ਸਿੱਖਾਂ ਵਿੱਚ ਵਧ ਰਿਹਾ ਨਸ਼ਾ ਸੇਵਨ ਤੇ ਵਿਭਚਾਰ
ਰਾਮ ਸਿੰਘ, ਗ੍ਰੇਵਜ਼ੈਡ
ਵਿਭਚਾਰ ਦਾ ਅਰਥ ਹੈ ਪਰ ਇਸਤਰੀ, ਪਰ ਪੁਰਸ਼ ਨਾਲ ਆਪਣੀ ਲਿੰਗ ਵਾਸ਼ਨਾ ਦੀ
ਪੂਰਤੀ ਕਰਨਾ, ਜਿਹੜਾ ਕਿ ਸਿੱਖ ਰਹਿਤ ਰਹਿਣੀ ਵਿੱਚ ਇੱਕ ਸਿੱਖ ਅਤੇ ਸਿੱਖ ਬੀਬੀ ਲਈ ਵਿਧਾਨ ਨਹੀਂ।
ਅਸੀਂ ਇਸ ਲੇਖ ਵਿੱਚ ਸਿੱਖ ਸਮਾਜ ਵਿੱਚ ਵੱਧ ਰਿਹਾ ਨਸ਼ਾ ਸੇਵਨ ਤੇ ਵਿਭਚਾਰ ਦਾ ਵਰਨਣ ਇਤਿਹਾਸਿਕ ਤੇ
ਮਨੋਰੰਜਨ ਪੱਖੋਂ ਕਰਾਂਗੇ।
ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਪੰਜ ਕੁਦਰਤੀ ਬਿਰਤੀਆਂ ਹਨ, ਬੰਦੇ
ਵਿਚ। ਸੂਝ ਸਮਝ ਦੁਆਰਾ ਇਨ੍ਹਾਂ ਦੀੰ ਵਰਤੋਂ ਬੰਦੇ ਨੂੰ ਸਮਾਜ ਵਿੱਚ ਅਤੇ ਸਮਾਜ ਨੂੰ ਸੰਸਰੀ ਪੱਧਰ
ਤੇ ਸਤਿਕਾਰ ਦਾ ਪਾਤਰ ਬਣਾ ਸਕਦੀ ਹੈ। ਇਸ ਦੇ ਉਲਟ ਗਲਤ ਵਰਤੋਂ ਬਦਨਾਮੀ, ਨਫਰਤ ਆਦਿ ਦਾ ਸ਼ਿਕਾਰ ਬਣਾ
ਸਕਦੀ ਹੈ। ਇਹ ਸਾਰੀਆ ਬਿਰਤੀਆਂ ਬਹੁਤ ਮਜ਼ਬੂਤ ਹਨ। ਕਾਮ ਦੀ ਮਿਸਾਲ ਲਵੋ-ਇਹ ਇੱਕ ਅਮਰੀਕਨ ਵਿਦਵਾਨ
ਥੋਰੀੳ ਅਨੁਸਾਰ “ਬੰਦੇ ਦੇ ਤਨ ਦੇ ਕੱਪੜਿਆਂ ਵਿੱਚ ਛੁਪਿਆ, ਕੁੜਤੇ ਦੀ ਬਾਂਹ ਦੀ ਵਰਮੀ ਵਿਚੋਂ ਬੰਦੇ
ਤੇ ਵਾਰ ਕਰਨ ਲਈ ਸਦਾ ਤਿਆਰ ਰਹਿੰਦਾ ਹੈ। ਜਦ ਬੰਦੇ ਦੀ ਬਾਂਹ ਨੂੰ ਹਿਲਦੀ ਨਹੀਂ ਦੇਖਦਾ, ਉਸ ਤੇ
ਵਾਰ ਕਰ ਦਿੰਦਾ ਹੈ, ਭਾਵ ਜਦ ਵਿਹਲਾ ਹੁੰਦਾ ਹੈ। “ ਉਸ ਵੇਲੇ ਫਿਰ ਕੀ ਹੁੰਦਾ ਹੈ? ਬੰਦਾ ਕਾਮ ਦੀ
ਵਿਰਤੀ ਦਾ ਸ਼ਿਕਾਰ ਹੋਇਆ ਛੋਟੀਆਂ ਛੋਟੀਆਂ ਬੱਚੀਆਂ ਤੋਂ ਲੈ ਕੇ ੮੦-੯੦ ਸਾਲ ਤੱਕ ਦੀਆਂ ਬਿਰਧ
ਬੀਬੀਆਂ ਨਾਲ ਬਲਾਤਕਾਰ/ਜ਼ਬਰਜਿਨਾਹ ਕਰ ਕੇ ਉਨ੍ਹਾਂ ਦਾ ਕਤਲ ਤੱਕ ਕਰ ਸਕਦਾ ਹੈ। ਇਸੇ ਤਰ੍ਹਾਂ
ਕ੍ਰੋਧ, ਭਰਾ ਭਰਾ ਦਾ ਆਦਿ ਦੇ ਕਤਲ ਤੋਂ ਲੈ ਕੇ ਹਜ਼ਾਰਾਂ ਲੱਖਾਂ ਦਾ ਕਾਤਲ ਬਣ ਸਕਦਾ ਹੈ। ਲੋਭ
ਦੂਜਿਆਂ ਦੀ ਜਾਇਦਾਦ, ਦੌਲਤ ਆਦਿ ਤੇ ਕਬਜ਼ਾ ਹੀ ਨਹੀਂ, ਕਤਲ ਤੱਕ ਕਰਵਾ ਸਕਦਾ ਹੈ। ਮੋਹ ਵੱਸ ਹੋ ਕੇ
ਨਾਸ਼ਵਾਨ ਚੀਜ਼ਾਂ ਨਾਲ ਅਤੇ ਸਰੀਰ ਨਾਲ ਮੋਹ ਪਾ ਕੇ ਸਰੀਰ ਦੀ ਸਜ ਧਜ ਵਿੱਚ ਲੱਗ ਕੇ ਇਸ ਵਿਚੋਂ ਖੁਸ਼ੀ
ਲੱਭਣ ਲਈ ਖਾਣ ਪੀਣ ਐਸ਼ ਕਰਨ ਵਿੱਚ ਰੁੱਝ ਕੇ ਕਾਮੀ ਵਾਲੀਆਂ ਹਰਕਤਾਂ ਕਰ ਸਕਦਾ ਹੈ ਅਤੇ ਹੰਕਾਰੀ ਬਣ
ਕੇ ਈਰਖਾ ਤੇ ਨਫਰਤ ਦਾ ਸ਼ਿਕਾਰ ਹੋ ਕੇ ਦੁਸ਼ਮਣ ਪੈਦਾ ਕਰ ਲੈਂਦਾ ਹੈ ਅਤੇ ਕ੍ਰੋਧੀ ਵਾਲੀਆਂ ਹਰਕਤਾਂ
ਕਰ ਸਕਦਾ ਹੈ। ਇਨ੍ਹਾਂ ਸਭ ਦੀਆਂ ਮਿਸਲਾਂ ਇਤਿਹਾਸ ਵਿੱਚ ਅਤੇ ਅਜੋਕੇ ਜੀਵਨ ਵਿੱਚ ਮਿਲ ਸਕਦੀਆਂ ਹਨ।
ਗੁਰੂ ਨਾਨਕ ਸਾਹਿਬ ਨੇ ਉਸ ਵੇਲੇ ਦੇ ਸਮਾਜ ਨੂੰ ਇਨ੍ਹਾਂ ਬਿਰਤੀਆਂ ਦੇ ਬੁਰੀ
ਤਰ੍ਹਾਂ ਸ਼ਿਕਾਰ ਅਤੇ ਇਨ੍ਹਾਂ ਤੋਂ ਦੁਖੀ ਦੇਖਿਆ। ਇਥੋਂ ਤੱਕ ਕਿ ਸਮਾਜ ਦੇ ਦੇਵਤਿਆਂ ਆਦਿ ਦੀਆਂ
ਕਾਮੀ ਕ੍ਰੋਧੀ ਹੋਣ ਦੀਆਂ ਮਿਸਾਲਾਂ ਮਿਲਦੀਆਂ ਹਨ। ਕਿਸੇ ਵਿਚਾਰਵਾਰ ਨੇ ਇਨ੍ਹਾਂ ਪੰਜਾ ਨੂੰ ਜ਼ਬਤ
ਵਿੱਚ ਲਿਆ ਕੇ ਵਰਤਣ ਦੀ ਸਿੱਖਿਆ ਦੇਣ ਦੀ ਕਦੇ ਅਮਲੀ ਤੌਰ ਤੇ ਨਾ ਵਿਚਾਰ ਕੀਤੀ ਤੇ ਨਾ ਉੋਪਰਲਾ
ਕੀਤਾ। ਇਹ ਮਹਾਨ ਕਾਰਜ ਗੁਰੂ ਨਾਨਕ ਸਾਹਿਬ ਦੇ ਹਿੱਸੇ ਆਇਆ। ਗੁਰੂ ਜੀ ਨੇ ਕੋਈ ਖਾਸ ਬੰਦਿਆਂ ਨੂੰ
ਨਹੀਂ, ਖਾਸ ਕਰ ਕੇ ਆਮ ਲੋਕਾਂ ਨੂੰ ਸਚਿਆਰ ਬਣਨ ਲਈ ਸਿੱਖਿਅਤ ਕਰਨ ਦੀ ਇੱਕ ਖਾਸ ਵਿਉਂਤ ਰਾਹੀ ਕਾਰਜ
ਸ਼ੁਰੂ ਕੀਤਾ। ਇਸ ਵਾਸਤੇ
‘ਸਚਹੁ ਉਰੈ ਸਭੁ ਕੋ ਉਪਰਿ ਸਚੁ ਆਚਾਰ।। ` (ਪੰ: ੬੨)
ਮੁਖਵਾਕ ਰਾਹੀਂ ਬੰਦੇ ਦੇ ਆਚਰਨ ਉੱਤੇ ਜ਼ੋਰ ਦਿੱਤਾ। ਆਚਰਨ ਵਿੱਚ ਹੱਥੀਂ ਪਰ
ਇਮਨਦਾਰੀ ਨਾਲ ਕੰਮ ਕਰਨ, ਰੱਬ ਦੀ ਯਾਦ, ਕਮਜ਼ੋਰਾਂ ਦੀ ਮਦੱਦ, ਹੋਰਨਾ ਨਾਲ ਚੰਗਾ ਵਰਤਾੳ ਅਤੇ ਨਿੱਜੀ
