ਨਾਲਿ ਕਿਰਾੜਾ ਦੋਸਤੀ
ਗੁਰਮਤਿ ਦੀ ਰਹਿਣੀ ਦੀ ਵਿਸ਼ੇਸ਼ਤਾ
ਦੇ ਅਨੇਕਾਂ ਪਹਿਲੂਆਂ ਵਿੱਚ ਇੱਕ ਇਹ ਹੈ ਕਿ ਇਸ ਵਿੱਚ ਮਨੁੱਖ ਨੂੰ ਜ਼ਾਤ, ਧਰਮ, ਇਲਾਕੇ, ਅਮੀਰੀ
ਗਰੀਬੀ ਜਾਂ ਲਿੰਗ ਭੇਦ ਦੇ ਆਧਾਰਤ ਨਹੀਂ ਵੰਡਿਆ ਗਿਆ ਅਤੇ ਨਾ ਹੀ ਮਨੁੱਖ ਨੂੰ ਜਨਮ ਤੋਂ ਹੀ ਪਾਪੀ
ਜਾਂ ਪੁੰਨੀ ਮੰਨਿਆ ਹੈ। ਮਨੁੱਖ ਨੂੰ ਮਨੁੱਖ ਦੇ ਤੌਰ `ਤੇ ਹੀ ਦੇਖ ਕੇ ਉਸ ਦੀ ਚੰਗਿਆਈ ਜਾਂ ਬੁਰਿਆਈ
ਦਾ ਕੇਵਲ ਉਸ ਪ੍ਰਾਣੀ ਨੂੰ ਹੀ ਜ਼ੁੰਮੇਵਾਰ ਮੰਨਿਆ ਗਿਆ ਹੈ। ਇਸ ਦੇ ਨਾਲ ਹੀ ਜੇਕਰ ਕਿਸੇ ਇੱਕ ਮਨੁੱਖ
ਨੇ ਕੋਈ ਗ਼ਲਤੀ ਕੀਤੀ ਹੈ ਤਾਂ ਉਸ ਦੀ ਜ਼ਾਤ, ਧਰਮ, ਇਲਾਕੇ ਆਦਿ ਨਾਲ ਸਬੰਧਤ ਪ੍ਰਾਣੀਆਂ ਨੂੰ ਗ਼ੁਨਾਹ
ਕਰਨ ਵਾਲੇ ਦੇ ਨਾਲ ਹੀ, ਉਸੇ ਹੀ ਕਟਹਿਰੇ ਵਿੱਚ ਖੜਾ ਕਰਕੇ, ਸਮੁੱਚੇ ਹੀ ਭਾਈਚਾਰੇ ਜਾਂ ਇਲਾਕਾ
ਨਿਵਾਸੀਆਂ ਨੂੰ ਦੋਸ਼ੀ ਨਹੀ ਗਰਦਾਨਿਆਂ ਗਿਆ ਹੈ। ਗੁਰੂ ਨਾਨਕ ਸਾਹਿਬ ਨੇ ਸਿਆਲਕੋਟ ਨਿਵਾਸੀ ਪੀਰ
ਹਮਜ਼ਾ ਗੋਂਸ ਨੂੰ ਇਹੀ ਗੱਲ ਸਮਝਾਈ ਸੀ।
ਇਹ ਠੀਕ ਹੈ ਕਿ ਲਗਭਗ ਹਰੇਕ ਜ਼ਾਤ, ਇਲਾਕੇ ਅਤੇ ਕਿੱਤੇ ਆਦਿ ਬਾਰੇ ਲੋਕੋਕਤੀਆਂ ਅਤੇ ਅਖਾਣ ਪ੍ਰਚਲਤ
ਹਨ, ਜਿਨ੍ਹਾਂ ਵਿੱਚ ਕਿਸੇ ਵਿਸ਼ੇਸ਼ ਇਲਾਕੇ, ਜ਼ਾਤ ਜਾਂ ਕਿੱਤੇ ਆਦਿ ਵਾਲਿਆਂ ਬਾਰੇ ਸਮੂਹਕ ਰੂਪ ਵਿੱਚ
ਰਾਏ ਪ੍ਰਗਟ ਕੀਤੀ ਗਈ ਹੈ। ਉਦਾਹਰਣ ਵਜੋਂ ਜਿਵੇਂ ਵਿਸ਼ੇਸ਼ ਇਲਾਕੇ ਬਾਰੇ ਇਹ ਅਖਾਣ ਪ੍ਰਚਲਤ ਹੈ:
`ਚੰਬੇ ਦੀ ਹੱਕ, ਗੁਲੇਰੇ ਦੀ ਫੱਕ, ਨੂਰਪੁਰ ਦੀ ਗ਼ੱਪ।’ ; ਵਿਸ਼ੇਸ਼ ਇਲਾਕੇ ਦੇ ਵਸਨੀਕਾਂ ਸਬੰਧੀ ਇਹ
ਅਖਾਣ ਮਿਲਦਾ ਹੈ: ‘ਬਹੂ ਆਈ ਫਗਵਾੜੇ ਦੀ, ਤੇ ਪਿੱਠ ਭੰਨੇ ਲਾੜੇ ਦੀ; ਬਹੂ ਆਈ ਨਕੋਦਰ ਦੀ, ਖਾਂਦੀ
ਪੀਂਦੀ ਓਦਰਦੀ ਅਤੇ ਇਸ ਤਰ੍ਹਾਂ ਜ਼ਾਤ ਬਾਰੇ: ਕਾਂ ਕਿਰਾੜ ਕੁੱਤੇ ਦਾ, ਵਿਸਾਹ ਨਾ ਕਰੀਏ ਸੁੱਤੇ ਦਾ।
ਜਾਂ ਭੁੱਖਾ ਕਿਰਾੜ ਵਹੀਆਂ ਫੋਲੇ, ਆਦਿ। ਭਾਵੇਂ ਅਖਾਣਾਂ ਵਿੱਚ ਇਸ ਤਰ੍ਹਾਂ ਦੀ ਧਾਰਨਾ ਦੇਖਣ ਨੂੰ
ਮਿਲਦੀ ਹੈ, ਪਰੰਤੂ ਗੁਰਮਤਿ ਦੀ ਰਹਿਣੀ ਵਿੱਚ ਇਸ ਤਰ੍ਹਾਂ ਦੀ ਧਾਰਨਾ ਨੂੰ ਪਰਵਾਨ ਨਹੀਂ ਕੀਤਾ ਗਿਆ
ਹੈ। ਇਸ ਲਈ ਗੁਰਬਾਣੀ ਵਿੱਚ ਇਸ ਤਰ੍ਹਾਂ ਦੀ ਕਿਸੇ ਵੀ ਧਾਰਨਾ ਨੂੰ ਸਵੀਕਾਰ ਨਹੀਂ ਕੀਤਾ ਗਿਆ ਹੈ।
ਭਾਵੇਂ ਗੁਰਬਾਣੀ ਵਿੱਚ ਗੁਰਮਤਿ ਦੀ ਰਹਿਣੀ ਦਾ ਇਹ ਪੱਖ ਬਿਲਕੁਲ ਸਪਸ਼ਟ ਹੈ ਪਰ ਫਿਰ ਵੀ ਇਤਿਹਾਸ
