.

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣੀਕਤਾ ਬਾਰੇ ਵਿਚਾਰ-ਚਰਚਾ ਦਾ ਅਧਾਰ ਅਤੇ ਉਸ ਦਾ ਸਦੀਵੀ ਹੱਲ:

ਜਗਤਾਰ ਸਿੰਘ ਜਾਚਕ

(ਭਾਗ ਪਹਿਲਾ)

ਪਿੱਛਲੇ ਇੱਕ ਮਹੀਨੇ ਤੋਂ ਜਾਗਰੂਕ ਅਖਵਾਉਂਦੀਆਂ ਧਿਰਾਂ ਵਿੱਚਲੇ ਕੁੱਝ ਖੋਜੀ ਵਿਦਵਾਨਾਂ ਤੇ ਜਜ਼ਬਾਤੀ ਕਿਸਮ ਦੇ ਉਲ੍ਹਾਰਵਾਦੀ ਸੱਜਣਾਂ ਵਲੋਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਜੂਦਾ ਸਰੂਪ ਦੀ ਪ੍ਰਮਾਣੀਕਤਾ ਬਾਰੇ ਵਿਚਾਰ-ਚਰਚਾ ਚਲਾਈ ਜਾ ਰਹੀ ਹੈ। ਪਰ, ਦੁੱਖਦਾਈ ਪੱਖ ਇਹ ਹੈ ਕਿ ਕੁੱਝ ਵੀਰਾਂ ਦੀ ਅਸਭਿਅਕ ਤੇ ਭੜਕਾਊ ਸ਼ਬਦਾਵਲੀ ਕਾਰਨ ਇਹ ਲੁੜੀਂਦੀ ਤੇ ਅਹਿਮ ਚਰਚਾ, ਕੁਚਰਚਾ ਵਿੱਚ ਬਦਲ ਗਈ ਹੈ। ਮੰਨਿਆਂ ਜਾ ਰਿਹਾ ਹੈ ਕਿ ਮਜੂਦਾ ਚਰਚਾ ਦਾ ਅਧਾਰ ਬਣੇ ਹਨ ‘ਸਿੱਖ ਮਾਰਗ` ਵੈਬਸਾਈਟ `ਤੇ ਪ੍ਰਕਾਸ਼ਿਤ ਹੋਇਆ ਡਾ: ਇਕਬਾਲ ਸਿੰਘ ਢਿੱਲੋਂ ਦਾ ਲਿਖਿਆ ਲੇਖ ‘ਕਰਤਾਰਪੁਰੀ ਬੀੜ ਦਾ ਸੱਚ`, ਰੋਜ਼ਾਨਾ ਸਪੋਕਸਮੈਨ ਚੰਡੀਗੜ੍ਹ ਦੀ ੨੦ ਜੁਲਾਈ ਦੀ ਸੰਪਾਦਕੀ ਅਤੇ ਪਤਰਕਾਰ ਵੀਰ ਭਾਈ ਕ੍ਰਿਪਾਲ ਸਿੰਘ ਬਠਿੰਡਾ ਵੱਲੋਂ ‘ਕਰਤਾਰਪੁਰੀ ਬੀੜ ਨੂੰ ਨਕਲੀ ਕਹਿਣ ਵਾਲੇ ਕੀ ਇਹ ਦੱਸਣਾ ਚਾਹ ਰਹੇ ਹਨ ਕਿ ਸਿੱਖਾਂ ਦਾ ਮੌਜੂਦਾ ਗੁਰੂ ਗ੍ਰੰਥ ਸਾਹਿਬ ਨਕਲੀ ਹੈ` ! ਦੀ ਅਖ਼ਬਾਰੀ ਸੁਰਖੀ ਹੇਠ ਦਿੱਤੀ ਨੇਕ ਸਲਾਹ:

“ਚੰਗਾ ਹੋਵੇ ਜੇ ਸਮੁਚੀ ਕਰਤਾਰਪੁਰੀ ਬੀੜ ਨੂੰ ਨਕਲੀ ਸਿੱਧ ਕਰਨ ਦੀ ਥਾਂ ਉਤਾਰੇ ਕਰਦੇ ਸਮੇਂ ਲਗ ਮਾਤਰਾ ਦਾ ਰਿਹਾ ਕੁਝ ਫ਼ਰਕ, ਮੰਗਲਾਚਰਨ ਸਿਰਲੇਖਾਂ ਤੋਂ ਪਹਿਲਾਂ ਹਨ ਜਾਂ ਪਿੱਛੋਂ ਅਤੇ ਦੋ ਸ਼ਬਦ ਭਗਤ ਸੂਰਦਾਸ ਦਾ ਸ਼ਬਦ “ਛਾਡਿ ਮਨ ਹਰਿ ਬਿਮੁਖਨ ਕੋ ਸੰਗੁ ॥” (ਅੰਗ ੧੨੫੩) ਅਤੇ ਮਹਲਾ ਪੰਜਵਾਂ ਦਾ ਛੰਤ “ਰਣ ਝੁੰਝਨੜਾ ਗਾਉ ਸਖੀ ਹਰਿ ਏਕੁ ਧਿਆਵਹੁ ॥ ਸਤਿਗੁਰੁ ਤੁਮ ਸੇਵਿ ਸਖੀ ਮਨਿ ਚਿੰਦਿਅੜਾ ਫਲੁ ਪਾਵਹੁ ॥ (ਅੰਗ ੯੨੭ ਰਾਗੁ ਰਾਮਕਲੀ ਮਹਲਾ ੫ ॥)” ਜਿਨ੍ਹਾਂ ਪਿੱਛੇ ਸ਼ਬਦਾਂ ਦਾ ਜੋੜ ਅੰਕ ਨਹੀਂ ਲਿਖਿਆ ਗਿਆ, ਸਿਰਫ ਇਨ੍ਹਾਂ ਬਾਰੇ ਹੀ ਖੋਜ ਕੀਤੀ ਜਾਵੇ ਕਿ ਇਹ ਫ਼ਰਕ ਕਿਉਂ ਹੈ ਤੇ ਕੀ ਇਹ ਠੀਕ ਕੀਤੇ ਜਾ ਸਕਦੇ ਹਨ ਜਾਂ ਨਹੀਂ”?

ਪਰ, ਦਾਸ ਦਾ ਖ਼ਿਆਲ ਹੈ ਕਿ ਪਹਿਲੇ ਦੋਹਾਂ ਲੇਖਕਾਂ ਨੂੰ ਮੌਕਾ ਦਿੱਤਾ ਹੈ ਸ੍ਰੀ ਅਕਾਲ ਤਖ਼ਤ ਦੇ ਮੁਖ ਸੇਵਾਦਾਰ (ਜਥੇਦਾਰ) ਭਾਈ ਗੁਰਬਚਨ ਸਿੰਘ ਜੀ ਵਲੋਂ 7 ਜੁਲਾਈ ਨੂੰ ਵਿਵਾਦਤ ਸੁਨਹਿਰੀ ਬੀੜਾਂ ਦੇ ਮਾਮਲੇ ਵਿੱਚ ਦਿੱਤੇ ਉਸ ਅਖ਼ਬਾਰੀ ਬਿਆਨ ਨੇ, ਜਿਸ ਵਿੱਚ ਉਨ੍ਹਾਂ ਮੰਨਿਆ ਹੈ:

ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਹੱਥ ਲਿਖਤ ਸਰੂਪਾਂ ਅਤੇ ਛਾਪੇ ਦੇ ਸਰੂਪਾਂ ਵਿੱਚਾਲੇ ਗੁਰਬਾਣੀ ਪਾਠਾਂ ਵਿੱਚ ਭੇਦ ਹੈ। ਅਸੀਂ ਕਈ ਵਾਰ ਯਤਨ ਕੀਤਾ ਹੈ ਕਿ ਘਟੋ-ਘੱਟ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਅਜਿਹਾ ਸਰੂਪ ਤਿਆਰ ਕਰ ਲਿਆ ਜਾਵੇ, ਜਿਸ ਵਿੱਚ ਪੁਰਾਤਨ ਸਰੂਪਾਂ ਤੇ ਛਾਪੇ ਦੇ ਸਰੂਪਾਂ ਵਿੱਚਲਾ ਭੇਦ ਖ਼ਤਮ ਹੋ ਜਾਵੇ”।

ਪਰ, ਇਹ ਇੱਕ ਸੱਚ ਹੈ ਅਤੇ ਜੇ ਇਸ ਸਚਾਈ ਦੇ ਪਿਛੋਕੜ ਦਾ ਬੋਧ ਹੁੰਦਾ ਤਾਂ ਸਾਡੇ ਜਾਗਰੂਕ- ਪੰਥੀ ਆਗੂ ਤੇ ਵਿਦਵਾਨ ਜਜ਼ਬਾਤੀ ਸ਼ੁਰਲੀਆਂ ਛੱਡਣ, ਧਿਰਕਾਰਾਂ ਪਾਉਣ, ਇੱਕ ਦੂਜੇ ਨੂੰ ਤਾਹਨੇ-ਮੇਹਣੇ ਮਾਰਦਿਆਂ ਤਾਲਬਾਨੀ ਫ਼ਤਵੇ ਦੇ ਕੇ ਅਖ਼ਬਾਰਾਂ ਕਾਲੀਆਂ ਕਰਨ ਦੀ ਥਾਂ ਭਾਈ ਸਰਬਜੀਤ ਸਿੰਘ ਸੈਕਰਾਮੈਂਟੋ ਵਲੋਂ ਦਿੱਤੀ ਸੁਹਿਰਦ ਸਲਾਹ ਨੂੰ ਮੰਨ ਕੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੱਲ ਧਿਆਨ ਦਿੰਦੇ। ਕਿਉਂਕਿ, ਉਨ੍ਹਾਂ ਨੂੰ ਪਤਾ ਹੋਣਾ ਸੀ ਕਿ ਜਿਹੜੇ ਸੁਆਲ ਅਸੀਂ ਖੜੇ ਕਰ ਰਹੇ ਹਾਂ, ਇਨ੍ਹਾਂ `ਤੇ ਸਾਲਾਂ ਬੱਧੀ ਕੰਮ ਹੋ ਚੁੱਕਾ ਹੈ। ਖੋਜੀ ਵਿਦਵਾਨਾਂ ਨੂੰ ਇਸ ਪ੍ਰਤੀ ਕੋਈ ਸ਼ੱਕ-ਸ਼ੁਬ੍ਹਾ ਨਹੀ। ਲੋੜ ਤਾਂ ਕੇਵਲ ਇਸ ਗੱਲ ਦੀ ਹੈ ਕਿ ਸ਼੍ਰੋਮਣੀ ਕਮੇਟੀ ਦਾ ਕੰਟਰੋਲ ਐਸੇ ਪੰਥ-ਪ੍ਰਸਤ ਆਗੂਆਂ ਦੇ ਹੱਥ ਵਿੱਚ ਹੋਵੇ, ਜਿਹੜੇ ਸੰਪਰਦਾਇਕ ਸੰਕੀਰਨਤਾ ਤੇ ਬਿਪਰਵਾਦੀ ਵਿਚਾਰਧਾਰਾ ਨੂੰ ਤਿਲਾਂਜਲੀ ਦੇ ਕੇ ਗੁਰਮਤੀ ਜੁਗਤਿ ਅਨੁਸਾਰ ਗੁਰਦੁਆਰਾ ਪ੍ਰਬੰਧ ਨੂੰ ਸੁਧਾਰਨ ਤੇ ਗੁਰਮਤਿ ਪ੍ਰਚਾਰਨ ਦੇ ਆਸ਼ੇ ਨੂੰ ਪਰਨਾਏ ਹੋਣ। ਤਾਂ ਜੋ ੨੦ਵੀਂ ਸਦੀ ਦੇ ਸਤਵੇਂ ਦਹਾਕੇ ਵਿੱਚ ਸ਼ੁਰੂ ਹੋਏ ਗੁਰਬਾਣੀ ਪਾਠ-ਭੇਦਾਂ ਦੇ ਪ੍ਰੋਜੈਕਟ ਨੂੰ ਸਿਰੇ ਚਾੜ੍ਹ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ ਦੇ ਵਿਵਾਦ ਨੂੰ ਸਦਾ ਲਈ ਠੱਲ ਪਾਈ ਜਾ ਸਕੇ। ਬਚਿਤ੍ਰ ਨਾਟਕ, ਨਾਨਕਸ਼ਾਹੀ ਕੈਲੰਡਰ ਅਤੇ ਸਿੱਖ ਰਹਿਤ ਮਰਯਾਦਾ ਆਦਿਕ ਦੇ ਮਸਲੇ ਹੱਲ ਹੋਣ ਦਾ ਰਾਜ਼ ਵੀ ਇਸੇ ਜੁਗਤਿ ਵਿੱਚ ਹੀ ਛੁਪਿਆ ਹੈ। ਪ੍ਰੰਤੂ, ਇਨ੍ਹਾਂ ਪੰਥਕ ਮਸਲਿਆਂ ਪ੍ਰਤੀ ਸਿੱਖ ਜਗਤ ਨੂੰ ਜਾਗਰੂਕ ਰੱਖਣ ਲਈ ਸਭਿਅਕ ਤੇ ਖੋਜ ਬਿਰਤੀ ਵਾਲੀ ਵਿਚਾਰ-ਚਰਚਾ ਦੀ ਜੋਤਿ ਜਲਾਈ ਰਖਣੀ ਵੀ ਲਾਜ਼ਮੀ ਹੈ।

ਦਾਸ ‘ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ੍ਰੀ ਅੰਮ੍ਰਿਤਸਰ` ਦੇ ਵਿਦਿਆਰਥੀ ਵਜੋਂ ਸੰਨ 1976 ਤੋਂ ਸ਼ੁਰੂ ਹੋ ਕੇ ਗ੍ਰੰਥੀ ਤੇ ਪ੍ਰਚਾਰਕ ਦੇ ਰੂਪ ਵਿੱਚ ਹੁਣ ਤਕ ਸ਼੍ਰੋਮਣੀ ਕਮੇਟੀ ਨਾਲ ਸਬੰਧਤ ਚਲਿਆ ਆ ਰਿਹਾ ਹੈ। ਇਸ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਮਜੂਦਾ ਮੁਖ ਸੇਵਾਦਾਰ ਵਲੋਂ ਪ੍ਰਗਟਾਈ ਸਚਾਈ ਦੇ ਪਿਛੋਕੜ ਬਾਰੇ ਭਲੀਭਾਂਤ ਜਾਣੂ ਹਾਂ। ਪਰ, ਅਧੂਰੀ ਜਾਣਕਾਰੀ `ਤੇ ਅਧਾਰਿਤ ਵਿਚਾਰ-ਚਰਚਾ ਵਿਤੰਡਾ-ਵਾਦ ਵੱਲ ਵਧਦੀ ਵੇਖ ਕੇ ਇਤਹਾਸ ਦੇ ਸਾਰੇ ਪੰਨੇ ਤੇ ਰਾਜ਼ ਖੋਲ੍ਹ ਦੇਣਾ ਚਹੁੰਦਾਂ ਹਾਂ; ਤਾਂ ਜੋ ਮੇਰੇ ਵੀਰ ਕੁਚਰਚਾ ਛੱਡ ਕੇ ਅਸਲ ਮੁੱਦੇ ਵੱਲ ਧਿਆਨ ਦੇਣ ਅਤੇ ਫੋਕੇ ਵਾਦ-ਵਿਵਾਦ ਵਿੱਚ ਆਪਣਾ ਤੇ ਹੋਰਨਾਂ ਦਾ ਕੀਮਤੀ ਸਮਾਂ ਨਾ ਗਵਾਉਣ। ਕਿਉਂਕਿ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ ਦਾ ਅਜਿਹਾ ਅਹਿਮ ਪੰਥਕ ਮਸਲਾ, ਅਖ਼ਬਾਰੀ ਬਿਆਨਬਾਜ਼ੀ ਨਾਲ ਹੱਲ ਹੋਣ ਵਾਲਾ ਨਹੀਂ ਤੇ ਇਸ ਪੱਖੋਂ ਹੌਲੇ ਪੱਧਰ ਦੀ ਚੁੰਝ-ਚਰਚਾ ਪੰਥ ਲਈ ਹਾਨੀਕਾਰਕ ਵੀ ਹੈ।

ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਮੁਖ ਗ੍ਰੰਥੀ ਤੇ ਅਕਾਲ ਤਖ਼ਤ ਦੇ ਸਾਬਕਾ ਮੁੱਖ-ਸੇਵਾਦਾਰ ਮਹਿਰੂਮ ਗਿਆਨੀ ਕ੍ਰਿਪਾਲ ਸਿੰਘ ਜੀ, ਜੋ ਬੜੇ ਨਿਰਮਾਣ ਤੇ ਵਿਦਵਾਨ ਸੱਜਣ ਸਨ, ਤਿਨ੍ਹਾਂ ਮੁਤਾਬਿਕ ਇਸ ਵਿਚਾਰ-ਚਰਚਾ ਦਾ ਅਧਾਰ ਤਦੋਂ ਬੱਝਾ, ਜਦੋਂ ਸੰਨ 1947 ਵਿੱਚ ਪਾਕਸਤਾਨੀ ਘਲੂਘਾਰੇ ਵੇਲੇ ਬੇ-ਘਰ ਹੋਏ ਗੁਰਸਿੱਖ ਪ੍ਰਵਾਰਾਂ ਤੇ ਡੇਰੇਦਾਰਾਂ ਵਲੋਂ ਸੇਵਾ-ਸੰਭਾਲ ਦੀ ਅਸਮਰਥਾ ਕਾਰਨ ਸੈਂਕੜੇ ਹੱਥ-ਲਿਖਤ ਬੀੜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਥਾਪਤ ‘ਸਿੱਖ ਰੈਫ਼ਰੈਂਸ ਲਾਇਬਰੇਰੀ` ਸ੍ਰੀ ਅੰਮ੍ਰਿਤਸਰ ਵਿਖੇ ਪਹੁੰਚੀਆਂ ਅਤੇ ਖੋਜੀ ਸੱਜਣਾਂ ਦੇ ਪਾਠ ਕਰਨ ਤੋਂ ਪੁਰਾਤਨ ਹੱਥ-ਲਿਖਤੀ ਅਤੇ ਛਾਪੇ ਦੇ ਸਰੂਪਾਂ ਵਿਚਾਲੇ ਬਾਣੀ ਦੀ ਕੁੱਝ ਬੇ-ਤਰਤੀਬੀ ਤੇ ਪਾਠ-ਭੇਦ ਉੱਘੜ ਕੇ ਸਾਹਮਣੇ ਆਏ। ਜਦ ਕੁੱਝ ਪੰਥ-ਦਰਦੀ ਖੋਜੀ ਵਿਦਵਾਨਾਂ ਵਲੋਂ ਇਹ ਸ਼ੰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੋਟਿਸ ਵਿੱਚ ਲਿਆਂਦੇ ਤਾਂ ਕਮੇਟੀ ਵਲੋਂ ਆਪਣੇ ਰੀਸਰਚ ਸਕਾਲਰ ਸ੍ਰ: ਰਣਧੀਰ ਸਿੰਘ ਅਤੇ ਦੋ ਹੋਰ ਖੋਜੀ ਸੱਜਣਾਂ ਗਿਆਨੀ ਕੁੰਦਨ ਸਿੰਘ ਤੇ ਨਿਹੰਗ ਭਾਈ ਗਿਆਨ ਸਿੰਘ ‘ਸੁਤੰਤਰ` `ਤੇ ਅਧਾਰਿਤ ਇੱਕ ਸਬ-ਕਮੇਟੀ ਬਣਾਈ ਤੇ ਉਸ ਦੇ ਜ਼ਿੰਮੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਦੋ ਭਾਗਾਂ ਵਿੱਚ ਛਪ ਰਹੀਆਂ ਸੰਥਾ-ਸੈਂਚੀਆਂ ਅਤੇ ਪੁਰਾਤਨ ਹੱਥ-ਲਿਖਤੀ ਬੀੜਾਂ ਦੇ ਪਾਠ ਮੇਲ ਕੇ ਪਾਠ-ਭੇਦਾਂ ਦੀ ਸੂਚੀ ਤਿਆਰ ਕਰਨ ਦਾ ਮਹਤਵ ਪੂਰਣ ਕੰਮ ਲਾਇਆ।

‘ਸਿੱਖ ਰੈਫ਼ਰੈਂਸ ਲਾਇਬਰੇਰੀ` ਵਿੱਚ ਉਸ ਵੇਲੇ ਲਗਭਗ ਪੰਜ ਸੌ ਪੁਰਾਤਨ ਹੱਥ ਲਿਖਤੀ ਬੀੜਾਂ ਸਨ। ਸਬ-ਕਮੇਟੀ ਦੇ ਖੋਜੀ ਵਿਦਵਾਨਾਂ ਨੇ ਇਨ੍ਹਾਂ ਬੀੜਾਂ ਵਿਚੋਂ ਸੰਮਤਾਂ ਵਾਲੀਆਂ ਸ਼ੁਧ ਤੇ ਪ੍ਰਮਾਣੀਕ ਸੱਠ-ਸੱਤਰ ਬੀੜਾਂ ਛਾਂਟ ਕੇ ਉਨ੍ਹਾਂ ਦੀ ਕਾਲ-ਕਰਮ ਅਨੁਸਾਰ ਸੂਚੀ ਤਿਆਰ ਕੀਤੀ। ਇਨ੍ਹਾਂ ਬੀੜਾਂ ਤੇ ਸੰਥਾ-ਸੈਂਚੀਆਂ ਦੇ ਪਾਠਾਂ ਨੂੰ ਆਪਸ ਵਿੱਚ ਮੇਲਣ ਤੋਂ ਜੋ ਜੋ ਫਰਕ ਉਨ੍ਹਾਂ ਨੂੰ ਮਹਿਸੂਸ ਹੋਏ, ਉਨ੍ਹਾਂ ਪਾਠ ਭੇਦਾਂ ਦੀ ਸੂਚੀ, ਸ਼ੁਧ ਤੇ ਅਸ਼ੁਧ ਪਾਠਾਂ ਬਾਰੇ ਆਪਣੀ ਨਿਜੀ ਸਲਾਹ ਅਤੇ ਪੁਰਾਤਨ ਬੀੜਾਂ ਬਾਰੇ ਕੁੱਝ ਹੋਰ ਵਿਸ਼ੇਸ਼ ਨੋਟ ਲਿਖ ਕੇ ਕਮੇਟੀ ਨੂੰ ਸਉਂਪ ਦਿੱਤੇ। ਮਹਿਰੂਮ ਸ੍ਰ: ਗੁਰਚਰਨ ਸਿੰਘ ਟੌਹੜਾ ਜੀ ਦੇ ਪ੍ਰਧਾਨਗੀ ਕਾਲ ਵਿੱਚ, ਜਿਨ੍ਹੀਂ ਦਿਨੀਂ ਸ਼੍ਰੋਮਣੀ ਕਮੇਟੀ ਦੇ ਸੂਝਵਾਨ ਸਕਤਰ ਸ੍ਰ: ਮਹਿੰਦਰ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਸਕਤਰ ਸ੍ਰ: ਗੁਰਬਖਸ਼ ਸਿੰਘ, ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਹਰਿਭਜਨ ਸਿੰਘ ਤੇ ਸ੍ਰੀ ਦਰਬਾਰ ਸਾਹਿਬ ਦੇ ਮੁਖ ਗ੍ਰੰਥੀ ਗਿ: ਕ੍ਰਿਪਾਲ ਸਿੰਘ ਜੀ ਦੇ ਉਦਮ ਤੇ ਪ੍ਰੇਰਨਾ ਸਦਕਾ ਸਬ-ਕਮੇਟੀ ਵਲੋਂ ਸਾਲਾਂ-ਬੱਧੀ ਮੇਹਨਤ ਨਾਲ ਤਿਆਰ ਕੀਤੀ ਗਈ ਪਾਠ-ਭੇਦਾਂ ਦੀ ਉਪਰੋਕਤ ਸੂਚੀ ਨੂੰ ਪੰਜ ਭਾਗਾਂ ਵਿੱਚ ਪ੍ਰਕਾਸ਼ਤ ਕਰਨ ਦੀ ਯੋਜਨਾ ਬਣੀ ਤੇ ਪ੍ਰਕਾਸ਼ਤ ਹੋਈ।

ਚੰਗੇ ਭਾਗ ਸਨ ਕਿ ਉਨ੍ਹੀਂ ਦਿਨੀਂ ਮੈਂ ‘ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਸ੍ਰੀ ਅੰਮ੍ਰਿਤਸਰ` ਵਿਖੇ ਸੰਨ 1974-76 ਦੀ ਪ੍ਰਚਾਰਕ ਕਲਾਸ ਵਿੱਚ ਵਿਦਿਆ ਪ੍ਰਾਪਤ ਕਰ ਰਿਹਾ ਸਾਂ। ਇਸ ਲਈ ਪ੍ਰਿੰਸੀਪਲ ਸਾਹਿਬ ਜੀ ਹੁਰਾਂ ਨਾਲ ਦਾਸ (ਜਾਚਕ) ਨੂੰ ਵੀ ਕਈ ਵਾਰ ਸਿੱਖ ਰੈਫਰੈਂਸ ਲਾਇਬਰੇਰੀ ਵਿੱਚ ਜਾ ਕੇ ਖੋਜੀ ਵਿਦਵਾਨਾਂ ਨਾਲ ਮਿਲ ਬੈਠਣ, ਵਿਚਾਰਾਂ ਕਰਨ ਅਤੇ ਕਈ ਮਹਤਵ ਪੂਰਨ ਇਤਿਹਾਸਕ ਬੀੜਾਂ ਦੇ ਦਰਸ਼ਨ ਕਰਨ ਦਾ ਅਵਸਰ ਵੀ ਬਣਿਆ। ਜਿਨ੍ਹਾਂ ਵਿਚੋਂ ਜ਼ਿਕਰ ਯੋਗ ਹਨ ਸਭ ਤੋਂ ਪ੍ਰਾਚੀਨ ਤੇ ਭਾਈ ਗੁਰਦਾਸ ਜੀ ਦੀ ਮਿਸਲ ਵਾਲੀ ਸ੍ਰੀ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਦੀ ਪ੍ਰਮਾਣੀਕ ੧ ਨੰ: ਲਹੌਰੀ ਬੀੜ-ਲਿਖਤ ਸੰਮਤ ੧੬੬੭ (ਸੰਨ ੧੬੧੦), ੧੧/੪੮੮੬ ਨੰ: ਭਾਈ ਪਾਖਰ ਮੱਲ ਢਿਲੋਂ (ਪੋਤਰਾ ਚੌਧਰੀ ਲੰਗਾਹ) ਲਿਖਤ ਸੰਮਤ ੧੭੪੫ (ਸੰਨ ੧੬੮੮), ੯੭ ਨੰ: ਦਮਦਮੀ ਸਰੂਪ ਲਿਖਤ ਸੰਮਤ ੧੭੩੯ (ਸੰਨ ੧੬੮੨) ਅਤੇ ਨੌਵੇਂ ਤੇ ਦਸਵੇਂ ਪਾਤਸ਼ਾਹ ਦੇ ਦਰਬਾਰੀ ਲਿਖਾਰੀ ਭਾਈ ਹਰਿਦਾਸ ਜੀ ਵਾਲੀ ੭ ਨੰ: ਬੀੜ।

ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਪ੍ਰਿੰਸੀਪਲ ਸਾਹਿਬ ਜੀ ਨੇ ਇਸ ਇਤਿਹਾਸਕ ਤੇ ਪ੍ਰਮਾਣਿਕ ਬੀੜ ਦੀਆਂ ਆਪਣੇ ਕੈਮਰੇ ਨਾਲ ਕੁੱਝ ਤਸਵੀਰਾਂ ਵੀ ਲਈਆਂ ਸਨ। ਹੁਣ ਤਾਂ ਸ਼ਾਇਦ ਉਪਰੋਕਤ ਕਿਸਮ ਦੀਆਂ ਕੀਮਤੀ ਬੀੜਾਂ ਦੀਆਂ ਕੇਵਲ ਕੁੱਝ ਵੀਡੀਓ ਪ੍ਰਾਪਤ ਹੋ ਸਕਣ, ਸ੍ਰੀ ਅਕਾਲ ਤਖਤ ਦੇ ਸਾਬਕਾ ਮੁਖ-ਸੇਵਦਾਰ ਪ੍ਰੋ: ਮਨਜੀਤ ਸਿੰਘ ਜੀ ਦੁਆਰਾ ਸਥਾਪਿਤ ਪ੍ਰੋ: ਸਾਹਿਬ ਸਿੰਘ ਟ੍ਰਸਟ ਸ੍ਰੀ ਅਨੰਦਪੁਰ ਸਾਹਿਬ ਪਾਸੋਂ ਅਤੇ ਪ੍ਰਿੰਸੀਪਲ ਸਾਹਿਬ ਦੀ ਖਿੱਚੀਆਂ ਫੋਟੋਆਂ ਪ੍ਰਾਪਤ ਹੋ ਸਕਣ ਉਨ੍ਹਾਂ ਦੇ ਬੇਟੇ ਪ੍ਰਿੰਸੀਪਲ ਸਤਿਨਾਮ ਸਿੰਘ ਚੰਡੀਗੜ ਕੋਲੋ; ਕਿਉਂਕਿ, ਸਿੱਖ ਰੈਫਰੈਂਸ ਵਾਲਾ ਇਹ ਸਾਰਾ ਇਤਿਹਾਸਕ ਤੇ ਸਾਹਿਤਕ ਖ਼ਜ਼ਾਨਾ ਜੂਨ 1984 ਦੇ ਘਲੂਘਾਰੇ ਵੇਲੇ ਸਾਡੇ ਹੱਥੋਂ ਜਾਂਦਾ ਰਿਹਾ ਹੈ। ਨੋਟ ਕਰਨ ਵਾਲੀ ਸਚਾਈ ਇਹ ਹੈ ਕਿ ਬੀੜ ਨੰ: ੧ ਨੂੰ ਛੱਡ ਕੇ ਬਾਕੀ ਤਿੰਨਾਂ ਵਿੱਚ ਨੌਵੇਂ ਮਹਲ ਦੀ ਬਾਣੀ ਦਰਜ਼ ਸੀ। ਕਰਤਾਰ ਪੁਰੀ ਬੀੜ ਵਿੱਚ ‘ਸੋ ਪੁਰਖ` ਸੰਗ੍ਰਹਿ ਵਾਲੇ ਚਾਰ ਸ਼ਬਦ ਨਹੀ ਹਨ; ਪਰ, ਢਿਲੋਂ ਵਾਲੀ ਬੀੜ ਵਿੱਚ ‘ਸੋ ਦਰੁ` ਤੇ ‘ਸੋ ਪੁਰਖੁ` ਦੇ ਨੌਵਾਂ ਸ਼ਬਦਾਂ ਸਮੇਤ ਜੈਜਾਵੰਤੀ ਮਹਲਾ ਨੌਵਾਂ ਦੇ ਚਾਰ ਸ਼ਬਦ ਬਿਲਕੁਲ ਰਾਗਾਂ ਦੀ ਅਜੋਕੀ ਤਰਤੀਬ ਮੁਤਾਬਿਕ ਅੰਕਿਤ ਸਨ।

ਜਦੋਂ ਸ੍ਰ: ਰਣਧੀਰ ਸਿੰਘ ਵਾਲੀ ਸਬ-ਕਮੇਟੀ ਵਲੋਂ ਤਿਆਰ ਪਾਠ ਭੇਦਾਂ ਦੀ ਸੂਚੀ ਪੰਜ ਭਾਗਾਂ ਵਿੱਚ ਛਪ ਗਈ ਤਾਂ ਤਾਂ ਐਡੀਸ਼ਨਲ ਸਕਤਰ ਸ੍ਰ: ਗੁਰਬਖਸ਼ ਸਿੰਘ ਜੀ ਨੇ ਪ੍ਰਿੰਸੀਪਲ ਹਰਿਭਜਨ ਸਿੰਘ ਜੀ ਹੁਰਾਂ ਨੂੰ ਅਪ੍ਰੈਲ ੧੯੭੬ ਵਿੱਚ ਭੂਮਿਕਾ ਲਿਖਣ ਲਈ ਖਰੜਾ ਭੇਜਿਆ ਤਾਂ ਪ੍ਰਿੰਸੀਪਲ ਜੀ ਹੁਰਾਂ ਮੈਨੂੰ ਘਰ ਬੁਲਾ ਕੇ ਆਖਿਆ:

