. |
|
ਸਾਂਝੀਵਾਲਤਾ ਦਾ ਪੈਗ਼ਾਮ ਹੈ
ਸਿੱਖ ਧਰਮ
(ਭਾਗ ੧)
ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ;
ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956
ਮਨੁੱਖ ਮਾਤ੍ਰ ਵਿਚਕਾਰ ਸਾਂਝੀਵਾਲਤਾ ਦੇ ਵਿਸ਼ੇ ਵੱਲ ਵਧਣ ਤੋਂ ਪਹਿਲਾਂ
ਸਾਨੂੰ ਗੁਰਬਾਣੀ ਆਧਾਰਤ ਇਹ ਵੀ ਘੋਖਣ ਤੇ ਦੇਖਣ ਦੀ ਲੋੜ ਹੈ ਕਿ ਆਖਿਰ ਮਨੁੱਖੀ ਸ਼ਾਂਝੀਵਾਲਤਾ ਦਾ
ਧੁਰਾ ਹੈ ਕਿੱਥੇ? ਇਸ ਵਿਸ਼ੇ ਨੂੰ ਸਪਸ਼ਟ ਕਰਣ ਲਈ ਗੁਰਦੇਵ ਨੇ ਮੁੱਖ ਤੌਰ `ਤੇ ਮਨੁੱਖਾ ਜੀਵਨ ਨੂੰ
ਚਾਰ ਹਿਸਿਆਂ `ਚ ਵੰਡਿਆ ਹੈ। ਗੁਰਬਾਣੀ ਅਨੁਸਾਰ ਮਨੁੱਖਾ ਜੀਵਨ ਦੇ ਇਹ ਚਾਰ ਮੁੱਖ ਭਾਗ ਹਨ (੧)
ਮਨੁੱਖਾ ਸਰੀਰ ਹੈ ਕੀ ਤੇ ਮਨੁੱਖਾ ਜਨਮ ਦੀ ਬਾਕੀ ਜੂਨਾਂ ਨਾਲੋਂ ਉਤਮਤਾ (੨) ਮਨੁੱਖਾ ਸਰੀਰ ਅੰਦਰ
ਕਰਤੇ ਅਕਾਲਪੁਰਖ ਦੇ ਨੂਰ ਅਥਵਾ ਅੰਸ਼ ਦਾ ਵਜੂਦ (੩) ਮਨੁੱਖਾ ਜੂਨ ਸਮੇਂ ਮਨੁੱਖਾ ਸਰੀਰ ਅੰਦਰ ‘ਮਨ’
ਦੀ ਹੋਂਦ। ਉਹ ‘ਮਨ’ ਜੋ ਹਡ ਮਾਸ ਦਾ ਬਣਿਆ ਹੋਇਆ ਨਹੀਂ ਬਲਕਿ ਮਨੁੱਖੀ ਵਿਚਾਰਾ-ਸੰਸਕਾਰਾਂ ਤੇ ਕਰਮਾ
ਦਾ ਸਮੂਹ ਹੈ (੪) ‘ਮਨ’ ਦੀ ਗੁਰਮੁਖੀ ਵਰਤੋਂ ਜਾਂ ਹਉਮੈ ਅਧੀਨ ਮਨਮੁਖੀ ਵਰਤੋਂ `ਚ ਫ਼ਰਕ ਕੀ ਹੈ ਤੇ
ਉਸ ਦੇ ਵੱਖ ਵੱਖ ਨਤੀਜੇ ਕੀ ਹੁੰਦੇ ਹਨ?
ਇਸ ਦੇ ਬਾਵਜੂਦ, ਹੱਥਲੇ ਗੁਰਮੱਤ ਪਾਠ `ਚ ਇਨ੍ਹਾਂ ਚਾਰ ਵੇਰਵਿਆਂ ਵੱਲ ਨਾ
ਜਾ ਕੇ ਇਨ੍ਹਾਂ ਬਾਰੇ ਇਥੇ ਅਸਾਂ ਕੇਵਲ ਇਸ਼ਾਰਾ ਹੀ ਦਿੱਤਾ ਹੈ, ਤਾ ਕਿ ਮੂਲ ਵਿਸ਼ੇ ਨੂੰ ਕੁੱਝ ਹੋਰ
ਪੱਖਾਂ ਤੋਂ ਵੀ ਦੇਖਿਆ-ਘੋਖਿਆ ਜਾ ਸਕੇ।
ਸਾਂਝੀਵਾਲਤਾ ਅਤੇ ਗੁਰਬਾਣੀ ਵਿਚਲੇ ਭਗਤ-
ਸਿੱਖ ਦੇ ਇਸ਼ਟ ਤੇ ਸੰਸਾਰ ਤੱਲ ਦੇ ਇਕੋ ਇੱਕ ਗੁਰੂ “ਸਾਹਿਬ
ਸ਼ੂੀ ਗੁਰੂ ਗ੍ਰੰਥ ਸਾਹਿਬ ਜੀ” ਅੰਦਰ ਛੇ ਗੁਰੂ ਹਸਤੀਆਂ ਤੋਂ ਇਲਾਵਾ ਪੰਦਰ੍ਹਾਂ ਭਗਤਾਂ, ਗਿਆਰਾਂ
ਭੱਟਾਂ ਤੇ ਤਿੰਨ ਸਿੱਖਾਂ ਦੀ ਬਾਣੀ ਵੀ ਦਰਜ ਹੈ। ਜੇਕਰ ਇਨ੍ਹਾਂ ਭਗਤਾਂ `ਚੋਂ ਹੀ ਲੈ ਲਵੋ ਤਾਂ
ਕੇਵਲ ਇਹ ਭਗਤ ਹੀ ਭਿੰਨ ਭਿੰਨ ਪ੍ਰਾਂਤਾਂ, ਦੇਸ਼ਾਂ ਤੇ ਧਰਮਾਂ ਜਿਵੇਂ ਅਖੌਤੀ ਸ਼ੂਦਰਾਂ, ਬ੍ਰਾਹਮਣਾ,
ਮੁਸਲਮਾਨਾਂ ਵਿਚੋਂ ਵੀ ਹਨ। ਫ਼ਿਰ ਬਾਕੀ ਗਿਆਰਾਂ ਭਟ ਤਾਂ ਹੈਣ ਹੀ ਮੂਲ ਰੂਪ `ਚ ਬ੍ਰਾਹਮਣ ਕੁਲ ਦੇ
ਤੇ ਤਿੰਨਾਂ `ਚੋਂ ਦੋ ਸਿੱਖ ਵੀ ਮੁਸਲਮਾਨਾਂ ਦੀ ਮਰਾਸੀ ਕੁਲ ਵਿਚੱੋ ਹੀ ਹਨ।
ਇਨ੍ਹਾਂ ਭਗਤਾਂ `ਚ ਬ੍ਰਾਹਮਣ ਕੁਲ ਅਤੇ ਬੰਗਾਲ `ਚ ਪੈਦਾ ਹੋਏ ਭਗਤ ਤਰਲੋਚਨ
ਜੀ। ਫ਼ਿਰ ਬ੍ਰਾਹਮਣ ਕੁਲ `ਚੋਂ ਹੀ ਭਗਤ ਪਰਮਾਨੰਦ, ਰਾਮਾਨੰਦ ਉਪ੍ਰੰਤ ਬ੍ਰਾਹਮਣ ਕੁਲ `ਚ ਹੀ ਜਨਮੇ,
ਗੁਜਰਾਤ ਦੇ ਜੰਮ ਪਲ ਜੈਦੇਵ। ਉਪ੍ਰੰਤ ਇਸਲਾਮ ਮੱਤ ਤੇ ਭਾਰਤ ਤੋਂ ਬਾਹਰ ਪਾਕਪਟਣ `ਚ ਪੈਦਾ ਹੋਏ
ਸੂਫ਼ੀ ਸੰਤ, ਸ਼ੇਖ ਫ਼ਰੀਦ ਜੀ। ਇਸੇ ਤਰ੍ਹਾਂ ਅਖੌਤੀ ਸ਼ੂਦ੍ਰ ਕੁਲ `ਚ ਪੈਦਾ ਹੋਏ ਅਤੇ ਮਹਾਰਾਸ਼ਟਰ ਦੇ
ਜੰਮ ਪਲ ਇਥੇ ਨਾਮਦੇਵ ਜੀ ਵੀ ਹਨ। ਇਨ੍ਹਾਂ ਤੋਂ ਇਲਾਵਾ ਅਖੌਤੀ ਸ਼ੂਦਰ ਕੁਲ `ਚ ਹੀ ਪੈਦਾ ਹੋਏ ਬਨਾਰਸ
`ਚ ਜਨਮੇ ਰਵਿਦਾਸ ਤੇ ਕਬੀਰ ਸਾਹਿਬ ਵੀ ਹਨ। ਜਨਮ ਦੇ ਜੱਟ, ਭਗਤ ਧੰਨਾ ਜੀ ਵੀ ਇਥੇ ਹਨ। ਇਸੇ ਲੜੀ
`ਚ ਭਿੰਨ ਭਿੰਨ ਪ੍ਰਾਂਤਾਂ ਤੇ ਕੁਲਾਂ `ਚ ਪੈਦਾ ਹੋਏ ਭਗਤ ਬੇਣੀ ਜੀ, ਭੀਖਨ ਜੀ, ਸੈਣ ਜੀ, ਪੀਪਾ
ਜੀ, ਸਧਨਾ ਜੀ ਉਪ੍ਰੰਤ ਸੂਰਦਾਸ ਵੀ ਇਥੇ ਹਨ। ਸੂਰਦਾਸ ਜੀ, ਜਿਨ੍ਹਾਂ ਦੀ ਕਿ ਕੇਵਲ ਇੱਕ ਪੰਕਤੀ ਹੀ
ਦਰਜ ਹੋਈ ਹੈ, ਇਹ ਸਾਰੇ ਭਗਤ ਵੀ, ਇਨ੍ਹਾਂ ਪੰਦਰ੍ਹਾਂ ਭਗਤਾਂ ਵਿੱਚੋਂ ਹੀ ਹਨ।
ਖੂਬੀ ਇਹ ਕਿ ਗੁਰਦੇਵ ਨੇ ਇਨ੍ਹਾਂ ਭਗਤਾਂ ਦੀ ਬਾਣੀ ਨੂੰ ਆਪਣੀ ਬਾਣੀ ਦੀ
ਬਰਾਬਰੀ ਦੇਣ ਸਮੇਂ ਇਨ੍ਹਾਂ ਦੀ ਜਾਤ, ਕੁਲ, ਪ੍ਰਾਂਤ ਆਦਿ ਨੂੰ ਸਾਹਮਣੇ ਨਹੀਂ ਰਖਿਆ। ਬਲਕਿ ਇਨ੍ਹਾਂ
ਦੀਆਂ ਰਚਨਾਵਾਂ ਰਾਹੀਂ ਕੇਵਲ ਇਨ੍ਹਾਂ ਦੇ ਜੀਵਨ ਦੀ ਉਸ ਸਫ਼ਲ ਅਵਸਥਾ ਨੂੰ ਸੰਭਾਲਿਆ ਜਿਹੜੀ
“ਪੰਚ ਪਰਵਾਣ ਪੰਚ ਪਰਧਾਨੁ॥ ਪੰਚੇ
ਪਾਵਹਿ ਦਰਗਹਿ ਮਾਨੁ॥ ਪੰਚੇ ਸੋਹਹਿ ਦਰਿ ਰਾਜਾਨੁ॥ ਪੰਚਾ ਕਾ ਗੁਰੁ ਏਕੁ ਧਿਆਨੁ”
(ਬਾਣੀ ਜਪੁ) ਦੀ ਕਸੋਟੀ `ਤੇ ਪੂਰੀ ਉਤਰਦੀ ਸੀ। ਜਦਕਿ