ਵਿੱਚ ਕੁੱਝ ਅਜਿਹੀਆਂ ਸਾਖੀਆਂ ਮਿਲਦੀਆਂ ਹਨ ਜਿਨ੍ਹਾਂ ਵਿੱਚ ਗੁਰਬਾਣੀ ਦੇ ਇਸ ਸਿਧਾਂਤ ਨੂੰ ਬਿਲਕੁਲ
ਹੀ ਨਜ਼ਰ-ਅੰਦਾਜ਼ ਕੀਤਾ ਗਿਆ ਹੈ। ਸਿਤਮ ਦੀ ਗੱਲ ਇਹ ਹੈ ਕਿ ਗੁਰਬਾਣੀ ਦੇ ਇਸ ਸਿਧਾਂਤ ਦੀ ਘੋਰ
ਖੰਡਨਾਂ ਕਰਨ ਵਾਲੇ ਪ੍ਰਸੰਗਾਂ ਨੂੰ ਗੁਰੂ ਸਾਹਿਬਾਨ ਨਾਲ ਸਬੰਧਤ ਕਰਕੇ ਬਿਆਨ ਕੀਤਾ ਗਿਆ ਹੈ।
ਗੁਰਮਤਿ ਦੇ ਸਿਧਾਤਾਂ ਦੀ ਉਲੰਘਣਾ ਕਰਨ ਵਾਲੇ ਬੋਲ ਗੁਰੂ ਸਾਹਿਬਾਨ ਦੇ ਪਾਵਨ ਮੁਖ਼ਾਰਬਿੰਦ ਵਿਚੋਂ
ਕਢਵਾਏ ਹਨ।
ਗੁਰਬਾਣੀ ਦੀ ਜੀਵਨ-ਜੁਗਤ ਨਾਲ ਖਿਲਵਾੜ ਕਰਨ ਵਾਲੇ ਅਜਿਹੇ ਪ੍ਰਸੰਗਾਂ ਨੂੰ ਮੁੱਖ ਰੂਪ ਵਿੱਚ ਦੋ
ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ: ਇੱਕ ਤਾਂ ਉਹ ਹਨ ਜਿਨ੍ਹਾਂ ਵਿੱਚ ਗੁਰਬਾਣੀ ਦੇ ਕਿਸੇ ਫ਼ਰਮਾਨ
ਨੂੰ ਆਧਾਰ ਬਣਾਇਆ ਗਿਆ ਹੈ ਅਤੇ ਦੂਜੇ ਉਹ ਹਨ ਜਿਨ੍ਹਾਂ ਨੂੰ ਲੇਖਕਾਂ ਨੇ ਗੁਰੂ ਸਾਹਿਬਾਨ ਦੇ
ਮੁੱਖੋਂ ਕਢਵਾਇਆ ਹੈ।
ਗੁਰਬਾਣੀ ਵਿਚਲੇ ਫ਼ਰਮਾਨਾਂ ਵਿਚੋਂ ਕੇਵਲ ਇੱਕ ਵਲ ਹੀ ਪਾਠਕਾਂ ਦਾ ਧਿਆਨ ਦੁਆ ਰਹੇ ਹਾਂ। ਸ਼ਲੋਕ
ਵਾਰਾਂ ਤੇ ਵਧੀਕ ਵਿੱਚ ਗੁਰੂ ਨਾਨਕ ਸਾਹਿਬ ਦੇ ਉਚਾਰਣ ਕੀਤੇ ਹੋਏ ਸ਼ਲੋਕ ਦੀ ਨਿਮਨ ਲਿਖਤ ਪੰਗਤੀ ਨੂੰ
ਆਧਾਰ ਬਣਾ ਕੇ ਇਹ ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਨੇ ਕਿਰਾੜਾਂ ਬਾਰੇ ਆਖਿਆ ਹੈ ਕਿ ਇਨ੍ਹਾਂ ਦੀ
ਮਿਤਰੱਤਾ ਇਤਬਾਰ ਜੋਗ ਨਹੀਂ ਹੈ:
ਨਾਲਿ ਕਿਰਾੜਾ ਦੋਸਤੀ ਕੂੜੈ ਕੂੜੀ ਪਾਇ॥ (ਪੰਨਾ ੧੪੧੨)
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ‘ਕਿਰਾੜਾ’ ਸ਼ਬਦ ਕੇਵਲ ਇਸ ਸ਼ਲੋਕ ਵਿੱਚ ਹੀ ਆਇਆ ਹੈ।
ਕਿਰਾੜਾਂ ਸ਼ਬਦ ਕਿਰਾੜ ਦਾ ਬਹੁਬਚਨ ਹੈ। “ਲਹਿੰਦੇ ਪੰਜਾਬ ਵਿਚ, ਮੁਸਲਮਾਨ, ਵਣਜ ਵਿਪਾਰ ਕਰਨ ਵਾਲੇ
ਸਾਰੇ ਹਿੰਦੂਆਂ ਬਾਰੇ ਭਾਵੇਂ ਉਹ ਖੱਤਰੀ ਹੋਵੇ ਤੇ ਭਾਵੇਂ ਬਾਣੀਆ ਆਪਣੀ ਬੋਲ-ਚਾਲ ਵਿੱਚ ਕਿਰਾੜ ਸ਼ਬਦ
ਵਰਤਦੇ ਹਨ। ਪਰ ਪੂਰਬੀ ਪੰਜਾਬ ਵਿੱਚ ਇਹ ਸ਼ਬਦ ਉਪਰੋਕਤ ਅਰਥਾਂ ਤੋਂ ਬਿਨਾਂ ਬੁਜ਼ਦਿਲ, ਘਟੀਆ ਤੇ ਨੀਚ
ਦੇ ਅਰਥਾਂ ਵਿੱਚ ਵੀ ਵਰਤਿਆ ਜਾਂਦਾ ਹੈ।” (ਲੋਕ ਆਖਦੇ ਹਨ-ਵਣਜਾਰਾ ਬੇਦੀ) ਭਾਈ ਕਾਨ੍ਹ ਸਿੰਘ ਨਾਭਾ
ਨੇ ਮਹਾਨ ਕੋਸ਼ ਵਿੱਚ ਕਿਰਾੜ ਦਾ ਅਰਥ ਕੀਤਾ ਹੈ ‘ਹਟਵਾਣੀਆ, ਲੈਣ ਦੇਣ ਕਰਨ ਵਾਲਾ, ਵਯਾਪਾਰੀ। ੨.