“ਬੇਟਾ! ਇਹ ਪੋਥੀਆਂ ਲੈ ਜਾਓ, ਚਾਰ ਸਾਥੀ ਹੋਰ ਆਪਣੇ ਨਾਲ ਲਾਓ ਤੇ ਗਿਣਤੀ ਕਰਕੇ ਦੱਸੋ ਕਿ ਕੁੱਲ ਕਿਤਨੇ ਪਾਠ-ਭੇਦ ਹਨ। ਰਣਧੀਰ ਸਿੰਘ ਜੀ ਹੁਰਾਂ ਵਲੋਂ ਲਿਖੇ ਵਿਸ਼ੇਸ਼ ਨੋਟਾਂ ਦੇ ਪੰਨੇ ਵੀ ਨੋਟ ਕਰ ਲੈਣੇ”; ਕਿਉਂਕਿ ਭੂਮਿਕਾ ਲਿਖਣ ਲਈ ਇਹ ਸਾਰੀ ਜਾਣਕਾਰੀ ਜ਼ਰੂਰੀ ਹੈ। ਇਹ ਪੋਥੀਆਂ ਪੜ੍ਹ ਕੇ ਤੁਹਾਨੂੰ ਪੁਰਾਤਨ ਬੀੜਾਂ ਦੇ ਦਰਸ਼ਨ ਵੀ ਹੋ ਜਾਣਗੇ ਤੇ ਅਸਲੀਅਤ ਦਾ ਵੀ ਪਤਾ ਚੱਲ ਜਾਏਗਾ। ਭਵਿਖ ਤੁਹਾਡੇ ਹੱਥਾਂ ਵਿੱਚ ਹੈ। ਬੇਟੇ! ਯਾਦ ਰੱਖਣਾ, ‘ਧੁਰ ਕੀ ਬਾਣੀ` ਸੰਪਾਦਨਾ ਦਾ ਕਾਰਜ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਦਸਵੇਂ ਪਤਾਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਕ ਤੱਕ ਨਿਰੰਤਰ ਚੱਲਿਆ ਤੇ ਸਾਰੇ ਗੁਰੂ ਸਾਹਿਬਾਨ ਨੇ ਇਸ ਅਮੋਲਕ ਰੂਹਾਨੀ ਖਜ਼ਾਨੇ ਨੂੰ ਆਪਣੀ ਜਾਨ ਤੋਂ ਵੀ ਕੀਮਤੀ ਜਾਣ ਕੇ ਸਦਾ ਹੀ ਆਪਣੇ ਅੰਗ-ਸੰਗ ਸੁਰੱਖਿਅਤ ਰੱਖਿਆ ਤੇ ਸੰਭਾਲਿਆ; ਪਰ, ਜਿਸ ਪਾਵਨ ਬੀੜ ਨੂੰ ਦਸਵੇਂ ਪਾਤਸ਼ਾਹ ਨੇ ਸੰਪਾਦਤੀ ਸੰਪੂਰਨਤਾ ਬਖਸ਼ੀ ਅਤੇ ਸ੍ਰੀ ਹਜ਼ੂਰ ਸਾਹਿਬ (ਨਦੇੜ) ਪਹੁੰਚ ਕੇ ਆਪਣੇ ਜੋਤੀ-ਜੋਤਿ ਸਮਾਵਣ ਤੋਂ ਪਹਿਲਾਂ ਅਕਤੂਬਰ ਸੰਨ ੧੭੦੮ ਵਿੱਚ ਪੰਥ ਨੂੰ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਕੀਤਾ; ਬਦਕਿਸਮਤੀ ਨਾਲ ਉਹ ਸਰੂਪ ਘਲੂਘਾਰਿਆਂ ਵੇਲੇ ਅਸੀਂ ਗੁਆ ਬੈਠੇ ਹਾਂ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਵਲੋਂ ਭਾਈ ਗੁਰਦਾਸ ਜੀ ਦੁਆਰਾ ਲਿਖਾਈ ਤੇ ਸੰਪਾਦਿਤ ਕਰਵਾਈ ਗਈ ਬੀੜ ਦੇ ਹੁਣ ਤੱਕ ਦੀ ਹੋਈ ਖੋਜ ਤੇ ਮੇਰੀ ਤੁੱਛ ਬੁੱਧੀ ਮੁਤਾਬਿਕ ਕੇਵਲ ਦੋ ਹੀ ਨਿਕਟਵਰਤੀ ਉਤਾਰੇ ਹਨ; ਇੱਕ ਹੈ ਕਰਤਾਰ ਪੁਰੀ ਬੀੜ ਤੇ ਦੂਜੀ ਹੈ ਸਿੱਖ ਰੈਫਰੈਂਸ ਵਿੱਚਲੀ ਸ੍ਰੀ ਹਰਿਗੋਬਿੰਦ ਸਾਹਿਬ ਵਾਲੀ ਲਹੌਰੀ ਬੀੜ।

ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਭਾਈ ਬੰਨੋ ਹੀ ਪਹਿਲਾ ਸਿੱਖ ਸੀ, ਜਿਸ ਨੇ ਸਤਿਗੁਰਾਂ ਦੀ ਰਜ਼ਾ ਮੁਤਾਬਿਕ ਭਾਈ ਗੁਰਦਾਸ ਜੀ ਦੀ ਲਿਖੀ ਬੀੜ ਦਾ ਪਹਿਲਾ ਉਤਾਰਾ ਕੀਤਾ। ਭਾਈ ਗੁਰਦਾਸ ਜੀ ਵਾਲੀ ਮੂਲਕ ਬੀੜ (ਪੋਥੀ) ਤਾਂ ਸ੍ਰੀ ਦਰਬਾਰ ਸਾਹਿਬ ਵਿਖੇ ਪ੍ਰਕਾਸ਼ ਲਈ ਸੰਭਾਲ ਲਈ ਗਈ, ਉਤਾਰਿਆਂ ਲਈ ਭਾਈ ਬੰਨੋ ਵਾਲੀ ਬੀੜ ਹੀ ਲਿਖਾਰੀਆਂ ਲਈ ਉਪਲਭਦ ਰਹੀ। ਇਹੀ ਕਾਰਣ ਹੈ ਕਿ ਥੋੜੀ ਬਹੁਤ ਅਦਲਾ ਬਦਲੀ ਨਾਲ ਵਧੇਰੇ ਉਤਾਰੇ ਭਾਈ ਬੰਨੋ ਵਾਲੀ ਮਿਸਲ ਦੇ ਮਿਲਦੇ ਹਨ; ਭਾਈ ਗੁਰਦਾਸ ਜੀ ਦੀ ਮਿਸਲ ਵਾਲੇ ਘਟ। ਪਰ, ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਭਾਈ ਬੰਨੋ ਵਾਲੀ ਮੂਲ ਬੀੜ ਵੀ ਅਸੀਂ ਸੰਭਾਲ ਨਹੀ ਸਕੇ। ਕਿਉਂਕਿ, ਮੇਰਾ ਮਨ ਨਹੀ ਮੰਨਦਾ ਕਿ ਭਾਈ ਸਾਹਿਬ ਜੀ ਵਰਗਾ ਗੁਰੂ ਜੀ ਦਾ ਅਤਿ ਨਿਕਟਵਰਤੀ ਤੇ ਸੂਝਵਾਨ ਸਿੱਖ, ਜਿਸ ਨੂੰ ਸਤਿਗੁਰਾਂ ਨੇ ਆਪ ਭਾਈ ਗੁਰਦਾਸ ਜੀ ਦਾ ਸਹਾਇਕ ਲਿਖਾਰੀ ਬਣਾਇਆ ਹੋਵੇ, ਉਹ ਉਤਾਰਾ ਕਰਦਿਆਂ ਸਤਿਗੁਰਾਂ ਦੀ ਆਗਿਆ ਜਾਂ ਭਾਈ ਗੁਰਦਾਸ ਜੀ ਦੀ ਸਲਾਹ ਦੇ ਬਗੈਰ ਹੀ ‘ਰਣਝੁੰਝਨੜਾ ਗਾਉ ਸਖੀ…` ਵਰਗਾ ਅਧੂਰਾ ਸ਼ਬਦ, ‘ਛਾਡਿ ਮਨ ਹਰਿ ਬਿਮੁਖਨ ਸਿਉ ਸੰਗ` ਵਰਗੀ ਸਿਰਲੇਖ-ਹੀਣ ਇਕੱਲੀ ਤੁਕ, ਮੀਰਾਂਬਾਈ ਦਾ ਪਦਾ ਅਤੇ ਰਾਗਮਾਲਾ ਵਰਗੀ ਨਾਮੁ-ਵਿਹੂਣੀ ਰਚਨਾ ਨੂੰ ਬੀੜ ਵਿੱਚ ਲਿਖਣ ਦੀ ਅਵੱਗਿਆ ਕਰਦਾ। ਇਸ ਲਈ ਜਿਸ ਬੀੜ ਵਿੱਚ ਅਜਿਹੀਆਂ ਭੁੱਲਾਂ ਮਜੂਦ ਹੋਣ, ਉਸ ਨੂੰ ਭਾਈ ਬੰਨੋ ਜੀ ਵਾਲੀ ਮੂਲਿਕ ਲਿਖਤ ਨਹੀ ਮੰਨਿਆਂ ਜਾ ਸਕਦਾ; ਭਾਵੇਂ ਕਿ ਉਹ ਕਾਨ੍ਹਪੁਰ ਹੋਵੇ ਜਾਂ ਕਿਤੇ ਹੋਰ……।

ਮੇਰੀ ਜਾਣਕਾਰੀ ਮੁਤਾਬਿਕ ਦਸਵੇਂ ਪਾਤਸ਼ਾਹ ਦੇ ਵੇਲੇ ਦੀਆਂ ਵੀ ਸਿੱਖ ਰੈਫਰੈਂਸ ਵਿੱਚਲੀਆਂ ਦੋ ਹੀ ਪ੍ਰਮਾਣਿਕ ਬੀੜਾਂ ਹਨ; ਇੱਕ ਹੈ ਦਸਵੇਂ ਪਾਤਸ਼ਾਹ ਦੇ ਹਜ਼ੂਰੀ ਲਿਖਾਰੀ ਤੇ ਅਨਿੰਨ ਸੇਵਕ ਸਿੱਖ ਭਾਈ ਹਰਿਦਾਸ ਜੀ ਵਾਲੀ ਅਤੇ ਦੂਜੀ ਹੈ ੯੭ ਨੰ: ਅਨੰਦਪੁਰੀ ਬੀੜ, ਜਿਸ ਨੂੰ ਸ੍ਰ: ਸਮਸ਼ੇਰ ਸਿੰਘ ਅਸ਼ੋਕ ਵਰਗਾ ਹੰਢਿਆ ਖੋਜੀ ਵਿਦਵਾਨ ਅਤੇ ਸ਼੍ਰੋਮਣੀ ਕਮੇਟੀ ਦਾ ਰੀਸਰਚ ਸਕਾਲਰ ‘ਦਮਦਮੀ ਸਰੂਪ` ਮੰਨਦਾ ਹੈ ਅਤੇ ਹੈ ਵੀ ਇਹ ਸੋਲ਼ਾਂ ਆਨੇ ਸੱਚ। ਭੁਲੇਖਾ ਨਾ ਖਾਣਾ! ਇਹ ਦਮਦਮਾ ਸਥਾਨ, ਸ੍ਰੀ ਅਨੰਦਪੁਰ ਸਾਹਿਬ ਵਿੱਚ ਹੈ, ਜਿਥੇ ਦਸਵੇਂ ਪਾਤਸ਼ਾਹ ਨੇ ਗੁਰਦੇਵ ਪਿਤਾ ਜੀ ਦੀ ਬਾਣੀ ਬੀੜ ਵਿੱਚ ਲਿਖਵਾਈ। ਇਸ ਲਈ ਖ਼ਾਲਸਾ ਪੰਥ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਪ੍ਰਸਤੀ ਹੇਠ ਉਪਰੋਕਤ ਕਿਸਮ ਦੀਆਂ ਪ੍ਰਮਾਣਿਕ ਬੀੜਾਂ ਦੀ ਰੌਸ਼ਨੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਛਪ ਰਹੇ ਮਜੂਦਾ ਸਰੂਪ ਵਿੱਚਲੀ ਬਾਣੀ ਦੀ ਤਰਤੀਬ ਅਤੇ ਪਾਠ-ਭੇਦਾਂ ਨੂੰ ਦੂਰ ਕਰਕੇ ਹੀ ਐਸੀ ਪ੍ਰਮਾਣੀਕਤਾ ਕਾਇਮ ਕੀਤੀ ਜਾ ਸਕਦੀ ਹੈ ਕਿ ਕਿਸੇ ਵੀ ਇੱਕ ਪੁਰਾਤਨ ਬੀੜ ਨੂੰ ਅਧਾਰ ਬਣਾ ਕੇ ਕੋਈ ਅਨਮਤੀ ਜਾਂ ਸ਼ਰਾਰਤੀ ਬਿਰਤੀ ਵਾਲਾ ਬੰਦਾ ‘ਗੁਰੂ ਗ੍ਰੰਥ` ਪ੍ਰਤੀ ਸ਼ੱਕ ਦੀ ਉਂਗਲ ਨਾ ਉਠਾ ਸਕੇ।

ਪਾਠ-ਭੇਦਾਂ ਦੀ ਸੂਚੀ ਉਜਾਗਰ ਕਰਨੀ ਵੀ ਇਸ ਪਾਸੇ ਚੁੱਕਿਆ ਇੱਕ ਇਨਕਲਾਬੀ ਕਦਮ ਹੈ। ਪਰ, ਇਹ ਮਹਾਨ ਕਾਰਜ ਸਿਰੇ ਚੜ੍ਹ ਸਕਦਾ ਹੈ, ਜੇਕਰ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਵਿੱਚ ਐਸੇ ਲੋਕਾਂ ਦੀ ਬਹੁਗਿਣਤੀ ਹੋਵੇ ਜਿਹੜੇ ਗੁਰਬਾਣੀ ਬੋਧ ਰੱਖਦੇ ਹੋਣ ਅਤੇ ਗੁਰਦੁਆਰਾ ਪ੍ਰਬੰਧ ਨੂੰ ਸੁਧਾਰਨ ਤੇ ਗੁਰਮਤਿ ਪ੍ਰਚਾਰਨ ਨੂੰ ਹੀ ਆਪਣੇ ਜੀਵਨ ਦਾ ਲਕਸ਼ ਬਣ ਕੇ ਆਏ ਹੋਣ। ਬੇਟੇ! ਸੁਆਰਥੀ ਰਾਜਨੀਤਕ ਬ੍ਰਿਤੀ ਰਖਣ ਵਾਲਿਆਂ ਦੀ ਮਜੂਦਗੀ ਵਿੱਚ ਅਜਿਹਾ ਸੰਵੇਦਨਸ਼ੀਲ ਕਾਰਜ ਹੋ ਸਕਣਾ ਅਸੰਭਵ ਜਾਪਦਾ ਹੈ; ਕਿਉਂਕਿ, ਇੱਲਾਂ ਵਾਂਗ ਉੱਚੇ ਉਡਦਿਆਂ ਵੀ ਉਹ ਵੋਟਾਂ ਦੇ ਮੁਰਦਾਰ ਵੱਲ ਹੀ ਤੱਕਦੇ ਰਹਿੰਦੇ ਹਨ। ਗ਼ੁਲਾਮ ਮਾਨਸਿਕਤਾ ਵਾਲੇ ਚਾਪਲੂਸ ਮੁਲਾਜ਼ਮ ਵੀ ਅਜਿਹੇ ਕੌਮੀ ਕਾਰਜਾਂ ਵਿੱਚ ਰੁਕਾਵਟ ਹੀ ਬਣਦੇ ਹਨ। ਇਹ ਸੂਚੀ ਵੀ ਕਿਥੋਂ ਪ੍ਰਕਾਸ਼ਤ ਹੋਣੀ ਸੀ ਜੇਕਰ ਸਕਤਰ ਗਿਆਨੀ ਮਹਿੰਦਰ ਸਿੰਘ ਤੇ ਸ੍ਰ: ਗੁਰਬਖਸ਼ ਸਿੰਘ ਇੱਕ ਜੁੱਟ ਹੋ ਕੇ ਮਰਦਾਵੀਂ ਹਿੰਮਤ ਨਾ ਕਰਦੇ, ਹੈਡ ਗ੍ਰੰਥੀ ਗਿਆਨੀ ਕ੍ਰਿਪਾਲ ਸਿੰਘ ਜੀ ਸੰਪਰਦਾਇਕ ਸੰਕੀਰਨਤਾ ਨਾ ਛੱਡਦੇ ਅਤੇ ਪ੍ਰਿਸੀਪਲ ਸਤਬੀਰ ਸਿੰਘ ਜੀ ਟੌਹੜਾ ਜੀ ਨੂੰ ਤਿਆਰ ਕਰਨ ਵਿੱਚ ਇਮਾਨਦਾਰੀ ਨਾਲ ਸਾਡਾ ਸਾਥ ਨਾ ਦਿੰਦੇ। ਅੱਛਾ! ਹੁਣ ਜਾਓ ਤੇ ਧਿਆਨ ਪੂਰਵਕ ਦਸਿਆ ਕੰਮ ਕੇ ਕੱਲ ਸ਼ਾਮ ਤੱਕ ਦੱਸੋ”।

