.

ਕਰਤਾਰਪਰੀ ਬੀੜ ਦੀ ਅਸਲੀਅਤ

ਸਰਵਜੀਤ ਸਿੰਘ

ਗੱਲ ਉਨ੍ਹਾਂ ਦਿਨਾਂ ਦੀ ਹੈ ਜਦੋਂ ਹਰ ਪਾਸੇ ਗਿਆਨੀ ਗੁਰਦਿੱਤ ਸਿੰਘ ਜੀ ਵਾਲੋਂ ਲਿਖੀ ਗਈ ‘ਮੁੰਦਾਵਣੀ’ ਦੀ ਚਰਚਾ ਹੋ ਰਹੀ ਸੀ। ਇਕ ਵਿਦਵਾਨ ਸੱਜਣ ਨਾਲ ਵਿਚਾਰ-ਚਰਚਾ ਕਰਦਿਆਂ ‘ਮੁੰਦਾਵਣੀ’ ਦੀ ਚਰਚਾ ਚਲ ਪਈ। ਮੈਨੂੰ ਬਹੁਤ ਹੀ ਹੈਰਾਨੀ ਹੋਈ ਜਦੋਂ ਉਨ੍ਹਾਂ ਨੇ ਕਿਹਾ ਕਿ ਗਿਆਨੀ ਜੀ ਨੂੰ ਇਹ ਕਿਤਾਬ ਲਿਖਣੀ ਹੀ ਨਹੀਂ ਸੀ ਚਾਹੀਦੀ। ਮੇਰਾ ਵਿਚਾਰ ਸੀ ਕਿ ਜਿਨ੍ਹਾਂ ਚਿਰ ਰਾਗਮਾਲਾ ਸਬੰਧੀ ਕੋਈ ਆਖਰੀ ਫੈਸਲਾ ਨਹੀ ਹੁੰਦਾ, ਉਨ੍ਹਾਂ ਚਿਰ ਇਸ ਬਾਰੇ ਖੋਜ ਜਾਰੀ ਰਹਿਣੀ ਚਾਹੀਦੀ ਹੈ। ਉਸ ਸੱਜਣ ਦਾ ਜਵਾਬ ਸੀ ਕਿ ਰਾਗਮਾਲਾ ਬਾਰੇ ਫੈਸਲਾ ਹੋ ਚੁੱਕਾ ਹੈ। ਉਨ੍ਹਾਂ ਦਾ ਇਹ ਜਵਾਬ ਮੇਰੇ ਲਈ ਹੈਰਾਨੀ ਜਨਕ ਸੀ। ਜਦੋਂ ਮੈਂ ਸਿੱਖ ਰਹਿਤ ਮਰਯਾਦਾ ਦਾ ਹਵਾਲਾ ਦੇ ਕੇ ਉਨ੍ਹਾਂ ਨੂੰ ਸਵਾਲ ਕੀਤਾ ਕਿ ਕਦੋਂ ਅਤੇ ਕੀ ਫੈਸਲਾ ਹੋਇਆ ਹੈ ਤਾਂ ਉਨ੍ਹਾਂ ਨੇ ਭਾਈ ਜੋਧ ਸਿੰਘ ਜੀ ਦੀ ਲਿਖਤ ‘ਕਰਤਾਰਪਰੀ ਬੀੜ ਦੇ ਦਰਸ਼ਨ’ ਪੜ੍ਹਨ ਦਾ ਸੁਝਾਉ ਦਿੱਤਾ। ਉਨ੍ਹਾਂ ਨੇ ਮੇਰੇ ਨਾਲ ਵਾਇਦਾ ਵੀ ਕੀਤਾ ਕਿ ਉਹ ਮੈਨੂੰ ‘ਕਰਤਾਰਪਰੀ ਬੀੜ ਦੇ ਦਰਸ਼ਨ’ ਪੜ੍ਹਨ ਲਈ ਦੇਣਗੇ ਪਰ ਇਹ ਵਾਇਦਾ ਪੂਰਾ ਨਹੀ ਕੀਤਾ। ਮੈਂ ਕਈ ਹੋਰ ਸੱਜਣਾ ਤੋਂ ਇਸ ਕਿਤਾਬ ਸੰਬੰਧੀ ਪੁੱਛ-ਪੜਤਾਲ ਕੀਤੀ ਪਰ ਮੈਨੂੰ ਇਹ ਕਿਤਾਬ ਨਾ ਮਿਲੀ। ਇਸੇ ਦੌਰਾਨ ਹੀ ਇਕ ਹੋਰ ਸੱਜਣ ਨੇ ਮੈਨੂੰ ਗਿਆਨੀ ਗੁਰਦਿੱਤ ਸਿੰਘ ਜੀ ਦੀ ਲਿਖਤ ‘ਮੁੰਦਾਵਣੀ’ ਭੇਟ ਕਰ ਦਿੱਤੀ। ‘ਮੁੰਦਾਵਣੀ’ ਪੜ੍ਹਨ ਤੋਂ ਪਿਛੋਂ ਜਿਥੇ ਰਾਗਮਾਲਾ ਬਾਰੇ ਮੇਰੇ ਵਿਚਾਰਾਂ ‘ਚ ਸਪੱਸ਼ਟਤਾ ਆਈ ਉਥੇ ਹੀ ‘ਕਰਤਾਰਪਰੀ ਬੀੜ ਦੇ ਦਰਸ਼ਨ’ ਸਬੰਧੀ ਵੀ ਉਤਸੁਕਤਾ ਵੱਧ ਗਈ।

ਇਹ ਗੱਲ ਅਪ੍ਰੈਲ 2005 ਦੀ ਹੈ । ਵੈਸਾਖੀ ਦੇ ਸਬੰਧ ‘ਚ ਜੋੜ ਮੇਲੇ ਤੇ ਇਕ ਗੁਰਦਵਾਰਾ ਸਾਹਿਬ ਗਏ ਹੋਏ ਸੀ ਤਾਂ ਮੈਂ ਆਪਣੀ ਆਦਤ ਮੁਤਾਬਕ ਕਿਤਾਬਾਂ ਵਾਲਿਆਂ ਤੋਂ ‘ਕਰਤਾਰਪਰੀ ਬੀੜ ਦੇ ਦਰਸ਼ਨ’ ਬਾਰੇ ਪੁਛ ਪੜਤਾਲ ਕੀਤੀ ਅਤੇ ਨਿਰਾਸ਼ ਹੋ ਕਿ ਜਲੇਬੀਆਂ ਖਾਣ ਲਈ ਅੱਗੇ ਵੱਧ ਰਿਹਾ ਸੀ ਤਾਂ ਇਕ ਹੋਰ ਸਟਾਲ ਨਜਰੀ ਪਿਆ। ਜਿਥੇ ਹੋਰ ਸਮਾਨ ਤੋਂ ਇਲਾਵਾ ਕੁਝ ਕਿਤਾਬਾਂ ਵੀ ਪਈਆਂ ਸਨ। ਮੈਂ ਸੋਚਿਆ ਕਿ ਜਦੋਂ ਵੱਡੇ-ਵੱਡੇ ਸਟਾਲਾਂ ਤੋਂ ‘ਕਰਤਾਰਪਰੀ ਬੀੜ ਦੇ ਦਰਸ਼ਨ’ ਨਹੀ ਮਿਲੀ ਤਾ ਇਸ ਕੋਲ ਕਿਥੋਂ ਹੋਣੀ ਹੈ। ਖੈਰ, ਮੈਂ ਪੇਟ-ਪੂਜਾ ਕਰਕੇ ਫੇਰ ਉਸ ਸਟਾਲ ਤੇ ਜਾ ਪੁੱਜਾ। ਜਦੋਂ ਮੈਂ ਕਰਤਾਰਪੁਰੀ ਬੀੜ ਬਾਰੇ ਪੁੱਛਿਆ ਤਾਂ ਉਸ ਨੇ ਸੱਜਣ ਮੇਰੇ ਵੱਲ ਬੜੀ ਹੈਰਾਨੀ ਨਾਲ ਵੇਖਿਆ ਅਤੇ ਇਕ ਕਿਤਾਬ ਮੇਰੇ ਹੱਥ ‘ਚ ਫੜਾ ਦਿੱਤੀ। ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਮੇਰੀ ਲਾਟਰੀ ਨਿਕਲ ਆਈ ਹੋਵੇ।

