ਅਖੌਤੀ ਸ਼ਰਧਾ ਪੂਰਨ ਗ੍ਰੰਥ ਗੁਰਬਾਣੀ ਦੀ ਕਸਵੱਟੀ `ਤੇ
(ਕਿਸ਼ਤ ਨੰ: 35)
ਪੁਸਤਕ ਕਰਤਾ ਵਲੋਂ ਜਪੁਜੀ ਦੀ
ਚੌਤਵੀਂ ਪਉੜੀ ਦੇ ਤਾਂਤ੍ਰਿਕ ਵਿਧੀ ਨਾਲ ਗਿਣਤੀ ਦੇ ਪਾਠ ਅਤੇ ਇਸ ਦੇ ਮਹਾਤਮ ਦੀ ਚਰਚਾ ਕਰਨ ਤੋਂ
ਪਹਿਲਾਂ ਇਸ ਦਾ ਮੂਲ ਪਾਠ, ਅਰਥ ਅਤੇ ਭਾਵਾਰਥ ਲਿਖ ਰਹੇ ਹਾਂ।
ਰਾਤੀ ਰੁਤੀ ਥਿਤੀ ਵਾਰ॥ ਪਵਣ ਪਾਣੀ ਅਗਨੀ ਪਾਤਾਲ॥ ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ॥ ਤਿਸੁ
ਵਿਚਿ ਜੀਅ ਜੁਗਤਿ ਕੇ ਰੰਗ॥ ਤਿਨ ਕੇ ਨਾਮ ਅਨੇਕ ਅਨੰਤ॥ ਅਰਥ:- ਰਾਤਾਂ, ਰੁੱਤਾਂ, ਥਿਤਾਂ ਅਤੇ ਵਾਰ,
ਹਵਾ, ਪਾਣੀ, ਅੱਗ ਅਤੇ ਪਾਤਾਲ-ਇਹਨਾਂ ਸਾਰਿਆਂ ਦੇ ਇਕੱਠ ਵਿੱਚ (ਅਕਾਲ ਪੁਰਖ ਨੇ) ਧਰਤੀ ਨੂੰ ਧਰਮ
ਕਮਾਣ ਦਾ ਅਸਥਾਨ ਬਣਾ ਕੇ ਟਿਕਾ ਦਿੱਤਾ ਹੈ। ਇਸ ਧਰਤੀ ਉੱਤੇ ਕਈ ਜੁਗਤੀਆਂ ਅਤੇ ਰੰਗਾਂ ਦੇ ਜੀਵ
(ਵੱਸਦੇ ਹਨ), ਜਿਨ੍ਹਾਂ ਦੇ ਅਨੇਕਾਂ ਤੇ ਅਨਗਿਣਤ ਹੀ ਨਾਮ ਹਨ।
ਕਰਮੀ ਕਰਮੀ ਹੋਇ ਵੀਚਾਰੁ॥ ਸਚਾ ਆਪਿ ਸਚਾ ਦਰਬਾਰੁ॥ ਤਿਥੈ ਸੋਹਨਿ ਪੰਚ
ਪਰਵਾਣੁ॥ ਨਦਰੀ ਕਰਮਿ ਪਵੈ ਨੀਸਾਣੁ॥
ਅਰਥ:- (ਇਹਨਾਂ ਅਨੇਕਾਂ ਨਾਵਾਂ ਤੇ ਰੰਗਾਂ ਵਾਲੇ ਜੀਵਾਂ ਦੇ) ਆਪੋ-ਆਪਣੇ ਕੀਤੇ ਹੋਏ ਕਰਮਾਂ
ਅਨੁਸਾਰ (ਅਕਾਲ ਪੁਰਖ ਦੇ ਦਰ ਤੇ) ਨਿਬੇੜਾ ਹੁੰਦਾ ਹੈ (ਜਿਸ ਵਿੱਚ ਕੋਈ ਉਕਾਈ ਨਹੀਂ ਹੁੰਦੀ,
ਕਿਉਂਕਿ ਨਿਆਂ ਕਰਨ ਵਾਲਾ) ਅਕਾਲ ਪੁਰਖ ਆਪ ਸੱਚਾ ਹੈ, ਉਸਦਾ ਦਰਬਾਰ ਭੀ ਸੱਚਾ ਹੈ। ਉਸ ਦਰਬਾਰ ਵਿੱਚ
ਸੰਤ ਜਨ ਪਰਤੱਖ ਤੌਰ `ਤੇ ਸੋਭਦੇ ਹਨ, ਅਤੇ ਮਿਹਰ ਦੀ ਨਜ਼ਰ ਕਰਨ ਵਾਲੇ ਅਕਾਲ ਪੁਰਖ ਦੀ ਬਖਸ਼ਸ਼ ਨਾਲ
(ਉਹਨਾਂ ਸੰਤ ਜਨਾਂ ਦੇ ਮੱਥੇ ਉਤੇ) ਵਡਿਆਈ ਦਾ ਨਿਸ਼ਾਨ ਚਮਕ ਪੈਂਦਾ ਹੈ।
ਕਚ ਪਕਾਈ ਓਥੈ ਪਾਇ॥ ਨਾਨਕ ਗਇਆ ਜਾਪੈ ਜਾਇ॥ ੩੪॥
ਅਰਥ:- (ਇੱਥੇ ਸੰਸਾਰ ਵਿੱਚ ਕਿਸੇ ਦਾ ਵੱਡਾ ਛੋਟਾ ਅਖਵਾਣਾ ਕਿਸੈ ਅਰਥ ਨਹੀਂ, ਇਹਨਾਂ ਦੀ)
ਕਚਿਆਈ ਪਕਿਆਈ ਅਕਾਲ ਪੁਰਖ ਦੇ ਦਰ ਤੇ ਜਾ ਕੇ ਮਲੂਮ ਹੁੰਦੀ ਹੈ। ਹੇ ਨਾਨਕ! ਅਕਾਲ ਪੁਰਖ ਦੇ ਦਰ `ਤੇ