ਮੈਂ ਆਪਣੇ ਜਮਾਤੀਆਂ ਵਿਚੋਂ ਗਿ: ਬਲਦੇਵ ਸਿੰਘ ਬੰਗੇ, ਗਿ: ਕੇਵਲ ਸਿੰਘ (ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ) ਗਿਆਨੀ ਜਸਬੀਰ ਸਿੰਘ (ਮੁੱਖ ਗ੍ਰੰਥੀ ਗੁਰਦੁਆਰਾ ਅਕਾਲੀ ਸਿੱਖ ਸਭਾ ਵੈਨਕੂਵਰ) ਤੇ ਮਹਿਰੂਮ ਭਾਈ ਗੁਰਮੇਜ ਸਿੰਘ ਠਰੂ ਨੂੰ ਇੱਕ ਇੱਕ ਭਾਗ ਦੇ ਕੇ ਪਾਠ ਭੇਦਾਂ ਦੀ ਗਿਣਤੀ ਕਰਵਾਈ ਤੇ ਸਾਰੇ ਭਾਗਾਂ ਵਿਚੋਂ ਕੁੱਝ ਵਿਸ਼ੇਸ਼ ਨੋਟ ਆਪਣੀ ਕਾਪੀ ਵਿੱਚ ਲਿਖ ਕੇ, ਦੂਸਰੇ ਦਿਨ ਦੁਪਹਿਰ ਤੋਂ ਪਿਛੋਂ ਚਾਰ ਕੁ ਵਜੇ ਦਫਤਰ ਵਿੱਚ ਜਾ ਦੱਸਿਆ ਕਿ ਪੋਥੀਆਂ ਭਾਵੇਂ ਵੱਖ ਵੱਖ ੫ ਹਨ, ਪਰ ਇਨ੍ਹਾਂ ਦੇ ਪੰਨਿਆਂ ਦੀ ਗਿਣਤੀ ਨਿਰੰਤਰ ਚੱਲ ਰਹੀ ਹੈ, ਜਿਨ੍ਹਾਂ ਦੀ ਕੁੱਲ ਗਿਣਤੀ ੮੬੦ ਹੈ। ਸਾਡੀ ਗਿਣਤੀ ਮੁਤਾਬਿਕ ਇਨ੍ਹਾਂ ਵਿੱਚ ਬੀੜਾਂ ਦੇ ਵੇਰਵੇ ਸਹਿਤ 4784 ਪਾਠ-ਭੇਦਾਂ ਦੀ ਨਿਸ਼ਾਨਦੇਈ ਕੀਤੀ ਗਈ ਹੈ। ਇਨ੍ਹਾਂ ਵਿੱਚ ਕੁੱਝ ਅੰਕ-ਜੋੜਾਂ ਦੇ ਭੇਦ ਤੇ ਬਾਣੀ ਦੀ ਬੇ-ਤਰਤੀਬੀ ਵੀ ਸ਼ਾਮਲ ਹੈ। ਇਨ੍ਹਾਂ ਪੋਥੀਆਂ ਨੂੰ ਗਹੁ ਨਾਲ ਵਾਚਿਆਂ ਇਹ ਭੇਦ ਵੀ ਖੁੱਲ੍ਹਦਾ ਹੈ ਕਿ ਭਾਈ ਗੁਰਦਾਸ ਜੀ ਦੀ ਮਿਸਲ ਦੀਆਂ ਬੀੜਾਂ, ਛਾਪੇ ਦੀਆਂ ਬੀੜਾਂ ਦਾ ਅਧਾਰ ਨਹੀ ਬਣ ਸਕੀਆਂ। ਵਿਸ਼ੇਸ਼ ਨੋਟ ਭਾਵੇਂ ਸਾਰੇ ਹੀ ਬੜੇ ਮਹੱਤਵ ਪੂਰਨ ਹਨ; ਪਰ ਉਨ੍ਹਾਂ ਵਿਚੋਂ ਕੁੱਝ ਨੋਟ ਅਸੀਂ ਪੰਨਿਆਂ ਸਮੇਤ ਕਾਪੀ ਕੀਤੇ ਹਨ।

ਜਿਵੇਂ, ਪਹਿਲੇ ਭਾਗ ਦੇ ਪੰਨਾ ੩੫ ਉਪਰ ਸ੍ਰੀ ਰਾਗ ਦੀ ਵਾਰ ਦੇ ਅੰਤ ਵਿੱਚ ਆਏ ‘ਸੁਧੁ`।। ਲਫ਼ਜ਼ ਬਾਰੇ ਲਿਖਿਆ ਹੈ “ਇਹ ਪਾਠ, ਕਿਸੇ ਲਿਖਤੀ ਗ੍ਰੰਥ ਸਾਹਿਬ ਵਿੱਚ, ਕਿਸੇ ਵੀ ਵਾਰ ਨਾਲ ਨਹੀ ਲਭਦਾ।। ਕਰਤਾਰ ਪੁਰੀ ਬੀੜ `ਚ ਲਿਖਾਰੀ ਦੇ ਹੀ ਹੱਥ-ਕਲਮ ਨਾਲ ਲਿਖਿਆ ਵੇਖਦੇ ਹਾਂ। ਜਿਥੋਂ ਛਾਪੇਖਾਨੇ ਵਾਲਿਆਂ ਮੱਖੀ ਤੇ ਮੱਖੀ ਮਾਰਨੀ ਅਰੰਭੀ ਹੈ।। ਸੋ, ਇਹ ਗ਼ਲਤ ਰੀਸ ਛਡ ਦੇਣੀ ਚਾਹੀਦੀ ਹੈ”।

ਫਿਰ, ਪਹਿਲੇ ਭਾਗ ਦੇ ਪੰਨਾ ੮੨ `ਤੇ ਗਉੜੀ ਕੀ ਵਾਰ ਮਹਲਾ ਪੰਜਵਾਂ ਦੇ ਅੰਤ ਵਿੱਚ ਆਏ ‘ਸੁਧੁ ਕੀਚੈ`।। ਬਾਰੇ ਨੋਟ ਹੈ “ਸੁਧੁ ਕੀਚੈ ਕੀ ਹਦਾਇਤ, ਪੰਚਮ ਪਾਤਸ਼ਾਹ ਨੇ ਆਪਣੇ ਲਿਖਾਰੀ ਨੂੰ ਅਸ਼ੁਧੀਆਂ, ਦਰੁਸਤ ਕਰਨ ਵਾਸਤੇ, ਕਰ-ਕਮਲਾਂ ਨਾਲ ਲਿਖੀ ਸੀ। ਹੁਕਮ `ਤੇ ਅੱਮਲ ਕਰਕੇ, ਲਿਖਾਰੀ ਨੇ ਲਿਖ ਦਿੱਤਾ ਸੀ: ‘ਸੁਧੁ ਕੀਤਾ`। ਇਹ ਦੋਵੇਂ ਪਾਠ ‘ਆਦਿ ਬੀੜ` ਦੀ ਪੱਕੀ ਇਤਿਹਾਸਕ ਪਛਾਣ ਹਨ। ਐਪਰ ਇਨ੍ਹਾਂ ਨੂੰ ਅਗਾਂਹ ਚਲਾਈ ਰੱਖਣਾ, ਦਾਨਾਈ ਨਹੀ। ਮੱਖੀ ਤੇ ਮੱਖੀ ਮਾਰਨ ਵਾਲੇ ਲਿਖਾਰੀਆਂ ਤੋਂ ਬਿਨਾਂ ਹੋਰ ਕਿਸੇ ਨੇ ਇਹ ਨਕਲ ਮਾਰੀ ਭੀ ਨਹੀ। ‘ਗੁ. ਦੂਖ ਨਿਵਾਰਨ-ਪਟਿਆਲਾ` ਦੇ ਤੋਸ਼ੇਖਾਨੇ ਵਿਰਾਜਮਾਨ ਇੱਕ ਲਿਖਤੀ ਗ੍ਰੰਥ ਸਾਹਿਬ ਵਿੱਚ ‘ਸੁਧੁ ਕੀਤਾ` ਪਾਠ ਭੀ ਅਸਾਂ ਪੜ੍ਹਿਆ ਹੈ। ਪਰ ਇਹ ਵੀ ਗੈਰ ਜ਼ਰੂਰੀ ਨਕਲ ਹੀ ਹੈ।। ਨਮੂਨੇ ਵਜੋਂ ਦੇਖੋ:- ਅੱਗੇ ਪੰਜ ਪੁਰਾਤਨ ਬੀੜਾਂ ਦਾ ਵੇਰਵਾ ਹੈ”।

ਪ੍ਰਿੰਸੀਪਲ ਬੋਲੇ “ਬਿਲਕੁਲ ਠੀਕ। ਕਰਤਾਰਪੁਰੀ ਬੀੜ ਵਿੱਚ ਇਹ ਹਦਾਇਤ, ਵੈਸੇ ਵੀ ਹਾਸ਼ੀਏ ਤੋਂ ਬਾਹਰ ਹੈ ਤੇ ਇਸ ਨੂੰ ਪਾਠ ਦਾ ਅੰਗ ਵੀ ਨਹੀ ਮੰਨਿਆ ਜਾ ਸਕਦਾ। ਦੂਜੇ ਉਨ੍ਹਾਂ ਦੀ ਲਫ਼ਜ਼ ‘ਸੁਧੁ` ਬਾਰੇ ਦਲੀਲ ਵੀ ਬੜੀ ਵਜ਼ਨਦਾਰ ਹੈ ਕਿ ਇਹ ਲਿਖਤ ਚੈਕ-ਕਰਤਾ (ਸਤਿਗੁਰਾਂ) ਦੇ ਹੱਥਾਂ ਦੀ ਹੋਣੀ ਚਾਹੀਦੀ ਹੈ ਨਾ ਕਿ ਲਿਖਾਰੀ ਦੇ ਹੱਥ ਦੀ।

ਮੈਂ ਫਿਰ ਆਪਣੀ ਨੋਟ-ਬੁੱਕ ਤੋਂ ਦੇਖ ਕੇ ਬੋਲਿਆ ਕਿ ਪੰਜਵੇਂ ਭਾਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਜੂਦਾ ਸਰੂਪ ਵਿੱਚ ਪੰਨਾ ੧੨੫੩ `ਤੇ ਅੰਕਤ “ਛਾਡਿ ਮਨ ਹਰਿ ਬਿਮੁਖਨ ਕੋ ਸੰਗ” ਬਾਰੇ ੨ ਨੋਟ ਲਿਖੇ ਗਏ ਹਨ। ਪਹਿਲੇ ਵਿੱਚ ਲਿਖਤੀ ਬੀੜਾਂ ਵਿੱਚਲੀ ਜਾਣਕਾਰੀ ਦਿੰਦਿਆਂ ਬੀੜ ਨੰਬਰ ੩੬/ ੧੧੭ ਦੇ ਹਵਾਲੇ ਨਾਲ ਸਾਰੰਗ ਦੇ ਸਿਰਲੇਖ ਹੇਠ ਉਪਰੋਕਤ ਅਰੰਭਕ ਪੰਕਤੀ ਸਮੇਤ ਸੂਰਦਾਸ ਦੀ ਮੁਹਰ-ਛਾਪ ਵਾਲਾ ਬਾਕੀ ਦਾ ਪੂਰਾ ਸ਼ਬਦ ਲਿਖਿਆ ਹੋਇਆ ਹੈ। ਦੂਜੇ ਨੋਟ ਵਿੱਚ ਇਸ ਸ਼ਬਦ ਦੇ ਬੀੜਾਂ ਵਿੱਚਲੇ ਪਾਠ ਦੇ ਕੇ ਵਿਦਵਾਨਾਂ ਨੇ ਨਿੱਜੀ ਸਲਾਹ ਇਓਂ ਲਿਖੀ ਹੈ:

“ਸੋ, ਇਹ ਇਕੱਲੀ ਤੁਕ ਰਖਣੀ ਠੀਕ ਨਹੀਂ। ਮਿਲੇ ਤਾਂ ਸ਼ੁਧ ਪਾਠ ਵਾਲਾ ਸਾਰਾ ਸ਼ਬਦ ਸ਼ਾਮਲ ਕਰ ਲੈਣਾ ਚਾਹੀਦਾ ਹੈ। ਇਹ ਸ਼ਬਦ ਦਸਵੇਂ ਪਾਤਿਸ਼ਾਹ ਦੇ ਦਰਬਾਰੀ ਲਿਖਾਰੀ ਭਾਈ ਫਤਹ ਚੰਦ ‘ਬਾਲ ਗੋਬਿੰਦ` ਦੇ ਲਿਖੇ ‘ਸੂਰ ਸਾਗਰ` ਵਿੱਚ ਹੈਗਾਇ: ਜਿਸ ਦਾ ਪਾਠ ਇਉਂ ਹੈ ………… … … … … ( ‘ਸੂਰ ਸਾਗਰ`-ਪਤਿ ੭੪੩/ ੨੯੨੬//੨, ਸਤ੍ਰ ੨੭ ਤੋਂ ੨੯ ਤੱਕ)

ਪ੍ਰਿੰਸੀਪਲ ਸੁਣ ਕੇ ਬੋਲੇ “ਇਹ ਸਾਡੇ ਲਈ ਨਵੀਂ ਜਾਣਕਾਰੀ ਤੇ ਨੇਕ ਸਲਾਹ ਹੈ”। ਦਾਸ ਨੇ ਸਵਾਲ ਕੀਤਾ ਕਿ ਰਾਮਕਲੀ ਰਾਗ ਦੇ ਛੰਤਾਂ ਵਿੱਚਲੀਆਂ ‘ਰਣ ਝੁੰਝਨੜਾ ਗਾਉ ਸਖੀ……. . (ਪੰਨਾ ੯੨੭) ਬਾਰੇ ਚੁੱਪ ਇਹ ਵਿਦਵਾਨ ਕਿਉਂ ਚੁੱਪ ਹਨ? ਸਾਥੀਆਂ ਨੂੰ ਕਹਿਣਾ ਕਿ ਇਸ ਸਬੰਧੀ ਸ਼ਬਦਾਰਥ ਪੋਥੀਆਂ ਵਾਲਾ ਨੋਟ ਪੜ੍ਹ ਲੈਣ। ਬਾਕੀ ਗੱਲ ਕਲਾਸ ਵਿੱਚ ਕਰਾਂਗੇ। ਐਸਾ ਤਾਂ ਨਹੀ ਹੋ ਸਕਦਾ ਕਿ ਕਿਸੇ ਸ਼ਬਦ ਦਾ ਕੁੱਝ ਹਿੱਸਾ ਗੁਰਮਤਿ ਅਨੁਸਾਰੀ ਮਨ ਲਿਆ ਜਾਏ ਤੇ ਕੁੱਝ ਗੁਰਮਤਿ ਦੇ ਵਿਪਰੀਤ। ਬੇਟਾ! ਅਜਿਹੇ ਭੇਦ ਮਿਟਾਉਣ ਲਈ ਕੌਮ ਵਿੱਚ ਗੁਰਬਾਣੀ ਪ੍ਰਤੀ ਬਹੁਤ ਜਾਗਰੂਕਤਾ ਲਿਆਉਣ ਦੀ ਲੋੜ ਹੈ”।

ਪਾਠਕਾਂ ਦੀ ਜਾਣਕਾਰੀ ਲਈ ਸ਼ਬਦਾਰਥ ਵਿੱਚਲਾ ਫੁੱਟ ਨੋਟ ਇਉਂ ਹੈ: ਸ੍ਰੀ ਕਰਤਾਰਪੁਰ ਵਾਲੀ ਬੀੜ ਵਿੱਚ ਇਸ ਸ਼ਬਦ ਦੀਆਂ ਕੇਵਲ ਦੋ ਤੁਕਾਂ ਦਿਤੀਆਂ ਹਨ, ਪਰ ਭਾਈ ਬੰਨੋ ਵਾਲੀ ਬੀੜ ਵਿੱਚ ਚਾਰ ਪਦਾਂ ਦਾ ਛੰਤ ਦਿੱਤਾ ਹੈ। ਮਜ਼ਮੂਨ ਬਾਲਕ ਹਰਿਗੋਬਿੰਦ ਜੀ ਦੇ ਸਬੰਧ ਵਿੱਚ ਕਿਸੇ ਸੰਸਕਾਰ ਦਾ ਨਹੀ, ਸਗੋਂ ‘ਅਨੂਪ ਬਾਲਕ` ਦਾ ਅਲੰਕਾਰ ਲੈ ਕੇ ਉਸ ਦੇ ਜੀਵਨ ਦੇ ਜ਼ਰੂਰੀ ਮੌਕਿਆਂ (ਜਨਮ, ਨਾਮ-ਕਰਨ, ਭਦਣ, ਸਕੂਲੇ ਪੈਣ, ਮੰਗਣਾ, ਵਿਆਹ) ਨੂੰ ਲੈ ਕੇ ਅੰਮ੍ਰਿਤ-ਨਾਮ ਦੇ ਵੰਡਣ ਦਾ ਜ਼ਿਕਰ ਕਰਦੇ ਹਨ, ਇਸੇ ਤਰ੍ਹਾਂ ਹੋਰਨਾ ਥਾਵਾਂ `ਤੇ ਅਲਾਹਣੀਆਂ, ਘੋੜੀਆਂ, ਜੰਝੂ, ਵਿਆਹ ਆਦਿ ਦੇ ਅਲੰਕਾਰ ਵਰਤੇ ਗਏ ਹਨ। (ਸ਼ਬਦਾਰਥ ਪੰਨਾ: ੯੨੭)

ਪ੍ਰਿੰਸੀਪਲ: ਬੇਟੇ! ਕੋਈ ਵਿਸ਼ੇਸ਼ ਨੋਟ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਦਰਲੀ ਤਰਤੀਬ ਬਾਰੇ ਵੀ ਹੈ?