ਇਹ ਉਹ ਸਮਾਂ ਸੀ ਜਦੋਂ ਮੈਂ ਕਰਤਾਰਪੁਰੀ ਬੀੜ ਬਾਰੇ ਸਿਰਫ ਸੁਣਿਆ ਸੀ ਪੜ੍ਹਿਆ ਨਹੀ ਸੀ। ਮੈਂ ਵੀ ਇਸ ਬੀੜ ਨੂੰ ਗੁਰੂ ਅਰਜਨ ਦੇਵ ਜੀ ਵੱਲੋਂ ਲਿਖਵਾਈ ਗਈ ਅਤੇ ਭਾਈ ਗੁਰਦਾਸ ਜੀ ਦੀ ਲਿਖੀ ਹੋਈ ਹੀ ਮੰਨਦਾ ਸੀ। ਭਾਈ ਜੋਧ ਸਿੰਘ ਜੀ ਦੀ ਲਿਖਤ “ਕਰਤਾਰਪੁਰੀ ਬੀੜ ਦੇ ਪਹਿਲੇ 8-10 ਪੰਨੇ ਪੜ੍ਹੇ ਤਾਂ ਮੈਂ ਸੋਚੀ ਪੈ ਗਿਆ ਕਿ ਜੇ ਇਹ ਬੀੜ ਭਾਈ ਗੁਰਦਾਸ ਜੀ ਦੇ ਹੱਥ ਦੀ ਲਿਖਤ ਹੈ ਤਾਂ ਰਾਗਮਾਲਾ ਬਾਣੀ ਕਿਵੇਂ ਨਹੀ ਹੈ। ਪਰ ਫੇਰ ਖਿਆਲ ਆਇਆ ਕਿ ਭਾਈ ਕਾਹਨ ਸਿੰਘ ਜੀ ਇਸ ਬੀੜ ਬਾਰੇ ਵਖਰੇ ਵਿਚਾਰ ਰੱਖਦੇ ਹਨ ਤਾਂ ਮੈਂ ਇਸ ਨਤੀਜੇ ਤੇ ਪੁੱਜਾ ਕਿ ਕਰਤਾਰਪੁਰ ਵਿਖੇ ਇਕ ਤੋਂ ਵੱਧ ਬੀੜਾ ਮੌਜੂਦ ਹਨ। ਮੇਰੀ ਏਸ ਧਾਰਨਾ ਨੂੰ ਭਾਈ ਜੋਧ ਸਿੰਘ ਜੀ ਦੇ ਇਨ੍ਹਾਂ ਸ਼ਬਦਾਂ, “ਸਭ ਤੋਂ ਪਹਿਲਾਂ ਅਸੀਂ ਮੈਨੇਜਰ ਸਾਹਿਬ ਕੋਰਟ ਆਫ ਵਾਰਡ ਸ੍ਰੀ ਕਰਤਾਰਪੁਰ ਅਸਟੇਟ ਨੂੰ ਬੇਨਤੀ ਕੀਤੀ ਕਿ ਸਾਨੂੰ ਦੱਸਿਆ ਗਿਆ ਹੈ ਕਿ ਆਪ ਜੀ ਦੇ ਪਾਸ ਕਈ ਪੁਰਾਤਨ ਬੀੜਾਂ ਹਨ, ਸਾਨੂੰ ਉਸੇ ਬੀੜ ਦੇ ਦਰਸ਼ਨ ਕਰਵਾਉਣੇ ਜੋ ਅਸਲੀ ਹੈ” ਨੇ ਯਕੀਨ ‘ਚ ਬਦਲ ਦਿੱਤਾ।

ਉਨ੍ਹਾਂ ਦਿਨਾਂ ‘ਚ ਮੇਰੀ ਜਾਣਕਾਰੀ/ਦਿਲਚਸਪੀ ਸਿਰਫ ਰਾਗਮਾਲਾ ਤੱਕ ਹੀ ਸੀਮਤ ਸੀ ਇਸ ਲਈ ਮੈਂ ‘ਕਰਤਾਰਪਰੀ ਬੀੜ ਦੇ ਦਰਸ਼ਨ’ ਨੂੰ ਪੂਰੀ ਪੜ੍ਹਨ/ਸਮਝਣ ਦਾ ਯਤਨ ਹੀ ਨਾ ਕੀਤਾ। ਕੁਝ ਸਮੇਂ ਪਿਛੋਂ ਇਕ ਖੋਜੀ ਵਿਦਵਾਨ/ਲੇਖਕ ਨੇ ਫੂਨ ਕਰਕੇ ਸਵਾਲ ਕੀਤਾ ਕਿ ‘ਕਰਤਾਰਪੁਰੀ ਬੀੜ ਦੇ ਦਰਸ਼ਨ’ ਪੜ੍ਹੀ ਹੈ। ਮੈਂ ਕਿਹਾ ਪੂਰੀ ਨਹੀ ਪੜੀ ਤਾਂ ਉਨ੍ਹਾਂ ਨੇ ਕੁਝ ਨੁਕਤੇ ਦੱਸ ਕਿ ਮੈਨੂੰ ਕਿਹਾ ਕਿ ਇਸ ਕਿਤਾਬ ਨੂੰ ਧਿਆਨ ਨਾਲ ਪੜ੍ਹ ਕੇ ਉਸ ਬਾਰੇ ਸਾਰੀ ਜਾਣਕਾਰੀ ਮੈਂ ਉਨ੍ਹਾਂ ਤਾਈ ਪੁੱਜਦੀ ਕਰਾ। ਮੈਂ ਇਹ ਕਿਤਾਬ ਦੋ ਵਾਰੀ ਪੜ੍ਹੀ, ਰੰਗ-ਬਰੰਗੀਆਂ ਨਿਸ਼ਾਨੀਆਂ ਲਾਈਆਂ ਤੇ ਸਾਰੇ ਨੁਕਤੇ ਨੋਟ ਕਰਕੇ ਈ-ਮੇਲ ਕਰ ਦਿੱਤੇ। ਹੁਣ! ਮੇਰੇ ਸਾਹਮਣੇ ਇਹ ਸਵਾਲ ਪੈਦਾ ਹੋ ਗਿਆ ਕਿ ‘ਕਰਤਾਰਪੁਰੀ ਬੀੜ’ ਦੇ ਦਰਸ਼ਨ ਕਰਕੇ ਭਾਈ ਜੋਧ ਸਿੰਘ ਜੀ ਵੱਲੋਂ ਤਿਆਰ ਕੀਤੀ ਗਈ ਰਿਪੋਰਟ ‘ਚ ਦਰਜ ਕੀਤੀਆਂ ਗਈਆਂ ਸੈਕੜੇ ਉਕਾਈਆਂ ਕਿਸ ਦੇ ਖਾਤੇ ਪਾਈਆਂ ਜਾਣ? ਇਸ ਸਵਾਲ ਦੇ ਜੁਵਾਬ ਦੀ ਭਾਲ ‘ਚ ਜਿਥੇ ਵੱਖ-ਵੱਖ ਵਿਦਵਾਨਾਂ ਨਾਲ ਸਵਾਲ-ਜਵਾਬ ਕੀਤੇ ਉਥੇ ਹੀ ਕਈ ਕਿਤਾਬਾਂ ਵੀ ਪੜ੍ਹੀਆਂ।