ਮਾਇਆ ਦਾ ਸੇਵਕ।’
ਆਮ ਤੌਰ `ਤੇ ਇਸ ਸ਼ਲੋਕ ਵਿੱਚ ‘ਕਿਰਾੜਾ’ ਸ਼ਬਦ ਨੂੰ ਇੱਕ ਵਿਸ਼ੇਸ਼ ਜ਼ਾਤੀ ਅਥਵਾ ਕਿੱਤੇ ਨਾਲ ਸਬੰਧਤ
ਕਰਕੇ ਦੇਖਿਆ ਜਾਂਦਾ ਹੈ।
ਗੁਰੂ ਸਾਹਿਬ ਨੇ ਇਹ ਸ਼ਬਦ ਕਿਸੇ ਵਿਸ਼ੇਸ਼ ਕਸਬ ਅਥਵਾ ਕਿੱਤੇ ਨਾਲ ਜੁੜੇ ਹੋਏ ਮਨੁੱਖ ਲਈ ਨਹੀਂ ਵਰਤਿਆ
ਹੈ। ਇਹ ਸ਼ਬਦ ਉਸ ਮਨੁੱਖ ਦੇ ਭਾਵਾਰਥ ਵਿੱਚ ਆਇਆ ਹੈ ਜੋ ਹਰ ਵੇਲੇ ਮਾਇਆ ਦੀਆਂ ਗਿਣਤੀਆਂ ਮਿਣਤੀਆਂ
ਹੀ ਨਹੀਂ ਕਰਦਾ ਸਗੋਂ ਮਾਇਆ ਨੂੰ ਹਾਸਲ ਕਰਨ ਲਈ ਕੁੱਝ ਵੀ ਕਰਨ ਦੀ ਹੱਦ ਤੀਕ ਚਲਾ ਜਾਂਦਾ ਹੈ। ਜਿਸ
ਦੇ ਦਿਲ-ਦਿਮਾਗ਼ ਵਿੱਚ ਇਨਸਾਨੀ ਕਦਰਾਂ-ਕੀਮਤਾਂ ਦੀ ਥਾਂ ਮਾਇਆ ਦੀ ਹੀ ਅਹਿਮੀਅਤ ਹੁੰਦੀ ਹੈ। ਇਸ
ਤਰ੍ਹਾਂ ਦੀਆਂ ਰੁਚੀਆਂ ਵਾਲੇ ਇਨਸਾਨ ਕੇਵਲ ਕਿਸੇ ਵਿਸ਼ੇਸ਼ ਕਿੱਤੇ ਵਿੱਚ ਹੀ ਨਹੀਂ ਸਗੋਂ ਹਰੇਕ ਧਰਮ,
ਜ਼ਾਤ, ਇਲਾਕੇ ਅਤੇ ਕਿੱਤੇ ਵਿੱਚ ਮਿਲਦੇ ਹਨ। ਉਦਾਹਰਣ ਵਜੋਂ ਹਜ਼ੂਰ ਧਾਰਮਕ ਆਗੂ ਦੀ ਕਿਰਾੜ ਬਿਰਤੀ ਦਾ
ਵਰਣਨ ਕਰਦਿਆਂ ਫ਼ਰਮਾਂਦੇ ਹਨ:
ਧੋਤੀ ਖੋਲਿ ਵਿਛਾਏ ਹੇਠਿ॥ ਗਰਧਪ ਵਾਂਗੂ ਲਾਹੇ ਪੇਟਿ॥ ੧. . ਪੂਜਾ ਤਿਲਕ
ਕਰਤ ਇਸਨਾਨਾਂ॥ ਛੁਰੀ ਕਾਢਿ ਲੇਵੈ ਹਥਿ ਦਾਨਾ॥ ੨॥ ਬੇਦੁ ਪੜੈ ਮੁਖਿ ਮੀਠੀ ਬਾਣੀ॥ ਜੀਆਂ ਕੁਹਤ ਨ
ਸੰਗੈ ਪਰਾਣੀ॥ ੩॥ ਪੰਨਾ ੨੦੧) ਅਰਥ: (ਹੇ ਭਾਈ! ਬ੍ਰਾਹਮਣ ਆਪਣੇ ਜਜਮਾਨਾਂ ਨੂੰ ਇਹੀ ਦੱਸਦਾ
ਹੈ ਕਿ ਬ੍ਰਾਹਮਣ ਨੂੰ ਦਿੱਤਾ ਦਾਨ ਹੀ ਮੋਖ-ਪਦਵੀ ਮਿਲਣ ਦਾ ਰਸਤਾ ਹੈ। ਉਹ ਬ੍ਰਾਹਮਣ ਸਰਾਧ ਆਦਿਕ ਦੇ
ਸਮੇ ਜਜਮਾਨ ਦੇ ਘਰ ਜਾ ਕੇ ਚੌਕੇ ਵਿੱਚ ਬੈਠ ਕੇ) ਆਪਣੀ ਧੋਤੀ ਦਾ ਉਪਰਲਾ ਅੱਧਾ ਹਿੱਸਾ ਲਾਹ ਕੇ
ਹੇਠਾਂ ਧਰ ਲੈਂਦਾ ਹੈ ਤੇ ਖੋਤੇ ਵਾਂਗ (ਦਬਾਦਬ ਖੀਰ ਆਦਿਕ) ਆਪਣੇ ਢਿੱਡ ਵਿੱਚ ਪਾਈ ਜਾਂਦਾ ਹੈ। ੧।
(ਬ੍ਰਾਹਮਣ) ਮੂੰਹੋਂ ਤਾਂ ਮਿੱਠੀ ਸੁਰ ਨਾਲ ਵੇਦ (-ਮੰਤ੍ਰ) ਪੜ੍ਹਦਾ ਹੈ, ਪਰ ਆਪਣੇ ਜਜਮਾਨਾਂ ਨਾਲ
ਧੋਖਾ ਕਰਦਿਆਂ ਰਤਾ ਨਹੀਂ ਝਿਜਕਦਾ।
ਇਸ ਲਈ ਕਿਰਾੜ ਬਿਰਤੀ ਕੇਵਲ ਕਿਸੇ ਵਿਸ਼ੇਸ਼ ਕਿੱਤੇ ਨਾਲ ਜੁੜੇ ਹੋਏ ਵਿਅਕਤੀ ਦੀ ਹੀ ਨਹੀਂ, ਸਗੋਂ
ਹਰੇਕ ਕਿੱਤੇ ਨਾਲ ਸਬੰਧਤ ਵਿਅਕਤੀ ਦੀ ਹੋ ਸਕਦੀ ਹੈ ਅਤੇ ਇਹ ਹੈ ਵੀ। ਇਹ ਬਿਰਤੀ ਧਾਰਮਕ ਆਗੂ ਦੀ ਵੀ
ਹੋ ਸਕਦੀ ਹੈ, ਕਿਸੇ ਡਾਕਟਰ, ਜੱਜ, ਵਕੀਲ, ਦੁਕਾਨਦਾਰ, ਰਾਜਨੀਤਕ ਨੇਤਾ, ਪੋਲੀਸ ਔਫ਼ੀਸਰ, ਮੰਤਰੀ,
ਸਮਾਜਕ ਆਗੂ, ਪੱਤਰਕਾਰ, ਕਲਰਕ, ਮਾਸਟਰ, ਲੇਖਕ, ਕਾਰੀਗਰ, ਵਾਪਾਰੀ, ਠੇਕੇਦਾਰ, ਦੁਕਾਨਦਾਰ, ਵਾਪਾਰੀ
