. |
|
ਪਤਿਤ
‘ਪਤਿਤ’ ਇੱਕ ਅਤਿ ਅਣਸੁਖਾਵਾਂ, ਕੌੜਾ ਕਰੂਰ ਤੇ ਅਪਮਾਨ-ਜਨਕ ਵਿਸ਼ੇਸ਼ਣ ਹੈ।
ਇਸ ਦੇ ਸਰਲਾਰਥ ਹਨ: ਨਿਯਮਿਤ ਪੱਧਰ ਤੋਂ ਗਿਰਿਆ ਹੋਇਆ। ਮਾਨਵ-ਜਾਤੀ ਅੰਦਰ ‘ਪਤਿਤਾਂ’ ਦੀਆਂ ਤਿੰਨ
ਮੁੱਖ ਸ਼੍ਰੇਣੀਆਂ ਕਹੀਆਂ ਜਾ ਸਕਦੀਆਂ ਹਨ: ਪਹਿਲੀ, ਉਨ੍ਹਾਂ ਲੋਕਾਂ ਦੀ ਜੋ ਰੱਬ ਦੀ ਰਜ਼ਾ ਤੇ ਕੁਦਰਤ
ਦੇ ਕਾਨੂੰਨਾਂ ਤੋਂ ਮੁਨਕਰ (ਨਾਸਤਕ) ਹਨ, ਅਤੇ ਅਧਿਆਤਮਿਕ ਸਤਿਗੁਰੂਆਂ ਦੁਆਰਾ ਨਿਸ਼ਚਿਤ
ਨਿਯਮਾਂ/ਸਿਧਾਂਤਾਂ ਦੀ ਅਵੱਗਿਆ ਕਰਦੇ ਹਨ। ਦੂਜੀ, ਉਹ ਮਨੁੱਖ ਜੋ ਧਰਮ ਨੂੰ ਧੰਦਾ ਬਣਾਉਣ ਵਾਲੇ
ਮਾਇਆ-ਮੂਠੇ ਮਨਮੁੱਖ ਪਾਜੀ ਪੁਜਾਰੀਆਂ ਦੁਆਰਾ ਅਪਸੁਆਰਥ ਦੀ ਪੂਰਤੀ ਲਈ ਆਪੂੰ ਘੜੇ
(concocted)
ਨਿਯਮਾਂ, ਕਰਮਕਾਂਡਾਂ ਤੇ ਰੀਤੀਆਂ ਆਦਿ (ਜਿਨ੍ਹਾਂ ਨੂੰ ਰਹਤ-ਨਾਮੇ ਤੇ ਰਹਿਤ ਮਰਯਾਦਾ ਆਦਿ ਦੇ ਨਾਮ
ਦਿੱਤੇ ਗਏ ਹਨ) ਦਾ ਪਾਲਣ ਨਹੀਂ ਕਰਦੇ। ਅਤੇ ਤੀਜੀ ਸ਼੍ਰੇਣੀ, ਵਿਸ਼ੇਸ਼ ਅਧਿਕਾਰ ਪ੍ਰਾਪਤ
(privileged)
ਲੋਕਾਂ ਦੁਆਰਾ ਪਛਾੜੇ ਹੋਏ ਉਨ੍ਹਾਂ ਦਲਿਤ ਕਿਰਤੀ ਲੋਕਾਂ ਦੀ ਹੈ ਜੋ ਬਿਨਾਂ ਕਿਸੇ ਨਿਯਮ ਦੀ
ਉਲੰਘਣਾਂ (violation)
ਦੇ ਪਤਿਤ ਕਹੇ ਜਾਂਦੇ ਹਨ। ਇਹ, ਮਨੁੱਖਤਾ ਦੀ ਸੇਵਾ ਕਰਨ ਵਾਲੇ, ਉਹ ਬਦਨਸੀਬ ਕਿਰਤੀ ਲੋਕ ਹਨ
ਜਿਨ੍ਹਾਂ ਨੂੰ ਨੀਚ, ਪਤਿਤ ਜਾਤਿ, ਕਮਜਾਤ, ਕਮੀਨ ਤੇ ਅਛੂਤ ਆਦਿ ਨਾਂਵਾਂ ਨਾਲ ਜਾਣਿਆ ਜਾਂਦਾ ਹੈ।
‘ਪਤਿਤ’ ਦਾ ਮੂਲ ਪਾਪ ਹੈ। ਪਾਪ ਕਮਾਉਣ ਵਾਲੇ ਪਾਤਕੀ ਨੂੰ ਹੀ ਪਤਿਤ ਕਿਹਾ
ਜਾਂਦਾ ਹੈ। ਪਤਿਤ ਦੇ ਵਿਸ਼ੇ `ਤੇ ਵਿਸਤ੍ਰਿਤ ਵਿਚਾਰ ਕਰਨ ਤੋਂ ਪਹਿਲਾਂ, ਪਾਪ
(sin)
ਅਤੇ ਅਪਰਾਧ/ਜੁਰਮ (crime)
ਵਿਚਲੇ ਅਤਿ ਸੂਖਮ ਅੰਤਰ ਨੂੰ ਜਾਣ ਲੈਣਾਂ ਜ਼ਰੂਰੀ ਹੈ। ਜਿੱਥੇ ਪਾਪ ਦਾ ਸੰਬੰਧ ਧਾਰਮਿਕ
ਸਿਧਾਂਤਾਂ/ਨਿਯਮਾਂ ਨਾਲ ਹੈ, ਓਥੇ ਅਪਰਾਧ ਦਾ ਵਾਸਤਾ ਸਮਾਜਿਕ ਨਿਯਮ/ਕਾਨੂੰਨ ਨਾਲ ਹੈ। ਕਈ ਕੁਕਰਮ
ਅਪਰਾਧ ਵੀ ਹਨ ਤੇ ਪਾਪ ਵੀ। ਉਦ੍ਹਾਰਣ ਵਜੋਂ, ਕਤਲ ਕਰਨਾਂ ਅਪਰਾਧ ਵੀ ਹੈ ਤੇ ਪਾਪ ਵੀ। ਕਤਲ ਦੇ
ਅਪਰਾਧ ਦੀ ਸਜ਼ਾ ਸਮਾਜ/ਕਾਨੂੰਨ ਦਿੰਦਾ ਹੈ; ਪਰੰਤੂ ਕਤਲ ਦੇ ਪਾਪ ਦਾ ਦੰਡ/ਪ੍ਰਤਿਫਲ
(Retribution)
ਓਸ
ਦੇ ਅਧਿਕਾਰਾਧੀਨ ਹੈ! ਕਈ ਕਰਮ ਧਰਮ ਦੇ ਦ੍ਰਿਸ਼ਟੀਕੋਣ ਤੋਂ ਪਾਪ ਕਹੇ ਜਾਂਦੇ ਹਨ, ਪਰੰਤੂ ਕਾਨੂੰਨਨ
ਜੁਰਮ ਨਹੀਂ ਹਨ। ਮਿਸਾਲ ਦੇ ਤੌਰ `ਤੇ, ਤਬਾਕੂ, ਸ਼ਰਾਬ ਤੇ ਮਾਸ ਆਦਿ ਦਾ ਸੇਵਨ ਕਈ ਧਰਮਾ ਦੇ ਵਿਧਾਨ
ਵਿੱਚ ਪਾਪ ਗਿਣਿਆ ਜਾਂਦਾ ਹੈ, ਪਰ, ਇਸ ਨੂੰ ਕਾਨੂੰਨ ਵੱਲੋਂ ਕੋਈ ਮਨਾਹੀ ਨਹੀਂ। ਇਸ ਲੇਖ ਵਿੱਚ
ਪਤਿਤਤਾ ਦੇ ਮੂਲ ਪਾਪ ਨੂੰ ਹੀ ਆਧਾਰ ਬਣਾਇਆ ਹੈ, ਜੁਰਮ/ਅਪਰਾਧ ਨੂੰ ਨਹੀਂ।
ਜਿਨ੍ਹਾਂ ਕਰਮਾਂ ਦਾ ਸੰਬੰਧ ਮਨ/ਆਤਮਾ ਨਾਲੋਂ ਸੰਸਾਰਕਤਾ/ਪਦਾਰਥਕਤਾ ਜਾਂ
ਸ਼ਰੀਰਕ ਦੱਖ ਨਾਲ ਵਧੇਰੇ ਹੈ, ਉਨ੍ਹਾਂ ਵਿੱਚੋਂ ਕਈ ਕਰਮ ਇੱਕ ਧਰਮ ਵਿੱਚ ਪਾਪ ਸਮਝੇ ਜਾਂਦੇ ਹਨ ਅਤੇ
ਓਹੀ ਕਰਮ ਦੂਜੇ ਧਰਮ ਵਿੱਚ ਵਿਹਿਤ ਹਨ। ਮਿਸਾਲ ਦੇ ਤੌਰ ਤੇ, ਕੁੱਝ ਧਰਮਾਂ ਅੰਦਰ ਜੀਵ-ਹੱਤਿਆ ਤੇ
ਮਾਸ ਖਾਣਾ ਪਾਪ ਹੈ, ਪਰੰਤੂ ਹੋਰ ਮਜ਼੍ਹਬ ਇਸ ਕਰਮ ਨੂੰ ਰੱਬੀ ਹੁਕਮ ਕਹਿ ਕੇ ਸਤਿਕਾਰਦੇ ਹਨ। ਇਸਲਾਮ