ਗਿਆਂ ਹੀ ਸਮਝ ਅਉਂਦੀ ਹੈ (ਕਿ ਅਸਲ ਵਿੱਚ ਕੌਣ ਪੱਕਾ ਹੈ ਤੇ ਕੌਣ ਕੱਚਾ)।
ਭਾਵ:- ਜਿਸ ਮਨੁੱਖ ਉੱਤੇ ਪ੍ਰਭੂ ਦੀ ਬਖ਼ਸ਼ਸ਼ ਹੁੰਦੀ ਹੈ ਉਸ ਨੂੰ ਪਹਿਲਾਂ ਇਹ ਸਮਝ ਪੈਂਦੀ ਹੈ ਕਿ
ਮਨੁੱਖ ਇਸ ਧਰਤੀ `ਤੇ ਕੋਈ ਖ਼ਾਸ ਫ਼ਰਜ਼ ਨਿਬਾਹੁਣ ਆਇਆ ਹੈ। ਇੱਥੇ ਜੋ ਅਨੇਕਾਂ ਜੀਵ ਪੈਦਾ ਹੁੰਦੇ ਹਨ
ਇਹਨਾਂ ਸਭਨਾਂ ਦੇ ਆਪੋ ਆਪਣੇ ਕੀਤੇ ਕਰਮਾਂ ਅਨੁਸਾਰ ਇਹ ਨਿਬੇੜਾ ਹੁੰਦਾ ਹੈ ਕਿ ਕਿਸ ਕਿਸ ਨੇ
ਮਨੁੱਖਾ-ਜਨਮ ਦੇ ਮਨੋਰਥ ਨੂੰ ਪੂਰਾ ਕੀਤਾ ਹੈ। ਜਿਨ੍ਹਾਂ ਦੀ ਮਿਹਨਤ ਕਬੂਲ ਪੈਂਦੀ ਹੈ, ਉਹ ਪ੍ਰØਭੂ
ਦੀ ਹਜ਼ੂਰੀ ਵਿੱਚ ਆਦਰ ਪਾਂਦੇ ਹਨ। ਇੱਥੇ ਸੰਸਾਰ ਵਿੱਚ ਕਿਸੇ ਦਾ ਵੱਡਾ ਛੋਟਾ ਅਖਵਾਣਾ ਕਿਸੇ ਅਰਥ
ਨਹੀਂ।
ਨੋਟ- ਉੱਪਰ ਦੱਸੀ ਵਿਚਾਰ ਆਤਮਕ ਰਸਤੇ ਵਿੱਚ ਜੀਵ ਦੀ ਪਹਿਲੀ ਅਵਸਥਾ, ਜਿੱਥੇ ਇਹ ਆਪਣੇ ਫ਼ਰਜ਼ ਨੂੰ
ਪਛਾਣਦਾ ਹੈ। ਇਸ ਆਤਮਕ ਅਵਸਥਾ ਦਾ ਨਾਮ ‘ਧਰਮ ਖੰਡ’ ਹੈ।
ਪਰੰਤੂ ਪੁਸਤਕ ਕਰਤਾ ਇਸ ਪਉੜੀ ਦੇ ਗਿਣਤੀ ਦੇ ਪਾਠ ਅਤੇ ਇਨ੍ਹਾਂ ਦੀ ਵਿਧੀ ਅਤੇ ਮਹਾਤਮ ਬਾਰੇ ਇਉਂ
ਲਿਖਦਾ ਹੈ “ਇਸ ਪਉੜੀ ਦਾ ਐਤਵਾਰ ਤੋਂ ਲੈ ਕੇ ਪੰਦਰਾਂ ਦਿਨ ਵਿੱਚ ਪ੍ਰਾਤਾਕਾਲ ਪੰਦਰਾਂ ਹਜ਼ਾਰ
ਪਾਠ ਕਰੇ ਤਾਂ ਜੋਤਿਸ਼ ਵਿਦਿਆ ਪ੍ਰਾਪਤ ਹੋੇਵੇ। ਜੇਕਰ ਇਸ ਨੂੰ ਮੰਗਲਵਾਰ ਮੂੰਹ ਵਿੱਚ ਜਪੇ ਤਾਂ
ਪ੍ਰੇਤ ਪੀੜਾ ਦੂਰ ਹੋਵੇ। ਸੰਤਾਨ ਪ੍ਰਾਪਤ ਹੋਵੇ, ਸੱਤ ਕਰਕੇ ਮੰਨਣਾ।”
ਜੋਤਸ਼ ਦਾ ਅਰਥ ਹੈ, “ਪ੍ਰਕਾਸ਼ਵਾਨ ਸੂਰਯ, ਚੰਦ੍ਰਮਾ, ਨਛਤ੍ਰ, ਪ੍ਰਿਥਵੀ ਆਦਿ ਦਾ ਜਿਸ ਵਿਦਯਾ ਨਾਲ
ਪੂਰਣ ਗਯਾਨ ਹੋਵੇ, ਉਸ ਦਾ ਨਾਉਂ ਜੋਤਿਸ਼ ਹੈ; ਜਿਸ ਦੇ ਮੁੱਖ ਦੋ ਭੇਦ ਹਨ-ਇੱਕ ‘ਗਣਿਤ’ ਜਿਸ ਤੋਂ
ਗ੍ਰਹਿਆਂ ਦੀ ਚਾਲ ਦਾ ਹਿਸਾਬ ਸਮਝੀਦਾ ਹੈ, ਦੂਜਾ ਸਵਾਰਥੀਆਂ ਦਾ ਕਲਪਿਆ ਹੋਇਆ ‘ਫਲਿਤ’ ਹੈ, ਜਿਸ
ਤੋਂ ਗ੍ਰਹ ਰਾਸ਼ੀਆਂ ਪ੍ਰਾਣੀਆਂ ਨੂੰ ਸੁਖਦਾਇਕ ਦੁਖਦਾਇਕ ਹੋਣਾ ਅਤੇ ਦਾਨ, ਜਪ ਆਦਿ ਕਰਕੇ ਮੰਦ ਫਲ ਦਾ