ਹੁਣ ਇਹ ਸਪੱਸ਼ਟ ਹੈ ਕਿ ਕਰਤਾਰਪੁਰੀ ਬੀੜ ਦੀ ਪਰਮਾਣਿਕਤਾ ਸਾਬਿਤ ਕਰਨੀ ਸੰਭਵ ਨਹੀ ਹੈ। ਅੱਜ ਸਵਾਲ ਇਹ ਨਹੀ ਹੋਣਾ ਚਾਹੀਦਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਿਤ ਗੁਰੂ ਗ੍ਰੰਥ ਸਾਹਿਬ ਦੀ ਬੀੜ ਕਿਸ ਪੁਰਾਨਤ ਬੀੜ ਨਾਲ ਸੋਧ ਕੇ ਛਾਪੀ ਜਾਂਦੀ ਹੈ । ਸਵਾਲ ਤਾ ਇਹ ਹੋਣਾ ਚਾਹੀਦਾ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਿਤ ਗੁਰੂ ਗ੍ਰੰਥ ਸਾਹਿਬ ਦੀ ਬੀੜ ਵਿਚ, ਜਾਣੇ-ਅਣਜਾਣੇ ਉਤਾਰੇ ਕਰਨ ਵਾਲਿਆਂ ਵੱਲੋਂ ਜੋ ਉਕਾਈਆਂ ਕੀਤੀਆਂ ਗਈਆਂ ਸਨ, ਉਹ ਹਨ ਜਾਂ ਨਹੀਂ। ਜੇ ਅੱਜ ਛਾਪੇ ਦੀਆਂ ਬੀੜਾਂ ‘ਚ ਕਾਤਬਾਂ ਵੱਲੋਂ ਕੀਤੀਆਂ ਉਕਾਈਂ ਉਵੇਂ ਹੀ ਦਰਜ ਹਨ ਤਾਂ ਉਨ੍ਹਾਂ ਨੂੰ ਠੀਕ ਨਹੀ ਕਰਨਾ ਚਾਹੀਦਾ? ਜੇ ਠੀਕ ਕਰਨਾ ਚਾਹੀਦਾ ਹੈ ਤਾਂ ਇਹ ਪਾਵਨ ਬਾਣੀ ‘ਚ ਤਬਦੀਲੀ ਕਿਵੇਂ ਮੰਨਿਆ ਜਾ ਸਕਦਾ ਹੈ, ਜਿਹਾ ਕਿ ਕਈ ਸੱਜਣਾਂ ਵੱਲੋਂ ਗੁੰਮਰਾਹ ਕੁਨ ਪ੍ਰਚਾਰ ਕੀਤਾ ਜਾ ਰਿਹਾ ਹੈ? ਆਪਣੇ ਆਪ ਨੂੰ ਹੀ ਪੰਥਕ ਸਮਝ ਕੇ ਫ਼ਤਵੇ ਜਾਰੀ ਕਰਨ ਵਾਲੀਆਂ ਧਿਰਾਂ ਨੇ ਜੇ ਘੱਟੋ-ਘੱਟ ਪੰਜਾਬੀ ਦੀਆਂ ਅਖ਼ਬਾਰਾਂ ਹੀ ਪੜ੍ਹੀਆਂ ਹੁੰਦੀਆਂ ਤਾਂ ਵੀ ਉਨ੍ਹਾਂ ਨੂੰ ਏਨਾ ਕੁ ਤਾਂ ਗਿਆਨ ਹੋਣਾ ਹੀ ਸੀ ਕਿ ਗਿਆਨੀ ਗੁਰਬਚਨ ਸਿੰਘ ਨੇ ਖ਼ੁਦ ਮੰਨਿਆ ਹੈ ਕਿ ਹੱਥ ਲਿਖਤਾਂ ਅਤੇ ਛਾਪੇ ਦੇ ਸਰੂਪਾਂ ‘ਚ ਪਾਠ ਭੇਦ ਹੈ, “ਉਨ੍ਹਾਂ ਮੰਨਿਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਸਰੂਪਾਂ ਅਤੇ ਛਾਪੇ ਦੇ ਸਰੂਪਾਂ ਵਿਚਲਾ ਗੁਰਬਾਣੀ ਪਾਠਾਂ ਵਿੱਚ ਭੇਦ ਹੈ । ਉਨ੍ਹਾਂ ਕਿਹਾ ਕਿ ਇਸ ਭੇਦ ਨੂੰ ਸਮਾਪਤ ਕਰਨ ਲਈ ਭਾਈ ਜੋਗਿੰਦਰ ਸਿੰਘ ਤਲਵਾੜਾ ਨੇ ਕਾਫੀ ਮਿਹਨਤ ਕੀਤੀ ਸੀ ਪਰ ਉਨ੍ਹਾਂ ਨੂੰ ਵੀ ਕੁਝ ਲੋਕਾਂ ਨੇ ਆਪਣੀ ਬਿਆਨਬਾਜ਼ੀ ਦਾ ਨਿਸ਼ਾਨਾ ਬਣਾਇਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਕਈ ਵਾਰ ਕੋਸ਼ਿਸ਼ ਕੀਤੀ ਸੀ ਕਿ ਘਟੋ-ਘੱਟ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਅਜਿਹਾ ਸਰੂਪ ਤਿਆਰ ਕਰ ਲਿਆ ਜਾਵੇ, ਜਿਸ ਵਿੱਚ ਪੁਰਾਤਨ ਸਰੂਪਾਂ ਤੇ ਛਾਪੇ ਦੇ ਸਰੂਪਾਂ ਵਿਚਲਾ ਬਾਣੀ ਦਾ ਭੇਦ ਖ਼ਤਮ ਕੀਤਾ ਜਾਵੇ”। (ਰੋਜ਼ਾਨਾ ਸਪੋਕਸਮੈਨ, 8 ਜੁਲਾਈ)

ਗੁਰੂ ਨਾਨਕ ਜੀ ਦੇ ਹੁਕਮ ਮੁਤਾਬਕ ਸਾਡਾ ਗੁਰੂ ਸ਼ਬਦ ਹੈ। ਗ੍ਰੰਥ ਤਾਂ ਇਸ ਸ਼ਬਦ ਨੂੰ ਸੰਭਾਲਣ ਦਾ ਜ਼ਰੀਆ ਹੈ। ਨੈਸ਼ਨਲ ਪੰਜਾਬੀ ਕੋਸ਼ ਮੁਤਾਬਕ ‘ਗ੍ਰੰਥ’ ਦਾ ਅਰਥ ਹੈ ਕਿਤਾਬ, ਵੱਡੀ-ਭਾਰੀ ਕਿਤਾਬ, ਪਵਿੱਤਰ ਪੁਸਤਕ ਅਤੇ ‘ਬੀੜ’ ਦਾ ਅਰਥ ਹੈ (ਗੁਰੂ ਗ੍ਰੰਥ ਸਾਹਿਬ ਦੀ) ਸੈਂਚੀ, ਕਿਤਾਬ ਦੀ ਜਿਲਦ। ਮਹਾਨ ਕੋਸ਼ ਮੁਤਾਬਕ ਗ੍ਰੰਥ ਦਾ ਅਰਥ ਹੈ ਪੁਸਤਕ (ਕਿਤਾਬ), ਜਿਸ ਵਿਚ ਮਜ਼ਮੂੰਨ ਗੁੰਦੇ ਗਏ ਹਨ। ਅਤੇ ਬੀੜ ਦਾ ਅਰਥ ਹੈ ਕਿਤਾਬ ਦੀ ਜਿਲਦ । ਸਪੱਸ਼ਟ ਹੈ ਕਿ ਗ੍ਰੰਥ ਜਾ ਬੀੜ ਸਾਡੇ ਗੁਰੂ ਨਹੀਂ ਹਨ ਸਗੋਂ ਇਹ ਤਾ ਸ਼ਬਦ ਗੁਰੂ ਨੂੰ ਸਾਂਭਣ ਦੇ ਸਾਧਨ ਹਨ। ਜਦੋਂ ਅਸੀਂ ਮੱਥਾ ਟੇਕਦੇ ਹਾਂ ਉਦੋਂ ਅਸੀਂ ਪੀੜੇ/ਪਾਲਕੀ ਨੂੰ ਮੱਥਾ ਨਹੀ ਟੇਕਦੇ। ਨਾਂ ਹੀ ਅਸੀਂ ਰੁਮਾਲਿਆਂ ਨੂੰ ਮੱਥਾ ਟੇਕਦੇ ਹਨ। ਜੇ ਅਜੇਹਾ ਹੋਵੇ ਤਾ ਸੱਭ ਤੋਂ ਪਹਿਲਾਂ ਤਾਂ ਅਸੀਂ ਗੋਲਕ ਨੂੰ ਮੱਥਾ ਟੇਕਦੇ ਹਾਂ। ਕੀ ਇਹ ਮੰਨਿਆ ਜਾਂ ਸਕਦਾ ਹੈ ਕਿ ਕੋਈ ਸਿੱਖ ਗੋਲਕ ਨੂੰ ਮੱਥਾ ਟੇਕ ਸਕਦਾ ਹੈ? ਨਹੀ! ਸੋ ਸਪੱਸ਼ਟ ਹੈ ਕਿ ਅਸੀਂ ਸਿਰਫ ਤੇ ਸਿਰਫ ਸ਼ਬਦ ਰੂਪੀ ਗਿਆਨ ਨੂੰ ਹੀ ਮੱਥਾ ਟੇਕਦੇ ਹਾਂ। ਇਥੇ ਇਹ ਵੀ ਯਾਦ ਰਹੇ ਅੱਜ ਉਹੀ ਗਿਆਨ ਅੱਤ-ਆਧੁਨਿਕ ਤਰੀਕਿਆਂ ਨਾਲ ਵੀ ਸਾਂਭਿਆ ਜਾ ਰਿਹਾ ਹੈ।