ਵਿੱਚ ਸੂਰ ਦਾ ਗੋਸ਼ਤ ਖਾਣਾਂ ਗੁਨਹ ਹੈ ਪਰੰਤੂ ਬਾਕੀ ਸੰਸਾਰ ਦੇ ਮਾਸਾਹਾਰੀ ਇਸ ਨੂੰ ਖਾਂਦੇ ਹਨ।
ਹਿੰਦੂ ਮੱਤਿ ਵਿੱਚ ਗਊ-ਹੱਤਿਆ ਘੋਰ ਪਾਪ ਹੈ, ਜਦਕਿ ਇਸਾਈ ਮੱਤਿ ਅਤੇ ਇਸਲਾਮ ਵਿੱਚ ਪਾਪਾਂ ਦਾ
ਪਸ਼ਚਾਤਾਪ (atonement)
ਕਰਨ ਲਈ ਗਊ/ਵੱਛੇ ਦੀ ਬਲੀ ਦੇਣ ਦਾ ਹੁਕਮ ਹੈ। ਇਸਲਾਮ ਅੰਦਰ ਬੁੱਤ-ਪਰਸਤੀ ਗੁਨਹ ਹੈ, ਪਰੰਤੂ,
ਹਿੰਦੂ-ਮੱਤਿ ਦਾ ਆਧਾਰ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਦੀ ਪੂਜਾ-ਅਰਚਨਾਂ ਹੀ ਹੈ। ਇੱਕ ਵਿਸ਼ਵਾਸ
ਅਨੁਸਾਰ ਵਾਲ-ਸੰਭਾਲ ਧਾਰਮਿਕ ਜੀਵਨ ਵਾਸਤੇ ਜ਼ਰੂਰੀ ਹੈ, ਜਦਕਿ ਸਾਰੇ ਸੰਸਾਰ ਦੇ ਮਨੁੱਖ ਹਜਾਮਤ ਕਰਨ
ਵਾਲੇ ਹਨ। …………
ਪਾਪ ਪਦ ਦੀ ਵਰਤੋਂ ਧਰਮ-ਖੇੱਤ੍ਰ ਵਿੱਚ ਕੀਤੀ ਜਾਂਦੀ ਹੈ। ਸੰਸਾਰ ਦੇ ਧਰਮਾਂ
ਅੰਦਰ ਕਈ ਕਰਮਾਂ ਨੂੰ ਪਾਤਕ ਨਿਸ਼ਚਿਤ ਕੀਤਾ ਗਿਆ ਹੈ। ਇਨ੍ਹਾਂ ਪਾਤਕ-ਕਰਮਾਂ ਨੂੰ ਕਮਾਉਣ ਵਾਲੇ
ਪ੍ਰਾਣੀ ਨੂੰ ਪਤਿਤ ਕਹਿੰਦੇ ਹਨ। ਪਾਪਾਂ ਦਾ ਸੰਬੰਧ ਮਨ/ਆਤਮਾ/ਆਚਰਣ ਨਾਲ ਹੈ। ਸਾਰੇ ਧਰਮਾਂ ਵਿੱਚ
ਨਿਸ਼ਚਿਤ ਪਾਪ-ਕਰਮਾਂ ਵਿੱਚੋਂ ਮੂਲ ਪਾਪ ਤਕਰੀਬਨ ਸਾਂਝੇ ਹਨ, ਜਿਨ੍ਹਾਂ ਨੂੰ ਮਹਾਂ-ਪਾਪ, ਗੁਨਾਹੇ
ਕਬੀਰਾ, ਜਾਂ ਕਾਰਡੀਨਲ ਸਿਨਜ਼ (cardinal
sins) ਆਦਿ ਕਿਹਾ ਜਾਂਦਾ ਹੈ। ਇਸਾਈ ਮਤਿ ਵਿੱਚ
ਕਾਮ, ਲੋਭ, ਆਲਸ/ਹਰਾਮਖ਼ੋਰੀ, ਕ੍ਰੋਧ, ਈਰਖਾ, ਹਉਮੈ, ਅਤੇ ਬੇਸੁਰਾ ਖਾਣਾਂ ਬਜਰ ਪਾਪ ਹਨ। ਹਿੰਦੂ
ਧਰਮ ਵਿੱਚ ਪਾਤਕ-ਕਰਮਾਂ ਦੀ ਗਿਣਤੀ ਨਿਸ਼ਚਿਤ ਕਰਨੀਂ ਕਠਿਨ ਹੈ ਕਿਉਂਕਿ, ਇਸ ਮਤ ਅੰਦਰ ਅਨੇਕ ਇਸ਼ਟ ਤੇ
ਕਈ ਗ੍ਰੰਥ ਹਨ ਅਤੇ ਹਰੇਕ ਇਸ਼ਟ ਦੇ ਪੁਜਾਰੀਆਂ ਤੇ ਗ੍ਰੰਥਾਂ ਦੇ ਲਿਖਾਰੀਆਂ ਨੇ ਥੋੜੇ ਬਹੁਤ ਫ਼ਰਕ ਨਾਲ
ਆਪਣੇ ਆਪਣੇ ਨਿਯਮ ਨਿਰਧਾਰਤ ਕੀਤੇ ਹੋਏ ਹਨ। ਹਿੰਦੂ ਮਤ ਵਿਚਲੇ ਬਹੁ-ਪ੍ਰਵਾਣਿਤ ਬਜਰ ਪਾਪ ਹਨ:
ਬ੍ਰਹਮ-ਗਿਆਨੀ ਦਾ ਘਾਤ, ਗਊ-ਹੱਤਿਆ, ਚੋਰੀ, ਗੁਰ-ਇਸਤ੍ਰੀ-ਗਮਨ, ਬੇਟੀ ਦਾ ਮਾਰਨਾਂ, ਅਤੇ ਦੁਸ਼ਟ ਨਾਲ
ਮਿਲਵਰਤਣ ਤੇ ਉਸ ਦੇ ਘਰ ਦਾ ਖਾਣਾਂ ਆਦਿਕ। ਗੁਰੂ ਅਮਰਦਾਸ ਜੀ ਵੀ ਇਨ੍ਹਾਂ ਪਾਪਾਂ ਦਾ ਉੱਲੇਖ ਆਪਣੇ
ਇੱਕ ਸ਼ਲੋਕ ਵਿੱਚ ਕਰਦੇ ਹਨ:
“ਬ੍ਰਹਮਣ ਕੈਲੀ ਘਾਤੁ ਕੰਞਕਾ ਅਣਚਾਰੀ ਕਾ ਧਾਨੁ॥
ਫਿਟਕ ਫਿਟਕਾ ਕੋੜੁ ਬਦੀਆ ਸਦਾ ਸਦਾ ਅਭਮਾਨੁ॥” ਮ: ੩
(ਕੈਲੀ= ਗਊ) ਮਹਾਂਭਾਰਤ ਗ੍ਰੰਥ ਵਿੱਚ ਦੱਸ ਬਜਰ ਪਾਪ ਦੱਸੇ
ਗਏ ਹਨ: ਹਿੰਸਾ, ਚੋਰੀ, ਫਿੱਕਾ/ਕੌੜਾ ਬੋਲਣਾਂ, ਪਰ-ਇਸਤ੍ਰੀ-ਗਮਨ, ਝੂਠ, ਚੋਰੀ, ਵਾਇਦਾ-ਖ਼ਿਲਾਫ਼ੀ,
ਦੂਸਰੇ ਦਾ ਬੁਰਾ ਚਿਤਵਨਾਂ, ਨਿਰਦਯਤਾ, ਅਤੇ ਨੇਕ ਕਰਮ ਕਰਕੇ ਫਲ ਦੀ ਕਾਮਨਾ ਕਰਨਾਂ। ਇਸਲਾਮ ਦੇ
ਸੁੰਨੀ ਸ਼ੀਆ ਆਦਿਕ ਕਈ ਫ਼ਿਰਕਿਆਂ ਦੀ ਸਾਂਝੀ ਸੂਚੀ ਵਿੱਚ ਵੱਡੇ ਛੋਟੇ ਗੁਨਾਹਾਂ ਦੀ ਗਿਣਤੀ ਸੌ ਦੇ
ਕਰੀਬ ਹੈ। ………
‘ਪਤਿਤ’ ਹੋਣ ਦਾ ਆਰੋਪਣ ਧਰਮ-ਗ੍ਰੰਥਾਂ ਵਿੱਚ ਨਿਸ਼ਚਿਤ ਨਿਯਮਾਂ ਦੇ ਆਧਾਰ
`ਤੇ ਕੀਤਾ ਜਾਂਦਾ ਹੈ। ਇਸ ਲਈ, ਪਾਠਕ ਸਜਨੋਂ! ਆਓ, ਗੁਰੂ ਗ੍ਰੰਥ ਦੇ ਫ਼ਲਸਫ਼ੇ ਦੀ ਰੌਸ਼ਨੀ ਵਿੱਚ
‘ਪਤਿਤ’ ਦੇ ਇਸ ਸੂਖਮ ਪਰ ਗੰਭੀਰ ਵਿਸ਼ੇ ਨੂੰ ਵਿਚਾਰੀਏ। ਗੁਰਬਾਣੀ-ਵਿਚਾਰ ਉਪਰੰਤ ਇਸ ਵਿਸ਼ੇ ਸੰਬੰਧੀ
