ ਸਮਰਥਕ ਹਨ ਸਾਡੇ ਵਰਗੇ ਗੁਰਮਤਿ-ਮਾਰਗ ਦੇ ਰਾਹੀ ਹੋਣ ਦਾ ਭਰਮ ਪਾਲਣ ਵਾਲੇ ਅਗਿਆਨ
ਅਖਾਉਤੀ ਸਿੱਖ। ਸ਼ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀਆਂ, ਜਿਨ੍ਹਾਂ ਦੇ ਅਧਿਕਾਰਾਧੀਨ ਅਰਬਾਂ ਦੀ
ਅੰਨ੍ਹੀ ਆਮਦਨ ਦਾ ਜ਼ਰੀਆ ਸੈਂਕੜੇ/ਹਜ਼ਾਰਾਂ ਗੁਰੂਦਵਾਰੇ ਹਨ, ਤੋਂ ਲੈ ਕੇ ਦੇਸ-ਵਿਦੇਸ਼ ਦੇ ਛੋਟੇ ਤੋਂ
ਛੋਟੇ ਗੁਰੂਦਵਾਰੇ ਉੱਤੇ ਕਬਜ਼ੇ ਲਈ ਹਿੰਸਕ ਵਾਰਦਾਤਾਂ ਹੋ ਰਹੀਆਂ ਹਨ ਅਤੇ ਕਚਹਿਰੀਆਂ ਵਿੱਚ ਮੁਕੱਦਮੇ
ਚਲਦੇ ਰਹਿੰਦੇ ਹਨ। ਇਨ੍ਹਾਂ ਆਪਸੀ ਝਗੜਿਆਂ ਕਾਰਣ ਜਿੱਥੇ ਸਾਡੀ ਦੇਸ ਵਿਦੇਸ ਵਿੱਚ ‘ਪਹਚਾਨ’ ਬਣਦੀ
ਹੈ, ਓਥੇ ਸ਼੍ਰੱਧਾਲੂਆਂ ਦਾ ਅਰਬਾਂ ਰੁਪਇਆ ਬੇਦਰਦੀ ਨਾਲ ਬਰਬਾਦ ਕੀਤਾ ਜਾਂਦਾ ਹੈ। ਸੰਸਾਰ ਦਾ ਸ਼ਾਇਦ
ਹੀ ਕੋਈ ਗੁਰੂਦ੍ਵਾਰਾ ਹੋਵੇਗਾ ਜਿਸ ਦੀ ‘ਆਜ਼ਾਦੀ’ ਲਈ ਹਿੰਸਕ ਮੁੱਠ-ਭੇੜ, ਪੁਲਿਸ ਦੀ ਦਖ਼ਲ-ਅੰਦਾਜ਼ੀ,
ਤੇ ਕਾਨੂੰਨੀ ਕਾਰਵਾਈ ਨਾਂ ਹੁੰਦੀ ਹੋਵੇ! ਸਾਡੇ ਸ਼ਹਿਰ ਦੇ ਗੁਰੂਦਵਾਰੇ ਨੂੰ ‘ਆਜ਼ਾਦ’ ਕਰਾਉਣ ਲਈ
ਥੋੜ੍ਹੀ ਜਿਹੀ ਸੰਗਤ ਦਾ ਕ੍ਰੋੜ ਦੇ ਕਰੀਬ ਰੁਪਇਆ ਕੁੱਝ ਮਹੀਨਿਆ ਵਿੱਚ ਹੀ ਵਕੀਲਾਂ ਦੀ ਜੇਬ ਵਿੱਚ
ਚਲਾ ਗਿਆ ਸੀ। ਕਚਹਿਰੀ ਵਿੱਚ ਪੇਸ਼ੀਆਂ ਸਮੇ ਪੰਜਾਬੀ ਸੂਟਾਂ ਵਿੱਚ ਆਈਆਂ ਬੀਬੀਆਂ, ਤੇ ਦਸਤਾਰੀ
‘ਸਿੱਖਾਂ’ ਨੇ ਆਪਣੀ ਚੰਗੀ ‘ਪਹਿਚਾਨ’ ਬਣਾਈ! ! !