ਇਨ੍ਹਾਂ ਭਗਤਾਂ `ਚੋਂ ਹੀ ਕਬੀਰ, ਨਾਮਦੇਵ, ਰਵੀਦਾਸ, ਜੈਦੇਵ ਆਦਿ ਦੈ ਕੱਚੇ ਜੀਵਨ ਭਾਵ ਜੀਵਨ ਦੀ
ਸਫ਼ਲ ਅਵਸਥਾ `ਚ ਪਹੁੰਚਣ ਤੋਂ ਪਹਿਲਾਂ ਦੀਆਂ ਰਚਨਾਵਾਂ ਵੀ ਪ੍ਰਾਪਤ ਸਨ, ਫ਼ਿਰ ਵੀ ਗੁਰਦੇਵ ਨੇ
ਉਨ੍ਹਾਂ ਰਚਨਾਵਾਂ ਨੂੰ ਗੁਰਬਾਣੀ ਖਜ਼ਾਨੇ ਲਈ ਪ੍ਰਵਾਣ ਨਹੀੰ ਕੀਤਾ।
ਇਨ੍ਹਾਂ ਪੰਦਰ੍ਹਾਂ ਭਗਤਾਂ ਤੋਂ ਇਲਾਵਾ ਇਥੇ ਯਾਰਾਂ ਭੱਟਾਂ ਦੀ ਬਾਣੀ ਵੀ
ਸਵੇਯਾਂ ਦੇ ਰੂਪ `ਚ ਦਰਜ ਹੈ। ਉਹ ਭਟ, ਜਿਹੜੇ ਸਾਰੇ ਦੇ ਸਾਰੇ ਬ੍ਰਾਹਮਣ ਕੁਲ ਨਾਲ ਸਬੰਧਤ ਸਨ।
ਬਲਕਿ ਇਨ੍ਹਾਂ ਸਵੇਯਾਂ `ਚ ਹੀ ਭਟ ਭਿਖਾ ਜੀ, ਖੁਦ ਕਹਿੰਦੇ ਹਨ
“ਬਰਸੁ ਏਕੁ ਹਉ ਫਿਰਿਓ, ਕਿਨੈ ਨਹੁ
ਪਰਚਉ ਲਾਯਉ॥ ਕਹਤਿਅਹ ਕਹਤੀ ਸੁਣੀ, ਰਹਤ ਕੋ ਖੁਸੀ ਨ ਆਯਉ”
(ਪੰ: ੧੩੯੬) ਭਾਵ ਅਸੀਂ ਸਾਰੇ ਪੂਰੇ ਇੱਕ ਸਾਲ ਤੱਕ ਇਧਰ
ਓਧਰ ਭਟਕੇ ਪਰ ਸਾਡੇ ਮਨ ਦੀ ਤਸੱਲੀ ਕਿਧਰੋਂ ਨਾ ਹੋ ਸਕੀ, ਮਨ ਨੂੰ ਟਿਕਾਅ ਨਹੀਂ ਮਿਲਿਆ। ਦੂਜੇ
ਲਫ਼ਜ਼ਾਂ `ਚ ਇਹ ਕੇਵਲ ਗੁਰੂ ਦਰ ਹੀ ਇੱਕ ਅਜਿਹਾ ਦਰ ਹੈ ਜਿੱਥੇ ਪੁੱਜ ਕੇ ਸਾਡੇ ਮਨ ਦੀ ਤਸੱਲੀ ਹੋਈ
ਤੇ ਟਿਕਾਅ ਮਿਲਿਆ। ਸਪਸ਼ਟ ਹੈ ਕਿ ਭਟਾਂ ਅਨੁਸਾਰ ਵੀ ਇਹ ਕੇਵਲ ਗੁਰੂ ਨਾਨਕ ਪਾਤਸ਼ਾਹ ਦਾ ਦਰ ਹੀ ਹੈ
ਜਿੱਥੇ ਅਸਲ ਮਨੁੱਖਾ ਜਨਮ, ਮਨੁੱਖਾ ਜਨਮ ਦੇ ਮਕਸਦ ਤੇ ਸਾਰੀ ਮਾਨਵਤਾ ਦੇ ਇਕੋ ਇੱਕ ਪ੍ਰਮਾਤਮਾ, ਇਕੋ
ਇੱਕ ਮਨੁੱਖੀ ਤੇ ਇਲਾਹੀ ਧਰਮ ਤੇ ਇਕੋ ਇੱਕ ਮਨੁੱਖੀ ਭਰਾਤ੍ਰੀਭਾਵ ਦੀ ਸੋਝੀ ਹੁੰਦੀ ਹੈ।
ਇਥੇ ਆ ਕੇ ਗੁਰੂ ਪਾਤਸ਼ਾਹ ਤੋਂ ਇਹ ਵੀ ਸਮਝ ਆਈ ਹੈ
“ਰਾਜੁ ਜੋਗੁ ਜਿਨਿ ਮਾਣਿਓ”
ਭਾਵ ਧਰਮੀ ਹੋਣਾ ਤੇ ਧਰਮ ਨੂੰ ਕਮਾਉਣਾ, ਦੂਜੇ ਲਫ਼ਜ਼ਾਂ `ਚ
ਧਰਮੀ ਹੋਣ ਦੇ ਨਾਲ ਨਾਲ ਗ੍ਰਿਹਸਥੀ ਤੇ ਸੰਸਾਰੀ ਹੋਣਾ, ਇਕੋ ਜੀਵਨ ਦੇ ਦੋ ਪਹਿਲੂ ਹਨ। ਇਹ ਵੱਖ ਵੱਖ
ਜੀਵਨ ਰਾਹ ਨਹੀਂ ਹਨ ਜਿਵੇਂ ਕਿ ਲੰਮੇ ਸਮੇਂ ਤੋਂ ਪ੍ਰਚਾਰ ਹੋ ਰਿਹਾ ਹੈ ਕਿ ਧਰਮੀ ਹੋਣਾ ਹੋਰ ਗੱਲ
ਹੈ ਤੇ ਗ੍ਰਹਿਸਥੀ ਅਥਵਾ ਸੰਸਾਰੀ ਹੋਣਾ ਹੋਰ ਗੱਲ ਹੈ ਤੇ ਇਸੇ ਤਰ੍ਹ੍ਰਾਂ ਹੋਰ ਵੀ ਬਹੁਤ ਕੁਝ। ਇਸ
ਤਰ੍ਹਾਂ ਇਹ ਕੇਵਲ ਗੁਰੂ ਦਾ ਦਰ ਹੀ ਇਕੋ ਇੱਕ ਜੀਵਨ ਰਾਹ ਹੈ ਜਿੱਥੇ ਪੁੱਜ ਕੇ ਸਾਡੇ ਮਨਾਂ ਨੂੰ ਸਹੀ
ਅਰਥਾਂ `ਚ ਟਿਕਾਅ ਪ੍ਰਾਪਤ ਹੋਇਆ ਤੇ ਮਨਾਂ ਦੀ ਤਸੱਲੀ ਹੋਈ ਹੈ। ਨਹੀਂ ਤਾਂ ਅਸੀਂ ਸਾਲ ਭਰ ਤੋਂ ਇਸੇ
ਮਾਨਸਕ ਸ਼ਾਂਤੀ ਲਈ ਹੀ ਭਟਕ ਰਹੇ ਸਾਂ।
ਇਨ੍ਹਾਂ ਤੋਂ ਇਲਾਵਾ ਇਥੇ ਸਤਾ ਤੇ ਬਲਵੰਡ ਵੀ ਹਨ, ਜਿਹੜੇ ਇਸਲਾਮ ਮੱਤ ਬਲਕਿ
ਇਸਲਾਮ ਮੱਤ ਅਨੁਸਾਰ ਵੀ ਸਭ ਤੋਂ ਨੀਵੀਂ ਤੇ ਮਰਾਸੀ ਕੁਲ `ਚੋਂ ਸਨ, ਸੱਚ ਧਰਮ ਦੀ ਕਸੌਟੀ `ਤੇ ਪੂਰੀ
ਉਤਰਣ ਵਾਲੀ, ਉਨ੍ਹਾਂ ਦੀ ਵਾਰ ਵੀ ਇਥੇ ਦਰਜ ਹੈ। ਇਸ ਤਰ੍ਹਾਂ ਸਿੱਖ ਧਰਮ ਦੇ ਇਕੋ ਇੱਕ ਇਸ਼ਟ ਤੇ
ਸੰਸਾਰ ਦੇ ਇਕੋ ਇੱਕ ਰਹਿਬਰ ਗੁਰੂ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਤੋਂ ਵੱਡਾ ਤੇ ਸੰਸਾਰ
ਤੱਲ `ਤੇ ਸਾਂਝੀਵਾਲਤਾ ਦਾ ਨਾ ਕੋਈ ਸਬੂਤ ਹੈ ਤੇ ਨਾ ਮਿਲੇਗਾ ਹੀ। ਫ਼ਿਰ ਇਸ “ਸਾਹਿਬ ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ” ਵਿਚਲੀ ਭਗਤਾਂ ਦੀ ਸਾਂਝੀਵਾਲਤਾ ਵਾਲੀ ਬੁਨਿਆਦ ਕਿੱਥੇ ਹੈ? ਅਸਾਂ ਉਸ ਨੂੰ ਵੀ
ਅਸਾਂ ਇਥੇ ਘੋਖਣਾ ਹੈ।
ਸਾਂਝੀਵਾਲਤਾ ਦੀ ਬੁਨਿਆਦ ਕਿਥੇ? -
ਸੰਸਾਰ ਤੱਲ `ਤੇ ਸਪਸ਼ਟ ਹੈ ਕਿ ਸਿੱਖ ਧਰਮ ਦੀ ਵਿਚਾਰਧਾਰਾ
ਦਾ ਧੁਰਾ ਕੇਵਲ ਤੇ ਕੇਵਲ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਹੀ ਹਨ। ਉਹ “ਸਾਹਿਬ ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ” ਜਿਨ੍ਹਾਂ ਨੇ ਸਭ ਤੋਂ ਪਹਿਲਾਂ ਸੰਸਾਰ `ਚ ਇਸ ਇਲਾਹੀ ਸੱਚ ਨੂੰ ਪ੍ਰਗਟ ਕੀਤਾ
ਕਿ:
(੧) ਸਮੂਚੀ ਰਚਨਾ ਦਾ ਕਰਤਾ ਤੇ ਸਮੂਚੇ ਮਨੁੱਖ ਮਾਤ੍ਰ ਦਾ ਜਨਮ ਦਾਤਾ ਇਕੋ
ਇੱਕ ਅਕਾਲਪੁਰਖ ਹੈ। ਅਕਾਲਪੁਰਖ ਜਨਮ ਮਰਣ `ਚ ਨਹੀਂ ਆਉਂਦਾ ਤੇ ਆਪਣੇ ਆਪ ਤੋਂ ਹੈ। ਉਸ ਪ੍ਰਭੂ ਦਾ
ਆਪਣਾ ਕੋਈ ਵਿਸ਼ੇਸ਼ ਰੰਗ ਰੂਪ ਤੇ ਸ਼ਕਲ ਜਾਂ ਪਹਿਚਾਣ ਨਹੀਂ ਬਲਕਿ ਸਾਰੀ ਰਚਨਾ ਹੀ ਉਸ ਦੀ ਪਹਿਚਾਣ, ਉਸ
ਦੀ ਹੋਂਦ ਦਾ ਪ੍ਰਗਟਾਵਾ ਹੈ। ਹੋਰ ਤਾਂ ਹੋਰ, ਪ੍ਰਭੂ ਦਾ ਆਪਣਾ ਵਾਸਾ ਵੀ ਆਪਣੀ ਇਸ ਰਚਨਾ ਦੇ ਜ਼ਰੇ