ਜੋ ਨਤੀਜਾ ਨਿਕਲਦਾ ਹੈ ਉਸ ਅਨੁਸਾਰ:- ਸਿਰਜਨਹਾਰ ਨੇ ਮਨੁੱਖ ਦੇ ਵਿਚਰਨ ਵਾਸਤੇ ਇਸ ਦੇ ਸਰੀਰ ਨੂੰ
ਦੱਸ ਇੰਦ੍ਰੀਆਂ (senses)
ਨਾਲ ਲੈਸ ਕੀਤਾ ਹੈ। ਇਨ੍ਹਾਂ ਵਿੱਚੋਂ ਪੰਜ ਗਿਆਨ-ਇੰਦ੍ਰੇ (ਅੱਖ: ਵੇਖਣਾਂ; ਨੱਕ: ਸੁੰਘਣਾਂ; ਕੰਨ:
ਸੁਣਨਾਂ; ਜੀਭ: ਚੱਖਣਾਂ ਤੇ ਬੋਲਣਾਂ; ਤੇ ਤ੍ਵਚਾ: ਛੂਹਣਾਂ/ਸਪਰਸ਼), ਅਤੇ ਪੰਜ ਕਰਮੇਂਦਰੇ (ਹੱਥ,
ਪੈਰ, ਮੂੰਹ ਤੇ ਦੋ ਗੁਪਤ ਅੰਗ) ਹਨ। ਇਨ੍ਹਾ ਦਸਾਂ ਦਾ ਸੰਬੰਧ ਮਨ ਨਾਲ ਹੈ। ਮਨ ਜੋ ਇਨ੍ਹਾਂ ਤੋਂ
ਮੰਗਦਾ ਹੈ, ਉਸੇ ਦੀ ਉਪਲਬਧੀ ਲਈ ਇਹ ਯਤਨਸ਼ੀਲ ਹੋ ਜਾਂਦੇ ਹਨ। ਜੇ ਮਨ, ਧਰਮ-ਗ੍ਰੰਥ ਵਿੱਚ ਵਿਵਰਜਿਤ
ਕਿਸੇ ਚੀਜ਼ ਦੀ ਮੰਗ ਕਰਦਾ ਹੈ ਤਾਂ ਇਹ ਉਸ ਦਾ ਹੁਕਮ ਬਜਾਉਂਦੇ ਹੋਏ ਉਸ ਮੰਗ ਦੀ ਪ੍ਰਾਪਤੀ ਲਈ ਉਹ
ਕਰਮ ਕਰਦੇ ਹਨ ਜਿਨ੍ਹਾਂ ਨੂੰ ਪਾਤਕ-ਕਰਮ ਕਿਹਾ ਜਾਂਦਾ ਹੈ। ਨਤੀਜੇ ਵਜੋਂ, ਅਜਿਹੇ ਪਾਤਕ ਕਰਮ ਕਰਨ
ਵਾਲਾ ਮਨੁੱਖ ਪਾਪੀ ਅਥਵਾ ਪਤਿਤ ਦਾ ਘ੍ਰਿਣਿਤ ਦਰਜਾ ਪ੍ਰਾਪਤ ਕਰ ਲੈਂਦਾ ਹੈ। ਜੇ ਮਨ, ਧਰਮ ਅਤੇ
ਇਨਸਾਨੀਯਤ ਦੇ ਨੁਕਤਾਨਿਗਾਹ ਤੋਂ, ਨੇਕ ਖ਼੍ਵਾਹਿਸ਼ ਜ਼ਾਹਿਰ ਕਰਦਾ ਹੈ ਤਾਂ ਇਹ ਇੰਦ੍ਰੇ ਮਨ ਦੀ ਉਸ
ਖ਼੍ਵਾਹਿਸ਼ ਦੀ ਪੂਰਤੀ ਲਈ ਉਹ ਕਰਮ ਕਰਦੇ ਹਨ ਜਿਨ੍ਹਾਂ ਨੂੰ ਧਾਰਮਿਕ ਅਤੇ ਨੈਤਿਕ ਨਜ਼ਰੀਏ ਤੋਂ
ਪੁੰਨ-ਕਰਮ ਕਿਹਾ ਜਾਂਦਾ ਹੈ। ਨੇਕੀ ਅਤੇ ਇਨਸਾਨੀਯਤ ਦੇ ਇਨ੍ਹਾਂ ਪੁੰਨ-ਕਰਮਾਂ ਸਦਕਾ ਮਨੁੱਖ
ਪਵਿੱਤ੍ਰ ਪੁਰਸ਼ ਅਖਵਾਉਣ ਦਾ ਹੱਕਦਾਰ ਬਣਦਾ ਹੈ।
‘ਪਤਿਤ’, ‘ਪਵਿੱਤ੍ਰ’ ਦਾ ਵਿਪਰੀਤਾਰਥਕ
(antonym)
ਹੈ। ‘ਪਵਿੱਤ੍ਰ’ ਤੇ ‘ਪਤਿਤ’ ਦਾ ਸੰਬੰਧ ਪੁੰਨ-ਪਾਪ, ਨੇਕੀ-ਬਦੀ, ਸਦਾਚਾਰ-ਦੁਰਾਚਾਰ ਅਤੇ ਖਰੇ-ਖੋਟੇ
ਆਦਿ ਨਾਲ ਹੈ। ਜੋ ਵਿਅਕਤੀ ਮਨ ਦਾ ਸੁੱਚਾ ਹੈ ਅਤੇ ਇਸ ਸੁੱਚਤਾ ਦੇ ਅਸਰ ਹੇਠ ਸ਼ੁੱਭ/ਨੇਕ/ਪੁੰਨ-ਕਰਮ
ਕਰਦਾ ਹੈ ਉਸ ਨੂੰ ਪਵਿੱਤ੍ਰ ਪੁਰਸ਼ ਕਹਿੰਦੇ ਹਨ; ਅਤੇ, ਜੋ ਮਨੁੱਖ ਮਲੀਨ ਮਨ ਦੇ ਪ੍ਰਭਾਵਾਧੀਨ
ਭ੍ਰਸ਼ਟ/ਬਦ/ਪਾਤਕ-ਕਰਮ ਕਰਦਾ ਹੈ ਉਸ ਨੂੰ ‘ਪਤਿਤ’ ਕਿਹਾ ਜਾਂਦਾ ਹੈ। ਗੁਰ-ਹੁਕਮ ਹੈ:
“ਜੋ ਧਰਮੁ ਕਮਾਵੈ ਤਿਸੁ ਧਰਮ ਨਾਉ ਹੋਵੈ, ਪਾਪ ਕਮਾਣੈ ਪਾਪੀ ਜਾਣੀਐ॥” ਮ: ੨
ਮਨ ਮਨੁੱਖਾ ਹੋਂਦ ਦਾ ਅਦ੍ਰਿਸ਼ਟ, ਸੂਖਮ ਤੇ ਚੰਚਲ ਅੰਸ਼ ਹੈ ਅਤੇ ਇਸ ਦਾ
ਝੁਕਾਅ ਬਦੀ ਵੱਲ ਵਧੇਰੇ ਹੁੰਦਾ ਹੈ। ਗੁਰਮਤਿ ਅਨੁਸਾਰ, ਮਨ ਨੂੰ ਮਲੀਨ ਕਰਨ ਵਾਲੇ ਹਨ ਪੰਜ ਘਾਤਿਕ
ਵਿਕਾਰ: ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ। ਇਹ ਪੰਜੇ ਮਾਈ ਮਾਇਆ ਦੇ ਲਾਡਲੇ ਬੇਟੇ ਹਨ। ਇਨ੍ਹਾਂ
ਦਾ ਆਪਸੀ ਰਿਸ਼ਤਾ ਬੜਾ ਗਹਿਰਾ ਤੇ ਸੁਖਾਂਵਾਂ ਹੈ। ਇਨ੍ਹਾਂ ਵਿਕਾਰਾਂ ਦਾ ਪਰਿਵਾਰ ਬਹੁਤ ਵੱਡਾ ਹੈ
ਅਤੇ ਸਾਰੀ ਮਨੁੱਖਤਾ ਵਿੱਚ ਫੈਲਿਆ ਹੋਇਆ ਹੈ। ਸੱਪਣੀਂ ਦੇ ਸਪੋਲਿਆਂ ਵਾਂਗ ਇਨ੍ਹਾਂ ਦਾ ਵੀ ਕੋਈ ਅੰਤ
ਨਹੀਂ। ਵਿਕਾਰਾਂ ਤੋਂ ਵਿਕਾਰ ਤੋਂ ਵਿਕਾਰ ਪੈਦਾ ਹੋਈ ਚਲੇ ਜਾਂਦੇ ਹਨ। ਮਿਸਾਲ ਦੇ ਤੌਰ `ਤੇ ਕ੍ਰੋਧ
ਦੇ ਵਿਕਾਰ ਵਿੱਚੋਂ ਹੀ ਹਿੰਸਾ, ਨਫ਼ਰਤ, ਬਦਲੇ ਦੀ ਭਾਵਨਾ, ਸਾੜਾ, ਖੁਣਸ, ਅਤੇ ਅਸਹਿਣਸ਼ੀਲਤਾ ਆਦਿ
ਸਪੋਲੀਏ ਪੈਦਾ ਹੁੰਦੇ ਹਨ। ਗੁਰਬਾਣੀ ਵਿੱਚ ਹਉਮੈ/ਹੰਕਾਰ ਨੂੰ ਸੱਭ ਤੋਂ ਵਧੇਰੇ ਘਾਤਿਕ ਵਿਕਾਰ ਕਿਹਾ