ਉਚੇ ਇਖਲਾਕੀ ਆਚਰਨ ਤੇ ਜ਼ੋਰ ਦਿੱਤਾ। ਇਸ ਵਾਸਤੇ ਸਾਦਾ ਖੁਰਾਕ ਤੇ ਪੁਸ਼ਾਕ ਅਤੇ ਨਸ਼ਿਆਂ ਤੋਂ ਬੱਚ ਕੇ
ਰਹਿਣ, ਜੀਵਨ ਦਾ ਸਾਧਨ ਬਣਾ ਦਿੱਤੇ। ਐਸੀ ਸਿੱਖਿਆ ਨੇ ਬੰਦਿਆਂ ਨੂੰ ਗ੍ਰਹਿਸਤ ਵਿੱਚ ਰਹਿੰਦਿਆਂ
ਨੂੰ, ਜਿਥੇ ਸਾਦੀ ਖੁਰਾਕ ਤੇ ਨਸ਼ਿਆਂ ਤੋਂ ਰਹਿਤ ਹੋਣ ਕਰ ਕੇ ਤਕੜੇ, ਰਿਸ਼ਟ ਪੁਸ਼ਟ ਤੇ ਸਿਹਤਮੰਦ
ਬਣਾ ਦਿੱਤਾ ਉੱਥੇ ਦਿਮਾਗੀ ਤੌਰ ਤੇ ਸ਼ੁਭ ਵਿਚਾਰਵਾਨ ਬਣਾ ਦਿੱਤਾ, ਜਿਸ ਦੇ ਸਦਕਾ ਉਹ ਰੱਬ ਜੀ
ਦੀ ਯਾਦ ਵਿੱਚ ਦਿਲ ਤੇ ਦਿਮਾਗ ਨਾਲ ਜੁੜਨ ਦੇ ਕਾਬਲ ਬਣ ਗਏ। ਰੱਬ ਜੀ ਨਾਲ ਜੁੜਿਆ ਬੰਦਾ ਸਦਾ ਸ਼ੁਭ
ਵਿਉਹਾਰ ਦਾ ਮਾਲਕ ਹੁੰਦਾ ਹੈ। ਇਹ ਹੀ ਕਾਰਨ ਸੀ ਕਿ ਗੁਰੂ ਜੀ ਦੀ ਸਿੱਖਿਆ ਦੇ ਧਾਰਨੀ ਸਿੱਖ
ਸੁਆਰਥ-ਰਹਿਤ, ਬੇਗਰਜ਼, ਤਿਆਗੀ ਅਤੇ ਨੇਕ ਚਲਣ, ਬਣਨੇ ਸੁਰੂ ਹੋ ਗਏ।
ਆਖਰ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸਾਰੇ ਜੀਵਨ ਢੰਗ ਨੂੰ ਰਹਿਤ ਬੰਦ ਕਰ
ਕੇ ਸਿੱਖਾਂ ਦੇ ਜੀਵਨ ਦਾ ਅਨਿਖੜਵਾਂ ਅੰਗ ਬਣਾ ਦਿੱਤਾ। ਇਸ ਰਹਿਤ ਤੇ ਪਹਿਰਾ ਦਿੰਦੇ ਸਿੱਖਾਂ ਨੇ
ਇਖਲਾਕੀ ਚਲਣ ਦੀਆਂ ਉਹ ਸਿਖਰਾਂ ਛੂਹੀਆਂ ਕਿ ਦੁਸ਼ਮਣ ਵੀ, ਸਿੱਖਾਂ ਨੂੰ ਕੁੱਤੇ ਤੱਕ ਕਹਿਣ ਵਾਲੇ,
ਸਿੱਖਾਂ ਦੇ ਚਰਿੱਤਰ ਦੀ ਦਾਦ ਦੇਣਾ ਫਖਰ ਸਮਝਦੇ ਸਨ। ਉਹ ਲਿਖਦੇ ਹਨ ‘ਇਹ ਚਰਿੱਤਰ ਦੇ ਇੰਨੇ ਚੰਗੇ
ਹਨ ਕਿ ਇਨ੍ਹਾਂ ਦੇ ਹੱਥ ਆਈਆਂ ਪਰਾਈਆਂ ਇਸਤਰੀਆਂ ਬਹੁਤ ਸੁਰੱਖਿਅਤ ਅਤੇ ਸਲਾਮਤ ਰਹਿੰਦੀਆਂ ਹਨ। ਇਹ
ਉਨ੍ਹਾਂ ਨੂੰ ਉਨ੍ਹਾਂ ਦਾ ਟਿਕਾਣਾ ਪੁੱਛ ਕੇ ਉਨ੍ਹਾਂ ਦੇ ਘਰੋਂ ਘਰੀਂ ਪਹੁੰਚਾ ਦਿੰਦੇ ਹਨ ਅਤੇ
ਉਨ੍ਹਾਂ ਦੀ ਇੱਜ਼ਤ ਵੱਲ ਭੈੜੀ ਨਿਗਾਹ ਨਾਲ ਕਦੇ ਨਹੀਂ ਦੇਖਦੇ। ` (ਕਾਜ਼ੀ ਨੂਰ ਮੁਹੰਮਦ ਜੋ ਨਾਦਰ ਸ਼ਾਹ
ਨਾਲ ਆਇਆ ਸੀ, ਆਪਣੀ ਕਿਤਾਬ ਜੰਗਨਾਮਾ ਬਿਆਨ ੪੧ਵਾਂ ਵਿੱਚ ਲਿਖਦਾ ਹੈ)। ਅੰਗਰੇਜ਼ ਲਿਖਰੀ ਫਾਰਸਟਰ
ਲਿਖਦਾ ਹੈ, ‘ਸਿੱਖ ਇੰਦਰੀ ਜਿੱਤ, ਪੰਜ ਦੋਖਾਂ ਤੋਂ ਰਹਿਤ ਸਨ ਅਤੇ ਇਸ ਤਰ੍ਹਾਂ ਅਥਾਹ ਸ਼ਕਤੀ ਦੇ
ਮਾਲਕ ਬਣ ਗਏ ਸਨ। ` ਇੱਕ ਹੋਰ ਲਿਖਰੀ ਗ੍ਰਿਫਨ ਲਿਖਦਾ ਹੈ, ‘ਸਿੱਖ ਇਤਿਹਾਸ ਵਿੱਚ ਔਰਤਾਂ ਦੀ ਬੇਪਤੀ
ਅਤੇ ਮਰਦਾਂ ਦੇ ਤਸ਼ੱਦਦ ਕਰਨ ਦੀਆਂ ਉਦਾਰਨਾਂ ਢੂੰਡੀਆਂ ਵੀ ਨਹੀਂ ਮਿਲਦੀਆਂ, ਜਿਨ੍ਹਾਂ ਨਾਲ
ਹਿੰਦੋਸਤਾਨੀ ਇਤਿਹਾਸ ਦੇ ਸਫੇ ਭਰੇ ਪਏ ਹਨ। ` (ਦੇਖੋ ਸਾਡਾ ਇਤਿਹਾਸ ਭਾਗ ਦੂਜਾ ਪੰ: ੧੧੧,
ਲਿਖਤ ਪ੍ਰਿੰਸੀਪਲ ਸਤਿਬੀਰ ਸਿੰਘ)।
ਪਰ ਇੰਨੇ ਉੱਚੇ ਜੀਵਚ ਅਤੇ ਚਰਿੱਤਰ ਤੇ ਸਿੱਖ ਕਿੱਦਾਂ ਪੁੱਜੇ। ਇਹ ਸਭ ਉੱਪਰ
ਦੱਸੀ ਜੀਵਨ ਜਾਂਚ, ਖਾਸ ਕਰਕੇ ਨਸ਼ਿਆਂ ਦੇ ਮਾਰੂ ਅਸਰ, ਜੋ ਦਿਲ ਦਿਮਾਗ ਅਤੇ ਸਰੀਰ ਦਾ ਨਾਸ਼ ਕਰ
ਦਿੰਦੇ ਹਨ, ਤੋਂ ਬਚ ਕੇ ਹੀ ਸੰਭਵ ਹੋ ਸਕਦਾ ਹੈ ਅਤੇ ਦਸਮ ਪਿਤਾ ਜੀ ਦੇ ਸਮੇਂ ਦਾ ਇੱਕ ਖਾਸ
ਇਤਿਹਾਸਕ ਵਾਕਿਆਂ ਦਾ ਜਿਕਰ ਜਰੂਰੀ ਹੈ। ਉਹ ਇਹ ਸੀ ਕਿ ਮੁਗਲਾਂ ਨਾਲ ਇੱਕ ਝੜਪ ਵਿੱਚ ਸਿੱਖਾਂ ਨੇ
ਮੁਗਲਾਂ ਨੂੰ ਭਜਾ ਦਿੱਤਾ। ਪਰ ਉਨ੍ਹਾਂ ਦੀਆਂ ਔਰਤਾਂ ਸਿੱਖਾਂ ਦੇ ਹੱਥ ਆ ਗਈਆਂ। ਸਿੱਖ ਉਨ੍ਹਾਂ ਨੂੰ
ਗੁਰੂ ਸਾਹਿਬ ਪਾਸ ਲੈ ਆਏ ਤੇ ਕਿਹਾ ‘ਮੁਗਲ ਹਿੰਦੂਆਂ ਦੀਆਂ ਬੀਬੀਆਂ ਦੀ ਬੇਇੱਜ਼ਤੀ ਕਰਦੇ ਹਨ, ਕੀ
ਜਵਾਬ ਵਿੱਚ ਮੁਗਲਾਂ ਦੀਆਂ ਔਰਤਾਂ ਜੋ ਸਾਡੇ ਹੱਥ ਲੱਗਦੀਆਂ ਹਨ, ਉਨ੍ਹਾਂ ਦੀ ਵੀ ਬੇਇੱਜ਼ਤੀ ਉਸੇ
ਤਰ੍ਹਾਂ ਨਹੀਂ ਹੋਣੀਂ ਚਾਹੀਦੀ। `
ਗੁਰੂ ਜੀ ਨੇ ਕਿਹਾ ਕਿ, ਸਾਡਾ ਧਰਮ ਨਾ ਹੀ ਬਦਲਾ ਲੈਣ ਦੀ ਆਗਿਆ ਦਿੰਦਾ ਹੈ
ਅਤੇ ਨਾ ਹੀ ਪਰ-ਇਸਤਰੀ ਦੀ ਇੱਜ਼ਤ ਵੱਲ ਬੁਰੀ ਨਜ਼ਰ ਨਾਲ ਦੇਖਣ ਤੱਕ ਦੀ ਇਜਾਜ਼ਤ ਦਿੰਦਾ ਹੈ। ਅਸੀਂ ਇਸ