ਜ਼ਰੇ `ਚ ਵਿਆਪਕ ਹੈ।
(੨) ਸਮੂਚੇ ਮਨੁਖ ਮਾਤ੍ਰ ਦਾ ‘ਗੁਰੂ ਇਕੋ ਹੈ, ਭਿੰਨ ਭਿੰਨ ਗੁਰੂ ਨਹੀਂ ਹਨ।
ਇਹ ਗੁਰੂ, ਸਰੀਰ ਨਹੀਂ ਬਲਕਿ ਅਕਾਲਪੁਰਖੀ ਆਤਮਕ ਗਿਆਨ ਹੈ ਜੋ ਕਰਤੇ ਤੋਂ ਭਿੰਨ ਨਹੀਂ। ਮਨੁੱਖਾ ਜਨਮ
ਦੀ ਸੰਭਾਲ ਤੇ ਇਸ ਦੀ ਵਿਸ਼ੇਸ਼ ਲੋੜ ਲਈ ਕਰਤੇ ਦਾ ਹੀ ਨਿਗ ਗੁਣ ਹੈ। ਇਸੇ ਗੁਰੂ ਨੂੰ ਬਾਣੀ `ਚ ਸ਼ਬਦ
ਗੁਰੂ, ਵਿਵੇਕ ਬੁਧ, ਸਤਿਗੁਰੂ (ਸਦਾ ਥਿਰ ਗੁਰੂ) ਤੇ ਸਦੀਵੀ ਗੁਰੂ ਆਦਿ ਵੀ ਕਿਹਾ ਹੈ। ਇਹ ਗੁਰੂ
ਚੂੰਕਿ ਅਕਾਲਪੁਰਖ ਤੋਂ ਭਿੰਨ ਨਹੀਂ, ਇਸ ਲਈ ਇਹ ਗੁਰੂ ਵੀ ਜਨਮ ਮਰਣ `ਚ ਨਹੀਂ ਆਉਂਦਾ ਤੇ ਸਦੀਵੀ
ਹੈ।
ਗੁਰਬਾਣੀ ਰਾਹੀਂ ਇਹ ਵੀ ਸਪਸ਼ਟ ਕੀਤਾ ਹੈ ਕਿ ਮਨੁੱਖਾ ਜੀਵਨ ਅੰਦਰ, ਆਤਮਕ
ਅਥਵਾ ਇਸ ਗੁਰੂ ਵਾਲੇ ਗਿਆਨ ਦੀ ਕਮਾਈ ਬਿਨਾ-ਮਨੁੱਖ, ਮਨੁੱਖਾ ਜੀਵਨ ਦੀ ਸਫ਼ਲਤਾ ਵਾਲੇ ਮਕਸਦ ਵੱਲ
ਵਧਣਾ ਤਾਂ ਦੂਰ, ਇਸ ਦੀ ਪਹਿਚਾਣ ਵੀ ਨਹੀਂ ਕਰ ਸਕਦਾ। ਗੁਰੂ ਵਾਲੇ ਗਿਆਨ ਦੀ ਕਮਾਈ ਨਾਲ ਹੀ ਮਨੁੱਖ
ਅੰਦਰੋਂ ਆਪਾ ਭਾਵ (ਹਉਮੈ) ਮਿਟਦਾ ਹੈ। ਇਸੇ ਤੋਂ ਮਨੁੱਖਾ ਜੀਵਨ ਅੰਦਰ ਖਿਮਾ, ਧੀਰਜ, ਸੰਤੋਖ,
ਪਰਉਪਕਾਰ, ਦਇਆ ਆਦਿ ਇਲਾਹੀ ਗੁਣ ਉਪਜਦੇ ਹਨ। ਗੁਰੂ ਗਿਆਨ ਰਾਹੀਂ ਹੀ, ਮਨੁੱਖ ਜੀਉਂਦੇ ਜੀਅ, ਆਪਣੇ
ਅੰਦਰ ਵੱਸ ਰਹੇ ਕਰਤੇ ਪ੍ਰਭੂ `ਚ ਅਭੇਦ ਹੁੰਦਾ ਹੈ। ਮਨੁੱਖਾ ਜੀਵਨ ਦੀ ਇਸੇ ਅਵਸਥਾ ਨੂੰ
ਜੀਵਨਮੁੱਕਤ, ਸਫ਼ਲ ਜੀਵਨ, ਸਚਿਆਰਾ ਤੇ ਗੁਰਮੁਖ ਆਦਿ ਵੀ ਕਿਹਾ ਹੈ। ਜੀਵਨ ਦੀ ਇਸ ਅਵਸਥਾ ਨੂੰ
ਪ੍ਰਾਪਤ ਮਨੁੱਖ ਸਦਾ ਲਈ ਜਨਮ ਮਰਣ, ਜੂਨਾਂ, ਗਰਭਾਂ ਦੇ ਗੇੜ੍ਹ ਤੇ ਕੀਤੇ ਹੋਏ ਕਰਮਾਂ ‘ਤੋਂ ਵੀ
ਮੁਕਤ ਹੋ ਜਾਂਦਾ ਹੈ।
(੩) ਗੁਰਬਾਣੀ ਰਾਹੀਂ ਸਪਸ਼ਟ ਕੀਤਾ ਗਿਆ ਹੈ ਕਿ ਸਮੂਚੇ ਮਨੁੱਖ ਮਾਤ੍ਰ ਲਈ,
ਇਲਾਹੀ, ਰੱਬੀ ਤੇ ਸੱਚ ਧਰਮ ਵੀ ਇਕੋ ਹੈ। ਅਕਾਲਪੁਰਖ ਵੱਲੋਂ ਮਨੁੱਖ-ਮਨੁੱਖ ਦੇ ਧਰਮ ਭਿੰਨ ਭਿੰਨ
ਮਿਥੇ ਹੋਏ ਨਹੀਂ ਹਨ, ਜਿਵੇਂ ਕਿ ਮਨੁੱਖ ਨੇ ਆਪਣੇ ਹਜ਼ਾਰਾਂ ਧਰਮ ਖ਼ੁਦ ਮਿੱਥ ਰਖੇ ਹਨ। ਇਕੋ ਇੱਕ
ਇਲਾਹੀ ਸੱਚ ਧਰਮ ਤੋਂ ਬਾਅਦ, ਬਾਕੀ ਸਾਰੇ ਧਰਮ ਮਨੁੱਖ ਦੀ ਅਗਿਆਨਤਾ, ਹਉਮੈ ਤੇ ਸੁਆਰਥ ਦੀ ਉਪਜ ਹਨ।
ਇਸੇ ਲਈ ਇਹ ਮਿਥੇ ਹੋਏ ਤੇ ਬਨਾਵਟੀ ਧਰਮ, ਮਨੁੱਖ, ਮਨੁੱਖ ਵਿਚਕਾਰ ਵਿਤਕਰੇ ਤੇ ਫ਼ਾਸਲੇ ਪੈਦਾ ਕਰਦੇ
ਹਨ। ਇਸ ਤਰ੍ਹਾਂ ਇਨ੍ਹਾਂ ਬਨਾਵਟੀ ਤੇ ਮਿਥੇ ਹੋਏ ਧਰਮਾ ਕਾਰਨ ਮਨੁੱਖ ਆਪਣੇ ਇਕੋ ਇੱਕ ਭਾਈਚਾਰੇ ਤੇ
ਭਰਾਤ੍ਰੀਭਾਵ ਦੀ ਪਹਿਚਾਣ ਵੀ ਨਹੀਂ ਕਰ ਸਕਦਾ।
(੪) ਇਸੇ ਲੜੀ `ਚ ਗੁਰਦੇਵ ਨੇ ਗੁਰਬਾਣੀ ਰਾਹੀਂ ਇਹ ਵੀ ਸਪਸ਼ਟ ਕੀਤਾ ਹੈ ਕਿ
ਸੰਪੂਰਣ ਮਨੁੱਖ ਮਾਤ੍ਰ ਦਾ ਭਾਈਚਾਰਾ ਵੀ ਇਕੋ ਹੈ। ਕਾਲੇ ਗੋਰੇ, ਇਸਤ੍ਰੀ-ਪੁਰਖ, ਬ੍ਰਾਹਮਣ, ਖਤ੍ਰੀ,
ਵੈਸ਼, ਸ਼ੂਦਰ ਆਦਿ ਜਾਤਾਂ-ਪਾਤਾਂ-ਗੋਤਾਂ, ਸੁੱਚਾਂ-ਭਿਟਾਂ-ਪ੍ਰਛਾਵਿਆਂ ਉਪ੍ਰੰਤ ਦੇਸ਼ੀ-ਵਿਦੇਸ਼ੀ,
ਇਲਾਕਿਆਂ, ਕਬੀਲਿਆਂ, ਭਾਸ਼ਾਵਾਂ, ਜਾਂ ਭਿੰਨ ਭਿੰਨ ਧਰਮਾਂ ਦੇ ਨਾਮ ਹੇਠ ਮਨੁੱਖ-ਮਨੁੱਖ ਵਿਚਕਾਰ
ਵੰਡੀਆਂ ਤੇ ਦਿਵਾਰਾਂ, ਮਨੁੱਖ ਦੀ ਆਪਣੀ ਅਗਿਆਨਤਾ ਦੀ ਉਪਜ ਹਨ। ਗੁਰਬਾਣੀ ਰੋਸ਼ਨੀ `ਚ ਇਸ ਅਗਿਆਨਤਾ
ਚੋਂ ਨਿਕਲਣ ਤੋਂ ਬਾਅਦ ਹੀ ਸਮਝ ਆਉਂਦੀ ਹੈ-ਮਨੁੱਖ ਮਨੁੱਖ ਵਿੱਚਲੇ ਸੱਚੇ, ਅਸਲ ਤੇ ਇਕੋ ਇੱਕ
ਭ੍ਰਾਤਰੀਭਾਵ ਦੀ।
“ਗੁਰਬਾਣੀ ਇਸੁ ਜਗ ਮਹਿ ਚਾਨਣੁ” - ਦਰਅਸਲ
ਇਸ ਤਰ੍ਹਾਂ ਇਹ ਸਭ ਗੁਰਬਾਣੀ ਸੱਚ ਦਾ ਹੀ ਕ੍ਰਿਸ਼ਮਾ ਸੀ ਕਿ ਸੰਸਾਰ ਨੂੰ ਸਮਝ ਆਉਣ ਲਗ ਪਈ ਕਿ
ਸੰਪੂਰਣ ਰਚਨਾ ਦਾ ਕਰਤਾ ਇੱਕ ਅਕਾਲਪੁਰਖ ਹੀ ਹੈ, ਉਸ ਤੋਂ ਬਿਨਾ ਹੋਰ ਕੋਈ ਦੂਜਾ ਹੈ ਹੀ ਨਹੀਂ।
ਉਪ੍ਰੰਤ ਸਾਰੇ ਮਨੁੱਖ ਮਾਤ੍ਰ ਦਾ ਇਕੋ ਇੱਕ ਗੁਰੂ ਹੈ, ਭਿੰਨ ਭਿੰਨ ਗੁਰੂ ਨਹੀਂ ਹਨ। ਇਹ ਵੀ ਕਿ
ਸਾਰੇ ਮਨੁੱਖਾਂ ਦਾ ਧਰਮ, ਇਕੋ ਇੱਕ ਇਲਾਹੀ ਤੇ ਸੱਚ ਧਰਮ ਅਤੇ ਇਸੇ ਤਰ੍ਹਾਂ ਸਾਰੇ ਮਨੁੱਖ ਮਾਤ੍ਰ ਦਾ
ਭਾਈਚਾਰਾ ਵੀ ਇੱਕ ਹੀ ਹੈ। ਇਹ ਤੇ ਅਜਿਹੀਆਂ ਹੋਰ ਬੇਅੰਤ ਇਲਾਹੀ ਸਚਾਈਆਂ ਦਾ ਪ੍ਰਗਟਾਵਾ ਹੀ ਸੀ
ਜਿਨ੍ਹਾਂ ਨੇ ਬਿਨਾ ਵਿਤਕਰਾ ਮਨੁੱਖ ਦੇ ਜੀਵਨ ਲਈ
“ਗੁਰਬਾਣੀ ਇਸੁ ਜਗ ਮਹਿ ਚਾਨਣੁ”