ਗਿਆ ਹੈ। ਹੰਕਾਰ ਮਨੁੱਖ ਨੂੰ ਉਸ ਦੇ ਮੂਲ ਸਿਰਜਨਹਾਰ ਤੋਂ ਦੂਰ ਕਰਦਾ ਹੈ ਅਤੇ ਹੰਕਾਰ ਕਰਨ ਵਾਲੇ
ਅੰਦਰ ਈਰਖਾ, ਨਿੰਦਾ ਤੇ ਨਿਰਦਯਤਾ ਆਦਿਕ ਅਵਗੁਣ ਪੈਦਾ ਹੁੰਦੇ ਹਨ। ਲੋਭ ਦੇ ਵਿਕਾਰ ਤੋਂ ਝੂਠ,
ਚੋਰੀ-ਚਕਾਰੀ, ਠੱਗੀ, ਧੋਖਾ-ਧੜੀ, ਬੇ-ਇਮਾਨੀ ਤੇ ਰਿਸ਼ਵਤ-ਖੋਰੀ ਆਦਿ ਅਵਗੁਣ ਪੈਦਾ ਹੁੰਦੇ ਹਨ।
ਪਦਾਰਥਕ-ਜਗਤ ਨਾਲ ਮੋਹ (attachment)
ਮਨੁੱਖ ਨੂੰ ਇਸ ਦੇ ਸਿਰਜਨਹਾਰ ਤੋਂ ਦੂਰ ਕਰਦਾ ਹੈ ਅਤੇ ਹਮਦਰਦੀ ਤੇ ਸਾਂਝੀਵਾਲਤਾ ਆਦਿ ਇਨਸਾਨੀਯਤ
ਦੇ ਗੁਣਾਂ ਤੋਂ ਵਾਂਝਿਆਂ ਕਰਦਾ ਹੈ। ਕਾਮ ਅਥਵਾ ਹਵਸ ਦੇ ਵਿਕਾਰ-ਵਸ ਵਿਅਕਤੀ ਕਾਮ-ਗ੍ਰਸਤ ਹਾਥੀ ਦੀ
ਤਰ੍ਹਾਂ ਮਨੁੱਖਾ ਸਮਾਜ ਵਿੱਚ ਦੁਰਾਚਾਰਤਾ ਦੀ ਧੂੜ ਉਡਾ ਕੇ ਸਮਾਜਕ ਜੀਵਨ ਨੂੰ ਗੰਦਾ ਕਰਦਾ ਹੈ।
ਵਿਕਾਰ ਸਮਾਜ ਵਿੱਚ ਵਿਆਪਕ ਬੁਰਾਈਆਂ ਦਾ ਕਾਰਣ ਬਣਦੇ ਹੋਏ ਭ੍ਰਸ਼ਟਾਚਾਰ ਫੈਲਾਉਂਦੇ ਹਨ; ਅਤੇ,
ਭ੍ਰਸ਼ਟਾਚਾਰ ਰੱਬ ਦੀ ਰਿਆਯਾ ਦੇ ਦੁੱਖਾਂ ਦਾ ਕਾਰਣ ਬਣਦਾ ਹੈ। ਵਿਕਾਰ
(vices)
ਮਨ ਨੂੰ ਮਜ਼ਬੂਤ ਕਰਨ ਵਾਲੀਆਂ ਰੁਚੀਆਂ/ਸਦਗੁਣਾਂ
(virtues):
Akwl purK
pRiq
ਆਸਥਾ, ਨੇਕ-ਚਲਣੀ, ਸੰਜਮ, ਦਯਾ ਦਤੁ ਦਾਨ, ਕਿਰਤ, ਖਿਮਾ,
ਸਹਿਣਸ਼ੀਲਤਾ, ਧੀਰਜ, ਤੇ ਨਮਰਤਾ ਆਦਿ ਦੇ ਪੱਕੇ ਤੇ ਸਦੀਵੀ ਵੈਰੀ ਹਨ।
ਸੋ, ਗੁਰਮਤਿ ਦੇ ਦ੍ਰਿਸ਼ਟੀਕੋਣ ਤੋਂ,
ਨਾਮ-ਵਿਹੂਣਾਂ ਸਾਕਤ (ਨਾਸਤਿਕ), ਸਦਗੁਣਾਂ ਤੋਂ ਕੋਰਾ, ਵਿਕਾਰ-ਗ੍ਰਸਤ ਵਿਅਕਤੀ ਹੀ ਪਤਿਤ ਹੈ।
ਗੁਰਬਾਣੀ ਦੇ ਨਜ਼ਰੀਏ ਤੋਂ ਪਤਿਤਤਾ ਮਾਨਸਿਕ ਦਸ਼ਾ ਹੈ। ਬਾਹਰੀ ਰੂਪ, ਮੂੰਹ-ਮੁਹਾਂਦਰੇ ਅਤੇ ਸਰੀਰਕ
ਦੱਖ ਦਾ ਪਤਿਤ ਹੋਣ ਜਾਂ ਨਾ ਹੋਣ ਨਾਲ ਕੋਈ ਤੁਅੱਲਕ ਨਹੀਂ ਹੈ!
(ਨੋਟ:- ‘ਮਨ’, ‘ਵਿਕਾਰ’, ‘ਅਵਗੁਣ’ ਤੇ ‘ਸਦਗੁਣ’ ਆਦਿ
ਵਿਸ਼ਿਆਂ `ਤੇ ਅਲੱਗ ਲੇਖ ਲਿਖਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ।)
ਲੇਖ ਦੇ ਪਹਿਲੇ ਪੈਰੇ ਵਿੱਚ ਲਿਖੀਆਂ ਪਤਿਤ ਦੀਆਂ ਦੂਜੀਆਂ ਦੋ ਸ਼੍ਰੇਣੀਆਂ
ਨੂੰ ਗੁਰਮਤਿ ਮੂਲੋਂ ਹੀ ਰੱਦ ਕਰਦੀ ਹੈ। ਗੁਰੁ ਗ੍ਰੰਥ ਵਿੱਚ, ਸੰਸਾਰ ਦੇ ਹੋਰ ਸਾਰੇ ਧਰਮ-ਗ੍ਰੰਥਾਂ
ਵਾਂਗ, ਕੋਈ ਕਰਮ-ਕਾਂਡ (ਧਰਮ-ਕਰਮਾਂ ਦਾ ਕਾਂਡ/ਅਧਿਆਇ) ਨਹੀਂ ਹੈ! ਗੁਰਬਾਣੀ ਵਿੱਚ ਕਿਤੇ ਵੀ ਕਿਸੇ
ਵੀ ਭੇਖ, ਚਿਨ੍ਹ, ਬਾਹਰੀ ਮੁਹਾਂਦਰੇ ਜਾਂ ਕਰਮਕਾਂਡ ਜੋ ਮਨੁੱਖ ਨੂੰ ਪਤਿਤਤਾ ਤੋਂ ਬਚਾਕੇ ਪਵਿੱਤ੍ਰ
ਪੁਰਸ਼ ਬਣਾਉਂਦਾ ਹੋਵੇ, ਦਾ ਉੱਲੇਖ ਨਹੀਂ ਹੈ! ਉਲਟਾ, ਸਮੇ ਦੇ ਸਾਰੇ ਧਰਮਾਂ ਵਿੱਚ ਵਿਆਪਕ ਤੇ
ਪ੍ਰਚੱਲਿਤ ਭੇਖਾਂ/ਚਿਨ੍ਹਾਂ, ਕਰਮਕਾਂਡਾਂ ਤੇ ਦਿਖਾਵੇ ਦੇ ਧਰਮ-ਕਰਮਾਂ ਦਾ ਤਰਕਮਈ ਖੰਡਨ ਕਰ ਕੇ,
ਪਤਿਤ ਬਣਾਉਣ ਵਾਲੇ ਵਿਕਾਰਾਂ ਤੋਂ ਮੁਕਤ ਹੋਣ ਲਈ, ਰੱਬ ਦੀ ਰਜ਼ਾ ਵਿੱਚ ਰਹਿੰਦਿਆਂ, ਸੁਹਿਰਦਤਾ ਨਾਲ
ਨਾਮ ਜਪਣ, ਕਿਰਤ ਕਰਨ, ਪਛਾੜੇ ਹੋਏ ਰੱਬ ਦੇ ਬੰਦਿਆਂ ਦੀ ਸਹਾਇਤਾ ਕਰਨ ਅਤੇ ਸਦਗੁਣੀ ਜੀਵਨ ਜਿਊਣ ਦਾ
ਸੰਦੇਸ਼ ਹੈ। ਇਸ ਲਈ, ਕਿਸੇ ਵੀ ਆਪੂੰ ਬਣਾਏ ਗੁਰਮਤਿ-ਬਾਹਰੇ ਮਨਮਤੀ ਨਿਯਮ ਨੂੰ ਮਹਾਨਤਾ ਦੇਣੀਂ,
ਮੱਕਾਰੀ, ਮੂੜ੍ਹਤਾ ਤੇ ਕਪਟ ਹੈ; ਅਤੇ ਇਨ੍ਹਾਂ ਨਿਯਮਾਂ ਨੂੰ ਅੰਧਵਿਸ਼ਵਾਸਾਧੀਨ ਮੰਨਣਾਂ ਘੋਰ
ਅਗਿਆਨਤਾ ਹੈ! ! !