ਬਦਲਾ ਆਦਿ ਦੀ ਥਾਂ ਪੰਥ ਨੂੰ ਬਹੁਤ ਉਚੇਰੇ ਲੈ ਜਾਣਾ ਹੈ, ਪਰਾਈਆਂ ਇਸਤਰੀਆਂ ਨੂੰ ਮਾਵਾਂ, ਭੈਣਾਂ,
ਧੀਆਂ ਸਮਝ ਕੇ ਇਨ੍ਹਾਂ ਦੀ ਰਾਖੀ ਕਰਨੀ ਅਤੇ ਇਨ੍ਹਾਂ ਤੇ ਇਨ੍ਹਾਂ ਵਰਗੀਆਂ ਹੋਰਨਾਂ ਨੂੰ ਇਨ੍ਹਾਂ ਦੇ
ਘਰੋ ਘਰੀਂ ਪੁੱਜਦੀਆਂ ਕਰਨਾ ਹੈ।
ਵੈਸੇ ਤਾਂ ਸਿੱਖ ਪਹਿਲਾਂ ਹੀ ਇਸ ਅਸੂਲ ਤੇ ਪਹਿਰਾ ਦਿੰਦੇ ਆ ਰਹੇ ਸਨ (ਇਸ
ਕਰ ਕੇ ਹੀ ਸਿੱਖ ਉਨ੍ਹਾਂ ਔਰਤਾਂ ਨੂੰ ਗੁਰੂ ਸਾਹਿਬ ਕੋਲ ਲਿਆਏ ਸਨ) ਪਰ ਉਸ ਸਮੇਂ ਤੋਂ ਲੈ ਕੇ
ਖਾਲਸੇ ਨੇ ਇਸ ਹੁਕਮ ਤੇ ਦਿਲੋ - ਜਾਨ ਨਾਲ ਪਹਿਰਾ ਦਿੱਤਾ ਅਤੇ ਦੁਸ਼ਮਣਾਂ ਦੀ ਵਾਹ – ਵਾਹ ਖੱਟਣ ਦੇ
ਨਾਲ ਨਾਲ ਆਪ ਵੀ ਬ੍ਰਹਮ ਗਿਆਨ ਦੇ ਰਾਹ ਦੇ ਪਾਂਧੀ ਬਣ ਗਏ। ਇਸ ਇਖਲਾਕੀ ਚਾਲ – ਚੱਲਣ ਦੀ ਉੱਚੀ
ਪੌੜੀ ਦਾ ਇਹ ਆਖਰੀ ਡੰਡਾ ਸੀ, ਜੋ ਗ੍ਰਹਿਸਤ ਵਿੱਚ ਰਹਿੰਦਿਆਂ ਕਿਸੇ ਸਮਾਜੀ ਢਾਂਚੇ ਵਿੱਚ ਕਦੇ ਸੁਣਨ
ਨੂੰ ਨਹੀਂ ਆਇਆ। ਪਰ ਹੁਣ ਸਿੱਖਾਂ ਵਿੱਚ ਵੀ ਕੁੱਝ ਵਿਰਲਿਆਂ ਨੂੰ ਛੱਡ ਕੇ ਇਹ ਇਖਲਾਕੀ ਚਾਲ – ਚਲਣ
ਬਿਲਕੁਲ ਜਮੀਨ ਦੇ ਤਲ ਤੇ ਆ ਡਿੱਗਿਆ ਹੈ। ਹਾਂ, ਪਰ ਇਹ ਹਾਲਤ ਕਿਉਂ ਹੋਈ?
ਇਸ ਪਿੱਛੇ ਇੱਕ ਲੰਬੀ ਦਾਸਤਾਨ ਹੈ। ਸਿੱਖ ਰਾਜ ਇਸ ਉਚੇ ਸੁੱਚੇ ਆਚਰਨ ਦਾ
ਸਦਕਾ ਕਾਇਮ ਹੋਇਆ ਸੀ। ਇਸ ਰਾਜ ਨੂੰ ਸ: ਹਰੀ ਸਿੰਘ ਨਲੂਆ ਵਰਗੇ ਸੱਚੇ ਸੁੱਚੇ ਸਿੱਖ ਖਾਲਸਾ ਰਾਸ਼ਟਰ
ਸੰਘ ਦੇ ਰੂਪ ਵਿੱਚ ਰੱਖ ਕੇ ਰਾਜਾ ਗੁਰਮਤੇ ਰਾਹੀਂ ਚੁਣਨ ਲਈ ਆਖਦੇ ਸਨ। ਪਰ ਮ: ਰਣਜੀਤ ਸਿੰਘ ਜੋ
ਉਪਰੋਂ ਉਪਰੋਂ ਸਿੱਖ ਸੀ ਤੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹੱਥ ਰੱਖ ਕੇ ਚੁੱਕੀਆਂ ਸੌਂਹਾਂ ਦੇ
ਬੰਧਨ ਨਾਲ ਨਹੀਂ ਬੱਝਦਾ ਸੀ ਅਤੇ ਚਾਣਕੀਆ ਨੀਤੀ ਵਰਤਣ ਤੋਂ ਵੀ ਨਹੀਂ ਝਿਜਕਦਾ ਸੀ। ਉਸ ਨੇ ਰਾਜ ਨੂੰ
ਖਾਨਦਾਨੀ ਬਣਾ ਦਿੱਤਾ ਜੋ ਬਆਦ ਵਿੱਚ ਰਾਜ ਦੇ ਪਤਨ ਦਾ ਕਾਰਨ ਬਣਿਆ।
(ਦੇਖੋ ਡਾ: ਸੰਗਤ ਸਿੰਘ ਦੀ ਰਚਿਤ ਪੁਸਤਕ ‘ਇਤਿਹਾਸ ਵਿੱਚ ਸਿੱਖ` ਪੰ:
੧੧੦ ਤੋਂ ੧੧੩)
ਮਹਾਰਾਜਾ ਰਣਜੀਤ ਸਿੰਘ, ਉਸ ਦਾ ਲੜਕਾ ਖੜਕ ਸਿੰਘ ਅਤੇ ਉਸ ਦੇ ਕਈ ਅਮੀਰ
ਵਜ਼ੀਰ ਸ਼ਰਾਬੀ ਕਾਮੀ ਬਣ ਗਏ ਸਨ ਤੇ ਕਈ ਕਈ ਵਿਆਹ ਕਾਮ ਦੀ ਹੱਵਸ ਪੂਰੀ ਕਰਨ ਲਈ, ਗੁਰਮਤਿ ਤੋਂ ਉਲਟ
ਕਰਵਾਏ ਹੋਏ ਸਨ।
ਕੀ ਰਾਜ ਕਇਮ ਹੋਣ ਨਾਲ ਅਰਾਮ ਪ੍ਰਸਤੀ ਦਾ ਸ਼ਿਕਾਰ ਹੋਣਾ ਸੀ ਜਾਂ ਸ: ਹਰੀ
ਸਿੰਘ ਨਲੂੰਆ ਦੀ ਸਲਾਹ ਤੇ ਫੁੱਲ ਚੜ੍ਹਾਉਣਾ ਯੋਗ ਸੀ? ਫਿਰ ਵੀ ਸਿੱਖ ਫੌਜ ਹਾਲੇ ਵੀ ਕਾਫੀ ਹੱਦ ਤੱਕ
ਆਪਣੇ ਉੱਚੇ ਆਚਰਨ ਤੇ ਕਾਇਮ ਸੀ।
ਮ: ਰਣਜੀਤ ਸਿੰਘ ਜੀ ਦੀ ਮੌਤ ਤੋਂ ਬਾਅਦ ਅੰਗਰੇਜ਼ਾਂ ਨੇ ਸ਼ਾਹੀ ਘਰਾਣੇ ਤੇ
ਫੌਜ ਦੇ ਆਚਰਨ ਨੂੰ ਚੰਗੀ ਤਰ੍ਹਾਂ ਭਾਂਪ ਲਿਆ ਸੀ। ਬ੍ਰਾਹਮਣ ਨੀਤੀ ਤਾਂ ਪਹਿਲਾਂ ਹੀ ਸਿੱਖ ਸਫਾਂ
ਵਿੱਚ ਵੜ ਕੇ ਵੱਧ ਤੋਂ ਵੱਧ ਧਾਰਮਿਕ ਤੇ ਸਮਾਜਿਕ ਨੁਕਸਾਨ ਕਰ ਰਹੀ ਸੀ। ਪੰਜਾਬ ਤੇ ਕਬਜ਼ਾ ਕਰ ਕੇ
ਅੰਗਰੇਜ਼ਾਂ ਨੇ ਫੌਜੀ ਸਿੱਖਾਂ ਦੇ ਚੱਲਣ ਨੂੰ ਸ਼ਾਹੀ ਘਰਾਣੇ ਦੇ ਸਿੱਖਾਂ ਦੇ ਚੱਲਣ ਦੇ ਤਲ ਦੇ ਲਿਆਉਣ
ਲਈ ਘੋਖ ਲਿਆ ਕਿ ਜੇ ਰਾਜ ਘਰਾਣੇ ਵਾਲੇ ਸਿੱਖ ਜੋ ਕਿਸੇ ਵੇਲੇ (ਭਾਵ ਖਾਲਸਾ ਰਾਜ ਤੋਂ ਪਹਿਲਾਂ ਦੇ
ਸਮੇਂ ਦੇ ਸੰਘਰਸ਼ਾਂ ਦੌਰਾਨ) ਉਚੇ ਆਚਰਨ ਦੇ ਮਾਲਕ ਸਨ। ਪਰ ਹੁਣ ਉਸ ਮਿਆਰ ਤੋਂ ਡਿੱਗਦੇ ਜਾਦੇਂ ਹਨ,
ਤਾਂ ਇਨ੍ਹਾਂ ਆਮ ਸਿੱਖਾਂ ਦਾ ਆਚਰਨ ਵੀ ਡੇਗਿਆ ਜਾ ਸਕਦਾ ਹੈ। ਸਭ ਤੋਂ ਪਹਿਲਾਂ ਉਨ੍ਹਾਂ (ਭਾਵ ਫੌਜੀ
ਤੇ ਸਿੱਖ ਜੀਵਨ) ਵਿੱਚ ਸ਼ਰਾਬ ਪੀਣ ਦੀ ਰੁਚੀ ਪੈਦਾ ਕੀਤੀ। ਸ਼ਾਹੀ ਘਰਾਣੇ ਨਾਭਾ, ਪਟਿਆਲਾ, ਕਪੂਰਥਲਾ