ਰੁਕ ਜਾਣਾ, ਅਰ, ਗ੍ਰਹ ਪੂਜਨ ਕਰਕੇ ਮਨੋਰਥਾਂ ਦੀ ਸਿੱਧੀ ਹੋਣੀ ਜਾਣੀ ਜਾਂਦੀ।” (ਭਾਈ ਕਾਨ੍ਹ ਸਿੰਘ
ਨਾਭਾ) ਪੁਸਤਕ ਕਰਤਾ ਦਾ ਜੋਤਸ਼ ਵਿਦਿਆ ਦੀ ਪ੍ਰਾਪਤੀ ਤੋਂ ਨਿਰਸੰਦੇਹ ਭਾਵ ਦੂਜੀ ਕਿਸਮ (ਫਲਿਤ) ਦੀ
ਹੀ ਜੋਤਸ਼ ਵਿਦਿਆ ਤੋਂ ਹੈ। ਜੇਕਰ ਪਹਿਲੀ ਕਿਸਮ ਦੀ ਜੋਤਸ਼ ਵਿਦਿਆ ਤੋਂ ਵੀ ਹੋਵੇ ਤਾਂ ਵੀ ਇਸ ਤਰ੍ਹਾਂ
ਦੀਆਂ ਵਿਧੀਆਂ ਨਾਲ ਕਦੇ ਕਿਸੇ ਨੂੰ ਵਿਦਿਆ ਵਿੱਚ ਨਿਪੁੰਨਤਾ ਹਾਸਲ ਨਹੀਂ ਹੋਈ ਹੈ। ਕਿਸੇ ਤਰ੍ਹਾਂ
ਦੀ ਵੀ ਵਿਦਿਆ ਹਾਸਲ ਕਰਨ ਲਈ ਮਨੁੱਖ ਨੂੰ ਕਰੜੀ ਮਿਹਨਤ ਕਰਨ ਦੀ ਲੋੜ ਹੈ। ਕੋਈ ਵਿਦਿਆ ਵੀ ਇਸ
ਤਰ੍ਹਾਂ ਦੀਆਂ ਵਿਧੀਆਂ ਨਾਲ ਹਾਸਲ ਨਹੀਂ ਹੁੰਦੀ।
ਗੁਰਬਾਣੀ ਦਾ ਸੱਚ ਸਾਨੂੰ ਗਿਆਨਵਾਨ ਬਣਾ ਕੇ ਸਚਿਆਰ ਜੀਵਨ ਜਿਊਂਣ ਦੀ ਜੁਗਤ ਦਰਸਾਉਂਦਾ ਹੈ। ਇਸ
ਜੀਵਨ-ਜੁਗਤ ਦੀ ਬਦੌਲਤ ਰੱਬੀ ਹੁਕਮ ਦੀ ਸੋਝੀ ਹੁੰਦੀ ਹੈ; ਇਸ ਸੋਝੀ ਦੀ ਬਰਕਤ ਨਾਲ ਹੀ ਅਕਾਲ ਪੁਰਖ
ਦੀ ਰਜ਼ਾ ਵਿੱਚ ਵਿਚਰ ਸਕੀਦਾ ਹੈ। ਗੁਰਬਾਣੀ ਪੜ੍ਹ ਕੇ ਮਨੁੱਖ ਜੋਤਸ਼ ਵਿਦਿਆ ਵਿੱਚ ਨਿਪੁੰਨ ਨਹੀਂ
ਹੁੰਦਾ ਬਲਕਿ ਜੋਤਸ਼ ਨਾਲ ਜੁੜੇ ਹੋਏ ਹਰੇਕ ਭਰਮ ਤੋਂ ਉਪਰ ਉੱਠ ਜਾਂਦਾ ਹੈ।
ਹਾਂ, ਇਹ ਗੱਲ ਜ਼ਰੂਰ ਮੰਨਣ ਜੋਗ ਹੈ ਕਿ ਦੰਭ ਰਚ ਕੇ ਮਨੁੱਖਤਾ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ
ਲਈ ਜ਼ਿਆਦਾ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਥੋਹੜੀ ਜਿਹੀ ਮਿਹਨਤ ਅਥਵਾ ਹੱਠ ਕਰਕੇ ਬੈਠਣ ਨਾਲ
ਹੀ ਦੂਜਿਆਂ ਨੂੰ ਸਹਿਜੇ ਹੀ ਆਪਣੇ ਪਾਖੰਡ ਜਾਲ ਵਿੱਚ ਫਸਾਇਆ ਜਾ ਸਕਦਾ ਹੈ। ਉਂਝ ਗੁਰਬਾਣੀ ਦਾ ਇਸ
ਤਰ੍ਹਾਂ ਦਾ ਮਹਾਤਮ ਦਰਸਾਉਣ ਜਾਂ ਪਰਚਾਰਨ ਵਾਲੇ ਵੀ ਜੇਕਰ ਉਨ੍ਹਾਂ ਦੇ ਸੰਤਾਨ ਹੈ ਤਾਂ ਉਨ੍ਹਾਂ ਦੀ
ਉੱਚ ਵਿਦਿਆ ਦਾ ਪ੍ਰਬੰਧ ਕਰਦੇ ਹਨ। ਚੂੰਕਿ ਉਹ ਇਸ ਗੱਲ ਤੋਂ ਬਾਖ਼ੂਬ ਜਾਣੂ ਹਨ ਕਿ ਇਸ ਤਰ੍ਹਾਂ ਦੀਆਂ