ਪਰੰਤੂ, ਸਾਡੀ ਤ੍ਰਾਸਦੀ ਇਹ ਹੈ ਕਿ, ਨਾਮ-ਵਿਹੂਣੇ, ਗੁਰਮਤਿ-ਹੀਣੇ ਤੇ
ਸਦਗੁਣਾਂ ਤੋਂ ਸੱਖਣੇਂ ਸੁਆਰਥੀ ਆਗੂ ਪਤਿਤਾਂ ਦੀ ਪਹਿਲੀ ਸ਼੍ਰੇਣੀ ਵਿੱਚੋਂ ਹੋਣ ਦੇ ਬਾਵਜੂਦ ਸਾਡੇ
ਮੋਅਤਬਰ ਬਣੇ ਬੈਠੇ ਹਨ। ਉਨ੍ਹਾਂ ਨੇ ਪਰਮਾਰਥ ਨੂੰ ਛਿੱਕੇ ਟੰਗ ਕੇ ਆਪਣੇ ਸੁਆਰਥ ਲਈ
1925
ਦੇ ਸਿੱਖ ਗੁਰੂਦ੍ਵਾਰਾ ਐਕਟ ਅਤੇ ‘ਸਿੱਖ ਰਹਿਤ ਮਰਯਾਦਾ’ ਲਿਖਣ ਸਮੇ ਗੁਰਬਾਣੀ ਵਿੱਚ, ਮਹਾਂਪੁਰਖਾਂ
ਦੁਆਰਾ ਨਿਸ਼ਚਿਤ, ਪਤਿਤਤਾ ਦੀ ਜੜ ਵਿਕਾਰਾਂ ਨੂੰ ਪੂਰੀ ਤਰ੍ਹਾਂ ਨਜ਼ਰ-ਅੰਦਾਜ਼ ਕੀਤਾ ਹੋਇਆ ਹੈ।
ਗੁਰੂ-ਘਰ ਦਾ ਲੂਣ ਖਾਣ ਵਾਲੇ ਇਨ੍ਹਾਂ ਕ੍ਰਿਤਘਣਾਂ ਨੇ ਗੁਰ-ਹੁਕਮਾਂ ਨੂੰ ਪੂਰੀ ਤਰ੍ਹਾਂ ਪਰੋਖੇ
ਰੱਖਦਿਆਂ ਆਪਣੇ ਸੁਆਰਥ ਵਾਸਤੇ ਮਨਮਤੀ ਨਿਯਮ ਘੜ ਕੇ ਮਨੁੱਖਤਾ/ਗੁਰ-ਸੇਵਕਾਂ ਦੇ ਮੱਥੇ ਮੜ੍ਹ ਦਿੱਤੇ
ਜਿਨ੍ਹਾਂ ਸਦਕਾ ਅਸੀਂ ਅਗਿਆਨਤਾ ਦੇ ਅਨ੍ਹੇਰੇ ਵਿੱਚ ਠੇਡੇ ਖਾ ਰਹੇ ਹਾਂ।
1925
ਦੇ ‘ਸਿੱਖ ਗੁਰੂਦਵਾਰਾ ਐਕਟ’ ਵਿੱਚ ਪਤਿਤ ਦੀ ਪਰਿਭਾਸ਼ਾ
(definition)
ਨਿਮਨ ਲਿਖਿਤ ਹੈ:-
Patit means a person who being a Keshadhari Sikh trims
or shaves his beard or Keshas or who after taking Amrit commits
one or more of the Kurahits .
ਪਤਿਤ ਉਹ ਵਿਅਕਤੀ ਹੈ ਜੋ ਕੇਸਾਧਾਰੀ ਸਿੱਖ ਹੋ ਕੇ ਦਾੜ੍ਹੀ ਕਤਰਦਾ, ਜਾਂ ਦਾੜ੍ਹੀ ਜਾਂ ਕੇਸਾਂ ਦੀ
ਹਜਾਮਤ ਕਰਦਾ ਹੈ, ਜਾਂ ਜੋ ਅਮ੍ਰਿਤ ਪਾਣ ਕਰਨ ਤੋਂ ਬਾਅਦ ਇੱਕ ਜਾਂ ਇੱਕ ਤੋਂ ਵਧੇਰੇ ਕੁਰਹਿਤਾਂ
ਕਰਦਾ ਹੈ।
ਗੁਰਬਾਣੀ ਨੂੰ ਪਰੋਖੇ ਰੱਖਕੇ, ਗੁਰਮਤਿ-ਦੋਖੀਆਂ ਦੁਆਰਾ ਲਿਖੀਆਂ ਗਈਆਂ
ਗੁਰਮਤਿ-ਵਿਰੋਧੀ ਰਚਨਾਵਾਂ ਉੱਤੇ ਆਧਾਰਿਤ ‘ਸਿੱਖ ਰਹਿਤ ਮਰਯਾਦਾ’ ਵਿੱਚ ਹੇਠ ਲਿਖੀਆਂ ਚਾਰ ਬਜਰ
ਕੁਰਹਿਤਾਂ ਹਨ:-
1. ਕੇਸਾਂ ਦੀ ਬੇ-ਅਦਬੀ;
2.
ਕੁੱਠਾ ਖਾਣਾ; 3.
ਪਰ-ਇਸਤ੍ਰੀ ਜਾਂ ਪਰ-ਪੁਰਸ਼ ਦਾ ਗਮਨ (ਭੋਗਣਾ);
4.