ਆਦਿ, ਮ: ਰਣਜੀਤ ਸਿੰਘ ਵਾਂਗ ਤੇਜ਼ੀ ਨਾਲ ਇਧਰ ਨੂੰ ਧਾਈ ਕਰ ਰਹੇ ਸਨ ਅਤੇ ਸਿੱਖੀ ਸਿਧਾਂਤ ਤੋਂ ਉਲਟ
ਇੱਕ ਵਿਆਹ ਦੀ ਥਾਂ ਕਈ ਕਈ ਵਿਆਹ, ਸਮੇਤ ਅੰਗਰੇਜ਼ਾਂ ਵਲੋਂ ਭੇਟ ਕੀਤੀਆਂ ਕੁੜੀਆਂ ਦੇ, ਰਚਾ ਕੇ ਅਤਿ
ਦੇ ਕਾਮੀ ਬਣ ਚੁੱਕੇ ਸਨ। ‘ਯਥਾ ਰਾਜਾ ਤਥਾ ਪਰਜਾ` ਦੀ ਕਹਾਵਤ ਦਾ ਆਮ ਲੋਕਾਂ ਤੇ ਵੀ ਅਸਰ ਹੋਣਾ
ਸ਼ੁਰੂ ਹੋਇਆ। ਉਧਰ ਸਿੱਖੀ ਸ਼ਿਧਾਂਤ ਦਾ ਪ੍ਰਚਾਰ ਨਾਮ ਮਾਤਰ ਨੂੰ ਵੀ ਨਹੀਂ ਹੋ ਰਿਹਾ ਸੀ (ਜੋ ਜ਼ਰੂਰੀ
ਪ੍ਰਚਾਰ ਸਿੱਖ ਰਾਜ ਸਮੇਂ ਵੀ ਨਾ ਸੀ ਕੀਤਾ ਗਿਆ)। ਕੁੱਝ ਕੁ ਸਿੱਖਾਂ ਨੂੰ ਛੱਡ ਕੇ ਬਹੁਤ ਸਾਰੇ
ਸਿੱਖ ਆਪ ਵੀ ਬਾਣੀ ਪੜ੍ਹਨ ਤੋਂ ਹੱਟਦੇ ਜਾ ਰਹੇ ਸਨ ਜਿਸ ਨੂੰ ਮੁੜ ਪੜ੍ਹ ਕੇ ਵਿਚਾਰ ਕੇ ਸਿੱਖੀ
ਅਸੂਲਾਂ ਤੇ ਸਿਧਾਂਤ ਬਾਰੇ ਸੋਝੀ ਤੇ ਗਿਆਨ ਪ੍ਰਾਪਤ ਹੋਣਾ ਸੀ। ਸੋ ਹੌਲੀ ਹੌਲੀ ਸ਼ਰਾਬ ਪੀਣ ਵਾਲੀਆਂ
ਦੀ ਗਿਣਤੀ ਵੱਧਣ ਲਗੀ ਤੇ ਕੇਸ ਵੀ ਕਤਲ ਹੋਣ ਲੱਗੇ।
੧੯੪੭ ਦੀ ਅਖੌਤੀ ਅਜ਼ਾਦੀ ਦੇ ਆਉਣ ਸਾਰ ਸਕੂਲਾਂ ਕਾਲਜਾਂ (ਇਥੋਂ ਤੱਕ ਕਿ
ਖਾਲਸਾ ਸੰਸਥਾਵਾਂ) ਵਿੱਚ ਧਾਰਮਿਕ ਰਸਮ ਨਾਲ ਪੜ੍ਹਾਈ ਸ਼ੁਰੂ ਹੋਣ ਦੀ ਥਾਂ ਸਭਿਆਚਾਰਾ ਦੇ ਨਾਂ ਦੇ
ਥੱਲੇ ਨੱਚਣ ਟੱਪਣ ਅਤੇ ਦੁਨਿਆਵੀ ਪਿਆਰ ਦੇ ਗੀਤਾਂ ਨੇ ਲੈ ਲਈ। ਭੰਗੜੇ ਗਰੁੱਪ ਸਕੂਲਾਂ-ਕਾਲਜਾਂ
ਵਿੱਚ ਬੜੀ ਗਿਣਤੀ ਵਿੱਚ ਹੋਂਦ ਵਿੱਚ ਆਉਣੇ ਸੁਰੂ ਹੋ ਗਏ ਅਤੇ ਉਨ੍ਹਾਂ ਦੇ ਮੁਕਾਬਲੇ ਹੋਣ ਲੱਗੇ
ਜਿਨ੍ਹਾਂ ਵਿੱਚ ਕੁੜੀਆਂ ਮੁੰਡੇ ਇੱਕਠੇ ਭਾਗ ਲੈਣ ਲੱਗ ਪਏ। ਕਿੱਥੇ ਸਿੱਖ ਸਭਿਆਚਾਰ ਤੇ ਕਿੱਥੇ ਇਹ
ਭਰਿਸ਼ਟ ਸਭਿਆਚਾਰ! ਸੋ ਢਲਾਨੀ ਪਾਸੇ ਨੂੰ ਪਾਣੀ ਦੇ ਵਹਿਣ ਵਾਂਗ ਇਸ ਢਹਿੰਦੀ ਕਲਾ ਦੇ ਸਮਾਜਿਕ ਤੇ
ਅਖੌਤੀ ਸਭਿਆਚਾਰਕ ਵੱਲ ਨੂੰ ਜਵਾਨੀ ਉੱਲਰ ਉੱਲਰ ਕੇ ਵੱਧਣ ਲੱਗੀ। ਇਸ ਹਾਲਤ ਵਿੱਚ ਫਿਰ
‘ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ। `
(ਵਾਰ ੨੯, ਪੌੜੀ।। ਭਾਈ ਗੁਰਦਾਸ) ਦੀ ਥਾਂ ਦੁਨਿਆਵੀ ਲਚਰ ਗੀਤ ਲਿੱਖਣੇ ਤੇ
ਗਾਉਣੇ ਸੁਰੂ ਹੋਏ ਜੋ ਕਾਮ ਦੀ ਰੁਚੀ ਨੂੰ ਉਕਸਾਉਂਦੇ ਹਨ। ਨਾਲ ਨਾਲ ਟੈਲੀਵਿਜ਼ਨ ਦੇ ਅਤੇ ਇੱਦਾਂ ਦੇ
ਅਸਰ ਹੇਠ ਹਰ ਧੀ ਭੈਣ ਨੂੰ ਜਿਨਸੀ ਹਵਸ ਦਾ ਸ਼ਿਕਾਰ ਬਣਾ ਦੇਣ ਲਈ ਪ੍ਰੇਰਨਾ ਮਿਲਣ ਲੱਗੀ। ਸਿੱਟਾ ਇਹ
ਨਿਕਲਿਆ ਕਿ ਜ਼ਬਤ ਦੀ ਹੱਦ ਟੱਪ ਕੇ ਧੀਆਂ ਭੈਣਾਂ ਹੀ ਨਹੀਂ ਮਾਵਾਂ ਵਰਗੀਆਂ ਬੀਬੀਆਂ ਦੇ ਬਲਤਕਾਰ
ਸ਼ੁਰੂ ਹੋ ਗਏ।
ਕੀ ਇਸ ਨਿਘਰਦੀ ਹਾਲਤ ਵਿਚੋਂ ਨਿਕਲਿਆ ਜਾ ਸਕਦਾ ਹੈ? ਬੰਦਾ ਕੀ ਨਹੀਂ ਕਰ
ਸਕਦਾ? ਫਿਰ ਜਦੋਂ ਗੁਰੂ ਸਾਹਿਬਾਨ ਦੀ ਮਹਾਨ ਸਿੱਖਿਆ ਤੇ ਸਿਧਾਂਤ ਹੋਵੇ, ਉਹ ਤਾਂ ਨਰਕ ਘੋਰ ਵਿਚੋਂ
ਕੱਢਣ ਦੀ ਸਮੱਰਥਾ ਰੱਖਦੇ ਹਨ। ਜੇ ਆਫੀਮ ਦੇ ਅਮਲ ਨਾਲ ਸਾਰਾ ਅਫੀਮੀ ਬਣਿਆ ਚੀਨ ਦਾ ਮੁਲਕ ਸਧਾਰਨ
ਸਿੱਖਿਆ ਦੁਆਰਾ ਮੁੜ ਕੇ ਅਮਲ-ਰਹਿਤ ਹੋ ਕੇ ਅੱਜ ਦੁਨੀਆਂ ਦੀ ਦੂਜੀ ਵੱਡੀ ਤਾਕਤ ਬਣ ਸਕਦਾ ਹੈ ਤਾਂ
ਗੁਰੂ ਸਾਹਿਬਾਨ ਦੀ ਇਹ ਉੱਚੀ ਸੁੱਚੀ ਸਿੱਖਿਆ ਤਾਂ ਕਰਾਮਾਤ ਕਰਕੇ ਮੁੜ ਪੁਰਾਤਨ ਸਿੰਘਾਂ/ਸਿੰਘਣੀਆਂ
ਵਾਲਾ ਆਚਰਨ ਪੈਦਾ ਕਰ ਸਕਦੀ ਹੈ। ਪਰ ਅਫਸੋਸ ਇਸ ਗੱਲ ਦਾ ਹੈ ਕਿ ਸਿੱਖੀ ਦੇ ਕੇਂਦਰੀ ਅਸਥਾਨਾਂ ਤੇ
ਕਾਬਜ਼ ਲੋਕ ਮ: ਰਣਜੀਤ ਸਿੰਘ ਵਾਂਗ ਸਿੱਖੀ ਦਾ ਬੁਰਕਾ ਪਾ ਕੇ ਆਪ ਵੀ ਉੱਚੇ ਸੁੱਚੇ ਚਲਣ ਦਾ ਸਬੂਤ
ਨਹੀਂ ਦੇ ਰਹੇ ਅਤੇ ਨਾ ਹੀ ਸਿੱਖੀ ਸਿਧਾਂਤ ਅਤੇ ਅਸੂਲਾਂ ਉਤੇ ਆਪ ਪਹਿਰਾ ਦਿੰਦੇ ਹਨ। ਇਥੋਂ ਤੱਕ ਕਿ
ਕੇਂਦਰੀ ਸੰਸਥਾ ਦੇ ਮੈਂਬਰ ਆਦਿ ਬਣਨ ਲਈ ਵੋਟਰਾਂ ਨੂੰ ਸ਼ਰਾਬ ਆਦਿ ਵੰਡਦੇ ਹਨ। ਇਸ ਕਰ ਕੇ ਸਿੱਖੀ