ਇਸ ਵਿਚ ਕੋਈ ਸ਼ੱਕ ਨਹੀ ਕਿ ਪਹਿਲਾ ਪਹਿਲ ਕਾਤਬਾਂ ਵੱਲੋਂ ਬਹੁਤ ਹੀ ਸਤਿਕਾਰ ਅਤੇ ਭਾਵਨਾ ਨਾਲ ਉਤਾਰੇ ਕੀਤੇ ਜਾਂਦੇ ਸਨ। ਪਰ ਜਿਓ ਜਿਓ ਬੀੜਾਂ ਦੀ ਮੰਗ ਵੱਧਦੀ ਗਈ ਤਾਂ ਕਿੱਤਾ ਕਾਰਾਂ ਵੱਲੋਂ ਉਤਾਰੇ ਕੀਤੇ ਜਾਣ ਲੱਗੇ, ਜਿਸ ਦਾ ਨਤੀਜਾ ਇਹ ਹੋਇਆ ਕਿ ਹੌਲੀ-ਹੌਲੀ ਉਕਾਈਆਂ ਦੀ ਗਿਣਤੀ ਵੱਧਦੀ ਹੀ ਗਈ। ਆਓ ਇਸ ਬਾਰੇ ਪਿ: ਜੋਧ ਸਿੰਘ ਜੀ ਦੇ ਵਿਚਾਰ ਵੀ ਜਾਣ ਲਈਏ, “ਸਸਤਾ ਵੇਚਣ ਦੀ ਦੌੜ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਵਿਚ ਲਗ, ਕੰਨੇ ਆਦਿ ਦੀਆਂ ਬਹੁਤ ਅਸ਼ੁੱਧੀਆਂ ਆ ਗਈਆਂ ਹਨ। ਜੇ ਕਿਸੇ ਜ਼ੁਮੇਵਾਰ ਜੱਥੇ ਨੇ ਇਹ ਬੀੜਾਂ ਪ੍ਰਕਾਸ਼ਿਤ ਕਰਨ ਦਾ ਕੰਮ ਆਪਣੇ ਜ਼ੁਮੇ ਨਾ ਲਿਆ ਤਾਂ ਥੋੜੇ ਚਿਰ ਮਗਰੋਂ ਸ਼ੁੱਧ ਪਾਠ ਕਰਨਾ ਅਤਿ ਕਠਿਨ ਹੋ ਜਾਵੇਗਾ” (ਗੁਰਮਤਿ ਨਿਰਣਯ –ਉਥਾਨਕਾ, ਨਵੰਬਰ 1932) ਆਪਣੇ ਆਪ ਨੂੰ ਬ੍ਰਹਮ ਗਿਆਨੀ ਅਖਵਾਉਣ ਵਾਲੇ ਵੀ ਆਪਣੀਆਂ ਲਿਖਤਾਂ ਵਿੱਚ ਲਿਖਦੇ ਹਨ ਕਿ “ਇਤਿਆਦਿਕ ਕ੍ਰੀਬਨ ਪੰਦ੍ਰਾਂ ਸੌ ਪਾਠ ਹਨ ਜੋ ਦਮਦਮੀ ਦੇ ਪਾਠਾਂ ਨਾਲ ਨਹੀ ਮਿਲਦੇ” (ਪੰਨਾ 40)। ਹੋਰ ਤਾਂ ਹੋਰ ਇਸ ਵਿਸ਼ੇ ਤੇ ਸ਼੍ਰੋਮਣੀ ਕਮੇਟੀ ਨੇ ਆਪਣੇ ਵਿਦਵਾਨਾਂ, ਰਣਧੀਰ ਸਿੰਘ, ਗਿਆਨੀ ਗਿਆਨ ਸਿੰਘ ਅਤੇ ਗਿਆਨੀ ਕੁੰਦਨ ਸਿੰਘ ਤੋਂ ‘ਚ ਖੋਜ ਦਾ ਕਾਰਜ ਕਰਵਾਇਆ ਸੀ। 860 ਪੰਨਿਆਂ ਦੀ ਇਸ ਪੁਸਤਕ ‘ਪਾਠ ਭੇਦਾਂ ਦੀ ਸੂਚੀ’ ਦੇ ਮੁਖਬੰਧ ‘ਇਹ ਪੁਸਤਕ ਲਿਖਣ ਦੀ ਲੋੜ ਕਿਉਂ ਪਈ?’ ਵਿਚ ਗਿਆਨੀ ਕਿਰਪਾਲ ਸਿੰਘ ਜੀ ਲਿਖਦੇ ਹਨ, “ਘਲੂਘਾਰਿਆਂ ਸਮੇਂ ਬਹੁਤ ਸਾਰੇ ਪਰਮਾਣਿਕ ਨੁਸਖ਼ੇ ਅਤਿ ਬਿਰਦ ਹੋਣ ਜਾਂ ਸੇਵਾ ਸੰਭਾਲ ਤੋਂ ਬਿਨਾਂ ਹੋਰ ਅਨੇਕ ਕਾਰਨਾਂ ਕਰਕੇ ਸਾਡੇ ਪਾਸੋਂ ਅਲੋਪ ਹੋ ਗਏ। ਉਨ੍ਹਾਂ ਸ਼ੁੱਧ ਤੇ ਪ੍ਰਮਾਣੀਕ ਬੀੜਾ ਤੋਂ ਕੀਤੇ ਜਾਣ ਵਾਲੇ ਉਤਾਰਿਆਂ ਵਿਚ ਲਿਖਾਰੀਆਂ ਤੋਂ ਲਿਖਣ ਸਮੇਂ ਸੁਤੇ-ਸਿਧ ਕੁਝ ਪਾਠ-ਭੇਦ ਆ ਗਏ, ਜਿਨ੍ਹਾਂ ਦਾ ਆਉਣਾ ਕੋਈ ਅਸੰਭਵ ਗਲ ਨਹੀਂ ਸੀ। ਉਨ੍ਹਾਂ ਉਤਾਰਿਆਂ ਤੋਂ ਅੱਗੋਂ ਕੀਤੇ ਗਏ ਹੋਰ ਉਤਾਰਿਆਂ ਵਿਚ ਪਹਿਲੇ ਉਤਾਰਿਆਂ ਦੇ ਪਾਠ ਭੇਦਾਂ ਨੂੰ ਆਉਣ ਤੋਂ ਤਾਂ ਕੋਈ ਰੋਕ ਹੀ ਨਹੀਂ ਸੀ ਸਕਦਾ, ਪਰ ਕੁਝ ਪਾਠ-ਭੇਦ ਨਵੇਂ ਲਿਖਾਰੀਆਂ ਪਾਸੋਂ ਨਵੇਂ ਉਤਾਰਿਆਂ ਵਿਚ ਹੋਰ ਆ ਸ਼ਾਮਿਲ ਹੁੰਦੇ ਗਏ। ਜਿਸ ਕਰਕੇ ਪਾਠ-ਭੇਦਾਂ ਵਿਚ ਹੋਰ ਵਾਦਾ ਹੁੰਦਾ ਚਲਾ ਗਿਆ।...ਜਦ ਛਾਪਾ ਪੱਥਰ ਆਇਆ ਤਾਂ ਲਿਖਾਰੀਆਂ ਦੀਆਂ ਲਿਖਣ ਸਮੇਂ ਦੀਆਂ ਗਲਤੀਆਂ ਨੂੰ ਘਟ ਕਰਨ ਲਈ ਪੰਥਕ ਤੌਰ ਤੇ ਕਿਤੇ ਗਏ ਕਿਸੇ ਯਤਨ ਦੀ ਸੂਹ ਨਹੀ ਮਿਲਦੀ।... ਸ਼੍ਰੀ ਗੁਰੂ ਗ੍ਰੰਥ ਸਾਹਿਬ ਸੰਸਾਰ ਦੇ ਬਾਕੀ ਧਰਮ ਗ੍ਰੰਥਾਂ ਤੋਂ ਵਿਲੱਖਣ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ‘ਗੁਰੂ’ ਹਨ ਅਤੇ ਹਜ਼ੂਰ ਦੀ ਗੁਰਤਾ ਜੁਗੋਂ-ਜੁਗ ਅਟੱਲ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਤੀ ਉਕਾਈਆਂ ਜੋ ਲਿਖਾਰੀਆਂ ਜਾਂ ਛਾਪੇ ਵਾਲਿਆਂ ਦੀ ਅਣਗਹਿਲੀ ਕਾਰਨ ਆ ਗਈਆਂ ਹਨ ਦੀ ਪਰਖ-ਪੜਤਾਲ ਕੀਤੀ ਜਾਣੀ ਅਤਿ ਜਰੂਰੀ ਭਾਸਦੀ ਹੈ। ਗੁਰੂ ਕਰਤਾਰ ਤਾ ਅਭੁੱਲ ਹੈ, ਪਰ ਲਿਖਾਰੀਆਂ ਕੋਲੋਂ ਏਡੇ ਵੱਡੇ ਅਕਾਰ ਦੇ ਗ੍ਰੰਥ ਦਾ ਉਤਾਰਾ ਕਰਨ ਵਿੱਚ ਉਕਾਈਆਂ ਜਰੂਰ ਰਹੀਆਂ ਹਨ ਤੇ ਸੋਧ-ਸੁਧਾਈ ਅਜਿਹੀਆਂ ਉਕਾਈਆਂ ਦੀ ਹੀ ਲੋੜੀਂਦੀ ਹੈ”।

ਪੇਸ਼ ਹਨ ‘ਪਾਠ ਭੇਦਾਂ ਦੀ ਸੂਚੀ’ ‘ਚ ਕੁਝ ਨਮੂਨੇ, ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 71 ਤੇ ਦਰਜ ਸਿਰੀਰਾਗੁ ਮਹਲਾ ੧ ਦੇ ਸ਼ਬਦ ‘ਜੋਗੀ ਅੰਦਰਿ ਜੋਗੀਆ॥ ਤੂੰ ਭੋਗੀ ਅੰਦਰਿ ਭੋਗੀਆ’ ਸਬੰਧੀ ਨੋਟ:- ਇਹ ਚਉਬੀਸੀ ਪਦੀ, ਬੱਧੇ ਕਰਮ ਅਨੁਸਾਰ ਪੰਨਾ ੬੮ ਪੁਰ, ੧੮ਵੇਂ ਅੰਕ ਤੇ ਦਰਜ ਹੋਣੀ ਚਾਹੀਏ ਜਿਵੇਂ ਕਿ ਇਨ੍ਹਾਂ ਲਿਖਤੀ ਬੀੜਾਂ ਵਿਚ ਹੈ। (ਪੰਨਾ28)