ਤਮਾਕੂ ਦਾ ਵਰਤਣਾ।
ਪਾਠਕ ਸਜਨੋਂ! ਪਤਿਤ ਦੀ ਉਪਰੋਕਤ ਪਰਿਭਾਸ਼ਾ ਅਤੇ ਚਾਰ ਕੁਰਹਿਤਾਂ ਨੂੰ ਧਿਆਨ
ਨਾਲ ਵਿਚਾਰੋ? ਪਰਿਭਾਸ਼ਾ ਵਿੱਚ ਗੁਰ-ਨਿਯਮਾਂ ਨੂੰ ਪੂਰੀ ਤਰ੍ਹਾਂ ਨਜ਼ਰ-ਅੰਦਾਜ਼ ਕੀਤਾ ਗਿਆ ਹੈ।
ਵਿਕਾਰ, ਜਿਨ੍ਹਾਂ ਦੇ ਪ੍ਰਭਾਵਾਧੀਨ ਪਾਤਕੀ ਪਾਪ ਕਮਾ ਕੇ ਪਤਿਤ ਬਣਦਾ ਹੈ, ਦਾ ਜ਼ਰਾ ਜਿਤਨਾਂ ਵੀ
ਜ਼ਿਕਰ ਨਹੀਂ! ! ਪਤਿਤਤਾ ਦੇ ਇੱਕੋ ਇੱਕ ਮੂਲ ਕਾਰਣ ਵਿਕਾਰਾਂ ਤੋਂ ਚਲਾਕੀ ਨਾਲ ਛੋਟ ਲੈਣੀ/ਦੇਣੀ
ਕਪਟ-ਮੰਡਲੀ ਦੀ ਕਾਲੀ ਕਰਤੂਤ ਹੈ। ਕੁਰਹਿਤਾਂ ਵਿੱਚੋਂ ਕੇਵਲ ਤੀਸਰੀ ਕੁਰਹਿਤ ਵਿੱਚ ਕਾਮ ਦੇ ਵਿਕਾਰ
ਦੀ ਮਾਅਮੂਲੀ ਜਿਹੀ ਝਲਕ ਹੈ। ਬਾਕੀ ਦੀਆਂ ਤਿੰਨ ਕੁਰਹਤਾਂ ਅਸਪਸ਼ਟ
(vague)
ਅਤੇ ਅਧੂਰੀਆਂ ਹਨ। ਕਿਤਨੇ ਕਪਟ, ਚਾਲਾਕੀ ਤੇ ਚੱਤੁਰਾਈ ਨਾਲ ਉਪਰੋਕਤ ਪਰਿਭਾਸ਼ਾ ਵਿੱਚ ਭੇਖੀ ‘ਸੂਰਤ’
ਵਾਲਿਆਂ ਨੇ ਗੁਰੂ (ਗ੍ਰੰਥ) ਅਤੇ ਗੁਰੂ ਦੇ ਸੋਹਣੀ ਸੀਰਤ ਵਾਲੇ ਸੱਚੇ ਸਿੱਖਾਂ ਨਾਲ ਵਿਸਾਹ-ਘਾਤ
ਕਰਕੇ ਆਪਣੇ ਸੁਆਰਥ ਲਈ ਰਾਹ ਸਾਫ਼ ਕਰ ਲਿਆ ਹੈ! ਗੁਰਮਤਿ ਦੀ ਕਸਉਟੀ `ਤੇ ਪਰਖਿਆਂ ਉਪਰੋਕਤ ਦੋਵੇਂ
ਪਰਿਭਾਸ਼ਾਵਾਂ ਰੱਦ ਹੁੰਦੀਆਂ ਹਨ।
ਗੁਰ-ਫ਼ਲਸਫ਼ੇ ਅਨੁਸਾਰ ਕੋਈ ਵੀ ਵਿਅਕਤੀ ਜਨਮ ਜਾਤ, ਵਰਣ, ਅਮੀਰੀ ਗ਼ਰੀਬੀ,
ਕਿੱਤੇ, ਇਲਾਕਾਈ ਰਸਮੋ-ਰਿਵਾਜ ਤੇ ਰਹਿਣੀ ਬਹਿਣੀ ਆਦਿ ਕਾਰਣ ਊਚ ਨੀਚ ਜਾਂ ਪਤਿਤ ਨਹੀਂ ਹੁੰਦਾ।
ਮਨੁੱਖ ਦੀ ਆਸਤਿਕਤਾ ਜਾਂ ਨਾਸਤਿਕਤਾ ਅਤੇ ਉਸਦੇ ਸੁਕਰਮ ਜਾਂ ਕੁਕਰਮ ਹੀ ਉਸ ਨੂੰ ਸ੍ਰੇਸ਼ਟ ਜਾਂ
ਭ੍ਰਸ਼ਟ, ਪਵਿੱਤਰ ਜਾਂ ਪਤਿਤ ਬਣਾਉਂਦੇ ਹਨ। ਗੁਰੁ ਨਾਨਕ ਦੇਵ ਜੀ, ਸਮਾਜ ਵੱਲੋਂ ਪਤਿਤ-ਜਾਤ ਨੀਚ ਕਹੇ
ਜਾਂਦੇ ਕਿਰਤੀਆਂ ਨੂੰ ਆਦਰਸ਼ਿਆਉਂਦੇ ਹੋਏ ਫ਼ਰਮਾਉਂਦੇ ਹਨ:-
“ਨੀਚਾ ਅੰਦਰਿ ਨੀਚ ਜਾਤਿ, ਨੀਚੀ ਹੂ ਅਤਿ ਨੀਚ॥
ਨਾਨਕ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥
ਜਿਥੈ ਨੀਚ ਸਮਾਲੀਅਨਿ ਤਿਥੇ ਨਦਰਿ ਤੇਰੀ ਬਖਸੀਸ॥” ਸ੍ਰੀ ਰਾਗੁ ਮ: ੧
ਗੁਰੁ ਅਮਰਦਾਸ ਜੀ ਕਥਿੱਤ ਤੌਰ `ਤੇ ਪਤਿਤ ਕਿਰਤੀ ਬੰਦਿਆਂ ਨੂੰ ਦੇਵਤਿਆਂ
ਤੋਂ ਵੀ ਉਚੇਰਾ ਦਰਜਾ ਦਿੰਦੇ ਹੋਏ ਲਿਖਦੇ ਹਨ:-
“ਨਾਮਾ ਛੀਬਾ ਕਬੀਰੁ ਜ+ਲਾਹਾ ਪੂਰੇ ਗੁਰ ਤੇ ਗਤਿ ਪਾਈ॥
ਬ੍ਰਹਮ ਕੇ ਬੇਤੇ ਸਬਦੁ ਪਛਾਣਹਿ ਹਉਮੈ ਜਾਤਿ ਗਵਾਈ॥
ਸੁਰਿ ਨਰ ਤਿਨ ਕੀ ਬਾਣੀ ਗਾਵਹਿ ਕੋਇ ਨਾ ਮੇਟੈ ਭਾਈ॥” ਸ੍ਰੀ ਰਾਗੁ ਮ: ੩
ਪਾਠਕ ਸੱਜਨੋਂ! ਸਾਡੇ ਲਈ ਇਹ ਇਤਿਹਾਸਕ ਸੱਚਾਈ ਕਿਤਨੀਂ ਸ਼ਰਮਨਾਕ ਹੈ ਕਿ
ਗੁਰੂ-ਕਾਲ ਤੋਂ ਬਾਅਦ ਸਾਡੇ ਕਹਿੰਦੇ/ਕਹਾਉਂਦੇ ‘ਪੰਥ-ਦਰਦੀ’ ਨੇਤਾ ਗੁਰ-ਨਿਯਮਾਂ ਦੀ ਘੋਰ ਉਲੰਘਣਾਂ
ਕਰਦੇ ਆ ਰਹੇ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਇਸ ਸੰਸਾਰ ਤੋਂ ਕੂਚ ਕਰਦਿਆਂ ਹੀ ‘ਤੱਤ ਖਾਲਸਾ’ ਦੇ
‘ਤਰੁਣ ਦਲ’ ਦੇ ਪੰਜਵੇਂ ਜਥੇ ਦਾ ਨਾਮ ‘ਮਜ਼੍ਹਬੀਆਂ ਦਾ ਜਥਾ’ ਸੀ। ਗੁਰੂ (ਗ੍ਰੰਥ) ਵਿੱਚ ਵਿਸ਼ਵਾਸ
ਰੱਖਣ ਵਾਲੇ ਕੱਥਿਤ ਨੀਚਾਂ ਨੂੰ ਹੁਣ ਤੱਕ ‘ਮਜ਼੍ਹਬੀ ਸਿੱਖ’ ਅਤੇ ‘ਮਜ਼੍ਹਬੀ ਸਿੰਘ’ ਕਿਹਾ ਜਾਂਦਾ ਹੈ।
ਇਨ੍ਹਾਂ ਦੇ ਗੁਰੂਦਵਾਰਿਆਂ ਨੂੰ ‘ਵਿਹੜੇ ਦਾ ਗੁਰੂਦਵਾਰਾ’ ਪੁਕਾਰਿਆ ਜਾਂਦਾ ਹੈ! ਇਹ ਕਾਲੀ ਕਰਤੂਤ
ਵੀ ਗੁਰ-ਹੁਕਮ ਦੀ ਅਵੱਗਿਆ ਕਰਨ ਵਾਲੇ ਭੇਖੀ ਪੁਜਾਰੀਆਂ ਦੀ ਹੀ ਸੀ/ਹੈ।
ਜਿਵੇਂ ਕਿ ਪਹਿਲਾਂ ਲਿਖਿਆ ਜਾ ਚੁੱਕਿਆ ਹੈ, ਪਤਿਤ ਇੱਕ ਅਤਿਅੰਤ ਅਪਮਾਨ-ਜਨਕ
ਸ਼ਬਦ ਹੈ ਜੋ ਦੂਸਰੇ ਦੇ ਹਿਰਦੇ ਨੂੰ ਵਲੂੰਧਰ ਕੇ ਰੱਖ ਦਿੰਦਾ ਹੈ। ਅਤੇ, ਕਿਸੇ ਦਾ ਹਿਰਦਾ ਦੁਖਾਉਣਾ
ਗੁਰਮਤਿ ਦਾ ਸਿਧਾਂਤ ਨਹੀਂ ਹੈ! ਇਹੀ ਕਾਰਣ ਹੈ ਕਿ ਬਾਣੀਕਾਰਾਂ ਨੇ ਕਿਸੇ ਵੀ ਵਿਅਕਤੀ ਵਿਸ਼ੇਸ਼ ਨੂੰ
ਪਤਿਤ ਨਹੀਂ ਕਿਹਾ! ਅਤੇ ਨਾ ਹੀ ਪਤਿਤ ਵਾਸਤੇ ਕੋਈ ਸੰਸਾਰਕ ਸਜ਼ਾ ਸੁਝਾਈ ਹੈ। ਉਨ੍ਹਾਂ ਨੇ ਤਾਂ ਸਾਰੀ
ਮਨੁੱਖਤਾ ਨੂੰ ਸੰਬੋਧਿਤ ਹੋ ਕੇ ਪਤਿਤਤਾ ਦੇ ਕਾਰਣ ਵਿਕਾਰਾਂ ਦੇ ਚਿੱਕੜ ਵਿੱਚੋਂ ਨਿਕਲਣ ਦਾ ਸੁਝਾਓ
ਤੇ ਸਾਧਨ ਦੱਸਿਆ ਹੈ ਅਤੇ ਪਤਿਤਤਾ ਲਈ ਮਿਲਣ ਵਾਲੇ ਦੈਵੀ ਦੰਡ/ਪ੍ਰਤਿਫ਼ਲ ਵੱਲੋਂ ਸੁਚੇਤ ਕੀਤਾ ਹੈ।
ਸਾਡਾ ਦੁਖਾਂਤ ਇਹ ਹੈ ਕਿ ਮਨਮੁੱਖ ਪੰਥ-ਨੇਤਾ ਭੇਖ ਦੇ ਪਾਜ ਹੇਠ ਆਪਣੇ ਵਿਕਾਰੀ ਕਿਰਦਾਰ ਨੂੰ ਛੁਪਾ
ਕੇ ਜਣੇ ਖਣੇ ਨੂੰ ਪਤਿਤ ਹੋਣ ਦਾ ਫ਼ਤਵਾ ਤੇ ਇਸ ਦੀ ਸਜ਼ਾ ਦੇਣ ਦਾ ਪਾਪ ਕਮਾ ਰਹੇ ਹਨ!