ਮਾਇਕ ਤ੍ਰਿਸ਼ਨਾਂ ਤੇ ਚੌਧਰ ਦੀ ਮਾਰੂ ਭੁੱਖ ਦੇ ਸਤਾਏ ਹੋਏ ‘ਪਹਚਾਨ’ ਵਾਲੇ
ਸਿੱਖ ਨਿੱਤ ਨਵੇਂ ਗੁਰੂਦਵਾਰੇ ਉਸਾਰ ਕੇ ਉਨ੍ਹਾਂ ਨੂੰ ਮਿਥਿਹਾਸਿਕ ਕਹਾਣੀਆਂ ਦੇ ਆਧਾਰ `ਤੇ
ਇਤਿਹਾਸਿਕ ਬਣਾ, ਸ਼੍ਰੱਧਾਲੂਆਂ ਨੂੰ ਲੁਭਾ ਕੇ ਉਨ੍ਹਾਂ ਦੀ ਕਿਰਤ-ਕਮਾਈ ਨਿਰਦਯਤਾ ਨਾਲ ਲੁੱਟ ਲੁੱਟ
ਕੇ ਖਾ ਰਹੇ ਹਨ। ਇਨ੍ਹਾਂ ਦੇ ਸੈਂਕੜੇ/ਹਜ਼ਾਰਾਂ ਪੱਤਰ, ਰਸਾਲੇ, ਚੈਨਲ, ਸਾਈਟਾਂ, ਸਭਾਵਾਂ,
ਜਥੇਬੰਦੀਆਂ ਤੇ ਸੰਸਥਾਵਾਂ ਆਦਿ ਹਨ ਅਤੇ ਕਈ ਹੋਰ ਹੋਂਦ ਵਿੱਚ ਆ ਰਹੇ ਹਨ। ਇਹ ਸਾਰੇ ਗੁਰੁ ਦੇ ਨਾਂ
`ਤੇ ਮਾਇਆ ਇਕੱਠੀ ਕਰਕੇ ਜੋ ‘ਸੇਵਾ’ ਕਰ ਰਹੇ ਹਨ ਉਸ ਤੋਂ ਸੁਚੇਤ ਹੋਣ ਦੀ ਲੋੜ ਹੈ। ਆਮਦਨ ਵਧਾਉਣ
ਅਤੇ ਆਪਣੇ ਆਪ ਨੂੰ ਵਡੇਰਾ ਸਿੱਧ ਕਰਨ ਲਈ ਇਨ੍ਹਾਂ ਦੇ ਸੰਚਾਲਕ ਤੇ ਸਮਰਥਕ ਇੱਕ ਦੂਜੇ ਨੂੰ ਠਿੱਬੀਆਂ
ਦੇਂਦੇ ਤੇ ਚਿੱਚੜ-ਚੂੰਢੀਆਂ ਵੱਢਦੇ ਹਨ। ਇਹ ਸਾਰੇ ਗੁਰਮਤਿ ਨੂੰ ਸਮਰਪਿਤ ਨਹੀਂ ਸਗੋਂ ਗੁਰਮਤਿ ਦੇ
ਦੋਖੀ ਹਨ। ਸੱਭ ਨੇ ਮਾਇਕ-ਮੰਤਵ ਵਾਸਤੇ ਆਪਣੇ ਹੀ ਮਨਮਤੀ ਨਿਯਮ ਘੜੇ ਹੋਏ ਹਨ। ਸਿੱਖ-ਜਗਤ ਵਿੱਚ
ਹੰਨੇ ਹੰਨੇ ਮੀਰੀ ਦੇ ਨਾਲ ਨਾਲ ਹੰਨੇ ਹੰਨੇ ਪੀਰੀ ਵੀ ਵਿਆਪਕ ਹੋ ਚੁੱਕੀ ਹੈ। ਇਸ ਆਪਸੀ ਤਮਾਸ਼ੇ ਨੂੰ
ਇਹ ਲੋਟੂ ਸੰਸਥਾਵਾਂ, ਪ੍ਰਗਟਾਵੇ ਦੇ ਆਪਣੇ ਆਪਣੇ ਸਾਧਨਾਂ ਰਾਹੀਂ, ਦ੍ਵੈਸ਼ ਭਾਵ ਨਾਲ ਜੱਗ-ਜ਼ਾਹਿਰ