ਆਦਿ ਦੀ ਵੀ ਹੋ ਸਕਦੀ ਹੈ। ਚੌਗਿਰਦੇ ਵਲ ਨਿਗਾਹ ਮਾਰਿਆਂ ਹਰੇਕ ਧਰਮ, ਜ਼ਾਤ, ਇਲਾਕੇ ਅਤੇ ਹਰੇਕ
ਕਿੱਤੇ ਨਾਲ ਸਬੰਧਤ ਕੋਈ ਨਾ ਕੋਈ ਕਿਰਾੜ ਬਿਰਤੀ ਵਾਲਾ ਵਿਅਕਤੀ ਜ਼ਰੂਰ ਦਿਖਾਈ ਪੈਂਦਾ ਹੈ। ਮੀਡੀਏ
ਵਿੱਚ ਆਏ ਦਿਨ ਕਿਸੇ ਨਾ ਕਿਸੇ ਅਜਿਹੇ ਵਿਅਕਤੀ ਦੀ ਚਰਚਾ ਹੁੰਦੀ ਹੀ ਰਹਿੰਦੀ ਹੈ। ਕਿਸੇ ਡਾਕਟਰ
ਵਲੋਂ ਮਰੀਜ਼ ਨੂੰ ਦੱਸਣ ਤੋਂ ਬਿਨਾਂ ਹੀ ਉਸ ਦੀ ਕਿਡਨੀ ਕੱਢ ਕੇ ਵੇਚ ਕੇ ਮੂੰਹ ਮੰਗੀ ਮਾਇਆ ਲੈਣੀ,
ਕਿਸੇ ਜੱਜ ਦਾ ਵੱਢੀ ਲੈ ਕੇ ਇਨਸਾਫ਼ ਨਾ ਕਰਨਾ, ਦੁਕਾਨਦਾਰ ਦਾ ਗਾਹਕਾਂ ਨੂੰ ਘੱਟ ਤੋਲ ਕੇ ਦੇਣਾ,
ਖਾਣ-ਪੀਣ ਦੀਆਂ ਚੀਜ਼ਾਂ ਵਿੱਚ ਮਿਲਾਵਟ ਕਰਨੀ, ਕਿਸੇ ਸੁਨਿਆਰ ਦਾ ਸੋਨੇ ਆਦਿ ਵਿੱਚ ਖੋਟ ਮਿਲਾ ਕੇ
ਪੈਸੇ ਪੂਰੀ ਲੈਣੇ, ਧਾਰਮਕ ਆਗੂਆਂ ਵਲੋਂ ਮਾਇਆ ਲਈ ਰਚੇ ਅਡੰਬਰ ਕਿਰਾੜ ਬਿਰਤੀ ਦੇ ਹੀ ਲਖਾਇਕ ਹਨ।
ਗੁਰਬਾਣੀ ਵਿੱਚ ਇਸ ਤਰ੍ਹਾਂ ਦੀ ਜੀਵਨ-ਜੁਗਤ ਨੂੰ ਅਪਣਾਉਣ ਵਾਲਿਆਂ ਨੂੰ ਹੀ ਕਿਰਾੜ ਆਖਿਆ ਹੈ। ਇਹੋ
ਜਿਹੀ ਕਿਰਾੜ ਬਿਰਤੀ ਵਾਲਿਆਂ ਦੀ ਦੋਸਤੀ ਇਤਬਾਰ ਜੋਗ ਨਹੀਂ ਹੈ। ਚੂੰਕਿ ਕਿਰਾੜ ਬਿਰਤੀ ਵਾਲੇ ਮਨੁੱਖ
ਨੂੰ ਮਾਇਆ ਤੋਂ ਬਿਨਾਂ ਹੋਰ ਕੁੱਝ ਸੁੱਝਦਾ ਹੀ ਨਹੀਂ ਹੈ; ਉਨ੍ਹਾਂ ਦਾ ਦੀਨ-ਈਮਾਨ ਕੇਵਲ ਮਾਇਆ ਹੀ
ਹੈ। ਇਸ ਲਈ ਉਠਦਿਆਂ ਬੈਠਦਿਆਂ ਉਹ ਕੇਵਲ ਮਾਇਆ ਦੀਆਂ ਚਿਤਵਣੀਆਂ ਹੀ ਚਿਤਵਦਾ ਰਹਿੰਦਾ ਹਨ:
ਮਾਇਆ ਮਨਹੁ ਨ ਵੀਸਰੈ ਮਾਂਗੈ ਦੰਮਾਂ ਦੰਮ॥ ਸੋ ਪ੍ਰਭੁ ਚਿਤਿ ਨ ਆਵਈ
ਨਾਨਕ ਨਹੀ ਕਰੰਮਿ॥ (ਪੰਨਾ ੧੪੨੬) ਅਰਥ: ਹੇ ਭਾਈ! (ਮਾਇਆ-ਵੇੜ੍ਹੇ ਮਨੁੱਖ ਦੇ) ਮਨ ਤੋਂ
ਮਾਇਆਂ ਕਦੇ ਨਹੀਂ ਭੁੱਲਦੀ, (ਉਹ ਹਰ ਵੇਲੇ) ਧਨ ਹੀ ਧਨ ਭਾਲਦਾ ਰਹਿੰਦਾ ਹੈ। ਉਹ ਪਰਮਾਤਮਾ (ਜੋ ਸਭ
ਕੁੱਝ ਦੇਣ ਵਾਲਾ ਹੈ, ਉਸ ਦੇ) ਚਿੱਤ ਵਿੱਚ ਨਹੀਂ ਆਉਂਦਾ। ਪਰ, ਹੇ ਨਾਨਕ! (ਉਹ ਮਾਇਆ-ਵੇੜ੍ਹਿਆ
ਮਨੁੱਖ ਭੀ ਕੀਹ ਕਰੇ? ਨਾਮ-ਧਨ ਉਸ ਦੀ) ਕਿਸਮਤ ਵਿੱਚ ਹੀ ਨਹੀਂ।
ਇਸ ਤਰ੍ਹਾਂ ਦੀ ਸੋਚ ਰੱਖਣ ਵਾਲੇ ਵਿਅਕਤੀ ਦਾ ਮਾਇਆ ਹੀ ਧਰਮ-ਈਮਾਨ ਹੁੰਦਾ ਹੈ, ਇਸ ਲਈ ਉਹ ਮਾਇਆ ਦੀ
ਖ਼ਾਤਰ ਕੁੱਝ ਵੀ ਕਰਨ ਲਈ ਤਿਆਰ ਹੋ ਜਾਂਦਾ ਹੈ।
ਗੁਰੂ ਨਾਨਕ ਸਾਹਿਬ ਦਾ ‘ਵਾਰਾਂ ਤੇ ਵਧੀਕ’ ਵਿਚਲੇ ਸ਼ਲੋਕ ਦੀ ਅਗਲੀ ਪੰਗਤੀ ਵਿੱਚ ਗੁਰਦੇਵ ਦੇ ਆਸ਼ੇ
ਨੂੰ ਸਮਝਿਆ ਜਾ ਸਕਦਾ ਹੈ ਕਿ ਹਜ਼ੂਰ ਇਸ ਸ਼ਲੋਕ ਵਿੱਚ ਸਾਨੂੰ ਕੀ ਸਮਝਾਉਣਾ ਚਾਹੁੰਦੇ ਹਨ। ਇਸ ਸ਼ਲੋਕ
ਦੀ ਅਗਲੀ ਪੰਗਤੀ ਹੈ: ਮਰਣੁ ਨ ਜਾਪੈ ਮੂਲਿਆ ਆਵੈ ਕਿਤੈ ਥਾਇ॥