“ਪੁਰਾਤਨ ਲਿਖਤੀ ‘ਗੁਰੂ ਗ੍ਰੰਥ ਸਾਹਿਬ’ ਦੇ ਅਨੇਕਾਂ ਸੰਚਿਆਂ ਵਿਚ ਸਾਰੇ ਇਕੱਤੀਹਾਂ ਰਾਗਾਂ ਦੇ ਆਰੰਭ ਵਿਚ ਮੰਗਲ ਵਜੋਂ ਪੂਰਨ ਮੂਲ ਮੰਤ੍ਰ ਲਿਖੇ ਹੋਏ ਹਨ। ਅਤੇ ਅੰਦਰਲੇ ਛੋਟੇ ਸਿਰਲੇਖਾਂ ਨਾਲ ਸੰਖੇਪ” (ਪੰਨਾ ੧੬) (ਯਾਦ ਰਹੇ ਗੁਰੂ ਗ੍ਰੰਥ ਸਾਹਿਬ ਜੀ ਵਿਚ, ਸਿਰੀਰਾਗ ਦੇ ਅਰੰਭ ‘ਚ ਹੀ ਸੰਖੇਪ ਮੰਗਲ ਹੈ)

‘ਛਾਡਿ ਮਨ ਹਿਰ ਬਿਮੁਖਨ ਕੋ ਸੰਗ’ ਇਹ ਬੇ ਸਿਰ-ਪੈਰ ਤੁਕ ਅਨੇਕਾਂ ਪੁਰਾਤਨ ਲਿਖਤੀ ਗ੍ਰੰਥਾਂ ਵਿੱਚ ਹੈ ਹੀ ਨਹੀਂ। ਕਿਸੇ ੨ ਵਿੱਚ ਮਗਰੋਂ ਪਰੇਮੀਆਂ ਪੂਰਾ ਸ਼ਬਦ ਖਾਲੀ ਥਾਂ ਯਾ ਹਾਸ਼ੀਏ ‘ਤੇ ਲਿਖ ਦਿੱਤਾ ਹੈ। ਅਪੈਰ ਅਗਾੜੀ ਦੱਸੇ ਗ੍ਰੰਥਾਂ ਵਿੱਚ ਮੁਖ ਲਿਖਾਰੀਆਂ ਦੇ ਹੱਥੀਂ ਹੀ ਲਿਖਿਆ ਮਿਲਦਾ ਹੈ। ਪੂਰਾ ਪਾਠ ਇਉਂ ਹੈ...ਸੋ, ਇਹੀ ਇਕੱਲੀ ਤੁਕ ਰੱਖਣੀ ਠੀਕ ਨਹੀਂ। ਮਿਲੇ ਤਾਂ ਸ਼ੁੱਧ ਪਾਠ ਵਾਲਾ ਸਾਰਾ ਸ਼ਬਦ ਸ਼ਾਮਿਲ ਕਰ ਲੈਣਾ ਚਾਹੀਦਾ ਹੈ। (ਪੰਨਾ ੬੬੧)

“ਇਸ ਪੰਨੇ ਤੇ “ਛਾਠਿ ਮਨ ਹਰਿ ਬਿਮੁਖਨ ਕੋ ਸੰਗ” ਇਕੋ ਤੁਕ ਵਖਰੀ ਸਤਰ ਲਿਖੀ ਹੋਈ ਹੈ। ਅੱਗੇ ਚਾਰ ਸਤਰਾਂ ਦੀ ਥਾਂ ਖਾਲੀ ਹੈ। ਹੜਤਾਲ ਨਹੀ ਫੇਰੀ ਹੋਈ। ਉਸ ਤੋਂ ਪਿਛੋਂ “ਸਾਰੰਗ ਮਹਲਾ ੫ ਸੂਰਦਾਸ” ਸ਼ੁਰੂ ਹੁੰਦਾ ਹੈ। ( ਕਰਤਾਰਪੁਰੀ ਬੀੜ ਦੇ ਦਰਸ਼ਨ, ਪੰਨਾ 113)

ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 91 ‘ਤੇ ਸ਼ਬਦ ‘ਸੁਧੁ’ ਸ਼ਬਦ ਬਾਰੇ ‘ਸ਼ਬਦਾਰਥ’ ਦੇ ਪੰਨਾ 91 ਤੇ ਨੋਟ ਲਿਆ ਹੋਇਆ ਹੈ, “ਕਈ ਵਾਰਾਂ ਦੇ ਅੰਤ ਵਿੱਚ ‘ਸੁਧੁ’ ਆਉਂਦਾ ਹੈ ਇਸ ਦਾ ਭਾਵ ਹੈ ਕਿ ਅਸਲ ਨਾਲ ਮੇਲ ਕੇ ਸੋਧੀ ਹੋਈ ਠੀਕ ਹੈ”। ਆਓ ਵੇਖੀਏ ਸ਼੍ਰੋਮਣੀ ਕਮੇਟੀ ਦੇ ਵਿਦਵਾਨਾਂ ਦੀ ਇਸ ਬਾਰੇ ਕੀ ਰਾਏ ਹੈ, “ਇਹ ਪਾਠ, ਕਿਸੇ ਲਿਖਤੀ ਗ੍ਰੰਥ ਸਾਹਿਬ ਵਿੱਚ, ਕਿਸੇ ਵੀ ਵਾਰ ਨਾਲ ਨਹੀ ਲੱਭਦਾ। ਕਰਤਾਰ ਪੁਰੀ ਬੀੜ ‘ਚ ਲਿਖਾਰੀ ਦੇ ਹੀ ਹੱਥ-ਕਲਮ ਨਾਲ ਲਿਖਿਆ ਵੇਖਦੇ ਹਾਂ । ਜਿਥੋਂ ਛਾਪੇਖ਼ਾਨੇ ਵਾਲਿਆਂ ਮੱਖੀ ਤੇ ਮੱਖੀ ਮਾਰਨੀ ਅਰੰਭੀ ਹੈ। ਸੋ, ਇਹ ਗਲਤ ਤੇ ਗੈਰ ਜਰੂਰੀ ਰੀਸ ਛਡ ਦੇਣੀ ਚਾਹੀਦੀ ਹੈ”।(ਪੰਨਾ 35)

ਸਾਨੂੰ ਇਹ ਸਮਝਣ ‘ਚ ਕੋਈ ਮੁਸ਼ਕਿਲ ਨਹੀਂ ਆਉਣੀ ਚਾਹੀਦੀ ਕਿ ਗੁਰੂ ਸਾਹਿਬ ਤਾ ਅਭੁੱਲ ਸਨ ਪਰ ਲਿਖਾਰੀਆਂ ਵੱਲੋਂ ਗ੍ਰੰਥ ਸਾਹਿਬ ਦੇ ਉਤਾਰੇ ਕਰਨ ਵੇਲੇ ਹੋਈਆਂ ਉਕਾਈਆਂ ਤੋਂ ਇਨਕਾਰ ਨਹੀ ਕੀਤਾ ਜਾ ਸਕਦਾ। ਸੋਧ ਸੁਧਾਈ ਇਨ੍ਹਾਂ ਉਕਾਈਆਂ ਦੀ ਹੋਣੀ ਹੈ ਨਾ ਕਿ ‘ਖਸਮ ਕੀ ਬਾਣੀ’ ਦੀ।