ਸਿਧਾਂਤ ਤੇ ਅਸੂਲਾਂ ਦਾ ਪ੍ਰਚਾਰ ਤਾਂ ਫਿਰ ਕੀ ਉਨ੍ਹਾਂ ਕਰ ਸਕਣਾ? ਪ੍ਰਚਾਰ ਤਾਂ ਇੱਕ ਪਾਸੇ ਜਿਵੇਂ
ਹਰੀ ਸਿੰਘ ਨਲੂੰਏ ਵਰਗੇ ਸੱਚੇ ਸੁੱਚੇ ਸਿੱਖਾਂ ਨੂੰ ਸ਼ਾਹੀ ਦਰਬਾਰ ਤੋਂ ਬਾਹਰ ਰੱਖਿਆ ਗਿਆ ਸੀ, ਉਸੇ
ਤਰ੍ਹਾਂ ਹੀ ਅੱਜ ਦੇ ਹਰੀ ਸਿੰਘਾਂ ਨੂੰ ਨੇੜੇ ਹੀ ਨਹੀ ਢੁੱਕਣ ਦਿੱਤਾ ਜਾਂਦਾ। ਬੱਸ
“ਇਲਤ
ਕਾ ਨਾਉ ਚਉਧਰੀ ਕੂੜੀ ਪੂਰਹਿ ਥਾਉ।। (ਪੰ: ੧੨੮੮)
ਵਾਲੀ ਗੱਲ ਬਣੀ ਪਈ ਹੈ।
ਸਿੱਟਾ ਇਹ ਨਿਕਲ ਰਿਹਾ ਹੈ ਕਿ ਸਿੱਖੀ ਪ੍ਰਚਾਰ ਦਾ ਬਹਾਨਾ ਲਾ ਕੇ ਅਖੌਤੀ
ਸਾਧਾਂ ਸੰਤਾਂ ਦੇ ਡੇਰੇ ਖੁੰਬਾਂ ਵਾਂਗ ਹੋਂਦ ਵਿੱਚ ਆ ਰਹੇ ਹਨ। ਜਿੱਥੇ ਕੇਵਲ ਸਿੱਖੀ ਅਸੂਲਾਂ ਨੂੰ
ਤੋੜ ਮੋੜ ਕੇ ਹੀ ਨਹੀਂ ਪੇਸ਼ ਕੀਤੀ ਜਾਂਦਾ, ਬਲਕਿ ਬਹੁਤ ਸਾਰੇ ਥਾਵਾਂ ਉਤੇ ਵਿਭਚਾਰ ਵਰਗੇ ਕੁਕਰਮ ਹੀ
ਪੜ੍ਹਨ ਸੁਣਨ ਨੂੰ ਆਉਂਦੇ ਹਨ ਅਤੇ ਉੱਥੇ ਹੋਈ ਬੇਇਜ਼ਤੀ ਦੀਆਂ ਸ਼ਿਕਾਰ ਬੱਚੀਆਂ ਦੀ ਫਰਿਆਦ ਸੁਣਨੀ ਤਾਂ
ਇੱਕ ਪਾਸੇ ਉਨ੍ਹਾਂ ਬੱਚੀਆਂ ਤੇ, ਹੋਰ ਤਾਂ ਕੀ, ਮਾਪੇ ਭੀ ਯਕੀਨ ਨਹੀਂ ਕਰਦੇ। ਇਹ ਕਿਉਂ? ਕਿਉਂਕਿ
ਐਸੇ ਪਖੰਡੀ ਵਿਭਚਾਰੀ ਪੁਰਸ਼ ਉਨ੍ਹਾਂ ਅਨਭੋਲ, ਸਿੱਧੜ ਬੀਬੀਆਂ ਨੂੰ ਦੱਸਦੇ ਹਨ (ਸ਼ਾਇਦ ਉਨ੍ਹਾਂ ਦੇ
ਮਾਪਿਆਂ ਨੂੰ ਇੱਦਾਂ ਪਹਿਲਾਂ ਹੀ ਕਾਇਲ ਕਰ ਲਿਆ ਹੋਇਆ ਹੈ) ਕਿ ਅੱਜਕੱਲ੍ਹ ਸਾਰੇ ਸਿੱਖ ਹੀ ਵਿਭਚਾਰੀ
ਹਨ। “ਏਕਾ ਨਾਰੀ ਸਦਾ ਜਤੀ” (ਭਾਈ ਗੁਰਦਾਸ) ਕੋਈ ਨਹੀਂ ਰਿਹਾ, ਸਿੱਖ ਇੱਦਾਂ ਦੇ ਹੀ ਹੁੰਦੇ ਹਨ।
ਇੱਨਾਂ ਪਖੰਡ! ਐਸੇ ਡੇਰਿਆਂ ਤੇ ਇਹ ਪਖੰਡ ਲੁਕੋ ਕੇ ਰੱਖਿਆ ਜਾਂਦਾ ਹੈ। ਜਦ ਫਿਰ ਮੁੜ ਉਹੀ ਸ਼੍ਰੀ
ਗੁਰੂ ਨਾਨਕ ਸਾਹਿਬ ਵਾਲੇ ਸਮੇਂ ਦੀ ਹਾਲਤ ਵਾਪਰ ਰਹੀ ਹੋਵੇ ਤਾਂ ਕੀ ਹੋਣਾਂ ਚਾਹੀਦਾ ਹੈ? ਇੱਥੇ ਫਿਰ
ਗੁਰਬਾਣੀ ਤੋਂ ਸੇਧ ਮਿਲਦੀ ਹੈ
“ਆਪਣ ਹਥੀ ਆਪਣਾ ਆਪੇ ਹੀ ਕਾਜੁ
ਸਵਾਰੀਐ” (ਪੰ. ੪੭੪) ਜਿਨ੍ਹਾਂ ਦੇ ਮਨਾਂ ਵਿੱਚ
ਸਿੱਖੀ ਦੇ ਉੱਚੁੇ ਸੁੱਚੇ ਸਿਧਾਂਤ ਦੀ ਇੱਦਾਂ ਖਿੱਲੀ ਉਡਦੀ ਦੇਖ ਕੇ ਦੁਖ ਮਹਿਸੂਸ ਹੁੰਦਾ ਹੈ
ਉਨ੍ਹਾਂ ਸਿੱਖਾਂ ਨੂੰ ਇਕੱਠੇ ਹੋ ਕੇ ਠੋਸ ਕਦਮ ਚੁੱਕਣ ਦੀ ਲੋੜ ਹੈ। ਛੋਟੀਆਂ ਛੋਟੀਆਂ ਟੋਲੀਆਂ ਬਣਾ
ਕੇ ਅਤੇ ਨਸ਼ਿਆਂ ਅਤੇ ਵਿਭਚਾਰ ਦੇ ਮਾਰੂ ਨਤੀਜਿਆਂ ਬਾਰੇ ਛੋਟੇ ਛੋਟੇ ਕਿਤਾਬਚੇ ਬਣਾ ਕੇ ਅਤੇ ਇਨ੍ਹਾਂ
ਬਾਰੇ ਲੋਕਾਂ ਅਤੇ ਖਾਸ ਕਰਕੇ ਨੌਜਵਾਨਾਂ ਨੂੰ ਪਿਆਰ ਨਾਲ ਦੱਸਣ ਵਾਲੇ ਵਿਦਵਾਨਾਂ ਨਾਲ ਸ਼ਹਿਰੋ ਸ਼ਹਿਰ
ਅਤੇ ਪਿੰਡੋ ਪਿੰਡ ਜਾ ਕੁੱਝ ਸ਼ਹਿਰਾਂ ਤੇ ਪਿੰਡਾਂ ਦਾ ਦਾਇਰਾ ਬਣਾ ਕੇ ਇਹ ਕੰਮ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਤਾਬਚਿਆਂ ਵਿੱਚ ਗੁਰਬਾਣੀ ਵਲੋਂ ਮਿਲਦੀ ਸਿੱਖਿਆ ਸੰਬੰਧੀ ਗੁਰਵਾਕ ਅਤੇ ਨਸ਼ਿਆਂ ਅਤੇ
ਵਿਭਚਾਰ ਸੰਬੰਧੀ ਠੋਸ ਮਿਸਾਲਾਂ ਖਾਸ ਖਾਸ ਬੰਦਿਆਂ ਦੀਆਂ ਦਿੱਤੀਆਂ ਜਾਣ, ਜਿਹੜੇ ਇਨ੍ਹਾਂ ਮਾਰੂ
ਕੁਕਰਮਾਂ ਦੁਆਰਾ ਮੌਤ ਦੇ ਮੂੰਹ ਵਿੱਚ ਪਏ ਕੁਰਲਾ ਉੱਠੇ ਅਤੇ ਆਪਣੇ ਇਲਾਜ ਲਈ ਬਹੁੜੀਆਂ ਪਾਉਣ ਲੱਗ
ਪਏ। ਗੁਰਬਾਣੀ ਦੇ ਗੁਰਵਾਕ ਇਸ ਪ੍ਰਕਾਰ ਹੋ ਸਕਦੇ ਹਨ: ਸੱਭ ਤੋਂ ਪਹਿਲਾਂ,
“ਅਜਹੂ ਸਮਝ ਕਛ ਬਿਗਰਿਓ ਨਾਹਿਨ” (ਪੰ:
੭੨੬) ਅਤੇ ਫਿਰ ਅਸਲੀ ਵਿਸ਼ੇ ਸੰਬੰਧੀ:-
“ਝੂਠਾ ਮਦਿ ਮੂਲ ਨ ਪੀਚਈ ਜੇ ਕਾ ਪਾਰਿ ਵਸਾਇ”। (ਪੰ. ੫੫੪) ਦੁਰਮਤਿ ਮਦੁ
ਜੋ ਪੀਵਤੇ ਬਿਖਲੀ ਪਤਿ ਕਮਲੀ।। ਰਾਮ ਰਸਾਇਣ ਜੋ ਰਤੇ ਨਾਨਕ ਸਚ ਅਮਲੀ”।। (ਪੰ. ੩੯੯) “ਕਬੀਰ ਭਾਂਗ
ਮਾਛੁਲੀ ਸੁਰਾਪਾਨ ਜੋ ਜੋ ਪ੍ਰਾਨੀ ਖਾਹਿ।। ਤੀਰਥ ਬਰਤ ਨੇਮ ਕੀਏ ਤ ਸਭੈ ਰਸਾਤਲਿ ਜਾਹਿ”।। (ਪੰ.