ਕਰਦੀਆਂ ਹਨ। ਈਰਖਾ ਤੇ ਨਿੰਦਾ ਦੀ ਕੁੱਖੋਂ ਜਨਮੀ ਇਨ੍ਹਾਂ ਈਰਖਾਲੂ ਨਿੰਦਕਾਂ ਦੀ ਇਹ ਘਿਣਾਉਣੀ
ਕਰਤੂਤ ਵੀ ਸਾਡੀ ‘ਪਹਚਾਨ’ ਬਨਾਉਣ ਵਿੱਚ ਬੜੀ ਸਹਾਇਤਾ ਕਰ ਰਹੀ ਹੈ।
‘ਪਹਚਾਨ’ ਬਣਾਉਣ ਵਿੱਚ ਦੇਸ-ਬਿਦੇਸ ਦਾ ਮੀਡੀਆ ਵੀ ਸਾਡੀ ਕਾਫ਼ੀ ਸਹਾਇਤਾ ਕਰ
ਰਿਹਾ ਹੈ! ਅਖ਼ਬਾਰਾਂ, ਵਿਸ਼ੇਸ਼ ਕਰਕੇ ਪੰਜਾਬੀ ਦੇ ‘ਪੰਥਕ ਪੱਤਰਾਂ’, ਵਿੱਚ ਗੁਰੂਦ੍ਵਾਰਿਆਂ ਦੀ ਆਮਦਨ
ਵਿੱਚੋਂ ਅਰਬਾਂ ਦੇ ਘਪਲੇ ਅਤੇ ਇਸ ਸੰਬੰਧੀ ਆਪਸੀ ਦੂਸ਼ਨਬਾਜ਼ੀ ਦੀਆਂ ਖ਼ਬਰਾਂ, ਸਾਬਤ-ਸੂਰਤ
ਘਪਲੇ-ਬਾਜ਼ਾਂ ਦੀਆਂ ਫ਼ੋਟੋਆਂ ਸਮੇਤ, ਆਮ ਛੱਪਦੀਆਂ ਰਹਿੰਦੀਆਂ ਹਨ। ਸਾਡੇ ਭੇਖਧਾਰੀ ਭ੍ਰਸ਼ਟ ਨੇਤਾਵਾਂ
ਅਤੇ ਗੋਲਕ-ਚੋਰ ਪ੍ਰਬੰਧਕਾਂ ਤੇ ਪੁਜਾਰੀਆਂ ਦੀਆਂ ਕਰਤੂਤਾਂ ਦੀਆਂ ਇੰਟਰਨੈੱਟ `ਤੇ ਪਾਈਆਂ ਜਾਂਦੀਆਂ
ਵੀਡੀਓ ਰਾਹੀਂ ਵੀ ਸਾਡੀ ‘ਪਹਿਚਾਨ’ ਦੁਨੀਆਂ ਦੇ ਕੋਨੇ ਕੋਨੇ ਤੱਕ ਪਹੁੰਚ ਰਹੀ ਹੈ।
ਕਾਮ-ਕ੍ਰੀੜਾ ਦੇ ਸੈਦਾਈ ਸਾਬਤ-ਸੂਰਤ ਕਾਮੀ ਸੰਤ, ਬਾਬੇ, ਪ੍ਰਬੰਧਕ,
ਪੁਜਾਰੀ, ਭਾਈਆਂ, ਗ੍ਰੰਥੀਆਂ ਰਾਗੀਆਂ ਆਦਿ ਅਤੇ ਇਨ੍ਹਾਂ ਦੇ ਸਮਰਥਕ ਜਥੇਦਾਰਾਂ, ਮੁੱਖ ਸੇਵਾਦਾਰਾਂ
ਤੇ ਪ੍ਰਬੰਧਕਾਂ ਦੀਆਂ ਅਸ਼ੁਲੀਲ ਕਰਤੂਤਾਂ ਦੇ ਸਮਾਚਾਰ ਅਤੇ ਟੀ: ਵੀ: ਉੱਤੇ ਆਉਂਦੀਆਂ ਸਚਿੱਤਰ ਖ਼ਬਰਾਂ
ਵੀ ਸਾਡੀ ‘ਪਹਿਚਾਨ’ ਨੂੰ ਦੁਨੀਆ ਦੇ ਲੋਕਾਂ ਦੇ ਹਿਰਦਿਆਂ ਤਕ ਉਤਾਰਣ ਵਿੱਚ ਸਹਾਈ ਹੁੰਦੀਆਂ ਹਨ।