ਕਰਤਾਰਪੁਰੀ ਬੀੜ ਬਾਰੇ ਚਰਚਾ ਵੀ ਕੋਈ ਨਵੀਂ ਨਹੀਂ ਹੈ। ਇਸ ਸਬੰਧੀ ਕਈ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਹਨ। ਸਿੱਖ ਮਾਰਗ ਤੇ ਕਈ ਵਿਦਵਾਨਾਂ ਦੇ ਹਵਾਲੇ ਦਿੱਤੇ ਜਾ ਚੁੱਕੇ ਹਨ। ਮੈਂ ਉਨ੍ਹਾਂ ਦਾ ਦੁਹਰਾਓ ਨਹੀ ਕਰਨਾ ਚਾਹੁੰਦਾ ਪਰ ਕੁਝ ਵਿਦਵਾਨ ਹੋਰ ਵੀ ਹਨ ਜਿਨ੍ਹਾਂ ਦਾ ਅੱਗੇ ਜਿਕਰ ਨਹੀ ਹੋਇਆ। ਆਓ, ਕਰਤਾਰਪੁਰੀ ਬੀੜ ਦੇ ਦਰਸ਼ਨ ਕਰਕੇ, ਹਰਿਨਾਮ ਦਾਸ ਉਦਾਸੀ ਵੱਲੋਂ ਲਿਖੀ ਪੁਸਤਕ ‘ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੁਰਾਤਨਿ ਬੀੜਾਂ ਤੇ ਵਿਚਾਰ’ ਦੇ ਦਰਸ਼ਨ ਵੀ ਕਰ ਲਈਏ, “ਇਹ ਬੀੜ ਸ਼੍ਰੀ ਸਤਿਗੁਰੂ ਅਰਜਨ ਦੇਵ ਜੀ ਦੀ ਲਿਖਵਾਈ ਹੋਈ ਅਤੇ ਭਾਈ ਗੁਰਦਾਸ ਜੀ ਦੀ ਲਿਖੀ ਹੋਈ’ ਹੇਠ ਲਿਖੀਆਂ ਵਜੂਹਾਤਾ ਦੀ ਵਜ੍ਹਾ ਨਾਲ ਨਹੀ ਹੈ:- ਇਸ ਬੀੜ ਦੇ ਪੰਨੇ ੪੦ ਉਤੇ ਸ਼੍ਰੀ ਗੁਰੂ ਅਰਜੁਨ ਦੇਵ ਜੀ ਦਾ ਲਿਖਿਆ ਹੋਇਆ ਮੂਲ ਮੰਤ੍ਰ ਹੈ। ਜਿਸ ਨੂੰ ਸ਼੍ਰੀ ਗੁਰੂ ਜੀ ਦੇ ਦਸਤਖ਼ਤ ਕਹਿ ਕੇ ਏਥੋਂ ਦੇ ਨਿਵਾਸੀ ਦਰਸ਼ਨ ਕਰਵਾਉਂਦੇ ਹਨ। ਇਸ ਦੀ ਪੜਚੋਲ ਇਉਂ ਕੀਤੀ ਹੈ ਕਿ ਇਹ ਦਸਤਖ਼ਤ (ਮੂਲ ਮੰਤ੍ਰ) ਇਕ ਛੋਟੇ ਜੇਹੇ ਕਾਗਜ਼ ਦੇ ਟੁਕੜੇ ਤੇ ਲਿਖਿਆ ਹੋਇਆ ਹੈ ਅਰਥਾਤ ਬੀੜ ਦਾ ਪੱਤਰਾ ਨਹੀ। ਇਸ ਦੇ ਚਾਰ ਚੁਫੇਰੇ ਬੇਲ ਬੂਟੇ ਕੱਢ ਕੇ ਫ਼ਰੇਮ ਤੇ ਫ਼ੋਟੋ ਵਾਂਗੂ ਲੁਕਾਇਆ ਹੋਇਆ ਹੈ। ਜਿਸ ਦਾ ਦਰਸ਼ਕਾਂ ਨੂੰ ਬਿਲਕੁਲ ਪਤਾ ਨਹੀ ਲਗਦਾ। ਪਤਾ ਸਿਰਫ ਸਪਰਸ਼ਕਾਂ ਨੂੰ ਹੀ ਲਗਦਾ ਹੈ।...ਸ਼੍ਰੀ ਗੁਰੂ ਅਰਜੁਨ ਦੇਵ ਜੀ ਦੇ ਦਸਤਖ਼ਤ ਜਿਸ ਨੂੰ ਮੂਲ ਮੰਤ੍ਰ ਕਿਹਾ ਜਾਂਦਾ ਹੈ। ਇਸ ਦੇ ਸਪੈਲਿੰਗ ‘ਨਿਰਵੈਰ’ ਆਦਿਕ ਹਨ ਅਤੇ ਜਪੁ ਦੇ ਵਿਚ ਆਏ ਮੂਲ ਮੰਤ੍ਰ ਦੇ ਸਪੈਲਿੰਗ ‘ਨਿਰਵੈਰੁ’ ਆਦਿਕ।... ਵਾਸਤਵ ਵਿਚ ਇਹ ਹੈ ਕਿ ਦਸਤਖ਼ਤ ਸਤਿਗੁਰਾਂ ਦੇ ਨਹੀਂ ਹਨ ਅਤੇ ਨਾ ਹੀ ਬੀੜ ਦੇ ਲਿਖਣ ਸਮਯ ਵਿਚ ਕੀਤੇ ਹੋਏ ਹਨ। ਇਹ ਕਿਸੇ ਚਤੁਰ ਪੁਰਸ਼ ਨੇ ਬੀੜ ਵਿਚ ਦਾਖਲ ਕਰ ਦਿੱਤੇ ਹਨ ਅਤੇ ਬਣਾਉਟੀ ਹਨ। (ਪੰਨਾ 7) “ਇਸ ਦਾ ਮਤਲਬ ਇਹ ਨਿਕਲਦਾ ਹੈ ਕਿ ਇਹ ਬੀੜ ਸ਼੍ਰੀ ਗੁਰੂ ਹਰਿਗੋਬਿੰਦ ਜੀ ਦੇ ਪ੍ਰਲੋਕ ਸਿਧਾਰਨ ਤੋਂ ਬਾਅਦ ਲਿਖਣੀ ਆਰੰਭ ਕੀਤੀ ਗਈ ਸੀ ਅਤੇ ਸਮਾਪਤੀ ਇਸ ਤੋਂ ਉਪ੍ਰਾਂਤ ਹੋਣੀ ਸੀ ਫੇਰ ਸ਼੍ਰੀ ਗੁਰੂ ਅਰਜੁਨ ਦੇਵ ਜੀ ਦੀ ਲਿਖਵਾਈ ਬੀੜ ਕਿਵੇਂ ਹੋਈ?” (ਪੰਨਾ 9) ਸਿੱਟਾ ਇਹ ਹੈ ਕਿ ਕਰਤਾਰਪੁਰ ਵਾਲੀ ਬੀੜ ਅਸਲ ਕਾਪੀ ਤੋਂ ਤੀਜੀ ਥਾਂ ਤੇ ਕਾਪੀ ਹੈ। ਅਸਲ ਨਹੀ। ਇਹ ਭਾਈ ਬੰਨੋ ਜੀ ਵਾਲੀ ਕਿਸੇ ਅਸ਼ੁਧ-ਕਾਪੀ ਦੀ ਕਾਪੀ ਹੈ ਕਿਉਂਕਿ ਏਸ ਦੇ ਮਾਰੂ ਰਾਗ ਵਿਚ ਮੀਰਾਂ ਬਾਈ ਦਾ ਸ਼ਬਦ ਲਿਖ ਕੇ ਕਲਮ ਨਾਲ ਕੱਟਿਆ ਹੋਇਆ ਹੈ”। (ਪੁਰਾਤਨਿ ਬੀੜਾਂ ਤੇ ਵਿਚਾਰ, ਪੰਨਾ 20)

“ਅੱਗੇ ਮੀਰਾਂ ਬਾਈ ਦਾ ਕੱਟਿਆ ਸ਼ਬਦ, ਇਸ ਪੰਨੇ ਪੁਰ ਬੀ ਜੁਮਲਾ ਕੋਈ ਨਹੀਂ। ਨਾ ਕਬੀਰ ਜੀ ਦਾ, ਨਾ ਰਵਿਦਾਸ ਜੀ ਦਾ। ਇਸ ਪੰਨੇ ਸੰਚੀ ਦਾ ਅੰਕ ੮੧੧ ਦਰਜ ਹੈ। ਭਗਤਾਂ ਦੀ ਬਾਣੀ ਦੇ ਸ਼ਬਦ ਅੱਡ ਅੱਡ ਕਲਮ ਵਿਚ ਹਨ। ਲਿਖਾਰੀ ਇਕੋ ਹੈ। ਸਭ ਤੋਂ ਹੇਠ ਮੀਰਾਂ ਬਾਈ ਦਾ ਸ਼ਬਦ ਲਿਖ ਕੇ ਕੱਟਿਆ ਹੋਇਆ ਹੈ, ਹੜਤਾਲ ਨਹੀ ਫੇਰੀ ਹੋਈ” (ਕਰਤਾਰਪੁਰੀ ਬੀੜ ਦੇ ਦਰਸ਼ਨ, ਪੰਨਾ 106)। ਦੋਵੇਂ ਵਿਦਵਾਨ (ਭਾਈ ਜੋਧ ਸਿੰਘ ਅਤੇ ਹਰਿਨਾਮ ਦਾਸ ਉਦਾਸੀ) ਇਸ ਬਾਰੇ ਇਕ ਮੱਤ ਹਨ ਕਿ ਕਰਤਾਰਪੁਰੀ ਬੀੜ ਵਿਚ ਮੀਰਾ ਬਾਈ ਦਾ ਸ਼ਬਦ ਲਿਖ ਕੇ ਕੱਟਿਆ ਹੋਇਆ ਹੈ। ਜੇ ਇਹ ਮੰਨ ਲਿਆ ਜਾਵੇ ਕਿ ਇਹ ਬੀੜ ਗੁਰੂ ਅਰਜਨ ਦੇਵ ਜੀ ਵੱਲੋਂ ਲਿਖਵਾਈ ਅਤੇ ਸੋਧੀ ਗਈ ਸੀ ਤਾਂ ਮੀਰਾਂ ਬਾਈ ਦਾ ਸ਼ਬਦ ਗੁਰੂ ਜੀ ਦੇ ਕਹਿਣ ਤੇ ਹੀ ਕੱਟਿਆ ਹੋਵੇਗਾ। ਹੁਣ ਸਵਾਲ ਪੈਦਾ ਹੁੰਦਾ ਹੈ ਇਸ ਸ਼ਬਦ ਨੂੰ ਪਹਿਲਾ ਲਿਖਿਆ ਕਿਸ ਨੇ ਹੋਵੇਗਾ? ਜਰਾ ਸੋਚੋ! ਜੇ ਇਸ ਬੀੜ ਦੇ ਲਿਖਾਰੀ ਭਾਈ ਗੁਰਦਾਸ ਜੀ ਹਨ ਤਾਂ ਇਸ ਸ਼ਬਦ ਦਾ ਲੇਖਕ ਕੌਣ ਹੋਇਆ? ਕੀ ਭਾਈ ਗੁਰਦਾਸ ਜੀ ਨੇ ਗੁਰੂ ਜੀ ਦੇ ਲਿਖਵਾਉਣ ਤੋਂ ਬਿਨਾ ਹੀ ਇਹ ਸ਼ਬਦ ਬੀੜ ਵਿਚ ਲਿਖ ਦਿੱਤਾ ਹੋਵੇਗਾ? ਜੇ ਨਹੀ ਤਾਂ ਕੀ ਉਥੇ ਕੋਈ ਹੋਰ ਵਿਅਕਤੀ ਸੀ ਜਿਸ ਨੇ ਸਾਰਿਆਂ ਤੋਂ ਚੋਰੀ ਇਹ ਸ਼ਬਦ ਪਾਵਨ ਬੀੜ ‘ਚ ਦਰਜ ਕਰ ਦਿੱਤਾ ਜਿਸ ਦਾ ਪਤਾ ਲੱਗਣ ਤੇ ਗੁਰੂ ਜੀ ਨੂੰ ਇਹ ਸ਼ਬਦ ਕਟਵਾਉਣਾ ਪਿਆ? ਇਸੇ ਤਰ੍ਹਾਂ ਹੀ ਭਾਈ ਜੋਧ ਸਿੰਘ ਜੀ ਇਕ ਹੋਰ ਸ਼ਬਦ ਸਬੰਧੀ ਲਿਖਦੇ ਹਨ, “ਨੋਟ:- ਇਸ ਸਫ਼ੇ ਤੇ ‘ਦੇਖਹੁ ਲੋਗਾ ਹਰ ਕੀ ਸਗਾਈ’ ਸ਼ਬਦ ਲਿਖ ਕੇ ਕੱਟਿਆ ਹੋਇਆ ਹੈ, ਹੜਤਾਲ ਨਹੀ ਫੇਰੀ। ਅਗਲੇ ਸ਼ਬਦਾਂ ਦੇ ਅੰਕ ਪਿਛੋਂ ਠੀਕ ਕੀਤੇ ਹਨ। ਇਹ ਸ਼ਬਦ ਗਿਣਤੀ ਵਿਚ ਨਹੀਂ। ਸਤ ਪਾਲਾਂ ਦੀ ਥਾਂ ਖਾਲੀ ਹੈ”। (ਪੰਨਾ 73)