ਤਾਂਤ੍ਰਿਕ ਵਿਧੀਆਂ ਨਾਲ ਕਦੇ ਕਿਸੇ ਨੂੰ ਵਿਦਿਆ ਹਾਸਲ ਨਹੀਂ ਹੋਈ। ਇਸ ਲਈ ਆਪਣੀ ਸੰਤਾਨ ਨੂੰ ਕਿਸੇ
ਚੰਗੇ ਸਕੂਲ ਵਿੱਚ ਹੀ ਦਾਖ਼ਲ ਕਰਾਉਂਦੇ ਹਨ। ਸੋ, ਗੱਲ ਕੀ ਕਿਸੇ ਤਰ੍ਹਾਂ ਦੀ ਵਿਦਿਆ ਵੀ ਇਸ ਤਰ੍ਹਾਂ
ਦੀਆਂ ਵਿਧੀਆਂ ਨਾਲ ਪ੍ਰਾਪਤ ਨਹੀਂ ਹੁੰਦੀ; ਮਿਹਨਕ ਕਰਕੇ ਹੀ ਹਾਸਲ ਕਰ ਸਕੀਦਾ ਹੈ।
ਗੁਰਬਾਣੀ ਵਿੱਚ ਜੋਤਸ਼ ਵਿਦਿਆ ਦੇ ਮਾਰਤੰਡਾਂ ਨੂੰ ਤਾਂ ਇਹ ਸਲਾਹ ਦਿੱਤੀ ਗਈ ਹੈ:-
(ੳ) ਸਾਹਾ ਗਣਹਿ ਨ ਕਰਹਿ ਬੀਚਾਰੁ॥ ਸਾਹੇ ਊਪਰਿ ਏਕੰਕਾਰੁ॥ ਜਿਸੁ ਗੁਰੁ
ਮਿਲੈ ਸੋਈ ਬਿਧਿ ਜਾਣੈ॥ ਗੁਰਮਤਿ ਹੋਇ ਤ ਹੁਕਮੁ ਪਛਾਣੈ॥ ੧॥ ਝੂਠੁ ਨ ਬੋਲਿ ਪਾਡੇ ਸਚੁ ਕਹੀਐ॥ ਹਉਮੈ
ਜਾਇ ਸਬਦਿ ਘਰੁ ਲਹੀਐ॥ ੧॥ ਰਹਾਉ॥ ਗਣਿ ਗਣਿ ਜੋਤਕੁ ਕਾਂਡੀ ਕੀਨੀ॥ ਪੜੈ ਸੁਣਾਵੈ ਤਤੁ ਨ ਚੀਨੀ॥
ਸਭਸੈ ਊਪਰਿ ਗੁਰ ਸਬਦੁ ਬੀਚਾਰੁ॥ ਹੋਰ ਕਥਨੀ ਬਦਉ ਨ ਸਗਲੀ ਛਾਰੁ॥ ੨॥ (ਪੰਨਾ ੯੦੪)
ਅਰਥ: ਹੇ ਪੰਡਿਤ! (ਆਪਣੀ ਆਜੀਵਕਾ ਦੀ ਖ਼ਾਤਰ ਜਜਮਾਨਾਂ ਨੂੰ ਪਤਿ-ਆਉਣ ਵਾਸਤੇ ਵਿਆਹ ਆਦਿਕ ਸਮਿਆਂ ਦੇ
ਸ਼ੁਭ ਮੁਹੂਰਤ ਲੱਭਣ ਦਾ) ਝੂਠ ਨਾਹ ਬੋਲ। ਸੱਚ ਬੋਲਣਾ ਚਾਹੀਦਾ ਹੈ। ਜਦੋਂ ਗੁਰੂ ਦੇ ਸ਼ਬਦ ਵਿੱਚ ਜੁੜ
ਕੇ (ਅੰਦਰ ਦੀ) ਹਉਮੈ ਦੂਰ ਹੋ ਜਾਂਦੀ ਹੈ ਤਦੋਂ ਉਹ ਘਰ ਲੱਭ ਪੈਂਦਾ ਹੈ (ਜਿਥੋਂ ਆਤਮਕ ਤੇ ਸੰਸਾਰਕ
ਸਾਰੇ ਪਦਾਰਥ ਮਿਲਦੇ ਹਨ)। ੧। ਰਹਾਉ।
ਹੇ ਪੰਡਿਤ! ਤੂੰ (ਵਿਆਹ ਆਦਿਕ ਸਮਿਆਂ ਤੇ ਜਜਮਾਨਾਂ ਵਾਸਤੇ) ਸਭ ਲਗਨ ਮੁਹੂਰਤ ਗਿਣਦਾ ਹੈਂ, ਪਰ ਤੂੰ
ਇਹ ਵਿਚਾਰ ਨਹੀਂ ਕਰਦਾ ਕਿ ਸ਼ੁਭ ਸਮਾਂ ਬਣਾਣ ਨਾਹ ਬਣਾਣ ਵਾਲਾ ਪਰਮਾਤਮਾ (ਆਪ) ਹੈ। ਜਿਸ ਮਨੁੱਖ ਨੂੰ
ਗੁਰੂ ਮਿਲ ਪਏ ਉਹ ਜਾਣਦਾ ਹੈ (ਕਿ ਵਿਆਹ ਆਦਿਕ ਦਾ ਸਮਾ ਕਿਸ) ਢੰਗ (ਨਾਲ ਸ਼ੁਭ ਬਣ ਸਕਦਾ ਹੈ)। ਜਦੋਂ
ਮਨੁੱਖ ਨੂੰ ਗੁਰੂ ਦੀ ਸਿੱਖਿਆ ਪ੍ਰਾਪਤ ਹੋ ਜਾਏ ਤਦੋਂ ਉਹ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ
(ਤੇ ਰਜ਼ਾ ਨੂੰ ਸਮਝਣਾ ਹੀ ਸ਼ੁਭ ਮੁਹੂਰਤ ਦਾ ਮੂਲ ਹੈ)। ੧।
(ਪੰਡਿਤ) ਜੋਤਸ਼ (ਦੇ ਲੇਖੇ) ਗਿਣ ਗਿਣ ਕੇ (ਕਿਸੇ ਜਜਮਾਨ ਦੇ ਪੁੱਤਰ ਦੀ) ਜਨਮ ਪੱਤ੍ਰੀ ਬਣਾਂਦਾ ਹੈ,
(ਜੋਤਸ਼ ਦਾ ਹਿਸਾਬ ਆਪ) ਪੜ੍ਹਦਾ ਹੈ ਤੇ (ਜਜਮਾਨ ਨੂੰ) ਸੁਣਾਂਦਾ ਹੈ ਪਰ ਅਸਲੀਅਤ ਨੂੰ ਨਹੀਂ
ਪਛਾਣਦਾ। (ਸ਼ੁਭ ਮੁਹੂਰਤ ਆਦਿਕ ਦੀਆਂ) ਸਾਰੀਆਂ ਵਿਚਾਰਾਂ ਤੋਂ ਸ੍ਰੇਸ਼ਟ ਵਿਚਾਰ ਇਹ ਹੈ ਕਿ ਮਨੁੱਖ
ਗੁਰੂ ਦੇ ਸ਼ਬਦ ਨੂੰ ਮਨ ਵਿੱਚ ਵਸਾਏ। ਮੈਂ (ਗੁਰ-ਸ਼ਬਦ ਦੇ ਟਾਕਰੇ ਤੇ ਸ਼ੁਭ ਮੁਹੂਰਤ ਤੇ ਜਨਮ-ਪੱਤ੍ਰੀ
ਆਦਿਕ ਕਿਸੇ ਦੀ) ਹੋਰ ਗੱਲ ਦੀ ਪਰਵਾਹ ਨਹੀਂ ਕਰਦਾ, ਕਿਉਂ ਕਿ ਹੋਰ ਸਾਰੀਆਂ ਵਿਚਾਰਾਂ ਵਿਅਰਥ ਹਨ।
੨।
(ਅ) ਮਨ ਕੀ ਪਤ੍ਰੀ ਵਾਚਣੀ ਸੁਖੀ ਹੂ ਸੁਖੁ ਸਾਰੁ॥ ਸੋ ਬ੍ਰਾਹਮਣੁ ਭਲਾ
ਆਖੀਐ ਜਿ ਬੂਝੈ ਬ੍ਰਹਮੁ ਬੀਚਾਰੁ॥ (ਪੰਨਾ ੧੦੯੩) ਅਰਥ: (ਲੋਕਾਂ ਨੂੰ ਥਿੱਤਾਂ ਆਦਿਕ ਦੱਸਣ
ਲਈ ਪੱਤ੍ਰੀ ਪੜ੍ਹਨ ਦੇ ਥਾਂ) ਆਪਣੇ ਮਨ ਦੀ ਪੱਤ੍ਰੀ ਪੜ੍ਹਨੀ ਚਾਹੀਦੀ ਹੈ (ਕਿ ਇਸ ਦੀ ਕੇਹੜੇ ਵੇਲੇ
ਕੀਹ ਹਾਲਤ ਹੈ; ਇਹ ਪੱਤ੍ਰੀ ਵਾਚਣ ਨਾਲ) ਸਭ ਤੋਂ ਸ੍ਰੇਸ਼ਟ ਸੁਖ ਮਿਲਦਾ ਹੈ। (ਜੋ ਥਿੱਤਾਂ ਦੀ ਭਲਾਈ
ਬੁਰਾਈ ਵਿਚਾਰਨ ਦੇ ਥਾਂ) ਰੱਬੀ ਵਿਚਾਰ ਨੂੰ ਸਮਝਦਾ ਹੈ ਉਸ ਬ੍ਰਾਹਮਣ ਨੂੰ ਚੰਗਾ ਜਾਣੋ।
ਗੱਲ ਕੀ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਜੋਤਸ਼ ਵਿਦਿਆ ਦੇ ਧਨੀਆਂ ਨੂੰ ਵੀ ਆਪਾ ਪਛਾਣਨ ਦੀ
ਪ੍ਰੇਰਨਾ ਕੀਤੀ ਗਈ ਹੈ। ਚੂੰਕਿ ਆਪਾ ਪਛਾਣਨ ਤੋਂ ਬਿਨਾਂ ਕਿਸੇ ਮਨੁੱਖ ਦੀ ਕਲਿਆਣ ਨਹੀਂ ਹੈ।
ਸਾਡੇ ਇਤਿਹਾਸ ਵਿੱਚ ਭਾਵੇਂ ਬਹੁਤ ਕੁੱਝ ਅਜਿਹਾ ਲਿਖਿਆ ਹੋਇਆ ਹੈ ਜਿਸ ਦਾ ਗੁਰਬਾਣੀ ਦੀ ਜੀਵਨ-ਜੁਗਤ
ਨਾਲ ਕੋਈ ਤਾਲ-ਮੇਲ ਨਹੀਂ ਹੈ ਪਰ ਫਿਰ ਵੀ ਕਿਸੇ ਲੇਖਕ ਨੇ ਇਹ ਨਹੀਂ ਲਿਖਿਆ ਕਿ ਕਿਸੇ ਵੀ ਗੁਰੂ
ਸਾਹਿਬ ਨੇ, ਸਿੱਖਾਂ ਨੂੰ ਜੋਤਸ਼ ਵਿਦਿਆ ਦੇ ਇਸ ਰੂਪ ਵਿੱਚ ਨਿਪੁੰਨ ਬਣਾਉਣ ਦਾ ਉਪਰਾਲਾ ਕੀਤਾ ਹੋਵੇ।