ਜੀ! ਹਾਂ। ਪੰਜਵੇਂ ਭਾਗ ਵਿੱਚ ਪੰਨਾ ੮੨੦ `ਤੇ ਭੱਟਾਂ ਦੇ ਸਵਈਆਂ ਦੀ ਸਮਾਪਤੀ ਉਪਰੰਤ ਬੜਾ ਹੀ ਵਿਚਾਰਨਯੋਗ ਤੇ ਮਹਤਵ ਪੂਰਨ ਨੋਟ ਇਉਂ ਹੈ:

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਈ ਪ੍ਰਚੀਨ ਲਿਖਤੀ ਸੰਚਿਆਂ ਵਿੱਚ ਸਮੁੱਚੀ ਬਾਣੀ ‘ਸਵਈਆਂ` ਪੁਰ ਹੀ ਸਮਾਪਤਿ ਹੁੰਦੀ ਹੈ। ਅਤੇ ‘ਸਲੋਕ ਵਾਰਾਂ ਤੇ ਵਧੀਕ` ਚਉਬੋਲਿਆਂ ਤੋਂ ਬਾਦ ਸਹੀ ਟਿਕਾਣੇ ਲਿਖੇ ਹੋਏ ਹਨ, ਸਣੇ ‘ਭਗਤਾਂ ਦੇ ਸਲੋਕਾਂ` ਦੇ। ਲੇਕਿੰਨ ਮਗਰੋਂ ਉਤਾਰੇ ਕਰਨ ਵਾਲੇ ਲੇਖਕਾਂ ਨੇ ‘ਸਲੋਕ ਮ: ੯` ਸ਼ਾਮਿਲ ਕਰਨ ਤੇ ‘ਮੁੰਦਾਵਣੀ ਮ: ੫` ਅੰਤ ਪਰ ਪੜ੍ਹਨ ਦੇ ਖ਼ਿਆਲ ਨਾਲ ਮਹਲਾਂ ਦੇ ਸਲੋਕ (ਵਾਰਾਂ ਤੇ ਵਧੀਕ) ਤਾਂ ਉਥੋਂ ਚੁੱਕ ਕੇ ਸਵਈਆਂ ਦੇ ਅਖੀਰ `ਤੇ ਜਾ ਪਾਏ ਹਨ; ਪਰ ਭਗਤਾਂ- ‘ਕਬੀਰ ਜੀ` ਤੇ ਸ਼ੇਖ ਫਰੀਦ ਜੀ` ਦੇ ਉਥੇ ਹੀ ਰਹਿਣ ਦਿੱਤੇ ਨਿ। ਇਹ ਅੱਮਲ, ਬੱਧੀ ਮਰਯਾਦਾ ਦੇ ਅਨਕੂਲ ਨਹੀ। ਸਾਡੀ ਵਿਚਾਰ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਭੋਗ ਇਤਿਹਾਸ ਸੰਜੁਗਤਿ ਬਾਣੀ- ‘ਸਵਈਆਂ` ਉੱਤੇ ਹੀ ਪੈਣਾ ਚਾਹੀਦਾ ਇ ਤੇ ਮੁੰਦਾਵਣੀ, ਮਹਲਾ ੫ ਦੇ ਸਲੋਕਾਂ ਨਾਲ ਹੀ ਸੋਭਾ ਪਾਉਂਦੀ ਹੈ। ਜਿਵੇਂ ਕਿ ਅਗੇ ਦਸੀਆਂ ਬੀੜਾਂ ਵਿੱਚ ---- (ਭਾਈ ਗੁਰਦਾਸ ਮਿਸਲ ਦੀਆਂ ੧੧ ਬੀੜਾਂ ਦਾ ਹਵਾਲਾ ਦਿੱਤਾ ਗਿਆ ਹੈ, ਜਿਵੇਂ ਬੀੜ ਨੰ: ੧ ਸੰਮਤ ੧੬੬੭)

ਪ੍ਰਿੰਸੀਪਲ: “ਵਿਦਵਾਨਾਂ ਦੀ ਦਲੀਲ ਬੜੀ ਸਹੀ ਹੈ ਅਤੇ ਉਨ੍ਹਾਂ ਦੀ ਈਮਾਨਦਾਰੀ ਤੇ ਹਿੰਮਤ ਦੀ ਦਾਦ ਦੇਣੀ ਚਾਹੀਦੀ ਹੈ। ਪਰ, ਇਸ ਸਭ ਕਾਸੇ ਨੂੰ ਅੱਮਲ ਵਿੱਚ ਲਿਆਉਣ ਲਈ ਆਗੂਆਂ ਵਿੱਚ ਹਿੰਮਤ ਤੇ ਸੰਗਤਾਂ ਵਿੱਚ ਜਾਗਰੂਕਤਾ ਚਾਹੀਦੀ ਹੈ। ਬੇਟੇ! ਲਿਖਾਰੀਆਂ ਦੀਆਂ ਅੱਖਰੀ ਉਕਾਈਆਂ ਦੀ ਕੋਈ ਉਘੜਵੀਂ ਮਿਸਾਲ ਦੱਸ ਸਕਦੇ ਹੋ? “।

ਹਾਂ ਜੀ। ਐਸੀਆਂ ਉਕਾਈਆਂ ਤਾਂ ਬੇਅੰਤ ਹਨ, ਪਰ ਮਿਸਾਲ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ੩੩੩ ਪੰਨੇ `ਤੇ ਭਗਤ ਕਬੀਰ ਸਾਹਿਬ ਜੀ ਦੇ ਸ਼ਬਦ ਵਿੱਚ ਆਈ ਪੰਕਤੀ “ਦਹ ਦਿਸ ਬੂਡੀ ਪਵਨ ਝੁਲਾਵੈ……।। ਪੰਕਤੀ ਵਿੱਚਲੇ ‘ਬੂਡੀ` ਲਫ਼ਜ਼ ਬਾਰੇ ੧੮ ਬੀੜਾਂ ਦਾ ਹਵਾਲਾ ਦੇ ਕੇ ਸਪਸ਼ਟ ਕੀਤਾ ਹੈ ਕਿ ਸ਼ੁਧ ਪਾਠ ਹੈ: ਗੂਡੀ। ਇਸ ਬਾਰੇ ਵਿਸ਼ੇਸ਼ ਨੋਟ ਇੰਜ ਹੈ:- ‘ਬੂਡੀ` ਅਸ਼ੁਧ ਪਾਠ ਦਾ ਪਰਚਾਰ, ਕੰਨੀ ਕਤਰਾਉਣ ਵਾਲੇ ਸੰਪ੍ਰਦਾਈ ਪਾਠੀਆਂ ਦੀ ਕਿਰਪਾ ਨਾਲ ਬਹੁਤ ਜਾਦੇ ਹੋਇਆ ਹੈ। ਟੀਕਾਕਾਰ ਵਿੱਦਵਾਨਾਂ ਨੇ ਭੀ ਗਲਤ ਛਪੇ ਪਾਠ ਦੇ ਅਰਥ ਭਾਵੇਂ ਗੁੱਡੀ (ਪਤੰਗ) ਹੀ ਕਰ ਦਿੱਤੇ ਹਨ। ਪਰ ਸ਼ੁਧ ਪਦ ਖੋਜ-ਲਭਣ ਦੀ ਖੇਚਲ ਕਦੀ ਵੀ ਕਿਸੇ ਨਹੀਂ ਕੀਤੀ।

 

(ਭਾਗ ਦੂਜਾ)

ਮੇਰੇ ਅਤੇ ਸਾਡੇ ਇਤਿਹਾਸ ਦੇ ਪ੍ਰੋਫੈਸਰ ਸ੍ਰ: ਹਰਿਭਜਨ ਸਿੰਘ ਜੀ ਸਾਊਥਾਲ ਲੰਡਨ ਵਾਲਿਆਂ ਦੇ ਬੈਠਿਆਂ ਹੀ ਪ੍ਰਿੰਸੀਪਲ ਸਾਹਿਬ ਜੀ ਨੇ ਧਰਮ ਪ੍ਰਚਾਰ ਕਮੇਟੀ ਦੇ ਸਕਤਰ ਸ੍ਰ: ਗੁਰਬਖਸ਼ ਸਿੰਘ ਜੀ (ਜੋ ਪ੍ਰਿੰਸੀਪਲ ਸਾਹਿਬ ਦੇ ਖਾਸ ਨਿਕਟਵਰਤੀ ਮਿਤਰਾਂ ਵਿਚੋਂ ਇੱਕ ਸਨ ਤੇ ਬਹੁਤ ਹੀ ਧੀਰਜਵਾਨ ਤੇ ਬਹੁਤ ਹੀ ਨਾਪ-ਤੋਲ ਕੇ ਬੋਲਣ ਵਾਲੇ ਨੇਕ ਇਨਸਾਨ ਸਨ) ਨੂੰ ਫੋਨ ਕੀਤਾ `ਤੇ ਉਨ੍ਹਾਂ ਜੋ ਸ਼ਬਦ ਬੋਲੇ ਉਹ ਮੇਰੇ ਕੰਨਾਂ ਵਿੱਚ ਹੁਣ ਤੱਕ ਓਵੇਂ ਹੀ ਗੂੰਜ ਰਹੇ ਹਨ। ਮੈਂ ਸਮਝਦਾ ਹਾਂ ਕਿ ਉਹ ਇੱਕ ਭਵਿਖ ਬਾਣੀ ਸੀ ਜੋ ਬਿਲਕੁਲ ਸੱਚੀ ਹੋਈ। ਪ੍ਰਿੰਸੀਪਲ ਜੀ ਨੇ ਕਿਹਾ:

“ਸਕਤਰ ਸਾਹਿਬ! ਮੰਗਲਾਚਰਨ ਦੇ ਮਸਲੇ ਵਿੱਚ ਕੁੱਝ ਸੰਪਰਦਾਈ ਡੇਰੇਦਾਰਾਂ ਦੀ ਸ਼ਹਿ `ਤੇ ਨਿਹੰਗਾਂ ਵਲੋਂ ਅਗਿਆਨਤਾ ਵਸ ਮੈਨੂੰ ਤਾਂ ਪਹਿਲਾਂ ਹੀ ਧਮਕੀਆਂ ਮਿਲ ਰਹੀਆਂ ਹਨ। ਤੁਸੀਂ ਜਾਣਦੇ ਹੋ ਕਿ ਸੰਤਾ ਸਿੰਘ ਟੋਲੇ ਨੇ ਮੇਰੇ ਸਿਰ ਦਾ ਇਨਾਮ ਰੱਖਿਆ ਹੋਇਆ ਹੈ। ਛਾਪੇ ਦੀ ਬੀੜ ਵਿੱਚ ਪਾਠਾਂ ਦੀ ਇੱਕਸਾਰਤਾ ਤੇ ਸ਼ੁਧਤਾ ਲਈ ਪਾਠ-ਭੇਦਾਂ ਦੀ ਸੂਚੀ ਪ੍ਰਕਾਸ਼ਤ ਕਰਨੀ ਹੋਰ ਵੀ ਸੰਵੇਦਨਸ਼ੀਲ ਮਾਮਲਾ ਹੈ। ਤੁਹਾਡੀ ਜਾਣਕਾਰੀ ਲਈ ਦੱਸਣਾ ਚਹੁੰਦਾ ਹਾਂ ਕਿ ਸਬ-ਕਮੇਟੀ ਨੂੰ ਜੋ ਪਾਠ-ਭੇਦ ਲੱਭੇ ਹਨ, ਉਹ ੪੮੦੦ ਦੇ ਲਗਭਗ ਹਨ ਤੇ ੧੪੩੦ ਪੰਨਿਆਂ ਵਿੱਚ ਇਹ ਕੋਈ ਛੋਟੀ ਗਿਣਤੀ ਨਹੀ। ਭਾਵੇਂ ਕਿ ਗੁਰੂ ਗ੍ਰੰਥ ਸਾਹਿਬ ਦੀ ਜੀ ਅੰਦਰਲੀ ਕੁੱਝ ਥੋੜੀ-ਬਹੁਤ ਬੇਤਰਤੀਬੀ ਅਤੇ ਅੱਖਰੀ ਤੇ ਲਗਮਾਤ੍ਰੀ ਪਾਠ-ਭੇਦ, ਗੁਰਬਾਣੀ ਦੀ ਵਿਚਾਰਧਾਰਾ ਨੂੰ ਕੋਈ ਵਧੇਰੇ ਪ੍ਰਭਾਵਤ ਨਹੀ ਕਰਦੇ ਤੇ ਇਨ੍ਹਾਂ ਦੇ ਰਹਿੰਦਿਆਂ ਸਾਡੀ ਕੋਈ ਸਿਧਾਂਤਕ ਹਾਨੀ ਨਹੀ ਹੁੰਦੀ। ਗੁਰੂ ਗ੍ਰੰਥ ਸਾਹਿਬ ਜੀ ਦੇ ਮਜੂਦਾ ਸਰੂਪ ਵਿੱਚ ਪਿਊ-ਦਾਦੇ ਦਾ ਜਿਹੜਾ ਖਜ਼ਾਨਾ ਸਾਨੂੰ ਪ੍ਰਾਪਤ ਹੈ, ਉਸ ਕੁੱਝ ਵੀ ਅਜਿਹਾ ਨਹੀ, ਜੋ ਸਾਨੂੰ ਗੁਰਮਤਿ ਮਾਰਗ ਤੋਂ ਭਟਕਾਉਣ ਦਾ ਕਾਰਨ ਬਣੇ।

ਪਰ, ਫਿਰ ਵੀ ਸਹਿਜੇ ਸਹਿਜੇ ਆਪਣੇ ਭਾਈਚਾਰੇ ਦੇ ਸੂਝਵਾਨ ਲੋਕਾਂ ਨੂੰ ਪਾਠ-ਭੇਦਾਂ ਦੀ ਜਾਣਕਾਰੀ ਦਿੰਦਿਆਂ, ਨੁਕਤਾਚੀਨੀ ਕਰਨ ਵਾਲੇ ਅਨਮਤੀਆਂ ਦਾ ਮੂੰਹ ਬੰਦ ਕਰਨ ਲਈ ਇਤਿਹਾਸਕ ਤੇ ਸਾਹਿਤਕ ਦ੍ਰਿਸ਼ਟੀਕੋਨ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ ਨੂੰ ਹੋਰ ਵੀ ਮਜ਼ਬੂਤ ਕਰਨ ਲਈ ਸਾਨੂੰ ਬਿਨ੍ਹਾਂ ਘਬਰਾਹਟ ਯਤਨਸ਼ੀਲ ਰਹਿਣਾ ਚਾਹੀਦਾ ਹੈ। ਇਸ ਲਈ ਤੁਸੀਂ ਵਧਾਈ ਦੇ ਪਾਤਰ ਹੋ, ਜਿਨ੍ਹਾਂ ਸਾਡੀ ਸਲਾਹ ਮੰਨ ਇਸ ਪਾਸੇ ਇਹ ਦਲੇਰਾਨਾ ਕਦਮ ਚੁੱਕਿਆ ਹੈ। ਕਿਉਂਕਿ, ਇਸ ਪੱਖੋਂ ਅਜੇ ਤੱਕ ਕੌਮੀ ਪੱਧਰ `ਤੇ ਕੋਈ ਸਾਂਝਾ ਉੱਦਮ ਨਹੀ ਹੋਇਆ। ਜਦੋਂ ਪਥਰ ਦਾ ਛਾਪਾ ਆਇਆ, ਤਦੋਂ ਵੀ ਲਿਖਾਰੀਆਂ ਦੀਆਂ ਲਿਖਤੀ ਉਕਾਈਆਂ ਨੂੰ ਦੂਰ ਕਰਨ ਲਈ ਪੰਥਕ ਤੌਰ `ਤੇ ਕੀਤੇ ਗਏ ਕਿਸੇ ਸਾਂਝੇ ਯਤਨ ਦੀ ਸੂਹ ਨਹੀ ਮਿਲਦੀ। ਪ੍ਰਿੰਟਿੰਗ ਪ੍ਰੈਸ ਲਗਣ ਤੇ ਵੀ ਪਾਠ-ਭੇਦਾਂ ਦੀ ਗਿਣਤੀ ਘਟੀ ਨਹੀਂ, ਸਗੋਂ ਵਧੀ ਹੈ; ਕਿਉਂਕਿ, ਕੰਪੋਜ਼ੀਟਰਾਂ ਤੇ ਪਰੂਫ ਰੀਡਰਾਂ ਨੇ ਸਾਵਧਾਨੀ ਨਹੀ ਵਰਤੀ। ਪ੍ਰਾਈਵੇਟ ਪ੍ਰਕਾਸ਼ਕਾਂ ਦੀ ਆਪੋ-ਧਾਪੀ ਵੀ ਇਨ੍ਹਾਂ ਪਾਠ-ਭੇਦਾਂ ਨੂੰ ਵਧਾਉਣ ਵਿੱਚ ਸਹਾਇਕ ਹੋ ਰਹੀ ਹੈ। ਇਹ ਰੁਝਾਨ ਵੀ ਪੰਥ ਲਈ ਹਾਨੀਕਸਾਰਕ ਹੈ। ਇਸ ਲਈ ਇਸ ਪੱਖੋਂ ਵੀ ਸਾਨੂੰ ਸੋਚਣਾ ਚਾਹੀਦਾ ਹੈ। ਸਰਕਾਰੀ ਕਨੂੰਨ ਬਣਨਾ ਚਾੀਹਦਾ ਹੈ ਕਿ ਸ਼੍ਰੋਮਣੀ ਕਮੇਟੀ ਜਾਂ ਉਸ ਦੀ ਆਗਿਆ ਬਗੈਰ ਕੋਈ ਹੋਰ ਗੁਰਬਾਣੀ ਦੀ ਛਪਾਈ ਨਾ ਕਰ ਸਕੇ।