ਗੁਰਬਾਣੀ ਵਿੱਚ ਪਤਿਤ ਅਥਵਾ ਵਿਕਾਰ-ਗ੍ਰਸਤ ਵਿਅਕਤੀ ਦੇ ਉੱਧਾਰ ਦਾ ਸਿਧਾਂਤ
ਹੈ। ਜਿਸ ਪ੍ਰਾਣੀ ਉੱਤੇ ਪ੍ਰਭੂ ਦੀ ਕ੍ਰਿਪਾ-ਦ੍ਰਿਸ਼ਟੀ ਹੁੰਦੀ ਹੈ ਉਹ ਨਾਮ ਸਿਮਰ ਕੇ ਵਿਕਾਰਾਂ ਤੋਂ
ਛੁਟਕਾਰਾ ਪਾਉਂਦਾ ਹੋਇਆ ਕੰਵਲ ਦੀ ਤਰ੍ਹਾਂ ਵਿਕਾਰਾਂ ਦੇ ਚਿੱਕੜ ਤੋਂ ਉਚੇਰਾ ਹੋ ਕੇ ਵਿਚਰਦਾ ਹੈ।
ਨਾਮ-ਸਿਮਰਨ ਦੇ ਕੀਮੀਆਈ ਪ੍ਰਭਾਵ ਬਾਰੇ ਨਾਮਦੇਵ ਜੀ ਫ਼ਰਮਾਉਂਦੇ ਹਨ:-
“ਕਉਨ ਕੋ ਕਲੰਕੁ ਰਹਿਓ ਰਾਮ ਨਾਮੁ ਲੇਤ ਹੀ॥
ਪਤਿਤ ਪਵਿਤ ਭਏ ਰਾਮੁ ਕਹਤ ਹੀ॥” ਟੋਡੀ ਨਾਮਦੇਉ ਜੀ
ਭਾਵਅਰਥ: ਵਿਕਾਰਾਂ ਦੀ ਦਲਦਲ ਵਿੱਚ ਗ਼ਰਕੇ ਹੋਏ ਪਤਿਤ ਪ੍ਰਾਣੀ
ਰਾਮ-ਨਾਮ-ਸਿਮਰਨ ਸਦਕਾ ਪਵਿੱਤ੍ਰ ਪੁਰਸ਼ ਬਣ ਜਾਂਦੇ ਹਨ। ਰਾਮ-ਨਾਮ ਜੱਪਣ ਨਾਲ ਕਲੰਕੀ/ਪਤਿਤ ਦੇ
ਕਲੰਕ/ਪਾਪ ਨਸ਼ਟ ਹੋ ਜਾਂਦੇ ਹਨ।
ਗੁਰਮਤਿ ਅੰਦਰ ਪਤਿਤ ਨੂੰ ਉਸ ਦੇ ਪਾਪਾਂ ਦੀ ਸੰਸਾਰਕ ਸਜ਼ਾ ਦਾ ਕੋਈ ਨਿਯਮ
ਨਹੀਂ ਹੈ। ਗੁਰਬਾਣੀ ਵਿੱਚ ਕੋਈ ਵੀ ਤੁਕ ਜਾਂ ਸ਼ਬਦ ਅਜਿਹਾ ਨਹੀਂ ਹੈ ਜਿਸ ਤੋਂ ਇਹ ਸੰਕੇਤ ਮਿਲਦਾ
ਹੋਵੇ ਕਿ ਪਤਿਤ ਨੂੰ ਸਜ਼ਾ ਦੇਣ ਦਾ ਅਧਿਕਾਰ ਕਿਸੇ ਦੂਸਰੇ ਸੰਸਾਰੀ ਨੂੰ ਹੋਵੇ! ਗੁਰਮਤਿ ਅਨੁਸਾਰ
ਪਤਿਤ ਪ੍ਰਾਣੀ ਨੂੰ ਉਸ ਦੇ ਪਾਪ ਦੀ ਸਜ਼ਾ ਦੇਣ ਦਾ ਹੱਕ ਕਿਸੇ ਮਿੱਟੀ ਦੇ ਪੁਤਲੇ ਮਾਨਸ ਨੂੰ ਨਹੀਂ
ਹੈ। ਗੁਰਬਾਣੀ ਵਿੱਚ ਕਿਤੇ ਵੀ ਸੰਕੇਤ ਨਹੀਂ ਮਿਲਦਾ ਕਿ ਪਾਪੀ ਨੂੰ ਸਜ਼ਾ ਕਿਸੇ ਮਹਾਂਪੁਰਖ ਬਾਣੀਕਾਰ
ਨੇ ਦਿੱਤੀ ਹੋਵੇ! ਧਾਰਮਿਕ ਆਗੂ ਦਾ ਕਰਤੱਵ ਪਾਪ ਦੇ ਰਾਹ ਪਏ ਹੋਏ ਪਤਿਤ ਨੂੰ ਸਜ਼ਾ ਦੇਣਾਂ ਨਹੀਂ
ਸਗੋਂ, ਉਸ ਨੂੰ ਆਪਣੀ ਪਾਰਸੀ ਛੁਹ ਨਾਲ ਪ੍ਰੇਰ ਕੇ ਰਾਹਿ ਰਾਸਤ `ਤੇ ਲਿਆਉਣਾਂ ਹੁੰਦਾ ਹੈ। ਗੁਰਮਤਿ
ਦੇ ਦ੍ਰਿਸ਼ਟੀਕੋਣ ਤੋਂ, ਜੋ ਵੀ ਆਪਣੇ ਆਪ ਨੂੰ ਕਹਿੰਦਾ/ਕਹਾਉਂਦਾ ਨਾਮ-ਧਰੀਕ ਧਾਰਮਿਕ ਨੇਤਾ ਜਾਂ ਜੜਾ
ਜਥੇਦਾਰ ਕਿਸੇ ਵਿਅਕਤੀ ਨੂੰ ਪਤਿਤ ਘੋਸ਼ਿਤ ਕਰਦਾ ਅਤੇ ਉਸ ਨੂੰ ਕਿਸੇ ‘ਪਾਪ’ ਦਾ ਦੰਡ ਦਿੰਦਾ ਹੈ
ਤਾਂ, ਨਿਰਸੰਦੇਹ, ਉਹ ਸਾਕਤ ਆਪ ਮਹਾਂ ਪਤਿਤ ਹੈ!