ਪਰ ਲੇਖਕ ਹੁਰੀਂ ਸਿੱਖ ਸੰਗਤਾਂ ਨੂੰ ਅਜਿਹੇ ਭਰਮ ਜਾਲ ਵਿੱਚ ਫਸਨ ਦੀ ਪ੍ਰੇਰਨਾ ਦੇ ਰਹੇ ਹਨ।
ਜੋਤਸ਼ ਦੇ ਨਾਮ ਹੇਠਾਂ ਇਨ੍ਹਾਂ ਜੋਤਸ਼ੀਆਂ ਵਲੋਂ ਜਿਸ ਤਰ੍ਹਾਂ ਨਾਲ ਆਮ ਮਨੁੱਖ ਦਾ ਸ਼ੋਸਣ ਕੀਤਾ ਜਾ
ਰਿਹਾ ਹੈ, ਉਹ ਵਧੇਰੇ ਵਿਆਖਿਆ ਦਾ ਮੁਥਾਜ਼ ਨਹੀਂ ਹੈ। ਜਿਨ੍ਹਾਂ ਨੂੰ ਆਪਣੇ ਜੀਵਨ ਵਿੱਚ ਆਉਣ ਵਾਲੇ
ਅਗਲੇ ਛਿਣ ਦਾ ਪਤਾ ਨਹੀਂ, ਉਹ ਦੂਜਿਆਂ ਦਾ ਭਵਿੱਖ ਦੱਸਣ ਦੇ ਦਾਅਵੇ ਕਰਦੇ ਹਨ। ਖ਼ੈਰ, ਅਸੀਂ ਤਾਂ ਇਸ
ਗੱਲ ਦਾ ਹੀ ਵਿਸ਼ੇਸ਼ ਤੌਰ `ਤੇ ਜ਼ਿਕਰ ਕਰ ਰਹੇ ਸੀ ਕਿ ਗੁਰਬਾਣੀ ਨੂੰ ਧਿਆਨ ਨਾਲ ਪੜ੍ਹਨ ਸੁਨਣ ਵਾਲਾ
ਵਿਅਕਤੀ ਇਸ ਤਰ੍ਹਾਂ ਦੀ ਵਿਦਿਆ ਵਿੱਚ ਕੋਈ ਦਿਲਚਸਪੀ ਨਹੀਂ ਲੈਂਦਾ।
ਜਿੱਥੋਂ ਤੱਕ ਲੇਖਕ ਵਲੋਂ ਇਸ ਪਉੜੀ ਨੂੰ ਤਾਂਤ੍ਰਿਕ ਵਿਧੀ ਨਾਲ ਪੜ੍ਹ ਕੇ ‘ਪ੍ਰੇਤ ਪੀੜਾ ਦੂਰ ਹੋਣ
ਦਾ’ ਸਵਾਲ ਹੈ, ਇਹ ਵੀ ਲੇਖਕ ਦੀ ਆਪਣੀ ਹੀ ਕਲਪਣਾ ਦਾ ਸਿੱਟਾ ਹੈ। ਚੂੰਕਿ ਇਹ ਇੱਕ ਮਾਨਸਕ ਰੋਗ ਹੈ
ਅਤੇ ਇਸ ਦਾ ਇਲਾਜ ਮਨੋ-ਚਿਕਿਤਸਕ ਦੁਆਰਾ ਕਰਾਉਣ ਦੀ ਲੋੜ ਹੈ। ਹਾਂ, ਜੇਕਰ ਕੋਈ ਪ੍ਰਾਣੀ ਗੁਰਬਾਣੀ
ਨੂੰ ਧਿਆਨ ਨਾਲ ਵਿਚਾਰ ਸਹਿਤ ਪੜ੍ਹਨ ਵਾਲਾ ਹੈ ਤਾਂ ਉਸ ਦੇ ਨੇੜੇ-ਤੇੜੇ ਵੀ ਇਹ ਰੋਗ ਨਹੀਂ ਆਉਂਦਾ।
ਗੁਰਬਾਣੀ ਇਹ ਸਪਸ਼ਟ ਕਰਦੀ ਹੈ ਕਿ ਸਾਡੇ ਮਨੋਵਿਕਾਰ ਹੀ ਅਸਲ ਵਿੱਚ ਇਹ ਪ੍ਰੇਤ ਹਨ। ਗੁਰਬਾਣੀ ਦੇ ਇਸ
ਸੱਚ ਦੀ ਸੋਝੀ ਬਾਣੀ ਦੇ ਗਿਣਤੀ ਦੇ ਪਾਠ ਕਰਨ ਨਾਲ ਨਹੀਂ ਸਗੋਂ ਇਸ ਦੇ ਭਾਵ ਨੂੰ ਸਮਝ ਕੇ ਹਿਰਦੇ
ਵਿੱਚ ਵਸਾਉਣ ਨਾਲ ਹੀ ਹੋਵੇਗੀ। ਲੇਖਕ ਜਿਸ ਪ੍ਰੇਤ ਪੀੜਾ ਦੀ ਗੱਲ ਕਰ ਰਿਹਾ ਹੈ ਗੁਰਬਾਣੀ ਵਿੱਚ ਉਸ
ਦੀ ਹੋਂਦ ਨੂੰ ਇਸ ਰੂਪ ਵਿੱਚ ਸਵੀਕਾਰ ਨਹੀਂ ਕੀਤਾ ਗਿਆ ਹੈ। ਗੁਰਬਾਣੀ ਦਾ ਪ੍ਰੇਤ ਬਾਰੇ
ਦ੍ਰਿਸ਼ਟੀਕੋਣ ਤਾਂ ਇਹ ਹੈ:-
(ੳ) ਕੁਟੰਬ ਜਤਨ ਕਰਣੰ ਮਾਇਆ ਅਨੇਕ ਉਦਮਹ॥ ਹਰਿ ਭਗਤਿ ਭਾਵ ਹੀਣੰ ਨਾਨਕ
ਪ੍ਰਭ ਬਿਸਰਤ ਤੇ ਪ੍ਰੇਤਤਹ॥ (ਪੰਨਾ ੭੦੬) ਅਰਥ:-ਮਨੁੱਖ ਆਪਣੇ ਟੱਬਰ ਵਾਸਤੇ ਕਈ ਕੋਸ਼ਿਸ਼ਾਂ