੧੩੭੭)
ਮਦਰਾ ਮਾਸ ਮੱਛੀ ਜੂਆ ਪਰ ਤਿਰਿਆ ਤੋਂ ਸਦਾ ਦੂਰ ਰਹਿਣਾ”।। (ਹੁਕਮਨਾਮਾ
ਗੁਰੁ ਤੇਗ ਬਹਾਦਰ ਜੀ)
“ਜੂਆ ਖੇਲੈ ਮਦ ਪੀਐ ਸੁ ਨਰਕ ਮਹਿ ਜਾਵੈ। ਮਾਸ ਮਦਰਾ ਕਉ ਛੂਹੈ ਨਾਹੀਂ”।
(ਰਹਿਤਨਾਮਾ ਭਾਈ ਦਇਆ ਸਿੰਘ)
“ਕੁੱਠਾ ਹੁੱਕਾ ਚਰਸ ਤਮਾਕੂ। ਗਾਂਜਾ ਟੋਪੀ ਤਾੜੀ ਖਾਕੂ। ਇਨ ਕੀ ਅਉਰ ਨਾ
ਕਬਹੂੰ ਦੇਖੈ। ਰਹਿਤਵਾਨ ਸੋ ਸਿੰਘ ਬਸੇਖੈ”। (ਰਹਿਤਨਾਮਾ ਭ. ਦੇਸਾ ਸਿੰਘ ਆਦਿ ਆਦਿ)
ਇੰਗਲੈਂਡ ਦੇ ਸੁਰਗਵਾਸੀ ਪ੍ਰਧਾਨ ਮੰਤਰੀ ਗਲੈਡਸਟੋਨ ਅਨੁਸਾਰ, “ਤਿੰਨ
ਇਕੱਠੀਆਂ ਰੱਬੀ ਮੁਸੀਬਤਾਂ, ਲੜਾਈ (ਯੁਧ), ਕਾਲ ਅਤੇ ਪਲੇਗ ਨਾਲ ਇੱਨਾਂ ਨੁਕਸਾਨ ਨਹੀਂ ਹੁੰਦਾ,
ਜਿੱਨਾਂ ਸਿਰਫ ਇਕੱਲੀ ਸ਼ਰਾਬ ਪੀਣ ਨਾਲ ਹੁੰਦਾ ਹੈ”।
(Health and Longevity by A.C. Solomon m.w. page 100)
ਤਾਹੀਓਂ ਤਾਂ ਗੁਰੂ ਜੀ ਕਹਿੰਦੇ ਹਨ ਕਿ ਸ਼ਰਾਬ ਜਿਹੜੀ ਆਪਣੇ ਪਰਾਏ ਦੀ ਪਛਾਣ
ਭੁਲਾ ਦਿੰਦੀ ਹੈ, ਤੇ ਜਿਸ ਕਰਕੇ ਰੱਬ ਜੀ ਦੇ ਦਰ ਤੇ ਧੱਕੇ ਪੈਂਦੇ ਹਨ ਅਤੇ ਸਜ਼ਾ ਮਿਲਦੀ ਹੈ, ਇਸ
ਕਰਕੇ ਇਸ (ਸ਼ਰਾਬ) ਨੂੰ ਬਿਲਕੁਲ ਹੀ ਨਹੀਂ ਪੀਣਾ ਚਾਹੀਦਾ। ਇਹ ਸੀ ਸ਼ਰਾਬ ਆਦਿ ਨਸ਼ੇ ਬਾਰੇ ਸੰਖੇਪ
ਵਿੱਚ।
ਕਾਮ ਅਤੇ ਵਿਭਚਾਰ ਬਾਰੇ:-
“ਤਕਹਿ ਨਾਰਿ ਪਰਾਈਆ ਲੁਕਿ ਅੰਦਰ ਠਾਣੀ।। ਅਜਰਾਈਲ ਫਰੇਸਤਾ ਤਿਲ ਪੀੜੇ
ਘਾਣੀ”।। (ਪੰ. ੩੧੫)
“ਕਾਮ ਸੁਆਇ ਗਜ ਬਸਿ ਪਰੇ ਮਨ ਬਉਰਾ ਰੇ ਅੰਕਸ ਸਹਿਓ ਸੀਸ” (ਪੰ. ੩੩੫)
“ਨਿਮਖ ਕਾਮ ਸੁਆਦ ਕਾਰਨ ਕੋਟਿ ਦਿਨਸੁ ਦੁਖ ਪਾਵਹਿ।। ਘਰੀ ਮੁਹਤ ਰੰਗ ਮਾਣਹਿ
ਫਿਰਿ ਬਹੁਰਿ ਬਹੁਰਿ ਪਛੁਤਾਵਹਿ।।
“ਜੈਸਾ ਸੰਗੁ ਬਿਸੀਅਰ ਸਿਉ ਹੈ ਰੇ ਤੈਸੋ ਹੀ ਇਹੁ ਪਰ ਗ੍ਰਿਹ”।। (ਪੰ. ੪੦੩)
“ਕਾਮ ਕਰੋਧ ਕਾਇਆ ਕਉ ਗਾਲੈ।। ਜਿਉ ਕੰਚਨੁ ਸੋਹਾਗਾ ਢਾਲੈ”।। (ਪੰ. ੯੩੨)
“ਘਰ ਕੀ ਨਾਰਿ ਤਿਆਗੈ ਅੰਧਾ।। ਪਰ ਨਾਰੀ ਸਿਉ ਘਾਲੈ ਧੰਧਾ”।। (ਪੰ. ੧੧੬੪)
“ਜੈਸੇ ਸਿੰਬਲੁ ਦੇਖਿ ਸੂਆ ਬਿਗਸਾਨਾ।। ਅੰਤ ਕੀ ਬਾਰ ਮੂਆ ਲਪਟਾਨਾ”।।
(ਪੰ੧੬੫)
ਪਾਪੀ ਹੀਐ ਮਹਿ ਕਾਮੁ ਬਸਾਇ”।। (ਪੰ. ੧੧੮੬)
“ਹੇ ਕਾਮੰ ਨਰਕ ਬਿਸ੍ਰਾਮੰ ਬਹੁ ਜੋਨੀ ਭ੍ਰਮਾਵਣਹ।। ਚਿਤ ਹਰਣੰ ਤ੍ਰੈ ਲੋਕ
ਗੰਮੰ ਜਪ ਤਪ ਸੀਲ ਬਿਦਾਰਣਹ”।। (ਪੰ. ੧੩੫੮)
“ਪਰ ਬੇਟੀ ਕੋ ਬੇਟੀ ਜਾਣੈ। ਪਰ ਇਸਤਰੀ ਕੋ ਮਾਤ ਬਖਾਣੈ। ਆਪਣੀ ਇਸਤਰੀ ਸੋਂ
ਰਤ ਹੋਈ। ਰਹਿਤਵਾਨ ਗੁਰੁ ਕਾ ਸਿੱਖ ਸੋਈ”। (ਰਹਿਤਨਾਮਾ ਪ੍ਰਸ਼ਨ ਉਤਰ ਭਾਈ ਨੰਦ ਲਾਲ)
ਗੁਰੂ ਜੀ ਅੱਗੇ ਕਹਿੰਦੇ ਹਨ ਕਿ “ਪਰ ਨਾਰੀ ਨਾਲ ਨੇਹੁ ਛੁਰੀ ਵਾਂਗ ਭਾਵ
ਮੌਤ, ਮੌਤ ਭੀ ਕੁਤੇ ਵਰਗੀ, ਜਿਸ ਕਰਕੇ ਦੁਨੀਆਂ ਤੋਂ ਗੁਣਾਂ ਤੋਂ ਖਾਲੀ, ਖਾਲੀ ਹੱਥੀਂ ਜਾਣਾ ਪੈਂਦਾ
ਹੈ” ਆਦਿ ਆਦਿ ਗੁਰਵਾਕ।
ਇਸ ਦੇ ਨਾਲ ਹੀ ਨਸ਼ਿਆਂ ਤੇ ਕਾਮ ਦੁਆਰਾ ਹੋਏ ਹਰ ਤਰਾਂ ਦੇ ਨੁਕਸਾਨ ਦੀਆਂ
ਠੋਸ ਮਿਸਾਲਾਂ ਅਜੋਕੇ ਸਮੇਂ ਦੀਆਂ ਭੀ ਮਿਲਦੀਆਂ ਹਨ, ਉਹ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ,
ਜਿਵੇਂ ਇੰਗਲੈਂਡ ਦੇ ਪ੍ਰਸਿੱਧ ਫੁੱਟਬਾਲ ਖਿਡਾਰੀ ਜਾਰਜ ਬੈਸਟ ਸ਼ਰਾਬ ਅਤੇ ਹੋਰ ਨਸ਼ਿਆਂ ਅਤੇ ਕਾਮ ਵਸ
ਹੋਕੇ ਜਵਾਨੀ ਵਿੱਚ ਹੀ ਕਈ ਤਰਾਂ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਕੇ ਦੁਨੀਆਂ ਤੋਂ ਚੱਲ ਵਸਿਆ। ਇਸੇ
ਤਰਾਂ ਅਰਜਨਟੀਨ ਦਾ ਸੰਸਾਰ ਪ੍ਰਸਿੱਧ ਫੁਟਬਾਲ ਖਿਡਾਰੀ ਡੀਗੋ ਮੈਰਾਡੋਨਾ ਦੀ ਹਾਲਤ ਜਾਰਜ ਬੈਸਟ
ਨਾਲੋਂ ਭੀ ਵੱਧ ਖਤਰੇ ਵਿੱਚ ਹੋ ਗਈ ਸੀ ਅਤੇ ਸੁਰਗਵਾਸੀ ਫੀਲਡ ਕਾਸਟਰੋ, ਕਯੂਬਾ ਦੇ ਰਾਸ਼ਟਰਪਤੀ, ਨੇ
ਅਪਣੇ ਮੁਲਕ ਵਿੱਚ ਲਿਜਾ ਕੇ ਉਸਦਾ ਇਲਾਜ ਕਰਵਾਇਆ। ਕਾਮ ਦੀ ਹਵਸ ਵਿੱਚ ਆਇਆ ਅਮਰੀਕਾ ਦਾ ਸਾਬਕਾ
ਰਾਸ਼ਟਰਪਤੀ ਬਿੱਲ ਕਲਿੰਟਨ ਕਿਵੇਂ ਸਾਰੀ ਦੁਨੀਆਂ ਵਿੱਚ ਬਦਨਾਮ ਹੋਇਆ ਸੀ?