ਸਕਤਰ ਸਾਹਿਬ! ਅਸ਼ੋਕ ਜੀ ਗੱਲ ਕਰਦੇ ਹੁੰਦੇ ਹਨ ਕਿ ਲਹੌਰ ਦੇ ਇੱਕ ਹਿੰਦੂ ਵੀਰ ਨੇ ਆਪਣੀ ਪ੍ਰਿਟਿੰਗ ਪ੍ਰੈਸ ਦੁਆਰਾ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਛਾਪਣੀ ਚਾਹੀ ਤਾਂ ਉਹ ਸ੍ਰੀ ਦਰਬਾਰ ਸਾਹਿਬ ਆਇਆ। ਪੂਜਾਰੀਆਂ ਨੇ ਬਿਨਾ ਕਿਸੇ ਕੌਮੀ ਵਿਚਾਰ-ਵਿਟਾਂਦਰੇ ਦੇ, ਜਿਹੜੀ ਬੀੜ ਉਸ ਵੇਲੇ ਪ੍ਰਕਾਸ਼ ਨਹੀ ਸੀ ਕੀਤੀ ਜਾਂਦੀ, ਉਸ ਦੀ ਕੁੱਝ ਭੇਟਾ ਲਈ ਤੇ ਚੁੱਕ ਕੇ ਉਸ ਲਹੌਰੀ ਪ੍ਰਕਾਸ਼ਕ ਨੂੰ ਦੇ ਦਿੱਤੀ। ਓਹੀ ਛਪੀ ਤੇ ਪ੍ਰਚਲਿਤ ਹੋਈ। ਕੁਦਰਤਨ, ਛਾਪੇ ਦੀ ਇਹ ਬੀੜ ਵਧੇਰੇ ਮੇਲ ਖਾ ਰਹੀ ਹੈ ਕਰਤਾਰ ਪੁਰ ਦੇ ਸੋਢੀਆਂ ਕੋਲ ਬੀੜਾਂ ਵਿੱਚੋਂ ਇੱਕ ਬੀੜ ਨਾਲ, ਜਿਸ ਨੂੰ ਹੁਣ ਅਸੀਂ ਕਰਤਾਰਪੁਰੀ ਬੀੜ ਆਖਦੇ ਹਾਂ। ਉਸ ਵਿੱਚਲੀ ‘ਸੁਧੁ ਕੀਚੈ` ਦੀ ਸੂਚਨਾ ਬੀੜ ਦੇ ਇਤਿਹਾਸਕ ਹੋਣ ਦਾ ਸਬੂਤ ਵੀ ਹੈ ਅਤੇ ਉਸ ਤੋਂ ਇਹ ਵੀ ਸਿੱਧ ਹੁੰਦਾ ਹੈ ਕਿ ਗੁਰੂ ਅਰਜਨ ਸਾਹਿਬ ਜੀ ਨੇ ਬੀੜ ਦੀ ਸੰਪਾਦਨਾ ਦਾ ਮੁੱਢਲਾ ਕਾਰਜ ਆਪ ਕਰਵਾਇਆ। ਸਰਦਾਰ ਜੀ! ਨਿਕਟ ਭਵਿਖ ਵਿੱਚ ਸਾਡੀ ਪਰਦਾ ਪਾਊ ਨੀਤੀ ਬਹੁਤਾ ਚਿਰ ਨਹੀਂ ਚੱਲਣੀ ਤੇ ਭਲਾ ਇਸ ਵਿੱਚ ਹੀ ਹੈ ਕਿ ਹੁਣ ਅਸੀਂ ਅਕਾਦਮਿਕ ਖੇਤਰ ਦੀਆਂ ਕਮਜ਼ੋਰੀਆਂ ਆਪ ਹੀ ਦੂਰ ਕਰ ਲਈਏ, ਤਾਂ ਕਿ ਦੂਜਿਆਂ ਨੂੰ ਸਾਡੇ ਵੱਲ ਉਂਗਲ ਉਠਾਉਣ ਦਾ ਮੌਕਾ ਹੀ ਨਾ ਮਿਲੇ।

ਖੈਰ! ਮੈਂ ਗੱਲ ਕਰ ਰਿਹਾ ਸਾਂ ਪ੍ਰਕਾਸ਼ਤ ਹੋਣ ਜਾ ਰਹੀ ਪਾਠ-ਭੇਦਾਂ ਦੀ ਸੂਚੀ ਬਾਰੇ। ਇਸ ਸਬੰਧੀ ਮੇਰੀ ਪਹਿਲੀ ਬੇਨਤੀ ਤਾਂ ਇਹ ਹੈ ਕਿ ਪਾਠ-ਭੇਦਾਂ ਦੀ ਸੂਚੀ ਵਾਲੇ ਪੰਜ ਭਾਗਾਂ ਨੂੰ ਇੱਕੋ ਜਿਲਦ ਵਿੱਚ ਪ੍ਰਕਾਸ਼ਿਤ ਕਰੋ ਤਾਂ ਕਿ ਮੰਗਲਾਚਰਨ ਵਾਲੀਆਂ ਬੀੜਾਂ ਵਾਪਸ ਲੈਣ ਵਾਂਗ ਭਵਿਖ ਵਿੱਚ ਇਹ ਕੀਮਤੀ ਖ਼ਜ਼ਾਨਾ ਰਾਜਨੀਤੀ ਦੀ ਦਲਦਲ ਵਿੱਚ ਫਸ ਕੇ ਸਟੋਰਾਂ ਵਿੱਚ ਹੀ ਗਲ ਸੜ ਨਾ ਜਾਏ ਤੇ ਵਿਦਵਾਨਾਂ ਤੇ ਲਾਇਬ੍ਰੇਰੀਆਂ ਵਿੱਚ ਪਹੁੰਚ ਕੇ ਸੰਭਾਲਿਆ ਰਹੇ। ਦੂਜੀ, ਇਸ ਗ੍ਰੰਥ ਦੀ ਭੂਮਿਕਾ ਸਤਿਕਾਰਯੋਗ ਗਿਆਨੀ ਕ੍ਰਿਪਾਲ ਸਿੰਘ ਜੀ ਪਾਸੋਂ ਲਿਖਾਓ। ਕਿਉਂਕਿ ਇੱਕ ਤਾਂ ਉਹ ਸੰਪਰਦਾਈ ਪ੍ਰਵਾਰ ਵਿੱਚੋਂ ਹਨ ਤੇ ਦੂਜੇ ਸ੍ਰੀ ਦਰਬਾਰ ਸਾਹਿਬ ਦੇ ਮੁਖ ਗ੍ਰੰਥੀ ਹਨ। ਹੁਲੜਬਾਜ ਟੋਲਾ ਵੀ ਉਨ੍ਹਾਂ ਦੀ ਕਹੀ ਗੱਲ ਨੂੰ ਕੁੱਝ ਹਦ ਤੱਕ ਜਰ ਜਾਏਗਾ। ਸਕਤਰ ਸਾਹਿਬ! ਇਸ ਪੱਖੋਂ ਘਬਰਾਉਣ ਦੀ ਲੋੜ ਨਹੀ। ਭਿੰਡਰਾਂਵਾਲਿਆਂ ‘ਗੁਰਬਾਣੀ ਪਾਠ ਦਰਸ਼ਨ` ਪੋਥੀ ਵਿੱਚ ੧੫੦੦ ਪਾਠ ਭੇਦਾਂ ਦਾ ਵੇਰਵਾ ਦੇ ਕੇ ਇਸ ਪੱਖੋਂ ਆਪ ਹੀ ਪਹਿਲ ਕਰ ਦਿੱਤੀ ਹੈ ਤੇ ਇਸ ਦੀ ਭੂਮਿਕਾ ਵੀ ਗਿਆਨੀ ਕ੍ਰਿਪਾਲ ਸਿੰਘ ਜੀ ਹੁਰਾਂ ਹੀ ਲਿਖੀ ਹੈ। ਇਸ ਕਾਰਣ ਕਮੇਟੀ ਵਲੋਂ ਪ੍ਰਕਾਸ਼ਤ ਹੋਣ ਵਾਲੇ ਗ੍ਰੰਥ ਦੀ ਭੂਮਿਕਾ ਲਿਖਣ ਤੋਂ ਉਹ ਇਨਕਾਰ ਨਹੀ ਕਰ ਸਕਣਗੇ। ਵੈਸੇ ਵੀ ਉਹ ਨੇਕ ਇਨਸਾਨ ਹਨ ਤੇ ਸੰਪਰਦਾਇਕ ਸੰਕੀਰਨਤਾ ਤੋਂ ਵੀ ਮੁਕਤ।

ਮੁਕਦੀ ਗੱਲ! ਗਿਆਨੀ ਕ੍ਰਿਪਾਲ ਸਿੰਘ ਜੀ ਨੇ ੯ ਅਕਤੂਬਰ ੧੯੭੬ ਨੂੰ ਭੂਮਿਕਾ ਲਿਖੀ ਤੇ ਸ਼੍ਰੋਮਣੀ ਕਮੇਟੀ ਵਲੋਂ ਇਹ ਪੰਜੇ ਭਾਗ ਇੱਕੋ ਜਿਲਦ ਵਿੱਚ ਪਹਿਲੀ ਵਾਰ ਜਨਵਰੀ ੧੯੭੭ ਵਿੱਚ ਪ੍ਰਕਾਸ਼ਤ ਹੋਏ। ਇਸ ਪੋਥੀ ਦਾ ਨਾਮ ਹੈ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੰਥਾ-ਪੋਥੀਆਂ ਅਤੇ ਪੁਰਾਤਨ ਹੱਥ ਲਿਖਤਾਂ ਦੇ ਪਰਸਪਰ ਪਾਠ ਭੇਦਾਂ ਦੀ ਸੂਚੀ”। ਉਸ ਵੇਲੇ ਇਸ ਪੁਸਤਕ ਦੀਆਂ ੫੦੦ ਕਾਪੀਆਂ ਛਾਪੀਆਂ ਗਈਆਂ। ਕਿਉਂਕਿ, ਮਕਸਦ ਕੇਵਲ ਵਿਦਵਾਨ ਹੱਥਾਂ ਤੱਕ ਪਹੁੰਚਾਣ ਦੀ ਸੀ। ਗਿਆਨੀ ਜੀ ਨੇ ਭੂਮਿਕਾ ਵਿੱਚ ਲਿਖਿਆ ਹੈ:

“ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਤੀ ਉਕਾਈਆਂ ਜੋ ਲਿਖਾਰੀਆਂ ਜਾਂ ਛਾਪੇ ਵਾਲਿਆਂ ਦੀ ਅਨਗਹਿਲੀ ਕਾਰਨ ਆ ਗਈਆਂ ਹਨ, ਦੀ ਪਰਖ-ਪੜਤਾਲ ਕੀਤੀ ਜਾਣੀ ਅਤਿ ਜ਼ਰੂਰੂ ਭਾਸਦੀ ਹੈ। ਗੁਰੂ ਕਰਤਾਰ ਤਾਂ ਅਭੁੱਲ ਹੈ, ਪਰ ਲਿਖਾਰੀਆਂ ਕੋਲੋਂ ਏਡੇ ਵੱਡੇ ਅਕਾਰ ਦੇ ਗ੍ਰੰਥ ਦਾ ਉਤਾਰਾ ਕਰਨ ਵਿੱਚ ਉਕਾਈਆਂ ਜ਼ਰੂਰ ਰਹੀਆਂ ਹਨ ਤੇ ਸੋਧ-ਸੁਧਾਈ ਅਜਿਹੀਆਂ ਉਕਾਈਆਂ ਦੀ ਹੀ ਲੁੜੀਂਦੀ ਹੈ। …………

ਹਰ ਇੱਕ ਗੁਰਸਿੱਖ ਗੁਰਬਾਣੀ ਨੂੰ ਸ਼ੁਧ ਰੂਪ ਵਿੱਚ ਛਪਿਆ ਵੇਖਣਾ ਚਹੁੰਦਾ ਹੈ ਤਾਂ ਕਿ ਉਹ ਸ਼ੁਧ ਪਾਠ ਕਰ ਸਕੇ। ਇਸ ਮੰਤਵ ਦੀ ਪੂਰਤੀ ਲਈ ਗੁਰਬਾਣੀ ਦਾ ਸ਼ੁਧ ਰੂਪ ਵਿੱਚ ਛਪਣਾ ਅਤਿ ਜ਼ਰੂਰੀ ਮਸਲਾ ਬਣ ਗਿਆ ਹੈ। ਵਿਦਵਾਨ ਤੇ ਖੋਜੀ ਸੱਜਣਾਂ ਦੀ ਸੇਵਾ ਵਿੱਚ ਪ੍ਰਾਰਥਨਾ ਹੈ ਕਿ ਉਹ ਇਸ ਮਸਲੇ ਦੀ ਡੂੰਘਾਈ ਵਿੱਚ ਜਾ ਕੇ ਇਸ ਸੂਚੀ ਵਿੱਚ ਆਏ ਪਾਠ-ਭੇਦਾਂ ਬਾਰੇ ਵਿਚਾਰ ਕਰਨ, ਗੁਰਬਾਣੀ ਦੇ ਅੰਦਰਲੇ ਨੇਮਾਂ ਤੇ ਗੁਰਮਤਿ ਅਨੁਸਾਰ ਅਰਥ ਭਾਵਾਂ ਨੂੰ ਮੁੱਖ ਰੱਖ ਕੇ ਨਿਰਣਾ-ਜਨਕ ਵਿਚਾਰ ਦੇਣ ਕਿ ਇਨ੍ਹਾਂ ਪਾਠ-ਭੇਦਾਂ ਵਿਚੋਂ ਕਿਹੜਾ ਪਾਠ ਸ਼ੁਧ ਹੈ। ਸਿਰਫ ਇਸੇ ਹੀ ਮਨੋਰਥ ਨੂੰ ਮੁੱਖ ਰੱਖ ਕੇ ਇਸ ਪੁਸਤਕ ਵਿਦਵਾਨਾਂ ਦੇ ਸਨਮੁਖ ਪੇਸ਼ ਕੀਤੀ ਜਾ ਰਹੀ ਹੈ। ………