ਇੱਥੇ, ਇਸ ਕੌੜੀ ਸੱਚਾਈ ਦਾ ਉੱਲੇਖ ਵੀ ਜ਼ਰੂਰੀ ਹੈ ਕਿ ਗੁਰਮਤਿ-ਵਿਰੋਧੀ
ਮਨਮਤੀ ਰਚਨਾਵਾਂ ਤੋਂ ਸੇਧ ਲੈ ਕੇ ਬਣਾਏ ਗਏ ‘ਸਿੱਖ ਗੁਰੂਦਵਾਰਾ ਐਕਟ’ ਤੇ ‘ਸਿੱਖ ਰਹਿਤ ਮਰਯਾਦਾ’
ਵਿੱਚ ਨਿਰਧਾਰਤ ਪਤਿਤ ਦੀ ਪਰਿਭਾਸ਼ਾ, ਅਤੇ 2009
ਵਿੱਚ ਬਣਾਈ ਗਈ ਤੇ ਹਾਈ ਕੋਰਟ ਦੀ ਮੋਹਰ ਲੁਆ ਕੇ ‘ਪੰਥ-ਪਰਵਾਣਿਤ’ ਐਲਾਨੀ ਗਈ ‘ਸਿੱਖ’ ਦੀ ਤਅਰੀਫ਼
ਮੁਤਾਬਿਕ 80-85 %
ਤੋਂ ਵੀ ਵਧੀਕ ਗੁਰ-ਸੇਵਕ, ਜ਼ਾਹਿਰਾ ਤੌਰ ਤੇ ਪਤਿਤ ਹਨ। (ਗੁਪਤ ਰੂਪ ਵਿੱਚ ਵਾਚਿਆਂ ਤਾਂ ਸ਼ਾਇਦ ਹੀ
ਕੋਈ ‘ਸਿੱਖ’, ਗੁਰ-ਸਿੱਖੀ ਦੇ ਭੇਖਧਾਰੀ ਠੇਕੇਦਾਰਾਂ ਸਮੇਤ, ਪਤਿਤ ਨਾਂ ਹੋਵੇ! !) ਅਤੇ, ਇਸ ਵਿੱਚ
ਵੀ ਕੋਈ ਸੰਦੇਹ ਨਹੀਂ ਕਿ ਗੁਰੂਦ੍ਵਾਰਿਆਂ ਦੀ ਅਰਬਾਂ ਖ਼ਰਬਾਂ ਦੀ ਆਮਦਨ ਵਿੱਚੋਂ
80-85%
ਤੋਂ ਵੀ ਵਧੇਰੇ ਆਮਦਨ ਇਨ੍ਹਾਂ ‘ਅਖਾਉਤੀ ਪਤਿਤਾਂ’ ਤੋਂ ਹੀ ਹੈ। ਪਤਿਤਾਂ ਦੀ ਮਾਇਆ
(ਅਣਚਾਰੀ ਕਾ ਧਾਨੁ)
ਬਿਨ-ਡਕਾਰ ਨਿਗਲਣ ਵਾਲੇ ਮਹਾਂ ਪਤਿਤ ਨਾਂ ਹੋਏ! !
ਕਿਰਤ-ਕਮਾਈ ਭੇਟ ਕਰਨ ਵਾਲੇ ਕਥਿਤ ਪਤਿਤ ਤਾਂ ਨਰਕ ਦੇ ਭਾਗੀ ਬਣਨਗੇ ਪਰੰਤੂ ਇਨ੍ਹਾਂ ‘ਪਤਿਤ’
ਕਿਰਤੀਆਂ ਦੀ ਕਮਾਈ ਹੜਪਣ ਵਾਲੇ ਹੱਡ-ਰੱਖ ਭੇਖੀਆਂ ਨੂੰ ਸਿੱਧਾ ਸਵਰਗ ਦਾ ਵੀਜ਼ਾ ਪ੍ਰਾਪਤ ਹੋਵੇਗਾ? ?
“ਦੇਦੇ ਨਰਕਿ ਲੈਦੇ ਸੁਰਗਿ ਦੇਖੋ ਇਹੁ ਧਿਙਾਣਾ॥
ਗੁਰਮਤਿ ਤੋਂ ਬੇ-ਮੁੱਖ ਹੋ ਕੇ ਬਣਾਈ ਗਈ ‘ਪਤਿਤ’ ਦੀ ਇਸ ਮਨਮਤੀ ਅਧਾਰਮਿਕ
ਪਰੰਪਰਾ ਨੇ ਤਿੰਨ ਸਦੀਆਂ ਵਿੱਚ ਗੁਰੂ (ਗ੍ਰੰਥ) ਦੀ ਸੱਚੀ ਸਿੱਖੀ ਨੂੰ ਬਹੁਤ ਢਾਹ ਲਾਈ ਹੈ।
ਗੁਰੂ-ਘਰ ਦੇ ਕਰੋੜਾਂ ਸ਼੍ਰੱਧਾਲੂ ਨਿਰਾਸ਼ ਹੋ ਕੇ ਡੇਰਿਆਂ ਦੀ ਰੌਣਕ ਬਣ ਗਏ ਹਨ। ਜਿਹੜੇ ਰਹਿ ਗਏ
ਉਨ੍ਹਾਂ ਨੂੰ ਗੁਰ-ਗਿਆਨ ਵੱਲੋਂ ਹੋੜ ਕੇ ਕਰਮ-ਕਾਂਡਾਂ ਤੇ ਭੇਖ ਦੇ ਨਸ਼ਈ ਬਣਾ ਦਿੱਤਾ ਗਿਆ ਹੈ। ਇਸ
ਦੁਰਦਸ਼ਾ ਵਿੱਚੋਂ ਨਿਕਲਣ ਅਤੇ ਸੱਚੀ ਸਿੱਖੀ ਨੂੰ ਦੰਭੀਆਂ ਤੋਂ ਬਚਾਉਣ ਲਈ ਸਾਨੂੰ ‘ਪਤਿਤ’ ਦੀ
ਪ੍ਰਚੱਲਿਤ ਪ੍ਰਥਾ ਨੂੰ ਖ਼ਤਮ ਕਰਨਾਂ ਹੋਵੇਗਾ! ਇਸ ਮੰਤਵ-ਪੂਰਤੀ ਲਈ ਸਾਨੂੰ ਭੇਖੀ ਸੰਸਾਰੀਆਂ ਦੁਆਰਾ
ਦੂਸਰਿਆਂ ਉੱਤੇ ਲਗਾਏ ਜਾਂਦੇ ‘ਪਤਿਤ’ ਦੇ ਆਰੋਪ ਅਤੇ ਇਸ ਦੀ ਦਿੱਤੀ ਜਾਂਦੀ ਸਜ਼ਾ ਵੱਲੋਂ ਆਕੀ ਹੋ ਕੇ
ਇਸ ਨੂੰ ਪੂਰਨ ਤੌਰ `ਤੇ ਠੁੱਕਰਾਉਣਾਂ ਹੋਵੇਗਾ! ਸਾਡਾ ਇਹ ਅਹਮ ਫ਼ਰਜ਼ ਵੀ ਬਣਦਾ ਹੈ ਕਿ ਅਸੀਂ
ਗੁਰਬਾਣੀ ਤੋਂ ਸੇਧ ਲੈ ਕੇ ਵਿਕਾਰਾਂ ਦੀ ਦਲਦਲ ਵਿੱਚੋਂ ਨਿਕਲਣ ਦਾ ਯਤਨ ਕਰਦੇ ਰਹੀਏ!
ਗੁਰਇੰਦਰ ਸਿੰਘ ਪਾਲ
ਅਗਸਤ 21, 2011.
(ਸੰਪਾਦਕੀ ਟਿੱਪਣੀ:-
ਲੇਖਕ ਨੇ ਇਸ ਲੇਖ ਵਿੱਚ ਜੋ ਵਿਚਾਰ ਪਤਿਤ ਬਾਰੇ ਦਿੱਤੇ ਹਨ ਉਹ ਕਾਫੀ ਪਾਏਦਾਰ ਹਨ ਪਰ ਲੇਖਕ ਦੀਆਂ
ਸਾਰੀਆਂ ਗੱਲਾਂ ਨਾਲ ਸਹਿਮਤ ਹੋਣਾ ਮੁਸ਼ਕਲ ਹੈ। ਮਿਸਾਲ ਦੇ ਤੌਰ ਤੇ ਪਤਿਤ ਦੀ ਪਹਿਲੀ ਸ਼੍ਰੇਣੀ ਬਾਰੇ
ਉਹ ਲਿਖਦੇ ਹਨ, “ਪਹਿਲੀ, ਉਨ੍ਹਾਂ ਲੋਕਾਂ ਦੀ ਜੋ ਰੱਬ ਦੀ ਰਜ਼ਾ ਤੇ ਕੁਦਰਤ ਦੇ ਕਾਨੂੰਨਾਂ ਤੋਂ
ਮੁਨਕਰ (ਨਾਸਤਕ) ਹਨ, ਅਤੇ ਅਧਿਆਤਮਿਕ ਸਤਿਗੁਰੂਆਂ ਦੁਆਰਾ ਨਿਸ਼ਚਿਤ ਨਿਯਮਾਂ/ਸਿਧਾਂਤਾਂ ਦੀ ਅਵੱਗਿਆ
ਕਰਦੇ ਹਨ”। ਇੱਥੇ ਰੱਬ ਦੀ ਰਜ਼ਾ ਵੱਲ ਧਿਆਨ ਦੇਣ ਦੀ ਲੋੜ ਹੈ। ਕੀ ਕੁਦਰਤੀ ਕੇਸ ਰੱਬ ਦੀ ਰਜ਼ਾ
ਵਿੱਚ ਨਹੀਂ ਆਉਂਦੇ? ਕਈ ਨਾਸਤਕਾਂ ਦਾ ਜੀਵਨ ਕਥਿਤ ਆਸਤਕਾਂ ਨਾਲੋਂ ਕਈ ਗੁਣਾ ਚੰਗਾ ਹੁੰਦਾ ਹੈ ਫਿਰ
ਉਹਨਾ ਬਾਰੇ ਕੀ ਕਿਹਾ ਜਾਵੇ?)
|
. |