(ਪੰ: ੬੭) ਅਨੁਸਾਰ ਸੰਸਾਰ ਦੀ ਜੀਵਨ ਰਹਿਣੀ `ਚ
ਕੇਵਲ ਕੁੱਝ ਸਮੇਂ `ਚ ਹੀ ਪਲਟਾ ਲੈ ਆਂਦਾ।
ਇਹੀ ਕਾਰਨ ਸਨ ਕਿ ਗੁਰੂ ਨਾਨਕ ਪਾਤਸ਼ਾਹ ਦੇ ਸਨਮੁੱਖ ਬਾਬਰ ਵਰਗੇ ਜਾਬਰਾਂ,
ਭੂਮੀਏ ਵਰਗੇ ਚੋਰਾਂ, ਭਾਗੋ ਵਰਗੇ ਜਾਗੀਰਦਾਰਾਂ, ਸੱਜਨ ਠੱਗ ਵਰਗੇ ਮਨੁੱਖਤਾ ਤੇ ਮਨੁੱਖਾਂ ਦੇ
ਕਾਤਿਲਾਂ, ਕੌਡੇ ਵਰਗੇ ਮਾਨਸ ਤੱਲ ਖਾਣੇ ਭੀਲਾਂ ਉਪ੍ਰੰਤ ਬ੍ਰਾਹਮਣਾ, ਜੋਗੀਆਂ, ਕਾਜ਼ੀਆਂ, ਸਰੇਵੜਿਆਂ
ਆਦਿ ਭਿੰਨ ਭਿੰਨ ਧਰਮਾਂ ਦੇ ਕੁਰਾਹੇ ਪਏ ਆਗੂਆਂ ਸਮੇਤ ਦੇਸ਼-ਵਿਦੇਸ਼ਾਂ ਦੇ ਸੰਪ੍ਰਦਾਵਾਂ ਨੇ ਨਿਜੀ ਤੇ
ਸਮਾਜਕ ਤੌਰ `ਤੇ ਗੁਰਬਾਣੀ ਰਾਹੀਂ ਪ੍ਰਗਟ ਸੱਚ ਧਰਮ ਦੀ ਅਜ਼ਮਤ ਸਾਹਮਣੇ ਸਿਰ ਝੁਕਾਇਆ। ਇਸ ਤਰ੍ਹਾਂ
ਹਰੇਕ ਨੇ ਗੁਰਬਾਣੀ ਰਾਹੀਂ ਪ੍ਰਗਟ ਸੱਚ ਧਰਮ ਨਾਲ ਆਪਣੇ ਜੀਵਨ ਨੂੰ ਉਜਲਾ ਕੀਤਾ ਅਤੇ ਸੱਚ ਧਰਮ ਦੇ
ਪਾਂਧੀ ਬਣੇ।
ਭਾਈ ਗੁਰਦਾਸ ਜੀ ਦੇ ਲਫ਼ਜ਼ਾਂ `ਚ
“ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਧ
ਜਗ ਚਾਨਣ ਹੋਆ॥ ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ॥ ਸਿੰਘ ਬੁਕੇ ਮਿਰਗਾਵਲੀ, ਭੰਨੀ
ਜਾਏ ਨ ਧੀਰ ਧਰੋਆ॥ ਜਿਥੈ ਬਾਬਾ ਪੈਰ ਧਰੈ, ਪੂਜਾ ਆਸਣ ਥਾਪਣ ਸੋਆ॥ ਸਿਧ ਆਸਣ ਸਭ ਜਗਤ ਦੇ, ਨਾਨਕ ਆਦ
ਮਤੇ ਜੇ ਕੋਆ॥ ਘਰ ਘਰ ਅੰਦਰ ਧਰਮਸਾਲ, ਹੋਵੈ ਕੀਰਤਨ ਸਦਾ ਵਿਸੋਆ॥ ਬਾਬੇ ਤਾਰੇ ਚਾਰ ਚਕ, ਨੌ ਖੰਡ
ਪ੍ਰਿਥਮੀ ਸਚਾ ਢੋਆ॥ ਗੁਰਮੁਖ ਕਲਿ ਵਿੱਚ ਪਰਗਟ ਹੋਆ”
(ਭਾ: ਗੁ: ਵਾਰ ੧/੨੭) ਅਤੇ
“ਗੜ੍ਹ ਬਗਦਾਦ ਨਿਵਾਇਕੈ, ਮਕਾ ਮਦੀਨਾ ਸਭ ਨਿਵਾਯਾ॥ ਸਿਧ ਚੌਰਾਸੀਹ ਮੰਡਲੀ,
ਖਟ ਦਰਸ਼ਨ ਪਾਖੰਡ ਜਣਾਯਾ” (ਭਾ: ਗੁ: ਵਾਰ ੧/੩੭)
ਭਾਈ ਸਾਹਿਬ ਨੇ ਆਪਣੇ ਕਬਿਤਾਂ, ਸਵੇਯਾਂ `ਚ ਗੁਰਮੱਤ ਤੇ ਗੁਰਬਾਣੀ ਗਿਆਨ ਦੀ ਵਿਆਖਿਆ ਤੋਂ ਇਲਾਵਾ
ਛੇਵੇਂ ਜਾਮੇ ਤੱਕ ਦੇ ਹੋਰ ਵੀ ਕਈ ਇਤਿਹਾਸਕ ਵੇਰਵੇ ਤੇ ਟੂਕਾਂ ਦਿੱਤੀਆਂ ਹਨ। ਬਲਕਿ ਪਹਿਲੇ ਪਾਤਸ਼ਾਹ
ਰਾਹੀਂ ਹੀ ਬਰਮਾ, ਚੀਨ, ਰੂਸ ਆਦਿ ਭਿੰਨ ਭਿੰਨ ਦੇਸ਼ਾਂ `ਚ ਪੁੱਜ ਕੇ ਗੁਰਬਾਣੀ ਵਾਲੇ ਇਸ ਸਰਬ ਸਾਂਝੇ
ਤੇ ਸੱਚ ਧਰਮ ਦੇ ਪ੍ਰਚਾਰ ਦੇ ਸਬੂਤ ਵੀ ਅੱਜ ਮਿਲ ਰਹੇ ਹਨ।
“ਮਨੂੰ ਸਾਡੀ ਦਾਤਰੀ” -
ਇਸੇ ਮਨੁੱਖੀ ਸਾਂਝੀਵਾਲਤਾ ਦਾ ਨਤੀਜਾ ਸੀ ਕਿ ਜਦੋਂ ਦਸਮੇਸ਼ ਪਿਤਾ ਨੇ ਨੰਗੀ ਤਲਵਾਰ ਦੀ ਧਾਰ `ਤੇ
ਪੰਥ ਦਾ ਇਮਤਿਹਾਨ ਲਿਆ ਤਾਂ ਪਹਿਲੇ ਨਿਤਰਣ ਵਾਲੇ ਪੰਜ ਪਿਆਰਿਆਂ ਵਿੱਚੋਂ ਹੀ ਪੂਰੇ ਭਾਰਤ ਦੇ ਵੱਖ
ਵੱਖ ਪ੍ਰਾਂਤਾਂ ਤੇ ਕੋਣਿਆਂ ਦੇ ਵਾਸੀ ਸਨ। ਫ਼ਿਰ ਇਨਾਂ ਹੀ ਨਹੀਂ, ਉਨ੍ਹਾਂ ਪੰਜਾਂ ਵਿੱਚੋਂ ਵੀ ਜਨਮ
ਕਰਕੇ ਚਾਰ ਉਨ੍ਹਾਂ ਦਲਿਤ ਤੇ ਅਖੌਤੀ ਸ਼ੂਦਰ ਜਾਤੀਆਂ `ਚੋਂ ਸਨ ਜਿਨ੍ਹਾਂ ਦੇ ਪੂਰਵਜ ਬਹੁਤਾ ਕਰਕੇ
ਪੰਜਵੇਂ ਜਾਂ ਛੇਵੇਂ ਜਾਮੇਂ ਸਮੇਂ ਗੁਰੂ ਦਰ `ਤੇ ਆਏ ਸਨ।
ਉਪ੍ਰੰਤ ਸਿੱਖ ਸ਼ਹੀਦਾਂ ਦੀਆਂ ਕਤਾਰਾਂ, ਜਿਨ੍ਹਾਂ ਨਾਲ ਸਿੱਖ ਇਤਿਹਾਸ ਭਰਿਆ
ਪਿਆ ਹੈ, ਕਿਥੋਂ ਆਈਆਂ? ਇਹ ਆਪਣੇ ਆਪ `ਚ ਸਮੂਚੇ ਮਨੁੱਖ ਮਾਤ੍ਰ ਦਾ ਸਿੱਖ ਅਥਵਾ ਗੁਰਬਾਣੀ
ਵਿਚਾਰਧਾਰਾ ਦੇ ਸਾਂਝੀਵਾਲਤਾ ਵਾਲੇ ਸੱਚ ਦੇ ਸਾਹਮਣੇ ਸਮਰਪਣ ਹੀ ਸੀ। ਮੀਰ ਮਨੂੰ ਦੇ ਸਮੇਂ ਦਾ
ਪ੍ਰਚਲਣ “ਮਨੂੰ ਸਾਡੀ ਦਾਤਰੀ, ਅਸੀਂ ਮਨੂੰ ਦੇ ਸੋਏ, ਜਿਉਂ ਜਿਉਂ ਮਨੂੰ ਕੱਟਦਾ, ਅਸੀਂ ਦੂਨ ਸਵਾਏ
ਹੋਏ” ਵੀ ਗੁਰਬਾਣੀ ਦੇ ਇਸੇ ਮਨੁੱਖੀ ਸਾਂਝੀਵਾਲਤਾ ਵਾਲੇ ਸੱਚ ਨੂੰ ਹੀ ਪ੍ਰਗਟ ਕਰ ਰਿਹਾ ਹੈ।
ਇਥੇ ਹੀ ਬੱਸ ਨਹੀਂ ਬਾਬਾ ਬੰਦਾ ਸਿੰਘ ਬਹਾਦੁਰ ਦੀਆਂ ਜੰਗਾਂ ਤੇ ਉਨ੍ਹਾਂ
ਰਾਹੀਂ ਖਾਲਸਾ ਰਾਜ ਦੀ ਕਾਇਮੀ, ਉਪ੍ਰੰਤ ਜਸਾ ਸਿੰਘ ਆਹਲੂਵਾਲੀਆ, ਨਵਾਬ ਕਪੂਰ ਸਿੰਘ ਤੇ ਮਹਾਰਾਜਾ
ਰਣਜੀਤ ਸਿੰਘ ਰਾਹੀਂ ਸਿੱਖ ਰਾਜ ਦਾ ਕਾਇਮ ਕਰਣਾ, ਭਾਰਤ ਦੀ ਆਜ਼ਾਦੀ ਦੀ ਲੜਾਈ ਦੌਰਾਨ ਆਜ਼ਾਦ ਹਿੰਦ
ਫ਼ੌਜ, ਕੂਕਾ ਅਥਵਾ ਨਾਮਧਾਰੀ ਲਹਿਰ, ਗਦਰ ਪਾਰਟੀ ਦਾ ਇਤਿਹਾਸ, ਬਬਰ ਅਕਾਲੀ ਲਹਿਰ, ਗੁਰਦੁਆਰਿਆਂ ਦੀ
ਆਜ਼ਾਦੀ ਲਈ ਮੋਰਚਿਆਂ ਦਾ ਲੰਮਾਂ ਚੌੜਾ ਇਤਿਹਾਸ ਤੇ ਇਨ੍ਹਾਂ ਮੋਰਚਿਆਂ ਸਮੇਂ ਜ਼ਾਲਮ ਹਕੂਮਤਾਂ ਦੀ
ਬਰਬਰਤਾ ਦਾ ਖਿੜੇ ਮੱਥੇ ਟਾਕਰਾ; ਆਖਿਰ ਇਸ ਸਾਰੇ ਦੀ ਜੜ੍ਹ ਕਿੱਥੇ ਸੀ?