ਆਓ ਦੇਖੀਏ ਕਿ ਭਾਈ ਕਾਹਨ ਸਿੰਘ ਜੀ ਨਾਭਾ ਜੀ ਇਸ ਸ਼ਬਦ, ‘‘ਦੇਖਹੁ ਲੋਗਾ ਹਰ ਕੀ ਸਗਾਈ’ ਬਾਰੇ ਕਿਵੇਂ ਸੋਚਦੇ ਹਨ। ਭਾਈ ਕਾਹਨ ਸਿੰਘ ਜੀ ‘ਗੁਰੁਮਤ ਮਾਰਤੰਡ’(ਭਾਗ ਪਹਿਲਾ) ‘ਚ ਲਿਖਦੇ ਹਨ, “ਮਾਲੂਮ ਹੁੰਦਾ ਹੈ ਇਹ ਸ਼ਬਦ ਪੰਚਮ ਸਤਿਗੁਰੂ ਨੇ ਨਹੀ ਲਿਖਵਾਇਆ। ਭਾਈ ਗੁਰਦਾਸ ਜੀ ਨੇ ਭਗਤ ਬਾਣੀ ਦੀ ਸੰਚੀ ਵਿੱਚੋਂ ਨਕਲ ਕਰ ਲਿਆ ਹੈ। ਸਤਿਗੁਰਾਂ ਨੇ ਅਯੋਗਯ ਜਾਣ ਕੇ ਮਿਟਵਾ ਦਿੱਤਾ ਹੈ”। (ਪੰਨਾ 412) ਕੀ ਇਹ ਸੰਭਵ ਹੈ ਕਿ ਭਾਈ ਗੁਰਦਾਸ ਜੀ ਗੁਰੂ ਜੀ ਦੀ ਜਾਣਕਾਰੀ ਤੋਂ ਬਿਨਾ ਹੀ ਬਾਣੀ ਦਰਜ ਕਰ ਲੈਂਦੇ ਹੋਣਗੇ? ਜੇ ਕਰਤਾਰਪੁਰੀ ਬੀੜ ਭਾਈ ਗੁਰਦਾਸ ਜੀ ਦੀ ਲਿਖਤ ਹੈ ਤਾਂ ਘੱਟੋ-ਘੱਟ ਇਹ ਦੋ ਸ਼ਬਦ ਤਾਂ ਸਾਨੂੰ ਅਜੇਹਾ ਸੋਚਣ ਲਈ ਮਜਬੂਰ ਕਰਦੇ ਹਨ।

ਡਾ: ਗੁਰਸ਼ਰਨ ਜੀਤ ਸਿੰਘ ਦੀ ਲਿਖਤ ‘ਗੁਰੂ ਗ੍ਰੰਥ ਸਾਹਿਬ ਪਰੰਪਰਾ ਅਤੇ ਇਤਿਹਾਸ’ ਸਬੰਧਿਤ ਵਿਸ਼ੇ ਨਾਲ ਸ਼ਾਇਦ ਸਭ ਤੋਂ ਨਵੀਨ (ਅਗਸਤ 2005) ਹੈ। ਭਾਈ ਗੁਰਦਾਸ ਵਾਲੀ ਬੀੜ ਦੇ ਸਿਰਲੇਖ ਹੇਠ ਆਪ ਜੀ ਲਿਖਦੇ ਹਨ, “ਗੁਰੂ ਅਰਜਨ ਜੀ ਨੇ 1604 ਈ. ਨੂੰ ਜਿਹੜੀ ਆਦਿ ਬੀੜ ਤਿਆਰ ਕਰਵਾਈ ਸੀ, ਨੂੰ ਭਾਈ ਗੁਰਦਾਸ ਵਾਲੀ ਬੀੜ ਕਿਹਾ ਜਾਂਦਾ ਹੈ ਕਿ ਇਸਦੇ ਮੁਖ ਲਿਖਾਰੀ ਭਾਈ ਗੁਰਦਾਸ ਜੀ ਸਨ। ਪਰ ਹੁਣ ਇਹ ਗ੍ਰੰਥ ਕਿਥੇ ਹੈ? ਇਸ ਪ੍ਰਸ਼ਨ ਦਾ ਸਹੀ ਜੁਵਾਬ ਅਣਸੁਖਾਵਾਂ ਹੋ ਸਕਦਾ ਹੈ”। (ਪੰਨਾ 130)