ਪਾਠਾਂ ਦੇ ਸ਼ੁਧ ਜਾਂ ਅਸ਼ੁਧ ਹੋਣ ਬਾਰੇ ਨਿਰਣਾ ਕਰਨਾ ਕਿਸੇ ਇੱਕ ਵਿਅਕਤੀ ਦੇ ਅਧਿਕਾਰ-ਖੇਤਰ ਵਿੱਚ ਨਹੀਂ ਆਉਂਦਾ, ਸਗੋਂ ਇਹ ਨਿਰਣਾ ਕਰਨਾ ਤਾਂ ਵਿਦਵਾਨ ਸਜਣਾਂ ਦੀ ਸਮੁਚੀ ਰਾਇ ਅਨੁਸਾਰ ਪੰਥਕ ਪੱਧਰ ਤੇ ਹੀ ਕੀਤਾ ਜਾਣਾ ਉਚਿੱਤ ਹੈ”।

ਪ੍ਰੋ: ਮਨਜੀਤ ਸਿੰਘ ਜੀ ਆਪਣੀ ਵਿਦਿਅਕ, ਸਿਧਾਂਤਕ ਤੇ ਸਾਹਿਤਕ ਸੂਝ ਦੀ ਬਦੌਲਤ, ਇਸ ਕਾਰਜ ਦੀ ਮਹੱਤਤਾ ਤੇ ਕੌਮੀ ਲੋੜ ਨੂੰ ਚੰਗੀ ਤਰ੍ਹਾਂ ਸਮਝਦੇ ਸਨ। ਪ੍ਰਿੰਸੀਪਲ ਹਰਿਭਜਨ ਸਿੰਘ ਜੀ ਦੇ ਵਿਦਿਆਰਥੀ ਰਹੇ ਹੋਣ ਕਾਰਨ ਚੰਡੀਗੜ੍ਹ ਵਿਖੇ ਸਮੇਂ ਸਮੇਂ ਪੰਥਕ ਮਸਲਿਆਂ ਸਬੰਧੀ ਉਨ੍ਹਾਂ ਨਾਲ ਸਲਾਹ-ਮਸ਼ਵਰਾ ਵੀ ਕਰਦੇ ਰਹਿੰਦੇ ਸਨ। ਜਦੋਂ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ-ਸੰਭਾਲੀ ਤਾਂ ਭਾਈ ਜੁਗਿੰਦਰ ਸਿੰਘ ਤਲਵਾੜਾ ਨੂੰ ਨਾਲ ਲੈ ਕੇ ਪ੍ਰਧਾਨ ਟੌਹੜਾ ਜੀ ਨਾਲ ਸਭ ਤੋਂ ਪਹਿਲਾਂ ਇਹੀ ਮਸਲਾ ਵਿਚਾਰਿਆ। ਕਿਉਂਕਿ, ਪ੍ਰੋ: ਸਾਹਿਬ ਚਹੁੰਦੇ ਸਨ ਕਿ ਇਹ ਸਾਰਾ ਕਾਰਜ ਪਾਰਦਰਸ਼ੀ ਤੇ ਪੰਥਕ ਜੁਗਤਿ ਨਾਲ ਹੋਵੇ। ਨੀਤੀਵਾਨ ਟੌਹੜਾ ਜੀ ਇਸ ਕਾਰਜ ਦੀ ਮਹੱਤਤਾ ਨੂੰ ਵੀ ਸਮਝਦੇ ਸਨ ਤੇ ਪੰਥ ਦੀ ਮਾਨਸਿਕਤਾ ਨੂੰ ਵੀ। ਮੇਰੀ ਜਾਣਕਾਰੀ ਦੇ ਸ਼੍ਰੋਤਾਂ ਮੁਤਾਬਿਕ ਉਨ੍ਹਾਂ ਨੇ ਪ੍ਰੋ: ਸਾਹਿਬ ਤੇ ਤਲਵਾੜਾ ਜੀ ਨੂੰ ਹੇਠ ਲਿਖੀ ਸਲਾਹ ਕੁੱਝ ਇਉਂ ਦਿੱਤੀ:

ਸਿੰਘ ਸਾਹਿਬ ਮੈਂ ਮੰਨਦਾ ਹਾਂ ਕਿ ਇਹ ਕੰਮ ਪੰਥਕ ਪੱਧਰ ਤੇ ਪਾਰਦਰਸ਼ੀ ਢੰਗ ਨਾਲ ਹੀ ਹੋਣਾ ਚਾਹੀਦਾ ਹੈ। ਪਰ, ਆਮ ਸ਼ਰਧਾਲੂ ਇਸ ਪੱਖੋਂ ਅਜੇ ਇਤਨੇ ਜਾਗਰੂਕ ਨਹੀ ਹਨ। ਇਸ ਲਈ ਮੇਰੀ ਰਾਇ ਹੈ ਕਿ ਜਿਵੇਂ ਟਕਸਾਲੀ ਆਪਣੇ ਬਾਬੇ ਗਿਆਨੀ ਗੁਰਬਚਨ ਸਿੰਘ ਜੀ ਵੱਲੋਂ ਕਰਤਾਰਪੁਰੀ ਤੇ ਦਮਦਮੀ ਬੀੜ ਵਿੱਚਲੇ ਪ੍ਰਗਟਾਏ ਗਏ ਪਾਠ-ਭੇਦਾਂ ਨੂੰ ਦੂਰ ਕਰਨ ਵਿੱਚ ਚੁੱਪ-ਚਪੀਤੇ ਜੁੱਟੇ ਹੋਏ ਹਨ। ਜਦੋਂ ਗੁਰਦੁਆਰਾ ਪ੍ਰਿਟਿੰਗ ਪ੍ਰੈਸ ਵਿੱਚ ਪਹਿਲੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਛਪੀ ਤਾਂ ਪਰੂਫ-ਰੀਡਿੰਗ ਵਾਲੀ ਟੀਮ ਦੇ ਮੋਢੀ ਗਿਆਨੀ ਕਰਤਾਰ ਸਿੰਘ ਜੀ ਭਿੰਡਰਾਂਵਾਲੇ ਹੀ ਸਨ, ਮੈਂ ਸੁਣਿਆਂ ਹੈ ਕਿ ਉਸ ਵੇਲੇ ਵੀ ਉਹ ਆਪਣੇ ਉਪਰੋਕਤ ਮਨੋਰਥ ਨੂੰ ਪੂਰਾ ਕਰਨ ਵਿੱਚ ਕਾਫੀ ਹੱਦ ਤਕ ਸਫਲ ਰਹੇ ਹਨ। ਮੇਨੂੰ ਇਹ ਵੀ ਪਤਾ ਲੱਗਾ ਹੈ ਕਿ ਉਹ ਆਪਣੀਆਂ ਗੁਰਬਾਣੀ ਪ੍ਰਕਾਸ਼ਨਾਵਾਂ ਕਰਨ ਕਰਾਉਣ ਵੇਲੇ ਵੀ ਬੀੜਾਂ ਵਿੱਚਲੇ ਪਾਠ-ਭੇਦਾਂ ਨੂੰ ਮਿਟਾਉਣ ਤੇ ਮੂਲ-ਮੰਤ੍ਰ ਵਰਗੇ ਆਪਣੇ ਹੋਰ ਸੰਪਰਦਾਈ ਆਸ਼ਿਆਂ ਦੀ ਪੂਰਤੀ ਲਈ ਵੀ ਥੋੜਾ ਯਤਨ ਕਰਦੇ ਰਹਿੰਦੇ ਹਨ। ਤਿਵੇਂ, ਲਿਖਾਰੀਆਂ ਦੀਆਂ ਉਹ ਲਗ-ਮਾਤ੍ਰੀ ਉਕਾਈਆਂ, ਜਿਹੜੀਆਂ ਗੁਰਬਾਣੀ ਦੇ ਅਰਥ-ਭਾਵਾਂ ਨੂੰ ਪ੍ਰਭਾਵਿਤ ਕਰਦੀਆਂ ਹਨ, ਉਨ੍ਹਾਂ ਦੀ ਸੋਧ-ਸੁਧਾਈ ਦਾ ਅਤਿ ਲੁੜੀਂਦਾ ਤੇ ਸਹਿੰਦਾ ਸਹਿੰਦਾ ਕੰਮ, ਤੁਸੀਂ ਵੀ ਓਸੇ ਢੰਗ ਨਾਲ ਕਰੀ ਜਾਓ। ਪਾਠ-ਭੇਦਾਂ ਦੀ ਸੂਚੀ ਵੀ ਤਾਂ ਪਹਿਲਾਂ ਏਸੇ ਆਸ਼ੇ ਨੂੰ ਹੀ ਮੁਖ ਰੱਖ ਕੇ ਹੀ ਜਾਰੀ ਕੀਤੀ ਗਈ ਸੀ। ਤਲਵਾੜਾ ਜੀ ਦੀ ਗੱਲ ਵੀ ਸਹੀ ਹੈ ਕਿ ਪ੍ਰਾਈਵੇਟ ਪ੍ਰਕਾਸ਼ਕਾਂ ਤੇ ਟਕਸਾਲੀਆਂ ਵਾਲੀ ਆਪੋ-ਧਾਪੀ ਨੁਕਸਾਨ ਦੇਈ ਹੈ। ਪਰ, ਇਹ ਤਦੋਂ ਹੀ ਰੁਕ ਸਕਣੀ ਹੈ, ਜਦੋਂ ਕੌਮੀ ਜਾਗਰੂਕਤਾ ਦੁਆਰਾ ਗੁਰਬਾਣੀ ਪਾਠਾਂ ਦੀ ਇਕਸਾਰਤਾ ਲਈ ਅਸੀਂ ਪੰਥਕ ਪੱਧਰ `ਤੇ ਫੈਸਲਾ ਲੈਣ ਦੇ ਸਮਰਥ ਹੋਏ ਅਤੇ ਪੰਜਾਬ ਸਰਕਾਰ ਵਲੋਂ ਕਨੂੰਨੀ ਤੌਰ `ਤੇ ਗੁਰੂ ਗਰੰਥ ਸਾਹਿਬ ਦੀ ਛਪਾਈ ਦਾ ਅਧਿਕਾਰ ਸ਼੍ਰੋਮਣੀ ਕਮੇਟੀ ਲਈ ਰਾਖਵਾਂ ਕਰਵਾ ਸਕੇ।

ਪ੍ਰੋ: ਸਾਹਿਬ ਸਿੰਘ ਜੀ ਹੁਰਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਨ ਸਟੀਕ ਵਿੱਚ ਲਿਖਤ ਦੀਆਂ ਵਿਆਕਰਣਿਕ ਉਕਾਈਆਂ ਨੂੰ ਸੁਧਾਰਨ ਦਾ ਉਪਰਾਲਾ ਸ਼ੁਰੂ ਕਰ ਗਏ ਸਨ। ਇਸ ਲਈ ਭਾਈ ਜੁਗਿੰਦਰ ਸਿੰਘ ਤਲਵਾੜਾ, ਜਿਨ੍ਹਾਂ ਨੇ ਸਿੱਖ ਰੈਫਰੈਂਸ ਲਾਇਬਰੇਰੀ ਹੇਠਾਂ ਗੁਰਬਾਣੀ ਪਾਠ ਦੀ ਸੰਥਿਆ ਦੇਣ ਦੀ ਸੇਵਾ ਅਰੰਭੀ ਸੀ ਤੇ ਸਹਿਜੇ ਸਹਿਜੇ ਗਿਆਨੀ ਜੁਗਿੰਦਰ ਸਿੰਘ ਜੀ ਵੇਦਾਂਤੀ ਤੇ ਗਿਆਨੀ ਭਰਪੂਰ ਸਿੰਘ ਦੇ ਸਹਿਯੋਗ ਨਾਲ ਸ੍ਰ: ਰਣਧੀਰ ਸਿੰਘ ਜੀ ਦੀ ਸਬ-ਕਮੇਟੀ ਵਲੋਂ ਤਿਆਰ ਪਾਠ-ਭੇਦਾਂ ਦੀ ਪ੍ਰਕਾਸ਼ਤ ਸੂਚੀ ਅਤੇ ਪ੍ਰੋ: ਸਾਹਿਬ ਸਿੰਘ ਜੀ ਦੀਆਂ ਵਿਆਕਰਣਿਕ ਸੇਧਾਂ `ਤੇ ਅਧਾਰਿਤ ਮਿਹਨਤ ਨਾਲ ਹੋਰ ਨਵੇਂ ਨੇਮ ਲੱਭ ਕੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਛਪ ਰਹੇ ਮਜੂਦਾ ਸਰੂਪ ਤੇ ਪੁਰਾਤਨ ਬੀੜਾਂ ਦੇ ਪਾਠ-ਭੇਦਾਂ ਨੂੰ ਹੋਰ ਵੀ ਬਰੀਕੀ ਨਾਲ ਪ੍ਰਸਪਰ ਵਾਚਦਿਆਂ ਪਾਠਾਂ ਦੀ ਸ਼ੁਧਤਾ ਤੇ ਇੱਕਸਾਰਤਾ ਪੱਖੋਂ ਮਸੌਦਾ ਪਹਿਲਾਂ ਹੀ ਤਿਆਰ ਕਰੀ ਬੈਠੇ ਸਨ। ਪਰ, ਜਦੋਂ ਪ੍ਰੋ: ਮਨਜੀਤ ਸਿੰਘ ਜੀ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਖ-ਸੇਵਦਾਰ ਤੇ ਫਿਰ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਹੁਰਾਂ ਦਾ ਸਹਿਯੋਗ ਹਾਸਲ ਹੋ ਗਿਆ ਤਾਂ ਉਨ੍ਹਾਂ ਨੇ ਗੁਰਬਾਣੀ ਦੇ ਲਗ-ਮਾਤ੍ਰੀ ਪਾਠ-ਭੇਦ ਮਿਟਾਉਣ ਲਈ ਵੱਡੇ ਹੰਭਲੇ ਮਾਰੇ। ਨੌਵੇਂ ਮਹਲ ਦੀ ਬਾਣੀ ਵਿੱਚ ਇਸ ਪੱਖੋਂ ਕਾਫੀ ਸੁਧਾਰ ਕੀਤਾ। ਜੋ ਉਹ ਨਹੀ ਕਰ ਸਕੇ, ਉਸ ਪ੍ਰਤੀ ਸੰਜਮੀ ਢੰਗ ਨਾਲ ਲਿਖਤੀ ਸੇਧਾਂ ਵੀ ਬਖ਼ਸ਼ ਗਏ। ਜਿਵੇਂ,

“ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮੂਲਕ-ਅੰਗੀ ਨਾਸਕੀ ਚਿੰਨ੍ਹਾਂ ਦੀ ਵੀ ਵਰਤੋਂ ਮਿਲਦੀ ਹੈ ਅਤੇ ਵਿਆਕਰਣਿਕ ਨਾਸਕੀ ਚਿੰਨਾਂ ਦੀ ਵੀ। ਗੁਰਬਾਣੀ ਦਾ ਪਾਠ ਕਰਦੇ ਸਮੇਂ ਵੇਖਣ ਵਿੱਚ ਆਉਂਦਾ ਹੈ ਕਿ ਛਾਪੇ ਦੀਆਂ ਬੀੜਾਂ ਵਿੱਚ ਓਹੀ ਸ਼ਬਦ ਕਿਧਰੇ ਨਾਸਕੀ-ਚਿੰਨਾਂ ਸਹਿਤ ਮਿਲਦੇ ਹਨ ਅਤੇ ਕਿਧਰੇ ਇਹਨਾਂ ਤੋਂ ਬਗੈਰ। ਮੂਲਕ-ਅੰਗੀ ਨਾਸਕੀ ਚਿੰਨ੍ਹ ਬਹੁਤ ਹੱਦ ਤੱਕ ਲੱਗੇ ਹੋਏ ਹਨ; ਬਾਕੀ ਦੇ, ਸੰਭਵ ਹੈ ਛਾਪੇ ਦੀ ਉਕਾਈ ਕਾਰਨ ਲੱਗਣੋਂ ਰਹੇ ਹੋਣ। ਇਸ ਪੱਖ ਵੱਲ ਪੰਥਕ ਪੱਧਰ ਤੇ ਧਿਆਨ ਦੇ ਕੇ ਪੁਰਾਤਨ ਪ੍ਰਮਾਣਿਕ ਮੂਲ-ਬੀੜ (ਾਂ) ਤੋਂ ਅਗਵਾਈ ਲਏ ਜਾਣ ਦੀ ਲੋੜ ਭਾਸਦੀ ਹੈ। (ਦੇਖੋ: ਗੁਰਬਾਣੀ ਦਾ ਸਰਲ ਵਿਆਕਰਣ ਬੋਧ (ਜਿਲਦ ੧, ਪੰਨਾ ੪੫)