ਇਨ੍ਹਾਂ ਸਾਰੀਆਂ ਜੰਗਾਂ ਤੇ ਲਹਿਰਾਂ `ਚ ੮੫% ਤੋਂ ਵਧ ਗੁਰੂ ਕੇ ਸਿੱਖਾਂ
ਦੀਆਂ ਹੀ ਕੁਰਬਾਨੀਆਂ ਸਨ। ਜਦਕਿ ਇਸ ਸਾਰੇ ਦਾ ਮੂਲ ਸੀ, ਗੁਰਬਾਣੀ ਤੇ ਗੁਰੂ ਸਾਹਿਬਾਨ ਰਾਹੀਂ
ਮਨੁੱਖ ਮਾਤ੍ਰ ਲਈ ਸੱਚ ਧਰਮ ਤੇ ਸਾਂਝੀਵਾਲਤਾ ਦਾ ਅਮਲੀ ਪ੍ਰਗਟਾਵਾ। ਉਸ ਕਾਰਨ ਹੀ ਲੋਕਾਈ ਦੇ ਮਨਾਂ
ਅੰਦਰ ਗੁਰੂ ਦਰ ਤੇ ਸਿੱਖ ਧਰਮ ਲਈ ਬੇਸ਼ੁਮਾਰ ਖਿੱਚ ਵੀ ਸੀ। ਫ਼ਿਰ ਲੋਕਾਈ ਚਾਹੇ ਪਾਹੁਲ ਲੈ ਕੇ ਤੇ
ਸਿੱਖ ਧਰਮ `ਚ ਪ੍ਰਵੇਸ਼ ਕਰਕੇ ਸਿੱਖੀ ਅਥਵਾ ਗੁਰਬਾਣੀ ਵਿਚਾਰਧਾਰਾ ਤੋਂ ਕੁਰਬਾਣ ਹੁੰਦੀ ਗਈ ਜਾਂ
ਸ਼ਮਾਂ ਦੇ ਪ੍ਰਵਾਣੇ ਵਾਂਗ ਇਸ ਪਾਸੇ ਖਿੱਚੀ ਆਉਣ ਕਰਕੇ ਆਪਣੀ ਕੁਰਬਾਣੀਆਂ ਦਿੰਦੀ ਰਹੀ। ਇਥੇ ਤਾਂ
ਗੁਰਬਾਣੀ ਰਾਹੀਂ ਪ੍ਰਗਟ ਮਨੁੱਖੀ ਸ਼ਾਂਝੀਵਲਤਾ ਤੇ ਮਨੁੱਖ ਮਾਤ੍ਰ ਦੇ ਜੀਵਨ ਅੰਦਰ ਸੱਚ ਧਰਮ ਦੇ
ਪ੍ਰਕਾਸ਼ ਦਾ ਹੀ ਕ੍ਰਿਸ਼ਮਾ ਸੀ ਕਿ ਕਲ ਤੱਕ ਦਾ ਕਮਜ਼ੋਰ, ਗੁਲਾਮ ਤੇ ਬ੍ਰਾਹਮਣੀ ਕਿਸਮਤ ਦੇ ਆਸਰੇ ਹਰੇਕ
ਜ਼ੁਲਮ-ਧੱਕਾ ਸਹਿਣ ਕਰਣ ਦਾ ਆਦੀ ਹੋ ਚੁੱਕਾ ਮਨੁੱਖ, ਕੁੱਝ ਹੀ ਸਮੇਂ `ਚ ਜੀਵਨ ਦੀ ਮਜ਼ਬੂਤ ਤੇ ਉਚਤੱਮ
ਆਤਮਕ ਅਵਸਥਾ ਨੂੰ ਪ੍ਰਾਪਤ ਹੋ ਗਿਆ। ਵੱਡੀਆਂ ਤੋਂ ਵੱਡੀਆਂ ਕੁਰਬਾਣੀਆਂ ਦੇ ਕੇ ਵੀ ਅਣਖ ਤੇ ਗ਼ੈਰਤ
ਨਾਲ ਸੱਚ ਧਰਮ ਤੇ ਮਨੁੱਖੀ ਸਾਂਝੀਵਾਲਤਾ ਦੀ ਪਹਿਰੇਦਾਰੀ ਕਰਣ ਲਗ ਪਿਆ।
“ਨਾਨਕ ਅਵਰੁ ਨ ਜੀਵੈ ਕੋਇ” -
ਉਹ ਮਨੁੱਖ ਜੋ ਸਦੀਆਂ ਤੱਕ ਗ਼ੁਲਾਮੀ ਦੇ ਸੰਗਲਾਂ `ਚ ਬੱਝਾ
ਰਿਹਾ। ਜਿਸ ਭਾਰਤ ਦੀਆਂ ਬੱਚੀਆਂ ਤੇ ਬੱਚੇ, ਗਜ਼ਨੀ ਦੇ ਬਾਜ਼ਾਰਾਂ `ਚ ਟਕੇ ਟਕੇ `ਚ ਨਿਲਾਮ ਹੁੰਦੇ
ਰਹੇ। ਦੇਸ਼ੀ ਤੇ ਚਾਹੇ ਉਸ ਤੋਂ ਬਾਅਦ ਵਿਦੇਸ਼ੀ ਵੀ, ਉਸੇ ਮਨੁੱਖ ਦਾ ਜੀਵਨ ਜਦੋਂ ਗੁਰਬਾਣੀ ਤੋਂ
ਪ੍ਰਗਟ “ਸੋ ਜੀਵਿਆ, ਜਿਸੁ
ਮਨਿ ਵਸਿਆ ਸੋਇ॥ ਨਾਨਕ ਅਵਰੁ ਨ ਜੀਵੈ ਕੋਇ॥ ਜੇ ਜੀਵੈ, ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛੁ
ਖਾਇ॥ ਰਾਜਿ ਰੰਗੁ, ਮਾਲਿ ਰੰਗੁ, ਰੰਗਿ ਰਤਾ, ਨਚੈ ਨੰਗੁ॥ ਨਾਨਕ ਠਗਿਆ ਮੁਠਾ ਜਾਇ॥ ਵਿਣੁ ਨਾਵੈ ਪਤਿ
ਗਇਆ ਗਵਾਇ” (ਪੰ: ੧੪੨) ਪ੍ਰਭੂ ਦੀ ਸਿਫ਼ਿਤ ਸਲਾਹ
ਤੋਂ ਪੈਦਾ ਹੋਈ ਸਾਂਝੀਵਾਲਤਾ ਤੇ ਅਣਖ ਗ਼ੈਰਤ ਨਾਲ ਭਰਪੂਰ ਇਕੋ ਇੱਕ ਮਨੁੱਖੀ ਸੱਚ ਧਰਮ ਤੇ ਸਚੇ
ਭਰਾਤ੍ਰੀਭਾਵ ਦੇ ਸਾਂਚੇ `ਚ ਢਾਲਿਆ ਜਾ ਕੇ ਬਲਸ਼ਾਲੀ ਹੋ ਗਿਆ। ਉਸੇ ਦਾ ਨਤੀਜਾ, ਕਲ ਤੱਕ ਦੇ ਬੇਗ਼ੈਰਤ
ਮਨੁੱਖ ਨੇ ਜਦੋਂ ਸਿੱਖ ਦੇ ਰੂਪ `ਚ ਛੇਵੇਂ ਪਾਤਸ਼ਾਹ ਦੀ ਕਮਾਨ `ਚ ਜ਼ਾਬਰ ਹਕੂਮਤ ਵਿਰੁਧ ਚਾਰ ਜੰਗਾਂ
ਤੇ ੧੪ ਤੋਂ ਵੱਧ ਜੰਗਾਂ ਦਸਮੇਸ਼ ਜੀ ਦੀ ਕਮਾਨ `ਚ, ਕੇਵਲ ਲੜੀਆਂ ਹੀ ਨਹੀਂ ਬਲਕਿ ਸਾਰੀਆਂ ਜਿਤੀਆਂ
ਵੀ। ਇਤਨਾ ਹੀ ਨਹੀਂ, ਉਪ੍ਰੰਤ ਇਸ ਤੋਂ ਬਾਅਦ ਦਾ ਬਾਕੀ ਸਿੱਖ ਇਤਿਹਾਸ ਜੋ ਫੈਲਦਾ ਫੈਲਦਾ ਸੰਸਾਰ
ਤੱਲ ਦਾ ਇਤਿਹਾਸ ਬਣਦਾ ਗਿਆ, ਉਸ ਦੀ ਚਮਕ ਤੇ ਉਸ ਦਾ ਪ੍ਰਗਟਾਵਾ ਵੀ ਉਹੀ ਸੱਚ ਧਰਮਤ ਤੇ
ਸਾਂਝੀਵਾਲਤਾ ਹੀ ਰਿਹਾ।
ਇਸ ਤਰ੍ਹਾਂ ਸੰਸਾਰ ਪਧਰ `ਤੇ ਕੇਵਲ ਤੇ ਕੇਵਲ ਸਿੱਖ ਮੱਤ ਹੀ ਹੈ ਜਿਸ `ਚ
ਅੱਜ ਵੀ ਸੰਸਾਰ ਭਰ ਦੇ ਹਰੇਕ ਨਸਲ, ਧਰਮ, ਕਬੀਲੇ ਤੋਂ ਸ਼ਾਮਿਲ ਤੇ ਗੁਰੂ ਦਰ `ਤੇ ਪ੍ਰਵਾਣ ਹੋਇਆ
ਮਨੁੱਖ ਮਿਲ ਸਕਦਾ ਹੈ। ਉਸਦਾ ਮੁੱਖ ਕਾਰਨ ਹੀ ਇਕੋ ਹੈ ਕਿ ਇਥੇ
“ਏਕੁ ਪਿਤਾ ਏਕਸ ਕੇ ਹਮ ਬਾਰਿਕ…”
(ਪੰ: ੬੧੧) ਦਾ ਸਿਧਾਂਤ ਕੰਮ ਕਰਦਾ ਹੈ। ਇਥੇ
ਮਨੁੱਖੀ ਭੇਦਭਾਵ ਤੇ ਮਨੁੱਖੀ ਵਿਤਕਰਿਆਂ ਨੂੰ ਕੋਈ ਥਾਂ ਨਹੀਂ। ਇਥੇ ਕੇਵਲ ਤੇ ਕੇਵਲ ਮਨੁੱਖੀ
ਸਾਂਝੀਵਾਲਤਾ ਨੀ ਸਰਵੋਪਰੀ ਹੈ। ਇਸੇ ਕਾਰਨ ਅੱਜ ਵੀ ਵੱਡੀ ਗਿਣਤੀ `ਚ ਅਮਰੀਕਾ, ਯੋਰਪੀਅਨ ਦੇਸ਼ਾਂ ਤੇ
ਰੂਸ, ਜਰਮਨ ਆਦਿ ਦੇ ਬਲਕਿ ਬਹੁਤਾ ਕਰਕੇ ਉਨ੍ਹਾਂ ਦੇਸ਼ਾਂ ਦੀ ਵੀ ਪੜ੍ਹੀ ਲਿਖੀ ਤੇ ਸੂਝਵਾਣ ਵੱਸੋਂ
ਨੇ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਮੱਤ ਅਥਵਾ ਗੁਰਬਾਣੀ ਵਿਚਾਰਧਾਰਾ ਨੂੰ ਅਪਣਾਇਆ ਹੈ। ਇਹ ਸਭ ਕਿਉਂ
ਹੋਇਆ? ਇਹ ਸਭ ਇਸ ਲਈ ਹੋਇਆ ਕਿ ਇਹ ਸਭ, ਸਿੱਖ ਧਰਮ ਤੇ ਗੁਰਬਾਣੀ ਵਿਚਾਰਧਾਰਾ ਅਥਵਾ ਗੁਰਬਾਣੀ ਜੀਵਨ
ਜਾਚ ਅੰਦਰੋਂ, ਰੱਬੀ ਸੱਚ `ਤੇ ਆਧਾਰਤ ਸਾਂਝੀਵਾਲਤਾ ਦਾ ਪ੍ਰਗਟਾਵਾ ਸੀ। ਜਦਕਿ ਬ੍ਰਾਹਮਣ ਸ਼ੂਦਰ ਦੇ
ਫ਼ਾਸਲੇ `ਚ ਰਹਿ ਕੇ, ਸੁੱਚ ਭਿਟ, ਜਾਤ-ਵਰਣ ਦੀਆਂ ਲਾਹਣਤਾਂ, ਅੰਧਵਿਸ਼ਵਾਸਾਂ, ਕਰਮਕਾਂਡਾਂ, ਝੂਠੀਆਂ
ਪ੍ਰਮਪ੍ਰਾਵਾਂ ਜਾਂ ਕਿਸਮਤ ਦੇ ਆਸਰੇ ਜੀਉਣ ਵਾਲੇ ਲੋਕ, ਜੀਵਨ ਦੀਆਂ ਇਨ੍ਹਾਂ ਉਚਾਈਆਂ ਦਾ ਲਾਭ ਕਿਸੇ
ਤਰ੍ਹਾਂ ਵੀ ਨਹੀਂ ਸਨ ਲੈ ਸਕਦੇ।