ਪੂਰੇ ਸ਼ਲੋਕ ਦਾ ਅਰਥ ਹੈ:- ਹੇ ਭਾਈ! ਜੇ ਹਰ ਵੇਲੇ ਮਾਇਆ ਦੀਆਂ ਗਿਣਤੀਆਂ ਗਿਣਨ ਵਾਲੇ ਮਨੁੱਖ ਨਾਲ
ਦੋਸਤੀ ਬਣਾਈ ਜਾਏ, (ਤਾਂ ਉਸ ਕਿਰਾੜ ਦੇ ਅੰਦਰਲੇ) ਮਾਇਆ ਦੇ ਮੋਹ ਦੇ ਕਾਰਨ (ਉਸ ਦੀ ਦੋਸਤੀ ਦੀ)
ਪਾਂਇਆਂ ਭੀ ਇਤਬਾਰ-ਜੋਗ ਨਹੀਂ ਹੁੰਦੀ। ਹੇ ਮੂਲਿਆ! (ਮਾਇਆ ਦੇ ਮੋਹ ਵਿੱਚ ਫਸਿਆ ਹੋਇਆ ਮਨੁੱਖ ਸਦਾ
ਮੌਤ ਤੋਂ ਬਚੇ ਰਹਿਣ ਦੇ ਉਪਰਾਲੇ ਕਰਦਾ ਰਹਿੰਦਾ ਹੈ, ਪਰ ਉਸ ਨੂੰ ਇਹ ਗੱਲ) ਸੁੱਝਦੀ ਹੀ ਨਹੀਂ ਕਿ
ਮੌਤ ਕਿਸੇ ਭੀ ਥਾਂ ਤੇ (ਕਿਸੇ ਭੀ ਵੇਲੇ) ਆ ਸਕਦੀ ਹੈ।
ਇਤਿਹਾਸ ਵਿੱਚ ਕੁੱਝ ਲੇਖਕਾਂ ਵਲੋਂ ਗੁਰੂ ਸਾਹਿਬਾਨ ਦੇ ਪਾਵਨ ਮੁਖ਼ਾਰਬਿੰਦ `ਚੋਂ, ਗੁਰਮਤਿ ਦੀ
ਜੀਵਨ-ਜੁਗਤ ਨਾਲੋਂ ਉਲਟ ਕਢਵਾਏ ਹੋਏ ਬੋਲਾਂ ਵਿਚੋਂ ਕੇਵਲ ਦੋ ਕੁ ਉਦਾਹਰਣਾਂ ਹੀ ਪਾਠਕਾਂ ਨਾਲ
ਸਾਂਝੀਆਂ ਕਰ ਰਹੇ ਹਾਂ।
ਸਾਡੇ ਕੁੱਝ ਕੁ ਲੇਖਕਾਂ ਨੇ ਗੁਰੂ ਗੋਬਿੰਦ ਸਿੰਘ ਜੀ ਵਲੋਂ ਇੱਕ ਸੁਨਿਆਰ ਜ਼ਾਤ ਨਾਲ ਸਬੰਧਤ ਨੌਜਵਾਨ
ਨੂੰ ਸੋਨੇ ਵਿੱਚ ਖੋਟ ਰਲਾਉਣ `ਤੇ ਉਸ ਨੂੰ ਝਾੜ ਪਾਉਣ ਦੇ ਨਾਲ ਸਮੁੱਚੀ ਹੀ ਸੁਨਿਆਰ ਜ਼ਾਤ ਬਾਰੇ ਇਹ
ਸ਼ਬਦ ਕਢਵਾਏ ਹਨ, “ਚਾਰ ਸਕਾਰ ਬਿਸਾਹੁ ਨ ਦੀਹ। ਸੁਨਿਯਾਰਾ, ਸੌਂਕਣ, ਸਪ, ਸੀਂਹ। ਕਰਿਹੈਂ ਘਾਤ ਕਿ
ਪੀਛੇ ਅਗੀਹ। ਨਹਿਂ ਇਨ ਕਹਯੋ ਜਾਨੀਐ ਲੀਹ।” ਭਾਵ, ਚਾਰ ਸੱਸਿਆਂ ਦਾ ਵਿਸਾਹ ਨਹੀਂ ਕਰਨਾ: ਸੁਨਿਆਰ,
ਸੌਂਕਣ, ਸਪ ਅਤੇ ਸੀਂਹ; ਚੂੰਕਿ ਕਿਸੇ ਨਾ ਕਿਸੇ ਸਮੇਂ ਇਹ ਘਾਤ ਜ਼ਰੂਰ ਕਰਨਗੇ। ਇਸ ਲਈ ਇਨ੍ਹਾਂ ਦੀ
ਗੱਲ ਨੂੰ ਸੱਚੀ ਨਾ ਜਾਣੋ। (ਸ਼੍ਰੀ ਗੁਰ ਪ੍ਰਤਾਪ ਸੂਰਜ)
(ਨੋਟ: ਇਸ ਭਾਵ ਦਾ ਇੱਕ ਅਖਾਣ ਵੀ ਹੈ: ਸੱਪ, ਸੀਂਹ, ਸੁਨਿਆਰ, ਕੁੱਤੇ ਦਾ, ਵਿਸਾਹ ਨਾ ਖਾਈਂ ਸੁੱਤੇ
ਦਾ।)
ਸੁਨਿਆਰ ਜ਼ਾਤ ਸਬੰਧੀ ਪ੍ਰਚਲਤ ਅਖਾਣ ਨੂੰ ਲੇਖਕਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਮੁਖ਼ਾਰਬਿੰਦ
ਵਿਚੋਂ ਕਢਵਾਇਆ ਹੈ। ਗੁਰਮਤਿ ਦੀ ਥੋਹੜੀ ਜਿਹੀ ਜਾਣਕਾਰੀ ਰੱਖਣ ਵਾਲਾ ਵੀ ਜਾਣਦਾ ਹੈ ਕਿ ਇਹੋ ਜਿਹੇ
ਬੋਲਾਂ ਦਾ ਗੁਰੂ ਗੋਬਿੰਦ ਸਿੰਘ ਜੀ ਨਾਲ ਕੋਈ ਸਬੰਧ ਨਹੀਂ ਹੈ। ਇਹ ਬੋਲ ਦਸ਼ਮੇਸ਼ ਪਾਤਸ਼ਾਹ ਜੀ ਦੇ
ਨਹੀਂ ਹਨ; ਇਹ ਬੋਲ ਇਹੋ ਜਿਹੇ ਲਿਖਾਰੀਆਂ ਨੇ ਮੱਲੋ-ਮੱਲੀ ਗੁਰੂ ਸਾਹਿਬ ਦੇ ਪਾਵਨ ਮੁੱਖ `ਚ ਪਾਉਣ
ਦੀ ਕੋਸ਼ਸ਼ ਕੀਤੀ ਹੈ।
ਭਾਈ ਸੰਤੋਖ ਸਿੰਘ ਜੀ ਨੇ ਗੁਰੂ ਅਰਜਨ ਸਾਹਿਬ ਦੇ ਜੀਵਨ ਵਿੱਚ ਭਾਈ ਬਹੋੜਾ ਜੀ ਦਾ ਵਰਣਨ ਕੀਤਾ ਹੈ।