ਕਰਦੇ ਹਨ, ਮਾਇਆ ਦੀ ਖ਼ਾਤਰ ਅਨੇਕਾਂ ਆਹਰ ਕਰਦੇ ਹਨ, ਪਰ ਪ੍ਰਭੂ ਦੀ ਭਗਤੀ ਦੀ ਤਾਂਘ ਤੋਂ ਸੱਖਣੇ
ਰਹਿੰਦੇ ਹਨ, ਤੇ ਹੇ ਨਾਨਕ! ਜੋ ਜੀਵ ਪ੍ਰਭੂ ਨੂੰ ਵਿਸਾਰਦੇ ਹਨ ਉਹ (ਮਾਨੋ) ਪ੍ਰੇਤ ਹਨ।
(ਅ) ਕਲਿ ਮਹਿ ਪ੍ਰੇਤ ਜਿਨੀੑ ਰਾਮੁ ਨ ਪਛਾਤਾ ਸਤਜੁਗਿ ਪਰਮ ਹੰਸ
ਬੀਚਾਰੀ॥ ਦੁਆਪੁਰਿ ਤ੍ਰੇਤੈ ਮਾਣਸ ਵਰਤਹਿ ਵਿਰਲੈ ਹਉਮੈ ਮਾਰੀ॥ (ਪੰਨਾ ੧੧੩੧) ਅਰਥ:- ਹੇ
ਭਾਈ! ਕਲਜੁਗ ਵਿੱਚ ਪ੍ਰੇਤ (ਸਿਰਫ਼ ਉਹੀ) ਹਨ, ਜਿਨ੍ਹਾਂ ਨੇ ਪਰਮਾਤਮਾ ਨੂੰ (ਆਪਣੇ ਹਿਰਦੇ ਵਿੱਚ
ਵੱਸਦਾ) ਨਹੀਂ ਪਛਾਣਿਆ। ਸਤਜੁਗ ਵਿੱਚ ਸਭ ਤੋਂ ਉੱਚੇ ਜੀਵਨ ਵਾਲੇ ਉਹੀ ਸਨ, ਜਿਹੜੇ ਆਤਮਕ ਜੀਵਨ ਦੀ
ਸੂਝ ਵਾਲੇ ਹੋ ਗਏ (ਸਾਰੇ ਲੋਕ ਸਤਜੁਗ ਵਿੱਚ ਭੀ ਪਰਮ ਹੰਸ ਨਹੀਂ)। ਦੁਆਪੁਰ ਵਿਚ, ਤ੍ਰੇਤੇ ਵਿੱਚ ਭੀ
(ਸਤਜੁਗ ਅਤੇ ਕਲਜੁਗ ਵਰਗੇ ਹੀ) ਮਨੁੱਖ ਵੱਸਦੇ ਸਨ। (ਤਦੋਂ ਭੀ) ਕਿਸੇ ਵਿਰਲੇ ਨੇ ਹੀ (ਆਪਣੇ
ਅੰਦਰੋਂ) ਹਉਮੈ ਦੂਰ ਕੀਤੀ।
(ੲ) ਚਰਨ ਕਮਲ ਸਿਉ ਲਾਗੋ ਹੇਤੁ॥ ਖਿਨ ਮਹਿ ਬਿਨਸਿਓ ਮਹਾ ਪਰੇਤੁ॥ (ਪੰਨਾ
੧੧੪੯) ਅਰਥ:- ਹੇ ਭਾਈ! ਪ੍ਰਭੂ ਦੇ ਸੋਹਣੇ ਚਰਨਾਂ ਨਾਲ ਜਿਸ ਮਨੁੱਖ ਦਾ ਪਿਆਰ ਬਣ ਜਾਂਦਾ
ਹੈ, ਉਸ ਦੇ ਅੰਦਰੋਂ (ਖੋਟਾ ਸੁਭਾਉ-ਰੂਪ) ਵੱਡਾ ਪ੍ਰੇਤ ਇੱਕ ਖਿਨ ਵਿੱਚ ਮੁੱਕ ਜਾਂਦਾ ਹੈ।
ਗੁਰਬਾਣੀ ਨੂੰ ਧਿਆਨ ਨਾਲ ਪੜ੍ਹ ਕੇ ਇਸ ਦੇ ਭਾਵ ਨੂੰ ਹਿਰਦੇ ਵਿੱਚ ਵਸਾਉਣ ਨਾਲ ਪ੍ਰੇਤ ਦੇ ਅਜਿਹੇ
ਰੂਪ ਤੋਂ ਜ਼ਰੂਰ ਛੁਟਕਾਰਾ ਮਿਲਦਾ ਹੈ। ਪਰੰਤੂ ਇਸ ਭਰਮ ਰੂਪ ਪ੍ਰੇਤ ਤੋਂ ਛੁਟਕਾਰਾ ਬਾਣੀ ਨੂੰ
ਤਾਂਤ੍ਰਿਕ ਵਿਧੀਆਂ ਨਾਲ ਪੜ੍ਹਨ ਨਾਲ ਨਹੀਂ ਸਗੋਂ ਇਸ ਦੇ ਭਾਵ ਨੂੰ ਹਿਰਦੇ ਵਿੱਚ ਵਸਾਉਣ ਨਾਲ ਹੀ
ਮਿਲਦਾ ਹੈ।
ਲੇਖਕ ਇਸ ਪਉੜੀ ਦੇ ਇਸ ਮਹਾਤਮ ਬਾਰੇ ਪਾਠਕਾਂ ਨੂੰ ਤਾਕੀਦ ਵੀ ਕਰ ਰਿਹਾ ਹੈ ਕਿ ਇਸ ਨੂੰ ‘ਸੱਤ ਕਰ
ਮੰਨਣਾ’। ਇਉਂ ਪ੍ਰਤੀਤ ਹੁੰਦਾ ਹੈ ਕਿ ਲੇਖਕ ਨੂੰ ਖ਼ੁਦ ਹੀ ਮਹਿਸੂਸ ਹੋਣ ਲੱਗ ਪਿਆ ਹੈ ਕਿ ਜੋ ਕੁੱਝ