ਕਾਸ਼! ਅਜੋਕਾ ਸਿੱਖ ਤੇ ਇਸ ਦੀ ਅਜੋਕੀ ਗੁਰਮੱਤ ਪ੍ਰਚਾਰ ਪ੍ਰਣਾਲੀ ਜੋ ਬਹੁਤਾ
ਕਰਕੇ ਗੁਰਬਾਣੀ ਜੀਵਨ ਤੋਂ ਦੂਰ ਗੁਰਬਾਣੀ ਰਹਿਣੀ ਦੇ ਵਿਰੁਧ ਵਿਚਰ ਰਹੀ ਹੈ ਜੇਕਰ ਅੱਜ ਵੀ ਆਪਣੇ
ਧੁਰੇ ਗੁਰਬਾਣੀ ਵਿਚਾਰਧਾਰਾ ਤੇ ਗੁਰਬਾਣੀ ਜੀਵਨ ਜਾਚ ਨਾਲ ਜੁੜ ਜਾਵੇ ਤਾਂ ਬਹੁਤ ਜਲਦੀ ਸੰਸਾਰ ਦਾ
ਵੱਡਾ ਹਿੱਸਾ ਗੁਰਬਾਣੀ ਵਿਚਾਰਧਾਰਾ ਤੇ ਅਧਾਰਤ ਮਨੁੱਖੀ ਸੑਾਂਝੀਵਾਲਤਾ ਦੇ ਜੀਵਨ ਦਾ ਸੱਚਾ ਅਨੰਦ
ਮਾਨ ਸਕਦਾ ਹੈ। ਇਸੇ ਤਰ੍ਹਾਂ ਗੁਰੂ ਦਰ ਦੇ ਕੁੱਝ ਹੋਰ ਕ੍ਰਿਸ਼ਮੇ ਤੇ ਸਾਂਝੀਵਾਲਤਾ ਦੀ ਦੇਣ ਹਨ ਗੁਰੂ
ਦਰ ਦੀਆਂ ਸਾਂਝੀਆਂ ਸੰਗਤਾਂ, ਗੁਰੂ ਦੇ ਸਾਂਝੀਆਂ ਪੰਗਤਾਂ ਤੇ ਸਾਂਝੇ ਲੰਗਰ, ਗੁਰਦਰ ਦੇ ਸਾਂਝੇ
ਸਰੋਵਰਾਂ `ਚ ਇਸ਼ਨਾਨ ਤੇ ਪਾਣੀ ਦੀਆਂ ਸਾਂਝੀਆਂ ਬਿਨਾ ਸੁੱਚ ਭਿੱਟ ਪ੍ਰਛਾਵਿਆਂ ਵਾਲੇ ਵਹਿਮਾਂ ਭਰਮਾਂ
ਦੇ ਮੁੱਖ ਲੋੜਾਂ, ਬਿਨਾ ਵਿਤਕਰਾ ਕੜਾਹਪ੍ਰਸ਼ਾਦਿ ਦੀਆਂ ਦੇਗ਼ਾਂ ਤੇ ਹੋਰ।
ਗੁਰੂ ਦਰ ਦੀਆਂ ਸਾਂਝੀਆਂ ਸੰਗਤਾਂ-
ਸੰਸਾਰ ਤੱਲ `ਤੇ ਸਭ ਤੋਂ ਵੱਡਾ ਇਨਕਲਾਬ ਸੀ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ
“ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ
ਅਤਿ ਨੀਚੁ॥ ਨਾਨਕੁ ਤਿਨ ਕੈ ਸੰਗਿ ਸਾਥਿ, ਵਡਿਆ ਸਿਉ ਕਿਆ ਰੀਸ॥ ਜਿਥੈ ਨੀਚ ਸਮਾਲੀਅਨਿ, ਤਿਥੈ ਨਦਰਿ
ਤੇਰੀ ਬਖਸੀਸ” (ਪੰ: ੧੫) ਵਰਗੇ ਗੁਰਬਾਣੀ
ਸਿਧਾਂਤਾਂ ਦਾ ਗੁਰਬਾਣੀ ਰਚਨਾ ਰਾਹੀਂ ਕੇਵਲ ਪ੍ਰਗਟਾਵਾ ਹੀ ਨਹੀਂ ਕੀਤਾ। ਉਪ੍ਰੰਤ ਇਸੇ ਇਲਾਹੀ ਸੱਚ
`ਤੇ ਆਧਾਰਤ ਸਵੇਰੇ-ਸ਼ਾਮ, ਦੋ ਵੱਕਤ ਦੀਆਂ ਗੁਰੂ ਕੀਆਂ ਸੰਗਤਾਂ ਵੀ ਕਾਇਮ ਕਰ ਦਿੱਤੀਆਂ। ਇਨ੍ਹਾਂ
ਸੰਗਤਾਂ ਦਾ ਅਰੰਭ ਵੀ ਕੀਤਾ ਤਾਂ ਆਪਣੇ ਬਾਲ ਕਾਲ `ਚ ਤਲਵੰਡੀ ਤੋਂ ਹੀ। ਫ਼ਿਰ ਉਹ ਵੀ ਮਰਾਸੀ ਕੁਲ `ਚ
ਜਨਮੇ ਭਾਈ ਮਰਦਾਨੇ ਨੂੰ ਨਾਲ ਲੈ ਕੇ। ਆਪ ਨੇ ਇਨ੍ਹਾਂ ਸਤਿਸੰਗਾਂ `ਚ ਮਰਦਾਨੇ ਨੂੰ ਕੇਵਲ ਨਾਲ
ਬਿਠਾਇਆ ਹੀ ਨਹੀਂ ਬਲਕਿ ਸਭ ਤੋਂ ਪਹਿਲਾਂ ਉਸ ਨੂੰ ਚਰਨਪਾਹੁਲ ਦਿੱਤੀੇ ਤੇ ਭਾਈ ਦੇ ਸੰਬੋਧਨ ਰਾਹੀਂ
ਆਪਣੀ ਬਰਾਬਰੀ ਦੇ ਕੇ ਨਿਵਜਿਆ ਵੀ ਤੇ ਇਨ੍ਹਾਂ ਸਤਿਸੰਗਾਂ `ਚ ਰਬਾ ਵਜਾਉਣ ਦੀ ਸੇਵਾ ਵੀ ਉਸ ਕੋਲੋਂ
ਲਈ। ਮਨੁੱਖ ਸਮਾਜ ਅੰਦਰ ਅਜਿਹੀਆਂ ਸਾਂਝੀਆਂ ਸੰਗਤਾਂ ਵਾਲੀ ਪਿਰਤ ਤੋਰੀ ਜਿਸ ਦਾ ਮੂਲ, ਇਸ ਤੋਂ
ਪਹਿਲਾਂ ਸੰਸਾਰ ਭਰ `ਚ ਕਿਧਰੇ ਵੀ ਨਹੀਂ ਸੀ ਮਿਲਦਾ।
ਗੁਰਦੇਵ ਰਾਹੀਂ ਸਥਾਪਤ ਇਨ੍ਹਾਂ ਸਾਂਝੀਆਂ ਸੰਗਤਾਂ ਵਿਚਕਾਰ
“ਸਤਸੰਗਤਿ ਕੈਸੀ ਜਾਣੀਐ॥ ਜਿਥੈ ਏਕੋ
ਨਾਮੁ ਵਖਾਣੀਐ॥ ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ”
(ਪੰ: ੭੨) ਅਨੁਸਾਰ ਇਹ ਵੀ ਜ਼ਰੂਰੀ ਸੀ ਕਿ ਉਥੇ, ਗੁਰਬਾਣੀ
ਰਾਹੀਂ ਪ੍ਰਗਟ, ਕੇਵਲ ਇਕੋ ਇੱਕ ਸਰਵਵਿਆਪਕ ਅਕਾਲਪੁਰਖ ਦੀ ਸਿਫ਼ਤ ਸਲਾਹ ਹੀ ਹੋਵੇ, ਦੂਜੀ ਗੱਲ ਉਥੇ
ਮਨਜ਼ੂਰ ਨਹੀਂ ਸੀ। ਇਨ੍ਹਾਂ ਸਤਿਸੰਗਾਂ `ਚ ਕਿਸੇ ਅਵਤਾਰ ਵਾਦ, ਦੇਵ ਪੂਜਾ, ਸਰੀਰ ਪੂਜਾ, ਪੱਥਰ
ਪੂਜਾ, ਕਿਰਤਮ ਪੂਜਾ ਨੂੰ ਉੱਕਾ ਥਾਂ ਨਹੀਂ ਸੀ। ਗੁਰਦੇਵ ਵੱਲੋਂ ਇਨ੍ਹਾਂ ਸਤਿਸੰਗਾਂ `ਚ ਬਿਨਾ
ਵਿਤਕਰਾ ਹਰੇਕ ਉੱਚੀ ਜਾਂ ਨੀਵੀਂ ਜਾਤ ਦੇ ਇਨਸਾਨ ਨੂੰ ਸ਼ਾਮਲ ਹੋਣ ਲਈ ਇਕੋ ਜਿਹਾ ਸੱਦਾ ਤੇ ਸੁਤਿਕਾਰ
ਪ੍ਰਾਪਤ ਸੀ। ਇਨ੍ਹਾਂ ਸਤਿਸੰਗਾਂ `ਚ ਕੋਈ ਪਹਿਲਾਂ ਪੁੱਜੇ ਜਾਂ ਬਾਅਦ `ਚ, ਜਿਵੇਂ ਕੋਈ ਆਉਂਦਾ,
ਆਪਣੇ ਆਪ ਉਸੇ ਹਿਸਾਬ, ਪਹਿਲਾਂ ਤੇ ਬਾਅਦ `ਚ, ਅੱਗੇ-ਪਿਛੇ ਬੈਠ ਜਾਂਦਾ। ਇਸ ਦੇ ਲਈ ਕਿਸੇ ਨੂੰ
ਅੱਗੇ ਬਿਠਾਉਣਾ ਤੇ ਕਿਸੇ ਨੂੰ ਉਚੇਚੇ ਪਿਛੇ ਜਾਂ ਫ਼ਰਕ ਨਾਲ ਵੱਖਰੇ ਕਰਕੇ ਬਿਠਾਉਣ ਵਾਲਾ ਨਿਯਮ ਵੀ
ਲਾਗੂ ਨਹੀਂ ਸੀ ਹੁੰਦਾ। ਇਸ ਤਰ੍ਹਾਂ ਗੁਰਦੇਵ ਰਾਹੀਂ, ਅਜਿਹੇ ਮਨੁੱਖੀ ਸਾਂਝੀਵਾਲਤਾ ਨਾਲ ਸਬੰਧਤ
ਸਤਿਸੰਗਾਂ ਦਾ ਆਰੰਭ, ਖਾਸ ਕਰਕੇ ਜਾਤ ਅਭਿਮਾਨੀਆਂ `ਤੇ ਅਚਣਚੇਤ ਤੇ ਸਿਧੇ ਤੌਰ `ਤੇ ਭਰਵੀਂ ਚੋਟ
ਸੀ। ਇਸ ਦੇ ਨਾਲ ਹੀ ਗੁਰਦੇਵ ਰਾਹੀਂ ਅਰੰਭ ਕੀਤੇ ਇਨਕਲਾਬੀ ਤੇ ਸਾਂਝੀਵਾਲਤਾ ਦੇ ਪੈਗ਼ਾਮ, ਇਹ
ਸਤਿਸੰਗ ਅਥਵਾ ਗੁਰੂ ਕੀਆਂ ਸੰਗਤਾਂ-ਕਰਮਕਾਂਡੀਆਂ, ਅੰਨ ਪੂਜਾ ਵਾਲਿਆਂ ਤੇ ਜਾਤ ਪਾਤ, ਸੁੱਚ-ਭਿੱਟ,
ਛੂਆ ਛੂਤ ਤੇ ਵਰਣ-ਵੰਡ ਦੇ ਸਮਾਜਕ ਕੋੜ੍ਹ ਨੂੰ ਸਿਧੀ ਵੰਗਾਰ ਸਨ।
ਗੁਰਦੇਵ ਰਾਹੀਂ ਸਥਾਪਤ ਇਨ੍ਹਾਂ ਗੁਰੂ ਕੀਆਂ ਸਾਂਝੀਆਂ ਸੰਗਤਾਂ `ਚ ਕਈ ਰਮਤੇ
ਸਾਧ ਵੀ ਆਉਂਦੇ। ਇਨ੍ਹਾਂ ਸਤਿਸੰਗਾਂ `ਚ ਗੁਰਦੇਵ ਰਾਹੀ ਪੜ੍ਹੀ ਜਾਂਦੀਂ ਬਾਣੀ ਤੇ ਉਸ ਬਾਣੀ ਦੀ