ਇਨ੍ਹਾਂ ਅਤੇ ਹੋਰ ਇਸ ਤਰਾਂ ਦੀਆਂ ਮਿਸਾਲਾਂ ਤੋਂ ਪਤਾ ਲੱਗਦਾ ਹੈ ਕਿ ਇਹ
ਸੱਭ ਕੁੱਛ ਖਾਸ ਕਰਕੇ ਨਸ਼ੇ ਤੇ ਵਿਭਚਾਰ, ਜਿੱਥੇ ਸਿਹਤ ਲਈ ਹਾਨੀਕਾਰਕ, ਪੈਸੇ ਦੀ ਬਰਬਾਦੀ ਇੱਜ਼ਤਮਾਨ,
ਟੱਬਰ ਅਤੇ ਅੰਤ ਨੂੰ ਜਾਨ ਤੋਂ ਹੱਥ ਧੋਣ ਦਾ ਕਾਰਨ ਬਣਦਾ ਹੈ, ਉੱਥੇ ਮੁੜ ਮੁੜ ਆਵਾਗਵਨ ਭਾਵ ਜਨਮ
ਮਰਨ ਦੇ ਚੱਕਰ ਵਿੱਚ ਪਾ ਦਿੰਦਾ ਹੈ। ਪੁਰਾਤਨ ਸਮੇਂ ਦੀ ਇੰਦਰ ਦੇਵਤੇ ਦੀ ਮਿਸਾਲ:-
“ਗੋਤਮ ਨਾਰਿ ਉਮਾਪਤਿ ਸਵਾਮੀ।। ਸੀਸ
ਧਰਨਿ ਸਹਸ ਭਗ ਗਾਮੀ”।। (ਪੰ. ੭੧੦ ਅਤੇ ੧੩੪੪)
ਯਥਾ ਬਰ੍ਹਮਾ ਦੇਵਤੇ ਦਾ ਕਾਮ ਵੱਸ ਹੋ ਕੇ ਆਪਣੀ ਹੀ ਲੜਕੀ ਤੇ ਮੁਹਤ ਹੋ
ਜਾਣਾ ਆਦਿ। ਇਸ ਤੋਂ ਉਲਟ ਗੁਰੂ ਸਾਹਿਬਾਨ ਦੀ ਸਿੱਖਿਆ ਤੇ ਚੱਲ ਕੇ ਜੱਸ ਖੱਟਣ ਵਾਲਿਆਂ ਦੀਆਂ ਇੱਕ
ਦੋ ਖਾਸ ਤੇ ਠੋਸ ਮਿਸਾਲਾਂ ਇਸ ਪਰਕਾਰ ਹਨ। ਸੰਖੇਪ ਵਿੱਚ ਪਠਾਣੀ ਇਲਾਕੇ ਵਿੱਚ ਰੁਹਬ ਜਮਾਈ ਬੈਠੇ ਸ.
ਹਰੀ ਸਿੰਘ ਨਲੂਏ ਦੇ ਦਰਬਾਰ ਵਿੱਚ ਆਗਿਆ ਲੈ ਕੇ ਆਈ ਇੱਕ ਪਠਾਣੀ ਮੁਟਿਆਰ ਦੀ ਸਰਦਾਰ ਸਾਹਿਬ ਵਲੋਂ
ਆਪਣੀ ਕੁੱਖੋਂ ਸਰਦਾਰ ਸਾਹਿਬ ਵਰਗਾ ਪੁੱਤਰ ਪ੍ਰਾਪਤ ਕਰਨ ਦੀ ਲਾਲਸਾ ਕਾਰਨ ਸਰਦਾਰ ਸਾਹਿਬ ਵਲੋਂ
ਮੁਟਿਆਰ ਦੇ ਗਲ ਵਿੱਚ ਸ਼ਾਲ ਪਾ ਕੇ ਉਸ ਨੂੰ ਆਪਣੀ ਮਾਤਾ ਦਾ ਰੁਤਬਾ ਤੇ ਆਪਣੇ ਆਪ ਨੂੰ ਉਸ ਦਾ ਪੁੱਤਰ
ਬਣਾ ਕੇ ਮੁਟਿਆਰ ਦੀ ਕਾਮ ਵਾਸ਼ਨਾ ਨੂੰ ਠੰਡਾ ਕਰਕੇ ਮਾਂ-ਪੁੱਤ ਦੇ ਰਿਸ਼ਤੇ ਵਿੱਚ ਬਦਲ ਕੇ ਰੱਖ
ਦਿੱਤਾ। ਦੂਸਰੇ ੧੯ਵੀਂ ਸਦੀ ਦੇ ਅੰਤ ਵਿੱਚ ਸਿੰਘ ਸਭਾ ਵਲੋਂ ਗੁਰੁ ਸਾਹਿਬਾਨ ਦੀ ਸਿੱਖਿਆ ਅਤੇ
ਸਿਧਾਂਤ ਦੁਆਰਾ ਮੁੜ ਸੁਰਜੀਤ ਹੋ ਰਹੀ ਸਿੱਖ ਕੌਮ ਨੇ ਮੁੜ ਪੁਰਾਤਨ ਆਚਰਨ ਦੀਆਂ ਮਿਸਾਲਾਂ ਪੇਸ਼
ਕਰਨੀਆਂ ਸ਼ੁਰੂ ਕਰ ਦਿੱਤੀਆਂ। ਗੁਰਦੁਆਰਾ ਸੁਧਾਰ ਲਹਿਰ ਵਿੱਚ ਕੈਦ ਹੋਏ ਸਿੰਘਾਂ ਦਾ ਆਚਰਨ ਅੰਗਰੇਜ਼
ਹਾਕਮਾਂ ਨੇ ਪਰਖਣਾ ਚਾਹਿਆ। ਇੱਕ ਜੇਲ੍ਹ ਕੋਠੜੀ ਵਿੱਚ ਕੈਦ ਹੋਏ ਇੱਕ ੬੦-੬੫ ਸਾਲ ਦੇ ਸਿੱਖ ਪਾਸ
ਇੱਕ ੧੭-੧੮ ਸਾਲ ਦੀ ਸੁਨੱਖੀ ਮੁਟਿਆਰ ਭੇਜੀ ਗਈ। ਬਜ਼ੁਰਗ ਨੇ ਉਸ ਬੱਚੀ ਦੇ ਸਿਰ ਤੇ ਹੱਥ ਰੱਖਦਿਆਂ
ਕਿਹਾ, “ਕਿੱਨੀ ਖੁਸ਼ੀ ਹੋਈ, ਤੈਨੂੰ ਦੇਖ ਕੇ ਆਪਣੀ ਜਵਾਨ ਪੋਤੀ ਦੀ ਯਾਦ ਹੀ ਨਹੀਂ, ਲੱਗਦਾ ਹੈ ਕਿ
ਮੇਰੇ ਹੱਥਾਂ ਤੋਂ ਉਹ ਪਿਆਰ ਲੈ ਰਹੀ ਹੈ”। ਇਹ ਸੁਣ ਕੇ ਉਸ ਬੱਚੀ ਦੇ ਦਿਲ ਵਿੱਚ ਭੀ ਉਸਦੀ ਪੋਤੀ
ਵਾਲਾ ਪਿਆਰ ਉਮਡ ਆਇਆ ਅਤੇ ਉਸ ਬਜ਼ੁਰਗ ਪਾਸੋਂ ਸੁਚੱਜੀ ਬਣਨ ਲਈ ਅਸੀਸਾਂ ਲੈਂਦੀ ਹੋਈ ਹਸੂੰ ਹਸੂੰ
ਕਰਦੀ ਬਾਹਰ ਆ ਗਈ।
ਇਹ ਮਿਸਾਲਾਂ ਗੁਰੂ ਸਾਹਿਬਾਨ ਦੀ ਸਿੱਖਿਆ ਦੁਆਰਾ ਬਿਰਤੀਆਂ ਨੂੰ ਜ਼ਬਤ ਵਿੱਚ
ਲਿਆ ਕੇ ਵਰਤੀਆਂ ਦੱਸ ਕੇ, ਆਪ ਅਤੇ ਹੋਰਨਾਂ ਨੂੰ ਵੀ ਸੁਖੀ ਬਣਨ ਤੇ ਬਨਾਉਣ ਲਈ ਇਸ ਮੁਖਵਾਕ ਦਾ
ਸਹਾਰਾ ਲੈ ਕੇ ਚੱਲਣਾ ਹੋਵੇਗਾ:-
“ਇਸ ਗ੍ਰਿਹ ਮਹਿ ਕੋਈ ਜਾਗਤੁ ਰਹੈ।।
ਸਾਬਤੁ ਵਸਤੁ ਓਹੁ ਅਪਨੀ ਲਹੈ”।। (ਪੰ. ੧੮੨)