ਕੇਂਦਰੀ ਸਿੰਘ ਸਭਾ ਸ੍ਰੀ ਅੰਮ੍ਰਿਤਸਰ ਵਲੋਂ ਸਮੁੰਦਰੀ ਤੇਜਾ ਸਿੰਘ ਹਾਲ ਵਿੱਚ ਪਹਿਲਾ ਪਾਠਬੋਧ ਸਮਾਗਮ ਸੰਨ ੧੯੭੮ ਵਿੱਚ ਹੋਇਆ। ਤਲਵਾੜਾ ਜੀ ਨਾਲ ਮੇਰੀ ਪਹਿਲੀ ਮੁਲਾਕਾਤ ਉਥੇ ਹੋਈ ਤੇ ਇਹ ਪਿਆਰ ਭਰੀ ਸਾਂਝ ਉਨ੍ਹਾਂ ਦੇ ਅਖੀਰ ਤਕ ਨਿਭੀ। ਸ੍ਰੀ ਦਰਬਾਰ ਸਾਹਿਬ ਜੀ ਵਿਖੇ ਗ੍ਰੰਥੀ ਦੇ ਰੂਪ ਵਿੱਚ ਪ੍ਰਾਪਤ ਹੋਈ ਸੇਵਾ-ਸੰਭਾਲ ਵੇਲੇ ਵੀ ਉਨ੍ਹਾਂ ਦਾ ਜਥੇਬੰਦਕ ਸਹਿਯੋਗ ਹਾਸਿਲ ਰਿਹਾ। ਉਹ ਕਰਤਾਰਪੁਰੀ ਬੀੜ ਨੂੰ ਭਾਈ ਬੰਨੋ ਦੀ ਮਿਸਲ ਚੋਂ ਮੰਨਦੇ ਸਨ। ਵੇਦਾਂਤੀ ਜੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਵਿੱਚ ਲਿਆਉਣ ਪਿੱਛੇ ਵੀ, ਉਨ੍ਹਾਂ ਦਾ ਇੱਕੋ-ਇੱਕ ਮਨੋਰਥ ਸੀ ਕਿ ਗੁਰਮਤੇ ਦੀ ਪੰਥਕ-ਜੁਗਤਿ ਨਾਲ ਰਾਗਮਾਲਾ ਸਮੇਤ ਅੱਖਰੀ ਤੇ ਲਗ-ਮਾਤ੍ਰੀ ਪਾਠ-ਭੇਦ ਜ਼ਰੂਰ ਦੂਰ ਕੀਤੇ ਜਾ ਸਕਣ। ਪਰ, ਟੌਹੜਾ ਜੀ ਪਿਛੋਂ ਸ਼੍ਰੋਮਣੀ ਕਮੇਟੀ `ਤੇ ਬਿਪਰਵਾਦੀ ਸ਼ਕਤੀਆਂ ਦਾ ਜ਼ੋਰ ਪੈਣ ਕਰਕੇ ਉਨ੍ਹਾਂ ਦਾ ਇਹ ਸੁਪਨਾ ਸਾਕਾਰ ਨਹੀਂ ਹੋ ਸਕਿਆ ਅਤੇ ਉਹ ਦੋਵੇਂ ਸੱਜਣ ਆਪ ਵੀ ਅਕਾਲ ਚਲਾਣਾ ਕਰ ਗਏ।

ਇਸ ਲਈ ਹੁਣ ਜਦੋਂ ਸਾਰੇ ਤਖ਼ਤਾਂ ਦੇ ਮੁਖ-ਸੇਵਾਦਾਰ, ਸਿੱਖ ਰਹਿਤ ਮਰਯਾਦਾ ਤੋਂ ਬਾਗੀ ਹੋ ਕੇ ਬਿਪਰਵਾਦੀ ਸ਼ਕਤੀਆਂ ਦੀ ਨੁਮਾਂਇਦਗੀ ਕਰਨ ਵਾਲੇ ਡੇਰਦਾਰਾਂ ਦੀ ਬੁੱਕਲ ਵਿੱਚ ਹੋਣ ਅਤੇ ਜਿਨ੍ਹਾਂ ਦੀ ਖੁਸ਼ਨੂਦੀ ਹਾਸਲ ਕਰਨ ਲਈ ਸਤਾਧਾਰੀ ਸਿੱਖ ਆਗੂਆਂ ਨੇ ਵੋਟਾਂ ਖਾਤਰ ਪਹਿਲਾਂ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾਇਆ ਹੋਵੇ, ਗੁਰਬਾਣੀ ਪਾਠ ਦੀ ਸਹੂਲਤ ਲਈ ਤਿਆਰ ਕੀਤੀਆਂ ਪਦ-ਛੇਦ ਬੀੜਾਂ ਦੀ ਥਾਂ ਲੜੀਦਾਰ ਬੀੜਾਂ ਛਾਪ ਕੇ ਗੁਰਧਾਮਾਂ ਵਿੱਚ ਉਨ੍ਹਾਂ ਦਾ ਮੁੜ ਪ੍ਰਕਾਸ਼ ਕਰਨਾ ਸ਼ੁਰੂ ਕਰ ਦਿੱਤਾ ਹੋਵੇ, ਗੁਰਬਾਣੀ ਦੀ ਸ਼ੁਧ ਛਪਾਈ ਵੱਲ ਵਧਣ ਦੀ ਥਾਂ ਸੁਨਹਿਰੀ ਬੀੜਾਂ ਵਰਗੀਆਂ ਅਸ਼ੁਧ ਬੀੜਾਂ ਛਪਵਾਈਆਂ ਜਾ ਰਹੀਆਂ ਹੋਣ, ਸਿੱਖ ਰਹਿਤ ਮਰਯਾਦਾ ਦੇ ਭੋਗ ਪਉਣ ਦਾ ਵਾਅਦਾ ਕਰਕੇ ੩੦ ਸੀਟਾਂ ਡੇਰੇਦਾਰਾਂ ਲਈ ਰੀਜ਼ਰਵ ਕਰ ਦਿੱਤੀਆਂ ਹੋਣ; ਉਹਨਾਂ ਤੋਂ ਭਵਿਖ ਵਿੱਚ ਕੀ ਆਸ ਰੱਖੀ ਜਾ ਸਕਦੀ ਹੈ ਕਿ ਉਹ ਬਚਿਤ੍ਰ ਨਾਟਕ ਨੂੰ ਕੌਮ ਦੇ ਗਲੋਂ ਲਹੁਣ ਤੇ ਗੁਰਬਾਣੀ ਪਾਠ-ਭੇਦਾਂ ਨੂੰ ਮਿਟਾਉਣ ਵਰਗੇ ਸੰਵੇਦਨਸ਼ੀਲ ਪੰਥਕ ਮਸਲਿਆਂ ਨੂੰ ਸਲਝਾਉਣ ਲਈ ਕੋਈ ਪਹਿਲਕਦਮੀ ਕਰਨਗੇ। ਜਿਹੜੀ ਵਿਰੋਧੀ ਧਿਰ ਹੈ, ਉਨ੍ਹਾਂ ਦੇ ਆਗੂਆਂ ਦੀ ਕਰਣੀ ਵਿੱਚ ਵੀ ਗੁਰਮਤੀ ਸੋਚ ਦੀ ਘਾਟ ਤੇ ਰਾਜਨੀਤਕ ਸੱਤਾ ਹਾਸਲ ਕਰਨ ਦੀ ਲਾਲਸਾ ਵਧੇਰੇ ਝਲਕਦੀ ਹੈ। ਇਸ ਦਲਦਲ ਵਿੱਚ ਕਈ ਉਹ ਲੋਕ ਵੀ ਨਵੇਂ ਉਮੀਦਵਾਰਾਂ ਦੇ ਰੂਪ ਵਿੱਚ ਟਿਕਟਾਂ ਲੈਣ ਵਿੱਚ ਕਾਮਯਾਬ ਹੋ ਗਏ ਹਨ, ਜਿਹੜੇ ਬੰਦੂਕ ਦੀ ਨੋਕ `ਤੇ ਸ੍ਰੀ ਦਰਬਾਰ ਸਾਹਿਬ ਸਮੇਤ ਤਖ਼ਤਾਂ ਦੀ ਮਰਯਾਦਾ ਬਦਲਦਿਆਂ, ਸਰਕਾਰ ਦੀ ਮਿਲੀਭੁਗਤ ਨਾਲ ਸ਼੍ਰੋਮਣੀ ਕਮੇਟੀ ਭੰਗ ਕਰਕੇ ਸਰਕਾਰੀ ਬੋਰਡ ਰਾਹੀਂ ਮਾਲਕ ਬਣਨ ਦੀ ਤਿਆਰੀਆਂ ਕਰੀ ਬੈਠੇ ਸਨ।

ਪਰ, ਵਧੇਰੇ ਨਿਰਾਸਤਾ ਇਸ ਗੱਲ ਦੀ ਹੈ ਕਿ ਪੰਥ ਦੀ ਜਗਾਰੂਕ ਅਖਵਾਉਣ ਵਾਲੀ ਧਿਰ, ਆਪਸੀ ਤਾਲ-ਮੇਲ ਵਧਾ ਕੇ, ਪੰਥਕ ਮਸਲਿਆਂ ਦੇ ਹੱਲ ਲਈ ਕੋਈ ਸਾਂਝੀ ਨੀਤੀ ਘੜਣ ਤੇ ਉਸ ਨੂੰ ਅੱਮਲ ਵਿੱਚ ਲਿਆਉਂਦਿਆਂ ਸਾਰਥਕ ਕੰਮ ਕਰਨ ਦੀ ਥਾਂ ਆਪਸ ਵਿੱਚ ਹੀ ਉਲਝ ਕੇ ਰਹਿ ਗਈ ਹੈ। ਡੇਰੇਦਾਰ ਆਪਣੀ ਨੀਤੀ ਵਿੱਚ ਸਫਲ ਹੋ ਰਹੇ ਹਨ ਤੇ ਜਾਗਰੂਕ ਧਿਰ ਫੇਲ੍ਹ। ਦਿੱਲੀ ਤੇ ਪੰਜਾਬ ਵਿੱਚ ਸਿੱਖ ਮਿਸ਼ਨਰੀ ਕਾਲਜਾਂ ਨਾਲ ਸਬੰਧਤ ਹੋ ਕੇ ਗੁਰਮਤੀ ਜਾਗਰੂਕਤਾ ਵੱਲ ਵਧ ਰਹੇ ਲੋਕਾਂ ਦੀ ਗਿਣਤੀ, ਡੇਰੇਦਾਰਾਂ ਦੇ ਸ਼ਰਧਾਲ਼ੂਆਂ ਨਾਲੋਂ ਘੱਟ ਨਹੀ। ਪਰ, ਅਸੀਂ ਉਸ ਸ਼ਕਤੀ ਨੂੰ ਜਥੇਬੰਦੀ ਵਿੱਚ ਪਰੋ ਕੇ ਪ੍ਰਦਰਸ਼ਨ ਕਰਨ ਵਿੱਚ ਸਫਲ ਨਹੀ ਹੋ ਸਕੇ, ਜਿਸ ਕਾਰਨ ਰਾਜਨੀਤਕ ਆਗੂ ਸਾਡੀ ਕਿਸੇ ਪੰਥਕ ਮੰਗ ਦੀ ਵੀ ਪ੍ਰਵਾਹ ਨਹੀ ਕਰਦੇ। ਕਿਉਂਕਿ, ਉਨ੍ਹਾਂ ਦਾ ਮੁਖ ਮਕਸਦ ਤਾਂ ਆਪਣੀ ਆਪਣੀ ਪਾਰਟੀ ਨੂੰ ਸੱਤਾ ਵਿੱਚ ਰਖਣ ਦਾ ਹੈ।

ਇਸ ਲਈ ਮੈਂਨੂੰ ਤਾਂ ਹੁਣ ਇੱਕੋ ਹੀ ਚਾਰਾ ਦਿਸਦਾ ਹੈ ਕਿ ਅਸੀਂ ਅਖ਼ਬਾਰੀ ਚੁੰਝ-ਚਰਚਾ ਛੱਡਦਿਆਂ ਇੰਟਰਨੈਸ਼ਨਲ ਸਿੰਘ ਸਭਾ ਕਨੇਡਾ ਵਾਲਾ ਰਸਤਾ ਅਖਤਿਆਰ ਕਰ ਲਈਏ। ਉਹ ਹੈ ਪੰਜਾਬ ਵਿੱਚ ਪੰਜ ਪੰਜ ਪਿੰਡਾਂ ਦੀ ਇਕਾਈ ਦੇ ਪ੍ਰਚਾਰ ਸਰਕਲ ਬਣ ਕੇ ਗੁਰਮਤਿ ਦੀ ਮੁੱਢਲੀ ਜਾਣਕਾਰੀ ਦੇਈਏ ਤੇ ਨੀਤੀ ਓਹੀ ਅਪਨਾਈਏ, ਜਿਹੜੀ ਸਿੱਖ ਮਿਸ਼ਨਰੀ ਕਾਲਜਾਂ ਦੀ ਹੈ। ਸਿੰਘ ਸਭਾ ਕੈਨੇਡਾ ਤੇ ਅਮਰੀਕਾ ਦੇ ਕੁੱਝ ਸੱਜਣ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਸਹਿਯੋਗ ਨਾਲ ਪੰਜਾਬ ਦੇ ਤਿੰਨ ਸੌ ਪਿੰਡਾਂ ਤੋਂ ਵਧੇਰੇ ਥਾਵਾਂ ਤੇ ਪ੍ਰਚਾਰ ਸਰਕਲ ਚਲਾ ਰਹੇ ਹਨ। ਇਸੇ ਤਰ੍ਹਾਂ ਸਿੱਖ ਫੁਲਵਾੜੀ ਲੁਧਿਆਣਾ ਵਾਲੇ, ਰੋਪੜ ਤੇ ਅਨੰਦਪੁਰ ਸਾਹਿਬ ਵਾਲੇ ਮਿਸ਼ਨਰੀ ਕਾਲਜ ਵੀ ਆਪਣੀ ਆਪਣੀ ਸਮਰਥਾ ਮੁਤਾਬਿਕ ਯਤਨਸ਼ੀਲ ਹਨ। ੧੦ ਜਾਂ ੨੦ ਸਾਲ ਵਿੱਚ ਪੰਜਾਬ ਦੇ ਪਿੰਡਾਂ ਨੂੰ ਜਾਗਰੂਕ ਕਰਨ ਦੀ ਸਕੀਮ ਬਣਾ ਕੇ ਮਿਹਨਤ ਕੀਤੀ ਜਾਵੇ, ਤਾਂ ਉਹ ਦਿਨ ਦੂਰ ਨਹੀ, ਜਦੋਂ ਤੁਸੀਂ ਸ਼੍ਰੋਮਣੀ ਕਮੇਟੀ ਵਿੱਚ ਸੱਤਾਧਾਰੀ ਹੋ ਕੇ ਪੰਥਕ ਮਸਲਿਆਂ ਨੂੰ ਹੱਲ ਕਰਵਾਉਣ ਦੀ ਸਮਰਥਾ ਪ੍ਰਾਪਤ ਕਰ ਲਵੋਗੇ। ਸਿੱਖ ਮਿਸ਼ਨਰੀ ਕਾਲਜ, ਸ੍ਰੀ ਅਨੰਦਪੁਰ ਦੇ ਪ੍ਰਿੰਸੀਪਲ ਸੁਰਿੰਦਰ ਸਿੰਘ ਨੂੰ, ਬਾਦਲ ਦਲ ਵਲੋਂ ਸ਼੍ਰੋਮਣੀ ਕਮੇਟੀ ਦੀਆਂ ਹੋ ਰਹੀਆਂ ਚੋਣਾਂ ਵਿੱਚ ਸ੍ਰੀ ਅਨੰਦਪੁਰ ਉਮੀਦਵਾਰ ਅਲਾਨਣਾ ਇਸ ਹਕੀਕਤ ਦਾ ਪ੍ਰਤੱਖ ਪ੍ਰਮਾਣ ਹੈ; ਜਦੋਂ ਕਿ ਉਹ ਕਿਸੇ ਵੀ ਪੰਥਕ ਮਸਲੇ `ਤੇ ਦੜਵੱਟ ਕੇ ਕਦੇ ਚੁੱਪ ਨਹੀਂ ਬੈਠੇ। ਆਸ ਹੈ ਇਹ ਲਿਖਤ ਪੜ੍ਹੋਗੇ ਤੇ ਇਸ ਮਸਲੇ ਸਬੰਧੀ ਆਪਣੀ ਰਾਇ ਵੀ ਲਿਖ ਭੇਜੋਗੇ। ਭੁਲ-ਚੁੱਕ ਮੁਆਫ਼।

ਗੁਰੂ ਗ੍ਰੰਥ ਤੇ ਪੰਥ ਦਾ ਦਾਸ: ਜਗਤਾਰ ਸਿੰਘ ਜਾਚਕ, ਨਿਊਯਾਰਕ: ਮਿਤੀ ੧੧ ਅਗਸਤ ੨੦੧੧

ਫੋਨ: 001- 631-592-4335




.