ਕੀਤੀ ਜਾਂਦੀ ਵਿਆਖਿਆ ਸਮੇਂ ਪ੍ਰਗਟਾਈ ਜਾ ਰਹੀ ਸੱਚ ਧਰਮ ਦੀ ਵਿਚਾਰਧਾਰਾ, ਇਨ੍ਹਾਂ ਰਮਤੇ ਸਾਧਾਂ
ਰਾਹੀਂ ਦੂਰ ਦੁਰਾਡੇ ਇਲਾਕਿਆਂ ਤੱਕ ਵੀ ਪਹੁੰਚਣ ਲਗ ਪਈ। ਇਸ `ਚ ਵੀ ਸ਼ੱਕ ਨਹੀਂ ਕਿ ਇਨ੍ਹਾਂ
ਸਤਿਸੰਗਾਂ `ਚ ਜਿਹੜੀ ਬਾਣੀ ਗੁਰਦੇਵ ਪੜ੍ਹਦੇ ਜਾਂ ਜਿਸ ਬਾਣੀ ਦੀ ਵਿਆਖਿਆ ਕਰਦੇ,
“ਗੁਰਬਾਣੀ ਵਰਤੀ ਜਗ ਅੰਤਰਿ ਇਸੁ
ਬਾਣੀ ਤੇ ਹਰਿ ਨਾਮੁ ਪਾਇਦਾ” (ਪੰ:
੧੦੬੬) ਅਤੇ “ਧੁਰ ਕੀ
ਬਾਣੀ ਆਈ॥ ਤਿਨਿ ਸਗਲੀ ਚਿੰਤ ਮਿਟਾਈ”
(ਪੰ: ੬੨੮) ਅਨੁਸਾਰ ਉਸ ਦੇ ਰਚਨਹਾਰੇ ਵੀ ਗੁਰਦੇਵ ਆਪ ਹੀ ਹੁੰਦੇ। ਗੁਰਦੇਵ ਦੇ ਇਨ੍ਹਾਂ ਸਤਿਸੰਗਾਂ
ਨੇ ਹੀ, ਸਮੇਂ ਨਾਲ ਦੂਰ-ਨੇੜੇ ਹਰੇਕ ਇਲਾਕੇ, ਪ੍ਰਾਂਤ, ਦੇਸ਼ ਤੇ ਵਿਦੇਸ਼ਾਂ `ਚ ਵੀ ਗੁਰੂ ਕੀਆਂ
ਸਾਂਝੀਆਂ ਸੰਗਤਾਂ ਦਾ ਰੂਪ ਧਾਰਨ ਕਰਣਾ ਸ਼ੁਰੂ ਕਰ ਦਿੱਤਾ। ਸਮੇਂ ਨਾਲ ਇਹੀ ਗੁਰੂ ਕੀਆਂ ਸੰਗਤਾਂ
ਧਰਮਸ਼ਾਲਾਵਾਂ ਦੇ ਰੂਪ `ਚ ਪ੍ਰਫ਼ੁਲਤ ਹੋਈਆਂ ਤੇ ਅੱਜ ਸੰਸਾਰ ਭਰ ਦੇ ਗੁਰਦੁਆਰਿਆਂ `ਚ ਗੁਰੂ ਕੀਆਂ
ਸੰਗਤਾਂ ਦੇ ਸਵੇਰ ਸ਼ਾਮ ਦੇ ਸਤਿਸੰਗਾਂ ਦੀ ਬੁਨਿਆਦ ਵੀ, ਪਹਿਲੇ ਪਾਤਸ਼ਾਹ ਰਾਹੀਂ ਉਸ ਸਮੇਂ ਤਲਵੰਡੀ
`ਚ ਅਰੰਭ ਕੀਤੇ ਸਵੇਰ-ਸ਼ਾਮ, ਦੋ ਸਮਿਆਂ ਦੇ ਸਤਿਸੰਗ ਹੀ
ਹਨ।
ਸਾਂਝੀ ਪੰਗਤ, ਸ਼ਾਂਝਾ ਲੰਗਰ ਤੇ ‘ਸਾਖੀ ਸੱਚਾ ਸੌਦਾ’ -
ਗੁਰੂ ਨਾਨਕ ਪਾਤਸ਼ਾਹ ਆਪਣੀ ਦੁਕਾਨ ਲਈ ਸੌਦਾ
ਲੈਣ ਲਈ ਚੂਹੜਕਾਣੇ ਜਾਂ ਲਾਹੌਰ ਜਾਇਆ ਕਰਦੇ ਸਨ। ਸੰਨ ੧੫੦੪, ਇਸੇ ਤਰ੍ਹਾਂ ਇੱਕ ਦਿਨ ਪਾਤਸ਼ਾਹ ਆਪਣੀ
ਦੁਕਾਨ ਦਾ ਸੌਦਾ ਲੈਣ ਚੂਹੜਕਾਣੇ ਜਾ ਰਹੇ ਸਨ, ਭਾਈ ਮਰਦਾਨਾ ਵੀ ਆਪ ਦੇ ਨਾਲ ਸਨ। ਵਾਪਸੀ `ਤੇ ਗੁਰੂ
ਜੀ ਨੇ ਅਚਾਨਕ ਸਾਂਝੇ ਲੰਗਰ ਤੇ ਸਾਂਝੀ ਪੰਗਤ ਦੀ ਪ੍ਰਥਾ ਦਾ ਵੀ ਅਰੰਭ ਕਰ ਦਿੱਤਾ। ਸੁੱਚ-ਭਿੱਟ,
ਵਰਣ-ਵੰਡ, ਊਚ-ਨੀਚ `ਚ ਫਸੇ ਜਾਤ ਅਭਿਮਾਨੀਆਂ ਤੇ ਇਸ ਦੇ ਮੁਦਈਆਂ `ਤੇ, ਸਾਂਝੀ ਸੰਗਤ ਤੋਂ ਬਾਅਦ,
ਗੁਰਦੇਵ ਦਾ ਇਹ ਇੱਕ ਹੋਰ ਨਵਾਂ, ਤਕੜਾ ਵਾਰ ਸੀ। ਦਰਅਸਲ ਜਦੋਂ ਪਾਤਸ਼ਾਹ ਦੁਕਾਨ ਲਈ ਸੌਦਾ ਲੈਣ ਜਾ
ਰਹੇ ਸਨ ਤਾਂ ਰਸਤੇ `ਚ ਉਨ੍ਹਾਂ ਨੂੰ ਕੁੱਝ ਰਮਤੇ ਸਾਧ ਮਿਲੇ। ਇਹ ਰਮਤੇ, ਜਿਨ੍ਹਾਂ ਦਾ ਜ਼ਿਕਰ ਸਾਂਝੀ
ਸੰਗਤ ਦਾ ਵਰਨਣ ਕਰਦੇ ਸਮੇਂ ਆ ਚੁੱਕਾ ਹੈ। ਇਹ ਸਾਧ, ਗੁਰੂ ਜੀ ਦੇ ਸਤਿਸੰਗਾਂ `ਚ ਆਉਂਦੇ ਸਨ, ਇਸ
ਲਈ ਪਾਤਸ਼ਾਹ ਦੇ ਪਹਿਲਾਂ ਤੋਂ ਵਾਕਫ਼ ਸਨ। ਇਨ੍ਹਾਂ ਸਾਧਾਂ ਰਾਹੀਂ, ਗੁਰਦੇਵ ਦੇ ਸਤਿਸੰਗਾਂ ਦੀ ਸੂਚਨਾ
ਤੇ ਵਿਚਾਰਧਾਰਾ ਦੂਰ ਦੁਰੇਡੇ ਪੁੱਜ ਰਹੀ ਸੀ। ਇਹ ਜ਼ਿਕਰ ਉਨ੍ਹਾਂ ਦਿਨਾਂ ਦਾ ਹੈ, ਜਦੋਂ ਤਲਵੰਡੀ ਤੇ
ਆਸ ਪਾਸ ਦੇ ਇਲਾਕਿਆਂ `ਚ ਕਾਲ ਪਿਆ ਹੋਇਆ ਸੀ। ਇਸੇ ਕਾਰਨ ਇਹ ਸਾਧ ਆਪਣੀ ਉਦਰ-ਪੂਰਤੀ ਦਾ ਪ੍ਰਬੰਧ
ਵੀ ਨਹੀਂ ਸਨ ਕਰ ਪਾ ਰਹੇ। ਇਸ ਲਈ ਇਹ ਕੁੱਝ ਦਿਨਾਂ ਤੋਂ ਭੁੱਖੇ ਵੀ ਸਨ।
ਵਾਪਸੀ `ਤੇ ਪਾਤਸ਼ਾਹ ਨੇ ਉਨ੍ਹਾਂ ਸਾਧਾਂ ਤੇ ਭਾਈ ਮਰਦਾਨੇ ਦੀ ਸਾਂਝ ਨਾਲ,
ਚੂਹੜਕਾਣੇ ਤੋਂ ਲਿਆਂਦੀ ਰਸਦ ਨਾਲ ਲੰਗਰ ਤਿਆਰ ਕੀਤਾ। ਉਪ੍ਰੰਤ ਗੁਰਦੇਵ ਨੇ ਇਨ੍ਹਾਂ ਸਾਧਾਂ ਸਮੇਤ,
ਹਰੇਕ ਆਉਂਦੇ ਜਾਂਦੇ ਨੂੰ ਵੀ ਪੰਗਤ `ਚ ਬਿਠਾ ਕੇ ਲੰਗਰ ਛਕਾਇਆ ਤੇ ਆਪ ਵੀ ਛਕਿਆ। ਇਨਾਂ ਹੀ ਨਹੀਂ
ਪਾਤਸ਼ਾਹ ਨੇ ਆਪਣੇ ਵੱਲੋਂ ਮਾਇਆ ਖਰਚ ਕੇ ਉਨ੍ਹਾਂ `ਚੋਂ ਕੁੱਝ ਸਾਧਾਂ ਨੂੰ ਰੁਜ਼ਗਾਰ `ਚ ਵੀ ਲਗਾ
ਦਿੱਤਾ, ਤਾ ਕਿ ਉਹ ਦੂਜਿਆਂ ਕੋਲੋਂ ਮੰਗ ਕੇ ਖਾਣ ਵਾਲੀ ਆਦਤ ਤਿਆਗ ਦੇਣ। ਗੁਰੂ ਸਾਹਿਬ, ਆਪਣੇ
ਦੁਕਾਨ ਦੇ ਸੌਦੇ ਲਈ ਵੀਹ ਰੁਪਏ ਲੈ ਕੇ ਗਏ ਸਨ, ਆਪ ਨੇ ਸਾਰੀ ਰਕਮ ਉਥੇ ਸਾਧਾਂ ਦੇ ਰੁਜ਼ਗਾਰ ਤੇ
ਸਾਂਝੇ ਲੰਗਰ ਆਦਿ `ਤੇ ਹੀ ਲਗਾ ਦਿੱਤੀ। ਇਸ ਤਰ੍ਹਾਂ ਗੁਰਦੇਵ ਨੇ ਉਦੋਂ ਕੇਵਲ ਸਾਂਝੇ ਲੰਗਰ ਤੇ
ਸਾਂਝੀ ਪੰਗਤ ਦਾ ਹੀ ਅਰੰਭ ਨਹੀਂ ਕੀਤਾ ਬਲਕਿ ਉਨ੍ਹਾਂ ਸਾਧਾਂ ਦਾ ਜੀਵਨ ਵੀ ਬਦਲਿਆ। ਗੁਰੂ ਜੀ ਨੇ
ਸਾਧਾਂ ਨੂੰ ਸਮਝਾਇਆ ਕਿ ‘ਮੰਗ ਕੇ ਖਾਣਾ ਅਤੇ ਗ੍ਰਿਹਸਥੀਆਂ `ਤੇ ਭਾਰ ਬਨਣਾਂ-ਵਿਹਲੜ ਲੋਕਾਂ ਦਾ ਕੰਮ
ਹੁੰਦਾ ਹੈ, ਇਹ ਧਰਮੀ ਬੰਦਿਆਂ ਦਾ ਕੰਮ ਤੇ ਚੰਗਾ ਜੀਵਨ ਨਹੀਂ। ਇਹ ਵੀ ਧਿਆਨ ਰਹੇ! ਉਸ ਸਮੇਂ ਦੇ
ਵੀਹ ਰੁਪਏ ਅੱਜ ਦੇ ਹਿਸਾਬ ਬਹੁਤ ਵੱਡੀ ਰਕਮ ਸੀ। ਇਤਿਹਾਸ `ਚ ਇਸ ਘਟਨਾ ਨੂੰ “ਸੱਚੇ ਸੌਦੇ ਦੀ
ਸਾਖੀ” ਦੇ ਨਾਮ ਨਾਲ ਵੀ ਯਾਦ ਕੀਤਾ ਜਾਂਦਾ ਹੈ।
ਸਾਂਝੀ ਸੰਗਤ ਤੋਂ ਬਾਅਦ ਗੁਰਦੇਵ ਵੱਲੋਂ ਇਹ ਉਸੇ ਲੰਗਰ ਤੇ ਪੰਕਤ ਦਾ ਆਰੰਭ
ਸੀ ਜੋ ਅੱਜ ਸੰਸਾਰ ਭਰ ਦੇ ਗੁਰਦੁਆਰਿਆਂ `ਚ ਆਪਣਾ ਵਿਸ਼ੇਸ਼ ਸਥਾਨ ਰਖਦਾ ਹੈ। ਗੁਰਦੇਵ ਰਾਹੀਂ ਆਰੰਭ
ਕੀਤੀ ਇਸ ਪ੍ਰਥਾ ਦੇ ਮੂਲ ਲਾਭਾਂ ਤੋਂ ਇਲਾਵਾ ਬਹੁਤੇਰੇ ਹੋਰ ਸਮਾਜਿਕ ਲਾਭ ਵੀ ਹਨ। ਜਿਵੇਂ:
(੧) ਗੁਰਦੁਆਰੇ ਜਾ ਕੇ ਗੁਰੂ ਕੀਆਂ ਬਾਤਾਂ ਸੁਨਣ ਤੇ ਗੁਰਮੱਤ ਉਪਦੇਸ਼ਾਂ ਨੂੰ
ਲੈਣ ਲਈ ਪ੍ਰਵਾਰ ਵਾਲਿਆਂ ਤੇ ਵਿਸ਼ੇਸ਼ਕਰ ਪ੍ਰਵਾਰਕ ਬੀਬੀਆਂ ਨੂੰ ਅਜਿਹੇ ਸਮੇਂ ਚੌਂਕੇ ਚੁੱਲੇ ਦੀ
ਚਿੰਤਾ ਕਾਰਨ, ਉਚੇਚੇ ਘਰਾਂ `ਚ ਨਹੀਂ ਰੁਕਣਾ ਪੈਂਦਾ।
(੨) ਗੁਰੂ ਦਰ ਦੀਆਂ ਇਨ੍ਹਾਂ ਸਾਂਝੀਆਂ ਸੰਗਤਾਂ ਸਮੇਂ ਆਪਸ `ਚ ਮਿਲ ਕੇ
ਲੰਗਰਾਂ ਨੂੰ ਤਿਆਰ ਕਰਣਾ, ਵਰਤਾਉਣਾ ਅਤੇ ਪੰਗਤਾਂ `ਚ ਇਕਠੇ ਬੈਠ ਕੇ ਛਕਣ ਦਾ ਨਤੀਜਾ, ਮਨੁੱਖੀ ਮਨਾ
ਵਿੱਚੋਂ ਜਾਤ ਪਾਤ, ਊਚ-ਨੀਚ, ਬ੍ਰਾਹਮਣ-ਸ਼ੂਦਰ, ਸੁੱਚ-ਭਿਟ ਆਦਿ ਵਾਲੇ ਸਮਾਜਿਕ ਤੇ ਬ੍ਰਾਹਮਣੀ ਕੋੜ੍ਹ
ਆਪਣੇ ਆਪ ਤਾਰ ਤਾਰ ਹੋ ਜਾਂਦੇ ਹਨ।
(੩) ਵੱਕਤ-ਬੇਵੱਕਤ ਦੂਜੇ ਇਲਾਕਿਆਂ ਬਲਕਿ ਦੇਸ਼ਾਂ `ਚੋਂ ਆਏ ਜ਼ਰੂਰਤਮੰਦ ਨੂੰ
ਟਿਕਾਅ ਜਾਂ ਘਟੋਘਟ ਰਾਤ ਕੱਟੀ ਲਈ ਹੋਟਲਾਂ ਆਦਿ ਲਈ ਇਧਰ ਉਧਰ ਨਹੀਂ ਭਟਕਣਾਂ ਪੈਂਦਾ। ਅਜਿਹੇ
ਸੱਜਨਾਂ ਨੂੰ ਅਜਿਹੇ ਬਿਖੜੇ ਸਮੇਂ ਕਿਸੇ ਨੇੜੇ ਦੇ ਗੁਰਦੁਆਰੇ `ਚ ਰਾਤ ਕੱਟੀ, ਇਸ਼ਨਾਨ ਪਾਣੀ ਦਾ
ਪ੍ਰਬੰਧ ਬਣਿਆ ਬਣਾਇਆ ਮਿਲ ਜਾਂਦਾ ਹੈ। ਇਸ ਦੇ ਨਾਲ ਬੇਵੱਕਤ ਹੋਣ ਕਾਰਨ ਉਨ੍ਹਾਂ ਨੂੰ ਭੁਖੇ ਪੇਟ ਵੀ
ਨਹੀਂ ਸੌਣਾ ਪੈਂਦਾ।
(੪) ਹਰੇਕ ਗ਼ਰੀਬ, ਮੌਹਤਾਜ ਨੂੰ ਬਿਨਾਂ ਝਿਝਕ ਤੇ ਬਿਨਾ ਕਿਸੇ ਦੀ ਮੋਹਤਾਜੀ,
ਭੁਖੇ ਪੇਟ ਰਹਿਣ ਲਈ ਮਜਬੂਰ ਨਹੀ ਹੋਣਾ ਪੈਂਦਾ।
(੫) ਅਜਿਹੇ ਜ਼ਰੂਰਤਮੰਦਾਂ ਨੂੰ ਵੀ ਦੂਜਿਆਂ ਨਾਲ ਰਲ ਕੇ ਬਿਨਾਂ ਪਾਬੰਦੀ ਤੇ
ਬਿਨਾ ਕਿਸੇ ਦੀ ਅਧੀਨਗੀ; ਲੰਗਤ ਤਿਆਰ ਕਰਣ, ਸੰਗਤਾਂ ਦੇ ਜੂਠੇ ਬਰਤਣ ਸਾਫ਼ ਕਰਣ, ਲੰਗਰ ਸਥਾਨ ਦੀ
ਸੇਵਾ ਸਫ਼ਾਈ, ਉਪ੍ਰੰਤ ਗੁਰੂ ਕੀਆਂ ਸੰਗਤਾਂ ਵਿਚਕਾਰ ਲੰਗਰ ਵਰਤਾਉਣਾ ਤੇ ਛਕਣਾ, ਗੁਰੂ ਕੀਆਂ ਸੰਗਤਾਂ
ਦੇ ਰੂਪ `ਚ ਦੂਜਿਆਂ ਨਾਲ ਬਿਨਾ ਵਿਤਕਰਾ ਊਚ-ਨੀਚ ਤੇ ਜਾਤ-ਵਰਣ, ਸਾਂਝ ਪਾਉਣ ਗਾ ਮੌਕਾ ਮਿਲਦਾ ਹੈ।
(੬) ਅਜਿਹੇ ਸੱਜਨਾਂ ਦੇ ਮਨਾਂ `ਚ ਵੀ ਗੁਰੂ ਦਰ `ਤੇ ਗੁਰੂ ਕੀਆਂ ਸੰਗਤਾਂ
ਦੀ ਸਾਂਝੇ ਤੌਰ ਸੇਵਾ ਕਰਣ ਵਾਲੀ ਭਾਵਨਾ ਉਜਾਗਰ ਹੁੰਦੀ ਹੈ। ਬਸ਼ਰਤੇ, ਗੁਰੂ ਦਰ ਦੀਆਂ ਇਹ ਤੇ
ਅਜਿਹੀਆਂ ਸੇਵਾਵਾਂ ਗੁਰਬਾਣੀ ਉਪਦੇਸ਼ਾਂ ਤੇ ਗੁਰਮੱਤ ਗਿਆਨ ਵਾਲੀ ਸਾਂਝ ਤੋਂ ਖਾਲੀ ਨਾ ਹੋਣ।
(੭) ਇਲਾਕੇ ਦੇ ਲੰਗੜੇ ਲੂਲੇ ਤੇ ਅਪਾਹਜਾਂ ਨੂੰ ਵੀ ਭੁਖੇ ਪੇਟ ਨਹੀਂ ਸੋਣਾ
ਤੇ ਤੜਫ਼ਨਾ ਪੈਂਦਾ।
ਇਹ ਤੇ ਅਜਿਹੇ ਹੋਰ ਕਈ ਸਾਂਝੇ ਲਾਭਾਂ ਦਾ ਸ੍ਰੋਤ ਹਨ, ਗੁਰੂ ਦਰ ਦੀਆਂ
ਸਾਂਝੀਆਂ ਸੰਗਤਾਂ ਦੇ ਨਾਲ ਨਾਲ ਇਹ ਸਾਂਝੇ ਲੰਗਰ ਤੇ ਗੁਰੂ ਦਰ ਦੀਆਂ ਇਹ ਸਾਂਝੀਆਂ ਪੰਗਤਾਂ। ਉਹ
ਸੰਗਤਾਂ ਜਿਨ੍ਹਾਂ ਦਾ ਅਰੰਭ ਖੁਦ ਗੁਰੂ ਨਾਨਕ ਪਾਤਸ਼ਾਹ ਨੇ ਆਪ ਤਲਵੰਡੀ (ਹੁਣ ਨਾਨਕਾਣਾ ਸਾਹਿਬ) ਦੇ
ਸਵੇਰ ਸ਼ਾਮ, ਦੋ ਵੱਕਤ ਦੇ ਸਾਂਝੇ ਸਤਿਸੰਗਾਂ ਤੋਂ ਕੀਤਾ ਸੀ। ਉਸ ਤੋਂ ਬਾਅਦ ਇਸ ਸਾਂਝੇ ਲੰਗਰ ਤੇ
ਸਾਂਝੀਆਂ ਪੰਗਤਾਂ ਦਾ ਅਰੰਭ ਵੀ ਇਸ ਵੀਹ ਰੁਪਏ ਤੇ ਸੱਚੇ ਸੌਦੇ ਵਾਲੀ ਸਾਖੀ ਤੋਂ ਕਰ ਦਿੱਤਾ।
ਉਪ੍ਰੰਤ ਗੁਰੂ ਦਰ ਦੀ ਇਸ ਸਾਂਝੀ ਸੰਗਤ, ਸਾਂਝੇ ਲੰਗਰ ਤੇ ਸਾਂਝੀ ਪੰਗਤ ਵਾਲੀ ਸੰਸਥਾ ਨੂੰ ਗੁਰਦੇਵ
ਨੇ ਖਾਸ ਤੋਰ `ਤੇ ਖੁਦ ਆਪਣੇ ਦੂਜੇ ਤੇ ਤੀਜੇ ਜਾਮੇ ਸਮੇਂ ਬਾਕਾਇਦਾ ਸੰਸਥਾਵਾਂ ਦਾ ਰੂਪ ਬਖ਼ਸ਼ਿਆ।
ਦਰਅਸਲ ਦਸਵੇਂ ਜਾਮੇ ਤੱਕ ਪੂਰਨ ਪ੍ਰਪਕਤਾ ਲੈਣ ਤੋਂ ਬਾਅਦ ਅੱਜ ਇਹੀ ਸੰਸਥਾਵਾਂ ਸੰਸਾਰ ਤੱਲ ਦੀਆਂ
ਪੰਥਕ ਲਹਿਰਾਂ ਤੇ ਸੰਸਥਾਂਵਾਂ ਹਨ।
ਉਪ੍ਰੰਤ
ਗੁਰੂ ਕੇ ਲੰਗਰਾਂ `ਚ ਕਦੇ ਵੀ ਅਜਿਹੇ
ਧਰਮ-ਸਥਾਨਾਂ ਵਾਲੀ ਗੱਲ ਨਹੀਂ ਜਿੱਥੇ ਭੁਖਿਆਂ-ਮੰਗਤਿਆਂ ਨੂੰ ਤਾਂ ਵਖਰੀਆਂ ਕਤਾਰਾਂ ਲੁਆ ਕੇ ਭੋਜਣ
ਛੱਕਾ ਦਿੱਤੇ ਜਾਂਦੇ ਹਨ ਪਰ ਸੁੱਚ-ਭਿੱਟ, ਵਰਣ-ਵੰਡ ਦੇ ਪੁਜਾਰੀ ਆਪ, ਘਰਾਂ `ਚ ਜਾ ਕੇ ਆਪਣੇ ਵੱਖਰੇ
ਭੋਜਣ ਬਣਾ ਕੇ ਛੱਕਦੇ ਹੋਣ। ਗੁਰੂ ਦਰ `ਤੇ ਕੇਵਲ ਸੇਹਤ ਸਫ਼ਾਈ ਤੇ ਹਾਈਜੈਨਿਕ ਪੱਖੋਂ ਹੀ ਸੰਭਾਲ ਕਰਣ
ਦੀ ਲੋੜ ਹੁੰਦੀ ਹੈ, ਬਾਕੀ ਊਚ-ਨੀਚ, ਬ੍ਰਾਹਮਣ-ਸ਼ੂਦਰ ਭਾਵ ਮਨੁੱਖ-ਮਨੁਖ ਵਿਚਕਾਰ ਕਿਸੇ ਵਿਤਕਰੇ
ਵਾਲੀ ਗੱਲ, ਇਥੇ ਸੋਚੀ ਵੀ ਨਹੀਂ ਜਾ ਸਕਦੀ।
#154s011.03.011#
(ਚਲਦਾ)
ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ
‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ
ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ
ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ
ਲਾਹੇਵੰਦ ਹੋਵੇਗਾ ਜੀ।
|
. |