ਇਸ ਤਰ੍ਹਾਂ ਹੀ ਸਭ ਕੁੱਛ (ਸਿਹਤ, ਦੌਲਤ, ਇੱਜ਼ਤਮਾਨ ਅਤੇ ਜਮਾਂ ਤੋਂ
ਛੁਟਕਾਰਾ) ਪੱਲੇ ਰਹਿ ਸਕਦਾ ਹੈ।
ਪਰ ਜੋ ਕੁੱਛ ਅੱਜ ਦੇ ਅਖੌਤੀ ਪੰਥਕ ਲੀਡਰ ਪੰਥ ਦੀ ਬੇੜੀ ਨੂੰ ਡੋਬਣ ਲਈ, ਜੇ
ਉਹ ਦੇਖਦੇ ਹਨ ਕਿ ਹਾਲੇ ਡੋਬਣ ਲਈ ਭਾਰ ਥੋੜਾ ਹੈ ਤਾਂ ਉਹ ਬੇੜੀ ਵਿੱਚ ਉਹ ਉਹ ਭਾਰ ਸੁੱਟੀ ਜਾਂਦੇ
ਹਨ ਜਿੱਸ ਨਾਲ ਬੇੜੀ ਡੁੱਬਣੋਂ ਬਿਲਕੁੱਲ ਨਾ ਬਚੇ। ਉਹ ਕਿਵੇਂ? ਗੁਰੂ ਜੀ ਦਾ ਸਿੱਖਾਂ ਨੂੰ ਹੁਕਮ ਹੈ
ਨਿਆਰੇ ਰਹਿਣ ਦਾ ਅਤੇ ਬਿੱਪਰਨ ਦੀ ਰੀਤ ਤੋਂ ਬਚਣ ਦਾ। ਪਰ ਇਹ ਸਵਾਰਥੀ ਲੀਡਰ ਅਪਨੀ ਲੀਡਰਸ਼ਿੱਪ ਅਤੇ
ਉਸ ਰਾਹੀਂ ਮਿਲੀ ਕੁਰਸੀ ਨੂੰ ਚਿੰਬੜੇ ਰਹਿਣ ਲਈ ਸਿਰਫ ਬਿੱਪਰਨ ਰੀਤਾਂ ਹੀ ਨਹੀਂ ਅਪਨਾਉਂਦੇ, ਉਹ
ਸਿਆਸੀ ਚੋਣਾਂ ਲਈ ਹੀ ਨਹੀਂ, ਧਾਰਮਿਕ (ਸ਼੍ਰੋਮਣੀ ਕਮੇਟੀ) ਚੋਣ ਲਈ ਭੀ ਅਪਣੇ ਹੱਕ ਵਿੱਚ ਵੋਟ (ਰਾਇ)
ਲੈਣ ਲਈ ਵੋਟਰਾਂ ਵਿੱਚ ਸ਼ਰਾਬ, ਡੋਡੇ, ਅਫੀਮ ਆਦਿ ਸਾਰੇ ਨਸ਼ੇ ਵੋਟਰਾਂ ਵਿੱਚ ਵੰਡਦੇ ਹਨ। ਇਹ ਹੀ
ਨਹੀਂ, ਉਂਝ ਭੀ ਨੌਜਵਾਨਾਂ ਨੂੰ ਪੜ੍ਹਾਈ ਵਲ ਪ੍ਰੇਰਨ ਦੀ ਥਾਂ ਨਸ਼ਈ ਬਨਾਉਂਣ ਲਈ ਪਿੰਡ ਪਿੰਡ ਸ਼ਰਾਬ
ਦੇ ਠੇਕੇ ਖੋਲ ਦਿੱਤੇ ਗਏ ਹਨ, ਤਾਕਿ ਕੌਮ ਦੀ ਅਸਲੀ ਸ਼ਕਤੀ (ਨੌਜਵਾਨੀ) ਕੁੱਛ ਸੋਚ ਵਿਚਾਰ ਕਰਨ ਦੇ
ਯੋਗ ਹੋਣ ਦੀ ਥਾਂ ਨਸ਼ੇ ਵਿੱਚ ਚੂਰ ਰਹਿ ਕੇ ਇਨ੍ਹਾਂ ਦੀ ਕੁਰਸੀ ਅਤੇ ਕੁਰਸੀ ਰਾਹੀਂ ਮਨ-ਮਰਜ਼ੀਆਂ ਕਰਨ
ਨੂੰ ਵੰਗਾਰ ਪਾਉਣੀ ਤਾਂ ਇੱਕ ਪਾਸੇ, ਕਦੇ ਸੋਚ ਭੀ ਨਾ ਸਕੇ। ਫਿਰ ਭੀ ਅਖੌਤੀ ਅਜ਼ਾਦੀ ਦੇ ਦਿਹਾੜੇ
ਨੂੰ ਢੀਠਤਾਈ ਨਾਲ ਮਨਾਉਣ ਸਮੇਂ ਇਹ ਉੱਪਰ ਦੱਸੇ ਮਹਾਨ ਸਿੱਖਾਂ ਦੀਆਂ ਮਿਸਾਲਾਂ ਦਿੰਦੇ ਭੀ ਥੱਕਦੇ
ਨਹੀਂ। ਕੀ ਇਨ੍ਹਾਂ ਸਵਾਰਥੀ ਹੀ ਨਹੀਂ, ਅਪਰਾਧੀ (ਕਿਸੇ ਨੂੰ ਨਸ਼ਈ ਬਨਾਉਣਾਂ ਬਹੁਤ ਬੜਾ ਅਪਰਾਧ ਹੈ)
ਲੀਡਰਾਂ ਨੂੰ ਸਿੱਧੇ ਰਾਹ ਪਾਉਣ ਅਤੇ ਹੋ ਸਕੇ ਤਾਂ ਕੁਰਸੀ ਤੋਂ ਲਾਹ ਕੇ ਚੰਗੇ ਆਚਰਨ ਵਾਲੇ ਆਗੂ
ਅੱਗੇ ਲਿਆਉਣ ਲਈ ਨੌਜਵਾਨ ਆਪ, ਹਰ ਪੱਖੋਂ ਮਾਰੂ ਨਸ਼ਿਆਂ ਦੀ ਵਰਤੋਂ ਬਿਲਕੁੱਲ ਤਿਆਗਣ ਅਤੇ ਅਪਣਾ
ਆਚਰਨ ਉੱਚਾ ਬਨਾਉਣ ਲਈ ਅੱਜ ਪ੍ਰਤਿਗਿਆ ਕਰਕੇ ਸੱਭ ਨੂੰ ਹੈਰਾਨ ਕਰਨ ਦਾ ਇਨਕਲਾਬੀ ਕਦਮ ਚੁੱਕ ਕੇ
ਸੱਚੀਂ ਮੁੱਚੀਂ ਸਿੱਖ ਜਗਤ ਨੂੰ ਹੈਰਾਨ ਕਰਨਾ ਚਾਹੁਣਗੇ? ਆਸ ਹੈ ਕਿ ਨੌਜਵਾਨ ਜ਼ਰੂਰ ਇਹ ਕਦਮ
ਚੁੱਕਣਗੇ। ਕਿਉਂਕਿ ਹੁਣ ਹੋਰ ਬਰਬਾਦੀ ਤੋਂ ਬਚਣ ਦਾ ਸਮਾਂ ਆ ਗਿਆ ਹੈ। ਅਤੇ ਲੀਡਰਾਂ ਵਲੋਂ ਡੋਬੀ ਜਾ
ਰਹੀ ਬੇੜੀ ਬਚ ਜਾਇਗੀ। ਵੈਸੇ ਬੇੜੀ ਗੁਰੂ ਜੀ ਦੀ ਕਿਰਪਾ ਨਾਲ ਇਤਨੀ ਮਜ਼ਬੂਤ ਹੈ ਕਿ ਬੇੜੀ ਡੁੱਬਣ
ਤੋਂ ਬਚੀ ਜਾਂਦੀ ਹੈ ਕਿਉਂਕਿ ਬੇੜੀ ਵਿੱਚ ਸਵਾਰ ਇੱਸ ਨੂੰ ਡੁੱਬਣ ਤੋਂ ਬਚੀ ਰਹਿਣ ਲਈ ਦਿਲੋਂ ਮਨੋਂ
ਅਰਦਾਸਾਂ ਕਰੀ ਜਾਂਦੇ ਹਨ। ਇਸ ਤਰਾਂ ਇਹ ਬਚੀ ਹੀ ਨਹੀਂ ਜਾਂਦੀ ਇਹ ਲੜਖੜਾ ਕੇ ਭੀ ਕਿਨਾਰੇ (ਹਲੇਮੀ
ਰਾਜ) ਦੇ ਨੇੜੇ ਪੁੱਜਦੀ ਜਾ ਰਹੀ ਹੈ।