ਆਪ ਸੁਨਿਆਰ ਜ਼ਾਤ ਨਾਲ ਸਬੰਧਤ ਸਨ। ਹਜ਼ੂਰ ਆਪਣੀ ਚਰਨ ਸ਼ਰਨ ਵਿੱਚ ਆਉਣ ਵਾਲੇ ਹਰੇਕ ਸਿੱਖ ਨੂੰ ਇਹ
ਜ਼ਰੂਰ ਪੁੱਛਦੇ ਸਨ ਕਿ ਉਸ ਦੀ ਉਪਜੀਵਕਾ ਦੀ ਕੀ ਸਾਧਨ ਹੈ। ਗੁਰਦੇਵ ਨੇ ਭਾਈ ਬਹੋੜਾ ਨੂੰ ਵੀ ਪੁੱਛਿਆ
ਹੈ। ਭਾਈ ਸਾਹਿਬ ਨੇ ਉੱਤਰ ਵਿੱਚ ਕਿਹਾ, “ਸ਼੍ਰੀ ਸਤਿਗੁਰ ਸਭਿ ਘਟ ਕੇ ਜਾਨੀ। ਕਿਰਤਿ ਸੁਨਾਰੇ ਕੀ
ਮੈਂ ਕਰਿਹੌਂ। ਕਾਲ ਬਿਤਾਵੋਂ ਉਦਰ ਸੁ ਭਰਿਹੌਂ।” ਸਤਿਗੁਰੂ ਜੀ ਇਹ ਸੁਣ ਕੇ ਆਖਿਆ, ‘ਸੁਨਿ ਗੁਰ
ਕਹਯੋ ਕਿਰਤਿ ਕਰਿ ਕੋਈ। ਧਰਮ ਸਮੇਤਿ ਨ੍ਰਿਬਾਹਹਿ ਸੋਈ। ਕਪਟ ਬਿਹੀਨ ਜੀਵਕਾ ਕਰੈ। ਪਰ ਕੀ ਵਸਤ
ਛੁਪਾਇ ਨ ਧਰੈ। ਤਿਸ ਮਹਿਂ ਬਾਂਟ ਪ੍ਰਭੂ ਹਿਤ ਖਾਵੈ।’ (ਸ਼੍ਰੀ ਗੁਰ ਪ੍ਰਤਾਪ ਸੂਰਜ)
ਸਤਿਗੁਰੂ ਜੀ ਆਪਣੀ ਚਰਨ ਸ਼ਰਨ ਵਿੱਚ ਆਉਣ ਵਾਲੇ ਨੂੰ ਕੇਵਲ ਉਪਜੀਵਕਾ ਦਾ ਸਾਧਨ ਹੀ ਨਹੀਂ ਸਨ
ਪੁੱਛਦੇ, ਸਗੋਂ ਨਾਲ ਇਹ ਵੀ ਪੁੱਛਦੇ ਸਨ ਕਿ ਕੀ ਉਹ ਆਪਣੀ ਉਪਜੀਵਕਾ ਦੇ ਸਾਧਨ `ਚ ਕਿਸੇ ਤਰ੍ਹਾਂ ਦੀ
ਹੇਰਾਫੇਰੀ ਜਾਂ ਬੇਈਮਾਨੀ ਤਾਂ ਨਹੀਂ ਕਰਦਾ। ਹਜ਼ੂਰ ਨੇ ਭਾਈ ਬਹੋੜਾ ਨੂੰ ਵੀ ਪੁੱਛਿਆ। ਭਾਈ ਸਾਹਿਬ
ਨੇ “ਬਿਨਤੀ ਜੁਗਤਿ ਬਹੋੜੇ ਕਹਯੋ। ਕੰਪਤਿ ਲੋਚਨ ਤੇ ਜਲ ਬਹਯੋ। ਹੇ ਸਤਿਗੁਰ ਮੈਂ ਮਹਾਂ ਅਧਰਮੀ। ਪਾਪ
ਕਿਰਤਿ ਨਿਤ ਕਰੌਂ ਕੁਕਰਮੀ। ਮਾਤ ਪਿਤਾਦਿ ਘਰਾਵਹਿਂ ਘਾਟ। ਚੌਥੋ ਭਾਗ ਲੇਉਂ ਮੈਂ ਕਾਟਿ। ਅਵਰ ਨਰਨਿ
ਕੀ ਗਿਨਤੀ ਕੋ ਹੈ। ਜੋ ਬਨਜਾਇ ਸੁ ਲੇਉਂ ਤਿਤੌ ਹੈ। ਧਰਮ ਅਧਰਮ ਨ ਜਾਨਉਂ ਕੋਈ। ਪਿਤਾ ਪਿਤਾਮਾ ਕੀ
ਕ੍ਰਿਤਿ ਸੋਈ।” ਸਤਿਗੁਰੂ ਜੀ ਨੇ ਉਸ ਨੂੰ ਇੰਜ ਕਰਨ ਤੋਂ ਵਰਜਦਿਆਂ ਕਿਹਾ, “ਤਯਾਗਹੁ ਜਗ ਜੰਜਾਰ ਜੁ
ਗ੍ਰਸਯੋ। ਜਿਮੁ ਝਖ ਤੋਰਹਿ ਜਾਰ ਸੁ ਫਸਯੋ। ਸੁਖਕਾਰੀ ਹਰਿ ਨਾਮ ਸੰਭਾਰਹੁ। ਕਰਨਿ ਕੁਕਰਮ ਬ੍ਰਿਤੀ
ਹਟਕਾਰਹੁ। ਸਤਿਸੰਗਤਿ ਮਹਿਂ ਬੈਸ ਗੁਜ਼ਾਰਹੁ। ਧਰਮ ਜੀਵਕਾ ਮਹਿਂ ਚਿਤ ਧਾਰਹੁ।” (ਗੁਰ ਪ੍ਰਤਾਪ ਸੂਰਜ)
ਸਤਿਗੁਰੂ ਜੀ ਭਾਈ ਬਹੋੜੇ ਨੂੰ ਬੇਈਮਾਨੀ ਤੋਂ ਵਰਜਦੇ ਹਨ ਨਾ ਕਿ ਸੁਨਿਆਰ ਦੇ ਕੰਮ ਤੋਂ। ਸਤਿਗੁਰੂ
ਜੀ ਸਿੱਖਾਂ ਨੂੰ ਅਜਿਹੇ ਕਿੱਤੇ ਤੋਂ ਜ਼ਰੂਰ ਵਰਜਦੇ ਸਨ ਜੋ ਮਨੁੱਖਤਾ ਲਈ ਘਾਤਕ ਹੈ।
ਭਾਈ ਗੁਰਦਾਸ ਜੀ ਨੇ ਆਪਣੀ ਯਾਰਵੀਂ ਵਾਰ ਵਿੱਚ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਹਰਿਗੋਬਿੰਦ
ਜੀ ਦੇ ਸਮੇਂ ਤੀਕ ਦੇ ਕੁੱਝ ਉੱਘੇ ਚੋਣਵੇਂ ਗੁਰਸਿੱਖਾਂ ਦਾ ਜ਼ਿਕਰ ਕੀਤਾ ਹੈ। ਇਨ੍ਹਾਂ ਚੋਣਵੇਂ
ਗੁਰਸਿੱਖਾਂ ਵਿੱਚ ਭਾਈ ਸਾਹਿਬ ਨੇ ਸੁਨਿਆਰ ਜ਼ਾਤ ਨਾਲ ਸਬੰਧਤ ਗੁਰਸਿੱਖਾਂ ਦਾ ਵੀ ਵਰਣਨ ਕੀਤਾ ਹੈ:
ਸਨਮੁਖ ਸੁਨਿਆਰ ਭਲਾ ਨਾਉਂ ਨਿਹਾਲੂ ਸਪਰਵਾਰ। (ਵਾਰ ੧੧, ਪਉੜੀ ੨੫)
ਅਰਥ:-ਭਲਾ ਨਾਉਂ ਦਾ ਸੁਨਿਆਰ ਤੇ ਨਿਹਾਲੂ ਪਰਵਾਰ ਸਹਿਤ ਸਨਮੁਖ ਸਿੱਖ ਸੀ।
ਸੋ, ਇਸ ਤਰ੍ਹਾਂ ਦੇ ਅਖਾਣ ਹਰੇਕ ਜ਼ਾਤੀ, ਕਸਬ/ਕਿੱਤੇ ਆਦਿ ਸਬੰਧੀ ਮਿਲਦੇ ਹਨ। ਉਦਾਹਰਣ ਵਜੋਂ ਜਿਵੇਂ
ਖੱਤਰੀਆਂ ਬਾਰੇ ਇਹ ਅਖਾਣ ਪ੍ਰਚਲਤ ਹੈ: ‘ਜਿਸ ਦਾ ਮਿਤ੍ਰ ਖੱਤਰੀ ਹੋਵੇ ਉਸ ਨੂੰ ਦੁਸ਼ਮਨ ਦੀ ਲੋੜ
ਨਹੀਂ’ ਜਾਂ ਚਾਰ ਚੋਰ ਤੇ ਚਾਰੇ ਠੱਗ, ਚਾਰ ਸੁਨਿਆਰ, ਚਾਰੇ ਠਠਿਆਰ, ਚਾਰ ਚੌਕੇ ਸੋਲਾਂ ਦੂਣੇ ਬੱਤਰੀ
ਇੱਕ ਮਾੜਾ ਜਿਹਾ ਖੱਤਰੀ।’ ਜੱਟਾਂ ਬਾਰੇ ਇਹ ਅਖਾਣ: ‘ਜੱਟ, ਬੈਲ ਤੇ ਬੱਕਰਾ, ਚੌਥੀ ਵਿਧਵਾ ਨਾਰ, ਇਹ
ਚਾਰੇ ਭੁੱਖੇ ਭਲੇ, ਰੱਜੇ ਕਰਨ ਖੁਆਰ’, ਇਸੇ ਤਰ੍ਹਾਂ ਬ੍ਰਾਹਮਣ ਸਬੰਧੀ ਇਹ ਅਖਾਣ: ‘ਬ੍ਰਾਹਮਣ ਸ਼ਾਹ
ਨਹੀਂ, ਡੀਲਾ ਘਾਹ ਨਹੀਂ” ਅਤੇ ਬਾਣੀਏ ਬਾਰੇ: ‘ਬਾਣੀਆ ਜਿਸ ਦਾ ਯਾਰ, ਉਸ ਨੂੰ ਦੁਸ਼ਮਨ ਨਹੀਂ
ਦਰਕਾਰ।’ ਆਦਿ। ਇਨ੍ਹਾਂ ਅਖਾਣਾਂ ਵਿੱਚ ਸਮੁੱਚੀ ਹੀ ਜ਼ਾਤ ਨੂੰ ਇਕੋ ਹੀ ਰੱਸੇ ਨਾਲ ਬੰਨਿਆ ਹੋਇਆ ਹੈ,
ਜੋ ਕਿਸੇ ਤਰ੍ਹਾਂ ਵੀ ਠੀਕ ਨਹੀਂ ਹੈ। ਇਸ ਲਈ ਅਖਾਣਾਂ ਵਿੱਚ ਜ਼ਾਤ, ਇਲਾਕੇ, ਕਿੱਤੇ ਆਦਿ ਸਬੰਧੀ
ਪ੍ਰਗਟ ਕੀਤੀਆਂ ਧਾਰਨਾਵਾਂ ਨੂੰ ਆਧਾਰ ਬਣਾ ਕੇ ਗੁਰੂ ਸਾਹਿਬਾਨ ਦੇ ਪਾਵਨ ਮੁੱਖ ਵਿਚੋਂ ਕਿਸੇ ਇੱਕ
ਦੀ ਗ਼ਲਤੀ ਕਾਰਨ, ਉਸ ਦੀ ਜ਼ਾਤ, ਇਲਾਕੇ ਜਾਂ ਕਿੱਤੇ ਨਾਲ ਸਬੰਧਤ ਸਮੂੰਹ ਪ੍ਰਾਣੀਆਂ ਨੂੰ ਕੋਸਣਾ ਜਾਂ
ਉਨ੍ਹਾਂ ਬਾਰੇ ਇਸ ਤਰ੍ਹਾਂ ਦੀ ਰਾਏ ਪ੍ਰਗਟ ਕਰਨੀ ਕਿਸੇ ਤਰ੍ਹਾਂ ਵੀ ਜੋਗ ਨਹੀਂ ਹੈ।
ਕੁੱਝ ਲੇਖਕਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਮੁਖ਼ਾਰਬਿੰਦ `ਚੋਂ ਇਹ ਕਢਵਾਇਆ ਹੈ ਕਿ ਸਿੱਖ
ਕਦੇ ਵੀ ਕਿਸੇ ਤੁਰਕ ਦਾ ਵਿਸ਼ਵਾਸ਼ ਨਾ ਕਰੇ। ਇੱਥੋਂ ਤੀਕ ਕਿ ਜੇਕਰ ਤਿਲਾਂ ਦੇ ਢੇਰ ਵਿੱਚ ਤੇਲ ਨਾਲ
ਬਾਂਹ ਲਿਬੇੜ ਕੇ ਪਾਈਏ, ਜਿਤਨੇ ਤਿਲ ਬਾਂਹ ਨਾਲ ਲੱਗ ਜਾਣ ਜੇਕਰ ਇਤਨੀਆਂ ਵੀ ਸੁਗੰਧਾਂ ਖਾਵੇ ਤਾਂ
ਵੀ ਵਿਸ਼ਵਾਸ਼ ਨਾ ਕਰੇ। ਪਰ ਇਸ ਤਰ੍ਹਾਂ ਦੇ ਬੋਲ ਗੁਰੂ ਸਾਹਿਬ ਦੇ ਮੁਖ਼ਾਰਬਿੰਦ ਵਿਚੋਂ ਨਿਕਲੇ ਹੋਏ
ਨਹੀਂ ਹਨ। ਭਾਈ ਬੁੱਧੂ ਸ਼ਾਹ ਜੀ, ਭਾਈ ਗ਼ਨੀ ਖਾਂ, ਭਾਈ ਨਬੀ ਖਾਂ ਆਦਿ ਮੁਸਲਮਾਨ ਹੀ ਸਨ। ਗੁਰੂ
ਸਾਹਿਬ ਨੂੰ ਇਨ੍ਹਾਂ ਉੱਤੇ ਉਤਨਾ ਹੀ ਭਰੋਸਾ ਸੀ ਜਿਤਨਾ ਕਿਸੇ ਅਤਿ ਨਜ਼ਦੀਕੀ ਸਿੱਖ `ਤੇ। ਗੁਰੂ