ਉਹ ਲਿਖ ਰਿਹਾ ਹੈ, ਉਹ ਮੰਨਨ ਯੋਗ ਨਹੀਂ ਹੈ। ਇਸ ਤੋਂ ਪਹਿਲਾਂ ਕਿ ਕਿਸੇ ਦੇ ਮਨ ਵਿੱਚ ਕਿਸੇ
ਤਰ੍ਹਾਂ ਦਾ ਸ਼ੰਕਾ ਪੈਦਾ ਹੋਵੇ, ਲੇਖਕ ਪਹਿਲਾਂ ਹੀ ਇਹ ਲਿਖ ਕੇ ਇਸ ਲਿਖਤ ਨੂੰ ਸੱਚ ਮੰਨਨ ਦੀ
ਪ੍ਰੇਰਨਾ ਕਰ ਰਿਹਾ ਹੈ। ਇਹੋ ਜਿਹੀਆਂ ਧਾਰਨਾਵਾਂ ਨੂੰ ਪਰਚਾਰਨ ਵਾਲੇ ਲੇਖਕ ਆਪਣੀਆਂ ਲਿਖਤਾਂ ਦੇ
ਸ਼ੁਰੂ ਵਿੱਚ ਹੀ ਨੋਟ ਲਿਖ ਦੇਂਦੇ ਹਨ ਕਿ ਇਸ ਪੁਸਤਕ ਨੂੰ ਸ਼ਰਧਾ ਭਾਵ ਨਾਲ ਪੜ੍ਹਿਆਂ ਹੀ ਲਾਭ ਉਠਾ
ਸਕੀਦਾ ਹੈ। ਕਈ ਇਹ ਲਿਖ ਦੇਂਦੇ ਹਨ ਕਿ ਜਿਹੜੇ ਲੋਕ ਤਰਕ ਕਰਨ ਵਾਲੇ ਹਨ, ਉਹ ਇਹ ਇਸ ਪੁਸਤਕ ਨਾ
ਪੜ੍ਹਨ ਕੇਵਲ ਸ਼ਰਧਾ ਭਾਵ ਵਾਲੇ ਹੀ ਪੜ੍ਹਨ। ਸ਼ਰਧਾ ਦੇ ਨਾਮ `ਤੇ ਲੋਕਾਈ ਦਾ ਖ਼ੂਬ ਸ਼ੋਸਣ ਕਰਨ ਵਾਲੇ
ਇੰਜ ਆਪਣੀ ਗੱਲ ਅਜਿਹੇ ਸ਼ਰਧਾਲੂਆਂ ਤੋਂ ਸਹਿਜੇ ਹੀ ਮਨਾਉਣ ਵਿੱਚ ਕਾਮਯਾਬ ਹੋ ਜਾਂਦੇ ਹਨ।
ਇਸ ਪਉੜੀ ਦੇ ਮਹਾਤਮ ਵਿੱਚ ਫਿਰ ਲੇਖਕ ਦਾ ਇਹ ਲਿਖਣਾ ਕਿ ਇਸ ਤਰ੍ਹਾਂ ਨਾਲ ਸੰਤਾਨ ਦੀ ਪ੍ਰਾਪਤੀ
ਹੋਵੇਗੀ, ਸਿਵਾਏ ਕਲਪਨਾ ਤੋਂ ਹੋਰ ਕੁੱਝ ਨਹੀਂ ਹੈ। ਇਸ ਲਈ ਸਾਨੂੰ ਗੁਰਬਾਣੀ ਨੂੰ ਵਿਚਾਰ ਸਹਿਤ
ਪੜ੍ਹ ਸੁਣ ਅਤੇ ਬੁੱਝ ਕੇ ਇਸ ਵਿੱਚ ਦਰਸਾਈ ਹੋਈ ਜੀਵਨ-ਜੁਗਤ ਨੂੰ ਅਪਣਾਉਣ ਦੀ ਲੋੜ ਹੈ। ਜੇਕਰ ਅਸੀਂ
ਇਸ ਜੀਵਨ-ਜਾਚ ਨੂੰ ਅਪਣਾ ਲਵਾਂਗੇ ਤਾਂ ਸਾਨੂੰ ਦੁਨੀਆਂ ਦੀ ਕੋਈ ਵੀ ਤਾਕਤ ਡੁਲਾਉਣ ਵਿੱਚ ਕਾਮਯਾਬ
ਨਹੀਂ ਹੋ ਸਕੇਗੀ। ਚੂੰਕਿ ਅਸੀਂ ਗੁਮਰਾਹ ਹੋਣ ਲਈ ਹਮੇਸ਼ਾਂ ਹੀ ਤੱਤਪਰ ਰਹਿੰਦੇ ਹਾਂ ਇਸ ਲਈ ਅਸੀਂ
ਝੱਟ ਹੀ ਗੁਮਰਾਹ ਕਰਨ ਵਾਲਿਆਂ ਦੇ ਪਿੱਛੇ ਲੱਗ ਕੇ ਗੁਮਾਰਾਹ ਹੋ ਜਾਂਦੇ ਹਾਂ। ਮਨੁੱਖਤਾ ਨੂੰ
ਗੁਮਰਾਹ ਕਰਨ ਵਾਲੇ ਸਾਡੀ ਅਜਿਹੀ ਕਮਜ਼ੋਰੀ ਤੋਂ ਭਲੀ ਪ੍ਰਕਾਰ ਜਾਣੂ ਹਨ। ਜਦੋਂ ਅਸੀਂ ਸੁਚੇਤ ਹੋ
ਜਾਵਾਂਗੇ ਤਾਂ ਇਸ ਤਰ੍ਹਾਂ ਦੀਆਂ ਵਿਧੀਆਂ ਨੂੰ ਪ੍ਰਚਾਰਨ ਵਾਲਿਆਂ ਦੀ ਦੁਕਾਨਦਾਰੀ ਆਪੇ ਹੀ ਬੰਦ ਹੋ
ਜਾਵੇਗੀ।
ਜਸਬੀਰ ਸਿੰਘ ਵੈਨਕੂਵਰ