ਕਰਤਾਰਪੁਰੀ ਬੀੜ ਡਾ: ਗੁਰਸ਼ਰਨ ਜੀਤ ਸਿੰਘ ਜੀ ਲਿਖਦੇ ਹਨ, “ਭਾਵੇਂ ਕਿ ਹੁਣ ਇਹ ਬੀੜ ਦੇਖਣ/ਅਧਿਐਨ ਕਰਨ ਦੀ ਆਗਿਆ ਕਿਸੇ ਨੂੰ ਨਹੀਂ ਦਿੱਤੀ ਜਾਂਦੀ ਪਰ ਬਹੁਤ ਸਾਰੇ ਵਿਦਵਾਨਾਂ ਨੇ ਇਸ ਬੀੜ ਨੂੰ ਚੰਗੀ ਤਰ੍ਹਾਂ ਘੋਖਿਆ ਹੈ। ਇਸ ਬੀੜ ਦੀ ਪ੍ਰਮਾਣਿਕਤਾ ਪੂਰੀ ਤਰ੍ਹਾਂ ਸੰਦਿਗਧ ਹੈ। ਹਾਲਾਂਕਿ ਭਾਈ ਜੋਧ ਸਿੰਘ ਅਤੇ ਸਰਦਾਰ ਦਲਜੀਤ ਸਿੰਘ ਹੁਰਾਂ ਨੇ ਇਸ ਬੀੜ ਨੂੰ ਪ੍ਰਮਾਣਿਕ ਸਿੱਧ ਕਰਨ ਲਈ ਅੱਡੀ-ਚੋਟੀ ਦਾ ਜੋਰ ਲਗਾਇਆ ਹੈ, ਪਰ ਗਿਆਨੀ ਗੁਰਬਚਨ ਸਿੰਘ ਭਿੰਡਰਾ ਵਾਲੇ ਸਮੇਤ ਕਈ ਵਿਦਵਾਨ ਕਰਤਾਰਪੁਰੀ ਬੀੜ ਅਤੇ ਛਾਪੇ ਦੀ ਬੀੜ ਦਰਮਿਆਨ ਪਾਠ-ਭੇਦ ਮੰਨਦੇ ਹਨ। ਜਦੋਂ ਕਿ ਬੀੜਾਂ ਸੰਬੰਧੀ ਅਧਿਐਨ ਕਰਕੇ ‘ਬਦਨਾਮੀ’ ਕਮਾਉਣ ਵਾਲੇ ਡਾ. ਪਸ਼ੌਰਾ ਸਿੰਘ ਅਤੇ ਗੁਰਿੰਦਰ ਸਿੰਘ ਮਾਨ ਕਰਤਾਰਪੁਰੀ ਬੀੜ ਨੂੰ ਸ. ਦਲਜੀਤ ਸਿੰਘ ਵਾਂਗੂ ਹੀ ਪ੍ਰਮਾਣਿਕ ਦੱਸਦੇ ਹਨ। ਪਿਆਰਾ ਸਿੰਘ ਪਦਮ ਨੇ ਭਾਵੇਂ ਖੁੱਲ ਕੇ ਨਹੀਂ ਲਿਖਿਆ ਪਰ ਉਸਦੀ ਲਿਖਤ ਸਪੱਸ਼ਟ ਕਰ ਦਿੰਦੀ ਹੈ ਕਿ ਉਹ ਕਰਤਾਰਪੁਰੀ ਬੀੜ ਬਾਰੇ ਭਾਈ ਜੋਧ ਸਿੰਘ ਵਰਗੀ ਸ਼ਰਧਾ ਨਹੀਂ ਰੱਖਦਾ। ਡਾ. ਪਿਆਰ ਸਿੰਘ ਹੁਰਾਂ ਭਾਵੇਂ ਆਪ ਬੀੜ ਦੇ ਦਰਸ਼ਨ ਨਹੀਂ ਕੀਤੇ, ਪਰ ਉਹ ਦੂਜਿਆਂ ਦੇ ਅਧਿਐਨ ਦੇ ਅਧਾਰ ‘ਤੇ ਕਰਤਾਰਪੁਰੀ ਬੀੜ ਦੀ ਪ੍ਰਮਾਣਿਕਤਾ ਤੋਂ ਮੁਨਕਰ ਸਨ। ਭਾਈ ਕਾਨ੍ਹ ਸਿੰਘ ਨਾਭਾ ਵਰਗੇ ਪੰਥ-ਪ੍ਰਸਤ ਵਿਦਵਾਨ ਵੀ ਇਸੇ ਵਿਚਾਰਧਾਰਾ ਦੇ ਮੁੱਦਈ ਰਹੇ ਹਨ। ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਿਤ ਕੀਤੇ ਜਾ ਰਹੇ ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਐਸੀਆਂ ਅਣਗਿਣਤ ਟਿੱਪਣੀਆਂ ਹਨ ਜੋ ਕਰਤਾਰਪੁਰੀ ਬੀੜ ਦੀ ਪ੍ਰਮਾਣਿਕਤਾ ਨੂੰ ਪ੍ਰਵਾਨ ਨਹੀਂ ਕਰਦੀਆਂ।...ਡਾ. ਸੁਖਦਿਆਲ ਸਿੰਘ ਤਾਂ ਕਰਤਾਰਪੁਰੀ ਬੀੜ ਨੂੰ ਵੀ ਖਾਰੀ ਬੀੜ ਦਾ ਉਤਾਰਾ ਦੱਸ ਕੇ, ਦੋਹਾਂ ਨੂੰ ਰੱਦ ਕਰਦੇ ਹਨ। ਇਤਿਹਾਸਕ ਨਜ਼ਰੀਏ ਤੋਂ ਡਾ. ਸੁਖਦਿਆਲ ਸਿੰਘ ਕਰਤਾਰਪੁਰੀ ਬੀੜ ਵਿਚਲੇ ਨੋਟ ਕਿ “ਬਾਦਸ਼ਾਹ ਜਹਾਂਗੀਰ ਵੱਲੋਂ 8964 ਘੁਮਾ, 7 ਕਨਾਲ, 15 ਮਰਲੇ ਦਾ ਰਕਬਾ ਵੀ ਗੁਰੂ ਅਰਜਨ ਦੇਵ ਜੀ ਬਖ਼ਸ਼ਿਆ ਸੀ” , ਦਾ ਨੋਟਿਸ ਲੈਂਦੇ ਲਿਖਦਾ ਹੈ ਕਿ, “ਨਾ ਹੀ ਸੰਮਤ 1655 ਵਿਚ ਜਹਾਂਗੀਰ ਬਾਦਸ਼ਾਹ ਸੀ, ਨਾ ਹੀ ਕਨਾਲ ਤੇ ਮਰਲੇ ਉਸ ਸਮੇਂ ਪ੍ਰਚਲਤ ਸਨ ਅਤੇ ਨਾ ਹੀ ਗੁਰੂ-ਘਰ ਵਿਚ ਇਹ ਪਰੰਪਰਾ ਰਹੀ ਹੈ ਕਿ ਗੁਰੂ ਸਾਹਿਬਾਨ ਮੁਗ਼ਲ ਬਾਦਸ਼ਾਹਾਂ ਕੋਲੋਂ ਕੋਈ ਦਾਨ ਦਿੱਤੀ ਹੋਈ ਜ਼ਮੀਨ ਸਵੀਕਾਰ ਕਰਦੇ ਸਨ”। (ਪੰਨਾ 134)

“ਹੈਰਾਨੀ ਦੀ ਗੱਲ ਹੈ ਕਿ ਵਿਦਵਾਨਾਂ ਦੇ ਇਕ ਵਰਗ ਨੇ ਸਿੱਖ ਪੰਥ ਵਿਚ ਮੌਲਾਣਾਵਾਦ ਲਿਆ ਕੇ, ਗਿਆਨ ਦੇ ਅਦਾਨ-ਪ੍ਰਦਾਨ ਦਾ ਰਾਹ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਦੋਂ ਕਿ ਪਹਿਲਾਂ ਸਾਹਿਤਕ ਅਤੇ ਹੋਰ ਮਤਭੇਦਾਂ ਬਾਰੇ ਵਿਚਾਰ ਧੀਰਜ ਨਾਲ ਸੁਣੇ/ਪੜ੍ਹੇ ਜਾਂਦੇ ਸਨ ਅਤੇ ਜੁਆਬ ਵੀ ਦਿੱਤੇ ਜਾਂਦੇ ਸਨ”। (ਪੰਨਾ 159)

ਅਖੀਰ ‘ਚ ਡਾ: ਗੁਰਸ਼ਰਨ ਜੀਤ ਸਿੰਘ ਦੇ ਸ਼ਬਦਾਂ ‘ਚ ਬੇਨਤੀ, “ਇਸ ਤੋਂ ਪਹਿਲਾਂ ਕਿ ਬੇਗਾਨੇ ਸਾਡੇ ਧਰਮ-ਗ੍ਰੰਥ ਉੱਪਰ ਉਂਗਲ ਉਠਾਉਣ, ਸਾਨੂੰ ਪੰਥਕ ਤੌਰ ‘ਤੇ ਯਤਨ ਕਰਕੇ ਐਸੇ ਪਾਠ ਭੇਦਾਂ ਨੂੰ ਠੀਕ ਕਰ ਲੈਣਾ ਚਾਹੀਦਾ ਹੈ। ਇਸ ਵਿੱਚ ਨਾ ਤਾਂ ਮਿਹਣੇ ਵਾਲੀ ਅਤੇ ਨਾ ਹੀ ਸ਼ਰਮ ਵਾਲੀ ਗੱਲ ਹੈ। ਸਭ ਧਰਮ ਗ੍ਰੰਥ ਸਮੇਂ ਦੇ ਨਾਲ ਦੂਸ਼ਿਤ ਹੁੰਦੇ ਆਏ ਹਨ। ਸੂਝਵਾਨ ਕੌਮਾਂ ਚਾਰ ਸਦੀਆਂ ਤੀਕ ਅਜਿਹੇ ਗੰਭੀਰ ਕੰਮ ਕਰਨ ਲਈ ਇੰਤਜ਼ਾਰ ਨਹੀਂ ਕਰਦੀਆਂ। ਹੱਠ ਛੱਡ ਕੇ ਆਪਣੀ ਸੋਚ ਨੂੰ ਖੁੱਲ੍ਹਾ ਕਰਨ ਨਾਲ ਮਸਲੇ ਹੱਲ ਹੋ ਸਕਦੇ ਹਨ। ਵਿਦਵਾਨਾਂ ਨੂੰ ਨਿੰਦਣ ਨਾਲ ਕੋਈ ਫਾਇਦਾ ਨਹੀਂ” (ਗੁਰੂ ਗ੍ਰੰਥ ਸਾਹਿਬ: ਪਰੰਪਰਾ ਅਤੇ ਇਤਿਹਾਸ, ਪੰਨਾ 200)




.