ਗ੍ਰੰਥ ਸਾਹਿਬ ਵਿੱਚ ਸ਼ੇਖ ਫ਼ਰੀਦ ਸਾਹਿਬ ਅਤੇ ਸਧਨਾ ਜੀ ਦੀ ਬਾਣੀ ਵੀ ਹੈ, ਜਿਸ ਵਿੱਚ ਗੁਰੂ ਗ੍ਰੰਥ
ਸਾਹਿਬ ਨੂੰ ਗੁਰੂ ਮੰਨਣ ਵਾਲਾ ਹਰੇਕ ਪ੍ਰਾਣੀ ਉਸੇ ਤਰ੍ਹਾਂ ਵਿਸ਼ਵਾਸ ਕਰਦਾ ਹੈ ਜਿਸ ਤਰ੍ਹਾਂ ਬਾਕੀ
ਬਾਣੀ ਵਿਚ। ਜੇਕਰ ਕਿਸੇ ਇੱਕ ਜਾਂ ਵਧੀਕ ਇਸਲਾਮ ਦੇ ਪੈਰੋਕਾਰ ਨੇ ਸੁਗੰਧ ਖਾ ਕੇ ਉਸ `ਤੇ ਪਹਿਰਾ
ਨਹੀਂ ਦਿੱਤਾ ਤਾਂ ਹਜ਼ੂਰ ਉਨ੍ਹਾਂ ਦੀ ਬੇਪ੍ਰਤੀਤੀ ਕਾਰਨ ਇਸਲਾਮ ਦੇ ਸਮੂੰਹ ਪੈਰੋਕਾਰਾਂ ਸਬੰਧੀ ਇਸ
ਤਰ੍ਹਾਂ ਦਾ ਫ਼ਤਵਾ ਨਹੀਂ ਸਨ ਦੇ ਸਕਦੇ। ਇਸੇ ਲਈ ਤਾਂ ਗੁਰਦੇਵ ਗ਼ਨੀ ਖ਼ਾਂ ਅਤੇ ਨਬੀ ਖ਼ਾਂ ਉੱਤੇ ਅਜਿਹੇ
ਸਮੇਂ ਵਿਸ਼ਵਾਸ ਕਰਦੇ ਹਨ ਜਦ ਕੁੱਝ ਆਪਣੇ ਕਹਾਉਣ ਵਾਲੇ ਵੀ ਸਤਿਗੁਰੂ ਜੀ ਤੋਂ ਕਿਨਾਰੇ ਕਰਨ ਲੱਗ ਪਏ
ਸਨ। ਸਤਿਗੁਰੂ ਜੀ ਨੇ ਵਿਸ਼ਵਾਸ ਨੂੰ ਜ਼ਾਤ, ਇਲਾਕੇ, ਕਿੱਤੇ ਜਾਂ ਧਰਮ ਦਾ ਮੁਥਾਜ਼ ਨਹੀਂ ਬਣਾਇਆ ਹੈ।
ਹਾਂ, ਗੁਰਬਾਣੀ ਵਿੱਚ ਲੋਭੀ ਮਨੁੱਖ ਦਾ ਵਿਸ਼ਵਾਸ ਨਾ ਕਰਨ ਦੀ ਜ਼ਰੂਰ ਪ੍ਰੇਰਨਾ ਕੀਤੀ ਗਈ ਹੈ:
ਲੋਭੀ ਕਾ ਵੇਸਾਹੁ ਨ ਕੀਜੈ ਜੇ ਕਾ ਪਾਰਿ ਵਸਾਇ॥ ਅੰਤਿ ਕਾਲਿ ਤਿਥੈ ਧੁਹੈ
ਜਿਥੈ ਹਥੁ ਨ ਪਾਇ॥ (ਪੰਨਾ ੧੪੧੭) ਅਰਥ: ਹੇ ਭਾਈ! ਜਿੱਥੋਂ ਤਕ ਹੋ ਸਕੇ, ਕਿਸੇ ਲਾਲਚੀ
ਮਨੁੱਖ ਦਾ ਇਤਬਾਰ ਨਹੀਂ ਕਰਨਾ ਚਾਹੀਦਾ, (ਲਾਲਚੀ ਮਨੁੱਖ) ਆਖ਼ਰ ਉਸ ਥਾਂ ਧੋਖਾ ਦੇ ਜਾਂਦਾ ਹੈ,
ਜਿੱਥੇ ਕੋਈ ਮਦਦ ਨਾਹ ਕਰ ਸਕੇ।
ਇਸ ਫ਼ਰਮਾਨ ਵਿੱਚ ਲੋਭੀ ਸ਼ਬਦ ਆਇਆ ਹੈ, ਇਹ ਲੋਭੀ ਭਾਵੇਂ ਹਿੰਦੂ ਹੈ, ਸਿੱਖ ਜਾਂ ਮੁਸਲਮਾਨ ਹੈ, ਕਿਸੇ
ਵੀ ਧਰਮ ਨਾਲ ਸਬੰਧ ਰੱਖਣ ਵਾਲਾ ਕਿਉਂ ਨਾ ਹੋਵੇ, ਵਿਸ਼ਵਾਸ ਕਰਨ ਜੋਗ ਨਹੀਂ ਹੈ।
ਸੋ ਗੱਲ ਕੀ, ਗੁਰਮਤਿ ਦੀ ਜੀਵਨ-ਜੁਗਤ ਵਿੱਚ ਕਿਸੇ ਇੱਕ ਜਾਂ ਇੱਕ ਤੋਂ ਵਧੀਕ ਮਨੁੱਖ ਦੀ ਗ਼ਲਤੀ
ਕਾਰਨ, ਉਸ ਦੇ ਨਾਲ ਸਬੰਧਤ ਸਮੁੱਚੇ ਕਿੱਤੇ, ਇਲਾਕੇ, ਜ਼ਾਤ, ਧਰਮ ਜਾਂ ਦੇਸ਼ ਨੂੰ ਨਹੀਂ ਭੰਡਿਆਂ ਗਿਆ
ਹੈ, ਕੇਵਲ ਗ਼ਲਤ ਵਿਅਕਤੀ ਨੂੰ ਹੀ ਗ਼ਲਤ ਆਖ ਕੇ ਉਸ ਦੀ ਨਿਖੇਧੀ ਕੀਤੀ ਹੈ। ਗੁਰਮਤਿ ਦੀ ਰਹਿਣੀ ਵਿੱਚ
ਜ਼ਾਤ, ਇਲਾਕੇ ਜਾਂ ਕਿੱਤੇ ਆਦਿ ਸਬੰਧੀ ਪ੍ਰਚਲਤ ਅਖਾਣਾਂ ਨੂੰ ਆਧਾਰ ਬਣਾ ਕੇ ਕਿਸੇ ਵੀ ਸਮੁੱਚੇ
ਭਾਈਚਾਰੇ ਜਾਂ ਕਿੱਤੇ ਆਦਿ ਨੂੰ ਮਾੜਾ ਨਹੀਂ ਕਿਹਾ ਗਿਆ ਹੈ। ਇਸ ਲਈ ਜੇਕਰ ਕੋਈ ਮਨੁੱਖ ਗ਼ਲਤ ਕੰਮ
ਕਰਦਾ ਹੈ ਤਾਂ ਉਸ ਦੀ ਨਿਖੇਧੀ ਕਰਨੀ ਬਣ ਆਈ ਹੈ ਨਾ ਕਿ ਉਸ ਦੇ ਨਾਲ ਸਬੰਧਤ ਜ਼ਾਤ, ਧਰਮ, ਇਲਾਕੇ ਜਾਂ
ਕਿੱਤੇ ਆਦਿ ਨੂੰ।
ਜਸਬੀਰ ਸਿੰਘ ਵੈਨਕੂਵਰ