‘ਪਹਚਾਨ’ ਦੇ ਇਸ ਵਿਸ਼ੇ `ਤੇ ਹੋਰ ਬਥੇਰਾ ਕੁੱਛ ਲਿਖਿਆ ਜਾ ਸਕਦਾ ਹੈ ਪਰੰਤੂ,
ਜਿਤਨਾਂ ਝੱਗਾ ਚੱਕਾਂ ਗੇ, ਸਾਡਾ ਢਿੱਡ ਉਤਨਾਂ ਹੀ ਨੰਗਾ ਹੋਵੇਗਾ। ਇਸ ਲਈ, ਅੰਤ ਵਿੱਚ ਇਤਨਾਂ ਹੀ
ਕਹਾਂਗਾ ਕਿ ਸਾਡੀ ਪਹਚਾਨ ਦੇ ਅਪਮਾਨਿਤ ਹੋਣ ਦਾ ਕਾਰਣ ਸਾਡਾ ਗੁਰੁ (ਗ੍ਰੰਥ) ਦਾ ਪੱਲਾ ਛੱਡ ਕੇ
ਮਾਇਆ ਦੇ ਲੜ ਲੱਗਿ ਝੂਠੀ ‘ਪਹਚਾਨ’ ਦੇ ਪਰਦੇ ਓਹਲੇ ਕੁਕਰਮ ਕਰਨਾਂ ਹੈ। ਜਦ ਅਸੀਂ ਮਾਇਆ ਦਾ
ਪਰਿਤਿਆਗ ਕਰਕੇ ਗੁਰੁ (ਗ੍ਰੰਥ) ਦੇ ਪੱਲੇ ਨਾਲ ਪੀਢੀ ਗੰਢ ਪਾ ਲਵਾਂਗੇ ਤਾਂ ਸਾਡੇ ਵਿੱਚ ਏਕਤਾ ਵੀ ਆ
ਜਾਵੇਗੀ ਅਤੇ ਅਸੀਂ ਸੱਚੀ ਪਹਚਾਨ ਬਣਾ ਕੇ ਆਪਣਾ ਗੁਆਚਿਆ ਸਤਿਕਾਰ ਵੀ ਪੁਨਰ-ਪ੍ਰਾਪਤ ਕਰਨ-ਯੋਗ ਹੋ
ਜਾਂਵਾਂਗੇ!
ਗੁਰਇੰਦਰ ਸਿੰਘ ਪਾਲ
ਜੁਲਾਈ
17, 2011.
(ਨੋਟ:- ਕੈਨੇਡੀਅਨ ਮਹਿਮਾਨ,
1985
ਵਿੱਚ ਹੋਏ ਹਾਦਸੇ ਦਾ ਜ਼ਿਕਰ ਕਰ ਰਿਹਾ ਸੀ। ਇਸ ਹਾਦਸੇ ਦੀ ਵਿਸਤਾਰ-ਪੂਰਵਕ ਜਾਣਕਾਰੀ ਸੰਪਾਦਕ ਦੇ
ਲੇਖ ‘ਇੰਦਰਜਤਿ ਸਿੰਘ ਰਿਆਤ ਵੱਲੋਂ ਮੁਆਫੀ’ ਅਤੇ ਇਸ ਦੇ ਅੰਤ ਵਿੱਚ ਦਿੱਤੇ
C.B.C.
ਦੇ ਲਿੰਕ ਤੋਂ ਮਿਲ ਸਕਦੀ ਹੈ। ਸੰਪਾਦਕ ਦਾ ਲੇਖ ਲੇਖ-ਲੜੀ ਦੂਜੀ ਵਿੱਚ ‘ਸਾਡੇ ਆਪਣੇ ਕੁੱਝ ਲੇਖ’
ਵਿੱਚ ਹੈ। ਵਧੇਰੇ ਵਿਸਤ੍ਰਿਤ ਜਾਣਕਾਰੀ ਲਈ ਇੰਟਰਨੈੱਟ `ਤੇ
Air India Flight 182
ਵੀ ਪੜ੍ਹਿਆ ਜਾ ਸਕਦਾ ਹੈ।)
|
. |